.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 28)

ਭਾਈ ਸੁਖਵਿੰਦਰ ਸਿੰਘ 'ਸਭਰਾ'

ਕੁਝ ਹੱਡ ਬੀਤੀਆਂ/ਜੱਗ ਬੀਤੀਆਂ

ਕੁਝ ਸਮਾਂ ਪਹਿਲਾਂ ਪਿੰਡ ਕਸੇਲ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਬੜੇ ਧੂਮ-ਧੜੱਕੇ ਨਾਲ ਮਨਾਇਆ ਗਿਆ। ਇਹ ਤਿੰਨ ਦਿਨਾਂ ਸਮਾਗਮ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਦੀ ਅਗ਼ਵਾਈ ਹੇਠ ਕੀਤਾ ਗਿਆ। ਪਹਿਲੇ ਦਿਨ ਦਲ ਵੱਲੋਂ ਤਿਆਰ ਕੀਤੀ ਗਈ ਸਪੈਸ਼ਲ ਬੱਸ ਵਿਚ ਇਕੋ ਸਮੇਂ ਸ੍ਰੀ “ਗੁਰੂ ਗ੍ਰੰਥ ਸਾਹਿਬ ਜੀ” ਜਪੁਜੀ ਸਾਹਿਬ, ਦਸਮ ਗ੍ਰੰਥ ਪੜ੍ਹਨ ਵਾਲਾ ਸਿੰਘ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਕ ਟੱਲੀ (ਘੰਟੀ) ਵਜਾਉਂਦਾ ਅਤੇ ਟੱਲੀ ਵੱਜਣ `ਤੇ ਦੀਵਾਨ ਵਿਚ ਬੈਠਾ ਇਕ ਸਿੰਘ ਗੰਨਾ ਵੱਢ ਕੇ ਜਾਂ ਨਾਰੀਅਲ ਭੰਨ ਕੇ ਬਲੀ ਦਿੰਦਾ। ਇਹ ਸਿਲਸਿਲਾ ਤਿੰਨ ਦਿਨ ਚਲਦਾ ਰਿਹਾ। ਇਸ ਤਰ੍ਹਾਂ ਜਿੱਥੇ “ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਹੋਰ ਪੋਥੀਆਂ ਪ੍ਰਕਾਸ਼ ਕਰਕੇ ਗੁਰਬਾਣੀ ਦੀ ਨਿਰਾਦਰੀ ਕੀਤੀ ਗਈ। ਉਥੇ ਬਲੀ ਦੇ ਕੇ ਗੁਰਮਤਿ ਸਿਧਾਤਾਂ ਦੀ ਘੋਰ ਉਲੰਘਣਾ ਕੀਤੀ ਗਈ।

ਪਰ ਦੂਸਰੇ ਦਿਨ ਇਹਨਾਂ ਸਿੰਘਾਂ ਨੇ ਇਕ ਹੋਰ ਕਾਰਨਾਮਾ ਸਰ-ਅੰਜਾਮ ਦੇ ਦਿੱਤਾ। ਦੂਸਰੇ ਦਿਨ ਇਕ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਅਰੰਭਤਾ ਵੇਲੇ ਪੰਜ ਪਿਆਰਿਆਂ ਨੂੰ ਤਿਆਰ ਹੋਣ ਦਾ ਸੱਦਾ ਦਿੱਤਾ ਗਿਆ। ਪਿੰਡ ਦੇ ਪੰਜ ਸਿੰਘ ਖ਼ਾਲਸਾਈ ਵਰਦੀ ਪਾ ਕੇ ਤਿਆਰ ਹੋ ਗਏ। ਇਹਨਾਂ ਵਿਚ ਇਕ ਮਜ਼੍ਹਬੀ ਸਿੰਘਾਂ ਨਾਲ ਸੰਬੰਧਤ ਸੀ। ਪਰ ਸਮਾਗਮ ਦੇ ਮੁੱਖ ਪ੍ਰਬੰਧਕ ਨੇ ਇਸ ਸਿੰਘ ਨੂੰ ਕਹਿ ਦਿੱਤਾ ਕਿ ਮਜ਼੍ਹਬੀ ਸਿੰਘ ਪੰਜ ਪਿਆਰੇ ਨਹੀਂ ਬਣ ਸਕਦੇ। ਤੂੰ ਵਰਦੀ ਲਾਹ ਦੇ। ਉਸਨੇ ਵਰਦੀ ਲਾਹ ਦਿੱਤੀ। ਧੰਨ ਨੇ ਇਹ ਸਾਡੀ ਕੌਮ ਦੇ ਸੰਤ ਅਤੇ ਧੰਨ ਹਨ ਇਹਨਾਂ ਦੇ ਚੇਲੇ।

ਜਦੋਂ ਅਸੀਂ ਗੁਰੂ ਤੇਗ਼ ਬਹਾਦਰ ਜੀ ਦੀ ਗੱਲ ਕਰਦੇ ਹਾਂ ਤਾਂ ਨਾਲ ਹੀ ਜਿਸ ਭਾਈ ਜੈਤਾ (ਭਾ: ਜੀਵਨ ਸਿੰਘ) ਨੇ ਮਹਾਰਾਜ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਂਦਾ ਵਡਮੁੱਲੀ ਦੇਣ ਹੈ।

ਇਹਨਾਂ ਦਲ ਵਾਲਿਆਂ ਨੇ ਇਕ ਅੰਮ੍ਰਿਤਧਾਰੀ ਸਿੰਘ ਨੂੰ ਸਾਸ੍ਹੀ ਕਹਿ ਕੇ ਬੱਸ ਵਿਚ ਚੜ੍ਹਨ ਤੋਂ ਰੋਕ ਦਿੱਤਾ। ਇਹ ਧਰਮ ਦੇ ਠੇਕੇਦਾਰ ਇਹ ਨਹੀਂ ਜਾਣਦੇ ਕਿ ਜਦੋਂ ਕੋਈ ਵੀ ਸਿੰਘ ਸੱਜ ਜਾਵੇ ਤਾਂ ਉਸਦੀ ਜਾਤ-ਵਰਣ ਨਹੀਂ ਰਹਿੰਦੀ। ਅੰਮ੍ਰਿਤ ਛਕਣ ਵੇਲੇ ਇਹੋ ਹਦਾਇਤ ਕੀਤੀ ਜਾਂਦੀ ਹੈ ਕਿ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਜੀ ਹਨ। ਵਾਸੀ ਅਨੰਦਪੁਰ ਦੇ ਹੋ। ਸਿੱਟਾ ਇਹ ਹੈ ਕਿ ਇਹ ਧਰਮ ਦੇ ਠੇਕੇਦਾਰ, ਦਸਵੇਂ ਪਾਤਸ਼ਾਹ ਦੇ ਪੁੱਤਰਾਂ ਦਾ ਹੀ ਨਿਰਾਦਰ ਕਰ ਰਹੇ ਹਨ। ਇਹ ਅੰਮ੍ਰਿਤ ਵੀ ਵੱਖਰਾ ਛਕਾਉਂਦੇ ਹਨ।

ਇਸ ਤਰ੍ਹਾਂ ਇਸ ਮਹਾਨ ਗੁਰਮਤਿ ਸਮਾਗਮ ਵਿਚ ਕੁਝ ਵੀ ਵਿਚਾਰਿਆ ਸਮਝਿਆ, ਪ੍ਰਾਪਤੀ ਕੋਈ ਨਾ ਹੋਈ। ਆਖ਼ਰੀ ਦਿਨ ਗਿਆਰ੍ਹਾਂ ਬੱਕਰਿਆਂ ਦੀ ਬਲੀ ਦੇਣ ਤੋਂ ਜਿਹੜਾ ਡਲਿਆਂ ਦਾ ਲੰਗਰ ਤਿਆਰ ਹੋਇਆ। ਇਸ ‘ਪਵਿੱਤਰ ਲੰਗਰ’ ਦੇ ਨਾਲ ਹੀ ਇਹ ਸਮਾਗਮ ਬੜੇ ਧੂਮ ਧੜੱਕੇ ਨਾਲ ਆਪਣੇ ਅੰਜਾਮ ਨੂੰ ਪੁੱਜਾ।

ਅਜਿਹੇ ਹਾਲਾਤ ਵਿਚ ਗੁਰਮਤਿ ਤਾਂ ਇਹੀ ਸੋਚਦੀ ਹੋਵੇਗੀ (ਏਕ ਚਾਕ ਹੋ ਤੋ ਸੀਂਲੂ ਗਰੇਬਾਨ ਅਪਨਾ, ਜਾਲਿਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ।)

ਪਹੁੰਚਿਆ ਹੋਇਆ ਬਾਬਾ

ਕੁਝ ਕੁ ਦਿਨ ਪਹਿਲਾਂ ਮੈਂ ਇਕ ਅਖੌਤੀ ਬਾਬੇ ਬਾਰੇ ਸੁਣਿਆ। ਸੁਣ ਕੇ ਹੈਰਾਨ ਰਹਿ ਗਿਆ। ਇਹ ਬਾਬਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਤੋਂ 4 ਕੁ ਕਿਲੋਮੀਟਰ ਦੂਰ ਇਕ ਪਿੰਡ ਵਿਚ ਆਪਣੀ ਲਹਿਰ ਚਲਾ ਰਿਹਾ ਹੈ। ਇਹ ਬਾਬਾ ਕੋਈ ਆਦਮੀ ਨਹੀਂ ਬਲਕਿ ਇਕ ਔਰਤ ਹੈ। ਜੋ ਕੋਰੀ ਅਨਪੜ੍ਹ ਹੈ। ਬਾਬਾ ਅਖਵਾਉਂਦੀ ਹੈ। ਉਹ ਕਹਿੰਦੀ ਹੈ ਕਿ ਮੈਨੂੰ “ਗੁਰੂ ਗੋਬਿੰਦ ਸਿੰਘ” ਦਾ ਪਹਿਰਾ ਆਉਂਦਾ ਹੈ। ਉਹ ਦਰਸ਼ਨ ਦਿੰਦੇ ਹਨ। ਇਹ ਵੀ ਕਹਿੰਦੀ ਹੈ ਕਿ ਮੈਨੂੰ ਪਾਠ ਕਰਨ ਦੀ ਕੋਈ ਲੋੜ ਨਹੀਂ ਗ੍ਰੰਥ ਸਾਹਿਬ ਮੇਰੇ ਹੱਥਾਂ ਵਿਚੋਂ ਦਿਸਦਾ ਹੈ। ਪੜ੍ਹੇ ਲਿਖੇ ਲੋਕ ਵੀ ਇਹਨੇ ਮੂਰਖ ਬਣਾਏ ਹੋਏ ਹਨ। ਉਹ ਲੋਕ ਇਸ ਬੀਬੀ ਨੂੰ ਦਸਵੇਂ ਪਾਤਸ਼ਾਹ ਦਾ ਅਵਤਾਰ ਮੰਨ ਰਹੇ ਹਨ। ਐਸੇ ਬਾਬਿਆਂ ਦੇ ਪਾਜ ਖੋਲ੍ਹ ਕੇ ਲੋਕਾਂ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ।

ਦਰਖ਼ਤਾਂ ਦੇ ਪੱਤੇ ਪ੍ਰਸ਼ਾਦ ਦੇਣ ਵਾਲਾ ਬਾਬਾ

ਬਾਘਾ ਪੁਰਾਣਾ ਤੋਂ ਮੋਗੇ ਵੱਲ ਜਾਂਦਿਆਂ ਰੋਡ `ਤੇ ਇਕ ਸਾਧ ਦਾ ਡੇਰਾ ਹੈ। ਇਹ ਬਾਬਾ ਗੋਲ ਕੇਸਰੀ ਪੱਗ ਬੰਨ੍ਹਦਾ ਹੈ ਅਤੇ ਗਾਤਰਾ ਕ੍ਰਿਪਾਨ ਉੱਤੋਂ ਦੀ ਪਾ ਕੇ ਸਿੱਖੀ ਬਾਣੇ ਵਿਚ ਹੀ ਸਿੱਖੀ ਨੂੰ ਢਾਹ ਲਾ ਰਿਹਾ ਹੈ। ਡੇਰੇ ਦੇ ਬਾਹਰ ਬਾਬੇ ਦੀਆਂ ਫੋਟੋਆਂ ਵਿਕਦੀਆਂ ਹਨ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੰਦਰ ਇਕ ਛੋਟੇ ਕਮਰੇ ਵਿਚ ਹੈ। ਇਹ ਬਾਬਾ ਵਿਸ਼ੇਸ਼ ਆਸਣ ਲਾ ਕੇ ਬੈਠਦਾ ਹੈ। ਭੋਲੇ ਭਾਲੇ ਲੋਕ ਇਸ ਨੂੰ ਮੱਥਾ ਟੇਕ ਕੇ ਹੇਠਾਂ ਦਰੀਆਂ `ਤੇ ਬੈਠ ਜਾਂਦੇ ਹਨ। ਬਾਬੇ ਦੇ ਇਕ ਪਾਸੇ ਦੋ ਟੈਲੀਫ਼ੋਨ ਅਤੇ ਦੂਜੇ ਪਾਸੇ ਦਰਖ਼ਤਾਂ ਦੇ ਪੱਤੇ ਅਤੇ ਇਕ ਬਾਟੇ ਵਿਚ ਪੰਜ, ਦਸ ਪੈਸੇ ਦੇ ਸਿੱਕੇ ਰੱਖੇ ਹੁੰਦੇ ਹਨ। ਇਕ ਚੇਲਾ ਪ੍ਰਸ਼ਾਦ ਦਿੰਦਾ ਹੈ ਅਤੇ ਹੋਰ ਵੀ ਬੇਅੰਮ੍ਰਿਤੀਏ ਚੇਲੇ ਇਸ ਬਾਬੇ ਨੇ ਪਾਲੇ ਹੋਏ ਹਨ।

ਲੋਕ, ਫੌਰਨ ਇਲਾਜ ਦੇ ਮੰਗਾਂ ਦੀ ਪੂਰਤੀ ਲਈ, ਬਾਬੇ ਦੀ ਕਚਿਹਰੀ ਵਿਚ ਪੇਸ਼ ਹੋ ਕੇ ਦੁੱਖ-ਦਰਦ ਦੀਆਂ ਕਹਾਣੀਆਂ ਦੱਸਦੇ ਹਨ ਅਤੇ ਬਾਬੇ ਦੇ ਚੇਲੇ, ਇਕ ਮੁੱਠ ਪੱਤਿਆਂ ਦੀ ਤੇ ਇਕ ਸਿੱਕਾ ਦੇ ਕੇ, ਕਈ ਤਰ੍ਹਾਂ ਦੇ ਕਰਮਕਾਂਡ ਕਰਨ ਦਾ ਹੁਕਮ ਕਰਕੇ ਅੱਗੇ ਤੋਰੀ ਜਾਂਦੇ ਹਨ। ਇਕ ਮੜ੍ਹੀ ਤੇ ਇਹਨਾਂ ਲੋਕਾਂ ਲਈ ਅਰਦਾਸਾਂ ਵੀ ਕੀਤੀਆਂ ਜਾਂਦੀਆਂ ਹਨ। ਅੰਮ੍ਰਿਤਧਾਰੀ ਸਿੱਖ ਵੀ ਕਬਰ ਨੂੰ ਮੱਥਾ ਟੇਕਦੇ ਅਤੇ ਕਰਮਕਾਂਡ ਕਰਦੇ ਵੇਖੇ ਜਾ ਸਕਦੇ ਹਨ।

ਕੀਰਤਨੀਏ ਰਾਗੀਆਂ ਵੱਲੋਂ ਮਨਮੱਤ ਦਾ ਪ੍ਰਚਾਰ

ਰਾਗੀ ਵੀ ਮਾਇਆ ਦੇ ਵਪਾਰ ਵਾਸਤੇ ਮਨਮੱਤ ਦਾ ਪ੍ਰਚਾਰ ਕਰ ਰਹੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸ਼ਿਵ ਤੇ ਪਾਰਬਤੀ ਦੀ ਝੂਠੀ ਕਹਾਣੀ ਜੋੜ ਕੇ ਮਨੀਕਰਣ ਗੁਰਦੁਆਰਾ ਸਥਾਪਤ ਕਰ ਲਿਆ ਹੈ। ਉਥੇ ਵੇਖਣ ਵਿਚ ਆਇਆ ਹੈ ਕਿ ਗੁਰੂ ਸਾਹਿਬਾਨ ਦੀਆਂ ਫੋਟੋਆਂ ਉੱਪਰ ਹਨੂੰਮਾਨ ਤੇ ਹੋਰ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਗੁਰੂ ਨਾਨਕ ਦੇਵ ਜੀ ਤੇ ਸੰਤ ਨਰੈਣ ਦਾਸ ਦੀਆਂ ਫੋਟੋਆਂ ਵੀ ਰੱਖੀਆਂ ਹੋਈਆਂ ਹਨ। ਜਿਸ ਨਾਲ ਸ਼ਰਧਾਵਾਨ ਸਿੰਘ ਦੇ ਮਨ ਨੂੰ ਠੇਸ ਪਹੁੰਚਦੀ ਹੈ। ਉਥੇ ਕੀਰਤਨ ਵੀ ਬੇਅੰਮ੍ਰਿਤੀਏ ਅਤੇ ਗ਼ੈਰ ਸਿੱਖ ਕਰਦੇ ਹਨ। ਸਾਡੇ ਰਾਗੀ ਮਾਇਆ ਨਾਲ ਝੋਲੀਆਂ ਭਰਨ ਲਈ ਇਸ ਥਾਂ ਦਾ ਪ੍ਰਚਾਰ ਨਵੀਆਂ ਨਵੀਆਂ ਕੈਸਟਾਂ ਤਿਆਰ ਕਰਵਾ ਕੇ ਕਰ ਰਹੇ ਹਨ। ਜਗਾਦਰੀ ਵਾਲਾ ਇਕ ਕੈਸਟ ਵਿਚ ਗਾ ਰਿਹਾ ਹੈ ‘ਮਨੀਕਰਨ ਵਿਚ ਗੁਰੂ ਨਾਨਕ ਆਏ, ਦੁਨੀਆਂ ਨੂੰ ਤਾਰਨ ਲਈ’ ਇਹ ਕੈਸਟਾਂ ਕੇਬਲਾਂ ਉੱਪਰ ਵੀ ਦਿਖਾਈਆਂ ਜਾ ਰਹੀਆਂ ਹਨ। ਇਹ ਮਨਮੱਤੀ ਪ੍ਰਚਾਰ ਰੋਕਣ ਦੀ ਜ਼ਿੰਮੇਵਾਰੀ ਕਿਸਦੀ ਬਣਦੀ ਹੈ।
.