.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 04)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਦੰਦਾਂ-ਦਾੜ੍ਹਾਂ ਵਾਲੀ ਦਾਤ ਅਤੇ ਮਾਸ ਦੇ ਭੋਜਨ- ਜੇਕਰ ਕਾਦਿਰ ਦੀ ਕਰਣੀ `ਚੋਂ ਦੰਦਾਂ-ਦਾੜ੍ਹਾਂ ਵਾਲੀ ਖੇਡ ਅਤੇ ਮਾਸ ਵਾਲੇ ਭੋਜਨ ਵਾਲੀ ਖੇਡ ਨੂੰ ਮਿਲਾਕੇ ਦੇਖਿਆ ਜਾਵੇ ਤਾਂ ਸੰਬੰਧਤ ਵਿਸ਼ੇ ਨੂੰ ਸਮਝਣ `ਚ ਉਕਾ ਦੇਰ ਨਹੀਂ ਲਗਦੀ। ਕਰਤੇ ਦੀ ਬੇਅੰਤ ਰਚਨਾ `ਚ ਭੋਜਨ ਦੇ ਇਸ ਵਿਸ਼ੇ ਨੂੰ ਲੈ ਕੇ, ਸੰਸਾਰ `ਚ ਮੋਟੇ ਤੌਰ ਤੇ ਤਿੰਨ ਤਰ੍ਹਾਂ ਦੀਆਂ ਸ਼੍ਰੇਣੀਆਂ ਮਿਲਦੀਆਂ ਹਨ। ਪਹਿਲਾ-ਉਹ ਜੀਵ ਜੋ ਕੇਵਲ ਘਾਸ, ਫੂਸ ਤੇ ਪਤੇ ਆਦਿ ਖਾ ਸਕਦੇ ਹਨ ਅਤੇ ਮਾਸ ਵਾਲਾ ਭੋਜਨ ਕਰ ਹੀ ਨਹੀਂ ਸਕਦੇ। ਦੂਜੇ ਉਹ-ਜੋ ਕੇਵਲ ਮਾਸ ਵਾਲਾ ਭੋਜਨ ਕਰ ਸਕਦੇ ਹਨ। ਭਾਵ ਘਾਸ, ਫੂਸ, ਪਤੇ, ਹਰੀ ਸਬਜ਼ੀਆਂ ਆਦਿ ਖਾ ਹੀ ਨਹੀਂ ਸਕਦੇ। ਤੀਜੇ ਹਨ-ਜੋ ਮਾਸ ਅਤੇ ਘਾਸ, ਫ਼ੂਸ, ਪਤੇ, ਹਰੀ ਸਬਜ਼ੀਆਂ ਆਦਿ ਦੋਵੇਂ ਤਰ੍ਹਾਂ ਦੇ ਭੋਜਨ ਆਸਾਨੀ ਨਾਲ ਕਰ ਲੈਂਦੇ ਹਨ।

ਪਹਿਲੀ ਸ਼੍ਰੇਣੀ `ਚ ਆਉਂਦੇ ਹਨ ਹਾਥੀ, ਘੋੜਾ, ਦਰਿਆਈ ਘੋੜਾ, ਬੱਕਰੀ ਆਦਿ। ਅਜੇਹੇ ਜਾਨਵਰਾਂ ਸਾਹਮਣੇ ਜੇਕਰ ਉਨ੍ਹਾਂ ਦੇ ਕੁਦਰਤੀ ਭੋਜਨ ਦੀ ਬਜਾਏ ਮਾਸ ਜਾਂ ਮਾਸ ਦੇ ਭੋਜਨ ਰਖ ਦਿਤੇ ਜਾਣ ਤਾਂ ਭੁੱਖੇ ਮਰ ਜਾਣਗੇ ਪਰ ਮਾਸ ਨਹੀਂ ਛੱਕਣਗੇ। ਇਸਤੋਂ ਬਾਦ ਦੂਜੀ ਕੈਟੇਗਰੀ `ਚ ਆਉਂਦੇ ਹਨ ਸ਼ੇਰ, ਚੀਤਾ, ਬਘਿਆੜ ਆਦਿ। ਅਜੇਹੇ ਜੀਵਾਂ ਸਾਹਮਣੇ ਘਾਸ, ਫੂਸ, ਅਨਾਜ, ਪਤੇ ਰਖ ਦਿਉ; ਭੁਖੇ ਮਰ ਜਾਣਗੇ ਪਰ ਮਾਸ ਤੋਂ ਬਿਨਾ ਕੁੱਝ ਨਹੀਂ ਖਾਣਗੇ। ਇਸੇ ਤਰ੍ਹਾਂ ਤੀਜੀ ਕੈਟੇਗਰੀ ਹੈ ਜੋ ਘਾਹ, ਪਤੇ, ਅਨਾਜ ਵੀ ਖਾਂਦੇ ਹਨ ਅਤੇ ਮਾਸ `ਤੇ ਮਾਸ ਦੇ ਭੋਜਨ ਵੀ। ਕੁੱਤੇ, ਬਿਲੀਆਂ ਆਦਿ ਇਸ ਸ਼੍ਰੇਣੀ `ਚ ਆਉਂਦੇ ਹਨ। ਇਸ ਸੱਚਾਈ ਨੂੰ ਸਮਝਣ ਲਈ ਇਨ੍ਹਾਂ ਤਿੰਨਾਂ ਨੂੰ ਕਰਤੇ ਨੇ ਜੋ ਦੰਦਾਂ-ਜੱਬਾੜੇ ਦੀ ਬਨਾਵਟ ਬਖਸ਼ੀ ਹੈ, ਉਸਨੂੰ ਦੰਦਾਂ ਦੇ ਡਾਕਟਰ ਪਖੋਂ ਘੋਖਣ ਦੀ ਲੋੜ ਹੈ। ਇਥੇ ਜੋ ਇਲਾਹੀ ਕਾਨੂੰਨ ਕੰਮ ਕਰ ਰਿਹਾ ਹੈ ਉਹ ਵੀ ਕਮਾਲ ਦਾ ਹੈ।

ਜੋ ਜੀਵ ਕੇਵਲ ਮਾਸ ਖਾ ਸਕਦੇ ਹਨ, ਹਰੀ ਸਬਜ਼ੀਆਂ ਆਦਿ ਨਹੀਂ। ਉਨ੍ਹਾਂ ਦੇ ਜੱਬਾੜੇ `ਚ ਦੰਦ ਨਹੀਂ ਕੇਵਲ ਦਾੜ੍ਹਾਂ ਹੀ ਹੁੰਦੀਆਂ ਹਨ, ਇਹ ਵੱਖਰੀ ਗਲ ਹੈ ਕਿ ਉਨ੍ਹਾਂ ਦੀ ਰੱਬੋਂ ਮਿੱਥੀ ਖੁਰਾਕ ਮੁਤਾਬਕ ਉਨ੍ਹਾਂ ਦੇ ਜੱਬਾੜੇ ਵੀ ਲੋੜ ‘ਅਨੁਸਾਰ ਭਾਰੇ-ਹਲਕੇ, ਵੱਡੇ-ਛੋਟੇ ਹੋਣਗੇ। ਦੂਜੇ ਜੋ ਮਾਸ ਖਾ ਹੀ ਨਹੀਂ ਸਕਦੇ, ਉਨ੍ਹਾਂ ਦੇ ਜੱਬਾੜੇ `ਚ ਕੇਵਲ ਦੰਦ ਹੁੰਦੇ ਹਨ, ਦਾੜ੍ਹਾ ਹੁੰਦੀਆਂ ਹੀ ਨਹੀਂ। ਤੀਜੀ ਕੈਟੇਗਰੀ ਹੈ ਕੁੱਤੇ-ਬਿਲੀਆਂ ਆਦਿ ਜੋ ਦੋਵੇਂ ਤਰ੍ਹਾਂ ਦੇ ਭੋਜਨ ਕਰ ਸਕਦੀਆਂ ਹਨ। ਮਾਸ ਵਾਲੇ ਭੋਜਨ ਵੀ ਅਤੇ ਹਰੀ ਸਬਜ਼ੀਆਂ ਪਤੇ ਵੀ, ਉਨ੍ਹਾਂ ਦੇ ਜੱਬਾੜੇ `ਚ ਕਰਤੇ ਨੇ ਦੰਦ ਵੀ ਦਿੱਤੇ ਹਨ `ਤੇ ਦਾੜ੍ਹਾਂ ਵੀ।

ਕਾਦਿਰ ਦੀ ਕਰਨੀ `ਚ ਉਸਦੀ ਇਸ ਕੁੱਦਰਤੀ ਦੇਣ ਪਖੋਂ ਦੇਖਿਆ ਜਾਵੇ ਤਾਂ ਇਸ ਰੱਬੀ ਸੱਚਾਈ ਨੂੰ ਸਮਝਦੇ ਦੇਰ ਨਹੀਂ ਲਗਦੀ। ਅਪਣੇ ਆਪ ਸਾਫ਼ ਹੋ ਜਾਂਦਾ ਹੈ ਕਿ ਮਾਸ, ਮਨੁੱਖੀ ਭੋਜਨ ਦਾ ਹਿੱਸਾ ਹੈ ਕਿਉਂਕਿ ਮਨੁੱਖ ਨੂੰ ਕਰਤੇ ਵਲੋਂ ਦੰਦ ਵੀ ਮਿਲੇ ਹਨ ਅਤੇ ਦਾੜ੍ਹਾਂ ਵੀ। ਜੇਕਰ ਕੁੱਦਰਤ ਦੀ ਇਸ ਦਾਤ ਨੂੰ ਇਸ ਆਧਾਰ ਤੇ ਇਮਾਨਦਾਰੀ ਨਾਲ ਦੇਖਿਆ ਜਾਵੇ ਤਾਂ ਇਹ ਝਗੜਾ ਰਹਿ ਹੀ ਨਹੀਂ ਜਾਂਦਾ ਕਿ ਮਨੁੱਖ ਨੇ ਮਾਸ ਖਾਣਾ ਹੈ ਜਾਂ ਨਹੀਂ ਖਾਣਾ। ਇਸਤੋਂ ਬਾਦ, ਇਸ ਵਿਸ਼ੇ ਤੇ ਇਹੀ ਗਲ ਬਾਕੀ ਰਹਿ ਜਾਂਦੀ ਹੈ, ਉਹ ਹੈ ਸਾਡੀ ਪਸੰਦ, ਜ਼ਰੂਰਤ ਤੇ ਇੱਛਾ ਅਤੇ ਸਾਡੇ ਸਰੀਰ ਦੀ ਲੋੜ। ਇਹੀ ਉਹ ਗਲ ਹੈ ਜਿਸ ਲਈ ਗੁਰਬਾਣੀ ਅਤੇ ‘ਸਿੱਖ ਰਹਿਤ ਮਰਿਆਦਾ’ ਦੋਨਾ ਨੇ ਸਾਨੂੰ ਇਸ ਬਾਰੇ ਖੁੱਲ ਦਿੱਤੀ ਹੈ, ਤਾਂ ਫ਼ਿਰ ਝਗੜਾ ਕਾਹਦਾ? ਕਿਸੇ ਨਾ ਛੱਕਣ ਵਾਲੇ ਨੂੰ ਛੱਕਣ ਲਈ ਮਜਬੂਰ ਨਹੀਂ ਕੀਤਾ ਕਿ ਜ਼ਰੂਰ ਛੱਕੇ ਅਤੇ ਨਾ ਹੀ ਛੱਕਣ ਵਾਲੇ ਤੇ ਉਲ੍ਹਾਮਾ ਰਹਿ ਜਾਂਦਾ ਹੈ ਕਿ ਉਹ ਮਾਸ ਕਿਉਂ ਛੱਕਦਾ ਹੈ। ਫ਼ਿਰ ਵੀ ਜੇਕਰ ਖਿੱਚਾਤਾਣੀ ਬਣੀ ਰਹਿੰਦੀ ਹੈ ਤਾਂ ਇਸਨੂੰ ਸਾਡੀ ਹੱਠ-ਧਰਮੀ ਜਾਂ ‘ਮੈਂ ਨਾ ਮਾਨੂ’ ਵਾਲੀ ਬਿਰਤੀ ਹੀ ਕਹਿਣਾ ਪਵੇਗਾ, ਜਿਸਦਾ ਕਿਸੇ ਕੋਲ ਕੋਈ ਤੋੜ ਨਹੀਂ। ਸਪੱਸ਼ਟ ਹੈ, ਜੇਕਰ ਬੱਕਰੀ, ਹਾਥੀ, ਦਰਿਆਈ ਘੋੜੇ ਆਦਿ ਵਾਂਙ, ਮਾਸ ਮਨੁੱਖੀ ਭੋਜਨ ਨਾ ਹੁੰਦਾ ਤਾਂ ਅਕਾਲਪੁਰਖੁ ਇਸਨੂੰ ਵੀ ਉਨ੍ਹਾਂ ਵਾਂਙ ਨਿਰੇ ਦੰਦ ਹੀ ਦੇਣੇ ਸਨ, ਦਾੜ੍ਹਾਂ ਦੇਣੀਆਂ ਹੀ ਨਹੀਂ ਸਨ।

ਮਾਸ ਭੋਜਨ ਦਾ ਵਿਸ਼ਾ ਹੈ ਧਰਮ ਦਾ ਨਹੀਂ- ਕੁੱਦਰਤ ਵਲੋਂ ਭੋਜਨ ਦੇ ਨੀਯਮ ਦੀ ਸੀਮਾਂ ਦੰਦਾਂ ਤੀਕ ਵੀ ਨਹੀਂ, ਇਸਤੋਂ ਅਗੇ ਸਰੀਰ ਦੀ ਪਾਚਨ ਸ਼ਕਤੀ ਦੀ ਗਲ ਤਾਂ ਹੋਰ ਵੀ ਵੱਧ ਮਹੱਤਵ ਰਖਦੀ ਹੈ। ਜੀਵ ਦੀ ਪਾਚਣ ਸ਼ਕਤੀ ਵੀ ਕਾਦਿਰ ਨੇ ਹੀ ਘੜੀ ਹੈ, ਮਨੁੱਖ ਨੇ ਨਹੀਂ। ਇਸ ਪਖੋਂ ਵੀ ਇਸ ਰੱਬੀ ਸੱਚਾਈ ਨੂੰ ਸਮਝਣ ਦੀ ਵੱਡੀ ਲੋੜ ਹੈ। ਮਾਸ ਜੇਕਰ ਮਨੁੱਖੀ ਭੋਜਨ ਨਾ ਹੁੰਦਾ ਤਾਂ ਮਨੁੱਖ ਦਾ ਮੇਦਾ (ਪਾਚਣ ਸ਼ੱਕਤੀ) ਇਸਨੂੰ ਕਦੇ ਪ੍ਰਵਾਣ ਨਾ ਕਰਦਾ। ਜਦਕਿ ਉਥੋਂ ਵੀ ਇਹੀ ਸੱਚਾਈ ਪ੍ਰਗਟ ਹੋ ਜਾਂਦੀ ਹੈ ਕਿ ਮਾਸ ਬਿਨਾ ਸ਼ੱਕ ਮਨੁੱਖੀ ਭੋਜਨ ਹੈ ਅਤੇ ਇਸ ਵਿਸ਼ੇ ਤੇ ਵਾਧੂ ਦਾ ਝੱਗੜਾ, ਛੇੜ-ਛਾੜ ਜਾਂ ਖੱਪ-ਖਾਣਾ ਇਲਾਹੀ ਕਾਨੂੰਨ ਦੇ ਵਿਰੁਧ ਅਤੇ ਕਰਤੇ ਦੀ ਦੇਣ ਉਪਰ ਕਿੰਤੂ-ਪ੍ਰੰਤੂ ਕਰਣ ਤੁੱਲ ਹੈ। ਫ਼ਿਰ ਵੀ ਸੰਸਾਰਿਕ, ਸਾਮਾਜਿਕ ਅਤੇ ਧਾਰਮਿਕ ਪੱਧਰ ਤੇ ਗਲ ਉਹੀ ਹੈ ਕਿ ਕੋਈ ਖਾਵੇ ਜਾਂ ਨਾ ਖਾਵੇ, ਇਹ ਖਾਣ ਵਾਲੇ ਦੀ ਪਸੰਦ, ਇੱਛਾ, ਸੇਹਤ ਜਾਂ ਸਰੀਰ ਦੀ ਲੋੜ ਦਾ ਵਿਸ਼ਾ ਹੈ। ਇਸਤਰ੍ਹਾਂ ਦੰਦਾ ਦੀ ਬਨਾਵਟ ਪਖੋਂ ਲਵੋ ਜਾਂ ਪਾਚਨ-ਸ਼ਕਤੀ ਪਖੋਂ, ਸਾਬਤ ਹੋ ਜਾਂਦਾ ਹੈ ਕਿ ਮਾਸ ਭੋਜਨ ਵਜੋਂ, ਧਰਮ ਦਾ ਵਿਸ਼ਾ ਹੈ ਹੀ ਨਹੀਂ। ਇਸ ਲਈ ਮਾਸ ਛੱਕਣ ਵਾਲਿਆਂ ਨੂੰ ਬਦੋ-ਬਦੀ ਮਲੇਛ, ਮਲੀਨ ਬੁੱਧੀ, ਜਾਂ ਮਾਸ ਨੂੰ ਭਖ-ਅਭਖ ਵਾਲੀ ਸ਼ਬਦਾਵਲੀ ਨਾਲ ਜੋੜਣਾ, ਕਿਸੇ ਵਿਰੋਧੀ ਇਕੱਠ `ਚ ਉਨ੍ਹਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਣੀ, ਉਨ੍ਹਾਂ ਨੂੰ ਘਟੀਆ ਸਮਝਣਾ-ਗੁਰਬਾਣੀ ਸਿਧਾਂਤ ਦੀ ਸਪੱਸ਼ਟ ਅਵਗਿਆ `ਤੇ ਇਸਦੇ ਨਾਲ ਹੀ ਅਪਣੀ ਅਗਿਆਨਤਾ ਦਾ ਵੀ ਪ੍ਰਗਟਾਵਾ ਹੈ। ਗੁਰਬਾਣੀ ਵਿਚਾਰਧਾਰਾ ਨੂੰ ਗਹਿਰਾਈ ਤੋਂ ਘੋਖੇ ਬਿਨਾ ਜਦੋਂ ਕੁੱਝ ਸੱਜਣ ਬਦੋਬਦੀ ਇਸ ਵਿਸ਼ੇ ਨੂੰ ਪੰਥ ਅੰਦਰ ਝੱਗੜੇ-ਖਿੱਚਾਤਾਣੀ ਦਾ ਇਸ਼ੂ ਬਣਾਈ ਰਖਦੇ ਹਨ ਤਾਂ ਇਸਨੂੰ ਪੰਥ ਦਾ ਦੁਖਾਂਤ ਜਾ ਸੰਤਾਪ ਹੀ ਕਹਿਣਾ ਪਵੇਗਾ। ਲੋੜ ਹੈ ਅਜੇਹੇ ਸੱਜਣਾ ਨੂੰ ਅਪਣੇ ਵਲੋਂ ਇਹ ਸ਼ਬਦਾਵਲੀ ਉਨ੍ਹਾਂ ਨਾਲ ਜੋੜਣ ਦੀ ਬਜਾਏ, ਗੁਰਬਾਣੀ ਵਿਚੋਂ ਵਿਸ਼ੇ ਅਨੁਸਾਰ ਇਸਨੂੰ ਹੋਰ ਪੂਰੀ ਤਰ੍ਹਾਂ ਘੋਖਣ।

“ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ” - ਚੇਤੇ ਰਹੇ! ਕਰਤੇ ਦੀ ਇਸ ਬੇਅੰਤ ਰਚਨਾ `ਚ ਰਿਜ਼ਕ ਤੇ ਭੋਜਨ ਦੋਵੇ ਵੱਖ-ਵੱਖ ਵਿਸ਼ੇ ਹਨ। ਇਸ ਲਈ ਮਾਸ ਦੇ ਵਿਸ਼ੇ ਨੂੰ ਹੋਰ ਸਮਝਣ ਲਈ, ਇਸ ਰੱਬੀ ਸੱਚਾਈ ਨੂੰ ਸਮਝਣ ਦੀ ਵੱਡੀ ਲੋੜ ਹੈ। ਕਰਤੇ ਦੇ ਨੀਯਮ `ਚ ਰਿਜ਼ਕ ਹੋਰ ਗਲ ਹੈ ਅਤੇ ਭੋਜਨ ਹੋਰ ਗਲ, ਫ਼ਿਰ ਵੀ ਰਿਜ਼ਕ ਤੇ ਭੋਜਨ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਦੋਵੇਂ ਵੱਖ-ਵੱਖ ਹੁੰਦੇ ਹੋਏ ਵੀ ਇੱਕ ਦੂਜੇ ਨਾਲ ਜੁੱੜਵੇਂ ਹਨ। ਰਿਜ਼ਕ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ, ਕਰਤਾ ਜਨਮ ਬਾਦ `ਚ ਦੇਂਦਾ ਹੈ ਪਰ ਪਹਿਲਾਂ ਜੀਵ ਦੇ ਰਿਜ਼ਕ ਅਤੇ ਭੋਜਨ ਦਾ ਪ੍ਰਬੰਧ ਕਰਦਾ ਹੈ ਜਿਵੇਂ

“ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ” (ਪੰ: ੧੩੦) ਅਤੇ ਗੁਰਬਾਣੀ ਵਿਚੋਂ ਇਸ ਬਾਰੇ ਹੋਰ ਕਈ ਪ੍ਰਮਾਣ ਵੀ ਮੌਜੂਦ ਹਨ। ਇਸਦੇ ਨਾਲ ਨਾਲ ਇਹ ਵੀ ਧਿਆਨ `ਚ ਰਖਣ ਦੀ ਲੋੜ ਹੈ ਕਿ ਕਰਤੇ ਦੀ ਰਚਨਾ `ਚ ਪਾਣੀ `ਚ, ਧਰਤੀ ਉਪਰ, ਧਰਤੀ ਅੰਦਰ, ਧਰਤੀ ਹੇਠ, ਅਕਾਸ਼ `ਚ, ਹਵਾ `ਚ, ਪੱਥਰਾਂ `ਤੇ ਚੱਟਾਣਾ `ਚ ਕੁਲ ਮਿਲਾਕੇ ਅਨੰਤ ਜੀਵ ਰਚਨਾ ਹੈ, ਮਨੁੱਖ ਤਾਂ ਇਸਦਾ ਅੰਦਾਜ਼ਾ ਵੀ ਨਹੀ ਲਾ ਸਕਦਾ। ਸੰਬੰਧਤ ਵਿਸ਼ਾ ਹੈ ਕਿ ਕਰਤੇ ਵਲੋਂ ਇਨ੍ਹਾਂ ਬੇਅੰਤ ਜੀਵਾਂ ਦਾ ਉਨ੍ਹਾਂ ਦੀ ੋਲੋੜ ਅਨੁਸਾਰ ਰਿਜ਼ਕ ਤੇ ਭੋਜਨ ਵੀ ਵੱਖ-ਵੱਖ ਘੜੇ ਹਨ। ਇਸ ਛੋਟੇ ਜਹੇ ਵੇਰਵੇ ਦੀ ਲੋੜ ਇਸ ਲਈ ਪਈ ਜਦੋ ਸਾਡੇ ਮਾਸ ਵਿਰੋਧੀ ਸੱਜਣਾ ਨੇ ਗੁਰਬਾਣੀ ਦੀ ਇਸ ਪੰਕਤੀ ਨੂੰ ਵੀ ਅਪਣੇ ਢੰਗ ਨਾਲ ਅਤੇ ਬੜੇ ਹਲਕੇ ਅਰਥਾਂ `ਚ ਲੈਣ ਦੀ ਕੋਸ਼ਿਸ਼ ਕੀਤੀ। ਗੁਰਬਾਣੀ ਦੀ ਇਸ ਰਿਜ਼ਕ ਵਾਲੀ ਗਲ ਨੂੰ ਇਸ ਸੀਮਾਂ ਤੀਕ ਲੈ ਗਏ ਜਿੱਥੇ ਕਿ ਉਨ੍ਹਾਂ ਦੇ ਦਿੱਤੇ ਵੇਰਵੇ ਅਨੁਸਾਰ ਮਾਸ ਖਾਣ ਵਾਲੇ ਮਨੁੱਖ ਲਈ ਭੱਖ-ਅਭੱਖ `ਚ ਕੋਈ ਫ਼ਰਕ ਹੀ ਨਹੀਂ ਰਹਿ ਜਾਂਦਾ। ਦਰਅਸਲ ਗੁਰਬਾਣੀ ਦੀ ਇਹ ਪੰਕਤੀ “ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ” ਵਾਰ ਆਸਾ ਵਿਚਲੇ ਸੂਤਕਾਂ ਪ੍ਰਥਾਏ ਸਲੋਕਾਂ ਦੀ ਲੜੀ ਦੇ ਤੀਜੇ ਸਲੋਕ `ਚ ਆਈ ਹੈ। ਪੂਰਾ ਸਲੋਕ ਇਸਤਰ੍ਹਾਂ ਹੈ

“ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥

ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥

ਨਾਨਕ ਜਿਨ੍ਹ੍ਹੀ ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ॥   ॥” (ਪੰ: 472)

ਉਥੇ ਸਲੋਕ ਤਾ ਸਲੋਕ ਬਲਕਿ ਇਕੱਲੀ ਇਹ ਪੰਕਤੀ ਵੀ ਸਾਨੂੰ ਬੜੀ ਵੱਡੀ ਸੇਧ ਅਤੇ ਗੁਰਮਤਿ ਦੇ ਵੱਡੇ ਸਿਧਾਂਤ ਨੂੰ ਪ੍ਰਕਟ ਕਰ ਰਹੀ ਹੈ ਜਿਸਨੂੰ ਸਮਝਣ ਦੀ ਵੱਡੀ ਲੋੜ ਹੈ ਅਤੇ ਉਸਨੂੰ ਉਸਦੇ ਪਰੀਪੇਖ `ਚ ਸਮਝੇ ਬਿਨਾਂ ਸਾਡਾ ਕੁਰਾਹੇ ਪੈ ਜਾਣਾ ਸਾਡੀ ਅਪਣੀ ਗੁਰਬਾਣੀ ਸੇਧ ਬਾਰੇ ਅਵਗਿਆ ਹੈ।

ਧਿਆਨ ਕਰਨ ਦੀ ਗਲ ਹੈ ਕਿ ਗੁਰਦੇਵ ਨੇ ਇਥੇ ਗੁਰਬਾਣੀ ਦਾ ਬਹੁਤ ਵੱਡਾ ਸਿਧਾਂਤ ਬਖਸ਼ ਕੇ ਸੂਤਕਾਂ ਵਾਲੀ ਅਗਿਆਣਤਾ `ਚ ਫ਼ਸੇ ਲੋਕਾਂ ਨੂੰ ਝਜੋੜਿਆ ਹੈ। ਗੁਰੂ ਪਾਤਸ਼ਾਹ ਸਪੱਸ਼ਟ ਕਰ ਰਹੇ ਹਨ ਕਿ ਐ ਦੁਨੀਆਂ ਦੇ ਲੋਕੋ! ਜਿਵੇਂ ਜੀਵਾਂ ਦਾ ਜਨਮ ਅਤੇ ਮਰਣ ਅਕਾਲ ਪੁਰਖ ਦੇ ਅਟੱਲ ਨੀਯਮ `ਚ ਹੈ। ਇਸੇਤਰ੍ਹਾਂ ਜੋ ਜੀਵ ਜਨਮ ਲੈਕੇ ਆਉਂਦੇ ਹਨ ਉਨ੍ਹਾਂ ਦੇ ਜੀਵਨ ਲਈ ਭੋਜਨ ਅਤੇ ਰਿਜ਼ਕ ਦੀ ਲੋੜ ਵੀ ਉਨੀ ਹੀ ਵੱਡੀ ਹੈ। ਇਸ ਲਈ ਕਰਤਾ ਜੇਕਰ ਨਾਲ ਨਾਲ ਉਨ੍ਹਾ ਜੀਵਾਂ ਦੇ ਜੀਵਨ ਦੀ ਰਿਜ਼ਕ ਵਾਲੀ ਇਹ ਲੋੜ ਹੀ ਪੂਰੀ ਨਾ ਕਰੇ ਤਾਂ ਇਹ ਜੀਵ ਰਚਨਾ ਚਲ ਹੀ ਨਹੀ ਸਕਦੀ। ਤਾਂਤੇ ਅਕਾਲਪੁਰਖ ਨੇ ਜਿੱਥੇ ਬੇਅੰਤ ਤਰ੍ਹਾਂ ਦੀ ਜੀਵ ਰਚਨਾ ਕੀਤੀ ਹੈ ਉਸੇ ਤਰ੍ਹਾਂ ਉਨ੍ਹਾਂ ਸਾਰਿਆਂ ਲਈ ਭੋਜਨ ਅਤੇ ਰਿਜ਼ਕ ਦਾ ਪ੍ਰਬੰਧ ਵੀ ਹਰੇਕ ਦੀ ਲੋੜ ਮੁਤਾਬਕ ਉਨਾਂ ਦੇ ਜਨਮ ਤੋਂ ਪਹਿਲਾਂ ਕੀਤਾ ਹੁੰਦਾ ਹੈ।

ਰਿਜ਼ਕ ਦੇ ਵਿਸ਼ੇ ਨੂੰ ਸਮਝਣ ਲਈ ਹੋਰ ਫ਼ੁਰਮਾਨ ਲਵੋ “. . ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ … ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ … ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ” (ਪੰ: ੧੦) ਸਮਝਣ ਦੀ ਗਲ ਇਹ ਵੀ ਹੈ ਕਿ ਰਿਜ਼ਕ ਤਾਂ ਹਰੇਕ ਸ਼੍ਰੇਣੀ ਦਾ ਜਨਮ ਤੋਂ ਪਹਿਲਾਂ ਮੋਜੂਦ ਹੈ ਪਰ ਹਰੇਕ ਸ਼੍ਰੇਣੀ ਦਾ ਰਿਜ਼ਕ ਇਕੋ ਨਹੀਂ ਹੁੰਦਾ। ਇਸਤੋਂ ਵੱਡੀ ਗਲ ਕਿ ਹਰੇਕ ਦੀ ਲੋੜ ਅਤੇ ਜੂਨੀ ਅਨੁਸਾਰ ਉਸਦਾ ਰਿਜ਼ਕ ਵੀ ਕਰਤਾਰ ਦੇ ਅਟੱਲ ਨੀਯਮ `ਚ ਪਹਿਲਾਂ ਤੋਂ ਹੁੰਦਾ ਹੈ। ਇਸਦਾ ਇਹ ਮਤਲਬ ਵੀ ਨਹੀ ਜਿਵੇਂ ਮਾਸ ਦੇ ਭੋਜਨ ਦਾ ਵਿਰੋਧ ਕਰਦੇ, ਵਿਰੋਧੀ ਸੱਜਣ ਇਥੋਂਤੀਕ ਨੀਵੇ ਚਲੇ ਗਏ ਕਿ ਮਲ, ਅਭੱਖ, ਵਿਸ਼ਟਾ ਆਦਿ ਜੋ ਦੂਜੀਆਂ ਕੁੱਝ ਜੂਨੀਆਂ ਲਈ ਰਿਜ਼ਕ ਤਾਂ ਹੈ ਪਰ ਮਨੁੱਖ ਦੇ ਭੋਜਨ ਦੀ ਗਿਣਤੀ `ਚ ਵੀ ਜੋੜ ਦਿੱਤਾ ਜਾਂ ਮਾਸ ਦੇ ਭੋਜਨ ਲਈ ਅਜੇਹੀ ਸ਼ਬਦਾਵਲੀ ਵਰਤ ਲਈ। ਮਾਸ ਵਿਰੋਧੀ ਸੱਜਣਾ ਦੀ ਸੇਵਾ `ਚ ਅਤੀ ਸਤਿਕਾਰ ਸਹਿਤ ਬੇਨਤੀ ਹੈ ਕਿ ਗੁਰਬਾਣੀ ਦੀ ਕਿਸੇ ਵੀ ਪੰਕਤੀ ਅਥਵਾ ਰਚਨਾ ਨੂੰ ਉਸਦੇ ਪੂਰੇ ਸਤਿਕਾਰ ਅਤੇ ਵਿਸ਼ੇ ਅਨੁਸਾਰ ਨਾ ਲੈਕੇ ਜਾਂ ਤੋੜ-ਮਰੋੜ ਕੇ ਉਸਨੂੰ ਅਪਣੀ ਬਣੀ ਹੋਈ ਸੋਚਣੀ ਮੁਤਾਬਕ ਦੂਜਿਆਂ ਤੇ ਥੋਪਣਾ, ਅਪਣੇ ਆਪ `ਚ ਗੁਰਬਾਣੀ ਦੀ ਵੱਡੀ ਬੇਅਦਬੀ ਹੈ ਜੋ ਗੁਰਸਿੱਖਾਂ ਦੇ ਪੱਧਰ ਦੀ ਗਲ ਨਹੀਂ। ਠੀਕ ਉਸੇਤਰ੍ਹਾਂ ਜਿਵੇਂ ਉਨ੍ਹਾਂ ਵਲੋਂ ਇਸ ਸਿਧਾਂਤਕ ਪੰਕਤੀ ਲਈ ਕੀਤਾ ਗਿਆ ਹੈ। ਅਜੇਹਾ ਕਰਮ ਗੁਰਬਾਣੀ ਦੀ ਘੋਰ ਬੇਅਦਬੀ ਹੈ ਅਤੇ ਅਜੇਹੇ ਕਾਰੇ ਤੋਂ ਪੂਰੀ ਤਰ੍ਹਾਂ ਬਚਣ ਦੀ ਲੋੜ ਹੈ। ਇਸ ਦੇ ਨਾਲ ਨਾਲ ਅਸੀਂ ਇਹ ਸਮਝਣ ਦਾ ਜਤਨ ਵੀ ਕਰਾਂਗੇ ਕਿ ਪ੍ਰਭੁ ਨੇ ਭਿਨ ਭਿੰਨ ਜੀਵਾਂ ਦੇ ਭੋਜਨ ਲਈ ਜੋ ਭਿੰਨ ਭਿੰਨ ਭੋਜਨ ਘੜੇ ਹਨ ਉਸ ਪਿਛੇ ਕਿਹੜਾ ਇਲਾਹੀ ਨੀਯਮ ਕੰਮ ਕਰ ਰਿਹਾ ਹੈ? ਇਸ ਨਾਲ ਸਾਰੀ ਗਲ ਸਾਫ਼ ਹੋ ਜਾਵੇਗੀ।

ਕਿਹੜਾ ਭੋਜਨ ਕਿਸ ਲਈ, ਕੁੱਝ ਖਾਸ ਨੁੱਕਤੇ- ਸਾਨੂੰ ਇਹ ਵੀ ਧਿਆਨ ਕਰਨ ਦੀ ਲੋੜ ਹੈ ਕਰਤਾਰ ਦੀ ਰਚਨਾ `ਚ ਭੋਜਨ ਅਥਵਾ ਰਿਜ਼ਕ ਦੀ ਮਹਾਨਤਾ ਕੀ ਹੈ ਅਤੇ ਕਰਤੇ ਨੇ ਭੋਜਨ ਦੀ ਪ੍ਰੀਭਾਸ਼ਾ ਕੀ ਘੜੀ ਹੈ? ਇਹ ਵੀ ਚੇਤੇ ਰਖਣਾ ਹੈ ਕਿ ਹਰੇਕ ਸ਼੍ਰੇਣੀ ਅਨੁਸਾਰ ਭੋਜਨ ਦੀ ਲੋੜ ਵੀ ਵੱਖ ਵੱਖ ਹੁੰਦੀ ਹੈ। ਭੋਜਨ ਅਥਵਾ ਰਿਜ਼ਕ ਦੇ ਇਲਾਹੀ ਨੀਯਮ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ

“ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ” (ਪੰ: ੧੩੦) ਇਸੇਤਰ੍ਹਾਂ

ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਉ” (ਪੰ: ੬੪੦) ਹੋਰ ਲਵੋ

“ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ” (ਪੰ: ੧੧੦੨)

“ਰਿਜਕੁ ਸਮਾਹੇ ਜਲਿ ਥਲਿ ਮੀਤ॥ ਸੋ ਹਰਿ ਸੇਵਹੁ ਨੀਤਾ ਨੀਤ” (ਪੰ: ੧੩੩੭) ਇਥੋਂ ਤੀਕ ਕਿ

“ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ” (ਪੰ: ੧੦) ਇਥੇ ਵੀ ਬਸ ਨਹੀਂ ਹੋਰ ਲਵੋ

“ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ” (ਪੰ: ੯੫੫) ਇਸਬਾਰੇ ਗੁਰਦੇਵ ਦਾ ਇਥੋ ਤੀਕ ਫ਼ੈਸਲਾ ਹੈ

“ਖਾਣਾ ਪੀਣਾ ਪਵਿਤ੍ਰü ਹੈ ਦਿਤੋਨੁ ਰਿਜਕੁ ਸੰਬਾਹਿ” (ਪੰ: ੪੭੨)।

ਇਸ ਤਰੀਕੇ ਕਰਤਾਰ ਦੀ ਰਚਨਾ `ਚ ਜਿਸ ਰਿਜ਼ਕ ਜਾਂ ਭੋਜਨ ਦੇ ਵਿਸ਼ੇ ਨੂੰ ਇਨ੍ਹਾਂ ਵੱਧ ਮਹੱਤਵ ਹਾਸਲ ਹੈ। ਇਸ ਤੋਂ ਵੱਧ ਮਨੁੱਖਾ ਸਰੀਰ ਲਈ ਰਿਜ਼ਕ ਲਈ ਗੁਰਬਾਣੀ ਸਿਧਾਂਤ ਵੀ ਸਪੱਸ਼ਟ ਕੀਤਾ ਜਾ ਚੁਕਾ ਹੈ ਤਾਂ ਇੰਨੀ ਵੱਧ ਖਿਚਾਤਾਣੀ ਕਿਸੇ ਤਰ੍ਹਾਂ ਵੀ ਯੋਗ ਨਹੀਂ ਕਹੀ ਜਾ ਸਕਦੀ। ਲੋੜ ਹੈ ਇਸ ਬਾਰੇ ਕੁੱਝ ਖਾਸ ਨੁੱਕਤਿਆਂ ਵਲ ਧਿਆਨ ਦੇਣ ਦੀ ਕਿ ਆਖਿਰ ਕਰਤਾਰ ਦੀ ਰਚਨਾ `ਚ ਜੀਵ-ਜੀਵ ਦੇ ਭੋਜਨ ਦੀ ਜੋ ਪ੍ਰੀਭਾਸ਼ਾ ਕਿਸੇ ਸ਼੍ਰੇਣੀ ਅਨੁਸਾਰ ਮਿੱਥੀ ਹੋਈ ਹੈ ਉਸਦੀ ਪਛਾਣ ਕੀ ਹੈ? ਪਹਿਲੀ ਗਲ - ਭੋਜਨ ਅਜੇਹਾ ਹੋਵੇ ਜੋ ਉਸ ਸ਼੍ਰੇਣੀ ਦੇ ਜੀਵਾਂ ਦੀ ਜੀਭਾ, ਦੰਦਾਂ ਅਤੇ ਭੋਜਨ ਦੀ ਨਲੀ (Food Pipe) ਰਸਤੇ ਉਸ ਸਰੀਰ `ਚ ਪੁਜ ਸਕੇ। ਦੂਜਾ-ਅਮੁੱਕੇ ਭੋਜਨ ਨੂੰ ਉਸ ਸ਼੍ਰੇਣੀ ਦਾ ਮੇਦਾ (Stomach) ਪ੍ਰਵਾਣ ‘ਤ ਹਜ਼ਮ ਕਰਦਾ ਹੋਵੇ। ਤੀਜਾ-ਜੀਵ ਲਈ ਭੋਜਨ ਛੱਕਣ ਦਾ ਮੂਲ ਮਕਸਦ ਹੈ ਕਿ ਅਜੇਹਾ ਭੋਜਨ ਸਰੀਰ ਦੇ ਵਾਧੇ ਲਈ ਅਮੁੱਕੀ ਸ਼੍ਰੇਣੀ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੋਵੇ।

ਇਸ ਸਾਰੇ ਦੇ ਉਲਟ ਜੋ ਭੋਜਨ ਕਿਸੇ ਸਰੀਰ ਲਈ ਜੋਗ ਨਹੀਂ ਹੁੰਦੇ ਉਸਦੇ ਵੀ ਵਿਸ਼ੇਸ਼ ਲਛਣ ਹਨ। ਅਜੇਹੇ ਭੋਜਨ ਜਿਹੜੇ ਉਸਦੇ ਦੰਦਾਂ, ਜਿਹਬਾ ਅਤੇ ਭੋਜਨ ਦੀ ਨਲੀ ਰਾਹੀਂ ਉਸ ਸਰੀਰ ਅੰਦਰ ਨਾ ਪੁੱਜ ਸਕਦੇ ਹੋਣ। ਦੂਜਾ ਜੇਕਰ ਪੁੱਜ ਵੀ ਜਾਣ ਤਾਂ ਉਸ ਸ਼੍ਰੇਣੀ ਦਾ ਮੇਦਾ ਅਮੁੱਕੇ ਭੋਜਨ ਨੂੰ ਪ੍ਰਵਾਣ ਨਾ ਕਰਦਾ ਹੋਵੇ। ਜੇ ਮੇਦਾ ਪ੍ਰਵਾਣ ਤਾਂ ਕਰ ਲੈਂਦਾ ਹੋਵੇ ਪਰ ਉਸ ਸਰੀਰ ਤੇ ਉਲਟਾ ਅਸਰ ਪਾਂਦਾ ਹੋਵੇ। ਇਥੋਂ ਤੀਕ ਕਿ ਕਈ ਵਾਰੀ ਅਜੇਹੀ ਵਸਤ ਉਸਦੀ ਮੌਤ ਦਾ ਹੀ ਕਾਰਣ ਨਾ ਬਣਦੀ ਹੋਵੇ। ਤਾਂਤੇ ਅਜੇਹੇ ਵਿਰੋਧੀ ਭੋਜਨਾ ਜਾਂ ਵਸਤੂਆਂ ਤੋਂ ਬਚਣਾ ਜ਼ਰੂਰੀ ਹੁੰਦਾ ਹੈ। ਇਸਤਰ੍ਹਾਂ ਮਨੁੱਖੀ ਖੁਰਾਕ ਦੇ ਪਖੋਂ ਮਨੁੱਖ ਦੇ ਦੰਦਾ ਦੀ ਬਨਾਵਟ ਅਤੇ ਪਾਚਨ-ਸ਼ਕਤੀ ਭਾਵ ਮੇਦੇ ਬਾਰੇ ਤਾਂ ਅਸੀਂ ਵਿਚਾਰ ਕਰ ਚੁਕੇ ਸਾਂ ਕਿ ਮਾਸ ਇਸਦੇ ਲਈ ਰੁਕਾਵਟ ਨਹੀਂ। ਇਸਤੋਂ ਬਾਦ ਗਲ ਆਉਂਦੀ ਹੈ ਖੁਰਾਕ ਪਖੋਂ ਅਤੇ ਇਹ ਵੀ ਸਪੱਸ਼ਟ ਹੈ ਕਿ ਮਨੁੱਖਾ ਸਰੀਰ ਦੇ ਵਾਧੇ ਤੇ ਖੁਰਾਕ ਪਖੋ ਵੀ ਮਾਸ ਲਾਹੇਵੰਦ ਭੋਜਨ ਹੈ, ਇਹ ਮਨੁੱਖਾ ਸਰੀਰ ਲਈ ਵਿਰੋਧੀ ਚੀਜ਼ ਨਹੀਂ।

ਇਸੇਤਰ੍ਹਾਂ ਸ਼ਰਾਬ, ਭੰਗ, ਨਸ਼ੇ ਆਦਿ ਜੋ ਮਨੁੱਖਾ ਸਰੀਰ ਲਈ ਯੋਗ ਨਹੀਂ ਹਨ, ਗੁਰਬਾਣੀ ਨੇ ਉਨ੍ਹਾਂ ਚੀਜ਼ਾਂ ਦਾ ਭਰਵਾਂ ਵਿਰੋਧ ਕੀਤਾ ਹੈ। ਸਾਫ਼ ਕਿਹਾ ਹੈ ਕਿ ਗੁਰੂ ਦੇ ਸਿੱਖ ਨੂੰ ਅਜੇਹੀਆਂ ਵਸਤਾਂ ਵਰਜਤ ਹਨ। ਕਾਰਣ ਇਕੋ ਹੈ ਕਿ ਸਾਡਾ ਸਰੀਰ ਉਨ੍ਹਾਂ ਨੂੰ ਪ੍ਰਵਾਣ ਤਾਂ ਕਰ ਲੈਂਦਾ ਪਰ ਸਰੀਰਕ `ਤੇ ਸੇਹਤ ਦੇ ਵਾਧੇ ਦੀ ਬਜਾਏ ਕਈ ਪਖਾਂ ਤੋਂ ਇਸਦੀ ਤੱਬਾਹੀ ਦਾ ਕਾਰਣ ਬਣਦੀਆਂ ਹਨ। ਇਹੀ ਕਾਰਣ ਹੈ ਕਿ ਅੱਕ-ਧਧੂਰਾ ਭਾਵੇਂ ਕਿ ਮਾਸ ਨਹੀਂ ਬਲਕਿ ਸਬਜ਼ੀਆਂ ਹੀ ਹਨ। ਇਸਦੇ ਬਾਵਜੂਦ ‘ਮਾਸ ਦੇ ਵਿਰੋਧੀ ਵੀ ਇਸਨੂੰ ਨਹੀਂ ਖਾਂਦੇ। ਕਾਰਣ ਇਕੋ ਹੈ ਕਿ ਸਬਜ਼ੀ ਅਖਵਾਉਣ ਦੇ ਬਾਵਜੂਦ, ਅੱਕ-ਧਧੂਰਾ ਸਾਡੀ ਖੁਰਾਕ ਦੀ ਬਜਾਏ, ਸਾਡੇ ਸਰੀਰ ਨੂੰ ਖਤਮ ਕਰਨ ਦਾ ਕਾਰਣ ਬਣਦੇ ਹਨ। ਅੱਕ ਧਧੂਰੇ ਵਰਗੀਆਂ ਸਬਜ਼ੀਆਂ ਦੀ ਨਿਆਈ, ਬਹੁਤੇਰੀ ਕਿਸਮ ਦੇ ਅਜੇਹੇ ਮਾਸ ਵੀ ਹਨ ਜਿਹੜੇ ਸਮਾਜਕ ਆਧਾਰ ਤੇ ਜਾਂ ਮਨੁੱਖਾ ਸਰੀਰ ਲਈ ਵਿਰੋਧੀ ਹੋਣ ਕਾਰਣ ਜਾਂ ਜਿਨ੍ਹਾਂ ਦੀ ਵਰਤੋਂ ਤੀਕ ਮਨੁੱਖ ਅਜੇ ਪੁੱਜ ਹੀ ਨਹੀਂ ਸਕਿਆ-ਉਨ੍ਹਾਂ ਜੀਵਾਂ ਨੂੰ ਉਹ ਵੀ ਨਹੀਂ ਖਾਂਦੇ ਜਿਹੜੇ ਮਾਸ ਦੇ ਵਿਸ਼ੇ ਤੇ ਸਪੱਸ਼ਟ ਹਨ ਅਤੇ ਮਾਸ ਛੱਕਦੇ ਵੀ ਹਨ। ਤਾਂਤੇ ਇਸ ਵਿਸ਼ੇ ਤੇ ਗਲ ਕਰਣ ਤੋਂ ਪਹਿਲਾਂ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਕਰਤਾਰ ਦੀ ਰਚਨਾ `ਚ ਕਿਸ ਜੀਵ ਲਈ ਭੋਜਨ ਅਤੇ ਰਿਜ਼ਕ ਦੀ ਪ੍ਰੀਭਾਸ਼ਾ ਕੀ ਹੈ?

ਮਾਸ ਵਿਕਾਰੀ ਭੋਜਨ ਵੀ ਨਹੀਂ- ਜੇਕਰ ਸੱਚਮੁਚ ਗੁਰੂ ਦੇ ਨਿਰਮਲ ਭਉ `ਚ ਰਹਿ ਕੇ ਗੁਰਬਾਣੀ ਵਿਚਾਰਧਾਰਾ ਦੇ ਆਧਾਰ ਤੇ ਘੋਖਿਆ ਜਾਵੇ ਤਾਂ ਗੁਰਬਾਣੀ ਦਾ ਇੱਕ ਵੀ ਸ਼ਬਦ ਨਹੀਂ ਮਿਲੇਗਾ ਜਿੱਥੋਂ ਮਾਸ ਨੂੰ ਵਿਕਾਰੀ ਭੋਜਨ ਸਾਬਤ ਕੀਤਾ ਜਾ ਸਕੇ। ਹਾਲਾਂਕਿ ਚਲਦੇ ਪ੍ਰਕਰਣ ਅਨੁਸਾਰ ਉਨ੍ਹਾਂ ਸ਼ਬਦਾਂ ਦੀ ਤਹਿ `ਚ ਜਾ ਕੇ ਵੀ ਵਿਚਾਰ ਕਰਾਂਗੇ ਜਿਨ੍ਹਾਂ ਸ਼ਬਦਾਂ ਬਾਰੇ ਮਾਸ ਵਿਰੋਧੀ ਸੱਜਣਾ ਨੇ ਅਜੇਹਾ ਭੁਲੇਖਾ ਖਾਧਾ ਹੈ। ਫ਼ਿਰ ਵੀ ਜਦੋਂ ਬਿਨਾ ਗਹਿਰਾਈ `ਚ ਗਏ ਮਾਸ ਵਿਰੋਧੀ ਸੱਜਣ ਅਜੇਹੀ ਸ਼ਬਦਾਵਲੀ ਵਰਤ ਕੇ ਮਾਸ ਛੱਕਣ ਵਾਲਿਆਂ ਨੂੰ ਨਿੰਦਦੇ ਜਾਂ ਗਲਤ ਕਹਿੰਦੇ ਹਨ ਤਾਂ ਉਨ੍ਹਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ, ਇਸ ਸੰਬੰਧ `ਚ ਬਾਹਰੋਂ ਲਏ ਵਿਚਾਰਾਂ ਜਾਂ ਅਪਣੀ ਪੱਕ ਚੁੱਕੀ ਸੋਚਣੀ `ਤੇ ਆਧਾਰਤ ਹੋਕੇ ਨਹੀਂ ਬਲਕਿ ਅਪਣੀ ਹਰੇਕ ਸੰਬੰਧਤ ਸ਼ਬਦ ਨੂੰ ਨਿਰੋਲ ਗੁਰਬਾਣੀ ਆਧਾਰ ਤੇ ਘੋਖਣ ਤਾਂ ਗਲ ਆਪੇ ਹੀ ਮੁੱਕ ਜਾਵੇਗੀ।

ਹੋਰ ਤਾਂ ਹੋਰ, ਡਾਕਟਰੀ ਨੁੱਕਤਾ-ਨਿਗਾਹ ਤੋਂ ਵੀ ਮਾਸ ਵਿਕਾਰੀ ਭੋਜਨ ਸਾਬਤ ਨਹੀਂ ਹੁੰਦਾ। ਇਸਲਈ ਪਹਿਲਾਂ ਇਹ ਦੇਖਣਾ ਚਾਹਾਂਗੇ ਕਿ ਆਖਿਰ ਗੁਰਬਾਣੀ `ਚ ਵਿਕਾਰ ਕਿਹਾ ਕਿਸਨੂੰ ਹੈ? ਦੂਜਾ-ਚੂੰਕਿ ਅਸੀਂ ਸਾਰੇ ਗੁਰਬਾਣੀ ਦੇ ਹੀ ਸਿੱਖ ਹਾਂ ਇਸ ਲਈ ਕੀ ਗੁਰਬਾਣੀ `ਚ ਗੁਰੂ ਸਾਹਿਬ ਨੇ ਕਿਸੇ ਇੱਕ ਸ਼ਬਦ `ਚ ਵੀ ਕਿਹਾ ਹੈ ਕਿ ਮਾਸ ਖਾਣ ਨਾਲ ਵਿਕਾਰ ਪੈਦਾ ਹੁੰਦੇ ਹਨ? ਤੀਜਾ-ਕੀ ਮਾਸ ਸਚਮੁੱਚ ਹੀ ਵਿਕਾਰੀ ਭੋਜਨ ਹੈ? ਮਾਸ ਦੇ ਭੋਜਨ ਨੂੰ ਇਕ-ਇਕ ਕਰਕੇ ਇਨ੍ਹਾਂ ਤਿੰਨਾ ਪਖਾਂ ਤੋਂ ਵਿਚਾਰ ਕਰਾਂਗੇ।

ਪਹਿਲੀ ਗਲ ਕਿ ਗੁਰਬਾਣੀ `ਚ ਪਾਤਸ਼ਾਹ ਨੇ ਜਿੱਥੇ-ਕਿੱਥੇ ਵੀ ਵਿਕਾਰਾਂ ਦੀ ਗਲ ਕੀਤੀ ਹੈ ਵਿਕਾਰਾਂ ਦੀ ਗਿਣਤੀ ਪੰਜ ਹੀ ਦਸੀ ਹੈ, ਅਤੇ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਫ਼ੁਰਮਾਨ ਹੈ

“ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥

ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ” (ਪੰ: ੫੦੦)। ਜਾਂ

“ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ” (ਪੰ: ੧੧੧੮) ਬਲਕਿ ਵਿਕਾਰਾਂ ਦਾ ਵਰਣਨ ਕਰਕੇ ਇਥੋਂ ਤੀਕ ਵੀ ਫ਼ੁਰਮਾਇਆ ਹੈ

“ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ॥

ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ” (ਪੰ: ੧੨੫੫)

ਭਾਵ “ਪਰਾਈ ਇਸਤ੍ਰੀ ਦਾ ਸੰਗ, ਪਰਾਇਆ ਧੰਨ, ਪਰਾਈ ਵਸਤੂ ਦਾ ਲੌਭ, ਹਉਮੈ-ਵਿਸ਼ਿਆਂ ਵਾਲਾ ਸੁਭਾਓ, ਮੰਦੇ ਕੰਮ, ਦੂਜਿਆਂ ਦੀ ਨਿੰਦਾ-ਬਖੀਲੀ, ਅਤੇ ਕਾਮ-ਕ੍ਰੋਧ ਵਾਲੇ ਚੰਡਾਲ ਨੂੰ ਤਿਆਗਣ ਦੀ ਗਲ”। ਇਸਤਰ੍ਹਾਂ ਵਿਕਾਰਾਂ ਬਾਰੇ ਇਨਾ ਲੰਮਾ-ਚੌੜਾ ਵਰਨਣ ਕਰਕੇ ਵੀ ਮਾਸ ਵਿਰੁਧ ਇੱਕ ਲਫ਼ਜ਼ ਵੀ ਨਹੀਂ ਵਰਤਿਆ।

ਗੁਰਬਾਣੀ `ਚ ਇਨ੍ਹਾਂ ਵਿਕਾਰਾਂ ਲਈ ਪੰਜ ਚੋਰ, ਤੱਸਕਰ, ਪੰਜ ਚੰਡਾਲ ਆਦਿ ਬਹੁਤੇਰੇ ਲਫ਼ਜ਼ ਆਏ ਹਨ। ਅਜੇਹੇ ਮਨੁੱਖ ਨੂੰ ਇਨ੍ਹਾਂ ਵਲੋਂ ਅਪਣੇ ਜੀਵਨ ਦੀ ਸੰਭਾਲ ਲਈ ਸੁਚੇਤ ਵੀ ਕੀਤਾ ਹੈ। ਫ਼ਿਰ ਇਹ ਵੀ ਪੱਕਾ ਕੀਤਾ ਹੈ ਕਿ ਮਨੁੱਖਾ ਜੀਵਨ ਤੇ ਇਹ ਵਿਕਾਰ ਉਦੋਂ ਹੀ ਪ੍ਰਭਾਵੀ ਹੁੰਦੇ ਹਨ ਜਦੋ ਮਨੁੱਖ ਸੰਸਾਰ ਦੇ ਹੋਛੇ ਰਸਾਂ `ਚ ਫ਼ਸਿਆ ਹੁੰਦਾ ਹੈ। ਇਸਤਰ੍ਹਾਂ ਗੁਰਦੇਵ ਨੇ ਬਾਣੀ `ਚ ਇਨ੍ਹਾਂ ਹੋਛੇ ਰਸਾਂ ਲਈ ਕੂੜ, ਬਿਖਿਆ ਫ਼ਲ, ਬਿਖ ਆਦਿ ਸ਼ਬਦਾਵਲੀ ਤਾਂ ਅਨੇਕਾਂ ਵਾਰੀ ਵਰਤੀ ਹੈ। ਇਸਦੇ ਨਾਲ ਇਹ ਵੀ ਪੱਕਾ ਕੀਤਾ ਹੈ ਕਿ ਜਦੋ ਮਨੁੱਖਾ ਦਾ ਜੀਵਨ ਨਾਮ ਰੰਗ `ਚ ਰੰਗਿਆ ਜਾਂਦਾ ਹੈ ਤਾਂ ਅਜੇਹੇ ਜੀਵਨ `ਤੇ ਵਿਕਾਰ ਅਪਣਾ ਮਾੜਾ ਅਸਰ ਨਹੀਂ ਪਾ ਸਕਦੇ।

ਗੁਰਬਾਣੀ `ਚ ਨਾਮ ਰੰਗ ਨੂੰ ਇਕੱਲਾ ਨਾਮ, ਅੰਮ੍ਰਿਤ, ਜਲਨਿਧਿ ਆਦਿ ਲਫ਼ਜ਼ਾਂ ਨਾਲ ਵੀ ਸੰਬੋਧਨ ਕੀਤਾ ਹੈ। ਖੂਬੀ ਇਹ ਸਮੂਚੀ ਗੁਰਬਾਣੀ `ਚ ਗੁਰਦੇਵ ਨੇ ਕਿਸੇ ਇੱਕ ਸ਼ਬਦ `ਚ ਵੀ ਮਾਸ ਨੂੰ ਵਿਕਾਰੀ ਭੋਜਨ ਨਹੀਂ ਕਿਹਾ ਅਤੇ ਨਾ ਹੀ ਸੰਸਾਰਕ ਜਾਂ ਉਛੇ ਰਸਾਂ ਤੋਂ ਸੁਚੇਤ ਕਰਦੇ ਸਮੇ ਉਨ੍ਹਾਂ ਲਈ ਬਿਖ ਜਾਂ ਬਿਖਿਆ ਫ਼ਲ ਆਦਿ ਸ਼ਬਦਾਵਲੀ ਉਚਾਰਦੇ ਸਮੇਂ ਕਿਧਰੇ ਰੱਤੀ ਭਰ ਵੀ ਮਾਸ ਦੇ ਭੋਜਨ ਨੂੰ ਭੋਜਨ ਨੂੰ ਨਿੰਦਿਆ ਹੋਵੇ ਜਾਂ ਜਾਂ ਉਸਤੋਂ ਵਰਜਿਆ ਹੋਵੇ। ਜਿਵੇਂ:

“ਰੇ ਮੂੜੇ ਤੂ ਹੋਛੈ ਰਸਿ ਲਪਟਾਇਓ॥

ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ” (ਪੰ: ੧੦੧੭) ਜਾਂ

“ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ॥

ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ” (ਪੰ: ੪੩੮) ਅਤੇ

“ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ॥

ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ” (ਪੰ: ੬੭੨) ਹੋਰ ਲਵੋ!

“ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ॥

ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ” (ਪੰ: ੧੨੦੫) ਜਾਂ

“ਛੋਡਿ ਛੋਡਿ ਰੇ ਬਿਖਿਆ ਕੇ ਰਸੂਆ॥

ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ” (ਪੰ: ੨੦੬)। ਇਸਤਰ੍ਹਾਂ ਹਰੇਕ ਸ਼ਬਦ ਜਿਥੋਂ ਜਿਥੋਂ ਵੀ ਪ੍ਰਮਾਣ ਲਏ ਗਏ, ਸਭ ਦੇ ਪੰਨਾ ਨੰ: ਨਾਲ ਦਿੱਤੇ ਹਨ। ਦੇਖਿਆ ਜਾ ਸਕਦਾ ਹੈ ਕਿ ਕਰਤਾਰ ਨੂੰ ਵਿਸਾਰ ਕੇ ਸੰਸਾਰ ਦੀ ਮੋਹ ਮਾਇਆ `ਚ ਖੱਚਤ ਹੋਣ ਨੂੰ ਹੋਛੈ ਰਸਿ, ਬਿਖਿਆ, ਬਿਖੁ ਫਲ, ਬਿਖਿਆ ਕੇ ਰਸੂਆ ਜਾਂ ਬਿਖਈ ਕਿਹਾ ਹੈ ਉਸੇਤਰ੍ਹਾਂ ਜਿਵੇਂ ਬਾਣੀ ਆਸਾ ਕੀ ਵਾਰ `ਚ “ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ” ਰਾਹੀਂ ਜੀਵਨ ਦੀ ਸੱਚਾਈ ਨੂੰ ਪ੍ਰਗਟ ਕੀਤਾ ਹੈ ਪਰ ਮਾਸ ਜਾਂ ਮਾਸ ਦੇ ਭੋਜਨ ਦਾ ਵਿਰੋਧ ਤਾਂ ਦੂਰ ਅਜੇਹੇ ਪ੍ਰਕਰਣਾਂ ਜਾਂ ਸ਼ਬਦਾਂ `ਚ ਉਸ ਵਿਰੁਧ ਜ਼ਿਕਰ ਜਾਂ ਇਸ਼ਾਰਾ ਤੀਕ ਵੀ ਕਿਧਰੇ ਨਹੀਂ ਆਇਆ।

ਇਸ ਦੇ ਬਾਵਜੂਦ ਕਿਸੇ ਹੱਠ ਕਾਰਣ ਨਹੀਂ ਬਲਕਿ ਦੋਬਾਰਾ ਹੱਥ ਜੋੜਕੇ ਸਨਿਮ੍ਰ ਬੇਨਤੀ ਹੈ, ਜੇ ਫ਼ਿਰ ਸ਼ੱਕ ਹੋਵੇ ਤਾਂ ਕੇਵਲ ਪ੍ਰਮਾਣਾ ਤੀਕ ਹੀ ਨਾ ਰੁਕਿਆ ਜਾਵੇ, ਸੰਬੰਧਤ ਸ਼ਬਦਾਂ ਤੋਂ ਆਪ ਪੂਰੀ ਤਰ੍ਹਾਂ ਤਸੱਲੀ ਕਰ ਲਈ ਜਾਵੇ। ਇਸਤੋਂ ਬਾਦ ਕੇਵਲ ਇੰਨਾ ਕਹਿਣਾ ਚਾਹਾਂਗੇ ਕਿ ਜਦੋਂ ਗੁਰਬਾਣੀ ਨੇ ਹੀ ਮਾਸ ਨੂੰ ਵਿਕਾਰੀ ਭੋਜਨ ਨਹੀਂ ਕਿਹਾ। ਤਾਂ ਬਿਖਿਆ ਆਦਿ ਸ਼ਬਦਾਵਲੀ ਨੂੰ ਬਦੋਬਦੀ ਮਾਸ ਵਿਰੋਧੀ ਅਰਥਾਂ `ਚ ਲੈਣਾ ਜਾਂ ਇਨ੍ਹਾਂ ਲਫ਼ਜ਼ਾਂ ਨੂੰ ਆਧਾਰ ਬਣਾਕੇ ਮਾਸ ਛੱਕਣ ਵਾਲਿਆਂ ਨੂੰ ਨਿੰਦਣਾ, ਯਕੀਨਣ ਗੁਰਬਾਣੀ ਵਿਚਾਰਧਾਰਾ ਅਤੇ ਗੁਰਬਾਣੀ ਦੇ ਮਹਾਨ ਸਤਿਕਾਰ ਦੇ ਉਲਟ ਹੈ। ਤਾਂਤੇ ਗੁਰੂ ਦੇ ਸਿੱਖ ਹੋਣ ਨਾਤੇ ਸਾਨੂੰ ਇਹ ਹੱਕ ਨਹੀਂ ਰਹਿ ਜਾਂਦਾ ਕਿ ਅਸੀਂ ਅਪਣੇ ਵਲੋਂ ਹੀ ਮਾਸ ਨੂੰ ਵਿਕਾਰੀ ਜਾਂ ਬਿਖ ਭੋਜਨ ਅਦਿ ਕਹਿੰਦੇ ਜਾਵੀਏ।

ਮਾਸ ਵਿਕਾਰੀ ਭੋਜਨ ਨਹੀਂ, ਕੁੱਝ ਹੋਰ ਵੇਰਵਾ- ਜਿਵੇਂ ਕਿ ਮਾਸ ਬਾਰੇ ਮਾਸ ਦੇ ਵਿਰੋਧੀ ਸਜਣਾ ਵਲੋਂ ਭਾਵੇਂ ਅਪਣੇ ਆਪ ਹੀ ਸਹੀ ਪਰ ਕਿਹਾ ਜਾਂਦਾ ਹੈ ‘ਮਾਸ ਵਿਕਾਰੀ ਅਤੇ ਕਾਮ ਉਕਸਾਊ ਭੋਜਨ ਹੈ’। ਚਲਦੇ ਪ੍ਰਕਰਣ ਅਨੁਸਾਰ ਅਸੀਂ ਇਥੇ ਕੁੱਝ ਅਜੇਹੀਆਂ ਮਿਸਾਲਾਂ ਲੈਣੀਆ ਜ਼ਰੂਰੀ ਸਮਝਦੇ ਹਾਂ ਜਿਸਤੋਂ ਸੱਚਾਈ ਅਪਣੇ ਆਪ ਉਘੜ ਕੇ ਸਾਹਮਣੇ ਆ ਜਾਵੇ। ਇਨ੍ਹਾਂ ਮਿਸਾਲਾਂ ਤੋਂ ਉਨ੍ਹਾਂ ਸੱਜਣਾ ਨੂੰ ਅਪਣੀ ਇਸ ਮੰਤਕ ਦਾ ਪੂਰੀ ਤਰ੍ਹਾਂ ਉਤਰ ਵੀ ਮਿਲ ਜਾਵੇਗਾ ਅਤੇ ਆਸ ਕਰਦੇ ਹਾਂ ਉਨ੍ਹਾਂ ਦੀ ਤਸੱਲੀ ਵੀ ਹੋ ਜਾਵੇਗੀ ਕਿ ਮਾਸ ਹੀ ਵਿਕਾਰੀ ਜਾਂ ਕਾਮ ਵਾਸ਼ਨਾਵਾਂ ਨੂੰ ਭੜਕਾਉਣ ਵਾਲਾ ਭੋਜਨ ਨਹੀਂ। ਇਸਤਰ੍ਹਾਂ ਜਿਹੜੇ ਸੱਜਣ ਮਾਸ ਛੱਕਣ ਵਾਲਿਆਂ ਨੂੰ ਇਸ ਵਿਚਾਰ ਨਾਲ ਗ਼ਲਤ ਕਹਿੰਦੇ ਹਨ ਕਿ ਉਨ੍ਹਾਂ ਅਨੁਸਾਰ ਮਾਸ ਛੱਕਣ ਨਾਲ ਮਨੁੱਖ ਅੰਦਰ ਕਾਮ ਵਾਸਨਾ ਪ੍ਰਬਲ ਹੁੰਦੀ ਹੈ ਅਤੇ ਮਾਸ ਵਿਕਾਰੀ ਭੋਜਨ ਹੈ, ਦਰਅਸਲ ਇਸਤੋਂ ਉਨ੍ਹਾਂ ਦੀ ਸੋਚਣੀ ਅਪਣੇ ਆਪ ਹੀ ਨਿਰਮੂਲ ਸਾਬਤ ਹੋ ਜਾਵੇਗੀ।

ਆਓ! ਇਸਨੂੰ ਕੁੱਝ ਇਸਤਰ੍ਹਾਂ ਵੀ ਵਿਚਾਰੀਏ; ਕਰਤੇ ਦੀ ਰਚਨਾ ਅੰਦਰ ਸੰਸਾਰ ਪੱਧਰ ਤੇ ਹਾਥੀ ਨੂੰ ਸਭਤੋਂ ਵੱਧ ਕਾਮੀ ਮੰਨਿਆ ਜਾਂਦਾ ਹੈ ਅਤੇ ਗੁਰਬਾਣੀ ਨੇ ਵੀ ਇਸਦੀ ਹਾਮੀ ਭਰੀ ਹੈ। ਇਥੋਂ ਤੀਕ ਕਿ ਹਾਥੀ ਦੀ ਇਸੇ ਕਮਜ਼ੋਰੀ ਦੇ ਆਧਾਰ ਤੇ ਕਾਨਿਆ ਦੀ ਹਥਨੀ ਰਾਹੀਂ ਉਸਨੂੰ ਭੁਲੇਖੇ `ਚ ਪਾਕੇ ਉਸਦਾ ਸ਼ਿਕਾਰ ਕੀਤਾ ਅਤੇ ਉਸ ਨੂੰ ਪਕੜਿਆ ਜਾਂਦਾ ਹੈ, ਫ਼ੁਰਮਾਣ ਹੈ:

“ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ॥

ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ” (ਪੰ: ੩੩੫) ਇਸ ਸੰਬੰਧ `ਚ ਹੋਰ ਲਵੋ, ਫ਼ੁਰਮਾਨ ਹੈ “ਕਾਮ ਰੋਗਿ ਮੈਗਲੁ ਬਸਿ ਲੀਨਾ” (ਪੰ: ੧੧੪੦) ਅਤੇ

“ਕਾਮ ਮਾਇਆ ਕੁੰਚਰ ਕਉ ਬਿਆਪੈ” (ਪੰ: ੧੧੬੦)

ਫ਼ਿਰ ਇਹ ਵੀ ਜਗ ਜ਼ਾਹਿਰ ਹੈ ਕਿ ਹਾਥੀ ਮਾਸਾਹਾਰੀ ਪ੍ਰਾਣੀ ਹੈ ਹੀ ਨਹੀਂ, ਉਹ ਵਿਚਾਰਾ ਤਾਂ ਕੇਵਲ ਘਾਸ ਪਤੇ ਹੀ ਖਾਂਦਾ ਹੈ। ਇਸਲਈ ਜੇਕਰ ਘਾਸ ਪਤੇ ਖਾਣ ਨਾਲ ਹੀ ਵਿਕਾਰ ਪੈਦਾ ਨਹੀਂ ਹੁੰਦੇ ਅਤੇ ਵਿਕਾਰ ਮਾਸ ਖਾਣ ਨਾਲ ਪੈਦਾ ਹੁੰਦੇ ਹਨ। ਤਾਂਤੇ ਉਸਦੇ ਸੁਭਾਅ ਦੇ ਵਿਰੁਧ ਹਾਥੀ ਨੂੰ ਇਸ ਪਖੋਂ ਸਭ ਤੋਂ ਵੱਧ ਸ਼ਾਂਤ ਸੁਭਾਅ ਹੋਣ ਚਾਹੀਦਾ ਸੀ ਜਦਕਿ ਉਸਦਾ ਜੀਵਨ ਇਸਦੇ ਬਿਲਕੁਲ ਉਲਟ ਹੈ।

ਇਸੇਤਰ੍ਹਾਂ ਪਿੰਡਾਂ `ਚ ਲੋਕਾਂ ਨੇ ਸਾਂਢ ਛੱਡੇ ਹੁੰਦੇ ਹਨ ਅਤੇ ਇਕੋ ਸਾਂਢ ਕੋਲ ਇਕ-ਇਕ ਦਿਨ `ਚ ੧੨-੧੨, ੧੪-੧੪ ਗਾਈਆਂ ਆਉਂਦੀਆਂ ਹਨ, ਜਦਕਿ ਇਹ ਸਾਂਢ ਵੀ ਮਾਸਾਹਾਰੀ ਪਸ਼ੂ ਨਹੀਂ, ਕੇਵਲ ਹਰੇ ਪਤੇ-ਸਬਜ਼ੀਆਂ ਆਦਿ ਹੀ ਖਾਂਦਾ ਹੈ। ਇਸਤੋਂ ਬਾਦ ਹੋਰ ਲਵੋ, ਪਿੰਡਾ ਅੰਦਰ ਬਕਰੀਆਂ ਦੇ ਇਜੜ ਆਉਂਦੇ ਹਨ ਪਰ ਸਾਰੇ ਇਜੜ `ਚ ਬਕਰਾ ਕੇਵਲ ਇਕੋ ਹੁੰਦਾ ਹੈ। ਜਦਕਿ ਬਕਰੇ ਦਾ ਭੋਜਨ ਵੀ ਕਿੱਕਰ, ਅੱਕ, ਬੇਰੀਆਂ ਦੇ ਕੰਡੇ ਹੀ ਹਨ, ਮਾਸ ਨਹੀਂ।

ਵੀਰਜ ਦੀ ਉਤਪਤੀ ਪਖੋਂ ਘੋੜਾ ਸਭ ਤੋਂ ਉਪਰ ਮੰਨਿਆਂ ਜਾਂਦਾ ਹੈ ਪਰ ਇਸ ਦਾ ਖਾਜ ਵੀ ਮਾਸ ਨਹੀਂ ਬਲਕਿ ਛੋਲੇ, ਵਡੇਵੇਂ, ਹਰੇ ਪਤੇ, ਘਾਹ ਆਦਿ ਹੀ ਹਨ। ਸੰਸਾਰ ਪੱਧਰ ਤੇ ਕਾਮ ਭੁੱਖ ਨੂੰ ਵਧਾਉਣ `ਚ ਮਾਂਹ ਦੀ ਦਾਲ ਉਪ੍ਰੰਤ ਦੁੱਧ ਦਾ ਨੰਬਰ ਤਾਂ ਹੈ ਹੀ ਸਭ ਤੋਂ ਉਪਰ, ਇਥੋਂ ਤੀਕ ਕਿ ਨਵੀਂ ਜੋੜੀ ਲਈ ਸੁਹਾਗ ਰਾਤ ਨੂੰ ਇਸੇ ਪਖੋਂ ਦੁੱਧ ਰਾਹੀਂ ਉਨ੍ਹਾਂ ਦੀ ਉਚੇਚੇ ਸੇਵਾ ਕੀਤੀ ਜਾਂਦੀ ਹੈ। ਫ਼ਿਰ ਵੀ ਮਾਸ ਵਿਰੋਧੀ ਸਜਣਾ ਵਲੋਂ ਮਾਸ ਦੀ ਬਜਾਏ ਅਜੇਹਾ ਦੋਸ਼ ਦੁੱਧ ਉਪਰ ਕਿਉਂ ਨਹੀਂ ਲਾਇਆ ਜਾਂਦਾ?

ਇਸੇ ਹੀ ਪੱਖ ਤੇ ਅਗੇ ਚਲਦੇ ਇਸ ਸੰਬੰਧ `ਚ ਅਸੀਂ ਸ਼ੇਰ ਦੀ ਮਿਸਾਲ ਲੈਂਦੇ ਹਾਂ। ਸ਼ੇਰ ਨਿਰੋਲ ਮਾਸਾਹਾਰੀ ਜਾਨਵਰ ਹੈ। ਸੰਸਾਰ ਵਿਦਤ ਹੈ ਕਿ ਉਹ ਅਪਣੀ ਸਾਰੀ ਉਮਰ `ਚ ਕੇਵਲ ਇੱਕ ਵਾਰੀ ਭੋਗ ਕਰਦਾ ਹੈ ਅਤੇ ਉਹ ਵੀ ਉਲਾਦ ਦੀ ਇੱਛਾ ਨਾਲ। ਇਸੇ ਲਈ ਸ਼ੇਰ ਬਾਰੇ ਕਿਹਾ ਹੈ:

“ਸਿੰਘ ਸਪਰਸ਼, ਸਪਰਸ਼ ਬਚ, ਕਦਲੀ ਫਲ ਇੱਕ ਵਾਰ”।

ਇਸਤਰ੍ਹਾਂ ਕੇਵਲ ਕੁੱਝ ਲੋਕਾਂ ਜਾਂ ਦੋ-ਇਕ ਸੰਪ੍ਰਦਾਵਾਂ ਨੂੰ ਛੱਡਕੇ ਸੰਸਾਰ ਪੱਧਰ ਤੇ ਮਾਸ ਪੁਰਾਣੇ ਸਮੇਂ ਤੋਂ ਭੋਜਨ ਵਜੋਂ ਮੰਨਿਆ `ਤੇ ਛਕਿਆ ਜਾਂਦਾ ਭੋਜਨ ਹੈ। ਗੁਰੂ ਦੇ ਨਿਰਮਲ ਭਉ `ਚ ਰਹਿੰਦੇ ਜੇਕਰ ਨਿਰੋਲ ਸਿੱਖੀ ਸਤਿਕਾਰ `ਚ ਗੁਰਬਾਣੀ ਨੂੰ ਸਮਝੀਏ ਤਾਂ ਗੁਰਬਾਣੀ ਨੇ ਵੀ ਇਸਨੂੰ ਵਿਕਾਰੀ ਜਾਂ ਕਾਮ ਉਕਸਾਊ ਭੋਜਨ ਨਹੀਂ ਕਿਹਾ। ਜੇ ਮਾਸ ਵਿਕਾਰੀ ਜਾਂ ਕਾਮ ਉਕਸਾਊ ਭੋਜਨ ਹੁੰਦਾ ਤਾਂ ਹਾਥੀ, ਸਾਂਢ, ਬਕਰੇ, ਘੋੜੇ ਆਦਿ ਦਾ ਜੀਵਨ ਅਤੇ ਦੂਜੇ ਪਾਸੇ ਸ਼ੇਰ ਦਾ ਜੀਵਨ; ਇਹ ਸਭ ਉਲਟ –ਪੁਲਟ ਕਿਉਂ ਹੁੰਦਾ? ਆਖਿਰ ਇਹ ਸਾਰੀ ਖੇਡ ਉਸ ਕਰਤਾਰ ਦੀ ਰਚੀ ਹੋਈ ਹੈ ਜੋ ਅਭੁੱਲ ਹੈ। ਇਹ ਇਨਸਾਨ ਵਲੋਂ ਕੀਤਾ ਹੋਇਆ ਵਾਧਾ ਘਾਟਾ ਤਾਂ ਹੈ ਨਹੀਂ।
.