.

ਸ਼ਬਦ ਅਕਾਲ: ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ

ਸਰਜੀਤ ਸਿੰਘ ਸੰਧੂ, ਯੂ. ਐੱਸ. ਏ.

ਆਦਿ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਗੁਰਬਾਣੀ ਜਪੁ ਜੀ ਦੇ ਅਰੰਭਿੱਕ ਸਬਦ ਵਿੱਚ ਅਕਾਲ ਸ਼ਬਦਮੂਰਤ ਦਾ ਵਿਸ਼ੇਸ਼ਨ ਬਣ ਕੇ ਆਇਆ ਹੈ। ਇਨ੍ਹਾਂ ਦੋ ਸ਼ਬਦਾਂ ਤੋਂ ਉਪਜਿਆ ਸੰਯੁਕਤ ਸ਼ਬਦ ਅਕਾਲਮੂਰਤ ਸਿੱਖ ਧਰਮ ਦੇ ਬੁਨਿਆਦੀ ਸ਼ਬਦ ੴ, ਇੱਕੋਓ, ਦੀ ਪਰੀਭਾਸ਼ਾ ਦਾ ਅਹਿਮ ਅੰਗ ਬਣ ਨਿਬੜਿਆ ਹੈ। ਇੱਸ ਤੋਂ ਸਪਸ਼ਟ ਹੈ ਕਿ ਸ਼ਬਦ ਅਕਾਲ ਦਾ ਸਿੱਖ ਧਰਮ ਵਿੱਚ ਸਤਿਕਾਰ ਇੱਸ ਦੇ ਸਾਥੀ ਸ਼ਬਦ ਮੂਰਤ ਦੀ ਵਿਸ਼ੇਸ਼ਤਾ ਨੂੰ ਨਿਖਾਰਨ ਤੋਂ ਬਿਨਾ ਆਪਣੇ ਆਪ ਵਿੱਚ ਜ਼ਿਆਦਾ ਮਹੱਤਵਪੂਰਨ ਨਹੀਂ ਹੈ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਸ ਸ਼ਬਦ ਦੀ ਧਾਰਮਿਕ ਲੋੜ ਅਤੇ ਸਤਿਕਾਰ ਦੂਸਰੇ ਸ਼ਬਦਾਂ ਨਾਲ ਜੁੜਨ ਕਰ ਕੇ ਹੀ ਹੈ। ਇੱਸਦੀ ਮਿਸਾਲ ਹਨ, ਸੰਯੁਕਤ ਸ਼ਬਦ: ਅਕਾਲਪੁਰਖ, ਅਕਾਲਮੂਰਤ ਆਦਿਕ। ਜਦੋਂ ਵੀ ਅਕਾਲ ਇਕੱਲੇ ਸ਼ਬਦ ਦੇ ਰੂਪ ਵਿੱਚ ਵਰਤਿਆ ਗਿਆ ਹੈ, ਇੱਸ ਦਾ ਧਾਰਮਿਕ ਸਤਿਕਾਰ ਬਹੁਤ ਘੱਟ ਗਿਆ ਹੈ, ਜਿਵੇਂ ‘ਕਾਲ ਅਕਾਲ ਖਸਮ ਕਾ ਕੀਨ੍ਹਾ’ ਕਬੀਰ ਦੇ ਸਲੋਕ ਵਿੱਚ ਆਉਂਦਾ ਹੈ। ਇੱਸ ਲੇਖ ਵਿੱਚ ਅਸੀਂ ਸ਼ਬਦ ਅਕਾਲ ਦੀ ਗੁਰਬਾਣੀ ਵਿੱਚ ਵਰਤੋਂ ਅਤੇ ਇੱਸ ਨੂੰ ਵਰਤਨ ਦਾ ਭਾਵ ਸਮਝਣ ਦਾ ਯਤਨ ਕਰਾਂਗੇ। ਕਬੀਰ ਦੇ ਸਲੋਕ ਤੋਂ ਅਸੀਂ ਅਰੰਭ ਕਰਦੇ ਹਾਂ ਜੋ ਅਰਥਾਂ ਸਮੇਤ ਪਾਠਕਾਂ ਦੀ ਵਿਚਾਰ ਵਾਸਤੇ ਹੇਠਾਂ ਦਿੱਤਾ ਗਿਆ ਹੈ।

ਕਾਲੁ ਅਕਾਲੁ ਖਸਮ ਕਾ ਕੀਨਾਂ ਇਹੁ ਪਰਪੰਚੁ ਬੰਧਾਵਨੁ॥ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ੍ਹ ਹਿਰਦੈ ਰਾਮ ਰਸਾਇਨੁ॥ ੨॥ ੬॥ ੧. ੧ ਮਾਰੂ ਕਬੀਰ ਅ: ਗ: ਗ: ਸ: ਪੰਨਾ ੧੧੦੪

ਅਰਥ: ਕਬੀਰ ਕਹਿੰਦੇ ਹਨ, ਇਹ ਮੌਤ-ਰਹਿਤ, ਮੌਤ-ਸਹਿਤ ਅਤੇ ਬੰਧਨ ਰੂਪ ਜਗਤ ਅਕਾਲਪੁਰਖ, ਇੱਕੋਓ, ਨੇ ਹੀ ਰਚੇ ਹੋਇ ਹਨ। ਇਨ੍ਹਾਂ ਤੋਂ ਓਹੀ ਬਚਦਾ ਹੈ ਜਿੱਸ ਦੇ ਹਿਰਦੇ ਵਿੱਚ ਅਕਾਲਪੁਰਖ ਦਾ ਨਾਮ-ਰੱਸ ਵਸਦਾ ਹੈ। ੨। ੬।

ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਸ਼ਬਦ ਅਕਾਲ ਇਕੱਲਾ ਵਰਤਿਆ ਗਿਆ ਹੈ ਤਾਂ ਇਸ ਦਾ ਭਾਵ ਗੁਰਬਾਣੀ ਦੇ ਅਕਾਲਪੁਰਖ ਜਾਂ ਅਕਾਲ ਮੂਰਤ ਵਾਲਾ ਨਹੀਂ ਹੈ। ਇਹ ਉੱਪਰ ਦਿੱਤੇ ਅਰਥਾਂ ਤੋਂ ਸਪਸ਼ਟ ਹੈ। ਇੱਸ ਸਬਦ ਵਿੱਚ ਸ਼ਬਦ ਅਕਾਲ ਅਤੇ ਸ਼ਬਦ ਕਾਲ ਸਧਾਰਨ ਰੂਪ ਨੂੰ ਬਿਆਨ ਕਰਦੇ ਹਨ ਕਿ ਅਮਰ ਰਹਿਣਾ ਜਾਂ ਨਾਸ਼ ਹੋ ਜਾਣਾ ਕੇਵਲ ਇੱਕੋਓ ਦੇ ਹੱਥ ਵਿੱਚ ਹੈ, ਕਿਸੇ ਹੋਰ ਸ਼ਕਤੀ ਜਾਂ ਵਿਅਕਤੀ ਦਾ ਇੱਸ ਨਾਲ ਕੋਈ ਸੰਬੰਧ ਨਹੀਂ ਹੈ। ਸੋ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕਾਲ ਅਤੇ ਅਕਾਲ ਕਿਸੇ ਤਰ੍ਹਾਂ ਵੀ ਅਕਾਲਪੁਰਖ ਜਾਂ ਇੱਕੋਓ ਦੇ ਅਰਥ ਨਹੀਂ ਦਰਸਾਉਂਦੇ। ਇੱਸ ਨਿਯਮ ਨੂੰ ਹੋਰ ਉਜਾਗਰ ਕਰਨ ਲਈ ਅਸੀਂ ਹੁਣ ਹੋਰ ਗੁਰੂ ਸਬਦ ਅਤੇ ਇਨ੍ਹਾਂ ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਉਨ੍ਹਾਂ ਦੀ ਵਿਚਾਰ ਗੋਚਰੇ ਪੇਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੁਰੂ ਨਾਨਕ ਦਾ ਸਬਦ ਰਾਗ ਮਾਰੂ ਵਿਚੋਂ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਹੈ।

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ॥ ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ॥ ੩॥ ੧॥ ੧੮॥ ੧. ੨ ਮਾਰੂ ਮ: ੧ ਅ: ਗ: ਗ: ਸ: ਪੰਨਾ ੧੦੩੮

ਅਰਥ: ਹੇ ਅਕਾਲਪੁਰਖ! ਤੂੰ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਵੀ ਮੌਤ-ਰਹਿਤ ਹੈਂ ਅਤੇ ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ। ਜਿੱਸ ਵਿਅਕਤੀ ਨੇ ਸੰਤੋਖ ਅਤੇ ਸੇਵਾ ਵਾਲੇ ਜੀਵਨ ਵਿੱਚ ਰਹਿ ਕੇ ਤੇਰੇ ਸਬਦ ਨਾਲ ਸੁਰਤ ਜੋੜੀ ਹੈ ਉਸ ਦਾ ਹਿਰਦਾ ਸਦਾ ਠੰਢਾ ਠਾਰ ਰਹਿੰਦਾ ਹੈ। ੩। ੧। ੧੮।

ਅਕਾਲ ਪੁਰਖ ਅਗਾਧਿ ਬੋਧ॥ ਸੁਨਤ ਜਸੋ ਕੋਟਿ ਅਘ ਖਏ॥ ੨॥ ੧੩॥ ੧੫੧॥ ੧. ੩ ਗਉੜੀ ਮ: ੫ ਸ: ਗ: ਗ: ਸ: ਪੰਨਾ ੨੧੨:

ਅਰਥ: ਅਕਾਲਪੁਰਖ! ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਬਾਹਿਰ ਹੈ। ਤੇਰੀ ਸਿਫਤ-ਸਾਲਾਹ ਦੀ ਬਰਕਤ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ੩। ੧੩। ੧੫੧।

ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨਾ ਜਾਇਆ॥ ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ॥ ੨॥ ੧. ੪ ਸਿਰੀ ਮ: ੪ ਅ: ਗ: ਗ: ਸ: ਪੰਨਾ ੭੮

ਅਰਥ: (ਗੁਰੂ ਦੀ ਸ਼ਰਨ ਪਿਆਂ) ਮੈਨੂੰ ਉਹ ਇੱਕੋਓ (ਖਸਮ) ਮਿਲ ਗਿਆ ਹੈ ਜਿੱਸ ਦੀ ਹਸਤੀ ਨੂੰ ਕਦੇ ਕਾਲ ਪੁਹ ਨਹੀਂ ਸਕਦਾ। ਜੋ ਨਾਸ-ਰਹਿਤ ਹੈ ਅਤੇ ਕਦੇ ਮਰਦਾ ਜਾਂ ਜੰਮਦਾ ਨਹੀਂ। ਹੇ ਮੇਰੇ ਪਿਤਾ! ਗੁਰੂ ਦੀ ਸ਼ਰਨ ਪੈ ਕੇ ਮੇਰਾ ਇੱਕੋਓ (ਅਕਾਲਪੁਰਖ-ਪਤੀ) ਨਾਲ ਪੱਕਾ ਸੰਬੰਧ (ਵਿਆਹ) ਹੋ ਗਿਆ ਹੈ। ੨।

ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ॥ ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਰਥਾ॥ ੨੦॥ ੧. ੫ ਮਾਰੂ ਮ: ੫ ਅ: ਗ: ਗ: ਸ: ਪੰਨਾ ੧੧੦੨

ਅਰਥ: ਮੈਂ ਇੱਕੋਓ (ਅਕਾਲਮੂਰਤ) ਨੂੰ ਦਿਨ ਰਾਤ ਹਿਰਦੇ ਵਿੱਚ ਵਸਾਈ ਰੱਖਦਾ ਹਾਂ। ਮੈਂ ਸਭ ਸ਼ਕਤੀਆਂ ਰੱਖਣ ਵਾਲੇ ਇੱਕੋਓ ਵਿੱਚ ਸ਼ਰਧਾ ਰੱਖ ਕੇ ਮਾਇਆ ਦੀ ਸਾਰੀ ਅਪਣੱਤ ਤੋਂ ਛੁਟਕਾਰਾ ਪਾ ਲਿਆ ਹੈ। ੨੦।

ਇਨ੍ਹਾਂ ਸਲੋਕਾਂ ਦੇ ਅਰਥਾਂ ਤੋਂ ਸਿੱਟਾ ਹਰ ਪਖੋਂ ਸਪਸ਼ਟ ਹੋ ਗਿਆ ਹੈ, ਕਿ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਕੇਵਲ ਵਿਸ਼ੇਸ਼ਕ ਦੇ ਨਾਤੇ ਹੀ ਪੂਰਾ ਭਾਵ ਅਤੇ ਸਤਿਕਾਰ ਪ੍ਰਾਪਤ ਕਰਦਾ ਹੈ। ਇੱਸ ਪਿਛੋਂ ਅਸੀਂ ਦਸਮ ਗ੍ਰੰਥ ਵਿੱਚ ਸ਼ਬਦ ਅਕਾਲ ਦੀ ਵਰਤੋਂ ਅਤੇ ਇੱਸ ਦੀ ਵਿਆਕਰਨ ਵਿੱਚ ਸਥਿਤੀ ਬਾਰੇ ਖੋਜ ਤੋਂ ਉਪਜੇ ਤੱਥ ਪੇਸ਼ ਕਰਨ ਦਾ ਯਤਨ ਕਰਾਂਗੇ।

ਦਸਮ ਗ੍ਰੰਥ ਵਿੱਚ ਸ਼ਬਦ ਅਕਾਲ ਦੀ ਵਰਤੋਂ: ਦਸਮ ਗ੍ਰੰਥ ਵਿੱਚ ਸ਼ਬਦ ਅਕਾਲ ਸੰਯੁਕਤ ਸ਼ਬਦ ਦੇ ਰੂਪ ਵਿੱਚ ਪਹਿਲੀ ਵਾਰ ਜਾਪ ਵਿੱਚ ਸਲੋਕ ਨੰਬਰ ੮੪ ਵਿੱਚ ਵਰਤਿਆ ਗਿਆ ਹੈ। ਇੱਸ ਬਾਰੇ ਵੀਚਾਰ ਕਰਨੀ ਜ਼ਰੂਰੀ ਹੈ। ਇਹ ਸਲੋਕ ਅਰਥਾਂ ਸਮੇਤ ਹੇਠਾਂ ਦਿੱਤਾ ਗਿਆ ਹੈ।

ਕਾਲਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ। ਧਰਮ ਧਾਮ ਸੁ ਭਰਮ ਰਹਤ ਅਲਖ ਅਭੇਸ। ੬। ੮੪। ੧. ੬

ਅਰਥ: (ਉਸ) ਕਾਲ-ਰਹਿਤ, ਸ਼ਕਤੀ ਸਹਿਤ ਅਕਾਲ ਪਰਖ ਨੂੰ ਨਮਸਕਾਰ ਹੈ। ਉਹ ਧਰਮ ਦਾ ਸਰੋਤ, ਭਰਮ ਤੌਂ ਰਹਿਤ, ਪੰਜ ਤੱਤਾਂ ਤੋਂ ਨਿਆਰਾ ਅਦ੍ਰਿਸ ਅਤੇ ਭੇਸ-ਰਹਿਤ ਹੈ। ੬। ੮੪।

ਸਾਰੇ ਦਸਮ ਗ੍ਰੰਥ ਵਿੱਚ ਸ਼ਬਦ ਅਕਾਲ ਪੁਰਖ ਕੇਵਲ ਜਾਪੁ ਬਾਣੀ ਵਿੱਚ ਇੱਕ ਵਾਰੀ ਆਇਆ ਹੈ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਅਰਥਾਂ ਵਿੱਚ ਆਇਆ ਹੈ। ਪਰ ਇਹ ਗੱਲ ਛੇਤੀਂ ਹੀ ਨਿੱਖਰ ਜਾਵੇਗੀ ਕਿ ਇਰਾਦਾ ਸਾਫ਼ ਹੈ ਕਿ ਖੋਟ ਭਰਿਆ ਹੈ। ਕੀ ਇੱਸ ਦਾ ਮੰਤਵ ਭੁਲੇਖਾ ਪਾਉਣਾ ਹੈ ਜਾਂ ਸੱਚਾਈ ਦੇ ਰਾਹ ਪੈਣਾ ਹੈ।

ਅਕਾਲ ਉਸਤਤਿ ਦੇ ਮੁਢਲੇ ਸਲੋਕ ਵਿੱਚ ਸ਼ਬਦ ਅਕਾਲ ਪੁਰਖ ਆਇਆ ਹੈ ਜੋ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕੀਤਾ ਗਿਆ ਹੈ।

ਅਕਾਲ ਪੁਰਖ ਕੀ ਰਛਾ ਹਮਨੈ। ਸਰਬ ਲੋਹ ਕੀ ਰਛਿਆ ਹਮਨੈ। ਸਰਬ ਕਾਲ ਜੀ ਦੀ ਰਛਿਆ ਹਮਨੈ। ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ। ਨੋਟ। ੧. ੭ ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੩੦

ਅਰਥ: ਸਾਨੂੰ ਅਕਾਲਪੁਰਖ ਦੀ ਰੱਖਿਆ ਹੈ, ਸਾਨੂੰ ਸਰਬ ਲੋਹ ਰੂਪ (ਸ਼ਕਤੀ ਪੁੰਜ, ਪ੍ਰਭੂ) ਦੀ ਰੱਖਿਆ ਹੈ, ਸਾਨੂੰ ਸਭ ਦੇ ਕਾਲ (ਪ੍ਰਭੂ) ਦੀ ਰੱਖਿਆ ਹੈ, ਸਾਨੂੰ ਸਦਾ ਸਰਬ ਲੋਹ ਸਰੂਪ ਦੀ ਰੱਖਿਆ ਹੈ।

ਨੋਟ: ਇਹ ਅੰਸ਼ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੱਥਾਂ ਨਾਲ ਲਿਖਿਆ ਹੋਇਆ ਹੈ।

ਦੂਜੀ ਵਾਰੀ ਸ਼ਬਦ ਅਕਾਲ ਪੁਰਖ ਦਸਮ ਗ੍ਰੰਥ ਦੇ ਭਾਗ ੨ ਵਿੱਚ ਅਧਿਆਏ ਕ੍ਰਿਸਨਾਵਤਾਰ ਦੇ ਪੰਨਾ ੨ ਉੱਤੇ ਸਿਰਲੇਖ ਹੇਠਾਂ ਸ੍ਰੀ ਅਕਾਲ ਪੁਰਖ ਜੀ ਸਹਾਇ ਲਿਖਿਆ ਹੋਇਆ ਹੈ। ਇਨ੍ਹਾਂ ਦੋ ਥਾਵਾਂ ਤੋਂ ਬਿਨਾ ਸ਼ਬਦ ਅਕਾਲ ਭਾਗ ੧ ਵਿੱਚ ਪਹਿਲੀ ਬਾਣੀ ਜਾਪੁ ਵਿੱਚ ਪੰਜ ਸਲੋਕਾਂ ਵਿੱਚ ਵੀ ਵਰਤਿਆ ਮਿਲਦਾ ਹੈ। ਇਹ ਸਲੋਕ ਅਤੇ ਇਨ੍ਹਾਂ ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤੇ ਗਏ ਹਨ।

ਨਮਸਤੰ ਅਕਾਲੇ। ਨਮਸਤੰ ਕ੍ਰਿਪਾਲੇ। ੨। ਪੰਨਾ ੨ {ੳ} ਅਕਾਲ ਹੈਂ। ੩੭। ਪੰਨਾ ੬ {ਅ} ਨਮਸਤੰ ਅਕਾਲੇ। ਨਮਸਤੰ ਅਪਾਲੇ। ੬੬। ਪੰਨਾ ੧੦ {ੲ} ਖਲ ਖੰਡ ਖਿਆਲ। ਗੁਰ ਬਰ ਅਕਾਲ। ੧੬੭। ਪੰਨਾ ੨੪ {ਸ} ਅਕਾਲ। ਦਿਆਲ। ਅਲੇਖ। ਅਭੇਖ। ੧੯੨। ਪੰਨਾ ੨੮ {ਹ} ੧. ੮ਦਸਮ ਗ੍ਰੰਥ ਭਾਗ ੧ ਜੱਗੀ-ਗੱਗੀ

ਅਰਥ: {ੳ} ਹੇ ਅਕਾਲ਼ ਪੁਰਖ! ਤੈਨੂੰ ਨਮਸਕਾਰ ਹੈ, ਹੇ ਮੇਹਰਾਂ ਦੇ ਦਾਤੇ! ਤੈਨੂੰ ਨਮਸਕਾਰ ਹੈ। ੨। ਪੰਨਾ ੨

{ਅ} ਕਾਲ-ਰਹਿਤ ਹੈਂ। ੩੭। ਪੰਨਾ ੬

{ੲ} ਹੇ ਕਾਲ-ਰਹਿਤ! ਤੈਨੂੰ ਨਮਸਕਾਰ ਹੈ, ਹੇ ਪਾਲਕ-ਰਹਿਤ! ਤੈਨੂੰ ਨਮਸਕਾਰ ਹੈ। ੬੬। ਪੰਨਾ੧੦

{ਸ} ਤੂੰ (ਅਕਲਪੁਰਖ) ਫੁਰਨੇ ਵਿੱਚ ਹੀ ਦੁਸ਼ਟਾਂ ਨੂੰ ਨਸ਼ਟ ਕਰ ਸਕਦਾ ਹੈਂ, ਤੂੰ ਸਭ ਤੋਂ ਵੱਡਾ ਅਤੇ ਕਾਲ ਤੋਂ ਪਰੇ ਹੈਂ। ੧੬੭। ਪੰਨਾ ੨੪

{ਹ} (ਹੇ ਪ੍ਰਭੂ! ਤੂੰ) ਕਾਲ-ਰਹਿਤ, ਦਿਆਲੂ, ਲੇਖੇ ਤੋਂ ਰਹਿਤ ਅਤੇ ਭੇਖ ਤੋਂ ਰਹਿਤ ਹੈਂ। ੧੯੨। ਪੰਨਾ ੨੮

{ੳ} ਵਿੱਚ ਅਕਾਲੇ ਦੇ ਅਰਥ ਅਕਾਲਪੁਰਖ ਦੇ ਕਰਨ ਨਾਲ ਇੱਸ ਸ਼ਬਦ ਦੀ ਕੋਈ ਵਡਿਆਈ ਉੱਚੀ ਨਹੀਂ ਹੋ ਗਈ ਸਗੋਂ ਉਲੱਥਾਕਾਰ ਦੀ ਵਿਦਵਤਾ ਦੇ ਦਰਸ਼ਨ ਹੋ ਗਏ ਹਨ। ਉਲੱਥਾਕਾਰ ਦੀ ਜ਼ੁੰਮੇਵਾਰੀ ਸਚਾਈ ਨੂੰ ਪਰੇ ਸੁਟਣਾ ਨਹੀਂ ਅਤੇ ਖਾਸ ਕਰ ਕੇ ਗੁਰਬਾਣੀ ਨਾਲ ਸੰਬੰਧਤ ਸਲੋਕਾਂ ਵਿੱਚ। ਇਹੋ ਜੇਹਾ ਵਤੀਰਾ ਕਿਸੇ ਵੀ ਧਰਮ ਵਿੱਚ ਪਰਵਾਨ ਨਹੀਂ ਕੀਤਾ ਜਾਂਦਾ। ਕੋਈ ਵੀ ਅਰਥ ਮਨਮਰਜ਼ੀ ਨਾਲ ਨਹੀਂ ਕੀਤਾ ਜਾਂਦਾ। ਪ੍ਰੰਤੂ ਦਲੀਲ ਨਾਲ ਬਦਲਿਆ ਜਾ ਸਕਦਾ ਹੈ। ਜਿੱਸ ਲਈ ਵਾਜਬ ਸਬੂਤ ਦੀ ਲੋੜ ਪੂਰੀ ਕਰਨੀ ਪੈਂਦੀ ਹੈ।

ਜਿੱਸ ਸਲੋਕ ਬਾਰੇ ਡਾ ਜੱਗੀ ਨੇ ਨੋਟ ਦਿੱਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਹੱਥ ਨਾਲ ਲਿਖਿਆ ਕਿਹਾ ਹੈ; ਇੱਸ ਬਾਰੇ ਸ਼ਰਧਾ ਦੀ ਗਲਤ ਵਰਤੋਂ ਕੀਤੀ ਗਈ ਹੈ। ਇੱਸ ਦੀ ਸਚਾਈ ਦੇ ਹੱਕ ਵਿੱਚ ਕੋਈ ਸਬੂਤ ਨਹੀਂ ਪੇਸ਼ ਕੀਤਾ ਗਿਆ। ਦਸਮ ਗ੍ਰੰਥ ਦੀ ਸਾਰੀ ਕਹਾਣੀ ਸ਼ਰਧਾ ਦੀ ਹੀ ਦੁਰ-ਵਰਤੋਂ ਤੋਂ ਉਪਜੀ ਹੈ। ਦੋ ਥਾਵਾਂ, ਜਿੱਥੇ ਸ਼ਬਦ ਅਕਾਲ ਪੁਰਖ ਸਹੀ ਸ਼ਕਲ ਅਤੇ ਸਹੀ ਅਰਥਾਂ ਵਿੱਚ ਦਸਮ ਗ੍ਰੰਥ ਵਿੱਚ ਆਇਆ ਹੈ ਦਸਮ ਗ੍ਰੰਥ ਦੀ ਬਾਣੀ ਦਾ ਅਸਲੀ ਪ੍ਰਗਟਾਵਾ ਨਹੀਂ ਕਰਦੀਆਂ ਕਿਉਂਕਿ ਦਸਮ ਗ੍ਰੰਥ ਦੀ ਬਾਣੀ ਅੰਦਰ ਸ਼ਬਦ ਅਕਾਲ ਪੁਰਖ ਕੇਵਲ ਇੱਕ ਵਾਰ ਜਾਪ ਵਿੱਚ ਹੀ ਵਰਤਿਆ ਮਿਲਦਾ ਹੈ। ਦਸਮ ਗ੍ਰੰਥ ਦੀ ਬਾਣੀ ਅੰਦਰ ਸ਼ਬਦ ਅਕਾਲ ਹੀ ਬਹੁਤੀ ਵਾਰੀ ਵਰਤਿਆ ਮਿਲਦਾ ਹੈ। ਜਿੱਸ ਦੀ ਵਰਤੋਂ ਕਰਨ ਵਾਲੀਆਂ ਤੁਕਾਂ ਉੱਪਰ ਦਿੱਤੀਆਂ ਗਈਆਂ ਹਨ। ਜਿਵੇਂ ਪਹਿਲੋਂ ਦੱਸਿਆ ਗਿਆ ਹੈ ਸ਼ਬਦ ਅਕਾਲ ਇਕੱਲੇ ਦੀ ਵਰਤੋਂ ਇੱਸ ਨੂੰ ਵਿਸ਼ੇਸ਼ਨ ਤੋਂ ਨਾਉਂ ਵਿੱਚ ਬਦਲ ਦੇਂਦੀ ਹੈ। ਜਿੱਸ ਦੀ ਵਰਤੋਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਸ ਨੂੰ ਕੋਈ ਧਾਰਮਿਕ ਸਤਿਕਾਰ ਨਹੀਂ ਬਖਸ਼ਦੀ। ਸ਼ਬਦ ਅਕਾਲ ਦੀ ਦਸਮ ਗ੍ਰੰਥ ਵਿੱਚ ਵਰਤੋਂ ਇੱਸ ਨੂੰ ਇੱਕ ਸਧਾਰਨ ਸ਼ਬਦ ਤੋਂ ਉਤਾਂਹ ਨਹੀਂ ਲੈ ਜਾਂਦੀ ਅਤੇ ਇੱਸ ਦੀ ਸਥਿਤੀ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਨਾਲੋਂ ਕੋਈ ਵੱਧ ਸਤਿਕਾਰ ਦਾ ਭਾਗੀ ਨਹੀਂ ਸਾਬਤ ਕਰਦੀ। ਸਗੋਂ ਇਹ ਇੱਸ ਨੂੰ ਇੱਕ ਸਧਾਰਨ ਸ਼ਬਦ ਦੀ ਵਰਤੋਂ ਦੇ ਨਾਲ ਇੱਸ ਦੀ ਵਰਤੋਂ ਕਰਨ ਵਾਲੇ ਲੇਖਕ ਨੂੰ ਵੀ ਇੱਕ ਸਧਾਰਨ ਵਿਅਕਤੀ ਹੋਣ ਦਾ ਇਸ਼ਾਰਾ ਕਰਦੀ ਹੈ। ਦੂਜੀ ਦਲੀਲ ਇੱਸ ਦੇ ਖਿਲ਼ਾਫ ਹੈ ਕਿ ਦਸਮ ਗ੍ਰੰਥ ਦਾ ਲ਼ੇਖਕ ਕਾਲ ਅਤੇ ਅਕਾਲ ਨੂੰ ਇੱਕ ਹੀ ਅਰਥਾਂ ਵਿੱਚ ਵਰਤਣ ਨਾਲ ਦੋਵਾਂ ਸ਼ਬਦਾਂ ਦੀ ਮਹੱਤਤਾ ਵਿੱਚ ਭਰਮ ਅਤੇ ਭੁਲੇਖਾ ਹੀ ਨਹੀਂ ਪਾਉਂਦਾ ਬਲਕਿ ਇੱਕ ਬਚਗਾਨੇ ਪਣ ਦਾ ਸੋਹਣਾ ਸਬੂਤ ਦੇਂਦਾ ਹੈ। ਕੀ ਉਹ ਲੇਖਕ ਗੁਰੂ ਗੋਬਿੰਦ ਸਿੰਘ ਜੀ ਹੋ ਸਕਦੇ ਹਨ? ਦਾਸ ਤਾਂ ਇੱਸ ਦਾ ਜਵਾਬ ਨਾਂਹ ਵਿੱਚ ਹੀ ਦੇਵੇਗਾ। ਪਾਠਕ ਸੱਜਨ ਇੱਸ ਬਾਰੇ ਫੈਸਲਾ ਆਪ ਕਰਨ ਦਾ ਹੱਕ ਰੱਖਦੇ ਹਨ।




.