.

☬  ਸਤਿਗੁਰੂ ਪ੍ਰਸਾਦਿ॥ ☬

ਗੁਰਬਾਣੀ ਵਿੱਚ ਪਹਿਲੇ ਪਹਿਰ, ਪ੍ਰਭਾਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਰਣੇ।

ਅੱਜ ਖਾਲਸਾ ਪੰਥ ਬ੍ਰਾਹਮਣਵਾਦ ਰੂਪੀ ਨਾਗ ਦੇ ਮੂੰਹ ਵਿੱਚ ਸਮਾ ਜਾਣ ਦੇ ਕਾਗਾਰ ਤੇ ਹੈ। ਮੂਰਤੀ ਪੂਜਾ ਅਤੇ ਅਨੇਕਾਂ ਪਰਕਾਰ ਦੇ ਭਰਮਾਂ ਅਤੇ ਵਹਿਮਾਂ ਵਿੱਚ ਪਿਆ ਹੋਇਆ ਖਾਲਸਾ ਪੰਥ, ਪਤਿਤ ਪੁਣੇਂ ਦੇ ਬੁਰੇ ਵਕਤ ਤੋਂ ਗੁਜਰ ਰਿਹਾ ਹੈ। ਇਨ੍ਹਾਂ ਖ਼ਤਰਿਆਂ ਤੋ ਅਨਜਾਣ ਸਾਡੇ ਪੰਥਕ ਅਦਾਰੇ, ਅਤੇ ਪ੍ਰਚਾਰਕ ਸਮੇਂ ਦੀ ਨਜ਼ਾਕਤ ਨੂੰ ਨਾਂ ਸਮਝਦੇ ਹੋਏ, ਆਪਣੀ ਹਉਮੈ ਅਤੇ ਵਿਚਾਰਕ ਮਤਭੇਦਾਂ ਨੂੰ ਲੈ ਕੇ ਆਪਣੀ ਆਪਣੀ ਡਫਲੀ ਵਜਾ ਰਹੇ ਹਨ। ਪੰਥ ਉੱਤੇ ਮੰਡਲਾ ਰਹੇ ਖ਼ਤਰਿਆਂ ਵਲ ਕਿਸੇ ਦਾ ਵੀ ਧਿਆਨ ਨਹੀਂ ਹੈ। ਨਿੱਤ ਦਿਨ ਨਵੇਂ ਨਵੇਂ ਬੇ ਫਜ਼ੂਲ ਦੇ ਵਿਵਾਦ ਪੰਥ ਵਿੱਚ ਨਿਤ ਨਵੀਂਆਂ ਬਹਿਸਾਂ ਪੈਦਾ ਕਰਦੇ ਹਨ, ਜਿਸ ਨਾਲ ਸਿੱਖ ਜਗਤ ਵਿੱਚ ਗਿਆਨ ਅਤੇ ਧਿਆਨ ਤੋ ਸਿੱਖ ਦੂਰ ਹੁੰਦਾ ਜਾ ਰਿਹਾ ਰਿਹਾ ਹੈ। ਸਿੱਖ ਅਸਲੀ ਮੁੱਦਿਆਂ ਤੋ ਭਟਕ ਗਿਆ ਹੈ। ਕਈ ਪ੍ਰਕਾਰ ਦੀਆਂ ਬੇਫਜੂਲ ਦੀਆਂ ਬਹਿਸਾਂ ਸਾਡੀ ਮੁੱਖ ਸੋਚ ਸਾਡੇ ਤੋਂ ਉਹਲੇ ਹੁੰਦੀ ਜਾ ਰਹੀ ਹੈ। ਇਹ ਬਹਿਸ ਮਾਸ ਖਾਣ ਜਾਂ ਨਾਂ ਖਾਣ ਦਾ ਹੋਵੇ ਭਾਵੇਂ, ਥਿੱਤ, ਵਾਰ ਅਤੇ ਘੜੀਆਂ ਅਤੇ ਪਹਿਰਾਂ ਦਾ ਹੋਵੇ।

ਗੁਰਬਾਣੀ ਦੀ ਕਸਵੱਟੀ ਨੂੰ ਆਧਾਰ ਬਣਾ ਕੇ ਜੇ ਘੜੀਆਂ ਅਤੇ ਪਹਿਰਾਂ ਉਪਰ ਵਿਚਾਰ ਕੀਤੀ ਜਾਵੇ ਤਾਂ। ਪ੍ਰਚਲਿਤ ਘੜੀ (ਜਿਸ ਤੇ ਅਸੀਂ ਟਾਈਮ ਵੇਖਦੇ ਹਾਂ) ਨਾਲ, ਗੁਰਬਾਣੀ ਵਿੱਚ ਵਰਨਿਤ ਘੜੀਆਂ ਅਤੇ ਪਹਿਰਾਂ ਦਾ ਕੋਈ ਸੰਬੰਧ ਨਹੀਂ ਹੈ। ਗੁਰਬਾਣੀ ਵਿੱਚ ਇਨ੍ਹਾਂ ਘੜੀਆਂ ਅਤੇ ਪਹਿਰਾਂ ਦਾ ਵਰਣਨ ਬਹੁਤਾਤ ਵਿੱਚ ਮਿਲਦਾ ਹੈ।

ਗੁਰਬਾਣੀ ਵਿੱਚ ਕੁਲ ਅੱਠ ਪਹਿਰ ਮੰਨੇਂ ਗਏ ਹਨ। ਚਾਰ ਪਹਿਰ ਦਿਨ ਦੇ ਅਤੇ ਚਾਰ ਪਹਿਰ ਰੈਣ (ਰਾਤ) ਦੇ ਸੂਰਜ ਨਿਕਲਣ ਦੇ ਨਾਲ ਹੀ ਪਹਿਲਾ ਪਹਿਰ ਸ਼ੁਰੂ ਹੋ ਜਾਂਦਾ ਹੈ। ਪ੍ਰਚਲਿਤ ਸਮੇਂ ਵੇਖਣ ਵਾਲੀਆਂ ਘੜੀਆਂ ਨਾਲ ਇਸ ਨੂੰ ਮਿਲਾਇਆ ਨਹੀਂ ਜਾ ਸਕਦਾ ਕਿਉਂਕਿ ਮੌਸਮ ਦੇ ਨਾਲ ਨਾਲ ਸੂਰਜ ਦੇ ਨਿਕਲਨ ਦਾ ਸਮਾਂ ਵੀ ਬਦਲਦਾ ਰਹਿੰਦਾ ਹੈ। ਪਰ ਪਹਿਲਾ ਪਹਿਰ ਸੂਰਜ ਦੇ ਨਿਕਲਨ ਨਾਲ ਹੀ ਆਰੰਭ ਹੋਵੇਗਾ। ਭਾਵੇਂ ਪ੍ਰਚਲਿਤ ਘੜੀ ਵਿੱਚ ਕੁੱਝ ਵੀ ਵੱਜਿਆ ਹੋਵੇ।

ਹਾਂ ਇਸ ਪ੍ਰਚਲਿਤ ਘੜੀ ਨਾਲ ਇਨ੍ਹਾਂ ਪਹਿਰਾਂ ਦੀ ਤੁਲਨਾ ਅਤੇ ਅੰਦਾਜ਼ਾ ਜਰੂਰ ਲਗਾਇਆ ਜਾ ਸਕਦਾ ਹੈ। ਇਸ ਪ੍ਰਚਲਿਤ ਘੜੀ ਨਾਲ ਜੇ ਗੁਰਬਾਣੀ ਵਿੱਚ ਵਰਣਿਤ ਪਹਿਰਾਂ ਦੀ ਤੁਲਨਾ ਅਤੇ ਅੰਦਾਜ਼ਾ ਜੇ ਲਗਾਇਆ ਜਾਵੇ ਤਾਂ ਉਸ ਨੂੰ ਇਸ ਤਰਾਂ ਸਮਝਿਆ ਜਾ ਸਕਦਾ ਹੈ।

ਦਿਨ ਦੇ ਚਾਰ ਪਹਿਰ:

੧- ਪਹਿਲਾ ਪਹਿਰ: ਮੌਸਮ ਅਨੁਸਾਰ ਲਗਭਗ 5: 15 --6: 00 (ਸੂਰਜ ਨਿਕਲਨ ਦਾ ਸਮਾਂ) ਵਜੇ ਸ਼ੁਰੂ ਹੋ ਕੇ ਲਗਭਗ 9: 00 --10: 00 ਤਕ ਸਮਾਪਤ

2- ਦੂਜਾ ਪਹਿਰ: ਜਿਸਨੂੰ ਦੁਪਹਿਰ ਵੀ ਕਹਿੰਦੇ ਹਨ 10: 00 –11: 00 ਵਜੇ ਸ਼ੁਰੂ ਹੋ ਕੇ 12: 00 –1: 00 ਤਕ ਸਮਾਪਤ।

3- ਤੀਜਾ ਪਹਿਰ: ਲਗਭਗ 1: 00—1: 30 ਤੋਂ ਲੇਕੇ ਲਗਭਗ 2: 30---3: 30 ਤੱਕ

4- ਚੌਥਾ ਪਹਿਰ: ਲਗਭਗ 3: 30—4: 00 ਤੋਂ ਲੈ ਕੇ ਸੂਰਜ ਡੁੱਬਣ ਤਕ

ਰੈਣ (ਰਾਤ) ਦੇ ਚਾਰ ਪਹਿਰ:

1- ਪਹਿਲਾ ਪਹਿਰ: 5: 30—7: 30 (ਮੌਸਮ ਅਨੁਸਾਰ ਸੂਰਜ ਡੁੱਬਣ ਤੋ ਬਾਦ) ਤੋ ਲੈ ਕੇ 8: 30 – 9: 30 ਤਕ

2- ਦੂਸਰਾ ਪਹਿਰ: 9: 30—10: 30 ਤੋਂ ਲੈ ਕੇ 12: 00 ਤਕ

3- ਤੀਸਰਾ ਪਹਿਰ: 12: 00 ਤੋ ਲੈ ਕੇ 3: 00 – 3: 30 ਤਕ

4 – ਚੌਥਾ ਪਹਿਰ: 3: 30 – 4: 00 ਤੋਂ ਸੂਰਜ ਨਿਕਲਨ ਤਕ

5- ਪਿਛਲਾ ਪਹਿਰ:

ਇਸ ਪਹਿਰ ਨੂੰ ਪਿਛਲਾ ਪਹਿਰ ਜਾਂ ਗੁਰਬਾਣੀ ਵਿੱਚ “ਅੰਮ੍ਰਿਤ ਵੇਲਾ” ਵੀ ਕਿਹਾ ਗਇਆ ਹੈ। ਇਹ ਵੇਲਾ ਪਿਛਲਾ ਪਹਿਰ ਇਸ ਲਈ ਵੀ ਕਹਿਆ ਜਾਂਦਾ ਹੈ। ਕਿਉਂਕਿ ਵਾਸਤਵ ਵਿੱਚ ਇਹ ਰੈਣ (ਰਾਤ) ਦੇ ਚੌਥੇ ਪਹਿਰ ਦਾ ਹੀ ਅਖੀਰਲਾ ਹਿੱਸਾ ਹੈ। ਜੋ ਸੂਰਜ ਨਿਕਲਨ ਤੋ ਪਹਿਲਾਂ ਦਾ ਵੇਲਾ ਹੈ।

ਨੋਟ: ਇੱਥੇ ਪਹਿਲੇ ਵੀ ਕਹਿਆ ਜਾ ਚੁਕਾ ਹੈ ਕਿ ਪ੍ਰਚਲਿਤ ਘੜੀ ਦੇ ਨਾਲ ਇਨ੍ਹਾਂ ਪਹਿਰਾ ਦਾ ਕੇਵਲ ਅਸੀਂ ਅੰਦਾਜ਼ਾ ਹੀ ਲਗਾ ਸਕਦੇ ਹਾਂ। ਇਸ ਲਈ ਕਦੀ ਵੀ ਇਹ ਨਹੀਂ ਸਮਝਣਾ ਚਾਹੀਦਾ ਕਿ ਉਪਰ ਦਿੱਤਾ ਹੋਇਆ ਟਾਈਮ ਬਿਲਕੁਲ ਨਿਸ਼ਚਿਤ ਹੈ। ਇਥੇ ਕੇਵਲ ਪਹਿਰਾਂ ਨੂੰ ਸਮਝਣ ਲਈ ਪ੍ਰਚਲਿਤ ਘੜੀ ਦਾ ਸਹਾਰਾ ਲਿਆ ਗਇਆ ਹੈ ਜੀ।

ਪਹਿਲੇ ਪਹਿਰ ਜਾਂ ਅੰਮ੍ਰਿਤ ਵੇਲੇ ਦਾ ਨਿਰਣੇ (ਗੁਰਬਾਣੀ ਅਨੁਸਾਰ)

ਅੱਜ ਕਲ ਪੰਥ ਦੇ ਕੁੱਝ ਧਾਰਮਿਕ ਅਦਾਰੇ ਗੁਰਬਾਣੀ ਅਤੇ ਰਹਿਤ ਮਰਿਆਦਾ ਦੀ ਅਵਹੇਲਨਾ ਕਰਦਿਆਂ। ਇੱਕ ਨਵੀਂ ਬਹਿਸ ਨੂੰ ਜਨਮ ਦੇ ਰਹੇ ਹਨ। ਇਨ੍ਹਾਂ ਵਿੱਚ ਕੁੱਝ ਕੀਰਤਨੀ ਜਥੇ ਵੀ ਸ਼ਾਮਿਲ ਹਨ, ਜੋ ਰਾਤ ਦੇ ਲਗਭਗ 12: 00 ਵਜੇ (ਅੱਧੀ ਰਾਤ) ਨੂੰ ਪਹਿਲਾ ਪਹਿਰ ਕਹਿ ਕੇ ਪੰਥ ਨੂੰ ਗੁਰਬਾਣੀ ਦੀ ਸੇਧ ਤੋ ਦੂਰ ਲੈ ਜਾਣ ਦਾ ਕੰਮ ਕਰ ਰਹੇ ਹਨ।

ਪਿਛਲਾ ਪਹਿਰ ਸੂਰਜ ਚੜ੍ਹਨ ਤੋਂ ਪਹਿਲਾਂ ਰਾਤ ਦੇ ਚੌਥੇ ਪਹਿਰ ਦਾ ਇੱਕ ਅਖੀਰਲਾ ਹਿੱਸਾ ਹੈ। ਜਿਸ ਨੂੰ ਗੁਰੂ ਸਾਹਿਬਾਨ ਨੇ “ਅੰਮ੍ਰਿਤ ਵੇਲੇ” ਦੇ ਨਾਮ ਦੀ ਵੀ ਮਹੱਤਤਾ ਦਿੱਤੀ ਹੈ। ਇਹ ਵੇਲਾ ਹੀ ਵਾਹਿਗੁਰੂ ਦਾ ਕੀਰਤਨ, ਧਿਆਨ ਅਤੇ ਨਾਮ ਲੈਣ ਦਾ ਸਭ ਤੋ ਸ੍ਰੇਸ਼ਠ ਵੇਲਾ ਕਿਹਾ ਹੈ।

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ (ਅੰਗ 2, ਗੁਰੂ ਗ੍ਰੰਥ ਸਾਹਿਬ ਜੀ)

……ਬਬੀਹਾ ਅੰਮ੍ਰਿਤ ਵੇਲੇ ਬੋਲਿਆ

ਤਾ ਦਰਿ ਸੁਣੀ ਪੁਕਾਰ॥…. (ਗੁਰੂ ਗ੍ਰੰਥ ਸਾਹਿਬ ਜੀ)

ਅੱਧੀ ਰਾਤ ਨੂੰ “ਅੰਮ੍ਰਿਤ ਵੇਲਾ” ਕਹਿਣ ਵਾਲਿਆਂ ਕੋਲੌ ਇਹ ਪੁੱਛੋ ਕਿ ਕਿਹੜਾ ਪੰਛੀ ਰਾਤ ਦੇ ਬਾਰਹ ਵਜੇ ਬੋਲਦਾ ਜਾਂ ਚਹਿਕਦਾ ਹੈ। ਸੂਰਜ ਨਿਕਲਨ ਤੋਂ ਪਹਿਲਾਂ (ਪਿਛਲੇ ਪਹਿਰ) ਹੀ ਪੰਛੀ ਚਹਿਕਨਾਂ ਸ਼ੁਰੂ ਕਰਦੇ ਹਨ। ਜਿਸ ਗਲ ਨੂੰ ਗੁਰਬਾਣੀ ਉਪਰ ਲਿਖਤ ਵਾਕ ਅਨੁਸਾਰ ਪ੍ਰਮਾਣਿਤ ਕਰ ਰਹੀ ਹੈ। ਸ਼ਬਦ ਭਾਵ: ਜਿਸ ਤਰਾਹ ਬਬੀਹਾ ਅਮ੍ਰਤ ਵੇਲੇ ਉਠ ਕੇ ਬੋਲਦਾ ਹੈ ਤੇ ਵਾਹਿਗੁਰੂ ਉਸ ਦੀ ਪੁਕਾਰ ਨੂੰ ਸੁਣਦਾ ਹੈ, ਉਸ ਤਰਾਹ ਹੀ ਤੂੰ ਅੰਮ੍ਰਿਤ ਵੇਲੇ ਉਠ ਕੇ ਵਾਹਿਗੁਰੂ ਨੂੰ ਯਾਦ ਕਰ ਉਸ ਦਾ ਨਾਮ ਜਪ।

ਝਾਲਾਘੇ ਉਠ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥

ਕਾਹਿ ਤੁਝੇ ਨ ਬਿਆਪਈ ਨਾਨਕ ਮਿਟੇ ਉਪਾਧਿ॥ (ਅੰਗ 255, ਗੁਰੂ ਗ੍ਰੰਥ ਸਾਹਿਬ ਜੀ)

ਇਥੇ “ਝਾਲਾਘੇ” ਸ਼ਬਦ ਦਾ ਅਰਥ ਵੀ ਸੂਰਜ ਦੀ ਰੋਸ਼ਨੀ ਨਿਕਲਨ ਤੋ ਪਹਿਲੇ ਦਾ ਵੇਲਾ, ਪ੍ਰਭਾਤ ਦਾ ਵੇਲਾ, ਅਤੇ ਸੂਰਜ ਨਿਕਲਨ ਤੋਂ ਤੁਰੰਤ ਪਹਿਲੇ ਦਾ ਸਮਾਂ ਹੈ।

ਜੇੜੇ ਵੀਰ ਰਾਤ 12 ਵਜੇ ਨੂੰ “ਪਹਿਲਾ ਪਹਿਰ” ਕਹਿੰਦੇ ਹਨ। ਉਨ੍ਹਾਂ ਕੋਲੋਂ ਇਹ ਪੁੱਛਣ ਤੇ ਦਿਲ ਕਰਦਾ ਹੈ ਕਿ ਰਾਤ ਦਾ ਵੇਲਾ ਤੇ ਕੁਦਰਤ ਨੇ ਵੀ ਸੰਸਾਰਕ ਕੰਮ ਕਾਜ ਤੋਂ ਥੱਕੇ ਹਾਰੇ ਹੋਏ ਪ੍ਰਾਣੀਆਂ ਨੂੰ ਦਿਮਾਗੀ ਅਤੇ ਸਰੀਰਕ ਆਰਾਮ ਕਰਨ ਲਈ ਬਣਾਇਆ ਹੈ। ਇਥੋਂ ਤਕ ਕੇ ਇਨਸਾਨ ਹੀ ਨਹੀਂ ਪਸ਼ੂ -ਪੰਛੀ ਵੀ ਰਾਤ ਨੂੰ ਸੁੱਤੇ ਰਹਿੰਦੇ ਹਨ ਅਤੇ ਆਰਾਮ ਕਰਦੇ ਹਨ ਫਿਰ ਇਨ੍ਹਾਂ ਵੀਰਾਂ ਨੂੰ ਅੱਧੀ ਰਾਤੀਂ ਉਠ ਕੇ ਵਾਜੇ ਅਤੇ ਢੋਲ ਵਜਾ ਕੇ ਕੀਰਤਨ ਕਰਨ ਦੀ ਇਜਾਜ਼ਤ ਕਿੰਨੇ ਦਿੱਤੀ ਹੈ।

ਹਾਂ ਇਹ ਗਲ ਵੱਖਰੀ ਹੈ ਕਿ ਪ੍ਰਭੂ ਦਾ ਸਿਮਰਨ ਤੇ ਅੱਠ ਪਹਿਰ ਕਰਨ ਦਾ ਹਰ ਸਿੱਖ ਨੂੰ ਹੁਕਮ ਹੈ। ਸੌਂਦਿਆਂ, ਉੱਠਦਿਆਂ, ਬਹਿੰਦਿਆਂ, ਵਾਹਿਗੁਰੂ ਦਾ ਸਿਮਰਨ (ਧਿਆਨ) ਹਰ ਸਿੱਖ ਨੂੰ ਕਰਨਾਂ ਉਸ ਦਾ ਪਹਿਲਾ ਕਰਮ ਹੈ। ਲੇਕਿਨ ਅੱਧੀ ਰਾਤ ਵੇਲੇ ਕੀਰਤਨ ਸਮਾਗਮ ਕਰਨੇ ਨਾਂ ਤੇ ਰਹਿਤ ਮਰਿਯਾਦਾ ਦੇ ਅਨੁਕੂਲ ਹਨ ਅਤੇ ਨਾਂ ਹੀ “ਗੁਰਮਤਿ” ਦੇ ਹੀ ਅਨੁਕੂਲ ਹਨ। ਇਹ ਵੀ ਇੱਕ “ਕਰਮਕਾਂਡ” ਜਾਂ “ਦਿਖਾਵੇ” ਤੋਂ ਵਧ ਹੋਰ ਕੁੱਝ ਨਹੀਂ।

ਪਹਿਲੇ ਪਹਿਰੇ ਫੁਲਨਾ ਫਲ ਭੀ ਪਛਾ ਰਾਤ॥

ਜੋ ਜਾਗਨ ਲਾਹਨ ਸੇ ਸਾਈ ਕਨੋ ਦਾਤਿ॥

ਦਾਤੇ ਸਾਹਿਬ ਸੰਦਿਆਂ ਕਿਆ ਚਲੇ ਤਿਸ ਨਾਲਿ॥

ਇਕ ਜਾਗੰਦੇ ਨ ਲਹਿਨ ਇਕ ਨ ਸੁਤਿਆ ਦੇ ਉਠਾਲ॥

ਪਰਭਾਤੇ ਪਰਭ ਨਾਮ ਜਪੁ ਗੁਰ ਕੇ ਚਰਨ ਧਿਆਏ॥

ਜਨਮ ਮਰਣ ਮਲ ਉਤਰੇ ਸਚੇ ਕੇ ਗੁਣ ਗਾਏ॥ (ਗੁਰੂ ਗ੍ਰੰਥ ਸਾਹਿਬ ਜੀ)

ਉਪਰ ਲਿਖੇ ਗੁਰੂ ਦੇ ਬਚਨਾਂ ਵਿੱਚ ਵੀ ਸਪਸ਼ਟ ਨਿਰਦੇਸ਼ ਹੈ ਕਿ ਵਾਹਿਗੁਰੂ ਦਾ ਨਾਮ ਜਪਣ ਲਈ ਹੈ ਪਿਆਰੇ ਸਿੱਖਾ! ਪ੍ਰਭਾਤ ਦੇ ਵੇਲੇ ਉਠ ਤੇ ਪ੍ਰਭੂ ਦਾ ਨਾਮ ਜਪ।

ਸ਼ਬਦ ਭਾਵ:

ਹੈ ਮੇਰੇ ਪਿਆਰੇ ਸਿੱਖਾ! ਪਹਿਲੇ ਪਹਿਰ ਰਾਤ ਦੇ ਪਿਛਲੇ ਪਹਿਰ ਵਿੱਚ ਉਠ ਕੇ ਪ੍ਰਭੂ ਦਾ ਨਾਮ ਲੈ। ਇਹੀ ਵੇਲਾ ਹੈ ਜਦੋਂ ਫਲ ਫੁਲ ਭਾਵ ਪੂਰੀ ਬਨਸਪਤੀ ਵੀ ਫੁੱਲਦੀ ਫਲਦੀ ਹੈ। ਜਦੋਂ ਦਾਤੇ ਕੋਲ ਜਾਏਂਗਾ ਤਾਂ ਨਾਲ ਕੀ ਲੈ ਕੇ ਜਾਏਂਗਾ। ਇਸ ਸੰਸਾਰ ਵਿੱਚ ਕੁੱਝ (ਭਾਗਹੀਣ) ਹਨ ਜੋ ਜਾਗਦੇ ਹੋਏ ਵੀ ਪ੍ਰਭੂ ਦਾ ਨਾਮ ਨਹੀਂ ਜਪਦੇ। ਤੇ ਇੱਕ ਉਹ ਹਨ, ਜਿਨ੍ਹਾਂ ਤੇ ਉਸ ਦੀ ਕਿਰਪਾ ਹੋ ਜਾਂਦੀ ਹੈ, ਤੇ ਉਨ੍ਹਾਂ ਨੂੰ ਪ੍ਰਭੂ ਆਪ ਉਠਾ ਕੇ ਆਪਣੇ ਨਾਮ ਦਾ ਜਪਣਾ ਬਖ਼ਸ਼ ਦੇਂਦਾ ਹੈ। ਪ੍ਰਭਾਤ (ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ) ਦੇ ਵੇਲੇ ਜਾਗ ਅਤੇ ਗੁਰੂ ਦੇ ਚਰਨਾਂ ਦੀ ਅਰਾਧਨਾ ਕਰ। ਇਸ ਤਰਾਂ ਤੇਰੇ ਜਨਮ ਮਰਨ ਦੇ ਸਾਰੇ ਦੁਖ ਦੂਰ ਹੋ ਜਾਣਗੇ।

ਇਸ ਸ਼ਬਦ ਵਿੱਚ ਸਤਿਗੁਰੂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ “ਪ੍ਰਭਾਤ “ਦਾ ਵੇਲਾ ਹੀ “ਪਹਿਲਾ ਪਹਿਰ” ਹੈ ਅਤੇ ਉਹ ਹੀ ਅਕਾਲ ਦੀ ਉਸਤਤ ਕਰਨ ਦਾ ਸ੍ਰੇਸ਼ਠ ਵੇਲਾ ਹੈ।

ਮੇਰੇ ਗੁਰੂ ਭਾਈਓ! ਅਹੰਕਾਰ ਅਤੇ ਹਉਮੈ ਵਿੱਚ ਆ ਕੇ ਗੁਰਮਤਿ ਦੇ ਉਲਟ ਮਰਿਯਾਦਾ ਨਾਂ ਬਨਾਓ। ਪੰਥ ਉਪਰ ਮੰਡਲਾ ਰਹੇ ਖ਼ਤਰਿਆਂ ਨਾਲ ਲੜਨ ਲਈ ਇੱਕ ਜੁਟ ਹੋਕੇ ਅੱਠ ਪਹਿਰ ਉਸ ਦਾ ਧਿਆਨ ਅਤੇ ਸਿਮਰਨ ਕਰੋ। ਕਿਸੇ ਵੀ ਨਿਰਣੇ ਲਈ ਸਾਡੇ ਕੋਲ ਪੰਥ ਪ੍ਰਵਾਨਿਤ “ਰਹਿਤ ਮਰਿਯਾਦਾ” ਮੌਜੂਦ ਹੈ ਉਸ ਦਾ ਆਦਰ ਕਰੋ। “ਮਨਮਤ” ਤਿਆਗ “ਗੁਰਮਤਿ” ਨਾਲ ਜੁੜੋ ਅਤੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਇੰਦਰ ਜੀਤ ਸਿੰਘ

ਕਾਨਪੁਰ, ਇੰਡੀਆ
.