.

ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਰਜਨ ਸਾਹਿਬ ਦੇ ਨਾਮ ਨਾਲ ਦੇਵ ਦੀ ਵਰਤੋਂ

Use of Dev along with the name of Guru Nanak Sahib, Guru Angad Sahib and Guru Arjan Sahib

ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਦੇਵ ਲਫਜ਼ ਵਰਤਿਆ ਜਾਂਦਾ ਸੀ ਕਿ ਨਹੀਂ, ਇਸ ਬਾਰੇ ਸ਼ੰਕੇ ਉਸ ਤੋਂ ਬਾਅਦ ਆਰੰਭ ਹੋਏ, ਜਦੋਂ ਕਿ ਗੁਰੂ ਨਾਨਕ ਯੂਨੀਵਰਸਿਟੀ ਦਾ ਨਾਮ ਬਦਲ ਕੇ ਗੁਰੂ ਨਾਨਕ ਦੇਵ ਯੂਨੀਵਰਸਟੀ ਰੱਖਿਆ ਗਿਆ। ਇਤਿਹਾਸ ਦੇ ਪ੍ਰਮਾਣਾ ਤੇ ਇਤਬਾਰ ਕਰਨਾ ਮੁਸ਼ਕਲ ਹੈ ਕਿਉਕਿ ਸਿੱਖ ਇਤਿਹਾਸ ਲਿਖਣ ਵਾਲੇ ਜਿਆਦਾ ਤਰ ਗੈਰ ਸਿੱਖ ਹੀ ਸਨ। ਜਿਨ੍ਹਾਂ ਦਾ ਹਮੇਸ਼ਾਂ ਗੁਰਬਾਣੀ ਵਿੱਚ ਹੋਰਨਾ ਮੱਤਾ ਨੂੰ ਘੁਸੇੜਨ ਦਾ ਮੰਤਵ ਹੀ ਰਿਹਾ ਹੈ। ਸਾਡੇ ਕੋਲ ਸਿਰਫ ਗੁਰੂ ਗਰੰਥ ਸਾਹਿਬ ਹੀ ਬਚ ਗਏ ਹਨ ਜਿਨ੍ਹਾਂ ਵਿੱਚ ਕੋਈ ਮਿਲਾਵਟ ਨਹੀਂ ਕਰ ਸਕਿਆ ਹੈ। ਜੇ ਕਰ ਸਿੱਖ ਇਸੇ ਤਰ੍ਹਾਂ ਅਵੇਸਲੇ ਰਹੇ ਤਾਂ ਗੁਰੂ ਗਰੰਥ ਸਾਹਿਬ ਦੇ ਤੁਲ ਹੋਰ ਗਰੰਥ ਵੀ ਆ ਸਕਦਾ ਹੈ ਜਾਂ ਇਸ ਵਿੱਚ ਕਿਸੇ ਤਰਾਂ ਦੀ ਮਿਲਾਵਟ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਇਸ ਸਬੰਧੀ ਖਤਰੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਗੁਰੂ ਗਰੰਥ ਸਾਹਿਬ ਦੇ ਤੁਲ ਬਚਿਤ੍ਰ ਨਾਟਕ ਨੂੰ ਸਥਾਪਤ ਕਰਨ ਦੇ ਉਪਰਾਲੇ ਬਾਹਰੀ ਤਾਕਤਾਂ ਬਹੁਤ ਸਮੇਂ ਤੋਂ ਅੰਦਰ ਖਾਤੇ ਮਨਸੂਬੇ ਬਣਾ ਰਹੀਆਂ ਹਨ। ਸਿੱਖਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਭੁਲੇਖੇ ਪਾਏ ਜਾ ਰਹੇ ਹਨ। ਤਾਂ ਜੋ ਉਹ ਗੁਰੂ ਗਰੰਥ ਸਾਹਿਬ ਤੋਂ ਦੂਰ ਹੋ ਜਾਣ। ਅੱਜਕਲ ਦੇ ਜਿਆਦਾ ਤਰ ਸਿੱਖ ਨਾਮ ਦੇ ਸਿੱਖ ਹੀ ਰਹਿ ਗਏ ਹਨ, ਕਿਉਕਿ ਕੋਈ ਵਿਰਲਾ ਹੀ ਗੁਰਬਾਣੀ ਨੂੰ ਪੜ੍ਹਨ, ਸਮਝਣ ਤੇ ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਆਦਾ ਤਰ ਲੋਕ ਰਵਾਇਤਾਂ ਹੀ ਪੂਰੀਆਂ ਕਰਦੇ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬਾਂ ਨੇ ਕਦੇ ਵੀ ਪਰਵਾਨ ਨਹੀਂ ਕੀਤਾ ਹੈ। ਕੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਦੇਵ ਲਫਜ਼ ਵਰਤਿਆ ਜਾਂਦਾ ਸੀ ਕਿ ਨਹੀਂ, ਆਓ ਇਸ ਦੀ ਖੋਜ਼ ਗੁਰੂ ਗਰੰਥ ਸਾਹਿਬ ਦੀ ਮਿਹਰ ਸਦਕਾ ਕਰਨ ਦਾ ਉਪਰਾਲਾ ਕਰੀਏ।

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਹੇਠ ਲਿਖੇ ੨੬ ਸ਼ਬਦਾਂ ਵਿੱਚ ਗੁਰ ਨਾਨਕ ਤਾਂ ਆਇਆ ਹੈ ਪਰ ਕਿਤੇ ਵੀ ਗੁਰ ਨਾਨਕ ਦੇਵ ਵਰਤੋਂ ਵਿੱਚ ਨਹੀਂ ਆਇਆ ਹੈ।

ਗੁਰ ਨਾਨਕ ਨਾਮ ਬਚਨ ਮਨਿ ਸੁਨੇ॥ ੬॥ (੨੯੫, ੨੯੬)

ਸਲੋਕ ਮਃ ੫॥ ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ॥ ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ॥ ੧॥ (੩੧੭)

ਜਾਪ ਤਾਪ ਕਛੁ ਉਕਤਿ ਨ ਮੋਰੀ॥ ਗੁਰ ਨਾਨਕ ਸਰਣਾਗਤਿ ਤੋਰੀ॥ ੪॥ ੨੬॥ (੩੭੭)

ਮਾਇਆ ਮੋਹਿ ਸਭੋ ਜਗੁ ਬਾਧਾ॥ ਹਉਮੈ ਪਚੈ ਮਨਮੁਖ ਮੂਰਾਖਾ॥ ਗੁਰ ਨਾਨਕ ਬਾਹ ਪਕਰਿ ਹਮ ਰਾਖਾ॥ ੪॥ ੨॥ ੯੬॥ (੩੯੪)

ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ॥ ੨॥ ੧੫॥ ੨੪॥ (੫੦੦)

ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ॥ ੩॥ (੫੩੮, ੫੩੯)

ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ॥ ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ॥ ੪॥ ੧੧॥ (੬੧੧)

ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ॥ ੨॥ ੨॥ ੩੦॥ (੬੧੭)

ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ॥ ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ॥ ੨॥ ੧੫॥ ੪੩॥ (੬੧੯)

ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਸੋਈ ਰਾਮ॥ ੪॥ ੧॥ ੭॥ (੬੯੮)

ਸਲੋਕ॥ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ॥ ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ॥ ੧॥ (੭੧੦)

ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ॥ (੭੩੩)

ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ॥ ੪॥ ੨॥ ੪੯॥ (੭੪੭)

ਜੋ ਜੋ ਸਰਣਿ ਪਰਿਓ ਗੁਰ ਨਾਨਕ ਅਭੈ ਦਾਨੁ ਸੁਖ ਪਾਏ॥ ੪॥ ੧॥ ੮੧॥ (੮੨੦)

ਸਤਿਗੁਰ ਕੇ ਚਰਨ ਧੋਇ ਧੋਇ ਪੀਵਾ॥ ਗੁਰ ਨਾਨਕ ਜਪਿ ਜਪਿ ਸਦ ਜੀਵਾ॥ ੪॥ ੪੩॥ ੫੬॥ (੧੧੫੨)

ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ॥ ੨॥ ੯੨॥ ੧੧੫॥ (੧੨੨੬)

ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ॥ ੨॥ ੫॥ ੧੧॥ (੧੨੯੭)

ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ॥ ੪॥ ੨॥ (੧੩੩੫)

ਸਰਬ ਕਲਿਆਣ ਸੂਖ ਮਨਿ ਵੂਠੇ॥ ਹਰਿ ਗੁਣ ਗਾਏ ਗੁਰ ਨਾਨਕ ਤੂਠੇ॥ ੨॥ ੧੨॥ (੧੩੪੧)

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ ੨॥ (੧੩੮੯)

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ ੩॥ (੧੩੮੯)

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ ੪॥ (੧੩੮੯, ੧੩੯੦)

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ ੫॥ (੧੩੯੦)

ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ॥ ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ॥ ੧੦॥ (੧੩੯੦)

ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ ੧॥ (੧੪੦੬, ੧੪੦੭)

ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ॥ ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ॥ ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ॥ ੨੭॥ (੧੪੨੪)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਹੇਠ ਲਿਖੇ ਸ਼ਬਦ ਵਿੱਚ ਗੁਰ ਨਾਨਕੁ ਤਾਂ ਆਇਆ ਹੈ, ਪਰ ਗੁਰ ਨਾਨਕੁ ਦੇਵ ਨਹੀਂ ਆਇਆ ਹੈ। ਨਾਨਕੁ ਦੇ ਕੱਕੇ ਦੇ ਪੈਰ ਵਿੱਚ ਔਂਕੜ ਇਸ ਗਲ ਦਾ ਪਰਤੀਕ ਹੈ, ਕਿ ਨਾਨਕ ਸਰੀਰ ਸਬੰਧੀ ਕਿਹਾ ਜਾ ਰਿਹਾ ਹੈ। ਇਥੇ ਵੀ ਦੇਵ ਦੀ ਵਰਤੋਂ ਨਹੀਂ ਕੀਤੀ ਗਈ ਹੈ।

ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ॥ ਗੁਰ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ॥ ੪॥ (੪੫੨)

ਹੇਠ ਲਿਖੇ ੨੪ ਸ਼ਬਦਾਂ ਵਿੱਚ ਗੁਰੁ ਨਾਨਕ, ਗੁਰੁ ਨਾਨਕੁ, ਗੁਰੂ ਨਾਨਕ ਜਾਂ ਗੁਰੂ ਨਾਨਕੁ ਤਾਂ ਆਇਆ ਹੈ, ਪਰ ਕਿਤੇ ਵੀ ਗੁਰੁ ਨਾਨਕ ਦੇਵ, ਗੁਰੁ ਨਾਨਕੁ ਦੇਵ, ਗੁਰੂ ਨਾਨਕੁ ਦੇਵ ਜਾਂ ਗੁਰੂ ਨਾਨਕੁ ਦੇਵ ਨਹੀਂ ਵਰਤਿਆ ਹੈ। ਇਨ੍ਹਾਂ ਸ਼ਬਦਾ ਵਿੱਚ ਗੁਰੁ, ਗੁਰੂ, ਨਾਨਕ ਅਤੇ ਨਾਨਕੁ ਦੀ ਵਰਤੋਂ ਕੀਤੀ ਗਈ ਹੈ।

ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ॥ ੧॥ (੧੫੦)

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥ ੪॥ ੫॥ ੧੧॥ ੪੯॥ (੧੬੭)

ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ॥ ੧॥ (੩੨੨)

ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ॥ ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ॥ ੪॥ ੧੭॥ (੩੭੫)

ਗੁਰੁ ਨਾਨਕ ਜਾ ਕਉ ਭਇਆ ਦਇਆਲਾ॥ ਸੋ ਜਨੁ ਹੋਆ ਸਦਾ ਨਿਹਾਲਾ॥ ੪॥ ੬॥ ੧੦੦॥ (੩੯੬)

ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ ੪॥ ੭॥ ੧੦੧॥ (੩੯੬)

ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ॥ ੧॥ (੪੫੧)

ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ॥ ੬॥ ੧੪॥ ੨੧॥ (੪੫੨)

ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ॥ ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ॥ ੪॥ ੧॥ ੫॥ (੭੩੨)

ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ॥ ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ॥ ੪॥ ੧॥ ੪੭॥ (੭੪੬, ੭੪੭)

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥ ੪॥ ੧੦॥ ੫੭॥ (੭੫੦)

ਦਾਸ ਕੀ ਲਾਜ ਰਖੈ ਮਿਹਰਵਾਨੁ॥ ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ॥ ੨॥ ੬॥ ੮੬॥ (੮੨੧)

ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ ੪॥ ੧॥ ੧੦॥ (੧੦੦੧)

ਭਗਤ ਜਨਾ ਕਉ ਹਰਿ ਕਿਰਪਾ ਧਾਰੀ॥ ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ॥ ੪॥ ੨॥ (੧੧੭੭, ੧੧੭੮)

ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ॥ ੪॥ ੫॥ (੧੨੬੪)

ਧੰਨਿ ਧੰਨਿ ਤੇ ਧੰਨਿ ਜਨ ਜਿਹ ਕਿ੍ਰਪਾਲੁ ਹਰਿ ਹਰਿ ਭਯਉ॥ ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ॥ ੫॥ (੧੩੮੬)

ਜਿਹ ਕਿ੍ਰਪਾਲੁ ਹੋਯਉ ਗ+ਬਿੰਦੁ ਸਰਬ ਸੁਖ ਤਿਨਹੂ ਪਾਏ॥ ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ॥ ੭॥ (੧੩੮੬)

ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਇਤ ਉਤ ਸਦਾ ਮੁਕਤੇ॥ ੮॥ (੧੩੮੬)

ਤਾਸੁ ਚਰਨ ਲੇ ਰਿਦੈ ਬਸਾਵਉ॥ ਤਉ ਪਰਮ ਗੁਰੂ ਨਾਨਕ ਗੁਨ ਗਾਵਉ॥ ੧॥ (੧੩੮੯)

ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ੍ਹ ਹੂ ਰਸੁ ਜਾਣੇ॥ ੧੨॥ (੧੩੯੮)

ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ॥ ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ॥ (੧੪੦੧)

ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ॥ ੩॥ (੧੪੦੭)

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ (੧੪੦੮)

ਹੇਠ ਲਿਖੇ ੫ ਸ਼ਬਦਾ ਵਿੱਚ ਗੁਰਿ ਨਾਨਕ ਤਾਂ ਆਇਆ ਹੈ ਪਰ ਕਿਤੇ ਵੀ ਗੁਰਿ ਨਾਨਕ ਦੇਵ ਨਹੀਂ ਆਇਆ ਹੈ।

ਹਰਖ ਅਨੰਤ ਸੋਗ ਨਹੀ ਬੀਆ॥ ਸੋ ਘਰੁ ਗੁਰਿ ਨਾਨਕ ਕਉ ਦੀਆ॥ ੪॥ ੩੫॥ ੧੦੪॥ (੧੮੬)

ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ॥ ੫॥ ੧॥ ੮॥ (੪੯੭)

ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ॥ ੪॥ ੩॥ ੧੪॥ (੬੧੨)

ਸਰਨਿ ਪਰਿਓ ਹਰਿ ਚਰਨ ਗਹੇ ਪ੍ਰਭ ਗੁਰਿ ਨਾਨਕ ਕਉ ਬੂਝ ਬੁਝਾਈ॥ ੨॥ ੫॥ ੯੧॥ (੮੨੨)

ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ॥ ੨॥ ੫॥ ੨੮॥ (੧੨੦੯, ੧੨੧੦)

ਉਪਰ ਸਾਂਝੇ ਕੀਤੇ ੫੫ ਸ਼ਬਦ (੨੬+੧+੨੩+੫) ਇਹੀ ਸੰਕੇਤ ਦਿੰਦੇ ਹਨ ਕਿ ਗੁਰ ਨਾਨਕ ਸਾਹਿਬ ਦੇ ਨਾਮ ਨਾਲ ਦੇਵ ਲਫਜ਼ ਨਹੀਂ ਵਰਤਿਆ ਜਾਂਦਾ ਸੀ। ਸਮਾਂ ਪਾ ਕੇ ਇਸ ਦੀ ਵਰਤੋਂ ਦੀ ਰਵਾਇਤ ਪਾ ਦਿਤੀ ਗਈ ਹੈ।

ਗੁਰੂ ਗਰੰਥ ਸਾਹਿਬ ਵਿੱਚ ਸ਼ਬਦ ਨਾਨਕ ਦੇਵ ਸਿਰਫ ਤਿੰਨ ਵਾਰੀ ਆਇਆ ਹੈ ਤੇ ਇਹ ਨਾਨਕ ਮੁਕਤਾ ਨਾਲ ਹੀ ਅਇਆ ਹੈ, ਨਾਨਕੁ ਨਾਲ ਨਹੀਂ। , ਜਿਸ ਦਾ ਅਰਥ ਹੈ ਹੇ ਨਾਨਕ। ਇਥੇ ਇਹ ਵੀ ਸਪੱਸ਼ਟ ਹੁੰਦਾਂ ਹੈ ਕਿ ਦੇਵ, ਗੁਰੂ ਨਾਨਕ ਸਾਹਿਬ ਲਈ ਨਹੀਂ ਵਰਤਿਆ ਗਿਆ ਹੈ। ਬਲਕਿ ਅਕਾਲ ਪੁਰਖੁ ਲਈ ਵਰਤਿਆ ਗਿਆ ਹੈ। ਇਹ ਤਿੰਨੇ ਸ਼ਬਦ ਹੇਠ ਲਿਖੇ ਹਨ।

ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ॥ ਅਬਿਚਲ ਨਗਰੀ ਨਾਨਕ ਦੇਵ॥ ੮॥ ੧॥ (੪੩੦)

ਇਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ:- ਹੇ ਨਾਨਕ! ਪੂਰਾ ਗੁਰੂ ਜਿਸ ਮਨੁੱਖ ਨੂੰ ਅਕਾਲ ਪੁਰਖੁ ਦੀ ਸੇਵਾ-ਭਗਤੀ ਦੀ ਦਾਤ ਬਖ਼ਸ਼ਦਾ ਹੈ ਉਹ ਐਸੇ ਹਿਰਦੇ ਘਰ ਵਿੱਚ ਵੱਸਦਾ ਰਹਿੰਦਾ ਹੈ। ਅਜੇਹਾ ਹਿਰਦਾ ਅਕਾਲ ਪੁਰਖੁ ਦੇ ਰਹਿਣ ਵਾਸਤੇ ਵਿਕਾਰਾਂ ਵਿੱਚ ਕਦੇ ਨਾ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ

ਕਬੀਰਿ ਧਿਆਇਓ ਏਕ ਰੰਗ॥ ਨਾਮਦੇਵ ਹਰਿ ਜੀਉ ਬਸਹਿ ਸੰਗਿ॥ ਰਵਿਦਾਸ ਧਿਆਏ ਪ੍ਰਭ ਅਨੂਪ॥ ਗੁਰ ਨਾਨਕ ਦੇਵ ਗੋਵਿੰਦ ਰੂਪ॥ ੮॥ ੧॥ (੧੧੯੨)

ਇਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ:- ਕਬੀਰ ਨੇ ਇਕ-ਰਸ ਪਿਆਰ ਵਿੱਚ ਟਿਕ ਕੇ ਅਕਾਲ ਪੁਰਖੁ ਦਾ ਧਿਆਨ ਧਰਿਆ। ਅਕਾਲ ਪੁਰਖੁ ਨਾਮਦੇਵ ਜੀ ਦੇ ਅੰਗ ਸੰਗ ਵੱਸਦੇ ਸਨ। ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ। ਇਨ੍ਹਾਂ ਸਭਨਾਂ ਉੱਤੇ ਗੁਰੂ ਨੇ ਹੀ ਕਿਰਪਾ ਕੀਤੀ। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ, ਤੂੰ ਵੀ ਗੁਰੂ ਦੀ ਸਰਨ ਪਿਆ ਰਹਿ।

ਮਨਸਾ ਮਾਨਿ ਏਕ ਨਿਰੰਕੇਰੈ॥ ਸਗਲ ਤਿਆਗਹੁ ਭਾਉ ਦੂਜੇਰੈ॥ ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ॥ ਬਰਨਿ ਨ ਸਾਕਉ ਏਕ ਟੁਲੇਰੈ॥ ਦਰਸਨ ਪਿਆਸ ਬਹੁਤੁ ਮਨਿ ਮੇਰੈ॥ ਮਿਲੁ ਨਾਨਕ ਦੇਵ ਜਗਤ ਗੁਰ ਕੇਰੈ॥ ੨॥ ੧॥ ੩੪॥ (੧੩੦੪)

ਇਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ:- ਹੇ ਭਾਈ! ਆਪਣੇ ਮਨ ਦੇ ਫੁਰਨੇ ਨੂੰ ਸਿਰਫ਼ ਨਿਰੰਕਾਰ ਦੀ ਯਾਦ ਵਿੱਚ ਸ਼ਾਂਤ ਕਰ ਲੈ। ਅਕਾਲ ਪੁਰਖੁ ਤੋਂ ਬਿਨਾ ਹੋਰ ਹੋਰ ਪਦਾਰਥਾਂ ਵਿੱਚ ਪਾਇਆ ਹੋਇਆ ਪਿਆਰ ਸਾਰਾ ਹੀ ਛੱਡ ਦੇ। ਹੇ ਪਿਆਰੇ ਪ੍ਰਭੂ! ਤੇਰੇ ਅੰਦਰ ਅਨੇਕਾਂ ਹੀ ਗੁਣ ਹਨ, ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ? ਮੈਂ ਤਾਂ ਤੇਰੇ ਇੱਕ ਉਪਕਾਰ ਨੂੰ ਵੀ ਬਿਆਨ ਨਹੀਂ ਕਰ ਸਕਦਾ ਹਾਂ। ਹੇ ਜਗਤ ਦੇ ਗੁਰਦੇਵ! ਮੇਰੇ ਮਨ ਵਿੱਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ, ਮੈਨੂੰ ਨਾਨਕ ਨੂੰ ਮਿਲ।

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਸਾਰੀ ਬਾਣੀ ਇਹੀ ਸੰਕੇਤ ਦਿੰਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਦੇਵ ਲਫਜ਼ ਨਹੀਂ ਵਰਤਿਆ ਜਾਂਦਾ ਸੀ। ਇੱਕ ਸਿੱਖ ਦਾ ਫਰਜ਼ ਹੈ ਕਿ ਉਹ ਗੁਰੂ ਗਰੰਥ ਸਾਹਿਬ ਅਨੁਸਾਰ ਦੱਸੇ ਹੋਏ ਮਾਰਗ ਤੇ ਚੱਲੇ। ਇਸ ਲਈ ਉਚਿਤ ਇਹੀ ਹੈ ਅਸੀਂ ਨਾਨਕ ਨਾਮ ਦੀ ਵਰਤੋਂ ਹੀ ਕਰੀਏ। ਕਿਉਕਿ ਉਹ ਸਾਡੇ ਗੁਰੂ ਸਾਹਿਬ ਹਨ, ਇਸ ਲਈ ਆਰੰਭ ਵਿੱਚ ਗੁਰੂ ਸ਼ਬਦ ਦੀ ਵਰਤੋਂ ਹੋਣੀ ਚਾਹੀਦੀ ਹੈ। ਆਮ ਵਿਅਕਤੀ ਦੇ ਨਾਮ ਨਾਲ, ਜੀ ਦੀ ਵਰਤੋਂ ਤਾਂ ਕੀਤੀ ਜਾਂਦੀ ਹੈ ਪਰ ਸਾਹਿਬ ਦੀ ਨਹੀਂ। ਇਸ ਲਈ ਗੁਰੂ ਸਾਹਿਬ ਦੇ ਨਾਮ ਦੇ ਬਾਅਦ ਵਿਚ, ਜੀ ਦੀ ਬਜਾਏ ਸਾਹਿਬ ਦੀ ਵਰਤੋਂ ਕਰਨੀ ਹੀ ਉਚਿਤ ਹੈ। ਗੁਰੂ ਗਰੰਥ ਸਾਹਿਬ ਵਿੱਚ “ਸਾਹਿਬ” ਜਾਂ “ਜੀ” ਦੀ ਵਰਤੋਂ, ਵੱਖ ਵੱਖ ਥਾਂਵਾਂ ਤੇ ਤਾਂ ਕਈ ਵਾਰੀਂ ਕੀਤੀ ਗਈ ਹੈ, ਪਰ “ਸਾਹਿਬ ਜੀ” ਦੀ ਵਰਤੋਂ ਇਕੱਠਾ ਕਿਤੇ ਵੀ ਨਹੀਂ ਕੀਤੀ ਗਈ ਹੈ। ਇਸ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਸਾਰੀ ਬਾਣੀ ਇਹੀ ਮਾਰਗ ਦਰਸ਼ਨ ਕਰਦੀ ਹੈ ਕਿ ਸਾਨੂੰ ਗੁਰੂ ਸਾਹਿਬ ਨੂੰ ਸੰਬੋਧਨ ਕਰਨ ਲਈ ਸਤਿਕਾਰ ਨਾਲ ਗੁਰੂ ਨਾਨਕ ਸਾਹਿਬ ਹੀ ਕਹਿਣਾ ਚਾਹੀਦਾ ਹੈ।

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ੩੮ ਵਾਰੀ ਜਿਕਰ ਆਇਆ ਹੈ ਪਰ ਕਦੇ ਵੀ ਦੇਵ ਦੀ ਵਰਤੋਂ ਨਹੀਂ ਕੀਤੀ ਗਈ ਹੈ। ਨਾਨਕ ਜੋਤਿ ਨੂੰ ਅਕਾਲ ਪੁਰਖੁ ਦਾ ਰੂਪ ਦੱਸਣ ਲਈ ਭਾਈ ਗੁਰਦਾਸ ਜੀ ਨੇ ਆਪਣੀਆਂ ਕੁੱਝ ਵਾਰਾਂ ਵਿੱਚ ਨਾਨਕ ਦੇਉ ਦੀ ਵਰਤੋਂ ਕੀਤੀ ਹੈ। ਜਿਸ ਦਾ ਭਾਵ “ਗੁਰ ਨਾਨਕ ਦੇਵ ਗੋਵਿੰਦ ਰੂਪ॥” ਹੈ।

ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ॥ (੧-੨੩-੧)

ਕਲਿ ਤਾਰਣ ਗੁਰ ਨਾਨਕ ਆਯਾ॥ ੨੩॥ (੧-੨੩-੮)

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ (੧-੨੭-੧)

ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥ (੧-੨੭-੫)

ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ॥ (੧-੨੮-੭)

ਫਿਰ ਪੁੱਛਣ ਸਿਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ॥ (੧-੨੯-੧)

ਸਭ ਸਿਧੀਂ ਏਹ ਬੁਝਿਆ ਕਲਿ ਤਾਰਣ ਨਾਨਕ ਅਵਤਾਰਾ॥ (੧-੨੯-੨)

ਕਲਿਜੁਗ ਨਾਨਕ ਨਾਮ ਸੁਖਾਲਾ॥ ੩੧॥ (੧-੩੧-੮)

ਨਾਨਕ ਕਲਿ ਵਿੱਚ ਆਇਆ ਰਬ ਫਕੀਰ ਇੱਕ ਪਹਿਚਾਨਾ॥ (੧-੩੫-੭)

ਨਾਨਕ ਆਖੇ ਭੰਗ੍ਰਨਾਥ ਤੇਰੀ ਮਾਉ ਕੁਚੱਜੀ ਆਈ॥ (੧-੪੦-੫)

ਖਟ ਦਰਸ਼ਨ ਕਉ ਖੇਦਿਆ ਕਲਿਜੁਗ ਬੇਦੀ ਨਾਨਕ ਆਈ॥ (੧-੪੧-੨)

ਸਿਧ ਬੋਲੇ ਸੁਨ ਨਾਨਕਾ ਤੁਹਿ ਜਗ ਨੂੰ ਕਰਾਮਾਤ ਦਿਖਲਾਈ॥ (੧-੪੨-੧)

ਸੋ ਦੀਨ ਨਾਨਕ ਸਤਿਗੁਰ ਸਰਣਾਈ॥ ੪੨॥ (੧-੪੨-੮)

ਸਿਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ॥ (੧-੪੪-੩)

ਚੜ੍ਹੇ ਸਵਾਈ ਦਹਦਿਹੀ ਕਲਿਜੁਗ ਨਾਨਕ ਨਾਮ ਧਿਆਯਾ॥ (੧-੪੫-੨)

ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ॥ (੧-੪੫-੪)

ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥ (੧-੪੫-੬)

ਗੁਰ ਨਾਨਕ ਹੰਦੀ ਮੋਹਰ ਹਥ ਗੁਰ ਅੰਗਦ ਦੀ ਦੋਹੀ ਫਿਰਾਈ॥ (੧-੪੬-੨)

ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ॥ (੧-੪੬-੫)

ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥ (੧-੪੯-੪)

ਗੁਰ ਚੇਲੇ ਸ਼ਾਬਾਸ਼ ਨਾਨਕ ਦੇਉ ਹੈ॥ (੩-੨-੨)

ਸਤਿਗੁਰ ਨਾਨਕ ਦੇਉ ਗੁਰਾਂ ਗੁਰ ਹੋਇਆ॥ (੩-੧੨-੧)

ਨਾਨਕ ਦਾਦਕ ਸਾਹੁਰੇ ਵਿਰਲੀ ਸੁਰ ਲਾਗਾਤਕ ਹੋਏ॥ (੫-੧੦-੧)

ਜੰਮਦਿਆਂ ਰਣ ਵਿੱਚ ਜੂਝਨਾ ਨਾਨਕ ਦਾਦਕ ਹੋਇ ਵਧਾਈ॥ (੫-੧੪-੨)

ਵਿਚ ਭਰਾਵਾਂ ਭੈਨੜੀ ਨਾਨਕ ਦਾਦਕ ਸਣ ਪਰਵਾਰੀ॥ (੫-੧੬-੨)

ਪਾਰਬ੍ਰਹਮ ਪੂਰਣ ਬ੍ਰਹਮ ਗੁਰ ਨਾਨਕ ਦੇਉ॥ (੧੩-੨੫-੧)

ਸੀਹਰੁ ਪੀਹਰੁ ਨਾਨਕੇ ਪਰਵਾਰੈ ਸਾਧਾਰ ਧਿਙਾਣੈ॥ (੧੫-੭-੪)

ਸਤਿਗੁਰ ਨਾਨਕ ਦੇਉ ਆਪ ਉਪਾਇਆ॥ (੨੦-੧-੨)

ਜਗਤੁ ਗੁਰੂ ਗੁਰੁ ਨਾਨਕ ਦੇਉ॥ ੨॥ (੨੪-੨-੭)

ਨਿਰੰਕਾਰੁ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ॥ (੨੪-੨੫-੧)

ਨਾਨਕ ਦਾਦਕ ਸੋਹਿਲੇ ਵਿਰਤੀਸਰ ਬਹੁ ਦਾਨ ਦਤਾਰਾ॥ (੩੦-੩-੪)

ਨਾਨਕੁ ਦਾਦਕੁ ਸੋਹਲੇ ਦੇਨਿ ਅਸੀਸਾਂ ਬਾਲੁ ਪਿਆਰਾ॥ (੩੭-੭-੪)

ਸਤਿਗੁਰ ਨਾਨਕ ਦੇਉ ਹੈ ਪਰਮੇਸਰੁ ਸੋਈ॥ (੩੮-੨੦-੧)

ਸਤਿਗੁਰ ਨਾਨਕ ਦੇਉ ਹੈ ਗੁਰੁ ਅੰਗਦੁ ਅੰਗਹੁਂ ਉਪਜਾਇਆ॥ (੩੯-੨-੭)

ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ॥ (੪੧-੧-੪)

ਕਲੀ ਕਾਲ ਮਰਦਾਨ ਮਰਦ ਨਾਨਕ ਗੁਨ ਗਾਏ॥ (੪੧-੨੦-੧੦)

ਹਰਿ ਸਤਿਗੁਰ ਨਾਨਕ ਖੇਲ ਰਚਾਇਆ॥ (੪੧-੨੧-੧)

ਗੁਰੂ ਨਾਨਕ ਸਭ ਕੇ ਸਿਰ ਤਾਜਾ॥ (੪੧-੨੩-੧)

ਭਾਈ ਗੁਰਦਾਸ ਜੀ ਦੇ ਕਬਿਤਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ੩ ਵਾਰੀ ਜਿਕਰ ਆਇਆ ਹੈ। ਹੇਠ ਲਿਖੇ ਕਬਿਤ ਵਿੱਚ ਤਾਂ ਦੇਵਤਾ ਰੂਪ ਪਾਰਬ੍ਰਹਮ ਪੂਰਨ ਬ੍ਰਹਮ ਗਿਆਨੀ ਦਾ ਜਿਕਰ ਹੈ। ਜੋ ਕਿ ਵਾਰਾਂ ਦੀ ਤਰ੍ਹਾਂ “ਗੁਰ ਨਾਨਕ ਦੇਵ ਗੋਵਿੰਦ ਰੂਪ॥” ਦਾ ਜਿਕਰ ਕਰਦਾ ਹੈ।

ਸਤਿਗੁਰ ਨਾਨਕ ਦੇਵ ਪਾਰਬ੍ਰਹਮ ਪੂਰਨ ਬ੍ਰਹਮ॥ (੨-੨)

ਹੇਠ ਲਿਖੇ ਦੋ ਕਬਿਤਾਂ ਵਿੱਚ ਭਾਵੇ ਦੇਵਤਾ ਰੂਪ ਪਾਰਬ੍ਰਹਮ ਪੂਰਨ ਬ੍ਰਹਮ ਗਿਆਨੀ ਦਾ ਹੀ ਜਿਕਰ ਹੈ। ਪਰ ਇਨ੍ਹਾਂ ਵਿੱਚ ਨਾਨਕਦੇਵ ਇਕੋ ਸ਼ਬਦ ਹੈ। ਜਿਸ ਸਬੰਧੀ ਖੋਜ ਦੀ ਲੋੜ ਹੈ। ਜੇ ਕਰ ਕੋਈ ਪੁਰਾਤਨ ਲਿਖਤ ਮਿਲ ਜਾਵੇ ਤਾਂ ਇਸ ਸਬੰਧੀ ਖ਼ੁਲਾਸਾ ਕਰਨ ਵਾਸਤੇ ਆਸਾਨੀ ਹੋ ਸਕਦੀ ਹੈ।

ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕਦੇਵ(੨-੪)

ਸਤਿਗੁਰ ਨਾਨਕਦੇਵ ਦੇਵ ਦੇਵੀ ਸਭ ਧਿਆਵਹਿ॥ (੨-੫)

ਜੇ ਕਰ ਨਾਨਕਦੇਵ ਇਕੱਠਾ ਸ਼ਬਦ ਨਾਮ ਲਈ ਸਹੀ ਹੁੰਦਾਂ ਤਾਂ ਹਰੇਕ ਵਾਰ ਵਿੱਚ ਨਾਨਕਦੇਵ ਸ਼ਬਦ ਦੀ ਵਰਤੋਂ ਹੋਣੀ ਚਾਹੀਦੀ ਸੀ। ਪਰੰਤੂ ਉਪਰ ਲਿਖਤ ਸਾਰੀਆਂ ੩੮ ਵਾਰਾਂ ਵਿੱਚ ਕਿਸੇ ਇੱਕ ਵਿੱਚ ਵੀ ਨਾਨਕਦੇਵ ਦੀ ਵਰਤੋਂ ਨਹੀਂ ਕੀਤੀ ਗਈ ਹੈ। ਕਿਸੇ ਵਿਅਕਤੀ ਦਾ ਅਧੂਰਾ ਨਾਮ ਲਿਖਣਾ ਉਚਿਤ ਨਹੀਂ ਹੈ ਤੇ ਖ਼ਾਸ ਕਰ ਉਹ ਵੀ ਗੁਰੂ ਨਾਨਕ ਸਾਹਿਬ ਸਬੰਧੀ। ਅਜੇਹੀ ਗਲਤੀ ਭਾਈ ਗੁਰਦਾਸ ਵਰਗੀ ਮਹਾਨ ਸ਼ਕਸ਼ੀਅਤ ਨਹੀਂ ਕਰ ਸਕਦੀ ਹੈ। ਵੈਸੇ ਇਨ੍ਹਾਂ ਦੋਹਾਂ ਕਬਿਤਾਂ ਦਾ ਮੰਤਵ ਵੀ “ਗੁਰ ਨਾਨਕ ਦੇਵ ਗੋਵਿੰਦ ਰੂਪ॥” ਸਾਬਤ ਕਰਨਾ ਹੀ ਹੈ।

ਚੌਥੀ ਜੋਤਿ ਗੁਰੂ ਰਾਮਦਾਸ ਸਾਹਿਬ ਦਾ ਜਿਕਰ ਜਦੋਂ ਵੀ ਗੁਰੂ ਗਰੰਥ ਸਾਹਿਬ ਵਿੱਚ ਆਇਆ ਹੈ ਤਾਂ ਹਮੇਸ਼ਾਂ ਰਾਮਦਾਸ ਸ਼ਬਦ ਦੀ ਵਰਤੋਂ ਹੋਈ ਹੈ ਰਾਮ ਦਾਸ ਦੀ ਵੱਖ ਵੱਖ ਨਹੀਂ।

ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ॥ ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ॥ ੪॥ (੯੨੩)

ਇਹ ਸੱਭ ਪ੍ਰਮਾਣ ਇਹੀ ਮਾਰਗ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਨਾਮ ਹੀ ਉਚਿਤ ਹੈ, ਤੇ ਨਾਨਕ ਦੇਵ ਸਬੰਧੀ ਕੋਈ ਠੋਸ ਸਬੂਤ ਨਹੀਂ ਹੈ। ਹੋ ਸਕਦਾ ਹੈ, ਦੂਸਰੇ ਮਤ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਇੱਕ ਦੇਵਤਾ ਸਾਬਤ ਕਰਨ ਲਈ ਪਰਚਲਿਤ ਕਰ ਦਿਤਾ ਹੋਵੇ। ਇਸ ਲਈ ਸੁਚੇਤ ਹੋਣ ਦੀ ਲੋੜ ਹੈ। ਇਸ ਲਈ ਹਰੇਕ ਸਿਖਾਂ ਲਈ ਗੁਰੂ ਸਾਹਿਬ ਨੂੰ ਸੰਬੋਧਨ ਕਰਨ ਸਮੇਂ ਸਤਿਕਾਰ ਨਾਲ ਗੁਰੂ ਨਾਨਕ ਸਾਹਿਬ ਹੀ ਉਚਾਰਨਾ ਚਾਹੀਦਾ ਹੈ।

ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਨਾਮ ਗੁਰੂ ਨਾਨਕ ਦੇਵ ਕਰਕੇ ਪਰਚਲਿਤ ਕੀਤਾ ਗਿਆ ਹੈ ਠੀਕ ਉਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਦਾ ਨਾਮ ਵੀ ਗੁਰੂ ਅੰਗਦ ਦੇਵ ਕਰਕੇ ਪਰਚਲਿਤ ਕੀਤਾ ਗਿਆ ਹੈ। ਇਸ ਦੀ ਸਪੱਸ਼ਟਤਾ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਹੇਠ ਲਿਖੇ ੧੫ ਸ਼ਬਦਾਂ ਤੋਂ ਹੋ ਜਾਂਦੀ ਹੈ।

ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ॥ ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ॥ (੯੨੩)

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ॥ ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥ (੯੬੭)

ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ ਸ੍ਰੀ ਗੁਰੁ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ॥ ੭॥ (੧੩੯੦)

ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ॥ ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ॥ (੧੩੯੫)

ਨਾਨਕ ਕੁਲਿ ਨਿੰਮਲੁ ਅਵਤਰਿBਉ ਅੰਗਦ ਲਹਣੇ ਸੰਗਿ ਹੁਅ॥ ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ॥ ੨॥ ੧੬॥ (੧੩੯੫)

ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ॥ ਗੁਰ ਰਾਮਦਾਸ ਕਲ੍ਹੁਚਰੈ ਤੈਂ ਅਟਲ ਅਮਰ ਪਦੁ ਪਾਇਓ॥ ੫॥ (੧੩੯੭)

ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ੍ਹ ਹੂ ਰਸੁ ਜਾਣੇ॥ ੧੨॥ (੧੩੯੮)

ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ॥ (੧੩੯੯)

ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ॥ ੧॥ (੧੪੦੫, ੧੪੦੬)

ਨਾਨਕਿ ਨਾਮੁ ਨਿਰੰਜਨ ਜਾਨ੍ਹਉ ਕੀਨੀ ਭਗਤਿ ਪ੍ਰੇਮ ਲਿਵ ਲਾਈ॥ ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ॥ (੧੪੦੬)

ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ॥ ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ ੧॥ (੧੪੦੬, ੧੪੦੭)

ਗੁਰਿ ਨਾਨਕਿ ਅੰਗਦੁ ਵਰBਉ ਗੁਰਿ ਅੰਗਦਿ ਅਮਰ ਨਿਧਾਨੁ॥ ਗੁਰਿ ਰਾਮਦਾਸ ਅਰਜੁਨੁ ਵਰ੍ਹਉ ਪਾਰਸੁ ਪਰਸੁ ਪ੍ਰਮਾਣੁ॥ ੪॥ (੧੪੦੭)

ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ॥ ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ॥ ੫॥ (੧੪੦੭)

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ (੧੪੦੮)

ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ॥ ਹਰਿਬੰਸ ਜਗਤਿ ਜਸੁ ਸੰਚਰ੍ਹਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ॥ ੧॥ (੧੪੦੯)

ਉਪਰ ਲਿਖੇ ਸ਼ਬਦ ਸਪੱਸ਼ਟ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਦਾ ਨਾਮ ਕਦੇ ਵੀ ਗੁਰੂ ਅੰਗਦ ਦੇਵ ਕਰਕੇ ਨਹੀਂ ਆਇਆ ਹੈ।

ਭਾਈ ਗੁਰਦਾਸ ਜੀ ਦੀਆਂ ਹੇਠ ਲਿਖੀਆਂ ੧੭ ਵਾਰਾਂ ਵਿੱਚ ਵੀ ਗੁਰੂ ਅੰਗਦ ਸਾਹਿਬ ਦਾ ਜਿਕਰ ਆਇਆ ਹੈ ਪਰ ਕਦੇ ਵੀ ਦੇਵ ਦੀ ਵਰਤੋਂ ਨਹੀਂ ਕੀਤੀ ਗਈ ਹੈ।

ਉਲਟੀ ਗੰਗ ਵਹਾਈਓਨ ਗੁਰ ਅੰਗਦ ਸਿਰ ਉਪਰ ਧਾਰਾ॥ (੧-੩੮-੩)

ਗੁਰ ਨਾਨਕ ਹੰਦੀ ਮੋਹਰ ਹਥ ਗੁਰ ਅੰਗਦ ਦੀ ਦੋਹੀ ਫਿਰਾਈ॥ (੧-੪੬-੨)

ਅੰਗਦ ਅਲਖ ਅਮੇਉ ਸਹਿਜ ਸਮੋਇਆ॥ (੩-੧੨-੨)

ਗੁਰ ਅੰਗਦ ਗੁਰ ਅੰਗ ਤੇ ਸਚ ਸ਼ਬਦ ਸਮੇਉ॥ (੧੩-੨੫-੨)

ਅਮਰਾ ਪਦ ਗੁਰੁ ਅੰਗਦਹੁੰ ਅਤਿ ਅਲਖ ਅਭੇਉ॥ (੧੩-੨੫-੩)

ਬਾਬਾਣੇ ਗੁਰ ਅੰਗਦੁ ਆਇਆ॥ ੫॥ (੨੪-੫-੭)

ਗੁਰੁ ਅੰਗਦੁ ਗੁਰੁ ਅੰਗੁਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ॥ (੨੪-੮-੧)

ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ॥ (੨੪-੨੫-੨)

ਅਮਰਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ॥ (੨੪-੨੫-੩)

ਗੁਰੁ ਅੰਗਦੁ ਗੁਰੁ ਅੰਗੁ ਤੇ ਗੁਰੁ ਚੇਲਾ ਚੇਲਾ ਗੁਰੁ ਭਾਇਆ॥ (੨੬-੩੪-੨)

ਅਮਰਦਾਸੁ ਗੁਰ ਅੰਗਦਹੁ ਸਤਿਗੁਰੁ ਤੇ ਸਤਿਗੁਰੂ ਸਦਾਇਆ॥ (੨੬-੩੪-੩)

ਗੁਰੁ ਅੰਗਦੁ ਗੁਰੁ ਅੰਗ ਤੇ ਜੋਤੀ ਜੋਤਿ ਸਮੋਈ॥ (੩੮-੨੦-੨)

ਅੰਰਾਪਦੁ ਗੁਰੁ ਅੰਗਦਹੁੰ ਹੁਇ ਜਾਣੁ ਜਣੋਈ॥ (੩੮-੨੦-੩)

ਸਤਿਗੁਰ ਨਾਨਕ ਦੇਉ ਹੈ ਗੁਰੁ ਅੰਗਦੁ ਅੰਗਹੁਂ ਉਪਜਾਇਆ॥ (੩੯-੨-੭)

ਅੰਗਦ ਤੇ ਗੁਰੁ ਅਮਰਪਦ ਅੰਮ੍ਰਿਤ ਰਾਮ ਨਾਮੁ ਗੁਰੁ ਭਾਇਆ॥ (੩੯-੨-੮)

ਅੰਗਦ ਕਉ ਪ੍ਰਭੁ ਅਲਖ ਲਖਾਇਆ॥ (੪੧-੨੧-੨)

ਦੁਤੀਏ ਅੰਗਦ ਹਰਿ ਗੁਣ ਗਾਇਓ॥ (੪੧-੨੧-੪)

ਭਾਈ ਗੁਰਦਾਸ ਜੀ ਦੇ ਹੇਠ ਲਿਖੇ ਇੱਕ ਕਬਿਤ ਵਿੱਚ ਵੀ ਗੁਰੂ ਅੰਗਦ ਸਾਹਿਬ ਦਾ ਜਿਕਰ ਆਇਆ ਹੈ ਤੇ ਉਸ ਵਿੱਚ ਵੀ ਦੇਵ ਦੀ ਵਰਤੋਂ ਨਹੀਂ ਕੀਤੀ ਗਈ ਹੈ।

ਗੁਰ ਅੰਗਦ ਮਿਲਿ ਅੰਗ ਸੰਗ ਮਿਲਿ ਸੰਗ ਉਧਾਰਸ॥ (੩-੬)

ਇਸ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਬਿਤ ਸਪੱਸ਼ਟ ਤੌਰ ਤੇ ਨਿਰਣਾ ਕਰ ਦਿੰਦੇ ਹਨ ਕਿ ਗੁਰੂ ਅੰਗਦ ਸਾਹਿਬ ਦਾ ਨਾਮ, ਕਦੇ ਵੀ ਗੁਰੂ ਅੰਗਦ ਦੇਵ ਕਰਕੇ ਵਰਤੋਂ ਵਿੱਚ ਨਹੀਂ ਸੀ। ਇਹ ਬਾਅਦ ਵਿੱਚ ਪਰਚਲਿਤ ਕੀਤਾ ਗਿਆ ਹੈ। ਇਸ ਲਈ ਇੱਕ ਸਿੱਖ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਗੁਰੂ ਸਾਹਿਬ ਹਮੇਸ਼ਾਂ ਗੁਰੂ ਅੰਗਦ ਸਾਹਿਬ ਕਰਕੇ ਹੀ ਸੰਬੋਧਤ ਕਰੇ।

ਜੇ ਕਰ ਨਾਮ ਦੇ ਨਾਲ ਪਹਿਲਾਂ ਹੀ ਦਾਸ ਹੋਵੇ ਤਾਂ ਉਸ ਦੇ ਨਾਲ ਦਾਸ ਦੇਵ ਲਾ ਕੇ ਪਰਚੱਲਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸੇ ਲਈ ਕਿਸੇ ਨੇ ਵੀ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਦਾ ਨਾਮ ਨਾਲ ਦੇਵ ਲਗਾ ਕੇ ਬਦਲਣ ਦੀ ਕੋਸ਼ਿਸ ਨਹੀਂ ਕੀਤੀ।

ਠੀਕ ਇਸੇ ਤਰ੍ਹਾਂ ਕਿਉਕਿ ਗੁਰੂ ਅਰਜਨ ਸਾਹਿਬ ਦੇ ਨਾਮ ਨਾਲ ਦਾਸ ਆਦਿ ਨਹੀਂ ਸੀ ਇਸ ਲਈ ਉਨ੍ਹਾਂ ਦੇ ਨਾਮ ਨਾਲ ਵੀ ਦੇਵ ਲਾਉਂਣਾ ਪਰਚੱਲਤ ਕਰ ਦਿਤਾ ਗਿਆ। ਭਾਈ ਬਲਵੰਡਿ ਅਤੇ ਸਤੈ ਨੇ ਅਰਜਨ ਨਾਮ ਵਰਤਿਆ ਹੈ ਅਤੇ ਉਸ ਨਾਲ ਦੇਵ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਹੈ।

ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥ (੯੬੮)

ਭੱਟਾਂ ਨੇ ਆਪਣੀ ਰਚਨਾ ਵਿੱਚ ਅਰਜੁਨ ਵਰਤਿਆ ਹੈ ਅਤੇ ਉਸ ਨਾਲ ਦੇਵ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਹੈ। ਹੇਠ ਲਿਖੇ ੧੬ ਸ਼ਬਦ ਇਸ ਦਾ ਪਰਮਾਣ ਹਨ।

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ॥ ੨॥ (੧੪੦੭)

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ॥ ੩॥ (੧੪੦੭)

ਗੁਰਿ ਰਾਮਦਾਸ ਅਰਜੁਨੁ ਵਰ੍ਹਉ ਪਾਰਸੁ ਪਰਸੁ ਪ੍ਰਮਾਣੁ॥ ੪॥ ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ॥ (੧੪੦੭)

ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧਜਾ ਅਰਜੁਨੁ ਹਰਿ ਭਗਤਾ॥ ੬॥ (੧੪੦੭)

ਗੁਰ ਅਰਜੁਨ ਕਲ੍ਹੁਚਰੈ ਤੈ ਰਾਜ ਜੋਗ ਰਸੁ ਜਾਣਿਅਉ॥ ੭॥ (੧੪੦੭, ੧੪੦੮)

ਗੁਰ ਅਰਜੁਨ ਕਲ੍ਹੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ॥ ੮॥ (੧੪੦੮)

ਗੁਰ ਅਰਜੁਨ ਕਲ੍ਹੁਚਰੈ ਤੈ ਜਨਕਹ ਕਲਸੁ ਦੀਪਾਇਅਉ॥ ੯॥ (੧੪੦੮)

ਸੋਰਠੇ॥ ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ॥ ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ॥ ੧॥ (੧੪੦੮)

ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ ੧॥ (੧੪੦੮)

ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ॥ ੨॥ (੧੪੦੮)

ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ

ਰਾਮ ਸਿਉ॥ ੩॥ (੧੪੦੮, ੧੪੦੯)

ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥ ੪॥ (੧੪੦੯)

ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥ ੫॥ (੧੪੦੯)

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥ ੭॥ ੧੯॥ (੧੪੦੯)

ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ॥ (੧੪੦੯)

ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥ ੨॥ ੨੧॥ ੯॥ ੧੧॥ ੧੦॥ ੧੦॥ ੨੨॥ ੬੦॥ ੧੪੩॥ (੧੪੦੯)

ਭੱਟਾਂ ਨੇ ਆਪਣੀ ਰਚਨਾ ਵਿੱਚ ਸਿਰਫ ਇੱਕ ਵਾਰੀ ਅਰਜੁਨ ਦੇਵ ਵਰਤਿਆ ਹੈ ਅਤੇ ਉਨ੍ਹਾਂ ਦਾ ਮੰਤਵ ਗੁਰੂ ਅਰਜਨ ਸਾਹਿਬ ਨੂੰ ਇੱਕ ਅਵਤਾਰ ਜਾਂ ਦੇਵਤੇ ਦੇ ਰੂਪ ਵਿੱਚ ਪੇਸ਼ ਕਰਨਾ ਹੈ, ਜਿਨ੍ਹਾਂ ਸਦਕਾ ਭੱਟਾਂ ਦੇ ਜੀਵਨ ਪ੍ਰਕਾਸ਼ ਆਇਆ। ਇਥੇ ਵੀ ਗੁਰੂ ਅਰਜਨ ਸਾਹਿਬ ਨੂੰ “ਗੁਰ ਨਾਨਕ ਦੇਵ ਗੋਵਿੰਦ ਰੂਪ॥” ਸਾਬਤ ਕਰਨ ਦਾ ਮੰਤਵ ਹੀ ਹੈ।

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥ ਜਪ੍ਹਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥ ੬॥ (੧੪੦੯)

ਬਾਕੀ ਦੇ ਗੁਰੂ ਸਾਹਿਬਾਂ ਦੇ ਨਾਮ ਨਾਲ ਪਹਿਲਾਂ ਹੀ ਗੋਬਿੰਦ (ਗੁਰੂ ਹਰਿਗੋਬਿੰਦ ਸਾਹਿਬ), ਰਾਏ (ਗੁਰੂ ਹਰਿਰਾਏ ਸਾਹਿਬ), ਕ੍ਰਿਸ਼ਨ (ਗੁਰੂ ਹਰਿਕ੍ਰਿਸ਼ਨ ਸਾਹਿਬ), ਬਹਾਦਰ (ਗੁਰੂ ਤੇਗ ਬਹਾਦਰ ਸਾਹਿਬ), ਸਿੰਘ (ਗੁਰੂ ਗੋਬਿੰਦ ਸਿੰਘ ਸਾਹਿਬ) ਸੀ। ਇਸ ਲਈ ਉਸ ਦੇ ਨਾਲ ਦੇਵ ਲਾ ਕੇ ਪਰਚਲਤ ਕਰਨਾ ਅਸੰਭਵ ਸੀ। ਜਿਸ ਕਰਕੇ ਦੇਵ ਲਗਾ ਕੇ ਬਦਲਣ ਦੀ ਕੋਸ਼ਿਸ ਨਹੀਂ ਕੀਤੀ ਗਈ।

ਆਮ ਵਿਅਕਤੀ ਦੇ ਨਾਮ ਦਾ ਜੇ ਕਰ ਇੱਕ ਅੱਖਰ (ਸਪੈਲਿੰਗ) ਵੀ ਬਦਲ ਦਿਤਾ ਜਾਵੇ ਤਾਂ ਉਹ ਬਹੁਤ ਬੁਰਾ ਮਨਾਉਂਦਾ ਹੈ। ਅਸੀਂ ਤਾਂ ਪੂਰੇ ਨਾਮ ਵਿੱਚ ਹੀ ਤਬਦੀਲੀ ਕਰੀ ਜਾ ਰਹੇ ਹਾਂ। ਜੇ ਕਰ ਕੋਈ ਦੂਸਰੇ ਆ ਕੇ ਸਾਡੇ ਧਰਮ ਵਿੱਚ ਬਦਲਾਵ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਵੀ ਅਸੀਂ ਸੁਤੇ ਹੀ ਰਹਿੰਦੇ ਹਾਂ। ਗੁਰੂ ਸਾਹਿਬ ਤਾਂ ਹਮੇਸ਼ਾਂ ਜਾਗਦੇ ਤੇ ਸੁਚੇਤ ਰਹਿਣ ਲਈ ਸਿਖਿਆ ਦਿੰਦੇ ਹਨ।

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ॥ ੧॥ ਰਹਾਉ॥ (੩੪)

ਅਜੇਹਾ ਨਾ ਹੋਵੇ ਕਿ ਅਸੀਂ ਸੁਤੇ ਹੀ ਰਹਿ ਜਾਈਏ। ਸਾਡੇ ਇਤਿਹਾਸ ਵਿੱਚ ਪਹਿਲਾਂ ਹੀ ਬਹੁਤ ਸਾਰੀ ਮਿਲਾਵਟ ਹੋ ਚੁਕੀ ਹੈ। ਕਿਉਕਿ ਸਿੱਖ ਇਤਿਹਾਸ ਲਿਖਣ ਵਾਲੇ ਸਿੱਖ ਨਹੀਂ ਸਨ। ਜੇ ਕਰ ਸਿੱਖ ਇਤਿਹਾਸ ਬਣਾ ਸਕਦੇ ਹਨ, ਤਾਂ ਉਤਨਾਂ ਹੀ ਜਰੂਰੀ ਹੋ ਜਾਂਦਾ ਹੈ ਕਿ ਸਿੱਖ ਆਪਣਾ ਇਤਿਹਾਸ ਆਪ ਪੜ੍ਹਨ ਤੇ ਆਪ ਹੀ ਲਿਖਣ। ਗੁਰੂ ਸਾਹਿਬ ਤਾਂ ਰੋਜਾਨਾ ਆਸਾ ਕੀ ਵਾਰ ਦੇ ਕੀਰਤਨ ਵਿੱਚ “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ੨੦॥ (੪੭੪) “ ਦੀ ਸਿਖਿਆ ਦਿੰਦੇ ਹਨ।

ਇਹ ਸੱਭ ਪ੍ਰਮਾਣ ਇਹੀ ਮਾਰਗ ਦੱਸਦੇ ਹਨ ਕਿ ਸਾਨੂੰ ਹਰੇਕ ਕਾਰਜ ਸੁਚੇਤ ਰਹਿ ਕੇ ਅਤੇ ਗੁਰੂ ਗਰੰਥ ਸਾਹਿਬ ਵਿਚੋਂ ਪੂਰੀ ਤਰ੍ਹਾਂ ਖੋਜ ਕਰਕੇ ਕਰਨਾ ਚਾਹੀਦਾ ਹੈ। ਸਾਡੇ ਕੋਲ ਸਿਰਫ ਗੁਰੂ ਗਰੰਥ ਸਾਹਿਬ ਹੀ ਸਹੀ ਰੂਪ ਵਿੱਚ ਬਚੇ ਹਨ। ਇਸ ਲਈ ਹਰੇਕ ਸਿੱਖ ਦਾ ਫਰਜ਼ ਬਣ ਜਾਂਦਾ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਮਿਲਾਵਟ ਨਾ ਹੋਣ ਦੇਵੇ। ਕੱਚੀ ਬਾਣੀ ਤੋ ਦੂਰ ਰਹੋ, ਸੱਚੀ ਬਾਣੀ ਪੜ੍ਹੋ ਤੇ ਉਸ ਅਨੁਸਾਰ ਜੀਵਨ ਨੂੰ ਢਾਲੋ। ਆਪ ਸੱਚ ਨਾਲ ਜੁੜੋ ਤੇ ਦੂਸਰਿਆਂ ਨੂੰ ਸਹੀ ਜੀਵਨ ਜਾਚ ਲਈ ਪ੍ਰੇਰਨਾ ਕਰੋ। “ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥   ॥ (੩੦੫) “

ਇਸ ਲਈ ਗੁਰੂ ਸਾਹਿਬਾਂ ਨੂੰ ਸੰਬੋਧਨ ਕਰਨ ਸਮੇਂ ਸਤਿਕਾਰ ਨਾਲ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਹੀ ਵਰਤਣਾ ਚਾਹੀਦਾ ਹੈ।

ਇਹ ਸੰਸਾਰ ਉਸ ਅਕਾਲ ਪੁਰਖੁ ਦੇ ਰਹਿਣ ਦੀ ਥਾਂ ਹੈ, ਤੇ ਉਹ ਇਸ ਵਿੱਚ ਵੱਸ ਰਿਹਾ ਹੈ। ਕਈ ਜੀਵਾਂ ਨੂੰ ਉਹ ਆਪਣੇ ਹੁਕਮ ਅਨੁਸਾਰ ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿੱਚ ਡੋਬ ਦਿੰਦਾ ਹੈ। ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿੱਚ ਫਸਾਈ ਰੱਖਦਾ ਹੈ। ਇਹ ਗੱਲ ਵੀ ਦੱਸੀ ਨਹੀਂ ਜਾ ਸਕਦੀ ਕਿ ਅਕਾਲ ਪੁਰਖੁ ਕਿਸ ਨੂੰ ਗੁਰਮਤਿ ਦੇ ਰਸਤੇ ਤੇ ਤੋਰ ਕੇ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ। ਗੁਰਮਤਿ ਦੇ ਰਸਤੇ ਤੇ ਉਹੀ ਵਡਭਾਗੀ ਮਨੁੱਖ ਚਲ ਸਕਦਾ ਹੈ, ਜਿਸ ਨੂੰ ਗੁਰੂ ਦੀ ਬਾਣੀ ਰਾਹੀਂ ਗਿਆਨ ਪ੍ਰਾਪਤ ਹੁੰਦਾ ਹੈ।

ਮਹਲਾ ੨॥ ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ॥ ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ॥ ੩॥ (੪੬੩)

ਇਤਿਹਾਸ ਇੱਕ ਕੁਦਰਤ ਦੀ ਉਹ ਸਚਾਈ ਹੈ। ਜਿਸ ਨੂੰ ਅਸੀਂ ਵੇਖ ਸਕਦੇ ਹਾਂ, ਸੁਣ ਸਕਦੇ ਹਾਂ, ਤੇ ਜੀਵਨ ਦੀ ਸੇਧ ਲਈ ਵਰਤ ਸਕਦੇ ਹਾਂ। ਪਰ ਉਹ ਤਾਂ ਹੀ ਸੰਭਵ ਹੈ ਜੇ ਕਰ ਸਹੀ ਇਤਿਹਾਸ ਜਾਣਿਆ ਤੇ ਸਮਝਿਆ ਜਾਵੇ, ਨਹੀਂ ਤਾਂ ਸੱਚ ਦੇ ਮਾਰਗ ਦਾ, ਨਾ ਤਾਂ ਪਤਾ ਲੱਗੇਗਾ ਤੇ ਨਾ ਹੀ ਉਸ ਉਪਰ ਚਲ ਸਕਾਂਗੇ। ਇਹ ਤਾਂ ਹੀ ਸੰਭਵ ਹੈ ਜੇ ਕਰ ਹੇਠ ਲਿਖੇ ਸਲੋਕ ਨੂੰ ਸਮਝੀਏ ਤੇ ਆਪਣੇ ਜੀਵਨ ਵਿੱਚ ਅਪਨਾਈਏ।

ਮਃ ੧॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥ ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥   ॥ (ਆਸਾ ਕੀ ਵਾਰ ੧੦) (੪੬੮)

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ)

ਆਰ ਐਚ ੧ / ਈ - ੮, ਸੈਕਟਰ - ੮,

ਵਾਸ਼ੀ, ਨਵੀਂ ਮੁੰਬਈ - ੪੦੦੭੦੩.

(Dr. Sarbjit Singh)

RH1 / E-8, Sector-8,

Vashi, Navi Mumbai - 400703.

http://www.geocities.com/sarbjitsingh/

Web = http://www.gurbani.us




.