.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 11)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਜੀਅ ਦਇਆ ਦਾ ਵੱਡਾ ਵਿਗੜਿਆ ਰੂਪ, ਜੈਨ ਮੱਤ- ਸ਼ੱਕ ਨਹੀਂ ‘ਦਇਆ `ਤੇ ਜੀਅ ਦਇਆ’ ਗੁਰਮਤਿ ਅਨੁਸਾਰ ਮਨੁੱਖਾ ਜੀਵਨ ਦੇ ਉਤਮ ਗੁਣ ਹਨ ਇਥੋਂ ਤੀਕ ਕਿ ਗੁਰਦੇਵ ਨੇ “ਧੌਲੁ ਧਰਮੁ ਦਇਆ ਕਾ ਪੂਤੁ” (ਬਾਣੀ ਜਪੁ) ਵਾਲੇ ਗੁਰ ਫ਼ੁਰਮਾਣ `ਚ ਤਾਂ ਲਫ਼ਜ਼ ‘ਦਇਆ’ ਅਕਾਲਪੁਰਖ ਲਈ ਵੀ ਵਰਤਿਆ ਹੈ। ਇਸਦੇ ਨਾਲ ਨਾਲ ਅਸੀਂ ਇਹ ਵੀ ਸਾਫ਼ ਕਰ ਚੁੱਕੇ ਹਾਂ ਕਿ ਗੁਰਮਤਿ ਨੇ ਇਨ੍ਹਾਂ ਲਫ਼ਜ਼ਾਂ ਦੇ ਬ੍ਰਾਹਮਣੀ -ਜੈਨੀ ਜਾਂ ਕੋਈ ਵੀ ਪੁਰਾਤਣ ਅਰਥ ਮਨਜ਼ੂਰ ਨਹੀਂ ਕੀਤੇ। ਇਥੇ ਕੇਵਲ ਇੰਨਾ ਹੀ ਕਹਿਣਾ ਬਣਦਾ ਹੈ ਕਿ ਮਾਸ ਖਾਣਾ ਗੁਰਬਾਣੀ ਅਨੁਸਾਰ ਜੀਅ-ਹਤਿਆ ਨਹੀਂ ਅਤੇ ਨਾ ਹੀ ਇਹ ਕਰੂਰਤਾ ਵਾਲਾ ਕਰਮ ਹੀ ਹੈ। ਖੂਬੀ ਇਹ ਕਿ ਇਹੀ ਲਫ਼ਜ਼ ਜਦੋਂ ਜੈਨ ਮੱਤ ਕੋਲ ਚਲੇ ਜਾਂਦੇ ਹਨ ਤਾਂ ਇਨ੍ਹਾਂ ਦਾ ਅਰਥ-ਰੂਪ ਹੋਰ ਵੀ ਕਈ ਗੁਣਾ ਵਿਗੜ ਜਾਂਦਾ ਹੈ।

ਜੇਕਰ ਮਾਸ ਵਿਰੋਧੀ ਸੱਜਣ ਅਕਾਲਤਖਤ ਸਾਹਿਬ ਤੋਂ ਪ੍ਰਵਾਣਤ ‘ਸਿੱਖ ਰਹਿਤ ਮਰਿਆਦਾ’ (੧੯੪੫) ਨਾਲ ਹੀ ਜੁੜੇ ਰਹਿੰਦੇ ਤਾਂ ਵੀ ਪੰਥ ਅੰਦਰ ਇਹ ਝਗੜਾ ਪੈਦਾ ਹੀ ਨਹੀ ਸੀ ਹੋਣਾ। ਅਖਿਰ ‘ਸਿੱਖ ਰਹਿਤ ਮਰਿਆਦਾ’ `ਚ ਵੀ ਅਜੇਹੀ ਕੋਈ ਧਾਰਾ ਨਹੀਂ ਸੀ ਕਿ ਹਰੇਕ ਸਿੱਖ ਨੇ ਮਾਸ ਜ਼ਰੂਰ ਖਾਣਾ ਹੈ। ਇਹ ਤਾਂ ਉਥੇ ਵੀ ਹਰ ਕਿਸੇ ਦੀ ਅਪਣੀ ਮਰਜ਼ੀ ਤੇ ਲੋੜ ਤੇ ਸੀ ਅਤੇ ਇਸ ਬਾਰੇ ਇਹੀ ਸੇਧ ਗੁਰਬਾਣੀ ਦੀ ਵੀ ਹੈ। ਮਾਸ ਦੇ ਵਿਸ਼ੇ ਤੇ ਜੋ ਸੰਤਾਪ ਅਜ ਸਿੱਖ ਕੌਮ ਭੋਗ ਰਹੀ ਹੈ ਅਤੇ ਜੋ ਦੁਖਾਂਤ ਕੌਮ ਨਾਲ ਵਾਪਰ ਰਿਹਾ ਹੈ, ਉਹ ਇਸ ਲਈ ਕਿ ਮਾਸ ਵਿਰੋਧੀ ਸੱਜਣ, ‘ਦਇਆ’ ‘ਜੀਅ ਦਇਆ’ ‘ਜੀਅ ਹਤਿਆ’ ਆਦਿ ਦੀ ਸ਼ਬਦਾਵਲੀ ਲੈ ਤਾਂ ਰਹੇ ਹਨ ਗੁਰਬਾਣੀ ਤੋਂ ਪਰ ਅਰਥ ਗੁਰਬਾਣੀ ਤੋਂ ਨਹੀਂ ਲੈ ਰਹੇ। ਉਨ੍ਹਾਂ ਨੇ ਬਹੁਤਾ ਕਰਕੇ ਇਨ੍ਹਾਂ ਲਫ਼ਜ਼ਾਂ ਦੇ ਅਰਥ ਬ੍ਰਾਹਮਣੀ ਲਏ ਹਨ। ਬਲਕਿ ਕਈ ਵਾਰੀ ਤਾਂ ਸਾਡੇ ਇਹ ਸੱਜਣ ਇਨ੍ਹਾਂ ਲਫ਼ਜ਼ਾਂ ਦੇ ਜੈਨੀ ਅਰਥਾਂ ਤੀਕ ਵੀ ਚਲੇ ਗਏ ਹਨ, ਇਹੀ ਕਾਰਣ ਹੈ ਕਿ ਭੁਲੇਖੇ ਪੈਣੇ ਹੀ ਸਨ।

ਦਰਅਸਲ ਇੱਕ ਵਾਰੀ ਜਦੋਂ ਗੱਡੀ ਪੱਟੜੀ ਤੋਂ ਉਤਰ ਜਾਵੇ ਤਾਂ ਐਕਸੀਡੈਂਟ ਹੋਵੇਗਾ ਹੀ। ਹੱਥਲੇ ਵਿਸ਼ੇ ਸੰਬੰਧੀਂ ਇਹੀ ਭਾਣਾ ਪੰਥ ਨਾਲ ਵਾਪਰਿਆ ਹੈ। ਹਾਲਾਂਕਿ ਇਸਤੋਂ ਪਹਿਲਾਂ ਵੀ ਕਈ ਪ੍ਰਮਾਣਾਂ ਨੂੰ ਘੋਖਦੇ ਸਮੇਂ ਇਹ ਗਲ ਸਾਬਤ ਹੋ ਚੁਕੀ ਹੈ ਕਿ ਵਿਰੋਧੀ ਸੱਜਣਾ ਨੇ ਮਾਸ ਦੀ ਵਿਰੋਧਤਾ ਕਰਨ ਸਮੇਂ ਜਾਣੇ-ਅਣਜਾਣੇ, ਲਫ਼ਜ਼ ‘ਦਇਆ’ ‘ਜੀਅ ਦਇਆ’ ਆਦਿ ਦੇ ਬ੍ਰਾਹਮਣੀ-ਜੈਨੀ ਅਰਥ ਲਏ ਹਨ। ਦੂਜਾ ਇਹ ਵੀ ਹੋਇਆ ਹੈ ਕਿ ਸੰਬੰਧਤ ਪ੍ਰਮਾਣ ਚੁੱਕਣ ਸਮੇਂ ਸ਼ਬਦ ਦੇ ਅਸਲ ਵਿਸ਼ੇ-ਅਰਥਾਂ ਨੂੰ ਪਿੱਛੇ ਛੱਡਕੇ, ਬਹੁਤਾ ਕਰਕੇ ਕੇਵਲ ਇਨ੍ਹਾਂ ਲਫ਼ਜ਼ਾਂ ਦੀ ਪੱਕੜ `ਚ ਹੀ ਅਟਕ ਗਏ ਹਨ। ਇਸ ਤਰ੍ਹਾਂ ਕੇਵਲ ਅਪਣੀ ਮਰਜ਼ੀ ਦੀ ਅੱਧੀ-ਅੱਧੀ ਪੰਕਤੀ ਚੁੱਕ ਕੇ ਮਾਸ ਦੇ ਵਿਰੋਧ ਦੀ ਦੌੜ `ਚ ਕਈ ਵਾਰੀ ਤਾਂ ਗੁਰਬਾਣੀ ਦੀ ਬੇਅਦਬੀ ਤੀਕ ਦਾ ਵੀ ਕਾਰਣ ਬਣੇ ਹਨ। ਖੈਰ! ਇਥੇ ਜ਼ਿਕਰ ਕਰ ਰਹੇ ਹਾਂ ਜੈਨ ਮੱਤ ਵਲੋਂ ਇਨ੍ਹਾਂ ਲਫ਼ਜ਼ਾਂ ਦੇ ਵਿਗਾੜੇ ਰੂਪ ਦਾ।

“ਸਿਰੁ ਖੋਹਾਇ ਪੀਅਹਿ ਮਲਵਾਣੀ” - ਗੁਰੂ ਨਾਨਕ ਸਾਹਿਬ ਸਮੇਂ ਭਾਰਤ `ਚ ਜੈਨ ਮੱਤ ਦਾ ਸਭ ਤੋਂ ਵੱਡਾ ਕੇਂਦਰ ਉਜੈਨ ਸੀ ਅਤੇ ਅਜ ਵੀ ਹੈ। ਗੁਰਦੇਵ ਅਪਣੇ ਪ੍ਰਚਾਰ ਦੌਰਿਆਂ ਸਮੇਂ ਉਥੇ ਪੁਜੇ। ਉਸ ਸਮੇਂ ਅਨਭੀ ਨਾਮ ਦਾ ਸਰੇਵੜਾ ਉਨ੍ਹਾਂ ਦਾ ਆਗੂ ਸੀ। ਗੁਰੂ ਸਾਹਿਬ ਦਾ ਵਿਚਾਰ ਵਿਟਾਂਦਰਾ ਵੀ ਉਸੇ ਨਾਲ ਹੋਇਆ ਅੰਤ ਉਸਨੇ ਰੱਬੀ ਸੱਚਾਈ ਨੂੰ ਕਬੂਲਿਆ ਅਤੇ ਗੁਰਦੇਵ ਨੇ ਉਸ ਨੂੰ ਸਿੱਖ ਧਰਮ ਦਾ ਪ੍ਰਚਾਰਕ ਥਾਪਿਆ। ਦਰਅਸਲ ਜੈਨ ਮੱਤ `ਚ ਅਹਿੰਸਾ ਵਾਲੀ ਸੋਚਣੀ ਬਹੁਤ ਡੂੰਗੀ ਹੈ। ਉਹ ਲੋਕ ਇਸ ਵਿਸ਼ਵਾਸ ਨਾਲ ਹਰ ਵੇਲੇ ਮੂੰਹ ਅਗੇ ਕਪੜਾ ਲਾ ਕੇ ਰਖਦੇ ਹਨ, ਕਿ ਸਾਹ ਲੈਂਦੇ ਜੀਵ-ਹਤਿਆ ਨਾ ਹੋਵੇ। ਸੂਤ ਦਾ ਇੱਕ ਝਾੜੂ ਹੱਥ `ਚ ਰਖਦੇ ਹਨ ਅਤੇ ਬੈਠਣ ਸਮੇ ਪਹਿਲਾਂ ਉਸਦੀ ਵਰਤੋਂ ਕਰਦੇ ਹਨ, ਤਾਕਿ ਬੈਠਣ ਤੇ ਕੋਈ ਜੀਵ ਹੇਠਾਂ ਆ ਕੇ ਨਾ ਮਰ ਜਾਵੇ। ਇਕੋ ਕਤਾਰ `ਚ ਅਗੇ-ਪਿਛੇ ਚਲਦੇ ਹਨ ਅਤੇ ਅਗੇ-ਅਗੇ ਚਲਣ ਵਾਲਾ ਸਾਧੂ ਇਸ ਗਲ ਦਾ ਧਿਆਨ ਰਖਦਾ ਹੈ ਕਿ ਕੋਈ ਜੀਵ ਪੈਰਾਂ ਹੇਠ ਆ ਕੇ ਮਰ ਹੀ ਨਾ ਜਾਵੇ। ਇਹ ਲੋਕ ਭੋਜਨ ਨੂੰ ਠੰਡਾ ਕਰਕੇ ਅਤੇ ਅਤੇ ਪਾਣੀ ਨੂੰ ਉਬਾਲ ਕੇ ਪੀਂਦੇ ਹਨ, ਮਸਲਾ ਇਥੇ ਵੀ ਜੀਵ-ਹਤਿਆ ਅਤੇ ਜੀਅ-ਦਇਆ ਦਾ ਹੀ ਹੈ।

ਜੈਨੀ ਸਾਧੂ ਕਈ ਕਈ ਦਿਨ ਨਹਾਉਂਦੇ ਹੀ ਨਹੀਂ। ਇਸੇ ਹੀ ਜੀਅ-ਹਤਿਆ ਦੇ ਵਿਸ਼ਵਾਸ `ਚ ਤਾਜ਼ੇ-ਸਾਫ਼ ਜਲ ਦਾ ਇਸ਼ਨਾਨ ਇਨ੍ਹਾਂ ਨੂੰ ਮਨ੍ਹਾ ਹੈ। ਪਾਖਾਨਾ ਕਰਕੇ ਲਕੜੀ ਨਾਲ ਫਰੋਲਦੇ ਹਨ ਤਾਕਿ ਉਸ ਅੰਦਰ ਜੀਵ ਪੈਦਾ ਹੋ ਕੇ ਮਰਣ ਨਹੀਂ। ਜਦੋਂ ਇਹ ਲੋਕ ਜੈਨੀ ਸਾਧੂ ਬਣਦੇ ਹਨ ਤਾਂ ਸਿਰ `ਚ ਸੁਆਹ ਲਗਵਾ ਕੇ ਇਕ-ਇਕ ਕਰਕੇ ਅਪਣੇ ਵਾਲ ਪੁਟਵਾਂਦੇ ਹਨ। ਮੱਕਸਦ ਹੁੰਦਾ ਹੈ ਕਿ ਉਸਤਰੇ ਦੀ ਵਰਤੋਂ ਨਾਲ ਜੂਆਂ ਆਦਿ ਜੀਵਾਂ ਦੇ ਮਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਤਰ੍ਹਾਂ ਜੀਵ ਹਤਿਆ ਦੇ ਭਰਮ ਨੇ ਇਨ੍ਹਾਂ ਨੂੰ ਕੁਚੀਲਤਾ ਦੀ ਹੱਦ ਤੀਕ ਪੁਚਾ ਦਿਤਾ ਹੈ। ਜੈਨੀ ਸਾਧੂ ਪਹਿਰਾਵੇ ਪਖੋਂ ਦੋ ਤਰ੍ਹਾਂ ਦੇ ਪਹਿਰਾਵੇ ਪਾਂਦੇ ਹਨ। ਇੱਕ ‘ਸਵੇਤਾਂਬਰ’, ਜਿਹੜੇ ਹਮੇਸ਼ਾਂ ਸਫ਼ੇਦ ਕਪੜੇ ਹੀ ਪਾਂਦੇ ਹਨ ਅਤੇ ਦੂਜੇ ‘ਦਿਗ਼ੰਬਰ’ ਜਿਹੜੇ ਬਿਲਕੁਲ ਨੰਗੇ ਰਹਿੰਦੇ ਹਨ, ਸਰੀਰ ਤੇ ਕੋਈ ਕਪੜਾ ਹੀ ਧਾਰਨ ਨਹੀਂ ਕਰਦੇ।

ਇਸਦੇ ਉਲਟ ਅਜੌਕੇ ਜੁੱਗ `ਚ ਜਨਮਿਆ ਜਾਂ ਸਕੂਲਾਂ-ਕਾਲਿਜਾਂ `ਚ ਪੜ੍ਹਣ ਵਾਲਾ ਬੱਚਾ ਵੀ ਜਾਣਦਾ ਹੈ ਕਿ ਪਾਣੀ ਨੂੰ ਉਬਾਲਣਾ ਹੀ ਅਪਣੇ ਆਪ `ਚ ਅਨੇਕਾਂ ਜੀਵਾਂ ਦੀ ਹਤਿਆ ਦਾ ਕਾਰਣ ਬਣਦਾ ਹੈ। ਕੇਵਲ ਅਗੇ ਅਗੇ ਝਾੜੂ ਲਗਾ ਕੇ ਚਲਣ ਨਾਲ ਜੀਵ ਹਤਿਆ ਨਹੀਂ ਰੁਕਦੀ। ਇਸੇ ਤਰ੍ਹਾਂ ਮੂੰਹ ਅਗੇ ਕਪੜਾ ਬੰਨ ਕੇ ਸਾਹ ਲੈਣ ਨਾਲ, ਬਾਸੀ ਪਾਣੀ ਦੇ ਪੀਣ ਜਾਂ ਇਸ਼ਨਾਨ ਨਾਲ ਵੀ ਕੁੱਦਰਤੀ ਨੀਯਮ `ਚ ਹੋ ਰਹੀ ਜੀਵ ਹਤਿਆ ਅਤੇ ਨਾਲ ਨਾਲ ਉਨ੍ਹਾਂ ਦੇ ਉਤਪਤੀ ਵਾਲੇ ਨੀਯਮ `ਚ ਫ਼ਰਕ ਨਹੀਂ ਆਉਂਦਾ। ਜੀਵ ਹਤਿਆ ਵਾਲਾ ਇਹੀ ਨੀਯਮ ਠੰਡੇ ਭੋਜਨ ਉਪਰ ਵੀ ਲਾਗੂ ਹੁੰਦਾ ਹੈ।

ਅਸਲ `ਚ ਇਹ ਸਾਰੇ ਬਨਾਵਟੀ ਵਿਸ਼ਵਾਸ ਹੀ ਹਨ। ਇਸ `ਚ ਦੋ ਰਾਵਾਂ ਨਹੀਂ ਕਿ ਗੁਰਮਤਿ ਗਿਆਨ ਹੀ ਸਰਬ ਸ੍ਰੇਸ਼ਟ ਹੈ ਅਤੇ ਇਸ ਇਲਾਹੀ ਗਿਆਨ ਤੋਂ ਬਿਨਾ ਭਰਮਾ ਦਾ ਨਾਸ ਹੋ ਹੀ ਨਹੀਂ ਸਕਦਾ। ਗੁਰਦੇਵ ਨੇ ਇਸ ਪਖੋਂ ਵੀ ਗੁਰਬਾਣੀ ਰਾਹੀ ਮਨੁੱਖ `ਤੇ ਖਾਸਕਰ ਜੈਨੀ ਸਾਧੂਆਂ ਨੂੰ ਸੁਚੇਤ ਕੀਤਾ ਹੈ। ਗੁਰਦੇਵ ਦਾ ਫ਼ੁਰਮਾਨ ਹੈ:

“ਸਲੋਕੁ ਮਃ੧॥ ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ॥

ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ॥

ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ॥

ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ॥

ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ॥

ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥

ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ॥

ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ॥

ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ॥

ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ॥

ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ॥

ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ॥

ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ॥

ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ॥

ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ॥

ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ॥

ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ॥

ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ॥

ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ॥

ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ॥

ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ॥

ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ॥

ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥

ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ॥ ੧ ॥”

(ਪੰ: ੧੪੯) {ਹੇਠਾ ਦਿਤਾ ਨੋਟ ਅਤੇ ਅਰਥ ਧੰਨਵਾਦਿ ਸਹਿਤ ਪ੍ਰੋ: ਸਾਹਿਬ ਸਿੰਘ ਜੀ ਗੁ: ਗ੍ਰ: ਸਾ: ਦਰਪਣ ਪੋਥੀ ਨੰ: ੧}

“ਨੋਟ : -ਜੈਨੀਆਂ ਦੇ ਗੁਰੂ ‘ਸਰੇਵੜੇ’ ਅਹਿੰਸਾ ਦੇ ਪੁਜਾਰੀ ਹਨ। ਤਾਜ਼ਾ ਸਾਫ਼ ਪਾਣੀ ਨਹੀਂ ਪੀਂਦੇ ਕਿ ਜੀਵ-ਹਿੰਸਾ ਨਾ ਹੋ ਜਾਏ, ਸੱਜਰੀ ਰੋਟੀ ਪਕਾਂਦੇ ਖਾਂਦੇ ਨਹੀਂ। ਪਖ਼ਾਨੇ ਨੂੰ ਫੋਲਦੇ ਹਨ ਕਿ ਜੀਵ ਪੈਦਾ ਨਾ ਹੋਣ। ਇਸ਼ਨਾਨ ਨਹੀਂ ਕਰਦੇ; ਗੱਲ ਕੀ ਜੀਵ-ਹਿੰਸਾ ਨੂੰ ਉਹਨਾਂ ਇਤਨਾ ਵਹਿਮ ਬਣਾ ਲਿਆ ਹੈ ਕਿ ਬੜੇ ਗੰਦੇ ਰਹਿੰਦੇ ਹਨ। ਹਰੇਕ ਦੇ ਹੱਥ ਵਿੱਚ ਇੱਕ ਚਉਰੀ ਹੁੰਦੀ ਹੈ; ਨੰਗੀ ਪੈਰੀਂ ਇਕਿ ਕਤਾਰ ਵਿੱਚ ਤੁਰਦੇ ਹਨ ਕਿ ਕਿਤੇ ਕੋਈ ਕੀੜੀ ਪੈਰ ਹੇਠ ਆ ਕੇ ਮਰ ਨਾ ਜਾਏ, ਸਭ ਤੋਂ ਅਗਲਾ ਆਦਮੀ ਉਸ ਚਉਰੀ ਨਾਲ, ਰਾਹ ਵਿੱਚ ਆਏ ਕੀੜੇ ਨੂੰ ਪਰੇ ਹਟਾ ਦੇਂਦਾ ਹੈ। ਆਪਣੀ ਹੱਥੀ ਕੋਈ ਕੰਮ-ਕਾਰ ਨਹੀਂ ਕਰਦੇ, ਮੰਗ ਕੇ ਖਾ ਛੱਡਦੇ ਹਨ; ਜਿਥੇ ਬੈਠਦੇ ਹਨ ਸਿਰ ਸੁੱਟ ਬੈਠਦੇ ਹਨ, ਨਿੱਤ ਉਦਾਸ, ਅੰਦਰ ਕੋਈ ਚਾਉ ਜਾਂ ਖ਼ੁਸ਼ੀ ਨਹੀਂ; ਜਿਵੇਂ ਫੂਹੜੀ ਪਾਈ ਬੈਠੇ ਹੋਣ ਸੋ, ਦੁਨੀਆ ਗਵਾਈ ਇਹਨਾਂ ਇਸ ਤਰ੍ਹਾਂ। ਪਰ, ਦੀਨ ਭੀ ਨਹੀਂ ਸਵਾਰਦੇ; ਇਕੋ ਜੀਵ-ਹਿੰਸਾ ਦਾ ਵਹਿਮ ਲਾਈ ਰੱਖਦੇ ਹਨ; ਨਾ ਕੋਈ ਹਿੰਦੁ ਮਤ ਦੀ ਮਰਯਾਦਾ ਨਾ ਕੋਈ ਮੁਸਲਮਾਨੀ ਜੀਵਨ ਜੁਗਤਿ, ਨਾਹ ਦਾਨ ਨਾਹ ਪੁੰਨ, ਨਾਹ ਕੋਈ ਪੂਜਾ-ਪਾਠ ਨਾਹ ਬੰਦਗੀ, ਰੱਬ ਵਲੋਂ ਭੀ ਗਏ-ਗਵਾਤੇ। {ਇਹ ਸ਼ਬਦ ਇਹਨਾਂ ‘ਸਰੇਵੜਿਆਂ’ ਬਾਰੇ ਹੈ।}

ਅਰਥ: (ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ; (ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿੱਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)। ਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ। ਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।

(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ) (ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ), ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾ ਦੀ ਭੀ ਸੇਵਾ ਨਹੀਂ ਕਰਦੇ)। ਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ ਮੱਥੇ ਉਤੇ ਤਿਲਕ ਨਹੀਂ ਲਾੳਂੁਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ) ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ), ਕਿਸੇ ਸਤਸੰਗ ਆਦਿਕ ਵਿੱਚ ਭੀ ਕਦੇ ਨਹੀਂ ਜਾਂਦੇ, ਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿੱਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿੱਚ ਤੁਰਦੇ ਹਨ। ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ। ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿੱਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ।

(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ (ਜੀਵ-ਹਿੰਸਾ ਦੇ ਵਹਿਣ ਵਿੱਚ ਪੈ ਕੇ, ਕਿਰਤ ਕਮਾਈ ਛੱਡ ਕੇ) ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ। (ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿੱਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿੱਚ ਵੜਿਆਂ ਹੀ ਨਿਕਲਣਗੇ)। (ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ। ਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ। ਨ੍ਹਾ ਕੇ ਹੀ ਪੂਜਾ ਹੁੰਦੀ ਹੈ। ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ ਸਾਰੀ ਉਮਰ ਹੀ ਮਨੁੱਖ ਦੀ ਸੁਅੱਛ ਹਾਲਤ ਤਾਂ ਹੀ ਰਹਿ ਸਕਦੀ ਹੈ, ਜੇ ਇਸ਼ਨਾਨ ਕਰੇ ਪਰ ਹੇ ਨਾਨਕ! ਇਹ ਸਿਰ-ਖੁੱਥੇ ਅਜਿਹੇ ਉਲਟੇ ਰਾਹ ਪਏ ਹਨ (ਅਜਿਹੇ ਸ਼ੈਤਾਨ ਹਨ) ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗੀ

(ਪਾਣੀ ਦੀਆਂ ਹੋਰ ਬਰਕਤਾਂ ਤਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ। ਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ। ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ), ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।

(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿੱਚ ਨ੍ਹਾਉਣ ਨਾਲ (ਭਾਵ, ਸੁਰਤਿ ਜੋੜਨ ਨਾਲ) ਵਡਿਆਈ ਮਿਲਦੀ ਹੈ। ਹੇ ਨਾਨਕ! ਜੇ ਇਹ ਸਿਰ-ਖੁੱਥੇ (ਇਸ ‘ਨਾਮ’ -ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ। ੧। (ਪੰ: ੧੪੯)

ਜੈਨੀ ਦਇਆ ਅਤੇ ਜੀਵ ਹਤਿਆ ਵਲ ਵੱਧਦੇ ਕਦਮ-ਆਖਿਰ ਇਥੇ ਜੈਨ ਮੱਤ ਦੀ ਦਇਆ, ਜੀਅ ਦਇਆ, ਜੀਅ ਹਤਿਆ ਜਾਂ ਜੀਅ ਦਾ ਵੇਰਵਾ ਕਿਉਂ ਦੇਣਾ ਪਿਆ। ਅਸਲ `ਚ ਹੁਣ ਤੀਕ ਮਾਸ ਛੱਕਣ ਸੰਬੰਧੀ ਵੇਰਵੇ ਤੋਂ ਭਲੀ ਭਾਂਤ ਦੇਖ ਚੁਕੇ ਹਾਂ ਕਿ ਜਿੰਨੇ ਵੀ ਗੁਰਬਾਣੀ ਸ਼ਬਦ ਅਥਵਾ ਪ੍ਰਮਾਣ ਮਾਸ ਵਿਰੋਧੀ ਸੱਜਣਾ ਨੇ ਵਰਤੇ ਹਨ ਇਨ੍ਹਾਂ ਵਿਚੋਂ ਇੱਕ ਵੀ ਪ੍ਰਮਾਣ ਅਜੇਹਾ ਸਾਬਤ ਨਹੀਂ ਹੋਇਆ ਜੋ ਗੁਰਦੇਵ ਨੇ ਮਾਸ ਜਾਂ ਮਾਸ ਖਾਣ ਵਿਰੁਧ ਵਰਤਿਆ ਹੋਵੇ। ਦਰਅਸਲ ਗੁਰਬਾਣੀ `ਚ ਸ਼ਰਾਬ, ਭੰਗ ਆਦਿ ਨਸ਼ਾ ਪ੍ਰੇਰਕ ਵਸਤਾਂ ਦਾ ਭਰਵਾਂ ਵਿਰੋਧ ਹੈ ਅਤੇ ਗੁਰੂ ਕੀਆਂ ਸੰਗਤਾਂ ਨੂੰ ਅਜੇਹੇ ਨਸ਼ੇ ਪ੍ਰੇਰਕ ਵਸਤਾਂ ਤੋਂ ਪੂਰੀ ਤਰ੍ਹਾਂ ਰੋਕਿਆ ਹੈ ਪਰ ਮਾਸ ਨੂੰ ਭੋਜਨ ਦੇ ਤੌਰ ਤੇ ਬਿਆਨਿਆ ਹੈ, ਇਸਦਾ ਵਿਰੋਧ ਨਹੀਂ ਕੀਤਾ। ਇਹ ਵੱਖਰੀ ਗਲ ਹੈ ਕਿ ਮਾਸ ਖਾਣ ਵਾਸਤੇ ਮਜਬੂਰ ਵੀ ਨਹੀਂ ਕੀਤਾ। ਕਿਉਂਕਿ ਭੋਜਨ ਇੱਕ ਸਿਧਾਂਤਕ ਵਿਸ਼ਾ ਹੈ, ਧਰਮ ਦਾ ਵਿਸ਼ਾ ਨਹੀਂ। ਇਹ ਤਾਂ ਕਿਸੇ ਦੀ ਇਛਾ, ਲੋੜ ਜਾਂ ਪਸੰਦ ਦਾ ਵਿਸ਼ਾ ਹੈ। ਗੁਰੂ ਕੀਆਂ ਸੰਗਤਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਵੀ ਗੁਰਬਾਣੀ ਆਗਿਆ `ਚ ਰਹਿੰਦੇ ਹੋਏ ਇਸ ਨੂੰ ਉਸੇ ਸੀਮਾ `ਚ ਸਮਝਣ ਅਤੇ ਇਸਨੂੰ ਬਦੋਬਦੀ ਪੰਥਕ ਦੁਖਾਂਤ ਨਾ ਬਣਾਉਣ, ਜਿਵੇਂ ਕਿ ਅਜ ਬਣਾਇਆ ਹੋਇਆ ਹੈ।

ਮਾਸ ਅਤੇ ਮਾਸ ਛੱਕਣ ਦੇ ਵਿਰੋਧ `ਚ ਇਹ ਗਲਤੀ ਭਾਵੇਂ ਅਣਜਾਣੇ ਹੋਈ ਹੋਵੇ ਪਰ ਗੁਰਬਾਣੀ `ਚ ਜਿੱਥੇ-ਕਿਥੇ ਵੀ ਦਇਆ, ਜੀਅ-ਦਇਆ, ਜੀਅ-ਹਤਿਆ ਆਦਿ ਲਫ਼ਜ਼ ਆਏ, ਸ਼ਬਦ ਦੇ ਵਿਸ਼ੇ-ਪਰੀਪੇਖ ਨੂੰ ਦੇਖੇ-ਘੋਖੇ ਬਿਨਾਂ ਲਫ਼ਜ਼ਾਂ ਨੂੰ ਚੁਕਿਆ ਤੇ ਸਿਧਾ ਮੁਰਗੇ, ਮਛੀ, ਬਕਰੇ ਆਦਿ ਦੇ ਮਾਸ ਵਿਰੁਧ ਵਰਤ ਲਿਆ। ਫ਼ਿਰ ਵੀ ਜੇਕਰ ਗੁਰੂ ਦੀ ਭੈਅ-ਭਾਵਨੀ `ਚ ਰਹਿੰਦੇ ਹੋਏ ਗੁਰਬਾਣੀ ਆਧਾਰ ਤੇ ਘੋਖਿਆ ਜਾਵੇ ਤਾਂ ਅਜੇ ਵੀ ਸਾਡੇ ਕੋਲ ਮੁੜਣ ਲਈ ਕਾਫ਼ੀ ਮੌਕਾ ਹੈ। ਵੱਡਾ ਡਰ ਇਸ ਲਈ ਹੈ ਕਿ ਅਜੋਕੇ ਚੋਣਾ ਵਾਲੇ ਨਾਕਸ ਰਸਤੇ ਆਉਣ ਕਰਕੇ ਬਹੁਤੇ ਅਣ-ਅਧੀਕਾਰੀ ਪ੍ਰਬੰਧਕਾਂ `ਤੇ ਚਾਪਲੂਸ ਪ੍ਰਚਾਰਕਾਂ ਕਾਰਣ ਸੰਗਤਾਂ ਅੰਦਰ ਗੁਰਬਾਣੀ ਜੀਵਨ ਪਖੋਂ ਘਾਟ ਦਿਨੋ ਦਿਨ ਤੇਜ਼ੀ ਨਾਲ ਵੱਧ ਰਹੀ ਹੈ। ਬਾਣੀ ਸੋਝੀ ਪਖੋਂ ਅਗਿਆਨਤਾ ਵਾਧੇ ਤੇ ਹੈ।

ਇਸਤਰ੍ਹਾਂ ਜੇਕਰ ਬ੍ਰਾਹਮਣੀ ‘ਜੀਅ, ਜੀਅ ਦਇਆ, ਜੀਅ ਹਤਿਆ’ ਵਾਲੇ ਵਹਿਮ-ਭਰਮ ਦੀ ਉਲਝਣ ਵਲ ਵੱਧਦੇ ਗਏ ਤਾਂ ਡੱਰ ਹੈ ਕੌਮ ਅੰਦਰ ਕਲ ਅਜੇਹੇ ਸੱਜਣ ਵੀ ਉਭਰ ਸਕਦੇ ਹਨ ਜੋ ਇਸ ਪਖੋਂ ਜੈਨੀ ‘ਦਇਆ, ਜੀਅ-ਹਤਿਆ’ ਵਾਲਾ ਝਮੇਲਾ ਵੀ ਖੜਾ ਕਰ ਦੇਣ। ਕਰਤਾ ਬਖਸ਼ਿਸ਼ ਰਖੇ! ਅਜੇਹੇ ਹਾਲਾਤ `ਚ, ਕੋਈ ਕਾਰਣ ਨਹੀਂ ਜੇ ਕਲ ਪੰਥ ਅੰਦਰ ਅਜੇਹੇ ‘ਸੂਝਵਾਨ’ ਵੀ ਪ੍ਰਗਟ ਹੋ ਜਾਣ ਜੋ ‘ਜੀਅ ਦਇਆ’ ‘ਜੀਅ ਹਤਿਆ’ ਦੀ ਲਕੀਰ ਨੂੰ ਜੈਨੀ ਸੀਮਾ ਤੀਕ ਖਿਚ ਲੈ ਜਾਣ ਤਾਂ ਪੰਥ ਇੱਕ ਨਵੀਂ ਮੁਸੀਬਤ `ਚ ਫਸ ਜਾਵੇਗਾ। ‘ਸੁਚਮਾ-ਜੂਠਾਂ ਤੇ ‘ਸੁੱਚ-ਭਿੱਟ’ ਵਾਲੀ ਬ੍ਰਾਹਮਣੀ ਉਲਝਣ ਅਜ ਵੀ ਸਾਡੇ ਵੇਹੜੇ ਕੁੱਝ ਡੇਰਿਆਂ ਅਤੇ ਉਨ੍ਹਾ ਦੇ ਸ਼ਰਧਾਲੂਆਂ `ਚ ਅਜ ਵੀ ਤੇਜ਼ੀ ਨਾਲ ਅਪਣੇ ਖੰਭ ਖਿਲਾਰੀ ਬੈਠੀ ਹੈ ਜੋ ਗੁਰਬਾਣੀ ਦੀ ਘੋਰ ਅਵਗਿਆ ਹੈ। ਇਸ ਮਾਸ ਵਿਰੋਧੀ ਦੌੜ `ਚ ਜੇਕਰ ‘ਜੀਅ ਦਇਆ’ `ਤੇ ‘ਜੀਅ ਹਤਿਆ’ ਵਾਲੀ ਜੈਨੀ ਵਲਗਣ ਸਾਡੇ ਗਲ ਪੈ ਗਈ ਤਾਂ ਬਹੁਤ ਵੱਡੀ ਮੁਸੀਬਤ ਪੈਦਾ ਹੋ ਜਾਵੇਗੀ। ਲੋੜ ਹੈ, ਅਜੇ ਵੀ ਸਮੇਂ ਸਿਰ ਇਸ ਪਖੋਂ ਗੁਰਬਾਣੀ ਦੀ ਰੋਸ਼ਨੀ `ਚ ਆਪਣੀ ਸੰਭਾਲ ਕਰ ਲਵੀਏ।

ਮਾਸ ਕੌਣ ਨਹੀਂ ਖਾਂਦਾ? - ਗੁਰਮਤਿ-ਗੁਰਬਾਣੀ ਦੇ ‘ਜੀਅ ਦਇਆ’ ‘ਜੀਅ ਹਤਿਆ’ ਆਦਿ ਦੇ ਸਪੱਸ਼ਟ ਅਰਥਾਂ ਤੋਂ ਲਾਂਭੇ ਹੋ ਕੇ ਮਾਸ ਵਿਰੋਧੀ ਸੱਜਣ ਇਨ੍ਹਾਂ ਲਫ਼ਜ਼ਾਂ ਦੇ ਬ੍ਰਾਹਮਣੀ-ਜੈਨੀ ਅਰਥਾਂ `ਤੇ ਅਟਕ ਗਏ ਹਨ। ਉਸਦਾ ਵੱਡਾ ਕਾਰਣ ਇਹ ਵੀ ਹੈ ਜਦੋਂ ਉਨ੍ਹਾਂ ਨੇ ਭਿੰਨ ਭਿੰਨ ਜੀਵਾਂ ਵਿਚਾਲੇ ਤੱਤ ਵਖ੍ਰੇਵੇਂ ਵਾਲਾ ਬੇਸਿਰ ਪੈਰ ਦਾ ਭਰਮ ਪਾਲ ਲਿਆ, ਜਿਸ ਨੂੰ ਕਿ ਗੁਰਮਤਿ ਪ੍ਰਵਾਣ ਨਹੀਂ ਕਰਦੀ। ਇਸੇ ਹੀ ਤੱਤ ਵਖ੍ਰੇਵੇਂ ਵਾਲੇ ਗੁਮਰਾਹ-ਕੁਣ ਭਰਮ ਦਾ ਨਤੀਜਾ ਹੈ ਕਿ ਸਾਡੇ ਮਾਸ ਵਿਰੋਧੀ ਸੱਜਣ ਸੰਸਾਰ ਦੀ ਹਰਿਆਵਲ ਦਾ ਕਾਰਣ ਪਾਣੀ ਉਸਤੋਂ ਬਾਦ ਸੁਆਸਾਂ ਰਸਤੇ ਅਰਬਾਂ-ਖਰਬਾਂ ਜੀਵਾਂ ਦੇ ਜਨਮ-ਮਰਣ ਤੇ ਉਤਭੁਜ ਨੂੰ ਇੱਕ ਪਾਸੇ ਰਖਕੇ ਸਿਧਾ ਬਕਰੇ, ਮੁਰਗੇ, ਮਛੀ, ਖਰਗੋਸ਼ ਦੇ ਮਾਸ `ਤੇ ਪੁਜ ਕੇ ਗੁਮਰਾਹ ਹੋ ਜਾਂਦੇ ਹਨ। ਇਸੇ ਕਾਰਣ ਤੱਤ ਵਖ੍ਰਵੇਂ ਵਾਲੇ ਅੰਕ ਨੂੰ ਅਸਾਂ ਹੱਥਲੇ ਅੰਕ ਤੋਂ ਪਹਿਲਾਂ ਲੈਣਾ ਜ਼ਰੂਰੀ ਸਮਝਿਆ `ਤੇ ਨਿਭਾਇਆ ਵੀ ਹੈ। ਲੋੜ ਹੈ -

“ਮਾਸੁ ਮਾਸੁ ਕਰਿ ਮੂਰਖੁ ਝਗੜੇ, ਗਿਆਨੁ ਧਿਆਨੁ ਨਹੀ ਜਾਣੈ” (ਪੰ: ੧੨੮੯) ਅਨੁਸਾਰ ਮਾਸ ਵਾਲਾ ਵਿਸ਼ਾ ਜੋ ਬਿਨਾ ਕਾਰਣ ਪੰਥ ਅੰਦਰ ਭਰਾ-ਮਾਰੂ `ਤੇ ਖਿਚਾਤਾਣੀ ਦਾ ਕਾਰਣ ਬਣ ਚੁੱਕਾ ਹੈ, ਉਸਨੂੰ ਸਿਦਕ ਦਿਲੀ ਨਾਲ ਵਿਚਾਰੀਏ। ਪਤਾ ਲਗ ਜਾਵੇਗਾ ਕਿ ਇਹ ਕੇਵਲ ਮਨ ਦਾ ਭਰਮ ਹੀ ਹੈ ਜੋ ਅਸਾਂ ਅਪਣੇ ਘਰ `ਚ ਪਾਲ ਲਿਆ ਹੈ ਨਹੀਂ ਤਾਂ ਸੰਸਾਰ `ਚ ਇੱਕ ਵੀ ਅਜੇਹਾ ਮਨੁੱਖ ਨਹੀਂ ਜੋ ਦਾਵਾ ਕਰ ਸਕੇ ਕਿ ਉਹ ਮਾਸ ਨਹੀਂ ਖਾਂਦਾ। ਤਾਂਤੇ ਆਓ! ਲੜੀਵਾਰ ਹੱਥਲੇ ਵਿਸ਼ੇ ਵਲ ਥੋੜਾ ਅਗੇ ਵਧੀਏ।

੧. ਸਬਜ਼ੀਆਂ ਫਲ ਆਦਿ `ਤੇ ਕੀੜੇ ਮਾਰ ਦਵਾਈਆਂ- ਸਬਜ਼ੀਆਂ, ਅੰਨ, ਫਲ ਸਾਰੇ ਹੀ ਛੱਕਦੇ ਹਨ। ਇਹ ਸਬਜ਼ੀਆਂ ਕਦੇ ਵੀ ਸਾਡੇ ਤੀਕ ਨਾ ਪੁਜਣ ਜੇਕਰ ਇਸ ਤੋਂ ਪਹਿਲਾਂ ਇਨ੍ਹਾਂ ਨੂੰ ਕੀੜਿਆਂ `ਤੇ ਵਿਰੋਧੀ ਬਿਮਾਰੀਆਂ ਤੋਂ ਬਚਾਉਣ ਲਈ ਲਖਾਂ-ਕਰੋੜਾਂ ਰੁਪਏ ਦੀਆਂ ਦਵਾਈਆਂ ਨਾ ਛਿੱੜਕੀਆਂ ਜਾਣ। ਪਹਿਲਾਂ ਅਸੀਂ ਅਪਣੀ ਲੋੜ ਲਈ ਸਬਜ਼ੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਉਹ ਲਖਾਂ ਕੀੜੇ ਮਾਰਦੇ ਹਾਂ ਤਾਂ ਇਹ ਸਬਜ਼ੀਆਂ ਸਾਡੇ ਤੀਕ ਪੁਜਦੀਆਂ ਹਨ। ਇਹ ਸਾਰੀਆਂ ਵਸਤਾਂ ਸਾਡੇ ਮਾਸ ਵਿਰੋਧੀ ਸੱਜਣ ਵੀ ਛੱਕਦੇ ਹਨ, ਜਿਵੇਂ ਕਿ ਅਸੀਂ ਛੱਕਦੇ ਹਾਂ।

੨. ਅਨੇਕਾਂ ਕੀੜੇ, ਲੁੜੀਆਂ ਜੋ ਫਲ-ਸਬਜ਼ੀਆਂ ਕੱਟਣ ਸਮੇਂ ਅਮਰੂਦ, ਗੋਭੀ ਆਦਿ ਫਲਾਂ `ਚੋਂ ਨਿਕਲਦੀਆਂ ਹਨ। ਇਹ ਸਬਜ਼ੀਆਂ-ਫਰੂਟ ਆਦਿ ਹੀ ਇਨ੍ਹਾਂ ਜੀਵਾਂ ਦਾ ਜੀਵਨ ਹੁੰਦੇ ਹਨ। ਇਹ ਜੀਵ ਸਾਡੇ ਸਾਹਮਣੇ ਤੱੜਫ਼-ਤੱੜਢ ਕੇ ਮਰ ਜਾਂਦੇ ਹਨ, ਉਸ ਸਮੇਂ ਮਾਸ ਵਿਰੋਧੀ ਸੱਜਣ ਵੀ ਇਸ ਜੀਵ ਹਤਿਆ ਲਈ ਬਰਾਬਰ ਦੇ ਭਾਗੀ ਹੁੰਦੇ ਹਨ। ਪਰ ਕਦੇ ਕੋਈ ਵੀ ਸੱਜਣ ਇਨ੍ਹਾਂ ਨੂੰ ਵਾਪਿਸ ਖੇਤਾਂ `ਚ ਛੱਡਣ ਨਹੀਂ ਜਾਂਦਾ। ਜ਼ਰਾ ਸੋਚੋ ਕਿ ਉਸ ਸਮੇਂ ਸਾਡੀ ‘ਜੀਅ-ਦਇਆ’ ‘ਜੀਅ ਹਤਿਆ’ ਵਾਲੀ ਗੁਰਮਤਿ ਤੋਂ ਉਲਟ ਸੋਚਣੀ ਕਿੱਥੇ ਚਲੀ ਜਾਂਦੀ ਹੈ?

੩. ਪਾਣੀ ਤੋਂ ਬਿਨਾਂ ਆਮਰਣ-ਵਰਤ ਤੇ ਬੈਠਾ ਬੰਦਾ ਵੀ ਨਹੀਂ ਰਹਿ ਸਕਦਾ। ਜੇਕਰ ਇੱਕ ਗਿਲਾਸ ਪਾਣੀ ਤੋਂ ਪਹਿਲਾਂ ਇੱਕ ਮਾਈਕ੍ਰੋਸਕੋਪ ਲੈ ਕੇ ਉਸ `ਚ ਝਾਤੀ ਮਾਰ ਲਈ ਜਾਵੇ ਤਾਂ ਉਸ `ਚ ਕਰੋੜਾਂ ਹੀ ਜੀਵ ਕੁਰਬੁਲ ਕਰਦੇ ਨਜ਼ਰ ਆ ਜਾਣਗੇ। ਸੂਤਕਾਂ ਦੇ ਬ੍ਰਾਹਮਣੀ ਭਰਮ ਨੂੰ ਤੋੜਣ ਸਮੇ ਗੁਰਦੇਵ ਨੇ ਇਨ੍ਹਾਂ ਜੀਵਾਂ ਦੀ ਬਰਾਬਰੀ ਵੀ ਮਨੁੱਖ ਦੇ ਜਨਮ-ਮਰਣ ਨਾਲ ਕੀਤੀ ਹੈ। ਦਰਅਸਲ ਪਾਣੀ ਅੰਦਰਲੇ ਇਹੀ ਜੀਵ ਸਾਡੀ ਪਿਆਸ ਬੁਝਾਉਣ ਦਾ ਕਾਰਣ ਹੁੰਦੇ ਹਨ। ਇਨ੍ਹਾ ਜੀਵਾਂ ਦੀ ਨਸਲ ਤੇ ਕੁਆਲਟੀ ਕਾਰਣ ਪਾਣੀ ਫੋਕਾ ਹੁੰਦਾ ਹੈ ਅਤੇ ਕਦੇ ਤਸੱਲੀ ਕਰਵਾਉਣ ਵਾਲਾ। ਮਨੁੱਖ ਸਮੇਤ ਪਾਣੀ `ਚ ਇਨ੍ਹਾਂ ਜੀਵਾਂ ਦੀ ਹੋਂਦ ਅਤੇ ਹਰ ਸਮੇ ਜਨਮ-ਮਰਣ ਹੀ ਸਾਰੇ ਸੰਸਾਰ ਦੀ ਹਰਿਆਵਲ `ਤੇ ਸਾਡੀ ਜ਼ਿੰਦਗੀ ਦਾ ਆਧਾਰ ਹਨ। ਇਹ ਪਾਣੀ, ਮਾਸ ਵਿਰੋਧੀ ਵੀ ਛੱਕਦੇ ਹਨ।

੪. ਟੈਰਾਲੀਨ-ਟੈਰੀਕਾਟ ਤਾਂ ਕਲ ਦੀਆਂ ਗਲਾਂ ਹਨ। ਵਿਆਹ-ਸ਼ਾਦੀਆਂ ਅਨੰਦ-ਕਾਰਜਾਂ ਸਮੇਂ ਸਾਰੇ ਭਾਰਤ ਅਤੇ ਖਾਸਕਰ ਪੰਜਾਬ `ਚ ਅਜ ਵੀ ਬੀਬੀਆਂ ਲਈ ਰੇਸ਼ਮੀ ਕਪੜੇ ਸਗਨਾਂ-ਰੀਤਾਂ ਵਜੋਂ ਜ਼ਰੂਰੀ ਪੁਆਏ ਜਾਂਦੇ ਹਨ। ਬਲਕਿ ਜਦੋਂ ਪੰਥ ਅੰਦਰ ਮਾਸ ਵਾਲੇ ਇਸ ਝਗੜੇ ਨੂੰ ਖੜਾ ਕੀਤਾ ਗਿਆ, ਉਸ ਵੱਕਤ ਤਾਂ ੧੦੦% ਇਹ ਰੇਸ਼ਮੀ ਕਪੜੇ ਹੀ ਵਰਤੇ ਜਾਂਦੇ ਸਨ। ਅਜ ਵੀ ਸ਼ਾਇਦ ਹੀ ਕੋਈ ਮਾਸ ਵਰੋਧੀ ਸੱਜਣ ਮਿਲੇ ਜਿਸਦੇ ਗ੍ਰਿਹ ਵਿਖੇ ਰੇਸ਼ਮੀ ਕਪੜੇ ਨਹੀਂ ਹੋਣਗੇ। ਜ਼ਰਾ ਵਿਚਾਰੋ! ਆਖਿਰ ਇਹ ਰੇਸ਼ਮੀ ਕਪੜੇ ਬਣਦੇ ਕਿਵੇਂ ਹਨ? ਸੱਚਾਈ ਇਹ ਹੈ ਕਿ ਪਹਿਲਾਂ ਜੀਂਦੇ ਜਾਗਦੇ ਲਖਾਂ-ਕਰੋੜਾਂ ਰੇਸ਼ਮ ਦੇ ਕੀੜਿਆਂ ਨੂੰ ਬਾਇਲਰਾਂ `ਚ ਪਾਕੇ ਉਨ੍ਹਾਂ ਦਾ ਸਾਹ ਘੁਟਿਆ-ਤੜਫਾਇਆ ਤੇ ਮਾਰਿਆ ਜਾਂਦਾ ਹੈ ਤਾਂ ਫ਼ਿਰ ਇਹ ਕਪੜੇ ਸਾਡੇ ਤੀਕ ਪੁਜਦੇ ਹਨ। ਤਾਂ ਦਸੋ! ਕੀ ਇਸਨੂੰ ਸਾਡੇ ਮਾਸ ਦੇ ਵਿਰੋਧੀ ਕਿਹੜੀ ਜੀਅ-ਦਇਆ ਦਾ ਨਾਮ ਦੇਣਗੇ? ਰੇਸ਼ਮੀ ਕਪੜੇ ਤਾਂ ਉਹ ਵੀ ਵਰਤਦੇ ਆਏ ਹਨ।

੫. ਭਾਰਤ `ਚ ਹਮੇਸ਼ਾਂ ਹੀ ਕੁੱਝ ਸਮੇਂ ਬਾਦ ਜਿਹੜੇ ਵਾਇਰਸ, ਇਨਫਲੰਜ਼ਾਂ ਬੁਖਾਰ ਫੈਲਦੇ ਹਨ ਉਨ੍ਹਾਂ ਦਾ ਕਾਰਣ ਅਰਬਾਂ-ਖਰਬਾਂ ਉਹ ਕਿਟਾਣੂ (ਜੀਵ) ਹੁੰਦੇ ਹਨ ਜੋ ਸਾਡੇ ਮਨੁੱਖਾ ਸਰੀਰ ਲਈ ਹਾਨੀਕਾਰਕ ਹੁੰਦੇ ਹਨ। ਉਪ੍ਰੰਤ ਦਵਾਈਆਂ ਦੇ ਜ਼ੋਰ ਉਹ ਕਿਟਾਣੂ (ਜੀਵ) ਮਾਰੇ ਜਾਂਦੇ ਹਨ ਜਿਸ ਤੋਂ ਸਾਡਾ ਬੁਖਾਰ ਤੋਂ ਖਹਿੜਾ ਛੁਟਦਾ ਹੈ। ਇਸਦੇ ਬਾਵਜੂਦ, ਇੱਕ ਵੀ ਅਜੇਹਾ ਮਾਸ ਵਿਰੋਧੀ ਸੱਜਣ ਨਹੀਂ ਮਿਲੇਗਾ ਜੋ ਇਹ ਕਹੇ ਕਿ ਇਸ ਨਾਲ ਜੀਵ ਹਤਿਆ ਹੁੰਦੀ ਹੈ ਅਤੇ ਮੈਂ ਇਲਾਜ ਨਹੀਂ ਕਰਵਾਵਾਂਗਾ। ਸਿੱਧਾ ਭੋਜਨ ਨਾ ਸਹੀ, ਕੀ ਅਪਣੀ ਰਖਿਆ ਲਈ ਇਹ ਜੀਵ ਹਤਿਆ ਕਰਨਾ ਨਹੀਂ?

੬. ਜ਼ਖਮ ਵਿਗੜ ਕੇ ਸੈਪਟਿਕ ਹੋ ਜਾਣ ਦਾ ਡਰ ਹੁੰਦਾ ਹੈ। ਕਈ ਵਾਰੀ ਤਾਂ ਸਮੇਂ ਸਿਰ ਸੰਭਾਲ ਨਾ ਹੋਣ ਕਾਰਣ, ਸੈਪਟਿਕ ਹੋ ਜਾਣ ਕਾਰਣ ਲੱਤ, ਬਾਂਹ, ਹੱਥ ਤੀਕ ਵੀ ਕਟਵਾਉਣਾ ਪੈ ਜਾਂਦਾ ਹੈ। ਕਈ ਵਾਰੀ ਇਸੇ ਸੈਪਟਿਕ ਭਾਵ ਪਈ ਹੋਈ ਪਾਂ ਕਾਰਣ ਜ਼ਖਮ ਦੇ ਕੀੜੇ ਇੰਨੇ ਵੱਡੇ ਹੁੰਦੇ ਹਨ ਕਿ ਜ਼ਖਮਾ ਉਪਰ ਸਾਹਮਣੇ ਚਲਦੇ ਨਜ਼ਰ ਆਉਂਦੇ ਹਨ ਅਤੇ ਡਾਕਟਰ ਲੋਕ, ਸਾਡੇ ਸਾਹਮਣੇ ਉਨ੍ਹਾਂ ਨੂੰ ਕੱਢ ਕੇ ਸੁੱਟਦੇ ਜਾਂ ਉਨ੍ਹਾਂ ਉਪਰ ਐਂਟੀਸੈਪਟਿਕ ਪਾਕੇ ਉਨ੍ਹਾਂ ਨੂੰ ਸਾੜ ਦੇਂਦੇ ਹਨ। ਅਪਣੇ ਮੱਤਲਬ ਲਈ ਉਸ ਸਮੇਂ ਕੋਈ ਮਾਸ ਵਿਰੋਧੀ ਸੱਜਣ ਵੀ ਵਿਰੋਧ ਨਹੀ ਕਰਦਾ।

੭. ਹੋਰ ਤਾਂ ਹੋਰ, ਹਰੇਕ ਮਨੁੱਖ ਦਾ ਬਹੁਤ ਵਾਰੀ ਪੇਟ ਤਾਂ ਖਰਾਬ ਹੁੰਦਾ ਹੀ ਹੈ। ਇਸਨੂੰ ‘ਫੂਡ ਪਾਇਜ਼ਨ’ ਦਾ ਨਾਮ ਦੇ ਦੇਵੋ ਜਾਂ ਹੋਰ। ਇਹ ਕੀ ਹੈ, ਇਹ ਹੈ ਜਦੋਂ ਕਿਸੇ ਪਦਾਰਥ ਕਾਰਣ ਸਾਡੇ ਅੰਦਰ ਲਖਾਂ ਦੀ ਗਿਣਤੀ `ਚ ਵਿਰੋਧੀ ਬੈਕਟੀਰੀਆ (ਜੀਵ) ਪੈਦਾ ਹੋ ਜਾਂਦਾ ਹੈ। ਦਵਾਈਆਂ ਦੇ ਜ਼ੋਰ ਅਸੀਂ ਵਿਰੋਧੀ ਬੈਕਟੀਰੀਆ ਦੀ ਹਤਿਆ ਕਰਦੇ ਹਾਂ ਅਤੇ ਅਪਣੀ ਸਰੀਰਕ ਲੋੜ ਵਾਲਾ ਸੱਜਣ ਬੈਕਟੀਰੀਆ ਪੈਦਾ ਕਰਦੇ ਹਾਂ। ਨਹੀਂ ਕਰਦੇ ਤਾਂ ਇਹ ਪੇਟ ਦੀ ਖਰਾਬੀ, ਸਾਡੀ ਮੋਤ ਦਾ ਕਾਰਣ ਵੀ ਬਣ ਸਕਦੀ ਹੈ। ਅਜੇਹੀ ਅਵਸਥਾ `ਚ ਇੱਕ ਵੀ ਮਾਸ ਵਿਰੋਧੀ ਨਹੀਂ ਮਿਲੇਗਾ, ਜੋ ਇਸ ਜੀਵ ਹਤਿਆ ਲਈ ਹਾਮੀ ਨਾ ਭਰੇ `ਤੇ ਇਸਦਾ ਸਾਥ ਨਾ ਦੇਵੇ।

੮. ਫ਼ਸਲਾਂ ਤੇ ਟਿੱਡੀ ਦਲਾਂ ਦੇ ਭਾਰੀ ਹਮਲੇ ਹੋ ਜਾਂਦੇ ਹਨ। ਭਾਰਤ `ਚ ਟਿੱਡੀ ਦਲ ਦਾ ਇੱਕ ਅਜੇਹਾ ਹਮਲਾ ਸੰਨ ੧੯੫੧ `ਚ ਹੋਇਆ ਸੀ। ਇਹ ਹਮਲਾ ਇੰਨਾ ਭਿਅੰਕਰ ਸੀ ਕਿ ਯੂ: ਪੀ, ਰਾਜਸਥਾਨ, ਪੰਜਾਬ `ਚ ਵੀ ਦੂਰ ਦੂਰ ਤੀਕ ਵੱਡਾ ਨੁਕਸਾਨ ਹੋਇਆ। ਅਜੇਹੇ ਸਮੇਂ ਜਦੋਂ ਦੇਸ਼ `ਚ ਮਿੱਟੀ ਦੇ ਤੇਲ ਦੀ ਬੜੀ ਘਾਟ ਸੀ, ਕਾਬੂ ਕੀਤੇ ਜੀਉਂਦੇ ਟਿੱਡੀ ਦਲ ਨੂੰ ਬੋਰੀਆਂ `ਚ ਭਰ ਭਰ ਕੇ ਉਸ ਉਪਰ ਮਿੱਟੀ ਦਾ ਤੇਲ ਪਾ-ਪਾ ਕੇ ਸਾੜਿਆ ਗਿਆ। ਉਨ੍ਹਾਂ ਕਿਸਾਨਾਂ `ਚ ਅਜੇਹੇ ਮਾਸ ਵਿਰੋਧੀ ਕਿਸਾਨ ਵੀ ਸਨ ਜਿੰਨਾ ਨੇ ਅਪਣੀ ਖੇਤੀ ਨੂੰ ਟਿੱਡੀ ਦਲ ਤੋਂ ਬਚਾਉਣ ਲਈ ਸਭ ਕੁੱਝ ਕੀਤਾ। ਬਲਕਿ ਬਾਹਰੋਂ ਵੀ ਕਿਸੇ ਮਾਸ ਵਿਰੋਧੀ ਸੱਜਣ ਵਲੋਂ ਆਵਾਜ਼ ਨਹੀਂ ਸੀ ਕਿ ਇਹ ਜ਼ੁਲਮ ਕਿਉਂ ਹੋ ਰਿਹਾ ਹੈ। ਇੰਨਾ ਹੀ ਨਹੀਂ, ਇਸਤੋਂ ਬਾਦ ਉਸ ਟਿੱਡੀ ਦਲ ਤੋਂ ਬਚਾਈ ਫ਼ਸਲ ਹਰੇਕ ਮਾਸ ਵਿਰੋਧੀ ਪ੍ਰਵਾਰ ਨੇ ਵੀ ਵਰਤੀ ਸੀ। ਕੀ ਇਹ ਅਪਣੀਆ ਲੋੜਾਂ ਲਈ ਜੀਵ ਹਤਿਆ ਜਾਂ ਅਸਿਧੇ ਤੌਰ ਤੇ ਮਾਸ ਖਾਣਾ ਨਹੀਂ ਤਾਂ ਹੋਰ ਕੀ ਹੈ? ਫਸਲਾਂ ਨੂੰ ਟਿੱਡੀ ਦਲਾਂ ਤੋਂ ਬਚਾਉਣ ਲਈ ਕਿਸਾਨ ਇਸੇ ਤਰ੍ਹਾਂ ਛੋਟੇ ਹਮਲੇ ਤਾਂ ਨਿੱਤ ਹੀ ਪਛਾੜਦੇ ਰਹਿੰਦੇ ਹਨ।

੯. ਅਨੇਕਾਂ ਵਾਰੀ ਚੂਹਿਆਂ ਤੋਂ ਪਲੇਗ ਅਤੇ ਕੁਤਿਆਂ ਤੋਂ ਕਈ ਛੂਤ ਦੀਆਂ ਬਿਮਾਰੀਆਂ ਫੈਲ ਜਾਂਦੀਆਂ ਹਨ। ਲੋਕਾਈ ਨੂੰ ਉਨ੍ਹਾਂ ਤੋਂ ਬਚਾਉਣ ਲਈ ਸਰਕਾਰੀ ਪੱਧਰ ਤੇ ਵੱਡੇ ਪ੍ਰਬੰਧ ਕੀਤੇ ਜਾਂਦੇ ਹਨ। ਵੱਡੀ ਗਿਣਤੀ `ਚ ਕੁੱਤੇ ਤੇ ਚੂਹੇ ਸਾੜੇ ਤੇ ਮਾਰੇ ਜਾਂਦੇ ਹਨ। ਅਜਤੀਕ ਕਿਸੇ ਮਾਸ ਵਿਰੋਧੀ ਨੇ ਵੀ ਅਜੇਹੇ ਸਮੇਂ ਇਸਦਾ ਵਿਰੋਧ ਨਹੀਂ ਕੀਤਾ ਤਾਂ ਕਿਉਂ? ਕੀ ਸਾਡੇ ਮਾਸ ਵਿਰੋਧੀ ਸੱਜਣਾ ਅਨੁਸਾਰ ਅਪਣੀ ਹਿਫ਼ਾਜ਼ਤ ਲਾਈ ਇਹ ਜੀਵ ਹਤਿਆ ਜਾਂ ਅਸਿਧੇ ਮਾਸ ਛੱਕਣਾ ਨਹੀਂ?

੧੦. ਭਾਦਰੋਂ ਮਹੀਨੇ `ਚ ਖਾਸਕਰ, ਅਨੇਕਾਂ ਵਾਰੀ ਕਣਕ, ਚਾਵਲ ਆਦਿ ਨੂੰ ਘੁੰਣ, ਸੁਸਰੀ, ਖਪਰਾ, ਢੋਰਾ ਆਦਿ ਲਗ ਜਾਂਦਾ ਹੈ। ਉਸ ਸਮੇਂ ਉਹ ਵਸਤਾਂ ਕੜਕਦੀ ਧੁੱਪ `ਚ ਰਖਕੇ ਕਰੋੜਾਂ ਜੀਵਾਂ ਨੂੰ ਤੱੜਫਾ-ਤੱੜਫਾ ਕੇ ਮਾਰਿਆ ਜਾਂਦਾ ਹੈ। ਇਹ ਕਾਰੇ ਮਾਸ ਵਿਰੋਧੀ ਪ੍ਰਵਾਰਾਂ `ਚ ਵੀ ਘੱਟਦੇ ਹਨ। ਕੇਵਲ ਇਸਲਈ ਕਿ ਸਾਡੀ ਵਸਤ ਬਚ ਜਾਵੇ ਅਤੇ ਉਹ ਜੀਵ ਭਾਵੇਂ ਤੜਫਦੇ ਮਰਨ। ਤਾਂ ਕੀ ਜੀਵ ਹਤਿਆ ਦੀ ਪ੍ਰੀਭਾਸ਼ਾ ਅਨੁਸਾਰ ਇਹ ਜੀਵ ਹਤਿਆ ਨਹੀਂ?

੧੧. ਹਰੇਕ ਮਾਸ ਵਿਰੋਧੀ ਸੱਜਣ, ਦਹੀ ਵੀ ਛੱਕਦਾ ਹੈ ਅਤੇ ਦਹੀ-ਪਨੀਰ ਤੋਂ ਬਣੇ ਅਨੇਕਾਂ ਪਦਾਰਥ ਤੇ ਮਠਿਆਈਆਂ ਵੀ ਦੂਜਿਆਂ ਵਾਂਙ ਹੀ ਵਰਤਦਾ ਹੈਕੀ ਅਜ ਵਿਗਿਆਨ ਦੇ ਜੁਗ `ਚ ਵੀ ਕੋਈ ਮਾਸ ਵਿਰੋਧੀ ਸੱਜਣ ਦਾਵਾ ਕਰ ਸਕਦਾ ਹੈ ਕਿ ਉਹ ਅਪਣੀ ਲੋੜ ਜਾਂ ਲੋੜਾਂ ਲਈ ਇਸ ਜੀਵ ਹਤਿਆ ਦਾ ਜ਼ਿਮੇਵਾਰ ਨਹੀਂ?

੧੨. ਸ਼ਹਿਰਾਂ `ਚ ਘੱਟ ਪਰ ਪਿੰਡਾਂ ਤਾਂ ਆਮ-ਜੇ ਕਿੱਧਰੋਂ ਕੋਈ ਹਲਕਾ ਕੁੱਤਾ ਆ ਟੱਪਕੇ, ਘਰ `ਚ ਸੱਪ, ਬਿਛੂ (ਠੂਆਂ), ਕਣਖਜੂਰਾ ਜਾਂ ਕੋਈ ਜ਼ਹਰੀਲਾ ਜੀਵ ਜਿਸਤੋਂ ਸਾਡੀ ਜਾਂ ਸਾਡੇ ਪ੍ਰਵਾਰ ਦੇ ਜੀਆਂ ਦੀ ਜ਼ਿੰਦਗੀ ਨੂੰ ਖਤਰਾ ਹੋਵੇ ਤਾਂ ਕੀ ਅਪਣੀ ਜਾਂ ਪ੍ਰਵਾਰ ਦੀ ਹਿਫ਼ਾਜ਼ਤ ਲਈ ਅਸੀ ਉਸਨੂੰ ਮਾਰਦੇ ਨਹੀਂ? ਜੇ ਮਾਰਦੇ ਹਾਂ, ਤਾਂ ਕੀ ਅਪਣੇ ਜਾਂ ਅਪਣੇ ਪ੍ਰਵਾਰ ਦੀ ਰਾਖੀ ਲਈ ਇਹ ਜੀਵ ਹਤਿਆ ਨਹੀੰ ਹੁੰਦੀ? ਕੀ ਉਨ੍ਹਾ ਦੀ ਜੀਵ ਹਤਿਆ ਵਾਲੀ ਥਿਊਰੀ ਮੁਤਾਬਕ ਉਹ ਲੋਕ ਜੀਵ ਹਤਿਆ ਨਹੀਂ ਕਰ ਰਹੇ? ਜਾਂ ਕੀ ਉਨ੍ਹਾਂ ਕੁਤਿਆਂ, ਸਪਾਂ, ਬਿਛੁਆਂ ਨੂੰ ਅਪਣਾ ਕੰਮ ਕਰਣ ਲਈ ਖੁਲ਼ੀ ਛੁਟੀ ਦੇ ਦੇਣੀ ਚਾਹੀਦੀ ਹੈ?

੧੩. ਜਦੋਂ ਕਿਸੇ ਕਾਰਣ ਕੋਈ ਮਨੁੱਖ ਦੂਜੇ ਉਪਰ ਹਮਲਾਵਰ ਹੋ ਜਾਂਦਾ ਹੈ, ਤਾਂ ਇਹ ਕਦੇ ਨਹੀਂ ਹੋਇਆ ਕਿ ਜਿਸ ਉਪਰ ਹਮਲਾ ਹੋਇਆ ਹੈ, ਉਹ ਮਨੁੱਖ ਕੇਵਲ ਇਸ ਲਈ ਅਪਣਾ ਸਿਰ ਅਗੇ ਕਰਕੇ ਵਿਰੋਧੀ ਵਾਰ ਸਹਿ ਲਵੇ ਤਾਕਿ ਹਮਲਾਵਰ ਦਾ ਮੁਕਾਬਲਾ ਕਰਣ ਤੇ ਹਮਲਾਵਰ ਦਾ ਕਤਲ ਹੋ ਜਾਵੇਗਾ ਜਿਸਤੋਂ ਜੀਵ ਹਤਿਆ ਹੋ ਜਾਵੇਗੀ। ਛੋਟੇ-ਮੋਟੇ ਜਾਨਵਰਾਂ-ਪੰਛੀਆਂ ਦੀ ਗਲ ਤਾਂ ਪਿਛੇ ਰਹਿ ਜਾਂਦੀ ਹੈ ਅਜੇਹੇ ਸਮੇਂ ਵਿਰੋਧੀ ਮਨੁੱਖ ਜਾਂ ਮਨੁੱਖਾਂ ਦੀ ਹਤਿਆ ਇਸ ਲਈ ਕਰ ਦਿਤੀ ਜਾਂਦੀ ਹੈ ਕਿਉਂਕਿ ਉਸਤੋਂ ਅਪਣੀ, ਅਪਣੇ ਪ੍ਰਵਾਰ ਦੀ ਜਾਨ ਵੱਧ ਪਿਆਰੀ ਤੇ ਕੀਮਤੀ ਹੁੰਦੀ ਹੈ। ਉਥੇ ਵੀ ਇਹ ਜੀਅ ਦਇਆ ਵਾਲਾ ਸਿਧਾਂਤ ਪਿਛੇ ਕਿਉਂ ਦੌੜ ਜਾਂਦਾ ਹੈ।

੧੪. ਸਾਡੇ `ਚੋਂ ਬਹੁਤ ਲੋਕ ਜਾਣਦੇ ਹਨ ਜਦੋਂ ਸੰਨ ੧੯੬੫ `ਤੇ ੧੯੭੨ `ਚ ਪਾਕਸਤਾਨ ਵਲੋਂ ਭਾਰਤ ਤੇ ਹਮਲੇ ਹੋਏ। ਉਦੋਂ ਅਜੇ ਟੀ: ਵੀ ਦਾ ਵੀ ਵਿਕਾਸ ਨਹੀਂ ਸੀ ਹੋਇਆ। ਭੀੜਾਂ ਲਾਕੇ ਕੰਨ ਰੇਡਿਓ, ਟਰਾਂਜ਼ਿਸਟਰਾਂ ਤੇ ਲਗੇ ਹੁੰਦੇ ਸਨ। ਜੇ ਖਬਰ ਆਉਂਦੀ, ਦੁਸ਼ਮਣ ਦੇ ਇੰਨੇ ਫੌਜੀ ਮਾਰੇ ਗਏ ਤਾਂ ਸਾਰੇ ਕਿਲਕਾਰੀਆਂ ਮਾਰਦੇ ਤੇ ਖੁਸ਼ ਹੁੰਦੇ। ਦੂਜੇ ਪਾਸੇ ਜਦੋਂ ਖਬਰ ਹੁੰਦੀ, ਭਾਰਤ ਦੇ ਬੰਦੇ ਮਾਰੇ ਗਏ ਹਨ ਤਾਂ ਸਾਰੇ ਢਿੱਲੇ ਪੈ ਜਾਂਦੇ। ਜਦਕਿ ਅਜੇਹੇ ਇਕੱਠਾਂ `ਚ ਬਹੁਤੇਰੇ ਮਾਸ ਵਿਰੋਧੀ ਅਤੇ ਜੀਅ ਹਤਿਆ ਲਈ ਗੁਰਮਤਿ ਵਿਰੋਧੀ ਅਰਥ ਲੈਣ ਵਾਲੇ ਵੀ ਸ਼ਾਮਲ ਹੁੰਦੇ।

੧੫. ਹਿੰਦ-ਪਾਕ ਦੀ ਜੰਗ ਸਮੇ ਵੀ ਕਦੇ ਕਿਸੇ ਨੂੰ ਕਹਿੰਦੇ ਨਹੀਂ ਸੀ ਸੁਣਿਆ ਕਿ ਵੈਰੀ ਦਲ ਦੇ ਮਰਣ ਵਾਲੇ ਵੀ ਮਾਵਾਂ ਦੇ ਲਾਲ, ਸੁਹਾਗਨਾ ਦੇ ਪਤੀ, ਕਿਸੇ ਦੇ ਜਿਗਰ ਦੇ ਟੋਟੇ ਅਤੇ ਅਪਣੇ ਬਚਿਆਂ ਲਈ ਉਨ੍ਹਾਂ ਦੇ ਪਿਤਾ ਸਨ, ਇਸਲਈ ਉਨ੍ਹਾਂ ਨੂੰ ਸਾਡੀਆਂ ਫੋਜਾਂ ਨੇ ਕਿਉਂ ਮਾਰ ਮੁਕਾਇਆ। ਕੇਵਲ ਇਸ ਲਈ ਕਿ ਉਨ੍ਹਾਂ ਨੂੰ ਨਾ ਮਾਰਿਆ ਜਾਂਦਾ ਤਾਂ ਉਹ ਸਾਡੇ ਇਲਾਕੇ, ਸਾਡੇ ਪ੍ਰਵਾਰਾਂ ਤੇ ਬਹੁ-ਬੇਟੀਆਂ ਤੇ ਹਾਵੀ ਹੋ ਜਾਂਦੇ।

੧੬. ਕੇਵਲ ਇਸਲਈ ਕਿ ਅਜੇਹੇ ਸਮੇਂ ਮੁਰਗੇ, ਬਕਰੇ, ਮਛੀਆਂ ਲਈ ਜੀਅ ਦਇਆ `ਤੇ ਜੀਅ ਹਤਿਆ ਦੀ ਦੁਹਾਈ ਦੇਣ ਵਾਲੇ ਵੀ ਅਪਣੀ ਰਖਿਆ ਤੇ ਅਪਣੀ ਜਿੱਤ ਦੇ ਨਸ਼ੇ `ਚ ਜਿੰਦਗੀ ਦੀ ਅਸਲੀਅਤ ਦੇ ਵੱਧ ਨੇੜੇ ਹੁੰਦੇ ਹਨ। ਉਸ ਸਮੇਂ ਉਹ ਅਨਮਤੀ ਪ੍ਰਭਾਵਾਂ ਅਧੀਨ ਜੀਅ ਦਇਆ ਜੀ ਜੀਅ-ਹਤਿਆ ਦੀ ਦੁਹਾਈ ਨਹੀਂ ਦੇਂਦੇ।

੧੭. ਹਰੇਕ ਘਰ `ਚ ਕਾਕਰੋਚ, ਮੱਛਰ, ਕੀੜੀਆ ਦੇ ਝੁੰਡ ਨਿਕਲ ਆਉਂਦੇ ਹਨ। ਅਜੇਹੇ ਸਮੇਂ ਪ੍ਰਵਾਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਈ ਤਰਾਂ ਦੀਆਂ ਕੀੜੇ ਮਾਰ ਦੁਆਈਆਂ (Incecticides) ਛਿੱੜਕੇ-ਪਾਏ ਜਾਂਦੇ ਹਨ। ਕਈ ਵਾਰੀ ਕਾਕਰੋਚ ਆਦਿ ਅਖਾਂ ਸਾਹਮਣੇ ਤੜਫਦੇ-ਮਰਦੇ ਹਨ। ਅਜੇਹੇ ਸਮੇਂ ਜੀਅ-ਦਇਆ ਤੇ ਹਤਿਆ ਆਦਿ ਨੂੰ ਗੁਰਮਤਿ ਅਰਥਾਂ `ਚ ਲੈਣ ਦੀ ਬਜਾਏ ਵਿਰੋਧੀ ਅਰਥਾਂ `ਚ ਲੈ ਰਹੇ, ਸਾਡੇ ਮਾਸ ਵਿਰੋਧੀ ਸੱਜਣ ਵੀ ਉਸੇ ਦੌੜ `ਚ ਸ਼ਾਮਲ ਹੁੰਦੇ ਹਨ ਤਾਂ ਕਿਉਂ? ਕੀ ਅਜੇਹੇ ਸਮੇਂ ਉਨ੍ਹਾਂ ਨੂੰ ਅਪਣੀ ਮਾਸ ਵਿਰੋਧੀ ਸੋਚਣੀ ਨੂੰ ਘੋਖਣ ਦੀ ਲੋੜ ਨਹੀਂ ਹੁੰਦੀ?

੧੮. ਅਜਕਲ ਸ਼ਹਿਰਾਂ `ਚ ਤਾਂ ਦੁਧ, ਪਾਲੀ ਪੈਕ ਹੋਕੇ ਆ ਰਿਹਾ ਹੈ ਅਤੇ ਬਹੁਤਿਆਂ ਨੂੰ ਪਤਾ ਨਹੀਂ ਲਗਦਾ। ਫ਼ਿਰ ਵੀ ਸੱਚਾਈ ਇਹੀ ਹੈ ਜਦਂ ਮਝਾਂ-ਗਾਵਾਂ ਦਾ ਦੁੱਧ ਚੋਇਆ ਜਾਂਦਾ ਹੈ ਤਾਂ ਪਹਿਲਾਂ ਗਊ-ਮੱਝ ਦਾ ਥੰਨ, ਉਸਦੇ ਬੱਛੜੇ ਦੇ ਮੂੰਹ `ਚ ਪਾਇਆ ਜਾਂਦਾ ਹੈ। ਜਿਉਂ ਹੀ ਗਊ/ਮੱਝ ਅਪਣੇ ਬੱਛੜੇ ਲਈ ਦੁੱਧ ਦੇਣਾ ਸ਼ੁਰੂ ਕਰਦੀ ਹੈ ਤਾਂ ਇਕਦਮ ਬੱਛੜੇ ਨੂੰ ਭੁੱਖਾ-ਤੱੜਫ਼ਦਾ ਇੱਕ ਪਾਸੇ ਬੰਨ, ਦੁੱਧ ਚੋ ਕੇ ਅਪਣੇ ਬਚਿਆਂ ਨੂੰ ਪਿਲਾਂਦੇ ਜਾਂ ਵੇਚ-ਛੱਕ ਲੈਂਦੇ ਹਨ। ਅਜੇਹੇ ਸਮੇਂ ਕਿਸੇ ਮਾਸ ਵਿਰੋਧੀ ਸੱਜਣ ਨੂੰ ਵੀ ਅਪਣੇ ਸਾਹਮਣੇ ਬੱਛੜੇ ਨੂੰ ਭੁਖਾ ਤੜਫਦਾ ਦੇਖ, ਜੀਅ-ਦਇਆ ਦੀ ਗਲ ਨਹੀਂ ਸੁਝਦੀ ਤਾਂ ਕਿਉਂ?

੧੯. ਗਰਮ ਕਪੜਿਆਂ ਦੀ ਵਰਤੋਂ ਸਾਰੇ ਪ੍ਰਵਾਰਾਂ ਲਈ ਕੁੱਦਰਤੀ ਲੋੜ ਹੈ। ਮੌਸਮ ਬਦਲਣ ਤੇ ਇਨ੍ਹਾ ਕਪੜਿਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਇਨ੍ਹਾਂ `ਚ ਫ਼ਰਨੈਲ ਦੀਆਂ ਗੋਲੀਆਂ ਪਾਂਦੇ ਹਾਂ। ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਗੋਲੀਆਂ ਪਾਉਣੀਆਂ ਭੁੱਲ ਜਾਂਦੇ ਹਾਂ ਅਤੇ ਕਪੜਿਆਂ ਨੂੰ ਕੀੜਾ ਲਗ ਜਾਂਦਾ ਹੈ। ਅਜੇਹੀ ਹਾਲਤ `ਚ ਅਪਣੇ ਕੀਮਤੀ ਕਪੜਿਆਂ ਨੂੰ ਬਚਾਉਣ ਲਈ, ਕਪੜਿਆਂ ਨੂੰ ਕੜਕਦੀ ਧੁੱਪ `ਚ ਰਖ ਦੇਂਦੇ ਹਨ। ਉਸ ਸਮੇਂ ਸਾਡੇ ਮਾਸ ਵਿਰੋਧੀ ਸੱਜਣਾ ਨੂੰ ਵੀ ਇਸ `ਚ ਜੀਵ ਹਤਿਆ ਨਜ਼ਰ ਨਹੀਂ ਆਉਂਦੀ। ਕਾਰਣ ਹੁੰਦਾ ਹੈ, ਜੀਵਨ ਦੀ ਖੇਡ `ਚ ਉਸ ਸਮੇਂ ਸਾਡੀ ਸੋਚ ਗੁਰਬਾਣੀ ਆਧਾਰਤ ਅਤੇ ਅਸਲ ਜੀਵਨ ਦੇ ਨੇੜੇ ਪੁੱਜ ਜਾਂਦੀ ਹੈ।

੨੦. ਸਾਡੇ ਮਾਸ ਵਿਰੋਧੀ ਸੱਜਣ ਵੀ ਸੈਂਕੜੇ ਉਨ੍ਹਾਂ ਵਸਤਾਂ ਦੀ ਨਿਸ਼ਚਿੰਤ ਵਰਤੋਂ ਕਰਦੇ ਹਨ ਜਿਨ੍ਹਾਂ ਦੀ ਬਨਾਵਟ ਹੀ ਉਨ੍ਹਾਂ ਦੇ ਸਰੀਰਾਂ ਤੋਂ ਹੁੰਦੀ ਹੈ ਜਿਨ੍ਹਾਂ ਤੋਂ ‘ਮਾਸ ਦਾ ਭੋਜਨ’ ਤਿਆਰ ਹੁੰਦਾ ਹੈ। ਸੋਚਣ ਦੀ ਗਲ ਹੈ, ਜੇਕਰ ਅਕਾਲ ਪੁਰਖ ਦੀ ਰਚਨਾ `ਚ ਜੀਵਾਂ ਉਪਰ ਜੀਵਾਂ ਦੇ ਭੋਜਨ ਵਾਲਾ ਇਹ ਕੁੱਦਰਤੀ ਨੀਯਮ ਨਾ ਹੋਵੇ ਤਾਂ ਉਨ੍ਹਾਂ ਸੈਂਕੜੇ ਵਸਤਾਂ ਤੋਂ ਅਸੀਂ ਰਾਤੋ ਰਾਤ ਵਾਂਝੇ ਹੋ ਜਾਵੀਏ। ਮਿਸਾਲ ਵਜੋਂ ਗੁਰਦੁਆਰਿਆਂ `ਚ ਜੋੜੀਆਂ, ਢੋਲਕੀਆਂ, ਨਗਾਰੇ ਆਦਿ ਦੇ ਪੁੱੜ ਇਨ੍ਹਾਂ ਜਾਨਵਰਾਂ ਦੀ ਖਲੜੀ ਤੋਂ ਹੀ ਬਣਦੇ ਹਨ। ਇਸੇ ਤਰ੍ਹਾਂ ਤੰਤੀ ਵਾਲੇ ਜੰਤ੍ਰ ਜਿਵੇਂ ਰਬਾਬ, ਮ੍ਰਿਗੰਦ ਆਦਿ, ਇਨ੍ਹਾਂ ਲਈ ਤੰਦੀ ਵੀ ਉਨ੍ਹਾਂ ਜਾਨਵਰਾਂ ਦੇ ਸਰੀਰ ਤੋਂ ਹੀ ਬਣਦੀ ਹੈ, ਕਿਤੋਂ ਹੋਰੋਂ ਨਹੀ।

੨੧. ਹੋਰ ਲਵੋ! ਅਨੇਕ ਤਰ੍ਹਾਂ ਦੇ ਬੈਗ, ਬਰੀਫ਼ਕੇਸ, ਅਟੈਚੀਆਂ ਆਦਿ ਹੀ ਨਹੀਂ ਬਲਕਿ ਭਾਰੀ ਸਰਦੀ ਤੋਂ ਸਰੀਰ ਨੂੰ ਬਚਾਉਣ ਲਈ ਚਮੜੇ ਦੇ ਦੱਸਤਾਨੇ, ਕੋਟੀਆਂ ਇਥੋਂ ਤੀਕ ਕਿ ਉਂਨ ਦੇ ਸਵੈਟਰ, ਜੁਰਾਬਾਂ, ਪੁਲਉਵਰ, ਸ਼ਾਲ, ਦੁਸ਼ਾਲੇ ਆਦਿ, ਇਹ ਸਭ ਬਕਰੀਆਂ, ਭੇਡਾਂ `ਤੇ ਦੂਸਰੇ ਜਾਨਵਰਾਂ ਤੋਂ ਹੀ ਬਣਦੇ ਹਨ। ਹੁਣ ਇਹ ਸਾਡੇ ਮਾਸ ਵਿਰੋਧੀ ਸੱਜਣ ਵਿਚਾਰਣ ਕਿ ਕੀ ਇਹ ਉਸੇ ਮਾਸ ਛੱਕਣ ਦਾ ਨਤੀਜਾ ਤਾਂ ਨਹੀਂ ਜਿਸ ਨੂੰ ਉਹ ਗੁਰਮਤਿ ਵਿਰੁਧ ਸੋਚਦੇ ਅਤੇ ਜੀਅ-ਹਤਿਆ ਕਹਿ ਰਹੇ ਹਨ।

ਇਸ ਸੰਖੇਪ ਵਿਚਾਰ ਤੋਂ ਹੀ ਸਾਫ਼ ਹੋ ਜਾਂਦਾ ਹੈ ਕਿ ਸੁਆਲ ਕੇਵਲ ਮੂੰਹ ਰਾਹੀਂ ਮਾਸ ਦੇ ਭੋਜਨ ਦਾ ਹੀ ਨਹੀਂ। ਮੂੰਹ ਰਾਹੀਂ ਭੋਜਨ ਛੱਕਣਾ ਤਾਂ ਸਰੀਰ ਦੀ ਸੰਭਾਲ ਦਾ ਕੇਵਲ ਇੱਕ ਢੰਗ ਹੈ। ਬਲਕਿ ਅਪਣੇ ਉਸੇ ਸਰੀਰ ਦੀ ਸੰਭਾਲ, ਬਚਾਅ ਤੇ ਜ਼ਰੂਰਤਾਂ ਲਈ ਅਸੀਂ ਹੋਰ ਕਈ ਢੰਗ ਵਰਤਦੇ ਹਾਂ ਜਿਸਤੋਂ ਅਨੇਕ ਤਰ੍ਹਾਂ ਦੇ ਜੀਵਾਂ ਦੀ ਹਤਿਆ’ ਦੇ ਅਸੀਂ ਬਰਾਬਰ ਦੇ ਜ਼ਿਮੇਵਾਰ ਹੁੰਦੇ ਹਾਂ। ਉਹ ਵੀ ਉਦੋਂ ਜਦੋਂ ‘ਜੀਅ ਦਇਆ’ ਜਾਂ ‘ਜੀਅ ਹਤਿਆ ਦਾ ਅਰਥ ਅਸੀਂ ਗੁਰਬਾਣੀ ਤੋਂ ਨਹੀਂ ਬਲਕਿ ਅਨਮਤੀਆਂ ਤੋਂ ਲੈਂਦੇ ਹਾਂ, ਜਿਵੇਂ ਕਿ ਅਜ ਮਾਸ ਵਿਰੋਧੀ ਸੱਜਣ ਕਰ ਰਹੇ ਹਨ। ਨਹੀਂ ਤਾਂ ਮੰਨਣਾ ਪਵੇਗਾ ਕਿ ਇਹ ਸਭ ‘ਜੀਅ ਹਤਿਆ’ ਨਹੀਂ, ਜਿਸਨੂੰ ਕਿ ਅਸੀਂ ਜੀਅ ਹਤਿਆ ਦਾ ਨਾਂ ਦੇ ਰਹੇ ਹਾਂ। ਦੂਜੇ ਲਫ਼ਜ਼ਾਂ `ਚ ਇਹ ਜੀਅ ਹਤਿਆ ਨਹੀਂ ਇਹ ਸਭ ਤਾਂ ਕੁਦਰਤ ਕਾਨੂਨ ਦੇ ਅੰਦਰ ਹੈ। ਤਾਂਤੇ ਇਹ ਵੀ ਮੰਨਣਾ ਪਵੇਗਾ ਕਿ ਕੋਈ ਮਾਸ ਵਿਰੋਧੀ ਸੱਜਣ ਵੀ ਪੂਰਾ ਜ਼ੋਰ ਲਾ ਕੇ ਇਸ ਜੀਅ ਹਤਿਆ ਤੋਂ ਨਹੀਂ ਬਚ ਸਕਦਾ।




.