.

ਲ਼ੇਲੇ ਕਉ ਚੁੰਘੈ ਨਿਤ ਭੇਡ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮਨ ਨੂੰ ਵੱਸ ਕਰਨ ਦੇ ਵਿਦਵਾਨਾਂ ਨੇ ਤਿੰਨ ਸਾਧਨ ਮੰਨੇ ਹਨ –ਸਿਮਰਨ, ਕੀਰਤਨ ਤੇ ਸ਼ਬਦ ਦੀ ਵੀਚਾਰ। ਸਿਮਰਨ ਵਿੱਚ ਬਾਰ ਬਾਰ ਮਨ ਨੂੰ ਮੋੜ ਕੇ ਲਿਆਉਣਾ ਪੈਂਦਾ ਹੈ। ਬਹੁਤ ਸਮੇਂ ਉਪਰੰਤ ਮਨ ਟਿਕਦਾ ਹੈ। ਕੀਰਤਨ ਵਿੱਚ ਰਾਗ ਤਾਲ ਦਾ ਸੁਮੇਲ ਹੁੰਦਾ ਹੈ ਤੇ ਮਨ ਇਕਾਗਰ ਹੁੰਦਾ ਹੈ। ਇਸ ਰਾਗ ਤਾਲ ਕਰਕੇ ਮਨ ਬਾਹਰ ਨਹੀਂ ਭੱਜਦਾ ਤੇ ਮਨ ਗੁਰਬਾਣੀ ਨਾਲ ਜੁੜਿਆ ਰਹਿੰਦਾ ਹੈ। ਸ਼ਬਦ ਦੀ ਵਿਚਾਰ ਐਸਾ ਸਾਧਨ ਹੈ ਜਿਸ ਰਾਂਹੀ ਮਨ ਸਹਿਜੇ ਹੀ ਟਿਕ ਜਾਂਦਾ ਹੈ। ਗੁਰਬਾਣੀ ਵਿਚਾਰਾਂ, ਮਨ ਅੰਦਰ ਆਏ ਹੋਏ ਭਰਮਾਂ ਨੂੰ ਦੂਰ ਕਰਦੀਆਂ ਹਨ। ਗਿਆਨ ਦਾ ਪਰਕਾਸ਼ ਹੁੰਦਾ ਹੈ, ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਮਨ ਸਦਾ ਲਈ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ। ਕਬੀਰ ਜੀ ਨੇ ਵਿਅੰਗਾਤਮਿਕ ਢੰਗ ਨਾਲ ਮਨੁੱਖ ਨੂੰ ਸਮਝਾਇਆ ਹੈ –ਕਿ ਸੰਸਾਰ ਅੰਦਰ ਕੋਈ ਵੀ ਐਸਾ ਮਨੁੱਖ ਨਹੀਂ ਹੈ, ਜੋ ਆਪਣੇ ਘਰ ਨੂੰ ਅੱਗ ਲਗਾਵੇ। ਹਰ ਆਦਮੀ ਆਪਣੇ ਘਰ ਨੂੰ ਬਚਾਉਣ ਦਾ ਹੀ ਉਪਰਾਲਾ ਕਰਦਾ ਹੈ। ਆਪਣੇ ਪਰਵਾਰ ਦੇ ਜੀਆਂ ਨੂੰ ਕੋਈ ਵੀ ਸਾੜ ਨਹੀਂ ਸਕਦਾ। ਪੂਰਾ ਸਲੋਕ ਇਸ ਤਰ੍ਹਾਂ ਹੈ:----

ਕਬੀਰ ਐਸਾ ਕੋਈ ਨ ਜਨਮਿਓ, ਅਪਨੈ ਘਰਿ ਲਾਵੈ ਆਗਿ॥

ਪਾਂਚਉ ਲਰਿਕਾ ਜਾਰਿ ਕੈ, ਰਹੈ ਰਾਮ ਲਿਵ ਲਗਿ॥

ਸਲੋਕ ਕਬੀਰ ਜੀ ਕੇ ਪੰਨਾ 1366----

ਆਪਣੇ ਘਰ ਅੱਗ ਲਗਾਉਣ ਦਾ ਅਰਥ ਹੈ ਆਪਣੀ ਅਪਣੱਤ ਨੂੰ ਮਾਰਨਾ, ਆਪਣੀ ਹਊਮੈ ਨੂੰ ਮਾਰਨਾ। “ਪਾਚਉ ਲਰਿਕਾ” ਸਾੜਨ ਦਾ ਅਰਥ ਹੈ ਪੰਜ ਵਿਕਾਰਾਂ ਤੋਂ ਬੰਦ ਖਲਾਸੀ ਕਰਾਉਣੀ। ਵਿਰਲੇ ਮਨੁੱਖ ਹਨ ਜੋ ਸਰੀਰਕ ਮੋਹ, ਅਪਣੱਤ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਆਪਣਾ ਸਮਝੇ। ਦੂਸਰਾ ਵਿਕਾਰਾਂ ਨੂੰ ਸਮਝਣ ਦਾ ਯਤਨ ਕਰੇ, ਤੀਸਰਾ ਨੁਕਤਾ ਹੈ ਪਰਮਾਤਮਾ ਨਾਲ ਲਿਵ ਲੱਗੀ ਰਹੇ। ਪਰਮਾਤਮਾ ਨਾਲ ਲਿਵ ਦਾ ਅਰਥ ਹੈ ਰੱਬੀ ਨਿਯਮਾਵਲ਼ੀ ਨੂੰ ਸਮਝ ਲੈਣਾ, ਉਸ ਦੇ ਹੁਕਮ ਵਿੱਚ ਸਦਾ ਹੀ ਤੁਰਨ ਦਾ ਯਤਨ ਕਰਦੇ ਰਹਿਣਾ। ਉਪਰੋਕਤ ਸਲੋਕ ਵਿੱਚ ਚਾਰ ਗੱਲਾਂ ਸਮਝਾਈਆਂ ਗਈਆਂ ਹਨ। ਸਾਰੇ ਸੰਸਾਰ ਵਿੱਚ ਵਿਰਲੇ ਮਨੁੱਖ ਹਨ ਜੋ ਆਪਣੇ ਸੁਆਰਥ ਤੋਂ ਉੱਪਰ ਉੱਠ ਕੇ ਪਰ-ਸੁਆਰਥ ਲਈ ਕੁੱਝ ਕਰਦੇ ਹਨ। ਪਰਾਏ ਸੁਆਰਥ ਨੂੰ ਪਰਾਈ ਸੇਵਾ ਨੂੰ ਜਿਸ ਨੇ ਜੀਵਨ ਵਿੱਚ ਨਿਸ਼ਾਨਾ ਮਿੱਥ ਲਿਆ ਹੈ, ਉਹ ਵਿਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ। ਇਹ ਉੱਪਰ ਉੱਠ ਜਾਣਾ ਹੈ ‘ਰਹੇ ਰਾਮ ਲਿਵ ਲਾਗਿ’ ਹੈ।

ਅਗਲੇ ਸਲੋਕ ਵਿੱਚ ਪਰਮਾਤਮਾ ਦੇ ਵਪਾਰ ਦੀ ਗੱਲ ਕੀਤੀ ਗਈ ਹੈ। ਦੁਨੀਆਂ ਵਿੱਚ ਕੁੱਝ ਲੈਣਾ ਤੇ ਕੁੱਝ ਦੇਣਾ ਇਸ ਨੂੰ ਵਪਾਰ ਆਖਿਆ ਗਿਆ ਹੈ। ਕਬੀਰ ਜੀ ਨੇ ਇੱਕ ਖਿਆਲ ਪੇਸ਼ ਕੀਤਾ ਹੈ ਕਿ ਮੈਂ ਪਰਮਾਤਮਾ ਦਾ ਨਾਮ ਖ਼ਰੀਦਣ ਲਈ ਆਪਣੀਆਂ ਧੀਆਂ ਤੇ ਪੁੱਤਰ ਵੇਚਣ ਲਈ ਤਿਆਰ ਹਾਂ। ਜੇ ਮੇਰਾ ਇਹ ਪਰਵਾਰ ਵਿਕ ਜਾਏ ਤੇ ਪਰਮਾਤਮਾ ਦਾ ਨਾਮ ਮਿਲ ਜਾਏ, ਕੋਈ ਬਹੁਤਾ ਮਹਿੰਗਾ ਸੌਦਾ ਨਹੀਂ ਹੈ। ਸੁਚੱਜਾ ਜੀਵਨ ਜਿਉਣ ਲਈ, ਰਾਹ ਵਿੱਚ ਆਈਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਪ੍ਰੇਰਤ ਕੀਤਾ ਗਿਆ ਹੈ। ਸਲੋਕ ਦੀਆਂ ਗਹਿਰਾਈਆਂ ਵਿੱਚ ਇੰਜ ਲਿਖਿਆ ਗਿਆ ਹੈ।

ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ॥

ਸਾਝਾ ਕਰੈ ਕਬੀਰ ਸਿਉ, ਹਰਿ ਸੰਗਿ ਬਨਜੁ ਕਰੇਇ॥ 43॥

ਸਲੋਕ ਕਬੀਰ ਜੀ ਪੰਨਾ 1366---

ਮਨ ਮਾਇਆ ਦਾ ਵੇੜ੍ਹਿਆ ਪਿਆ ਹੈ, ਮਨ ਦੇ ਪੰਜ ਪੁੱਤਰ ਹਨ ਤੇ ਪੰਜ ਹੀ ਧੀਆਂ ਹਨ। ਮਨ ਹਮੇਸ਼ਾਂ ਆਪਣੇ ਪੁੱਤਰ ਤੇ ਧੀਆਂ ਦਾ ਖ਼ਿਆਲ ਰੱਖ ਕੇ ਹੀ ਸੰਸਾਰ ਵਿੱਚ ਵਿਚਰਨ ਦਾ ਯਤਨ ਕਰਦਾ ਰਿਹਾ ਹੈ। ਇਸ ਮਨ ਦੀ ਭੈੜੀ ਸੰਤਾਨ ਪੁੱਤਰ ਤੇ ਧੀਆਂ ਤੇ ਕੰਟਰੋਲ ਨਹੀਂ ਹੈ। ਇਸ ਸੰਤਾਨ ਦੀਆਂ ਮੰਗਾਂ ਬਹੁਤ ਹਨ। ਇਹ ਮੰਗਾਂ ਪੂਰੀਆਂ ਨਹੀਂ ਹੋ ਸਕਦੀਆਂ। ਜਦ ਮੰਗਾਂ ਪੂਰੀਆਂ ਨਹੀਂ ਹੋ ਸਕਦੀਆਂ ਤਦ ਫਿਰ ਦੁੱਖ ਜਨਮ ਲੈਣੇ ਸ਼ੁਰੂ ਹੋ ਜਾਂਦੇ ਹਨ। ‘ਲਰਿਕਾ’ ਦਾ ਅਰਥ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ‘ਲਰਿਕੀ’ ਦਾ ਅਰਥ ਹੈ ---ਆਸਾ, ਤ੍ਰਿਸ਼ਨਾ, ਈਰਖਾ, ਨਿੰਦਿਆ ਤੇ ਚਿੰਤਾ। ਆਦਮੀ ਮੰਡੀ ਵਿੱਚ ਜਾ ਕੇ ਆਪਣੀ ਜਿਨਸ ਵੇਚਦਾ ਹੈ। ਜਿਨਸ ਵੇਚਣ ਵਾਲੇ ਤੇ ਜਿਨਸ ਲੈਣ ਵਾਲੇ ਵਿੱਚ ਇੱਕ ਵਿਚੋਲਾ ਆੜ੍ਹਤੀ ਹੁੰਦਾ ਹੈ, ਜੋ ਦੋਨਾਂ ਧਿਰਾਂ ਵਿੱਚ ਸੌਦਾ ਕਰਾਉਂਦਾ ਹੈ। ਕਬੀਰ ਸਾਹਿਬ ਜੀ ਆਖਦੇ ਹਨ – ਸੌਦਾ ਮੇਰੇ ਪਾਸ ਹੈ, ਵਪਾਰ ਕਰਨਾ ਹੈ ਨਾਮ ਦਾ ਤੇ ਆੜ੍ਹਤੀਆ ਹੈ ਸਤਿ ਸੰਗਤ। ਗਿਆਨ ਦੀ ਪ੍ਰਾਪਤੀ ਲਈ ਸੰਗਤ ਵਿੱਚ ਆਉਣਾ ਜ਼ਰੂਰੀ ਹੈ। ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵੱਸ ਜਾਏ, ਇਸ ਦੇ ਬਦਲੇ ਵਿੱਚ ਮੈਂ ਆਪਣਾ ਪਰਵਾਰ ਵੇਚ ਦਿਆਂਗਾ। ਸਮੁੱਚੇ ਸਲੋਕ ਵਿੱਚ ਬਹੁਤ ਹੀ ਗਹਿਰਾਈ ਨੂੰ ਬਿਆਨਿਆ ਗਿਆ ਹੈ, ਭਾਵ ਗੁਰੂ ਦੀ ਸੰਗਤ ਤੇ ਜ਼ੋਰ ਦਿੱਤਾ ਗਿਆ ਹੈ। ਗੁਰੂ ਦੀ ਸੰਗਤ ਵਿਚੋਂ ਗਿਆਨ ਪ੍ਰਾਪਤ ਹੁੰਦਾ ਹੈ ਤੇ ਗੁਰੂ-ਗਿਆਨ ਹੀ ਪ੍ਰਮਾਤਮਾ ਦੀ ਪ੍ਰਾਪਤੀ ਵਲ ਸੇਧਿਤ ਹੈ।

ਇਸ ਜੀਵਨ – ਕਾਲ ਵਿੱਚ ਮਨੁੱਖ ਉੱਲਟ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਦੁੱਧ ਦੇ ਭੁਲੇਖੇ ਵਿੱਚ ਪਾਣੀ ਰਿੜਕ ਰਿਹਾ ਹੈ। ਤੱਤ ਸਾਰ ਦੀ ਅਸਲੀਅਤ ਪਛਾਨਣ ਵਿੱਚ ਅਸਫਲ ਰਿਹਾ ਹੈ। ਇਸ ਦਾ ਵੱਡਾ ਕਾਰਨ ਮਨੁੱਖ ਆਪਣੀ ਮਤ ਨੂੰ ਮਨ ਦੇ ਪਿੱਛੇ ਚਲਾਉਣ ਦਾ ਯਤਨ ਕਰ ਰਿਹਾ ਹੈ। ਗੁਰਬਾਣੀ ਵਿੱਚ ਰਾਗ ਗਉੜੀ ਅੰਦਰ ਇੱਕ ਐਸਾ ਸ਼ਬਦ ਹੈ ਜੋ ਕਬੀਰ ਜੀ ਤੇ ਗੁਰੂ ਅਰਜਨ ਪਾਤਸ਼ਾਹ ਨੇ ਸਾਂਝੇ ਤੌਰ ਤੇ ਉਚਾਰਣ ਕੀਤਾ ਹੈ। ਪੂਰਾ ਸ਼ਬਦ ਇਸ ਪਰਕਾਰ ਹੈ:----

ਐਸੋ ਅਚਰਜ ਦੇਖਿਓ ਕਬੀਰ॥ ਦਧਿ ਕੈ ਭੋਲੈ ਬਿਰੋਲੈ ਨੀਰੁ॥ 1॥ ਰਹਾਉ॥

ਹਰੀ ਅੰਗੂਰੀ ਗਦਹਾ ਚਰੈ॥ ਨਿਤ ਉਠਿ ਹਾਸੈ ਹੀਗੈ ਮਰੈ॥ 1॥

ਮਾਤਾ ਭੈਸਾ ਅੰਮੁਹਾ ਜਾਇ॥ ਕੁਦਿ ਕੁਦਿ ਚਰੈ ਰਸਾਤਲਿ ਪਾਇ॥ 2॥

ਕਹੁ ਕਬੀਰ ਪ੍ਰਗਟ ਭਈ ਖੇਡ॥ ਲੇਲੇ ਕਉ ਚੂਘੈ ਨਿਤ ਭੇਡ॥ 3॥

ਰਾਮ ਰਮਤ ਮਤਿ ਪ੍ਰਗਟੀ ਆਈ॥ ਕਹੁ ਕਬੀਰ ਗੁਰਿ ਸੋਝੀ ਪਾਈ॥ 4॥

ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5 ਪੰਨਾ 326 ----

ਪੁਰਾਣੇ ਸਮੇਂ ਵਿੱਚ ਰਸੋਈ ਦੀ ਵਰਤੋਂ ਲਈ ਪਾਣੀ ਦੂਰੋਂ ਲੈ ਕੇ ਆਉਣਾ ਪੈਂਦਾ ਸੀ। ਸਿਆਣੀਆਂ ਔਰਤਾਂ ਸਵੇਰ ਵੇਲੇ ਦੁੱਧ ਰਿੜਕਣ ਦੀ ਤਿਆਰੀ ਨੂੰ ਮੁੱਖ ਰੱਖਦਿਆਂ ਰਾਤ ਨੂੰ ਹੀ ਪਾਣੀ ਦਾ ਪ੍ਰਬੰਧ ਕਰ ਲੈਂਦੀਆਂ ਸਨ। ਇੱਕ ਭਾਂਡੇ ਵਿੱਚ ਪਾਣੀ ਪਾ ਕੇ ਰੱਖ ਲੈਣਾ ਤੇ ਦੂਸਰੇ ਭਾਂਡੇ ਵਿੱਚ ਦੁੱਧ ਨੂੰ ਜਾਗ ਲਾ ਕੇ ਰੱਖ ਲੈਣਾ। ਸਵੇਰੇ ਦੁੱਧ ਰਿੜਕਣ ਵੇਲੇ ਸਾਂਭੇ ਹੋਏ ਪਾਣੀ ਦੀ ਵਰਤੋਂ ਕਰ ਲੈਂਦੀਆਂ ਸਨ। ਹੋਇਆ ਏ; ਕੇ ਦੁੱਧ ਵਾਲੀ ਚਾਟੀ ਦੇ ਭੁਲੇਖੇ ਵਿੱਚ ਪਾਣੀ ਵਾਲੀ ਚਾਟੀ ਅੰਦਰ ਮਧ੍ਹਾਣੀ ਪਾ ਦਿੱਤੀ ਗਈ। ਮੁਨ੍ਹੇਰ ਦਾ ਸਮਾਂ ਹੋਣ ਕਰਕੇ ਪਤਾ ਨਾ ਲੱਗ ਸਕਿਆ। ਜਦ ਚਾਨਣ ਹੋਇਆ ਤਾਂ ਬੀਬੀ ਰਾਣੀ ਨੇ ਕੀ ਦੇਖਿਆ, ਮੇਰੀ ਮਿਹਨਤ ਅਸਫਲ ਗਈ ਹੈ ਕਿਉਂਕਿ ਮੈਂ ਦਹੀਂ ਦੇ ਭੁਲੇਖੇ ਵਿੱਚ ਪਾਣੀ ਹੀ ਰਿੜਕਦੀ ਰਹੀਂ ਹਾਂ। ਇਹ ਇੱਕ ਬਹੁਤ ਹੀ ਗਹਿਰਾ ਪ੍ਰਤੀਕ ਹੈ। ਮਨੁੱਖ ਵੀ ਅਸਲੀਅਤ ਨੂੰ ਛੱਡ ਕੇ ਕਰਮ-ਕਾਂਡੀ ਬਣ ਗਿਆ ਹੈ, ਇਸ ਲਈ ਤੱਤ ਸਾਰ ਦੀ ਸੋਝੀ ਨਹੀਂ ਆ ਰਹੀ। ਚਾਹੀਦਾ ਤਾਂ ਇਹ ਸੀ ਕਿ ਗੁਰਬਾਣੀ ਪੜ੍ਹ ਸੁਣ ਕੇ ਵਿਚਾਰਦਾ; ਜੀਵਨ ਵਿਚੋਂ ਆਗਿਆਨਤਾ, ਭਰਮ, ਭੁਲੇਖੇ ਦੂਰ ਕਰਦਾ; ਸੰਗਤ ਨਾਲ ਸਾਂਝ ਪਾਉਂਦਾ, ਹਉਮੈ, ਈਰਖਾ ਨੂੰ ਮਾਰਦਾ ਪਰ ਹੋਇਆ ਇਸ ਦੇ ਉਲਟ ਹੈ। ਕਬੀਰ ਜੀ ਨੇ ਜੋ ਕੁੱਝ ਦੇਖਿਆ ਸੀ ਉਹੋ ਕੁੱਝ ਹੀ ਅੱਜ ਸਿੱਖ ਕੌਮ ਕਰ ਰਹੀ ਹੈ। ਇਹ ਕਹਿਣ ਵਿੱਚ ਕੋਈ ਅਤ ਕਥਨੀ ਨਹੀਂ ਹੈ ਕਿ ਜਿਥੋਂ ਗੁਰੂ ਨਾਨਕ ਸਹਿਬ ਜੀ ਨੇ ਸਾਨੂੰ ਚੁੱਕਿਆ ਸੀ ਅਸੀਂ ਫਿਰ ਉਸੇ ਹੀ ਤਲ਼ ਤੇ ਜਾ ਡਿੱਗੇ ਹਾਂ। ਕਰਨਾ ਤਾਂ ਇਹ ਚਾਹੀਦਾ ਸੀ ਕਿ, “ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ”॥ ਗੁਰਬਾਣੀ ਪੜ੍ਹਦੇ ਸੁਣਦੇ ਵਿਚਾਰਦੇ, ਜੀਵਨ ਜਾਚ ਬਣਾਉਂਦੇ ਤੇ ਵਿਕਾਰਾਂ ਵਲੋਂ ਮੁਕਤ ਹੁੰਦੇ। ਹੁਣ ਵਰਤਮਾਨ ਦਿਸ਼ਾ ਵਿੱਚ ਗੁਰਬਾਣੀ ਵਿਚਾਰ ਵਾਲੀ ਗੱਲ ਖਤਮ ਹੋ ਗਈ ਹੈ। ਜੇ ਵਿਚਾਰ ਹੈ ਵੀ ਹੈ ਤਾਂ ਉਹ ਗੁਰਮਤਿ ਦੇ ਅਨੁਕੂਲ ਨਹੀਂ ਸਗੋਂ ਬਹੁਤੀ ਥਾਈਂ ਗਪੌੜੇ ਸੁਣ ਨੂੰ ਹੀ ਮਿਲਦੇ ਹਨ। ਦੇਖਣ ਨੂੰ ਕੀ ਮਿਲ ਰਿਹਾ ਹੈ ਕੀਰਤਨ ਦਰਬਾਰ ਦੀਆਂ ਰੌਣਕਾਂ; ਸਿਮਰਨ ਦੀਆਂ ਵਿਧੀਆਂ; ਅਖੰਡਪਾਠਾਂ ਦੀਆਂ ਲੜੀਆਂ; ਰੋਗਾਂ ਤੋਂ ਛੁਟਕਾਰਾ ਪਾਉਣ ਲਈ ਸੰਪਟ ਪਾਠ; ਸੁਖਮਨੀ ਦੀਆਂ ਲੜੀਆਂ; ਪਰਭਾਤ ਫੇਰੀਆਂ ਤੇ ਜਲਸੇ ਜਲੂਸਾਂ ਤੀਕ ਸਾਰੀ ਸਿੱਖੀ ਸਿੰਮਟ ਕੇ ਰਹਿ ਗਈ ਲੱਗਦੀ ਹੈ। ਅਸਲੀ ਜੀਵਨ ਭੁੱਲ ਕੇ ਸੰਪਟ ਪਾਠਾਂ ਵਿਚੋਂ ਪ੍ਰਲੋਕ ਦੇ ਫ਼ਲ਼ਾਂ ਦੀ ਉਡੀਕ ਵਿੱਚ ਬੈਠੇ ਹਾਂ। ਗੁਰਦੁਆਰਿਆਂ ਦਾ ਸਭਿਆਚਾਰ ਅਖੰਡ-ਪਾਠਾਂ ਦੇ ਸੀਮਤ ਦਾਇਰੇ ਤੀਕ ਆ ਗਿਆ ਹੈ। ਹਰ ਆਦਮੀ ਦੁਹਾਈ ਦੇ ਰਿਹਾ ਹੈ ਕਿ ਨਸ਼ਿਆਂ ਦਾ ਜ਼ੋਰ ਵੱਧ ਗਿਆ ਹੈ। ਅਜੇਹਾ ਕਿਉਂ? ਕਿਉਂਕਿ ਅਸੀਂ ਪਾਣੀ ਰਿੜਕ ਰਹੇ ਹਾਂ; ਬੇ ਲੋੜੀਆਂ ਰਸਮਾਂ ਵਿੱਚ ਉਲ਼ਝ ਕੇ ਰਹਿ ਗਏ ਹਾਂ। ਫ਼ਲ਼ ਪ੍ਰਾਪਤ ਹੋਣ ਦੀ ਆਸ ਲਗਾਈ ਬੈਠੇ ਹਾਂ। ਏਸੇ ਲਈ ਰਹਾਉ ਦੀਆਂ ਤੁਕਾਂ ਵਿੱਚ ਕਬੀਰ ਸਾਹਿਬ ਜੀ ਫਰਮਾ ਰਹੇ ਹਨ --- ਮਨੁੱਖ ਦੁੱਧ ਛੱਡ ਕੇ ਪਾਣੀ ਰਿੜਕ ਰਿਹਾ ਹੈ ਤੇ ਸਿੱਖ ਕੌਮ ਵੀ ਗੁਰ-ਸ਼ਬਦ ਦੀ ਵੀਚਾਰ ਤੋਂ ਉੱਖੜ ਕੇ ਕਰਮ-ਕਾਂਡੀ ਬਣ ਗਈ ਹੈ। ਗੁਰਬਾਣੀ ਦੇ ਮੂਲ ਸਿਧਾਂਤ ਨੂੰ ਸਮਝਣ ਲਈ ਤਿਆਰ ਨਹੀਂ ਹੈ:---

ਐਸੋ ਅਚਰਜੁ ਦੇਖਿਓ ਕਬੀਰ॥ ਦਧਿ ਕੈ ਭੋਲੈ ਬਿਰੋਲੈ ਨੀਰੁ॥

‘ਦਧਿ’ ਦਾ ਪ੍ਰਤੀਕ ਸ਼ਬਦ ਦੀ ਵਿਚਾਰ ਲਈ ਆਇਆ ਹੈ। ‘ਨੀਰੁ ਬਿਰੋਲੈ’ ਕਰਮ-ਕਾਂਡ ਲਈ ਆਇਆ ਹੈ; ਅਸਲੀਅਤ ਨੂੰ ਨਾ ਸਮਝਣਾ ਇਸ ਪ੍ਰਥਾਏ ਆਇਆ ਹੈ। ਰਹਾਉ ਦੀਆਂ ਤੁਕਾਂ ਦੀ ਵਿਆਖਿਆ ਅਗਲੀਆਂ ਤੁਕਾਂ ਵਿੱਚ ਕੀਤੀ ਗਈ ਹੈ। ਸਿੱਖ ਕੌਮ ਨਸ਼ਿਆਂ ਦੀ ਜਕੜ ਵਿੱਚ ਫਸ ਗਈ ਹੈ। ਵਿਕਾਰਾਂ, ਨਸ਼ਿਆਂ ਤੇ ਕਰਮ-ਕਾਂਡਾਂ ਨੂੰ “ਹਰੀ ਅੰਗੂਰੀ” ਆਖਿਆ ਗਿਆ ਹੈ। ਮਨੁੱਖੀ ਸੁਭਾਅ ਨੂੰ ਗਧੇ ਨਾਲ ਤੁਲਨਾਇਆ ਗਿਆ ਹੈ। ਕਿਰਸਾਨ ਕਣਕ ਬੀਜਦਾ ਹੈ; ਹੌਲ਼ੀ ਹੌਲ਼ੀ ਖੇਤ ਹਰਿਆ ਹੁੰਦਾ ਹੈ। ਖੋਤਾ ਅਜੇਹੇ ਖੇਤ ਵਿੱਚ ਚਲਾ ਗਿਆ। ਮਨ ਵਿੱਚ ਬਹੁਤ ਖੁਸ਼ ਹੁੰਦਾ ਹੈ। ਕਿੱਥੇ ਖਾਣ ਨੂੰ ਸੁੱਕਾ ਪੱਠਾ, ਕਿੱਥੇ ਹਰਿਆ ਤੇ ਕੂਲ਼ਾ ਕੂਲ਼ਾ ਪੱਠਾ। ਜਦ ਕਿਰਸਾਨ ਨੂੰ ਪਤਾ ਲੱਗਿਆ ਕਿ ਮੇਰੀ ਬੀਜੀ ਹੋਈ ਫਸਲ ਤਬਾਹ ਹੋ ਰਹੀ ਹੈ ਤਾਂ ਉਸ ਨੇ ਗਧੇ ਨੂੰ ਡੰਡੇ ਨਾਲ ਖ਼ੂਬ ਫੈਂਟਿਆ। “ਹਰੀ ਅੰਗੂਰੀ” ਖਾਣ ਵਾਲਾ ਗਧਾ ਬਹੁਤ ਖੁਸ਼ ਹੋ ਰਿਹਾ ਸੀ। ਅਚਾਨਕ ਕਿਰਸਾਨ ਦੇ ਹੱਥੋਂ ਆਪਣੇ ਪਾਸੇ ਸੇਕਦੇ ਹੋਏ ਦੇਖ ਕੇ ਗਧਾ ਰੋਣ ਲੱਗ ਪਿਆ ਭਾਵ ਗਧੇ ਨੇ ਮਹਿਸੂਸ ਕੀਤਾ ਕਿ ਮੈਂ ਬਹੁਤ ਵੱਡੀ ਗਲਤੀ ਕਰ ਰਿਹਾ ਸੀ। ਹੁਣ ਦੇਖਣ ਨੂੰ ਨਸ਼ਾ ਸ਼ਾਮ ਦੇ ਸਮੇਂ ਬਹੁਤ ਹੀ ਪਿਆਰਾ ਲੱਗਦਾ ਹੈ। ਅਦਮੀ ਪੀਂਦਾ ਹੈ ਤੇ ਖੁਸ਼ ਹੁੰਦਾ ਹੈ ਪਰ ਸ਼ਰਾਬ ਪੀਣ ਨਾਲ ਜਦੋਂ ਗੁਰਦੇ ਫੇਹਲ ਹੋ ਜਾਂਦੇ ਹਨ ਤਾਂ ਫਿਰ ਪਛਤਾਉਂਦਾ ਹੈ। ਇਸ ਨੂੰ ਜਨਮ ਮਰਨ ਦਾ ਗੇੜ ਵੀ ਆਖਿਆ ਗਿਆ ਹੈ। ਭਾਵ “ਹੀਗੈ ਮਰੈ” ਆਖਿਆ ਹੈ।

ਹਰੀ ਅੰਗੂਰੀ ਗਦਹਾ ਚਰੈ॥ ਨਿਤ ਉਠਿ ਹਾਸੈ ਹੀਗੈ ਮਰੈ॥

ਹਰੀ ਅੰਗੂਰੀ ਵਿਕਾਰ ਤੇ ਬੀਮਾਰੀਆਂ ਹਨ; ਵਿਕਾਰ ਮਾਣਦਿਆਂ ਖੁਸ਼ੀ ਹੁੰਦੀ ਹੈ ਪਰ ਜਦ ਬਿਮਾਰੀ ਜਨਮ ਲੈਂਦੀ ਹੈ ਫਿਰ ਰੋਣਾ ਤੇ ਪਛਤਾਉਣਾ ਪੈਂਦਾ ਹੈ।

ਇਸ ਸ਼ਬਦ ਵਿੱਚ ਦੂਸਰੀ ਵਿਚਾਰ ਝੋਟੇ ਦੀ ਦਿੱਤੀ ਗਈ ਹੈ। ਝੋਟੇ ਦੀਆਂ ਤਿੰਨ ਕਮਜ਼ੋਰੀਆਂ ਹਨ। ਝੋਟਾ ਹਰ ਝੋਟੇ ਨਾਲ ਸਿੰਗ ਫਸਾਉਂਦਾ ਹੈ; ਦੂਸਰਾ ਹਰ ਦਰੱਖ਼ਤ, ਦੀਵਾਰ ਨਾਲ ਘੱਸਰ ਕੇ ਲੰਘਦਾ ਹੈ। ਤੀਸਰਾ ਝੋਟਾ ਅਮੋੜ ਹੈ। ਸਿੱਖੀ ਵਿੱਚ ਅਸਚਰਜ ਕਹਾਣੀ ਦੇਖਣ ਨੂੰ ਮਿਲਦੀ ਹੈ ਕਿ ਜਿਸ ਨੂੰ ਧਰਮ ਬਾਰੇ ਕੌਡੀ ਦਾ ਗਿਆਨ ਨਹੀਂ ਹੈ ਉਹ ਧਰਮ ਸਬੰਧੀ ਬਹਿਸ ਕਰ ਰਿਹਾ ਹੈ ਤੇ ਦੂਸਰੇ ਨੂੰ ਹਰਾਉਣ ਦਾ ਯਤਨ ਕਰ ਰਿਹਾ ਹੈ। ਸਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਅਸੀਂ ਆਪਣੀ ਅਕਲ ਨੂੰ ਤਾਲਾ ਮਾਰ ਲਿਆ ਹੈ ਅਸੀਂ ਇਹ ਸਮਝਦੇ ਹਾਂ ਕਿ ਜੋ ਸਾਨੂੰ ਆ ਗਿਆ ਹੈ ਇਹ ਹੀ ਅੰਤਮ ਗਿਆਨ ਹੈ ਤੇ ਇਸ ਤੋਂ ਅਗਾਂਹ ਗਿਆਨ ਹੀ ਮੁੱਕ ਜਾਂਦਾ ਹੈ। ਗੁਰਮਤਿ ਸਬੰਧੀ ਕੋਈ ਵੀ ਦਲੀਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਇਹ ਹੀ ਅਸਚਰਜ ਹੈ ਕਿ ਜੋ ਕੰਮ ਨਹੀਂ ਕਰਨਾ ਉਹ ਅਸੀਂ ਕਰ ਰਹੇ ਹਾਂ ਤੇ ਜੋ ਕਰਨਾ ਹੈ ਉਹ ਨਹੀਂ ਕਰ ਰਹੇ ਹਾਂ, ਅਸੀਂ ਉਲਟੀ ਦਿਸ਼ਾ ਵਲ ਨੂੰ ਚਲ ਰਹੇ ਹਾਂ ਭਾਵ ਝੋਟੇ ਦੇ ਸੁਭਾਅ ਵਿੱਚ ਵਿਚਰ ਰਹੇ ਹੁੰਦੇ ਹਾਂ।

ਮਾਤਾ ਭੈਸਾ ਅੰਮੁਹਾ ਜਾਇ॥ ਕੁਦਿ ਕੁਦਿ ਚਰੈ ਰਸਾਤਲਿ ਪਾਇ॥

ਮਨੁੱਖੀ ਸੁਭਾਅ ਵਿੱਚ ਭਲ਼ੀਆਂ ਤੇ ਭੈੜੀਆਂ ਦੋ ਬਿਰਤੀਆਂ ਕੰਮ ਕਰ ਰਹੀਆਂ ਹਨ। ਭਲੀ ਬਿਰਤੀ ਇਸ ਨੇ ਖਤਮ ਕਰ ਲਈ ਹੈ ਜੋ ਕਿ ਅਤਮਿਕ ਤੌਰ ਤੇ ਦੁਖੀ ਰਹਿਣ ਦਾ ਵੀ ਏਹੀ ਕਾਰਨ ਹੈ। ਕਬੀਰ ਸਾਹਿਬ ਜੀ ਆਖਦੇ ਹਨ ਮੈਨੂੰ ਇੰਜ ਮਹਿਸੂਸ ਹੋ ਰਿਹਾ ਹੈ ਕਿ ਮਨ ਅਤੇ ਮਤ ਦਾ ਆਪਸੀ ਰਿਸ਼ਤਾ ਉਲਟਾ ਪੁਲਟਾ ਹੋ ਗਿਆ ਹੈ। ਬੇ ਸਮਝੀ ਹੋਣ ਦੇ ਨਾਤੇ ਮਤ ਮਨ ਦੇ ਪਿੱਛੇ ਚੱਲ ਰਹੀ ਹੈ। ਮਨ ਫੈਸਲੇ ਗਲਤ ਕਰ ਰਿਹਾ ਹੈ। ਕਬੀਰ ਸਾਹਿਬ ਜੀ ਦੇ ਖਿਆਲ ਅਨੁਸਾਰ ਲੇਲੇ ਨੂੰ ਭੇਡ ਚੁੰਘ ਰਹੀ ਹੈ। ਇਹ ਖੇਹਲ ਮੇਰੇ ਸਾਹਮਣੇ ਪ੍ਰਗਟ ਹੋ ਰਿਹਾ ਹੈ। ਲੇਲਾ ਕੀ ਹੈ ਤੇ ਭੇਡ ਕੀ ਹੈ? ਇਹਨਾਂ ਨੂੰ ਸਮਝਣ ਲਈ ਇਹਨਾਂ ਦੇ ਭਾਵ ਅਰਥ ਹੀ ਲਵਾਂਗੇ। ਲੇਲਾ ਮਨ ਨੂੰ ਕਿਹਾ ਗਿਆ ਹੈ ਤੇ ਭੇਡ ਮਤ ਦਾ ਪ੍ਰਤੀਕ ਆਇਆ ਹੈ। ਚਹੀਦਾ ਤਾਂ ਇਹ ਸੀ ਕਿ ਮਤ ਉੱਚੀ ਹੁੰਦੀ ਤੇ ਮਨ ਨੀਵਾਂ ਹੁੰਦਾ ਪਰ ਏਦਾਂ ਹੋਇਆ ਨਹੀਂ ਹੈ। ਦਿਸਦਾ ਇਹ ਹੈ, ਮਨ ਉੱਚਾ ਹੈ ਤੇ ਮਤ ਨੂੰ ਨੀਵੇਂ ਤਲ ਤੇ ਅਸਾਂ ਬਿਠਾਇਆ ਹੋਇਆ ਹੈ। ਅਰਦਾਸ ਦੇ ਬਹੁਤ ਪਿਆਰੇ ਬੋਲ ਹਨ। ‘ਸਿੱਖਾਂ ਦਾ ਮਨ ਨੀਵਾਂ ਮਤ ਉੱਚੀ’ ਪਰ ਬਹੁਤ ਦਫ਼ਾ ਅਸੀਂ ਗੁਰਦੁਆਰੇ ਤੋਂ ਮਤ ਲੈਣ ਨਹੀਂ ਆਉਂਦੇ ਸਗੋਂ ਮਤ ਦੇਣ ਲਈ ਆਉਂਦੇ ਹਾਂ। ਗੁਰੂ ਦੀ ਮਤ ਤਾਂ ਗੁਰਬਾਣੀ ਵਿਚਾਰ ਦੁਅਰਾ ਹੀ ਆ ਸਕਦੀ ਹੈ। ਆਮ ਸਿੱਖ ਪਰਵਾਰਾਂ ਨੂੰ ਚੰਗੇ ਮੈਗਜ਼ੀਨ, ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਹੈ ਫਿਰ ਚੰਗੇ ਵਕਤੇ ਸੁਣਨ ਦੀ ਵੀ ਆਦਤ ਨਹੀਂ ਹੈ। ਆਮ ਸੁਣੀਆਂ ਸੁਣਾਈਆਂ ਅਫ਼ਵਾਹਾਂ ਹੀ ਸਾਡਾ ਧਰਮ ਬਣ ਚੁੱਕਿਆ ਹੈ, ਇਹ ਇੱਕ ਅਜੀਬ ਤੇ ਅਚਰਜ ਤਮਾਸ਼ਾ ਹੋ ਰਿਹਾ ਹੈ।

ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂੰਘੈ ਨਿਤ ਭੇਡ॥

ਗੁਰੂ ਆਰਜਨ ਪਾਤਸ਼ਾਹ ਜੀ ਦੀਆਂ ਇਸ ਸ਼ਬਦ ਅੰਦਰ ਮਗਰਲੀਆਂ ਦੋ ਤੁਕਾਂ ਹਨ ਗੁਰੂ ਜੀ ਨੇ ਹੋਰ ਸਪਸ਼ਟ ਕੀਤਾ ਹੈ ਕਿ ਜੋ ਖੇਡ ਪ੍ਰਗਟ ਹੋ ਰਹੀ ਹੈ, ਜੋ ਪਤਾ ਚੱਲਿਆ ਕਿ ਮਨ ਦੇ ਪਿੱਛੇ ਮਤ ਚੱਲ ਰਹੀ ਹੈ। ਇਹ ਤਾਂ ਸਾਨੂੰ ਗੁਰੂ ਜੀ ਦੇ ਸ਼ਬਦ ਦੀ ਵਿਚਾਰ ਤੋਂ ਪਤਾ ਲੱਗਿਆ ਹੈ। ਸਿੱਖ ਪੰਥ ਵਿੱਚ ਅਚਰਜ ਖੇਲ ਹੀ ਹੋ ਰਿਹਾ ਹੈ। ਹਰ ਗਲ਼ੀ ਮਹੱਲੇ ਪਾਣੀ ਦੀਆਂ ਛਬੀਲਾਂ ਲਗਾ ਰਹੇ ਹਨ ਪਰ ਗੁਰਦੁਆਰੇ ਲਾਇਬ੍ਰੇਰੀ ਤੋਂ ਖਾਲ਼ੀ ਹੋਣਗੇ। ਕੀ ਲਿਟਰੇਚਰ ਦੀ ਛਬੀਲ਼ ਅਸੀਂ ਨਹੀਂ ਲਗਾ ਸਕਦੇ? ਸਾਡਾ ਮਨ ਹਊਮੈ, ਈਰਖਾ, ਦਵੈਸ਼ ਵਿੱਚ ਫਸ ਚੁੱਕਿਆ ਹੈ, ਗੁਰਬਾਣੀ ਵੀਚਾਰ ਸਾਡਾ ਆਦਰਸ਼ ਨਹੀਂ ਰਿਹਾ ਹੈ, ਬਲ ਕਿ ਗੁਰਬਾਣੀ ਪੂਜਾ ਸਾਡਾ ਆਦਰਸ਼ ਹੋ ਗਿਆ ਹੈ। ਖੇਲ ਉਲਟੀ ਹੋ ਗਈ ਹੈ, ਗੁਰਬਾਣੀ ਨੇ ਗਿਆਨ ਦਿੱਤਾ ਹੈ। ਇਹ ਗਿਆਨ ਜੀਵਨ ਜਾਚ ਹੈ। ਗੁਰਬਾਣੀ ਰੱਬੀ ਨਿਯਮਾਵਲੀ ਨੂੰ ਸਮਝਾਉਂਦੀ ਹੈ, ਰੱਬੀ ਹੁਕਮ ਨੂੰ ਸਮਝਾਉਂਦੀ ਹੈ। ਸਿੱਖ ਨੇ ਇਹ ਸਮਝ ਲਿਆ ਹੈ ਕਿ ਭੇਟਾ ਕਿ ਕੇਵਲ ਭੇਟਾ ਰੱਖਣ ਨਾਲ ਜਾਂ ਰੁਮਾਲਾ ਚੜ੍ਹਾਉਂਣ ਨਾਲ ਮੇਰਾ ਪ੍ਰਲੋਕ ਸੰਵਰ ਸਕਦਾ ਹੈ। ਅਜੇਹਾ ਲਾਰਾ ਗੁਰਬਾਣੀ ਨਹੀਂ ਲਾਉਂਦੀ। ਤੀਰਥਾਂ ਤੇ ਇਸ਼ਨਾਨ ਕਰਨ ਜਾਣਾ, ਹੇਮ ਕੁੰਟ ਦੀ ਯਾਤਰਾ, ਮਨੀ ਕਰਨ ਦੀ ਯਾਤਰਾ, ਪੁੰਨਿਆਂ ਦੀ ਕਥਾ ਸੁਣਨ ਜਾਣਾ, ਰੱਖੜੀ, ਲੋਹੜੀ ਇਤ ਆਦਿਕ ਅਸਚਰਜ ਖੇਲ ਛੱਡ ਕੇ ਸਾਨੂੰ ਅਸਲ ਖੇਲ ਖੇਲਣ ਦਾ ਯਤਨ ਕਰੀਏ, ਭਾਵ ਗੁਰਬਾਣੀ ਸਿਧਾਂਤ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ।
.