.

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥

ਕੀ ਜੀਵਨ ਧਰਤੀ ਤੋਂ ਇਲਾਵਾ ਕਿਤੇ ਹੋਰ ਵੀ ਹੋ ਸਕਦਾ ਹੈ? ਜੇ ਹੈ ਤਾਂ ਕਿਹੋ ਜਿਹਾ ਹੋਵੇਗਾ? ਪੱਥਰ ਯੁੱਗ ਨਾਲ ਮਿਲਦਾ ਜਾਂ ਕੰਪਿਉਟਰ ਯੁਗ ਤੋਂ ਵੀ ਅਗਾਂਹ ਟੱਪਿਆ ਹੋਇਆ! ਉਸ ਜੀਵਨ ਦੇ ਕਿੰਨੇ ਹੱਥ ਹੋਣਗੇ? ਕਿੰਨੇ ਪੈਰ ਹੋਣਗੇ? ਸਿਰ ਕਿਹੋ ਜਿਹਾ? ਰੰਗ ਕਿਵੇਂ ਦਾ? ਬ੍ਰਹਿਮੰਡ ਵਿੱਚ ਇਹੋ ਜਿਹੀਆਂ ਕਿੰਨੀਆਂ ਧਰਤੀਆਂ ਹਨ ਜਿਥੇ ਜੀਵਨ ਪਨਪ ਰਿਹਾ ਹੈ?

ਪ੍ਰੋ: ਤਰਲੋਚਨ ਸਿੰਘ (ਗੁਨਹੀ ਭਰਿਆ)

ਲੈਕਚਰਾਰ, ਫਿਜਿਕਸ ਵਿਭਾਗ।

ਖਾਲਸਾ ਕਾਲਜ, ਪਟਿਆਲਾ।

+੯੧੯੮੮੮੧੬੯੨੨੬

ਧਰਤੀ ਅਤੇ ਅਕਾਸ ਦੇ ਰੋਏਂ ਰੋਏਂ ਵਿਚੋਂ ਜੀਵਨ ਫੁੱਟ ਰਿਹਾ ਹੈ। ਮਨਮੋਹਕ ਰੰਗ-ਬਰੰਗਾ ਇਹ ਜੀਵਨ ਨੱਚਦਾ-ਟੱਪਦਾ, ਖੁਸ਼ੀਆਂ ਬਿਖੇਰਦਾ, ਨਿੱਤ ਬਦਲਦਾ ਅਗਲੀਆਂ ਮੰਜ਼ਲਾਂ ਨੂੰ ਤਲਾਸ਼ਦਾ ਵਗਦਾ ਚਲਾ ਜਾ ਰਿਹਾ ਹੈ।

ਮਉਲੀ ਧਰਤੀ ਮਉਲਿਆ ਅਕਾਸੁ॥

ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥ (੧੧੯੩)

ਧਰਤੀ ਮਾਂ ਹੈ। ਇਸ ਦੀ ਕੁਖੋਂ ਜਨਮ ਲੈ ਕੇ ਇਹਦੀ ਗੋਦ ਵਿੱਚ ਪਲਦਾ ਹੈ ਇਹ ਜੀਵਨ। ਹਰ ਵਸਤੂ ਦਾ ਆਰੰਭ ਇਸੇ ਤੋਂ ਹੋਇਆ, ਮੇਰਾ, ਤੁਹਾਡਾ, ਸਜਣਾਂ-ਮਿੱਤਰਾਂ ਅਤੇ ਸਾਕ ਸਬੰਧੀਆਂ ਦਾ, ਬਨਸਪਤੀ, ਕੰਡੇ ਅਤੇ ਫੁੱਲਾਂ ਦਾ, ਪਸ਼ੂ ਪੰਛੀ ਅਤੇ ਕੀੜੇ ਮਕੌੜਿਆਂ ਦਾ। ਇਸ ਧਰਤੀ ਮਾਂ ਤੋਂ ਜਨਮ ਲੈਣ ਲਈ ਪਾਣੀ ਦੀਆਂ ਬੂੰਦਾਂ ਦੀ ਲੋੜ ਪੈਂਦੀ ਹੈ:

ਪਵਣੁ ਗੁਰੂ ਪਾਣੀ ਪਿਤਾ

ਮਾਤਾ ਧਰਤਿ ਮਹਤੁ॥ (੮)

ਪਾਣੀ ਦੀਆਂ ਬੂੰਦਾਂ ਧਰਤੀ ਉਤੇ ਡਿਗਦੇ ਹੀ ਕਈ ਸੁੰਦਰ ਮਨਮੋਹਿਕ ਨਜਾਰਿਆਂ ਨੂੰ ਜਨਮ ਦਿੰਦੀਆਂ ਹਨ।

ਕੀ ਅਜਿਹਾ ਜੀਵਨ ਧਰਤੀ ਤੋਂ ਇਲਾਵਾ ਕਿਤੇ ਹੋਰ ਵੀ ਹੋ ਸਕਦਾ ਹੈ? ਜੇ ਹੈ ਤਾਂ ਕਿਹੋ ਜਿਹਾ ਹੋਵੇਗਾ? ਪੱਥਰ ਯੁੱਗ ਨਾਲ ਮਿਲਦਾ ਜਾਂ ਕੰਪਿਉਟਰ ਯੁਗ ਤੋਂ ਵੀ ਅਗਾਂਹ ਟੱਪਿਆ ਹੋਇਆ। ਉਸ ਜੀਵਨ ਦੇ ਕਿੰਨੇ ਹੱਥ ਹੋਣਗੇ! ਕਿੰਨੇ ਪੈਰ ਹੋਣਗੇ! ਸਿਰ ਕਿਹੋ ਜਿਹਾ! ਰੰਗ ਕਿਵੇਂ ਦਾ! ਬ੍ਰਹਿਮੰਡ ਵਿੱਚ ਇਹੋ ਜਿਹੀਆਂ ਕਿੰਨੀਆਂ ਧਰਤੀਆਂ ਹਨ ਜਿਥੇ ਜੀਵਨ ਪਨਪ ਰਿਹਾ ਹੈ? ਇਤ ਆਦਿ। ਇਹੋ ਜਿਹੇ ਕਈ ਹੋਰ ਸਵਾਲਾਂ ਦੇ ਜਵਾਬ ਜੇ ਅੱਜ ਵਿਗਿਆਨ ਕੋਲ ਨਹੀ ਹਨ ਤਾਂ ਉਨ੍ਹਾਂ ਦੇ ਜਵਾਬ ਗੁਰਬਾਣੀ ਵਿਚੋਂ ਲਏ ਜਾ ਸਕਦੇ ਹਨ। ਆਓ ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਪਹਿਲਾਂ ਅਨੰਤਤਾ ਤਕ ਫੈਲੇ ਇਸ ਬ੍ਰਹਿਮੰਡ ਵਿਚੋਂ ਉਹ ਧਰਤੀਆਂ ਲੱਭੀਏ ਜਿਥੇ ਜੀਵਨ ਅੰਗੜਾਈਆਂ ਲੈ ਰਿਹਾ ਹੈ।

ਖੰਡ ਬ੍ਰਹਮੰਡ ਪਾਤਾਲ ਅਰੰਭੇ

ਗੁਪਤਹੁ ਪਰਗਟੀ ਆਇਦਾ (੧੦੩੬)

ਅਨਿਕ ਪੁਰੀਆ ਅਨਿਕ ਤਹ ਖੰਡ

ਅਨਿਕ ਰੂਪ ਰੰਗ ਬ੍ਰਹਮੰਡ (੧੨੩੬)

ਸਾਡਾ ਸੌਰ ਮੰਡਲ ਸੂਰਜ ਸਮੇਤ ਕੁੱਝ ਗ੍ਰਹਿਆਂ, ਉਪਗ੍ਰਹਿਆਂ, ਧੂਮਕੇਤੂਆਂ ਆਦਿ ਦਾ ਇਕੱਠ ਹੈ। ਕੁੱਝ ਗ੍ਰਹਿ ਸੂਰਜ ਦੇ ਕੋਲ ਹਨ ਅਤੇ ਕੁੱਝ ਦੂਰ, ਜਿਵੇਂ ਪਲੂਟੋ (ਯਮ ਗ੍ਰਹਿ) ਸੂਰਜ ਤੋਂ ਇਸ ਦਾ ਫਾਸਲਾ ਤਕਰੀਬਨ ੩, ੭੨, ੮੧, ੬੦, ੦੦੦ ਮੀਲ ਹੈ। ਜੇ ਅਸੀਂ ਇੱਕ ਬੇਹੱਦ ਤੇਜ ਜਹਾਜ਼ (ਜਿਸਦੀ ਰਫਤਾਰ ਅਵਾਜ਼ ਦੀ ਰਫਤਾਰ ਦੇ ਬਰਾਬਰ ਹੋਏ) ਤੇ ਸਵਾਰ ਹੋ ਕੇ ਪਲੂਟੋ ਦੀ ਸੈਰ ਕਰਨ ਦਾ ਪਲਾਨ ਬਣਾਈਏ ਤਾਂ ਵੀ ਉਸ ਨੂੰ ਪਲੂਟੋ ਤਕ ਜਾਣ ਆਉਣ ਲਈ ਤਕਰੀਬਨ ੧੧੫ ਸਾਲ ਲੱਗਣਗੇ। ਐਨੇ ਸਮੇਂ ਵਿੱਚ ਸਾਰੇ ਸਵਾਰ ਪਰਲੋਕ ਸਿਧਾਰ ਜਾਣਗੇ। ਇਸ ਲਈ ਮਨੁੱਖ ਇਸ ਸੌਰ ਮੰਡਲ ਤੋਂ ਬਾਹਰ ਨਿਕਲਣ ਬਾਰੇ ਸੋਚ ਵੀ ਨਹੀਂ ਸਕਦਾ। ਹਾਂ, ਮਨੁੱਖ ਆਪਣੇ ਆਸ ਪਾਸ ਦੇ ਕੁੱਝ ਗ੍ਰਹਿਆਂ ਅਤੇ ਉਪਗ੍ਰਹਿਆਂ ਦੀ ਛਾਣਬੀਣ ਜਰੂਰ ਕਰ ਸਕਦਾ ਹੈ ਤੇ ਉਹ ਕਰ ਵੀ ਰਿਹਾ ਹੈ। ਮਨੁੱਖ ਜੀਵਨ ਲੱਭਣ ਦੀ ਕੋਸ਼ਿਸ਼ ਕਰਦਾ ਹੈ ਉਸ ਸੌਰ ਮੰਡਲ ਵਿਚੋਂ, ਜਿਸ ਦੀ ਹੈਸੀਅਤ ਇਸ ਬ੍ਰਹਿਮੰਡ ਵਿੱਚ ਇੱਕ ਨਿੱਕੇ ਜਿਹੇ ਬਿੰਦੂ ਤੋਂ ਵੀ ਘੱਟ ਹੈ

ਅੰਤੁ ਨਾਹੀ ਕਿਛੁ ਪਾਰਾਵਾਰਾ॥

ਕੋਟਿ ਕੋਟਿ ਕੋਟਿ ਲਖ ਧਾਵੈ॥

ਇਕੁ ਤਿਲੁ ਤਾ ਕਾ ਮਹਲੁ ਨ ਪਾਵੈ॥ (੫੬੨)

ਜੇ ਕਿਸੇ ਹਨੇਰੀ ਰਾਤ ਵਿੱਚ ਤੁਸੀ ਅਸਮਾਨ ਨੂੰ ਨਿਹਾਰੋ ਤਾਂ ਜਿੰਨੇ ਟਿਮਟਿਮਾਂਉਦੇ ਤਾਰੇ ਆਪਣੀ ਅਕਾਸ ਗੰਗਾ ਵਿੱਚ ਵੇਖੋ ਉਹ ਤਕਰੀਬਨ ਸਾਰੇ ਦੇ ਸਾਰੇ ਹੀ ਸੂਰਜ ਹਨ। ਸੂਰਜ ਵਰਗੇ ਨਹੀਂ ਦਿਸਦੇ, ਕਿਉਂਕਿ ਉਹ ਸਾਡੇ ਤੋਂ ਬੇਹੱਦ ਦੂਰ ਹਨ। ਤੁਸੀਂ ਉਨ੍ਹਾਂ ਦੀ ਦੂਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਸੂਰਜ ਤੋਂ ਰੋਸ਼ਨੀ ਸਾਡੇ ਤਕ ਤਕਰੀਬਨ ੮ ਮਿੰਟਾਂ ਵਿੱਚ ਪਹੁੰਚਦੀ ਹੈ ਜਦੋਂ ਕਿ ਸਾਡੇ ਸਭ ਤੋਂ ਕਰੀਬੀ ਤਾਰੇ ਤੋਂ ਰੋਸ਼ਨੀ ਨੂੰ ਆਉਣ ਲਈ ੪. ੨ ਸਾਲ ਲੱਗ ਜਾਂਦੇ ਹਨ।

ਅੰਤ ਨ ਜਾਪੈ ਕੀਤਾ ਆਕਾਰੁ॥

ਅੰਤ ਨ ਜਾਪੈ ਪਾਰਾਵਾਰੁ॥ (੫)

ਜਿਵੇਂ ਸੂਰਜ ਕੋਲ ਗ੍ਰਹਿ ਅਤੇ ਉਪਗ੍ਰਹਿ ਹਨ ਉਵੇਂ ਹੀ ਸਾਡੀ ਅਕਾਸ਼ ਗੰਗਾ ਵਿੱਚ ਮੌਜੂਦ ਲੱਖਾਂ ਤਾਰਿਆਂ ਦੇ ਵੀ ਆਪਣੇ ਆਪਣੇ ਗ੍ਰਹਿ ਅਤੇ ਉਪਗ੍ਰਹਿ ਹੋਣਗੇ। ਹਾਂ ਕਿਸੇ ਕੋਲ ਘੱਟ ਜਾਂ ਵੱਧ ਹੋ ਸਕਦੇ ਹਨ। ਜੇ ਅਸੀਂ ਇਹ ਅੰਦਾਜ਼ਾ ਲਾ ਕੇ ਚਲੀਏ ਕਿ ਔਸਤਨ ਇੱਕ ਸੌਰ ਮੰਡਲ ਕੋਲ ਇੱਕ ਧਰਤੀ ਅਜਿਹੀ ਹੈ ਜਿਥੇ ਜੀਵਨ ਮੌਜੂਦ ਹੈ ਤਾਂ ਲੱਖਾਂ ਧਰਤੀਆਂ ਸਾਡੀ ਅਕਾਸ਼ ਗੰਗਾ ਵਿੱਚ ਹੋਣਗੀਆਂ ਜਿਥੇ ਜੀਵਨ ਹੋਏਗਾ। ਫਿਰ ਬ੍ਰਹਿਮੰਡ ਵਿੱਚ ਇੱਕ ਅਕਾਸ਼ ਗੰਗਾ ਤਾਂ ਹੈ ਨਹੀਂ, ਇਹ ਕਈ ਕਰੋੜਾਂ ਤੋਂ ਵੀ ਜਿਆਦਾ ਹਨ, ਤਾਂ ਅੰਦਾਜਾ ਲਾਓ ਕਿੰਨਾ ਵਿਸ਼ਾਲ ਹੋਏਗਾ ਇਹ ਜੀਵਨ। ਕੀ ਹੁਣ ਤੁਸੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਇਹ ਜੀਵਨ ਅਨੰਤ ਹੈ ਜਿਸ ਨੂੰ ਲਿਖਿਆ ਪੜ੍ਹਿਆ ਨਹੀਂ ਜਾ ਸਕਦਾ?

ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ॥

(੪੬੬-੩, ਆਸਾ, ਮਃ ੧)

There are beings and creatures in the water and on the land, in the worlds and universes, form upon form.

ਅਨਿਕ ਪੁਰੀਆ ਅਨਿਕ ਤਹ ਖੰਡ॥

Many solar systems, many galaxies.

ਅਨਿਕ ਰੂਪ ਰੰਗ ਬ੍ਰਹਮੰਡ॥

(੧੨੩੬-੭, ਸਾਰੰਗ, ਮਃ ੫)

Many forms, colors and celestial realms

ਜੀਵਨ ਦੀ ਪਰਿਭਾਸ਼ਾ ਨੂੰ ਵੀ ਸਮਝਣਾ ਜ਼ਰੂਰੀ ਹੈ। ਵਿਗਿਆਨ ਮੁਤਾਬਕ ਜੀਵਿਤ ਅਤੇ ਨਿਰਜੀਵ ਨੂੰ ਅੱਡ-ਅੱਡ ਕਰਨਾ ਜਾਂ ਉਨ੍ਹਾਂ ਵਿਚਕਾਰ ਇੱਕ ਲਾਈਨ ਖਿੱਚਣੀ ਸੰਭਵ ਨਹੀਂ ਕਿਉਂਕਿ ਜਿਹੜੀ ਵਸਤੂ ਹੁਣ ਸਾਨੂੰ ਨਿਰਜੀਵ ਦਿਸਦੀ ਹੈ ਉਹ ਕਲ੍ਹ ਨੂੰ ਜਿੰਦਾ ਵੀ ਹੋ ਸਕਦੀ ਹੈ। ਇਸ ਦਾ ਪਰਮਾਣ ਹੈ ਜੀਵ-ਵਿਗਿਆਨ ਦਾ ਵਾਇਰਸ। ਵਾਇਰਸ ਸੈੱਲ ਤੋਂ ਬਾਹਰ ਪ੍ਰੋਟੀਨਾਂ ਦਾ ਬਣਿਆ ਇੱਕ ਠੋਸ ਬੇਜਾਨ ਪਦਾਰਥ ਹੈ ਪਰ ਸੈੱਲ ਦੇ ਅੰਦਰ ਜਾ ਕੇ ਜਿੰਦਾ ਹੋ ਜਾਂਦਾ ਹੈ। ਤਾਂ ਵਾਇਰਸ ਨੂੰ ਕੀ ਕਹੋਗੇ ਜੀਵਿਤ ਜਾਂ ਨਿਰਜੀਵ! ਬੜਾ ਮੁਸ਼ਕਲ ਹੈ ਕਿਸੇ ਨਿਰਨੇ ਤੇ ਪਹੁੰਚਣਾ। ਹਾਂ, ਰਸਾਇਣ-ਵਿਗਿਆਨ ਦੇ ਮੁਤਾਬਕ ਜੀਵਨ ਦੀ ਪਰਿਭਾਸ਼ਾ ਹੋ ਸਕਦੀ ਹੈ, “ਜੀਵਨ ਉਹ ਹੈ ਜਿਹੜਾ ਆਪਣੇ ਆਲੇ ਦੁਆਲੇ ਨਾਲ ਸਾਂਝ ਪਾਏ, ਪਦਾਰਥ ਅਤੇ ਉਰਜਾ ਦਾ ਲੈਣ ਦੇਣ ਕਰੇ ਅਤੇ ਆਪਣੇ ਆਪ ਵਿੱਚ ਨਿੰਰਤਰ ਤਬਦੀਲੀ ਲਿਆਏ।”। ਧਰਤੀ ਉਤੇ ਜੀਵਨ ਬੜੇ ਗੁੰਝਲਦਾਰ ਅਣੂਆਂ ਦੀ ਬਦੌਲਤ ਖਿੜਿਆ ਅਤੇ ਇਹ ਸਾਰੇ ਗੁੰਝਲਦਾਰ ਅਣੂ ਕਾਰਬਨ ਤੱਤ ਉਤੇ ਆਧਾਰਿਤ ਹਨ। ਕਾਰਬਨ ਤੱਤਾਂ ਤੇ ਆਧਾਰਿਤ ਰਸਾਇਣ-ਵਿਗਿਆਨ ਨੂੰ ਆਰਗੈਨਿਕ-ਰਸਾਇਣ-ਵਿਗਿਆਨ ਕਰਕੇ ਜਾਣਿਆ ਜਾਂਦਾ ਹੈ। ਕਾਰਬਨ ਤੱਤਾਂ ਦਾ ਤਾਂ ਜੀਵਨ ਨਾਲ ਡੁੰਘਾ ਸੰਬੰਧ ਹੈ ਹੀ ਪਰ ਤਰਲਤਾ ਤੋਂ ਬਿਨਾ ਵੀ ਜੀਵਨ ਸੰਭਵ ਨਹੀੰ ਹੈ। ਤਰਲਤਾ ਤੋਂ ਭਾਵ ਹੈ ਪਾਣੀ। ਮਨੁੱਖੀ ਸਰੀਰ ਦਾ ਲਗਭਗ ੭੦% ਹਿੱਸਾ ਪਾਣੀ ਹੈ। ਧਰਤੀ ਦਾ ਅੱਧ ਤੋਂ ਵੀ ਜਿਆਦਾ ਭਾਗ ਪਾਣੀ ਜਾਂ ਬਰਫਾਂ ਨਾਲ ਢੱਕਿਆ ਹੋਇਆ ਹੈ। ਧਰਤੀ ਦੀ ਸਿਕੜ ਵਿੱਚ ਵੀ ਅੰਤਾਂ ਦਾ ਪਾਣੀ ਹੈ। ਇਸ ਲਈ ਜੇ ਜੀਵਨ ਲੱਭਣਾ ਹੈ ਤਾਂ ਪਾਣੀ ਜਾਂ ਤਰਲਤਾ ਲੱਭਣੀ ਪਵੇਗੀ।

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ (੪੭੨)

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥

ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥ (੧੯)

ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ॥ (੧੨੮੩)

ਵਿਗਿਆਨੀਆਂ ਦੀ ਰਾਏ ਇਹ ਹੈ ਕਿ ਜੇ ਸਾਡੇ ਆਪਣੇ ਸੌਰ ਮੰਡਲ ਵਿੱਚ ਕਿਤੇ ਵੀ ਕੋਈ ਜੀਵਨ ਦਾ ਅੰਸ਼ ਲੱਭਿਆ ਤਾਂ ਉਹ ਇਸ ਬ੍ਰਹਿਮੰਡ ਵਿੱਚ ਅਨੰਤ ਜੀਵਨ ਦੀ ਹੋਂਦ ਨੂੰ ਮੰਨ ਲੈਣਗੇ। ਲਗਦਾ ਹੈ ਕਿ ਮੰਗਲ ਗ੍ਰਹਿ ਉਨ੍ਹਾਂ ਦੀ ਇਸ ਰਾਏ ਨੂੰ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ। ਇਹ ਸੂਰਜ ਦਾ ਚੌਥਾ ਗ੍ਰਹਿ ਹੈ, ਆਪਣੇ ਦੋ ਚੰਨਾਂ ਦੀ ਸੰਗਤ ਵਿੱਚ ਸੂਰਜ ਦੁਆਲੇ ਇੱਕ ਚੱਕਰ ੨੪ ਘੰਟੇ ੩੭ ਮਿੰਟਾਂ ਵਿੱਚ ਪੂਰਾ ਕਰਦਾ ਹੈ।

ਇਸ ਦੇ ਪਹਾੜਾਂ ਵਿਚੋਂ ਇੱਕ ਪਹਾੜ ੨੪ ਕਿਲੋਮੀਟਰ ਉੱਚਾ ਅਤੇ ਥਲਿਓਂ ੫੦੦ ਕਿਲੋਮੀਟਰ ਚੌੜਾ ਹੈ। ਕਈ ਜਗ੍ਹਾ ਤੋਂ ਮੰਗਲ ਤੇ ਮਿੱਟੀ ਇਉਂ ਖੁਰੀ ਹੋਈ ਹੈ, ਕਿ ਜਿਵੇਂ ਇਥੇ ਅਰਬਾਂ ਸਾਲ ਪਹਿਲਾਂ ਵੱਡੀਆਂ ਨਦੀਆਂ, ਝੀਲਾਂ ਅਤੇ ਸਮੁੰਦਰ ਹੋਣ। ਇਸ ਦੇ ਵਾਯੂਮੰਡਲ ਵਿੱਚ ਕਾਰਬਨ ਡਾਇਅਕਸਾਈਡ, ਨਾਈਟਰੋਜਨ, ਆਰਗਨ ਅਤੇ ਥੋੜ੍ਹੀ ਮਾਤਰਾ ਵਿੱਚ ਆਕਸੀਜਨ ਅਤੇ ਜਲ-ਵਾਸ਼ਪਾਂ ਦੀ ਮੌਜੂਦਗੀ ਵੀ ਪਾਈ ਗਈ ਹੈ, ਵਾਯੂਮੰਡਲ ਸੰਘਣਾ ਨਹੀਂ ਹੈ। ਕਾਰਬਨ ਡਾਇਅਕਸਾਈਡ ਦਾ ਵਾਯੁਮੰਡਲ ਵਿੱਚ ਰੀਸਾਈਕਲਿਕ ਨਾ ਹੋਣ ਕਾਰਨ ਗਰੀਨ ਹਾਊਸ ਦਾ ਅਸਰ ਬਹੁਤ ਘੱਟ ਹੈ, ਨਤੀਜੇ ਵਜੋਂ ਸਰਦੀਆਂ ਦਾ ਤਾਪਮਾਨ ਬੇਹੱਦ ਘੱਟ (ਨਫੀ ੧੩੩ ਡਿਗਰੀ ਸੈਂਟੀਗਰੇਟ) ਹੈ, ਗਰਮੀਆਂ ਵਿੱਚ ਇਹ ੨੭ ਡਿਗਰੀ ਤਕ ਪਹੁੰਚ ਜਾਂਦਾ ਹੈ। ਇਸ ਦੇ ਦੋਵਾਂ ਧਰੁਵਾਂ ਉਤੇ ਪਾਣੀ ਅਤੇ ਕਾਰਬਨ ਡਾਇਅਕਸਾਈਡ ਦੀ ਜਮੀ ਹੋਈ ਬਰਫ ਹੈ। ਚੁੰਬਕੀ ਖੇਤਰ ਕਮਜ਼ੋਰ ਪੈ ਚੁੱਕਾ ਹੈ, ਆਸ ਕੀਤੀ ਜਾਂਦੀ ਹੈ ਕਿ ਸਦੀਆਂ ਪਹਿਲਾਂ ਇਹ ਧਰਤੀ ਉਤੇ ਮੌਜੂਦ ਚੁੰਬਕੀ ਖੇਤਰ ਵਰਗਾ ਹੀ ਹੋਵੇਗਾ। ਸਦੀਆਂ ਪਹਿਲਾਂ ਮੰਗਲ ਉਤੇ ਜੀਵਨ ਮੌਜੂਦ ਹੋਣ ਦਾ ਇਹ ਇੱਕ ਪ੍ਰਮਾਣ ਹੈ। ੬ ਅਗਸਤ ੧੯੯੬ ਨੂੰ ਮੰਗਲ ਤੋਂ ਆਈ ਉਲਕਾਪਿੰਡ ਦੇ ਅਧਿਐਨ ਤੋਂ ਬਾਅਦ ਡੈਵਿਡ ਮੈਕੇ ਨਾਂ ਦੇ ਵਿਗਿਆਨੀ ਨੇ ਇਹ ਘੋਸ਼ਣਾ ਕੀਤੀ ਕਿ ਸਦੀਆਂ ਪਹਿਲਾਂ ਇਸ ਗ੍ਰਹਿ ਤੇ ਮਾਈਕਰੋਔਰਗੈਨਿਜ਼ਮ ਦੀ ਸ਼ਕਲ ਵਿੱਚ ਜੀਵਨ ਮੌਜੂਦ ਸੀ। ਪਰ ਇਹ ਜੀਵਨ ਅਲੋਪ ਕਿਵੇਂ ਹੋਇਆ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪ ਸੰਸਾਰ ਵਾਸੀਆਂ ਨੂੰ ਇਸ ਅਨਮੋਲ ਖੋਜ ਬਾਰੇ ਜਾਣਕਾਰੀ ਦਿੱਤੀ। ਇਸ ਖੋਜ ਦੀ ਕਹਾਣੀ ਇਹ ਹੈ ਕਿ ਕੁੱਝ ਖਰਬ ਸਾਲ ਪਹਿਲਾਂ ਮੰਗਲ ਗ੍ਰਹਿ ਦੇ ਬਣਨ ਨਾਲ ਇੱਕ ਸਿਲ ਵੀ ਹੋਂਦ ਵਿੱਚ ਆਈ, ਫਿਰ ਇਹ ਮੰਗਲ ਗ੍ਰਹਿ ਨਾਲੋਂ ਟੁੱਟ ਗਈ। ਧਰਤੀ ਤਕ ਪਹੁੰਚਣ ਲਈ ਉਸ ਨੇ ਇਹ ਸਫਰ ੧੬੦ ਲੱਖ ਸਾਲਾਂ ਵਿੱਚ ਤੈ ਕੀਤਾ। ਅੱਜ ਤੋਂ ਤਕਰੀਬਨ ੧੩੦੦੦ ਸਾਲ ਪਹਿਲਾਂ ਇਸ ਨੇ ਧਰਤੀ ਨੂੰ ਛੁਹਿਆ।

(A group of scientists led by David McKay of NASA's Johnson Space Center has published an article in the August 16 issue of Science magazine announcing the discovery of evidence for primitive bacterial life on Mars.

How do we know the meteorite came from Mars? Meteorite ALH84001 is a softball-sized igneous rock weighing 1.9 kilograms (4.2 pounds)._____

The evidence for lifeThe indication of life hinges on three important pieces of evidence, all discovered within mineralized fractures in the meteorite in close proximity to each other. One is the discovery of abundant polycyclic aromatic hydrocarbons (PAHs) on the fracture surfaces. These are a family of complex organic molecules which are commonly found on dust grains and certain types of meteorites in outer space, presumably formed by non-biological chemical reactions From: Dr. David R. Williams, NSSDC, Mail Code 633 NASA Goddard Space Flight Center Greenbelt,)

ਇਸ ਉਲਕਾਪਿੰਡ ਦਾ ਨਾਮ ਏ. ਐਲ. ਐਚ ੮੪੦੦੧ ਰੱਖ ਕੇ ਅਮਰੀਕੀ ਵਿਗਿਆਨੀਆਂ ਨੇ ਇਸ ਦਾ ਅਧਿਐਨ ਕੀਤਾ ਅਤੇ ਦੁਨੀਆਂ ਨੂੰ ਇਸ ਵਿੱਚ ਮੌਜੂਦ ਸਦੀਆਂ ਪਹਿਲਾਂ ਦੇ ਜੀਵਨ ਬਾਰੇ ਜਾਣਕਾਰੀ ਮੁੱਹਈਆ ਕਰਵਾਈ। ਜਿਥੇ ਅਜੇ ਮੰਗਲ ਗ੍ਰਹਿ ਉਤੇ ਜੀਵਨ ਬਾਰੇ ਖੋਜਾਂ ਜਾਰੀ ਹਨ ਉਥੇ ਸ਼ਨੀ ਗ੍ਰਹਿ ਦਾ ਸਭ ਤੋਂ ਵੱਡਾ ਉਪਗ੍ਰਹਿ ਟਾਇਟਨ ਅਤੇ ਬ੍ਰਹਸਪਤੀ ਦੇ ਉਪਗ੍ਰਹਿ ਯੂਰਪਾ ਉਤੇ ਵੀ ਪਾਣੀ ਦੀ ਮੌਜੂਦਗੀ ਦੇ ਪ੍ਰਮਾਣ ਮਿਲੇ ਹਨ, ਸੋ, ਉਥੇ ਵੀ ਜੀਵਨ ਦੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਦੀ ਪੁਸ਼ਟੀ ਸਮਾਂ ਹੀ ਕਰੇਗਾ।

ਉਪਰ ਦਿੱਤੇ ਗਏ ਹਵਾਲਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਅਨੰਤ ਜੀਵਨ ਇਸ ਬ੍ਰਹਿਮੰਡ ਵਿੱਚ ਮੌਜੂਦ ਹੈ ਪਰ ਸਾਡੀ ਪਹੁੰਚ ਤੋਂ ਪਰੇ ਤਾਂ ਆਉ ਆਪਾਂ ਜਪੁਜੀ ਸਾਹਿਬ ਦੇ ਹੇਠ ਲਿਖੇ ਵਾਕਾਂ ਵਿੱਚ ਲੀਨ ਹੋ ਜਾਈਏ

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥

ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇੱਕ ਵਾਤ॥

ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ॥

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ ੨੨॥

(੫-੪, ਜਪੁ, ਮਃ ੧)




.