.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 29)

ਭਾਈ ਸੁਖਵਿੰਦਰ ਸਿੰਘ 'ਸਭਰਾ'

ਰਾੜੇ ਵਾਲੇ ਬਾਬੇ

ਗੁਰਦੁਆਰਾ ਰਾੜਾ ਸਾਹਿਬ ਜੋ ਕਿ ਸੰਤ ਈਸ਼ਰ ਸਿੰਘ ਨਾਲ ਸੰਬੰਧਤ ਹੈ ਉਥੇ ਇਕ ਕਮਰੇ ਵਿਚ ਸੰਤ ਈਸ਼ਰ ਸਿੰਘ ਦੀ ਕੁਰਸੀ, ਸੋਟੀ, ਬਸਤਰ, ਜੁੱਤੀਆਂ ਜੋੜੇ, ਉਹ ਲੈਟਰੀਨ ਜਿਸ ਵਿਚ ਬਾਬੇ ਟੱਟੀ ਬੈਠਦੇ ਰਹੇ ਸੰਭਾਲ ਕੇ ਰੱਖੇ ਹੋਏ ਹਨ। ਇਹ ਡੇਰੇਦਾਰ ਆਪ ਵੀ ਇਹਨਾਂ ਲੈਟਰੀਨਾਂ ਦੀ ਪੂਜਾ ਕਰ ਰਹੇ ਹਨ ਅਤੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾ ਕੇ ਪੂਜਾ ਕਰਵਾ ਰਹੇ ਹਨ ਕੀ ਇਹ ਸਾਧ ਦੱਸ ਸਕਦੇ ਹਨ ਕਿ ਇਹ ਕਿਸ ਕਿਸਮ ਦੇ ਸਿੱਖ ਹਨ? ਅਤੇ ਸਿੱਖਾਂ ਨੂੰ ਜੁੱਤੀ ਪੂਜ ਅਤੇ ਲੈਟਰੀਨ ਪੂਜ ਕਿਉਂ ਬਣਾ ਰਹੇ ਹਨ? ਲੁਧਿਆਣੇ ਜ਼ਿਲ੍ਹੇ ਵਿਚ ਸੁਧਾਰ ਪਿੰਡ ਹੈ ਉਥੇ ਦੱਸਦੇ ਹਨ ਕਿ ਛੇਵੇਂ ਪਾਤਸ਼ਾਹ ਦਾ ਜੋੜਾ, ਅੰਦਰ “ਗੁਰੂ ਗ੍ਰੰਥ ਸਾਹਿਬ ਜੀ” ਦੀ ਹਜ਼ੂਰੀ ਵਿਚ ਹੀ ਰੱਖਿਆ ਹੋਇਆ ਹੈ। ਜਿਥੇ ਸੰਗਤਾਂ ਗੁਰੂ ਨੂੰ ਮੱਥਾ ਟੇਕਦੀਆਂ ਹਨ ਉਥੇ ਜੋੜੇ ਨੂੰ ਵੀ ਮੱਥਾ ਟੇਕਦੀਆਂ ਹਨ। ਜਿਥੇ ਗੁਰੂ ਸਾਹਿਬ ਦੀ ਤਾਬਿਆ ਬੈਠੇ ਸਿੰਘ ਵਾਸਤੇ ਪ੍ਰਸ਼ਾਦ ਕੌਲੀ ਵਿਚ ਪਾ ਕੇ ਰੱਖਿਆ ਜਾਂਦਾ ਹੈ ਓਥੇ ਜੋੜੇ ਲਈ ਵੀ ਪ੍ਰਸ਼ਾਦ ਇਸੇ ਤਰ੍ਹਾਂ ਰੱਖਿਆ ਜਾਂਦਾ ਹੈ। ਕਈ ਦੁਕਾਨਾਂ, ਘਰਾਂ ਦੇ ਮਹੂਰਤਾਂ ਸਮੇਂ ਗੁਰੂ ਸਾਹਿਬ ਜੀ ਦੀ ਬਜਾਏ ਇਕੱਲਾ ਜੋੜਾ ਹੀ ਲਿਜਾਇਆ ਜਾਂਦਾ ਹੈ। ਇਹਨਾਂ ਮਨਮੱਤਾਂ ਵਾਸਤੇ ਕੌਣ ਜ਼ਿੰਮੇਵਾਰ ਹੈ। ਕੀ ਇਹ ਸ਼ਰਧਾ ਹੈ ਕਿ ਅਗਿਆਨਤਾ? ਕਿ ਅੰਧ ਵਿਸ਼ਵਾਸ?

ਸ਼ਰਾਬ ਪ੍ਰੇਮੀ ‘ਸੰਤ ਬਾਬੇ’ ਦੀ ਸ਼ਰਾਬ ਭਰੀ ਬਰਸੀ

ਇਕ ਸ਼ਰਾਬੀ ਸੰਤ ਦੀ ਬਰਸੀ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਮਨਾਈ ਗਈ। 30-30 ਸ੍ਰੀ ਅਖੰਡ ਪਾਠ ਦੀਆਂ ਲੜੀਆਂ ਦੇ ਭੋਗ ਤਿੰਨ ਵਾਰ ਕੁਝ ਦਿਨਾਂ ਦੌਰਾਨ ਪਏ ਸਨ। ਇਕੋ ਚਾਰ ਦੀਵਾਰੀ ਅੰਦਰ, ਗੁਰੂ ਸਾਹਿਬ ਦਾ ਪ੍ਰਕਾਸ਼, ਪੀਰਾਂ ਦੀ ਸਮਾਧ, ਅਖੌਤੀ ਸਾਧ ਦੀ ਸਮਾਧ। ਬਾਬੇ ਦੀ ਸਮਾਧ `ਤੇ ਸ਼ਰਾਬ ਦੀਆਂ ਬੋਤਲਾਂ ਚੜ੍ਹ ਰਹੀਆਂ ਸਨ। ਸ਼ਰਾਬ ਦੇ ਪ੍ਰਸ਼ਾਦ ਦੀ ਸੇਵਾ ਕਰਨ ਵਾਲਾ ਨਾਲੋ ਨਾਲ ਬੋਤਲਾਂ ਚੁੱਕ ਕੇ ਸਾਈਡ `ਤੇ ਰੱਖਣ ਦੀ ਸੇਵਾ ਕਰ ਰਿਹਾ ਸੀ। ਪਿਆਰੀ ਸੰਗਤ ਬੈਂਡ ਵਾਜਿਆਂ ਨਾਲ ਸ਼ਰਾਬ ਚੜ੍ਹਾਉਣ ਆ ਰਹੀ ਸੀ। ਸ਼ਾਮ ਨੂੰ ਲੰਗਰ ਵਾਲੇ ਕਮਰੇ ਵਿਚ ਹੀ ਟੱਬ ਵਿਚ ਪਾ ਕੇ ਸ਼ਰਾਬ ਵਰਤਾਈ ਜਾਂਦੀ ਹੈ। ਸਾਬਕਾ ਸੰਤ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ। ਬੈਨਰਾਂ `ਤੇ ਗੁਰਬਾਣੀ ਦੀਆਂ ਤੁਕਾਂ “ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦਿਆ ਮਿਲਾਇ।” ਲਿਖੀਆਂ ਹੋਈਆਂ ਸਨ। ਉਥੇ ਲੋਕ ਇਹ ਵੀ ਗਾ ਰਹੇ ਸੀ। “ਆਪ ਤਰ ਗਏ ਕਈਆਂ ਨੂੰ ਲੈ ਗਏ ਤਾਰ ਕੇ, ਆਏ ਸੀ ਮਲਾਹ ਬਣ ਕੇ। ਦੁਨੀਆਂ ਬੱਧੀ ਕਰਮਾਂ ਦੀ ਆਉਂਦੀ ਐ ਸਾਧੂ ਭੇਜੇ ਆਪ ਰੱਬ ਨੇ” ਜ਼ਿੰਮੇਵਾਰ ਕੌਣ?

ਸੇਵਾ ਗੁਰੂ ਦੀ ਜਿੰਦੁੜੀਏ ਬੜੀ ਔਖੀ

ਪਿੰਡ ਧੂਲਕੇ ਵਾਲੇ ਸਿੰਘਾਂ ਦਾ ਫ਼ੋਨ ਆਇਆ ਕਿ ਅਸੀਂ ਸਤਿਕਾਰ ਕਮੇਟੀ ਦੇ ਸੇਵਾਦਾਰ ਬੋਲ ਰਹੇ ਹਾਂ। ਮੈਂ ਕਿਹਾ ਕਿ ਤੁਹਾਨੂੰ ਪਹਿਲਾਂ ਨਹੀਂ ਜਾਣਦਾ ਪਰ ਸਿੰਘ ਹੀ ਹੋਵੇਗਾ ਦੱਸੋ ਕੀ ਹੁਕਮ ਹੈ ਕਹਿੰਦੇ ਕਿ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਪਿੰਡ ਸਭਰਾ ਵੀ ਸਤਿਕਾਰ ਕਮੇਟੀ ਬਣਾਈ ਹੋਈ ਹੈ। ਮੈਂ ਕਿਹਾ ਕਿ ਸਤਿਕਾਰ ਵੀ ਬੜੀ ਕਿਸਮ ਦੇ ਇਥੇ ਬਣੇ ਹੋਏ ਹਨ ਅਸੀਂ ਤਾਂ ਜਿਨ੍ਹਾਂ ਲੋਕਾਂ ਨੇ “ਗੁਰੂ ਗ੍ਰੰਥ ਸਾਹਿਬ ਜੀ” ਨੂੰ ਦੁਕਾਨਦਾਰੀ ਬਣਾਇਆ ਹੋਇਆ ਹੈ। ਉਹਨਾਂ ਵਿਰੁੱਧ ਸੰਘਰਸ਼ ਦੀ ਸੇਵਾ ਕਰ ਰਹੇ ਹਾਂ। ਧੂਲਕੇ ਵਾਲੇ ਸਿੰਘ ਕਹਿੰਦੇ ਅੱਜ 12 ਵਜੇ ਸਾਡੇ ਪਿੰਡ ਧੂਲਕੇ ਜ਼ਰੂਰ ਪਹੁੰਚੋ। ਮੈਂ ਕਿਹਾ ਅੱਜ ਹੋਰ ਵੀ ਪ੍ਰੋਗਰਾਮ ਹਨ ਪਰ ਫਿਰ ਵੀ ਅਸੀਂ 12 ਵਜੇ ਤੁਹਾਡੇ ਕੋਲ ਪਹੁੰਚ ਜਾਵਾਂਗੇ। ਅਸੀਂ ਵਕਤ ਵਿਚੋਂ ਵਕਤ ਕੱਢ ਕੇ ਉਥੇ ਧੂਲਕੇ ਪਹੁੰਚੇ ਮੀਟਿੰਗ ਹੋ ਰਹੀ ਸੀ। ਟਕਸਾਲੀ ਸਿੰਘ ਵੀ ਉਥੇ ਆਏ ਹੋਏ ਸਨ। ਪਤਾ ਲੱਗਾ ਕਿ ਧੂਲਕੇ ਵਾਲੇ ਸਿੰਘਾਂ ਨੇ ਕਿਸੇ ਕਬਰ ਤੋਂ ਪਾਠ ਰੁਕਵਾਇਆ ਸੀ ਤਾਂ ਉਹਨਾਂ ਲੋਕਾਂ ਨੇ ਇਹਨਾਂ ਨੂੰ ਧਮਕੀ ਦਿੱਤੀ ਸੀ ਕਿ ਅਸੀਂ ਤੁਹਾਡੇ ਨਾਲ ਵੇਖਣਾ ਹੈ। ਸੋ ਉਥੇ ਸਿੰਘਾਂ ਦਾ ਇਕੱਠ ਵੇਖ ਕੇ ਧੂਲਕੇ ਦੇ ਲੋਕ ਹੈਰਾਨ ਰਹਿ ਗਏ। ਉਹਨਾਂ ਫਿਰ ਇਹਨਾਂ ਨੂੰ ਕੀ ਕਹਿਣਾ ਸੀ। ਉਥੇ ਇਹ ਵੀ ਵਿਚਾਰਾਂ ਹੋਈਆਂ ਕਿ ਰਲ ਮਿਲ ਕੇ ਇਕੱਠੇ ਹੋ ਕੇ ਗੁਰੂ ਸੇਵਾ ਕਰੀਏ। ਉਸ ਤੋਂ ਬਾਅਦ ਧੂਲਕੇ ਵਾਲੇ ਸਿੰਘਾਂ ਨੇ ਸਾਨੂੰ ਅੰਮ੍ਰਿਤਸਰ ਸੱਦਿਆ ਕਿ ਸਕੱਤਰ ਨੂੰ ਮਿਲਣਾ ਹੈ ਅਸੀਂ ਉਥੇ ਵੀ ਔਖੇ ਹੋ ਕੇ, ਗੱਡੀ ਕਿਰਾਏ `ਤੇ ਕਰਕੇ ਪਹੁੰਚੇ। ਉਥੇ ਵੀ ਵਿਚਾਰਾਂ ਹੋਈਆਂ ਕਿ ਰਲ ਮਿਲ ਕੇ ਸੇਵਾ ਕਰੀਏ।

ਇਕ ਮੀਟਿੰਗ ਮਹਿਤੇ ਚੌਕ ਟਕਸਾਲ ਵਾਲਿਆਂ ਨਾਲ ਹੋਈ ਕਿ ਆਪਾਂ ਸਾਰੇ ਇਕੱਠੇ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਗੁਰਮਤਿ ਸਿਧਾਤਾਂ ਦੀ ਪਹਿਰੇਦਾਰੀ ਕਰੀਏ। ਜਿਥੇ ਲੋੜ ਪਵੇ ਸਾਰੇ ਇਕੱਠੇ ਹੋ ਜਾਇਆ ਕਰੀਏ। ਮਹਿਤੇ ਵਾਲੀ ਮੀਟਿੰਗ ਵਿਚ ਵੀ ਅਸੀਂ 2 ਗੱਡੀਆਂ ਕਿਰਾਏ `ਤੇ ਲੈ ਕੇ ਗਏ। ਕੁਝ ਦਿਨ ਬਾਅਦ ਹੀ ਅਸੀਂ ਪਿੰਡ ਰੱਤੋਕੇ ਕਬਰ ਤੋਂ ਅਖੰਡ ਪਾਠ ਰੋਕਣ ਵਾਸਤੇ ਜਾਣਾ ਸੀ। ਅਸੀਂ ਮਹਿਤੇ ਫ਼ੋਨ ਕੀਤੇ, ਧੂਲਕੇ ਫ਼ੋਨ ਕੀਤੇ ਕਿ ਸਵੇਰੇ 8 ਵਜੇ ਰੱਤੋਕੇ ਪਹੁੰਚੋ। ਧੂਲਕੇ ਵਾਲਿਆਂ ਨੇ ਆਪਣੇ ਸਾਰੇ ਫ਼ੋਨ ਬੰਦ ਕਰ ਰੱਖੇ। ਸਵੇਰ ਤਕ ਫ਼ੋਨ ਹੀ ਨਾ ਚੁੱਕਿਆ ਅਤੇ ਮਹਿਤੇ ਵਾਲੇ ਸਵੇਰ ਤਕ ਹਾਂ ਕਰੀ ਗਏ ਆਵਾਂਗੇ ਆਵਾਂਗੇ, ਪਰ ਸਵੇਰੇ 8 ਵਜੇ ਮਹਿਤੇ ਵਾਲਿਆਂ ਨੇ ਜਵਾਬ ਦੇ ਦਿੱਤਾ ਕਿ ਸਾਡੀਆਂ ਮਜ਼ਬੂਰੀਆਂ ਹਨ ਅਸੀਂ ਨਹੀਂ ਆ ਸਕਦੇ। ਧੂਲਕੇ ਵਾਲਾ ਵੀ ਇਕ ਵੀ ਸਿੰਘ ਉਥੇ ਗੁਰੂ ਸੇਵਾ ਵਾਸਤੇ ਨਾ ਆਇਆ। ਅਸੀਂ ਕੇਵਲ ਸਭਰਾਵਾਂ ਵਾਲੇ ਸਿੰਘ ਉਥੇ ਪਹੁੰਚੇ ਅਤੇ ਭਾਈ ਗੁਰਮੁਖ ਸਿੰਘ ਮੌੜ ਜੋਤੀ ਸ਼ਾਹ ਵਾਲੇ ਆਪਣੇ ਸਾਥੀਆਂ ਸਮੇਤ ਉਥੇ ਕਬਰ ਤੋਂ ਅਖੰਡ ਪਾਠ ਰੋਕਣ ਵਾਸਤੇ ਮੌਕੇ `ਤੇ ਪਹੁੰਚੇ। ਗੁਰੂ ਦੀ ਕ੍ਰਿਪਾ ਹੋਈ। ਕਬਰ `ਤੇ ਅਖੰਡ ਪਾਠ ਰੋਕ ਦਿੱਤਾ ਗਿਆ ਪਰ ਧੂਲਕੇ ਵਾਲੇ ਸਿੰਘਾਂ ਬਾਰੇ ਮੈਂ ਸੋਚ ਰਿਹਾ ਸੀ। ਸੇਵਾ ਗੁਰੂ ਦੀ ਜਿੰਦੜੀਏ ਬੜੀ ਔਖੀ ਅਤੇ ਜਿਹੜੇ ਟਕਸਾਲੀਆਂ ਬਾਰੇ ਕਈ ਕਹਿੰਦੇ ਇਹਨਾਂ ਦੀ ਕੁਰਬਾਨੀ ਬੜੀ ਹੈ। ਮੈਂ ਸੋਚ ਰਿਹਾ ਸੀ। ਕੁਰਬਾਨੀ ਕਰਨੀ ਜਿੰਦੁੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।

ਵਿਸ਼ਵਾਸਘਾਤ

ਇਕ ਵਾਰੀ 35-40 ਪੰਥ ਦਰਦੀ ਸਿੰਘਾਂ ਦੀ ਮੀਟਿੰਗ ਵਿਚ ‘ਇਕਾ ਬਾਣੀ ਇਕੁ ਗੁਰ’ ਤੇ ਵਿਚਾਰ ਹੋ ਰਹੀ ਸੀ। ਉਸ ਮੀਟਿੰਗ ਵਿਚ ਭਾਈ ਮੋਹਕਮ ਸਿੰਘ ਸੰਪਾਦਤ ਖੰਡੇਧਾਰ ਵੀ ਸ਼ਾਮਲ ਸੀ। ਜਦੋਂ ਗੱਲ ਹੋਈ ਕਿ ਸਿੱਖਾਂ ਦਾ ਗੁਰੂ ਕੇਵਲ ਇਕ ਹੀ ਹੈ। ਦੂਜਾ ਹੋਰ ਕੋਈ ਨਹੀਂ ਹੋ ਸਕਦਾ ਤਾਂ ਭਾਈ ਮੋਹਕਮ ਸਿੰਘ ਕਹਿੰਦੇ ਇਸ ਮਤੇ ਵਿਚ ਦਮਦਮੀ ਟਕਸਾਲ ਦਾ ਨਾਂ ਕਿਉਂ ਲਿਆ ਗਿਆ ਜਦੋਂ ਕਿ ਚੌਕ ਮਹਿਤੇ ਦਮਦਮੀ ਟਕਸਾਲ ਦੇ ਹੈੱਡਕੁਆਟਰ `ਤੇ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਦੇ ਹੀ ਦੋ ਸਰੂਪ ਪ੍ਰਕਾਸ਼ ਹਨ ਨਾ ਕਿ ਨਾਲ ਦਸਮ ਗ੍ਰੰਥ ਪਰ ਮੈਗ਼ਜੀਨ ਸਿੱਖ ਬੁਲਿਟਨ ਵਿਚਲੇ ਲੇਖ ਦੇ ਲੇਖਕ ਭਾ: ਸੁਖਦੇਵ ਸਿੰਘ ਨੇ ਕਿਹਾ ਕਿ ਜੋ ਭਾ: ਮੋਹਕਮ ਸਿੰਘ ਬੋਲ ਰਹੇ ਹਨ ਕਾਸ਼! ਉਹ ਸੱਚ ਹੋ ਜਾਵੇ ਤਾਂ 26-10-03 ਦੇ ਵਿਸ਼ਵ ਸਿੱਖ ਸੰਮੇਲਨ ਦਾ ਅੱਧਾ ਪੰਧ ਸਫ਼ਲ ਹੋ ਗਿਆ।

ਘਰ ਆ ਕੇ ਲੇਖਕ ਨੇ ਸਿੰਘਣੀ ਨਾਲ ਵਿਚਾਰੀ ਕੀਤੀ ਉਹ ਬੋਲੀ ਕਿ ਤੁਸੀਂ ਭਾ: ਮੋਹਕਮ ਸਿੰਘ `ਤੇ ਕਿਉਂ ਵਿਸ਼ਵਾਸ ਕਰ ਰਹੇ ਹੋ। ਉਹ ਤਾਂ ਦਸਮ ਗ੍ਰੰਥ ਵਿਚੋਂ ਹੁਕਮਨਾਮਾ ਵੀ ਲੈਂਦੇ ਹਨ। ਸੱਚਾਈ ਜਾਣਨ ਵਾਸਤੇ ਮਹਿਤਾ ਚੌਕ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਦੇ ਹੈੱਡਕੁਆਟਰ `ਤੇ ਗਏ ਪੁੱਛਿਆ ਕਿ ਅਸੀਂ ਹੁਕਮਨਾਮਾ ਲੈ ਸਕਦੇ ਹਾਂ। ਟਕਸਾਲੀ ਨਿਯਮ ਮੁਤਾਬਕ ਪੈਂਟ ਉਤਾਰ ਕੇ ਖੱਬੇ ਹੱਥ ਹੋਏ ਪ੍ਰਕਾਸ਼ ਦੀ ਤਾਬਿਆ ਬੈਠਣ ਹੀ ਲੱਗਾ ਸੀ ਕਿ ਹਾਜ਼ਰ ਕਿਸੇ ਵਿਅਕਤੀ ਨੇ ਕਿਹਾ ਇਹ ਤਾਂ ਦਸਮ ਗ੍ਰੰਥ ਹੈ। ਦਾਸ ਦੀ ਖਾਨਿਓਂ ਗਈ। ਏਡਾ ਵੱਡਾ ਝੂਠ ਚਿੱਟੇ ਦਿਨ, ਚਿੱਟਾ ਝੂਠ ਉਹ ਵੀ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਵੱਲੋਂ ਏਡਾ ਵੱਡਾ ਝੂਠ ਅਤੇ ਗ਼ਲਤ ਬਿਆਨੀ।

ਸਿੱਖੀ ਤੋਂ ਬਾਗ਼ੀ ਹੋ ਰਹੇ ਨੌਜਵਾਨ ਸਵਾਲ ਕਰਦੇ ਹਨ ਕਿ ਦੋਨਾਂ ਸਰੂਪਾਂ ਵਿਚੋਂ ਗੁਰੂ ਕਿਹੜਾ ਹੈ? ਗੁਰੂ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਹਨ ਬਾਕੀ ਸਾਰੇ ਕਿਸੇ ਨਾ ਕਿਸੇ ਰੂਪ ਵਿਚ ਸ਼ਰੀਕ ਹਨ ਚਾਹੇ ਦਸਮ ਗ੍ਰੰਥ ਹੈ ਚਾਹੇ ਦੇਹਧਾਰੀ ਗੁਰੂ ਹਨ ਚਾਹੇ ਸਾਧਵਾਧ ਹੈ। ਦਸ਼ਮੇਸ਼ ਦੇ ਦੁਲਾਰਿਓ। ਕਦੋਂ ਅੰਨ੍ਹੀ ਸ਼ਰਧਾ ਵਿਚੋਂ ਨਿਕਲ ਕੇ ‘ਮੈਂ ਨਾ ਮਾਨੂੰ’ ਵਾਲੀ ਜਿੱਦ ਛੱਡ ਕੇ, ਦਸ਼ਮੇਸ਼ ਪਿਤਾ ਦੇ ਅੰਤਮ ਫ਼ੈਸਲੇ “ਗੁਰੂ ਮਾਨਿਓ ਗ੍ਰੰਥ” ਦੀ ਪਾਲਣਾ ਕਰੋਗੇ।
.