.

ਪੁਨਰਪਿ ਜਨਮ ਨਾ ਹੋਈ

ਜਦੋਂ ਗੁਰੂ ਨਾਨਕ ਪਾਤਸ਼ਾਹ ਸਿੱਖੀ ਦੇ ਮਹਿਲ ਦੀ ਉਸਾਰੀ ਕਰਨ ਲੱਗਦੇ ਹਨ ਤਾਂ ਉਹ ਆਪਣੇ ਹੀ ਆਵੇ ਦੀਆਂ ਇੱਟਾਂ ਵਰਤਦੇ ਹਨ। ਉਹ ਇਤਨੇ ਵਧੀਆ ਕਾਰੀਗਰ, ਘਾੜਤ-ਘੜਨ ਵਾਲੇ (ਆਰਕੀਟੇਕਟ), ਕਾਨੂੰਨ-ਸਾਜ਼ ਤੇ ਰੋਲ ਮਾਡਲ ਹਨ ਕਿ ਉਹ ਪੁਰਾਣੇ ਚੱਲੇ ਆ ਰਹੇ ਮੱਤ-ਮਤਾਂਤ੍ਰਾਂ ਦੀ ਝੂਠ ਦੀ ਉਸਾਰੀ ਹੋਈ ਦੁਕਾਨ ਦਾ ਨਾਮ ਤਾਂ ਵਰਤਦੇ ਹਨ ਪਰ ਝੂਠੀ ਦੁਕਾਨ ਵਿਚੋਂ ਆਪਣੇ ਨਿਰਮਲ ਪੰਥ ਦੀ ਉਸਾਰੀ ਵਾਸਤੇ ਇੱਕ ਰਾਈ ਮਾਤਰ ਸੌਦਾ ਵੀ ਨਹੀ ਲੈਂਦੇ। ਇਸੇ ਕਰਕੇ ਹੀ ਤਾਂ ਭਾਈ ਗੁਰਦਾਸ ਜੀ ਇਹ ਲਿਖਦੇ ਹਨ: “ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ”। ਵਾਰ ਪਹਿਲੀ ਪਉੜੀ 45.

ਕਿਉਂਕਿ ਕਿਸੇ ਵੀ ਸਮਾਜ ਦੀ ਕਿਸੇ ਵੀ ਬੋਲੀ ਦੀ ਇੱਕ ਦਮ ਨਵੀਂ ਘਾੜਤ ਤਾਂ ਘੜੀ ਨਹੀ ਜਾ ਸਕਦੀ ਇਸ ਕਰਕੇ ਉਨ੍ਹਾਂ ਨੂੰ ਆਪਣੇ ਨਵੇਂ ਵੀਚਾਰਾਂ ਲਈ ਪੁਰਾਣੀ ਬੋਲੀ ਦੀ ਹੀ ਵਰਤੋਂ ਕਰਨੀ ਪੈਂਦੀ ਹੈ ਇਸ ਕਰਕੇ ਬਾਬਾ ਨਾਨਕ ਜੀ ਨੇ ਸਮਾਜ ਵਿੱਚ ਪ੍ਰਚੱਲਤ ਸਾਰੇ ਨਾਮ ਵਰਤੇ ਜਿਵੇ: ਕਾਮਧੇਨ ਗਊ, ਕਲਪ ਬ੍ਰਿਛ, ਨਰਕ-ਸਵਰਗ, ਇੰਦਰ, ਬ੍ਰਹਮਾ, ਈਸਰ, ਰਘੂਪਤ ਰਾਜਾ, ਜਮਰਾਜ, ਜਮਦੂਤ, ਲੇਖਾ, ਅੰਮ੍ਰਿਤ, ਸ਼ੇਸ਼ਨਾਗ, ਪਾਰਬਤੀ ਮਾਈ, ਦੇਵੀ ਦੇਵਾ, ਮਾਤਾ ਪਿਤਾ, ਆਵਾਗਵਣ, ਪੁਨਰ ਜਨਮ ਆਦਿ ਪਰ ਇਨ੍ਹਾਂ ਸਾਰਿਆਂ ਅੱਖਰਾਂ ਨੂੰ ਮਤਲਬ ਆਪਣੇ ਦਿੱਤੇ ਹਨ। ਜਿਵੇਂ ਮਾਤਾ ਪਿਤਾ। ਇਨ੍ਹਾਂ ਲਫਜ਼ਾਂ ਦੇ ਮਤਲਬ ਆਪਾਂ ਗੁਰਬਾਣੀ ਵਿਚੋਂ ਲੱਭਣੇ ਹਨ। ਗੁਰਬਣੀ ਨੂੰ ਕਿਸੇ ਹੋਰ ਮੱਤ ਮਤਾਂਤ੍ਰ ਦੀਆਂ ਐਨਕਾਂ ਲਾ ਕੇ ਵੇਖਾਂਗੇ ਤਾਂ ਅਸੀਂ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਵਾਲਾ ਮੱਤ, ਜੋ ਕਿ ਵੇਦਾਂਤ ਮੱਤ ਦਾ ਹੀ ਬਦਲਿਆ ਰੂਪ ਹੈ ਅਤੇ ਇਨ੍ਹਾਂ ਤੋਂ ਪੜ੍ਹਿਆ ਹੋਇਆ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੀ ਵੇਦਾਂਤੀ ਹੀ ਬਣਿਆਂ ਨਾ ਕਿ ਸਿੱਖ, ਹੀ ਗੁਰੂ ਗ੍ਰੰਥ ਵਿਚੋਂ ਲੱਭਾਗੇ ਜਾਂ ਸਿੱਖਾਂਗੇ।

ਗਉੜੀ ਮਹਲਾ 1॥ ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥ 1॥ ਕਹਣਾ ਹੈ, ਕਿਛੁ ਕਹਣੁ ਨ ਜਾਇ॥ ਤਉ ਕੁਦਰਤਿ ਕੀਮਤਿ ਨਹੀ ਪਾਇ॥ 1॥ ਰਹਾਉ॥ ਸਰਮ ਸੁਰਤਿ ਦੁਇ ਸਸੁਰ ਭਏ॥ {ਪੰਨਾ 151-152}

ਹੇ ਪ੍ਰਭੂ ! ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ, (ਕਿਉਂਕਿ) ਹੇ ਪ੍ਰਭੂ ! ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ—ਇਹ ਦੱਸਿਆ ਨਹੀਂ ਜਾ ਸਕਦਾ)। 1. ਰਹਾਉ।

ਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿੱਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿੱਚ ਰਹੇ), ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ)। 1. ; ਉੱਦਮ ਅਤੇ ਉੱਚੀ ਸੁਰਤਿ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ; ਤੇ ਹੇ ਮਨ ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ। 2. । ਉਪਰਲੇ ਸਲੋਕ ਰਾਹੀਂ ਸਾਨੂੰ ਮਾਤਾ ਪਿਤਾ, ਭਾਈ ਸੰਜੋਗ-ਵਿਜੋਗ, ਸਰਮ ਸੁਰਤ ਅਤੇ ਸਸੁਰ ਆਦਿ ਦੇ ਅਰਥਾਂ ਬਾਰੇ ਚਨਾਣਾ ਪੈਂਦਾ ਹੈ।

ਪਾਰਜਾਤੁ ਇਹੁ ਹਰਿ ਕੋ ਨਾਮ॥ ਕਾਮਧੇਨ ਹਰਿ ਹਰਿ ਗੁਣ ਗਾਮ॥ ਸਭ ਤੇ ਊਤਮ ਹਰਿ ਕੀ ਕਥਾ॥ ਨਾਮੁ ਸੁਨਤ ਦਰਦ ਦੁਖ ਲਥਾ॥ {ਪੰਨਾ 265}

ਇਨ੍ਹਾਂ ਪੰਗਤੀਆਂ ਵਿੱਚ ਇੰਦਰ ਦੇ ਬਾਗ ਵਿਚਲੇ ਪਾਰਜਾਤ ਰੁੱਖ ਤੇ ਕਾਮਧੇਨ ਗਊ, ਜੋ ਸਾਰੀਆਂ ਮਨੁੱਖੀ ਕਾਮਨਾਵਾਂ ਪੂਰੀਆਂ ਕਰਨ ਵਾਲੇ ਮੰਨੇ ਗਏ ਹਨ, ਨੂੰ ਕੱਟ ਕੇ ਸੱਚੇ ਪ੍ਰਮਾਤਮਾ ਦੇ ਨਾਲ ਜੁੜਨ ਦੀ ਤਾਗੀਦ ਕੀਤੀ ਗਈ ਹੈ। ਪਰ ਅਸੀਂ ਸੌਖਾ ਰਾਹ ਲੱਭਦੇ ਹਾਂ ਇਸ ਕਰਕੇ ਹੀ ਅਸੀਂ ਕੁਰਾਹੇ ਪਾਏ ਸੰਤ ਹਰੀ ਸਿੰਘ ਰੰਧਾਵੇ ਵਾਲੇ ਦੀ ਨਿਜੀ “ਕਲਗੀਧਰ ਅਕੈਡਮੀ ਦੁਗਰੀ” ਨੂੰ ਦਾਨ ਦੇ ਕੇ ਆਪਣੇ ਕੰਮ ਕਾਰ ਸਵਾਰਨ ਵਿੱਚ ਲੱਗ ਜਾਂਦੇ ਹਾਂ ਤੇ ਐਸੀ ਸੋਚ ਵਾਲੇ ਸਿੱਖਾਂ ਦੀ ਇਨ੍ਹਾਂ ਸੰਤਾਂ ਨੂੰ ਲੋੜ ਹੈ।

ਧਨਾਸਰੀ ਮਹਲਾ 4॥ ਇਛਾ ਪੂਰਕੁ ਸਰਬ ਸੁਖ ਦਾਤਾ ਹਰਿ, ਜਾ ਕੈ ਵਸਿ ਹੈ ਕਾਮਧੇਨਾ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ॥ 1॥ ਪੰਨਾ 669-670॥

ਇਸ ਸ਼ਬਦ ਵਿੱਚ ਵੀ ਗੁਰੂ ਜੀ ਨੇ ਇਛਾ ਪੂਰਕ ਕਾਮਧੇਨ ਗਊ ਨੂੰ ਕੱਟ ਕੇ ਹਰੀ ਦੇ ਨਾਮ ਨੂੰ ਸਰਵਉੱਚ ਦੱਸਕੇ ਭੋਲੀ ਭਾਲੀ ਜਨਤਾ ਨੂੰ ਸੱਚ ਨਾਲ ਜੁੜਨ ਦੀ ਤਾਗੀਦ ਕੀਤੀ ਹੈ।

ਜਬ ਏਕਹਿ ਹਰਿ ਅਗਮ ਅਪਾਰ॥ ਤਬ ਨਰਕ ਸੁਰਗ ਕਹੁ ਕਉਨ ਅਉਤਾਰ॥ ਜਬ ਨਿਰਗੁਨ ਪ੍ਰਭ ਸਹਜ ਸੁਭਾਇ॥ ਤਬ ਸਿਵ ਸਕਤਿ ਕਹਹੁ ਕਿਤੁ ਠਾਇ॥ ਜਬ ਆਪਹਿ ਆਪਿ ਅਪਨੀ ਜੋਤਿ ਧਰੈ॥ ਤਬ ਕਵਨ ਨਿਡਰੁ ਕਵਨ ਕਤ ਡਰੈ॥ ਆਪਨ ਚਲਿਤ ਆਪਿ ਕਰਨੈਹਾਰ॥ ਨਾਨਕ ਠਾਕੁਰ ਅਗਮ ਅਪਾਰ॥ 2॥ {ਪੰਨਾ 291}

ਇਨ੍ਹਾਂ ਪੰਗਤੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਨਰਕ ਸਵਰਗ ਪ੍ਰਮਾਤਮਾ ਦੇ ਬਣਾਏ ਹੋਏ ਨਹੀ ਹਨ ਸਗੋਂ ਇਹ ਚਲਾਕ ਪਰਜੀਵੀਆਂ (ਗਿਰਝਾਂ) ਦੀ ਕਾਢ ਹੈ। ਜਦੋਂ ਪ੍ਰਮਾਤਮਾ ਇਕੱਲਾ ਸੀ ਉਸ ਵਕਤ ਕੋਈ ਡਰਾਉਣ ਵਾਲਾ ਨਹੀ ਸੀ ਤੇ ਨਾ ਹੀ ਕੋਈ ਡਰ ਸੀ। ਦਸੋ ਸ਼ਿਵ ਸਕਤੀ ਉਸ ਵਕਤ ਕਿਥੇ ਬੈਠੀ ਸੀ? ਦਸੋਂ ਉਸ ਵਕਤ ਨਰਕ ਸੁਰਗ ਤੇ ਅਵਤਾਰ ਕਿਥੇ ਸਨ? ਸੋ ਇਹ ਤਰੀਕਾ ਹੈ ਗੁਰਬਾਣੀ ਨੂੰ ਸਮਝਣ ਦਾ।

ਕੁੱਝ ਲੋਕ ਇਸ ਤਰ੍ਹਾਂ ਕਹਿੰਦੇ ਵੀ ਸੁਣੇ ਗਏ ਹਨ ਕਿ ਦੇਖੋ ਜੀ ਬਾਣੀ ਵਿੱਚ ਬ੍ਰਹਮਾਂ ਇੰਦਰ ਤੇ ਸ਼ਿਵਜੀ ਦਾ ਵਰਨਣ ਕੀਤਾ ਹੋਇਆ ਹੈ ਇਸ ਕਰਕੇ ਇਨ੍ਹਾਂ ਪ੍ਰਤੀ ਮਾੜਾ ਸ਼ਬਦ ਬੋਲਣਾ ਪਾਪ ਹੈ। ਆਓ ਹੁਣ ਆਪਾਂ ਬਾਣੀ ਵਿਚੋਂ ਲੱਭਦੇ ਹਾ ਕਿ ਬ੍ਰਹਮਾ ਤੇ ਇੰਦਰ ਬਾਰੇ ਗੁਰੂ ਸਹਿਬਾਨ ਦਾ ਕੀ ਫੁਰਮਾਣ ਹੈ:

ਪ੍ਰਭਾਤੀ ਮਹਲਾ 1 ਦਖਣੀ॥ ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥ ਪੰਨਾ 1344॥

ਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ) ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ। (ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿੱਚ (ਉਸ ਕੁਕਰਮ ਤੇ) ਪਛੁਤਾਇਆ। 1. ਮਤਲਬ ਇੰਦਰ ਵਿਭਚਾਰੀ ਸੀ

ੴ ਸਤਿਗੁਰ ਪ੍ਰਸਾਦਿ॥ ਸਨਕ ਸਨੰਦ ਮਹੇਸ ਸਮਾਨਾਂ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ॥ 1॥ ਸੰਤ ਸੰਗਤਿ ਰਾਮੁ ਰਿਦੈ ਬਸਾਈ॥ 1॥ ਰਹਾਉ॥ ਹਨੂਮਾਨ ਸਰਿ ਗਰੁੜ ਸਮਾਨਾਂ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ॥ 2॥ ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ॥ ਕਮਲਾਪਤਿ ਕਵਲਾ ਨਹੀ ਜਾਨਾਂ॥ 3॥ ਕਹਿ ਕਬੀਰ ਸੋ ਭਰਮੈ ਨਾਹੀ॥ ਪਗ ਲਗਿ ਰਾਮ ਰਹੈ ਸਰਨਾਂਹੀ॥ 4॥ 1॥ {ਪੰਨਾ 691}

ਮੈਂ ਸੰਤਾਂ ਦੀ ਸੰਗਤਿ ਵਿੱਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ। 1. ਰਹਾਉ।

ਹੇ ਪ੍ਰਭੂ ! (ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ। 1.

(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ। 2.

ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ— (ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ; ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ। 3.

ਕਬੀਰ ਆਖਦਾ ਹੈ— (ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ, ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਹੈ। 4. 1.

ਹੋਰ ਪੂਜਾ ਛੱਡ ਕੇ ਇੱਕ ਪਰਮਾਤਮਾ ਦੇ ਸਦੀਵੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜੀਵਨ ਬਤੀਤ ਕਰਨਾ ਹੀ ਪ੍ਰਮਾਤਮਾ ਦਾ ਨਾਮ ਸਿਮਰਣ ਹੈ। ਬ੍ਰਹਮਾ, ਸ਼ਿਵ, ਵਿਸ਼ਨੂ, ਇੰਦਰ, ਬ੍ਰਹਮਾ ਦੇ ਪੁਤਰ ਅਤੇ ਹਨੁਮਾਨ ਵਰਗੇ ਵੀ ਪ੍ਰਮਾਤਮਾ ਦਾ ਭੇਦ ਨਹੀ ਜਾਣ ਸਕੇ। ਇਨ੍ਹਾਂ ਸਲੋਕਾਂ ਵਿੱਚ ਭਗਤ ਕਬੀਰ ਜੀ ਹਿੰਦੂ ਮੱਤ ਦੇ ਤਿੰਨਾਂ ਵੱਡਿਆਂ ਦੇਵਤਿਆਂ ਦੀ ਮਿੱਟੀ ਪਲੀਤ ਕਰਦੇ ਹਨ। ਗੁਰਬਾਣੀ ਇੰਦਰ ਨੂੰ ਮਾੜਾ ਕਹਿੰਦੀ ਹੈ ਤਾਂ ਸਾਨੂੰ ਕੀ ਸੱਪ ਸੁੰਘਦਾ ਹੈ ਮਾੜੇ ਨੂੰ ਮਾੜਾ ਕਹਿਣ ਲੱਗਿਆਂ। ਮਾੜੇ ਨੂੰ ਮਾੜਾ ਕਹਿਣਾ ਸਗੋਂ ਬਹਾਦਰੀ ਦੀ ਨਿਸ਼ਾਨੀ ਹੇ।

ਗੁਰਬਾਣੀ ਵਿੱਚ ਜੇ ਇੱਕਲਾ ‘ਪੁਨਰਪਿ’ ਲਫਜ਼ ਲੱਭੀਏ ਤਾਂ 12ਵਾਰੀਂ ਆਉਂਦਾ ਹੈ ਪਰ ਜੇ ਕਰ “ਪੁਨਰਪਿ ਜਨਮ” ਲੱਭੀਏ ਤਾਂ 11 ਵਾਰੀਂ ਆਉਂਦਾ ਹੈ। ਇਸ ਗਿਣਤੀ ਨਾਲ ਸਿਧਾਂਤਕ ਤੌਰ ਤੇ ਕੋਈ ਫਰਕ ਨਹੀ ਪੈਣ ਵਾਲਾ। ਨੀਚੇ ਲਿਖੇ ਸਾਰੇ ਸਲੋਕ ਪੁਨਰਪ ਜਨਮ ਦਾ ਖੰਡਨ ਕਰਦੇ ਹਨ। ਇਨ੍ਹਾਂ ਸਾਰੇ ਸਲੋਕਾਂ ਦੀ ਵਿਸਥਾਰ ਵਿੱਚ ਵਿਆਖਿਆ www.gurugranthdarpan.com ਤੇ ਜਾ ਕੇ ਦੇਖੀ ਜਾ ਸਕਦੀ ਹੈ।

ਮਹਲਾ 3 ਗਉੜੀ ਬੈਰਾਗਣਿ॥ ਬਾਬਾ ਤੂੰ ਐਸੇ ਭਰਮੁ ਚੁਕਾਹੀ॥ ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ॥ 1॥ ਰਹਾਉ॥ ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ॥ ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ॥ 2॥ ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ॥ ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ॥ 3॥ ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾ ਹੀ॥ ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ॥ 4॥ 1॥ 15॥ 35॥ {ਪੰਨਾ 162}

(ਹੇ ਪ੍ਰਭੂ ! ਸਭ ਥਾਂ) ਤੇਰਾ (ਹੀ) ਹੁਕਮ (ਵਰਤ ਰਿਹਾ) ਹੈ, (ਹਰ ਥਾਂ) ਤੂੰ ਆਪ ਹੀ (ਮੌਜੂਦ) ਹੈਂ— (ਜਿਸ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ ਉਸ ਨੂੰ) ਭੁਲੇਖਾ ਕਿੱਥੇ ਰਹਿ ਜਾਂਦਾ ਹੈ ? ਹੇ ਨਾਨਕ ! (ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤਿ ਪਰਮਾਤਮਾ ਦੀ ਜੋਤਿ ਵਿੱਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿਕ ਹਰੇਕ) ਤੱਤ (ਆਪਣੇ) ਤੱਤ ਨਾਲ ਮਿਲ ਜਾਂਦਾ ਹੈ। ਅਜੇਹੇ ਮਨੁੱਖ ਮੁੜ ਮੁੜ ਜਨਮ ਵਿੱਚ ਨਹੀਂ ਆਉਂਦੇ। 4. 1. 15. 35.

ਅਨਾਥਹ ਨਾਥ ਕਰੇ ਬਲਿ ਜਾਉ॥ ਪੁਨਰਪਿ ਜਨਮੁ ਨਾਹੀ ਗੁਣ ਗਾਉ॥ 5॥ {ਮ: 1, ਪੰਨ 224}

ਉਹ ਨਿਖਸਮਿਆਂ ਨੂੰ ਖਸਮ ਵਾਲਾ ਬਣਾ ਦੇਂਦਾ ਹੈ (ਉਹ ਹੈ ਅਸਲ ਜੋਗੀ, ਤੇ ਅਜੇਹੇ ਜੋਗੀ ਤੋਂ) ਮੈਂ ਕੁਰਬਾਨ ਹਾਂ। ਉਸ ਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ, ਉਹ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ। 5.

ਗਉੜੀ॥ ਸੁਨਿ ਮਨ ਮਗਨ ਭਏ ਹੈ ਪੂਰੇ, ਮਾਇਆ ਡੋਲ ਨ ਲਾਗੀ॥ ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ, ਖੇਲਿ ਗਇਓ ਬੈਰਾਗੀ॥ 4॥ 2॥ 53॥ {ਭਗਤ ਕਬੀਤ ਜੀ, ਪੰਨਾ 334-335}

(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ। ਹੇ ਕਬੀਰ। ਆਖ—ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ। 4. 2. 53.

ਆਸਾ ਮਹਲਾ 5॥ ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧ ਸੰਗਿ ਹਰਿ ਪਾਈਐ॥ ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ॥ 1॥ {ਪੰਨਾ 383}

ਣਾਣੈ ਰਵਤੁ ਰਹੈ ਘਟ ਅੰਤਰਿ, ਹਰਿ ਗੁਣ ਗਾਵੈ ਸੋਈ॥ ਆਪੇ ਆਪਿ ਮਿਲਾਏ ਕਰਤਾ, ਪੁਨਰਪਿ ਜਨਮੁ ਨ ਹੋਈ॥ 18॥ {ਮ: 1, ਪੰਨਾ 433}

ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਵਸਾ ਲਿਆ ਉਹ ਮਨੁੱਖ ਪ੍ਰਮਾਤਮਾ ਦੇ ਰਸਤੇ ਤੇ ਤੁਰਨ ਲੱਗ ਪੈਂਦਾ ਹੈ ਉਸ ਮਨੁੱਖ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ (ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਪਰ ਹੇ ਮਨ ! ਨਿਰੇ ਪੜ੍ਹ ਜਾਣ ਨਾਲ ਪੰਡਿਤ ਬਣ ਜਾਣ ਨਾਲ ਇਹ ਦਾਤਿ ਨਸੀਬ ਨਹੀਂ ਹੁੰਦੀ, ਪ੍ਰਮਾਤਮਾ ਦੇ ਗੁਣਾਂ ਨੂੰ ਅਮਲੀ ਰੂਪ ਦੇਣਾ ਪੈਂਦਾ ਹੈ।

ਆਸਾ॥ ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥ ਗਲੀ ਜਿਨ੍ਹ੍ਹਾ ਜਪਮਾਲੀਆ, ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥ 1॥ ਐਸੇ ਸੰਤ, ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ 1॥ ਰਹਾਉ॥ ਬਾਸਨ ਮਾਂਜਿ ਚਰਾਵਹਿ ਊਪਰਿ, ਕਾਠੀ ਧੋਇ ਜਲਾਵਹਿ॥ ਬਸੁਧਾ ਖੋਦਿ ਕਰਹਿ ਦੁਇ ਚੂਲੇ ਸਾਰੇ ਮਾਣਸ ਖਾਵਹਿ॥ 2॥ ਓਇ ਪਾਪੀ ਸਦਾ ਫਿਰਹਿ ਅਪਰਾਧੀ, ਮੁਖਹੁ ਅਪਰਸ ਕਹਾਵਹਿ॥ ਸਦਾ ਸਦਾ ਫਿਰਹਿ ਅਭਿਮਾਨੀ, ਸਗਲ ਕੁਟੰਬ ਡੁਬਾਵਹਿ॥ 3॥ ਜਿਤੁ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ, ਪੁਨਰਪਿ ਜਨਮਿ ਨ ਆਵੈ॥ 4॥ 2॥ {ਭਗਤ ਕਬੀਰ ਜੀ, ਪੰਨਾ 476}

ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ॥ ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ॥ 4॥ ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ॥ ਤਿਸੁ ਕਾਰਣਿ ਕੰਮੁ ਨ ਧੰਧਾ, ਨਾਹੀ ਧੰਧੈ ਗਿਰਹੀ ਜੋਗੀ॥ 5॥ ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ॥ {ਪੰਨਾ 503, ਮ: 1}

ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ॥ ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ॥ 7॥ {ਪੰਨਾ 504-505}

ਪਰਮਾਤਮਾ (ਮਾਨੋ) ਪਵਿਤ੍ਰ ਜਲ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ) ਮਨ (ਇਸ ਪਵਿਤ੍ਰ ਜਲ ਵਿਚ) ਇਸ਼ਨਾਨ ਕਰਨ ਜੋਗਾ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਆਪਣੇ ਮਨ ਵਿੱਚ ਸਤਿਗੁਰੂ ਪਿਆਰਾ ਲੱਗਦਾ ਹੈ ਉਸ ਦਾ ਮਨ (ਇਸ ਪਵਿਤ੍ਰ ਜਲ ਵਿਚ) ਚੁੱਭੀ ਲਾਂਦਾ ਹੈ। ਸਾਧ ਸੰਗਤਿ ਵਿੱਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ, (ਕਿਉਂਕਿ ਗੁਰੂ) ਉਸ ਦੀ ਜੋਤਿ ਪ੍ਰਭੂ ਦੀ ਜੋਤਿ ਵਿੱਚ ਮਿਲਾ ਦੇਂਦਾ ਹੈ। 7.

ਸੋਰਠਿ ਮਹਲਾ 1॥ ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ॥ ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ॥ 4॥ ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥ 5॥ 11॥ {ਪੰਨਾ 598-599}

(ਹੇ ਭਾਈ !) ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਉ, (ਇਹ ਨਾਮ-ਰਸ ਪੀਤਿਆਂ) ਸਭ ਤੋਂ ਉੱਚਾ ਆਤਮਕ ਆਨੰਦ ਮਿਲਦਾ ਹੈ, ਅਤੇ ਆਪਣੇ ਘਰ ਵਿੱਚ ਟਿਕਾਣਾ ਹੋ ਜਾਂਦਾ ਹੈ (ਭਾਵ, ਸੁਖਾਂ ਦੀ ਖ਼ਾਤਰ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)। (ਹੇ ਭਾਈ !) ਜਨਮ ਮਰਨ ਦਾ ਚੱਕ੍ਰ ਨਾਸ ਕਰਨ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, (ਇਸ ਤਰ੍ਹਾਂ) ਮੁੜ ਮੁੜ ਜਨਮ (ਮਰਨ) ਨਹੀਂ ਹੁੰਦਾ। 4.

ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵਹਿਗੇ॥ ਹਰਿ ਜੀ ਕਿ੍ਰਪਾ ਕਰੇ ਜਉ ਅਪਨੀ, ਤੌ ਗੁਰ ਕੇ ਸਬਦਿ ਸਮਾਵਹਿਗੇ॥ 3॥ ਜੀਵਤ ਮਰਹੁ ਮਰਹੁ ਫੁਨਿ ਜੀਵਹੁ, ਪੁਨਰਪਿ ਜਨਮੁ ਨ ਹੋਈ॥ ਕਹੁ ਕਬੀਰ ਜੋ ਨਾਮਿ ਸਮਾਨੇ, ਸੁੰਨ ਰਹਿਆ ਲਿਵ ਸੋਈ॥ 4॥ 4॥ {ਪੰਨਾ 1103}

ਸੁਭ ਬਚਨ ਰਮਣੰ, ਗਵਣੰ ਸਾਧ ਸੰਗੇਣ ਉਧਰਣਹ॥ ਸੰਸਾਰ ਸਾਗਰੰ ਨਾਨਕ, ਪੁਨਰਪਿ ਜਨਮ ਨ ਲਭਤੇ॥ 19॥ (ਪੰਨਾ 1361)

(ਜੋ ਮਨੁੱਖ) ਸਾਧ ਸੰਗਤਿ ਵਿੱਚ ਜਾ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ, (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ।

ਹੇ ਨਾਨਕ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿੱਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ। 1.

ਭਾਵ: — ਸਾਧ ਸੰਗਤਿ ਵਿੱਚ ਟਿਕ ਕੇ ਸਿਫ਼ਤਿ-ਸਾਲਾਹ ਕੀਤਿਆਂ ਵਿਕਾਰਾਂ ਤੋਂ ਬਚ ਜਾਈਦਾ ਹੈ। ਜਿਉਂਦੇ ਜੀਅ ਮਨੁੱਖਾ ਜਨਮ ਵਿੱਚ ਕਿਸੇ ਨੂੰ ਮੁੜ ਮੁੜ ਕੇ ਜਨਮ ਨਹੀਂ ਲੈਣਾ ਪੈਂਦਾ।

ਪੁਨਰ ਜਨਮ ਹਿੰਦੂ ਮੱਤ ਦੇ ਮਹੱਲ ਦੀ ਇੱਟ ਹੈ ਇਸ ਕਰਕੇ ਇਹ ਸਿੱਖ ਮੱਤ ਦੇ ਮਹੱਲ ਵਿੱਚ ਕਿਧਰੇ ਵੀ ਫਿੱਟ ਨਹੀ ਹੁੰਦੀ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ,

www.singhsabhacanada.com




.