.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 02)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਇਸੇ ਲਈ ਵੱਡੀ ਲੋੜ ਭਾਸੀ ਹੈ ਕਿ ਹੱਥਲੇ ਵਿਸ਼ੇ ਨੂੰ ਨਿਰਪੱਖ ਤੌਰ ਤੇ ਸੰਗਤਾਂ ਸਾਹਮਣੇ ਲਿਆਉਣ ਲਈ, ਇਸ ਸੰਬੰਧ ‘ਚ, ਬੇਸ਼ਕ ਅਣਜਾਣੇ ‘ਚ ਹੋ ਰਹੀ ਸ਼ਬਦਾਂ ਦੀ ਕੁਵਰਤੋਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਵਿਸ਼ੇਸ਼ ਧਿਆਨ ਦਿਤਾ ਜਾਵੇ। ਇਹੀ ਇਕ ਤਰੀਕਾ ਹੈ ਤਾਕਿ ਇਸ ਜਿਲ੍ਹਣ ਚੋਂ ਜਲਦੀ ਨਿਕਲ ਸਕੀਏ। ਚੇਤਾ ਰਹੇ! ਹਰੇਕ ਉਲਝੇ ਹੋਏ ਵਿਸ਼ੇ ਤੇ ਨਿਰਣਾ ਕੇਵਲ ਗੁਰੂ-ਗੁਰਬਾਣੀ ਨੇ ਕਰਨਾ ਹੈ ਨਾ ਕਿ ਅਸਾਂ। ਇਸ ਲਈ ਅਪਣਾ ਬਣਿਆ-ਬਣਾਇਆ ਕੋਈ ਫ਼ੈਸਲਾ ਸੰਗਤਾਂ ਉਪਰ ਥੋਪਣਾ ਹੀ ਖਿਚਾਤਾਣੀਆਂ ਲਈ ਖੁੱਲਾ ਰਸਤਾ ਬਣਦਾ ਹੈ। ਗਹਿਰਾਈ ਤੋਂ ਦੇਖਿਆ ਪਤਾ ਲਗ ਜਾਂਦਾ ਹੈ ਕਿ ਬਹੁਤਾ ਕਰਕੇ ਅਜ ਅਸੀ ਇਸੇ ਹੱਠ-ਧਰਮੀ ਦਾ ਸੰਤਾਪ ਭੋਗ ਰਹੇ ਹਾਂ। ਫ਼ੁਰਮਾਣ ਹੈ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ:੪੧੭)। ਕੌੜਾ ਸੱਚ ਇਹ ਵੀ ਹੈ ਕਿ ਵਿਦੇਸ਼ਾਂ ‘ਚ ਬੈਠੇ ਜਦੋਂ ਹੱਥਲੇ ਵਿਸ਼ੇ ਉਪਰ ਲਿਖਿਆ ਜਾ ਰਿਹਾ ਹੈ ਤਾਂ ਹਾਲਤ ਇਹ ਹੈ ਕਿ ਸੰਗਤਾਂ ਦਾ ਅਧੇ ਤੋਂ ਵੱਧ ਹਿੱਸਾ ਸਿਧੇ ਤੌਰ ਤੇ ਪਤਿੱਤ ਹੋਇਆ ਪਿਆ ਹੈ। ਇਸਤੋਂ ਇਲਾਵਾ ਜਿਹੜੇ ਗੁਰੂ ਕੇ ਲਾਲ ਸਰੂਪ ‘ਚ ਨਜ਼ਰ ਆ ਰਹੇ ਹਨ, ਨਜ਼ਦੀਕ ਜਾਵੋ ਤਾਂ ਉਨ੍ਹਾਂ ਅੰਦਰ ਵੀ ਸਿੱਖੀ ਜੀਵਨ ਤੇ ਸੋਝੀ ਨਜ਼ਰ ਨਹੀਂ ਆ ਰਹੀ। ਜਿਸ ਸਿੱਖ ਨੇ ਸਾਰੇ ਸੰਸਾਰ ਦੀ ਸਰਦਾਰੀ ਕਰਨੀ ਸੀ ਅਜ ਖੁੱਦ ਹੀ ਅਲੋਪ ਹੋਣ ਦੀ ਕਗ਼ਾਰ ਤੇ ਪੁੱਜ ਚੁਕਾ ਹੈ। ਕਿੱਧਰੇ ਅਜੇਹਾ ਨਾ ਹੋਵੇ ਕਿ ਜਾਣੇ-ਅਣਜਾਣੇ ਜੋ ਅਜ ਗੁਰਬਾਣੀ ਦੀ ਜੋ ਦਿਨ-ਰਾਤ ਬੇਅਦਬੀ ਕਰ ਰਹੇ ਹਾਂ, ਕਰਤੇ ਵਲੋਂ ਕਿਸੇ ਅਜੇਹੀ ਗ਼ੈਬੀ ਸਜ਼ਾ ਦੇ ਜ਼ਿਮੇਵਾਰ ਨਾ ਬਣ ਰਹੇ ਹੋਵੀਏ ਕਿਉਂਕਿ ਗੁਰਬਣੀ ਦਾ ਫ਼ਰੁਮਾਣ ਹੈ:

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ”(ਪੰ:੩੬੦) ਜਾਂ

“ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥ ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥

ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥

ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ” (ਪੰ:੩੧੪) ਹੋਰ ਲਵੋ

“ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥

ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ” (ਪੰ:੬੫੧) ਇਸ ਤੋਂ ਪਹਿਲਾਂ ਕਿ ਅਕਾਲਪੁਰਖੁ ਦੀ ਕੋਈ ਗ਼ੈਬੀ ਖੇਡ ਵਰਤ ਜਾਵੇ ਸਾਨੂੰ ਇਸ ਬਿਨਾ ਦੇਰ ਸੰਭਲਣ ਦੀ ਲੋੜ ਹੈ।

ਗੁਰੂ ਕਾ ਪੰਥ ਅਤੇ ਪੰਥਕ ਵਿਦਵਾਨਾਂ ਦਾ ਸਤਿਕਾਰ- ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਪੰਥ ਅੰਦਰ ਜੋ ਵਿਦਵਾਨ ਜਾਂ ਮਹਾਪੁਰਖ ਉਭਰਦਾ ਹੈ, ਕਾਰਣ ਹੁੰਦਾ ਹੈ, ਉਸਦੀ ਕਿਸੇ ਨਾ ਕਿਸੇ ਪੱਖ ਤੋਂ ਪੰਥ ਨੂੰ ਕੁਝ ਦੇਣ ਅਵੱਸ਼ ਹੁੰਦੀ ਹੈ। ਇਹੀ ਕਾਰਣ ਹੈ ਕਿ ਪੰਥ ਦਾ ਹਰੇਕ ਵਿਦਵਾਨ ਸਤਿਕਾਰਜੋਗ ਹੁੰਦਾ ਹੈ। ਇਸਦੇ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਦਰਜਾ-ਬਦਰਜਾ ਸਾਰੇ ਵਿਦਵਾਨਾਂ ਦਾ ਸਤਿਕਾਰ ਕਰੀਏ। ਦੇਖਿਆ ਜਾਵੇ ਇਸ ਪੱਖੋਂ ਵੀ ਸਾਡੇ ਵਲੋਂ ਦੋ ਤਰ੍ਹਾਂ ਦੀਆਂ ਕੋਤਾਹੀਆਂ ਹੋ ਰਹੀਆਂ ਹਨ ਜੋ ਸਮੂਚੇ ਤੌਰ ਤੇ ਪੰਥਕ ਪੱਧਰ ਤੇ ਨੁਕਸਾਨਦੇਹ ਹਨ ਅਤੇ ਉਨ੍ਹਾਂ ਕੋਤਾਹੀਆ ਕਾਰਣ ਪੰਥਕ ਪੱਧਰ ਤੇ ਨੁਕਸਾਨ ਵੀ ਬਹੁਤ ਉਠਾ ਰਹੇ ਹਾਂ। ਪਹਿਲੀ- ਕਿ ਜਦੋਂ ਅਸੀਂ ਕਿਸੇ ਇਕ ਵਿਦਵਾਨ ਦਾ ਸਤਿਕਾਰ ਕਰਦੇ ਹਾਂ ਤਾਂ ਬਦਲੇ ‘ਚ ਸਾਡੀ ਦੌੜ ਹੁੰਦੀ ਹੈ ਦੂਜੇ ਵਿਦਵਾਨਾਂ ਨੂੰ ਨਿੰਦਣਾ ਜਾਂ ਉਸ ਨਾਲੋਂ ਨੀਵਾਂ ਦਿਖਾਉਣ ਦਾ ਜੱਤਣ ਕਰਨਾ। ਦੂਜਾ- ਸਾਡੇ ਵਲੋਂ ਇਹ ਕੋਤਾਹੀ ਵੀ ਹੋ ਰਹੀ ਹੈ ਕਿ ਜਿਸ ਵਿਦਵਾਨ ਦਾ ਸਾਡੇ ਮਨ ‘ਚ ਸਤਿਕਾਰ ਹੁੰਦਾ ਹੈ ਤਾਂ ਅਮੁਕੇ ਵਿਦਵਾਨ ਨੂੰ ਅਸੀਂ ਅਪਣੀ ਬੋਲੀ ਵਿਹਾਰ ‘ਚ ਇਨਾ ਉਚਾ ਚੁੱਕ ਦੇਂਦੇ ਹਾਂ ਜਿਵੇਂ ਉਹ ਜੋ ਕੁਝ ਕਰ ਗਿਆ/ਕਹਿ ਗਿਆ ਜਾਂ ਕਰ-ਕਹਿ ਰਿਹਾ ਹੈ, ਬਸ ਉਹੀ ਅਭੁੱਲ ਹੈ ਫ਼ਿਰ ਭਾਵੇਂ ਗੁਰਬਾਣੀ ਦਾ ਨਿਰਣਾ ਉਸ ਪੱਖ ਤੇ ਕੁਝ ਵੀ ਕਿਉਂ ਨਾ ਹੋਵੇ। ਸਾਨੂੰ ਚੇਤਾ ਰਖਣਾ ਚਾਹੀਦਾ ਹੈ ਕਿ ਹਰੇਕ ਵਿਦਵਾਨ ਚਾਹੇ ਕਿੰਨਾ ਵੀ ਉਚ-ਕੋਟੀ ਦਾ ਕਿਉਂ ਨਾ ਹੋਵੇ ਅਖਿਰ ਉਹ ਵਿਦਵਾਨ ਹੈ, ਉਹ ‘ਗੁਰੂ-ਗੁਰਬਾਣੀ ਜਾਂ ਅਕਾਲਪੁਰਖ ਨਹੀਂ ਅਤੇ ਮਨੁੱਖ ਹੋਣ ਦੇ ਉਹ ਕਈ ਪਖਾਂ ਉਹ ਭੁੱਲਣਹਾਰ ਵੀ ਹੈ।

ਜੇਕਰ ਅਸੀ ਇਸ ਰੱਬੀ ਸੱਚਾਈ ਨੂੰ ਕਿਸੇ ਵੀ ਵਿਦਵਾਨ ਪ੍ਰਤੀ ਅਪਣੇ ਜੀਵਨ ਦਾ ਆਧਾਰ ਬਣਾਕੇ ਚਲਾਂਗੇ ਤਾਂ ਯਕੀਨਣ ਵੱਧ ਜਾਂ ਘੱਟ, ਸਾਡੇ ਸਾਰੇ ਹੀ ਵਿਦਵਾਨ, ਸਾਨੂੰ ਸਤਿਕਾਰਜੋਗ ਦਿਸਣਗੇ ਅਤੇ ਪੰਥ ਵੀ ਚੜ੍ਹਦੀਆਂ ਕਲਾ ‘ਚ ਜਾਵੇਗਾ। ਇਸ ਆਧਾਰ ਤੇ ਅਸੀਂ ਦੋਹਰਾ ਦੇਣਾ ਚਾਹੁੰਦੇ ਹਾਂ ਕਿ ਸਾਡੀ ਹੱਥਲੀ ਲਿਖਤ ਦਾ ਆਧਾਰ ਵੀ ਸੱਚਾਈ ਨੂੰ ਉਜਾਗਰ ਕਰਨਾ ਹੈ, ਨਿਰਣਾ ਦੇਣਾ ਜਾਂ ਕਿਸੇ ਪੰਥਕ ਵਿਦਵਾਨ ਦੇ ਸਤਿਕਾਰ ‘ਚ ਗੁੱਸਤਾਖੀ ਕਰਨਾ ਨਹੀਂ। ਇਸਦੇ ਉਲਟ ਅਜ ਸਾਡੀ ਹਾਲਤ ਇਹ ਬਣੀ ਪਈ ਹੈ ਕਿ ਇਕ ਵਿਦਵਾਨ ‘ਤੇ ਮਹਾਪੁਰਸ਼ ਨੂੰ ਦੂਜਾ ਕੱਟ ਰਿਹਾ ਹੈ, ਉਸੇ ਦਾ ਸੰਤਾਪ ਹੈ ਕਿ ਅਜ ਗੁਰੂ ਕੀ ਸੰਗਤ ਵੀ ਕਿੰਨੇ ਹੀ ਟੁੱਕੜਿਆਂ ‘ਚ ਵੰਡੀ ਪਈ ਹੈ। ਅਜੇਹੇ ਵਾਤਾਵਰਣ ਪੈਦਾ ਕੀਤਾ ਜਾ ਚੁੱਕਾ ਹੈ, ਜਿਵੇਂ ਕਿ ਭਾਈ ਗੁਰਦਾਸ ਜਾਂ ਭਾਈ ਮਨੀ ਸਿੰਘ ਜੀ ਤੋਂ ਬਿਨਾ ਨਾ ਤਾਂ ਕੌਮ ‘ਚ ਕੋਈ ਵਿਦਵਾਨ ਪੈਦਾ ਹੋਇਆ ਹੈ ਅਤੇ ਨਾ ਹੀ ਕਏ ਹੋ ਸਕੇਗਾ। ਕਿਉਂਕਿ ਅਗੋਂ ਜਿਹੜੇ ਵਿਦਵਾਨ ਪੈਦਾ ਹੋ ਰਹੇ ਹਨ ਉਹ ਹੁਣ ਕੌਮ ਦੇ ਨਹੀਂ ਬਲਕਿ ਵਿਸ਼ੇਸ਼ ਫਿਰਕਿਆਂ ਦੇ ਪੈਦਾ ਹੋ ਰਹੇ ਹਨ। ਇਸਤੋਂ ਵੀ ਖਤਰਨਾਕ ਰੁਝਾਣ ਜੋ ਲਗਭਗ ਪੰਥ ਅੰਦਰ ਅਪਣੀਆਂ ਜੜ੍ਹਾਂ ਜਮਾ ਚੁੱਕਾ ਹੈ ਕਿ ਅਣ-ਅਧੀਕਾਰੀ ਗੁਰਦੁਆਰਾ ਪ੍ਰਬੰਧਕਾਂ ਦੀ ਮੇਹਰਬਾਨੀ ਨਾਲ, ਜੋ ਪਰਲੇ ਦਰਜੇ ਦਾ ਚਾਪਲੂਸ ਲਿਖਾਰੀ, ਵਿਦਵਾਨ ਜਾਂ ਬੁਲਾਰਾ ਹੈ ਉਸਦੀ ਤੂਤੀ ਬੋਲ ਰਹੀ ਹੈ ਅਤੇ ਇਸ ਪਖੋਂ ਯੋਗ ਲੋਕਾਂ ਦੀ ਸਿਰੀ, ਸਿਰ ਚੁੱਕਦੇ ਹੀ ਦਬਾ ਦਿਤੀ ਜਾਂਦੀ ਹੈ। ਇਸਤੋਂ ਬਾਦ ਸਾਡੀ ਕੌਮ ਅੰਦਰ ਅਜ ਇਹ ਸ਼ਬਦਾਵਲੀ ਵੀ ਸ਼ਿਖਰਾਂ ਨੂੰ ਛੂ ਰਹੀ ਹੈ “ਛਡੋ ਜੀ! ਤੁਹਾਨੂੰ ਬਹੁਤਾ ਪਤਾ ਏ, ਸਾਡੇ ਸੰਤ ਜੀ .. ਮਹਾਪੁਰਸ਼ਾਂ… ਮਹਾਰਾਜ ਜੀ ਤੋਂ ਵੱਧ ਗੁਰੂ ਸਾਹਿਬ ਨੂੰ ਹੋਰ ਕੌਣ ਜਾਣਦਾ ਏ” ਹਿਸਾਬ ਲਾ ਲਵੋ ਸਾਡੀ ਅਜੇਹੀ ਸ਼ਬਦਾਵਲੀ ਅਜ ਸਾਨੂੰ ਕਿੱਥੇ ਲਿਆਕੇ ਖੜਾ ਕਰ ਰਹੀ ਹੈ। ਇਸਦਾ ਸਿੱਧਾ ਅਰਥ ਹੈ ਕਿ ਜੋ ਅਮੁੱਕੇ ਸਾਧ … ਸੰਤ, ਮਹਾਰਾਜ ਜੀ ਜਾਂ ਭਾਈ ਸਾਹਿਬ ਆਦਿ ਨੇ ਕਹੀ ਜਾਂ ਅਸਾਂ ਉਨ੍ਹਾਂ ਦੀ ਕਹੀ ਸਮਝ ਲਈ ਫ਼ਿਰ ਉਹ ਗਲ ਭਾਵੇਂ ਕਿੰਨੀ ਵੀ ਗੁਰਬਾਣੀ ਆਸ਼ੇ-ਸਿਧਾਂਤ-ਜੀਵਂ ਅਤੇ ਸੇਧ ਦੇ ਵਿਰੁਧ ਕਿਉਂ ਨਾ ਹੋਵੇ; ਪਰ ਅਸਾਂ ਉਸ ਵਿਰੁਧ ਕੰਨ ਵੀ ਨਹੀਂ ਧਰਨਾ।

ਇਸਦੇ ਉਲਟ ਲੋੜ ਇਸ ਗਲ ਦੀ ਹੈ ਕਿ ਸਾਡੀ ਸੋਚਣੀ ਦਾ ਮਾਪਦੰਡ ਇਹ ਹੋਵੇ ਕਿ ਜਦੋਂ ਵੀ ‘ਤੇ ਜਿਥੋਂ ਵੀ ਸਾਨੂੰ ਸਮਝ ਆਵੇ ਕਿ ਸਾਡੀ ਅਮੁੱਕੀ ਸੋਚਣੀ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਤਾਂ ਅਸੀਂ ਉਸ ਬਾਰੇ ਬਿਲਕੁਲ ਸੁਚੇਤ ਹੋ ਜਾਵੀਏ ਕਿਉਂਕਿ ਅਭੁੱਲ ਕੇਵਲ ਗੁਰੂ-ਗੁਰਬਾਣੀ ਜਾਂ ਅਕਾਲਪੁਰਖ ਹੀ ਹੈ। ਮਨੁੱਖ ਕਦੇ ਅਭੁੱਲ਼ ਨਹੀਂ ਹੁੰਦਾ ਫ਼ਿਰ ਭਾਵੇਂ ਉਹ ਕਿਸੇ ਵੀ ਪੱਧਰ ਦਾ ਕਿਉਂ ਨਾ ਹੋਵੇ। ਇਥੋਂ ਤੀਕ ਕਿ ਕਈ ਵਾਰੀ ਜਦੋਂ ਇਹ ਭਾਵਨਾ ਜਾਂ ਸੋਚ ਕਿਸੇ ਵਿਦਵਾਨ ਦੀ ਲਿਖਤ ਜਾਂ ਉਚਾਰਣ ‘ਚ ਆਈ ਹੋਵੇ ਅਤੇ ਕਿਸੇ ਵਿਸ਼ੇਸ਼ ਵਿਸ਼ੇ ਉਪਰ ਉਹ ਅਪਣੇ-ਆਪ ਨੂੰ ਹੀ ਅਪਰੰਪਾਰ (Final Authority) ਸਮਝ ਰਿਹਾ ਹੋਵੇ ਤਾਂ ਇਸਨੂੰ ਅਜੇਹੇ ਵਿਦਵਾਨ ਦਾ ਹਉਮੈ-ਹੰਕਾਰ ਜਾਂ ਉਸਦਾ ਮਾਨਸਿਕ ਵਿਕਾਰ ਅਤੇ ਪੰਥ ਲਈ ਅਧੋਗਤੀ ਦਾ ਕਾਰਣ ਹੀ ਕਿਹਾ ਜਾ ਸਕਦਾ ਹੈ। ਇਸੇ ਹੀ ਗਿਰਾਵਟ ਦਾ ਨਤੀਜਾ ਹੈ ਕਿ ਅਜ ਪੰਥ ਦੇ ਕੇਵਲ ਵਿਦਵਾਨ ਹੀ ਨਹੀਂ ਬਲਕਿ ਸ਼ਹੀਦ ਅਤੇ ਹੋਰ ਪੰਥਕ ਹੱਸਤੀਆਂ ਵੀ ਵੰਡੀਆਂ ਜਾ ਚੁਕੀਆਂ ਹਨ ਅਤੇ ਪੰਥ ਖੇਰੂੰ-ਖੇਰੂੰ ਹੋਇਆ ਪਿਆ ਹੈ। ਯਕੀਨਣ ਜੇਕਰ ਅਜ ਅਸੀਂ ਇਸ ਪੰਥਕ ਦੁਖਾਂਤ ਨੂੰ ਹੀ ਸਮਝ ਲਵੀਏ ਤਾਂ ਵੀ ਪੰਥ ਦੀ ਵਿਗੜੀ ਨੂੰ ਸੰਭਾਲਣ ‘ਚ ਬਹੁਤ ਮਦਦ ਮਿਲ ਜਾਵੇਗੀ। ਚੇਤੇ ਰਹੇ! ਅਸੀਂ ਸਾਰੇ ਹੀ ਜੁਗੋ-ਜੁਗ ਅਟੱਲ ਗੁਰੂ-‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਿੱਖ ਹਾਂ। ਤਾਂਤੇ ਜ਼ਰੂਰੀ ਹੈ ਕਿ ਸਾਡੀ ਸਾਰਿਆਂ ਦੀ ਵਿਚਾਰਧਾਰਾ ਅਤੇ ਰਹਿਣੀ ਵੀ ਇਕੋ ਹੋਏ ਪਰ ਅਜ ਤਾਂ ਸਾਡੇ ਵਿੱਚਕਾਰ ਸ਼ੰਕੇ-ਸੁਆਲ ਕੱਦਮ ਕੱਦਮ ਤੇ ਮੂੰਹ ਪਾੜੀ ਖਲੋਤੇ ਹਨ ਜੋ ਸਬੂਤ ਹਨ ਕਿ ਸਾਡੇ ਅੰਦਰ ਕਿੱਧਰੇ ਨੁੱਕਸ ਜ਼ਰੂਰ ਆ ਚੁੱਕਾ ਹੈ।

ਗੁਰੂਦਰ ਤੇ ਭੋਜਨ ਦਾ ਸਿਧਾਂਤ- ਗੁਰਸਿੱਖ ਸੰਗਤਾਂ ਦੇ ਆਹਾਰ ਅਤੇ ਭੋਜਨ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ: “ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ” (ਮ:੧ ਪੰ:੧੬)।

ਇਥੇ ਗੁਰਦੇਵ ਫ਼ੁਰਮਾਉਂਦੇ ਹਨ “ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ ‘ਚ (ਕਈ ਤਰ੍ਹਾਂ ਦੇ) ਵਿਕਾਰ (ਮੰਦੇ ਖਿਆਲ) ਤੁਰ ਪੈਂਦੇ ਹਨ, ਉਨ੍ਹਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ”। ਧਿਆਨ ਦੇਣ ਦੀ ਗਲ ਇਹ ਹੈ ਕਿ ਇਥੇ ਗੁਰਦੇਵ ਨੇ ਭੋਜਨ ਦੇ ਛੱਕਣ ਬਾਰੇ ਸੇਧ ਅਤੇ ਸਿਧਾਂਤ ਬਖਸ਼ਿਆ ਹੈ। ਠੀਕ ਇਸੇਤਰ੍ਹਾਂ ਜਿਵੇਂ ਜਦੋਂ ਅਸੀਂ ਕਿਸੇ ਕਾਰਣ ਸਰੀਰਕ ਰੋਗ ਦਾ ਸ਼ਿਕਾਰ ਹੁੰਦੇ ਹਾਂ ਤਾਂ ਡਾਕਟਰ ਵਲੋਂ ਕਦੇ ਵੀ ਹਰੇਕ ਬਿਮਾਰ ਲਈ ਖਾਣ-ਪਾਣ ਬਾਰੇ ਇਕੋ ਨੀਯਮ ਜਾਂ ਚਾਰਟ ਨਹੀਂ ਹੁੰਦਾ। ਬਲਕਿ ਸਮੇਂ ਸੇਹਤ ਅਤੇ ਬਿਮਾਰੀ ਮੁਤਾਬਕ, ਡਾਕਟਰ ਵਲੋਂ ਹਰੇਕ ਮਰੀਜ਼ ਲਈ ਸਲਾਹ ਵੀ ਭਿੰਨ ਭਿੰਨ ਹੁੰਦੀ ਹੈ। ਇਕੋ ਹੀ ਮਰੀਜ਼ ਅਤੇ ਇਕੋ ਹੀ ਬਿਮਾਰੀ ਦੋਹਰਾਨ ਵੀ ਉਸਦੀ ਖੁਰਾਕ ‘ਚ ਕਈ ਵਾਰੀ ਤੱਬਦੀਲੀ ਕਰਨੀ ਪੈਂਦੀ ਹੈ। ਇਥੇ ਤਾਂ ਸੁਆਲ ਇਸ ਤੋਂ ਵੀ ਬਹੁਤ ਅਗੇ ਹੈ। ਇਥੇ ਗੁਰੂ-ਡਾਕਟਰ ਨੇ ਸਾਨੂੰ ਉਨ੍ਹਾ ਆਤਮਕ ਅਤੇ ਸਰੀਰਕ ਦੋਵੇਂ ਤਰ੍ਹਾਂ ਦੇ ਰੋਗਾਂ ਤੋਂ ਬਚਾਉਣਾ ਹੈ ਜਿੱਥੇ ਸੰਸਾਰਕ ਡਾਕਟਰ ਪੁੱਜ ਵੀ ਨਹੀਂ ਸਕਦਾ। ਇਸ ਲਈ ਇਹ ਕੰਮ ਤਾਂ ਸੰਸਾਰੀ ਡਾਕਟਰਾਂ ਦੇ ਵੱਸ ਦਾ ਹੈ ਵੀ ਨਹੀਂ। ਇਥੇ ਕਿਸੇ ਇਕਲੇ ਮਨੁੱਖ ਜਾਂ ਮਰੀਜ਼ ਦੀ ਗਲ ਵੀ ਨਹੀਂ, ਇਥੇ ਤਾਂ ਸਮੇਂ, ਸਥਾਨ, ਸੰਗਤ ਅਨੁਸਾਰ ਜੀਵਨ ਭਰ ਤਬਦੀਲੀਆਂ ਦੀ ਲੋੜ ਹੁੰਦੀ ਹੈ ਅਤੇ ਮਨੁੱਖ-ਮਨੁੱਖ ਦੇ ਸੁਭਾਅ ਨਾਲ ਵੀ ਫ਼ਰਕ ਪਵੇਗਾ। ਤਾਂਤੇ ਇਥੇ ਉਹੀ ਸਿਧਾਂਤ ਬਖਸ਼ਿਆ ਹੈ ਜੋ ਮੂਲ, ਸਦੀਵੀ ਅਤੇ ਸਰਬਪੱਖੀ ਹੈ ਨਾ ਕਿ ਕੁਝ ਬੰਦਿਆਂ ਜਾਂ ਕਿਸੇ ਇਲਾਕੇ ਵਿਸ਼ੇਸ਼ ਲਈ।

ਹੋਰ ਤਾਂ ਹੋਰ, ਸ਼ਥਦ ਦੇ ਰਹਾਓ ਵਾਲੇ ਬੰਦ ‘ਚ ਗਲ ਵਿਕਾਰਾਂ ਦੀ ਹੈ। ਇਸ ਪੂਰੇ ਸ਼ਬਦ ‘ਚ ਕੇਵਲ ਸਰੀਰਕ ਭੋਜਨ ਦੀ ਗਲ ਵੀ ਨਹੀਂ ਬਲਕਿ ਮਾਨਸਕ ਭੋਜਨ ਦੀ ਵੀ ਸੇਧ ਹੈ। ਫ਼ਿਰ ਇਸੇ ਹੀ ਸ਼ਬਦ ਰਾਹੀਂ ਮਨ ਨੂੰ ਵਿਕਾਰਾਂ ਤੋਂ ਬਚਾਉਣ ਲਈ ਸਰੀਰ ਦੇ ਪਹਿਰਾਵੇ, ਸੁਆਰੀ, ਸ਼ਸਤ੍ਰਾਂ ਦੀ ਵਰਤੋਂ ਦੀ ਸੇਧ ਵੀ ਦਿੱਤੀ ਹੈ ਜਿਵੇ:

“ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ …”

“ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ…”

“ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ” (ਪੰ:੧੬)

ਇਸਲਈ ਇਸ ਸ਼ਬਦ ‘ਚ ਇਸ ਪਖੋਂ ਪ੍ਰਵਾਰਕ ਜ਼ਿਮੇਵਾਰੀਆਂ, ਸਰੀਰਕ ਆਰਾਮ, ਨਿੰਦਰਾ ਆਦਿ ਦੇ ਪਖੋਂ ਵੀ ਗਲ ਸਮਝਾਈ ਹੈ। ਇਸ ਸ਼ਬਦ ਰਾਹੀਂ ਤਾਂ ਸਮੁਚੇ ਤੌਰ ਤੇ ਸੁਚੇਤ ਕੀਤਾ ਹੈ ਕਿ ਮਨੁੱਖਾ ਜੀਵਨ ਦੀ ਤੱਬਾਹੀ ਅਤੇ ਅਸਫ਼ਲਤਾ, ਮਨੁੱਖ ਰਾਹੀਂ ਅਪਣੇ ਮਨੁੱਖਾ ਜੀਵਨ ਦੀਆਂ ਮੌਲਿਕ ਲੋੜਾਂ ਬਾਰੇ ਅਚੇਤ ਰਹਿਣ ਕਾਰਣ ਹਨ। ਇਸੇ ਦਾ ਨਤੀਜਾ ਹੁੰਦਾ ਹੈ ਕਿ ਜਦੋਂ ਚੰਗਾ ਭਲਾ ਮਨੁੱਖ ਵੀ ਚੋਰ, ਡਾਕੂ, ਕਾਤਿਲ, ਵਿੱਭਚਾਰੀ, ਠੱਗ, ਜ਼ਾਲਮ, ਮੋਹ ਮਾਇਆ ‘ਚ ਖੱਚਤ ਅਤੇ ਅਜੇਹੇ ਬੇਅੰਤ ਮਾਨਸਕ-ਸਰੀਰਕ ਰੋਗਾਂ ‘ਚ ਗ੍ਰਸਿਆ, ਅਪਣਾ ਜੀਵਨ ਤੱਬਾਹ ਕਰਕੇ ਸੰਸਾਰ ਤੋਂ ਚਲਾ ਜਾਂਦਾ ਹੈ। ਇਥੇ ਇਸ ਸ਼ਬਦ ਬਾਰੇ ਕੁਝ ਵੇਰਵਾ ਦੇਣ ਦੀ ਲੋੜ ਇਸ ਲਈ ਪਈ ਕਿ ਸਾਡੇ ਸਤਿਕਾਰਜੋਗ ‘ਮਾਸ ਵਿਰੋਧੀ’ ਸੱਜਣਾ ਨੇ ਇਸ ਸ਼ਬਦ ਨੂੰ ਉਚੇਚੇ ਤੌਰ ਤੇ ਮਾਸ ਖਾਣ ਵਿਰੁਧ ਲਿਆ ਹੈ ਜਦਕਿ ਇਥੇ ਪੂਰੇ ਸ਼ਬਦ ‘ਚ ਮਾਸ ਦਾ ਇਸ਼ਾਰੇ ਮਾਤ੍ਰ ਵੀ ਕਿੱਧਰੇ ਜ਼ਿਕਰ ਨਹੀ ਬਲਕਿ ਗਲ ਸਿਧਾਂਤ ਦੀ ਹੀ ਹੈ।

ਇਥੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਸਾਡੇ ਸਰੀਰਕ ਅਤੇ ਮਾਨਸਕ ਰੋਗਾਂ ਦਾ ਕਾਰਣ, ਕੇਵਲ ਸਰੀਰਕ ਭੋਜਨ ਨਹੀਂ, ਇਸ ‘ਚ ਸਾਡੇ ਮਨੁੱਖਾ ਜੀਵਨ ਦੇ ਹੋਰ ਵੀ ਕਈ ਪਹਿਲੂ ਆਉਂਦੇ ਹਨ। ਹੋਰ ਤਾਂ ਹੋਰ ਗੁਰਬਾਣੀ ਅੰਦਰ ਕੇਵਲ ਇਹੀ ਸ਼ਬਦ ਨਹੀਂ, ਸਰੀਰਕ ਭੋਜਨ ਅਤੇ ਸਰੀਰਕ ਆਰਾਮ ਆਦਿ ਲਈ ਬਹੁਤ ਵਾਰੀ ਸੇਧ ਦਿੱਤੀ ਹੈ ਜਿਵੇਂ:

“ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ”(ਵਾਰ ਆ:ਪਉ:੭) ਅਤੇ

“ਅਲਪ ਅਹਾਰ ਸੁਲਪ ਸੀ ਨਿਦਰਾ” (ਪਾ:੧੦) ਹੋਰ ਲਵੋ

“ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ” (ਪੰ:੯੩੯)

ਬਲਕਿ ਇਥੇ ਤਾਂ ਇਹ ਸਿਧਾਂਤ ਵੀ ਬਖਸ਼ਿਆ ਹੈ ਕਿ ਦੇਣ ਵਾਲੇ ਦਾਤੇ ਨੂੰ ਵਿਸਾਰ ਕੇ ਕੁਝ ਵੀ ਖਾਣਾ-ਪਹਿਨਣਾ ਯੋਗ ਨਹੀਂ, ਧ੍ਰਿਗਾਕਾਰ ਹੈ ਜਿਵੇਂ:

“ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥

ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ” (ਪੰ:੧੬) ਅਤੇ

“ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ” (ਪੰ:੩੦੬)

ਜਾਂ “ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥

ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ” (ਪੰ:੪੭੩)

ਇਸੇਤਰ੍ਹਾਂ “ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥

ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ” (ਪੰ:੭੯੦)

ਵਿਚਾਰਨ ਦਾ ਵਿਸ਼ਾ ਇਹ ਵੀ ਹੈ ਕਿ ਗੁਰਬਾਣੀ ਅੰਦਰ ਹੋਰ ਵੀ ਕਈ ਥਾਵੇਂ ਭੋਜਨ ਬਾਰੇ ਸੇਧ ਦਿਤੀ ਹੈ ਪਰ ਭੋਜਨ ਸੰਬੰਧੀ ਕਿਹੜੇ ਪਦਾਰਥ ਪ੍ਰਵਾਣ ਹਨ ਅਤੇ ਕਿਹੜੇ ਨਹੀਂ ਖਾਣੇ, ਪਦਾਰਥਾਂ ਦੇ ਨਾਵਾਂ ਦਾ ਜ਼ਿਕਰ ਕਿੱਧਰੇ ਵੀ ਨਹੀਂ। ਇਥੋਂ ਤੀਕ ਕਿ ਜਦੋਂ ਸਰੀਰ ਅਤੇ ਮਨ ਨੂੰ ਨੁਕਸਾਨ ਦੇਣ ਵਾਲੇ ਭੋਜਨਾ ਦੀ ਗਲ ਕੀਤੀ ਤਾਂ ਉਥੇ ਵੀ ਮਾਸ ਨੂੰ ਮਾੜਾ ਜਾਂ ਅਜੋਗ ਭੋਜਨ ਕਹਿਕੇ ਨਹੀਂ ਵਰਜਿਆ ‘ਤੇ ਨਿੰਦਿਆ ਹੈ ਜਿਵੇਂ

“ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥

ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ” (ਪੰ:੧੩੩੧) ਜਾਂ

“ਮਨੁ ਮੈਲਾ ਹੈ ਦੂਜੈ ਭਾਇ ॥ ਮੈਲਾ ਚਉਕਾ ਮੈਲੈ ਥਾਇ ॥

ਮੈਲਾ ਖਾਇ ਫਿਰਿ ਮੈਲੁ ਵਧਾਏ, ਮਨਮੁਖ ਮੈਲੁ ਦੁਖੁ ਪਾਵਣਿਆ” (ਪੰ:੧੨੧)।

ਹੋਰ ਲਵੋ! ਵਿਸ਼ਾ ਭੋਜਨ ਦਾ ਹੀ ਹੈ ਫ਼ਿਰ ਜਦੋਂ ਅਸੀਂ ਕੇਵਲ ਸੁਆਦਾਂ ‘ਤੇ ਚਸਕਿਆਂ ਲਈ ਭੋਜਨ ਕਰਦੇ ਹਾਂ ਤਾਂ ਇਹ ਭੋਜਨ ਸਾਡੇ ਜੀਵਨ ਦੇ ਟਿਕਾਅ (ਸਹਿਜ ਅਵਸਥਾ) ਨੂੰ ਵਿਗਾੜਣ ਦਾ ਕਾਰਣ ਬਣਦੇ ਹਨ। ਇਸਦੇ ਨਾਲ ਸਰੀਰ ‘ਚ ਵੀ ਕਈ ਤਰ੍ਹਾਂ ਦੇ ਵਿਗਾੜ ‘ਤੇ ਰੋਗ ਪੈਦਾ ਕਰ ਦੇਦੇ ਹਨ। ਫ਼ੁਰਮਾਨ ਹੈ

“ਅਧਿਕ ਸੁਆਦ ਰੋਗ ਧਿਕਾਈ ਬਿਨੁ ਗੁਰ ਸਹਜੁ ਨ ਪਾਇਆ” (ਪੰ:੧੨੫੫)

ਜਾਂ “ਬਹੁ ਸਾਦਹੁ ਦੂਖੁ ਪਰਾਪਤਿ ਹੋਵੈ” (ਪੰ:੧੦੩੪) ਅਤੇ

“ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ” (ਪੰ:੮੫)

ਖੂਬੀ ਇਹ ਕਿ ਸਰੀਰਕ ਭੋਜਨ ਵਜੋਂ ਖਾਣ-ਪਾਣ ਬਾਰੇ ਵਿਰੋਧੀ ਪੱਖ ਪ੍ਰਗਟ ਕਰਨ ਵੇਲੇ ਵੀ ਗੁਰਦੇਵ ਨੇ ਕਿੱਧਰੇ ਮਾਸ ਨੂੰ ਭੋਜਨ ਦੇ ਤੌਰ ਤੇ ਨਾ ਹੀ ਨਿਂਦਿਆ ਹੈ ਅਤੇ ਨਾ ਹੀ ਕਟਿਆ ਹੈ। ਗੁਰਬਾਣੀ ਚੂੰਕਿ ਜੀਵਨ ਸੇਧ ਅਤੇ ਜੀਵਨ ਲਈ ਸਿਧਾਂਤ ਹਨ, ਇਹੀ ਕਾਰਣ ਹੈ ਕਿ ਗੁਰਬਾਣੀ ‘ਚ ਮਨੁੱਖੀ ਭੋਜਨ ਬਾਰੇ ਵੀ ਹਰ ਥਾਵੇਂ ਸਿਧਾਂਤਕ ਸੇਧ ਹੈ। ਇਥੇ ਇਸ ਗਲ ਨੂੰ ਸਪੱਸ਼ਟ ਕਰ ਦੇਣਾ ਵੀ ਜ਼ਰੂਰੀ ਹੈ ਕਿ ਸੰਪੂਰਣ ਗੁਰਬਾਣੀ ਰਚਨਾ ‘ਚ ਮਾਸ ਦਾ ਨਾਂ ਲੈਕੇ ਇਸਨੂੰ ਕਿੱਧਰੇ ਵੀ ਵਿਕਾਰੀ ਭੋਜਨ ਨਹੀਂ ਬਿਆਨਿਆ। ਜਿਵੇ ਕਿ ਸਾਡੇ ਮਾਸ ਵਿਰੋਧੀ ਸੱਜਣ ਮਾਸ ਬਾਰੇ ਇਸਨੂੰ ਬਦੋਬਦੀ ਅਤੇ ਹਰਸਮੇਂ ਵਿਕਾਰੀ ਭੋਜਨ ਪ੍ਰਚਾਰਦੇ ਹਨ। ਕੀ ਮਾਸ ਸੱਚਮੁਚ ਹੀ ਵਿਕਾਰੀ ਭੋਜਨ ਹੈ, ਵੇਰਵਾ ਅਗੇ ਜਾਕੇ ਆਵੇਗਾ? ਫ਼ਿਰ ਵੀ ਜੇਕਰ ਗੁਰਬਾਣੀ ਆਧਾਰ ਤੇ ਅਗਰ ਮਾਸ ਵਿਕਾਰੀ ਭੋਜਨ ਸਾਬਤ ਨਹੀਂ ਹੁੰਦਾ, ਜਿਵੇਂ ਕਿ ਅਸੀਂ ਅਗੇ ਜਾਕੇ ਦੇਖ ਵੀ ਲਵਾਂਗੇ। ਤਾਂ ਕੀ ਅਪਣੇ ਵਲੋ ਅਜੇਹਾ ਕੂੜ ਪ੍ਰਚਾਰ ਗੁਰਬਾਣੀ ਦੀ ਘੋਰ ਬੇਅਦਬੀ ਨਹੀਂ?

ਖਾਣਾ ਪੀਣਾ ਪਵਿਤ੍ਰü ਹੈ..”- ਗੁਰਬਾਣੀ ‘ਚ ਭੋਜਨ ਦੇ ਬਾਰੇ ਇਥੋਂ ਤੀਕ ਫ਼ੁਰਮਾਇਆ ਹੈ ਕਿ ਖਾਣਾ-ਪੀਣਾ ਹਰੇਕ ਜੀਵ ਦੀ ਲੋੜ ਅਤੇ ਕਰਤੇ ਦੀ ਰਚਨਾ ਦੇ ਅਟੱਲ ਨੀਯਮ ‘ਚ ਹੈ। ਫੁਰਮਾਣ ਹੈ:

ਖਾਣਾ ਪੀਣਾ ਪਵਿਤ੍ਰü ਹੈ ਦਿਤੋਨੁ ਰਿਜਕੁ ਸੰਬਾਹਿ”(ਪੰ:੪੭੨)

ਇਸ ਲਈ ਭੋਜਨ ਲਈ ਸੰਸਾਰਕ ਵਸਤਾਂ ਦੀ ਵਰਤੋਂ ਤਾਂ ਮਨੁੱਖ ਦੇ ਸੁਭਾਅ, ਸੇਹਤ ਅਤੇ ਸਰੀਰਾਂ ਦੀ ਲੋੜ ਅਨੁਸਾਰ ਹੋਣੀ ਹੈ ਜੋਕਿ ਸਮੇਂ-ਸਥਾਨ-ਸਰੀਰ, ਮੌਸਮ ਨਾਲ ਵੱਖ-ਵੱਖ ਤੇ ਬਦਲਵੀਂ ਲੋੜ ਹੁੰਦੀ ਹੈ। ਇਸਤਰ੍ਹਾਂ ਜਿਵੇਂ ਕਿ ਦੇਖ ਵੀ ਚੁਕੇ ਹਾਂ ਕਿ ਗੁਰਬਾਣੀ ਖਜ਼ਾਨੇ ‘ਚ ਭੋਜਨ ਅਤੇ ਮਨੁੱਖ ਦੇ ਖਾਣ ਪਾਣ ਬਾਰੇ ਅਨੇਕਾਂ ਪ੍ਰਮਾਣ ਮੌਜੂਦ ਹਨ। ਉਸਦੇ ਨਾਲ ਹੀ ਉਥੋਂ ਇਹ ਸੱਚਾਈ ਵੀ ਪ੍ਰਗਟ ਹੈ ਕਿ ਮਾਸ ਨੂੰ ਮਨੁੱਖੀ ਭੋਜਨ ਦੇ ਤੌਰ ਤੇ ਕਿੱਧਰੇ ਵੀ ਨਹੀਂ ਕਟਿਆ। ਇਹੀ ਨਹੀਂ। ਇਸ ਬਾਰੇ ਅਗੇ ਚਲਕੇ ਇਹਵੀ ਦੇਖਾਂਗੇ ਕਿ ਜੇਕਰ ਗੁਰਬਾਣੀ ‘ਚ ਵਿਰੋਧ ਕੀਤਾ ਵੀ ਹੈ ਤਾਂ ਮਾਸ ਦਾ ਨਹੀਂ ਬਲਕਿ ਮਾਸ ਦੇ ਹਲਾਲ ਵਾਲੇ ਢੰਗ ਦਾ ਭਰਵਾਂ ਵਿਰੋਧ ਕੀਤਾ ਹੈ। ਮਾਸ ਦਾ ਵਿਰੋਧ ਉਥੇ ਵੀ ਉਕਾ ਨਹੀਂ ਕੀਤਾ। ਜਾਂ ਫ਼ਿਰ ਕੁਝ ਵਸਤਾਂ ਜੋ ਮਨੁੱਖਾ ਸਰੀਰ ਲਈ ਮੂਲੋਂ ਹੀ ਹਾਨੀਕਾਰਕ ਹਨ ਜਿਵੇਂ ਸ਼ਰਾਬ, ਨਸ਼ੇ ਆਦਿ, ਉਨ੍ਹਾਂ ਦਾ ਵਿਰੋਧ ਕੀਤਾ ਹੈ ਅਤੇ ਗੁਰਬਾਣੀ ਨੇ ਉਨ੍ਹਾਂ ਵਸਤਾਂ ਨੂੰ ਪ੍ਰਵਾਣ ਨਹੀਂ ਕੀਤਾ। ਹੁਣ ਦੇਖੋ! ਠੀਕ ਸ਼ਰਾਬ-ਨਸ਼ੇ ਆਦਿ ਅਜੇਹੀਆਂ ਵਸਤਾਂ ਲਈ ਸਰੀਰਕ ਡਾਕਟਰ ਵੀ ਮਨ੍ਹਾਂ ਕਰਦੇ ਹਨ, ਮਾਸ ਦੇ ਲਈ ਉਹ ਵੀ ਮਨ੍ਹਾ ਨਹੀਂ ਕਰਦੇ।

ਮਾਸ ਅਤੇ ਪੰਥਕ ਰਹਿਤ ਮਰਿਯਾਦਾ- ਸਿੱਖ ਰਹਿਤ ਮਰਿਆਦਾ (ਸੰਨ ੧੯੪੫) ‘ਚ ਪੰਨਾ ੨੬ ਉਪਰ ‘ਅੰਮ੍ਰਿਤ ਸੰਚਾਰ’ ਅਧੀਨ ਚਾਰ ਬਜਰ ਕੁਰਿਹਤਾਂ ਦਾ ਜ਼ਿਕਰ ਹੈ। ਪੰਥਕ ਨਿਯਮਾਵਲੀ ਅਨੁਸਾਰ ਇਨ੍ਹਾ ਵਿਚੋਂ ਕੋਈ ਇਕ ਵੀ ਕੁਰਹਿਤ ਕਰਨ ਨਾਲ ‘ਖੰਡੇ ਦੀ ਪਾਹੁਲ’ ਅਤੇ ਅਜੌਕੀ ਬੋਲੀ ਅਨੁਸਾਰ ‘ਅੰਮ੍ਰਿਤ ਛੱਕਿਆ ਹਇਆ’ ਵੀ ਖੰਡਣ ਹੋ ਜਾਂਦਾ ਹੈ ਅਤੇ ਉਸ ਸੱਜਣ ਨੂੰ ਪਤਿੱਤ ਕਿਹਾ ਹੈ। ਇਸਤਰ੍ਹਾਂ ਕੁਰਿਹਤ ਹੋ ਜਾਣ ਉਪ੍ਰੰਤ ਸੰਬੰਧਤ ਇਸਤ੍ਰੀ ਜਾਂ ਪੁਰਖ ਲਈ ਦੋਬਾਰਾ ਨਵੇਂ ਸਿਰਿਉਂ ਤਨਖਾਹ ਲਗਵਾ ਕੇ, ਪਾਹੁਲ ਲੈਣ ਦਾ ਨੀਯਮ ਹੈ। ਇਥੇ ਇਨ੍ਹਾ ਚਾਰ ਕੁਰਹਿਤਾਂ ਵਿਚੋਂ ਦੂਜੀ ਕੁਰਹਿਤ ਦਸੀ ਹੈ ‘ਕੁਠਾ ਨਹੀਂ ਖਾਣਾ’। ਉਪ੍ਰੰਤ ਫ਼ੁਟ ਨੋਟ ‘ਚ ਕੁਠਾ ਦਾ ਵੇਰਵਾ ਇਸਤਰ੍ਹਾਂ ਦਰਜ ਹੈ ‘ਕੁਠਾ ਤੋਂ ਭਾਵ ‘ਮਾਸ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਵੇ’ ਸਪੱਸ਼ਟ ਹੈ ਕਿ ਮੁਸਲਮਾਨ ਲੋਕ ਇਸੇ ਕੁਠੇ ਨੂੰ ਹੀ ‘ਹਲਾਲ’ ਮਾਸ ਕਹਿੰਦੇ ਹਨ।

ਸਪੱਸ਼ਟ ਹੈ ਪੰਥਕ ਫ਼ੈਸਲੇ ਅਨੁਸਾਰ ਵੀ ਸਿੱਖ ਲਈ ਕੇਵਲ ਕੁੱਠਾ ਮਾਸ ਹੀ ਵਰਜਤ ਹੈ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਮਾਸ ਜੋ ਮਨੁੱਖਾ ਸਰੀਰ ਲਈ ਯੋਗ ਹੋਵੇ, ਉਹ ਖਾ ਸਕਦਾ ਹੈ। ਤਾਂਤੇ ਸਿੱਖ ਲਈ ਕੁੱਠੇ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਯੋਗ ਮਾਸ ਨੂੰ ਛੱਕਣ ਉਪਰ ਕੋਈ ਪਾਬੰਦੀ ਨਹੀਂ। ਇਸਤਰ੍ਹਾਂ ਮਾਸ ਦੇ ਛੱਕਣ ਨਾਲ ਉਸਦੇ ਸਿੱਖੀ ਵਿਸ਼ਵਾਸ, ਧਰਮ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸਦੀ ਲਈ ਹੋਈ ਪਾਹੁਲ ਭਾਵ ਅਜ ਦੀ ਬਣ ਚੁਕੀ ਬੋਲੀ ਅਨੁਸਾਰ ਉਸ ਰਾਹੀਂ ਛੱਕੇ ਹੋਏ ਅੰਮ੍ਰਿਤ ਦਾ ਖੰਡਣ ਨਹੀਂ ਹੁੰਦਾ।

ਇਹ ਤਾਂ ਸਿੱਖ ਦੀ ਅਪਣੀ ਇੱਛਾ ‘ਤੇ ਲੋੜ ਹੈ ਕਿ ਉਸ ਨੇ ਮਾਸ ਛੱਕਣਾ ਹੈ ਜਾਂ ਨਹੀਂ ਜਾਂ ਮਾਸ ਦਾ ਛੱਕਣਾ ਉਸ ਦੀ ਸੇਹਤ ਨੂੰ ਰਾਸ ਆਉਂਦਾ ਹੈ ਜਾਂ ਨਹੀਂ। ਸਪੱਸ਼ਟ ਹੈ ਕਿ ਇਸ ਵਿਸ਼ੇ ਉਪਰ ਸਿੱਖਾਂ ਵਿਚਾਲੇ ਆਪਸੀ ਖਿਚਾਤਾਣੀ ਕਿਸੇ ਤਰ੍ਹਾਂ ਵੀ ਯੋਗ ਨਹੀਂ ਕਹੀ ਜਾ ਸਕਦੀ। ਇਥੇ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸਿੱਖ ਰਹਿਤ ਮਰਯਾਦਾ ਨੂੰ ਤਿਆਰ ਕਰਨ ਅਤੇ ਇਸ ਨੂੰ ਅੰਤਮ ਰੂਪ ਦੇਣ ਲਈ ਜਿੱਥੇ ਇਸ ਉਪਰ ੧੨ ਸਾਲ ਦਾ ਸਮਾਂ ਲਗਾ ਉਥੇ ਨਾਲ ਇਹ ਵੀ ਸੱਚਾਈ ਹੈ ਕਿ ਇਸ ਦੀ ਤਿਆਰੀ ਦੋਰਾਨ ਦੋਵੇਂ ਧਿਰਾਂ ਅਤੇ ਪੰਥਕ ਸੰਪ੍ਰਦਾਵਾਂ ਇਸ ‘ਚ ਸ਼ਾਮਲ ਸਨ ਅਤੇ ਉਪ੍ਰੋਕਤ ਫ਼ੈਸਲਾ ਸਰਬਸੰਮਤੀ ਨਾਲ ਸੀ ਕਿਸੇ ਇਕ ਧਿਰ ਦਾ ਨਹੀਂ ਸੀ।

ਵਿਚਾਰਣ ਦੀ ਲੋੜ ਹੈ, ਕਿ ਫ਼ੌਜਾਂ ਦੇ ਡਿਸਿਪਲਨ ਕੋਡ ਪ੍ਰਤੀ, ਕਿਸੇ ਪੱਖੋਂ ਜੇਕਰ ਕਿਸੇ ਇਕ ਮਿਲਟਰੀ ਮੈਨ ਜਾਂ ਫ਼ੌਜਾਂ ਚੋਂ ਕਿਸੇ ਇਕ ਧਿਰ ਦੇ ਨਿਜੀ ਵਿਚਾਰ ਭਾਵੇਂ ਮੇਲ ਖਾਂਦੇ ਹਨ ਜਾਂ ਨਹੀਂ; ਪਰ ਸਾਰਿਆਂ ਨੇ ਚਲਣਾ ਤਾਂ ਕਮਾਂਡਰ ਵਲੋਂ ਉਸੇ ਡਿਸਿਪਲਨ-ਅਨੁਸ਼ਾਸਨ ‘ਚ ਹੀ ਹੁੰਦਾ ਹੈ। ਜੇ ਕਮਾਂਡਰ ਅਧੀਨ ਕੁਝ ਧਿਰਾਂ ਜਾਂ ਮਨੁੱਖ ਅਪਣੇ ਅਪਣੇ ਢੰਗ ਨਾਲ, ਅਨੁਸ਼ਾਸਨ ਤੋਂ ਬਾਗ਼ੀ ਹੋਕੇ ਚਲਣ ਤਾਂ ਅਜੇਹੇ ਮੁਲਕ ਜਾਂ ਫ਼ੋਜਾਂ ਦੀ ਤੱਬਾਹੀ ਦਾ ਕਾਰਣ ਉਹ ਲੋਕ ਜਾਂ ਧਿਰ ਆਪ ਹੀ ਹੋਵੇਗੀ, ਬਾਹਰ ਵਾਲੇ ਨਹੀਂ। ਇਸੇਤਰ੍ਹਾਂ ਸਮੁੱਚੇ ਪੰਥ ‘ਚ ਵੀ ਹਰੇਕ ਮਨੁੱਖ ਅੱਥਵਾ ਧਿਰ ਨੂੰ ਹੱਕ ਹੈ, ਜੇਕਰ ਉਸ ਮੁਤਾਬਕ ਕੋਈ ਪੰਥਕ ਰਹਿਣੀ ਜਾਂ ਅਨੁਸ਼ਾਸਨ ਅਧੀਨ ਕੀਤੀ ਜਾ ਰਹੀ ਕਰਣੀ ‘ਗੁਰਬਾਣੀ’ ਸੇਧ ਅਨੁਸਾਰ ਨਹੀਂ, ਜਾਂ ਵੱਕਤੀ ‘ਰਹਿਤ ਮਰਿਯਾਦਾ’ ‘ਚ ਕਿੱਧਰੇ ਕਿਸੇ ਤੱਬਦੀਲੀ ਦੀ ਲੋੜ ਹੈ, ਤਾਂ ਫ਼ਰਜ਼ ਬਣਦਾ ਹੈ ਉਹ ਅਪਣੇ ਵਿਚਾਰ ਪੰਥ ਦੇ ਸਨਮੁੱਖ ਰਖੇ; ਉਸ ਬਾਰੇ ਆਵਾਜ਼ ਜਾਂ ਰਾਏਆਮਾ ਪੈਦਾ ਕਰੇ। ਨਾਕਿ ਪੰਥ ਵਿਚਾਲੇ ਖਿਚਾਤਾਣੀਆਂ ਅਤੇ ਗੁੱਟਬੰਦੀਆਂ ਦਾ ਕਾਰਣ ਬਣੇ।

ਪੰਥਕ ਪੱਧਰ ਤੇ ਇਹ ਕਾਰਜ ਸਰਬਤ ਖਾਲਸਾ ਦੇ ਢੰਗ ਨਾਲ, ਪੰਥਕ ਕੋਡ ਮੁਤਾਬਕ ਨੀਯਤ ਕੀਤੇ ‘ਪੰਜ ਪਿਆਰਿਆਂ’ ਦਾ ਹੈ। ਅਜੋਕੇ ਸਮੇਂ ਜਿਵੇਂ ਕਿ ਨਵੀਂ ਪਿੜ੍ਹਤ ਪੈਦਾ ਕੀਤੀ ਜਾ ਰਹੀ ਹੈ, ਪੰਥ ਦੇ ਹਿੱਤ ‘ਚ ਨਹੀਂ ਅਤੇ ਨਾ ਹੀ ਪੰਥਕ ਕੋਡ ਮੁਤਾਬਕ ਹੈ। ਉਹ ਪਿੜ੍ਹਤ ਹੈ ਰਾਜਸੀ ਤਾਕਤ ਦੇ ਬਲਬੂਤੇ ਜਾਂ ਕਿਸੇ ਇਕ ਧਿਰ ਦੀ ਹੱਠ ਧਰਮੀ ਦੇ ਆਧਾਰ ਤੇ ਥੋਪੇ ਜਾ ਰਹੇ ਪੰਜ ਪਿਆਰੇ। ਇਸਤਰ੍ਹਾਂ ਜੇ ਫ਼ਿਰ ਵੀ ਕੋਈ ਧਿਰ ਅਪਣੀ ਠੀਕ ਜਾਂ ਗਲਤ ਸੋਚਣੀ ਨੂੰ, ਸਮੁੱਚੇ ਪੰਥ ਉਪਰ ਥੋਪਣਾ ਚਾਹੇ ਅਤੇ ਉਸਦੇ ਲਈ ਪੰਥ ਅੰਦਰ ਕਲਿਹ-ਕਲੇਸ਼ ਦਾ ਕਾਰਣ ਬਣੇ ਤਾਂ ਉਹ ਸਭ ਇਸਤਰ੍ਹਾਂ ਹੈ ਜਿਵੇਂ ਬਗ਼ਾਵਤ ਜਾਂ ਵਿਦਰੋਹ, ਅਜੇਹੀ ਕਰਣੀ ਤੋਂ ਪੂਰੀ ਤਰ੍ਹਾਂ ਬਚਣ ਦੀ ਲੋੜ ਹੈ। ਬਗ਼ਾਵਤ ਵਾਲੀ ਅਵਸਥਾ ਪੰਥ ਦੇ ਕਦੇ ਵੀ ਭਲੇ ‘ਚ ਨਹੀਂ ਹੋਵੇਗੀ।

ਮਾਸ ਵਿਰੋਧੀ ਖਿਚਾਤਾਣੀ ਇਕ ਪਾਸੜ ਕਿਉਂ?- ਮਾਸ ਵਿਰੋਧੀ ਇਸ ਪੰਥਕ ਖਿੱਚਾਤਾਣੀ ਦਾ ਕਾਰਣ ਇਕੱਲੇ ਮਾਸ ਵਿਰੋਧੀ ਹੀ ਕਿਉਂ ਹਨ? ਇਸ ‘ਚ ਦੋ ਰਾਵਾਂ ਨਹੀਂ , ਸਾਰਾ ਪੰਥ ਸਹਿਮਤ ਹੈ ਕਿ ਗੁਰਬਾਣੀ ਚ ਸ਼ਰਾਬ ਆਦਿ ਨਸ਼ਿਆਂ ਦਾ ਭਰਵਾਂ ਵਿਰੋਧ ਹੈ। ਪੰਥ ਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਮਨ੍ਹਾ ਕੀਤਾ ਹੋਇਆ ਹੈ। ਗੁਰਬਾਣੀ ਜੀਵਨ ਪਖੋਂ ਆਈ ਘਾਟ ਅਤੇ ਅਗਿਆਨਤਾ ਦਾ ਨਤੀਜਾ ਅਜ ਬਹੁਤੇ ਸਿੱਖਾਂ ‘ਚ ਸ਼ਰਾਬ ਵਰਗੇ ਨਸ਼ਿਆਂ ਦੀ ਬਿਮਾਰੀ ਫੈਲੀ ਹੋਈ ਹੈ। ਇਸਦੇ ਬਾਵਜੂਦ ਇਕ ਪਾਸੇ ਨਸ਼ਿਆਂ ਦੇ ਵਿਰੋਧੀ ਜਾਗਰੂਕ ਸੰਗਤ, ਸ਼ਰਾਬ ਦੀ ਵਰਤੋਂ ਕਰਨ ਵਾਲਿਆਂ ਉਪਰ ਇਸ ਲਈ ਹਾਵੀ ਨਹੀਂ ਹੁੰਦੀ ਕਿ ਉਹ ਸ਼ਰਾਬ ਕਿਉਂ ਪੀਂਦੇ ਹਨ। ਕਿਉਂਕਿ ਸਿੱਖ ਧਰਮ ਨਿਰੋਲ਼ ਸੰਗਤੀ ਧਰਮ ਹੈ ਅਤੇ ਨਿਜੀ ਟੋਕਾ-ਟਾਕੀ ਵਾਲਾ ਧਰਮ ਨਹੀਂ। ਇਹੀ ਕਾਰਣ ਹੈ ਕਿ ਸੰਗਤੀ ਤੋਰ ਤਾਂ ਸ਼ਰਾਬ ਵਿਰੁਧ ਪ੍ਰਚਾਰ ਕੀਤਾ ਜਾਂਦਾ ਹੈ, ਪਰ ਨਿਜੀ ਪੱਧਰ ਤੇ ਟੋਕਾ-ਟਾਕੀ ਜਾਂ ਪੀਣ ਵਾਲਿਆਂ ਲਈ ਕਿਸੇ ਮੰਦੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਥੇ ਉਨ੍ਹਾਂ ਨੂੰ ਗੁਰਮਤਿ ਅਤੇ ਸਹਿਜ ਪ੍ਰਚਾਰ ਨਾਲ ਹੀ ਜੋੜਿਆ ਜਾਂਦਾ ਹੈ। ਕਿਉਂਕਿ ਸਾਡੇ ਉਹ ਸੱਜਣ ਜੋ ਸ਼ਰਾਬ ਆਦਿ ਨਸ਼ਿਆਂ ਦੀ ਬਿਮਾਰੀ ਦਾ ਸ਼ਿਕਾਰ ਹਨ, ਉਹ ਇਸਨੂੰ ਛੱਕਣਾ ਛੱਡ ਦੇਣ। ਇਸਤੋਂ ਇਲਾਵਾ ਜੋ ਲੋਕ ਨਸ਼ੇ ਕਰਦੇ ਹਨ, ਉਹ ਵੀ ਸਾਫ਼ ਲਫ਼ਜ਼ਾਂ ‘ਚ ਇਸਨੂੰ ਅਪਣੀ ਵਡਿਆਈ ਨਹੀਂ ਕਮਜ਼ੋਰੀ ਹੀ ਮੰਨਦੇ ਹਨ। ਬਲਕਿ ਅਜੇਹੇ ਸੱਜਣ ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਉਹ ਗੁਰਬਾਣੀ ਵਿਰੁਧ ਕਰਮ ਕਰ ਰਹੇ ਹਨ ਅਤੇ ਬਚਣ ਦਾ ਜੱਤਣ ਕਰਣਗੇ। ਇਸਤਰ੍ਹਾਂ ਇਸ ਭਿਅੰਕਰ ਮਹਾਮਾਰੀ ਕਾਰਣ ਵੀ ਪੰਥ ‘ਚ ਦੋ ਗੁੱਟ ਨਹੀਂ, ਬਲਕਿ ਹਰ ਸਮੇਂ ਆਸ ਕੀਤੀ ਜਾਂਦੀ ਹੈ ਕਿ ਅਜ ਨਹੀਂ ਤਾਂ ਕਲ, ਜਿਉਂ ਜਿਉਂ ਗੁਰਬਾਣੀ ਪ੍ਰਚਾਰ ਵਧੇਗਾ, ਪੰਥ ਇਸ ਜਿਲ੍ਹਣ ਚੋਂ ਨਿਕਲ ਆਵੇਗਾ।

ਦੂਜੇ ਪਾਸੇ, ਮਾਸ ਵਾਲੇ ਵਿਸ਼ੇ ਨੂੰ ਲੈ ਲਵੋ! ਸਪੱਸ਼ਟ ਹੈ ਕਿ ਗੁਰਬਾਣੀ ਕਿਸੇ ਵੀ ਪੱਖ ਤੇ ਮਨੁੱਖ ਨੂੰ ਦੁਚਿੱਤੀ ‘ਚ ਨਹੀਂ ਪਾਉਂਦੀ। ਜੇ ਕਿੱਧਰੇ ਫ਼ਰਕ ਹੁੰਦਾ ਹੈ ਤਾਂ ਇਹ ਫ਼ਰਕ ਸਾਡੀ ਸਮਝ ਦਾ ਹੁੰਦਾ ਹੈ। ਗੁਰਬਾਣੀ ਦਾ ਤਾਂ ਸਿਧਾਂਤ ਹੀ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ:੬੪੬) ਵਾਲਾ ਹੈ। ਫ਼ਿਰ ਵੀ ਜੇਕਰ ਇਕ ਮਿੰਟ ਲਈ ਮੰਨ ਲਿਆ ਜਾਵੇ ਕਿ ਮਾਸ ਛੱਕਣ ਜਾਂ ਨਾ ਛੱਕਣ ਬਾਰੇ ਗੁਰਬਾਣੀ ਤੋਂ ਸੇਧ ਲੈਣ ‘ਚ ਪੰਥ ਅਜੇ ਸਪੱਸ਼ਟ ਨਹੀਂ ਅਤੇ ਪੰਥ ‘ਚ ਇਸ ਬਾਰੇ ਦੋ ਰਾਵਾਂ ਹਨ; ਤਾਂ ਵੀ ‘ਸਿੱਖ ਰਹਿਤ ਮਰਿਆਦਾ’ ਪੱਧਰ ਤੇ ਸਪੱਸ਼ਟ ਫ਼ੈਸਲੇ ਉਪਰੰਤ ਆਪਸੀ ਝੱਗੜੇ ਜਾਂ ਖਿਚਾਤਾਣੀ ਵਾਲੀ ਗਲ ਨਹੀਂ ਰਹਿ ਜਾਂਦੀ। ਹੋਰ ਵੱਡੀ ਗਲ ਕਿ ਫ਼ੈਸਲਾ ਦੇਣ ਤੋਂ ਬਾਦ ਵੀ ‘ਸਿੱਖ ਰਹਿਤ ਮਰਿਆਦਾ’ ‘ਚ ਮਜਬੂਰ ਨਹੀਂ ਕੀਤਾ ਕਿ ਮਾਸ ‘ਛੱਕਣਾ ਹਰੇਕ ਸਿੱਖ ਲਈ ਜ਼ਰੂਰੀ ਹੈ’। ਖੂਬੀ ਇਹ ਕਿ ਜਦੋਂ ‘ਸਿੱਖ ਰਹਿਤ ਮਰਿਆਦਾ’ ਪੱਧਰ ਤੇ ਵੀ ਖੁੱਲ ਹੈ ਕਿ ਮਾਸ ਦਾ ਮਾਸ ਦਾ ਛੱਕਣਾ ਜਾਂ ਨਾ ਛੱਕਣਾ ਹਰੇਕ ਦੀ ਨਿੱਜੀ ਇਛਾ ਅਨੁਸਾਰ ਹੈ। ਭਾਵ ਜਦੋਂ ਤੀਕ ਅਸੀਂ ਗੁਰਬਾਣੀ ਅਨੁਸਾਰ ਇਸ ਬਾਰੇ ਦੋ ਵਿਰੋਧੀ ਰਾਵਾਂ ਲੈਕੇ ਚਲ ਰਹੇ ਹਾਂ, ‘ਕੋਈ ਮਾਸ ਛਕੇ ਜਾਂ ਨਾ ਛਕੇ’ ਇਕ ਦੂਜੇ ਤੇ ਹਾਵੀ ਹੋਣ ਦਾ ਜੱਤਣ ਨਹੀਂ ਕਰਨਾ ਚਾਹੀਦਾ। ਇਸਦਾ ਇਕ ਹੋਰ ਪੱਖ ਵੀ ਹੈ-ਉਹ ਇਹ ਕਿ ਅਜ ਤੀਕ ਮਾਸ ਛੱਕਣ ਵਾਲਿਆਂ ਵਲੋਂ ਕਦੇ ਕਿਸੇ ਨੂੰ ਮਜਬੂਰ ਨਹੀਂ ਕੀਤਾ ਗਿਆ ਕਿ ਜੋ ਲੋਕ ਨਹੀਂ ਛੱਕਦੇ, ਜਾਂ ਨਹੀਂ ਛੱਕਣਾ ਚਾਹੁੰਦੇ ਜਾਂ ਇਸਨੂੰ ਗੁਰਬਾਣੀ ਵਿਰੋਧੀ ਕਹਿੰਦੇ ਹਨ-ਉਹ ਵੀ ਜ਼ਰੂਰ ਛੱਕਣ ਜਾਂ ਉਹ ਕਿਉਂ ਨਹੀਂ ਛੱਕਦੇ? ਖੂਬੀ ਤਾਂ ਇਹ ਹੈ ਕਿ ਇਹ ਝੱਗੜਾ ਕੇਵਲ ਇਕ ਪਾਸੜ ਅਤੇ ਕੇਵਲ ਉਨ੍ਹਾਂ ਵਲੋਂ ਹੈ ਜੋ ਇਸਦੇ ਵਿਰੋਧੀ ਹਨ। ਸੱਚਮੁਚ, ਜੇ ਉਹ ਸੱਜਣ ਵੀ “ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ:੧੧੮੫) ਅਨੁਸਾਰ ਸਿੱਦਕ-ਦਿਲੀ, ਠਰੱਮੇ ਨਾਲ ਨਿਰਣਾ ਕਰ ਲੈਣ ਕਿ ਇਸ ਵਿਸ਼ੇ ਤੇ ਗੁਰਬਾਣੀ ਸੇਧ ‘ਚ ਖੁਲੇ-ਦਿਮਾਗ਼, ਗੁਰੂ ਦੇ ਨਿਰਮਲ ਭਉ ‘ਚ ਰਹਿਕੇ ਫ਼ਿਰ ਤੋਂ ਵਿਚਾਰਿਆ ਜਾਵੇਗਾ। ਇਸ ਨੂੰ ਉਲ੍ਹਾਮਿਆ-ਵਿਰੋਧੀ ਉਲ੍ਹਾਮਿਆਂ ਦਾ ਵਿਸ਼ਾ ਨਹੀਂ ਬਣਾਇਆ ਜਾਵੇਗਾ। ਇਸ ਨੂੰ ਤਦ ਤੀਕ ਵਿਚਾਰਿਆ ਜਾਵੇਗਾ, ਜਦਤੀਕ ਦੋਵੇਂ ਧਿਰ ਨਿਰੋਲ ਗੁਰਬਾਣੀ ਆਧਾਰ ਤੇ ਇਕ ਮੱਤ ਨਹੀਂ ਹੋ ਜਾਂਦੇ ਤਾਂ ਯਕੀਨਣ ਅਜੇਹਾ ਕਰਨਾ ਪੰਥ ਦੇ ਵੱਡੇ ਹਿੱਤ ‘ਚ ਹੋਵੇਗਾ।




.