.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 10)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

“ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ” - ਪੰਥ ਅੰਦਰ ਪੈਦਾ ਕੀਤੇ ਜਾ ਹੋ ਚੁਕੇ ‘ਮਾਸ ਖਾਣ ਜਾਂ ਨਾ ਖਾਣ’ ਦੇ ਝੱਗੜੇ ਦੀ ਗਲ ਕਰਦਿਆਂ ਅਸੀਂ ਇਸ ਸੱਚਾਈ ਤੀਕ ਪੁਜੇ ਹਾਂ ਕਿ ਗੁਰਬਾਣੀ ਅਨੁਸਾਰ ਇਸ ਝੱਗੜੇ ਦੀ ਬੁਨਿਆਦ ਹੀ ਅਗਿਆਨਤਾ ਤੋਂ ਵੱਧ ਹੋਰ ਕੁੱਝ ਨਹੀਂ। ਗੁਰਬਾਣੀ ਅਨੁਸਾਰ ਮਾਸ ਇੱਕ ਕੁੱਦਰਤੀ ਭੋਜਨ ਹੈ ਇਸ ਲਈ ਮੁਰਗੇ, ਮੱਛੀ, ਬਕਰੇ, ਹਿਰਣ, ਖਰਗੋਸ਼ ਆਦਿ ਦੇ ਭੋਜਨ ਦੀ ਗਲ ਵੱਖਰੀ ਨਹੀਂ। ਸੂਤਕ ਬਾਰੇ ਜੀਵਨ ਦੀ ਇਸ ਸੱਚਾਈ ਨੂੰ ਪ੍ਰਗਟ ਕਰਨ ਸਮੇਂ, ਪ੍ਰਭੁ ਦੀ ਰਚਨਾ `ਚ ਗੁਰਦੇਵ ਜਦੋਂ ਜੀਵਾਂ ਦੇ ਜਨਮ-ਮਰਣ ਦੇ ਨੀਯਮ ਦੀ ਗਲ ਕਰਦੇ ਹਨ ਤਾਂ ਮਨੁੱਖ ਦੇ ਜਨਮ-ਮਰਣ ਦੀ ਬਰਾਬਰੀ ਗੋਹੇ-ਲਕੜੀ ਜਾਂ ਰਸੋਈ ਦੌਰਾਨ ਬੇਅੰਤ ਕੀੜਿਆਂ-ਜੀਵਾਂ ਦੇ ਜਨਮ ਮਰਣ ਨਾਲ ਵੀ ਕਰਦੇ ਹਨ। ਗੁਰਦੇਵ ਇਸ ਸੀਮਾਂ ਤੀਕ ਜਾਂਦੇ ਹਨ ਕਿ ਜਿਸ ਪਾਣੀ ਰਾਹੀਂ ਸੰਸਾਰ ਦੀ ਹਰਿਆਵਲ ਕਾਇਮ ਹੈ ਉਸ ਪਾਣੀ ਅੰਦਰ ਹਰ ਸਮੇਂ ਅਸੰਖਾ-ਖਰਬਾਂ ਜੀਵਾਂ ਦੇ ਜਨਮ-ਮਰਣ ਦੀ ਖੇਡ ਨੂੰ ਵੀ ਗੁਰਦੇਵ, ਮਨੁੱਖ ਦੇ ਜਨਮ-ਮਰਣ ਦੀ ਪੱਧਰ ਤੇ ਰਖਦੇ ਹਨ।

ਹੋਰ ਤਾਂ ਹੋਰ ਆਓ! ਜ਼ਰਾ “ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ” ਪਖੋਂ ਵੀ ਗੁਰਮਤਿ ਸਿਧਾਂਤ ਦੇ ਦਰਸ਼ਨ ਕਰੀਏ। ਗੁਰਦੇਵ, ਪ੍ਰਭੁ ਰਚਨਾ `ਚ ਜਦੋਂ ਜੀਵ ਅਤੇ ਜੀਵਨ ਤੱਤ ਅਤੇ ਉਨ੍ਹਾਂ ਅਨੰਤ ਜੀਵਾਂ ਦੀ ਸੰਭਾਲ ਦੀ ਗਲ ਸਮਝਾਉਂਦੇ ਹਨ ਤਾਂ ਬਾਣੀ ਆਸਾ ਕੀ ਵਾਰ ਪਉੜੀ ਨੰ: ੮ ਦਾ ਸਲੋਕ ਇਸ ਤਰ੍ਹਾਂ ਹੈ, ਫ਼ੁਰਮਾਨ ਹੈ:

“ਸਲੋਕ ਮਃ ੧॥ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥

ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥

ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ॥

ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥

ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥

ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥

ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ॥

ਤਿਸੁ ਜੋਹਾਰੀ ਸੁਅਸਤਿ ਤਿਸੁ, ਤਿਸੁ ਦੀਬਾਣੁ ਅਭਗੁ॥

ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ॥   ॥” (ਪੰ: ੪੬੭)

ਗਲ ਨੂੰ ਸਮਝਣ ਲਈ ਅਸੀਂ ਪਹਿਲਾਂ ਇਸ ਸਲੋਕ ਦੇ ਅਰਥ ਦੇਖਦੇ ਹਾਂ, ਅਰਥ ਹਨ-ਮਨੁੱਖਾਂ, ਰੁਖਾਂ, ਤੀਰਥਾਂ, (ਨਦੀਆਂ ਦੇ) ਤਟਾਂ, ਬਦਲਾਂ, ਖੇਤਾਂ, ਦੀਪਾਂ, ਲੋਕਾਂ, ਮੰਡਲਾਂ, ਖੰਡਾਂ, ਬ੍ਰਹਿਮੰਡਾਂ, ਸਰਾਂ, ਮੇਰਾਂ, ਪਰਬਤਾਂ ਆਦਿ ਤੇ ਅੰਡਜ, ਜੇਰਜ, ਉਤਭੁਜ, ਸੇਤਜ ਆਦਿ ਸਮਸਤ ਖਾਣੀਆਂ ਦੇ ਜੀਵ ਜੰਤ-ਇਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ (ਉਨ੍ਹਾਂ ਦੀ ਰਚਨਾ ਦਾ ਪਸਾਰਾ ਕਿੰਨਾ ਹੈ `ਤੇ ਉਨ੍ਹਾਂ ਦੀ ਗਿਣਤੀ ਕਿੰਨੀ ਹੈ?) ਇਹ ਸਭ ਕੇਵਲ ਪ੍ਰਭੂ ਹੀ ਜਾਣਦਾ ਹੈ (ਉਹ ਕਰਤਾਰ ਜਿਸ ਨੇ ਰਚਨਾ ਰਚੀ ਅਤੇ ਉਨ੍ਹਾਂ ਬੇਅੰਤ ਜੀਵਾ ਨੂੰ ਪੈਦਾ ਕੀਤਾ ਹੈ)।

ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ, ਇਨ੍ਹਾਂ ਬੇਅੰਤ ਜੀਵਾਂ ਨੂੰ ਪੈਦਾ ਕਰ ਕੇ, ਉਹਨਾਂ ਸਭਨਾਂ ਦੀ ਪਾਲਨਾ ਵੀ ਪ੍ਰਭੂ ਆਪ ਹੀ ਕਰਦਾ ਹੈ। ਜਿਸ ਕਰਤਾਰ ਨੇ (ਇਹ ਬੇਅੰਤ) ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ।

ਜਿਸ ਪ੍ਰਭੁ ਨੇ ਜਗਤ ਪੈਦਾ ਕੀਤਾ ਹੈ, ਉਹ ਆਪ ਹੀ ਇਨ੍ਹਾਂ ਸਭਨਾ ਦਾ ਖਿਆਲ ਵੀ ਰੱਖਦਾ ਹੈ, ਮੈਂ ਉਸ ਕਰਤਾਰ ਤੋਂ ਸੱਦਕੇ ਜਾਂਦਾ ਹਾਂ, ਉਸ ਦੀ ਜੈ-ਜੈਕਾਰ ਆਖਦਾ ਹਾਂ (ਭਾਵ, ਉਸੇ ਦੀ ਸਿਫ਼ਤਿ-ਸਲਾਹ ਕਰਦਾ ਹਾਂ, ਜੀਵ ਵਾਸਤੇ) ਉਸ ਪ੍ਰਭੂ ਦਾ ਹੀ ਆਸਰਾ ਸਦਾ ਅਟੱਲ ਹੈ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ (ਅਜੇਹਾ ਅਕਾਲਪੁਰਖੁ ਜਿਸ ਬਾਰੇ ਕੁੱਝ ਝੱਲਕ ਆਈ ਹੈ) ਸਦਾ ਉਸ ਥਿੱਰ ਰਹਿਣ ਵਾਲੇ ਕਰਤੇ ਦੀ ਸਿਫ਼ਿਤ ਸਲਾਹ ਨੂੰ ਭੁੱਲਾ ਕੇ (ਬਾਹਰ ਦੇ ਸਾਰੇ ਧਾਰਮਕ ਕਰਮ) ਟਿੱਕਾ-ਜਨੇਊ ਆਦਿ ਦੂਜੇ ਧਾਰਮਕ ਭੇਖ ਕਿਸੇ ਅਰਥ ਨਹੀਂ ਹਨ। ੧।”

ਗਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਆਓ! ਹੁਣ ਇਸੇ ਸਲੋਕ ਨੂੰ ਕੁੱਝ ਹੋਰ ਵੇਰਵੇ ਨਾਲ ਵੀ ਲਵੀਏ- ੧. ਪੁਰਖਾਂ ਬਿਰਖਾਂ ਤੀਰਥਾਂ- ਦੇਖਣ ਦੀ ਗਲ ਹੈ, ਇਥੇ ਇਹ ਸਾਰੇ ਨਾਂਵ ਬਹੁਵਚਨ ਹਨ। ਇੰਨਾ ਹੀ ਨਹੀਂ, ਗਹੁ ਨਾਲ ਵਿਚਾਰਿਆ ਜਾਵੇ ਤਾਂ ਕਮਾਲ ਇਹ ਹੈ ਕਿ ਇਨ੍ਹਾਂ ਸਾਰਿਆ ਦਾ ਆਧਾਰ, ਫ਼ਿਰ ਅਗੋਂ ਹੋਰ ਬਹੁਵਚਨ ਅਤੇ ਜੀਵਾਂ ਦੇ ਸਮੂਹ ਹੀ ਹਨ। ਮਿਸਾਲ ਵਜੋਂ ਕੇਵਲ ‘ਪੁਰਖਾਂ’ ਦੀ ਹੀ ਗਲ ਲੈ ਲਵੋ। ਪਾਤਸ਼ਾਹ ਚੇਤਾ ਕਰਵਾ ਰਹੇ ਹਨ ਕਿ ਮਨੁੱਖ ਭਾਵੇਂ ਅਪਣੇ ਆਪ `ਚ ਕੇਵਲ ਇੱਕ ਸਰੀਰ ਹੀ ਨਜ਼ਰ ਆਉਂਦਾ ਹੈ-ਪਰ ਇਸਤੋਂ ਅਗੇ ਇਹ ਵੀ ਸੱਚਾਈ ਹੈ ਕਿ ਮਨੁੱਖ ਦੇ ਇੱਕ ਸਰੀਰ ਨੂੰ ਚਲਾਉਣ ਲਈ ਫ਼ਿਰ ਇਕੋ ਸਮੇਂ ਕਰੋੜਾਂ ਹੀ ਜੀਵ ਇਸ ਲਈ ਲਗੇ ਹੋਏ ਹਨ। ਮਿਸਾਲ ਵਜੋਂ, ਜੇਕਰ ਇੱਕ ਗਿਲਾਸ ਪਾਣੀ ਹੀ ਲੈ ਲਵੋ। ਉਸ ਵਿਚਲੇ ਕਰੋੜਾਂ ਜੀਵ ਸਾਡੀ ਪਿਆਸ ਬੁਝਾ ਰਹੇ ਹਨ ਅਤੇ ਸਾਡੇ ਜੀਵਨ ਦਾ ਆਧਾਰ ਹਨ। ਇਨ੍ਹਾਂ ਜੀਵਾਂ ਦੀ ਕਿਸਮ ਕਾਰਣ ਕਿੱਧਰੇ ਜਾਂ ਕਿਸੇ ਸਮੇਂ ਪਾਣੀ ਫੌਕਾ ਕਿਹਾ ਜਾਂਦਾ ਹੈ ਜਿਨੂੰ ਪੀ ਕੇ ਵੀ ਤਸੱਲੀ ਨਹੀਂ ਹੁੰਦੀ ਅਤੇ ਕਿਸੇ ਥਾਂ ਜਾਂ ਸਮੇਂ ਪਾਣੀ ਵੱਡੀ ਤਸੱਲੀ ਦੇਣ ਵਾਲਾ ਹੁੰਦਾ ਹੈ; ਇਸਦਾ ਕਾਰਣ ਹੁੰਦਾ ਹੈ ਉਸ ਪਾਣੀ `ਚ ਜੀਵਾਂ ਦੀ ਵੱਖ-ਵੱਖ ਕਿਸਮ ਤੇ ਨਸਲ।

ਇਸੇ ਤਰ੍ਹਾਂ ਅਸੀਂ ਬਿਮਾਰ ਹੁੰਦੇ ਹਾਂ; ਕਾਰਣ ਹੁੰਦਾ ਹੈ ਸਾਡੇ ਅੰਦਰ ਵਿਰੋਧੀ ਬੈਕਟੀਰੀਆ (ਜੀਵਾਂ) ਦਾ ਪੈਦਾ ਹੋ ਜਾਣਾ। ਤਾਂਤੇ ਦਵਾਈਆਂ/ਟਾਨਿਕਾਂ ਰਾਹੀਂ ਅਸੀਂ ਅਪਣੇ ਸਰੀਰ ਅੰਦਰੋਂ ਉਸ ਵਿਰੋਧੀ ਬੈਕਟੀਰੀਆ ਨੂੰ ਮਾਰਦੇ (ਮਾਸ ਵਿਰੋਧੀਆਂ ਅਨੁਸਾਰ ਜੀਵ ਹਤਿਆ ਕਰਦੇ ਹਾਂ) ਅਤੇ ਇਸਦੇ ਉਲਟ ਸੱਜਣ ਬੈਕਟੀਰੀਆ ਨੂੰ ਪੈਦਾ ਕਰਦੇ ਹਾਂ। ਇਸੇਤਰ੍ਹਾਂ ਸਾਡੀ ਸੁਆਸ ਕਿਰਿਆ ਦਾ ਆਧਾਰ ਵੀ ਕਰੋੜਾਂ-ਅਰਬਾਂ ਜੀਵ ਹੀ ਹਨ। ਆਖਿਰ ਉਨ੍ਹਾਂ ਭਿੰਨ-ਭਿੰਨ ਤਰ੍ਹਾਂ ਦੇ ਅਰਬਾਂ-ਖਰਬਾਂ ਜੀਵਾਂ ਦੀ ਸੰਭਾਲ ਵੀ ਤਾਂ ਪ੍ਰਭੂ ਆਪ ਹੀ ਕਰ ਰਿਹਾ ਹੈ। ਸਚਾਈ ਨੂੰ ਸਮਝਣ ਲਈ ਇਹ ਇਕੋ ਮਿਸਾਲ ਕਾਫ਼ੀ ਹੈ ਕਿ ਸਾਡੇ ਇੱਕ ਜੀਵਨ `ਤੇ ਕੇਵਲ ਇੱਕ ਸਰੀਰ ਲਈ ਕਰੋੜਾਂ ਜੀਵ ਹਰ ਸਮੇਂ ਲਗੇ ਹੁੰਦੇ ਹਨ ਜਿਸਤੋਂ ਬਿਨਾ ਸਾਡੀ ਸਰੀਰਕ ਕਿਰਿਆ ਚਲ ਹੀ ਨਹੀਂ ਸਕਦੀ।

ਸਰੀਰ `ਚ ਕੋਈ ਜ਼ਖਮ ਦਾ ਹੋ ਜਾਣਾ, ਫ਼ਿਰ ਉਸ ਜ਼ਖਮ ਦਾ ਸੈਪਟਿਕ ਹੋ ਜਾਣਾ `ਤੇ ਉਸਦਾ ਇਲਾਜ। ਜ਼ਖਮ ਦੇ ਸੈਪਟਿਕ ਹੋਣ ਦਾ ਕਾਰਣ ਹੁੰਦੇ ਹਨ ਬੇਅੰਤ ਜੀਵ ਅਤੇ ਦਵਾਈਆਂ ਨਾਲ ਉਨ੍ਹਾਂ ਬੇਅੰਤ ਵਿਰੋਧੀ ਜੀਵਾਂ ਨੂੰ ਮਾਰਨਾ ਹੁੰਦਾ ਹੈ। ਦੁੱਧ ਤੋਂ ਦਹੀ-ਪਨੀਰ ਬਨਾਉਣ ਲਈ, ਪ੍ਰਭੁ ਦੇ ਪੈਦਾ ਕੀਤੇ ਅਰਬਾਂ-ਖਰਬਾਂ ਜੀਵ ਹੀ ਸਾਡੀਆਂ ਇਨ੍ਹਾਂ ਲੋੜਾਂ ਨੂੰ ਪੂਰਾ ਕਰਦੇ ਹਨ। ਤਾਂਤੇ ਸਪੱਸ਼ਟ ਹੈ ਕਿ ਪੁਰਖਾਂ ਤੋਂ ਅਰਥ ਕੇਵਲ ਮਨੁੱਖ ਜਾਤੀ ਜਾਂ ਮਨੁੱਖ ਦਾ ਇਕਲਾ ਸਰੀਰ ਲੈ ਲੈਣਾ ਸਾਡੀ ਭੁਲ ਹੋਵੇਗੀ। ਇਸੇਤਰ੍ਹਾਂ ਇਥੇ ਜੋ ਸ਼ਬਦਾਵਲੀ ਹੈ “ਪੁਰਖਾਂ ਬਿਰਖਾਂ ਤੀਰਥਾਂ” ਤੋਂ ਲੈਕੇ “ਸਰਾਂ ਮੇਰਾਂ ਜੰਤਾਹ” ਤੀਕ ਸਾਰੇ ਹੀ ਨਾਂਵ ਇਸੇ ਪਖੋਂ ਘੋਖੇ ਜਾ ਸਕਦੇ ਹਨ ਭਾਵ ਇਹ ਸਭ ਅਪਣੇ ਆਪ `ਚ ਜੀਵਾਂ ਤੋਂ ਅਗੇ ਜੀਵ ਅਤੇ ਫ਼ਿਰ ਉਨ੍ਹਾਂ ਤੋਂ ਵੀ ਅਗੇ ਜੀਵ ਸਮੂਹ ਹਨ। ਤਾਂਤੇ ਜੇਕਰ ਇਨ੍ਹਾ ਵਿਚੋਂ ਕੇਵਲ ਇਕ-ਇਕ ਨਾਂਵ ਦੀ ਹੀ ਗਲ ਕਰੀਏ ਜਿਵੇਂ ਪੁਰਖਾਂ ਦੀ ਹੀ ਕੀਤੀ ਹੈ, ਤਾਂ ਤੇ ਜੀਵਾਂ ਵਾਲਾ ਇਹ ਸਿਲਸਲਾ ਕਦੇ ਮੁੱਕਣ ਵਾਲਾ ਹੀ ਨਹੀਂ। ਇਹ ਤਾਂ ਅਗੇ ਤੋਂ ਅਗੇ ਤੇ ਹੋਰ ਅਗੇ ਵਾਲੀ ਗਲ ਨਿਕਲਦੀ ਤੇ ਖੁੱਲਦੀ ਜਾਵੇਗੀ। ਇਹ ਜੀਵ ਰਚਨਾ ਅਤੇ ਜੀਵਾਂ ਦਾ ਜਨਮ-ਮਰਨ, ਪ੍ਰਭੁ ਰਾਹੀਂ, ਅਰਬਾਂ-ਖਰਬਾਂ ਪ੍ਰਕਾਰ ਦੀ ਜੀਵ ਰਚਨਾ ਅਤੇ ਉਨ੍ਹਾਂ ਦੀ ਸੰਭਾਲ ਦੀ ਸੂਚਨਾ ਵੀ ਦੇ ਰਿਹਾ ਹੈ।

ਸੱਚਾਈ ਇਹ ਹੈ ਕਿ ਮਨੁੱਖ ਭਾਂਵੇ ਕਿੰਨਾ ਵਡਾ ਨਾਸਤਕ ਵੀ ਕਿਉਂ ਨਾ ਹੋਵੇ, ਗੁਰਦੇਵ ਦਸਦੇ ਹਨ ਕਿ ਜੇਕਰ ਉਹੀ ਨਾਸਤਕ, ਪ੍ਰਭੁ ਰਚਨਾ ਦੇ ਇਸ ਪਖੋਂ, ਭਾਵ ਉਸ ਰਾਹੀਂ ਜੀਵਾਂ ਨੂੰ ਪੈਦਾ ਕਰਨ ਜਾਂ ਉਨ੍ਹਾ ਜੀਵਾਂ ਦੀ ਸੰਭਾਲ ਵਾਲੇ ਪਖੋਂ ਥੋੜਾ ਜਿੰਨਾ ਵੀ ਅਪਣੇ ਮਨ ਨੂੰ ਘੋਖੇ, ਗਹਿਰਾਈ ਵਿੱਚ ਜਾਵੇ ਤਾਂ ਅਗਿਆਨਤਾ `ਚੋਂ ਉਭਰ ਕੇ ਜੀਵਨ ਦੀ ਸੱਚਾਈ ਵਾਲੇ ਪਾਸੇ ਮੁੜ ਪਵੇਗਾ। ਉਸ ਦਾ ਸਿਰ ਅਪਣੇ ਆਪ ਹੀ ਕਰਤਾਰ ਅਗੇ ਝੁੱਕ ਜਾਵੇਗਾ। ਕਹਿ ਉਠੇਗਾ, ਹੇ ਅਕਾਲਪੁਰਖੁ! ਤੂੰ ਕਿੰਨਾ ਬੇਅੰਤ ਹੈਂ। ਇਸ ਤਰ੍ਹਾਂ ਨਾਸਤਕ ਨੂੰ ਵੀ ਅਪਨੀ ਮੂਰਖਤਾ `ਤੇ ਨਾਸਮਝੀ ਉਪਰ ਹਾਸਾ ਆਵੇਗਾ।

੨. ਸੋ ਮਿਤਿ ਜਾਣੈ ਨਾਨਕਾ- ਆਮ ਤੌਰ ਤੇ ਮਨੁੱਖ ਦੀ ਸੋਚ ਬਹੁਤ ਨੇੜੇ ਦੀ ਹੁੰਦੀ ਹੈ। ਮਨੁੱਖ ਜੇਕਰ ਮਾਮੂਲੀ ਜਿਹਾ ਵੀ ਕਿਸੇ ਦੇ ਕੰਮ ਆ ਜਾਵੇ ਤਾਂ ਮਹਿਸੂਸ ਕਰਦਾ ਹੈ ਕਿ ਉਸ ਵਰਗਾ ਕੋਈ ਪਰੋਪਕਾਰੀ, ਦਾਨੀ `ਤੇ ਦਾਤਾ ਹੈ ਹੀ ਨਹੀ। ਅਪਣੇ ਆਪ ਨੂੰ ਪਰੋਪਕਾਰ ਦਾ ਪੁੱਤਲਾ, ਦਾਨੀ, ਧਰਮਾਤਮਾ `ਤੇ ਪਤਾ ਨਹੀਂ ਕੀ-ਕੀ ਮਹਿਸੂਸ ਕਰਨਾ ਸ਼ੁਰੂ ਕਰ ਦੇਂਦਾ ਹੈ। ਮਾਮੂਲੀ ਜਿਹਾ ਕਿਸੇ ਕੰਮ `ਚ ਸਮ੍ਰਥ ਹੋ ਜਾਵੇ ਤਾਂ ਕਰਤੇ ਦੀ ਬੇਅੰਤ ਹੱਸਤੀ ਨੂੰ ਭੁੱਲ ਕੇ ਵਡਾ ਹੰਕਾਰੀ ਹੋ ਜਾਂਦਾ ਹੈ, ਜਿਵੇਂ ਕਿ ਉਸ ਵਰਗਾ ਕੋਈ ਸਮ੍ਰਥ ਹੀ ਨਹੀਂ। ਅਗਿਆਨਤਾ ਦੇ ਇਸ ਰਸਤੇ ਚਲਦਾ ਮਨੁੱਖ ਜਲਦੀ ਹੀ ਨਾਸਤਿਕਤਾ ਦੀ ਖੱਡ `ਚ ਡਿੱਗ ਪੈਂਦਾ ਹੈ। ਉਸਦੀ ਅਗਿਆਨਤਾ ਅਤੇ ਸੋਚਣੀ ਇਥੋਂ ਤੀਕ ਗਿਰ ਜਾਂਦੀ ਹੈ, ਉਹ ਸਮਝਣ ਲਗ ਜਾਂਦਾ ਹੈ ਕਿ ‘ਪ੍ਰਭੁ ਅਕਾਲਪੁਰਖੁ ਤਾਂ ਸ਼ਾਇਦ ਕੋਈ ਹਸਤੀ ਹੈ ਹੀ ਨਹੀਂ, ‘ਮੈਂ ਹੀ ਸਭ ਕੁੱਝ ਹਾਂ’।

ਮਨੁੱਖ ਦਾ ਧਰਮ ਤਾਂ ਆਤਮਕ ਤੌਰ ਤੇ ਜਾਗ੍ਰਤ ਹੋਣਾ ਹੈ ਜਿਸਤੋਂ ਹਰ ਸਮੇਂ ਉਹ ਮਨ-ਬਚ-ਕਰਮ ਕਰਕੇ ਕਰਤੇ ਦੇ ਰੰਗ `ਚ ਰੰਗਿਆ ਰਵੇ। ਇਸ ਦੇ ਉਲਟ ਮਨੁੱਖ ਦੀ ਅਗਿਆਨਤਾ ਦਾ ਇੱਕ ਹੋਰ ਪਹਿਲੂ ਵੀ ਹੈ। ਬਾਹਰ ਦੀ ਅਪਣੀ ਰਹਿਣੀ ਜਾਂ ਅਜੇਹੇ ਧਾਰਮਕ ਕਰਮਾਂ-ਦਿਖਾਵਿਆਂ `ਚ ਇਸ ਲਈ ਰੁਝਿਆ ਹੁੰਦਾ ਹੈ, ਜਿਸ ਤੋਂ ਦੂਜਿਆਂ ਨੂੰ ਪ੍ਰਭਾਵ ਦੇ ਸਕੇ ਕਿ ਉਹ ਬਹੁਤ ਵਡਾ ਧਰਮੀ ਹੈ। ਇੰਨਾ ਹੀ ਨਹੀਂ, ਫ਼ਿਰ ਜਦੋਂ ਉਸਦਾ ਬਾਹਰੋਂ ਕੁੱਝ ਅਜੇਹਾ ਧਰਮੀ ਹੋਣ ਵਾਲਾ ਪ੍ਰਭਾਵ ਬਨਣ ਲਗ ਜਾਂਦਾ ਹੈ ਤਾਂ ਕਈ ਵਾਰੀ ਉਹ ਸਚਮੁਚ ਹੀ ਅਪਣੇ ਆਪ ਨੂੰ ਵਡਾ ਧਰਮੀ ਮਹਿਸੂਸ ਕਰਨ ਵੀ ਲਗ ਜਾਂਦਾ ਹੈ।

ਇਸੇ ਲਈ ਸਲੋਕ `ਚ ਗੁਰਦੇਵ ਨੇ ਇੱਕ ਪਾਸੇ ਕਰਤੇ ਦੀ ਵਿਆਪਕਤਾ `ਤੇ ਉਸ ਰਾਹੀਂ ਇਸ ਬੇਅੰਤ ਰਚਨਾ ਦੀ ਕੀਤੀ ਜਾ ਰਹੀ ਸੰਭਾਲ ਦੀ ਝੱਲਕ ਦਰਸਾਈ ਹੈ। ਇਸਦੇ ਨਾਲ ਟਿੱਕੇ-ਜਨੇਉ ਦੀ ਮਿਸਾਲ ਦੇ ਕੇ ਸਮਝਾਇਆ ਹੈ, ਕਿਵੇਂ ਮਨੁੱਖ ਅਪਣੇ ਧਰਮੀ ਵਿਖਾਵਿਆਂ ਨੂੰ ਹੀ, ਧਰਮ ਮੰਨ ਕੇ ਸ਼ਾਂਤ ਹੋ ਜਾਂਦਾ ਹੈ। ਪਰ ਉਸਦੇ ਆਤਮਕ ਤੇ ਇਲਾਹੀ ਜੀਵਨ ਸਾਹਮਣੇ ਅਜੇਹੇ ਧਰਮ-ਕਰਮ ਫੋਕਟ ਹੁੰਦੇ ਹਨ। ਜੀਵਨ ਦੀ ਸੱਚਾਈ ਜਾਂ ਆਤਮਕ ਸੰਭਾਲ ਨਾਲ ਇਨ੍ਹਾਂ ਦਿਖਾਵਿਆਂ ਦਾ ਸਰੋਕਾਰ ਨਹੀਂ ਹੁੰਦਾ।

ਗੁਰੂ ਨਾਨਕ ਪਾਤਸ਼ਾਹ ਇਥੇ ਮਨੁੱਖ ਦੀ ਅਜਿਹੀ ਅਗਿਆਨਤਾ ਭਰਪੂਰ ਤੰਗ ਸੋਚਣੀ ਨੂੰ ਟੁੰਬਦੇ ਹਨ। ਹਲੂਣਾ ਦੇਂਦੇ ਹੋਏ ਫ਼ੁਰਮਾਂਦੇ ਹਨ ਐ ਮਨੁੱਖ! ਜ਼ਰਾ ਦੇਖ, ਮਨੁੱਖਾ ਦੇ ਜੀਵਨ ਤੋਂ ਅਰੰਭ ਹੋਕੇ ਇਹ ਜੋ ਅਨੰਤ ਰਚਨਾ ਦਿੱਸ ਆਉਂਦੀ ਹੈ-ਬਿਰਖਾਂ, ਤੀਰਥਾਂ, ਸਮੁੰਦ੍ਰਾਂ ਨਦੀਆਂ ਦੇ ਤੱਟਾਂ, ਦੀਪਾਂ, ਲੋਆਂ, ਸਰੋਵਰਾਂ `ਚ ਜਿੱਥੇ ਵੀ ਨਜ਼ਰ ਮਾਰੋ ਜੀਵ ਅਤੇ ਉਸਤੋਂ ਬਾਦ ਫ਼ਿਰ ਜੀਵ ਹੀ ਜੀਵ ਹਨ। ਅਨੇਕਾਂ ਖਾਣੀਆਂ ਅਤੇ ਬੇਅੰਤ ਪ੍ਰਕਾਰ ਦੀ ਜੀਵ ਰਚਨਾ ਹੈ। ਮਨੁੱਖ ਇੰਨਾ ਕਮਜ਼ੋਰ ਹੈ ਕਿ ਜੇਕਰ ਉਸਨੇ ਉਹਨਾਂ ਬੇਅੰਤ ਜੀਵਾਂ ਦੀ ਹੋਂਦ ਦਾ ਹੀ ਅੰਦਾਜਾ ਲਾਉਣਾ ਹੋਵੇ ਕਿ ਉਹ ਕਿੰਨੀ ਤਰ੍ਹਾਂ ਦੇ `ਤੇ ਕਿੰਨੀ ਗਿਣਤੀ `ਚ `ਤੇ ਕਿੱਥੇ-ਕਿੱਥੇ ਹਨ ਤਾਂ ਉਹ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਇਸ ਸੱਚਾਈ ਨੂੰ ਕਰਤਾ ਕੇਵਲ ਜਾਣਦਾ ਹੀ ਨਹੀਂ ਬਲਕਿ ਉਨ੍ਹਾਂ ਬੇਅੰਤ ਜੀਵਾਂ ਦੀ ਪੂਰੀ-ਪੂਰੀ ਸੰਭਾਲ ਵੀ ਉਨ੍ਹਾਂ ਦੇ ਥਾਂ-ਸਿਰ ਹੀ ਕਰ ਰਿਹਾ ਹੁੰਦਾ ਹੈ।

ਇਸਤਰ੍ਹਾਂ ਜੀਵ ਵਿਗਿਆਨ ਦੀ ਗਲ ਅਜ ਸਾਹਮਣੇ ਆਈ ਹੇ ਜਦਕਿ ਗੁਰਮਤਿ ਨੇ ਇਸਨੂੰ ਸੈਂਕੜੇ ਸਾਲ ਪਹਿਲਾਂ ਹੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿਤਾ ਹੈ ਕਿ ਕਰਤੇ ਦੀ ਬੇਅੰਤ ਰਚਨਾ `ਚ ਜੀਵਨ ਦੀ ਸੀਮਾਂ ਅਸੀਮਤ ਹੈ। ਇਥੇ ਗੁਰਦੇਵ ਨੇ ਉਤਭੁਜ ਖਾਣੀ ਦੀ ਗਲ ਵੀ ਉਸੇ ਬਰਾਬਰੀ ਤੇ ਕੀਤੀ ਹੈ ਜਿਵੇਂ ਬਾਕੀ ਸ਼੍ਰੇਣੀਆਂ ਦੀ। ਤਾਂਤੇ ਕੀ ਮਾਸ ਵਿਰੋਧੀ ਸੱਜਣ ਫਲ, ਸਬਜ਼ੀਆਂ, ਅੰਨ ਵੀ ਨਹੀਂ ਛੱਕਦੇ ਅਤੇ ਜੇ ਛੱਕਦੇ ਹਨ ਤਾਂ ਉਹ ਸੱਜਣ ਕਿਸ ਜੀਵ ਹਤਿਆ ਦਾ ਵਿਰੋਧ ਕਰ ਰਹੇ ਹਨ? ਜਾਂ ਉਹ ਕਿਸ ‘ਦਇਆ ਅਤੇ ਜੀਅ ਦਇਆ’ ਦੀ ਗਲ ਕਰ ਰਹੇ ਹਨ? ਜਿਸਂ ਜਲ ਤੋਂ ਬਿਨਾ ਸਾਡੇ ਅਤੇ ਉਨ੍ਹਾਂ ਦੇ ਜੀਵਨ ਦੀ ਹੋਂਦ ਨਹੀਂ ਰਹਿ ਜਾਂਦੀ, ਕੀ ਉਸ ਜਲ ਤੋਂ ਬਿਨਾ ਜੀਵਨ ਚਲ ਸਕਦਾ ਹੈ? ਕਤੇਈ ਨਹੀਂ। ਕਿਉਂਕਿ ਦੇਖ ਚੁਕੇ ਹਾਂ ਕਿ ਗੁਰਦੇਵ ਤਾਂ ਜਲ ਅੰਦਰ ਸਾਰੇ ਸੰਸਾਰ ਦੀ ਹਰਿਆਵਲ ਦਾ ਕਾਰਣ ਉਨ੍ਹਾਂ ਅਦ੍ਰਿਸ਼ਟ ਜੀਵਾਂ ਨੂੰ ਵੀ ਮਨੁੱਖ ਦੇ ਜਨਮ ਮਰਣ ਦੀ ਬਰਾਬਰੀ ਤੇ ਹੀ ਦਸ ਰਹੇ ਹਨ। ਲੋੜ ਹੈ ਤਾਂ ਅਸੀਂ ਵਾਧੂ ਦੇ ਬ੍ਰਾਹਮਣੀ-ਜੈਨੀ ਅਤੇ ਅਨਮਤੀ ਭਰਮ-ਵਹਿਮ ਚੋਂ ਨਿਕਲ ਕੇ ‘ਦਇਆ ਅਤੇ ਜੀਅ ਦਇਆ’ ਦੇ ਅਰਥ ਗੁਰਮਤਿ ਅਨੁਸਾਰ ਅਪਣਾਈਏ।

ਜੀਵਾਂ ਵਿਚਾਲੇ ਤੱਤ ਵਖ੍ਰੇਵਾ- ਇੱਕ ਹੋਰ ਖੇਡ ਹੈ ਜੋ ਪੁਰਾਤਨ ਰਚਨਾਵਾਂ ਚ ਮਿਲਦੀ ਹੈ ਪਰ ਗੁਰਮਤਿ ਦਾ ਇਸ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ। ਜੀਵਾਂ ਵਿਚਾਲੇ ਇਹ ਤੱਤ ਵਖ੍ਰੇਵੇਂ ਵਾਲੀ ਗਲ ਹੈ ਕੀ? ਉਸਨੂੰ ਵੀ ਸਾਹਮਣੇ ਲਿਆਉਣਾ ਜ਼ਰੂਰੀ ਸਮਝਦੇ ਹਾਂ। ਇਹ ਤੱਤ ਵਖਰੇਵਾਂ ਇਸਤਰ੍ਹਾਂ ਹੈ ਕਿ ਪੁਰਾਤਨ ਰਚਨਾਵਾਂ ਅਨੁਸਾਰ ਅਜੇਹਾ ਵੇਰਵਾ ਵੀ ਮਿਲਦਾ ਹੈ ਕਿ ਫਲ, ਸਬਜ਼ੀ, ਅੰਨ, ਕਮਾਦ, ਪਾਣੀ ਵਿਚਲੇ ਕਰੋੜਾਂ ਅਰਬਾਂ ਜੀਵ ਪੰਜ ਤੱਤਾਂ ਤੋਂ ਨਹੀਂ ਕੇਵਲ ਇੱਕ ਤੱਤ ਦੇ ਹੁੰਦੇ ਹਨ। ਇਸੇਤਰ੍ਹਾ, ਕੀੜੇ-ਮਕੌੜਿਆਂ, ਰੇਂਗਣ ਵਾਲੇ ਜੀਵਾਂ `ਚ ਦੋ ਤੱਤ ਹੁੰਦੇ ਹਨ, ਪੰਛੀਆਂ `ਚ ਤਿੰਨ ਤੱਤ। ਇਸੇ ਤਰ੍ਹਾਂ ਪਸ਼ੂਆਂ `ਚ ਚਾਰ ਤੱਤ ਅਤੇ ਮਨੁੱਖਾਂ `ਚ ਪੰਜ ਤੱਤ ਸੰਪੂਰਣ ਹੁੰਦੇ ਹਨ।

ਇਸਲਈ ਪਹਿਲੀਆਂ ਸ਼੍ਰੇਣੀਆਂ ਅੰਦਰ ਮਹਿਸੂਸ ਕਰਨ ਦੀ ਸਮ੍ਰਥਾ ਹੈ ਹੀ ਨਹੀਂ, ਜੇ ਹੈ ਤਾਂ ਬਹੁਤ ਘੱਟ। ਇਹੀ ਕਾਰਣ ਹੈ ਕਿ ਪਾਣੀ-ਸੁਆਸ, ਸਬਜ਼ੀਆਂ-ਫਲ- ਅਨਾਜ ਆਦਿ ਦੀ ਵਰਤੋਂ ਜਾਇਜ਼ ਹੈ। ਇਹੀ ਕਾਰਣ ਹੈ ਕਿ ਵਿਰੋਧੀ ਸੱਜਣਾ ਜਾਚੇ ਪਹਿਲੀਆਂ ਸ਼੍ਰੇਣੀਆਂ ਉਪਰ ਤਾਂ ਇਸ ਪਖੋਂ ਕਿਸੇ ਖਿਚਾਤਾਣੀ ਦੀ ਲੋੜ ਹੀ ਨਹੀਂ ਰਹਿ ਜਾਂਦੀ। ਇਸਦੇ ਉਲਟ ਮੁਰਗੇ, ਬੱਕਰੇ ਆਦਿ `ਚ ਚਾਰ ਤੱਤ ਹੁੰਦੇ ਹਨ। ਜੇਰਜ ਭਾਵ ਮਨੁੱਖ ਅਤੇ ਪਸ਼ੂ, ਇਨ੍ਹਾਂ ਵਿਚੋਂ ਪਸ਼ੂਆਂ `ਚ ਵੀ ਚਾਰ ਤੱਤ ਪ੍ਰਧਾਨ ਹੁੰਦੇ ਹਨ। ਕੇਵਲ ਮਨੁੱਖ ਹੀ ਪ੍ਰਭੁ ਦੀ ਅਜੇਹੀ ਘਾੜਤ ਹੈ ਜਿਸ `ਚ ਪੰਜੇ ਤੱਤ ਮੌਜੂਦ ਹਨ ਅਤੇ ਇਸ ਅੰਦਰ ਪੀੜਾ-ਦਰਦ ਨੂੰ ਮਹਿਸੂਸ ਕਰਨ ਦੀ ਤਾਕਤ ਸਭ ਤੋਂ ਵੱਧ ਹੁੰਦੀ ਹੈ। ਇਸ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿਸ ਸ਼੍ਰੇਣੀ ਅੰਦਰ ਵੱਧ ਤੱਤ ਹੁੰਦੇ ਹਨ ਤਾਂ ਹਤਿਆ ਦਾ ਪਾਪ ਵੀ ਉਸੇ ਸ਼੍ਰੇਣੀ ਨੂੰ ਸਭ ਤੋਂ ਵੱਧ ਹੁੰਦਾ ਹੈ। ਇਸਲਈ ਉਨ੍ਹਾਂ ਜਾਚੇ ਇਹ ਹਤਿਆ ਵਾਲਾ ਪਾਪ ਵੀ ਮਨੁੱਖ ਨੂੰ ਹੀ ਲਗਦਾ ਹੈ ਜਿਸ ਤੋਂ ਉਸਨੂੰ ਮਾਸ ਖਾਣਾ ਜਾਇਜ਼ ਨਹੀਂ।

“ਪੰਚ ਤਤੁ ਮਿਲਿ ਕਾਇਆ ਕੀਨੀ” - ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅਸੀਂ ‘ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ’ ਦੇ ਸਿੱਖ ਹਾਂ। ਗੁਰਬਾਣੀ `ਚ ਇੱਕ ਵੀ ਅਜੇਹਾ ਸ਼ਬਦ ਜਾਂ ਪ੍ਰਮਾਣ ਨਹੀਂ ਜੋ ਇਸ ਤੱਤ ਵਖ੍ਰੇਵੇਂ ਵਾਲੀ ਸੋਚਣੀ ਦੀ ਪ੍ਰੌੜਤਾ ਕਰਦਾ ਹੋਵੇ। ਤਾਂ ਫ਼ਿਰ ਅਸਾਂ ਅਜੇਹੀ ਸੋਚਣੀ `ਚੋਂ ਕੀ ਲੈਣਾ ਜਿਸ ਨੂੰ ਗੁਰਮਤਿ ਹੀ ਪ੍ਰਵਾਨ ਨਹੀਂ ਕਰਦੀ। ਖੂਬੀ ਇਹ ਕਿ ਮਾਸ ਵਿਰੋਧੀ ਸਤਿਕਾਰਜੋਗ ਸੱਜਣਾ ਨੇ ਜਦੋਂ ਪਾਣੀ, ਅਨਾਜ ਅਤੇ ਹੋਰ ਉਤਭੁਜ ਖਾਣੀਆਂ ਦੀ ਗਲ ਆਈ ਤਾਂ ਇਸੇ ਪੁਰਾਤਨ ਵਿਚਾਰਧਾਰਾ ਦੀ ਟੇਕ ਲੈ ਕੇ ਗਲ ਅਗੇ ਟੋਰ ਲਈ। ਇਸਦੇ ਉਲਟ ਅਸੀਂ ਇਹ ਵੀ ਦੇਖ ਚੁਕੇ ਹਾਂ ਕਿ ਕਰਤੇ ਦੀ ਰਚਨਾ ਵਿੱਚ ਜਨਮ-ਮਰਣ ਦੇ ਸਿਧਾਂਤ ਤੇ ਗਲ ਕਰਦੇ ਗੁਰੂ ਸਾਹਿਬ ਨੇ ਸੂਤਕ ਦੀ ਵਿਚਾਰਧਾਰਾ ਦੇ ਖੰਡਣ ਸਮੇਂ ਮਨੁੱਖ ਦੇ ਜਨਮ-ਮਰਣ ਦੀ ਬਰਾਬਰੀ ਵੀ ਇਨ੍ਹਾਂ ਹੀ ਖਾਣੀਆਂ ਨਾਲ ਕੀਤੀ ਹੈ ਜਿਸ ਨੂੰ ਵਿਰੋਧੀ ਸੱਜਣ ਅਦ੍ਰਿਸ਼ਟ ਜਾਂ ਇਕ-ਦੋ ਤੱਤਾਂ ਦੀ ਸੰਗਿਆ ਦੇ ਕੇ ਭਾਵ ਤੱਤਾ ਦੀ ਟੇਕ ਲੈ ਕੇ ਪਾਸਾ ਵੱਟ ਰਹੇ ਹਨ। ਹੋਰ ਤਾਂ ਹੋਰ “ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ” ਵਾਲੇ ਸਲੋਕ `ਚ ਵੀ ਇਸ ਪਖੋਂ ਗੁਰਮਤਿ ਸਿਧਾਂਤ ਨੂੰ ਅਸੀਂ ਪ੍ਰਕਟ ਕਰ ਚੁੱਕੇ ਹਾਂ। ਤਾਂਤੇ ਕੇਵਲ ਅਪਣੀ ਸੋਚਣੀ ਨੂੰ ਦੂਜਿਆਂ ਉਪਰ ਭਾਰੂ ਕਰਣ ਲਈ, ਗੁਰਮਤਿ ਦੇ ਬਾਹਰੋਂ ਬਲਕਿ ਗੁਰਮਤਿ ਵਿਰੋਧੀ ਟੇਕ ਲੈ ਕੇ ਚਲਣਾ ਕਿਸੇ ਤਰ੍ਹਾਂ ਯੋਗ ਨਹੀਂ ਕਿਹਾ ਜਾ ਸਕਦਾ।

ਪੁਰਾਤਨ ਬ੍ਰਾਹਮਣੀ ਰਚਨਾਵਾਂ ਦੀ ਤੱਤ ਵਖ੍ਰੇਵੇਂ ਵਾਲੀ ਅਨੌਖੀ ਕਾਢ ਪਿਛੇ ਉਨ੍ਹਾਂ ਦਾ ਕੀ ਮਤਲਬ ਸੀ ਇਹ ਤਾਂ ਉਹੀ ਜਾਨਣ। ਸੂਤਕ ਵਾਲੇ ਵਿਸ਼ਵਾਸ ਦੀ ਤਰ੍ਹਾਂ ਲਗਭਗ ਸਾਰੇ ਹੀ ਪੁਰਾਤਨ ਬ੍ਰਾਹਮਣੀ ਵਿਸ਼ਵਾਸ ਗੁਰਮਤਿ ਨੇ ਪ੍ਰਵਾਣ ਨਹੀਂ ਕੀਤੇ। ਜਿਥੋਂ ਤੀਕ ਤੱਤਾਂ ਦੇ ਵਖ੍ਰੇਵੇਂ ਵਾਲੀ ਘਾੜਤ ਹੈ ਇਹ ਵੀ ਗੁਰਮਤਿ ਨੇ ਪ੍ਰਵਾਨ ਨਹੀਂ ਕੀਤੀ। ਕਰਤੇ ਦੀ ਸੰਪੂਰਣ ਰਚਨਾ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ;

“ਧਨ ਅੰਧੀ ਪਿਰੁ ਚਪਲੁ ਸਿਆਨਾ॥

ਪੰਚ ਤਤੁ ਕਾ ਰਚਨੁ ਰਚਾਨਾ” (ਪੰ: ੧੦੭੩)

ਭਾਵ ਕਰਤਾਰ ਨੇ ਸਾਰੀ ਰਚਨਾ ਪੰਜ ਤੱਤਾ ਦੀ ਹੀ ਘੜੀ ਹੈ ਬਾਕੀ ਤਾਂ ਲੋਕਾਂ ਨੂੰ ਉਲਝਾਉਣ ਲਈ, ਅਗਿਆਨੀ ਮਨੁੱਖ ਦੀਆਂ ਕਹਾਣੀਆਂ ਹਨ, ਇਸ ਤੋਂ ਵੱਧ ਹੋਰ ਕੁੱਝ ਨਹੀਂ। ਫ਼ਿਰ ਇਹ ਵੀ ਦੇਖਣ ਤੇ ਸਮਝਣ ਦੀ ਲੋੜ ਹੈ ਆਖਿਰ ਇਹ ਪੰਜ ਤੱਤ ਹੈਣ ਕੀ? ਇਹ ਪੰਜ ਤੱਤ ਹਨ- ਹਵਾ, ਪਾਣੀ, ਅੱਗ, ਮਿਟੀ `ਤੇ ਆਕਾਸ਼ (ਖਾਲੀ ਸਥਾਨ)। ਤਾਂਤੇ ਇਸ ਸੱਚਾਈ ਨੂੰ ਸਮਝਦੇ ਦੇਰ ਨਹੀਂ ਲਗਦੀ ਕਿ ਚਾਹੇ ਸੂਖਮ ਤੋਂ ਸੂਖਮ ਜੀਵ ਹੋਵੇ ਜਾਂ ਹਾਥੀ-ਗੈਂਡੇ ਦਾ ਵੱਡਾ ਸਰੀਰ, ਇਨ੍ਹਾਂ ਵਿਚੋਂ ਕਿਹੜਾ ਤੱਤ ਹੈ ਜਿਸਤੋਂ ਬਿਨਾ ਉਸਦੀ ਹੋਂਦ ਕਾਇਮ ਹੋ ਸਕਦੀ ਹੈ? ਫ਼ਰਕ ਆਵੇਗਾ ਤਾਂ ਕੇਵਲ ਜਿੰਨਾ ਸਰੀਰ ਛੋਟਾ ਜਾਂ ਸੂਖਮ ਹੋਵੇਗਾ ਉਤਨੀ ਹੀ ਉਸ ਅੰਦਰ ਤੱਤਾਂ ਦੀ ਘੱਟ ਮਾਤਰਾ ਹੋਵੇਗੀ ਅਤੇ ਜਿੰਨਾ ਸਰੀਰ ਵੱਡਾ ਹੋਵੇਗਾ, ਲੋੜ ਅਨੁਸਾਰ ਹਰੇਕ ਤੱਤ ਦੀ ਮਾਤਰਾ ਉਤਨੀ ਹੀ ਵੱਧ ਹੋਵੇਗੀ। ਅੰਤ ਜਿਸ ਵੇਲੇ ਜਿਸ ਜੀਵ ਵਿਚੋਂ ਕਰਤਾਰ ਦੀ ਸੱਤਾ ਭਾਵ ਨੂਰ ਅੱਡ ਹੋ ਜਾਵੇਗਾ ਤਾਂ ਇੱਕ ਜਾਂ ਦੂਜੇ ਢੰਗ ਇਹ ਪੰਜੇ ਤੱਤ ਅਪਣੇ ਅਪਣੇ ਤੱਤਾ `ਚ ਸਮਾ ਜਾਣਗੇ। ਫ਼ੁਰਮਾਨ ਹੈ:

“ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥

ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ” (ਪੰ: ੧੦੩੦)

ਹੋਰ ਲਵੋ: “ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ॥   ॥ ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ” (ਪੰ: ੯੦੭) ਜਾਂ

“ਪੰਚ ਤਤੁ ਮਿਲਿ ਇਹੁ ਤਨੁ ਕੀਆ॥

ਆਤਮ ਰਾਮ ਪਾਏ ਸੁਖੁ ਥੀਆ” (ਪੰ: ੧੦੩੯)

ਸੱਚਾਈ ਇਹ ਕਿ ਗੁਰਬਾਣੀ ਨੇ ਕਰਤੇ ਦੀਆਂ ਬੇਅੰਤ ਜੂਨੀਆਂ ਵਿਚੋਂ ਮਨੁੱਖਾ ਜੂਨ ਨੂੰ ਹੀ ਸ੍ਰੇਸ਼ਟ ਦਸਿਆ ਹੈ। ਇਹ ਸਮ੍ਰਥਾ ਵੀ ਮਨੁੱਖ ਨੂੰ ਹੀ ਬਖਸ਼ੀ ਹੈ ਕਿ ਮਰਨੋ ਬਾਦ ਮਨੁੱਖ, ਮਨੁੱਖਾ ਸਰੀਰ ਦੀ ਸੰਭਾਲ ਅਪਣੇ ਜਜ਼ਬਾਤਾਂ, ਵਿਸ਼ਵਾਸਾਂ ਅਤੇ ਲੋੜ ਅਨੁਸਾਰ ਆਪ ਕਰ ਲੈਂਦਾ ਹੈ, ਫ਼ੁਰਮਾਨ ਹੈ:

“ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥

ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ” (ਪੰ: ੬੪੮)

ਇਸਦੇ ਉਲਟ ਦੂਜੀਆਂ ਸ਼੍ਰੇਣੀਆਂ ਕੋਲ ਅਜੇਹੀ ਸਮ੍ਰਥਾ ਹੈ ਹੀ ਨਹੀਂ। ਮਿਸਾਲ ਵਜੋਂ ਖਰਬੂਜ਼ਾ ਅਪਣੀ ਵੇਲ `ਤੇ ਜਨਮ ਲੈਂਦਾ ਹੈ। ਫ਼ਿਰ ਉਸ ਖਰਬੂਜ਼ੇ ਨੂੰ ਵੇਲ ਤੋਂ ਤੋੜ ਲੈਂਦੇ ਹੋ ਅਤੇ ਉਸ ਦੀ ਨਸਲ, ਉਸਦੇ ਗੁਣਾਂ ਅਨੁਸਾਰ ਉਸਦੀ ਵਰਤੋਂ ਕਰ ਲੈਂਦੇ ਹੋ। ਇਸਤਰ੍ਹਾ ਇਹੀ ਖਰਬੂਜ਼ਾ ਇੱਕ ਪਾਸੇ ਤਾਂ ਮਨੁੱਖ ਦੀ ਖੁਰਾਕ ਬਣਿਆ, ਇਸਦੇ ਨਾਲ ਇਸਦੇ ਤੱਤ ਅਪਣੇ ਢੰਗ ਨਾਲ ਵਾਪਿਸ ਅਪਣੇ ਤੱਤਾਂ `ਚ ਸਮਾ ਗਏ। ਇਸਦੇ ਉਲਟ ਜੇਕਰ ਮਨੁੱਖ ਨੇ ਉਸ ਨੂੰ ਵੇਲ ਤੋਂ ਨਹੀਂ ਤੋੜਿਆ ਤਾਂ ਇੱਕ ਦਿਨ ਉਹ ਆਪ ਕਿਸੇ ਢੰਗ ਸੜ ਕੇ ਜਾਂ ਕਿਸੇ ਤਰ੍ਹਾਂ ਵੇਲ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ-ਗਲ ਕੇ ਉਸਦੇ ਤੱਤ ਵਾਪਿਸ ਅਪਣੇ ਤੱਤਾਂ `ਚ ਸਮਾ ਜਾਣਗੇ। ਇਹੀ ਨੀਯਮ ਬਕਰੇ, ਮੁਰਗੇ, ਅੰਬ, ਤਰਬੂਜ਼, ਅਨਾਜ, ਸਬਜ਼ੀਆਂ ਆਦਿ ਹਰੇਕ ਸ਼੍ਰੇਣੀ ਦਾ ਹੈ। ਦਰਅਸਲ ਨਸਲ ਅਤੇ ਉਸਦੇ ਗੁਣਾ ਅਤੇ ਲੋੜ ਦੇ ਆਧਾਰ ਤੇ ਉਸਦੀ ਮਿਟੀ ਦੀ ਵਰਤੋਂ ਹੁੰਦੀ ਹੈ। ਇਸਦੇ ਨਾਲ ਹੀ ਸਰੀਰ ਮਨੁੱਖ ਦਾ ਹੈ ਭਾਵੇਂ ਅਨਾਜ, ਸਬਜ਼ੀਆਂ, ਖਰਬੂਜ਼ੇ, ਤਰਬੂਜ਼ ਦਾ, ਜਾਂ ਬਕਰੇ, ਮੁਰਗੇ, ਮਛੀ, ਗਊ ਆਦਿ ਦਾ, ਉਨ੍ਹਾਂ ਵਿਚੋਂ ਕਰਤੇ ਦੀ ਆਤਮਾ ਦੇ ਅੱਡ ਹੋਣ ਬਾਦ ਬਾਕੀ ਉਸਦੀ ਮਿਟੀ ਦੀ ਸੰਭਾਲ ਜਾਂ ਲੋੜ ਅਨੁਸਾਰ ਵਰਤੋਂ ਹੀ ਹੁੰਦੀ ਹੈ।

ਆਖਿਰ ਸਮਝਣ ਦਾ ਵਿਸ਼ਾ ਇਹੀ ਹੈ ਕਿ ਬਕਰਾ, ਮੁਰਗਾ, ਮਛੀ, ਫਲ, ਪੌਦਾ, ਅੰਨ, ਸਬਜ਼ੀ ਹੋਵੇ ਜਾਂ ਮਨੁੱਖ ਦਾ ਸਰੀਰ, ਨਸਲ ਮੁਤਾਬਕ ਉਸਦੀ ਮਿੱਟੀ ਦੀ ਸੰਭਾਲ ਜਾਂ ਵਰਤੋਂ ਹੁੰਦੀ ਹੈ। ਜਦਕਿ ਕਰਤੇ ਦਾ ਨੂਰ ਜੋ ਸਦੀਵੀ ਹੈ, ਉਸਦਾ ਕਦੇ ਨਾਸ ਨਹੀਂ ਹੁੰਦਾ ਅਤੇ ਕਰਤੇ ਵਿੱਚ ਹੀ ਸਮਾ ਜਾਂਦਾ ਹੈ ਫੁਰਮਾਨ ਹੈ:

“ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ” (ਪੰ: ੧੦੨੬)

ਉਪ੍ਰੰਤ ਪੰਜੇ ਤੱਤ ਇੱਕ ਜਾਂ ਦੂਜੇ ਢੰਗ ਮੁੜ ਤੱਤਾਂ `ਚ ਮਿਲ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਤੀਕ “ਕਰਿ ਦੇਖੈ ਸਬਦਿ ਰਜਾਈ ਹੇ” (ਪੰ: ੧੦੨੬) ਅਨੁਸਾਰ ਸੰਸਾਰ ਦਾ ਚੱਕਰ ਚਲਦਾ ਰਹਿੰਦਾ ਹੈ। ਜਦਕਿ ਇਸ ਚਲਣ ਅੰਦਰ ਮਨੁੱਖ ਦੀ ਮੌਤ ਦੀ ਮਿਸਾਲ ਦੇਂਦੇ ਹੋਏ ਗੁਰਦੇਵ ਫ਼ੁਰਮਾਉਂਦੇ ਹਨ:

“ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥

ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥   

ਕਉਨੁ ਮੂਆ ਰੇ ਕਉਨੁ ਮੂਆ॥

ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ…

ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥

ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ” (ਪੰ: ੮੮੫)

ਇਸਤੋਂ ਇਲਾਵਾ ਜਿਥੋਂ ਤੀਕ ਸਾਰੀ ਰਚਨਾ ਦੇ ਜੀਵਾਂ ਦਾ ਸੰਬੰਧ ਹੈ ਗੁਰਬਾਣੀ ਦਾ ਫ਼ੈਸਲਾ ਹੈ:

“ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ” (ਪੰ: ੯੮੮) ਤਾਂਤੇ ਇਸ ਸਾਰੀ ਖੇਡ ਅੰਦਰ ਫ਼ਿਰ ਭਾਵੇਂ ਰਚਨਾ ਦਾ ਕੋਈ ਵੀ ਅੰਗ ਜਾਂ ਰੂਪ ਕਿਉਂ ਨਾ ਹੋਵੇ, ਸੱਚਾਈ ਇਹੀ ਹੈ “ਘਟਿ ਘਟਿ ਰਾਮੁ ਸਮਾਨਾ ਰੇ” ਇਸੇਤਰ੍ਹਾਂ ਹੋਰ ਲਵੋ

“ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ॥

ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ” (ਪੰ: ੫੯੬)

ਇਸ ਸਾਰੇ ਤੋਂ ਬਾਦ ਵੀ ਜੇਕਰ ਅਸੀਂ ਤੱਤਾਂ ਦੇ ਵਖ੍ਰੇਵੇਂ ਵਾਲੇ ਵਾਧੂ ਭੁਲੇਖਿਆਂ ਦਾ ਸ਼ਿਕਾਰ ਰਵੀਏ ਤਾਂ ਇਹ ਦੋਸ਼ ਸਾਡਾ ਅਪਣਾ ਹੋਵੇਗਾ, ਗੁਰਬਾਣੀ ਜਾਂ ਕਿਸੇ ਹੋਰ ਦਾ ਨਹੀਂ।




.