.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 21)

ਭਾਈ ਸੁਖਵਿੰਦਰ ਸਿੰਘ 'ਸਭਰਾ'

ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ (ਪਟਿਆਲਾ)

ਇਸ ਬਾਰੇ ਪਹਿਲੇ ਭਾਗ ਵਿਚ ਵੀ ਲਿਖਿਆ ਜਾ ਚੁੱਕਾ ਹੈ। ਜਿਉਂ ਜਿਉਂ ਅਸੀਂ ਖੋਜ ਕਰ ਰਹੇ ਹਾਂ ਮਟੀਰੀਅਲ ਮਿਲ ਰਹਾ ਹੈ ਤਿਉਂ ਤਿਉਂ ਇਸ ਪੁਸਤਕ ‘ਸੰਤਾਂ ਦੇ ਕੌਤਕ’ ਦੇ ਆਉਣ ਵਾਲੇ ਭਾਗਾਂ ਵਿਚ ਲਿਖਦੇ ਹੀ ਜਾਵਾਂਗੇ। ਪਹਿਲੇ ਭਾਗ ਵਿਚ ਇਸ ਸਾਧ ਬਾਰੇ ਜੋ ਲਿਖਿਆ ਸੀ। ਮੈਨੂੰ ਇਸਦੇ ਚੇਲਿਆਂ ਵੱਲੋਂ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਟੈਲੀਫ਼ੋਨਾਂ `ਤੇ ਆਈਆਂ ਹਨ। ਇਸਦੇ ਪ੍ਰਚਾਰ ਦਾ ਅਸਰ, ਅੰਮ੍ਰਿਤ ਛਕਾਉਣ ਦਾ ਅਸਰ ਇਸਦੇ ਚੇਲੇ ਚੇਲੀਆਂ ਦੇ ਮੂੰਹੋਂ ਕਹੇ ਹੋਏ ਹੇਠ ਲਿਖੇ ਬੋਲਾਂ ਤੋਂ ਮੇਰੇ ਸਾਹਮਣੇ ਆਇਆ।
1: ਤੂੰ ਸਾਡੇ ਗੁਰੂ ਰਣਜੀਤ ਸਿੰਘ ਨੂੰ ਛੋਕਰਾ ਲਿਖਿਆ ਹੈ।
2: ਤੂੰ ਸਾਡੇ ਮਹਾਰਾਜ ਨੂੰ ਛੋਕਰਾ ਲਿਖਿਆ ਹੈ।
3: ਤੂੰ ਸਾਡੇ ਸਤਿਗੁਰੂ ਰਣਜੀਤ ਸਿੰਘ ਨੂੰ ਗਲਤ ਲਿਖਿਆ ਹੈ।
ਅਸੀਂ ਤੈਨੂੰ ਜਾਨੋਂ ਮਾਰ ਦੇਵਾਂਗੇ।

ਮੈਂ ਕਿਹਾ ਕਿ ਨੂਰ ਮਹਿਲੀਏ ਵੀ ਆਸ਼ੂ ਤੋਸ਼ ਨੂੰ ਮਹਾਰਾਜ, ਸਤਿਗੁਰੂ, ਗੁਰੂ ਕਹਿੰਦੇ ਹਨ ਤੁਸੀਂ ਵੀ ਇਹੋ ਕੁਝ ਕਹਿ ਰਹੇ ਹੋ ਕਿਹੜਾ ਅੰਮ੍ਰਿਤ ਛਕਿਆ ਤੁਸਾਂ ਨੇ? ਤੁਹਾਨੂੰ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਇਹ ਗਿਆਨ ਵੀ ਨਹੀਂ ਹੋਇਆ ਕਿ ਸਾਡੇ ਗੁਰੂ ਸਾਹਿਬ ‘ਗੁਰੂ ਗ੍ਰੰਥ ਸਾਹਿਬ’ ਜੀ ਹਨ। ਕਿਹੜਾ ਅੰਮ੍ਰਿਤ ਛਕਿਆ ਤੁਸੀਂ? ਕੀ ਸਿਖਾਇਆ ਤੁਹਾਨੂੰ ਇਸ ਨਵੇਂ ਉੱਠੇ ਸਾਧ ਨੇ? ਸੋ ਮੈਂ ਇਹਨਾਂ ਨਾਲ ਟੈਲੀਫ਼ੋਨਾਂ `ਤੇ ਸਵਾਲ ਜਵਾਬ ਕਰਦਾ ਰਿਹਾ। ਜਨਾਨੀਆਂ ਦੇ ਫ਼ੋਨ ਵੀ ਬੜੇ ਬੜੇ ਸਖ਼ਤ ਆ ਰਹੇ ਸਨ ਜੇ ਮੈਂ ਪੁੱਛਦਾ ਸੀ ਕਿ ਆਪਣਾ ਨਾਮ ਪਤਾ ਤਾਂ ਦੱਸੋ? ਪਰ ਅੱਜ ਤਕ ਕਿਸੇ ਨੇ ਨਾਮ ਪਤਾ ਨਹੀਂ ਦੱਸਿਆ ਜਦੋਂ ਕਿ ਮੈਂ ਆਪਣਾ ਐਡਰੈੱਸ ਨਾਮ ਪਤਾ ਕਿਤਾਬ ਵਿਚ ਲਿਖਿਆ ਹੋਇਆ ਹੈ ਪਰ ਇਹਨਾਂ ਵਿਚੋਂ ਕਿਸੇ ਨੇ ਟੈਲੀਫ਼ੋਨ ਨੰਬਰ ਵੀ ਨਾ ਦਿੱਤਾ। ਮੈਨੂੰ ਇਹਨਾਂ ਦੀ ਬਹਾਦਰੀ ਦਾ ਅੰਦਾਜ਼ਾ ਹੋਰ ਵੀ ਲੱਗ ਗਿਆ। ਜਦੋਂ ਭਨਿਆਰੇ ਵਾਲੇ ਸਾਧ ਨੇ “ਧੰਨ ਗੁਰੂ ਗ੍ਰੰਥ ਸਾਹਿਬ” ਜੀ ਦੇ ਮੁਕਾਬਲੇ ਨਵਾਂ ਗ੍ਰੰਥ ਭਵਸਾਗਰ ਲਿਖ ਲਿਆ, ਕਈ ਥਾਈਂ “ਗੁਰੂ ਗ੍ਰੰਥ ਸਾਹਿਬ” ਜੀ ਦੇ ਸਰੂਪ ਅਗਨ ਭੇਟ ਉਸ ਭਨਿਆਰੇ ਵਾਲੇ ਸਾਧ ਨੇ ਕਰਵਾ ਦਿੱਤੇ ਉਦੋਂ ਇਹਨਾਂ ਸਾਰਿਆਂ ਸਾਧਾਂ ਦੇ ਚੇਲੇ ਚੇਲੀਆਂ ਦੇ ਫ਼ੋਨ ਕਿੱਥੇ ਸੜ ਗਏ ਸੀ? ਇਹ ਧਮਕੀਆਂ ਦੇਣ ਵਾਲੇ ਓਦੋਂ ਕਿੱਥੇ ਸੀ। ਨਾ ਕਿਸੇ ਸਾਧ ਨੂੰ ਅਤੇ ਨਾ ਕਿਸੇ ਚੇਲੇ ਚੇਲੀ ਨੂੰ ਉਦੋਂ ਪਸੀਨਾ ਤਕ ਵੀ ਨਾ ਆਇਆ। ਇਹਨਾਂ ਦੇ ਆਪੇ ਬਣੇ ਬ੍ਰਹਮਗਿਆਨੀਆਂ ਅਤੇ ਸਾਧਾਂ (ਰੱਬਾਂ) ਨੂੰ ਹੱਥ ਪਾਇਆ ਤਾਂ ਕਿਵੇਂ ਤੜਫਦੇ ਹਨ?
ਇਸ ਰਣਜੀਤ ਸਿੰਘ ਸਾਧ ਦਾ ਇਕ ਚੇਲਾ ਬੁੱਕਣ ਸਿੰਘ ਮੇਰੇ ਹੀ ਪਿੰਡ ਦਾ ਰਹਿਣ ਵਾਲਾ ਹੈ। ਇਥੇ ਇਕ ਗੁਰਦੁਆਰੇ ਕਥਾ ਕਰ ਰਿਹਾ ਹੈ ਅਤੇ ਸਪੀਕਰ `ਤੇ ਕਹਿ ਰਿਹਾ ਹੈ ਇਹ ਸਾਧ ਗੁਰੂ ਹਨ, ਇਹ ਸਾਧ ਸਤਿਗੁਰੂ ਹਨ, ਇਹ ਸਾਧ ਖ਼ੁਦ ਮਹਾਰਾਜ ਹਨ, ਇਹ ਸਾਧ ਆਪ ਹੀ ਗੁਰੂ ਗ੍ਰੰਥ ਸਾਹਿਬ ਹਨ। ਗੁਰੂ ਗ੍ਰੰਥ ਸਾਹਿਬ ਤਾਂ ਬੋਲਦਾ ਨਹੀਂ ਹੈ ਇਹ ਸਾਧ ਬੋਲਦੇ ਹਨ। ਵਿਚ ਵਿਚੋਲੇ ਦੀ ਹਰ ਹਾਲਤ ਲੋੜ ਹੈ ਨਹੀਂ ਤਾਂ “ਗੁਰੂ ਗ੍ਰੰਥ ਸਾਹਿਬ” ਕੀ ਦੱਸਣਗੇ? ਇਹ ਸਪੀਕਰ ਵਿਚ ਇਹ ਗੱਲਾਂ ਕਰ ਰਿਹਾ ਹੈ। ਕੋਈ ਦੱਸੇ ਇਹ ਕਿਹੜੀ ਸਿੱਖੀ ਦਾ ਪ੍ਰਚਾਰ ਹੈ? ਇਹ ਕਿਹੜੀ ਗੁਰਮਤਿ ਦਾ ਪ੍ਰਚਾਰ ਹੈ? ਇਹ ਖਦਸ਼ਾ ਹੈ ਇਹ ਸਾਧ ਥੋੜੇ ਸਮੇਂ ਬਾਅਦ ਹੀ ਵੱਖਰੇ ਗ੍ਰੰਥ ਰਚ ਲੈਣਗੇ। ਦੇਹਧਾਰੀਆਂ ਗੱਦੀਆਂ ਲਾ ਲੈਣਗੇ। ਇਹਨਾਂ ਦੇ ਚੇਲੇ ਵੀ ਸ਼ਰ੍ਹੇਆਮ ਇਹਨਾਂ ਨੂੰ ਸਤਿਗੁਰੂ ਕਹਿਣ ਲੱਗ ਪਏ ਹਨ। ਦੁਸ਼ਮਣ ਤਾਂ ਦੁਸ਼ਮਣ ਹੀ ਹਨ। ਇਹ ਸੱਜਣ ਵੀ ਦੁਸ਼ਮਣ ਬਣੇ ਹੋਏ ਹਨ। ਇਸਦੇ ਡੇਰੇ ਵਿਚ ਵੀ ਸਾਰੇ ਇਸ ਸਾਧ ਨੂੰ ਮਹਾਰਾਜ ਕਹਿ ਕੇ ਬੁਲਾਉਂਦੇ ਹਨ। ਇਸ ਸਾਧ ਦਾ ਇਕ ਮੈਗ਼ਜੀਨ ਨਿਕਲਦਾ ਹੈ। ਜਿਸਦਾ ਨਾਮ ਇਸ ਨੇ ‘ਨਿਰਵੈਰ ਖ਼ਾਲਸਾ’ ਰੱਖਿਆ ਹੈ। ਇਸਦੀਆਂ ਗੱਡੀਆਂ `ਤੇ ਵੀ ਨਿਰਵੈਰ ਖ਼ਾਲਸਾ ਲਿਖਿਆ ਹੋਇਆ ਹੈ। ਪਰ ਇਸਨੂੰ ਕੌਣ ਦੱਸੇ ਖ਼ਾਲਸਾ ਤਾਂ ਖ਼ਾਲਸਾ ਹੀ ਹੈ ਨਾਲ ਨਿਰਵੈਰ ਅੱਖਰ ਵਿਅਰਥ ਹੈ। ਨਵੰਬਰ ਦਸੰਬਰ 2004 ਦੇ ਮੈਗ਼ਜੀਨ ਨਿਰਵੈਰ ਖ਼ਾਲਸਾ ਵਿਚ ਸਫ਼ਾ 3 ਤੇ ਇੰਝ ਲਿਖਿਆ ਹੋਇਆ ਹੈ।
ਅੱਜ ਦੇ ਦੌਰ ਵਿਚ ਕਈ ਪਾਖੰਡ ਦੇ ਡੇਰੇ ਖੁੱਲ੍ਹੇ ਹਨ ਜਿਥੇ ਜਨਤਾ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ। ਬਾਬਾ ਜੀ ਨੇ ਉਹਨਾਂ ਪਾਖੰਡੀ ਦੇਹਧਾਰੀ ਗੁਰੂਆਂ ਦਾ ਪਰਦਾ ਫਾਸ਼ ਕਰਕੇ ਜੋ ਜਨਤਾ ਉਹਨਾਂ ਦੇ ਪਿੱਛੇ ਲੱਗੀ ਹੋਈ ਸੀ। ਉਸ ਜਨਤਾ ਨੂੰ ਪਾਖੰਡੀ ਬਾਬਿਆਂ ਦੀ ਅਸਲੀਅਤ ਤੋਂ ਜਾਣੂੰ ਕਰਵਾਇਆ ਅਤੇ ਸੱਚੇ ਗੁਰੂ ਨਾਲ ਜੋੜਿਆ।
(ਨਿਰਵੈਰ ਖ਼ਾਲਸਾ 3)
ਵਿਚਾਰ—ਮੈਂ ਉੱਪਰ ਦੱਸ ਆਇਆ ਹਾਂ ਕਿ ਇਹਨਾਂ ਦੇ ਕੰਮ ਵੀ ਜ਼ਿਆਦੇ ਦੇਹਧਾਰੀ ਗੁਰੂਆਂ ਵਰਗੇ ਹਨ। ਉੱਪਰ ਪ੍ਰਤੱਖ ਸਬੂਤ ਲਿਖ ਆਇਆ ਹਾਂ। ਅੱਗੇ ਚੱਲ ਕੇ ਹੋਰ ਵੀ ਕਲੀਅਰ ਕਰ ਦਿਆਂਗਾ ਇਹ ਅੰਮ੍ਰਿਤ ਛਕਾ ਕੇ ਆਪਣੇ ਨਾਲ ਜੋੜ ਰਿਹਾ ਹੈ ਅਤੇ ਦੇਹਧਾਰੀ ਨਾਮ ਦਾਨ ਦੇ ਕੇ ਆਪਣੇ ਨਾਲ ਜੋੜ ਰਹੇ ਹਨ। ਉਹਨਾਂ ਵਾਂਗੂੰ ਹੀ ਅਸ਼ੀਰਵਾਦ ਦੇ ਰਿਹਾ, ਵੰਨ-ਸੁਵੰਨੇ ਭੇਖ ਬਣਾ ਕੇ ਦਿਖਾ ਰਿਹਾ। ਘਰ ਘਰ ਫੋਟੋਆਂ ਭੇਜ ਰਿਹਾ ਹੈ। ਲੋਕ ਇਸ ਦੀਆਂ ਫੋਟੋਆਂ ਦੀ ਪੂਜਾ ਧੂਪ ਦੇ ਕੇ ਕਰ ਰਹੇ ਹਨ। ਬਹੁਤ ਵਧੀਆ ਕੀਤਾ ਇਹਨੇ ਦੇਹਧਾਰੀਆਂ ਦੇ ਪਰਦੇ ਫਾਸ਼ ਕੀਤੇ।
ਪਰ ਸਾਡੇ ਵਾਸਤੇ ਉਹ ਦੇਹਧਾਰੀ ਪੱਕੇ ਦੁਸ਼ਮਣ। ਪਰ ਇਹ ਸੱਜਣ ਹੁੰਦਾ ਹੋਇਆ ਵੀ ਦੁਸ਼ਮਣ ਹੈ। ਇਸ ਕਰਕੇ ਇਸਦੇ ਪਰਦੇ ਫਾਸ਼ ਕਰਨ ਵਾਲੇ ਵੀ ਬਹੁਤ ਬੈਠੇ ਹਨ। ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਡੇਰਾ ਰਾਧਾ ਸੁਆਮੀ ਬਿਆਸ ਦਾ ਪਿਛੋਕੜ। ਉਥੇ ਵੀ ਇਕ ਗੁਰਬਾਣੀ ਦੀ ਕਥਾ ਕਰਨ ਵਾਲਾ, “ਗੁਰੂ ਗ੍ਰੰਥ ਸਾਹਿਬ” ਦਾ ਪ੍ਰਕਾਸ਼ ਕਰਦਾ ਹੁੰਦਾ ਸੀ। ਹੁਣ ਕਿੱਥੇ ਓਥੇ “ਗੁਰੂ ਗ੍ਰੰਥ ਸਾਹਿਬ”, ਉਥੇ ਦੇਹਧਾਰੀ ਗੁਰੂ ਦੀ ਗੱਦੀ ਚੱਲ ਰਹੀ ਹੈ। ਢੇਸੀਆਂ ਗੱਦੀ, ਅੰਬਾਲੇ ਗੱਦੀ, ਨਿਰੰਕਾਰੀਏ, ਭਨਿਆਰੀਏ, ਨੂਰ ਮਹਿਲੀਏ, ਕੋਈ ਸੱਚੇ ਸੌਦੇ ਵਾਲਾ, ਕੋਈ ਝੂਠੇ ਸੌਦੇ ਵਾਲਾ ਪਤਾ ਨਹੀਂ ਕਿੰਨੇ ਹਨ। ਇਹ ਰਣਜੀਤ ਸਿੰਘ ਵੀ ਕਹਿੰਦੇ ਬਾਣੀ ਪੜ੍ਹਦਾ ਹੈ, ਮੰਨਦੇ ਹਾਂ ਬੜਾ ਕੁਝ ਸਟੇਜ਼ `ਤੇ ਸੁਣਾਉਂਦਾ ਹੈ। ਕਾਫ਼ੀ ਕੁਝ ਇਹਨੇ ਜ਼ਬਾਨੀ ਯਾਦ ਕੀਤਾ ਹੋਇਆ ਹੈ। ਪਰ ਇਹ ਦਾਅਵਾ ਤਾਂ ਸਾਰੇ ਦੇਹਧਾਰੀ ਵੀ ਬਾਣੀ ਪੜ੍ਹਨ ਦਾ ਹੀ ਕਰਦੇ ਹਨ। ਉਹ ਬਾਣੀ ਦੇ ਅਰਥ ਤੋੜ ਮਰੋੜ ਕੇ ਨਕਲੀ ਗੁਰੂ ਵੱਲ ਲਿਜਾਂਦੇ ਹਨ। ਇਹ ਸਾਡੇ ਡੇਰੇਦਾਰ ਅਰਥ ਤੋੜ ਮਰੋੜ ਕੇ ਸੰਤ, ਸਾਧ ਦੀ ਉਸਤਤ ਵੱਲ ਖਿੱਚ ਲਿਜਾਂਦੇ ਹਨ। ਇਹਨਾਂ ਦੇ ਚੇਲੇ ਵੀ ਇਹਨਾਂ ਨੂੰ ਗੁਰੂ, ਸਤਿਗੁਰੂ, ਮਹਾਰਾਜ ਹੀ ਕਹਿ ਰਹੇ ਹਨ। ਆਸ਼ੂਤੋਸ਼ ਦੇ ਚੇਲੇ ਵੀ ਉਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਹਨ। ਸੋ ਸੰਗਤਾਂ ਭੁਲੇਖਿਆਂ ਵਿਚ ਨਾ ਪੈਣ ਫ਼ਰਕ ਕੋਈ ਬਹੁਤ ਜ਼ਿਆਦਾ ਨਹੀਂ ਹੈ।
ਸਿਆਣੇ ਕਹਿੰਦੇ ਹਨ, ਕੰਮ ਚੰਗਾ ਹੋਵੇ ਨੀਅਤ ਖੋਟੀ ਹੋਵੇ, ਕਿਸੇ ਕੰਮ ਨਹੀਂ। ਨੀਅਤ ਠੀਕ ਹੋਵੇ ਕੰਮ ਮਾੜਾ ਹੋਵੇ ਤਾਂ ਵੀ ਕਿਸੇ ਕੰਮ ਨਹੀਂ। ਇਹਨਾਂ ਡੇਰੇਦਾਰਾਂ ਦੀ ਭਾਵਨਾ ਵੀ ਗੁਰੂ ਬਣਨ ਦੀ ਹੀ ਹੈ।
ਅੱਗੇ ਲਿਖਦੇ ਹਨ ਹੋਜੋਮਾਜਰਾ ਪਿੰਡ ਹੈ ਜਿੱਥੇ ਗਿਆਰ੍ਹਾਂ ਪ੍ਰਾਣੀਆਂ ਦੇ ਨਾਮ ਅੰਮ੍ਰਤ ਛਕਣ ਵਾਸਤੇ ਆਏ ਹਨ। ਇਥੇ ਹਿਸਾਬ ਲਾਉ ਕਿੰਨੇ ਇਲਾਕੇ ਦੀਆਂ ਸੰਗਤਾਂ ਜੁੜੀਆਂ ਹਨ ਜੇ ਇਕ ਪਿੰਡ ਵਿਚੋਂ ਗਿਆਰ੍ਹਾਂ ਪ੍ਰਾਣੀ ਪ੍ਰੇਰ ਕੇ ਲਿਆਉ ਤਾਂ ਦੇਖੋ ਕਿੰਨੀ ਸੰਗਤ ਅੰਮ੍ਰਿਤ ਛਕਦੀ ਹੈ। ਸੋ ਕਈ ਕਈ ਦਿਨ 2-2 ਅੰਮ੍ਰਿਤ ਸੰਚਾਰ ਵੀ ਹੁੰਦੇ ਹਨ।
ਨਿਰਵੈਰ ਖ਼ਾਲਸਾ, ਪੰਨਾ 33
ਵਿਚਾਰ—ਪਿੱਛੇ ਜਿਹੇ ਸ਼੍ਰੋਮਣੀ ਕਮੇਟੀ ਨੇ ਵੀ ਦਾਅਵਾ ਕੀਤਾ ਸੀ ਕਿ 1999 ਦੀ ਵੈਸਾਖੀ ਤਕ ਸਾਰੀ ਸਿੱਖ ਕੌਮ ਅੰਮ੍ਰਿਤਧਾਰੀ ਬਣਾ ਦੇਣੀ ਹੈ। ਕਿੰਨੇ ਕੁ ਬਣੇ ਹਨ? ਸਾਡੇ ਇਲਾਕੇ ਵਿਚ ਇਕ ਵਾਰੀ ਟਾਟਾ ਸੁੰਮੋ ਗੱਡੀਆਂ ਐਂਜ ਭੱਜੀਆਂ ਫਿਰਨ ਜਿਵੇਂ ਵੋਟਾਂ ਵਾਲੇ ਫਿਰਦੇ ਹਨ। ਮੈਂ ਰੋਕ ਕੇ ਪੁੱਛਿਆ ਵੀਰ ਜੀ ਕੀ ਕਰ ਰਹੇ ਹੋ? ਅੱਜਕਲ੍ਹ ਕੀ ਪ੍ਰੋਗਰਾਮ ਹੈ? ਕਹਿੰਦੇ ਸੰਤ ਮਾਨ ਸਿੰਘ ਭੇਵੇ ਵਾਲੇ ਦੀਆਂ ਗੱਡੀਆਂ ਹਨ। ਅਸੀਂ ਸਾਰੀ ਕੌਮ ਹੀ ਅੰਮ੍ਰਿਤਧਾਰੀ ਬਣਾ ਦੇਣ ਲੱਗੇ ਹਾਂ। ਸੋ ਕਿੰਨਾ ਚਿਰ ਹੋ ਗਿਆ ਕਿੱਥੇ ਹਨ ਉਹ ਅੰਮ੍ਰਿਤਧਾਰੀ? ਕੁਝ ਸਮਾਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਪ੍ਰਭਾਵਤ ਹੋ ਕੇ ਸਕੂਲਾਂ, ਕਾਲਜਾਂ ਦੇ ਨੌਜਵਾਨਾਂ ਨੇ ਦਾੜ੍ਹੇ ਕੇਸ ਰੱਖ ਲਏ, ਹਿੰਦੂਆਂ ਨੇ ਪੱਗਾਂ ਬੰਨ੍ਹ ਲਈਆਂ। ਸਿੱਖਾਂ ਨੇ ਕੇਸਰੀ ਦਸਤਾਰੇ ਬੰਨ੍ਹ ਲਏ। ਅੱਜ ਕਿੱਥੇ ਨੇ ਉਹ ਨੌਜਵਾਨ, ਸ਼ਹਿਰਾਂ ਵਿਚ ਦੇਖਿਆ ਮੁੰਡੇ ਗੁੱਤਾਂ ਕਰੀ ਫਿਰਦੇ ਹਨ। ਕੁੜੀਆਂ ਪੈਂਟਾਂ ਪਾਈ ਫਿਰਦੀਆਂ, ਸਿਰ ਮੁਨਾਈ ਫਿਰਦੀਆਂ। ਸੋ ਵੀਰ ਜੀ ਅੰਮ੍ਰਿਤ ਤਾਂ
R.S.S. ਵੀ ਬੜਾ ਛਕਾ ਰਹੀ ਹੈ ਜਿਹੜੀ ਸਿੱਖਾਂ ਅੰਦਰੋਂ ਸਿੱਖੀ ਸੋਚ, ਮਾਰ ਕੇ, ਕੇਸਾਧਾਰੀ ਹਿੰਦੂ, ਬ੍ਰਾਹਮਣਵਾਦੀ ਮੰਨੂਵਾਦੀ ਸੋਚ ਦੇ ਧਾਰਨੀ ਬਣਾਉਣ `ਤੇ ਸਾਰਾ ਜ਼ੋਰ ਲਾ ਰਹੀ ਹੈ। ਅੰਮ੍ਰਿਤ ਤਾਂ ਉਹ ਵੀ ਛਕਾ ਰਹੀ ਹੈ। ਇਹਨਾਂ ਲੋਕਾਂ ਨੇ ਡੇਰੇਦਾਰ ਸਾਧਾਂ ਨੇ ਅੰਮ੍ਰਿਤ ਨੂੰ ਪਾਖੰਡ ਬਣਾ ਕੇ ਰੱਖ ਦਿੱਤਾ ਹੈ। ਜਿਸ ਬੰਦੇ ਨੂੰ ਨਾ ਰਹਿਤ ਦਾ ਪਤਾ, ਨਾ ਨਿੱਤਨੇਮ, ਨਾ ਬਾਣੀ ਦਾ ਪਤਾ ਉਹਨੂੰ ਧੜਾਧੜ ਧੱਕੇ ਨਾਲ ਅੰਮ੍ਰਿਤ ਛਕਾ ਕੇ ਕਿਹੜੀ ਸਿੱਖੀ ਦੀ ਸੇਵਾ ਹੋ ਰਹੀ ਹੈ? ਕਈ ਦੇਖਦੇ ਹਾਂ ਉਹਨਾਂ ਨੂੰ ਸਾਧਾਂ ਨੇ ਧੱਕੇ ਨਾਲ ਅੰਮ੍ਰਿਤ ਛਕਾਇਆ ਸੀ। ਉਹ ਹੁਣ ਸ਼ਰਾਬਾਂ ਪੀ ਰਹੇ ਹਨ ਉਹਨਾਂ ਕੋਲ ਕੋਈ ਕਕਾਰ ਨਹੀਂ ਹੈ। ਇਹ ਇਹਨਾਂ ਸਾਧਾਂ ਦੇ ਸਟੰਟ ਹਨ। ਕੇਵਲ ਆਪਣੇ ਮਗਰ ਲਾਉਣ ਵਾਸਤੇ। ਇਸ ਰਣਜੀਤ ਸਿੰਘ ਦੇ ਇਕ ਚੇਲੇ ਨੇ ਇਹਨੂੰ ਆਪਣੇ ਘਰ ਚਰਨ ਪਾਉਣ ਵਾਸਤੇ ਬੇਨਤੀ ਕੀਤੀ ਜਦੋਂ ਸੰਤ ਨੇ ਨਾਂਹ ਕੀਤੀ ਤਾਂ ਚੇਲਾ ਕਹਿਣ ਲੱਗਾ ਕਿ ਜੇ ਮੇਰੇ ਘਰ ਚਰਨ ਨਹੀਂ ਪਾਓਗੇ ਤਾਂ ਮੈਂ ਤੁਹਾਡੀ ਕਿਰਪਾਨ ਲਾਹ ਦੇਵਾਂਗਾ। ਇਥੋਂ ਅੰਦਾਜ਼ਾ ਲਾਉ ਇਹ ਸਾਰੇ ਆਪਣਾ ਅੰਮ੍ਰਿਤ ਛਕਾ ਰਹੇ ਹਨ, ਗੁਰੂ ਦਾ ਨਹੀਂ। ਇਹ ਸਾਧ ਪਵਿੱਤਰ ਅੰਮ੍ਰਿਤ ਦਾ ਮਖੌਲ ਉਡਾ ਰਹੇ ਹਨ। ਦੇਖੋ ਕਿਵੇਂ?
ਇਕ ਸਾਡੇ ਨੇੜੇ ਸਾਧ ਹੈ ਉਹਨੇ ਘਰ ਘਰ ਜਾ ਕੇ ਧੱਕੇ ਨਾਲ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ। ਇਹਦੇ ਚੇਲੇ ਇਕ ਪਿੰਡ ਕਿਸੇ ਦੇ ਘਰ ਜਾ ਕੇ ਇਕ ਬੰਦੇ ਨੂੰ ਕਹਿੰਦੇ ਨਾਮ ਲਿਖਾ ਅੰਮ੍ਰਿਤ ਛਕ ਲੈ। ਉਹਨੇ ਕਮੀਜ਼ ਚੁੱਕ ਕੇ ਆਪਣੇ ਡੱਬ ਵਿਚ ਤੁੰਨਿਆ ਸ਼ਰਾਬ ਦਾ ਪਊਆ ਦਿਖਾਇਆ ਕਿ ਐਹ ਦੇਖੋ ਮੈਂ ਅੰਮ੍ਰਿਤ ਨਾਲ ਹੀ ਲਈ ਫਿਰਦਾ ਹਾਂ, ਤੁਹਾਡੇ ਅੰਮ੍ਰਿਤ ਦੀ ਕੋਈ ਲੋੜ ਨਹੀਂ। ਇਕ ਹੋਰ ਥਾਂ `ਤੇ ਜਾ ਕੇ ਇਕ ਬੰਦੇ ਨੂੰ ਕਹਿੰਦੇ ਅੰਮ੍ਰਿਤ ਛਕ ਲੈ, ਉਹ ਕਹਿੰਦਾ ਮੈਂ ਕੀ ਲੈਣਾ ਅੰਮ੍ਰਿਤ ਤੋਂ। ਤਾਂ ਸਾਧ ਦੇ ਚੇਲੇ ਕਹਿੰਦੇ ਔਹ ਜਿਹੜੀ ਭੈਣ ਹੈ ਉਹਦਾ ਨਾਮ ਲਿਖਾ ਦੇ ਅਸੀਂ ਉਹਨੂੰ ਅੰਮ੍ਰਿਤ ਛਕਾ ਦਿੰਦੇ ਹਾਂ। ਤਾਂ ਉਹ ਬੰਦਾ ਕਹਿੰਦਾ ਉਹਦਾ ਤਾਂ ਖਸਮ ਮੈਂ ਹਾਂ ਤੁਸੀਂ ਉਹਦੇ ਕੀ ਲੱਗਦੇ ਹੋ?
ਸੋ ਕੋਈ ਦੱਸੇ ਇਹ ਸਾਧ ਅੰਮ੍ਰਿਤ ਛਕਾ ਰਹੇ ਹਨ ਕਿ ਅੰਮ੍ਰਿਤ ਦਾ ਮਖੌਲ ਉਡਾ ਰਹੇ ਹਨ। ਹੋਰ ਵੀ ਮੇਰੇ ਕੋਲ ਐਸੀਆਂ ਬਹੁਤ ਉਦਾਹਰਣਾਂ ਹਨ। ਪੁਸਤਕ ਦਾ ਆਕਾਰ ਵਧ ਰਿਹਾ ਹੈ ਸੰਖੇਪ ਕਰਦਾ ਜਾ ਰਿਹਾ ਹਾਂ।
ਅੱਗੇ ਲਿਖਦੇ ਹਨ ਕਿ ਸੰਤ ਵਰਿਆਮ ਸਿੰਘ ਨੇ ਇਸ ਅਸਥਾਨ ਦੀ ਇੱਟ ਇੱਟ ਆਪਣੇ ਹੱਥੀਂ ਲਗਾਈ। ਉਹ ਭਾਵੇਂ ਸਰੀਰ ਕਰਕੇ ਸਾਡੇ ਦਰਮਿਆਨ ਨਹੀਂ ਹਨ ਉਹ ਸੰਗਤਾਂ ਦੇ ਦਿਲਾਂ `ਤੇ ਵੱਸੇ ਹੋਏ ਹਨ, ਮੈਂ ਵੀ ਇਸ ਅਸਥਾਨ ਦੀ ਧੂੜ ਲੈਣ ਆਇਆ ਹਾਂ। ਨਿਰਵੈਰ ਖ਼ਾਲਸਾ, ਪੰਨਾ 61
ਵਿਚਾਰ—ਇਹ ਸਾਧ ਸਟੇਜਾਂ `ਤੇ ਇਕ ਦੂਜੇ ਦੀਆਂ ਹੱਦੋਂ ਵੱਧ ਸਿਫ਼ਤਾਂ ਗੁਰੂ ਦੀ ਹਜ਼ੂਰੀ ਵਿਚ ਹੀ ਬਿਨਾ ਕਿਸੇ ਭੈ ਤੋਂ ਅਕਸਰ ਕਰਦੇ ਦੇਖੇ, ਸੁਣੇ ਗਏ। ਇਹ ਸਾਧਾਂ ਦੀ ਚਰਨ ਧੂੜ ਅਤੇ ਜਿਥੇ ਸਾਧ ਮਰੇ ਹਨ ਉਹਨਾਂ ਅਸਥਾਨਾਂ ਦੀ ਚਰਨ ਧੂੜ ਹੀ ਲੋਚਦੇ ਰਹਿੰਦੇ ਹਨ। ਗੁਰਬਾਣੀ ਗੁਰੂ ਦੀ ਚਰਨ ਧੂੜੀ ਇਹਨਾਂ ਨੂੰ ਕਦੇ ਯਾਦ ਨਹੀਂ ਆਈ। ਜਿਨ੍ਹਾਂ ਸਿੱਖਾਂ ਨੇ ਅੰਦਰੋਂ “ਗੁਰੂ ਗ੍ਰੰਥ ਸਾਹਿਬ” ਜੀ `ਤੇ ਪੂਰਨ ਭਰੋਸਾ ਕੀਤਾ ਹੈ। ਉਹ ਕਦੇ ਵੀ ‘ਮਨਮੁਖ ਹੋਇ ਬੰਦੇ ਦਾ ਬੰਦਾ’, ਨਹੀਂ ਹੁੰਦੇ।
ਅੱਗੇ ਇਸੇ ਨਿਰਵੈਰ ਖ਼ਾਲਸਾ ਮੈਗ਼ਜੀਨ ਵਿਚ ਇਹ ਫੋਟੋਆਂ ਹਨ ਜਿਥੇ ਸੰਤ ਰਣਜੀਤ ਸਿੰਘ ਲੜਕੀਆਂ ਦੇ ਵਿਆਹ ਕਰ ਰਹੇ ਹਨ।
ਨਿਰਵੈਰ ਖ਼ਾਲਸਾ, ਪੰਨਾ 62
ਵਿਚਾਰ—ਇਹ ਵੀ ਇਕ ਤਕੜਾ ਇਹਨਾਂ ਦਾ ਸਟੰਟ ਹੈ। ਦੇਸ਼ ਵਿਦੇਸ਼ ਵਿਚੋਂ ਇਹਨਾਂ ਕਾਰਜਾਂ ਵਾਸਤੇ ਮਾਇਆ ਚੰਗੀ ਇਕੱਠੀ ਹੋ ਜਾਂਦੀ ਹੈ। ਕਿਉਂਕਿ ਮਾਇਆ ਇਕੱਠੀ ਕਰਨ ਵਾਸਤੇ ਕੋਈ ਮੁੱਦੇ ਤਾਂ ਚਾਹੀਦੇ ਹੀ ਹਨ। ਇਹ ਵੀ ਇਹਨਾਂ ਨੇ ਮਾਇਆ ਦਾ ਵਪਾਰ ਬਣਾਇਆ ਹੋਇਆ ਹੈ। ਸਾਡੇ ਲਾਗੇ ਵੀ ਕਈਆਂ ਨੇ ਐਸੇ ਸਟੰਟ ਚਲਾ ਰੱਖੇ ਹਨ। ਇਹਨਾਂ ਗੱਲਾਂ (ਕੰਮਾਂ) ਤੋਂ ਕੋਈ ਬਹੁਤ ਪ੍ਰਭਾਵਤ ਹੋਣ ਦੀ ਲੋੜ ਨਹੀਂ ਹੈ। ਹੋਰ ਬਹੁਤ ਸਾਰੇ ਐਸੇ ਕਾਰਜ ਹਨ ਜਿਹੜੇ ਇਹਨਾਂ ਨੇ ਅਣਗੌਲੇ ਹੀ ਕੀਤੇ ਹੋਏ ਹਨ। ਹੋਰ ਵੀ ਕਈ ਕਿਸਮ ਦੇ ਵਪਾਰ ਇਹਨਾਂ ਬਣਾਏ ਹੋਏ ਹਨ। ਕੈਸਟਾਂ ਦਾ ਵਪਾਰ, ਫੋਟੋਆਂ ਵੇਚਣ ਦਾ ਵਪਾਰ, ਸੀਡੀਆਂ ਆਦਿ ਵੇਚਣ ਦਾ ਵਪਾਰ। ਇਹਨਾਂ ਦੇ ਡੇਰੇ ਕੇਵਲ ਇਹਨਾਂ ਦਾ ਸਮਾਨ ਹੀ ਵਿਕਦਾ ਹੈ ਹੋਰ ਕਿਸੇ ਦਾ ਨਹੀਂ, ਵੰਨ-ਸੁਵੰਨੇ ਚੇਲਿਆਂ ਦਾ ਵਪਾਰ, ਵੰਨ-ਸੁਵੰਨੀਆਂ ਕਾਰਾਂ ਗੱਡੀਆਂ ਦਾ ਵਪਾਰ। ਜਿਹੜੇ ਗੁਰੂ ਸੇਵਾ ਅਤੇ ਸਮਾਜ ਦੀ ਸੇਵਾ ਕਰਨ ਵਾਲੇ, ਘੱਟ ਰੇਟ ਵਾਲੀ ਗੱਡੀ ਤੇ ਸਫ਼ਰ ਕਰਕੇ ਵੀ ਸੇਵਾ ਕਰ ਸਕਦੇ ਹਨ, ਸਾਡੇ ਲਾਗੇ ਇਕ ਸਾਧ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਪਤਾ ਨਹੀਂ ਕਿੰਨੇ ਕਿੱਲੇ ਕਣਕ ਦੇ ਮਿੱਧ ਕੇ ਜੰਞ ਬਿਠਾਉਣੀ ਪਈ ਸੀ। ਲੱਖਾਂ ਰੁਪਏ ਸੋਨੇ ਚਾਂਦੀ ਦਾ ਵਪਾਰ ਉਥੇ ਕੀਤਾ ਗਿਆ। ਇਹ ਸਾਧ ਦੱਸਣਗੇ ਕਿ ਕੀ ਸੇਵਾ ਇਹ ਕਰ ਰਹੇ ਹਨ?
ਇਸ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਅਸੀਂ ਪਿੰਡ ਸਭਰਾ ਤੋਂ 2000 ਰੁਪਏ ਵਿਚ ਟਾਟਾ ਸੁੰਮੋ ਗੱਡੀ ਕਿਰਾਏ `ਤੇ ਲੈ ਕੇ, ਇਕ ਦੰਭੀ ਪਾਖੰਡੀ ਨਕਲੀ ਗੁਰੂ ਜੋ ਕਿ ਗੁਰੂ ਅਤੇ ਸਿੱਖੀ ਦੀ ਬੇਅਦਬੀ ਕਰਨ ਵਾਲੇ ਤੋਂ ਸ਼ਰ੍ਹੇਆਮ ਦਿਨ ਦੀਵੀ ਬਦਲਾ ਲੈਣ ਵਾਲੇ ਇਕ ਅੰਮ੍ਰਿਤਧਾਰੀ ਸਿੰਘ ਦੇ ਮੁਕੱਦਮੇ ਅਤੇ ਪਰਿਵਾਰ ਦੀ ਮਦਦ ਵਾਸਤੇ ਗਏ ਤਾਂ ਇਹ ਸਾਧ ਬੀਬੀਆਂ ਅਤੇ ਬੰਦਿਆਂ ਤੋਂ ਮੱਥੇ ਟਿਕਾ ਕੇ ਅਸ਼ੀਰਵਾਦ ਦੇ ਰਿਹਾ ਸੀ ਅਤੇ ਟੋਕਰੀ ਵਿਚ ਪੈਸੇ ਪਵਾ ਰਿਹਾ ਸੀ। ਅਸੀਂ ਮਿਲਣ ਵਾਸਤੇ ਸਮਾਂ ਮੰਗਿਆ। ਪਰ ਸੰਤ ਦੇ ਚੇਲੇ ਟਾਲ ਮਟੋਲ ਕਰਨ। ਅਸੀਂ ਕਿਹਾ ਕਿ ਬੜੀ ਦੂਰੋਂ ਖਰਚ ਕਰ ਕੇ ਆਏ ਹਾਂ ਅਸੀਂ ਪੰਥਕ ਕਾਰਜ ਵਾਸਤੇ ਸੰਤ ਨੂੰ ਮਿਲਣਾ ਹੈ ਪਰ ਕਹਿੰਦੇ ਮਿਲਣ ਦਾ ਟਾਈਮ ਹੀ ਨਹੀਂ। ਜਦ ਇਹ ਸਾਧ ਗੱਡੀ ਵਿਚ ਬਹਿਣ ਲੱਗਾ ਤਾਂ ਸਾਨੂੰ 2 ਮਿੰਟ ਗੱਲ ਕਰਨ ਵਾਸਤੇ ਮਿਲੇ। ਅਸੀਂ ਸਿੰਘ ਦੀ ਦਾਸਤਾਨ ਸੁਣਾਈ ਜੋ ਗੁਰੂ ਦੀ ਆਨ ਸ਼ਾਨ ਵਾਸਤੇ ਕੁਰਬਾਨੀ ਕਰਕੇ ਜੇਲ੍ਹ ਵਿਚ ਬੰਦ ਹੈ। ਪਰ ਸਾਧ ਨੇ ਕੋਈ ਧਿਆਨ ਨਾ ਦਿੱਤਾ। ਮੈਨੂੰ ਫੇਰ ਮਿਲਿਓ। ਫ਼ੋਨ `ਤੇ ਗੱਲ ਕਰ ਲਿਉ। ਫਿਰ ਅਸੀਂ ਕੋਲੋਂ ਖਰਚੇ ਕਰਕੇ ਫ਼ੋਨ ਕੀਤੇ ਪਰ ਇਸ ਸਾਧ ਨੇ ਕੋਈ ਨਹੀਂ ਸੁਣੀ। ਕਿਸੇ ਸ਼੍ਰੋਮਣੀ ਕਮੇਟੀ ਦੇ ਬੰਦੇ ਨੇ, ਕਿਸੇ ਵੀ ਸਾਧ ਨੇ ਉਸ ਕੁਰਬਾਨੀ ਵਾਲੇ ਸਿੰਘ ਨਾਲ ਜੇਲ੍ਹ ਵਿਚ ਜਾ ਕੇ ਮੁਲਾਕਾਤ ਵੀ ਨਹੀਂ ਕੀਤੀ ਅਤੇ ਨਾ ਹੀ ਉਹਦੇ ਘਰ ਜਾ ਕੇ ਉਹਦੇ ਮਾਂ ਪਿਓ ਅਤੇ ਬੱਚਿਆਂ ਦੀ ਸੁਖ ਸਾਂਦ ਪੁੱਛੀ। ਇਹ ਸਾਡੇ ਨਾਲ ਗੱਲ ਤਾਂ ਕਰਨ ਅਸੀਂ ਇਹਨਾਂ ਨੂੰ ਸੰਗਤ ਦੇ ਸਾਹਮਣੇ ਪੁੱਛਾਂਗੇ ਕਿ ਇਹ ਕਿਹੜੀ ਸਿੱਖੀ ਦੀ ਸੇਵਾ ਕਰ ਰਹੇ ਹਨ, ਕਿਹੜੇ ਸਮਾਜ ਦੀ ਸੇਵਾ ਕਰ ਰਹੇ ਹਨ? ਇਹਨਾਂ ਸਾਧਾਂ ਨੇ ਵੀ “ਧੰਨ ਗੁਰੂ ਗ੍ਰੰਥ ਸਾਹਿਬ ਜੀ” ਨੂੰ ਦੁਕਾਨਦਾਰੀ ਬਣਾਇਆ ਹੋਇਆ ਹੈ। ਇਹ ਜਦੋਂ ਸਟੇਜ `ਤੇ ਹੁੰਦੇ ਹਨ ਤਾਂ ਗੱਲਾਂ ਕਰਦੇ ਅਸਮਾਨ ਨੂੰ ਟਾਕੀਆਂ ਲਾਉਂਦੇ ਹਨ। ਪਰ ਪਾਠਕ ਆਪ ਅੰਦਾਜ਼ਾ ਲਾਉਣ ਕਿ ਇਹਨਾਂ ਸਾਧਾਂ ਦਾ ਗੁਰੂ ਪ੍ਰਤਿ ਗੁਰੂ ਪੰਥ ਪ੍ਰਤਿ ਕੀ ਨਜ਼ਰੀਆ ਹੈ?
ਬਹਾਦਰਗੜ੍ਹ ਇਕ ਵਾਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਜਾ ਰਿਹਾ ਸੀ। ਗੁਰੂ ਜੀ ਦੀ ਸਵਾਰੀ ਇਕ ਮੋੜ ਤੋਂ ਮੁੜੀ, ਉਸੇ ਵਕਤ ਢੱਡਰੀਆਂ ਵਾਲੇ ਸਾਧ ਦੀ ਗੱਡੀ ਪਹੁੰਚ ਗਈ। ਇਸਦੇ ਦੋ ਚੇਲੇ ਗੱਡੀ ਵਿਚੋਂ ਬਾਹਰ ਨਿਕਲ ਕੇ ‘ਗੁਰੂ ਗ੍ਰੰਥ ਸਾਹਿਬ’ ਨੂੰ ਮੱਥਾ ਟੇਕਣ ਸਤਿਕਾਰ ਕਰਨ ਵਾਸਤੇ ਉਤਰੇ ਪਰ ਇਹ ਢੱਡਰੀਆਂ ਵਾਲਾ ਗੱਡੀ ਵਿਚੋਂ ਨਹੀਂ ਉਤਰਿਆ। ਉਂਝ ਇਹ ਸਾਧ ਕਹਿੰਦੇ ਹਨ ਕਿ ਅਸੀਂ ਬੜਾ ਸਤਿਕਾਰ ਕਰਦੇ ਹਾਂ। ਇਸਦੇ ਇਕ ਚੇਲੇ ਨਾਲ ਗੱਲ ਹੋਈ ਕਿ ਕੀ ਸਤਿਕਾਰ ਕੀਤਾ ਇਸਨੇ? ਤਾਂ ਉਹਨੇ ਉੱਤਰ ਦਿੱਤਾ ਕਿ ਜੇ ਸਾਡਾ ਬਾਬਾ ਗੱਡੀ ਵਿਚੋਂ ਉਤਰ ਆਉਂਦਾ ਤਾਂ ਲੋਕਾਂ ਨੇ ਉਸ ਨੂੰ ਮੱਥਾ ਟੇਕਣ ਲੱਗ ਪੈਣਾ ਸੀ, ਇਸ ਕਰਕੇ ਉਹ ਨਹੀਂ ਉਤਰਿਆ। ਇਹ ਕੇਹੀ ਦਲੀਲ ਹੈ? ਕੀ ਇਹਦੇ ਪੈਰਾਂ ਨਾਲ ਚੁੰਬਕ ਪੱਥਰ ਲੱਗੇ ਹਨ ਕਿ ਇਹਦੇ ਵੱਲ ਹੋ ਜਾਣਾ ਸੀ ਲੋਕਾਂ ਨੇ! ਜਿਨ੍ਹਾਂ ਦੇ ਅੰਦਰ ਕਦੇ ਵੀ ਮੱਥਾ ਟਿਕਾਉਣ ਦੀ ਭਾਵਨਾ ਪੈਦਾ ਨਹੀਂ ਹੋਈ, ਉਹਨੂੰ ਕੋਈ ਵੀ ਮੱਥਾ ਟੇਕਣ ਦੀ ਜੁਅਰਤ ਨਹੀਂ ਕਰ ਸਕਦਾ। ਇਹ ਬਾਬੇ ਕੇਵਲ ਮੱਥੇ ਟਿਕਾਉਣ ਵਾਸਤੇ ਹੀ ਹਨ।




.