.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 09)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

“ਹਿੰਸਾ ਮਮਤਾ ਮੋਹੁ ਚੁਕਾਵੈ” - ਧਿਆਨ ਦੇਣਾ ਹੈ ਕਿ ਇਥੇ ਪਹਿਲੇ ਪਾਤਸ਼ਾਹ ਦੀ ਬਾਣੀ ‘ਥਿਤੀ’ ਚਲ ਰਹੀ ਹੈ ਅਤੇ ਇਸ ਬੰਦ ਨੰ: ੧੩ `ਚ ਵਿਸ਼ਾ ਹੈ ਇਕਾਦਸੀ ਆਦਿ ਦੇ ਵਰਤਾਂ ਦਾ ਹੈ। ਇਹ ਪੂਰਾ ਬੰਦ ਇਸ ਤਰ੍ਹਾਂ ਹੈ:

“ਏਕਾਦਸੀ ਇਕੁ ਰਿਦੈ ਵਸਾਵੈ॥ ਹਿੰਸਾ ਮਮਤਾ ਮੋਹੁ ਚੁਕਾਵੈ॥

ਫਲੁ ਪਾਵੈ ਬ੍ਰਤੁ ਆਤਮ ਚੀਨੈ॥ ਪਾਖੰਡਿ ਰਾਚਿ ਤਤੁ ਨਹੀ ਬੀਨੈ॥

ਨਿਰਮਲੁ ਨਿਰਾਹਾਰੁ ਨਿਹਕੇਵਲੁ॥ ਸੂਚੈ ਸਾਚੇ ਨਾ ਲਾਗੈ ਮਲੁ॥ ੧੩॥” (ਪੰ: ੮੪੦)

ਸਪੱਸ਼ਟ ਹੈ ਗੁਰਮਤਿ ਅੰਦਰ ਤੀਰਥਾਂ, ਵਰਤਾਂ ਆਦਿ ਦੇ ਕਿ ਕਰਮਕਾਂਡਾਂ ਨੂੰ ਪ੍ਰਵਾਣ ਨਹੀਂ ਕੀਤਾ ਗਿਆ। ਇਥੇ ਵੀ ਗੁਰਦੇਵ ਇਨ੍ਹਾਂ ਵਰਤਾਂ ਨੂੰ ਪਾਖੰਡ ਕਰਮ ਕਹਿਕੇ ਸਮਝਾ ਰਹੇ ਹਨ ਕਿ ਜਿਹੜੇ ਲੋਕ ਅਜੇਹੇ ਪਾਖੰਡ ਕਰਮਾ `ਚ ਉਲਝੇ ਰਹਿੰਦੇ ਹਨ, ਉਹ ਅਪਣੇ ਆਪ ਨੂੰ ਖੋਜ ਕੇ ਜਗਤ ਦੇ ਕਰਤਾ ਦੀ ਪਛਾਣ ਕਰਨ ਤੋਂ ਅਸਮ੍ਰਥ ਰਹਿ ਜਾਂਦੇ ਹਨ। ਤਾਂਤੇ ਪੂਰੇ ਬੰਦ ਦੇ ਅਰਥ ਹਨ:

ਜਿਹੜਾ ਮਨੁੱਖ ਇੱਕ ਪ੍ਰਰਮਾਤਮਾ ਨੂੰ ਹਿਰਦੇ `ਚ ਵਸਾਂਦਾ ਹੈ, ਉਹ ਆਪਣੇ ਅੰਦਰੋਂ ਨਿਰਦਇਤਾ, ਮਾਇਕ ਪਦਾਰਥਾਂ ਦੀ ਪੱਕੜ ਤੇ ਸੰਸਾਰਕ ਮੋਹ ਨੂੰ ਦੂਰ ਕਰ ਲੈਂਦਾ ਹੈ। ਜਿਹੜਾ ਮਨੁੱਖ ਅਜੇਹੇ ਰੱਬੀ ਗੁਣਾਂ ਨੂੰ ਅਪਣੇ ਜੀਵਨ ਅੰਦਰ ਧਾਰਨ ਕਰਨ ਵਾਲਾ ਵਰਤ ਰੱਖਦਾ ਹੈ, ਉਹ ਅਜੇਹੇ ਆਤਮਕ ਵਰਤ ਦਾ ਇਹ ਫਲ ਪ੍ਰਾਪਤ ਕਰਦਾ ਹੈ ਕਿ ਸਦਾ ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ। ਇਸਦੇ ਉਲਟ ਵਿਖਾਵੇ ਦੇ ਵਰਤਾਂ `ਚ ਉਲਝਿਆ ਮਨੁੱਖ ਸਾਰੇ ਜਗਤ ਦੇ ਮੂਲ, ਪ੍ਰਮਾਤਮਾ ਦੀ ਪਛਾਣ ਨਹੀਂ ਕਰ ਸਕਦਾ”। ਦੇਖਣ ਦੀ ਗਲ ਹੈ ਕਿ ਵਰਤਾਂ ਵਾਲੇ ਪਾਖੰਡਾ ਦਾ ਖੰਡਣ ਕਰਦਿਆਂ ਇਨਸਾਨੀ ਜੀਵਨ ਦੇ ਗੁਣਾ ਦੀ ਗਲ ਹੀ ਸਮਝਾਈ ਜਾ ਸਕਦੀ ਹੈ।

ਇਥੇ ਵੀ ਵਿਸ਼ਾ ਠੀਕ ਉਸੇ ਤਰ੍ਹਾਂ ਹੈ ਜਿਵੇਂ ਬਾਣੀ ‘ਆਸਾ ਕੀ ਵਾਰ’ `ਚ ਗੁਰਦੇਵ ਫ਼ੁਰਮਾਂਦੇ ਹਨ:

“ਕੂੜਾ ਲਾਲਚੁ ਛਡੀਐ ਹੋਇ ਇੱਕ ਮਨਿ ਅਲਖੁ ਧਿਆਈਐ” (ਪੰ: ੪੬੮)। ਇਸ ਤੋਂ ਵੱਡੀ ਗਲ ਜਦੋਂ ਇਥੇ ਵਿਸ਼ਾ ਹੀ ਵਰਤਾਂ ਦਾ ਚਲ ਰਿਹਾ ਹੈ ਤਾਂ ਗਲ ਹੀ ਸਾਫ਼ ਹੋ ਜਾਂਦੀ ਹੈ ਕਿ ਵਰਤਾਂ ਵਾਲੇ ਇਸ ਵਿਸ਼ੇ ਦਾ ਮਾਸ ਦੇ ਛੱਕਣ-ਨਾ ਛੱਕਣ ਨਾਲ ਸੰਬੰਧ ਹੀ ਨਹੀਂ ਰਹਿ ਜਾਂਦਾ। ਗਲ ਇਥੇ ਵੀ ਉਹੀ ਹੈ, ਗੁਰਬਾਣੀ `ਚ ਜਿੱਥੇ ਮਾੜਾ ਜਿਹਾ ਲਫ਼ਜ਼ ‘ਦਇਆ, ਜੀਅ ਦਇਆ, ਹਿੰਸਾ, ਜੀਅ ਹੱਤਿਆ’ ਆਦਿ ਆਇਆ ਸਾਡੇ ਮਾਸ ਵਿਰੋਧੀ ਸੱਜਣ ਉਥੇ ਹੀ ਉਖੜੇ ਤੇ ਕੁਰਾਹੇ ਪੈ ਗਏ। ਉਥੇ ਪ੍ਰਕਰਣ ਕੀ ਚਲ ਰਿਹਾ ਹੈ, ਉਸ ਨਾਲ ਕੁੱਝ ਮਤਲਬ ਨਹੀਂ, ਬਸ ਪੰਕਤੀ ਚੁਕੀ ਤੇ ‘ਮਾਸ’ ਜਾਂ ‘ਮਾਸ ਦੇ ਭੋਜਨ ਦਾ ਵਿਰੋਧ’ ਕਰ ਦਿਤਾ। ਹੁਣ ਤੀਕ ਇਹੀ ਚਲਦਾ ਆ ਰਿਹਾ ਹੈ `ਤੇ ਮਾਸ ਵਿਰੋਧੀ ਸੱਜਣ ਇਸੇ ਗਲ ਦਾ ਹੀ ਬਾਰ ਬਾਰ ਧੋਖਾ ਵੀ ਖਾ ਰਹੇ ਹਨ।

“ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ” -ਇਸੇ ਲੜੀ `ਚ ਸਲੋਕ ਸਹਿਸਕ੍ਰਿਤੀ, ਸਲੋਕ ਨੰ: ੪੦ ਸਮੇਂ ਵੀ ਸਾਡੇ ਮਾਸ ਵਿਰੋਧੀ ਸੱਜਣਾ ਨੇ ਜਦੋਂ ਲਫ਼ਜ਼ “ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ” ਪੜਿਆ ਤਾਂ ਉਹੀ ਟੱਪਲਾ। ਆਓ ਦਰਸ਼ਨ ਕਰੀਏ! ਪੂਰਾ ਸਲੋਕ ਇਸਤਰ੍ਹਾਂ ਹੈ

“ਮੰਤ੍ਰੰ ਰਾਮ ਰਾਮ ਨਾਮੰ ਧ੍ਯ੍ਯਾਨੰ ਸਰਬਤ੍ਰ ਪੂਰਨਹ॥

ਗ੍ਯ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ॥

ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ॥

ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ॥

ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ॥

ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਯ੍ਯਿਗਿ ਸਗਲ ਰੇਣੁਕਹ॥

ਖਟ ਲਖਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ॥  ੪੦ ॥” (ਪੰ: ੧੩੫੭)

ਬੇਸ਼ਕ ਹੁਣ ਤੀਕ ਆਏ ਸਾਰੇ ਪ੍ਰਮਾਣ ਮਾਸ ਵਿਰੋਧੀ ਸੱਜਣਾ ਨੇ ਕੇਵਲ ਲਫ਼ਜ਼ ‘ਦਇਆ’ ‘ਜੀਅ ਦਇਆ’ ਤੋਂ ਭੁਲੇਖਾ ਖਾ ਕੇ ‘ਟੇੜ੍ਹੀ ਨੀਂਵ ਦੀ ਨਿਆਈ’ ਬਦੋਬਦੀ ਮਾਸ ਛੱਕਣ ਵਿਰੁਧ ਲਏ ਹਨ। ਉਸਦਾ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਅਜੌਕੇ ਸਮੇਂ ਸੰਗਤਾਂ ਵਿਚਾਲੇ ਗੁਰਬਾਣੀ ਸੋਝੀ ਪਖੋਂ ਵੱਧ ਚੁਕੀ ਅਗਿਆਣਤਾ ਦਾ ਨਤੀਜਾ, ਆਮ ਮਨੁੱਖ ਜਦੋਂ ਗੁਰਬਾਣੀ ਨੂੰ ਗਹੁ ਨਾਲ ਨਹੀਂ ਵਿਚਾਰਦਾ ਤਾਂ ਉਸੇ ਭਰਮ ਦਾ ਸ਼ਿਕਾਰ ਹੋ ਜਾਂਦਾ ਹੈ, ਜੋ ਉਸ ਸਾਹਮਣੇ ਪ੍ਰਗਟ ਕੀਤਾ ਜਾ ਚੁਕਾ ਹੋਵੇ। ਹੁਣ ਤੀਕ ਪੜਚੌਲੇ ਜਾ ਚੁਕੇ ਪ੍ਰਮਾਣਾਂ `ਚ ਲਫ਼ਜ਼ ‘ਦਇਆ, ਜੀਅ ਦਇਆ’ ਨੂੰ ਪਰੋਪਕਾਰ, ਸੰਤੋਖ, ਸਦਾਚਾਰ ਆਦਿ ਮਨੁੱਖੀ ਗੁਣਾ ਲਈ ਤਾਂ ਵਰਤੇ ਸਾਬਤ ਹੋਏ ਹਨ। ਇਸ ਤੋਂ ਵੱਧ, ਜਦੋਂ ਇਕ-ਇਕ ਕਰਕੇ ਉਨ੍ਹਾਂ ਪ੍ਰਮਾਣਾ ਨੂੰ ਉਨ੍ਹਾਂ ਦੇ ਅਰਥ ਵਿਸਥਾਰ ਅਤੇ ਪ੍ਰਕਰਣ ਸਹਿਤ ਦੇਖਿਆ ਤਾਂ ਇਨ੍ਹਾਂ ਵਿਚੋਂ ਇੱਕ ਵੀ ਪ੍ਰਮਾਣ ਅਜੇਹਾ ਸਾਬਤ ਨਹੀਂ ਹੋਇਆ ਜਿਹੜਾ ਕਿ ਮਾਸ ਦੇ ਭੋਜਨ ਲਈ ਵਰਤਿਆ ਗਿਆ ਹੋਵੇ।

ਤੀਰਥੁ ਤਪੁ ਦਇਆ ਦਤੁ ਦਾਨੁ” - ਠੀਕ ਉਸੇ ਤਰ੍ਹਾਂ ਜਿਵੇਂ “ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ” ਵਾਲੇ ਬੰਦ ਦੀ ਵਿਚਾਰ ਸਮੇਂ ਦੇਖ ਚੁਕੇ ਹਾਂ। ਉਥੇ ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਹੈ ‘ਐ ਭਾਈ! ਸਾਧਸੰਗਤ `ਚ ਆਉਣਾ `ਤੇ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜਣਾ, ਇਹੀ ਹੈ ਤੇਰੇ ਲਈ ਅਠਾਹਠ ਤੀਰਥਾਂ ਦਾ ਇਸ਼ਨਾਨ ਅਤੇ ਜੀਅ ਦਇਆ। ਤੈਨੂੰ ਅਠਾਹਠ ਤੀਰਥਾਂ ਦਾ ਇਸ਼ਨਾਨ ਜਾਂ ਜੀਅ ਦਇਆ ਆਦਿ ਵਾਲੇ ਬ੍ਰਾਹਮਣੀ ਕਰਮਕਾਂਡਾਂ ਦੀ ਲੋੜ ਨਹੀਂ। ਪਰ ਉਥੇ ਵੀ ਸਾਰੇ ਬੰਦ ਵਿਚੋਂ ਕੇਵਲ ਅਧੀ ਪੰਕਤੀ “ਜੀਅ ਦਇਆ ਪਰਵਾਨੁ” ਚੁਕ ਕੇ ਮਾਸ ਵਿਰੋਧੀ ਸੱਜਣ ਧੋਖਾ ਖਾ ਗਏ ਸਨ। ਇਸੇ ਤਰ੍ਹਾ ਉਪ੍ਰੋਕਤ ਪ੍ਰਮਾਣ ਨੂਂ ਵੀ ਉਸੇ ਢੰਗ ਨਾਲ ਵਰਤਕੇ ਵਿਰੋਧੀ ਸੱਜਣਾਂ ਨੇ ਉਹੀ ਟੱਪਲਾ ਖਾਧਾ ਹੈ।

ਅਸਾਂ ਧਿਆਨ ਦੇਣਾ ਹੈ, ਠੀਕ ਉਸੇ ਹੀ ਨੀਯਮ ਨੂੰ ਵਰਤਕੇ ਗੁਰਬਾਣੀ `ਚ ਅਨੇਕਾਂ ਪ੍ਰਮਾਣ ਹਨ ਜਦੋਂ ਅਠਾਹਠ ਤੀਰਥ, ਜਪ-ਤਪ, ਦਾਨ-ਪੁੰਨ, ਦਇਆ, ਜੀਅ ਦਇਆ ਆਦਿ ਲਫ਼ਜ਼ਾਂ ਨੂੰ ਠੀਕ ਬ੍ਰਾਹਮਣੀ ਕਰਮਕਾਂਡੀ ਅਰਥਾਂ `ਚ ਵਰਤਕੇ ਗੁਰਦੇਵ ਨੇ ਸਿੱਖੀ ਜੀਵਨ ਵਿਚੋਂ ਉਨ੍ਹਾਂ ਕਰਮਕਾਂਡਾ ਦਾ ਪੂਰੀ ਤਰ੍ਹਾਂ ਦਾ ਭੋਗ ਪਾਇਆ ਹੈ। ਸੱਚਾਈ ਇਹੀ ਹੈ ਕਿ ਹਰੇਕ ਵਾਰੀ ਮਾਸ ਵਿਰੋਧੀ ਸੱਜਣਾ ਨੇ ਸਾਰੀ ਗਲ ਦਾ ਆਧਾਰ ਹੀ ‘ਦਇਆ ਜਾਂ ਜੀਅ ਦਇਆ’ ਆਦਿ ਵਾਲੇ ਕੁੱਝ ਲਫ਼ਜ਼ਾਂ ਨੂੰ ਬ੍ਰਾਹਮਣੀ ਅਰਥਾਂ `ਚ ਲੈ ਕੇ ਧੋਖਾ ਖਾਧਾ ਹੈ। ਉਸ ਸਮੇਂ ਵਿਰੋਧੀ ਸੱਜਣ ਉਕਾ ਹੀ ਦੇਖਣਾ ਭੁੱਲ ਗਏ ਕਿ ਗੁਰੂ ਸਾਹਿਬ ਉਥੇ ਬ੍ਰਾਹਮਣੀ ਰਹਿਣੀ ਦਾ ਵਿਰੋਧ ਕਰ ਰਹੇ ਹਨ ਜਾਂ ਪ੍ਰੌੜਤਾ। ਇਸੇ ਤਰ੍ਹਾ ਇਸ ਪ੍ਰਮਾਣ ਨੂੰ ਵੀ ਦੇਖ ਲਵੋ! ਫ਼ੁਰਮਾਨ ਹੈ:

ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥

ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ” (ਜਪੁ. ਪਉ: ੨੦)

ਇਸਦੇ ਅਰਥ ਹਨ “ਜੇਕਰ ਕੀਤੇ ਦਾਨ-ਪੁੰਨ, ਤੀਰਥ ਇਸ਼ਨਾਨ, ਕੀਤੀ ਦਇਆ ਆਦਿ ਦੇ ਬ੍ਰਾਹਮਣੀ ਕਰਮ ਕਰਕੇ ਤਿਨਕਾ ਮਾਤ੍ਰ ਲਾਭ ਮਿਲ ਵੀ ਗਿਆ ਤਾਂ ਕਿਸ ਕੰਮ? ਜੀਵਨ ਦੀ ਸਫ਼ਲਤਾ ਲਈ ਲੋੜ ਤਾਂ ਕਰਤੇ ਦੀ ਸੋਝੀ, ਸੁਆਸ ਸੁਆਸ `ਚ ਕਰਤੇ ਦਾ ਵਾਸਾ, ਇਸਤਰ੍ਹਾਂ ਉਸਦੀ ਰਜ਼ਾ `ਚ ਜੀਵਨ ਨੂੰ ਸਮਰਪਣ ਕਰਨਾ ਹੁੰਦਾ ਹੈ”। ਇਥੇ ਵੀ ਦੇਖੋ! ਪ੍ਰਕਰਣ ਅਨੁਸਾਰ ਲਫ਼ਜ਼ ‘ਦਇਆ’ ਬ੍ਰਾਹਮਣੀ ਕਰਮਕਾਂਡਾ ਦੇ ਵਿਰੋਧ `ਚ ਹੈ ਨਾਕਿ ਪ੍ਰੌੜਤਾ `ਚ। ਹੋਰ ਤਾਂ ਹੋਰ ਇਥੇ ਵੀ ‘ਮਾਸ’ ਜਾਂ ਮਾਸ ਦੇ ਭੋਜਨ ਨਾਲ ਇਸਦਾ ਦੂਰ ਦਾ ਵੀ ਵਾਸਤਾ ਨਹੀਂ। ਇਸਦੇ ਉਲਟ ਅਜ ਗੁਰਬਾਣੀ ਸੋਝੀ ਤੋਂ ਦੂਰ ਜਾ ਚੁਕੇ ਜੀਵਨ ਕਾਰਣ ਵਿਰਲੇ ਹੀ ਸਿੱਖ ਮਿਲਣਗੇ ਜੋ ਗੁਰਬਾਣੀ `ਚ ਆਏ ‘ਦਇਆ-ਜੀਅ ਦਇਆ’ ਆਦਿ ਦੇ ਗੁਰਬਾਣੀ ਅਰਥਾਂ ਨੂੰ ਸਮਝਦੇ ਹੋਣ। ਬ੍ਰਾਹਮਣੀ ਕਰਮਕਾਂਡਾਂ ਦੇ ਜਾਲ `ਚ ਫਸੀਆਂ ਬਹੁਤੀਆ ਸੰਗਤਾਂ ਤਾਂ ਗੁਰਬਾਣੀ `ਚ ਆਏ ਲਫ਼ਜ਼ ‘ਦਇਆ, ‘ਜੀਅ ਦਇਆ’ ਦੇ ਗੁਰਬਾਣੀ ਅਰਥਾਂ ਨੂੰ ਸਮਝੇ ਬਿਨਾ, ਬ੍ਰਾਹਮਣੀ ਪ੍ਰਭਾਵਾਂ ਅਧੀਨ ਇਨ੍ਹਾਂ ਖਿਚਾਤਾਣੀਆਂ `ਚ ਫਸ ਜਾਂਦੀਆਂ ਹਨ, ਇਸੇ ਤੋਂ ਬਹੁਤਾ ਨੁਕਸਾਨ ਵੀ ਹੁੰਦਾ ਹੈ।

ਦਇਆ ਅਤੇ ਜੀਅ ਦਇਆ ਬਾਰੇ ਕੁੱਝ ਹੋਰ ਸਪੱਸ਼ਟਤਾ- ਹੁਣ ਤੀਕ ਦੀ ਵਿਚਾਰ ਤੋਂ ਸਾਫ਼ ਹੈ ਕਿ ਸੰਸਾਰ ਦੇ ਅਰੰਭ ਤੋਂ ਹੀ ਮਾਸ, ਭੋਜਨ ਦੇ ਤੌਰ ਤੇ ਚਲਦਾ ਆ ਰਿਹਾ ਹੈ ਅਤੇ ਮਾਸ, ਕਦੇ ਵੀ ਧਰਮ ਦਾ ਵਿਸ਼ਾ ਨਹੀਂ ਰਿਹਾ। ਜਦੋਂ ਗੁਰਬਾਣੀ ਵਿਚੋਂ ਵੀ ਇਸਨੂੰ ਇਸ ਪਖੋਂ ਗਹੁ ਨਾਲ ਵਿਚਾਰੋ ਤਾਂ ਗੁਰੂ ਪਾਤਸ਼ਾਹ ਨੇ ਵੀ ਇਸਨੂੰ ਧਰਮ ਦਾ ਵਿਸ਼ਾ ਨਹੀਂ ਬਣਾਇਆ ਜਿਵੇਂ ਕਿ ਅਜ ਅਸੀਂ ਅਕਾਰਣ ਹੀ ਉਲਝੇ ਪਏ ਹਾਂ। ਇਹੀ ਕਾਰਣ ਹੈ ਕਿ ਇਸ ਵਿਸ਼ੇ ਤੇ ਅਗੇ ਚਲ ਕੇ ਕੁੱਝ ਹੋਰ ਜ਼ਰੂਰੀ ਪੱਖ ਵੀ ਦੇਖਾਂਗੇ ਤਾਕਿ ਭੁਲੇਖੇ ਨਾ ਬਣੇ ਰਹਿਣ। ਫ਼ਿਰ ਵੀ ਸਾਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਗੁਰਬਾਣੀ ਅਨੁਸਾਰ ‘ਦਇਆ’ ਮਨੁਖਾ ਜੀਵਨ ਦੇ ਸਰਬਉਤਮ ਗੁਣਾਂ ਵਿਚੋ ਅਜੇਹਾ ਗੁਣ ਹੈ ਜਿਸ ਤੋਂ ਬਿਨਾਂ ਮਨੁਖਾ ਜੀਵਨ ਦੀ ਕੀਮਤ ਹੀ ਪਤਾ ਨਹੀਂ ਲਗ ਸਕਦੀ। ਇਸਦੇ ਨਾਲ ਸ਼ਰਤ ਹੈ ਕਿ ‘ਦਇਆ’ ਦੇ ਵੀ ਅਰਥ ਅਸਾਂ ਗੁਰਬਾਣੀ `ਚੋਂ ਹੀ ਲਏ ਹੋਣ; ਬ੍ਰਾਹਮਣ, ਜੈਨੀਆਂ ਜਾਂ ਕਿਸੇ ਵੀ ਹੋਰ ਪਾਸਿਓ ਨਹੀਂ। ਕਿਉਂਕਿ ਗੁਰੂਦਰ ਤੇ ਇਸਦੇ ਬ੍ਰਾਹਮਣੀ, ਜੈਨੀ ਜਾਂ ਕੋਈ ਵੀ ਦੂਜੇ ਅਰਥ ਲਾਗੂ ਨਹੀਂ ਹੁੰਦੇ।

ਦਰਅਸਲ ਮਨੁੱਖਾ ਜੀਵਨ `ਚ ਅਜੇਹੇ ਗੁਰਬਾਣੀ ਅਰਥਾਂ ਵਾਲੀ ‘ਦਇਆ’ ਜਾਂ ‘ਜੀਅ ਦਇਆ’ ਵਾਲੇ ਗੁਣ ਦੀ ਘਾਟ ਦਾ ਹੀ ਨਤੀਜਾ ਹੁੰਦਾ ਹੈ ਜਦੋਂ ਮਨੁੱਖ ਧਰਮੀ ਹੁੰਦਾ ਤੇ ਅਖਵਾਉਂਦਾ ਹੋਇਆ ਵੀ ਵੱਡਾ ਅਧਰਮੀ, ਜ਼ਾਲਮ, ਪਾਖੰਡੀ, ਦਗ਼ਾਬਾਜ਼ ਬਣਕੇ ਰਹਿ ਜਾਂਦਾ ਹੈ। ਗੁਰਬਾਣੀ `ਚ ਬਖਸ਼ੇ ਇਲਾਹੀ ‘ਦਇਆ’ ਤੋਂ ਅਣਜਾਣ, ਧਰਮ ਦੇ ਨਾਮ ਹੇਠ, ਬਹੁਤੇ ਧਾਰਮਕ ਕਰਮ ਨਿਭਾਉਂਦਾ ਹੋਇਆ ਵੀ, ਜਾਤ ਭਾਈਆਂ ਤੀਕ ਹਰ ਕਿਸਮ ਦਾ ਧੱਕਾ ਕਰਨ `ਚ ਵੀ ਸਮਕੋਚ ਨਹੀਂ ਕਰਂਦਾ। ਇੱਕ ਤਰੀਕੇ ਅਜੇਹੇ ਧਾਰਮਕ ਆਗੂ ਵੀ ਜੀਂਦੇ ਮਨੁੱਖਾਂ ਦਾ ਗਲਾ ਕੱਟ ਅਤੇ ਉਨ੍ਹਾਂ ਦਾ ਖੂਨ ਚੂਸ ਰਹੇ ਹੁੰਦੇ ਹਨ। ਠੀਕ ਉਸੇਤਰ੍ਹਾਂ ਜਿਵੇਂ ਗੁਰਬਾਣੀ ਆਧਾਰ ਤੇ ਦਿਤੀਆਂ ਜਾ ਚੁਕੀਆਂ ਕੁੱਝ ਮਿਸਾਲਾਂ ਇਸਦਾ ਸਬੂਤ ਹਨ। ਗੁਰਬਾਣੀ ਅਰਥਾਂ ਅਨੁਸਾਰ ਇਲਾਹੀ ਦਇਆ ਵਾਲੇ ਗੁਣ ਤੋਂ ਖਾਲੀ ਹੋਣ ਕਾਰਣ ਇਹ ਬ੍ਰਾਹਮਣ, ਕਾਜ਼ੀ, ਖਤ੍ਰੀ, ਜੋਗੀ ਆਦਿ ਭਾਵੇਂ ਨਾਮ ਦੇ ਧਾਰਮਕ ਆਗੂ ਹੁੰਦੇ ਹਨ, ਦਿਖਾਵੇ ਦੇ ਵੱਡੇ ਧਰਮ ਕਰਮ ਕਰਦੇ ਹੋਏ ਵੀ, ਅਸਲ `ਚ ਕਸਾਈਆਂ ਨੂੰ ਵੀ ਮਾਤ ਪਾਂਦੇ ਹਨ।

ਜੀਵ ਵਿਗਿਆਨ (Biology) ਅਤੇ ਜੀਅ ਦਇਆ- ਇਹ ਇੱਕ ਸੱਚਾਈ ਹੈ ਕਿ ਜਦ ਤੀਕ ਅਸੀਂ ‘ਜੀਅ ਅਤੇ ਜੀਅ ਦਇਆ’ ਵਾਲਾ ਵਿਸ਼ਾ ਗੁਰੂ ਪਾਤਸ਼ਾਹ ਤੋਂ ਸਮਝਣ ਦਾ ਜਤਨ ਨਹੀਂ ਕਰਾਂਗੇ, ਯਕੀਨਣ ਵਹਿਮੀ ਲੋਕਾਂ ਦੀ ਤਰ੍ਹਾਂ ਅਸੀਂ ਵੀ ਇਸ ਝਮੇਲੇ `ਚ ਫ਼ਸੇ ਅਤੇ ਕੁਰਾਹੇ ਪਏ ਰਵਾਂਗੇ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅਸੀਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਸਿੱਖ ਹਾਂ, ਬ੍ਰਾਹਮਣ ਦੇ ਨਹੀਂ ਹਾਂ। ਕੇਵਲ ਮਾਸ ਦਾ ਵਿਸ਼ਾ ਹੀ ਨਹੀਂ, ਬਲਕਿ ਜਿਹੜੀ ਵਿਚਾਰਧਾਰਾ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਸਿੱਖ ਹੋਣ ਦੇ ਨਾਤੇ ਉਸ ਨਾਲ ਸਾਡਾ ਕੁੱਝ ਵੀ ਰਿਸ਼ਤਾ ਨਹੀਂ। ਮਾਸ ਵਾਲੇ ਝਮੇਲੇ `ਚ ਫ਼ਸਣ ਦਾ ਮੁੱਖ ਕਾਰਣ ਹੀ ‘ਦਇਆ’ ਅਤੇ ‘ਜੀਅ-ਦਇਆ’ ਆਦਿ ਵਾਲੀ ਸ਼ਬਦਾਵਲੀ ਲਈ ਗੁਰਬਾਣੀ ਤੋਂ ਪਰ ਅਰਥ ਲੈਣੇ ਚਾਹੁੰਦੇ ਹਾਂ ਬ੍ਰਾਹਮਣ ਤੋਂ, ਗਲ ਦਾ ਕਦੇ ਜੋੜ ਨਹੀਂ ਬਣ ਸਕੇਗਾ।

ਗੁਰਬਾਣੀ ਦੀ ਜਿਸ ਵੀ ਪੰਕਤੀ ਚੋਂ ‘ਦਇਆ, ਜੀਅ ਦਇਆ, ਹਿੰਸਾ, ਜੀਵ ਹਤਿਆ’ ਭੱਖ-ਅਭੱਖ, ਅਭਾਖਿਆ, ਮਲ-ਮਲੇਛ ਆਦਿ ਲਫ਼ਜ਼ ਜਿਨ੍ਹਾਂ ਬਾਰੇ ਹੋਰ ਜ਼ਿਕਰ ਵੀ ਅਗੇ ਚਲਕੇ ਅਵੇਗਾ-ਨਾ ਪ੍ਰਕਰਣ ਦੇਖਿਆ ਨਾ ਸ਼ਬਦ ਦਾ ਵਿਸ਼ਾ; ਝੱਟ ਉਸ ਗੁਰ-ਪ੍ਰਮਾਣ ਨੂੰ ਮਾਸ ਦੇ ਵਿਰੋਧ `ਚ ਵਰਤ ਲਿਆ; ਬਸ ਇਹੀ ਹੈ ਇਸ ਪੰਥਕ ਪੱਧਰ ਦੀ ਖਿਚਾਤਾਣੀ ਦਾ ਦੁਖਾਂਤ। ਹੁਣ ਤੀਕ ਦੇਖ ਚੁਕੇ ਹਾਂ ਕਿ ਇਸ ਸੰਬੰਧ `ਚ ਵਰਤੇ ਗਏ ਜਿੰਨੇ ਵੀ ਪ੍ਰਮਾਣ ਘੋਖੇ ਹਨ, ਉਨ੍ਹਾਂ `ਚੋਂ ਇੱਕ ਵੀ ਪ੍ਰਮਾਣ ਅਜੇਹਾ ਸਾਬਤ ਨਹੀਂ ਹੋਇਆ ਜਿਥੇ ਅਜੇਹੀ ਸ਼ਬਦਾਵਲੀ ‘ਮਾਸ ਛੱਕਣ’ ਦੇ ਵਿਰੁਧ ਆਈ ਹੋਵੇ।

ਜੇਕਰ ਅਸਾਂ ਗੁਰੂ ਸਾਹਿਬ ਤੋਂ ਕੁੱਝ ਨਹੀਂ ਲੈਣਾ ਤਾਂ ਅਜੌਕੇ ਜੁਗ `ਚ ਜੀਵ ਵਿਗਿਆਨ (Biology) ਦੀ ਕਾਢ ਨੇ ਅਜੇਹੇ ਭੁਲੇਖਿਆਂ ਤੋਂ ਪੜਦਾ ਚੁਕ ਦਿਤਾ ਹੈ। ਜੀਵ ਵਿਗਿਆਨ ਨੇ ਸਾਬਤ ਕਰ ਦਿਤਾ ਹੈ ਕਿ ਪੌਦੇ, ਫੁਲ, ਬਨਸਪਤੀ `ਚ ਵੀ ਉਹੀ ਜੀਵਨ ਤੱਤ ਹੈ ਜੋ ਮਨੁੱਖ, ਪਸ਼ੂ, ਪੰਛੀ, ਕੀੜੇ-ਮਕੌੜੇ `ਚ ਹੈ। ਇਸਤਰ੍ਹਾਂ ਇੱਕ ਜੀਵ ਸ਼੍ਰੇਣੀ, ਦੂਜੀ ਜਾਂ ਦੂਜੀਆਂ ਜੀਵ ਸ਼੍ਰੇਣੀਆਂ ਉਪਰ ਆਸ਼੍ਰਤ ਹੈ। ਭਾਵ ਮੂਲ ਰੂਪ `ਚ ਹਰੇਕ ਜੀਵ ਸ਼੍ਰੇਣੀ ਦੇ ਭੋਜਨ ਤੇ ਜੀਵਨ ਦਾ ਆਧਾਰ ਦੂਜੀਆਂ ਜੀਵ ਸ਼੍ਰੇਣੀਆ ਜਾਂ ਉਨ੍ਹਾਂ ਦੇ ਸਰੀਰ ਦੀ ਮਿਟੀ ਹੀ ਹੁੰਦੀ ਹੈ। ਇਸੇ ਜੀਵ ਵਿਗਿਆਨ ਦੀ ਖੋਜ ਸਿੱਟਾ ਹੈ ਕਿ ਬੈਕਟੀਰੀਆ ਅਤੇ ਉਸ ਤੋਂ ਵੀ ਸੂਖਮ ਜੀਵਾਂ ਦੀ ਖੋਜ। ਉਪਰੰਤ ਇਸ ਬੈਕਟੀਰੀਆ ਅਤੇ ਉਸਤੋਂ ਸੂਖਮ ਜੀਵਾਂ ਨੂੰ ਦੇਖਣ ਲਈ ਇਜਾਦ ਜੰਤ੍ਰਾਂ ਨੇ ਫੁਲ-ਪੌਦਿਆ ਤੀਕ ਦੇ ਇਲਾਜ ਅਤੇ ਉਨ੍ਹਾ ਲਈ ਭਿੰਨ ਭਿੰਨ ਖੁਰਾਕ ਵੀ ਇਜਾਦ ਕਰ ਲਈ ਹੈ ਅਤੇ ਖੋਜਾਂ ਚਾਲੂ ਹਨ।

ਇਸੇ ਹੀ ਵਿਗਿਆਨਕ ਦੇਣ ਦਾ ਨਤੀਜਾ ਹੈ, ਜਦੋਂ ਦੁੱਧ ਤੋਂ ਦਹੀਂ ਜਮਾਉਣ `ਚ ਅਸੀ ਕਰੋੜਾਂ ਹੀ ਬੈਕਟੀਰੀਆ ਦਾ ਜੀਵਨ, ਜਲ ਛੱਕਣ ਤੋਂ ਪਹਿਲਾਂ ਜੰਤ੍ਰ ਲਾਕੇ ਦੇਖੋ ਤਾਂ ਉਥੇ ਵੀ ਕਰੋੜਾਂ ਜੀਵ ਨਜ਼ਰ ਆਉਣਗੇ। ਇਹ ਉਹੀ ਜੀਵ ਹੁੰਦੇ ਹਨ ਜਿਹੜੇ ਸਾਡੀ ਪਿਆਸ ਬੁਝਾਉਣ ਦਾ ਹੀ ਨਹੀ ਬਲਕਿ ਸਾਰੇ ਸੰਸਾਰ ਦੀ ਹਰਿਆਵਲ ਦਾ ਕਾਰਣ ਹੁੰਦੇ ਹਨ। ਇਥੋਂ ਤੀਕ ਕਿ ਸਾਡੀ ਜ਼ਿੰਦਗੀ ਦੀ ਵੱਡੀ ਲੋੜ, ਸਾਡੀ ਸੁਆਸ ਕਿਰਿਆ ਲਈ ਵੀ ਕਰਤੇ ਦੇ ਨੀਯਮ `ਚ ਅਰਬਾਂ-ਖਰਬਾਂ ਜੀਵ ਅਪਣਾ ਕੰਮ ਕਰ ਰਹੇ ਹਨ। ਫ਼ਿਰ ਇਥੇ ਵੀ ਪੰਜ ਤੱਤਾਂ ਅਤੇ ਸਰੀਰਾਂ ਵਾਲਾ ਉਹੀ ਨੀਯਮ ਜੋ ਮੁਰਗਿਆਂ, ਬਕਰਿਆਂ, ਮੱਛੀਆਂ ਆਦਿ ਉਪਰ ਲਾਗੂ ਹੁੰਦਾ ਹੈ, ਦੂਜਾ ਨਹੀਂ। ਇਹ ਵੱਖਰੀ ਗਲ ਹੈ ਕਿ ਅਪਣੀ ਤਿਆਰ ਹੋ ਚੁੱਕੀ ਮਾਸ ਵਿਰੋਧੀ ਸੋਚਣੀ ਨੂੰ ਦੂਜਿਆਂ ਉਪਰ ਭਾਰੂ ਕਰਨ ਲਈ, ਅਪਣੀਆਂ ਕੁੱਝ ਵੀ ਬਨਾਵਟੀ ਦਲੀਲਾਂ ਘੜਦੇ ਰਵੀਏ। ਇਸ ਸਾਰੇ ਦੇ ਉਲਟ ਜੇਕਰ ਵਾਧੂ ਦੀਆਂ ਖਿਚਾਤਾਣੀਆਂ `ਚ ਪੈਣ ਦੀ ਬਜਾਏ ਅਸਾਂ ਗੁਰਬਾਣੀ ਉਪਰ ਖੋਜ ਅਨੁਸ਼ਠਾਨ ਖੋਲੇ ਹੁੰਦੇ ਤਾਂ ਗੁਰਬਾਣੀ `ਚ ਜੀਵ ਵਿਗਿਆਨ (Biology) ਤਾਂ ਇੱਕ ਮਾਮੂਲੀ ਜਿਹਾ ਵਿਸ਼ਾ ਹੈ ਬਲਕਿ ਇਸ ਤੋਂ ਵੀ ਕਈ ਗੁਣਾ ਅਗੇ ਵਧਕੇ, ਅਜ ਤੀਕ ਸੰਸਾਰ ਨੂੰ ਬਹੁਤ ਕੁੱਝ ਦੇ ਦਿਤਾ ਹੁੰਦਾ। ਗੁਰਬਾਣੀ ਦੀ ਗਹਿਰਾਈ `ਚ ਗਇਆਂ ਇਹ ਜੀਵ ਵਿਗਿਆਨ ਤਾਂ ਇੱਕ ਬਿਲਕੁਲ ਹੀ ਮਾਮੂਲੀ ਜਿਹੀ ਕਾਢ ਹੈ।

ਸੂਤਕ ਪਾਤਕ ਤੇ ‘ਜੀਅ ਦਇਆ’ -ਜ਼ਰਾ ਅੰਦਾਜ਼ਾ ਲਾਓ `ਤੇ ਨਜ਼ਰ ਮਾਰੋ! ਸੂਤਕਾਂ-ਪਾਤਕਾਂ ਦੇ ਵਿਸ਼ੇ ਉਪਰ। ਅਖਿਰ ਇਹ ਕੀ ਸੀ? ਚਿਰਾਂ ਤੋਂ ਬ੍ਰਾਹਮਣ ਰਾਹੀ ਭਰਮ ਪੈਦਾ ਕੀਤਾ ਹੋਇਆ ਸੀ ਕਿ ਬਚੇ ਦੇ ਜਨਮ ਲੈਣ ਤੇ ਪ੍ਰਵਾਰ `ਚ ਸੂਤਕ ਭਾਵ ਅਪਵਿਤ੍ਰਤਾ ਪੈਦਾ ਹੋ ਜਾਂਦੀ ਹੈ। ਬੱਚੇ ਨੂੰ ਜਨਮ ਦੇਣ ਵਾਲੀ ਮਾਤਾ ਨਾਲ ਕੀ ਵਤੀਰਾ ਹੁੰਦਾ ਰਿਹਾ, ਪਿਛੇਤਰੇ ਇਲਾਕਿਆ ਅਜ ਤੀਕ ਹੋ ਵੀ ਰਿਹਾ ਹੈ, ਬਸ ਕਰਤਾ ਸੁਮੱਤ ਬਖਸ਼ੇ। ਬਲਕਿ ਬ੍ਰਾਹਮਣੀ ਮਾਇਆ ਜਾਲ `ਚ ਫ਼ਸੇ ਉਹ ਸਿੱਖ ਪ੍ਰਵਾਰ ਜਿਹੜੇ ਮੂਹੌਂ ਤਾਂ ਕਹਿੰਦੇ ਹਨ ‘ਅਸੀਂ ਕਿਹੜਾ ਬ੍ਰਾਹਮਣ ਨੂੰ ਮੰਨਦੇ ਹਾਂ, ਅਸੀਂ ਤਾਂ ਮੰਨਦੇ ਹੀ ‘ਗੁਰੂ ਗ੍ਰੰਥ ਸਾਹਿਬ’ ਨੂੰ ਹਾਂ ਪਰ ਫ਼ਸੇ ਹੁੰਦੇ ਹਨ ਉਸੇ ਬ੍ਰਾਹਮਣੀ ਜਾਲ `ਚ। ਸਾਰੀਆਂ ਗਲਾਂ ਉਹੀ ਹੋ ਰਹੀਆਂ ਹੁੰਦੀਂਆਂ ਹਨ, ਚੌਂਕੇ ਚੜ੍ਹਾਣਾ, ਚਾਲੀਹਾ ਤੇ ਸਭ ਕੁਝ, ਫ਼ਰਕ ਇੰਨਾ ਹੀ ਰਹਿ ਜਾਂਦਾ ਹੈ ਕਿ ਬ੍ਰਾਹਮਣ ਨੂੰ ਨਹੀਂ ਬੁਲਾਇਆ ਹੁੰਦਾ। ਉਹੀ ਸਾਰੇ ਵਹਿਮ-ਭਰਮ ਬਲਕਿ ਗੁਰਦੁਆਰੇ ਦੀ ਸਾਂਝ ਵੀ ਉਸੇ ਆਧਾਰ ਤੇ ਹੀ ਹੁੰਦੀ ਹੈ।

ਖੈਰ! ਇਥੇ ਗਲ ਸਮਝਣ ਦੀ ਇਹ ਹੈ ਕਿ ਬ੍ਰਾਹਮਣੀ ਵਿਸ਼ਵਾਸਾਂ ਅਨੁਸਰ ਕਿਸੇ ਦੇ ਜਨਮ ਜਾਂ ਮੌਤ, ਦੋਵੇਂ ਸਮੇਂ ਪ੍ਰਵਾਰ `ਚ ਅਪਵਿਤ੍ਰਤਾ ਪੈ ਜਾਂਦੀ ਹੈ। ਜਨਮ ਦੇ ਨਾਲ ਅਪਵਿਤਤ੍ਰਾ ਜਿਸਨੂੰ ਉਸਨੇ ‘ਸੂਤਕ’ ਦਾ ਨਾਂ ਦਿਤਾ ਹੈ ਅਤੇ ਅਜੇਹੀ ਹੀ ਅਪਵਿਤ੍ਰਤਾ ਪ੍ਰਾਣੀ ਦੇ ਮਰਣ ਨਾਲ ਵੀ ਜੋੜੀ ਹੋਈ ਹੈ ਜਿਸਨੂੰ, ਉਸਨੇ ‘ਪਾਤਕ’ ਕਿਹਾ ਹੈ। ਉਥੇ ਦੋਵੇਂ ਸਮੇਂ ਇਸ ਅਪਵਿਤ੍ਰੱਤਾ ਨੂੰ ਕੱਢਣ ਦਾ ਠੇਕਾ ਵੀ ਬ੍ਰਾਹਮਣ ਕੋਲ ਹੀ ਹੁੰਦਾ ਹੈ। ਗੁਰਬਾਣੀ ਗਿਆਨ ਤੋਂ ਕੋਰੇ ਫ਼ਿਰ ਭਾਵੇਂ ਕਹਿਣ ਨੂੰ ਸਿੱਖ ਹੀ ਕਿਉਂ ਨਾ ਹੋ ਹੋਵਣ, ਅਜ ਵੀ ਬ੍ਰਾਹਮਣ ਦੀਆਂ ਉਂਗਲਾਂ ਤੇ ਹੀ ਨੱਚ ਰਹੇ ਹੁੰਦੇ ਹਨ। ਇਸ ਸੰਬੰਧ `ਚ ਖਾਸ ਤੌਰ ਤੇ ਇਥੇ ਚਲ ਰਹੇ ਮਾਸ ਦੇ ਵਿਸ਼ੇ ਤੇ ਗਲ ਕਰਦਿਆਂ ਸਾਡਾ ਇਸ ਵਿਸ਼ੇ ਨੂੰ ਲੈਣ ਦਾ ਵੀ ਮੱਕਸਦ ਹੈ।

ਦੇਖਣ ਦੀ ਗਲ ਹੈ ਕਿ ਸੂਤਕ-ਪਾਤਕ ਦਾ ਤਾਲੁਕ ਤਾਂ ਮਨੁੱਖ ਦੇ ਜਨਮ-ਮਰਣ ਨਾਲ ਹੈ ਪਰ ਗੁਰੂ ਸਾਹਿਬ ਨੇ ਉਸਨੂੰ ਗੁਰਬਾਣੀ `ਚ ਕਿਸ ਪੱਧਰ ਤੇ ਲਿਆ ਹੈ? ਜੇਕਰ ਮਾਸ ਬਾਰੇ ਇਸ ਸੱਚਾਈ ਨੂੰ ਗੁਰਬਾਣੀ ਵਿਚੋਂ ਹੀ ਘੋਖ ਲਿਆ ਹੁੰਦਾ ਤਾਂ ਵੀ ਅਸੀਂ ਮਾਸ ਦੇ ਮੌਜੂਦਾ ਝੱਗੜੇ ਤੋਂ ਪੂਰੀ ਤਰ੍ਹਾਂ ਬਚੇ ਰਹਿੰਦੇ। ਗੁਰੂ ਦੇ ਸਿੱਖ ਹੋਣ ਦੇ ਨਾਤੇ ਅਜੋਕੇ ਮਾਸ ਵਿਰੋਧੀ ਸੱਜਣ ‘ਦਇਆ, ਜੀਅ ਦਇਆ, ਹਿੰਸਾ, ਜੀਅ ਹਤਿਆ’ ਆਦਿ ਲਫ਼ਜ਼ਾਂ ਦੇ ਜੇਕਰ ਜੈਨੀ ਜਾਂ ਬ੍ਰਾਹਮਣੀ ਅਰਥ ਨਾ ਲੈਂਦੇ ਤਾਂ ਅਜ ਪੰਥ ਮਾਸ ਦੇ ਭੋਜਨ ਵਾਲੀ ਇਸ ਉਲਝਣ ਦਾ ਕਦੇ ਸ਼ਿਕਾਰ ਨਾ ਹੁੰਦਾ।

ਖੂਬੀ ਇਹ ਕਿ ਬ੍ਰਾਹਮਣ ਤਾਂ ਜਨਮ ਸਮੇਂ ‘ਸੂਤਕ’ ਤੇ ‘ਮਰਣ’ ਸਮੇਂ ਪਾਤਕ ਵਾਲੀ ਗਲ ਨੂੰ ਲੈ ਰਿਹਾ ਹੈ-ਮਨੁੱਖ ਦੇ ਜਨਮ-ਮਰਣ ਨਾਲ। ਦੂਜੇ ਪਾਸੇ ਗੁਰਦੇਵ ਉਸਦੀ ਇਸ ਸੋਚਣੀ ਨੂੰ ਬਰਾਬਰੀ ਦੇ ਰਹੇ ਹਨ, ਰਸੋਈ ਤਿਆਰ ਕਰਦੇ ਲਖਾਂ ਜੀਵਾਂ ਤੇ ਕੀੜਿਆਂ ਦੇ ਜਨਮ ਮਰਣ ਨਾਲ। ਫ਼ਿਰ ਇਥੇ ਵੀ ਬਸ ਨਹੀ, ਗੁਰੂ ਸਾਹਿਬ ਤਾਂ ਇਸਤੋਂ ਵੀ ਅਗੇ ਜਾਕੇ, ਉਸਦੇ ਇਸ ਸੂਤਕ-ਪਾਤਕ ਨਾਲ ਜੋੜੀ ਗਈ, ਮਨੁੱਖ ਦੇ ਜਨਮ-ਮਰਣ ਦੀ ਬਰਾਬਰੀ ਦੇ ਰਹੇ ਹਨ ਪਾਣੀ ਵਿਚਲੇ, ਸਾਡੀ ਪਿਆਸ ਨੂੰ ਬੁਝਾਉਣ ਦਾ ਕਾਰਣ ਅਤੇ ਸਮੂਚੇ ਸੰਸਾਰ ਦੀ ਹਰਿਆਵਲ ਦਾ ਕਾਰਣ ਅਰਬਾਂ ਖਰਬਾਂ ਜੀਵਾਂ ਦੇ ਹਰਸਮੇਂ ਜਨਮ-ਮਰਣ ਨਾਲ। ਉਹ ਜੀਵ ਜਿਹੜੇ ਮਾਈਕਰੋਸਕੋਪ ਤੋਂ ਬਿਨਾ ਦਿਖਾਈ ਹੀ ਨਹੀ ਦੇ ਸਕਦੇ ਅਤੇ ਜਿਨ੍ਹਾਂ ਦੇ ਹਰਸਮੇਂ ਜਨਮ-ਮਰਣ ਤੋਂ ਬਿਨਾ ਸੰਸਾਰ ਚੱਕਰ, ਸਕਿੰਟ ਲਈ ਵੀ ਨਹੀਂ ਚਲ ਸਕਦਾ।

ਕਿੱਤਨੀ ਸਪਸ਼ੱਟ ਸੇਧ ਹੈ, ਗੁਰੂ ਸਾਹਿਬ ਜਦੋਂ ਮਨੁੱਖ ਦੇ ਜਨਮ-ਮਰਣ ਦੀ ਬਰਾਬਰੀ, ਗੋਹੇ-ਲਕੜੀ ਅਤੇ ਰਸੋਈ ਅੰਦਰ ਸੜਦੇ-ਮਰਦੇ-ਜੰਮਦੇ ਕੀੜਿਆਂ-ਜੀਵਾਂ ਨਾਲ ਬਲਕਿ ਹੋਰ ਅਗੇ ਜਾਕੇ ਪਾਣੀ `ਚ ਹਰ ਸਮੇਂ ਜੰਮਦੇ ਮਰਦੇ ਅਰਬਾਂ-ਖਰਬਾਂ ਜੀਵਾਂ ਨਾਲ ਕਰਦੇ ਹਨ। ਵਿਚਾਰਣ ਦਾ ਵਿਸ਼ਾ ਹੈ, ਗੁਰਬਾਣੀ ਦੀ ਇੰਨੀ ਸਪੱਸ਼ਟ ਸੇਧ ਤੋਂ ਬਾਦ, ਇਹ ਹੱਕ ਸਾਨੂੰ ਕਿਵੇਂ ਮਿਲ ਗਿਆ ਕਿ ਜਿੱਥੇ-ਕਿੱਥੇ `ਤੇ ਭਾਵੇਂ ਜਿਸ ਪ੍ਰਥਾਏ ਜਦੋਂ ਬਾਣੀ `ਚ ਲਫ਼ਜ਼ ‘ਦਇਆ’ ‘ਜੀਅ ਦਇਆ’ ਆਦਿ ਆਵੇ ਤਾਂ ਉਸ ਸਮੈ ਮਨੁਖਾਂ ਉਪਰ ਦਇਆ ਵਾਲੀ ਗਲ ਤਾਂ ਸਾਡੀ ਸੋਚ `ਚ ਹੀ ਨਾ ਆਵੇ ਅਤੇ ਇਕਦੱਮ ਉਸਨੂੰ ਚੁਕ ਕੇ ਬਕਰਿਆਂ-ਮੁਰਗਿਆਂ ਦੀ ਹਤਿਆ `ਤੇ ਉਨ੍ਹਾਂ ਦੇ ਮਾਸ ਨਾਲ ਜੋੜ ਦੇਵੀਏ। ਇਥੋਂ ਤੀਕ ਕਿ ਬਾਣੀ ‘ਆਸਾ ਕੀ ਵਾਰ ਪਉੜੀ ਨੰ: ੧੮ ਦੇ ਨਾਲ ਸੂਤਕ ਦੇ ਸੰਬੰਧ `ਚ ਗੁਰਦੇਵ ਨੇ ਤਿੰਨ ਸਲੋਕ ਬਖਸ਼ੇ ਹਨ ਅਤੇ ਇਨ੍ਹਾਂ `ਚੋ ਪਹਿਲੇ ਸਲੋਕ `ਚ ਹੀ ਗੁਰਦੇਵ ਨੇ ਮਨੁੱਖ ਦੇ ਜਨਮ (ਮਰਣ) ਦੀ ਬਰਾਬਰੀ, ਰਸੋਈ ਤੇ ਪਾਣੀ ਆਦਿ `ਚ ਹਰ ਪਲ ਮਰਨ ਵਾਲੇ ਜੀਵਾਂ ਨਾਲ ਕੀਤੀ ਹੈ। ਫ਼ੁਰਮਾਨ ਹੈ:

“ਸਲੋਕੁ ਮਃ ੧॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥

ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥

ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥

ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥   ॥” (ਪੰ: 472)

ਹੋਰ ਲਵੋ! ਇਸੇ ਹੀ ਸੂਤਕ ਵਾਲੇ ਵਿਸ਼ੇ ਲਈ ਤੀਜੇ ਪਾਤਸ਼ਾਹ ਫ਼ੁਰਮਾਂਦੇ ਹਨ:

“ਮਨ ਕਾ ਸੂਤਕੁ ਦੂਜਾ ਭਾਉ॥ ਭਰਮੇ ਭੂਲੇ ਆਵਉ ਜਾਉ॥   

ਮਨਮੁਖਿ ਸੂਤਕੁ ਕਬਹਿ ਨ ਜਾਇ॥

ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ॥   ॥ ਰਹਾਉ॥

ਸਭੋ ਸੂਤਕੁ ਜੇਤਾ ਮੋਹੁ ਆਕਾਰੁ॥ ਮਰਿ ਮਰਿ ਜੰਮੈ ਵਾਰੋ ਵਾਰ॥   

ਸੂਤਕਿ ਅਗਨਿ ਪਉਣੈ ਪਾਣੀ ਮਾਹਿ॥

ਸੂਤਕੁ ਭੋਜਨੁ ਜੇਤਾ ਕਿਛੁ ਖਾਹਿ॥   

ਸੂਤਕਿ ਕਰਮ ਨ ਪੂਜਾ ਹੋਇ॥ ਨਾਮਿ ਰਤੇ ਮਨੁ ਨਿਰਮਲੁ ਹੋਇ॥   

ਸਤਿਗੁਰੁ ਸੇਵਿਐ ਸੂਤਕੁ ਜਾਇ॥ ਮਰੈ ਨ ਜਨਮੈ ਕਾਲੁ ਨ ਖਾਇ॥   

ਸਾਸਤ ਸਿੰਮ੍ਰਿਤਿ ਸੋਧਿ ਦੋਖਹੁ ਕੋਇ॥ ਵਿਣੁ ਨਾਵੈ ਕੋ ਮੁਕਤਿ ਨ ਹੋਇ॥   

ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ॥

ਕਲਿ ਮਹਿ ਗੁਰਮੁਖਿ ਉਤਰਸਿ ਪਾਰਿ॥   

ਸਾਚਾ ਮਰੈ ਨ ਆਵੈ ਜਾਇ॥

ਨਾਨਕ ਗੁਰਮੁਖਿ ਰਹੈ ਸਮਾਇ॥     ॥” (ਪੰ: ੨੨੯)

ਇਸੇ ਤਰ੍ਹਾਂ ਸੂਤਕ ਪ੍ਰਥਾਏ ਕਬੀਰ ਸਾਹਿਬ ਫ਼ੁਰਮਾਂਦੇ ਹਨ:

“ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ॥

ਜਨਮੇ ਸੂਤਕੁ ਮੂਏ ਫੁਨਿ ਸੂਤਕੁ, ਸੂਤਕ ਪਰਜ ਬਿਗੋਈ॥   

ਕਹੁ ਰੇ ਪੰਡੀਆ ਕਉਨ ਪਵੀਤਾ॥

ਐਸਾ ਗਿਆਨੁ ਜਪਹੁ ਮੇਰੇ ਮੀਤਾ…” (ਪੰ: ੩੩੧)

ਜਨਮ ਮਰਣ ਬਾਰੇ ਗੁਰਬਾਣੀ `ਚ ਇੰਨੀ ਸਪੱਸ਼ਟ ਸੇਧ ਹੋਣ ਦੇ ਬਾਵਜੂਦ ਜੇਕਰ ਫ਼ਿਰ ਵੀ ‘ਦਇਆ-ਜੀਅ ਦਇਆ-ਜੀਅ ਹਤਿਆ-ਹਿੰਸਾ’ ਆਦਿ ਲਫ਼ਜ਼ਾਂ ਦੇ ਬ੍ਰਾਹਮਣੀ-ਜੈਨੀ ਅਰਥਾਂ `ਚ ਫਸੇ ਰਵੀਏ, ਜੇਕਰ ਅਪਣੀ ਹੀ ਅਗਿਆਨਤਾ ਕਾਰਣ ਇਨ੍ਹਾਂ ਦੇ ਅਰਥ ਮੁਰਗਿਆਂ, ਮੱਛੀਆਂ, ਬਟੇਰਿਆਂ, ਬਕਰਿਆਂ ਦੇ ਮਾਸ ਵਲ ਲਿਜਾ ਕੇ ਆਪਸ `ਚ ਫ਼ਾਸਲੇ ਵਧਾਈਏ ਤਾਂ ਕਸੂਰ ਕਿਸਦਾ?

ਪੰਥ `ਚ ਪੈਦਾ ਕੀਤੇ ਜਾ ਚੁਕੇ ਮਾਸ ਦੇ ਝਗੜੇ ਨੂੰ ਜਿੰਨਾ ਗਹਿਰਾਈ ਨਾਲ ਲਵਾਂਗੇ ਸਾਡੀ ਇਸ ਗੁੰਝਲ ਦਾ ਮੁਖ ਕਾਰਣ, ਜੀਵਾਂ ਦੇ ਜਨਮ-ਮਰਣ ਦੇ ਨੀਯਮ ਨੂੰ ਗੁਰਬਾਣੀ ਆਧਾਰ ਤੇ ਨਾ ਸਮਝਣਾ ਹੈ। ਇਸਦੇ ਨਾਲ ਹੀ ਮਨੁੱਖਾ ਜੀਵਨ ਦੇ ‘ਦਇਆ ਅਤੇ ਜੀਅ ਦਇਆ’ ਵਾਲੇ ਉਤਮ ਗੁਣਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਨਾ ਲੈ ਕੇ, ਆਪ ਸਥਾਪਤ ਕੀਤੇ ਜਾਂ ਬ੍ਰਾਹਮਣੀ-ਜੈਨੀ ਅਰਥਾਂ ਦੀ ਦੌੜ `ਚ ਸ਼ਾਮਲ ਹੋਣਾ ਹੈ।

“ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ” - ਇਸ ਤੋਂ ਅਗਲੀ ਗਲ ਆਉਂਦੀ ਹੈ ਜਦੋਂ ਅਕਾਲਪੁਰਖੀ ਨੀਯਮ- ਜਨਮ, ਮਰਣ ਵਾਲੀ ਗੱਲ ਅਸੀਂ ਅਪਣੇ ਗਲ ਪਾ ਲਈ ਅਤੇ ਇਸਦੇ ਠੇਕੇਦਾਰ ਬਣ ਬੈਠੇ। ਗੁਰਬਾਣੀ `ਚ ਗੁਰਦੇਵ ਇਥੋਂ ਤੀਕ ਤਾੜਣਾ ਕਰ ਰਹੇ ਹਨ ਜੀਵਾਂ ਦਾ ਜਮਨਾ-ਮਰਣਾ ਤਾਂ ਹੈ ਹੀ ਕਰਤੇ ਦੇ ਹੁਕਮ ਦੀ ਖੇਡ ਫ਼ੁਰਮਾਨ ਹੈ:

“ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ

ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ” (ਪੰ: ੫੯੪) ਅਤੇ ਹੋਰ

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ” (ਪੰ: 472) ਜਾਂ

“ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ” ਪੰ: ੨੮੧) ਅਤੇ

“ਜਿਸ ਕਾ ਸਾਸੁ ਨ ਕਾਢਤ ਆਪਿ॥ ਤਾ ਕਉ ਰਾਖਤ ਦੇ ਕਰਿ ਹਾਥ॥

ਮਾਨਸ ਜਤਨ ਕਰਤ ਬਹੁ ਭਾਤਿ॥ ਤਿਸ ਕੇ ਕਰਤਬ ਬਿਰਥੇ ਜਾਤਿ॥

ਮਾਰੈ ਨ ਰਾਖੈ ਅਵਰੁ ਨ ਕੋਇ॥ ਸਰਬ ਜੀਆ ਕਾ ਰਾਖਾ ਸੋਇ” (ਪੰ: ੨੮੬)

“ਜੋ ਤੂ ਕਰਹਿ ਸੋਈ ਫੁਨਿ ਹੋਇ॥ ਮਾਰੈ ਨ ਰਾਖੈ ਦੂਜਾ ਕੋਇ” (ਪੰ: ੧੧੩੯)

ਇਸਤਰ੍ਹਾਂ ਇਸੇ ਵਿਸ਼ੇ ਦੀ ਪ੍ਰੌੜਤਾ `ਚ ਅਨੇਕਾਂ ਪ੍ਰਮਾਣ ਹਨ। ਤਾਂਤੇ ਜਨਮ ਮਰਣ ਬਾਰੇ ਵੀ ਇਸ ਸੰਸਾਰ ਚੱਕਰ ਦੇ ਨੀਯਮ ਲਈ ਸਾਨੂੰ ਗੁਰਬਾਣੀ ਆਧਾਰ ਤੇ ਸਮਝਣ ਦੀ ਲੋੜ ਹੈ। ਅਜ ਜੀਵ ਵਿਗਿਆਨ (Biology) ਇਸ ਸਿੱਟੇ ਤੇ ਪੁੱਜ ਚੁਕਾ ਹੇ ਕਿ ਸਾਰੇ ਸੰਸਾਰ ਦਾ ਚੱਕਰ ਹੀ:

“ਇਕ ਜੀਵ ਸ਼੍ਰੇਣੀ ਦਾ ਜੀਵਨ ਦੂਜੀਆਂ ਜੀਵ ਸ਼੍ਰੇਣੀਆ ਹਨ”

ਗੁਰਬਾਣੀ `ਚ ਤਾਂ ਸਦੀਆਂ ਪਹਿਲਾਂ ਸਪੱਸ਼ਟ ਕੀਤੀ ਇਸ ਰੱਬੀ ਸੱਚਾਈ ਤੋਂ ਅਣਜਾਣ ਰਹਿ ਕੇ ਅਸੀਂ ਅਜ ਵੀ ਬਕਰੇ ਦੀ ਪੂਛਲ ਫ਼ੜਕੇ ਖੜੇ ਹਾਂ ਅਤੇ ਇਸ ਬ੍ਰਾਹਮਣੀ ‘ਦਇਆ’ ‘ਜੀਅ-ਦਇਆ’ ਨੂੰ ਹੀ ਜਫਾ ਮਾਰੀ ਬੈਠੇ ਹਾਂ, ਤਾਂ ਇਸਦੇ ਲਈ ਦੋਸ਼ੀ ਅਸੀਂ ਆਪ ਹਾਂ, ਦੂਜਾ ਨਹੀਂ। ਕਾਸ਼ ‘ਦਇਆ’ `ਤੇ ‘ਜੀਅ-ਦਇਆ’ ਵਾਲੀ ਇਸ ਸ਼ਬਦਾਵਲੀ ਦੇ ਅਰਥ ਅਸਾਂ ਗੁਰਬਾਣੀ ਤੋਂ ਲਏ ਹੁੰਦੇ। ਅਜ ਮਾਸ ਵਿਰੋਧੀ ਸੱਜਣ ਜਿਸ ਜੀਵ ਹੱਤਿਆ ਨੂੰ ਆਧਾਰ ਬਣਾਕੇ ‘ਦਇਆ ਅਤੇ ਜੀਅ ਦਇਆ’ ਦੀ ਗਲ ਕਰ ਰਹੇ ਹਨ। ਦਰਅਸਲ ਉਹ ਸੱਜਣ ਅਜੇਹੀ ਸ਼ਬਦਾਵਲੀ ਵਾਲੇ ਹਰੇਕ ਗੁਰ-ਪ੍ਰਮਾਣ ਨੂੰ ਬਿਨਾ ਪਰੀਪੇਖ `ਚ ਗਏ, ਬਦੋਬਦੀ ਮਾਸ ਵਾਲੇ ਭੋਜਨ ਨਾਲ ਜੋੜ ਰਹੇ ਹਨ। ਅਸਲ `ਚ ਇਹ ਉਸਤੋਂ ਵੀ ਨੀਵੀਂ ਅਤੇ ਨਿਰੋਲ ਬ੍ਰਾਹਮਣੀ ਸੋਚ ਹੈ ਜਿਸ ਨੂੰ ਬ੍ਰਾਹਮਣ ਨੇ ਮਨੁੱਖ ਦੇ ਜਨਮ-–ਮਰਣ ਨਾਲ ਜੋੜਕੇ ਸੂਤਕ-ਪਾਤਕ ਦੀ ਅਪਵਿਤ੍ਰਤਾ ਵਾਲਾ ਜਾਲ ਬੁਣਿਆ ਹੋਇਆ ਹੈ। ਗਹੁ ਨਾਲ ਦੇਖਿਆ ਜਾਵੇ ਤਾਂ ਮਾਸ ਵਿਰੋਧੀ ਸੱਜਣ ਉਸੇ ਸੋਚਣੀ ਦਾ ਸ਼ਿਕਾਰ ਹੋਏ ਪਏ ਹਨ। ਉਸੇ ਸੋਚਣੀ ਦਾ ਜਿਸ ਸੋਚਣੀ ਨੂੰ ਸੂਤਕ ਵਾਲੇ ਸਲੋਕਾਂ ਰਾਹੀਂ ਗੁਰਦੇਵ ਨੇ ਪੂਰੀ ਤਰ੍ਹਾਂ ਨਕਾਰਿਆ ਹੈ।




.