.

ਹਉ ਕਿਆ ਮੁਹੁ ਦੇਸਾ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਕਹਿੰਦੇ ਹਨ, ਪਰਮਾਤਮਾ ਨੇ ਦੋ ਥੈਲੇ ਔਗੁਣਾਂ ਦੇ ਇਸ ਮਨੁੱਖ ਨੂੰ ਦਿੱਤੇ। ਰੱਬ ਜੀ ਨੇ ਅਖਿਆ, “ਐ ਬੰਦੇ! ਇਹ ਦੋਨੋ ਥੈਲੇ ਔਗੁਣਾਂ ਨਾਲ ਭਰੇ ਪਏ ਹਨ। ਇੱਕ ਥੈਲੇ ਵਿੱਚ ਤੇਰੇ ਔਗੁਣ ਹਨ ਅਤੇ ਦੂਸਰੇ ਥੈਲੇ ਵਿੱਚ ਤੇਰੇ ਗੁਵਾਂਢੀਆਂ ਦੇ ਔਗੁਣ ਹਨ। ਇੰਜ ਕਰੀਂ, ਆਪਣੇ ਔਗੁਣਾਂ ਵਾਲਾ ਥੈਲਾ ਅੱਗੇ ਰੱਖੀਂ, ਤਾਂ ਕਿ ਤੈਨੂੰ ਆਪਣੇ ਔਗੁਣ ਹਮੇਸ਼ਾਂ ਦਿੱਸਦੇ ਰਹਿਣ ਤੇ ਗੁਵਾਂਢੀਆਂ ਵਾਲਾ ਥੈਲਾ ਪਿੱਛੇ ਰੱਖੀਂ; ਉਹਨਾਂ ਦੇ ਔਗੁਣ ਤੈਨੂੰ ਨਾ ਦਿੱਸਦੇ ਰਹਿਣ”। ਮਨੁੱਖ ਹਮੇਸ਼ਾਂ ਚਲਾਕੀ ਵਾਲੀ ਖੇਡ ਖੇਡਦਾ ਰਿਹਾ ਹੈ। ਪਰਮਾਤਮਾ ਨੇ ਤੁਰਨ ਵੇਲੇ ਦੋ ਥੈਲੇ ਫੜਾਉਂਦਿਆਂ ਜੋ ਇਸ ਨੂੰ ਆਖਿਆ ਸੀ ਕਿ ਗੁਵਾਂਢੀਆਂ ਵਾਲਾ ਥੈਲਾ ਆਪਣੇ ਪਿੱਛੇ ਰੱਖਣਾ ਹੈ ਪਰ ਆਪਣੇ ਚਲਾਕ ਦਿਮਾਗ਼ ਦੀ ਕਾਢ ਨਾਲ ਖ਼ੁਦਾ ਦੇ ਏਸੇ ਭਲੇ ਪੁਰਸ਼ ਨੇ ਆਪਣੇ ਔਗੁਣਾਂ ਵਾਲਾ ਥੈਲਾ ਆਪਣੇ ਪਿੱਛੇ ਰੱਖ ਲਿਆ ਹੈ। ਗੁਵਾਂਢੀਆਂ ਵਾਲਾ ਥੈਲਾ ਇਸ ਨੇ ਆਪਣੇ ਗਲ਼ ਨਾਲ ਬੰਨ੍ਹ ਲਿਆ ਹੈ। ਆਪਣੇ ਔਗੁਣਾਂ ਬਾਰੇ ਇਸ ਵਿਚਾਰੇ ਨੂੰ ਕੁੱਝ ਵੀ ਪਤਾ ਨਹੀਂ ਹੈ ਕਿ ਮੈਂ ਕੀ ਕਰ ਰਿਹਾ ਹਾਂ? ਜਦ ਵੀ ਗੱਲਬਾਤ ਕਰਦਾ ਹੈ ਗੁਵਾਂਢੀਆਂ ਦੇ ਔਗੁਣਾਂ ਤੋਂ ਸ਼ੁਰੂ ਕਰਦਾ ਹੈ। ਇਹ ਮਨੁੱਖ ਦੀ ਬਦਕਿਸਮਤੀ ਹੈ। ਆਪਣੇ ਬਾਰੇ ਵਿੱਚ ਕੁੱਝ ਵੀ ਨਹੀਂ ਜਾਣਦਾ, ਸਾਰਾ ਕੁੱਝ ਗੁਆਂਢੀਆਂ ਬਾਰੇ ਹੀ ਜਾਣਦਾ ਹੈ। ਫ਼ਰੀਦ ਜੀ ਨੇ ਗੱਲ ਸਮਝਾਉਂਦਿਆਂ ਮਨੁੱਖ ਨਾਲ ਗੱਲ ਕੀਤੀ ਹੈ – ਜੇ ਕਰ ਤੂੰ ਆਪਣੇ ਆਪ ਨੂੰ ਬਰੀਕ ਬੁੱਧੀ ਦਾ ਮਾਲਕ ਗਿਣਦਾ ਏਂ, ਆਪਣੇ ਆਪ ਨੂੰ ਸਿਆਣਾ ਗਿਣਦਾ ਏਂ ਤਾਂ ਹੋਰਨਾਂ ਦੇ ਮੰਦੇ ਕਰਮਾਂ ਦੀ ਪੜਚੋਲ਼ ਨਾ ਕਰਿਆ ਕਰ। ਤੂੰ ਆਪਣੀ ਬੁੱਕਲ਼ ਵਿੱਚ ਮੂੰਹ ਪਾ ਕੇ ਦੇਖ, ਤੇਰੇ ਕੈਸੇ ਕਰਮ ਹਨ? ਫ਼ਰੀਦ ਜੀ ਦਾ ਪਿਆਰਾ ਵਾਕ ਹੈ:----

ਫਰੀਦਾ ਜੇ ਤੂੰ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਦੇਖੁ॥ 6॥

ਪੰਨਾ 1378—

“ਅਕਲਿ ਲਤੀਫੁ” – ਬਹੁਤ ਹੀ ਸਿਆਣੀ ਮਤ ਦਾ ਮਾਲਕ। “ਕਾਲੈ ਲਿਖੁ ਨ ਲੇਖ” – ਹੋਰਨਾਂ ਦੇ ਮੰਦੇ ਕਰਮਾਂ ਦੀ ਪੜਚੋਲ ਨਾ ਕਰਨੀ। “ਗਿਰੀਵਾਨ ਮਹਿ” – ਆਪਣੀ ਬੁਕਲ ਵਿੱਚ ਮੂੰਹ ਪਾ ਕੇ ਦੇਖਣ ਦਾ ਯਤਨ ਕਰ। ਮੈਂ ਕੀ ਹਾਂ ਅਤੇ ਮੈਂ ਕੀ ਕਰ ਰਿਹਾ ਹਾਂ?

ਅਸੀਂ ਆਪ ਤਾਂ ਔਗੁਣਾਂ ਨਾਲ ਭਰੇ ਪਏ ਹਾਂ, ਦੂਸਰਿਆਂ ਨੂੰ ਮਤਾਂ ਦੇਣ ਦਾ ਯਤਨ ਕਰ ਰਹੇ ਹਾਂ। ਸਿਰੀਰਾਗੁ ਦੇ ਇੱਕ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੀਆਂ ਕਮਜ਼ੋਰ ਕੜੀਆਂ ਨੂੰ ਸਾਡੇ ਸਾਹਮਣੇ ਰੱਖਿਆ ਹੈ। ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ:---

ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥

ਕੂੜੁ ਛੁਰਾ ਮੁਠਾ ਮੁਰਦਾਰੁ॥ ਧਾਣਕ ਰੂਪਿ ਰਹਾ ਕਰਤਰਿ॥ 1॥

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ॥ ਹਉ ਬਿਗੜੈ ਰੂਪਿ ਰਹਾ ਬਿਕਰਾਲ॥

ਤੇਰਾ ਏਕੁ ਤਾਰੇ ਸੰਸਾਰੁ॥ ਮੈ ਏਹਾ ਆਸ ਏਹੋ ਅਧਾਰੁ॥ 1॥ ਰਹਾਉ॥

ਮੁਖਿ ਨਿੰਦਾ ਆਖਾ ਦਿਨੁ ਰਾਤਿ॥ ਪਰ ਘਰੁ ਜੋਹੀ ਨੀਚ ਸਨਾਤਿ॥

ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ॥ ਧਾਣਕ ਰੂਪਿ ਰਹਾ ਕਰਤਾਰ॥ 2॥

ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗਵਾੜਾ ਠਗੀ ਦੇਸੁ॥

ਖਰਾ ਸਿਆਣਾ ਬਹੁਤਾ ਭਾਰੁ॥ ਧਾਣਕ ਰੂਪਿ ਰਹਾ ਕਰਤਾਰ॥ 3॥

ਮੈ ਕੀਤਾ ਨ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰ॥

ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥ 4॥

ਸਿਰੀਰਾਗ ਮਹਲਾ 1 ਪੰਨਾ 24 –

ਰਹਾਉ ਦੀਆਂ ਤੁਕਾਂ ਅੰਦਰ ਪੰਜ ਨੁਕਤਿਆਂ ਤੇ ਵਿਚਾਰ ਕੀਤੀ ਗਈ ਹੈ। ਪਹਿਲਾ ਨੁਕਤਾ ਹੈ, ਮੈਂ ਕਦੀ ਵੀ ਆਪਣੇ ਮਾਲਕ ਦੀ ਨਸੀਹਤ ਤੇ ਨਹੀਂ ਚੱਲਿਆ। ਦੂਸਰਾ ਮੇਰੇ ਕਰਮ ਠੀਕ ਭਾਵ ਨੇਕ ਨਹੀਂ ਹਨ। ਤੀਸਰਾ, ਲੋਕਾਂ ਤੇ ਪ੍ਰਭਾਵ ਬਣਾਉਣ ਲਈ ਮੈਂ ਡਰਾਉਣਾ ਰੂਪ ਬਣਾਇਆ ਹੋਇਆ ਹੈ। ਚੌਥਾ, ਤੇਰੇ ਗੁਣਾਂ ਨੂੰ ਧਾਰਨ ਕੀਤਿਆਂ ਸੰਸਾਰ ਰੂਪੀ ਸਮੁੰਦਰ ਵਿਚੋਂ ਤਰ ਸਕੀਦਾ ਹੈ। ਪੰਜਵਾਂ, ਮੈਨੂੰ ਵੀ ਏਹੀ ਆਸ ਹੈ ਕਿ ਹੋਰ ਤੇਰੇ ਗੁਣਾਂ ਨੂੰ ਧਾਰਨ ਕੀਤਿਆਂ ਸੰਸਾਰ ਦੇ ਭਵਜਲ ਵਿਚੋਂ ਤਰਿਆ ਜਾ ਸਕਦਾ ਹੈ।

ਗੁਰੂ ਨਾਨਕ ਸਾਹਿਬ ਜੀ ਗੱਲ ਸੰਸਾਰ ਦੇ ਮਨੁੱਖਾਂ ਦੀ ਕਰ ਰਹੇ ਹਨ ਪਰ ਆਪਣੇ ਆਪ ਨੂੰ ਸੰਬੋਧਨ ਕਰਕੇ ਸਾਨੂੰ ਸਮਝਾ ਰਹੇ ਹਨ। ਰਹਾਉ ਦੀਆਂ ਤੁਕਾਂ ਇੰਜ ਹਨ:---

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ॥ ਹਉ ਬਿਗੜੈ ਰੂਪਿ ਰਹਾ ਬਿਕਰਾਲ॥

ਤੇਰਾ ਏਕੁ ਨਾਮੁ ਤਾਰੇ ਸੰਸਾਰੁ॥ ਮੈ ਏਹਾ ਆਸ ਏਹੋ ਅਦਾਰੁ॥

ਪਹਿਲੀ ਗੱਲ ਇਹ ਕਿ ਮੈਂ ਮਾਲਕ ਦੀ ਨਸੀਹਤ ਤੇ ਨਹੀਂ ਚੱਲਿਆ। ਸਿੱਖ ਨੂੰ ਪਹਿਲੀ ਨਸੀਹਤ ਹੈ ਕਿ ਸੱਚ ਬੋਲਣਾ, ਪਰ ਮਨੁੱਖ ਨੇ ਇਸ ਦੀ ਇਤਨੀ ਜ਼ਰੂਰਤ ਨਹੀਂ ਸਮਝੀ। ਨਸੀਹਤਾਂ ਤਾਂ ਬਹੁਤ ਹਨ ਪਰ ਮੈਂ ਇੱਕ ਵੀ ਨਹੀਂ ਮੰਨੀ। ਗੁਰੂ ਆਖਦਾ ਹੈ – ਕਿ ਭਲੇ ਗੁਰਬਾਣੀ ਵਿਚਾਰਨ ਦਾ ਵਿਸ਼ਾ ਹੈ; ਅਮਲ ਕਰਨ ਦਾ ਵਿਸ਼ਾ ਹੈ। ਅਸੀਂ ਤਾਂ ਠੇਕੇ ਤੇ ਸ੍ਰੀ ਅਖੰਡ ਪਾਠ ਕਰਵਾ ਰਹੇ ਹਾਂ। ਪਾਠ ਸੁਣਨ ਨੂੰ ਤੇ ਆਪ ਪਾਠ ਕਰਨ ਨੂੰ ਅਸੀਂ ਤਰਜੀਹ ਨਹੀਂ ਦੇਂਦੇ। ਗੁਰੂ ਨਸੀਹਤ ਦੇਂਦਾ ਹੈ ਕਿ ਭਲਿਆ ਨਸ਼ਿਆਂ ਦਾ ਤਿਆਗ ਕਰ। ਅੱਜ ਦੇਖਣ ਵਿੱਚ ਇੰਜ ਲੱਗ ਰਿਹਾ ਹੈ ਕਿ ਜਿਵੇਂ ਨਸ਼ਿਆਂ ਦੀ ਸਭ ਤੋਂ ਵੱਧ ਵਰਤੋਂ ਸਿੱਖ ਭਾਈਚਾਰੇ ਵਿੱਚ ਹੋਵੇ। ਸਿੱਖੀ ਵਿਚਾਰ ਤੋਂ ਸ਼ੁਰੂ ਹੋਈ ਸੀ ਪਰ ਅੱਜ ਪੂਜਾ ਤੇ ਅਟਕ ਗਈ ਹੈ। ਗੁਰੂ ਦੀ ਨਸੀਹਤ ਸੀ, ਕਿ ਖ਼ਲਕਤ ਦੀ ਸੇਵਾ ਨੂੰ ਆਪਣੇ ਜੀਵਨ ਦਾ ਅਧਾਰ ਬਣਾਈਂ। ਅਸਾਂ ਸੇਵਾ ਨੂੰ ਅਧਾਰ ਬਣਾਇਆ ਤਾਂ ਹੈ ਪਰ ਆਪਣੇ ਪਰਵਾਰ ਦੀ ਖ਼ਾਤਰ। ਗੁਰੂ ਆਖਦਾ ਹੈ ਕਿ ਦੁਨੀ ਚੰਦਾ! ਹਾਥੀ ਦਾ ਮੁਕਾਬਲਾ ਕਰਨਾ ਈਂ। ਦੁਨੀ ਚੰਦ ਰਾਤ ਚੋਰੀ ਕੰਧ ਟੱਪ ਕੇ ਚਲਿਆ ਜਾਂਦਾ ਹੈ। ਮੌਤ ਤੋਂ ਡਰਿਆ ਘਰ ਆਇਆ, ਸੱਪ ਦੇ ਲੜਨ ਕਾਰਨ ਮਰ ਜਾਂਦਾ ਹੈ। ਗੁਰੂ ਨਸੀਹਤ ਦੇਂਦਾ ਹੈ – ਕਿ ਭਲਿਆ! ਅੰਮ੍ਰਿਤ ਛੱਕਣ ਵਿੱਚ ਤੇਰਾ ਫਾਇਦਾ ਹੋਏਗਾ ਤੇ ਅੰਮ੍ਰਿਤ ਤੇਰੀ ਰੱਖਿਆ ਕਰੇਗਾ। ਸਾਡਾ ਤਰਕ ਹੈ ਅਸੀਂ ਅੰਮ੍ਰਿਤ ਰੱਖ ਨਹੀਂ ਸਕਦੇ। ਅੰਮ੍ਰਿਤ ਨੇ ਸਾਡੀ ਰੱਖਿਆ ਕਰਨੀ ਹੈ ਪਰ ਅਸੀਂ ਮੁਨਕਰ ਹਾਂ। ਸ੍ਰੀ ਚੰਦ, ਲਖਮੀ ਦਾਸ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਕਦੇ ਵੀ ਨਸੀਹਤ ਚੰਗੀ ਨਹੀਂ ਲੱਗੀ। ਪ੍ਰਿਥੀ ਚੰਦ ਗੁਰੂ ਪਿਤਾ ਦੀ ਨਸੀਹਤ ਤੋਂ ਮੁਨਕਰ ਹੈ। ਭਾਈ ਲਹਿਣਾ ਨਸੀਹਤ ਨੂੰ ਪਰਵਾਨ ਕਰਦਾ ਸਾਰੇ ਜੱਗਤ ਨੂੰ ਦਿਸਦਾ ਹੈ। ਜਦ ਗੁਰੂ ਦੀ ਨਸੀਹਤ ਪਰਵਾਨ ਨਹੀਂ ਹੈ ਤਾਂ ਸਾਡਾ ਕਰਮ ਵੀ ਠੀਕ ਨਹੀਂ ਹੋਏਗਾ। ਕੋਈ ਨੌਕਰ ਆਪਣੇ ਮਾਲਕ ਦੀ ਨਸੀਹਤ ਤੇ ਨਹੀਂ ਚੱਲਦਾ, ਉਸ ਦਾ ਕਰਮ ਕਦੇ ਵੀ ਠੀਕ ਨਹੀਂ ਹੋਏਗਾ। ਕਿਸੇ ਠੇਕੇਦਾਰ ਨੂੰ ਠੇਕਾ ਮਿਲਿਆ ਹੈ ਪੁਲ਼ ਬਣਾਉਣ ਦਾ, ਪਰ ਉਹ ਪੂਰੀ ਮਿਕਦਾਰ ਮਸਾਲੇ ਦੀ ਨਹੀਂ ਪਾਉਂਦਾ। ਪੁਲ਼ ਡਿੱਗੇਗਾ ਹੀ ਡਿੱਗੇਗਾ। ਜਿੱਥੇ ਨਸੀਹਤ ਨੂੰ ਨਹੀਂ ਮੰਨਿਆ ਜਾਏਗਾ ਉੱਥੇ ਕਰਮ ਠੀਕ ਨਹੀਂ ਹੋ ਸਕਦਾ। ਡਾਕਟਰ ਦਵਾਈ ਦੇਣ ਲੱਗਿਆਂ ਪਰਹੇਜ਼ ਦੱਸਦਾ ਹੈ – ਦਵਾਈ ਖਾਂਦੇ ਤਾਂ ਜ਼ਰੂਰ ਹਾਂ ਪਰ ਡਾਕਟਰ ਦੀ ਨਸੀਹਤ ਅਨੁਸਾਰ ਨਹੀਂ ਖਾਂਦੇ। ਰੋਗ ਕਦੇ ਦੂਰ ਨਹੀਂ ਹੋਣਗੇ। ਨਸੀਹਤ ਨੂੰ ਨਾ ਮੰਨਣਾ ਮਨੁੱਖੀ ਸੁਭਾਅ ਦਾ ਇੱਕ ਅੰਗ ਬਣ ਗਿਆ ਜਾਪਦਾ ਹੈ।

ਕਰਮ ਸਾਡੇ ਹੁੰਦੇ ਤਾਂ ਧਰਮ ਵਾਲੇ ਨੇ, ਪਰ ਦੂਰ ਅੰਦੇਸ਼ੀ ਵਾਲੇ ਨਹੀਂ ਹੁੰਦੇ। ਮਿਸਾਲ ਦੇ ਤੌਰ ਤੇ ਸਾਲ ਵਿੱਚ ਇੱਕ ਦੋ ਸਾਰੇ ਸ਼ਹਿਰ ਵਿੱਚ ਨਗਰ ਕੀਰਤਨ ਕੱਢੇ ਜਾਣ, ਉਤਸ਼ਾਹ ਬਣਦਾ ਹੈ ਪਰ ਹੁਣ ਤਾਂ ਗਲ਼ੀਆਂ ਮਹੱਲਿਆਂ ਦੀਆਂ ਸੁਸਾਇਟੀਆਂ ਦੀਆਂ ਦੌੜਾਂ ਲੱਗੀਆਂ ਹੋਈਆਂ ਹਨ। ਨਵੀਆਂ ਬਣੀਆਂ ਸੜਕਾਂ ਤੇ, ਧਰਮ ਦੇ ਨਾਂ `ਤੇ’ ਗੇਟ ਬਣਾਉਂਦੇ ਹਾਂ। ਸੜਕਾਂ ਬਣੀਆਂ ਪੁੱਟ ਦੇਂਦੇ ਹਾਂ, ਟੋਏ ਪੈ ਜਾਂਦੇ ਹਨ, ਕੋਈ ਵੀ ਮੁੜ ਮੁਰੰਮਤ ਕਰਨ ਲਈ ਤਿਆਰ ਨਹੀਂ ਹੁੰਦਾ। ਜਲੂਸ ਲਈ ਲੰਗਰ ਆਦਿ ਦਾ ਪ੍ਰਬੰਧ ਕਰਦੇ ਹਾਂ, ਕਈ ਕਈ ਦਿਨ ਜੂਠੀਆਂ ਪਤਲ਼ਾਂ ਉੱਡਦੀਆਂ ਰਹਿੰਦੀਆਂ ਹਨ। ਧਰਮ ਦੇ ਨਾਂ ਤੇ ਖ਼ਲਕਤ ਦਾ ਨੁਕਸਾਨ ਕਰ ਰਹੇ ਹੁੰਦੇ ਹਾਂ। ਅਜੇਹੇ ਮੌਕੇ ਤੇ ਕਿਸੇ ਨੂੰ ਕੁੱਝ ਸਿੱਖਿਆ ਦੇਣ ਦਾ ਯਤਨ ਕੀਤਾ ਜਾਏ ਤਾਂ ਅੱਗੋਂ ਧਰਮ ਦੇ ਨਾਂ ਤੇ ਡਰਾਉਂਣੇ ਰੂਪ ਵਿੱਚ ਪੇਸ਼ ਆਏਗਾ। ਅੱਗੋਂ ਹੁਜੱਤ ਭਰੀ ਬੋਲੀ ਵਿੱਚ ਦਸਣ ਦਾ ਯਤਨ ਕਰੇਗਾ ਕਿ ਅਸੀਂ ਤਾਂ ਧਰਮ ਦਾ ਬਹੁਤ ਵੱਡਾ ਕੰਮ ਕਰ ਰਹੇ ਹਾਂ। ਗੁਰੂ ਆਖਦਾ ਹੈ --- ਕਿ ਭਲਿਆ ਕਰਮ ਉਹ ਕਰ, ਜਿਸ ਨਾਲ ਤੇਰਾ ਹੀ ਨਹੀਂ ਸਗੋਂ ਸੰਸਾਰ ਦੀ ਵੀ ਉਧਾਰ ਤੇ ਭਲਾ ਹੋਵੇ। ਦੇਖਣ ਨੂੰ ਅਸੀਂ ਧਰਮੀ ਲੱਗਦੇ ਹਾਂ ਪਰ ਗੁਰੂ ਜੀ ਦੀ ਨਸੀਹਤ ਤੇ ਨਹੀਂ ਚੱਲਦੇ ਇਸ ਲਈ ਸਾਡੇ ਕਰਮ ਵੀ ਗੁਰੂ ਜੀ ਦੇ ਅਨੁਸਾਰ ਨਹੀਂ ਹਨ। ਦੁਨੀਆਂ ਤੇ ਪ੍ਰਭਾਵ ਪਾਉਣ ਲਈ ਜਾਂ ਤਾਂ ਮਸੂਮਾਂ ਵਰਗਾ ਚਿਹਰਾ ਬਣਾ ਕੇ ਰੱਖਾਗੇ ਜਾਂ ਫਿਰ ਭਿਆਨਕ ਜੇਹੀ ਸੂਰਤ ਬਣ ਕੇ ਰੱਖਾਂਗੇ। ਇਹਨਾਂ ਤੁਕਾਂ ਵਿੱਚ ਗੁਰੂ ਜੀ ਨੇ ਨਸੀਹਤ ਨੂੰ ਸਮਝਣ ਲਈ ਤੇ ਕਰਮ ਨੂੰ ਠੀਕ ਕਰਨ ਲਈ ਕਿਹਾ ਹੈ।

ਨਸੀਹਤ ਨੂੰ ਨਾ ਸਮਝਣਾ ਤੇ ਕਰਮ ਵਿੱਚ ਤਬਦੀਲੀ ਨਾ ਆਉਣ ਵਿੱਚ ਵੱਡੀ ਰੁਕਾਵਟ ਗੁਰਦੇਵ ਪਿਤਾ ਪਹਿਲੀਆਂ ਤੁਕਾਂ ਵਿੱਚ ਵਿਆਖਿਆ ਸਹਿਤ ਸਮਝਾਉਂਦੇ ਹਨ। ਮਨੁੱਖ ਨੇ ਸ਼ਿਕਾਰੀਆਂ ਵਾਲਾ ਜੀਵਨ ਜਿਊਣ ਦਾ ਯਤਨ ਕਰ ਰੱਖਿਆ ਹੈ। ਪਹਿਲੀ ਤੁਕ ਦਾ ਪਾਠ ਇਸ ਪਰਕਾਰ ਹੈ:---

ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥

ਕੂੜੁ ਛੁਰਾ ਮੁਠਾ ਮੁਰਦਾਰੁ॥ ਧਾਣਕ ਰੂਪਿ ਰਹਾ ਕਰਤਾਰ॥ 1॥

ਨਸੀਹਤ ਤੇ ਨਾ ਚੱਲਣਾ, ਕਰਮ ਠੀਕ ਨਾ ਹੋਣੇ ਤੇ ਡਰਵਣਾ ਰੂਪ ਹੋਣ ਦੇ ਕੀ ਕਾਰਨ ਹਨ? ਪਹਿਲਾ ਨੁਕਤਾ ਸ਼ਿਕਾਰੀਆਂ ਵਾਲ਼ਾ ਰੂਪ ਹੈ। ਸ਼ਿਾਕਾਰੀਆਂ ਪਾਸ ਕੁਤੇ ਹੁੰਦੇ ਹਨ ਤੇ ਇੱਕ ਛੁਰਾ ਹੁੰਦਾ ਹੈ। ਆਮ ਆਦਮੀ ਸ਼ਿਕਾਰ ਖੇਲਣ ਵਿੱਚ ਲੱਗਿਆ ਹੋਇਆ ਹੈ। ਮੇਰੇ ਨਾਲ ਹਰ ਵੇਲੇ ਇੱਕ ਕੁੱਤਾ ਤੇ ਦੋ ਕੁੱਤੀਆਂ ਰਹਿੰਦੀਆਂ ਹਨ। ਚੱਲੋ ਕੁੱਤਾ ਤੇ ਕੁੱਤੀ ਨਾਲ ਰਹੀ ਜਾਣ ਕੋਈ ਫਰਕ ਨਹੀਂ, ਕੋਈ ਰੌਲ਼ਾ ਨਹੀਂ ਹੈ; ਪਰ ਦੁੱਖ ਇਸ ਗੱਲ ਦਾ ਹੈ ਕਿ ਇਹ ਸਵੇਰੇ ਸੁੱਤੇ ਉੱਠਦਿਆਂ ਹੀ ਭੌਂਕਣ ਲੱਗ ਪੈਂਦੇ ਹਨ। ਕੁੱਤਾ ਲੋਭ ਦਾ ਪ੍ਰਤੀਕ ਹੈ ਤੇ ਇਸ ਨੂੰ ਲੋਭੀ ਮੰਨਿਆ ਗਿਆ ਹੈ। ਪੁਲ਼ ਤੇ ਖਲੋ ਕਿ ਆਪਣਾ ਪ੍ਰਛਾਵਾਂ ਦੇਖਦਾ ਹੈ। ਮੂੰਹ ਵਿੱਚ ਮਾਸ ਦਾ ਟੁਕੜਾ ਹੈ, ਇਸ ਦੇ ਮਨ ਵਿੱਚ ਲੋਭ ਆ ਗਿਆ ਕਿ ਜੋ ਪ੍ਰਛਾਵਾਂ ਦਿੱਸਦਾ ਹੈ ਉਸ ਪਾਸੋਂ ਪਹਿਲਾਂ ਮਾਸ ਦਾ ਟੁਕੜਾ ਖੋਹ ਲਵਾਂ ਆਪਣਾ ਬਾਅਦ ਵਿੱਚ ਖਾਂਵਾਂਗਾ। ਇਸ ਲਾਲਚ ਵੱਸ ਆਪਣੇ ਮੂੰਹ ਵਾਲ਼ਾ ਟੁਕੜਾ ਵੀ ਗਵਾ ਲੈਂਦਾ ਹੈ। ਲੋਭ ਦਾ ਕੁੱਤਾ ਸਵੇਰ ਤੋਂ ਭੌਂਕਣਾ ਸ਼ੁਰੂ ਕਰ ਦੇਂਦਾ ਹੈ, ਤੇ ਸਾਰਾ ਦਿਨ ਭੌਂਕਦਾ ਹੀ ਰਹਿੰਦਾ ਹੈ। ਦੋ ਕੁੱਤੀਆਂ ਆਸ਼ਾ ਤੇ ਤ੍ਰਿਸ਼ਨਾ ਜੋ ਕੁੱਤੇ ਦੀਆਂ ਸਾਂਝੀਦਾਰ ਹਨ। ਆਸ਼ਾ ਤੇ ਤ੍ਰਿਸ਼ਨਾ ਲੋਭ ਦਾ ਪੂਰਾ ਸਾਥ ਦੇਂਦੀਆਂ ਹਨ। ਇਹ ਕੁੱਤੇ ਨਾਲੋਂ ਵੀ ਵੱਧ ਭੌਂਕਦੀਆਂ ਹਨ। ਇੰਜ ਆਖੀਏ – ਅਸੀਂ ਸਾਰਾ ਦਿਨ ਲੋਭ, ਆਸ਼ਾ ਤੇ ਤ੍ਰਿਸ਼ਨਾ ਵਿੱਚ ਹੀ ਗੁਜ਼ਾਰ ਦੇਂਦੇ ਹਾਂ। ਗੁਰੂ ਜੀ ਦੀ ਨਸੀਹਤ ਨੂੰ ਸੁਣਨ ਲਈ ਤਿਆਰ ਨਹੀਂ ਹਾਂ ਤਾਂ ਫਿਰ ਸਾਡਾ ਕਰਮ ਕਿਵੇਂ ਠੀਕ ਹੋਏਗਾ? ਝੂਠ ਬੋਲਣ ਦਾ ਛੁਰਾ ਹਰ ਵੇਲੇ ਅਸਾਂ ਫੜਿਆ ਹੋਇਆ ਹੈ। ਮਾਇਆ ਦੀਆਂ ਠੱਗੀਆਂ ਮਾਰ ਰਿਹਾ ਹਾਂ। ਮੁਰਦਾਰ – ਪਰਾਇਆ ਹੱਕ ਖਾਣ ਵਿੱਚ ਬਹੁਤ ਮੁਹਾਰਤ ਹਾਸਲ ਕਰ ਲਈ ਹੈ। ਪਹਿਰਾਵਾ ਸ਼ਿਕਾਰੀਆਂ ਵਾਲਾ ਹੈ। ਲੋਭ, ਆਸ਼ਾ, ਤ੍ਰਿਸ਼ਨਾ ਜੋ ਸਵੇਰੇ ਉੱਠਦਿਆ ਹੀ ਭੌਂਕਣਾ ਸ਼ੁਰੂ ਕਰ ਦੇਂਦੀਆਂ ਹਨ। ਝੂਠ ਬੋਲਣ ਦੀ ਮੁਹਾਰਤ ਬਣੀ ਹੋਈ ਹੈ। ਗੁਰੂ ਜੀ ਦੀ ਨਸੀਹਤ ਅਸੀਂ ਸੁਣਦੇ ਨਹੀਂ ਹਾਂ। ਇੰਜ ਲੱਗਦਾ ਹੈ ਜਿਵੇਂ ਜਿਉਂਦੇ ਜੀ ਹੀ ਅਸੀਂ ਕੁੱਤਿਆਂ ਦੀਆਂ ਜੂਨਾਂ ਭੋਗ ਰਹੇ ਹੋਈਏ। ਗੁਰੂ ਜੀ ਸੁਨੇਹਾਂ ਦੇਂਦੇ ਹਨ। ਭਲਿਆ ਸੱਚ ਬੋਲ ਪਰ ਸੱਚ ਬੋਲਣ ਦੀ ਸਾਡੀ ਤਿਆਰੀ ਹੀ ਕੋਈ ਨਹੀਂ ਹੈ। ਕੁੱਤੇ ਸ਼ਿਕਾਰ ਦੀ ਤਲਾਸ਼ ਵਿੱਚ ਰਹਿੰਦੇ ਹਨ। ਮੈਂ ਵੀ ਹਰ ਵੇਲੇ ਸ਼ਿਕਾਰ ਦੀ ਭਾਲ ਵਿੱਚ ਹੀ ਰਹਿੰਦਾ ਹਾਂ। ਇਹ ਅੰਦਰੂਨੀ ਸੁਭਾਅ ਹੈ ਜੋ ਬੋਲਣ ਵਿੱਚ ਘੱਟ ਤੇ ਵਰਤੋਂ ਵਿੱਚ ਜ਼ਿਆਦਾ ਹੈ।

ਸ਼ਬਦ ਦੇ ਦੂਸਰੇ ਬੰਦ ਵਿੱਚ ਆਮ ਬੋਲ ਚਾਲ ਤੇ ਅੱਖਾਂ ਨਾਲ ਦੇਖਣ ਦੀ ਭਾਵਨਾ ਦਾ ਵਿਸਥਾਰ ਆਇਆ ਹੈ। ਮਨੁੱਖ ਦੇ ਅੰਦਰਲੇ ਤਹਿਖਾਨੇ ਵਿੱਚ ਦੋ ਹੋਰ ਸ਼ੈਤਾਨ ਬੈਠੇ ਹਨ, ਦੂਸਰੇ ਬੰਦ ਦੀਆਂ ਤੁਕਾਂ ਪਾਠ ਇਸ ਪ੍ਰਕਾਰ ਹੈ:---

ਮੁਖਿ ਨਿੰਦਾ ਆਖਾ ਦਿਨੁ ਰਾਤਿ॥ ਪਰ ਘਰੁ ਜੋਹੀ ਨੀਚ ਸਨਾਤਿ॥

ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ॥ ਧਾਣਕ ਰੂਪਿ ਰਹਾ ਕਰਤਾਰ॥

ਮੂੰਹ ਨੂੰ ਮੌਕਾ ਮਿਲਣਾ ਚਾਹੀਦਾ ਹੈ, ਨਾ ਇਹ ਰਾਤ ਦੇਖਦਾ ਹੈ ਤੇ ਨਾ ਇਹ ਦਿਨ ਦੇਖਦਾ ਹੈ। ਹਰ ਵੇਲੇ ਦੂਸਰਿਆਂ ਦੀ ਨਿੰਦਿਆ ਕਰਨ ਵਿੱਚ ਲੱਗਾ ਰਹਿੰਦਾ ਹੈ। ਨਿੰਦਿਆ ਭਿਆਨਕ ਰਸ ਹੈ। ਜੇ ਕਰ ਮੇਰੀ ਉਸਤਿਤ ਹੁੰਦੀ ਹੋਵੇ ਤਾਂ ਮੇਰੇ ਮਨ ਅੰਦਰ ਰਸ ਬਣਿਆ ਰਹਿੰਦਾ ਹੈ। ਮੈਂ ਆਪਣੀ ਉਸਤਿਤ ਸੁਣ ਕੇ ਬਹੁਤ ਖੁਸ਼ ਹੁੰਦਾ ਹਾਂ। ਜੇ ਕਰ ਗੁਆਢੀਆਂ ਦੀ ਨਿੰਦਿਆ ਹੁੰਦੀ ਹੋਵੇ ਤਾਂ ਆਦਮੀ ਘੰਟਿਆ ਬੱਧੀ ਨਿੰਦਿਆ ਦੀਆਂ ਰੋਟੀਆਂ ਸੇਕਦਾ ਰਹਿੰਦਾ ਹੈ। ਨਿੰਦਿਆ ਐਸਾ ਰਸ ਹੈ ਜੋ ਸਮੇਂ ਦਾ ਪਾਬੰਦ ਨਹੀਂ ਹੈ। ਗੁਰਦੇਵ ਆਖਦੇ ਹਨ, “ਆਖਾ ਦਿਨੁ ਰਾਤਿ” ਭਾਵ ਹਰ ਵੇਲੇ ਤਿਆਰੀ ਹੁੰਦੀ ਹੈ। ਕਈ ਵਾਰੀ ਸਿਆਣਾ ਮਨੁੱਖ ਨਿੰਦਾ ਕਰਨ ਵਾਲੇ ਨੂੰ ਟੋਕ ਦੇਂਦਾ ਹੈ – ਭਲਿਆ! ਨਾ ਮੈਂ ਨਿੰਦਿਆ ਸੁਣਦਾ ਹਾਂ ਤੇ ਨਾ ਹੀ ਮੈਂ ਨਿੰਦਿਆ ਕਰਦਾ ਹਾਂ; ਪਰ ਗੁਰੂ ਦੀ ਨਸੀਹਤ ਉੱਤੇ ਨਾ ਚੱਲਣ ਵਾਲਾ “ਮੁਖਿ ਨਿੰਦਾ ਆਖਾ”, ਆਪਣੇ ਮੂੰਹ ਨਾਲ ਦੂਸਰਿਆਂ ਦੀ ਨਿੰਦਿਆ ਕਰਦਾ ਹੈ। ਨਾਲ ਹੀ ਅੱਖਾਂ ਦਾ ਗਲਤ ਇਸਤੇਮਾਲ ਵੀ ਕਰ ਰਿਹਾ ਹੁੰਦਾ ਹੈ। ਪਰਾਏ ਘਰ ਨੂੰ ਹਰ ਵੇਲੇ ਦੇਖਣ ਦੀ ਤਾਂਘ ਬਣੀ ਰਹਿੰਦੀ ਹੇ। ਪਰਾਇਆ ਜੋਬਨ ਅਤੇ ਰੂਪ ਤੱਕਦਾ ਰਹਿੰਦਾ ਹੈ। ਕਈ ਵਾਰੀ ਇਤਨਾ ਨੀਵਾਂ ਚਲਾ ਜਾਂਦਾ ਹੈ ਕਿ ਜਿਸ ਘਰ ਨੇ ਇਸ ਨੂੰ ਰਹਿਣ ਲਈ ਜਗ੍ਹਾ ਦਿੱਤੀ ਹੁੰਦੀ ਹੈ; ਓਸੇ ਘਰ ਨੂੰ ਹੀ ਸੰਨ੍ਹ ਲਾਉਣੀ ਸ਼ੁਰੂ ਕਰ ਦੇਂਦਾ ਹੈ। ਪਰਾਈ ਨਿੰਦਾ ਕਰਨ ਤੇ ਪਰਾਏ ਰੂਪ ਨੂੰ ਹਰ ਵੇਲੇ ਤੱਕਣ ਲਈ ਸ਼ੈਤਾਨ ਬਿਰਤੀ ਕਦੇ ਵੀ ਮੌਕਾ ਨਹੀਂ ਗਵਾਉਂਦੀ। ਗੁਰਦੇਵ ਜੀ ਆਖਦੇ ਹਨ --- ਫਿਰ ਮਨੁੱਖ ਆਪਣੇ ਅਸਲੇ ਦਾ ਨਹੀਂ ਹੈ। ਅਜੇਹਾ ਮਨੁੱਖ ਨੀਵੇਂ ਅਸਲੇ ਦਾ ਹੈ। ਦਿਨ ਰਾਤ ਨਿੰਦਿਆ ਭਾਵ ਇਸ ਦੇ ਧਿਆਨ ਵਿੱਚ ਬੈਠੀ ਗਈ ਹੈ। ਪਰਾਏ ਰੂਪ ਨੂੰ ਤੱਕਣਾ ਸੁਭਾਅ ਦੀ ਕੰਮਜ਼ੋਰੀ ਹੈ। ਦੋ ਚੌਧਰੀ, ਕਾਮ—ਵਾਸ਼ਨਾ ਅਤੇ ਕ੍ਰੋਧ, ਚੰਡਾਲ ਬਣੇ ਬੈਠੇ ਹਨ। ਇਹਨਾਂ ਨੇ ਪੱਕਾ ਡੇਰਾ ਜਮਾ ਲਿਆ ਹੈ। ਪੱਕਾ ਡੇਰਾ ਪੁੱਟਣਾ ਔਖਾ ਹੁੰਦਾ ਹੈ। ਮੇਰਾ ਸਾਰਾ ਹੀ ਰੂਪ ਵਿਗੜ ਗਿਆ ਹੈ। ਸਾਂਹਸੀਆਂ ਵਾਲੇ ਰੂਪ ਵਿੱਚ ਬੈਠਾ ਹਾਂ। ਕਰਮ ਦਾ ਠੀਕ ਨਾ ਹੋਣਾ ਦਾ ਕਾਰਨ, ਨਸੀਹਤ ਤੇ ਨਾ ਚੱਲਣਾ, ਨਿੰਦਿਆ, ਵਾਸ਼ਨਾ, ਕ੍ਰੋਧ ਤੇ ਪਰਾਏ ਰੂਪ ਨੂੰ ਤੱਕਣਾ ਵੱਡੀ ਰੁਕਾਵਟ ਹਨ।

ਤੀਸਰੇ ਬੰਦ ਵਿੱਚ ਬਹੁਤ ਹੀ ਰੋਚਕ ਪੱਖ ਪੇਸ਼ ਕੀਤਾ ਹੈ। ਪਹਿਲੇ ਅਤੇ ਦੂਸਰੇ ਬੰਦ ਵਿੱਚ ਸਾਡੀਆਂ ਕੰਮਜ਼ੋਰੀਆਂ ਦੱਸੀਆ ਹਨ ਤੇ ਹੁਣ ਸਾਡੇ ਅਖੌਤੀ ਲਿਬਾਸ ਦੀ ਗੱਲ ਕੀਤੀ ਗਈ ਹੈ। ਇਹ ਧਰਮੀ ਲਿਬਾਸ ਲੋਕਾਂ ਨੂੰ ਫਸਾਉਣ ਲਈ ਹੈ। ਫ਼ੁਰਮਾਣ ਹੈ:----

ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗਵਾੜਾ ਠਗੀ ਦੇਸੁ॥

ਖਰਾ ਸਿਆਣਾ ਬਹੁਤਾ ਭਾਰੁ॥ ਧਾਣਕ ਰੂਪਿ ਰਹਾ ਕਰਤਾਰ॥

“ਫਾਹੀ ਸੁਰਤਿ” —ਲੋਕਾਂ ਨੂੰ ਭਰਮਾਉਣ ਵਾਲੀ ਬਿਰਤੀ ਬਣ ਗਈ ਹੈ। “ਮਲੂਕੀ ਵੇਸੁ” – ਫਕੀਰਾਂ ਵਾਲਾ ਵੇਸ ਧਾਰਨ ਕੀਤਾ ਹੈ। ਅੱਜ ਧਰਮ ਦੀ ਦੁਨੀਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਲਿਬਾਸ ਆ ਗਏ ਹਨ। ਇਹਨਾਂ ਲਿਬਾਸਾਂ ਦੇ ਪ੍ਰਭਾਵ ਸਦਕਾ ਆਮ ਲੁਕਾਈ ਨੂੰ ਆਪਣੇ ਪਿੱਛੇ ਲਗਾ ਕੇ ਲੁੱਟਿਆ ਜਾ ਰਿਹਾ ਹੈ। ਧਰਮ ਦੀ ਦੁਨੀਆਂ ਅੰਦਰ ਲਿਬਾਸ ਬਹੁਤ ਮਹਾਨ ਹੋ ਗਿਆ ਹੈ। ਲੰਬਾ ਚੋਲ਼ਾ ਵੱਡੇ ਸੰਤ ਹੋਣ ਦਾ ਪ੍ਰਤੀਕ ਬਣ ਗਿਆ ਹੈ। ਸ਼ਿਕਾਰੀ ਪਾਸ ਰੱਸੀ ਹੁੰਦੀ ਹੈ, ਹੱਥ ਆਏ ਸ਼ਿਕਾਰ ਦੇ ਗਲ਼ ਪਾ ਲੈਂਦਾ ਹੈ। ਖ਼ਾਸ ਕਿਸਮ ਦੇ ਲਿਬਾਸ ਤੇ ਖ਼ਾਸ ਕਿਸਮ ਦੀਆਂ ਮਾਲਾ ਫਾਹੀ ਦਾ ਕੰਮ ਕਰ ਰਹੀਆਂ ਹਨ। ਧਰਮ ਦੇ ਪਰਚਾਰ ਕਰਨ ਵਾਲੇ ਡੇਰੇ ਠੱਗੀਆਂ ਮਾਰਨ ਵਾਲੇ ਅੱਡੇ ਬਣ ਗਏ ਹਨ ਤੇ ਇਹਨਾਂ ਡੇਰਿਆਂ ਵਿੱਚ ਬੈਠ ਕੇ ਠੱਗੀਆਂ ਮਾਰ ਰਿਹਾ ਹੈ। ਕਿਸੇ ਨੂੰ ਪੁੱਤਰਾਂ ਦੀਆਂ ਦਾਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਕਿਸੇ ਨੂੰ ਮੁਕੱਦਮਾ ਜਿੱਤਣ ਦੇ ਓਪਾਅ ਦੱਸੇ ਜਾ ਰਹੇ ਹਨ। ਗ਼ਰੀਬ ਜੰਤਾ ਨੂੰ ਲੁਟਿਆ ਜਾ ਰਿਹਾ ਹੈ। ਜਿਉਂ ਜਿਉਂ ਧਰਮੀ ਹੋਣ ਦਾ ਦਆਵਾ ਕਰ ਰਿਹਾ ਹਾਂ, ਤਿਉਂ ਤਿਉਂ ਸਿਰ ਤੇ ਪਾਪਾਂ ਦਾ ਹੋਰ ਭਾਰ ਚੁੱਕ ਰਿਹਾ ਹਾਂ। ਸੁਰਤੀ ਹਰ ਵੇਲੇ ਦੂਸਰੇ ਨੂੰ ਫਸਾਉਣ ਦੀ ਹੈ। ਸ਼ਿਕਾਰੀਆਂ ਵਾਲਾ ਰੂਪ ਧਰਾਨ ਕਰ ਲਿਆ ਹੈ।

ਜੋ ਮੈਨੂੰ ਵਿਰਸੇ ਵਿੱਚ ਪਰਮਾਤਮਾ ਨੇ ਦਾਤਾਂ ਦਿੱਤੀਆਂ ਹਨ, ਉਹਨਾਂ ਦਾਤਾਂ ਦੀ ਮੈਂ ਕਦਰ ਨਹੀਂ ਪਾਈ। ਮੇਰੇ ਮਨ ਵਿੱਚ ਹਮੇਸ਼ਾਂ ਏਹੀ ਖ਼ਿਆਲ ਬਣਿਆ ਰਹਿੰਦਾ ਹੈ, ਕਿਸੇ ਦੀ ਕੀਤੀ ਹੋਈ ਕਮਾਈ ਮੈਨੂੰ ਮਿਲ ਜਾਏ। ਅਖੀਰਲੇ ਬੰਦ ਦਾ ਪਾਠ ਇਸ ਤਰ੍ਹਾਂ ਹੈ:-----

ਮੈ ਕੀਤਾ ਨ ਜਾਤਾ ਹਰਾਮ ਖੋਰੁ॥ ਹਉ ਕਿਆ ਮੁਹੁ ਦੇਸਾਂ ਦੁਸਟੁ ਚੋਰੁ॥

ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥

“ਕੀਤਾ ਨ ਜਾਤਾ” --- ਤੇਰੇ ਕੀਤੇ ਹੋਏ ਪਰਉਪਕਾਰਾਂ ਨੂੰ ਨਹੀਂ ਜਾਣਿਆਂ। “ਹਰਾਮਖੋਰੁ” —ਦੂਜਿਆਂ ਦੀ ਕਮਾਈ ਤੇ ਹੱਕ ਜਿਤਾ ਰਿਹਾ ਹਾਂ। ਕਿਰਤ ਕਮਾਈ ਛੱਡ ਦਿੱਤੀ ਹੈ। ਵਿਹਲੜ ਰਹਿਣ ਦਾ ਸੁਭਾਅ ਅਪਨਾ ਲਿਆ ਹੈ। ਦੋ ਗੱਲਾਂ ਮੇਰੇ ਜੀਵਨ ਵਿੱਚ ਆ ਗਈਆਂ ਹਨ --- ਪਰਮਾਤਮਾ ਦੀਆਂ ਦਾਤਾਂ ਦੀ ਕਦਰ ਨਾ ਜਾਣਨੀ ਤੇ ਦੂਸਰੇ ਦੀ ਕਮਾਈ ਤੇ ਪਲਣਾ। ਰੋਜ਼ਮਰਾ ਦੀ ਜ਼ਿੰਦਗੀ ਏਹੋ ਜੇਹੀ ਹੋ ਜਾਏ, ਫਿਰ ਕਿਹੜਾ ਮੂੰਹ ਲੈ ਕੇ ਪਰਮਾਤਮਾ ਦੇ ਦਰ ਤੇ ਜਾਂਏਂਗਾ? ਇਹ ਦੋਸ਼ ਮੇਰੇ ਤੇ ਲੱਗ ਗਏ ਕਿ ਮੈਂ ਦੁਸ਼ਟ ਹਾਂ; ਚੋਰ ਹਾਂ। ਸਾਰੀ ਤੁਕ ਦੇ ਅਰਥ ਇਸ ਪਰਕਾਰ ਹਨ – ਹੇ ਮੇਰੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਦਾ ਹਾਂ, ਮੈਂ ਵਿਕਾਰੀ ਹਾਂ, ਮੈਂ ਤੇਰਾ ਚੋਰ ਹਾਂ। ਮੈਂ ਤੇਰੇ ਸਾਹਮਣੇ ਕਿਸ ਮੂੰਹ ਨਾਲ ਹਾਜ਼ਰ ਹੋਵਾਂਗਾ। ਮੰਦ—ਕਰਮੀ ਨਾਨਕ ਏਹੀ ਗੱਲ ਆਖਦਾ ਹੈ ਕਿ ਹੇ ਕਰਤਾਰ! ਮੈਂ ਤਾਂ ਸਾਂਹਸੀਆਂ ਵਾਲੇ ਰੂਪ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ। ਸੋ ਸਾਨੂੰ ਗੁਰੂ ਸਾਹਿਬ ਜੀ ਦੀ ਨਸੀਹਤ ਮਨੋ ਗ੍ਰਹਿਣ ਕਰਨੀ ਚਾਹੀਦੀ ਹੈ ਤੇ ਅੰਦਰਲ਼ੀ ਮੰਦ ਬਿਰਤੀ ਦਾ ਸਦਾ ਲਈ ਤਿਆਗ ਕਰਨਾ ਚਾਹੀਦਾ ਹੈ।




.