.

ਸਵਾਗਤੀ ਸ਼ਬਦ

ਗੁਰਬਾਣੀ ਦੇ ਗਹਿਰੇ ਅਧਿਐਨ ਅਤੇ ਧਰਮ ਗ੍ਰੰਥਾਂ ਦੇ ਚਿੰਤਨ ਉਪਰੰਤ ਸਰਦਾਰ ਮਹਿੰਦਰ ਸਿੰਘ ਡਿੱਡਨ ਸੰਗਤ ਦੀ ਸੇਵਾ ਲਈ ਇੱਕ ਪ੍ਰੋਢ ਸਿੱਖ ਮਿਸ਼ਨਰੀ ਦੇ ਤੌਰ ਤੇ ਸਾਹਮਣੇ ਆਏ ਹਨ। ਗੁਰਮਤਿ ਦੀ ਸਮਝ ਲਈ ਉਨ੍ਹਾਂ ਦੁਆਰਾ ਲਿਖੇ ਕਈ ਟ੍ਰੈਕਟ ਭਿੰਨ ਭਿੰਨ ਸਮਿਆਂ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ, ਜੋ ਸਿੱਖ ਸੰਗਤਾਂ ਦੁਆਰਾ ਬਹੁਤ ਪਸੰਦ ਕੀਤੇ ਜਾ ਚੁੱਕੇ ਹਨ ਅਤੇ ਸਿੱਖੀ ਪ੍ਰਚਾਰ ਲਈ ਲਾਭਕਾਰੀ ਸਾਬਿਤ ਹੋਏ ਹਨ। ਬਾਣੀ ਦੇ ਖੋਜੀਆਂ ਨੂੰ ਸਮਰਪਿਤ ਹਥਲੇ ਲੇਖ ਦਾ ਸਿਰਲੇਖ ਇੱਕ ਸਵਾਲ ਦੇ ਰੂਪ ਵਿੱਚ ਹੈ: “ਕੀ ਗੁਰਬਾਣੀ ਨੂੰ ਬਿਨਾਂ ਵਿਚਾਰੇ ਪੜ੍ਹਨਾ ਲਾਭਦਾਇਕ ਹੋ ਸਕਦਾ ਹੈ?” ਨਿਰਸੰਦੇਹ ਭਾਵ-ਅਰਥ ਸਮਝਣ ਤੋਂ ਬਗੈਰ ਅਤੇ ਇਸਨੂੰ ਜੀਵਨ ਵਿੱਚ ਧਾਰਣ ਕਰਨ ਤੋਂ ਬਗੈਰ ‘ਗੁਰਬਾਣੀ ਪਾਠ’ ਮਾਤਰ ਇੱਕ ਕਰਮ ਕਾਂਡ ਹੈ। ਡਿੱਡਨ ਜੀ ਅਨੁਸਾਰ ਬਿਨਾਂ ਵਿਚਾਰੇ ਪਾਠ ਕਰਨਾ ਕਦੀ ਵੀ ਲਾਭਦਾਇਕ ਨਹੀਂ ਹੋ ਸਕਦਾ, ਇਸ ਕਥਨ ਦੀ ਪੁਸ਼ਟੀ ਲਈ ਉਹ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਸੰਤ ਸਿੰਘ ਮਸਕੀਨ ਜੀ ਦੁਆਰਾ ਕਹੀ ਗੱਲ ਦਾ ਪ੍ਰਮਾਣ ਇਥੇ ਦੁਹਰਾਉਂਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵੱਧ ਤੋਂ ਵੱਧ ਗੁਰਬਾਣੀ ਦੀਆਂ ਤੁਕਾਂ ਇਥੇ ਦੇ ਕੇ ਇਹ ਦ੍ਰਿੜ ਕਰਾਉਂਦੇ ਹਨ ਕਿ ਸਾਨੂੰ ਪਿਉ ਦਾਦੇ ਵਲੋਂ ਬਖਸ਼ੇ ਖਜ਼ਾਨੇ ਨੂੰ ਖੋਲ੍ਹ ਕੇ ਵੇਖਣ ਦੀ ਜ਼ਰੂਰਤ ਹੈ ਤਾਂ ਜੋ ਗੁਰੂ ਪਿਆਰੇ, ਅਨਮਤ ਦੇ ਮੁਕਾਬਲੇ ਗੁਰਮਤਿ ਦਾ ਨਿਖੇੜਾ ਕਰਕੇ ਗੁਰਬਾਣੀ ਦੇ ਯਥਾਰਥ ਅਰਥ, ਗੁੱਝੇ ਭੇਦ ਜਾਣ ਸਕਣ। ਇਸ ਉਦਮ ਲਈ ਸਰਦਾਰ ਮਹਿੰਦਰ ਸਿੰਘ ਡਿੱਡਨ ਜੀ ਦਾ ਦਿਲੋਂ ਸਵਾਗਤ ਕਰਦੇ ਹੋਏ ਮੈਂ ਅਰਦਾਸ ਕਰਦਾ ਹਾਂ ਕਿ ਗੁਰਮਤਿ ਪ੍ਰਚਾਰ ਲਈ ਇਸ ਤਰ੍ਹਾ ਦੇ ਹੀ ਹੋਰ ਕੰਮ ਇਸ ਕਲਮ ਵਿਚੋਂ ਨਿਰੰਤਰ ਨਿਕਲਦੇ ਰਹਿਣ।

ਡਾ. ਜਗਮੇਲ ਸਿੰਘ ਭਾਠੂਆਂ

ਐਮ. ਏ. ਪੀ. ਐਚ. ਡੀ

ਫੋਨ: 9871312541

ਕੀ ਗੁਰਬਾਣੀ ਨੂੰ ਬਿਨਾਂ ਵਿਚਾਰੇ ਪੜ੍ਹਨਾ ਲਾਭਦਾਇਕ ਹੋ ਸਕਦਾ ਹੈ?

ਗੁਰਬਾਣੀ ਵਿੱਚ ਅਜਿਹੇ ਬੇਅੰਤ ਸ਼ਬਦ ਹਨ ਜਿਨ੍ਹਾਂ ਦੁਆਰਾ ਗੁਰੂ ਜੀ ਨੇਸਮਝ੍ਹਾਇਆ ਹੈ ਕਿ ਗੁਰਮਤਿ ਗਿਆਨ ਨੂੰ ਜਾਨਣ ਲਈ ਅਤੇ ਮਨ ਵਿੱਚ ਵਸਾਉਣ ਲਈ ਪਾਠ ਕਰਨਾ ਜਰੂਰੀ ਹੈ। ਪਰ ਇਸ ਨੂੰ ਸਮਝ ਕੇ ਉਸ ਵਿੱਚ ਦੱਸੇ ਹੋਏ ਗਿਆਨ ਦੀ ਕਮਾਈ ਕਰਨੀ ਅਤੇ ਆਪਣੇ ਜੀਵਨ ਨੂੰ ਉਸ ਉਪਦੇਸ਼ ਅਨੁਸਾਰ ਢਾਲਣ ਦੀ ਬਾਰ ਬਾਰ ਤਾਕੀਦ ਵੀ ਕੀਤੀ ਹੈ।

ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥

ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥

ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਜੋ ਕਿ ਆਦਿ ਸ੍ਰੀ ਗ਼ੁ ਗ੍ਰੰਥ ਸਾਹਿਬ ਦੇ ਅੰਕ ਨੰ. 766 ਉਤੇ ਦਰਜ ਹੈ। ਇਸ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਇਉਂ ਕੀਤੇ ਹਨ।

ਮੈਂ ਕੋਈ ਜਾਦੂ ਟੂਣਾ, ਕੋਈ ਮੰਤ੍ਰ ਆਦਿਕ ਪਾਖੰਡ ਕਰਨਾ ਨਹੀਂ ਜਾਣਦਾ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਤੇ ਮੇਰਾ ਮਨ ਪਤੀਜ ਗਿਆ ਹੈ। ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ, ਉਸ ਸੁਰਮੇ ਦੀ ਸੂਝ ਬਖਸ਼ਣ ਵਾਲੇ ਪ੍ਰਭੂ ਦਾ ਪਤਾ ਗੁਰੂ ਦੀ ਕਿਰਪਾ ਨਾਲ ਲਗਦਾ ਹੈ।

ਗੁਰਮਤਿ ਵਿੱਚ ‘ਸ਼ਬਦ ਸੁਰਤ` ਦਾ ਮੇਲ ਹੀ ਭਵਸਾਗਰ ਤੋਂ ਪਾਰ ਤਰਨ ਦਾ ਸਿਧਾਂਤ ਹੈ। ਧਿਆਨ ਤੋਂ ਬਿਨਾਂ ਧਾਰਮਕ ਗ੍ਰੰਥ, ਵੇਦ, ਸ਼ਾਸਤਰ ਲਾਭਦਾਇਕ ਸਿੱਧ ਨਹੀਂ ਹੋ ਸਕਦੇ ਜਦ ਤੱਕ ਅਸੀਂ ਪਾਠ ਵਿਚਾਰ ਨਾਲ ਨਹੀਂ ਕਰਾਂਗੇ ਤੇ ਉਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਘਟਾਵਾਂਗੇ ਨਹੀਂ, ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹੋ ਜਿਹੇ ਕੁੱਝ ਸ਼ਬਦਾਂ ਦਾ ਤਰਤੀਬਵਾਰ ਵੇਰਵਾ ਇਉਂ ਹੈ:-

ਗੁਰੂ ਨਾਨਕ ਦੇਵ ਜੀ: (ਮਹਲਾ 1)

* ਕਰਤਾ ਸਭੁ ਕੋ ਤੇਰੈ ਜੋਰਿ।।

ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ।। (ਅੰਕ ੧੭)

* ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ।। (ਅੰਕ ੧੮)

* ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ।। (ਅੰਕ ੨੪)

* ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ।। (ਅੰਕ ੨੯)

* ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ।।

ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ।।

ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ।। (ਅੰਕ ੩੦)

* ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰ ਧਾਰਿ।।

ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ।। (ਅੰਕ ੩੪)

* ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ।।

ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ।। (ਅੰਕ ੩੫)

* ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ।। (ਅੰਕ ੫੮)

* ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ।। (ਅੰਕ ੫੯)

* ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ।।

ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ।। (ਅੰਕ ੬੫)

* ਪੇਈਅੜੈ ਜਿਨਿ ਜਾਤਾ ਪਿਆਰਾ।। ਗੁਰਮੁਖਿ ਬੂਝੈ ਤਤੁ ਬੀਚਾਰਾ।। (ਅੰਕ ੧੦੯)

* ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ।। (ਅੰਕ ੧੪੦)

* ਸਚਾ ਤੇਰਾ ਦਰਬਾਰ ਸਬਦੁ ਨੀਸਾਣਿਆ

ਸਚਾ ਸਬਦੁ ਵੀਚਾਰਿ ਸਚਿ ਸਮਾਵਣਿਆ।। (ਅੰਕ ੧੪੩)

* ਪੜਿਐ ਨਾਹੀ ਭੇਦੁ ਬੁਝਿਐ ਪਾਵਣਾ।। (ਅੰਕ ੧੪੮)

* ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ।।

ਢਾਢੀ ਕਥੇ ਅਕਥੁ ਸਬਦਿ ਸਵਾਰਿਆ।। (ਅੰਕ ੧੪੯)

* ਕਥਤਾ ਬਕਤਾ ਸੁਨਤਾ ਸੋਈ।।

ਆਪੁ ਬੀਚਾਰੇ ਸੁ ਗਿਆਨੀ ਹੋਈ।। (ਅੰਕ ੧੫੨)

* ਗੁਰਮੁਖਿ ਮੁਕਤੋ ਬੰਧੁ ਨ ਪਾਇ।।

ਸਬਦੁ ਬੀਚਾਰਿ ਛੁਟੈ ਹਰਿ ਨਾਇ।। (ਅੰਕ ੧੫੨)

* ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ।।

ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ।। (ਅੰਕ ੧੫੭)

* ਸਾਚਿ ਵਸਿਐ ਸਾਚੀ ਸਭ ਕਾਰ।।

ਊਤਮ ਕਰਣੀ ਸਬਦ ਬੀਚਾਰ।। (ਅੰਕ ੧੫੮)

* ਕਰਿ ਕਿਰਪਾ ਰਾਖਹੁ ਰਖਵਾਲੇ।।

ਬਿਨ ਬੂਝੈ ਪਸੂ ਭਏ ਬੇਤਾਲੇ।। (ਅੰਕ ੨੨੪)

* ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ।।

ਗੁਰ ਸਬਦੀ ਮਥਿ ਅੰਮ੍ਰਿਤੁ ਪੀਉ।। (ਅੰਕ ੨੨੬)

* ਵਾਜਾ ਮਤਿ ਪਖਾਵਜੁ ਭਾਉ।।

ਹੋਇ ਅਨੰਦੁ ਸਦਾ ਮਨਿ ਚਾਉ।। (ਅੰਕ ੩੫੦)

* ਵਿਦਿਆ ਵੀਚਾਰੀ ਤਾਂ ਪਰਉਪਕਾਰੀ।। (ਅੰਕ ੩੫੬)

* ਸਭਿ ਜਪ ਸਭਿ ਤਪ ਸਭ ਚਤੁਰਾਈ।। ਊਝੜਿ ਭਰਮੈ ਰਾਹਿ ਨ ਪਾਈ।। (ਅੰਕ ੪੧੨)

* ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ।। (ਅੰਕ ੪੩੨)

* ਹਉਮੈ ਬੂਝੈ ਤਾ ਦਰੁ ਸੂਝੈ।। ਗਿਆਨ ਵਿਹੂਣਾ ਕਥਿ ਕਥਿ ਲੂਝੈ।। (ਅੰਕ ੪੬੬)

* ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।। (ਅੰਕ ੪੬੭)

* ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ।। (ਅੰਕ ੪੭੨)

* ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ।। (ਅੰਕ ੫੯੫)

* ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ।। (ਅੰਕ ੬੩੬)

* ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।। (ਅੰਕ ੬੮੭)

* ਵਿਣੇ ਸਤਿਗੁਰ ਗੁਣ ਨ ਜਾਪਣੀ ਜਿਚਰ ਸਬਦ ਨ ਕਰੈ ਬੀਚਾਰ।। (ਅੰਕ ੯੩੬)

* ਪੜਿਆ ਬੂਝੈ ਸੋ ਪਰਵਾਣੁ।। ਜਿਸੁ ਸਿਰਿ ਦਰਗਹ ਕਾ ਨੀਸਾਣੁ।। (ਅੰਕ ੬੬੨)

* ਨਾਨਕ ਗੁਰਮੁਖ ਸਬਦ ਪਛਾਣੇ।। (ਅੰਕ ੯੪੬)

* ਮਾਨੈ ਹੁਕਮ ਸੋਹੈ ਦਰਿ ਸਾਚੇ ਆਕੀ ਮਰਹਿ ਅਫਾਰੀ।। (ਅੰਕ ੯੯੨)

* ਬੂਝੇ ਹੁਕਮ ਸੋ ਸਚੁ ਸਮਾਵੈ।। (ਅੰਕ ੧੦੨੫)

* ਬੂਝਹੁ ਹਰਿ ਜਨ ਸਤਿਗੁਰ ਬਾਣੀ।।

ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ।। (ਅੰਕ ੧੦੨੫)

* ਨਾਮ ਨ ਬੂਝਹਿ ਭਰਮ ਭੂਲਣਾ।। (ਅੰਕ ੧੦੩੨)

* ਚਾਰੇ ਬੇਦ ਮੁਖਾਗਰ ਪਾਠ।। ਪੂਰਬੀ ਨਾਵੈ ਵਰਨਾ ਕੀ ਦਾਰਿ।। (ਅੰਕ ੧੧੬੯)

* ਵਰਤ ਨੇਮ ਕਰੇ ਦਿਨ ਰਾਤਿ।।

ਕਾਜੀ ਮੁਲਾਂ ਹੋਵਹਿ ਸੇਖ।। ਜੋਗੀ ਜੰਗਮ ਭਗਵੇ ਭੇਖ।। (ਅੰਕ ੧੧੬੯)

* ਕੋ ਗਿਰਹੀ ਕਰਮਾ ਕੀ ਸੰਧਿ।। ਬਿਨੁ ਬੂਝੇ ਸਭ ਖੜੀਅਸਿ ਬੰਧਿ।। (ਅੰਕ ੧੧੬੯)

* ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ।। (ਅੰਕ ੧੨੪੫)

ਗੁਰੂ ਅਰਮਦਾਸ ਜੀ: (ਮਹਲਾ 3)

* ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ।। (ਅੰਕ ੨੭)

* ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ।।

ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ।। (ਅੰਕ ੩੦)

* ਭਾਈ ਰੇ ਗੁਰਮੁਖਿ ਬੂਝੈ ਕੋਇ।।

ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਇ।। (ਅੰਕ ੩੩)

* ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ।। (ਅੰਕ ੩੭)

* ਮੁੰਧੇ ਕੂੜਿ ਕੂੜਿਆਰਿ ਪਿਰੁ ਪ੍ਰਭੁ ਸਾਚਾ ਸੋਹਣਾ ਪਾਇਐ ਗੁਰ ਬੀਚਾਰਿ।। (ਅੰਕ ੩੮)

* ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ।।

ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ।। (ਅੰਕ ੩੯)

* ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨਾ ਜਾਇ।। (ਅੰਕ ੬੫)

* ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ।।

ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ।। (ਅੰਕ ੬੫)

* ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ।।

ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ।। (ਅੰਕ ੬੬)

* ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ।।

ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ।। (ਅੰਕ ੬੭)

* ਮਨਮੁਖ ਕਰਮ ਕਰਹਿ ਨਹੀ ਬੂਝੇ ਬਿਰਥਾ ਜਨਮ ਗਵਾਏ।। (ਅੰਕ ੬੭)

* ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ।।

ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ।। (ਅੰਕ ੬੮)

* ਹਰਿ ਜੀਉ ਰਾਖਹੁ ਅਪੁਨੀ ਸਰਣਾਈ ਜਿਉ ਰਾਖਹਿ ਤਿਉ ਰਹਣਾ।।

ਗੁਰ ਕੈ ਸਬਦਿ ਜੀਵਤੁ ਮਰੈ ਗੁਰਮੁਖਿ ਭਵਜਲੁ ਤਰਣਾ।। (ਅੰਕ ੬੯)

* ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ।।

ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ।। (ਅੰਕ ੮੩)

* ਸਰੈ ਸਰੀਅਤਿ ਕਰਹਿ ਬੀਚਾਰੁ।। ਬਿਨੁ ਬੂਝੇ ਕੈਸੇ ਪਾਵਹਿ ਪਾਰੁ।। (ਅੰਕ ੮੪)

* ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ।।

ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ।। (ਅੰਕ ੮੬)

* ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ।।

ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ।। (ਅੰਕ ੮੮)

* ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ।। ਸਤਿਗੁਰਿ ਸੇਵਿਐ ਰਿਦੈ ਸਮਾਣੀ।।

ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ।। (ਅੰਕ ੧੧੯)

* ਹਉ ਵਾਰੀ ਜਿਉ ਵਾਰੀ ਪੜਿ ਮੰਨਿ ਵਸਾਵਣਿਆ।।

ਗੁਰਮੁਖਿ ਪੜਿਹ ਹਰਿ ਨਾਮੁ ਸਾਲਾਹਹਿ ਦਰਿ ਸਚੈ ਸੋਭਾ ਪਾਚਣਿਆ।। (ਅੰਕ ੧੨੭)

* ਸੋ ਨਿਹਕਰਮੀ ਜੋ ਸਬਦੁ ਬੀਚਾਰੇ।। ਅੰਤਰਿ ਤਤੁ ਗਿਆਨਿ ਹਉਮੈ ਮਾਰੇ।। (ਅੰਕ ੧੨੮)

* ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ।। (ਅੰਕ ੧੨੯)

* ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ।।

ਕਲਿ ਮਹਿ ਗੁਰਮੁਖਿ ਉਤਰਸਿ ਪਾਰਿ।। (ਅੰਕ ੨੨੯)

* ਰਾਮ ਪੜਹੁ ਮਨਿ ਕਰਹੁ ਬੀਚਾਰੁ।।

ਗੁਰ ਪਰਸਾਦੀ ਮੈਲੁ ਉਤਾਰੁ।। (ਅੰਕ ੨੩੦)

* ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ।।

ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ।।

ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ।। (ਅੰਕ ੨੩੧)

* ਬਾਣੀ ਬੂਝੈ ਸਚੁ ਸਮਾਵੈ।।

ਇਹ ਬਾਣੀ ਜੋ ਜੀਅ ਜਾਣੇ ਤਿਸ ਅੰਤਰ …. . (ਅੰਕ ੪੧੨)

* ਕੀਰਤਿ ਸਬੁ ਪਛਾਨੁ ਇਹਾ ਭਗਰਿ ਚੂਕੇ ਅਭਿਮਾਨ (ਅੰਕ ੪੨੪)

* ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ।।

ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ।। (ਅੰਕ ੪੨੪)

* ਹੀਰੇ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ।।

ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ।। (ਅੰਕ ੪੨੫)

* ਪੜਹਿ ਗੁੰਣਹਿ ਤੂੰ ਬਹੁਤ ਪੁਕਾਰਹਿ ਬਿਣ ਬੂਝੇ ਤੂੰ ਡੁਬਿ ਮੁਆ।। (ਅੰਕ ੪੩੫)

* ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ।।

ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ।। (ਅੰਕ ੪੩੫)

* ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ।।

ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ।। (ਅੰਕ ੪੩੬)

* ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ।।

ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ।। (ਅੰਕ ੪੪੦)

* ਨਦਰਿ ਕਰੇ ਸੋਈ ਸਚੁ ਪਾਏ ਗੁਰ ਕੈ ਸਬਦਿ ਵੀਚਾਰਾ।।

ਨਾਨਕ ਨਾਮਿ ਰਤੇ ਤਿਨ ਹੀ ਸੁਖੁ ਪਾਇਆ ਸਾਚੈ ਕੇ ਵਾਪਾਰਾ।। (ਅੰਕ ੫੭੦)

* ਸਤਿਗੁਰ ਨੋ ਸਭੇ ਕੋ ਵੇਖਦਾ ਜੇਤਾ ਜਗਤ ਸੰਸਾਰੁ (ਅੰਕ ੫੯੪)

* ਸਬਦ ਨ ਜਾਣੈ ਸੇ ਅੰਨੇ ਬੋਲੇ।। (ਅੰਕ ੬੦੧)

* ਕਰਮ ਕਰਹਿ ਗੁਰਸਬਦ ਪਛਾਣਹਿ ਮਰਿ ਜਨਮੈ ਵਾਰੋ ਵਾਰ।। (ਅੰਕ ੬੦੨)

* ਮਨਮੁਖ ਅੰਧਾ ਸਬਦ ਨ ਜਾਣੈ ਝੂਠੇ ਭਰਮਿ ਭੁਲਾਣਾ।। (ਅੰਕ ੬੦੪)

* ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ।।

ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ।। (ਅੰਕ ੬੩੮)

* ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ।।

ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ।। (ਅੰਕ ੬੪੬)

* ਵਿਣ ਨਾਵੈ ਸਭਿ ਭਰਮਦੇ … …. (ਅੰਕ ੬੪੬)

* ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ।।

ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ।। (ਅੰਕ ੬੪੬)

* ਨਾਨਕ ਸਬਦ ਪਛਾਣੀਐ ਨਾਮ ਵਸੈ ਮਨਿ ਆਇ।। (ਅੰਕ ੬੪੬)

* ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ।।

ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ।। (ਅੰਕ ੬੫੦)

* ਨ ਸਬਦੁ ਬੂਝੈ ਨ ਜਾਣੈ ਬਾਣੀ।। ਮਨਮੁਖਿ ਅੰਧੇ ਦੁਖਿ ਵਿਹਾਣੀ।। (ਅੰਕ ੬੬੫)

* ਸੰਧਿਆ ਸਰਧਣ ਕਰਹਿ ਗਇਤ੍ਰੀ ਬਿਨ ਬੂਝੈ ਚੁਖ ਪਾਇਆ।। (ਅੰਕ ੧੧੨੭)

* ਸੇ ਵਡਭਾਗੀ ਜਿਨ ਸਬਦ ਪਛਾਣਿਆ।। (ਅੰਕ ੧੧੭੫)

* ਹੁਕਮ ਮਨੈ ਸੇ ਜਨ ਪਰਵਾਣੁ ਗੁਰ ਕੇ ਸਬਦ ਨਾਮ ਨੀਸਾਣ।। (ਅੰਕ ੧੧੭੫)

* ਬਾਣੀ ਸੁਰਤ ਨ ਬੁਝਨੀ ਸਬਦੁ ਨ ਕਰੇ ਬੀਚਾਰ (ਅੰਕ ੧੪੧੫)

ਗੁਰੂ ਰਾਮ ਦਾਸ ਜੀ: (ਮਹਲਾ 4)

* ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ।।

ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ।। (ਅੰਕ ੭੬)

* ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ।।

ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ।। (ਅੰਕ ੩੦੦)

* ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ।। (ਅੰਕ ੩੦੩)

* ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ।।

ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ।। (ਅੰਕ ੩੧੬)

* ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ।।

ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ

ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ।। (ਅੰਕ ੬੬੯)

* ਹਰਿ ਹਰਿ ਗੁਣ ਗੋਵਿੰਦ ਜਪਾਹਾ।। ਮਨੁ ਤਨੁ ਜੀਤਿ ਸਬਦੁ ਲੈ ਲਾਹਾ।।

ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ।। (ਅੰਕ ੬੯੯)

* ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ।।

ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ।। (ਅੰਕ ੭੨੦)

* ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ।।

ਹਉਮੈ ਬਿਆਪਿਆ ਸਬਦੁ ਨ ਚੀਨ੍ਹ੍ਹੈ ਫਿਰਿ ਫਿਰਿ ਜੂਨੀ ਆਵੈ।। (ਅੰਕ ੭੩੨)

* ਅੰਤਰਿ ਰਤਨੁ ਬੀਚਾਰੇ।। ਗੁਰਮੁਖਿ ਨਾਮੁ ਪਿਆਰੇ।।

ਹਰਿ ਨਾਮੁ ਪਿਆਰੇ ਸਬਦਿ ਨਿਸਤਾਰੇ ਅਗਿਆਨੁ ਅਧੇਰੁ ਗਵਾਇਆ।। (ਅੰਕ ੭੭੫)

* ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ।।

ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ।। (ਅੰਕ ੯੮੧)

* ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ।।

ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਹਾਰੇ।। (ਅੰਕ ੯੮੩)

* ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ।।

ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ।। (ਅੰਕ ੧੦੮੭)

* ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ।।

ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ।। (ਅੰਕ ੧੧੧੪)

* ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ।।

ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ।। (ਅੰਕ ੧੧੧੪)

* ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ।।

ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ।। (ਅੰਕ ੧੧੯੧)

* ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ ਰਸੁ ਗਾਵਹਿ ਰਸੁ ਬੀਚਾਰੇ।।

ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨਿ੍ਹ੍ਹਆ ਓਇ ਪਾਵਹਿ ਮੋਖ ਦੁਆਰੇ।। (ਅੰਕ ੧੧੯੯)

* ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ਹ੍ਹ ਗੁਰਮਤਿ ਨਾਮੁ ਪਛਾਨੀ।।

ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ।। (ਅੰਕ ੧੧੯੯)

* ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੇਤਾ ਲੋਗ ਪਚਾਰਾ।।

ਜਉ ਲਉ ਰਿਦੈ ਨਹੀ ਪਰਗਾਸਾ ਤਉ ਲਉ ਅੰਧ ਅੰਧਾਰਾ।। (ਅੰਕ ੧੨੦੫)

* ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸਿ ਧਾਰੈ

ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ।। (ਅੰਕ ੧੩੯੮)

ਗੁਰੂ ਅਰਜਨ ਦੇਵ ਜੀ (ਮਹਲਾ 5)

* ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ।। (ਅੰਕ ੪੬)

* ਜੇਹਾ ਡਿਠਾ ਮੈ ਤੇਹੋ ਕਹਿਆ।। ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ।। (ਅੰਕ ੯੭)

* ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ।। ਮਨੁ ਪੀਵੈ ਸੁਨਿ ਸਬਦੁ ਬੀਚਾਰਾ।। (ਅੰਕ ੧੦੨)

* ਪਾਰਬ੍ਰਹਮ ਗੁਣ ਅਗਮ ਬੀਚਾਰ।। ਸਾਧੂ ਸੰਗਮਿ ਹੈ ਨਿਸਤਾਰ।। (ਅੰਕ ੨੦੦)

* ਅਗਾਧਿ ਬੋਧਿ ਹਰਿ ਅਗਮ ਅਪਾਰੇ।। ਨਾਮੁ ਜਪਤ ਨਾਮੁ ਰਿਦੇ ਬੀਚਾਰੇ।। (ਅੰਕ ੨੦੨)

* ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ।।

ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ।। (ਅੰਕ ੨੦੮)

* ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ।।

ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ।। (ਅੰਕ ੨੧੬)

* ਤਿਸ ਕਾ ਹੁਕਮੁ ਬੂਝਿ ਸੁਖੁ ਹੋਇ।। ਤਿਸ ਕਾ ਨਾਮੁ ਰਖੁ ਕੰਠਿ ਪਰੋਇ।। (ਅੰਕ ੨੮੧)

* ਰਾਮ ਨਾਮ ਤਤੁ ਕਰਹੁ ਬੀਚਾਰੁ।। ਦ੍ਰੁਲਭ ਦੇਹ ਕਾ ਕਰਹੁ ਉਧਾਰੁ।। (ਅੰਕ ੨੯੩)

* ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ।।

ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ।। (ਅੰਕ ੩੦੦)

* ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ।। ਜੋ ਸੁਣੇ ਕਮਾਵੈ ਸੁ ਉਤਰੈ ਪਾਰਿ।। (ਅੰਕ ੩੭੦)

* ਸਹਜ ਗੁਫਾ ਮਹਿ ਆਸਣੁ ਬਾਧਿਆ।। ਜੋਤਿ ਸਰੂਪ ਅਨਾਹਦੁ ਵਾਜਿਆ।।

ਮਹਾ ਅਨੰਦੁ ਗੁਰ ਸਬਦੁ ਵੀਚਾਰਿ।। ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ।। (ਅੰਕ ੩੭੦)

* ਏਕ ਵਸਤੁ ਬੂਝਹਿ ਤਾ ਹੋਵਹਿ ਪਾਕ।। ਬਿਨੁ ਬੂਝੇ ਤੂੰ ਸਦਾ ਨਾਪਾਕ।। (ਅੰਕ ੩੭੪)

* ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ।।

ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ।। (ਅੰਕ ੩੯੯)

* ਤੂ ਬੇਅੰਤੁ ਕੋ ਵਿਰਲਾ ਜਾਣੈ।। ਗੁਰ ਪ੍ਰਸਾਦਿ ਕੋ ਸਬਦਿ ਪਛਾਣੈ।। (ਅੰਕ ੫੬੩)

* ਰਾਮਦਾਸ ਸਰੋਵਰਿ ਨਾਤੇ।। ਸਭਿ ਉਤਰੇ ਪਾਪ ਕਮਾਤੇ।। … ….

ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ।। (ਅੰਕ ੬੨੫)

* ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ।। (ਅੰਕ ੬੮੨)

* ਮਾਨੁਖੁ ਬਿਨੁ ਬੂਝੇ ਬਿਰਥਾ ਆਇਆ।।

ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ।। (ਅੰਕ ੭੧੨)

* ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ।। (ਅੰਕ ੮੨੨)

* ਜਾ ਹਰਿ ਪ੍ਰਭਿ ਕਿਰਪਾ ਧਾਰੀ।। ਤਾ ਹਉਮੈ ਵਿਚਹੁ ਮਾਰੀ।।

ਸੋ ਸੇਵਕਿ ਰਾਮ ਪਿਆਰੀ।। ਜੋ ਗੁਰ ਸਬਦੀ ਬੀਚਾਰੀ।। (ਅੰਕ ੮੭੯)

* ਗੁਰ ਕਾ ਸਬਦੁ ਵੀਚਾਰਿ ਜੋਗੀ।। ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ।।

ਭੁਗਤਿ ਨਾਮੁ ਗੁਰ ਸਬਦਿ ਬੀਚਾਰੀ।। ਅਸਥਿਰੁ ਕੰਧੁ ਜਪੈ ਨਿਰੰਕਾਰੀ।। (ਅੰਕ ੮੭੯)

* ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ।।

ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ।। (ਅੰਕ ੯੨੪)

* ਇਹੁ ਜਗੁ ਧੂਏ ਕਾ ਪਹਾਰ।। ਤੈ ਸਾਚਾ ਮਾਨਿਆ ਕਿਹ ਬਿਚਾਰਿ।।

ਧਨੁ ਦਾਰਾ ਸੰਪਤਿ ਗ੍ਰੇਹ।। ਕਛੁ ਸੰਗਿ ਨ ਚਾਲੈ ਸਮਝ ਲੇਹ।। (ਅੰਕ ੧੧੮੭)

* ਧਨਵੰਤ ਨਾਮ ਕੇ ਵਣਜਾਰੇ।।

ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ।। (ਅੰਕ ੧੨੨੦)

* ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ।।

ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ।। (ਅੰਕ ੧੨੨੫)

* ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ।। (ਅੰਕ ੧੩੦੦)

ਗੁਰਬਾਣੀ ਨੂੰ ਬਿਨਾਂ ਵਿਚਾਰੇ ਅਤੇ ਉਸ ਵਿੱਚ ਦਿੱਤੇ ਹੋਏ ਉਪਦੇਸ਼ਾਂ ਨੂੰ ਬਿਨਾਂ ਕਮਾਏ ਕਿਸੇ ਭਰਮ ਅਧੀਨ ਕਿਸੀ ਮੰਤ੍ਰ ਜਾਂ ਤੰਤ੍ਰ ਵਾਂਗੂ ਪਾਠ ਕਰੀ ਜਾਣ ਨੂੰ ਗੁਰਦੇਵ ਨੇ ਨਿਸ਼ਫਲ ਫੁਰਮਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:-

* ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ।।

ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ।।

ਪੜਿਐ ਨਾਹੀ ਭੇਦੁ ਬੁਝਿਐ ਪਾਵਣਾ।। (ਅੰਕ ੧੪੮)

ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਹੀ ਐਸੇ ਸ਼ਬਦ ਦਰਜ਼ ਹਨ ਜੋ ਸਾਨੂੰ ਸਮਝਾਉਂਦੇ ਹਨ ਕਿ ਬਾਣੀ ਸਿਰਫ ਪੜ੍ਹਨ ਦੀ ਥਾਂ ਪੜ੍ਹ ਕੇ ਸਮਝਣੀ ਅਤੇ ਸਮਝਕੇ ਕਮਾਉਣੀ ਪਏਗੀ ਤਾਂ ਹੀ ਉਸ ਤੋਂ ਅਸੀਂ ਲਾਭ ਲੈ ਸਕਾਂਗੇ। ਇਹ ਹੀ ਇੱਕ ਵਸੀਲਾ ਹੋ ਸਕਦਾ ਹੈ ਜਨਮ ਜਨਮ ਕੇ ਦੁਖ ਮਿਟਾਉਣ ਦਾ, ਆਵਾਗਮਨ ਦਾ ਭੈ ਮਿਟਾਉਣ ਦਾ।

ਏਥੇ ਮੈਨੂੰ ਮਸਕੀਨ ਸਾਹਿਬ ਜੀ ਦੀ ਕਹੀ ਹੋਈ ਇੱਕ ਗੱਲ ਯਾਦ ਆਉਂਦੀ ਹੈ। ਉਨ੍ਹਾਂ ਨੇ ਇੱਕ ਲੈਕਚਰ ਵਿੱਚ ਦੱਸਿਆ ਸੀ। ਇੱਕ ਬੰਦਾ ਜਿਸਦੇ ਦੋ ਪੁੱਤਰ ਸਨ, ਮਰਨ ਵੇਲੇ ਆਪਣੇ ਦੋਹਾਂ ਪੁੱਤਰਾਂ ਨੂੰ ਬੁਲਾ ਕੇ ਕਹਿੰਦਾ ਹੈ ਬੱਚਿਉ ਇਹ ਛੋਟੀ ਜਿਹੀ ਸੰਦੂਕ ਹੈ, ਜੋ ਮੈਂ ਹੁਣ ਤੁਹਾਡੇ ਹਵਾਲੇ ਕਰਦਾ ਹਾਂ ਇਸ ਨੂੰ ਸਾਂਭ ਕੇ ਰੱਖਣਾ। ਬੱਚਿਆਂ ਨੇ ਉਹ ਸੰਦੂਕ ਸਾਂਭ ਲਈ ਅਤੇ ਰੋਜ਼ ਉਸ ਨੂੰ ਬੜੇ ਅਦਬ ਨਾਲ ਸਾਫ ਕਰਕੇ ਧੂਪ ਦੀਵਾ ਵਗੈਰਾ ਕਰਿਆ ਕਰਦੇ ਫੇਰ ਸੁੰਦਰ ਰੁਮਾਲੇ ਨਾਲ ਢੱਕ ਕੇ ਰੱਖ ਦਿੰਦੇ। ਰੱਬ ਦੀ ਕਰਨੀ ਹੁਣ ਉਨ੍ਹਾਂ ਤੇ ਗਰੀਬੀ ਆ ਗਈ। ਦਿਨ ਬੜੇ ਔਖੇ ਲੰਘ ਰਹੇ ਸਨ। ਇੱਕ ਦਿਨ ਉਨ੍ਹਾਂ ਦੇ ਘਰ ਇੱਕ ਫਕੀਰ ਆਇਆ, ਉਸ ਨੂੰ ਵੇਖ ਕੇ ਵੱਡੇ ਪੁੱਤਰ ਨੇ ਕਿਹਾ ਭਾਈ ਅਸੀਂ ਤਾਂ ਆਪ ਦੋ ਦਿਨਾਂ ਦੇ ਭੁਖੇ ਹਾਂ ਤੈਨੂੰ ਕੁੱਝ ਨਹੀਂ ਦੇ ਸਕਦੇ। ਅੱਗੋਂ ਫਕੀਰ ਨੇ ਕਿਹਾ ਮੈਂ ਤੁਹਾਨੂੰ ਇੱਕ ਸੁਨੇਹਾ ਦੇਣ ਆਇਆ ਹਾਂ, ਕੀ ਤੁਹਾਡੇ ਪਿਉ ਨੇ ਤੁਹਾਨੂੰ ਇੱਕ ਸੰਦੂਕ ਦਿੱਤੀ ਸੀ? ਉਸ ਲੜਕੇ ਨੇ ਕਿਹਾ, ਹਾਂ। ਅਸੀਂ ਉਸ ਸੰਦੂਕ ਨੂੰ ਬੜਾ ਸਾਂਭ ਕੇ ਅਤੇ ਬੜੇ ਅਦਬ ਨਾਲ ਰੱਖਿਆ ਹੈ, ਅਸੀਂ ਉਸ ਨੂੰ ਆਪਣੇ ਪਿਉ ਦੀ ਆਖਰੀ ਨਿਸ਼ਾਨੀ ਜਾਣ ਕੇ ਆਪਣੇ ਪਿਉ ਜਿੱਡਾ ਸਤਿਕਾਰ ਦਿੰਦੇ ਹਾਂ, ਰੋਜ਼ ਉਸ ਦੀ ਪੂਜਾ ਕਰਦੇ ਹਾਂ। ਤਾਂ ਫਕੀਰ ਨੇ ਪੁੱਛਿਆ ਕੀ ਕਦੀ ਉਸ ਨੂੰ ਖੋਲ੍ਹ ਕੇ ਵੇਖਿਆ ਹੈ? ਮੁੰਡਿਆਂ ਨੇ ਕਿਹਾ ਨਹੀਂ। ਤਾਂ ਫਕੀਰ ਨੇ ਕਿਹਾ ਉਸ ਨੂੰ ਖੋਲ੍ਹ ਕੇ ਵੇਖੋ। ਜਦ ਉਨ੍ਹਾਂ ਨੇ ਉਸ ਸੰਦੂਕ ਨੂੰ ਖੋਲ੍ਹ ਕੇ ਵੇਖਿਆ ਤਾਂ ਹੈਰਾਨ ਰਹਿ ਗਏ। ਉਹ ਸੰਦੂਕ ਸੋਨੇ ਦੀਆਂ ਅਸ਼ਰਫੀਆਂ ਨਾਲ ਭਰੀ ਹੋਈ ਸੀ। ਹੁਣ ਉਹ ਮਾਲਾ ਮਾਲ ਹੋ ਗਏ। ਜੇਹੜੇ ਹੁਣ ਤੱਕ ਮੁਫਲਿਸੀ ਵਿੱਚ ਦਿਨ ਕੱਟ ਰਹੇ ਸਨ ਰਈਸ ਹੋ ਗਏ। ਇਸੇ ਤਰ੍ਹਾਂ ਸਾਨੂੰ ਵੀ ਲੋੜ ਹੈ ਪਿਉ ਦਾਦੇ ਦੇ ਖਜ਼ਾਨੇ ਨੂੰ ਖੋਲ੍ਹ ਕੇ ਵੇਖਣ ਦੀ। ਲੋੜ ਹੈ ਉਸ ਖਜ਼ਾਨੇ ਨੂੰ ਪੜ੍ਹਕੇ ਸਮਝ੍ਹਣ ਦੀ ਅਤੇ ਸਮਝ ਕੇ ਕਮਾਉਣ ਦੀ। ਇਨੇ ਵੱਡੇ ਖਜ਼ਾਨੇ ਦੇ ਹੁੰਦਿਆਂ ਹੋਇਆਂ ਵੀ ਅਸੀਂ ਧਰਮ ਗਿਆਨ ਅਤੇ ਇਨਸਾਨੀਅਤ ਦੇ ਪੱਖੋਂ ਕੰਗਾਲ ਬਣੇ ਹੋਏ ਹਾਂ।

* ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ।। ਤਾ ਮੇਰੈ ਮਨਿ ਭਇਆ ਨਿਧਾਨਾ।।

ਰਤਨ ਲਾਲ ਜਾ ਕਾ ਕਛੂ ਨ ਮੋਲੁ।। ਭਰੇ ਭੰਡਾਰ ਅਖੂਟ ਅਤੋਲ।। (ਅੰਕ ੧੮੬)

ਵੈਸੇ ਵੀ ਕੋਈ ਮਾਸਟਰ ਜਾਂ ਉਸਤਾਦ ਆਪਣੇ ਵਿਦਿਆਰਥੀ ਨੂੰ ਇਹ ਕਦੀ ਵੀ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰੀਆਂ ਕਿਤਾਬਾਂ ਪੜ੍ਹ ਲਵੋ ਪਰ ਇਨ੍ਹਾਂ ਨੂੰ ਸਮਝ੍ਹਣ ਦੀ ਕੋਈ ਲੋੜ ਨਹੀਂ। ਅਗਰ ਕੋਈ ਐਸਾ ਕਹਿੰਦਾ ਵੀ ਹੈ ਤਾਂ ਉਸ ਉਸਤਾਦ ਕੋਲ ਕੋਈ ਵੀ ਆਪਣਾ ਬੱਚਾ ਪੜ੍ਹਨ ਵਾਸਤੇ ਨਹੀਂ ਭੇਜੇਗਾ।

* ਪੜਿਐ ਨਾਹੀ ਭੇਦੁ ਬੁਝਿਐ ਪਾਵਣਾ।। (ਅੰਕ ੧੪੮)

ਸਮਝ੍ਹਣ ਦੀ ਲੋੜ ਨੂੰ ਛੱਡਕੇ ਧਰਮ ਗ੍ਰੰਥਾਂ ਦੇ ਪਾਠ ਕਰਨ ਦੀ ਰੀਤ ਸਭ ਤੋਂ ਪਹਿਲਾਂ ਬ੍ਰਾਹਮਣ ਨੇ ਚਲਾਈ ਸੀ। ਉਸ ਦਾ ਕਾਰਨ ਇਹ ਸੀ ਕਿ ਬ੍ਰਾਹਮਣ ਮਨੁੱਖਾਂ ਨੂੰ ਅਗਿਆਨੀ ਹੀ ਬਣਾਈ ਰੱਖਣਾ ਚਾਹੁੰਦਾ ਸੀ ਤਾਂ ਕਿ ਉਸ ਦਾ ਆਪਣਾ ਬੁੱਤਾ ਸਰਦਾ ਰਹੇ। ਪਰ ਇਹ ਕਿਡੇ ਅਫਸੋਸ ਦੀ ਗੱਲ ਹੈ ਕਿ ਬ੍ਰਾਹਮਣੀ ਰੀਤ ਦਾ ਇਹ ਭੂਤ ਸਿੱਖਾਂ ਉਤੇ ਅੱਜ ਤੱਕ ਸਵਾਰ ਹੈ ਅੱਜ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਤਾਂ ਹਾਂ ਪਰ ਪੜ੍ਹ ਕੇ ਸਮਝ੍ਹਣ ਦੀ ਅਤੇ ਸਮਝ੍ਹ ਕੇ ਕਮਾਉਣ ਦੀ ਕਦੀ ਲੋੜ ਹੀ ਮਹਿਸੂਸ ਨਹੀਂ ਕਰਦੇ। ਕਿਉਂਕਿ ਸਾਡੇ ਧਾਰਮਕ ਅਦਾਰਿਆਂ ਨੇ ਸਾਨੂੰ ਕਦੀ ਏਸ ਵਲੋਂ ਸੁਚੇਤ ਹੀ ਨਹੀਂ ਕੀਤਾ। ਅੱਜ ਸਾਨੂੰ ਇਹੀ ਦਸਿਆ ਜਾਂਦਾ ਹੈ ਕਿ ਸੁਖਮਨੀ ਦੇ ਇਨ੍ਹੇ ਪਾਠ ਕਰੋ ਤੇ ਇਹ ਫਲ ਮਿਲਦੇ ਹਨ। ਇਨੇ ਜਪੁਜੀ ਦੇ ਪਾਠ ਕਰਨ ਨਾਲ ਇਹ ਲਾਭ ਹੁੰਦੇ ਹਨ ਅਤੇ ਇਨੇ ਅਖੰਡ ਪਾਠ ਕਰਾਉਣ ਦੇ ਐਨੇ ਫਲ ਪ੍ਰਾਪਤ ਹੁੰਦੇ ਹਨ। ਅੱਜ ਸਿੱਖ ਜਗਤ ਵਿੱਚ ਗੁਰਬਾਣੀ ਨੂੰ ਮੰਤ੍ਰ ਪਾਠ ਦੀ ਤਰ੍ਹਾਂ ਪੜ੍ਹਿਆ ਜਾਂਦਾ ਹੈ। ਪਰ ਬਿਨਾਂ ਸਮਝੇ ਅਤੇ ਬਿਨਾਂ ਉਸ ਬਾਣੀ ਨੂੰ ਜੀਵਨ ਵਿੱਚ ਢਾਲਣ ਤੋਂ ਕਿਸੇ ਖਾਸ ਫਲ ਦੀ ਇਛਿਆ ਦੇ ਅਧੀਨ ਬਾਣੀ ਨੂੰ ਪੜ੍ਹੀ ਜਾਣ ਨੂੰ ਗੁਰੂ ਸਾਹਿਬ ਨੇ ਨਿਸ਼ਫਲ ਫੁਰਮਾਇਆ ਹੈ।

* ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ।। (ਅੰਕ ੧੩੦੦)

* ਸਭਿ ਜਪ ਸਭਿ ਤਪ ਸਭ ਚਤੁਰਾਈ।।

ਊਝੜਿ ਭਰਮੈ ਰਾਹਿ ਨ ਪਾਈ।।

ਬਿਨੁ ਬੂਝੇ ਕੋ ਥਾਇ ਨ ਪਾਈ।। (ਅੰਕ ੪੧੨)

ਪਰ ਗੁਰੂ ਸਾਹਿਬ ਦੇ ਇਹੋ ਜਿਹੇ ਫੁਰਮਾਨ ਅਤੇ ਹੁਕਮਾਂ ਦੇ ਹੁੰਦਿਆਂ ਵੀ ਅਜ ਅਸੀਂ ਗੁਰੂ ਜੀ ਦੀ ਮੱਤ ਤੇ ਚੱਲਣ ਦੀ ਥਾਂ ਉਲਟਾ ਉਹ ਕੁੱਝ ਕਰੀਂ ਜਾ ਰਹੇ ਹਾਂ ਜਿਸ ਤੋਂ ਗੁਰੂ ਜੀ ਨੇ ਸਾਨੂੰ ਬਾਰ ਬਾਰ ਰੋਕਿਆ ਅਤੇ ਵਰਜਿਆ ਹੈ। ਸਤਿਗੁਰਾਂ ਨੇ ਤਾਂ ਦਸਾਂ ਜਾਮਿਆਂ ਵਿੱਚ ਆ ਕੇ ਤਰਕੀਬਨ ਤਿੰਨ ਸੋ ਵਰ੍ਹੇ ਲਗਾਏ ਅਤੇ ਬ੍ਰਾਹਮਣੀ ਕੁਰੀਤੀਆਂ ਨੂੰ ਆਪਣੇ ਸਿੱਖ ਸ਼ਰਧਾਲੂਆਂ ਵਿਚੋਂ ਕੱਢਣ ਦੇ ਜਤਨ ਕੀਤੇ ਪਰ ਅੱਜ ਇਹ ਵੇਖਣ ਵਿੱਚ ਆ ਰਿਹਾ ਹੈ ਕਿ ਕਈ ਡੇਰੇਦਾਰ, ਸੰਤ ਅਤੇ ਪ੍ਰਚਾਰਕ ਇਸ ਕੁਰੀਤੀ ਨੂੰ ਆਪਣੇ ਨਿੱਜੀ ਸੁਆਰਥਾਂ ਲਈ ਪ੍ਰੱਚਲਤ ਅਤੇ ਪਰਪੱਕ ਕਰ ਰਹੇ ਹਨ ਅਤੇ ਗੁਰਦੇਵ ਜੀ ਦੇ ਅਸਲੀ ਆਸ਼ੇ ਬਾਣੀ ਨੂੰ ਸਮਝਣ ਅਤੇ ਸਮਝਕੇ ਇਸ ਨੂੰ ਜੀਵਨ ਵਿੱਚ ਢਾਲਣ ਅਤੇ ਜੀਵਨ ਦੇ ਗਿਆਨ ਤੋਂ ਦੂਰ ਕਰਨ ਦਾ ਘੋਰ ਅਪਰਾਧ ਕਰੀ ਜਾ ਰਹੇ ਹਨ। ਭਾਈ ਗੁਰਦਾਸ ਜੀ ਨੇ ਆਪਣੇ ਕਬਿਤ ਵਿੱਚ ਬੜੇ ਖੂਬਸੂਰਤ ਢੰਗ ਨਾਲ ਸਪੱਸ਼ਟ ਕੀਤਾ ਹੈ।

* ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦ ਮੀਠੋ ਆਵੈ।।

ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ।।

ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂੰ ਕੋ।।

ਦ੍ਰਬ ਦ੍ਰਬ ਕਹੈ ਕੋਉ ਦ੍ਰਬਹਿ ਨ ਬਿਨਾਸਾ ਹੈ।।

ਚੰਦਨ ਚੰਦਨ ਕਹੈ ਪ੍ਰਗਟੈ ਨ ਸੁਭਾਸ ਬਾਸ।।

ਚੰਦ ਚੰਦ ਕਹੈ ੳਜਿਆਰੋ ਨ ਪ੍ਰਗਾਸ ਹੈ।।

ਤੈਸੇ ਗਿਆਨ ਗੋਸਟਿ ਕਰਤ ਨ ਰਹਤ ਪਾਵੈ।।

ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ।।

ਏਥੇ ਭਾਈ ਗੁਰਦਾਸ ਜੀ ਬੜੇ ਸਪੱਸ਼ਟ ਸ਼ਬਦਾਂ ਵਿੱਚ ਸਮਝਾ ਰਹੇ ਹਨ ਕਿ ਕਰਨੀ ਹੀ ਪ੍ਰਧਾਨ ਹੈ। ਖਾਲੀ ਖੰਡ ਖੰਡ ਕਰਨ ਨਾਲ ਮੂੰਹ ਵਿੱਚ ਮਿਠਾਸ ਨਹੀਂ ਆ ਜਾਂਦੀ। ਚੰਦ ਚੰਦ ਕਰਨ ਨਾਲ ਚਾਂਦਨੀ ਨਹੀਂ ਹੋ ਜਾਂਦੀ ਵੈਦ ਵੈਦ ਕਰਨ ਨਾਲ ਰੋਗ ਠੀਕ ਨਹੀਂ ਹੋ ਸਕਦਾ। ਇਸੀ ਤਰ੍ਹਾਂ ਕਿਸੀ ਵੀ ਬਾਣੀ ਨੂੰ ਪੜ੍ਹਿਆਂ ਉਸ ਵਿੱਚ ਲਿਖੇ ਫਲਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਦ ਤੱਕ ਲਗਕੇ ਇਮਾਨਦਾਰੀ ਨਾਲ ਉਨ੍ਹਾਂ ਗੁਰੂ ਸ਼ਬਦਾਂ ਨੂੰ ਕਮਾਇਆ ਨਾ ਜਾਵੇ।

* ਪੜਿ ਪੜਿ ਗਡੀ ਲਦੀਅਹਿ।। (ਅੰਕ ੪੬੭)

ਵੈਸੇ ਵੀ ਅਗਰ ਵਿਚਾਰਿਆ ਜਾਵੇ ਤਾਂ ਇਹੀ ਸਮਝ ਆਉਂਦੀ ਹੈ ਕਿ ਗੁਰੂ ਦੀ ਖੁਸ਼ੀ ਦੇ ਪਾਤਰ ਉਹੀ ਬਣ ਸਕਦੇ ਹਨ ਜੋ ਗੁਰੂ ਦੀ ਖੁਸ਼ੀ ਵਾਸਤੇ ਪੂਜਾ ਕਰਨ, ਆਪਣੀ ਖੁਸ਼ੀ ਵਾਸਤੇ ਪੂਜਾ ਕਰਨ ਵਾਲੇ ਗੁਰੂ ਦੀਆਂ ਰਹਿਮਤਾਂ ਦੇ ਪਾਤਰ ਕਦੀ ਵੀ ਨਹੀਂ ਬਣ ਸਕਦੇ। ਗੁਰਸਿੱਖ ਦਾ ਸਭ ਤੋਂ ਪਹਿਲਾ ਫਰਜ਼ ਇਹ ਦੇਖਣਾ ਹੈ ਕਿ ਗੁਰੂ ਦੀ ਖੁਸ਼ੀ ਕਿਸ ਗੱਲ ਵਿੱਚ ਹੈ। ਕੇਹੜੇ ਕੰਮ ਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ ਜਰੂਰੀ ਹਨ। ਸੱਚੀ ਮੁਹੱਬਤ ਦੀ ਸਭ ਤੋਂ ਪਹਿਲੀ ਸ਼ਰਤ ਆਪਣੀ ਖੁਸ਼ੀ ਆਪਣੇ ਯਾਰ ਦੀ ਖੁਸ਼ੀ ਦੇ ਅਧੀਨ ਕਰਨ ਵਿੱਚ ਹੁੰਦੀ ਹੈ। ਪਿਆਰੇ ਦੀ ਰਜਾ ਦੇ ਅਧੀਨ ਰਾਜੀ ਰਹਿਣਾ ਹੀ ਪਿਆਰ ਦਾ ਪਹਿਲਾ ਨਿਯਮ ਹੁੰਦਾ ਹੈ। ਜਿਸ ਨੇ ਇਸ ਰਮਜ਼ ਨੂੰ ਸਮਝ ਲਿਆ ਉਸ ਨੇ ਗੁਰਸਿੱਖੀ ਦਾ ਮੂਲ ਸਮਝ ਲਿਆ ਜਾਣੋ। ਸ਼ਬਦ “ਸਿੱਖ” ਦੇ ਅਸਲ ਅਰਥ ਹਨ, ਸਿਖਣ ਦਾ ਅਭਿਲਾਸ਼ੀ, ਸੱਚ ਦਾ ਖੋਜੀ, ਗਿਆਨ ਦਾ ਜਿਗਿਆਸੂ। ਸੱਚ ਦੀ ਤਲਾਸ਼ ਸਿੱਖ ਦੇ ਜੀਵਨ ਦਾ ਅਧਾਰ ਅਤੇ ਆਦਰਸ਼ ਹੋਣਾ ਚਾਹੀਦਾ ਹੈ ਪਰ ਗ੍ਰਿਹਸਤ ਜੀਵਨ ਦੇ ਆਪਣੇ ਸਾਰੇ ਫਰਜ ਨਿਭਾਂਦੇ ਹੋਇਆ।

ਸਾਰੇ ਜਗਤ ਦਾ ਹਿਰਦਾ ਪ੍ਰਭੂ ਸਿਮਰਨ ਵਲੋਂ ਉਲੱਰਿਆ ਹੋਇਆ ਹੈ ਅਤੇ ਇਸੇ ਕਾਰਣ ਇਹ ਭੈੜੀ ਮੱਤ ਦੀ ਅੱਗ ਨਾਲ ਜੀਵਾਂ ਦੀ ਆਤਮਕ ਦਸ਼ਾ ਨੂੰ ਸਾੜ ਰਿਹਾ ਹੈ। ਇਸ ਅੱਗ ਵਿਚੋਂ ਉਹੀ ਬਚਦਾ ਹੈ ਜਿਹੜਾ ਗੁਰੂ ਸ਼ਬਦ ਵਿਚਾਰਦਾ ਹੈ ਅਤੇ ਉਸ ਨੂੰ ਆਪਣੇ ਜੀਵਨ ਅੰਦਰ ਘਟਾਉਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਸੌਰ ਮੰਡਲ ਵਿੱਚ ਟਿਕਿਆ ਰਹਿੰਦਾ ਹੈ। ਉਸ ਦੀ ਹਉਮੈ ਦੂਰ ਹੋ ਜਾਂਦੀ ਹੈ। ਉਹ ਭਟਕਣ ਵਿੱਚ ਪਾਉਣ ਵਾਲੀ ਆਪਣੀ ਹੋਛੀ ਮੱਤ ਤਿਆਗ ਦਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵੈਰੀਆਂ ਦਾ ਨਾਸ ਹੋ ਜਾਂਦਾ ਹੈ। ਮਨੁੱਖ ਗੁਰੂ ਦੇ ਸ਼ਬਦ ਨੂੰ ਵੀਚਾਰ ਕੇ ਪਰਮਾਤਮਾ ਦਾ ਨਾਮ ਜਪ ਕੇ ਉਤਮ ਪੁਰਖ ਬਣ ਸਕਦਾ ਹੈ। ਇਸ ਮਾਯਾਵੀ ਸੰਸਾਰ ਸਾਗਰ ਤੋਂ ਪਾਰ ਉਹੀ ਲੰਘ ਸਕਦਾ ਹੈ ਜੋ ਗੁਰੂ ਦੀ ਸ਼ਰਨ ਪਵੇ। ਇਹ ਤਾਂ ਹੀ ਹੋ ਸਕਦਾ ਹੈ ਜੇ ਗੁਰੂ ਦੀ ਦੱਸੀ ਹੋਈ ਮੱਤ ਤੇ ਚਲੀਏ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਰਾਹੀ ਗੁਰੂ ਦੇ ਗੁਣਾਂ ਨੂੰ ਵੀਚਾਰਦਾ ਹੈ, ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ। ਸਿਫਤ ਸਲਾਹ ਤੋਂ ਬਿਨਾਂ ਅਨੇਕਾਂ ਪੁੰਨ ਦਾਨ ਕੀਤਿਆਂ, ਅਨੇਕਾਂ ਤੀਰਥਾਂ ਤੇ ਇਸ਼ਨਾਨ ਕੀਤਿਆਂ ਕੋਈ ਜੀਵ ਵਿਚਾਰਾਂ ਦੀ ਮੈਲ ਨਹੀਂ ਧੋ ਸਕਦਾ। ਵਿਖਾਵੇ ਦੀ ਭਗਤੀ ਤਾਂ ਦੁੱਖਾਂ ਦਾ ਕਾਰਣ ਬਣ ਜਾਂਦੀ ਹੈ। ਗੁਰੂ ਦੇ ਸ਼ਬਦ ਦੀ ਵੀਚਾਰ ਜੀਵ ਨੂੰ ਆਤਮਕ ਅਡੋਲਤਾ ਵਿੱਚ ਲੈ ਆਉਂਦੀ ਹੈ। ਉਸ ਦੀ ਭਟਕਣਾ ਮੁੱਕ ਜਾਂਦੀ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਵੀਚਾਰਕੇ ਗੁਰੂ ਦੀ ਮੱਤ ਉਤੇ ਚਲਦੇ ਹਨ ਉਹ ਸਦਾ ਹਰਿ ਨਾਮ ਵਿੱਚ ਲੀਨ ਰਹਿੰਦੇ ਹਨ। ਨਾਮ ਵਿੱਚ ਰਹਿ ਕੇ ਦੁਨੀਆਂ ਦੇ ਕਾਰ ਵਿਹਾਰ ਅਤੇ ਕਿਰਤ ਕਮਾਈ ਕਰਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਨਾਮ ਟਿਕਿਆ ਰਹਿੰਦਾ ਹੈ।

ਨਾ ਪੜ੍ਹਨ ਨਾਲੋ ਗੁਰਬਾਣੀ ਨੂੰ ਬਗੈਰ ਸਮਝੇ ਵੀ ਪੜ੍ਹਨਾ ਮੁਬਾਰਕ ਪਰ ਜੋ ਫਲ ਅਤੇ ਫਾਇਦਾ ਗੁਰਬਾਣੀ ਨੂੰ ਸਮਝ ਕੇ ਪੜ੍ਹਨ ਅਤੇ ਉਸ ਤੇ ਵਿਚਾਰ ਕਰਨ ਨਾਲ ਨਿਕਲਦਾ ਹੈ ਉਸ ਦੀ ਉਪਮਾਂ ਕਥਨ ਤੋਂ ਬਾਹਰ ਹੈ। ਗੁਰਬਾਣੀ ਪੜ੍ਹਨ ਦਾ ਅਸਲੀ ਮਕਸਦ ਹੀ ਇਸ ਤਰ੍ਹਾਂ ਪੂਰਾ ਹੁੰਦਾ ਹੈ।

* ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ।।

ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ

ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ।। (ਅੰਕ ੬੬੯)

ਗੁਰੂ ਦਾ ਉਪਦੇਸ਼ ਕੋਈ ਫਾਇਦਾ ਨਹੀਂ ਪਹੁੰਚਾ ਸਕਦਾ ਜਦ ਤੱਕ ਗੁਰੂ ਦੇ ਬਚਨਾਂ ਨੂੰ ਕਮਾਇਆ ਨਾ ਜਾਵੇ। ਅਭਿਆਸੀ ਨੂੰ ਅਭਿਆਸ ਕਮਾਈ ਦਾ, ਨਿਸਚੇ ਦਾ, ਮਿਹਨਤ ਦਾ ਸਦਾ ਆਸਰਾ ਰੱਖਣਾ ਚਾਹੀਦਾ ਹੈ। ਜਿਸ ਤਰ੍ਹਾਂ ਸਾਰੀ ਜੰਗ ਵਿਦਿਆ ਜਾਣਦਾ ਹੋਇਆ ਸਿਪਾਹੀ ਹਥਿਆਰ ਤੋਂ ਬਗੈਰ ਕਿਸੇ ਕੰਮ ਦਾ ਨਹੀਂ ਹੁੰਦਾ। ਉਸੇ ਤਰ੍ਹਾਂ ਜਿਸ ਆਦਮੀ ਵਿੱਚ ਮਿਹਨਤ ਪੁਰਸ਼ਾਰਥ ਉਦਮ ਨਾ ਹੋਣ, ਗੁਰੂ ਉਪਦੇਸ਼ਾਂ ਦੀ ਕਮਾਈ ਕਰਨ ਦਾ ਚਾਉ ਨਾ ਹੋਵੇ, ਉਹ ਚੰਗੇ ਗੁਰ ਉਪਦੇਸ਼ਾਂ ਦੇ ਹੁੰਦਿਆਂ ਵੀ ਕਿਸੇ ਬੰਨੇ ਨਹੀਂ ਲੱਗ ਸਕਦਾ। ਜਿਥੇ ਰੱਬ ਕੋਲੋਂ ਪੂਰੇ ਸਤਿਗੁਰ ਅਤੇ ਸੰਤਾਂ ਮਹਾਤਮਾ ਦਾ ਮੇਲ ਅਤੇ ਸਾਧ ਸੰਗਤ ਦੀ ਪ੍ਰਾਪਤੀ ਮੰਗੀਏ ਉਥੇ ਸਤਿਗੁਰਾਂ ਦੇ ਉਪਦੇਸ਼ਾਂ ਅਤੇ ਬਚਨਾਂ ਨੂੰ ਕਮਾਉਣ ਦੀ ਦਲੇਰੀ ਤੇ ਸ਼ਕਤੀ ਵੀ ਮੰਗਣੀ ਜਰੂਰੀ ਹੈ। ਰਸਤਾ ਪੁੱਛਣ ਨਾਲ ਸਫਰ ਤੈਅ ਨਹੀਂ ਹੁੰਦਾ। ਸਫਰ ਰਸਤੇ ਤੇ ਤੁਰਨ ਨਾਲ ਹੀ ਤੈਅ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ।

* ਪੂਛਤ ਪਥਿਕ ਤਿਹ ਮਾਰਗ ਨ ਧਰੈ ਪਗਿ।।

ਪ੍ਰੀਤਮ ਕੇ ਦੇਸ ਕੈਸੇ ਬਾਤਨ ਸਿਉ ਜਾਈਏ।।

ਪੂਛਤ ਹੈ ਬੈਦ ਖਾਤ ਅਉਖਧਿ ਨ ਸੰਜਮ ਸੇ।।

ਕੈਸੇ ਮਿਟੈ ਰੋਗ ਸੁਖ ਸਹਜ ਸਮਾਈਐ।।

ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੇ।।

ਕਰੈ ਵਿਭਚਾਰ ਕੈਸੇ ਸਿਹਜਾ ਬੁਲਾਈਐ।।

ਗਾਏ ਸੁਨੇ ਆਖੇ ਮੀਚੇ ਪਾਈਐ ਨ ਪਰਮ ਪਦ।।

ਗੁਰ ਉਪਦੇਸ਼ ਜਉ ਲਉ ਗਹਿ ਨ ਕਮਾਈਐ।।

ਪੂਰੀ ਮਿਹਨਤ ਨਾਲ ਘਾਲਣਾ ਘਾਲ ਕੇ ਉਸ ਦੇ ਸਿੱਟੇ ਨੂੰ ਵਾਹਿਗੁਰੂ ਜੀ ਦੀ ਮੇਹਰ ਉਤੇ ਛੱਡ ਦੇਣਾ ਹੋਰ ਗੱਲ ਹੈ ਅਤੇ ਐਵੇਂ ਜੁਬਾਨੀ ਆਰਜੀ ਤੌਰ ਤੇ ਵਾਹਿਗੁਰੂ ਦੀ ਮਿਹਰ ਦੀਆਂ ਆਸਾ ਬੰਨ੍ਹਣੀਆਂ ਕੁੱਝ ਹੋਰ ਗੱਲ ਹੈ। ਜਬਾਨੀ ਤੌਰ ਤੇ ਵਾਹਿਗੁਰੂ ਜੀ ਉਤੇ ਡੋਰੀ ਛੱਡਣ ਵਾਲੇ ਆਦਮੀ ਆਮ ਤੌਰ ਤੇ ਸੁਸਤ ਡਰਪੋਕ ਤੇ ਮਿਹਨਤ ਤੋਂ ਜੀ ਚੁਰਾਉਣ ਵਾਲੇ ਹੁੰਦੇ ਹਨ। ਧੁੱਪ ਉਸ ਨੂੰ ਨਿੱਘ ਅਤੇ ਰੋਸ਼ਨੀ ਦਿੰਦੀ ਹੈ ਜਿਹੜਾ ਧੁੱਪ ਤੱਕ ਜਾਣ ਦਾ ਉਪਰਾਲਾ ਕਰੇ। ਇਸੀ ਤਰ੍ਹਾਂ ਪਾਣੀ ਉਸੇ ਨੂੰ ਸ਼ੀਤਲਤਾ ਦਿੰਦਾ ਹੈ ਜਿਹੜਾ ਉਸ ਤਕ ਅਪੜਨ ਦੀ ਖੇਚਲ ਕਰੇ। ਵਾਹਿਗੁਰੂ ਦੀ ਕ੍ਰਿਪਾ ਵੀ ਉਸੇ ਉਤੇ ਹੁੰਦੀ ਹੈ। ਜੋ ਕ੍ਰਿਪਾ ਦਾ ਪਾਤਰ ਬਣਨ ਵਿੱਚ ਆਪਣੀ ਸਾਰੀ ਇਨਸਾਨੀ ਤਾਕਤ ਲਗਾ ਦੇਵੇ।

ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ।।

ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ।। (ਅੰਕ ੬੬੮)

ਭਾਵ ਨੌ ਵਿਆਕਰਣ, ਛੇ ਸ਼ਾਤਸਰ ਤੇ ਚਾਰ ਵੇਦ ਮੂੰਹ ਜਬਾਨੀ ਪਏ ਯਾਦ ਹੋਣ ਤੇ ਇਨ੍ਹਾਂ ਨੂੰ ਰੋਜ਼ ਮੂੰਹ ਜਬਾਨੀ ਬੋਲਦਾ ਰਹੇ। ਮੇਰਾ ਹਰਿ ਪ੍ਰਭੁ ਇੰਜ ਨਹੀਂ ਪ੍ਰਸੰਨ ਹੁੰਦਾ। ਤਾਂ ਤੇ ਹੇ ਨਾਨਕ! ਪ੍ਰਭੂ ਦੀ ਪ੍ਰਸੰਨਤਾ ਲਈ ਜਰੂਰੀ ਹੈ ਕਿ ਹਰੀ ਨੂੰ ਸਦਾ ਹੀ ਹਿਰਦੇ ਨਾਲ ਧਿਆਉ। ਇਸ ਨਾਲ ਹੀ ਪ੍ਰਭੂ ਪ੍ਰਸੰਨ ਹੁੰਦਾ ਹੈ।

ਇਹ ਇੱਕ ਸਰਬ ਮੰਨੀ ਸਚਾਈ ਹੈ ਅਤੇ ਗੁਰਮਤਿ ਵੀ ਸਪਸ਼ੱਟ ਫੁਰਮਾਉਂਦੀ ਹੈ ਕਿ ਧਿਆਨ ਤੋਂ ਬਿਨਾਂ ਧਾਰਮਕ ਗ੍ਰੰਥ, ਵੇਦ, ਸ਼ਾਸਤਰ ਵੀ ਲਾਭਦਾਇਕ ਨਹੀਂ ਹੋ ਸਕਦੇ ਅਤੇ ਪ੍ਰਭੂ ਦੀ ਪ੍ਰਸੰਨਤਾ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ। ਜਦ ਤਾਂਈ ਅਸੀਂ ਪਾਠ ਵਿਚਾਰ ਨਾਲ ਨਹੀਂ ਕਰਾਂਗੇ ਤੇ ਫੇਰ ਪਾਠ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ ਘਟਾਵਾਂਗੇ ਨਹੀਂ ਨਾਮ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਸਾਡੀ ਗੁਰੂ ਕੇ ਸਿਖ ਅਖਵਾਉਣ ਵਾਲਿਆਂ ਦੀ ਬਹੁ ਗਿਣਤੀ ਇਹੀ ਸਮਝਦੀ ਹੈ ਕਿ ਗੁਰਬਾਣੀ ਸਮਝਣੀ ਜਰੂਰੀ ਨਹੀਂ, ਬਸ ਅਸੀਂ ਪੜ੍ਹਨ ਤੱਕ ਹੀ ਸੀਮਿਤ ਰਹਿੰਦੇ ਹਾਂ। ਸਾਨੂੰ ਇਉਂ ਭਾਸਦਾ ਹੈ ਕਿ ਗੁਰਦੁਆਰੇ ਮੱਥਾ ਟੇਕ ਕੇ, ਬਾਣੀ ਪੜ੍ਹ ਕੇ, ਸਰੋਵਰ ਵਿੱਚ ਇਸ਼ਨਾਨ ਕਰਕੇ ਕੀਰਤਨ ਸੁਣ ਕੇ, ਪਰਕਰਮਾ ਕਰਕੇ ਹੀ ਸਤਗੁਰਾਂ ਦੀ ਮਿਹਰ ਤੇ ਬਖਸ਼ਿਸ਼ ਦੇ ਪਾਤਰ ਬਣ ਜਾਈਂਦਾ ਹੈ। ਪਰ ਸਾਡੀ ਮਾਨਤਾ ਗਲਤ ਹੈ। ਗੁਰੂ ਜੀ ਨੇ ਤਾਂ ਬਾਣੀ ਨੂੰ ਸਮਝ੍ਹਣ ਦਾ ਹੁਕਮ ਕੀਤਾ ਹੋਇਆ ਹੈ ਅਤੇ ਹੁਕਮ ਮੰਨਣਾ ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਹੁਕਮ ਨਾ ਮੰਨਣ ਕਰਕੇ ਹੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਆਪਣੇ ਬੇਟੇ ਗੁਰਗੱਦੀ ਦੇ ਪਾਤਰ ਨਹੀਂ ਬਣ ਸਕੇ ਅਤੇ ਹੁਕਮ ਮੰਨਣ ਵਾਲੇ ਭਾਈ ਲਹਿਣਾ ਜੀ, ਅਮਰੂ ਨਿਥਾਵਾਂ ਅਤੇ ਬੇਸਹਾਰਾ ਭਾਈ ਜੇਠਾ ਜੀ ਸਭ ਤੋਂ ਉੱਚੀ ਗੁਰੂ ਵਾਲੀ ਪਦਵੀ ਤੇ ਜਾ ਵਿਰਾਜਮਾਨ ਹੋਏ। ਹੁਕਮ ਨ ਮੰਨਣ ਵਾਲਿਆਂ ਨੂੰ ਗੁਰਬਾਣੀ ਮਨਮੁੱਖ ਅਥਵਾ ਬੇਮੁੱਖ ਕਹਿੰਦੀ ਹੈ।

* ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ।।

ਮਨਮੁਖ ਸ਼ਬਦ ਨ ਜਾਨਣੀ ਜਾਸਨ ਪਤਿ ਗਵਾਏ।। ੩੩।।

ਦਾਸ: ਮਹਿੰਦਰ ਸਿੰਘ ਡਿੱਡਨ




.