.

(ਨਿਰਮਲ ਪੰਥ ਅਤੇ ਡੇਰਾਵਾਦ)
ਕੀ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ “ਨਿਰਮਲ ਪੰਥ” ਨੂੰ ਗੁਰੂ ਗੋਬਿੰਦ ਸਿੰਘ ਜੀ ਨੇ “ਖਾਲਸਾ ਪੰਥ” ਦਾ ਨਾਂ ਦਿੱਤਾ ਸੀ ਜਾਂ ਟਕਸਾਲਾਂ (ਸੰਪ੍ਰਦਾਵਾਂ) ਅਤੇ ਡੇਰੇ ਚਲਾਏ ਸਨ?

ਅਵਤਾਰ ਸਿੰਘ ਮਿਸ਼ਨਰੀ ਜਨਰਲ ਸਕੱਤਰ-ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA (510-432-5827)

ਗੁਰੂ ਨਾਨਕ ਸਾਹਿਬ ਜੀ ਵੇਲੇ ਅਤੇ ਪਹਿਲਾਂ ਵੀ ਬਹੁਤ ਸਾਰੇ ਫਿਰਕੇ ਡੇਰੇ ਅਤੇ ਸੰਪ੍ਰਦਾਵਾਂ ਸਨ ਜਿਨ੍ਹਾਂ ਵਿੱਚੋਂ ਬਹੁਤੇ ਫਿਰਕਿਆਂ ਦੇ ਪੁਜਾਰੀ ਅਤੇ ਧਾਰਮਿਕ ਨੇਤਾ ਇੱਕ ਦੂਜੇ ਪ੍ਰਤੀ ਨਫਰਤ ਦਾ ਪ੍ਰਚਾਰ ਹੀ ਕਰਦੇ ਸਨ। ਹਿੰਦੂ ਮੁਸਲਮਾਨ ਨੂੰ ਮਲੇਸ਼ ਅਤੇ ਮੁਸਲਮਾਨ ਹਿੰਦੂਆਂ ਨੂੰ ਕਾਫਰ ਕਹਿੰਦਾ ਸੀ। ਆਪਣੇ ਵਲੋਂ ਪੈਦਾ ਕੀਤੇ ਕਰਮਕਾਂਡਾਂ ਰਾਹੀਂ ਆਮ ਜਨਤਾ ਨੂੰ ਲੁੱਟ ਰਹੇ ਸਨ। ਉਸ ਵੇਲੇ ਮੇਨ ਆਗੂ ਸਨ ਬ੍ਰਾਹਮਣ, ਕਾਜ਼ੀ ਅਤੇ ਜੋਗੀ। ਜਿਨ੍ਹਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਵਿਸ਼ੇਸ਼ ਜਿਕਰ ਕਰਨਾ ਪਿਆ ਕਿ-ਕਾਦੀ ਕੂੜੁ ਬੋਲਿ ਮਲੁ ਖਾਇ॥ ਬਾਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੈ ਕਾ ਬੰਧੁ॥ (ਪੰਨਾ 662) ਇਹ ਲੋਕ ਵਿਖਾਵੇ ਵਾਲੇ ਧਰਮ ਦੇ ਨਾਂ ਤੇ ਦੋਹੀਂ ਹੱਥੀਂ ਜਨਤਾ ਨੂੰ ਲੁੱਟਦੇ ਅਤੇ ਆਪਸ ਵਿੱਚ ਧਰਮ ਦੇ ਨਾਂ ਤੇ ਲੜਦੇ ਵੀ ਸਨ-ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਹੁ ਬਾਮਣ ਮੌਲਾਣੈ॥ (ਭਾ. ਗੁ.) ਸੱਚੇ ਸੁੱਚੇ ਭਗਤਾਂ ਨੇ ਵੀ ਅਜਿਹੇ ਧਾਰਮਿਕ ਆਗੂਆਂ-ਸੰਪ੍ਰਦਾਈਆਂ ਤੋਂ ਜਨਤਾ ਨੂੰ ਜਾਗਰਤ ਕਰਦੇ ਹੋਏ, ਇਹ ਅਵਾਜ਼ ਬੁਲੰਦ ਕੀਤੀ ਕਿ-ਹਮਰਾ ਝਗਰਾ ਰਹਾ ਨਾ ਕੋਊ॥ ਪੰਡਿਤ ਮੁਲਾਂ ਛਾਡੈ ਦੋਊ॥ 1॥ ਰਹਾਉ॥ . . ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੈ ਹਮ ਕਛੂ ਨ ਲੀਆ॥ (ਪੰਨਾ-1158) ਨਿਰਮਲ ਪੰਥ (ਸਿੱਖ ਧਰਮ) ਨੂੰ ਘਰ ਘਰ ਪਹੁਚਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰਕ ਦੌਰੇ ਕੀਤੇ। ਵੱਡੇ-ਵੱਡੇ ਆਗੂ ਵੀ ਓਨ੍ਹਾਂ ਦੇ ਸ਼ਬਦ ਗਿਆਨ ਦੇ ਬਾਣਾਂ ਅੱਗੇ ਠਹਿਰ ਨਾ ਸਕੇ। ਵੱਡੇ-ਵੱਡੇ ਸਿੱਧਾਂ ਪੀਰਾਂ ਨੂੰ ਵੀ ਗਿਆਨ ਗੋਸ਼ਟ ਕਰਕੇ ਜਿਤਿਆ-ਸ਼ਬਦਿ ਜਿਤੀ ਸਿਧ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ॥ (ਭਾ. ਗੁ.) ਗੁਰੂ ਸਾਹਿਬ ਨਾ ਹਿੰਦੂ ਅਤੇ ਨਾਂ ਹੀ ਮੁਸਲਮਾਨ ਸਨ-ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪੁਰਾਨ॥ (ਪੰਨਾ 1136) ਅਸੀਂ ਇੱਕ ਇਨਸਾਨ ਹਾਂ ਅਤੇ ਇਨਸਾਨੀਅਤ ਦਾ ਅਹਿਸਾਸ ਪੈਦਾ ਕਰਨ ਲਈ ਸੰਸਾਰ ਭ੍ਰਮਣ ਕਰ ਰਹੇ ਹਾਂ।

ਗੁਰੂ ਸਾਹਿਬ ਜੀ ਦੇ ਬਾਕੀ ਜਾਂਨਸ਼ੀਨ ਗੁਰੂਆਂ ਨੇ ਵੀ ਗੁਰੂ ਗਿਆਨ (ਗੁਰਬਾਣੀ) ਰਾਹੀਂ ਸਿੱਖੀ ਦਾ ਸਹੀ ਪ੍ਰਚਾਰ ਕੀਤਾ। ਕਿਸੇ ਵੀ ਗੁਰੂ ਅਤੇ ਭਗਤ ਨੇ ਕਟੜਵਾਦੀ ਸੰਪ੍ਰਦਾਵਾਂ ਨੂੰ ਕੋਈ ਮਾਨਤਾ ਨਹੀਂ ਦਿੱਤੀ ਸਗੋਂ ਵੱਖਵਾਦੀ ਸੰਪ੍ਰਦਾਵਾਂ ਦਾ ਵਿਰੋਧ ਕਰਦੇ ਹੋਏ, ਸਰਬਸਾਂਝੀਆਂ ਸੰਗਤਾਂ ਕਾਇਮ ਕੀਤੀਆਂ, ਧਰਮਸ਼ਾਲਾ ਬਣਵਾਈਆਂ ਅਤੇ ਸੁਲਝੇ ਹੋਏ ਇਸਤ੍ਰੀ ਅਤੇ ਪੁਰਸ਼ ਆਦਿਕ ਗੁਰਮੁਖਾਂ ਨੂੰ ਪ੍ਰਚਾਰਕ ਥਾਪ ਕੇ ਦੂਰ ਦੂਰ ਤੱਕ ਰੱਬੀ ਗਿਆਨ ਦਾ ਪ੍ਰਚਾਰ ਕੀਤਾ। ਅਖੀਰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਹੁਲ ਦੀ ਨਿਰਾਲੀ ਪਾਹ ਦੇ ਕੇ “ਨਿਰਮਲ ਪੰਥ” ਨੂੰ “ਖਾਲਸਾ ਪੰਥ” ਦਾ ਨਾਂ ਦਿੱਤਾ ਅਤੇ “ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ” ਦਾ ਸੰਦੇਸ਼ ਦਿੰਦੇ ਹੋਏ “ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ”, ਜਿਸ ਵਿੱਚ ਇੱਕ ਅਕਾਲ ਪੁਰਖ ਦੇ ਰੰਗ ਵਿੱਚ ਰੰਗੇ ਹੋਏ ਹਿੰਦੂ ਭਗਤਾਂ ਅਤੇ ਮੁਸਲਮਾਨ ਸੂਫੀ ਫਕੀਰਾਂ ਅਤੇ ਗੁਰੂ ਸਾਹਿਬਾਨਾਂ ਦੀ “ਸਰਬ ਸਾਂਝੀ ਰੱਬੀ ਬਾਣੀ” ਦਾ ਅਤੁੱਟ ਭੰਡਾਰ ਹੈ, ਦੇ ਲੜ ਲਾਉਂਦੇ ਹੋਏ ਹੁਕਮ ਕੀਤਾ ਕਿ-ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥ ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇਂ ਲੇਹ॥

ਸੋ ਗੁਰੂ ਸਾਹਿਬ ਜੀ ਨੇ ਸਭ ਨੂੰ ਇੱਕ ਕਰਕੇ ਖ਼ਾਲਸਾ ਪੰਥ ਸਾਜਿਆ ਨਾ ਕਿ ਕੋਈ ਸੰਪ੍ਰਦਾ-ਟਕਸਾਲ ਜਾਂ ਡੇਰੇ ਨੂੰ ਮਾਨਤਾ ਦਿੱਤੀ। ਹਾਂ ਇਲਾਕਾਵਾਦ ਅਤੇ ਜਾਤ-ਪਾਤ, ਬਰਾਦਰੀ ਪ੍ਰੰਪਰਾ ਤੋਂ ਉੱਪਰ ਉੱਠ ਕੇ ਸਰਬਸਾਂਝੇ ਪੰਜ ਪਿਆਰਿਆਂ ਦੀ ਪੰਚਾਇਤ ਕਾਇਮ ਕੀਤੀ ਭਾਵ ਡੈਮੋਕ੍ਰੇਸੀ ਦੇ ਸਿਧਾਂਤ ਤੇ ਚੱਲਣ ਦੀ ਆਗਿਆ ਕੀਤੀ। (ਨੋਟ-ਇਹ ਪੰਜ ਪਿਆਰੇ ਕਿਸੇ ਗੁਰਦੁਆਰੇ ਦੇ ਗ੍ਰੰਥੀ ਜਾਂ ਪੁਜਾਰੀ ਨਹੀਂ ਸਨ ਜਿਵੇਂ ਅੱਜ ਪੰਜਾਂ ਤਖ਼ਤਾਂ ਦੇ ਜਥੇਦਾਰ ਜੀ ਹਜ਼ੂਰੀ ਗ੍ਰੰਥੀਆਂ ਨੂੰ ਹੀ ਲਾਇਆ ਜਾਂਦਾ ਹੈ, ਪਾਰਟੀ ਸਪੋਰਟ ਦੇਖੀ ਜਾਂਦੀ ਹੈ, ਉਨ੍ਹਾਂ ਦੀ ਵਿਦਿਅਕ ਯੋਗਤਾ ਅਤੇ ਸੰਗਤ ਦੀ ਪ੍ਰਮਾਣਿਤਾ, ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਪੂਰਨ ਵਿਸ਼ਵਾਸ਼ਤਾ ਅਤੇ ਉਹ ਸੱਜਨ ਕਿਸੇ ਡੇਰੇ ਜਾਂ ਸੰਪ੍ਰਦਾ ਨੂੰ ਮਾਨਤਾ ਦੇਣਵਾਲਾ ਨਾ ਹੋਵੇ, ਇੱਧਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ) ਹਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਤੇ ਸਿਖਿਆ ਵਿੱਚ ਚੱਲਣ ਦਾ ਉਪਦੇਸ਼ ਦਿੱਤਾ। ਗੁਰੂ ਗਿਆਨ ਅਤੇ ਵਿਦਿਆ ਲੈਣ ਲਈ ਹਰੇਕ ਸੰਗਤ, ਧਰਮਸ਼ਾਲਾ ਅਤੇ ਗੁਰ ਅਸਥਾਨ ਰੂਪ ਵਿਦਿਆਲੇ ਕਾਇਮ ਕੀਤੇ। ਭਾਵ ਉਹ ਹਰ ਧਰਮ ਅਸਥਾਨ ਜਿੱਥੇ ਸੱਚੀ ਸੁੱਚੀ ਵਿਦਿਆ-ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਸਾਂਝੀ ਰੱਬੀ ਬਾਣੀ ਦੀ ਸਿਖਲਾਈ ਦਿੱਤੀ ਜਾਂਦੀ ਹੋਏ ਉਹ ਟਕਸਾਲ-ਧਰਮਸ਼ਾਲਾ ਜਾਂ ਵਿਦਿਆਲਾ ਹੈ ਨਾ ਕਿ ਸੀਨਾ ਬਸੀਨਾ ਕੋਈ ਟਕਸਾਲ ਚਲਾਈ ਸਗੋਂ ਸੀਨਾ ਬਸੀਨਾ ਖ਼ਾਲਸਾ ਪੰਥ ਚਲਾਇਆ ਅਤੇ “ਸਦੀਵੀ ਜਾਂਨਸ਼ੀਨ ਸ਼ਬਦ ਗੁਰੂ-ਗੁਰੂ ਗ੍ਰੰਥ ਸਾਹਿਬ” ਨੂੰ ਥਾਪ ਦਿੱਤਾ। ਅੱਜ ਦੀਆਂ ਸਿੱਖ ਸੰਪ੍ਰਦਾਵਾਂ, ਟਕਸਾਲਾਂ ਅਤੇ ਡੇਰੇ, ਨਾਂ ਗੁਰੂ ਸਾਹਿਬ ਦਾ ਵਰਤਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਧਾਰਮਿਕ ਅਤੇ ਵਿਗਿਆਨਕ ਸੋਚ ਨੂੰ ਛੱਡ ਕੇ, ਮਿਥਿਹਾਸਕ ਕਥਾ ਕਹਾਣੀਆਂ ਦਾ ਹੀ ਉਪਦੇਸ਼ ਦੇ ਰਹੇ ਹਨ। ਜਿਨ੍ਹਾਂ ਥੋਥੇ ਸਿਧਾਂਤਾ ਦਾ ਗੁਰੂ ਜੀ ਖੰਡਨ ਕਰਦੇ ਹਨ, ਅੱਜ ਦੇ ਡੇਰੇਦਾਰ ਅਤੇ ਸੰਪ੍ਰਦਾਈ ਓਨ੍ਹਾਂ ਦਾ ਹੀ ਪ੍ਰਚਾਰ ਕਰਦੇ ਨਹੀ ਸ਼ਰਮਉਂਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ “ਅਖੌਤੀ ਦਸਮ ਗ੍ਰੰਥ” ਜਿਸ ਵਿੱਚ ਵੇਦਾਂ ਸ਼ਾਸ਼ਤਰਾਂ ਦੀਆਂ ਮਿਥਿਹਾਸਕ ਅਤੇ ਅਸ਼ਲੀਲ (ਗੰਦੀਆਂ) ਕਹਾਣੀਆਂ ਅੰਕਿਤ ਹਨ। ਜਿਸ “ਤ੍ਰਿਆ ਚਰਿੱਤ੍ਰ” ਵਿੱਚ ਨਸ਼ਿਆਂ ਅਤੇ ਵਿਭਚਾਰ (ਗੰਦੇ ਸੈਕਸ) ਦੇ ਢੰਗ ਤਰੀਕੇ ਦੱਸੇ ਹਨ ਜਿਨ੍ਹਾਂ ਦਾ ਬਿਆਨ ਕਰਦੇ ਵੀ ਸ਼ਰਮ ਆਉਂਦੀ ਹੈ, ਨੂੰ ਪ੍ਰਕਾਸ਼ ਕਰਦੇ ਹਨ। ਕਿਸੇ ਵੀ ਟਕਸਾਲ-ਸੰਪ੍ਰਦਾ, ਡੇਰੇ ਵਿੱਚ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਲਾਗੂ ਨਹੀਂ ਹਰ ਸੰਪ੍ਰਦਾ ਅਤੇ ਡੇਰਾ “ਚਾਰ ਸੌ ਪਾਂਚ ਚਰਿਤ੍ਰ” ਗੁਰੂ ਨਿਦਿਆ ਵਾਲੀ ਰਚਨਾ ਹੀ ਰਹਿਰਾਸ ਵਿੱਚ ਪੜ੍ਹੀ ਜਾ ਰਿਹਾ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਕੁੰਭ, ਨਾਰੀਅਲ, ਧੂਪਾਂ, ਜੋਤਾਂ ਆਦਿਕ ਜੋ “ਹਵਨ ਸਮੱਗਰੀ” ਹੈ, ਉਹ ਪ੍ਰਵਾਣਿਤ ਨਹੀਂ ਪਰ ਇਹ ਡੇਰੇਦਾਰ ਤੇ ਸੰਪ੍ਰਦਾਈ, ਅਜਿਹੀਆਂ ਹਿੰਦੂ ਧਰਮ ਦੀਆਂ “ਕਰਮਕਾਂਡੀ ਰੀਤਾਂ” ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰਦੁਆਰਿਆਂ ਵਿੱਚ ਕਰੀ ਕਰਾਈ ਜਾ ਰਹੇ ਹਨ।

ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮੁਗਲੀਆ ਹਕੂਮਤ ਦਾ ਮੁਕਾਬਲਾ ਕਰਨ ਵਾਸਤੇ ਭਾਵੇਂ ਸਿੱਖਾਂ ਦੇ 65 ਜਥੇ ਅਤੇ ਫਿਰ 12 ਮਿਸਲਾਂ ਬਣ ਗਈਆਂ ਪਰ ਸਭ ਦੀ “ਗੁਰ ਮਰਯਾਦਾ” ਇੱਕ ਸੀ। ਉਸ ਵੇਲੇ ਕੋਈ ਪਾਖੰਡੀ ਸਾਧ ਜਾਂ ਸੰਤ ਇਨ੍ਹਾਂ ਵਿੱਚ ਸ਼ਾਮਲ ਨਹੀਂ ਸੀ ਅਤੇ ਨਾ ਕੋਈ ਗੁਰਸਿੱਖ ਆਪਣੇ ਨਾਂ ਨਾਲ ਸੰਤ-ਸਾਧ ਜਾਂ ਬ੍ਰਹਮ ਗਿਆਨੀ ਸ਼ਬਦ ਵਰਤਦਾ ਸੀ। ਜਿਹੜੇ ਇਹ ਸੰਪ੍ਰਦਾਈ ਕਹਿੰਦੇ ਹਨ ਕਿ ਸਾਡੀ ਟਕਸਾਲ ਗੁਰੂ ਗੋਬਿੰਦ ਸਿੰਘ ਤੋਂ ਸੀਨਾ ਬਸੀਨਾ ਚਲੀ ਆ ਰਹੀ ਹੈ। ਉਹ ਵੀ ਆਪਣੇ ਗ੍ਰੰਥਾਂ ਵਿੱਚ ਸਪ੍ਰਦਾਈ ਪ੍ਰਣਾਲੀ ਲਿਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਇਕੱਲਾ “ਗੁਰੂ ਗੋਬਿੰਦ ਸਿੰਘ” ਲਿਖਦੇ ਹਨ। ਪਿਛਲਿਆਂ ਨੂੰ “ਭਾਈ” ਜਿਵੇਂ ਭਾਈ ਮਨੀ ਸਿੰਘ ਜੀ ਆਦਿਕ ਫਿਰ ਅੱਗੇ ਜਾ ਕੇ ਸੰਪ੍ਰਦਾਈ ਮੁਖੀ ਨਾਲ ਸੰਤ ਸ਼ਬਦ ਜੋੜ ਦਿੰਦੇ ਹਨ। ਫਿਰ ਇੱਥੇ ਹੀ ਬੱਸ ਨਹੀਂ ਅੱਜ ਦੇ ਟਕਸਾਲੀ, ਸੰਪ੍ਰਦਾਈ ਜਾਂ ਡੇਰੇਦਾਰ ਸੰਤ, ਗਿਆਨੀ, ਮਹਾਂਪੁਰਖ, ਪੂਰਨ ਬ੍ਰਹਮ ਗਿਆਨੀ, 108, 1008 ਵੀ ਜੋੜੀ ਜਾ ਰਹੇ ਹਨ। ਜਰਾ ਸੋਚੋ ਜੇ ਗੁਰੂ ਸਾਹਿਬ ਜੀ ਵੇਲੇ ਸਭ “ਭਾਈ” ਜਾਂ ਵੱਧ ਤੋਂ ਵੱਧ “ਬਾਬਾ” ਜੀ ਅਖਵਾਉਂਦੇ ਸਨ ਜਾਂ ਉਨ੍ਹਾਂ ਨੂੰ “ਭਾਈ” ਹੀ ਕਿਹਾ ਜਾਂਦਾ ਸੀ। ਜਿਵੇਂ ਸਿੱਖ ਪੰਥ ਦੀਆਂ ਸਿਰਮੌਰ ਹਸਤੀਆਂ ਭਾਈ ਮਰਦਾਨਾਂ ਜੀ, ਭਾਈ ਭਗੀਰਥ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਭਾਈ ਮਤੀ ਦਾਸ ਜੀ, ਭਾਈ ਘਨੀਆ ਜੀ, ਭਾਈ ਨੰਦ ਲਾਲ ਜੀ, ਬਾਬਾ ਬੰਦਾ ਸਿੰਘ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਜੱਸਾ ਸਿੰਘ ਜੀ, ਭਾਈ ਕਪੂਰ ਸਿੰਘ ਜੀ, ਭਾਈ ਹਰੀ ਸਿੰਘ ਨਲਵਾ ਜਰਨੈਲ ਆਦਿਕ ਪੁਰਾਤਨ ਸਿੱਖ ਭਾਈ ਅਤੇ ਬਾਬਾ ਹੀ ਸਨ। ਸੰਗਤ ਪੁਛਦੀ ਹੈ ਕਿ ਹੁਣ ਦੇ ਸੰਤ ਅਤੇ ਸੰਪ੍ਰਦਾਈ ਡੇਰੇਦਾਰ ਗੁਰ ਹੁਕਮਾਂ ਅਤੇ ਪੁਰਾਤਨ “ਭਾਈ ਅਤੇ ਬਾਬਾ” ਜੀ ਵਾਲੇ ਲਕਬ ਬਦਲ ਕੇ ਸੰਤ, ਬ੍ਰਹਮ ਗਿਆਨੀ, ਮਹਾਂਪੁਰਖ, ਵਿਦਿਆ ਮਾਰਤੰਡ ਅਤੇ 108 ਜਾਂ 1008 ਪੂਰਨ ਬ੍ਰਹਮ ਗਿਆਨੀ ਕਿਵੇਂ ਬਣ ਗਏ?

ਇਹ ਤਾਂ ਭਾਣਾ ਇਉਂ ਵਰਤਿਆ ਲੱਗਦਾ ਹੈ ਜਦ ਸਿੰਘ ਜੰਗਲਾਂ ਵਿੱਚ ਵਿਚਰਦੇ ਸਨ ਅਤੇ ਬਆਦ ਵਿੱਚ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਗੁਰਦੁਆਰੇ ਆਦਿਕ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਕਾਂਸ਼ੀ ਤੋਂ ਪੜ੍ਹੇ ਨਿਰਮਲੇ ਅਤੇ ਉਦਾਸੀ ਜੋ ਵੇਦਾਂ ਸ਼ਾਸ਼ਤਰਾਂ ਦੀ ਮਰਯਾਦਾ ਵਿੱਚ ਰੰਗੇ ਹੋਏ ਸਨ ਆਦਿਕ ਲੋਕ ਹੀ ਕਰਦੇ ਸਨ ਅਤੇ ਆਪਣੇ ਆਪ ਨੂੰ ਸੰਤ ਕਹਾਉਂਦੇ ਸਨ ਜਿਵੇਂ ਅੱਜ ਦਾ ਜਥੇਦਾਰ ਵੀ “ਵੇਦਾਂਤੀ” ਅਖਵਾ ਰਿਹਾ ਹੈ। ਗ੍ਰੰਥੀ ਨੂੰ ਗੁਰਦੁਆਰੇ ਦਾ ਸੰਤ ਕਿਹਾ ਜਾਂਦਾ ਸੀ। ਹੌਲੀ ਹੌਲੀ ਇਹ ਲੋਕ “ਮਹੰਤ” ਬਣ ਗਏ। ਮਹਾਂਰਾਜਾ ਰਣਜੀਤ ਸਿੰਘ ਨੇ ਧਰਮ ਅਸਥਾਨਾਂ ਦੇ ਨਾਂ ਬਹੁਤ ਜ਼ਮੀਨਾਂ ਲਗਵਾ ਦਿੱਤੀਆਂ ਤਾਂ ਇਨ੍ਹਾਂ ਹੀ ਲੋਕਾਂ ਨੇ ਫਿਰ ਆਪੋ ਆਪਣੇ ਡੇਰੇ ਅਤੇ ਸੰਪ੍ਰਦਾਵਾਂ ਚਲਾ ਲਈਆਂ ਅਤੇ ਮਰਯਾਦਾ ਵੀ ਸਨਾਤਨੀ ਹੀ ਕਾਇਮ ਕਰ ਦਿੱਤੀ ਅਤੇ ਇਹ ਲੋਕ ਸਿੱਖ ਸੰਸਥਾਵਾਂ ਵਿੱਚ ਵੀ ਘੁਸੜ ਗਏ ਅਤੇ ਗੁਰੂ ਸਾਹਿਬ ਜੀ ਦੇ ਬਖਸ਼ੇ ਸ਼ਬਦ “ਭਾਈ ਅਤੇ ਬਾਬਾ” ਛੱਡ ਕੇ ਆਪਣੇ ਆਪ ਸੰਤ, ਮਹਾਂਪੁਰਖ, ਬ੍ਰਹਮ ਗਿਆਨੀ, 108 ਜਾਂ 1008 ਪੂਰਨ ਬ੍ਰਹਮ ਗਿਆਨੀ, ਸੰਤ ਮਹਾਂਪੁਰਖ ਵਰਤਨ ਲੱਗ ਪਏ। ਇਸ ਕਰਕੇ ਸਿੱਖ ਪੰਥ ਦੀਆਂ ਮੰਨੀਆਂ ਜਾਂਦੀਆਂ ਵਿਦਿਆ ਟਕਸਾਲਾਂ ਸੰਸਥਾਵਾਂ ਆਦਿਕ “ਬ੍ਰਾਹਮਣੀ ਬਿਪਰਨ ਕੀ ਰੀਤ” ਦੀਆਂ ਧਾਰਨੀ ਬਣ ਗਈਆਂ।

ਫਿਰ “ਸਿੰਘ ਸਭਾ ਲਹਿਰ” ਉੱਠੀ ਉਸ ਨੇ ਇੱਕ ਮੁੱਠ ਹੋ ਕਰਬਾਨੀਆਂ ਕਰਕੇ ਮਹੰਤਾਂ ਤੋਂ ਗੁਰਦੁਆਰੇ-ਵਿਦਿਆ ਕੇਂਦਰ ਆਦਕਿ ਧਰਮ ਅਸਥਾਨ ਅਜ਼ਾਦ ਕਰਵਾਏ ਪਰ ਮਹੰਤਾਂ ਦੇ ਚੇਲੇ ਗ੍ਰੰਥੀਆਂ ਅਤੇ ਪ੍ਰਬੰਧਕਾਂ ਦੇ ਰੂਪ ਵਿੱਚ ਗੁਰਦੁਆਰਿਆਂ ਅਤੇ ਸਿੱਖ ਅਦਾਰਿਆਂ ਵਿੱਚ ਘੁਸੜ ਗਏ ਤਾਂ ਹੀ ਅੱਜ ਬਹੁਤੇ ਗੁਰਦੁਆਰਿਆਂ ਅਤੇ ਸੰਪ੍ਰਦਾਵਾਂ ਵਿੱਚ ਪੰਥਕ “ਸਿੱਖ ਰਹਿਤ ਮਰਯਾਦਾ” ਲਾਗੂ ਨਹੀਂ ਹੋਣ ਦਿੰਦੇ। ਇੱਥੋਂ ਤੱਕ ਕਿ ਅੱਜ ਦੀਆਂ ਸਿਰਮੌਰ ਅਖਵਾਉਂਦੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਵਿੱਚ ਵੀ ਪੰਥ ਪਰਵਾਣਿਤ “ਸਿੱਖ ਰਹਿਤ ਮਰਯਾਦਾ” ਲਾਗੂ ਨਹੀਂ ਹੈ। ਜਦ ਸਾਡੀਆਂ ਸਤਿਕਾਰਯੋਗ ਜਥੇਬੰਦੀਆਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਤੋਂ ਬਾਗੀ ਹਨ ਤਾਂ ਬਾਕੀ ਡੇਰੇਦਾਰਾਂ ਨੇ ਤਾਂ ਬਾਗੀ ਹੋਣਾ ਹੀ ਹੈ। ਇਸ ਵਿੱਚ ਕੀ ਰਾਜ ਹੈ ਕਿ ਇਹ ਜਥੇਬੰਦੀਆਂ ਨਾਂ ਤਾਂ “ਅਕਾਲ ਤਖਤ” ਦਾ ਵਰਤਦੀਆਂ ਹਨ ਪਰ ਮਰਯਾਦਾ ਆਪੋ ਆਪਣੀ ਮੰਨਦੀਆਂ ਹਨ? ਅੱਜ ਇਸੇ ਕਰਕੇ ਸਿੱਖਾਂ ਵਿੱਚ ਵੀ ਵੱਖਰੇ-ਵੱਖਰੇ ਡੇਰੇ ਬਣ ਰਹੇ ਹਨ ਜਿਵੇਂ ਨਾਮਧਾਰਈਏ, ਨਾਨਕਸਰਈਏ, ਰਾੜੇਵਾਲੇ, ਪਹੇਵੇਵਾਲੇ, ਢੱਢਰੀਆਂਵਾਲੇ, ਕਾਰਸੇਵਾਵਾਲੇ, ਆਦਿਕ ਵੀ ਆਪਣੀ-ਆਪਣੀ ਮਰਯਾਦਾ ਚਲਾ ਰਹੇ ਹਨ। (ਬਾਕੀ ਦੰਬੀ-ਪਾਖੰਡੀ ਅਤੇ ਦੇਹਧਾਰੀ ਗੁਰੂ, ਨਾਮਧਾਰੀਏ, ਨਕਲੀ ਨਿਰੰਕਾਰੀਏ, ਰਾਧਾ ਸੁਆਮੀ, ਸਰਸੇਵਾਲੇ, ਆਸ਼ੂਤੋਸ਼ੀਏ ਅਤੇ ਭਨਿਆਰੇ ਵਾਲੇ ਆਦਿਕ ਜੋਰ ਸ਼ੋਰ ਨਾਲ ਪੈਦਾ ਹੋ ਰਹੇ ਹਨ। ਆਰ ਐੱਸ ਐੱਸ ਇਨ੍ਹਾਂ ਦੀ ਰੀੜ ਦੀ ਹੱਡੀ ਹੈ) ਅਖੀਰ ਵਿੱਚ ਵਾਸਤਾ ਰੱਬ ਦਾ! ਸਿੱਖ ਸੰਪ੍ਰਦਾਈਓ! ! ਆਓ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਆਪਣੀਆਂ ਜਥੇਬੰਦੀਆਂ ਵਿੱਚ ਲਾਗੂ ਕਰਕੇ ਇੱਕਮੁੱਠ ਹੋ ਕੇ ਨਵੇਂ ਉੱਗ ਰਹੇ ਡੇਰਾਵਾਦ ਨੂੰ ਠੱਲ੍ਹ ਪਾਈਏ!

ਗੁਰੂ ਗ੍ਰੰਥ ਸਾਹਿਬ ਜੀ ਦੀ “ਸੱਚੀ ਬਾਣੀ” ਦੀ ਦੇਖ ਰੇਖ ਵਿੱਚ ਕਥਾ ਅਤੇ ਇਤਿਹਾਸ ਦੀ ਵੀਚਾਰ ਕਰਿਆ ਕਰੀਏ, ਜਿਹੜੀ ਰਚਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀ ਜਾਂ ਮਿਥਿਹਾਸਕ ਹੈ ਦਾ ਤਿਆਗ ਕਰੀਏ। ਗੁਰੂ ਗ੍ਰੰਥ ਸਾਹਿਬ ਰੂਪੀ ਘਰ ਵਿੱਚ ਸਭ ਕੁੱਝ ਹੈ ਫਿਰ ਅਸੀਂ ਬਾਹਰ ਕਿਉਂ ਮੰਗਦੇ ਫਿਰਦੇ ਹਾਂ ਭਾਵ ਮਿਥਹਾਸਕ ਕਥਾ ਕਹਾਣੀਆਂ ਵਾਲੇ ਗ੍ਰੰਥਾਂ ਦੀ ਹੀ ਕਥਾ ਕਿਉਂ ਕਰੀ ਜਾ ਰਹੇ ਹਾਂ? ਜੇ ਘਰਿ ਹੋਂਦੇ ਮੰਗਣਿ ਜਾਈਐ ਫਿਰਿ ਓਲਾਮਾ ਮਿਲੇ ਤਹੀਂ॥ (ਪੰਨਾ 903) ਸੋ ਇੱਕ ਮਨ ਹੋ ਕੇ ਸੋਚੋ-ਵਿਚਾਰੋ ਕਿ ਗੁਰੂ ਸਾਹਿਬ ਜੀ ਨੇ ਖ਼ਾਲਸਾ ਪੰਥ ਸਾਜਿਆ ਸੀ ਜਾਂ ਟਕਸਾਲਾਂ ਅਤੇ ਸੰਪ੍ਰਦਾਵਾਂ। ਆਓ ਬਾਕੀ ਗ੍ਰੰਥਾਂ ਨੂੰ ਛੱਡ ਕੇ “ਗੁਰੂ ਗ੍ਰੰਥ ਸਾਹਿਬ ਜੀ” ਦੇ ਲੜ ਲੱਗ ਕੇ ਇਸ ਦੇ ਪਵਿੱਤਰ ਧਾਰਮਿਕ-ਵਿਗਿਆਨਕ ਅਤੇ ਅਟੱਲ ਸਿਧਾਂਤਾਂ ਦੇ ਧਾਰਨੀ ਹੋ ਕੇ ਖ਼ਾਲਸਾ ਪੰਥ ਦੇ ਮੈਂਬਰ ਬਣੀਏਂ ਨਾ ਕਿ ਕੋਈ ਨਾਨਕਸਰੀਆ, ਕੋਈ ਟਕਸਾਲੀ, ਕੋਈ ਨਿਹੰਗ ਸੰਪ੍ਰਦਾਈ, ਕੋਈ ਅਖੰਡ ਕੀਰਤਨੀ, ਕੋਈ ਤਰਮਾਲੇ ਵਾਲੇ, ਕੋਈ ਮਿਸ਼ਨਰੀ ਆਦਿਕ ਵੱਖਰੇਵੇਂ ਹੀ ਪਾਲਦੇ ਰਹੀਏ। ਹਾਂ ਬਾਕੀ ਗ੍ਰੰਥ “ਕੰਮਪੈਰੇਟਿਵ” ਤੌਰ ਤੇ ਪੜ੍ਹੇ ਜਾ ਸਕਦੇ ਹਨ ਅਤੇ ਕਿਸੇ ਚੰਗੀ ਗੱਲ ਦੀ ਮਸਾਲ ਵੀ ਦਿੱਤੀ ਜਾ ਸਕਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮਿਲਦੀ ਹੋਵੇ। ਆਓ ਇਕੱਠੇ ਹੋ ਕੇ ਸਿੰਘ ਸਭਾ ਲਹਿਰ ਦੀ ਤਰ੍ਹਾਂ ਆਪਾਂ ਵੀ ਸਿੱਖ ਪੰਥ ਵਿੱਚ ਪੈਦਾ ਹੋਏ ਅਤੇ ਹੋਰ ਹੋ ਰਹੇ ਡੇਰਿਆਂ ਨੂੰ ਪਣਪਨ ਤੋਂ ਰੋਕੀਏ ਅਤੇ ਗੁਰੂ ਗਿਆਨ ਦੀ ਵੀਚਾਰ ਨਾਲ, ਸਹੀ ਰਸਤਾ ਦੱਸ ਕੇ ਸਿੱਖ ਪੰਥ ਵਿੱਚ ਸ਼ਾਮਲ ਕਰੀਏ। ਫਿਰ ਵੀ ਜਿਹੜਾ ਡੇਰੇਦਾਰ ਸਿੱਖ ਹੋ ਕੇ “ਸਿੱਖ ਰਹਿਤ ਮਰਯਾਦਾ” ਡੇਰੇ ਵਿੱਚ ਲਾਗੂ ਨਹੀਂ ਕਰਦਾ ਓਥੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਂਨ ਸਰੂਪ ਵਾਪਸ ਲੈ ਲਈਏ ਅਤੇ ਸੰਗਤਾਂ ਨੂੰ ਪ੍ਰੇਰੀਏ ਕਿ ਉਹ ਕਦੇ ਵੀ ਅਜਿਹੇ ਡੇਰਿਆਂ ਤੇ ਨਾਂ ਜਾਣ, ਨਾਂ ਅਖੰਡ ਪਾਠ ਕਰਾਉਣ, ਨਾਂ ਓਥੇ ਸੁੱਖਣਾ ਸੁੱਖਣ, ਨਾ ਹੀ ਧੰਨ ਦੌਲਤ ਦਾ ਚੜ੍ਹਾਵਾ ਚੜ੍ਹਾਉਣ, ਨਾਂ ਬੂਬਣੇ ਸਾਧਾਂ ਦੀ ਆਓ-ਭਗਤ ਕਰਨ ਅਤੇ ਨਾਂ ਹੀ ਓਨ੍ਹਾਂ ਨੂੰ ਮੱਥੇ ਟੇਕਣ, ਇਉਂ ਹੀ ਡੇਰੇ ਬੰਦ ਹੋਣਗੇ ਨਹੀਂ ਤਾਂ ਹੋਰ ਵਧਦੇ ਜਾਣਗੇ। ਅਖੰਡ ਪਾਠਾਂ ਦੀ ਥਾਂ ਪਾਠ ਬੋਧ ਦੀਆਂ ਲੜੀਆਂ ਚਲਾਈਏ। ਜਦ ਹਰੇਕ ਸਿੱਖ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਤੇ ਵਿਚਾਰਨ ਲੱਗ ਪਿਆ ਉਹ ਕਦੇ ਡੇਰਿਆਂ ਤੇ ਨਹੀਂ ਜਾਵੇਗਾ ਅਤੇ ਨਾਂ ਹੀ ਫਾਲਤੂ ਕਰਮਕਾਂਡ ਕਰੇਗਾ ਅਤੇ ਉਸ ਨੂੰ ਪਤਾ ਲੱਗ ਜਾਵੇਗਾ ਕਿ “ਗੁਰੂ ਗੋਬਿੰਦ ਸਿੰਘ ਜੀ” ਨੇ “ਖ਼ਾਲਸਾ ਪੰਥ” ਸਾਜਿਆ ਸੀ ਨਾ ਕਿ ਕੋਈ ਵੱਖ ਵੱਖ ਟਕਸਾਲਾਂ-ਸੰਪ੍ਰਦਾਵਾਂ ਅਤੇ ਡੇਰੇ ਚਲਾਏ ਸਨ।
.