.

ਸ਼੍ਰੋਮਣੀ ਕਮੇਟੀ ਤੇ ਏਹਦੀ ਜ਼ਿੰਮੇਵਾਰੀ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਉਪਰੰਤ, ਨਾਮਧਾਰੀ ਲਹਿਰ ਨੇ ਗੁਰਬਾਣੀ ਦੇ ਪਾਠ-ਅਭਿਆਸ ਨੂੰ ਸਮਝਣ ਸਮਝਾਉਣ ਦਾ ਜ਼ੋਰਦਾਰ ਉਪਰਾਲਾ ਕੀਤਾ। ਸਿੱਖ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ। ਦੇਸ਼ ਦੀ ਅਜ਼ਾਦੀ ਖ਼ਾਤਰ ਇਸ ਲਹਿਰ ਨੇ ਸ਼ਹੀਦੀਆਂ ਦਿੱਤੀਆਂ, ਸਿਵਲ ਨਾ ਫ਼ੁਰਮਾਨੀ ਦੀ ਲਹਿਰ ਚਲਾਈ। ਇਹ ਜੋਸ਼ ਜ਼ਿਆਦਾ ਦੇਰ ਨਾ ਰਹਿ ਸਕਿਆ। ਹੌਲ਼ੀ ਹੌਲ਼ੀ ਸੁੱਚ-ਭਿੱਟ, ਸ਼ਰਾਧ ਤੇ ਮੂਰਤੀ ਪੂਜਾ ਤਕ ਸੀਮਤ ਹੋ ਕੇ ਰਹਿ ਗਈ। ਨਤੀਜਾ ਇਹ ਹੋਇਆ ਕਿ ਸਿੱਖ ਭਾਈ ਚਾਰੇ ਨਾਲੋਂ ਇਹ ਲਹਿਰ ਵੱਖਰੀ ਤੇ ਓਪਰੀ ਓਪਰੀ ਜਾਪਣ ਲੱਗ ਪਈ। ਅਖ਼ੀਰ ਵਿੱਚ ਇੱਕ ਸੰਪਰਦਾ ਤੇ ਸ਼ਖ਼ਸੀ ਪੂਜਾ ਬਣ ਕੇ ਰਹਿ ਗਈ ਜੋ ਹੁਣ ਤਕ ਚਲੀ ਆ ਰਹੀ ਹੈ।

ਦੂਸਰੇ ਪਾਸੇ ਅੰਗਰੇਜ਼ ਜਿਸ ਦੇਸ਼ ਅੰਦਰ ਵੀ ਗਏ, ਉੱਥੇ ਪਹਿਲਾਂ ਇਹਨਾਂ ਨੇ ਈਸਾਈ ਕੇਂਦਰ ਸਥਾਪਿਤ ਕੀਤੇ। ਉਹਨਾਂ ਦਾ ਇਹ ਪੱਕਾ ਖ਼ਿਆਲ ਸੀ ਕਿ ਜੇ ਕਰ ਸਬੰਧਿਤ ਮੁਲਕਾਂ ਦੇ ਬੱਚਿਆਂ ਨੂੰ ਈਸਾਈ ਧਰਮ ਵਿੱਚ ਪ੍ਰਵਿਰਤ ਕਰ ਲਿਆ ਜਾਏ ਤਾਂ ਸਾਡਾ ਰਾਜ-ਭਾਗ ਹਮੇਸ਼ਾਂ ਲਈ ਪੱਕਾ ਹੋ ਜਾਏਗਾ। ਲੋਕ ਕਦੇ ਵੀ ਸਾਡੇ ਵਿਰੁੱਧ ਅਵਾਜ਼ ਨਹੀਂ ਉਠਾਉਣਗੇ। ਸੰਨ ੧੮੫੧ ਈਸਵੀ ਤਕ ਪੰਜਾਬ ਵਿੱਚ ਈਸਾਈ ਮਤ ਨਹੀਂ ਸੀ।

ਸਰਦਾਰ ਨਾਹਰ ਸਿੰਘ ਜੀ ਆਪਣੀ ਪੁਸਕ ਸਾਡੀ ਦਸ਼ਾ ਵਿੱਚ ਲਿਖਦੇ ਹਨ--- ਸਮੇਂ ਦੀ ਨਬਜ਼ ਪਹਿਛਾਣਦਿਆਂ ਸਿੱਖ ਸਮਾਜ ਵਿੱਚ ਸੁਧਾਰ ਦੀਆਂ ਲਹਿਰਾਂ ਉੱਠੀਆਂ, ਜਿਨ੍ਹਾਂ ਵਿੱਚ ਨਿੰਰਕਾਰੀ ਤੇ ਨਾਮਧਾਰੀ ਲਹਿਰ ਦਾ ਜ਼ਿਕਰ ਕਰਨਾ ਬਣਦਾ ਹੈ। ਨਿੰਰਕਾਰੀ ਲਹਿਰ ਨੇ ਅਨੰਦ-ਕਾਰਜ ਦੀ ਮਰਯਾਦਾ ਨੂੰ ਅਗਨੀ ਦੇ ਫੇਰਿਆਂ ਤੋਂ ਮੁਕਤ ਕਰਾਇਆ, ਜਦ ਕੇ ਨਾਮਧਾਰੀ ਲਹਿਰ ਨੇ ਸਾਦਾ ਜੀਵਨ, ਸੱਚਾ ਆਚਰਣ ਤੇ ਕਿਰਤ ਵਰਗੀਆਂ ਹਕੀਕਤਾਂ `ਤੇ ਤਨੋ ਮਨੋ ਜ਼ੋਰ ਦਿੱਤਾ। ਸਮੇਂ ਅਨੁਸਾਰ ਇਹ ਦੋਵੇਂ ਲਹਿਰਾਂ, ਹੌਲ਼ੀ ਹੌਲ਼ੀ ਖ਼ਤਮ ਹੋਣ ਦੇ ਕਿਨਾਰੇ ਪਾਹੁੰਚ ਕੇ ਦਮ ਤੋੜ ਗਈਆਂ। ੯ ਫ਼ਰਵਰੀ ੧੮੫੨ ਈਸਵੀ ਨੂੰ ਅਮਰੀਕਨ ਪਰੈਸਬਾਈਟੈਰੀਅਨ ਨੂੰ ਸਰਕਾਰੀ ਕਰਮਚਾਰੀਆਂ ਨੇ ਬੁਲਾ ਕੇ ਚਰਚ ਐਸੋਸੀਏਸ਼ਨ ਦੀ ਨੀਂਹ ਰੱਖੀ। ਤਿੰਨਾਂ ਵਰ੍ਹਿਆਂ ਵਿੱਚ ੩੭੫ ਪਿੰਡਾਂ ਵਿਚੋਂ ੨੭੦੦੦ ਈਸਾਈ ਬਣ ਗਏ। ੧੮੬੨ ਤੋਂ ਲੈ ਕੇ ੧੮੮੧ ਈਸਵੀ ਤਕ ਸਿੱਖਾਂ ਦੀ ਗਿਣਤੀ ਇੱਕ ਕਰੋੜ ਤੋਂ ੧੮੫੩੪੨੮ ਰਹਿ ਗਈ। ਇਹਨਾਂ ਸਾਰੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਡਿੱਗ ਚੁੱਕੀ ਸਿੱਖ ਕੌਮ ਦੀ ਸਾਖ਼ ਨੂੰ ਬਚਾਉਣ ਲਈ ਨਵੇਂ ਸਿਰੇ ਤੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ ਤੇ ਭਾਈ ਜਵਾਹਰ ਸਿੰਘ ਜੀ ਨੇ ਚੌਣਵੇਂ ਸਿੱਖਾਂ ਨੂੰ ਨਾਲ ਲੈ ਕੇ ੩੦ ਜੁਲਾਈ ੧੮੭੩ ਈਸਵੀ ਨੂੰ ਇੱਕ ਵੱਡਾ ਇਕੱਠ ਕਰਕੇ ਸਿੰਘ ਸਭਾ ਲਹਿਰ ਦਾ ਬਿਗ਼ਲ ਵਜਾ ਦਿੱਤਾ। ਇਸ ਦੇ ਉਦੇਸ਼ ਕੀ ਸਨ ---ਭੇਖੀ ਸਾਧਾਂ ਦੇ ਟੋਲਿਆਂ, ਡੇਰਾਵਾਦ, ਮਹੰਤਗੀਰੀ ਤੇ ਬ੍ਰਹਾਮਣੀ ਸਰ੍ਹਾਲ ਦੇ ਤਿੱਖੇ ਦੰਦਾਂ ਤੋਂ ਸਿੱਖ ਕੌਮ ਨੂੰ ਬਚਾਉਣਾ ਤੇ ਪੰਜਾਬੀ ਵਿੱਚ ਸਾਹਿਤ ਪੈਦਾ ਕਰਨਾ। ਸਿੱਖਾਂ ਨੂੰ ਧਾਰਮਿਕ ਤੇ ਵਿਵਹਾਰਕ ਵਿਦਿਆ ਦੇਣ ਦਾ ਯਤਨ ਕਰਨਾ। ਅਨਮਤ ਜਾਂ ਮਨਮਤ ਵਿੱਚ ਘੁਲ਼ ਮਿਲ਼ ਰਹੇ ਸਿੱਖਾਂ ਨੂੰ ਇਸ ਪਾਸਿਓਂ ਰੋਕ ਕੇ ਪੱਕੇ ਸਿੱਖ ਬਣਾਉਣਾ। ਪੁਜਾਰੀਵਾਦ ਨੇ ਇਸ ਦਾ ਤਕੜਾ ਵਿਰੋਧ ਕੀਤਾ ਤੇ ਪੰਥ ਵਿਚੋਂ ਇਹਨਾਂ ਕੌਮੀ ਹੀਰਿਆਂ ਨੂੰ ਛੇਕਣ ਵਰਗੀਆਂ ਕੋਝ੍ਹੀਆਂ ਕਾਰਵਾਈਆਂ ਵੀ ਕੀਤੀਆਂ। ਨਿਰਸੰਦੇਹ ਸਿੰਘ ਸਭਾ ਲਹਿਰ ਨੇ ਨਵੇਂ ਸਿਰੇ ਤੋਂ ਸਿੱਖ ਕੌਮ ਵਿੱਚ ਜਾਗਰਤੀ ਲਿਆਂਦੀ।

ਈਸਾਈ ਮਤ ਨੇ ਆਪਣੇ ਪਰਚਾਰ ਸਦਕਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਿਸ਼ਨ ਸਕੂਲ ਤੇ ਹਸਪਤਾਲ ਖੋਹਲਣੇ ਸ਼ੁਰੂ ਕਰ ਦਿੱਤੇ। ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਵਿਦਿਆਰਥੀ ਸਿੱਖੀ ਸਰੂਪ ਨੂੰ ਕਤਲ ਕਰਵਾ ਕੇ ਈਸਾਈ ਬਣਨ ਨੂੰ ਤਿਆਰ ਹੋ ਗਏ। ਸਮੇਂ ਸਿਰ ਪਤਾ ਲੱਗਣ `ਤੇ ਸਿੱਖ ਚਿੰਤਕਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਸਿੱਖੀ ਦੇ ਗੌਰਵ-ਮਈ ਇਤਿਹਾਸ ਤੋਂ ਜਾਣੂੰ ਕਰਾਇਆ। ਸਿੱਖੀ ਸਰੂਪ ਨੂੰ ਕਾਇਮ ਰੱਖਣਾ ਦਾ ਪ੍ਰਣ ਕਰਵਾਇਆ। ਅੱਜ ਨੌਜਵਾਨਾਂ ਵਿੱਚ ਪਤਿਤ-ਪੁਣੇ ਦੀ ਲਹਿਰ ਦੇਖ ਕੇ ਰੌਂਗਟੇ ਖੜੇ ਹੁੰਦੇ ਹਨ। ਕਿਸੇ ਰਾਜਨੀਤਿਕ ਆਗੂ, ਜੱਥੇਦਾਰ, ਸਭਾ-- ਸੁਸਾਇਟੀ ਨੇ ਕਦੇ ਵੀ ਚਿੰਤਾ ਜ਼ਾਹਰ ਨਹੀਂ ਕੀਤੀ।

ਤੀਸਰਾ ਗੁਰਦੁਆਰਿਆਂ ਦਾ ਪ੍ਰਬੰਧ ਅਜੇਹੇ ਮਨੁੱਖਾਂ ਦੇ ਹੱਥਾਂ ਵਿੱਚ ਆ ਗਿਆ ਸੀ ਜੋ ਸਿੱਖੀ ਸਿਧਾਂਤ ਤੋਂ ਬਿਲਕੁਲ ਕੋਰੇ ਸਨ। ਸਨਾਤਨੀ ਮਤ ਆਨੁਸਾਰ ਸਿੱਖ ਰਹੁ-ਰੀਤੀਆਂ ਨੂੰ ਨਿਬਹੁੰਣ ਦਾ ਯਤਨ ਕਰ ਰਹੇ ਸਨ। ਲੰਬਾ ਸਮਾਂ ਗੁਰਦੁਆਰਿਆਂ ਦਾ ਪ੍ਰਬੰਧ ਇਹਨਾਂ ਦੇ ਅਧੀਨ ਹੋਣ ਕਰਕੇ ਕਈ ਕੁਰੀਤੀਆਂ ਨੇ ਜਨਮ ਲੈ ਲਿਆ। ਹਰ ਗੁਰਦੁਆਰੇ ਦੇ ਪੁਜਾਰੀ ਤਥਾ ਮਹੰਤਾਂ ਨੇ ਆਪਣੀ ਆਪਣੀ ਮਤ ਆਨੁਸਾਰ ਗੁਰਮਤਿ ਦੀ ਵਿਆਖਿਆ ਕਰਨੀ ਸੂਰੂ ਕਰ ਦਿੱਤੀ। ਗੁਰਮਤਿ ਸਭਿਆਚਾਰ ਸਪੱਸ਼ਟ ਰੂਪ ਵਿੱਚ ਮਿੱਟਦਾ ਨਜ਼ਰ ਆ ਰਿਹਾ ਸੀ। ਕਈ ਗੁਰਦੁਆਰਿਆਂ ਵਿੱਚ ਮੂਰਤੀ ਪੂਜਾ ਵੀ ਸ਼ੁਰੂ ਹੋ ਗਈ ਸੀ। ਗਿਆਨ ਦੀ ਥਾਂ `ਤੇ ਗੁਰੂ-ਡੰਮ ਚੱਲਣਾ ਆਰੰਭ ਹੋ ਗਿਆ। ਵਿਸ਼ਵ ਨੂੰ ਗੁਰਬਾਣੀ ਦੀ ਲੋਅ ਅੰਦਰ ਪਿਆਰ ਗੱਲਵੱਕੜੀ ਵਿੱਚ ਲੈਣਾ ਸੀ ਪਰ ਪੂਜਾਰੀ ਜਮਾਤ ਦੀ ਸੌੜੀ ਵਿਚਾਰ ਕਰਕੇ ਗੁਰਮਤਿ ਗੁਰਦੁਆਰਿਆਂ ਦੀ ਚਾਰ-ਦੀਵਾਰੀ ਵਿੱਚ ਸੁੰਗੜ ਕੇ ਰਹਿ ਗਈ। ਗੁਰਦੁਆਰਿਆਂ ਵਿੱਚ ਸਮਾਜਿਕ, ਧਾਰਮਿਕ ਅਪਰਾਧ ਦੀਆਂ ਘਟਨਾਵਾਂ ਪਰਤੱਖ ਰੂਪ ਵਿੱਚ ਵਾਪਰਨ ਲੱਗ ਪਈਆਂ। ਸਿੱਖਾਂ ਵਿੱਚ ਬ੍ਰਹਾਮਣੀ ਮਤ ਦਾ ਬੋਲ-ਬਾਲਾ ਹੋ ਗਿਆ। ਪੁਜਾਰੀ ਸ਼੍ਰੇਣੀ ਅੰਗਰੇਜ਼ ਦਾ ਹੱਥ ਠੋਕਾ ਬਣ ਕੇ ਰਹਿ ਗਈ।

ਕਾਰਨ ਤਾਂ ਹੋਰ ਵੀ ਬਹੁਤ ਸਾਰੇ ਹਨ, ਪਰ ਇਹਨਾਂ ਤਿੰਨਾਂ ਕਾਰਨਾਂ ਕਰਕੇ ਨਿਸ਼ਠਾਵਾਨ ਸਿੱਖਾਂ ਦੀ ਆਤਮਾ ਝੋਜੋੜੀ ਗਈ। ਸਿੱਖੀ ਭਾਵਨਾ ਦਾ ਦਰਦ ਰੱਖਣ ਵਾਲੇ ਹਿਰਦਿਆਂ ਵਿਚੋਂ ਇੰਜ ਇੱਕ ਹੂਕ ਉੱਠੀ ਤੇ ਪੰਥ ਦਰਦ ਦੀ ਚੀਸ ਨੇ ਜਨਮ ਲਿਆ। ਐਸਾ ਜਜ਼ਬਾ ਰੱਖਣ ਵਾਲਿਆਂ ਨੇ, ਇਹ ਮਹਿਸੂਸ ਕੀਤਾ ਕਿ ਝੁਲੇ-ਝੱਖੜਾਂ, ਤੂਫ਼ਾਨਾਂ ਵਿੱਚ ਸਿੱਖੀ ਦੇ ਨਿਆਰੇ-ਪਨ ਨੂੰ ਕਿਵੇਂ ਕਇਮ ਰੱਖਿਆ ਜਾ ਸਕੇ। ਅਜੇਹੀਆਂ ਦੂਰ ਅੰਦੇਸ਼ੀ ਸੋਚਾਂ ਨੇ ਇੱਕ ਸੁੰਦਰ ਅੰਗੜਾਈ ਲਈ।

ਸੰਨ ੧੮੭੩ ਈਸਵੀ ਨੂੰ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ “ਸਿੰਘ-ਸਭਾ” ਨਾਂ ਦੀ ਜੱਥੇਬੰਦੀ-ਬੰਦੀ ਹੋਂਦ ਵਿੱਚ ਆਈ। ਇਸ ਜੱਥੇਬੰਦੀ ਦਾ ਮਨੋਰਥ ਸੀ ਕਿ ਸਿੱਖ ਧਰਮ ਵਿੱਚ ਆਈ ਖੜੋਤ ਨੂੰ, ਆਈਆਂ ਕੁਰੀਤੀਆਂ ਨੂੰ ਕਿਸ ਢੰਗ ਦੂਰ ਕੀਤਾ ਜਾਏ। ਖ਼ਾਲਸੇ ਦਾ ਨਿਆਰਾ-ਪਨ ਇਸ ਦੀ ਆਪਣੀ ਹੋਂਦ-ਪਹਿਛਾਣ ਕਿਵੇਂ ਬਰਕਰਾਰ ਰੱਖੀ ਜਾ ਸਕੇ। ਸੰਸਰਾ ਪੱਧਰ ਤੇ ਸਿੱਖੀ ਦੀ ਪੇਸ਼ਕਸ਼ ਕਿਹੋ ਜੇਹੀ ਹੋਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਭਾਵ ਨਿਰਮਲ ਪੰਥ ਨੂੰ ਕਿਵੇਂ ਪਰਚਾਰਿਆ ਜਾਏ।

ਸਿੰਘ ਸਭਾ ਕਾਇਮ ਤਾਂ ਹੋ ਗਈ ਪਰ ਇਸ ਨੂੰ ਕਈ ਪੜਾਵਾਂ ਵਿੱਚ ਦੀ ਲੰਘਣਾਂ ਪਿਆ। ਮੁਸ਼ਕਲਾਂ ਸਾਹਮਣੇ ਮੂੰਹ ਚਿੜਾਅ ਰਹੀਆਂ ਸਨ। ਸਿਰੜ੍ਹੀ ਹਿਰਦਿਆਂ ਨੇ ਮੁੱਖ ਤੌਰਤੇ ਤਿੰਨ ਨਿਸ਼ਾਨੇ ਚੁੱਣੇ। ਪੰਜਾਬੀ ਬੋਲੀ ਵਿੱਚ ਸਾਹਿਤ ਪੈਦਾ ਕਰਨਾ, ਸਿੱਖਾਂ ਵਿੱਚ ਧਾਰਮਿਕ ਵਿਵਹਾਰਕ ਵਿਦਿਆ ਦੇਣ ਦਾ ਉਪਰਾਲਾ ਕਰਨਾ; ਅਨਮਤ ਤੇ ਮਨਮਤ ਦਾ ਸ਼ਿਕਾਰ ਹੋ ਰਹੇ ਸਿੱਖ ਭਾਈਚਾਰੇ ਨੂੰ ਗੁਰਬਾਣੀ ਦੇ ਸਿਧਾਂਤ ਨਾਲ ਜੋੜਨ ਦਾ ਉਪਰਾਲਾ ਕਰਨਾ। ਸੋਚਾਂ ਦੇ ਉਭਾਰ ਵਿਚੋਂ `ਚੀਫ਼ ਖ਼ਾਲਸਾ ਦੀਵਾਨ’ ਹੋਂਦ ਵਿੱਚ ਆ ਗਿਆ। ਪ੍ਰਾਪਤੀਆਂ ਦੀ ਪ੍ਰਤੱਖ ਝੱਲਕ ਦਿਖਾਈ ਦੇਣ ਲੱਗ ਪਈ। ੧੮੭੨ ਈਸਵੀ ਨੂੰ ‘ਖ਼ਾਲਸਾ ਕਾਲਜ ਅੰਮ੍ਰਿਤਸਰ’ ਹੋਂਦ ਵਿੱਚ ਆ ਗਿਆ। ਆਰੀਆ ਸਮਾਜ ਦੇ ਕਈ ਊੱਘੇ ਪਰਚਾਰਕ ਗੁਰਬਾਣੀ ਸਿਧਾਂਤ ਵਲ ਪਰਤੇ। ਆਪਣੀ ਅਸਲੀ ਹੋਂਦ ਦਾ ਆਹਿਸਾਸ ਹੋਇਆ।

ਬਹੁਤ ਹੀ ਡੂੰਘੀ ਸੋਚ ਵਾਲੇ ਸਿੱਖ ਚਿੰਤਕਾਂ ਨੇ ਇਹ ਜਾਣ ਲਿਆ ਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਅਸਲੀ ਹੋਣੀ ਤੋਂ ਜਾਣੂੰ ਕਰਾਇਆ ਤੇ ਸਮਝਾਇਆ ਜਾਏ—ਐ ਮੇਰੇ ਭੈਣ, ਵੀਰ ਜੀਓ! ਤੇਰੀਆਂ ਰਗ਼ਾਂ ਵਿੱਚ ਕਲਗੀਧਰ ਪਿਤਾ ਦਾ ਖ਼ੂਨ ਏ; ਤੂੰ ਗੁਰੂ ਨਾਨਕ ਦਾ ਵਾਰਸ ਏਂ, ਭਲਿਆ ਤੇਰੇ ਧਰਮ ਦੀਆਂ ਨੀਹਾਂ ਵਿੱਚ ਕਲਗੀਧਰ ਦੇ ਸਾਹਿਬਜ਼ਾਦਿਆਂ ਦਾ ਪਵਿੱਤਰ ਖ਼ੂਨ ਈ, ਤੂੰ ਆਪਣੇ ਅਸਲੀ ਸਰੂਪ ਨੂੰ ਪਹਿਛਾਨਣ ਦੀ ਕੋਸ਼ਿਸ਼ ਕਰ। ਕਹਿੰਦੇ ਨੇ--ਸ਼ੇਰ ਦਾ ਇੱਕ ਛੋਟਾ ਜਿਹਾ ਬੱਚਾ ਭੇਡਾਂ ਚਾਰਨ ਵਾਲੇ ਆਜੜੀ ਦੇ ਹੱਥ ਆ ਗਿਆ। ਉਸ ਨੇ ਭੇਡਾਂ ਦਾ ਦੁੱਧ ਚੁੰਘਾਇਆ, ਸ਼ੇਰ ਦਾ ਬੱਚਾ ਭੇਡਾਂ ਵਿੱਚ ਹੀ ਵੱਡਾ ਹੋਇਆ ਤੇ ਭੇਡਾਂ ਵਾਲੀਆਂ ਸਾਰੀਆਂ ਆਦਤਾਂ ਸਿੱਖ ਗਿਆ। ਆਪਣੀ ਅਸਲੀ ਹੋਂਦ ਨੂੰ ਭੁੱਲ ਗਿਆ ਤੇ ਮੈਂ ਮੈਂ ਭੇਡਾਂ ਵਾਂਗ ਹੀ ਕਰਨ ਲੱਗ ਪਿਆ। ਅਚਾਨਕ ਇੱਕ ਸਿਆਣਾ ਸ਼ੇਰ ਉਸ ਬੱਚੇ ਨੂੰ ਮਿਲਿਆ ਤੇ ਅਹਿਸਾਸ ਕਰਾਇਆ ਕਿ ਐ ਪੁੱਤਰ! “ਤੂੰ ਸ਼ੇਰ ਦੀ ਸੰਤਾਨ ਏਂ” ਪਰ ਬੱਚਾ ਭੇਡਾਂ ਦਾ ਦੁੱਧ ਚੁੰਘਣ ਕਰਕੇ ਆਪਣੀ ਪਹਿਛਾਣ ਨੂੰ ਹੀ ਗਵਾ ਬੈਠਾ ਸੀ ਤੇ ਵੱਡੇ ਸ਼ੇਰ ਦੀ ਗੱਲ `ਤੇ ਯਕੀਨ ਕਰਨ ਲਈ ਤਿਆਰ ਨਾ ਹੋਇਆ। ਆਖ਼ਰ ਸ਼ੇਰ ਨੇ ਭਬ੍ਹਕ ਮਾਰੀ, ਨਿੱਕੇ ਸ਼ੇਰ ਨੇ ਵੀ ਗੱਜ ਕੇ ਭੱਬਕ ਮਾਰੀ, ਵਿਚਾਰੀਆਂ ਭੇਡਾਂ ਸ਼ੇਰਾਂ ਦੀ ਭਬ੍ਹਕ ਸੁਣ ਕੇ ਭੱਜ ਨਿਕਲੀਆਂ। ਸ਼ੇਰ ਦੇ ਬੱਚੇ ਨੂੰ ਅਹਿਸਾਸ ਹੋਇਆ ਕੇ ਮੇਰੀ ਤਾਂ ਮੱਤ ਹੀ ਮਾਰੀ ਗਈ ਸੀ। ਮੈਂ ਤਾਂ ਜੰਗਲ਼ ਦਾ ਬਾਦਸ਼ਾਹ ਸੀ। ਏਸੇ ਤਰ੍ਹਾਂ ਸਿੱਖ ਭਾਈ ਚਾਰਾ ਵੀ ਕਈ ਬਾਹਰੀ ਤੇ ਅੰਦਰੂਨੀ ਪ੍ਰਭਾਵਾਂ ਕਰਕੇ ਆਪਣੀ ਅਸਲੀ ਪਹਿਛਾਣ ਤੋਂ ਨਾ-ਵਾਕਿਫ਼ ਹੁੰਦਾ ਜਾ ਰਿਹਾ ਸੀ। ਇਹਨਾਂ ਕਈ ਪ੍ਰਭਾਵਾਂ ਕਰਕੇ ਸਿੱਖੀ ਦੀ ਗਵਾਚ ਰਹੀ ਦਿੱਖ ਨੂੰ ਕਾਇਮ ਰੱਖਣ ਲਈ ਸਿੱਖ ਚਿੰਤਕਾਂ ਨੇ ਪੁਰਜ਼ੋਰ ਹਮਲੇ ਮਾਰਨੇ ਸ਼ੁਰੂ ਕੀਤੇ।

ਇਸ ਦੀ ਪਹਿਲੀ ਪ੍ਰਾਪਤੀ ਸੰਨ ੧੯੦੫ ਈ. ਨੂੰ ਹੋਈ; ਜਦੋਂ ਸਿੰਘ ਸਭਾ ਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚੋਂ ਮੂਰਤੀਆਂ ਨੂੰ ਚੁਕਵਾਇਆ। ਸਨਾਤਨੀ ਪੁਜਾਰੀ ਤੇ ਸਨਾਤਨੀ ਮਤ ਵਾਲੇ ਸਿੱਖਾਂ ਨੇ ਵਿਰੋਧਤਾ ਕੀਤੀ। ਮਹਾਂਰਾਜਾ ਹੀਰਾ ਸਿੰਘ ਨੂੰ ਆਪਣਾ ਦਖ਼ਲ ਦੇਣ ਲਈ ਆਖਿਆ ਪਰ ਉਸ ਨੇ ਸਾਫ਼ ਨਾਹ ਕਰ ਦਿੱਤੀ। ਹਜ਼ੂਰ ਸਾਹਿਬ ਦੇ ਪੁਜਾਰੀਆਂ ਤੋਂ ਹੁਕਮਨਾਮਾ ਜਾਰੀ ਕਰਵਾਇਆ ਕਿ ‘ਸਿੰਘ ਸਭਾ’ ਨੂੰ ਮਿਲਵਰਤਣ ਨਾ ਦਿੱਤਾ ਜਾਏ। ਅਜੇਹੇ ਪੰਥ ਵਿਰੋਧੀਆਂ ਹੁਕਨਾਮਿਆਂ ਦੀ ਪ੍ਰਵਾਹ ਕੀਤੇ ਬਗ਼ੈਰ ਸਿੰਘ ਸਭਾ ਲਹਿਰ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਭਰਪੂਰ ਯਤਨ ਕੀਤੇ। ਪੰਥ ਦਾ ਦਰਦ ਰੱਖਣ ਵਾਲੇ ਨੌਜਵਾਨਾਂ ਅੰਦਰ ਕੁੱਝ ਕਰਨ ਦੀ ਚਾਹਤ ਪੈਦਾ ਹੋਈ ਨਵੀਂ ਚੇਤਨਤਾ ਅਨੁਸਾਰ ਇਤਿਹਾਸਕ ਗੁਰਦੁਆਰਿਆਂ ਨੂੰ ਛੱਡ ਕੇ ਬਾਕੀ ਸਭ ਗੁਰਦੁਆਰਿਆਂ ਦੇ ਨਾਂ “ਸ੍ਰੀ ਗੁਰੂ ਸਿੰਘ ਸਭਾ” ਰੱਖਣੇ ਸ਼ੁਰੂ ਕਰ ਦਿੱਤੇ ਪਰ ਅੱਜ ਫਿਰ ਦੇਖਣ ਵਿੱਚ ਆ ਰਿਹਾ ਹੈ ਕਿ ਪਿੱਛਲੇ ਕੁੱਝ ਸਮੇਂ ਤੋਂ ਗੁਰਦੁਆਰਿਆਂ ਦੇ ਨਾਂ ਠਾਠਾਂ, ਆਸ਼ਰਮਾਂ, ਧਾਮ, ਡੇਰਿਆਂ ਤੇ ਜਾਤ ਬਰਾਦਰੀ ਦੇ ਆਧਾਰਿਤ ਰੱਖਣ ਦਾ ਰੁਝਾਨ ਪੰਥ ਵਿੱਚ ਵਧਿਆ ਹੈ। ਬਾਹਰਲੇ ਮੁਲਕਾਂ ਵਿੱਚ ਇਹ ਰੁਝ੍ਹਾਨ ਹੋਰ ਵੀ ਜ਼ਿਆਦਾ ਹੈ।

ਜਿਵੇਂ ਹੀ ਨਵੀਂ ਸੋਚ ਉਘੜ੍ਹਨੀ ਸ਼ੁਰੂ ਹੋਈ ਤਾਂ ਇਹ ਮਹਿਸੂਸ ਹੋਣ ਲੱਗਾ ਕਿ ਪੰਥ ਦੇ ਭਲੇ ਲਈ ਸਭ ਤੋਂ ਪਹਿਲੋਂ ਗੁਰਦੁਆਰਿਆਂ ਦੀ ਮਰਯਾਦਾ ਇਕਸਾਰ ਹੋਣੀ ਚਾਹੀਦੀ ਹੈ। ਆ ਰਹੀਆਂ ਚਣੌਤੀਆਂ ਦਾ ਸਿਧਾਂਤਿਕ ਤੇ ਵਿਗਿਆਨਕ ਢੰਗ ਨਾਲ ਟਾਕਰਾ ਕਰਨ ਲਈ ਮਜ਼ਬੂਤ ਸੰਸਥਾ ਦਾ ਹੋਣਾ ਜ਼ਰੂਰੀ ਹੈ। ਇਹ ਸੰਸਥਾ ਐਸੀ ਹੋਣੀ ਚਾਹੀਦੀ ਹੈ ਜੋ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਵੇ। ਸਿੱਖ ਚਿੰਤਕਾਂ, ਪ੍ਰਮੁੱਖ ਜੱਥੇਬੰਦੀਆਂ ਦੇ ਆਗੂ, ਸਿੱਖ ਫ਼ੌਜੀਆਂ, ਸਿੱਖ ਰਿਆਸਤਾਂ ਦੇ ਆਗੂਆਂ ਤੇ ਬੁੱਧੀ—ਜੀਵੀਆਂ ਦਾ ੧੫ ਨਵੰਬਰ, ੧੯੨੦ ਈਸਵੀ ਨੂੰ ਸ੍ਰੀ ਅਕਾਲ ਤੱਖਤ `ਤੇ ਇਕੱਠ ਸੱਦਿਆ ਗਿਆ। ਬਹੁਤ ਹੀ ਡੂੰਘੀਆਂ ਵੀਚਾਰਾਂ ਵਿਚਾਰੀਆਂ ਕੀਤੀਆਂ ਗਈਆਂ। ਇਹਨਾਂ ਡੂੰਘੀਆਂ ਸੋਚਾਂ ਉਪਰੰਤ ਸਰਬ-ਸੰਮਤੀ ਨਾਲ ਇਹ ਰਾਇ ਕਾਇਮ ਕੀਤੀ ਗਈ ਕਿ ੧੭੫ ਸਿੰਘਾਂ ਦੀ ਕਮੇਟੀ ਕਾਇਮ ਕੀਤੀ ਜਾਏ। ਜਿਸ ਦਾ ਨਾਂ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ੍ਰੀ ਅੰਮ੍ਰਿਤਸਰ” ਰੱਖਿਆ ਜਾਏ। ਬਕਾਇਦਾ ੧੨ ਦਸੰਬਰ, ੧੯੨੦ ਈਸਵੀ ਨੂੰ ਸ੍ਰੀ ਅਕਾਲ ਤੱਖਤ `ਤੇ ਇੱਕਠ ਹੋਇਆ, ਖੁਲ੍ਹੀਆਂ ਵੀਚਾਰਾਂ ਹੋਈਆਂ। ੩੦ ਅਪ੍ਰੈਲ, ੧੯੨੧ ਈਸਵੀ ਨੂੰ ਇਹ ਸੰਸਥਾ ਰਜਿਸਟ੍ਰਡ ਕਰਾਈ ਗਈ। ਫਿਰ ਲੋਕ—ਰਾਜੀ ਢੰਗ ਨਾਲ ਵੋਟਾਂ ਪਾ ਕੇ ਸਿਆਣੇ ਪਤਵੰਤੇ ਸਜਣਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਲਈ ਚੁਣਿਆਂ ਗਿਆ। ਇਹ ਮਹਾਨ ਸੰਸਥਾ ਸਿੱਖਾਂ ਦੀ ਪਾਰਲੀਮੈਂਟ ਬਣੀ। ਅੰਗਰੇਜ਼ ਸਰਕਾਰ ਤੇ ਸਨਾਤਨੀ ਮਤ ਵਾਲਿਆਂ ਨੇ ਅੰਦਰ-ਖ਼ਾਤੇ ਆਪਣਾ ਵਿਰੋਧ ਜਾਰੀ ਰੱਖਿਆ। ਇਸ ਤਰ੍ਹਾਂ ਲੰਬੀ ਜਦੋ-ਜਹਿਦ ਦੇ ਉਪਰੰਤ ਇਸ ਕੇਂਦਰੀ ਸੰਸਥਾ ਨੇ ਆਪਣੀ ਹੋਂਦ ਨੂੰ ਬਣਾਇਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਚਲਾਉਣ ਲਈ ਅੰਤ੍ਰਿੰਗ ਕਮੇਟੀ ਦੀ ਚੋਣ ਕੀਤੀ ਗਈ। ਧਰਮ ਪਰਚਾਰ ਵਿੱਚ ਆਈ ਖੜੋਤ ਨੂੰ ਦੂਰ ਕਰਨ ਲਈ ‘ਧਰਮ-ਪਰਚਾਰ ਸਬ ਕਮੇਟੀ’ ਬਣਾਈ। ਸਿੱਖੀ ਨੂੰ ਅੰਦਰੋਂ ਤੇ ਬਾਹਰੋਂ ਜੋ ਖ਼ੋਰਾ ਲੱਗ ਰਿਹਾ ਸੀ, ਉਸ ਨੂੰ ਰੋਕਣ ਲਈ ਵਿਧੀ-ਵਿਧਾਨ ਬਣਾਇਆ। ਉਸ ਦਾ ਨਾਂ ਰੱਖਿਆ “ਪੰਥ-ਪਰਵਾਨਤ ਸਿੱਖ ਰਹਿਤ ਮਰਯਾਦਾ”। ਇਸ ਪੰਥ ਮਰਯਾਦਾ ਨੂੰ ਸਮਝਣ ਸਮਝਾਉਂਣ ਲਈ ਅਤੇ ਸਾਰੇ ਸਿੱਖ ਜਗਤ ਨੂੰ ਇੱਕ ਮਾਲਾ ਵਿੱਚ ਪਰੋਣ ਲਈ, ਸਿੱਖੀ ਦੇ ਉੱਚੀ-ਕੋਟੀ ਦੇ ਮਾਹਰਾਂ ਦੀ ਕਮੇਟੀ ਬਣਾਈ। ੧੨-੧੩ ਸਾਲਾਂ ਦੀ ਸੱਚੀ ਮਿਹਨਤ ਤੇ ਲਗਨ ਦਾ ਸਦਕਾ ਕੁੱਝ ਸੁਝਾਅ ਸੁਝਾਏ ਗਏ ਕਿ ਸੰਸਾਰ ਪੱਧਰ `ਤੇ ਆਪਣੀ ਦਿੱਖ ਤਥਾ ਆਪਣੇ ਨਿਆਰੇ-ਪਨ ਨੂੰ ਕਾਇਮ ਰੱਖਣ ਲਈ ਸਿੱਖ ਰਹਿਤ ਮਰਯਾਦਾ ਨੂੰ ਸਾਰੇ ਪੰਥ ਲਈ ਲਾਗੂ ਕੀਤਾ ਜਾਏ। ਜਨਮ-ਮਰਨ, ਵਿਆਹ, ਅੰਮ੍ਰਿਤ ਸੰਚਾਰ ਸਬੰਧੀ ਵਿਧੀ-ਵਿਧਾਨ ਇਸ ਵਿੱਚ ਅੰਕਤ ਹੈ। ਸਿੱਖ ਦੀ ਪ੍ਰੀਭਾਸ਼ਾ ਕੀ ਹੈ? ਸਿੱਖ ਦੀ ਨਿਜੀ ਰਹਿਣੀ ਕੀ ਹੈ? ਗੁਰਦੁਵਾਰਿਆਂ ਵਿੱਚ ਸਵੇਰ ਸ਼ਾਮ ਦੀ ਕੀ ਮਰਯਾਦਾ ਹੋਣੀ ਚਾਹੀਦੀ ਹੈ? ਇਸ ਸਿੱਖ ਰਹਿਤ ਮਰਯਾਦਾ ਵਿੱਚ ਵਿਸਥਾਰ ਨਾਲ ਅੰਕਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਰਹਿਤ ਮਰਯਾਦਾ ਤਿਆਰ ਕਰਵਾ ਕੇ ਆਪਣੇ ਫ਼ਰਜ਼ ਦੀ ਸੋਹਣੇ ਢੰਗ ਨਾਲ ਪੂਰਤੀ ਕੀਤੀ। ਸ੍ਰੀ ਅਕਾਲ ਤੱਖਤ ਦੀ ਮਹਾਨਤਾ ਨੂੰ ਮੁੱਖ ਰੱਖ ਕੇ ਇਸ ਸਿੱਖ ਰਹਿਤ ਮਰਯਾਦਾ ਨੂੰ ਉਸ ਰਾਂਹੀ ਲਾਗੂ ਕਰਵਾਇਆ। ਇਸ ਕੇਂਦਰੀ ਸੰਸਥਾ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਖ਼ਾਲਸਾ ਪੰਥ ਨੂੰ ਏਕਤਾ ਵਿੱਚ ਪਰੋਣ ਦਾ ਸਾਰਥਿਕ ਯਤਨ ਕੀਤਾ। ਬਹੁਤ ਹੀ ਕਰੜਿਆਂ ਇਮਤਿਹਾਨਾਂ ਵਿੱਚ ਦੀ ਲੰਘਦਿਆਂ ਇਸ ਕਮੇਟੀ ਨੇ ਸਫ਼ਰ ਤਹਿ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੂੰ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ। ਬਹੁਤ ਸਾਰੇ ਮੈਂਬਰਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਹੋਈਆਂ। ਗੁਰਦੁਆਰਿਆਂ ਦੇ ਪ੍ਰਬੰਧ ਲਈ ਜ਼ਿਉਂਦਿਆਂ ਸੜਨਾ ਪਿਆ, ਉਮਰ ਕੈਦਾਂ ਹੋਈਆਂ, ਜਾਇਦਾਦਾਂ ਕੁਰਕ ਹੋਈਆਂ, ਅਨੇਕਾਂ ਕਸ਼ਟ ਸਹਾਰਨੇ ਪਏ। ਪਰ ਉਹਨਾਂ ਮੈਂਬਰਾਂ ਅੰਦਰ ਇੱਕ ਪੰਥਕ ਹੂਕ ਸੀ, ਪੰਥਕ ਦਰਦ ਸੀ ਸਮੁੱਚੇ ਪੰਥ ਦਾ ਕਿ ਗੁਰੂ ਗ੍ਰੰਥ ਦੀ, ਗੁਰੂ ਪੰਥ ਦੀ ਵਿਲੱਖਣਤਾ ਕਇਮ ਰਹਿ ਸਕੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰਸੰਦੇਹ ਬਹੁਤ ਹੀ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ—ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਂਦਾ। ਹਸਪਤਾਲ, ਸਕੂਲ, ਕਾਲਜ ਤੇ ਸਰਾਵਾਂ ਬਣਾਈਆਂ। ਸੰਸਾਰ ਭਰ ਵਿੱਚ ਵਿਚਰ ਰਹੇ ਸਿੱਖ ਭਾਈਚਾਰੇ ਦੀ ਅਗਵਾਈ ਕਰਨ ਦਾ ਯਤਨ ਕੀਤਾ ਤੇ ਕਰਦੀ ਰਹੀ ਹੈ। ਦੇਸ਼-ਵਿਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸਿੱਖ ਭਾਈ ਚਾਰੇ ਨੂੰ ਮੁਸ਼ਕਲ ਪੇਸ਼ ਆਈ ਹੈ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਭੂਮਿਕਾ ਨਿਭਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬੇ ਸਮੇਂ ਤੋਂ ਪ੍ਰਧਾਨਗੀ ਨਾਲ ਜੁੜਨ ਕਰਕੇ ਕਈ ਕਮੰਜ਼ੋਰੀਆਂ ਵੀ ਆ ਗਈਆਂ ਜਾਂ ਕਮੰਜ਼ੋਰੀਆਂ ਪਾਲ਼ੀਆਂ ਗਈਆਂ। ਸ੍ਰੀ ਅਕਾਲ ਤੱਖਤ ਨੂੰ ਨਿੱਜੀ ਹੱਥਾਂ ਵਿੱਚ ਵਰਤਣ ਦਾ ਰੁਝਾਨ ਪੈਦਾ ਹੋ ਗਿਆ, ਜਿਸ ਦੇ ਦੂਰ-ਰਸ ਪ੍ਰਭਾਵ ਪਏ ਹਨ। ਉਹਨਾਂ ਤਮਾਮ ਪ੍ਰਭਾਵਾਂ ਦਾ ਸਿੱਖਰ ਅੱਜ ਸਾਡੇ ਸਾਹਮਣੇ ਹੈ। ਜੇ ਕਰ ਸ੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਨੂੰ ਕੁਰਸੀ ਛੱਡਣੀ ਪਈ ਤਾਂ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਕਰ ਰਹੇ ਸੰਤ ਸਮਾਜ ਦੀ ਜਾ ਸਰਪ੍ਰਸਤੀ ਕੀਤੀ। ਜੇ ਪ੍ਰਧਾਨ ਨੂੰ ਪ੍ਰਧਾਨਗੀ ਛੱਡਣੀ ਪਈ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਕਰ ਰਹੀਆਂ ਪੰਥ ਵਿਰੋਧੀ ਸ਼ਕਤੀਆਂ ਦੀ ਬੇੜੀ ਵਿੱਚ ਜਾ ਸਵਾਰ ਹੋਏ। ਸਿਧਾਂਤ ਦੇ ਵਿਧਾਨ ਨੂੰ ਕਿਲੀ `ਤੇ ਟੰਗ ਦਿੱਤਾ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਨੰਤਰ ਵਿਸ਼ਵ ਕੌਂਸਿਲ ਦੀ ਸਥਾਪਨਾ ਕਰਨੀ, ਕੇਂਦਰੀ ਸੰਸਥਾ ਨੂੰ ਕਮਜ਼ੋਰ ਕਰਨ ਲਈ ਰਚਿਆ ਅਡੰਬਰ ਹੈ। ਇਸ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੈ। ਸ੍ਰੀ ਅਕਾਲ ਤੱਖਤ ਤੋਂ ਪ੍ਰਵਾਨਿਤ ਰਹਿਤ ਮਰਯਾਦਾ ਅਨੁਸਾਰ ਜੋ ਜੱਥੇਬੰਦੀ ਸਿੱਖੀ ਦੇ ਪਰਚਾਰ ਵਿੱਚ ਲੱਗੀ ਹੈ, ਉਹ ਸਨਮਾਨ ਅਤੇ ਸਤਿਕਾਰ ਦੀ ਪਾਤਰ ਹੈ। ਜੋ ਸਭਾ- ਸੁਸਾਇਟੀ, ਸੰਤ ਸਮਾਜ, ਡੇਰਾਵਾਦੀ, ਧਾਮ ਨਿਵਾਸੀ, ਠਾਠਵਾਦੀ, ਪੰਥ ਪਰਵਾਨਤ ਰਹਿਤ ਮਰਯਾਦਾ ਨੂੰ ਹੀ ਨਹੀਂ ਮੰਨਦੇ ਤਾਂ ਫਿਰ ਅਜੇਹੇ ਠਾਠਾਂ ਬਾਠਾਂ ਦੀ ਨੁਮਾਇੰਦਗੀ ਨੂੰ ਸਮੁੱਚਾ ਪੰਥ ਕਿਵੇਂ ਕਬੂਲ ਸਕਦਾ ਹੈ ਜ਼ਰਾ ਸੋਚਣ ਦਾ ਵਿਸ਼ਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਨੂੰ ਬਰਕਰਾਰ ਰੱਖਣ ਲਈ ਫੌਰੀ ਤੌਰ ਤੇ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਸਿੱਖ ਪੰਥ ਵਿੱਚ ਬਹੁਤ ਹੀ ਦਾਨਸ਼ਵਰ, ਸਿਰੇ ਦੇ ਬੁੱਧੀ-ਜੀਵੀਏ ਹਨ ਜੋ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਕਰਕੇ ਬੜਾ ਤਜਰਬਾ ਰੱਖਦੇ ਹਨ। ਕਮੇਟੀ ਨੂੰ ਹਰ ਖੇਤਰ ਵਿੱਚ ਵਿਸ਼ਾ-ਮਾਹਰਾਂ ਦੀਆਂ ਕਮੇਟੀਆਂ ਬਣਾਉਂਣੀਆਂ ਚਾਹੀਦੀਆਂ ਹਨ। ਜੋ ਸਮੇਂ ਸਮੇਂ ਡੂੰਘਾ ਅਧਿਐਨ ਕਰਕੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਦੇਣ ਨਾ ਵਿਸ਼ਵ ਕੌਂਸਿਲ ਵਾਂਗ ਪੈਸੇ ਦੇ ਲੈਣ ਦੇਣ ਵਿੱਚ ਲਿਬੱੜ ਕੇ ਰਹਿ ਜਾਣ। ਇੱਕਵੀਂ ਸਦੀ ਦੀਆਂ ਆ ਰਹੀਆਂ ਚਣੌਂਤੀਆਂ ਦਾ ਸਾਹਮਣਾ ਕਰਨ ਲਈ ਕਮੇਟੀ ਠੋਸ ਕਦਮ ਚੁੱਕੇ। ਸਭ ਤੋਂ ਪਹਿਲਾਂ ਆਪਣਾ ਅਜ਼ਾਦ ਪ੍ਰੈੱਸ ਕਾਇਮ ਕਰਨ ਦਾ ਸਾਰਥਿਕ ਯਤਨ ਕਰੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ ਵਿੱਚ ਦੋ ਵਾਰ ਜਨਰਲ ਇਜਲਾਸ ਹੋਵੇ। ਇਹ ਇਜਲਾਸ ਘੱਟੋ-ਘੱਟ ਇੱਕ ਹਫਤਾ ਚੱਲੇ। ਹਰ ਮੈਂਬਰ ਨੂੰ ਵਿਚਾਰ ਰੱਖਣ ਦਾ ਮੌਕਾ ਦਿੱਤਾ ਜਾਏ। ਹਰ ਮੈਂਬਰ ਦੀਆਂ ਆਪਣੇ ਹਲਕੇ ਵਿੱਚ ਧਰਮ ਪਰਚਾਰ ਲਈ ਕੀਤੀਆਂ ਸਰਗਰਮੀਆਂ ਦਾ ਲੇਖਾ ਜੋਖਾ ਹੋਵੇ। ਸਮੁੱਚੇ ਵਿਸ਼ਵ ਵਿੱਚ ਵੱਸੇ ਸਿੱਖ ਭਾਈਚਾਰੇ ਦੀਆਂ ਖੁਲ੍ਹੀਆਂ ਵੀਚਾਰਾਂ ਹੋਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲ ਵਿੱਚ ਇੱਕ ਵਾਰੀ ਵਿਸਾਖ਼ੀ `ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ, ਉੱਥੋਂ ਦੇ ਨੁਮਾਇੰਦਿਆਂ ਨੂੰ ਸ੍ਰੀ ਅਕਾਲ ਤੱਖ਼ਤ `ਤੇ ਸਿਰ ਜੋੜ ਕੇ ਬੈਠਣ ਦਾ ਸੱਦਾ ਦੇਵੇ। ਸਿੱਖ ਸਭਿਆਚਾਰ ਦੀਆਂ ਗੁਰਮਤਿ ਕਦਰਾਂ ਕੀਮਤਾਂ ਦੀ ਭਖ਼ਵੀਂ ਤੇ ਸਿਹਤਮੰਦ ਬਹਿਸ ਹੋਵੇ। ਅੱਜ ਦੁੱਖ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਏ ਇਤਿਹਾਸਕ ਫ਼ੈਸਲਿਆਂ ਨੂੰ ਸਨਾਤਨੀ ਮਤ ਵਾਲ਼ਿਆਂ ਲਾਗੂ ਨਹੀਂ ਹੋਣ ਦਿੱਤਾ। ਅਜੇਹੀ ਸੋਚ ਵਾਲਿਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸਿਧਾਂਤ ਨੂੰ ਖੋਰਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਮੈਂਬਰ ਦਾ ਇਖ਼ਲਾਕੀ ਫ਼ਰਜ਼ ਹੈ ਕਿ ਇਸ ਦੇ ਗੌਰਵ ਮਈ ਵਿਰਸੇ ਨੂੰ ਸੰਭਾਲ਼ੇ। ਕੇਂਦਰੀ ਸੰਸਥਾ ਨੂੰ ਕਮਜ਼ੋਰ ਹੋਣ ਤੋਂ ਬਚਾਵੇ। ਅੱਜ ਸੈਂਕੜੇ ਜੱਥੇਬੰਦੀਆਂ ਆਪਣੇ ਆਪ ਨੂੰ ਪੰਥ ਹਤੈਸ਼ੀ ਦੱਸਦੀਆਂ ਹਨ ਪਰ ਗੁਰਮਤਿ ਨੂੰ ਸਨਾਤਨੀ ਮਤ ਨਾਲ ਮੇਲ ਕੇ ਪੇਸ਼ ਕਰ ਰਹੇ ਹਨ। ਦੇਖਣ ਨੂੰ ਇੰਜ ਲੱਗ ਰਿਹਾ ਹੈ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹ-ਸਤਹੀਣ ਹੁੰਦੀ ਜਾ ਰਹੀ ਹੋਵੇ। ਆਪਣੇ ਹੱਕ ਸਾਧ-ਲਾਣੇ ਪਾਸ ਗਿਰਵੀ ਰੱਖ ਰਹੀ ਹੈ।

ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦੀ ਕਰਜ-ਕਰਣੀ ਆਪਣੇ ਫ਼ਰਜ਼ ਦੀ ਪਹਿਛਾਣ ਤੇ ਸ਼ਨਾਖ਼ਤ ਕਰੇ। ਪੰਥ ਵਿਰੋਧੀ ਝੁੱਲੇ ਤੁਫ਼ਾਨਾ ਨੂੰ ਰੋਕੇ।

ਉੱਠੋ ਗੁਰ ਕੇ ਸਿੱਖੋ, ਉੱਠੋ ਜਾ ਨਿਸਾਰੋ।

ਗੁਰੂ ਕੇ ਫ਼ਲਕ ਪਰ ਚਮਕਤੇ ਸਿਤਾਰੋ

(ਪਿਛਲੇ ਕੁੱਝ ਸਾਲਾਂ ਤੋਂ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਹੁਣ ਆਰ. ਐੱਸ. ਐੱਸ. ਚਲਾ ਰਹੀ ਹੈ-ਸੰਪਾਦਕ)
.