.

ਕਿਨੈ ਬੂਝਨਹਾਰੇ ਖਾਏ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮਨੁੱਖ ਦੇ ਮਨ ਅੰਦਰ ਪਹਿਲਾਂ ਖ਼ਿਆਲ ਆਉਂਦਾ, ਫਿਰ ਬਾਰ ਬਾਰ ਖਿਆਲ ਆਉਣ ਕਰਕੇ ਕਰਮ ਦਾ ਰੂਪ ਧਾਰਨ ਕਰ ਜਾਂਦਾ ਹੈ। ਕਰਮ ਕਰਦਿਆਂ ਕਰਦਿਆਂ ਮਨੁੱਖੀ ਸੁਭਾਅ ਦਾ ਅੰਗ ਬਣ ਜਾਂਦਾ ਹੈ। ਬਣੇ ਹੋਏ ਸੁਭਾਅ ਅਨੁਸਾਰ ਕੀਤੇ ਕਰਮ ਨੂੰ ਸੰਸਕਾਰ ਆਖਿਆ ਜਾਂਦਾ ਹੈ। ਮਨੁੱਖ ਦੀ ਬਹੁਤ ਦਫ਼ਾ ਸੋਚਣੀ ਪਸ਼ੂਆਂ ਦੇ ਤਲ ਤੋਂ ਵੀ ਨੀਵੀਂ ਚਲੀ ਜਾਂਦੀ ਹੈ। ਗੁਰੂ ਆਖਦਾ ਹੈ—ਤੇਰਾ ਢਾਂਚਾ ਤਾਂ ਬੰਦਿਆਂ ਵਰਗਾ ਹੈ ਪਰ ਤੇਰੀ ਕਰਤੂਤ ਪਸ਼ੂਆਂ ਤੋਂ ਵੀ ਬਦਤਰ ਹੈ:-----

ਕਰਤੂਤਿ ਪਸੂ ਕੀ ਮਾਨਸ ਜਾਤਿ॥

ਲੋਕ ਪਚਾਰਾ ਕਰੈ ਦਿਨੁ ਰਾਤਿ॥

ਗਉੜੀ ਸੁਖਮਨੀ ਮਹਲਾ ੫ –ਪੰਨਾ ੨੬੭—

ਬੰਦਾ ਬਣ ਕੇ ਵੀ ਨੀਵੇਂ ਤਲ `ਤੇ ਜਿਊਣ ਦਾ ਯਤਨ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਆਖਦੇ ਹਨ –ਬੰਦਿਆ ਦੇਖ! ਪਸ਼ੂਆਂ ਨੂੰ ਘਾਹ ਪਾਇਆ ਜਾਂਦਾ ਹੈ ਤੇ ਅੰਮ੍ਰਿਤ ਵਰਗਾ ਦੁੱਧ ਦੇਂਦੇ ਹਨ। ਜਿਸ ਬੰਦੇ ਵਿੱਚ ਮਨੁੱਖੀ ਯੋਗਤਾ ਨਹੀਂ ਉਸ ਨੂੰ ਫਿਟਕਾਰ ਪਾਈ ਹੈ। ਇਸ ਦਾ ਅਰਥ ਹੈ ਕਿ ਮਨੁੱਖ ਇਨਸਾਨੀਅਤ ਦੇ ਪੱਧਰ ਤੋਂ ਥੱਲੇ ਜੀਉ ਰਿਹਾ ਹੈ, ਫਿਰ ਤਾਂ ਇਹ ਮਨੁੱਖ ਗਿਆ ਗ਼ੁਜ਼ਿਆ ਲੱਗਦਾ ਹੈ, ਇਹ ਵਾਕ ਵਿਚਾਰਨ ਯੋਗ ਹੈ।

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥

ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰਹਿ॥

ਰਾਗ ਗੂਜਰੀ ਮਹਲਾ ੧ ਪੰਨਾ ੪੮੯ –

ਸਾਰੀ ਗੁਰਬਾਣੀ ਅੰਦਰ ਦੁਨੀਆਂ ਦੇ ਹਰ ਮਨੁੱਖ ਨੂੰ ਸਚਿਆਰ ਬਣਨ ਲਈ ਆਖਿਆ ਗਿਆ ਹੈ ਤੇ ਜੀਵਨ ਜਾਚ ਸਿੱਖਣ ਲਈ ਆਖਿਆ ਹੈ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਵਿਚਾਰ ਲਈ ਚੁਣਿਆ ਹੈ। ਇਸ ਸ਼ਬਦ ਵਿੱਚ ਗਿਆਨ ਦੀ ਸੋਝੀ ਦੁਆਰਾ ਆਪਣੇ ਆਪ ਨੂੰ ਸਮਝਣ ਲਈ ਆਖਿਆ ਹੈ। ਜੇਕਰ ਮਨੁੱਖ ਆਪਣੇ ਆਪ ਨੂੰ ਨਹੀਂ ਸਮਝਦਾ ਤਾਂ ਇਹ ਜ਼ਿਉਂਦੇ ਜੀਅ ਕਈ ਜੂਨਾਂ ਵਿੱਚ ਵਿਚਰ ਰਿਹਾ ਹੈ। ਆਮ ਮਨੁੱਖ ਨੂੰ ਇਹ ਤੌਖ਼ਲਾ ਬਣਿਆ ਰਹਿੰਦਾ ਹੈ ਕਿ ਮਰਨ ਤੋਂ ਬਆਦ ਕਿਸੇ ਮਾੜੀ ਜੂਨ ਵਿੱਚ ਨਾ ਪੈ ਜਾਵਾਂ। ਦਰ—ਅਸਲ ਮਨੁੱਖ ਏਹੀ ਸੋਚ ਨੂੰ ਅਪਨਾ ਕੇ ਚਲ ਰਿਹਾ ਹੈ – ਕਿਤੇ ਮੈਂ ਗਧਾ, ਹਾਥੀ, ਕਾਂ, ਬਲਦ ਤੇ ਝੋਟਾ ਹੀ ਨਾ ਬਣ ਜਾਵਾਂ। ਕਬੀਰ ਸਾਿਹਬ ਜੀ ਨੇ ਇਹ ਤੌਖਲਾ ਦੂਰ ਕਰਨ ਦਾ ਯਤਨ ਕੀਤਾ ਹੈ—ਐ ਬੰਦੇ! ਜੋ ਤੇਰੇ ਸੁਭਾਅ ਵਿੱਚ ਹੁਣ ਜੂਨਾਂ ਹਨ, ਤੂੰ ਉਹਨਾਂ ਨੂੰ ਸਮਝਣ ਦਾ ਯਤਨ ਕਰ। ਪੂਰਾ ਸ਼ਬਦ ਇਸ ਪ੍ਰਕਾਰ ਹੈ:-----

ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ॥

ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ॥ ੧॥

ਰਾਜਾ ਰਾਮ ਕਕਰੀ ਆਬਰੇ ਪਕਾਏ॥

ਕਿਨੈ ਬੂਝਨਹਾਰੈ ਖਾਏ॥ ੧॥ ਰਹਾਉ॥

ਬੈਠਿ ਸਿੰਘੁ ਘਰਿ ਪਾਨ ਲਗਾਵੈ ਘਸਿ ਗਲਉਰੇ ਲਿਆਵੈ॥

ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ॥ ੨॥

ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ॥

ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ॥ ੩॥

ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ॥

ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ॥ ੪॥

ਆਸਾ ਕਬੀਰ ਜੀ ਪੰਨਾ ੪੭੭—

ਸ਼ਬਦ ਦੀ ਵਿਚਾਰ ਰਹਾਉ ਦੀਆਂ ਤੁਕਾਂ ਤੋਂ ਅਰੰਭ ਕਰਦੇ ਹਾਂ---ਹੇ ਮੇਰੇ ਸੋਹਣੇ ਰਾਮ! ਅੱਕਾਂ ਦੀਆਂ ਖੱਖੜੀਆਂ ਹੁਣ ਪੱਕੇ ਹੋਏ ਅੰਬ ਬਣ ਗਏ ਹਨ, ਪਰ ਖਾਧੇ ਕਿਸੇ ਵਿਚਾਰ ਵਾਲੇ ਨੇ ਹੀ ਹਨ। ਜਿਵੇਂ ਅੱਕਾਂ ਦੀਆਂ ਖੱਖੜੀਆਂ ਵੇਖਣ ਨੂੰ ਅੰਬ ਲੱਗਦੀਆਂ ਜਾਂ ਜਾਪਦੀਆਂ ਹਨ। ਤਿਵੇਂ ਮਨ ਪਹਿਲੇ ਵਿਖਾਵੇ ਵਾਲੇ ਕਰਮ ਕਰਦਾ ਸੀ। ਹੁਣ ਸਿਰਜਣਹਾਰ ਦੀ ਮਿਹਰ ਨਾਲ, ਮਨ ਅੰਦਰ ਨਿੰਮ੍ਰਤਾ, ਮਿਠਾਸ ਤੇ ਅਸਲੀਅਤ ਆ ਗਈ ਹੈ। ਪਹਿਲਾਂ ਮੇਰਾ ਮਨ ਕਈ ਤਰ੍ਹਾਂ ਦੇ ਖ਼ਿਆਲਾਂ ਨਾਲ ਭਰਿਆ ਪਿਆ ਸੀ, ਹੁਣ ਗੁਰੂ ਦੀ ਕ੍ਰਿਪਾ ਨਾਲ ਵਧੀਆ ਬਣ ਗਿਆ ਹੈ। ਇਹਨਾਂ ਤੁਕਾਂ ਵਿੱਚ ਖੱਖੜੀਆਂ, ਅੰਬ, ਪੱਕਣਾ, ਬੁੱਝਣਾਂ ਤੇ ਖਾਣ ਦੇ ਪ੍ਰਤੀਕ ਆਏ ਹਨ। ਖੱਖੜੀ ਕਿਸੇ ਕੰਮ ਨਹੀਂ ਆਉਂਦੀ ਜਦ ਕੇ ਅੰਬ ਪੱਕ ਜਾਏ ਤਾਂ ਰਸਦਾਇਕ ਹੁੰਦਾ ਹੈ। ਚੂਪਣ ਵਿੱਚ ਸੁਆਦ ਆਉਂਦਾ ਹੈ। ਖੱਖੜੀ ਦਿਖਾਵੇ ਦਾ ਪ੍ਰਤੀਕ ਹੈ ਜਦੋਂ ਕਿ ਅੰਬ ਅਸਲੀ ਜੀਵਨ ਦੇ ਲ਼ਖਾਇਕ ਵਜੋਂ ਲੈਣਾ ਹੈ। ਅਸਲ ਵਿੱਚ ਮਨ ਸੁਭਾਉ ਕਰਕੇ ਦੋਹਰੇ ਕਰਮ ਵਿੱਚ ਜੀਉ ਰਿਹਾ ਹੈ ਫਿਰ ਇਸ ਮਨ ਦੀਆਂ ਦੋ ਜੂਨਾਂ ਹਨ, ਅੰਦਰੋਂ ਹੋਰ ਹੈ ਤੇ ਬਾਹਰੋਂ ਹੋਰ ਹੈ। ਜਿਤਨਾ ਚਿਰ ਸਮਝ ਨਹੀਂ ਆਉਂਦੀ, ਮਨੁੱਖ ਖੱਖੜੀਆਂ ਵਰਗਾ ਹੁੰਦਾ ਹੈ –- ਖੱਖੜੀ ਕਿਸੇ ਕੰਮ ਨਹੀਂ ਆਉਂਦੀ। ਜਦ ਸਮਝਣ ਦੀ ਗੱਲ ਆਉਂਦੀ ਹੈ, ਸਮਝਦਾਰੀ ਨੂੰ ਜ਼ਿੰਦਗੀ ਦਾ ਅੰਗ ਬਣਾਉਂਦਾ ਹੈ ਤਾਂ ਏਹੀ ਮਨ ਮਿਠਾਸ ਦੇ ਰਸ ਨਾਲ਼ ਭਰ ਜਾਂਦਾ ਹੈ। ਬਹੁਤ ਘੱਟ ਲੋਕ ਹਨ ਜੋ ਜ਼ਿੰਦਗੀ ਦੀ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਬਹੁਤ ਸਾਰੀ ਦੁਨੀਆਂ ਤਾਂ ਸਮਝ ਤੋਂ ਬਿਨਾਂ ਹੀ ਜ਼ਿੰਦਗੀ ਭੋਗ ਰਹੀ ਹੈ। ਇਸ ਸ਼ਬਦ ਦਾ ਭੇਦ ਬੁਝਨਹਾਰ ਵਿੱਚ ਲੁਕਿਆ ਪਿਆ ਹੈ। ਇੱਕ ਛੋਟੀ ਜੇਹੀ ਗਾਥਾ ਨੂੰ ਸਮਝਿਆਂ ਸੌਖੇ ਢੰਗ ਨਾਲ ਸਮਝ ਆ ਸਕਦੀ ਹੈ। ਇੱਕ ਆਦਮੀ ਹੀਰਿਆਂ ਦਾ ਵਪਾਰ ਕਰਦਾ ਸੀ ਪਰ ਅਚਾਨਕ ਉਸ ਦੀ ਮੌਤ ਹੋ ਗਈ। ਉਸ ਦੇ ਬੱਚੇ ਨੇ ਆਪਣੀ ਮਾਂ ਪਾਸੋਂ, ਬਾਪ ਦੇ ਰੱਖੇ ਹੋਏ ਹੀਰਿਆਂ ਦੀ ਮੰਗ ਕੀਤੀ, ਕਿ, “ਮਾਂ ਮੈਨੂੰ ਪਿਤਾ ਜੀ ਦੇ ਰੱਖੇ ਹੋਏ ਹੀਰੇ ਦੇ, ਮੈਂ ਆਪਣਾ ਕਾਰੋਬਾਰ ਆਪ ਕਰ ਲਵਾਂ”। ਮਾਂ ਨੇ ਆਪਣੇ ਬੱਚੇ ਦਾ ਕੰਮ ਚਲਾਉਣ ਲਈ, ਬਾਪ ਦੇ ਰੱਖੇ ਹੋਏ ਹੀਰੇ ਆਪਣੇ ਬੇਟੇ ਨੂੰ ਦੇ ਦਿੱਤੇ। ਬੇਟਾ ਹੀਰੇ ਲੈ ਕੇ ਆਪਣੇ ਚਾਚੇ ਦੀ ਦੁਕਾਨ `ਤੇ ਆ ਗਿਆ। ਚਾਚੇ ਨੇ ਹੀਰੇ ਦੇਖ ਕੇ ਕਿਹਾ, “ਬੇਟਾ! ਇਹ ਹੀਰੇ ਘਰ ਲੈ ਜਾ, ਫਿਰ ਕਦੇ ਲੋੜ ਪੈਣ `ਤੇ ਵੇਚ ਲਵਾਂਗੇ, ਉਂਜ ਵੀ ਅਜੇ ਮਾਰਕੀਟ ਵਿੱਚ ਰੇਟ ਸਹੀ ਨਹੀਂ ਹੈ। ਜਿਤਨਾ ਚਿਰ ਤੂੰ ਵਪਾਰ ਦੀਆਂ ਬਰੀਕੀਆਂ ਨਹੀਂ ਸਿਖ ਜਾਂਦਾ ਉਤਨਾ ਚਿਰ ਮੇਰੇ ਪਾਸ ਰਹਿ ਕੇ ਕੰਮ ਕਰ”। ਬੱਚਾ ਸਿਆਣਾ ਸੀ, ਮੰਨ ਗਿਆ, ਚਾਚੇ ਨੇ ਬੱਚੇ ਨੂੰ ਹੀਰੇ ਪਰਖਣ `ਤੇ ਲਗਾ ਦਿੱਤਾ। ਛੇ ਕੁ ਮਹੀਨਿਆਂ ਵਿੱਚ ਬੱਚਾ ਹੀਰਿਆਂ ਦੀ ਪਰਖ ਕਰਨੀ ਸਿੱਖ ਗਿਆ। ਇੱਕ ਦਿਨ ਆਪਣੇ ਚਾਚੇ ਨਾਲ ਗੱਲ ਕਰਨ ਲੱਗਾ ਤੇ ਕਹਿਣ ਲੱਗਿਆ, “ਚਾਚਾ ਜੀ, ਪਿਤਾ ਜੀ ਵਲੋਂ ਰੱਖੇ ਹੀਰੇ, ਜੋ ਮੈਂ ਆਪ ਜੀ ਪਾਸ ਹੀਰੇ ਲੈ ਕੇ ਆਇਆ ਸੀ, ਉਹ ਤਾਂ ਸਾਰੇ ਨਕਲੀ ਹੀਰੇ ਹਨ”। ਚਾਚਾ ਕਹਿਣ ਲੱਗਾ, ਬੇਟਾ! “ਤੂੰ ਠੀਕ ਆਖਦਾ ਏਂ”। ਬੱਚਾ ਤੇ ਉਸ ਦੀ ਮਾਂ ਕਹਿਣ ਲੱਗੀ, ਵੀਰੇ! “ਤੁਸਾਂ ਸਾਨੂੰ ਉਸ ਦਿਨ ਹੀ ਕਹਿ ਦੇਣਾ ਸੀ, ਕਿ ਇਹ ਹੀਰੇ ਨਕਲੀ ਹਨ ਜਿਸ ਦਿਨ ਇਹ ਬੱਚਾ ਤੁਹਾਡੀ ਦੁਕਾਨ `ਤੇ ਹੀਰੇ ਲੈ ਕੇ ਆਇਆ ਸੀ”। ਤਦ ਚਾਚੇ ਨੇ ਕਿਹਾ, ਬੇਟਾ! “ਤੈਨੂੰ ਤੇ ਤੇਰੀ ਮਾਤਾ ਜੀ ਨੂੰ ਹੀਰਿਆਂ ਦੀ ਪੂਰੀ ਪਹਿਛਾਣ ਨਹੀਂ ਸੀ, ਜੇ ਕਰ ਮੈਂ ਤੁਹਾਨੂੰ ਕਹਿ ਦੇਂਦਾ ਕਿ ਇਹ ਹੀਰੇ ਨਕਲੀ ਹਨ ਤਾਂ ਤੁਸਾਂ ਨੇ ਕਹਿਣਾ ਸੀ ਕਿ ਚਾਚੇ ਨੇ ਹੇਰਾ ਫੇਰੀ ਕੀਤੀ ਹੈ, ਕਿਉਂਕਿ ਸਾਡੇ ਹੀਰੇ ਤਾਂ ਅਸਲੀ ਸਨ। ਹੁਣ ਬੱਚੇ ਨੂੰ ਪਰਖ ਕਰਨੀ ਆ ਗਈ ਹੈ। ਇਹ ਹਰਿਆਂ ਨੂੰ ਬੁੱਝਣ ਤੇ ਸਮਝਣ ਲੱਗ ਪਿਆ ਹੈ, ਅਸਲੀ ਤੇ ਨਕਲੀ ਹੀਰਿਆਂ ਦੀ ਪਹਿਛਾਣ ਆ ਗਈ ਹੈ”। ਇੰਜ ਹੀ ਮਨੁੱਖ ਨਕਲੀ ਜੀਵਨ ਨੂੰ ਅਸਲੀ ਮੰਨ ਬੈਠਾ ਹੈ, ਜੋ ਇਸ ਦੇ ਸਚਿਆਰ ਬਣਨ ਵਿੱਚ ਰੁਕਾਵਟ ਆ ਗਈ ਹੈ। ਗੱਲ ਸਮਝਣ ਦੀ ਹੈ, ਖੱਖੜੀਆਂ ਆਰਭੰਕ ਜੀਵਨ ਹੈ ਤੇ ਪੱਕੇ ਹੋਏ ਰਸਦਾਇਕ ਅੰਬ ਜੀਵਨ ਦਾ ਸਿੱਖਰ ਹੈ। ਮਨੁੱਖ ਜੀਵਨ ਕਾਲ ਅੰਦਰ ਹੀ ਬਹੁਤ ਸਾਰੀਆਂ ਜੂਨਾਂ ਭੋਗ ਰਿਹਾ ਹੈ। ਕਈ ਸਟੇਜਾਂ `ਤੇ ਤਾਂ ਮਨੁੱਖਤਾ ਦੇ ਜਾਮੇ ਨਾਲੋਂ ਪਸ਼ੂ ਪੰਛੀ ਚੰਗੀ ਜ਼ਿੰਦਗੀ ਬਤੀਤ ਕਰਦੇ ਹਨ।

ਵਿਸਾਖੀ ਦਾ ਪੁਰਬ ਮਨਾਉਂਣ ਲਈ ੨੦੦੧ ਨੂੰ ਮੈਂ ਨਿਊਜ਼ੀਲੈਂਡ ਗਿਆ। ਏਅਰ ਪੋਰਟ `ਤੇ ਕੁੱਤਿਆਂ ਦੁਆਰਾ ਮਨੁੱਖਾਂ ਦਾ ਸਮਾਨ ਚੈੱਕ ਕੀਤਾ ਜਾ ਰਿਹਾ ਸੀ। ਪਤਾ ਲੱਗਿਆ ਇਹਨਾਂ ਦੇ ਰਹਿਣ—ਸਹਿਣ ਤੇ ਖਾਧ--ਖ਼ੁਰਾਕ ਬਹੁਤ ਹੀ ਉੱਚ—ਪਾਏ ਦੀ ਹੈ। ਮੇਰੇ ਮਨ ਵਿੱਚ ਆਇਆ ਕਿ ਲੁਧਿਆਣੇ ਵਰਗੇ ਸ਼ਹਿਰ ਤੇ ਭਾਰਤ ਦੇ ਹੋਰ ਰੇਲਵੇ ਸਟੇਸ਼ਨਾਂ `ਤੇ ਸੌਣ ਵਾਲਿਆਂ ਦੀ ਜ਼ਿੰਦਗੀ ਨਾਲੋਂ ਇਹਨਾਂ ਦੀ ਜ਼ਿੰਦਗੀ ਕਈ ਦਰਜੇ ਉੱਚੀ ਹੈ। ਰੱਬੀ ਨਿਯਮਾਵਲੀ ਵਿੱਚ ਬਣੀਆਂ ਜੂਨਾਂ ਪਰਮਾਤਮਾ ਦਾ ਖੇਲ ਹੈ। ਏਸੇ ਤਰ੍ਹਾਂ ਮਨੁੱਖ ਵੀ ਇੱਕ ਜੂਨ ਹੈ। ਜੇ ਕਰ ਇਸ ਜ਼ਿੰਦਗੀ ਨੂੰ ਜਿਉਣ ਦੀ ਸਮਝ ਆ ਗਈ ਤਾਂ ਰਸ ਭਰਪੂਰ ਜੀਵਨ ਬਣ ਸਕਦਾ ਹੈ, ਨਹੀਂ ਤਾਂ ਇਸ ਜੀਵਨ ਕਾਲ ਵਿੱਚ ਕਈ ਪ੍ਰਕਾਰ ਦੀਆਂ ਜੂਨਾਂ ਭੋਗ ਰਿਹਾ ਹੈ। “ਬੂਝਣਹਾਰੈ ਖਾਏ” ਦਾ ਅਰਥ ਹੈ ਜੀਵਨ ਜਾਚ ਆ ਜਾਣੀ। ਇਸ ਪਵਿੱਤਰ ਸ਼ਬਦ ਦੀਆਂ ਅਰੰਭਕ ਤੁਕਾਂ ਇਸ ਪ੍ਰਕਾਰ ਹਨ:----

ਫੀਲੁ ਰਬਾਬੀ ਬਲਦੁ ਪਖਾਵਜ, ਕਊਆ ਤਾਲ ਬਜਾਵੈ॥

ਪਹਿਰਿ ਚੋਲਨਾ ਗਦਹਾ ਨਾਚੈ, ਬੈਸਾ ਭਗਤਿ ਕਰਾਵੇ।

ਉਪਰੋਕਤ ਤੁਕਾਂ ਵਿੱਚ ਫੀਲ, ਬਲਦ, ਕਊਆ, ਗਦਹਾ, ਤੇ ਭੈਂਸਾ ਸ਼ਬਦ ਆਏ ਹਨ। ਤਕਨੀਕੀ ਪੱਖ ਇਹ ਹੈ ਕਿ ਜਿੰਨਾ ਚਿਰ ਕਿਸੇ ਚੀਜ਼ ਬਾਰੇ ਗਿਆਨ ਨਹੀਂ ਸੀ, ਉਹੀ ਕੰਮ ਮੁੜ ਮੁੜ ਕਰੀ ਜਾਂਦਾ ਸੀ। ਓਸੇ ਤਰ੍ਹਾਂ ਦਾ ਖ਼ਿਆਲ ਆਉਂਦਾ ਸੀ ਤੇ ਉਹ ਹੀ ਸਾਡਾ ਸੰਸਕਾਰ ਤਥਾ ਸੁਭਾਅ ਬਣਦਾ ਸੀ। ਹਾਥੀ ਦਾ ਸੁਭਾਅ ਸਪਰਸ਼ ਦੀ ਮੰਗ `ਤੇ ਖੜਾ ਹੈ। ਹਾਥੀ ਦੇ ਸਰੀਰ ਵਿੱਚ ਸਪਰਸ਼ ਦੀ ਭਾਵਨਾ ਪ੍ਰਬਲ ਹੈ, ਇਸ ਲਈ ਇਹ ਕਾਮੀ ਗਿਣਿਆ ਗਿਆ ਹੈ। ਕਾਮ ਦੀ ਪੂਰਤੀ ਲਈ ਇਸ ਦੇ ਰਾਹ ਵਿੱਚ ਆਈ ਹਰ ਰੁਕਾਵਟ ਨੂੰ ਇਹ ਚਕਨਾਚੂਰ ਕਰਦਾ ਚਲਾ ਜਾਂਦਾ ਹੈ ਤੇ ਤਬਾਹੀ ਮਚਾਈ ਜਾਦਾ ਹੈ। ਏਸੇ ਕੰਮਜ਼ੋਰੀ ਕਰਕੇ ਇਹ ਪਕੜਿਆ ਜਾਂਦਾ ਹੈ। ਮਨੁੱਖੀ ਸਮਾਜ ਵਿੱਚ ਬਲਾਤਕਾਰ ਤੇ ਜ਼ਬਰ-ਦਸਤੀ ਵਰਗੀਆਂ ਵਾਰਦਾਤਾਂ ਹਾਥੀ ਦੀ ਨਸਲ ਵਰਗੀ ਇਨਸਾਨ ਬਿਰਤੀ ਹੀ ਕਰਦੀ ਹੈ। ਜਦ ਇਸ ਬਿਰਤੀ `ਤੇ ਮਨੁੱਖ ਉੱਤਰ ਆਉਂਦਾ ਹੈ ਤਾਂ ਇਹ ਹਾਥੀ ਦੀ ਜੂਨ ਭੋਗ ਰਿਹਾ ਹੁੰਦਾ ਏ। ਕਬੀਰ ਜੀ ਦਾ ਕਹਿਣਾ ਹੈ – “ਬੂਝਣਹਾਰ ਖਾਏ”, ਸਮਝ ਆ ਗਈ। ਹੁਣ ਮੈਂ ਮਨੁੱਖੀ ਸੁਭਾਅ ਵਿੱਚ ਸਮਝ ਲੈ ਆਂਦੀ ਹੈ। ਪਹਿਲਾਂ ਮੈਂ ਮਨੁੱਖ ਹੁੰਦਾ ਹੋਇਆ ਹਾਥੀ ਵਾਲੀ ਜੂਨ ਭੋਗ ਰਿਹਾ ਸੀ। ਹੁਣ ਖੱਖੜੀ ਤੋਂ ਰਸਦਾਇਕ ਤੇ ਪੱਕਾ ਹੋਇਆ ਅੰਬ ਬਣ ਗਿਆ ਹਾਂ। ਹੁਣ ਪਰਮਾਤਮਾ ਦੀ ਸਿਫਤੋ ਸਲਾਹ ਦੀ ਰਬਾਬ ਵਜਾਉਣ ਲੱਗ ਪਿਆ ਹੈ। ਇੱਕ ਦੂਰੀ ਤਹਿ ਕਰ ਲਈ ਹੈ, ਤਬਦੀਲੀ ਲੈ ਆਂਦੀ ਹੈ। ਹਾਥੀ ਵਾਲੀ ਜੂਨ ਤੋਂ ਉੱਪਰ ਆ ਗਿਆ ਹਾਂ।

ਹੁਣ ਬਲਦ ਦੇ ਸੁਭਾਅ ਵਿੱਚ ਆਲਸ ਹੈ, ਮਨੁੱਖੀ ਸੁਭਾਅ ਆਲਸ ਨਾਲ ਭਰਪੂਰ ਹੈ। ਜਿੰਨ੍ਹਾ ਕੌਮਾਂ ਨੇ ਆਲਸ ਦਾ ਤਿਆਗ ਕੀਤਾ ਹੈ, ਉਹ ਕੌਮਾਂ ਬਹੁਤ ਅੱਗੇ ਵੱਧ ਗਈਆਂ ਹਨ। ਜਿੰਨ੍ਹਾਂ ਪਰਵਾਰਾਂ ਵਿੱਚ ਕੁੱਝ ਕਰਨ ਦੀ ਚਾਹ ਹੁੰਦੀ ਹੈ, ਉਹ ਮੰਜ਼ਿਲਾਂ ਤਹਿ ਕਰ ਜਾਂਦੇ ਹਨ। ਆਮ ਕਰਕੇ ਮਨੁੱਖ ਸਮੇਂ ਦਾ ਪਾਬੰਧ ਨਹੀਂ ਹੈ। ਜਪਾਨ ਜਾਂ ਅਮਰੀਕਾ ਵਰਗੇ ਮੁਲਕਾਂ ਦੀ ਤਰੱਕੀ ਦਾ ਰਾਜ਼ ਸਮੇਂ ਦੀ ਕਦਰ ਹੈ ਪਰ ਸਾਡਾ ਸੁਭਾਅ ਆਲਸ ਨਾਲ ਭਰਿਆ ਪਿਆ ਹੈ। ਵਿਦਿਆਰਥੀ ਜੀਵਨ ਹੀ ਲੈ ਲਈਏ, ਆਲਸ ਦਾ ਤਿਆਗ ਕਰਨ ਵਾਲੇ ਅਗਾਂਹ ਲੰਘ ਗਏ। ਆਲਸ ਦੇ ਮਾਰੇ ਕਈ ਕਈ ਸਾਲ ਇੱਕ ਇਕ ਜਮਾਤ ਵਿੱਚ ਹੀ ਗੇੜੇ ਕੱਢੀ ਜਾਂਦੇ ਹਨ। ਗੁਰਬਾਣੀ ਦੀ ਹਰ ਤੁਕ ਮਨੁੱਖੀ ਜਾਮੇ ਲਈ ਪ੍ਰੇਰਨਾ ਸਰੋਤ ਹੈ। ਕਬੀਰ ਸਾਹਿਬ ਜੀ ਆਖਦੇ ਹਨ – ਸਮਝ ਲੱਗ ਗਈ ਹੈ, ਬਲਦ ਵਰਗੀ ਜੂਨ ਛੱਡ ਦਿੱਤੀ ਹੈ। ਉਦਮ ਨੂੰ ਜ਼ਿੰਦਗੀ ਵਿੱਚ ਅਹਿਮ ਪਹਿਲੂ ਬਣ ਲਿਆ ਹੈ। ਹੁਣ ਸਾਨੂੰ ਦੋ ਜੂਨਾਂ ਦੀ ਸਮਝ ਆ ਗਈ ਤੇ ਜ਼ਿਉਂਦੇ ਜੀ ਇਹਨਾਂ ਜੂਨਾਂ ਦਾ ਤਿਆਗ ਕਰ ਦਿੱਤਾ ਹੈ। ਪਖਾਵਜ ਵਜਾੳਣ ਲੱਗ ਪਿਆ ਹੈ। ਸੰਗੀਤ ਨੂੰ ਤਾਲ ਦੇਣ ਲਈ ਪਖਾਵਜ ਦਾ ਹੋਣਾ ਜ਼ਰੂਰੀ ਹੈ। ਉਂਜ ਸਾਰਾ ਸੰਸਰ ਹੀ ਤਾਲ ਵਿੱਚ ਚੱਲ ਰਿਹਾ ਹੈ। ਬੇਤਾਲਾ ਹੋਣਾ ਕੁੱਝ ਵੀ ਚੰਗਾ ਨਹੀਂ ਲੱਗਦਾ। ਜੀਵਨ ਨੂੰ ਸੰਗੀਤ--ਬੱਧ ਕਰਨਾ ਹੈ। ਤਾਲ ਵਿੱਚ ਮਨੁੱਖੀ ਅਦਰਸ਼ ਹੈ।

ਹਾਥੀ, ਬਲਦ ਤੋਂ ਉਪਰੰਤ ਕਾਂ ਦੀ ਜੂਨ ਦਾ ਜ਼ਿਕਰ ਆਇਆ ਹੈ। ਕਾਂ ਵਿੱਚ ਤਿੰਨ ਗੱਲਾਂ ਪਰਤੱਖ ਹਨ। ਇੱਕ ਕਾਂ ਕਾਂ ਕਰਨੀ, ਜਿਸ ਤੋਂ ਕਾਵਾਂ ਰੋਲ਼ੀ ਬਣਿਆ ਹੈ। ਕਾਂ ਦੀ ਦੂਸਰੀ ਖ਼ਾਸੀਅਤ ਚਲਾਕੀ ਦੀ ਹੈ ਤੇ ਤੀਸਰੀ ਗੰਦਗੀ ਵਿੱਚ ਚੁੰਝ ਮਾਰਨ ਦੀ ਹੈ। ਜਦੋਂ ਮਨੁੱਖ ਕਿਸੇ ਦੀ ਗੱਲ ਨਾ ਸੁਣੇ, ਆਪਣੀਆਂ ਹੀ ਚਲਾਕੀਆਂ ਤੇ ਜਬਲ਼ੀਆਂ ਮਾਰੀ ਜਾਏ, ਨਿੰਦਿਆ ਵਰਗੀ ਗੰਦਗੀ ਵਿੱਚ ਮੂੰਹ ਮਾਰੀ ਜਾਏ ਤਾਂ ਇਹ ਕਾਂ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਸਮਝ ਲੈਣਾ ਚਾਹੀਦਾ ਹੈ। ਇੰਜ ਇਹ ਜ਼ਿਉਂਦਿਆਂ ਹੀ ਕਾਂ ਦੀ ਜੂਨੇ ਪਿਆ ਹੋਇਆ ਹੈ। ਦੇਖਣ ਨੂੰ ਮਨੁੱਖ ਲੱਗਦਾ ਹੈ ਪਰ ਜੂਨ ਕਾਂ ਦੀ ਭੋਗ ਰਿਹਾ ਹੈ। ਜੇ ਕਾਂ ਨੂੰ, ਚਲਾਕੀ ਨਾ ਕਰਨੀ ਦੀ ਤੇ ਗੰਦਗੀ ਨਾ ਖਾਣ ਦੀ ਸਮਝ ਆ ਜਾਏ ਤਾਂ ਇਸ ਦਾ ਜੀਵਨ ਰਸਦਾਇਕ ਬਣ ਸਕਦਾ ਹੈ। ਭਾਵ ਪੱਕਾ ਹੋਇਆ ਅੰਬ ਨਜ਼ਰ ਆ ਸਕਦਾ ਹੈ ਭਾਵ ਕਊਆ ਸੁਭਾਅ ਤਾਲ ਵਿੱਚ ਆ ਸਕਦਾ ਹੈ।

ਚੌਥੀ ਜੂਨ ਗਧੇ ਦੀ ਆਉਂਦੀ ਹੈ, ਆਮ ਕਹਾਵਤ ਹੈ ਕਿ ਇਹ ਗਧੇ ਵਾਂਗ ਲੱਦਿਆ ਆ ਰਿਹਾ ਹੈ। ਪਰਿਵਾਰਕ ਮੋਹ ਦੀਆਂ ਤੰਦਾਂ ਵਿੱਚ ਅਜੇਹਾ ਜਕੜਿਆ ਪਿਆ ਹੈ ਕਿ ਇਸ ਨੂੰ ਜੀਵਨ ਜਾਚ ਹੀ ਭੁੱਲ ਗਈ ਹੈ। ਗਧਾ ਰੂੜੀਆਂ `ਤੇ ਚੁੱਗਦਾ ਹੈ ਦੂਸਰਾ ਦੁਲੱਤੇ ਮਾਰਦਾ ਹੈ। ਇਸ ਲਈ ਇਹ ਭਾਰ ਹੇਠ ਦੱਬਿਆ ਹੋਇਆ ਹੀ ਠੀਕ ਰਹਿੰਦਾ ਹੈ। ਗਧੇ ਪਾਸ ਬਰੀਕ ਬਿਰਤੀ ਨਹੀਂ ਹੈ। ਸਕੂਲ ਦਾ ਕੰਮ ਨਾ ਕਰਨ ਵਾਲੇ ਵਿਦਿਆਰਥੀ ਨੂੰ, ਹਰ ਅਧਿਆਪਕ ਗਧਾ ਹੀ ਆਖਦਾ ਹੈ। ਕਬੀਰ ਸਾਹਿਬ ਜੀ ਆਖਦੇ ਹਨ – ਸਮਝ ਆਉਣ `ਤੇ ਇਸ ਜੂਨ ਦਾ ਵੀ ਤਿਆਗ ਕਰ ਦਿੱਤਾ ਹੈ। ਹੁਣ ਪਿਆਰ ਦਾ ਚੋਲ਼ਾ ਪਹਿਨ ਲਿਆ ਹੈ ਤੇ ਦੁਲੱਤੇ ਮਾਰਨੇ ਛੱਡ ਦਿੱਤੇ ਹਨ।

ਪੰਜਵੀਂ ਕਿਸਮ ਝੋਟੇ ਦੀ ਆਉਂਦੀ ਹੈ। ਝੋਟਾ ਅੱਖੜ ਸੁਭਾਅ ਦਾ ਹੈ, ਹਰ ਝੋਟੇ ਨਾਲ ਸਿੰਗ ਫਸਾਉਂਦਾ ਹੈ। ਫੋਕੀਆਂ ਬਹਿਸਾਂ ਕਰਨ ਵਾਲੇ ਨੂੰ ਝੋਟਾ ਹੀ ਆਖਿਆ ਗਿਆ ਹੈ। ਅਮੋੜ ਸੁਭਾਅ ਹੈ, ਮੋੜਿਆਂ ਵੀ ਨਹੀਂ ਮੁੜਦਾ। ਮਨੁੱਖੀ ਸਮਾਜ ਅਜੇਹੇ ਬੰਦਿਆਂ ਨਾਲ ਭਰਿਆ ਪਿਆ ਹੈ। ਬੁਰਿਆਈਆਂ ਕਰਨ ਤੋਂ ਮੁੜਦੇ ਨਹੀਂ ਹਨ। ਆਪਣੀ ਮਨ ਮਰਜ਼ੀ ਕਰਦੇ ਹਨ ਤੇ ਕਈ ਲੋਕ ਅਜੇਹੇ ਅਮੋੜ ਹਨ ਕਿ ਪ੍ਰਚਾਰ ਵੀ ਆਪਣੀ ਮਰਜ਼ੀ ਨਾਲ ਹੀ ਕਰਾਉਣਗੇ। ਕੁੱਝ ਲੋਕ ਸਿੱਖੀ ਵੀ ਆਪਣੀ ਮਰਜ਼ੀ ਅਨੁਸਾਰ ਹੀ ਚਲਾਉਣ ਦੇ ਯਤਨ ਵਿੱਚ ਹਨ ਤੇ ਸਿਧਾਂਤ ਦੀ ਗੱਲ ਕਦੇ ਵੀ ਮੰਨਣ ਲਈ ਤਿਆਰ ਨਹੀਂ ਹੁੰਦੇ। ਬਾਈਧਾਰ ਦੇ ਰਾਜਿਆਂ ਦੀ ਜੂਨ ਝੋਟਿਆਂ ਵਰਗੀ ਹੈ। ਬਾਰ ਬਾਰ ਅਨੰਦਪੁਰ ਦਾ ਅਨੰਦ ਖੋਹ ਰਹੇ ਹਨ। ਦੂਸਰਾ ਜਿਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਇੱਕ ਵਾਰੀ ਵੀ ਜਪੁ ਜੀ ਦੇ ਅਰਥ ਵਾਚੇ ਨਹੀਂ ਉਹ ਹੀ ਜਪੁ ਜੀ ਤੇ ਬਹਿਸ ਕਰ ਰਿਹਾ ਹੈ। ਕਬੀਰ ਸਾਹਿਬ ਜੀ ਆਖ ਰਹੇ ਹਨ ਕਿ ਹੁਣ ਮੈਂ ਬਹਿਸ ਵਾਲੀ ਬਿਰਤੀ ਦਾ ਤਿਆਗ ਕਰ ਦਿੱਤਾ ਹੈ ਸਗੋਂ ਗੱਲ ਸਮਝਣ ਲਈ ਤਿਆਰੀ ਕਰ ਲਈ ਹੈ। ਖੱਖੜੀਆਂ ਨੂੰ ਰਸਦਾਇਕ ਅੰਬ ਬਣਾ ਲਿਆ ਹੈ, ਬੁਝ ਲਿਆ ਹੈ। ਜ਼ਿਉਂਦਿਆਂ ਹੀ ਇਹ ਜੂਨ ਛੱਡ ਦਿੱਤੀ ਹੈ। “ਭਗਤਿ ਕਰਾਵੈ” ਦੀ ਅਵਸਥਾ ਬਣ ਗਈ ਹੈ।

ਸ਼ਬਦ ਦੇ ਦੂਸਰੇ ਬੰਦ ਵਿੱਚ ਫਿਰ ਚਾਰ ਜੂਨਾਂ ਦਾ ਜ਼ਿਕਰ ਕੀਤਾ ਗਿਆ ਹੈ। ਪਹਿਲੀ ਜੂਨ ਸ਼ੇਰ ਦੀ ਆਉਂਦੀ ਹੈ, ਫਿਰ ਚਕੂੰਦਰ, ਚੂਹੀ ਤੇ ਕੱਛੁਕੰਮੇ ਦੀਆ ਜੂਨਾਂ ਦਾ ਜ਼ਿਕਰ ਕੀਤਾ ਗਿਆ ਹੈ:----

ਬੈਠਿ ਸਿੰਘੁ ਘਰਿ ਪਾਨ ਲਗਾਵੈ, ਘੀਸ ਗਲਾਉਰੇ ਲਿਆਵੈ॥

ਘਰਿ ਘਰਿ ਮੁਸਰੀ ਮੰਗਲੁ ਗਾਵਹਿ, ਕਛੂਆ ਸੰਖੁ ਬਾਜਵੈ॥

ਸ਼ੇਰ ਦੇ ਅੰਦਰ ਦਇਆ ਨਹੀਂ ਹੈ, ਜ਼ਾਲਮ ਬਿਰਤੀ ਕੰਮ ਕਰਦੀ ਹੈ। ਸ਼ੇਰ ਪੰਜਾ ਮਾਰ ਕੇ ਭੱਜ ਰਹੇ ਜਨਵਰ ਦੀ ਧੋਣ ਪਕੜ ਕੇ ਥੱਲੇ ਸੁੱਟ ਲੈਂਦਾ ਹੈ ਤੇ ਉਸ ਨੂੰ ਜਾਨੋਂ ਮਾਰ ਦੇਂਦਾ ਹੈ ਕਿਉਂਕਿ ਸ਼ੇਰ ਦਾ ਸੁਭਾਅ ਨਿਰਦਈ ਗਿਣਿਆ ਗਿਆ ਹੈ। ਮਨੁੱਖੀ ਸਮਾਜ ਵਿੱਚ ਵੀ ਅਜੇਹੀ ਬਿਰਤੀ ਵਾਲੇ ਮਨੁੱਖ ਮਿਲ ਜਾਂਦੇ ਹਨ, ਜੋ ਮਾੜਿਆਂ ਤੇ ਜ਼ੁਲਮ ਕਰਦੇ ਹਨ। ਜੇ ਕੋਈ ਲੀਡਰ ਆਪਣੀ ਕੁਰਸੀ ਦੀ ਖ਼ਾਤਰ ਬੇ-ਗੁਨਾਹ ਲੋਕਾਂ ਦਾ ਖ਼ੂਨ ਰੋੜ੍ਹਦਾ ਹੈ ਤਾਂ ਉਹ ਸ਼ੇਰ ਦੇ ਰੂਪ ਵਿੱਚ ਵਿਚਰ ਰਿਹਾ ਹੁੰਦਾ ਹੈ। ਕਿਸੇ ਵੀ ਰੂਪ ਵਿੱਚ ਜ਼ੁਲਮ ਕਰਨ ਵਾਲੇ ਨੂੰ ਸ਼ੇਰ ਬਿਰਤੀ ਆਖਿਆ ਗਿਆ ਹੈ। ਜੇ ਸਮਝ ਆ ਜਾਏ, ਨਿਦਾਇਤਾ ਦਇਆ ਦੇ ਰੂਪ ਵਿੱਚ ਬਦਲ ਜਾਂਦੀ ਹੈ। ਇਹ ਜ਼ਾਲਮ ਬਿਰਤੀ ਕਈ ਰੂਪਾਂ ਵਿੱਚ ਕੰਮ ਕਰਦੀ ਹੈ। ਸਰਕਾਰੀ ਠੇਕੇਦਾਰ ਪੈਸੇ ਦੇ ਲਾਲਚ ਵੱਸ ਹੋ ਕੇ ਘਟੀਆ ਮਟੀਰੀਅਲ ਪੁੱਲ਼ਾਂ ਤੇ ਇਮਾਰਤਾਂ ਨੂੰ ਲਗਾਉਂਦੇ ਹਨ ਤੇ ਆਮ ਪੁੱਲ਼ ਇਮਾਰਤਾਂ ਡਿੱਗ ਕੇ ਮਨੁੱਖੀ ਜਾਨਾਂ ਗਵਾਉਂਦੇ ਹਨ। ਇਹ ਸਮੁੱਚੇ ਸਮਾਜ ਨਾਲ ਜ਼ੁਲਮ ਕਰ ਰਹੇ ਹਨ। ਆਪਣੀ ਅਸਲੀਅਤ ਤੋਂ ਪਰਦਾ ਉਤਾਰਨ `ਤੇ ਮਨੁੱਖ ਜ਼ੁਲਮ ਵਾਲੀ ਬਿਰਤੀ ਦਾ ਤਿਆਗ ਕਰ ਦੇਂਦਾ ਹੈ, ਤੇ ਸੇਵਾ ਭਾਵਨ ਵਿੱਚ ਆ ਜਾਂਦਾ ਹੈ।

ਘੀਸ ਛੋਟੀ ਜੇਹੀ ਚੂਹੀ ਹੁੰਦੀ ਹੈ, ਜਿਸ ਦਾ ਕੰਮ ਹੈ ਹਰ ਚੀਜ਼ ਨੂੰ ਟੁਕਣਾ। ਮਹਿੰਗੇ ਤੋਂ ਮਹਿੰਗਾ ਕਪੜਾ ਇਸ ਦੀ ਪਕੜ ਵਿੱਚ ਆ ਗਿਆ ਤਾਂ ਇਹ ਟੁੱਕ ਦੇਂਦੀ ਹੈ। ਇਹ ਕਿਉਂ ਅਜੇਹਾ ਕਰਦੀ ਹੈ ਕਿਉਂਕਿ ਇਸ ਨੂੰ ਗਿਆਨ ਨਹੀਂ ਹੈ। ਇਸ ਸੁਭਾਅ ਵਾਲਾ ਮਨੁੱਖ ਹਮੇਸ਼ਾਂ ਹੀ ਹਰ ਕਿਸੇ ਦੀ ਚੁਗਲ਼ੀ ਨਿੰਦਿਆ ਕਰਕੇ ਖੁਸ਼ ਹੁੰਦਾ ਹੈ। ਘੀਸ ਆਪਣੇ ਪੇਟ ਦੀ ਖ਼ਾਤਰ ਕੀਮਤੀ ਕੱਪੜਾ ਟੁੱਕ ਸਕਦੀ ਹੈ। ਤਾਂ ਕਿਰਦਾਰ ਤੋਂ ਗਿਰਿਆ ਮਨੁੱਖ ਵੀ ਆਪਣੇ ਸੁਆਰਥ ਦੀ ਖ਼ਾਤਰ ਕਿਸੇ ਦਾ ਨੁਕਸਾਨ ਕਰ ਸਕਦਾ ਹੈ। ਚੂਹੀਆਂ ਵੀ ਅਜੇਹੇ ਸੁਭਾਅ ਦੀਆਂ ਹੀ ਮਾਲਕ ਹਨ, ਕੱਛੂ ਕੰਮੇ ਦੇ ਸੁਭਾਅ ਦਾ ਵੀ ਖ਼ਤਮਾ ਹੋ ਗਿਆ ਹੈ। ਹੁਣ ਉਪਦੇਸ਼ਕ ਬਣ ਗਿਆ ਹੈ। ਸਰੀਰਕ ਬਣਤਰ ਤਾਂ ਇਨਸਾਨਾਂ ਦੀ ਹੈ ਪਰ ਕੰਮ ਮਨੁੱਖਾਂ ਵਰਗੇ ਨਹੀਂ ਹਨ। ਇਸ ਲਈ ਆਪਣੇ ਬਣਾਏ ਹੋਏ ਸੁਭਾਅ ਅਨੁਸਾਰ ਜੂਨਾਂ ਭੋਗ ਰਿਹਾ ਹੈ। ਆਪਣੇ ਸੁਭਾਅ ਦੀ ਸਮਝ ਆ ਜਾਏ ਤਾਂ ਨੀਵੇਂ ਪੱਧਰ ਦੇ ਸੁਭਾਅ ਤੋਂ ਛੁਟਕਾਰਾ ਮਿਲ ਸਕਦਾ ਹੈ। ਨਿਰਦਾਇਤਾ ਵਾਲਾ ਸੁਭਾਅ ਤਿਆਗ ਦਿੱਤਾ ਹੈ। “ਪਾਨ ਲਗਾਵੈ’, ਸੇਵਾ ਵਿੱਚ ਜੁੜ ਗਿਆ ਹੈ। ਗਿਆਨ ਇੰਦਰੀਆਂ ਨੇ ਭਟਕਣਾਂ ਛੱਡ ਕੇ, ਹੁਣ ਟਿਕਾ ਵਿੱਚ ਆ ਗਈਆਂ ਹਨ। ਪਹਿਲੇ ਮਨ ਸਤ ਸੰਗ ਤੋਂ ਦੂਰ ਭੱਜਦਾ ਸੀ, ਪਰ ਹੁਣ ਸੰਖ ਵਜਾਉਣ ਲੱਗ ਪਿਆ ਹੈ ਭਾਵ ਉਪਦੇਸ਼ਕ ਬਣ ਗਿਆ ਹੈ।

ਸ਼ਬਦ ਦੇ ਤੀਸਰ ਬੰਦ ਵਿੱਚ ਜੀਵਨ ਵਿੱਚ ਆਏ ਬਦਲਾਅ ਨੂੰ ਸਮਝਾਇਆ ਗਿਆ ਹੈ। ਜਿੰਨਾ ਚਿਰ ਵੱਖੋ ਵੱਖਰੇ ਸੁਭਾਆਂ ਅਧੀਨ ਸੀ ਓਹੋ ਜੇਹੀਆਂ ਹੀ ਜੂਨਾਂ ਭੋਗ ਰਿਹਾ ਸੀ। ਇਹਨਾਂ ਤੁਕਾਂ ਵਿੱਚ ਇੱਕ ਖਾਸ ਤਬਦੀਲੀ ਦਾ ਜ਼ਿਕਰ ਕੀਤਾ ਗਿਆ ਹੈ। ਖੱਖੜੀ ਅਰੰਭਕ ਜੀਵਨ ਹੈ ਜਦ ਕੇ ਪੱਕਿਆ ਹੋਇਆ ਅੰਬ ਜੀਵਨ ਦਾ ਸਿਖਰ ਹੈ। ਬੁੱਝਣਾ, ਸਮਝ ਆਉਣੀ ਹੈ। ਤੀਸਰੇ ਬੰਦ ਦੀਆਂ ਤੁਕਾਂ ਇਸ ਪਰਕਾਰ ਹਨ:----

ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ॥

ਰੂਪ ਕੰਨਿਆ ਸੁੰਦਰਿ ਬੇਧੀ, ਸਸੈ ਸਿੰਘ ਗੁਨ ਗਾਏ॥

ਹਾਥੀ, ਗਧਾ, ਕਾਂ, ਬਲਦ, ਝੋਟਾ, ਸ਼ੇਰ, ਚੂਹੀਆਂ ਤੇ ਕੱਛੂ ਕੰਮਾ—ਬਿਰਤੀਆਂ ਸਨ। ਹੁਣ ਇਹ ਜੂਨਾਂ ਤਿਆਗ ਦਿੱਤੀਆਂ ਹਨ। ਸੁਅਵੱਛ ਬਿਰਤੀ ਨਾਲ ਭਾਵ ਸ਼ੁਭ-ਮਤ ਨਾਲ ਵਿਆਹ ਕਰਨ ਲਈ ਤੁਰ ਪਿਆ ਹਾਂ। ਪਹਿਲਾਂ ਮੈਂ ਸਹਿਮ ਦੇ ਸਾਏ ਹੇਠ ਰਹਿ ਰਿਹਾ ਸੀ। ਹੁਣ “ਸੁਇਨੇ ਮੰਡਪ ਛਾਏ” ਖ਼ੁਸ਼ੀਆਂ ਖੇੜਿਆਂ ਵਾਲਾ ਜੀਵਨ ਹੋ ਗਿਆ ਹੈ। ਇਹ ਇੱਕ ਮੰਜ਼ਿਲ ਤਹਿ ਕਰ ਲਈ ਹੈ, ਜੀਵਨ ਵਿੱਚ ਮੁਕਤੀ ਹਾਸਲ ਕਰ ਲਈ ਹੈ। ਦਸਮ ਦੁਆਰ ਅੰਦਰ ਚਾਨਣ ਹੀ ਚਾਨਣ ਹੋ ਗਿਆ ਹੈ। ਸੁਅਵੱਛ ਬਿਰਤੀ ਨੂੰ ਵਿਆਹ ਲਿਆ ਹੈ। ਅੰਬ ਪੱਕ ਗਏ ਹਨ ਪਰ ਇਹ ਹੋਇਆ ਓਦੋਂ ਹੀ ਹੈ ਜਦੋਂ ਸਮਝ ਆ ਗਈ, ਸ਼ੰਕਾਵਾਂ ਖ਼ਤਮ ਹੋ ਗਈਆਂ ਹਨ। ਇਹ ਮਨ ਪਰਮਾਤਮਾ ਦੇ ਗੀਤ ਗਾਉਣ ਲੱਗ ਪਿਆ ਹੈ। ਇਸ ਬੰਦ ਵਿੱਚ ਜ਼ਿੰਦਗੀ ਦਾ ਸਿੱਖਰ ਦੱਸਿਆ ਗਿਆ ਹੈ।

ਸ਼ਬਦ ਦੇ ਆਖ਼ਰੀ ਬੰਦ ਵਿੱਚ ਕਬੀਰ ਜੀ ਨੇ ਆਪਣਾ ਜਾਤੀ ਤਜਰਬਾ ਸਾਰਿਆਂ ਨਾਲ ਸਾਂਝਾ ਕੀਤਾ ਹੈ। ਆਮ ਆਦਮੀ ਵੀ ਜੇ ਕਰ ਆਪਣੇ ਜੀਵਨ ਵਿੱਚ ਰੱਬੀ ਨਿਯਮਾਵਲੀ ਨੂੰ ਅਪਨਾ ਲਏ ਤਾਂ ਪਸ਼ੂਆਂ ਦੇ ਤਲ਼ ਤੋਂ ਉੱਪਰ ਉੱਠ ਸਕਦਾ ਹੈ – ਵਾਕ ਹੈ:----

ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ॥

ਕਛੂਆ ਕਹੈ ਅੰਗ਼ਾਰ ਭੀ ਲੋਰਉ, ਲੂਕੀ ਸਬਦੁ ਸੁਨਾਇਆ।

“ਸੁਨਹੁ ਰੇ ਸੰਤਹੁ” – ਦੁਨੀਆਂ ਵਾਲਿਓ ਸੁਣੋ! “ਕੀਟੀ ਪਰਬਤੁ ਖਾਇਆ” --- ਹੰਕਾਰ ਨੂੰ ਸਮਝ ਲਿਆ ਹੈ ਤੇ ਨਿੰਮ੍ਰਤਾ ਨੂੰ ਅਪਨਾ ਲਿਆ ਹੈ। ਕੱਛੂ ਹੁਣ ਨਿੱਘ, ਮਨੁੱਖੀ ਹਮਦਰਦੀ ਵਿੱਚ ਤਬਦੀਲ ਹੋ ਗਿਆ ਹੈ। ਲੂਕੀ ਹਨੇਰੇ ਵਿੱਚ ਡੰਗ ਮਾਰਦੀ ਹੈ ਤੇ ਹਨੇਰੇ ਨੂੰ ਪਸੰਦ ਕਰਦੀ ਹੈ। ਹਨੇਰਾ ਅਗਿਆਨਤਾ ਤੇ ਭਰਮਾਂ ਦਾ ਪ੍ਰਤੀਕ ਹੈ। ਕੀੜੀ ਪਰਬਤ ਨਹੀਂ ਖਾ ਸਕਦੀ, ਪਰਬਤ ਹੰਕਾਰ ਲਈ ਵਰਤਿਆ ਹੈ। ਜਦ ਕਿ ਕੀੜੀ ਨਿੰਮ੍ਰਤਾ ਲਈ ਆਈ ਹੈ। ਗੁਰੂ ਦੇ ਗਿਆਨ ਦੁਆਰਾ ਜਦੋਂ ਦੀ ਮੈਨੂੰ ਸਮਝ ਆ ਗਈ ਹੈ ਤਦੋਂ ਦੀਆਂ ਜੀਵਨ ਵਿੱਚ ਅਨੌਖੀਆਂ ਤਬਦੀਲੀਆਂ ਆ ਗਈਆਂ ਹਨ। “ਅੰਗਾਰ ਭਿ ਲੋਰਉ” ਨਿੱਘ ਮੰਗਦਾ ਤਥਾ ਸਤ ਸੰਗ ਮੰਗਦਾ ਹੈ। ‘ਲੂਕੀ’ --- ਅਗਿਆਨਤਾ ਦੂਰ ਹੋ ਗਈ ਹੈ। ਪਹਿਲੇ ਪਸ਼ੂਆਂ ਦੇ ਤਲ `ਤੇ ਜ਼ਿਉਂਦਾ ਸੀ, ਹੁਣ ਸਮਝ ਆਉਂਣ `ਤੇ ਇਨਸਾਨੀਅਤ ਵਲ ਨੂੰ ਪਰਤ ਆਇਆ ਹਾਂ।

ਆਮ ਮਨੁੱਖ ਨੂੰ ਏਹੀ ਦੱਸਿਆ ਗਿਆ ਹੈ ਕਿ ਮਰਨ ਉਪਰੰਤ ਤੂੰ ਭੈੜੀਆਂ ਜੂਨਾਂ ਵਿੱਚ ਜਾਣਾ ਹੈ। ਇਸ ਲਈ ਦਾਨ ਪੁੰਨ `ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਕਬੀਰ ਜੀ ਨੇ ਮਨੁੱਖੀ ਸਮਾਜ ਨੂੰ ਸੁਚੇਤ ਕਰਦਿਆਂ ਦੱਸਿਆ ਹੈ ਕਿ ਵੇਖਣ ਨੂੰ ਤੂੰ ਮਨੁੱਖ ਲੱਗਦਾ ਏਂ ਪਰ ਤੇਰਾ ਕਰਮ ਪਸ਼ੂਆਂ ਵਰਗਾ ਹੈ। ਇਸ ਲਈ ਜੋ ਤੇਰਾ ਸੁਭਾਅ ਬਣ ਗਿਆ ਹੈ, ਉਹੋ ਹੀ ਜੂਨ ਭੋਗ ਰਿਹਾਂ ਏਂ। ਧਰਮ ਦੀ ਦੁਨੀਆਂ ਅੰਦਰ ਵੀ ਮਨੁੱਖਤਾ ਨੂੰ ਲਾਰਿਆਂ ਵਿੱਚ ਹੀ ਰੱਖਿਆ ਗਿਆ ਹੈ। ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਚਿਆਰ ਬਣਨ ਦਾ ਅਦਰਸ਼ ਮਿੱਥਿਆ ਹੈ। ਸਾਰੀ ਮਨੁੱਖਤਾ ਨੂੰ ਆਖਿਆ ਹੈ – ਭਲੇ ਲੋਕ! ਸਚਿਆਰ ਬਣਨ ਦਾ ਯਤਨ ਕਰ। ਖੱਖੜੀਆਂ ਦਾ ਪੱਧਰ ਨੀਵਾਂ ਹੈ, ਜਦ ਕੇ ਅੰਬ ਦਾ ਪੱਧਰ ਉੱਚਾ ਮਿੱਥਿਆ ਗਿਆ ਹੈ। “ਬੂਝਣਹਾਰੈ ਖਾਏ” – ਨੂੰ “ਸੁਇਨੇ ਮੰਡਪ ਛਾਏ” ਵਿੱਚ ਰੱਖਿਆ ਹੈ। ਇਸ ਸ਼ਬਦ ਵਿੱਚ ਬਾਰ ਬਾਰ ਪ੍ਰੇਰਨਾ ਕੀਤੀ ਗਈ ਹੈ, ਐ ਬੰਦਿਆ ਜ਼ਿੰਦਗੀ ਦੀ ਅਸਲੀਅਤ ਨੂੰ ਸਮਝਣ ਦਾ ਯਤਨ ਕਰ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਇੱਲ ਦਾ ਬਿੰਬ ਲਿਆ ਹੈ, ਜੋ ਕਿ ਮਨੁੱਖੀ ਸੁਭਾਅ ਨਾਲ ਡੂੰਘਾ ਸਬੰਧ ਰੱਖਦੀ ਹੈ। ਰਾਗੁ ਗਉੜੀ ਵਿੱਚ ਬੜਾ ਪਿਆਰਾ ਸਲੋਕ ਲਿਆ ਹੈ।

ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ॥

ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ॥

ਪੰਨਾ ੩੨੨ ---

ਜਲ (ਸਮੁੰਦਰ) ਤੇ ਦਰਿਆਵਾਂ ਦੇ ਕੰਢੇ, ਪਰਬਤਾਂ ਦੀਆਂ ਖੂਬਸੂਰਤ ਚੋਟੀਆਂ ਤੇ ਜੰਗਲ਼ਾਂ ਦੀ ਮਨ ਨੂੰ ਭਾਉਣ ਵਾਲੀ ਹਰਿਆਵਲ਼ ਬੜਾ ਸੁਹਾਵਣਾ ਦ੍ਰਿਸ਼ ਰੱਖਦੇ ਹਨ ਪਰ ਇੱਲ ਦਾ ਇਹਨਾਂ ਕੁਦਰਤ ਦੀਆਂ ਸੋਹਣੀਆਂ ਚੀਜ਼ਾਂ ਨਾਲ ਕੋਈ ਵੀ ਸਰੋਕਾਰ ਨਹੀਂ ਹੁੰਦਾ। ਸਮੁੰਦਰ ਦੇ ਕਿਨਾਰੇ ਕਿੰਨੇ ਸੁੰਦਰ ਹੁੰਦੇ ਹਨ, ਪਹਾੜਾਂ ਦੀਆਂ ਟੀਸੀਆਂ ਸੋਹਣੀਆਂ ਹੁੰਦੀਆਂ ਹਨ, ਖੂਬਸੂਰਤ ਬਾਗਾਂ ਦੇ ਮੇਵੇ ਹਨ। ਇੱਲ ਇਹਨਾਂ ਸਾਰਿਆਂ ਕੁਦਰਤੀ ਨਜ਼ਾਰਿਆਂ ਨੂੰ ਨਹੀਂ ਪਸੰਦ ਕਰਦੀ ਉਂਝ ਉਹ ਚਾਰ ਚੁਫੇਰੇ, ਦਸੀਂ ਦਿਸ਼ੀਂ ਜਾ ਸਕਦੀ ਤੇ ਘੰਟਿਆਂ ਬੱਧੀ ਖੁਲ੍ਹੇ ਅਸਮਾਨ ਵਿੱਚ ਉੱਡ ਸਕਦੀ ਹੈ। ਪਰ ਕੰਮਜ਼ੋਰੀ ਦੇਖੋ, ਜਿੱਥੇ ਕਿਤੇ ਮਰਿਆ ਹੋਇਆ ਜਨਵਰ ਦੇਖੇਗੀ ਇੱਲ ਉੱਥੇ ਹੀ ਜਾ ਕੇ ਬੈਠੇਗੀ। ਇੱਲ ਦਾ ਭਾਵ ਮਨੁੱਖ ਲਿਆ ਹੈ, ਇੱਲ ਦੀ ਉਡਾਰੀ ਬਹੁਤ ਹੀ ਉੱਚੀ ਹੈ ਘੰਟਿਆ ਬੱਧੀ ਅਸਮਾਨ ਵਿੱਚ ਉੱਡਣ ਵਾਲੀ ਇੱਲ ਦੀ ਨਿਗ੍ਹਾ ਬਹੁਤ ਨੀਵੇਂ ਪੱਧਰ ਦੀ ਹੈ। ਚੰਗੀਆਂ ਵਸਤੂਆਂ ਵਲ ਇੱਲ ਦੇਖਦੀ ਨਹੀਂ ਏ ਪਰ ਮੁਰਦਾਰ ਵਲ ਇਸ ਦੀ ਨਿਗ੍ਹਾ ਝੱਟ ਚਲੀ ਜਾਂਦੀ ਹੇ। ਜਾਨੀ ਕਿ ਇਸ ਦੀ ਨਿਗ੍ਹਾ ਮੁਰਦਾਰ ਤੇ ਹੀ ਟਿੱਕੀ ਹੋਈ ਹੈ। ਏਹੀ ਹਾਲ ਖ਼ੁਦਾ ਦੇ ਯੋਧੇ ਪੁੱਤਰ, ਮਨੁੱਖ ਦਾ ਹੈ। ਗੱਲਾਂ ਬਹੁਤ ਧਰਮ--ਕਰਮ ਤੇ ਉੱਚ ਪਾਏ ਦੀਆਂ ਕਰਦਾ ਹੈ। ਪਰ ਸੋਚ ਬਹੁਤ ਹੀ ਨੀਵੀਂ ਰੱਖਦਾ ਹੈ। ਅਜੇਹੀ ਸੋਚ ਵਾਲੇ ਨੂੰ ਇਲ ਆਖਿਆ ਹੈ ਗੱਲ ਕੀ ਐਸਾ ਮਨੁੱਖ ਇੱਲ ਦੀ ਜੂਨ ਭੋਗ ਰਿਹਾ ਹੈ। ਗੁਰਬਾਣੀ ਨੇ ਗੱਲ ਸੰਸਰ ਦੇ ਮਨੁੱਖਾਂ ਦੀ ਕੀਤੀ ਹੈ ਪਰ ਬਿੰਬ ਇਲ ਦਾ ਲਿਆ ਹੈ। ਅਸੀਂ ਵੀ ਇੱਕ ਇੱਲ ਤੋਂ ਉੱਪਰ ਨਹੀਂ ਹਾਂ। ਗੁਰਬਾਣੀ ਦੀ ਸੋਚ ਦੁਆਰਾ ਜੀਵਨ ਬਦਲਿਆ ਜਾ ਸਕਦਾ ਹੈ। ਪਸ਼ੁ ਤਲ਼ ਤੋਂ ਉੱਪਰ ਉੱਠ ਕੇ ਅਸੀ ਇਨਸਾਨੀਅਤ ਵਾਲੀ ਜ਼ਿੰਦਗੀ ਜੀਉ ਸਕਦੇ ਹਾਂ।
.