.

ਯਾਰ, ਜਾਰ, ਜ਼ਾਰ

ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ

ਸਾਡੇ ਪੰਜਾਬੀ ਬੋਲਣ ਵਾਲ਼ਿਆਂ ਵਿਚੋਂ ਜਿਵੇਂ ਉਦਾਰ, ਉਧਾਰ ਤੇ ਹੁਦਾਰ ਚਿਲੇ ਉਚਾਰਣ ਤੇ ਇਹਨਾਂ ਦੇ ਅਰਥਾਂ ਵਿੱਚ ਘੱਟ ਹੀ ਫਰਕ ਕਰਦੇ ਹਨ, ਏਸੇ ਤਰ੍ਹਾਂ ਉਪ੍ਰੋਕਤ ਤਿੰਨਾਂ ਸ਼ਬਦਾਂ ਬਾਰੇ ਵੀ ਆਮ ਤੌਰ ਤੇ ਘੱਟ ਹੀ ਸੁਚੇਤ ਹੁੰਦੇ ਹਾਂ। ਇਹਨਾਂ ਸ਼ਬਦਾਂ ਵਿੱਚ ਆਏ ਅੱਖਰ ਯ, ਜ ਤੇ ਜ਼, ਆਪਣੀ ਆਪਣੀ ਵੱਖਰੀ ਆਵਾਜ਼ ਤੇ ਜੁਦਾ ਜੁਦਾ ਅਰਥ ਰੱਖਦੇ ਹਨ। ਅਸੀਂ ਪੰਜਾਬੀ ਬੋਲਣ ਵਾਲ਼ੇ ਆਮ ਤੌਰ ਤੇ ਇਹਨਾਂ ਦੇ ਉਚਾਰਣ ਤੇ ਅਰਥਾਂ ਵੱਲੋਂ ਬੇਧਿਆਨੇ ਜਿਹੇ ਇਹਨਾਂ ਦੀ ਵਰਤੋਂ ਕਰਦੇ ਹਾਂ। ਕਾਰਨ ਇਸਦਾ ਇਹ ਹੈ ਪੰਜਾਬੀ ਬੋਲੀ ਦੀ ਬੋਲ ਚਾਲ ਵਿੱਚ ਇਹਨਾਂ ਦੇ ਉਚਾਰਣ ਭੇਦ ਦਾ ਬਹੁਤਾ ਫਰਕ ਨਹੀ ਸਮਝਿਆ ਜਾਂਦਾ।

ਇਹਨਾਂ ਤਿੰਨਾਂ ਦੇ ਅਰਥ ਤੇ ਉਚਾਰਣ ਬਿਲਕੁਲ ਅਲੱਗ ਅਲੱਗ ਹਨ। ਯਾਰ ਦਾ ਅਰਥ ਹੈ: ਮਿੱਤਰ, ਪਿਆਰਾ, ਸਨੇਹੀ, ਭੇਤੀ, ਮਹਿਰਮ, ਸੁਹਿਰਦ, ਹਿਤਾਇਸ਼ੀ, ਸ਼ੁਭਚਿੰਤਕ, ਜਿਸ ਨਾਲ਼ ਸਾਡਾ ਬਹੁਤ ਹੀ ਮੇਲ਼ ਜੋਲ਼ ਤੇ ਸਨੇਹ ਹੋਵੇ। ਜਿਸ ਨਾਲ਼ ਅਸੀਂ ਆਪਣੇ ਦਿਲ ਦੀ ਵੇਦਨਾ ਸਾਂਝੀ ਕਰ ਸਕੀਏ ਤੇ ਸਮੇ ਸਿਰ ਲੋੜ ਪੈਣ ਤੇ ਉਸ ਤੋਂ, ਆਪਣੀ ਲੋੜ ਤੇ ਉਸਦੀ ਸਮਰੱਥਾ ਅਨੁਸਾਰ, ਹਰ ਪ੍ਰਕਾਰ ਦੀ ਸਹਾਇਤਾ ਦੀ ਆਸ ਰੱਖ ਸਕੀਏ ਤੇ ਆਪ ਵੀ ਉਸ ਲਈ ਐਸਾ ਕਰਨ ਦੀ ਚਾਹਨਾ ਰੱਖਦੇ ਹੋਈਏ। ਅਜਿਹੇ ਯਾਰਾਂ ਦੀਆਂ ਇਤਿਹਾਸ ਵਿੱਚ ਬਹੁਤ ਸਾਰੀਆਂ ਮਿਸਾਲਾਂ ਮਿਲ਼ਦੀਆ ਹਨ। ਕ੍ਰਿਸ਼ਨ ਤੇ ਸੁਦਾਮੇ ਦੀ ਸਾਖੀ, ਅਰਜਨ ਤੇ ਕ੍ਰਿਸ਼ਨ ਦੀ ਕਥਾ, ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਤੇ ਉਹਨਾਂ ਦੇ ਸਾਂਢੂ, ਭਾਈ ਸਾਈਂ ਦਾਸ, ਦਾ ਇਤਿਹਾਸ; ਕੁੱਝ ਕੁ ਉਦਾਹਰਣ ਸਰੂਪ ਇਤਿਹਾਸਕ ਗਾਥਾਵਾਂ ਹਨ। ਪੰਜਾਬੀ ਸੁਭਾ ਵਿੱਚ ਇਹ ਜਜ਼ਬਾ ਅਤੀ ਪ੍ਰੇਰਨਾਤਮਿਕ ਹੈ ਕਿ ਕਈ ਵਾਰੀਂ ਅਸੀਂ ਬਾਕੀ ਸਾਰੇ ਸਾਕਾਂ ਦੀ ਉਲੰਘਣਾ ਕਰਕੇ ਵੀ ਆਪਣੇ ਯਾਰ ਵਾਸਤੇ ਸਭ ਕੁੱਝ ਨਿਛਾਵਰ ਕਰਨ ਲਈ ਤਿਆਰ ਹੋ ਜਾਂਦੇ ਹਾਂ। ਇਹ ਵੀ ਮੁਹਾਵਰਾ ਪੰਜਾਬੀ ਵਿੱਚ ਆਮ ਹੀ ਬੋਲਿਆ ਜਾਂਦਾ ਹੈ, “ਯਾਰ ਦੀ ਯਾਰੀ ਵੱਲ ਜਾਣਾ ਹੈ, ਉਸ ਦੇ ਅਉਗੁਣਾਂ ਵੱਲ ਨਹੀ।” ਸੱਚੇ ਮਿਤਰ ਦੀ ਪਰਖ ਵੀ ਲੋੜ ਪੈਣ ਸਮੇ ਹੀ ਹੁੰਦੀ ਹੈ। ਹਿੰਦ ਦੀ ਚਾਦਰ, ਸਾਹਿਬ ਸ੍ਰੀ ਤੇਗ ਬਹਾਦਰ ਜੀ ਦਾ ਫੁਰਮਾਨ ਹੈ:

ਸੁਖ ਮੈ ਆਨਿ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ॥

ਬਿਪਤਿ ਪਰੀ ਸਭ ਹੀ ਸੰਗ ਛਾਡਤ ਕੋਊ ਨ ਆਵਤ ਨੇਰੈ॥ (੬੩੪)

ਇਸਦਾ ਸਰਲੀਕਰਣ ਕਿਸੇ ਕਵੀ ਨੇ ਇਸ ਤਰ੍ਹਾਂ ਕੀਤਾ ਹੈ:

ਵਿਚ ਸੁਖਾਂ ਦੇ ਸਾਰੀ ਦੁਨੀਆਂ ਨੇੜੇ ਢੁਕ ਢੁਕ ਬਹਿੰਦੀ।

ਪਰਖੇ ਜਾਣ ਮਿੱਤਰ ਉਸ ਵੇਲ਼ੇ ਜਦ ਬਾਜੀ ਪੁਠੀ ਪੈਂਦੀ।

ਸ਼ਿਬਲੀ ਦੀ ਕਥਾ ਤਾਂ ਆਪਾਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ। ਮਨਸੂਰ ਨੂੰ ਸਮੇ ਦੇ ਹਾਕਮ ਨੇ ਸੰਗਸਾਰ ਕਰਨ ਦੀ ਸਜਾ ਦਿਤੀ। ਅਰਥਾਤ ਜਨਤਾ ਇਸਨੂੰ ਪੱਥਰ ਮਾਰੇ। ਜਦੋਂ ਉਸਨੂੰ ਕੋਈ ਪਥਰ ਮਾਰਦਾ ਸੀ ਤਾਂ ਉਹ ਹਾਲ ਪਾਹਰਿਆ ਕਰਨ ਦੀ ਬਜਾਇ ਅੱਗੋਂ ਮੁਸਕਰਾਉਂਦਾ ਸੀ। ਉਸਦੇ ਮਿੱਤਰ ਸ਼ਿਬਲੀ ਸਾਹਮਣੇ ਦੁਬਿਧਾ ਖੜ੍ਹੀ ਹੋ ਗਈ। ਇੱਕ ਪਾਸੇ ਨਿਰਦੋਸ਼ ਮਿੱਤਰ ਹੈ ਤੇ ਦੂਜੇ ਪਾਸੇ ਸ਼ਰ੍ਹਾ ਤੇ ਸਮੇ ਦੀ ਹਕੂਮਤ। ਉਹ ਕਰੇ ਤਾਂ ਕੀ ਕਰੇ! ਅਖੀਰ ਡੂੰਘੀ ਸੋਚ ਉਪ੍ਰੰਤ ਉਸਨੇ ਇਸਦਾ ਇੱਕ ਹੱਲ ਕਢਿਆ। “ਖ਼ੁਸ਼ ਰਹੇ ਬਾਗ਼ਬਾਨ ਔਰ ਰਾਜੀ ਰਹੇ ਸਯਾਦ ਭੀ।” ਦੇ ਅਖਾਣ ਵਾਂਗ ਉਸਨੇ ਪਥਰ ਦੀ ਥਾਂ ਮਨਸੂਰ ਨੂੰ ਫੁੱਲ ਮਾਰਿਆ ਤਾਂ ਮਨਸੂਰ ਉਚੀ ਉਚੀ ਕੁਰਲਾ ਉਠਿਆ। ਹੈਰਾਨ ਹੋਇਆ ਸ਼ਿਬਲੀ ਪੁੱਛਦਾ ਹੈ, “ਇਹ ਕੀ? ਲੋਕਾਂ ਦੇ ਪੱਥਰ ਖਾ ਕੇ ਤਾਂ ਤੂੰ ਮੁਕਰਾ ਰਿਹਾ ਹੈਂ ਤੇ ਮੇਰੇ ਫੁੱਲ ਨਾਲ਼ ਤੈਨੂੰ ਏਨੀ ਸੱਟ ਲੱਗੀ ਹੈ!” ਮਨਸੂਰ ਨੇ ਜਵਾਬ ਵਿੱਚ ਆਖਿਆ, “ਗੱਲ ਫੁੱਲ ਤੇ ਪਥਰ ਦੀ ਨਹੀ ਦੋਸਤ; ਗੱਲ ਦੋਸਤੀ ਦੀ ਹੈ। ਤੂੰ ਮੇਰਾ ਮਿੱਤਰ ਵੀ ਸੀ ਤੇ ਇਹ ਵੀ ਜਾਣਦਾ ਸੀ ਕਿ ਮੈ ਨਿਰਦੋਸ ਸਜਾ ਦਾ ਭਾਗੀ ਬਣਾਇਆ ਜਾ ਰਿਹਾ ਹਾਂ। ਇਸ ਲਈ ਤੈਨੂੰ ਤਾਂ ਮੇਰਾ ਸਾਥ ਦੇਣਾ ਚਾਹੀਦਾ ਸੀ! ਇਸ ਗੱਲ ਦਾ ਮੈਨੂੰ ਦੁੱਖ ਹੈ ਕਿ ਮੇਰਾ ਮਿੱਤਰ ਵੀ ਮੇਰਾ ਸਾਥ ਨਾ ਦੇ ਸੱਕਿਆ।” ਠੀਕ ਹੈ; ਬਿਪਤਾ ਦੇ ਹਨੇਰੇ ਵਿੱਚ ਮਨੁਖ ਦਾ ਪਰਛਾਵਾਂ ਵੀ ਉਸਦਾ ਸਾਥ ਛੱਡ ਜਾਂਦਾ ਹੈ।

ਕਿਸੇ ਕਵੀ ਨੇ ਇਸ ਪ੍ਰਥਾਇ ਕਿੰਨਾ ਸੋਹਣਾ ਆਖਿਆ ਹੈ:

ਲੋਕਾਂ ਦੇ ਪਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ।

ਸੱਜਣਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ।

ਕਿਸੇ ਸਿਆਣੇ ਨੇ ਇਉਂ ਵੀ ਆਖਿਆ ਹੈ: ਮਿੱਤਰ ਦਾ ਮਿਲਣ ਤੇ ਆਦਰ, ਪਿਠ ਤੇ ਪ੍ਰਸੰਸਾ, ਤੇ ਲੋੜ ਪੈਣ ਤੇ ਸਹਾਇਤਾ ਕਰਨੀ ਚਾਹੀਦੀ ਹੈ।

ਰਾਗ ਰਾਮਕਲੀ ਵਿਚ, ਸੁੰਦਰ ਜੀ ਦੁਆਰਾ ਉਚਾਰੀ ਗਈ ਗੁਰਬਾਣੀ ‘ਸਦੁ’ ਵਿੱਚ ਮਿੱਤਰ ਦਾ ਇਹ ਵੀ ਗੁਣ ਦੱਸਿਆ ਗਿਆ ਹੈ:

ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ॥ (੯੨੩)

ਅਰਥਾਤ ਮਿੱਤਰ ਨੂੰ ਚੰਗਾ ਖਾਂਦਾ, ਚੰਗਾ ਪਹਿਨਦਾ ਤੇ ਉਸਦੀ ਸਮਾਜ, ਪਰਵਾਰ ਵਿੱਚ ਚੰਗੀ ਇਜ਼ਤ ਹੁੰਦੀ ਵੇਖ ਕੇ, ਸੱਚੇ ਮਿੱਤਰ ਨੂੰ ਪ੍ਰਸੰਨਤਾ ਹੁੰਦੀ ਹੈ।

ਮਿੱਤਰਤਾ ਬਣਾਉਣ ਤੇ ਉਸਨੂੰ ਕਾਇਮ ਰੱਖਣ ਲਈ ਵੀ ਗੁਰੂ ਨਾਨਕ ਪਾਤਿਸ਼ਾਹ ਫੁਰਮਾਉਂਦੇ ਹਨ:

ਗੰਢੁ ਪਰੀਤੀ ਮਿਠੇ ਬੋਲ॥ (੧੪੩)

ਅਰਥਾਤ ਮਿੱਤਰਾਂ ਨਾਲ਼ ਮਿਤੱਰਤਾ ਨੂੰ ਕਾਇਮ ਰੱਖਣ ਲਈ ਵੀ ਮਿਠੇ ਬਚਨ ਹੀ ਬੋਲਣੇ ਚਾਹੀਦੇ ਹਨ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰੱਬ ਨੂੰ ਵੀ ਆਪਣਾ ਯਾਰ ਕਲਪ ਕੇ ਉਸ ਅੱਗੇ ਬੇਨਤੀ ਇਉਂ ਕੀਤੀ ਹੈ:

ਸੁਣਿ ਯਾਰ ਹਮਾਰੇ ਸਜਣ ਇੱਕ ਕਰਉ ਬੇਨੰਤੀਆ॥

ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ॥ (੭੦੩)

ਅਰਥਾਤ ਜਿਥੇ ਰੱਬ ਨੂੰ ਗੁਰਬਾਣੀ ਵਿਚ, ਪਿਤਾ, ਪਤੀ, ਭਰਾ, ਸਖਾ, ਬੰਧੁਪ, ਸਤਿਗੁਰੂ ਆਦਿ ਦੇ ਰਿਸ਼ਤਿਆਂ ਦੇ ਰੂਪ ਵਿੱਚ ਚਿਤਵਿਆ ਹੈ ਓਥੇ ਯਾਰ ਰੂਪ ਵਿੱਚ ਵੀ ਸੰਬੋਧਨ ਕੀਤਾ ਹੈ। ਇਸ ਤੋਂ ਇਉਂ ਭਾਸਦਾ ਹੈ ਕਿ ‘ਯਾਰ’ ਵੀ ਇੱਕ ਪਰਮ ਪਵਿੱਤਰ ਰਿਸ਼ਤਾ ਹੈ।

ਇਸ ਤੋਂ ਉਲ਼ਟ, ਗੁਰਬਾਣੀ ਵਿੱਚ ‘ਜ’ ਨਾਲ਼ ਲਿਖੇ ਜਾਣ ਵਾਲ਼ੇ ‘ਜਾਰ’ ਵਾਲ਼ੇ ਰਿਸ਼ਤੇ ਨੂੰ ਨਿਖੇਧਿਆ ਹੈ। ਇਸਦਾ ਮਤਲਬ ਹੈ ਨਾਜਾਇਜ ਸਬੰਧ। ਜਿਵੇਂ ਕਿ ਆਪਣੀ ਵਿਆਹੁਤਾ ਪਤਨੀ ਜਾਂ ਪਤੀ ਤੋਂ ਬਿਨਾ ਕਿਸੇ ਹੋਰ ਵਿਅਕਤੀ ਨਾਲ਼ ਸਰੀਰਕ ਸਬੰਧ ਜੋੜਨੇ। ਇਹਨਾਂ ਸਬੰਧਾਂ ਨੂੰ ਗੁਰਬਾਣੀ ਵਿੱਚ ਮੰਦ ਕਰਮ ਆਖਿਆ ਗਿਆ ਹੈ। ਬਲਕਿ ਸੁਖਮਨੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਏਥੋਂ ਤੱਕ ਆਖਦੇ ਹਨ ਕਿ ਪਰਾਏ ਰੂਪ ਨੂੰ ਤੱਕਣਾ ਵੀ ਨਹੀ ਚਾਹੀਦਾ। ਗੁਰੂ ਜੀ ਦਾ ਭਾਵ ਮੰਦੀ ਨਿਗਾਹ ਨਾਲ਼ ਤੱਕਣ ਤੋਂ ਹੈ। ਫੁਰਮਾਨ ਹੈ:

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ॥ (੨੭੪)

ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਤਾਂ ਸੌਖੀ ਸਮਝ ਆਉਣ ਵਾਲ਼ੀ ਭਾਸ਼ਾ ਵਿੱਚ ਇਉਂ ਆਖਦੇ ਹਨ:

ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ॥

ਪਹਿਲੇ ਸਤਿਗੁਰੂ ਜੀ ਆਖਦੇ ਹਨ:

ਚੋਰ ਜਾਰ ਜੂਆਰ ਪੀੜੇ ਘਾਣੀਐ॥ (੧੨੮੮)

ਭਾਵ ਕਿ ਚੋਰ, ਜਾਰ ਤੇ ਜੁਆਰੀ ਰੱਬ ਦੀ ਦਰਗਾਹ ਵਿੱਚ ਸਜਾ ਦੇ ਭਾਗੀ ਬਣਨਗੇ।

ਤੀਜਾ ਸ਼ਬਦ ਹੈ ਜ਼ਾਰ। ਇਹ ਪੁਰਾਣੇ ਰੂਸ ਦੇ ਹਾਕਮਾਂ ਵਾਸਤੇ ਵਰਤਿਆ ਜਾਂਦਾ ਸੀ। ਭਾਵ ਹੈ ਕਿ ਜਿਸ ਤਰ੍ਹਾਂ ਅਸੀਂ ਰਾਜਾ, ਮਹਾਰਾਜਾ, ਸ਼ਹਿਨਸ਼ਾਹ, ਬਾਦਸ਼ਾਹ ਆਦਿ ਆਪਣੇ ਹੁਕਮਰਾਨਾਂ ਵਾਸਤੇ ਵਰਤਦੇ ਸਾਂ/ਹਾਂ। ਏਸੇ ਤਰ੍ਹਾਂ ਪੁਰਾਣੇ ਰੂਸ ਦੀ ਸਲਤਨਤ ਦੇ ਮਾਲਕ ਨੁੰ ਜ਼ਾਰ Czar ਆਖਿਆ ਜਾਂਦਾ ਸੀ। ੧੯੧੭ ਵਿੱਚ ਜ਼ਾਰ ਨੂੰ, ਲੈਨਿਨ ਦੀ ਅਗਵਾਈ ਹੇਠ ਕਮਿਊਨਿਸਟਾਂ ਨੇ ਗੱਦੀਉਂ ਲਾਹ ਕੇ, ਸਾਇਬੇਰੀਆ ਇਲਾਕੇ ਅੰਦਰ, ਕੈਦ ਵਿੱਚ ਰੱਖ ਕੇ ਅਪਮਾਨਤ ਕਰਕੇ, ਸਮੇਤ ਪਰਵਾਰ ਮਾਰ ਦਿਤਾ ਸੀ।

(੧੦. ੬. ੨੦੦੭)




.