.

ਆਪਾ ਮਧੇ ਆਪੁ ਪਰਗਾਸਿਆ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰੂ ਨਾਨਕ ਸਾਹਿਬ ਜੀ ਨੇ ਪੁਰਾਣੇ ਪ੍ਰਤੀਕ ਲੈ ਕੇ ਗੁਰਮਤਿ ਦੇ ਸਾਂਚੇ ਵਿੱਚ ਢਾਲ਼ ਕੇ ਦਿੱਤੇ ਹਨ। ਦੁਨੀਆਂ ਦਾ ਹਰ ਆਦਮੀ ਇਹਨਾਂ ਪ੍ਰਤੀਕਾਂ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਅਨੰਦ ਭਰ ਸਕਦਾ ਹੈ। ਜੋ ਸ਼ਬਦ ਅਰੰਭ ਕੀਤਾ ਜਾ ਰਿਹਾ ਹੈ, ਇਸ ਵਿੱਚ ਜਜਮਾਨ ਤੇ ਬ੍ਰਹਾਮਣ ਦਾ ਪ੍ਰਤੀਕ ਲਿਆ ਹੈ ਤਾਂ ਕੇ ਬ੍ਰਹਾਮਣ ਦੇ ਕਰਮ-ਕਾਂਡੀ ਜਾਲ਼ ਵਿਚੋਂ ਦੁਨੀਆਂ ਨੂੰ ਬਚਾਇਆ ਹੈ। ਹੁਣ ਗਹੁ ਕਰਕੇ ਦੇਖਿਆ ਜਾਏ ਤਾਂ ਉਹੀ ਕਰਮ-ਕਾਂਡ ਸਾਡੇ ਵਿੱਚ ਵੀ ਆ ਗਏ ਹਨ। ਗੁਰਬਾਣੀ ਦਾ ਗਿਆਨ ਲੈ ਕੇ ਨਿਰੋਈ ਸੇਧ ਦੇਣੀ ਸੀ ਪਰ ਅਜੇਹਾ ਹੋਇਆ ਨਹੀਂ ਹੈ। ਜਦ ਸ਼ਬਦ ਬ੍ਰਹਾਮਣ ਵਰਤਿਆ ਜਾ ਰਿਹਾ ਹੋਵੇ ਤਾਂ ਇਸ ਦਾ ਅਰਥ ਸਮੁੱਚੀ ਬ੍ਰਹਾਮਣੀ ਜਮਾਤ ਨਹੀਂ ਹੈ। ਇਸ ਦਾ ਅਰਥ ਉਹ ਲੋਕ ਜੋ ਧਰਮ ਦਾ ਪਰਚਾਰ ਕਰ ਰਹੇ ਹੋਣ ਤੇ ਭੋਲ਼ੀ ਭਾਲ਼ੀ ਜੰਤਾ ਨੂੰ ਧਰਮ ਦੇ ਨਾਂ ਉੱਤੇ ਕਰਮ-ਕਾਂਡ ਵਿੱਚ ਉਲ਼ਝਾਈ ਰੱਖਣ। ਅਸਲ ਬ੍ਰਹਾਮਣ ਤਾਂ ਉਹ ਹੈ ਜੋ ਬ੍ਰਹਾਮ ਦੀ ਵਿਚਾਰ ਕਰਦਾ ਹੋਵੇ। ਕਰਮ-ਕਾਂਡੀ ਬ੍ਰਾਹਮਣ ਕਦੇ ਵੀ ਲੋਕਾਂ ਨੂੰ ਰੱਬੀ ਗਿਆਨ ਨਹੀਂ ਦੇ ਸਕਦਾ ਤੇ ਨਾ ਹੀ ਲੋਕਾਂ ਨੂੰ ਗਿਆਨਵਾਨ ਹੋਣ ਦੇਂਦਾ ਹੈ। ਸਮੇਂ ਸਮੇਂ ਬ੍ਰਾਹਮਣ ਆਪਣੇ ਜਜਮਾਨਾਂ ਦੇ ਘਰ ਜਾਂਦਾ ਹੈ। ਜਜਮਾਨਾਂ ਦੇ ਪਾਸੋਂ ਦੱਛਣਾ ਦੇ ਰੂਪ ਵਿੱਚ ਕਣਕ, ਚਾਵਲ, ਗਊਆਂ, ਕੱਪੜੇ ਆਦਿਕ ਦਾਨ ਦੇ ਰੂਪ ਵਿੱਚ ਲੈ ਆਉਂਦਾ ਹੈ। ਆਪਣੇ ਭੋਲ਼ੇ ਜਜਮਾਨਾਂ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਮੈਂ ਤੇਰਾ ਅਗਲਾ ਜਨਮ ਸਵਾਰ ਦਿਆਂਗਾ। ਜਜਮਾਨ ਬ੍ਰਾਹਮਣ ਦੇ ਭਰੋਸੇ ਵਿੱਚ ਆ ਕੇ ਬਹੁਤ ਸਾਰੀਆਂ ਵਸਤੂਆਂ ਦਾਨ ਦੇ ਰੂਪ ਵਿੱਚ ਦੇ ਦੇਂਦਾ ਹੈ। ਇਹ ਸਾਰੀ ਪ੍ਰਕਿਰਿਆ ਸਿੱਖ ਮਤਿ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਭੋਲ਼ਾ ਸਿੱਖ ਸੰਤਾਂ ਦੇ ਢਹੇ ਚੜ੍ਹਿਆ ਹੋਇਆ ਹੈ ਤੇ ਆਪਣੀ ਕਿਰਤ ਕਮਾਈ ਲੁਟਾਈ ਜਾ ਰਿਹਾ ਹੈ। ਦਰ ਅਸਲ ਸ਼ਬਦ ਵਿਚਾਰ ਦੀ ਘਾਟ ਕਰਕੇ ਹੀ ਅਜੇਹਾ ਦਬਰੂ ਘੁਸਰੂ ਹੋ ਰਿਹਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਆਪ ਬ੍ਰਾਹਮਣ ਵਾਲਾ ਪਾਰਟ ਅਦਾ ਕਰਕੇ, ਪਰਮਾਤਮਾ ਨੂੰ ਆਪਣਾ ਜਜਮਾਨ ਬਣਾ ਕੇ ਕੁੱਝ ਨਿਵੇਕਲੀਆਂ ਮੰਗਾਂ ਰੱਖੀਆਂ ਹਨ। ਜੋ ਮੰਗਾਂ ਗੁਰੂ ਨਾਨਕ ਸਾਹਿਬ ਜੀ ਨੇ ਰੱਖੀਆਂ ਹਨ ਉਹਨਾਂ ਮੰਗਾਂ ਦੇ ਨਾਲ ਹੱਥਲਾ ਜੀਵਨ ਸੁਚੱਜੇ ਢੰਗ ਨਾਲ ਜੀਵਿਆ ਜਾ ਸਕਦਾ ਹੈ। ਜੇ ਵਰਤਮਾਨ ਜੀਵਨ ਸੁਧਰ ਗਿਆ ਤਾਂ ਅਗਲਾ ਜੀਵਨ ਆਪਣੇ ਆਪ ਹੀ ਠੀਕ ਹੋ ਜਾਏਗਾ। ਪ੍ਰਭਾਤੀ ਰਾਗ ਅੰਦਰ ਗੁਰੂ ਸਾਹਿਬ ਜੀ ਦਾ ਨਿਵੇਕਲੇ ਅੰਦਾਜ਼ ਵਿੱਚ ਉਚਾਰਨ ਕੀਤਾ ਹੋਇਆਂ ਸ਼ਬਦ ਇਸ ਤਰ੍ਹਾਂ ਅੰਕਤ ਹੈ:---

ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥

ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ॥ ੧॥

ਕਰਤਾ ਤੂ ਮੇਰਾ ਜਜਮਾਨੁ॥

ਇੱਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ॥ ਰਹਾਉ॥ ੧॥

ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ॥

ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ॥ ੨॥

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ॥

ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ॥ ੩॥

ਖ਼ਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ॥

ਸਿਫ਼ਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤ ਰਹੇ॥ ੪॥

ਪ੍ਰਭਾਤੀ ਮਹਲਾ ੧ ਪੰਨਾ ੧੩੨੯ –

ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਗੁਰਦੇਵ ਜੀ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ – ਪਹਿਲੀ ਜਜਮਾਨ ਦੂਸਰੀ ਦੱਛਣਾ ਤੇ ਤੀਸਰੀ ਹੈ ਦੱਛਣਾ ਦੇ ਰੂਪ ਵਿੱਚ ਨਾਮ ਦੀ ਮੰਗ। ਫਿਰ ਇਹਨਾਂ ਤਿੰਨਾਂ ਗੱਲਾਂ ਦੀ ਖੁੱਲ੍ਹ ਕੇ ਵਿਚਾਰ ਕੀਤੀ ਗਈ ਹੈ। ਸਾਡੇ ਮੁਲਕ ਅੰਦਰ ਹਮੇਸ਼ਾਂ ਪੁਜਾਰੀ ਜਮਾਤ ਪ੍ਰਧਾਨ ਰਹੀ ਹੈ। ਪਜਾਰੀ ਜਮਾਤ ਨੇ ਆਪਣੇ ਲਾਭ ਦੀ ਖ਼ਾਤਰ ਤਰ੍ਹਾਂ ਤਰ੍ਹਾਂ ਦੀ ਦੱਛਣਾ ਦਾ ਭਰਮ ਜਾਲ ਬੁਣਿਆ ਹੋਇਆ ਸੀ। ਉਸ ਦਾ ਪ੍ਰਭਾਵ ਹੁਣ ਵੀ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਜਮਾਨ ਕਰਤਾਰ ਨੂੰ ਆਖਿਆ ਹੈ। ਕਰਤਾਰ ਪਾਸੋਂ ਸੰਸਾਰ ਦਾ ਪਦਾਰਥ ਨਹੀਂ ਮੰਗਿਆ, ਸਗੋਂ ਆਤਮਾ ਦੀ ਖ਼ੁਰਾਕ ਮੰਗੀ ਹੈ। ਸੰਸਾਰ ਦਾ ਪਦਾਰਥ ਤਾਂ ਆਮ ਦੁਕਾਨ ਤੋਂ ਮਿਲ ਜਾਂਦਾ ਹੈ ਪਰ ਨਾਮ ਦੁਕਾਨ ਤੋਂ ਨਹੀਂ ਮਿਲਦਾ। ਕਰਤਾਰ ਪਾਸੋਂ ਦੱਛਣਾ ਮੰਗੀ ਹੈ ਤੇ ਦੱਛਣਾ ਨਾਮ ਹੈ। ਹੇ ਕਰਤਾਰ ਜੀ! ਮੈਨੂੰ ਦੱਛਣਾ ਦੇ ਰੂਪ ਵਿੱਚ ਆਪਣਾ ਨਾਮ ਬਖ਼ਸ਼ਿਸ਼ ਕਰੋ। ਸਮਝੋ ਸਭ ਤੋਂ ਵੱਡੀ ਇਹ ਦੱਛਣਾ ਹੈ। ਨਾਮ ਦੀ ਵਿਆਖਿਆ ਬਾਕੀ ਸ਼ਬਦ ਵਿੱਚ ਕੀਤੀ ਗਈ ਹੈ। ਨਾਮ ਦਾ ਅਰਥ ਹੈ ਰੱਬੀ ਹੋਂਦ, ਭਾਵ ਜੋ ਸੰਸਾਰ ਦਿਸਦਾ ਹੈ ਇਹ ਸਾਰਾ ਨਾਮ ਦਾ ਹੀ ਪਸਾਰਾ ਹੈ। “ਜੇਤਾ ਕੀਤਾ ਤੇਤਾ ਨਾਉ”॥ ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਵਿਦਿਆ ਦਾ ਸੰਕਲਪ ਕੀਤਾ ਗਿਆ ਹੈ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਨਾਮ ਦਾ ਇੱਕ ਗੁਣ ਵਿਦਿਆ ਦੇ ਰੂਪ ਵਿੱਚ ਲਿਆ ਗਿਆ ਹੈ। ਜਿਵੇਂ ਜਿਵੇਂ ਸ਼ੁਭ ਵਿਦਿਆ ਦਾ ਅਭਿਆਸ ਕਰਦਾ ਹੈ ਤਿਵੇਂ ਤਿਵੇਂ ਇਸ ਦਾ ਅੰਦਰਲਾ ਚਮਕ ਪੈਂਦਾ ਹੈ ਤੇ ਗਿਆਨ ਵਿੱਚ ਵਾਧਾ ਹੁੰਦਾ ਹੈ। ਇਸ ਗਿਆਨ ਨੂੰ ਅਕਲ ਜਾਂ ਸੂਝ ਵੀ ਕਿਹਾ ਗਿਆ ਹੈ।

ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥

ਵਾਰ ਮਲਾਰ ਪੰਨਾ ੧੨੪੫ ---

ਨਾਮ ਦੀ ਖ਼ੂਬੀ ਹੈ, ਗਿਆਨ ਦਾ ਪ੍ਰਕਾਸ਼ ਹੋਣਾ ਤੇ ਅਗਿਆਨਤਾ ਦਾ ਖਾਤਮਾ ਹੋਣਾ। ਜਦ ਅਗਿਆਨਤਾ ਹੀ ਨਾ ਰਹੀ ਤਾਂ ਹਊਮੇ ਜਨਮ ਨਹੀਂ ਲਏਗੀ। “ਆਪਾ ਮਧੇ ਆਪੁ ਪਰਗਾਸਿਆ” ਮਨੁੱਖ ਦੇ ਅੰਦਰ ਹੀ ਉਸ ਦਾ ਆਪਣਾ ਆਪ ਚਮਕ ਪੈਂਦਾ ਹੈ। ਗੁਰੂ ਦੇ ਸ਼ਬਦ ਦਾ ਗਿਆਨ ਆਤਮਿਕ ਜੀਵਨ ਹੈ। ਗੁਰੂ ਜੀ ਨੇ ਨਾਮ ਦੀ ਮੰਗ ਕੀਤੀ ਹੈ। ਨਾਮ ਦੀ ਮੰਗ ਪੂਰੀ ਹੋਣ ਜਾਂ ਸਮਝ ਆਉਣ ਤੇ ਮਨੁੱਖ ਆਗਿਆਨਤਾ ਦਾ ਪੱਲਾ ਛੱਡ ਜਾਂਦਾ ਹੈ। ਨਿਰਾ ਗਿਆਨਵਾਨ ਹੋਣ ਨਾਲ ਮਨੁੱਖ ਹੰਕਾਰੀ ਵੀ ਹੋ ਜਾਂਦਾ ਹੈ। ਗੁਰੂ ਦੇ ਭੈ ਵਿੱਚ ਰਹਿ ਕੇ ਵਿਦਿਆ ਪ੍ਰਾਪਤ ਕਰਨੀ ਹੈ। ਗੁਰੂ ਦੇ ਭੈ ਵਿੱਚ ਡਾਕਟਰੀ ਕੀਤੀ ਹੈ ਤਾਂ ਉਹ ਸੇਵਾ ਦੇ ਰੂਪ ਵਿੱਚ ਪ੍ਰਗਟ ਹੋਏਗੀ। ਸਮਾਜ ਵਿੱਚ ਸਤਿਕਾਰ ਦੀ ਪ੍ਰਾਪਤੀ ਹੋਏਗੀ ਤੇ ਆਤਮਿਕ ਜੀਵਨ ਮਿਲੇਗਾ। ਨਾਮ ਦੀ ਪਹਿਲੀ ਵਿਆਖਿਆਂ ਕਰਦਿਆਂ ਗੁਰੂ ਜੀ ਨੇ ਵਿਦਿਆ ਪੜ੍ਹਨ ਤੇ ਜ਼ੋਰ ਦਿੱਤਾ ਹੈ। ਜਿਸ ਦੁਆਰਾ ਆਪਣੇ ਆਪ ਦੀ ਸੋਝੀ ਆਉਂਦੀ ਹੈ। ਭਰਮਾਂ ਦਾ ਨਾਸ਼ ਹੁੰਦਾ ਏ ਤੇ ਆਤਮਿਕ ਜੀਵਨ ਮਿਲਦਾ ਹੈ, ਇਸ ਨੂੰ ਕਿਹਾ ਜਾ ਸਕਦਾ ਹੈ ਕਿ ਨਾਮ ਨੂੰ ਅਮਲੀ ਜੀਵਨ ਵਿੱਚ ਲਿਆਂਦਾ ਹੈ।

ਗੁਰਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥

ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤ ਨਾਮੁ॥

ਪਹਿਲੇ ਬੰਦ ਵਿੱਚ ਨਾਮ ਦੀ ਸੇਧ ਵਿੱਚ ਵਿਦਿਆ ਪੜ੍ਹਨ ਤੇ ਜ਼ੋਰ ਦਿੱਤਾ ਗਿਆ ਹੈ। ਜਿਵੇਂ ਜਿਵੇਂ ਮਨੁੱਖ ਨੂੰ ਸੋਝੀ ਆਉਂਦੀ ਹੈ, ਜਜਮਾਨ ਨਾਲ ਪਿਆਰ ਜਾਗਦਾ ਹੈ। ਪਰਮਾਤਮਾ ਦੀ ਸਾਜੀ ਖ਼ਲਕਤ ਪਿਆਰੀ ਲੱਗਣ ਲੱਗ ਪੈਂਦੀ ਹੈ। ਜੋ ਗਿਆਨ ਇੰਦਰੇ ਵਿਕਾਰਾਂ ਵਲ ਦੌੜਦੇ ਸਨ, ਉਹ ਕੰਟਰੋਲ ਹੇਠ ਆ ਜਾਂਦੇ ਹਨ। ਮਨ ਅੰਦਰ ਜੰਮਿਆਂ ਹੰਕਾਰ ਖੁਰਨਾ ਸ਼ੁਰੂ ਹੋ ਜਾਂਦਾ ਹੈ। ਖੋਟੀ ਮਤ ਅਧੀਨ ਇਸ ਦੇ ਗਿਆਨ-- ਇੰਦਰੇ ਹਮੇਸ਼ਾਂ ਹੀ ਭੈੜਿਆਂ ਕੰਮਾਂ ਦੀ ਤਾਕ ਵਿੱਚ ਬੈਠੇ ਰਹਿੰਦੇ ਸਨ। ਉਹਨਾਂ ਨੂੰ ਸਮਝ ਆ ਗਈ, ਉਹਨਾਂ ਨੂੰ ਜੀਵਨ ਜਾਚ ਆ ਗਈ। ਨਾਮ ਦਾ ਦੂਜਾ ਗੁਣ ਖੋਟੀ ਮਤ ਦਾ ਦੂਰ ਹੋਣਾ ਹੈ। ਵਿਕਾਰਾਂ ਵਲ ਭੱਜ ਰਹੇ ਇੰਦਰੇ ਕੰਟਰੋਲ ਹੇਠ ਹੋ ਕੇ ਕੰਮ ਕਰਨ ਲੱਗ ਜਾਂਦੇ ਹਨ। ਸ਼ਬਦ ਦੇ ਦੂਸਰੇ ਚਰਨ ਵਿੱਚ ਪੰਜ ਇੰਦਰੇ, ਜੰਮਿਆਂ ਹੰਕਾਰ, ਵਿਕਾਰਾਂ ਵਾਲੀ ਨਿਗਾਹ, ਖੋਟੀ ਮਤ ਆਦਿਕ ਦੀ ਮਨ ਵਿੱਚ ਕੋਈ ਥਾਂ ਨਹੀਂ ਰਹਿੰਦੀ। ਜਜਮਾਨ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ। ਫਿਰ ਇਸੇ ਨੂੰ ਹੀ ਐਸਾ ਬ੍ਰਹਮ ਗਿਆਨ ਆਖਿਆ ਗਿਆ ਹੈ ਜੋ ਕਿ ਨਾਮ ਦਾ ਦੂਸਰਾ ਰੂਪ ਹੈ।

ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ॥

ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ॥

ਪੇਂਡੂ ਲੋਕ ਸੁਭਾਅ ਕਰਕੇ ਭੋਲੇ ਗਿਣੇ ਜਾਂਦੇ ਸਨ, ਜਿਸ ਕਰਕੇ ਪੁਜਾਰੀ ਦੀ ਲੁੱਟ ਦਾ ਸ਼ਿਕਾਰ ਹੁੰਦੇ ਰਹੇ। ਅੱਜ ਪੁਜਾਰੀ ਦੀ ਥਾਂ ਤੇ ਹੋਰ ਬਹੁਤ ਕੁੱਝ ਆ ਗਿਆ ਹੈ। ਕਿਤੇ ਹੱਥ ਦੇਖਣ ਵਾਲੇ ਤੇ ਕਿਤੇ ਅਖੌਤੀ ਚੋਲ਼ਿਆਂ ਵਾਲੇ ਸਾਧਾਂ ਨੇ ਥਾਂ ਲੈ ਲਈ ਹੈ। ਅੱਜ ਵੀ ਭੋਲੇ ਲੋਕ ਇਸ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ‘ਦੱਛਣਾ’, ਦੁੱਧਾਧਾਰੀ ਪਸ਼ੂਆਂ ਤੇ ਜਿਨਸ ਦੇ ਰੂਪ ਵਿੱਚ ਲਈ ਜਾਂਦੀ ਸੀ। ਬ੍ਰਹਮਣ, ਹਾੜੀ ਸਾਉਣੀ ਨੂੰ ਜਜਮਾਨਾਂ ਦੇ ਘਰ ਜਾ ਕੇ, ਪੱਤਰੀ ਦਿਖਾ, ਵਹਿਮਾਂ-ਭਰਮਾਂ ਦਾ ਜਾਲ ਵਿਛਾ ਕੇ ਕਣਕ ਚਾਵਲ ਦੀਆਂ ਪੰਡਾਂ ਬੰਨ੍ਹ ਲਿਆਉਂਦਾ ਸੀ। ਘਿਉ ਦੁੱਧ ਆਦਿਕ ਜਜਮਾਨਾਂ ਤੋਂ ਪ੍ਰਾਪਤ ਕਰਕੇ ਆਪਣੇ ਘਰ ਨੂੰ ਬ੍ਰਹਮਣ ਆ ਜਾਂਦਾ ਸੀ। ਪਰਲੋਕ ਸੰਵਾਰਨ ਦਾ ਝੂਠਾ ਲਾਰਾ ਲਾ ਆਉਂਦਾ ਸੀ। ਗ਼ਰੀਬ ਜੰਤਾ ਦਾ ਪਰਲੋਕ ਤਾਂ ਭਾਵੇਂ ਨਾ ਸੰਵਰਦਾ ਹੋਵੇ ਪਰ ਪ੍ਰੋਹਤ ਦਾ ਜ਼ਰੂਰ ਵਰਤਮਾਨ ਜੀਵਨ ਕਿਸੇ ਦੀ ਕਮਾਈ ਤੇ ਐਸ਼ ਵਿੱਚ ਪਲ਼ਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰ ਨੂੰ ਜਜਮਾਨ ਆਖਿਆ ਹੈ। ਕਰਤਾਰ ਪਾਸੋਂ ਮੰਗ ਵੀ ਏਹੋ ਜੇਹੀ ਮੰਗੀ ਗਈ ਹੈ ਜੋ ਬਜ਼ਾਰ ਵਿਚੋਂ ਵਸਤੂਆਂ ਨਹੀਂ ਮਿਲਦੀਆਂ। ਇਹ ਸਾਰੀਆਂ ਵਸਤੂਆਂ ਆਤਮਾ ਦੇ ਤਲ ਤੇ ਜ਼ਰੂਰੀ ਹਨ ਜੋ ਅਸਲ ਵਿੱਚ ਮਨੁੱਖ ਲਈ ਜੀਵਨ ਜਾਚ ਦਾ ਖ਼ਜ਼ਾਨਾ ਹਨ। ਚਾਵਲ, ਕਣਕ, ਧਨ, ਦੁੱਧ ਦੀ ਮੰਗ ਨਹੀਂ ਕੀਤੀ ਗਈ, ਸਗੋਂ ਜਤ ਸਤ ਦੇ ਚਾਵਲ ਮੰਗੇ ਹਨ। ਜਤ ਦਾ ਭਾਵ ਮੇਰੇ ਗਿਆਨ ਇੰਦਰੇ ਵਿਕਾਰਾਂ ਵਲ ਨਾ ਭੱਜਣ ਤੇ ਸਤ ਦਾ ਅਰਥ ਲਿਆ ਹੈ ਉੱਚਾ ਆਚਰਣ। ਗੁਰਬਾਣੀ ਦੀ ਲੋਅ ਵਿੱਚ ਆਪਣਿਆਂ ਇੰਦਰਿਆਂ ਨੂੰ ਕੁਆਰਾ ਰੱਖਾਂ ਤੇ ਸਤ ਸਦਾਚਾਰਕ ਕੀਮਤਾਂ ਨੂੰ ਹਮੇਸ਼ਾਂ ਲਈ ਕਾਇਮ ਰੱਖਾਂ। ਤੀਸਰੀ ਮੰਗ ਕਣਕ ਦੀ ਕੀਤੀ ਗਈ ਹੈ। ਕਣਕ ਦੀ ਥਾਂ ਤੇ ਦਇਆਂ ਵਰਗੇ ਕੀਮਤੀ ਗੁਣ ਨੂੰ ਅਪਨਾਉਣ ਤੇ ਜ਼ੋਰ ਦਿੱਤਾ ਗਿਆ ਹੈ ਤੇ ਤੇਰੀ ਰਜ਼ਾ ਵਿੱਚ ਰਹਿਣ ਦਾ ਧਨ ਪ੍ਰਾਪਤ ਹੋ ਜਾਏ। “ਆਖਾਂ ਜੀਵਾ ਵਿਸਰੈ ਮਰਿ ਜਾਉ” ਭਾਵ ਚਰਨਾ ਨਾਲ ਹਮੇਸ਼ਾਂ ਜੁੜਿਆ ਰਹਾਂ। ਇਸ ਜ਼ਿੰਦਗੀ ਦੇ ਖਰਚੇ ਲਈ ਮੇਰੇ ਪਾਸ ਧਨ ਆ ਜਏਗਾ। ਅਗਲ਼ੀ ਤੁੱਕ ਵਿੱਚ ਦੁੱਧ ਘਿਉ ਦੀ ਮੰਗ ਕੀਤੀ ਗਈ ਹੈ। ਸ਼ੁਭ ਕਰਮ ਕਰਨ ਦਾ ਦੁੱਧ ਤੇ ਸੰਤੋਖ ਰੂਪੀ ਘਿਉ ਮੰਗਿਆ ਗਿਆ ਹੈ। ਸੰਤੋਖ ਰੱਖ ਕੇ ਨੇਕ ਕਰਮ ਕਰਨੇ, ਇਹ ਸੁੰਦਰ ਦਾਨ ਦੱਛਣਾ ਦੇ ਰੂਪ ਵਿੱਚ ਪਰਮਾਤਮਾ ਦੇ ਪਾਸੋਂ ਮੰਗਿਆ ਗਿਆ ਹੈ।

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਧਾਨੁ॥

ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ॥

ਕਰਤਾਰ ਪਾਸੋਂ ਦੱਛਣਾ ਦੇ ਰੂਪ ਵਿੱਚ ਜੀਵਨ-- ਜਾਚ ਲਈ ਜੋ ਮੰਗ ਕੀਤੀ ਗਈ ਹੈ, ਉਹ ਬਹੁਤ ਹੀ ਸੁੰਦਰ ਮੰਗ ਹੈ। ਦੁੱਧ ਦੇਂਦੀ ਗਊ ਮੰਗੀ ਗਈ ਹੈ ਭਾਵ ਗਊ ਮਗਰ ਵੱਛਾ ਵੀ ਹੋਵੇ। ਅਖੀਰ ਵਿੱਚ ਕਪੜਿਆਂ ਦੀ ਮੰਗ ਕੀਤੀ ਗਈ ਹੈ। ਲਵੇਰੀ ਗਊ ਦੀ ਥਾਂ ਤੇ ਖ਼ਿਮਾਂ, ਧੀਰਜ ਅਪਨਾੳਣ ਤੇ ਜ਼ੋਰ ਦਿੱਤਾ ਹੈ ਤੇ ਸਹਿਜ ਅਵਸਥਾ ਨੂੰ ਵੱਛਾ ਆਖਿਆ ਹੈ। ਜਦ ਵੱਛਾ ਗਊ ਨੂੰ ਚੁੰਘਦਾ, ਗਊ ਮਸਤ ਹੋ ਜਾਂਦੀ ਹੈ। ਇੰਜ ਧੀਰਜ ਖ਼ਿਮਾ ਵਰਗੀਆਂ ਉੱਚ ਪਾਏ ਦੀਆਂ ਕਦਰਾਂ ਕੀਮਤਾਂ ਨੂੰ ਅਪਨਾ ਲੈਣ ਨਾਲ ਸਹਿਜ ਅਵਸਥਾ ਬਣਦੀ ਹੈ ਤੇ ਸਿੱਖੀ ਹੈ ਹੀ ਸਹਿਜ ਦਾ ਮਾਰਗ ਏ। ਹੇ ਪਰਮਾਤਮਾ ਮੈਂ ਹਰ ਵੇਲੇ ਤੇਰੀ ਸਿਫਤੋ ਸਲਾਹ ਕਰਦਾ ਰਹਾਂ ਜੋ ਕਿ ਮੇਰੀ ਆਤਮਾ ਲਈ ਕਪੜਾ ਹੈ। ਜਿਸ ਤਰ੍ਹਾਂ ਕਪੜੇ ਨਾਲ ਤਨ ਢੱਕਿਆ ਜਾਂਦਾ ਹੈ ਏਸੇ ਤਰ੍ਹਾਂ ਹੀ ਪਰਮਾਤਮਾ ਦੀ ਸਿਫਤੋ ਸਲਾਹ ਨਾਲ ਹਰ ਵੇਲੇ ਮੈਂ ਆਪਣੀ ਆਤਮਾ ਨੂੰ ਇਸ ਕੱਪੜੇ ਨਾਲ ਢੱਕ ਲਵਾਂ ਭਾਵ ਇਹ ਸਿਫਤੋ ਸਲਾਹ ਦਾ ਕਪੜਾ ਪਹਿਨਦਾ ਰਹਾਂ। ਮੇਰਾ ਮਨ ਹਰ ਵੇਲੇ ਤੇਰੇ ਗੁਣ ਗਾਉਂਦਾ ਰਹੇ।

ਖ਼ਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ॥

ਸਿਫਤਿ ਸਰਮ ਕਾ ਕਪੜਾ ਮਾਗਉ ਹਰਿ ਗਣ ਨਾਨਕ ਰਵਤੁ ਰਹੈ॥

ਫ਼ਰੀਦ ਸਾਹਿਬ ਜੀ ਦਾ ਸੁੰਦਰ ਖ਼ਿਆਲ ਹੈ – ਬੰਦੇ ਨਾਲੋਂ ਪੰਛੀ ਚੰਗੇ ਹਨ, ਵਿਚਾਰੇ ਪੱਥਰ ਚੁੱਗ ਕੇ ਹੀ ਗੁਜ਼ਾਰਾ ਕਰ ਲੈਂਦੇ ਹਨ, ਜ਼ਮੀਨ ਤੇ ਹੀ ਸੌਂ ਜਾਂਦੇ ਹਨ। ਜੰਗਲ਼ਾਂ ਵਿੱਚ ਉਹਨਾਂ ਦਾ ਘਰ ਹੈ ਪਰ ਕਦੇ ਵੀ ਰੱਬ ਨਾਲ ਗਿਲਾ ਸ਼ਿਕਵਾ ਨਹੀਂ ਕਰਦੇ। ਰੱਬੀ ਨਿਯਮਾਵਲੀ ਵਿੱਚ ਰਹਿ ਕੇ ਹਮੇਸ਼ਾਂ ਹੀ ਖੁਸ਼ ਰਹਿੰਦੇ ਹਨ:---

ਫਰੀਦਾ ਹਉ ਬਲਿਹਾਰੀ ਤਿਨ ਪੰਖੀਆਂ ਜੰਗਲਿ ਜਿੰਨਾ ਵਾਸੁ॥

ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ॥ ---ਪੰਨਾ ੧੩੮੩---

ਸੋ ਜੀਵਨ ਜਾਚ ਲਈ ਗੁਰੂ ਜੀ ਨੇ ਸੰਸਾਰ ਦੇ ਭਲੇ ਹਿਤ ਜੋ ਨੁਕਤੇ ਦਿੱਤੇ ਹਨ, ਇਹਨਾਂ ਨੁਕਤਿਆਂ ਨੂੰ ਅਪਨਾ ਕੇ ਚੱਲਣ ਨਾਲ ਅਸੀਂ ਸਚਿਆਰ ਸਿੱਖ ਬਣ ਸਕਦੇ ਹਾਂ। “ਆਪਾ ਮਧੇ ਆਪੁ ਪਰਗਾਸਿਆ” ਆਪਣੇ ਅੰਦਰ ਹੀ ਚਾਨਣ ਹੋ ਜਾਏਗਾ ਤੇ ਆਤਮਿਕ ਜੀਵਨ ਚਮਕ ਪਏਗਾ।
.