.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 25)

ਭਾਈ ਸੁਖਵਿੰਦਰ ਸਿੰਘ 'ਸਭਰਾ'

ਕਾਰ ਸੇਵਾ ਵਾਲੇ ਬਾਬੇ

ਕੋਈ ਸਮਾਂ ਸੀ ਜਦੋਂ ਕਾਰ ਸੇਵਾ, ਨਿਸ਼ਕਾਮ ਸੇਵਾ ਹੁੰਦੀ ਸੀ। ਹੁਣ ਬੜੀ ਯੋਜਨਾਬੱਧ ਕਾਰਵਾਈ ਬਣ ਗਈ ਹੈ। ਜੋ ਕਿ ਬਾਬੇ ਕਰ ਰਹੇ ਹਨ। ਬਾਬੇ ਇਸ ਵਪਾਰ ਸੇਵਾ ਵਿਚ ਪੂਰੇ ਸਮੇਂ ਦੇ ਵਪਾਰੀ ਹਨ। ਇਸ ਲਈ ਉਹਨਾਂ ਲਈ ਕੰਮ ਲੱਭਣਾ ਹੀ ਪੈਂਦਾ ਹੈ—ਭਾਵੇਂ ਪੁਰਾਣੇ ਗੁਰਦੁਆਰਿਆਂ ਨੂੰ ਢਾਹ ਕੇ ਉਹਨਾਂ ਦੀ ਥਾਂ ਨਵੇਂ ਗੁਰਦੁਆਰੇ ਹੀ ਕਿਉਂ ਨਾ ਉਸਾਰਨੇ ਪੈਣ। ਇਹਨਾਂ ਕਾਰ ਸੇਵਾ ਵਾਲਿਆਂ ਬਾਰੇ ਪੁਸਤਕ ਦੇ ਪਹਿਲੇ ਭਾਗ ਵਿਚ ਵੀ ਕਾਫ਼ੀ ਕੁਝ ਲਿਖ ਆਇਆ ਹਾਂ ਪਰ ਅੱਗੇ ਵੀ ਲੋੜ ਮੁਤਾਬਕ ਲਿਖਦਾ ਰਹਾਂਗਾ। ਅਖ਼ਬਾਰਾਂ ਵਿਚ ਕਾਫ਼ੀ ਪੈਸਾ (ਲੋਕਾਂ ਦਾ) ਖਰਚ ਕੇ ਇਹ ਬਰਸੀਆਂ ਦੇ ਵੱਡੇ ਵੱਡੇ ਇਸ਼ਤਿਹਾਰ ਵੀ ਕਢਾਉਂਦੇ ਹਨ। ਇਕ ਦੂਜੇ ਤੋਂ ਵੱਡੇ ਬਣਨ ਦੀ ਵਕਾਲਤ ਵੀ ਕਰਦੇ ਰਹਿੰਦੇ ਹਨ। ਇਸ਼ਤਿਹਾਰ ਇਸ ਤਰ੍ਹਾਂ ਹੁੰਦੇ ਹਨ ‘ਸਿੱਖ ਸੰਗਤਾਂ ਨੂੰ ਬੜੇ ਦੁੱਖ ਲਾਲ ਸੂਚਿਤ ਕੀਤਾ ਜਾਂਦਾ ਹੈ ਕਿ ਕਾਰ ਸੇਵਾ ਸੰਪਰਦਾ ਵਾਲੇ ਬਾਬਾ::: ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਉਹਨਾਂ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਦੇ ਭੋਗ::: ਨੂੰ ਪੈਣਗੇ::: ।

ਕੀ ਕਾਰ ਸੇਵਕ ਵੀ ਇਕ ਸੰਪਰਦਾ ਬਣ ਗਏ ਹਨ, ਕਾਰ ਸੇਵਾ ਦਾ ਸਿਧਾਂਤ ਗੁਰੂਆਂ ਨੇ ਸ਼ੁਰੂ ਕੀਤਾ ਸੀ ਕਿ ਹਰ ਸਿੱਖ, ਧਰਮ ਅਸਥਾਨਾਂ ਦੀ ਹੱਥੀਂ ਸੇਵਾ ਕਰ ਸਕੇ। ਪਰ ਵਪਾਰੀ ਤਬੀਅਤ ਵਾਲੇ ਬਾਬਿਆਂ ਨੇ ‘ਕਾਰ ਸੇਵਾ’ ਦਾ ਪੈਸੇ ਜਾਂ ਮੁਨਾਫ਼ੇ ਵਾਲਾ ਭਾਗ ਆਪਣੇ ਲਈ ਰਾਖਵਾਂ ਕਰ ਲਿਆ ਹੈ। ਇਹ ਠੇਕੇਦਾਰ ਬਣ ਗਏ ਹਨ। ਮਜ਼ਦੂਰੀ ਸੰਗਤ ਕੋਲੋਂ ਮੁਫ਼ਤ ਕਰਵਾ ਲੈਂਦੇ ਹਨ ਅਤੇ ਇਸ ਨੂੰ ਗੁਰੂ ਦੀ ਸੇਵਾ ਦਾ ਨਾਮ ਦੇ ਦੇਂਦੇ ਹਨ। ਪਰ ਕਾਰ ਸੇਵਾ ਵਾਲੇ ਬਾਬਿਆਂ ਦਾ ਇਕ ਵੱਖਰਾ ਜਥਾ ਕਿਵੇਂ ਬਣ ਗਿਆ? ਇਹ ਪਰੰਪਰਾ ਤਾਂ ਕੇਵਲ ਸੰਗਤ ਦਾ ਹਿੱਸਾ ਪਵਾਉਣ ਵਾਸਤੇ ਸੀ, ਜੋ ਇਹ ਕਰ ਰਹੇ ਹਨ। ਇਸ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਸੀ। ਫਿਰ ਇਹ ਬਾਬੇ ਆਪਣੇ ਆਪ ਨੂੰ ਸੰਪਰਦਾ ਕਿਵੇਂ ਕਹਿ ਸਕਦੇ ਹਨ, ਕੀ ਇਹਨਾਂ ਦਾ ਕੋਈ ਵੱਖਰਾ ਗੁਰੂ ਹੈ? ਇਹ ਤਾਂ ਕਾਰ ਸੇਵਾ ਵਾਲੇ ਕਈ ਅਵਤਾਰਵਾਦੀ ਕਹਾਉਂਦੇ ਹਨ। ਬਾਬਾ ਗੁਰਮੁਖ ਸਿੰਘ ਨੂੰ ਗੁਰੂ ਨਾਨਕ ਜੀ ਦਾ ਅਵਤਾਰ ਦੱਸੀ ਜਾਂਦੇ ਹਨ। ਬਾਬਾ ਤਾਰਾ ਸਿੰਘ ਨੂੰ ਪੰਜਵੇਂ ਪਾਤਸ਼ਾਹ ਦਾ ਅਵਤਾਰ ਦੱਸੀ ਜਾਂਦੇ ਹਨ। ਬਾਬਾ ਦਇਆ ਨੰਦ ਸੁਰ ਸਿੰਘ ਵਾਲੇ ਨੂੰ ਛੇਵੇਂ ਪਾਤਸ਼ਾਹ ਦਾ ਅਵਤਾਰ ਅਤੇ ਕਦੇ ਬਿਧੀ ਚੰਦ ਦੀ ਅੰਸ਼ ਬੰਸ਼ ਵੀ ਦੱਸਦੇ ਹਨ। ਕੋਈ ਕਿਸੇ ਦਾ ਅਵਤਾਰ ਕੋਈ ਕਿਸੇ ਦਾ, ਇਹਨਾਂ ਕਾਰ ਸੇਵਾ ਵਾਲਿਆਂ ਦੇ ਘਰ ਜਿਹੜੇ ਨਿਆਣੇ ਜੰਮਦੇ ਹੀ ਕੋਈ ਬੀਬੀ ਭਾਨੀ ਦੀ ਅਵਤਾਰਨੀ, ਕੋਈ ਸ੍ਰੀ ਚੰਦ ਦਾ ਅਵਤਾਰ, ਕੋਈ ਪ੍ਰਿਥੀ ਚੰਦ ਦਾ ਅਵਤਾਰ, ਸਭ ਅਵਤਾਰ ਹੀ ਇਹਨਾਂ ਦੇ ਘਰੀਂ ਜੰਮਦੇ ਹਨ, ਹੋਰ ਕੋਈ ਆਮ ਜਵਾਕ ਇਹਨਾਂ ਦੇ ਘਰੀਂ ਜੰਮਿਆ ਹੀ ਕਦੇ ਨਹੀਂ।

ਗੁਰੂ ਪਰਮਾਤਮਾ ਦੀ ਸਿਫ਼ਤ ਸਲਾਹ ਨਾਲੋਂ ਇਹ ਆਪਣੇ ਆਪ ਦੀ ਸਿਫ਼ਤ ਸੁਣ ਕੇ ਬੜੇ ਖੁਸ਼ ਹੁੰਦੇ ਹਨ। ਗੁਰੂ ਦੀ ਹਜ਼ੂਰੀ ਵਿਚ ਹੀ ਮੱਥੇ ਟਿਕਾਈ ਜਾਂਦੇ ਹਨ। ਇਕ ਦੂਜੇ ਦੇ ਕੱਟੜ ਵਿਰੋਧੀ ਹੁੰਦੇ ਹੋਏ ਵੀ ਸਟੇਜਾਂ ਉੱਤੇ ਇਕ ਦੂਜੇ ਦੀਆਂ ਹੱਦੋਂ ਵੱਧ ਸਿਫ਼ਤਾਂ ਕਰਦੇ ਹਨ। ਮੂੰਹ ਰੱਖਣੀਆਂ ਗੱਲਾਂ ਕਰਨ ਵਿਚ ਇਹ ਬੜੇ ਮਾਹਰ ਹਨ। ਇਹਨਾਂ ਦੀਆਂ ਆਪਸ ਵਿਚ ਕਿਰਪਾਨਾਂ ਅਤੇ ਗੋਲੀਆਂ ਵੀ ਚਲਦੀਆਂ ਹਨ। ਸਰਕਾਰੀ ਰਾਜਨੀਤਕਾਂ ਨਾਲ ਵੀ ਇਹਨਾਂ ਦੀਆਂ ਸਾਂਝਾਂ ਹਨ। ਕੁਝ ਸਮਾਂ ਪਹਿਲਾਂ ਗੁਰਦੁਆਰਾ ਬੰਦੀ ਛੋੜ ਗਵਾਲੀਅਰ ਵਿਖੇ ਦੋ ਬਾਬਿਆਂ ਵਿਚਕਾਰ ਲੜਾਈ ਰੋਕਣ ਲਈ ਪੁਲੀਸ ਨੂੰ ਦਖ਼ਲ ਦੇਣਾ ਪਿਆ। ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੀ ਕਾਰ ਸੇਵਾ ਲਈ 40 ਲੱਖ ਰੁਪਏ ਦੀ ਪ੍ਰਵਾਨਗੀ ਦੇਣ ਦਾ ਬੜਾ ਵਿਵਾਦਪੂਰਨ ਫੈਸਲਾ ਲਿਆ। ਜਦੋਂ ਜਥੇਦਾਰ ਟੌਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਤਾਂ ਨਾਢਾ ਸਾਹਿਬ ਗੁਰਦੁਆਰਾ (ਚੰਡੀਗੜ੍ਹ ਨੇੜੇ) ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਨੂੰ ਮਿਲੀ ਹੋਈ ਸੀ। ਬੀਬੀ ਜਗੀਰ ਕੌਰ ਦੇ ਪ੍ਰਧਾਨ ਬਣਨ ਮਗਰੋਂ ਬਾਬਾ ਹਰਬੰਸ ਸਿੰਘ ਨੂੰ ਬਾਹਰ ਕੱਢ ਸੁੱਟਿਆ ਗਿਆ। ਬੀਬੀ ਜਗੀਰ ਕੌਰ ਪ੍ਰਧਾਨਗੀ ਤੋਂ ਹਟ ਗਈ ਤਾਂ ਬਾਬਾ ਹਰਬੰਸ ਸਿੰਘ ਫਿਰ ਆਪਣੇ ਕੰਮ `ਤੇ ਬਹਾਲ ਹੋ ਗਏ।

ਇਹ ਬਾਬੇ ਹਰ ਇਕ ਨੂੰ ਆਪਣੇ ਮਗਰ ਲਾਉਣ ਵਾਸਤੇ ਐਸੀਆਂ ਕਹਾਣੀਆਂ ਸੁਣਾਉਂਦੇ ਹਨ। ਇਕ ਸੰਤ ਸਨ, ਬੜੇ ਪੁੱਜੇ ਹੋਏ, ਕੋਈ ਲੱਥੀ ਚੜ੍ਹੀ ਨਹੀਂ ਸੀ। ਦੁੱਧ ਲਈ ਕੜਾਹਾ ਰੱਖਿਆ ਹੋਇਆ ਸੀ। ਲੋਕੀਂ ਰੋਜ਼ ਦੁੱਧ ਲਿਆਉਂਦੇ ਇਸ ਕੜਾਹੇ ਵਿਚ ਪਾਈ ਜਾਂਦੇ। ਵਿਚੋਂ ਹੀ ਸੰਤ ਛਕਦੇ ਵਿਚੋਂ ਹੀ ਸੰਗਤ ਛਕਦੀ। ਵਿਚੋਂ ਹੀ ਕਾਂ ਛਕੀ ਜਾਂਦੇ, ਵਿਚੋਂ ਹੀ ਕੁੱਤੇ ਕੁੱਤੀਆਂ ਛਕੀ ਜਾਂਦੇ। ਦੁੱਧ ਕਦੇ ਖਰਾਬ ਨਾ ਹੁੰਦਾ, ਕਦੇ ਕੜਾਹਾ ਵੀ ਨਹੀਂ ਸੀ ਧੋਂਦੇ। ਇਥੇ ਬੰਦੇ ਅਤੇ ਪਸ਼ੂ, ਜਾਨਵਰ ਵਿਚ ਕੋਈ ਫ਼ਰਕ ਨਹੀਂ। ਇਕ ਦਿਨ ਇਕ ਸੇਵਕ ਨੂੰ ਕਹਿੰਦੇ ਕਿ ਫਲਾਣੇ ਥਾਂ ਇਕ ਕੁੱਤੀ ਸੂਈ ਹੋਈ ਹੈ। ਉਸਦੇ ਕਤੂਰੇ ਇਕ ਟੋਕਰੇ ਵਿਚ ਪਾ ਕੇ ਲੈ ਆ। ਕਤੂਰੇ ਚਊਂ ਚਊਂ ਕਰ ਰਹੇ ਹਨ। ਕੁੱਤੀ ਆਪੇ ਮਗਰ ਆ ਜਾਵੇਗੀ। ਜੇ ਕੁੱਤੀ ਰੋਕੇਗੀ ਤਾਂ ਆਹ ਪ੍ਰਸ਼ਾਦ ਪਾ ਦਈਂ। ਸੇਵਕ ਹੁਕਮ ਮੰਨ ਕੇ ਕੁੱਤੀ ਕਤੂਰੇ ਲੈ ਆਇਆ। ਸੰਤਾਂ ਨੇ ਕਿਹਾ ਇਥੇ ਠੀਕ ਥਾਂ `ਤੇ ਕਤੂਰੇ ਰੱਖ ਦੇ। ਰੋਜ਼ ਇਕ ਪਾਈਆ ਦੁੱਧ ਇਕ ਕਤੂਰੇ ਨੂੰ ਅਤੇ ਇਕ ਕਿਲੋ ਕੁੱਤੀ ਨੂੰ ਪਾਇਆ ਕਰ। ਗੁਰਮੁਖਾ ਇਹ ਕੁੱਤੀ ਸਾਡੀ ਪਿਛਲੇ ਜਨਮ ਦੀ ਮਾਸੀ ਸੀ। ਇਸਨੇ ਭਗਤੀ ਨਹੀਂ ਕੀਤੀ ਤਾਂ ਇਸਨੂੰ ਇਹ ਜੂਨ ਮਿਲੀ ਹੈ। ਮੈਂ ਸੋਚਿਆ ਇਸ ਦਾ ਹੁਣ ਉਧਾਰ ਕਰ ਦੇਈਏ, ਇਹ ਨਾ ਕਹੇ ਕਿ ਸਾਧ ਬਣਿਆ ਫਿਰਦਾ ਹੈ, ਮੇਰਾ ਕੁਝ ਨਹੀਂ ਕੀਤਾ। ਬੋਲੋ ਸ੍ਰੀ ਵਾਹਿਗੁਰੂ।

ਸੋ ਇਹ ਅਨਪੜ੍ਹ ਸਾਧ ਐਸੀਆਂ ਕਹਾਣੀਆਂ ਅਕਸਰ ਸੁਣਾਉਂਦੇ ਰਹਿੰਦੇ ਹਨ। ਇਹਨਾਂ ਦੇ ਡੇਰਿਆਂ ਵਿਚ ਗੁਰਬਾਣੀ , ਗੁਰਮਤਿ ਸਿਧਾਂਤ ਦੀ ਗੱਲ ਕੇਵਲ ਨਾਂਹ ਮਾਤਰ ਅਤੇ ਟੋਕਰੀ ਦੀ ਗੱਲ ਬਹੁਤ ਜ਼ਿਆਦਾ ਹੈ। ਜਿਹੜਾ ਕਾਰ ਸੇਵਾ ਵਾਲਾ ਸਾਧ ਮਰਦਾ ਹੈ ਉਸਦਾ ਵੀ ਗੁਰਦੁਆਰਾ ਗੁਰੂਆਂ ਦੇ ਬਰਾਬਰ ਹੀ ਬਣ ਜਾਂਦਾ ਹੈ। ਜੇ ਮੁਸਲਮਾਨ ਦੀ ਕਬਰ ਨੂੰ ਮੰਨਣ ਦਾ ਵਿਧਾਨ ਗੁਰਮਤਿ ਵਿਚ ਨਹੀਂ ਹੈ ਤਾਂ ਸਾਧ ਦੀ ਮੜ੍ਹੀ ਨੂੰ ਮੰਨਣਾ ਕਿਹੜੀ ਗੁਰਮਤਿ ਹੈ? ਜੇ ਮੁਸਲਮਾਨ ਦੀ ਕਬਰ ਉੱਤੇ “ਗੁਰੂ ਗ੍ਰੰਥ ਸਾਹਿਬ” ਦਾ ਪ੍ਰਕਾਸ਼ ਜਾਇਜ਼ ਨਹੀਂ ਹੈ ਤਾਂ ਸਾਧ ਦੀ ਮੜ੍ਹੀ `ਤੇ ਵੀ ਜਾਇਜ਼ ਨਹੀਂ ਹੈ। ਗੁਰੂ ਪੰਥ ਨੂੰ ਚਾਹੀਦਾ ਹੈ ਕਿ ਇਕਦਮ ਸਾਰੇ ਗੁਰਦੁਆਰੇ ਬਣਨੇ ਬੰਦ ਹੋ ਜਾਣ। ਪੁਰਾਣੇ ਗੁਰਦੁਆਰੇ ਜੋ ਕਿ ਇਤਿਹਾਸਕ ਸਰੋਤ ਹਨ। ਉਹਨਾਂ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਕੀਤੀ ਜਾਵੇ। ਕਾਰ ਸੇਵਾ ਅਤੇ ਸ਼੍ਰੋਮਣੀ ਕਮੇਟੀ ਕੋਲ ਜਿੰਨਾ ਵੀ ਸਰਮਾਇਆ ਹੈ। ਸਿੱਖ ਕੌਮ ਦੇ ਆਉਣ ਵਾਲੇ ਭਵਿੱਖ (ਸਿੱਖ ਬੱਚੇ) ਉੱਤੇ ਖਰਚਿਆ ਜਾਵੇ। ਨੌਜਵਾਨ, ਨਸ਼ਿਆਂ ਅਤੇ ਪਤਿਤਪੁਣੇ ਦੇ ਰੁਝਾਨ ਵਿਚ ਲੱਗੇ ਹੋਏ ਹਨ। ਇਹਨਾਂ ਨੂੰ ਸੰਭਾਲਿਆ ਜਾਵੇ ਤਾਂ ਜੋ ਇਹਨਾਂ ਨੂੰ ਗੁਰੂ ਸਿੱਖੀ ਵਾਲੇ ਪਾਸੇ ਮੋੜਿਆ ਜਾ ਸਕੇ। ਨਹੀਂ ਤਾਂ ਗੁਰਦੁਆਰਿਆਂ ਦਾ ਵੀ ਕੋਈ ਲਾਭ ਨਹੀਂ ਹੋਵੇਗਾ।
.