.

ਦਸਮ ਗ੍ਰੰਥ ਦਾ ਲਿਖਾਰੀ ਕੌਣ?

(ਭਾਗ ਪਹਿਲਾ, ਕਿਸ਼ਤ ਨੰ: 01)

ਜਸਬਿੰਦਰ ਸਿੰਘ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ।।

ਵਾਹਿਗੁਰੂ ਜੀ ਕੀ ਫਤਹਿ।। - ਪ੍ਰਵਾਨ ਹੋਵੇ ਜੀ।

ਅਤੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਨੂੰ ਝੂਠੁ ਨ ਬੋਲਿ ਪਾਡੇ ਸਚੁ ਕਹੀਐ।। ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਪਹਿਲਾ ਦਾ ਖਰੜਾ ਭੇਜ ਰਿਹਾ ਹਾਂ। ਮੈਂ ਦਸਮ ਗ੍ਰੰਥ ਦੇ ਪੰਨਾ 909 ਤੋਂ 1388 ਤੱਕ ਦੀ ਕਾਵਿ ਰਚਨਾਂ ਦੇ ਹੂ-ਬ-ਹੂ ਅਰਥ ਕੀਤੇ ਹਨ-ਕਈ ਕਾਵਿ ਰਚਨਾਵਾਂ ਦੇ ਮੈਂ ਕੇਵਲ ਸਾਰ (Summary) ਲਿਖ ਕੇ ਪੁਸਤਕ ਦੇ ਅਕਾਰ ਨੂੰ ਸੀਮਤ ਰੱਖਣ ਦੀ ਕੋਸ਼ਿਸ ਕੀਤੀ ਹੈ। ਕਿਸੇ ਵੀ ਥਾਂ ਮੈਂ ਕਵਿ ਰਚਨਾਂ ਦੇ ਮੂਲ ਰੂਪ ਨੂੰ ਅੱਖੋਂ ਓਹਲੇ ਨਹੀਂ ਕੀਤਾ। ਮੈਂ ਗੁਰੂ ਨਾਨਕ ਰੂਪ ਗੁਰੂ ਗੋਬਿੰਦ ਸਿੰਘ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦਾ ਓਟ ਆਸਰਾ ਲੈ ਕੇ ਸੱਚ ਸੱਚ ਲਿਖਿਆ ਹੈ। ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਇਆ ਹਾਂ। ਵੱਡੇ ਵਿਦਵਾਨਾਂ ਦੀ ਤਰ੍ਹਾਂ ਮੈਂ ਬਹੁਤਾ ਪੜ੍ਹਿਆ ਨਹੀਂ ਹਾਂ। ਇੱਕ ਪੇਂਡੂ ਹੋਣ ਦੇ ਨਾਤੇ ਮੈਂ ਅਪਣੀ ਪੇਂਡੂ ਭਾਸ਼ਾ ਨੂੰ ਵਧੇਰੇ ਵਰਤਿਆ ਹੈ। ਇਹ ਨਹੀਂ ਕਿ ਮੈਨੂੰ ਲੱਛੇਦਾਰ ਭਾਸ਼ਾ ਲਿਖਣੀ ਨਹੀਂ ਆਉਂਦੀ ਬਲਕਿ ਮੈਂ ਸਮਝਦਾ ਹਾਂ ਕਿ ਅੱਖਰ ਓਹ ਲਿਖੇ ਜਾਣ ਜੋ ਬਿਨਾ ਮਹਾਨ ਕੋਸ਼ ਚੁੱਕਿਆਂ ਸਮਝ ਆ ਜਾਣ। ਹੋ ਸਕਦਾ ਹੈ ਕਿ ਮੇਰੇ ਦੁਆਰਾ ਵਰਤੀ ਸਰਲ ਅਤੇ ਪੇਂਡੂ ਬੋਲੀ ਬਹੁਤਿਆਂ ਨੂੰ ਸੂਤ ਨਾ ਬੈਠੇ।

ਆਪ ਜੀ ਦੀ ਬਿਬੇਕ ਬੁੱਧੀ, ਦਲੇਰੀ ਅਤੇ ਸੱਚ ਬੋਲਣ ਦੀ ਤਾਕਤ ਦੇ ਹਰ ਥਾਂ ਚਰਚੇ ਹਨ। ਮੈਨੂੰ ਆਪ ਜੀ ਤੋਂ ਬੜੀ ਆਸ ਹੈ ਕਿ ਇਸ ਖਰੜੇ ਬਾਰੇ ਤੁਸੀਂ ਅਪਣੀ ਢੁਕਵੀਂ ਰਾਏ (ਵਿਚਾਰ) ਦੇ ਕੇ ਧੰਨਵਾਦੀ ਬਣਾਓਗੇ। ਜਿੱਥੇ ਕਿਤੇ ਸੁਧਾਈ ਦੀ ਲੋੜ ਹੈ, ਤੁਹਾਡੇ ਤੋਂ ਮਿਲੀ ਸਹੀ ਸੇਧ ਨੂੰ ਪੱਲੇ ਬੰਨ੍ਹ ਕੇ ਕਰ ਦਿੱਤੀ ਜਾਏਗੀ। ਜੇਕਰ ਆਪ ਜੀ ਵੱਲੋਂ ਦੋ ਮਹੀਨੇ ਦੇ ਅੰਦਰ ਅੰਦਰ ਕੋਈ ਉੱਤਰ ਨਾ ਆਇਆ ਤਾਂ ਮੈਂ ਸਮਝ ਲਵਾਂਗਾ ਕਿ ਇਸ ਪੁਸਤਕ ਦੇ ਛਾਪਣ ਲਈ ਆਪ ਜੀ ਨੇ ਸਹਿਮਤੀ ਪ੍ਰਗਟਾ ਦਿੱਤੀ ਹੈ। ਗੁਰ ਸਿੱਖਾਂ ਦੇ ਚਰਨਾਂ ਦੀ ਧੂੜ ਲੋਚਦਾ ਦਾਸਨ ਦਾਸ;

ਜਸਬਿੰਦਰ ਸਿੰਘ ਖਾਲਸਾ

ਸੇਵਾਦਾਰ

ਲਾਲੋ ਫਾਉਂਡੇਸ਼ਨ

ਪਤਾ:

Jasbinder Singh Khalsa

Post Box # 50237

DUBAI (U.A.E.)

00971-50-4987344

ਭੂਮਿਕਾ

ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਅਪਣੀ ਪੁਸਤਕ ਗੁਰਮਤ ਮਾਰਤੰਡ ਭਾਗ ਪਹਿਲਾ ਦੀ ਭੂਮਿਕਾ ਵਿੱਚ ਲਿਖਦੇ ਹਨ:- ਗੁਰੂ ਨਾਨਕ ਪੰਥੀ ਮੇਰੇ ਪਿਆਰੇ ਗੁਰ ਭਾਈਓ!

ਗੁਰੁ ਬਾਣੀ ਦੇ ਅਭਿਯਾਸੀ ਅਤੇ ਕਾਵਯ ਦੇ ਗਯਾਤਾ ਹਨ, ਉਹ ਬਿਨਾ ਕਠਨਾਈ ਸਮਝ ਲੈਂਦੇ ਹਨ ਕਿ ਇਹ ਗੁਰਬਾਣੀ ਹੈ, ਜਾਂ ਗੁਰੂ ਦਾ ਨਾਉਂ ਲੈ ਕੇ ਕਿਸੇ ਹੋਰ ਦੀ ਰਚੀ ਹੋਈ ਬਾਣੀ ਹੈ।

ਕਬਿੱਤ-ਭਾਈ ਗੁਰਦਾਸ ਜੀ

ਜੈਸੇ ਅਨੁਚਰ ਨਰਪਤਿ ਕੀ ਪਛਾਨੈ ਭਾਖਾ, ਬੋਲਤ ਬਚਨ ਖਿਨ ਬੂਝੈ ਬਿਨ ਦੇਖ ਹੀ।

ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ, ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖ ਹੀ।

ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ, ਰਾਖੀਯੈ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ।

ਗੁਰ ਸਬਦ ਸੁਨਤ ਪਹਿਚਾਨੈ ਸਿਖ, ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ। {੫੭੦}

ਸਾਡੇ ਮੱਤ ਦੇ ਪੁਰਾਣੇ ਅਤੇ ਨਵੇਂ ਲੇਖਕਾਂ ਨੇ ਅਪਣੀ ਅਪਣੀ ਬੁੱਧੀ ਅਤੇ ਨਿਸ਼ਚਯ ਅਨੁਸਾਰ, ਇਤਿਹਾਸ, ਰਹਿਤਨਾਮੇ ਅਤੇ ਸੰਸਕਾਰ ਵਿਧੀ ਆਦਿਕ ਅਨੇਕ ਪੁਸਤਕ ਰਚੇ ਹਨ। ਜਿਨ੍ਹਾਂ ਤੋਂ ਸਾਨੂੰ ਬੇਅੰਤ ਲਾਭ ਅਤੇ ਹਾਨੀ ਹੋ ਰਹੀ ਹੈ, ਅਰਥਾਤ ਗੁਰਮਤਿ ਅਨੁਸਾਰ ਵਾਕ ਲਾਭ ਅਤੇ ਗੁਰਮਤਿ ਵਿਰੁੱਧ ਹਾਨੀ ਦਾ ਕਾਰਣ ਬਣ ਰਹੇ ਹਨ। ਇਨ੍ਹਾਂ ਗ੍ਰੰਥਾਂ ਦੇ ਡੂੰਘੇ ਖੋਜ ਤੋਂ ਪ੍ਰਤੀਤ ਹੁੰਦਾ ਹੈ ਕਿ ਸਾਡੇ ਮੱਤ ਦੇ ਕਵੀਆਂ ਨੇ ਅਨਯਮਤੀ ਗ੍ਰੰਥਕਾਰਾਂ ਦੀ ਨਕਲ ਕਰਦੇ ਹੋਏ ਇਹ ਭਾਰੀ ਭੁੱਲ ਕੀਤੀ ਹੈ ਕਿ ਸਮਾਜ, ਨੀਤੀ ਅਤੇ ਧਰਮ ਆਦਿਕ ਦੇ ਵਿਸ਼ਯ ਇਕੱਠੇ ਕਰ ਕੇ ਸਭ ਨੂੰ ਮਜ਼ਹਬੀ ਰੰਗਤ ਦੇ ਦਿੱਤੀ ਹੈ। ਬਿਨਾ ਛਾਣਬੀਣ ਕੀਤੇ ਅਨੇਕ ਪ੍ਰਸੰਗ ਐਸੇ ਲਿਖੇ ਹਨ, ਜੋ ਮੂਲੋਂ ਨਿਰਮੂਲ ਅਥਵਾ ਗੁਰਮਤ ਤੋਂ ਦੂਰ ਲੈ ਜਾਣ ਵਾਲੇ ਹਨ। ਇਸ ਪਰ ਵੀ ਭਾਰੀ ਹੋਰ ਖੇਦ ਹੈ ਕਿ ਸਾਡੀ ਕੌਮ ਵਿੱਚ ਪਰਮਾਰਥ ਗਯਾਤਾ, ਸਤਯ ਦੇ ਖੋਜੀ ਵਿਦਵਾਨ ਬਹੁਤ ਹੀ ਘੱਟ ਹਨ, ਸਗੋਂ ਖੋਜੀਆਂ ਦੇ ਵੈਰੀ ਅਤੇ ਯਥਾਰਥ ਲਿਖਣ ਜਾਂ ਕਹਿਣ ਵਾਲਿਆਂ ਨੂੰ ਨਾਸਤਿਕ ਆਖਣ ਵਾਲਿਆਂ ਦੀ ਗਿਣਤੀ ਬਹੁਤੀ ਹੈ। ਇਹ ਸੁਭਾਵਕ ਗੱਲ ਹੈ ਕਿ ਜਦ ਅਸੀਂ ਅਪਣੇ ਮੱਤ ਦੇ ਪੁਸਤਕਾਂ ਵਿੱਚ ਵਿਰੋਧ ਦੇਖਦੇ ਹਾਂ ਤਾਂ ਮਨ ਭ੍ਰਮ ਚੱਕ੍ਰ ਵਿੱਚ ਪੈ ਜਾਂਦਾ ਹੈ ਅਤੇ ਸਾਨੂੰ ਇਹ ਨਿਰਣਾ ਕਰਨਾ ਔਖਾ ਹੁੰਦਾ ਹੈ ਕਿ ਗੁਰਮਤਿ ਦਾ ਸੱਚਾ ਉਪਦੇਸਕ ਕਿਹੜਾ ਪੁਸਤਕ ਹੈ ਪਰ ਜਦੋਂ ਅਸੀਂ ਵਿਚਾਰ ਸ਼ਕਤੀ ਤੋਂ ਕੰਮ ਲੈਂਦੇ ਹਾਂ ਅਤੇ ਜਿਸ ਤਰ੍ਹਾਂ ਈਸਾਈ, ਹਿੰਦੂ, ਮੁਸਲਮਾਨ ਆਦਿਕਾਂ ਨੇ ਅੰਜੀਲ, ਵੇਦ ਅਤੇ ਕੁਰਾਨ ਆਦਿਕ ਧਰਮ ਪੁਸਤਕਾਂ ਨੂੰ ਅਪਣੇ ਅਪਣੇ ਮੱਤ ਵਿੱਚ ਸ਼ਰੋਮਣੀ ਜਾਣ ਕੇ ਉਨ੍ਹਾਂ ਦੇ ਅਨੁਸਾਰ ਵਚਨਾਂ ਨੂੰ ਪ੍ਰਮਾਣ ਅਤੇ ਵਿਰੁੱਧ ਵਚਨਾਂ ਨੂੰ ਅਪ੍ਰਮਾਣ ਮੰਨਿਆ ਹੈ। ਉਸੇ ਤਰ੍ਹਾਂ ਸਤਿਗੁਰਾਂ ਦੀ ਸ੍ਰੀ ਮੁਖਵਾਕ ਬਾਣੀ ਦੀ ਕਸੌਟੀ ਨਾਲ ਸਭ ਸਿੱਖ ਮਤ ਦੇ ਪੁਸਤਕਾਂ ਦੀ ਪ੍ਰੀਖਿਆ ਕਰ ਕੇ ਗੁਰਬਾਣੀ ਦੇ ਨਿਯਮਾਂ ਤੋਂ ਵਿਰੁੱਧ ਵਚਨਾਂ ਦਾ ਤਯਾਗ ਅਤੇ ਅਨੁਕੂਲ ਵਚਨਾਂ ਦਾ ਗ੍ਰਹਿਣ ਕਰਦੇ ਹਾਂ, ਤਾਂ ਸਾਰੀਆਂ ਕਠਿਨਾਈਆਂ ਛਿਨ ਵਿੱਚ ਮਿਟ ਜਾਂਦੀਆਂ ਹਨ ਅਤੇ ਅਸੀਂ ਗੁਰਮਤਿ ਦਾ ਸਿੱਧਾ ਰਸਤਾ ਲੱਭ ਲੈਂਦੇ ਹਾਂ।

੧. ਇਸਲਾਮ ਦੀ ਤਾਲੀਮ:- “ਕੁਰਾਨ ਪਿੱਛੋਂ ਕਿਹੜੀ ਕਿਤਾਬ ਹੈ, ਜਿਸ ਉੱਪਰ ਲੋਕ ਨਿਸ਼ਚਾ ਕਰਨਗੇ? “

(ਕੁਰਾਨ, ਸੂਰਤ ੭੯, ਆਯਤ ੫੦)

ਜੋ ਅੱਲਾ ਦੇ ਰਸੂਲ ਦੀਆਂ ਹੱਦਾਂ ਨੂੰ ਉਲੰਘੇਗਾ, ਉਹ ਨਿੱਤਯ ਰਹਿਣ ਵਾਲੀ ਅੱਗ ਵਿੱਚ ਪਾਇਆ ਜਾਊ। “

(ਕੁਰਾਨ, ਸੂਰਤ ੪, ਆਯਤ ੧੪)

ਜੋ ਅੱਲਾ ਅਤੇ ਉਸ ਦੇ ਰਸੂਲ ਦੇ ਹੁਕਮ ਪਰ ਚੱਲਦੇ ਹਨ ਉਨ੍ਹਾਂ ਦੇ ਹਾਲ ਪਰ ਅੱਲਾ ਰਹਿਮ ਕਰੇਗਾ। “

(ਕੁਰਾਨ, ਸੂਰਤ ੯, ਆਯਤ ੭੧)

੨. ਈਸਾਈ ਮਤ ਦੱਸਦਾ ਹੈ:-

“ਜੋ ਕੋਈ ਈਸਾ ਦੀ ਸਿੱਖਿਆ ਨੂੰ ਉਲੰਘਦਾ ਹੈ, ਪਰਮੇਸ੍ਵਰ ਉਸ ਦਾ ਨਹੀਂ। ਜੇ ਕੋਈ ਤੁਹਾਡੇ ਪਾਸ ਆਵੇ ਅਤੇ ਈਸਾ ਦੀ ਸਿੱਖਿਆ ਨਾਲ ਨਾ ਲਿਆਵੇ, ਤਾਂ ਉਸ ਨੂੰ ਘਰ ਨਾ ਵੜਨ ਦਿਓ ਅਤੇ ਉਸ ਨੂੰ ਸਲਾਮ ਨਾ ਕਰੋ। “ (ਅੰਜੀਲ ਯੁਹੰਨਾ ਦੀ ਚਿੱਠੀ ੨, ਅਮਕ ੯-੧੦-੧੧)

੩. ਹਿੰਦੂ ਧਰਮ ਉਪਦੇਸ ਦੇਂਦਾ ਹੈ:- ‘ਧਰਮ` ਜਾਣਨ ਦੀ ਇੱਛਾ ਵਾਲੇ ਨੂੰ ਵੇਦ ਦਾ ਪ੍ਰਮਾਣ ਸਭ ਤੋਂ ਉੱਤਮ ਹੈ। (ਮਨੁ ਅਧਿਆਇ ੨, ਸਲੋਕ ੧੩)

ਜੋ ਸਿਮ੍ਰਿਤੀਆਂ ਵੇਦ ਤੋਂ ਵਿਰੁੱਧ ਹਨ, ਓਹ ਸਭ ਨਿਸਫਲ ਅਤੇ ਨਰਕ ਫਲ ਦੇਣ ਵਾਲੀਆਂ ਹਨ (ਮਨੁ ਅਧਿਆਇ ੧੨, ਸਲੋਕ ੯੫) I

ਵੇਦ ਸਿਮ੍ਰਿਤੀ ਅਤੇ ਪੁਰਾਣਾ ਵਿੱਚ ਜਿਸ ਗੱਲ ਦਾ ਵਿਰੋਧ ਹੋਵੇ ਤਾਂ ਵੇਦ ਸਭ ਤੋਂ ਮੁੱਖ ਪ੍ਰਮਾਣ ਹੈ, ਸਿਮ੍ਰਿਤੀ ਅਤੇ ਪੁਰਾਣ ਵਿੱਚ ਵਿਰੋਧ ਹੋਵੇ ਤਾਂ ਸਿਮ੍ਰਿਤੀ ਦਾ ਵਚਨ ਮੰਨਣ ਜੋਗ ਹੈ। ` (ਵਯਾਸ ਸੰਹਿਤਾ, ਅਧਿਆਇ ੧, ਸਲੋਕ ੪)

੪. ਇਸੇ ਤਰ੍ਹਾਂ ਸਿੱਖਾਂ ਲਈ:-

ੳ. ਭਾਈ ਮਨੀ ਸਿੰਘ ਜੀ ਭਗਤ ਰਤਨਾਵਲੀ ਵਿੱਚ ਲਿਖਦੇ ਹਨ:- ਕਿ ਜੋ ਵਚਨ ਅਪਣੇ ਸਤਿਗੁਰਾਂ ਦੇ ਸ਼ਬਦ ਅਨੁਸਾਰ ਹੋਵੇ, ਸੋਈ ਸੁਣੇ, ਸੋਈ ਪੜ੍ਹੇ। ਗੁਰਾਂ ਦੇ ਸਿਧਾਂਤ ਤੋਂ ਬਿਨਾਂ ਹੋਰ ਬਚਨ ਨਾ ਸੁਣੇ।

ਅ. ਭਾਈ ਗੁਰਦਾਸ ਜੀ ਆਗਯਾ ਕਰਦੇ ਹਨ:- ਵਿਣੁ ਗੁਰ ਬਚਨੁ ਜੁ ਮੰਨਣਾ, ਊਰਾ ਪਰਥਾਉ (ਵਾਰ੨੭ ਪਉੜੀ ੧੭)

ੲ. ਸ੍ਰੀ ਗੁਰੂ ਅਰਜਨ ਸਾਹਿਬ ਜੀ ਬਾਣੀ ਚ ਫੁਰਮਾਉਂਦੇ ਹਨ:-

ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ।। (ਆਸਾ ਮ: ੫ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੩੯੭)

ਧੁਰ ਕੀ ਬਾਣੀ ਆਈ।। ਤਿਨਿ ਸਗਲੀ ਚਿੰਤ ਮਿਟਾਈ।। (ਸੋਰਠਿ ਮ: ੫ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੬੨੮)

ਗੁਰਬਾਣੀ ਗਾਵਹ ਭਾਈ।। ਓਹ ਸਫਲ ਸਦਾ ਸੁਖਦਾਈ।। (ਸੋਰਠਿ ਮ: ੫ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੬੨੮)

ਸ. ਸ੍ਰੀ ਸਤਿਗੁਰੂ ਰਾਮਦਾਸ ਸਵਾਮੀ ਦਾ ਵਾਕ ਹੈ:-

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।

ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। ੫।। (ਨਟ ਅਸਟਪਦੀ ਮ: ੪ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੯੮੨)

ਹ. ਸ੍ਰੀ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਦਾ ਮਹਾਂਵਾਕ ਹੈ:-

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।।

ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ।। ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ।।

ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ।। ੨੩।।

ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।।

ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ।। ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ।।

ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ।। ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।। ੨੪।।

(ਰਾਮਕਲੀ ਮਹਲਾ ੩ ਅਨਦੁ, ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੯੨੦)

ਕ. ਜਗਤ ਗੁਰੂ ਸ੍ਰੀ ਨਾਨਕ ਦੇਵ ਆਗਯਾ ਕਰਦੇ ਹਨ:-

ਸਭਸੈ ਊਪਰਿ ਗੁਰ ਸਬਦੁ ਬੀਚਾਰੁ।। ਹੋਰ ਕਥਨੀ ਬਦਉ ਨ ਸਗਲੀ ਛਾਰੁ।। ੨।।

(ਰਾਮਕਲੀ ਮਹਲਾ ੧ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੯੦੪)

ਜੇ ਅਸੀਂ ਇਨ੍ਹਾਂ ਵਚਨਾਂ ਤੇ ਪੱਕਾ ਨਿਸਚਾ ਰੱਖੀਏ ਤਾਂ ਕਦੇ ਵੀ ਭਰਮ ਵਿੱਚ ਪੈ ਕੇ ਕਿਸੇ ਪੁਸਤਕ ਦੇ ਅਪ੍ਰਮਾਣ ਵਚਨ ਪਰ ਸ਼ਰਧਾ ਨਾ ਕਰੀਏ। ਜੇਕਰ ਵਿਦਵਾਨਾਂ ਦੀ ਹੀ ਗੱਲ ਕਰੀਏ ਤਾਂ ਸ੍ਵਰਗਵਾਸੀ ਗਿਆਨੀ ਭਾਗ ਸਿੰਘ ਜੀ ਅੰਬਾਲੇ ਵਾਲੇ, ਸ੍ਵਰਗਵਾਸੀ ਪ੍ਰਿੰਸੀਪਲ ਹਰਭਜਨ ਸਿੰਘ ਜੀ (ਸ਼ਹੀਦ ਸਿੱਖ ਮਿਸ਼ਨਰੀ ਕਾਲਜ), ਸ੍ਵਰਗਵਾਸੀ ਗੁਰਮੁਖ ਸਿੰਘ ਜੀ, ਸਿੱਖ ਕੌਮ ਦੇ ਮਹਾਨ ਵਿਦਵਾਨ ਗੁਰਬਖ਼ਸ ਸਿੰਘ ਜੀ ਕਾਲ਼ਾ ਅਫਗਾਨਾ, ਵਿਸ਼ਵ ਸਿੱਖ ਬੁਲੇਟਿਨ ਦੇ ਸੰਪਾਦਿਕ ਸ੍ਰ: ਗੁਰਤੇਜ ਸਿੰਘ ਜੀ ਅਤੇ ਸ਼ੇਰ ਗਿੱਲ ਯੂ. ਐਸ. ਏ. , ਸ੍ਰ: ਜੋਗਿੰਦਰ ਸਿੰਘ ਜੀ ਸਪੋਕਸਮੈਨ, ਮਹਿੰਦਰ ਸਿੰਘ ਜੀ ਜੋਸ਼, ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਪ੍ਰਿੰਸੀਪਲ ਹਰਭਜਨ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ, ਕ੍ਰਿਪਾਲ ਸਿੰਘ ਜੀ ਚੰਦਨ, ਗਿਆਨੀ ਜਗਮੋਹਣ ਸਿੰਘ ਜੀ, ਗਿਆਨੀ ਸੁਰਜੀਤ ਸਿੰਘ ਜੀ ਦਿੱਲੀ, ਜਸਬੀਰ ਸਿੰਘ ਜੀ ਕੰਧਾਰੀ ਸਾਬਕਾ ਪ੍ਰਿੰਸੀਪਲ ਮਿਸ਼ਨਰੀ ਕਾਲਜ ਚੌਂਤਾ, ਇੰਜ: ਜਗਤਾਰ ਸਿੰਘ ਜੀ, ਸ੍ਰ ਪ੍ਰਭਜੀਤ ਸਿੰਘ ਜੀ ਧਵਨ ਦੁਬਈ, ਸ੍ਰ: ਸਤਜੀਤ ਸਿੰਘ ਜੀ ਸ਼ਾਰਜਾ, ਸ੍ਰ: ਰਘਬੀਰ ਸਿੰਘ ਜੀ ਅਲੈਨ ਅਤੇ ਹੋਰ ਅਨੇਕਾਂ ਹੀ ਵਿਦਵਾਨ ਅਤੇ ਬੇਅੰਤ ਮਿਸ਼ਨਰੀ ਵਿਦਿਆਰਥੀ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਵਿਚਾਰਾਂ ਨਾਲ ਪੂਰਣ ਸਹਿਮਤੀ ਪ੍ਰਗਟ ਕਰਦੇ ਹਨ। ਜਦ ਅਸੀਂ ਸਿੱਖ ਜਗਤ ਚ ਪ੍ਰਚਾਰੇ ਜਾਂਦੇ ਗ੍ਰੰਥਾਂ ਦੀ ਪੜਚੋਲ ਕਰਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਕਿਉਂਕਿ ਕੋਈ ਵੀ ਪੁਸਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਖ਼ਰੀ ਨਹੀਂ ਉਤਰਦੀ ਸਗੋਂ ਗੁਰੂ ਸਾਹਿਬਾਨ ਦਾ ਘੋਰ ਅਪਮਾਨ ਕਰਦੀ ਹੈ। ਜਦ ਕੋਈ ਵਿਦਵਾਨ ਕਿਸੇ ਗ੍ਰੰਥ ਬਾਰੇ ਸਹੀ ਜਾਣਕਾਰੀ ਦੇਣ ਲੱਗਦਾ ਹੈ ਤਾਂ ਸਿੱਖਾਂ ਦੇ ਵੱਡੇ ਪੁਜਾਰੀ ਅਤੇ ਸੰਤ ਸਾਧ ਅਥਵਾ ਕਥਿਤ ਬ੍ਰਹਮ ਗਿਆਨੀ ਬੜੀ ਬੇਸ਼ਰਮੀ ਨਾਲ ਪੰਥ ਚੋਂ ਛੇਕ ਦੇਣ ਦੇ ਡਰਾਵੇ ਦੇਂਦੇ ਹਨ। ਵੱਡੇ ਵੱਡੇ ਇੱਜਤਦਾਰ ਲੋਕ ਇਸ ਮਾਫੀਆ ਗਿਰੋਹ ਤੋਂ ਡਰ ਕੇ ਦੜ ਵੱਟ ਕੇ ਚੁੱਪ ਕਰ ਜਾਂਦੇ ਹਨ। ਮੈਂ ਸਮਝਦਾ ਹਾਂ ਕਿ ਪੁਜਾਰੀਆਂ ਵੱਲੋਂ ਕੀਤਾ ਇਹ ਕੁਕਰਮ ਸਿੱਖ ਧਰਮ ਵਿੱਚ ਹੋਰ ਗਿਰਾਵਟ ਪੈਦਾ ਕਰ ਰਿਹਾ ਹੈ।

ਬੜੇ ਲੰਮੇ ਸਮੇਂ ਤੋਂ ਦਸਮ ਗ੍ਰੰਥ ਬਾਰੇ ਅਨੇਕਾਂ ਚਰਚੇ ਚਲੇ ਹਨ ਅਤੇ ਚੱਲ ਰਹੇ ਹਨ। ਜਿਸ ਵਿਦਵਾਨ ਨੇ ਵੀ ਦਸਮ ਗ੍ਰੰਥ ਦਾ ਵਿਰੋਧ ਕੀਤਾ ਉਸੇ ਨੂੰ ਹੀ ਪੰਥ ਚੋਂ ਛੇਕ ਦਿੱਤਾ ਗਿਆ। ਸਾਡੇ ਪੁਜਾਰੀਆਂ ਅਤੇ ਪ੍ਰਚਾਰਕਾਂ ਨੇ ਸਿੱਖ ਜਗਤ ਨੂੰ ਕਦੇ ਵੀ ਦਸਮ ਗ੍ਰੰਥ ਬਾਰੇ ਠੀਕ ਜਾਣਕਾਰੀ ਨਹੀਂ ਦਿੱਤੀ। ਸਿੱਖ ਪੰਥ ਅਤੇ ਸੰਗਤਿ ਜਾਣਨਾ ਚਾਹੁੰਦੀ ਹੈ ਕਿ ਆਖਰ ਇਸ ਗ੍ਰੰਥ ਚ ਲਿਖਿਆ ਕੀ ਹੈ? ਜਿਸ ਦਾ ਭਾਰੀ ਵਿਰੋਧ ਹੋ ਰਿਹਾ ਹੈ। ਸੰਗਤਿ ਪੁਜਾਰੀਆਂ ਵੱਲੋਂ ਅਪਣਾਏ ਰੁੱਖੇ ਰੁੱਖ ਨੂੰ ਵੀ ਸਮਝਣਾ ਚਾਹੁੰਦੀ ਹੈ ਕਿ ਆਖਰ ਕਿਉਂ ਇਸ ਬਾਰੇ ਲਿਖਣ ਤੇ ਪਾਬੰਦੀ ਹੈ? ਇਹ ਸਿੱਖ ਜਗਤ ਦਾ ਜਨਮ ਸਿੱਧ ਅਧਿਕਾਰ ਹੈ ਕਿ ਉਹ ਜਿਸ ਗ੍ਰੰਥ ਅੱਗੇ ਪੁਜਾਰੀ ਮੱਥੇ ਟਿਕਵਾਉਂਦੇ ਹਨ, ਆਪ ਸਿੱਜਦੇ ਕਰਦੇ ਹਨ, ਭਾਰੀ ਰਕਮਾਂ ਬਟੋਰ ਕੇ ਅਖੰਡ ਪਾਠ, ਸਹਿਜ ਪਾਠ ਤੇ ਸੰਪਟ ਪਾਠ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਚਾਹੁੰਦੇ ਹਨ ਬਾਰੇ ਸਹੀ ਸਹੀ ਜਾਣਕਾਰੀ ਅਤੇ ਗਿਆਨ ਹਾਸਲ ਕਰੇ। ਜੇਕਰ ਵਿਚਾਰ ਦ੍ਰਿਸਟੀ ਨਾਲ ਦੇਖੀਏ ਤਾਂ ਦਸਮ ਗ੍ਰੰਥ ਨੂੰ ਇੱਕ ਸੰਪੂਰਣ ਗ੍ਰੰਥ ਮੰਨ ਲੈਣਾ ਅਤੇ ਉਸ ਦਾ ਲੇਖਕ ਗੁਰੂ ਗੋਬਿੰਦ ਸਿੰਘ ਜੀ ਨੂੰ ਮਿੱਥ ਲੈਣਾ ਭਾਰੀ ਭੁੱਲ ਹੀ ਨਹੀਂ ਸਗੋਂ ਮਹਾਂ ਮੂਰਖਤਾ ਹੈ। ਇਹ ਗ੍ਰੰਥ ਕਬਿ ਸੂਮ, ਕਬਿ ਸਯਾਮ, ਕਬਿ ਰਾਮ ਤੇ ਕਬਿ ਕਾਲ ਵਲੋਂ ਰਚੇ ਗਏ ਆਪੋ ਅਪਣੇ ਗ੍ਰੰਥਾਂ ਦਾ ਸੁਮੇਲ ਹੈ। ਆਖੀ ਜਾਂਦੀ ਸੋਧਕ ਕਮੇਟੀ ਅਤੇ ਸੰਪਾਦਕ ਨੇ ਗੈਰਾਂ ਨਾਲ ਗੰਢ ਤੁਪ ਕਰ ਕੇ ਯੋਜਨਾਬਧ ਤਰੀਕੇ ਨਾਲ ਕਵੀਆਂ ਨਾਲ ਵੀ ਠੱਠਾ ਕੀਤਾ ਹੈ। ਉਨ੍ਹਾਂ ਦੀਆਂ ਰਚਨਾਵਾਂ ਨੂੰ ਇੱਕ ਦੂਜੇ ਨਾਲ ਰਲਗੱਡ ਕਰ ਦਿੱਤਾ ਗਿਆ ਹੈ ਤਾਂ ਕਿ ਉਨ੍ਹਾਂ ਦੀ ਕੁਟਿਲ ਚਾਲ ਨੰਗੀ ਨਾ ਹੋ ਜਾਵੇ। ਜੇਕਰ ਅਸੀਂ ਕਵੀ ਸੂਮ ਦੀ ਗੱਲ ਤੋਰੀਏ ਤਾਂ ਦਸਮ ਗ੍ਰੰਥ ਦਾ ਮੁੱਢਲਾ ਕਵੀ ਹੋਣ ਦਾ ਉਸ ਨੂੰ ਮਾਣ ਹਾਸਿਲ ਹੈ। ਓਹ ਅਪਣੀ ਰਚਨਾ ਦਾ ਅਰੰਭ ਇਸ ਤਰ੍ਹਾਂ ਕਰਦਾ ਹੈ:-
.