.

ਇਕ ਸਫਰ, ਜਨਮ ਤੋਂ ਮੌਤ ਤਕ

ਪ੍ਰੋ: ਤਰਲੋਚਨ ਸਿੰਘ

ਲੈਕਚਰਾਰ ਫਿਜਿਕਸ ਵਿਭਾਗ।

ਖਾਲਸਾ ਕਾਲਜ, ਪਟਿਆਲਾ

+919888169226

ਅਸੀਂ ਸਫਰ ਵਿੱਚ ਹਾਂ, ਪਤਾ ਨਹੀਂ ਇਸ ਦੀ ਸ਼ੁਰੂਆਤ ਕਦੋਂ ਹੋਈ, ਜਦੋਂ ਹੋਸ ਸੰਭਾਲੀ ਇਹ ਸਫਰ ਜਾਰੀ ਸੀ, ਆਲੇ-ਦੁਆਲੇ ਨਾਲ ਹੁਣ ਸਾਂਝ ਬਣ ਚੁਕੀ ਹੈ, ਅਛਾ ਲਗ ਰਿਹਾ ਹੈ। ਕੁੱਝ ਚਿਹਰਿਆਂ ਨੂੰ ਹਰ ਰੋਜ ਵੇਖਦੇ ਹਾਂ ਜਿਹੜੇ ਇਸ ਸਫਰ ਵਿੱਚ ਸਾਡੇ ਭਾਈਵਾਲ ਹਨ, ਉਨ੍ਹਾ ਨਾਲ ਲੜਾਈ ਵੀ ਕਰਦੇ ਹਾਂ ਝਗੜਾ ਵੀ ਕਰਦੇ ਹਾਂ ਅਤੇ ਕਦੀ ਕਦੀ ਥੋੜਾ ਬਹੁਤ ਪਿਆਰ ਵੀ ਕਰਦੇ ਹਾਂ। ਕੁੱਝ ਨਵੇਂ ਵੀ ਹਨ ਜਿਹੜੇ ਹੁਣੇ-ਹੁਣੇ ਇਸ ਸਫਰ ਵਿੱਚ ਸਾਮਲ ਹੋਏ ਹਨ। ਕੁੱਝ ਮੁਸਾਫਿਰ ਸਟੇਸ਼ਨ ਆਉਣ ਤੇ ਸਾਨੂੰ ਅਲਵਿਦਾ ਕਹਿ ਰਹੇ ਹਨ। ਗਲ ਨਾਲ ਲਾ ਕੇ ਉਨ੍ਹਾਂ ਨੂੰ ਵਿਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲਈ ਡੋਲੀ ਤਿਆਰ ਹੈ। ਹੁਣ ਡੋਲੀ ਵਿੱਚ ਬਿਠਾਇਆ ਜਾ ਰਿਹਾ ਹੈ। ਡੋਲੀ ਵਿੱਚ ਬੈਠਣ ਵਾਲਿਆਂ ਨੇ ਸਾਨੂੰ ਇਸ ਤੋਂ ਬਾਅਦ ਕਦੀ ਨਹੀਂ ਮਿਲਨਾ।

Patta toota dal se, le gayi pavan udaye

Ab ke bichchade kab mile, door padenge jaye.

( The leaf broke away from the branch,

carried away by the gust of wind. Separated this moment,

when shall they meet? It drops on the ground far away)

ਇਸ ਲਈ ਗਲ ਨਾਲ ਲਗਣ ਲਗਿਆਂ ਅੱਖਾਂ ਭਰ ਜਾਂਦੀਆਂ ਹਨ। ਧਾਹਾਂ ਵੀ ਨਿਕਲ ਜਾਂਦੀਆਂ ਹਨ। ਵਿਛੜਨਾ ਤਾਂ ਹੈ ਹੀ। ਸਾਡੇ ਸਟੇਸ਼ਨ ਦਾ ਵੀ ਨਹੀਂ ਪਤਾ। ਕਦੋਂ ਸਟੇਸ਼ਨ ਮਾਸਟਰ ਦੇ ਆਰਡਰ ਆ ਜਾਣ ਕੇ ਉਤਰੋ ਥਲੇ। ਦਿਲ ਨਹੀਂ ਕਰੇਗਾ ਉਤਰਨ ਦਾ। ਆਪਣੇ ਸੰਗੀਆਂ ਸਾਥੀਆਂ ਨੂੰ ਵੇਖਾਂਗੇ ਕਿ ਉਹ ਤਾਂ ਅਜੇ ਸਫਰ ਵਿੱਚ ਹਨ। ਸਾਨੂੰ ਕਿਉਂ ਉਤਾਰ ਰਹੇ ਹੋ? ਚੀਕਾਂ ਮਾਰਾਂਗੇ ਕੇ ਅਸੀ ਨਹੀਂ ਉਤਰਨਾ ਪਰ ਸਟੇਸ਼ਨ ਮਾਸਟਰ ਦੇ ਸਿਪਾਹੀ ਸਾਨੂੰ ਘਸੀਟਣਗੇ। ਉਹ ਰੋਲਾ ਪਾਉਣਗੇ ਕੇ ਵੇਖੋ ਟਰੇਨ ਨੂੰ ਚਲਣ ਦੋ। ਅਸੀਂ ਟਰੇਨ ਨੂੰ ਹੋਰ ਜਫਾ ਪਾ ਕੇ ਫੜ ਲਵਾਂਗੇ। ਪਰ ਅੰਤ ਸਾਨੂੰ ਉਤਾਰ ਦਿਤਾ ਜਾਏਗਾ। ਕੁੱਝ ਕੁ ਸਮੇਂ ਲਈ ਮੁਸਾਫਰਾਂ ਨੂੰ ਸਾਡੀ ਯਾਦ ਆਏਗੀ ਪਰ ਫਿਰ ਆਹਿਸਤਾ ਆਹਿਸਤਾ ਸਾਡਾ ਨਾਮੋ ਨਿਸ਼ਾਂ ਮਿਟ ਜਾਏਗਾ ਤੇ ਫਿਰ ਨਵੇਂ ਮੁਸਾਫਰ ਹੋਣਗੇ ਨਵਿਆਂ ਚਿਹਰਿਆਂ ਨਾਲ ਤੇ ਇਹ ਸਫਰ ਇਵੇਂ ਹੀ ਚਲਦਾ ਰਹੇਗਾ…………

ਕਈ ਮੁਸਾਫਰ ਸਫਰ ਇਵੇਂ ਕਰ ਰਹੇ ਹਨ ਜਿਵੇਂ ਕਿ ਇਹ ਉਨ੍ਹਾਂ ਦੀ ਮਜਬੂਰੀ ਹੋਵੇ। ਬਸ ਜਿਵੇਂ ਕਿਵੇਂ ਕਰੀ ਜਾ ਰਹੇ ਹਨ। ਕੋਈ ਆਨੰਦ ਨਹੀਂ, ਕੋਈ ਨਵਾਂਪਨ ਨਹੀਂ, ਸਮਾਂ ਪਾਸ ਕਰ ਰਹੇ ਹਨ, ਸਵੇਰ ਤੋਂ ਸ਼ਾਮ ਤਕ ਇਕੋ ਰੂਟੀਨ। ਅਸੀਂ ਇਹ ਖਿਆਲ ਹੀ ਨਹੀਂ ਕਰਦੇ ਕਿ ਆਖੀਰ ਸਾਡੀ ਜੀਵਨ ਯਾਤਰਾ ਦੀ ਮੰਜਿਲ ਕੀ ਹੈ? ਬਸ ਚਲੀ ਜਾ ਰਹੇ ਹਾਂ।

ਕੋਈ ਸੱਜਣ ਰੇਲ ਵਿੱਚ ਸਫਰ ਕਰ ਰਹੇ ਸਨ। ਟਿਕਟ ਚੈਕਰ ਨੇ ਟਿਕਟ ਮੰਗੀ। ਉਨ੍ਹਾਂ ਨੇ ਟਿਕਟ ਕੱਢਣ ਲਈ ਜੇਬ ਵਿੱਚ ਹੱਥ ਮਾਰਿਆ, ਟਿਕਟ ਨਾ ਮਿਲਿਆ, ਫਿਰ ਸੂਟਕੇਸ ਖੋਲ੍ਹਿਆ ਟਿਕਟ ਲੱਭਣ ਲਈ, ਸਾਰਾ ਸਮਾਨ ਬਾਹਰ ਉਲਟਾ ਇੱਤਾ, ਫਿਰ ਦੂਜਾ ਸੂਟਕੇਸ ਉਲਟਾਇਆ, ਬਿਸਤਰ ਖੋਲਿਆ, ਉਸ ਵਿਚੋਂ ਵੀ ਟਿਕਟ ਨਾ ਲੱਭਾ। ਇਹ ਸਭ ਵੇਖ ਟਿਕਟ ਚੈਕਰ ਹੈਰਾਨ ਹੋ ਰਿਹਾ ਸੀ। ਉਹ ਚੰਗਾ ਇਨਸਾਨ ਸੀ, ਬੋਲਿਆ “ਰਹਿਣ ਦਿਉ ਤੁਹਾਡੇ ਤੋਂ ਟਿਕਟ ਜਿਆਦਾ ਹੀ ਸੰਭਾਲਿਆ ਗਿਆ ਹੈ। ਤੁਸੀ ਭਲੇ ਇਨਸਾਨ ਹੋ, ਬਿਨਾ ਟਿਕਟ ਤਾਂ ਹੋਵੋਗੇ ਨਹੀਂ”। ਉਹ ਸੱਜਣ ਖਿਝ ਕੇ ਬੋਲਿਆ, “ਮੈਂ ਟਿਕਟ ਸਿਰਫ ਇਸ ਲਈ ਨਹੀਂ ਲਭ ਰਿਹਾ ਕਿ ਤੁਹਾਨੂੰ ਵਿਖਾਉਣਾ ਹੈ ਬਲਕਿ ਇਸ ਲਈ ਲੱਭ ਰਿਹਾ ਹਾਂ ਕਿ ਵੇਖ ਸਕਾਂ ਕਿ ਮੈਂ ਜਾਣਾ ਕਿੱਥੇ ਹੈ? । ਇਹ ਹੈ ਸਾਡਾ ਸਫਰ, ਜਿਥੇ ਰਸਤੇ ਦਾ ਪਤਾ ਹੀ ਨਹੀਂ। ਟਰੇਨ ਵਿੱਚ ਸਵਾਰ ਹਾਂ ਪਰ ਮੰਜਿਲ ਦਾ ਪਤਾ ਨਹੀਂ।

ਸਿਰੀਰਾਗੁ ਮਹਲਾ ੧ ਘਰੁ ੨॥ ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ॥ ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ॥ ੧॥ ਦੁਨੀਆ ਕੈਸਿ ਮੁਕਾਮੇ॥ ਕਰਿ ਸਿਦਕੁ, ਕਰਣੀ ਖਰਚੁ ਬਾਧਹੁ, ਲਾਗਿ ਰਹੁ ਨਾਮੇ॥ ੧॥ ਰਹਾਉ॥ ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ॥ ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ॥ ੨॥ ਸੁਰ ਸਿਧ ਗਣ ਗੰਧਰਬ ਮੁਨਿ ਜਨ, ਸੇਖ ਪੀਰ ਸਲਾਰ॥ ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ॥ ੩॥ ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ॥ ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ॥ ੪॥ ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ॥ ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ॥ ੫॥ ਅਲਾਹੁ ਅਲਖੁ ਅਗੰਮ, ਕਾਦਰੁ ਕਰਣਹਾਰੁ ਕਰੀਮੁ॥ ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ॥ ੬॥ ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥ ੭॥ ਦਿਨ ਰਵਿ ਚਲੈ, ਨਿਸਿ ਸਸਿ ਚਲੈ, ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬਗੋਇ॥ ੮॥ ੧੭॥

ਸਿਰੀਰਾਗੁ ਮਹਲਾ ੫ ਘਰੁ ੨॥ ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ॥ ਮੁਹਲਤਿ ਪੁੰਨੀ ਚਲਣਾ, ਤੂੰ ਸੰਮਲੁ ਘਰਬਾਰੁ॥ ੧॥ ਹਰਿ ਗੁਣ ਗਾਉ ਮਨਾ, ਸਤਿਗੁਰੁ ਸੇਵਿ ਪਿਆਰਿ॥ ਕਿਆ ਥੋੜੜੀ ਬਾਤ ਗੁਮਾਨੁ॥ ੧॥ ਰਹਾਉ॥ ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ॥ ਕਿਆ ਤੂੰ ਰਤਾ ਗਿਰਸਤ ਸਿਉ, ਸਭ ਫੁਲਾ ਕੀ ਬਾਗਾਤਿ॥ ੨॥ ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ॥ ਸਰਪਰ ਉਠਿ ਚਲਣਾ ਛਡਿ ਜਾਸੀ ਲਖ ਕਰੋੜਿ॥ ੩॥ ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥ ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ॥ ੪॥ ੨੧॥ ੯੨॥ {ਪੰਨਾ ੫੦}

ਆਓ ਪ੍ਰਭੂ ਨੂੰ ਦੁਆ ਕਰੀਏ ਕਿ ਉਹ ਸਾਨੂੰ ਐਨੀ ਸ਼ਕਤੀ ਦੇਵੇ ਜਿਸ ਨਾਲ ਅਸੀਂ ਇਹ ਸਫਰ ਹੱਸਦਿਆਂ ਖੇਡਦਿਆਂ ਖੁਸ਼ੀ-ਖੁਸ਼ੀ ਤਹਿ ਕਰ ਸਕੀਏ ਅਤੇ ਆਪਣੀ ਮੰਜਿਲ ਨੂੰ ਪਹਿਚਾਣਦੇ ਹੋਏ ਉਸ ਤੱਕ ਅਪੜ ਸਕੀਏ।

ਤਰਲੋਚਨ ਸਿੰਘ। ਪਟਿਆਲਾ




.