.

ਗੁਰਮਤਿ ਅਨੁਸਾਰ ਇੱਕੀ ਕੁਲਾਂ ਨੂੰ ਤਾਰਨਾਂ ਕੀ ਹੈ?

ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਹੁਰਾਂ ਨੇ ਇਕੀਹ ਕੁਲ ਦੇ ਸਬੰਧ ਵਿੱਚ ਲਿਖਿਆ ਹੈ “ਭਗਤਮਾਲਾ ਆਦਿਕ ਪੁਸਤਕਾਂ ਵਿੱਚ ਦੇਖੀਦਾ ਹੈ ਕਿ ਜੋ ਵਾਹਿਗੁਰੂ ਦਾ ਭਗਤ ਹੈ, ਉਹ ਆਪ ਭੀ ਉਧਰਦਾ ਹੈ ਅਤੇ ਉਸ ਦੀਆਂ ਦਸ ਪੀੜੀਆਂ ਪਹਿਲੀਆਂ ਅਤੇ ਦਸ ਪੀਹੜੀਆਂ ਅੱਗੇ ਆਉਣ ਵਾਲੀਆਂ ਭੀ ਉਧਰ ਜਾਂਦੀਆਂ ਹਨ। ਕਈ ਗਯਾਨੀ ਲਿਖਦੇ ਹਨ ਕਿ ਸੱਤ ਪੀੜੀਆਂ ਪਿਤਾ ਦੀਆਂ, ਸੱਤ ਨਾਨੇ ਦੀਆਂ ਅਤੇ ਸੱਤ ਸਹੁਰੇ ਕੁਲ ਦੀਆਂ। ਭਾਵ ਇਹ ਹੈ ਕਿ ਤਤਵ ਗਯਾਨੀ ਦੀ ਸੰਗਤਿ ਵਾਲੇ ਮੁਕਤਿ ਪਾਉਂਦੇ ਹਨ”।

ਸ੍ਰੀ ਗੁਰੂ ਗ੍ਰੰਥ ਕੋਸ਼ ਦੇ ਕਰਤਾ ਨੇ ਇਸ ਨੂੰ ਇਸ ਢੰਗ ਨਾਲ ਦਰਸਾਇਆ ਹੈ।

ਸਤ ਕੁਲ ਨਾਨਕੇ ਦੇ, ਸਤ ਕੁਲ ਦਾਦਕੇ ਦੇ ਤੇ ਸਤ ਕੁਲ ਸਹੁਰਿਆਂ ਦੇ ਗਿਣਦੇ ਹਨ। ਭਗਤ ਦੀ ਔਲਾਦ ਜੇ ਨਾਮ ਜਪਣ ਵਲ ਰੁਖ਼ ਕਰੇ, ਤਦ ਉਨ੍ਹਾਂ ਦੇ ਆਪਣੇ ਯਤਨ ਦੀ ਸਹਾਇਤਾ ਤੋਂ ਵਖਰੇ ਉਨ੍ਹਾਂ ਦੇ ਸੁਭਾਵ ਵਿੱਚ ੨੧ ਕੁਲਾਂ ਤਕ ਭਗਤ ਪਿਤਾਮਾ ਦੇ ਸੁਭਾਵ ਦੀ ਤਾਸੀਰ ਰਹਿੰਦੀ ਹੈ ਤੇ ਅਰਸ਼ਾਂ ਤੋਂ ਭਗਤ ਜੀ ਦੀ ਸਹਾਇਤਾ ਸਹਾਈ ਰਹਿੰਦੀ ਹੈ। (ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼_ਭਾਈ ਵੀਰ ਸਿੰਘ ਜੀ।)

ਲਗਪਗ ਇਸ ਤਰ੍ਹਾਂ ਦੇ ਹੀ ਵਿਚਾਰ ਦੂਜੇ ਵਿਦਵਾਨਾਂ ਦੇ ਇੱਕੀ ਕੁਲਾਂ ਦੇ ਸਬੰਧ ਵਿੱਚ ਹਨ। ਖ਼ੈਰ, ਮੇਰਾ ਇਹ ਕੁਛ ਲਿਖਣ ਦਾ ਇੱਥੇ ਮਨੋਰਥ ਨਹੀਂ ਹੈ ਕਿ ਕੇਹੜੀਆਂ ਕੇਹੜੀਆਂ ਕੁਲਾਂ ਤਰਦੀਆ ਹਨ ਅਤੇ ਨਾ ਹੀ ਅਜੇਹਾ ਮੰਨਣ ਨਾਲ ਜੋ ਸਵਾਲ ਪੈਦਾ ਹੁੰਦੇ ਹਨ ਉਹਨਾਂ ਬਾਰੇ ਚਰਚਾ ਕਰਨ ਦਾ। ਮੈਂ ਤਾਂ ਕੇਵਲ ਕੁਲਾਂ ਦੇ ਤਰਨ ਸਬੰਧੀ ਜੋ ਗੁਰਮਤਿ ਦਾ ਦ੍ਰਿਸ਼ਟੀਕੋਣ ਹੈ ਉਹ ਹੀ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕੀ ਕੁਲਾਂ ਦੇ ਤਾਰਨ ਦਾ ਦੋ ਵਾਰੀ ਵਰਣਨ ਕੀਤਾ ਗਿਆ ਹੈ।

(੧) ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ।। ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ।। ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ।। (੧੬੬)

ਅਰਥ: ਜਿਸ ਮਨੁੱਖ ਨੂੰ ਆਪਣੇ ਮਨ ਵਿੱਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗਦੀ ਹੈ, ਉਸ ਦੇ ਹਿਰਦੇ-ਮੰਦਰ ਵਿੱਚ ਹਿਰਦੇ-ਘਰ ਵਿੱਚ (ਸਦਾ) ਆਨੰਦ ਬਣਿਆ ਰਹਿੰਦਾ ਹੈ। ਜਦੋਂ ਉਹ ਹਰੀ ਦੇ ਗੁਣ ਗਾਂਦਾ ਹੈ (ਉਸ ਨੂੰ ਇਉਂ ਜਾਪਦਾ ਹੈ ਜਿਵੇਂ) ਸਾਰੇ ਸੁਆਦਲੇ ਮਿੱਠੇ ਰਸ ਉਸ ਦੇ ਮੂੰਹ ਵਿੱਚ ਪੈ ਰਹੇ ਹਨ। ਪਰਮਾਤਮਾ ਦਾ ਸੇਵਕ-ਭਗਤ ਆਪਣੀਆਂ ਇੱਕੀ ਕੁਲਾਂ ਵਿੱਚ ਰਾਖਾ ਹੈ ਆਸਰਾ ਹੈ, ਪਰਮਾਤਮਾ ਦਾ ਸੇਵਕ ਸਾਰੇ ਜਗਤ ਨੂੰ ਹੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

(੨) ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ।। ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ।। ਗੁਰ ਕੈ ਸਬਦਿ ਹਉਮੈ ਬਿਖੁ ਮਾਰੇ।। ਨਾਨਕ ਰਾਮ ਨਾਮਿ ਸੰਤ ਨਿਸਤਾਰੇ।। (੧੧੩੩)

ਅਰਥ: ਹੇ ਭਾਈ! ਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ (ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ। ਹੇ ਨਾਨਕ! ਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿੱਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ, ਤੇ, ਹਰਿ-ਨਾਮ ਵਿੱਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਨੋਟ: ਸ਼ਬਦ ਦੀਆਂ ਇਨ੍ਹਾਂ ਪੰਗਤੀਆਂ ਵਿੱਚ ਗੁਰੂ ਅਮਰਦਾਸ ਜੀ ਨੇ ਪ੍ਰਹਲਾਦ ਬਾਰੇ ਜੋ ਪ੍ਰਚਲਤ ਕਥਾ ਹੈ ਉਸ ਵੱਲ ਹੀ ਇਸ਼ਾਰਾ ਕੀਤਾ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਅਨੇਕਾਂ ਪੁਰਾਣਕ ਹਵਾਲਿਆਂ ਦਾ ਵਰਣਨ ਹੈ ਠੀਕ ਉਸੇ ਤਰ੍ਹਾਂ ਇੱਥੇ ਵੀ ਜ਼ਿਕਰ ਕੀਤਾ ਗਿਆ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਇੱਕੀ ਕੁਲਾਂ ਨੂੰ ਤਾਰਨ ਦੇ ਇਸ ਜ਼ਿਕਰ ਕਾਰਨ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਵੀ ਕਈ ਵੀਰ ਭੈਣ ਐਸਾ ਸਮਝਦੇ ਹਨ ਕਿ ਗੁਰੂ ਸਾਹਿਬਾਨ ਵੀ ਇਸ ਪ੍ਰਚਲਤ ਧਾਰਣਾ ਨਾਲ ਸਹਿਮਤ ਹਨ।

ਸਾਡੇ ਇਤਿਹਾਸ ਵਿੱਚ ਵੀ ਕੁਝ ਲੇਖਕਾਂ ਨੇ ਗੁਰੂ ਸਾਹਿਬਾਨ ਨੂੰ ਇਹੋ ਜੇਹੇ ਵਰ ਸਿੱਖਾਂ ਨੂੰ ਦੇਂਦਿਆਂ ਦਰਸਾਇਆ ਹੈ; ਜਿਨ੍ਹਾਂ ਵਿੱਚ ਸਤਿਗੁਰੂ ਕਿਸੇ ਸਿੱਖ ਦੀ ਸੇਵਾ ਭਾਵਨਾ ਨੂੰ ਦੇਖ ਕੇ ਪ੍ਰਸੰਨ ਹੋ ਉਸ ਨੂੰ ਮੁਕਤੀ ਦਾ ਵਰ ਤਾਂ ਦੇਂਦੇ ਹੀ ਹਨ ਨਾਲ ਹੀ ਉਸ ਦੀਆਂ ਕੁਲਾਂ ਨੂੰ ਵੀ ਮੁਕਤੀ ਦਾ ਵਰ ਦੇਂਦੇ ਹਨ। ਇਹੋ ਜੇਹੀਆਂ ਸਾਖੀਆਂ ਵਿੱਚੋਂ ਕੇਵਲ ਇੱਕ ਦਾ ਹੀ ਇੱਥੇ ਜ਼ਿਕਰ ਕਰ ਰਿਹਾ ਹਾਂ:-

ਜਦ ਮੋਹਰੀ ਜੀ ਨੂੰ (ਗੁਰੂ ਰਾਮਦਾਸ ਜੀ ਨੂੰ) ਮੱਥਾ ਟੇਕਣ ਦਾ ਹੁਕਮ ਹੋਇਆ ਤਾਂ ਉਨ੍ਹਾਂ ਢਿੱਲ ਨਾ ਲਗਾਈ ਤੇ ਮੱਥਾ ਟੇਕਿਆ। … ਗੁਰੂ ਅਮਰਦਾਸ ਜੀ ਇਤਨੇ ਪ੍ਰਸੰਨ ਹੋਏ ਕਿ ਮੋਹਰੀ ਨੂੰ ਧੰਨ ਕਿਹਾ ਅਤੇ ਫ਼ਰਮਾਇਆ ਕਿ “ਸੰਤ ਦੀਆਂ ਇਕੀਹ ਕੁਲਾਂ ਤਰਦੀਆ ਹਨ। ਤੇਰੀਆਂ ਬਤਾਲੀ ਉਧਰਣਗੀਆਂ।” ਸਿੱਖੀ ਦਾ ਮਹਾਨ ਪਦ ਤੁਹਾਨੂੰ ਪ੍ਰਾਪਤ ਹੋਇਆ ਹੈ. . ਕਨ੍ਹਈਆ ਲਾਲ ਤਾਰੀਖ਼ੇ ਪੰਜਾਬ ਵਿੱਚ ਵੀ ਲਿਖਦੇ ਹਨ ਕਿ “ਦੋਹਾਂ ਸਪੁੱਤਰਾਂ ਵਿਚੋਂ ਮੋਹਰੀ ਜੀ ਨੇ ਆਪਣੇ ਪਿਤਾ ਦੀ ਹਦੋਂ ਵੱਧ ਤਾਬਿਆਦਾਰੀ ਕੀਤੀ। ਗੁਰੂ ਅਮਰਦਾਸ ਜੀ ਨੇ ਉਸ ਲਈ ਸ਼ੁਭ ਕਾਮਨਾ ਕੀਤੀ ਅਤੇ ਸਿੱਖੀ ਦੀ ਦਾਤ ਬਖ਼ਸ਼ੀ ਅਤੇ ਉਸ ਦੀਆਂ ਇੱਕੀ ਪੀੜ੍ਹੀਆਂ ਲਈ ਮੁਕਤੀ ਦਾ ਵਰ ਦਿੱਤਾ।” (ਪਰਬਤੁ ਮੇਰਾਣੁ ਪ੍ਰਿੰਸੀਪਲ ਸਤਬੀਰ ਸਿੰਘ।)

(ਨੋਟ: ਮੋਹਰੀ ਜੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਸਨ। ਕੀ ਗੁਰੂ ਜੀ ਦੀ ਕੁਲ ਮੋਹਰੀ ਜੀ ਦੀ ਕੁਲ ਨਾਲੋਂ ਵੱਖਰੀ ਸੀ?)

ਗੁਰੂ ਗ੍ਰੰਥ ਸਾਹਿਬ ਵਿੱਚ ਧਾਰਮਿਕ ਦੁਨੀਆਂ ਵਿੱਚ ਜੋ ਵਰ ਸਰਾਪ ਦੀ ਧਾਰਨਾ ਹੈ ਉਸ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਹੋਇਆਂ ਸਪਸ਼ਟ ਕੀਤਾ ਹੈ ਕਿ ਹਰੇਕ ਇਨਸਾਨ ਆਪਣੀ ਹੀ ਕਰਣੀ ਕਰਕੇ ਪ੍ਰਭੂ ਤੋਂ ਨੇੜੇ ਜਾਂ ਦੂਰ ਹੈ।। (: ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।। (੮)। ਅਸੀਂ ਆਪਣੇ ਹੀ ਕਰਮ ਕਰ ਕੇ ਗੁਰਮੁਖ ਜਾਂ ਮਨਮੁਖ ਵਾਲਾ ਜੀਵਨ ਬਤੀਤ ਕਰ ਰਹੇ ਹਾਂ ਕਿਸੇ ਦੇ ਕਥਿਤ ਵਰ ਜਾਂ ਸਰਾਪ ਕਾਰਨ ਨਹੀਂ। “ਕਿਰਤਿ ਕਰਮ ਕੇ ਵੀਛੁੜੇ” ਹੇ ਪ੍ਰਭੂ! ਅਸੀ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), (੧੩੩)

ਇਸੇ ਲਈ ਤਾਂ ਹਜ਼ੂਰ ਨੇ ਮਨੁੱਖ ਨੂੰ ਇਸ ਪੱਖੋਂ ਸੁਚੇਤ ਕਰਦਿਆਂ ਹੋਇਆਂ ਫ਼ਰਮਾਇਆ ਹੈ:-

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।। (੪੭੪)

ਅਤੇ ਫਿਰ ਇੰਝ ਆਖਦਿਆਂ ਹੋਇਆਂ “ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ।। (੪੭੪)।”ਮਨੁੱਖ ਨੂੰ ਪ੍ਰਭੂ ਵੱਲੋਂ ਮਿਲੀ ਕਰਮ ਕਰਨ ਦੀ ਸੁਤੰਤਰਤਾ ਦੀ ਤਰਫ ਧਿਆਨ ਦਿਵਾ ਕਰਮ ਦੀ ਅਹਿਮੀਅਤ ਦਾ ਇਹਸਾਸ ਕਰਾਉਂਦੇ ਹਨ।

ਜੇ ਕਰ ਇੱਕ ਮਨੁੱਖ ਵਿਕਾਰਾਂ ਤੋਂ ਛੁਟਕਾਰਾ ਹਾਸਿਲ ਕਰਨ ਵਿੱਚ ਕਾਮਯਾਬ ਹੋਇਆ ਹੈ ਤਾਂ ਇਸ ਦੇ ਮੁਕਤ ਹੋਣ ਨਾਲ ਇਸ ਦਾ ਪਰਿਵਾਰ, ਕੁਲ ਆਦਿ ਮੁਕਤ ਨਹੀਂ ਹੋ ਸਕਦੇ। ਜੇ ਕਰ ਅਜੇਹਾ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਿਮਨ ਲਿਖਤ ਫ਼ਰਮਾਣ ਦਰਜ ਨਾ ਹੁੰਦੇ:-

ਸਭਨਾ ਕਾ ਦਰਿ ਲੇਖਾ ਹੋਇ।। ਕਰਣੀ ਬਾਝਹੁ ਤਰੈ ਨ ਕੋਇ।। (੯੫੨)

ਜੇਤੇ ਜੀਅ ਲਿਖੀ ਸਿਰਿ ਕਾਰ।। ਕਰਣੀ ਉਪਰਿ ਹੋਵਗਿ ਸਾਰ।। (੧੧੬੯)

ਸਤਿਗੁਰੂ ਜੀ ਨੇ ਇਹੀ ਗੱਲ ਤਾਂ ਬਾਣੀ ਵਿੱਚ ਚੰਗੀ ਤਰ੍ਹਾਂ ਸਮਝਾਈ ਹੈ ਕਿ ਮਾਇਕ ਬੰਧਨਾ ਤੋਂ ਛੁਟਕਾਰਾ ਪਾਉਣ ਲਈ ਹਰੇਕ ਪ੍ਰਾਣੀ ਨੂੰ ਆਪ ਹੀ ਉੱਦਮ ਕਰਨਾ ਪਵੇਗਾ। ਨਾਮ ਭੋਜਨ ਨੂੰ ਆਪ ਛੱਕਣਾ ਪਵੇਗਾ; ਦੂਜੇ ਦੇ ਛੱਕਣ ਨਾਲ ਸਾਡੀ ਆਤਮਕ ਤ੍ਰਿਪਤੀ ਨਹੀਂ ਹੋਵੀਗੀ। ਮਹਾਰਾਜ ਨੇ ਬਾਣੀ ਵਿੱਚ ਮਨੁੱਖ ਨੂੰ “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।। (੪੭੪)” ਦਾ ਉਪਦੇਸ ਹੀ ਦ੍ਰਿੜ ਕਰਾਇਆ ਹੈ।

ਸਤਿਗੁਰੂ ਨੇ ਮਨੁੱਖ ਨੂੰ ਪ੍ਰਭੂ ਦੇ ਹੁਕਮ ਦੀ ਸੋਝੀ ਕਰਾ ਹੁਕਮ ਅਨੁਸਾਰ ਜ਼ਿੰਦਗੀ ਗੁਜ਼ਾਰਨ ਦੀ ਸੋਝੀ ਬਖ਼ਸੀ ਹੈ।

ਮੁਕਤ ਹੋਣ ਦੀ ਜੁਗਤੀ ਦਾ ਜ਼ਿਕਰ ਕਰਦਿਆਂ ਸਪਸ਼ਟ ਕੀਤਾ ਹੈ ਕਿ ਪ੍ਰਭੂ ਅਥਵਾ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾਇਆਂ ਹੀ ਮੁਕਤ ਹੋ ਸਕੀਦਾ ਹੈ:-

ਭਰਮੁ ਭੇਦੁ ਭਉ ਕਬਹੁ ਨ ਛੂਟਸਿ ਆਵਤ ਜਾਤ ਨ ਜਾਨੀ।। ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ।। (੧੧੨੭)

ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ।। ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ।। (੧੧੨੭)

ਉਪਰੋਕਤ ਬਾਣੀ ਦੀਆ ਪੰਗਤੀਆਂ ਵਿੱਚ ਗੁਰਮਤਿ ਦੇ ਇਸ ਪੱਖ ਨੂੰ ਚੰਗੀ ਤਰ੍ਹਾ ਸਪਸ਼ਟ ਕੀਤਾ ਗਿਆ ਹੈ ਕਿ ਮੁਕਤ ਅਰਥਾਤ ਸਚਿਆਰ ਬਣਨ ਲਈ ਸੱਚ ਦਾ ਮਾਰਗ ਅਪਣਾਉਣਾ ਜ਼ਰੂਰੀ ਹੈ। ਜੇ ਕਰ ਕੋਈ ਅਜੇਹਾ ਉੱਦਮ ਤਾਂ ਨਹੀਂ ਕਰ ਰਿਹਾ ਪਰੰਤੂ ਕਿਸੇ ਦੇ ਕਥਿਤ ਵਰ ਨਾਲ ਮੁਕਤ ਹੋਣ ਦਾ ਭਰਮ ਪਾਲੀ ਬੈਠਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਅਜੇਹੇ ਮਨੁੱਖ ਦੇ ਭਰਮ ਗੜ੍ਹ ਨੂੰ ਤੋੜਦੇ ਹੋਏ ਫ਼ਰਮਾਉਂਦੇ ਹਨ:-

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ।। ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ।। (੧੩੭੯)

ਅਰਥ:- ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ, (ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ।

ਗੱਲ ਕੀ ਕਿਸੇ ਦੇ ਵਰ ਨਾਲ ਕੁਦਰਤ ਦਾ “ਜੇਹਾ ਬੀਜੈ ਸੋ ਲੁਣੈ” ਵਾਲਾ ਇਹ ਅਟੱਲ ਸਿਧਾਂਤ ਬਦਲਦਾ ਨਹੀਂ ਹੈ।

ਮਹੁਰਾ ਹੋਵੈ ਹਥਿ ਮਰੀਐ ਚਖੀਐ।। (੧੪੨) ਦੇ ਮਹਾਵਾਕ ਅਨੁਸਾਰ ਜ਼ਹਿਰ ਖਾਣ ਨਾਲ ਖਾਣ ਵਾਲੇ ਦੀ ਮ੍ਰਿਤੂ ਯਕੀਨਨ ਹੈ। ਮਹੁਰਾ ਖਾਣ ਵਾਲਾ ਭਾਵੇਂ ਕੋਈ ਗੁਰਮੁਖ ਹੈ ਭਾਵੇਂ ਮਨਮੁਖ ਹੈ ਇਸ ਦਾ ਅਸਰ ਦੋਵਾਂ ਤੇ ਇੱਕੋ ਜੇਹਾ ਹੀ ਹੋਵੇਗਾ। ਕਿਸੇ ਦਾ ਵਰ ਨਾਲ ਜ਼ਹਿਰ ਦੇ ਮਾਰੂ ਅਸਰ ਤੋਂ ਬਚ ਨਹੀਂ ਸਕੀਦਾ ਹੈ।

ਸੋ, ਜੇ ਕਰ ਕੋਈ ਇਨਸਾਨ ਵਿਕਾਰਾਂ ਤੋਂ ਰਹਿਤ ਹੋ ਸਚਿਆਰ ਜੀਵਨ ਜਿਉਂਣ ਦਾ ਇੱਛੁਕ ਹੀ ਨਹੀ, ਤਾਂ ਉਸ ਨੂੰ ਵਰ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਾਇਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਇਸ ਫ਼ਰਮਾਨ ਵਿੱਚ ਕੁੱਝ ਐਸਾ ਹੀ ਸਮਝਾਉਣ ਦਾ ਯਤਨ ਕੀਤਾ ਗਿਆ ਹੈ:-

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ।। ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ।। (੧੩੭੨)

ਸਤਿਗੁਰੂ ਦੇ ਕਲਿਆਣਕਾਰੀ ਉਪਦੇਸ ਨੂੰ ਪੜ੍ਹ ਸੁਣ ਕੇ ਜਿਨ੍ਹਾਂ ਨੇ ਹਿਰਦੇ ਵਿੱਚ ਵਸਾ ਕੇ ਇਸ ਅਨੁਸਾਰ ਜੀਵਨ ਬਿਤਾਇਆ ਹੈ ਕੇਵਲ ਉਹ ਪ੍ਰਾਣੀ ਹੀ ਇਸ ਅਗਨਿ ਸਾਗਰ ਦੀਆਂ ਲਹਿਰਾਂ ਦੀ ਲਪੇਟ ਵਿੱਚ ਆਉਣੋ ਆਪਣੇ ਆਪ ਨੂੰ ਬਚਾ ਸਕੇ। ਇਤਿਹਾਸ ਵਿੱਚੋਂ ਸਾਨੂੰ ਐਸੇ ਗੁਰਸਿੱਖਾਂ ਦੇ ਵੀ ਦੀਦਾਰ ਹੁੰਦੇ ਹਨ ਜਿੰਨ੍ਹਾਂ ਨੇ ਸਤਿਗੁਰੂ ਨੂੰ ਆਪਣਾ ਆਪ ਸਉਂਪਿਆ ਹੋਇਆ ਸੀ, ਪਰੰਤੂ ਉਨ੍ਹਾਂ ਦੀ ਸੰਤਾਨ ਦੇ ਹਿਰਦਿਆਂ ਵਿੱਚ ਅਜੇਹੀ ਭਾਵਨਾ ਬਿਲਕੁਲ ਹੀ ਦੇਖਣ ਨੂੰ ਨਹੀਂ ਮਿਲਦੀ। “ਕਰਮੀ ਆਪੋ ਆਪਣੀ” ਅਨੁਸਾਰ ਹੀ ਕੋਈ ਪ੍ਰਾਣੀ ਭਵਜਲ ਤੋਂ ਪਾਰ ਹੋ ਗਿਆ ਹੈ ਅਤੇ ਕੋਈ ਇਸ ਸਾਗਰ ਵਿੱਚ ਡੁੱਬਾ ਹੋਇਆ ਹੈ।

ਗੁਰਮਤਿ ਵਿੱਚ ਵਰ ਜਾਂ ਸਰਾਪ ਨਾਲ ਕੁਦਰਤ ਦੇ ਇਨ੍ਹਾਂ ਨਿਯਮਾਂ ਨੂੰ ਭੰਗ ਕਰਨ ਵਾਲੀ ਕਿਸੇ ਵੀ ਅਜੇਹੀ ਧਾਰਨਾ ਨੂੰ ਨਹੀਂ ਮੰਨਿਆ ਗਿਆ।

ਭਾਈ ਗੁਰਦਾਸ ਜੀ ਦਾ ਇਹ ਕਥਨ:- ਲੰਘ ਨਿਕਥੈ ਵਰੈ ਸਰਾਪੈ।। (ਵਾਰ ੨੩, ਪਉੜੀ ੧੯)

ਅਤੇ “ਪਾਰਿ ਪਏ ਲੰਘਿ ਵਰੈ ਸਰਾਪੈ”। ਭਾਵ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਗੁਜ਼ਾਰਨ ਵਾਲੇ ਵਰ ਸਰਾਪ ਦੇਣ ਦੀ ਸ਼ਕਤੀ ਹਾਸਿਲ ਕਰਨ ਦੀ ਆਸ਼ਾ ਛੱਡ ਕੇ ਭਰਮ ਜਾਲ ਤੋਂ ਪਾਰ ਹੋ ਗਏ ਹਨ। ਭਲੀ ਪਰਕਾਰ ਗੁਰਮਤਿ ਦੇ ਇਸ ਨੁਕਤੇ ਦੀ ਵਿਆਖਿਆ ਕਰਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਅਜੇਹੀ ਅਵਸਥਾ ਦੇ ਮਾਲਕ ਦੀ ਰਹਿਣੀ ਦਾ ਹੀ ਵਰਣਨ ਕਰਦਿਆਂ ਆਖਿਆ ਹੈ:-

ਸਹਣ ਸੀਲ ਸੰਤੰ ਸਮ ਮਿਤ੍ਰਸB ਦੁਰਜਨਹ।। ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ।। ਅਰਥ: ਸੰਤ ਜਨਾਂ ਨੂੰ ਮਿਤ੍ਰ ਅਤੇ ਦੁਰਜਨ ਇੱਕ-ਸਮਾਨ ਹੁੰਦੇ ਹਨ। ਦੂਜਿਆਂ ਦੀ ਵਧੀਕੀ ਨੂੰ ਸਹਾਰਨਾ—ਇਹ ਉਹਨਾਂ ਦਾ ਸੁਭਾਉ ਬਣ ਜਾਂਦਾ ਹੈ। ਹੇ ਨਾਨਕ! ਮਿਤ੍ਰ ਤਾਂ ਅਨੇਕਾਂ ਕਿਸਮਾਂ ਦੇ ਭੋਜਨ ਲੈ ਕੇ, ਪਰ ਨਿੰਦਕ (ਉਹਨਾਂ ਨੂੰ ਮਾਰਨ ਵਾਸਤੇ) ਸ਼ਸਤ੍ਰ ਲੈ ਕੇ ਉਹਨਾਂ ਪਾਸ ਜਾਂਦੇ ਹਨ (ਉਹ ਦੋਹਾਂ ਨੂੰ ਪਿਆਰ ਦੀ ਦਿਸ਼੍ਰਟੀ ਨਾਲ ਤੱਕਦੇ ਹਨ)। ਸੁਆਦਲੇ ਭੋਜਨ ਲਿਆਉਣ ਵਾਲੇ ਨੂੰ ਵਰ ਅਤੇ ਤਲਵਾਰ ਆਦਿ ਸ਼ਸਤ੍ਰ ਲੈ ਕੇ ਮਾਰਨ ਦੀ ਭਾਵਨਾ ਨਾਲ ਆਏ ਹੋਏ ਨੂੰ ਸਰਾਪ ਨਹੀਂ ਦੇਂਦੇ। (੧੩੫੬)

ਜਿਸ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਚਲਣ ਵਾਲੇ ਵਾਹਿਗੁਰੂ ਦੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਥਵਾ ਜਾਣਦੇ ਹਨ ਕਿ ਕੁਦਰਤ ਦੇ ਨਿਯਮ ਅਟਲ ਹਨ, ਇਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ, ਅਤੇ ਨਾ ਹੀ ਬਦਲਣ ਬਾਰੇ ਸੋਚਦੇ ਹਨ; ਉਸ ਗੁਰੂ ਦੇ ਨਾਂ ਨਾਲ ਇਹੋ ਜਿਹੀਆਂ ਕਹਾਣੀਆਂ ਘੜ ਪਰਚਾਰਨੀਆਂ ਕਿੱਥੋਂ ਤੱਕ ਜਾਇਜ਼ ਹਨ? ਪਾਠਕ ਆਪ ਹੀ ਨਿਰਣਾ ਕਰ ਲੈਣ।

ਗੁਰੂ ਸਾਹਿਬਾਨ ਜਦੋਂ ਵੀ ਕਿਸੇ ਵਿਅਕਤੀ ਨੂੰ ਨੇਕ ਨੀਅਤ ਨਾਲ ਚੰਗਾ ਕਰਮ ਕਰਦਾ ਹੋਇਆ ਵੇਖਦੇ ਤਾਂ ਆਪ ਉਸ ਪ੍ਰਾਣੀ ਦੇ ਉਸ ਕਰਮ ਦੇ ਕਾਰਨ ਉਸ ਦੀ ਸ਼ਲਾਘਾ ਕਰਦੇ ਸਨ; ਪਰ ਇਸ ਦਾ ਹਰਗ਼ਿਜ਼ ਇਹ ਭਾਵ ਨਹੀਂ ਕਿ ਹਜ਼ੂਰ ਉਸ ਦੇ ਕੇਵਲ ਇੱਕ ਕਰਮ ਨੂੰ ਦੇਖ ਕੇ ਹੀ ਉਸ ਨੂੰ ਜੀਵਨ ਮੁਕਤ ਦੀ ਪਦਵੀ ਦਾ ਵਰਦਾਨ ਦੇ ਦੇਂਦੇ ਸਨ, ਅਥਵਾ ਉਹ ਪ੍ਰਾਣੀ ਜੀਵਨ ਮੁਕਤ ਹੋ ਜਾਂਦਾ ਸੀ। ਹਾਂ, ਹਜ਼ੂਰ ਸਰਨ ਆਉਣ ਵਾਲੇ ਹਰੇਕ ਮਾਈ ਭਾਈ ਨੂੰ ਇਹ ਅਸੀਸ ਜ਼ਰੂਰ ਦੇਂਦੇ ਸਨ ਕਿ ਉਨ੍ਹਾਂ ਦੇ ਮਨਾਂ ਵਿੱਚ ਪ੍ਰਭੂ ਦੀ ਯਾਦ ਹਮੇਸ਼ਾਂ ਬਣੀ ਰਹੇ। ਸਾਨੂੰ ਇਤਿਹਾਸ ਵਿੱਚੋਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜਿਹੜੇ ਪਹਿਲਾਂ ਗੁਰੂ ਕਿਰਪਾ ਦੇ ਪਾਤਰ ਸਨ ਪਰ ਬਾਅਦ ਵਿੱਚ ਉਹ ਗੁਰੂ ਤੋਂ ਬੇਮੁੱਖ ਹੋ ਗਏ। ਉਹ ਨਿਰਮਲ ਰਹਿਣੀ ਦੇ ਧਾਰਣੀ ਨਾ ਰਹੇ; ਵਿਕਾਰਾਂ ਦੀਆਂ ਲਹਿਰਾਂ ਦੀ ਲਪੇਟ ਵਿੱਚ ਆਉਣ ਕਾਰਨ ਗੁਰਮੁਖਾਂ ਵਾਲਾ ਜੀਵਨ ਬਤੀਤ ਨਾ ਕਰ ਸਕੇ।

ਹਜ਼ੂਰ ਦੀ ਤਾਂ ਇਹ ਭਰਪੂਰ ਇੱਛਾ ਸੀ ਕਿ ਹਰੇਕ ਪ੍ਰਾਣੀ ਜੀਵਨ ਮੁਕਤ ਹੋ ਸਕੇ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰ ਸਕੇ। ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਮਨੋਰਥ ਵੀ ਤਾਂ ਇਹੋ ਹੀ ਸੀ। ਚੋਰਾਂ, ਠੱਗਾਂ, ਪੰਖਡੀਆਂ, ਕਰਮਕਾਂਡੀਆ, ਜ਼ਾਲਮਾਂ ਆਦਿ ਪਾਸ ਗੁਰੂ ਸਾਹਿਬ ਆਪ ਚੱਲ ਕੇ ਗਏ ਸਨ ਇਹ ਲੋਕ ਸਤਿਗੁਰੂ ਜੀ ਕੋਲ ਨਹੀਂ ਸਨ ਆਏ। ਪਰ ਗੁਰੂ ਨਾਨਕ ਦੇਵ ਜੀ ਜਾਂ ਦੂਜੇ ਗੁਰੂ ਸਾਹਿਬਾਂ ਦੀਆਂ ਅਜੇਹੀਆਂ ਕੋਸ਼ਸ਼ਾਂ ਦੇ ਬਾਵਜੂਦ ਸਾਰੇ ਪ੍ਰਾਣੀ ਜੀਵਨ ਮੁਕਤ ਨਹੀਂ ਹੋ ਸਕੇ। ਗੁਰਦੇਵ ਤਾਂ ਚਾਹੁੰਦੇ ਸਨ ਪਰ ਐਸੇ ਇਨਸਾਨ ਸਤਿਗੁਰੂ ਦੇ ਦਰਸਾਏ ਹੋਏ ਮਾਰਗ ਉੱਤੇ ਚੱਲਣ ਦੇ ਬਿਲਕੁਲ ਹੀ ਇੱਛਕ ਨਹੀਂ ਸਨ। ਸੋ ਆਪਣੀ ਹੀ ਕਰਣੀ ਦੇ ਕਾਰਨ ਹਜ਼ੂਰ ਦੇ ਚਾਹੁਣ ਦੇ ਬਾਵਜੂਦ ਵੀ ਇਹੇ ਜੇਹੇ ਪ੍ਰਾਣੀ ਭਉਸਾਗਰ ਤੋਂ ਪਾਰ ਨਾ ਲ਼ੰਘ ਸਕੇ। ਸਤਿਗੁਰਾਂ ਦੀ ਆਪਣੀ ਸੰਤਾਨ ਵੀ (ਕੁਛ ਕੁ ਨੂੰ ਛੱਡ ਕੇ) ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਨਹੀਂ ਸੀ ਬਣਾ ਸਕੀ। :-ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ।। (੯੬੭)” । ਵਿਚ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਦਾ ਹੀ ਤਾਂ ਵਰਣਨ ਕੀਤਾ ਗਿਆ ਹੈ।

ਗੁਰੂ ਰਾਮਦਾਸ ਜੀ ਦੇ ਇਸ ਪਾਵਨ ਸ਼ਬਦ ਵਿਚੋਂ ਵੀ ਤਾਂ ਕੁੱਝ ਅਜੇਹੀ ਹੀ ਝਲਕ ਮਿਲਦੀ ਹੈ:-

ਕਾਹੇ ਪੂਤ ਝਗਰਤ ਹਉ ਸੰਗਿ ਬਾਪ।। ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ।। ੧।। ਰਹਾਉ।।
ਅਰਥ: ਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ? ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ। ੧। ਰਹਾਉ। (੧੨੦੦)

ਗੁਰੂ ਸਾਹਿਬਾਨ ਜੇ ਕਰ ਅਜੇਹੇ ਵਰ ਸਰਾਪ ਵਿੱਚ ਵਿਸ਼ਵਾਸ ਰੱਖਦੇ ਹੁੰਦੇ ਤਾਂ ਉਨ੍ਹਾਂ ਨੂੰ ਸ਼ੰਘਰਸ਼ ਮਈ ਜ਼ਿੰਦਗੀ ਜਿਊਂਣ ਦੀ ਲੋੜ ਹੀ ਨਹੀਂ ਸੀ। ਇੱਕੋ ਥਾਂ ਤੇ ਬੈਠ ਕੇ ਵਿਰੋਧੀਆਂ ਨੂੰ ਸਰਾਪ ਦੇ ਕੇ ਭਸਮ ਕਰ ਦੇਂਦੇ ਜਾਂ ਕਿਸੇ ਇੱਕ ਹੀ ਸਿੱਖ ਨੂੰ ਵਰ ਦੇ ਕੇ ਵਿਰੋਧੀਆਂ ਦਾ ਸਰਬਨਾਸ਼ ਕਰਵਾ ਦੇਂਦੇ; ਪਰੰਤੂ ਸਾਹਿਬਾਂ ਨੇ ਅਜੇਹਾ ਨਹੀਂ ਕੀਤਾ। ਗੁਰੂ ਸਹਿਬਾਨ ਦਾ ਸ਼ੰਘਰਸ਼ਮਈ ਜੀਵਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਗੁਰੂ ਸਾਹਿਬ ਮਨੁੱਖ ਨੂੰ ਕਰਮ ਜੋਗੀ ਬਣਾ ਆਪਣੀ ਕਿਸਮਤ ਦਾ ਘੜਨਹਾਰਾ ਬਣਾਉਣ ਦੇ ਇੱਛਕ ਸਨ।।

ਬਾਣੀ ਵਿੱਚ ਤਾਂ ਇਹੋ ਜਿਹੀ ਸੋਚ ਰੱਖਣ ਵਾਲਿਆਂ ਦੇ ਅਜੇਹੇ ਪਾਖੰਡ ਦਾ ਪੋਲ ਖੋਲਦਿਆਂ ਹੋਇਆਂ ਆਖਿਆ ਹੈ:-

“ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ।। ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।। ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।। (੪੧੮)”

ਅਰਥ: ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ। ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ।

ਹਾਂ, ਸਾਨੂੰ ਗੁਰਬਾਣੀ ਵਿੱਚ ਅਸੀਸ ਦਾ ਇਹ ਰੂਪ ਮਿਲਦਾ ਹੈ:-

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ।। ਸੋ ਹਰਿ ਹਰਿ ਤੁਮ੍ਹ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ।। ੧।। ਪੂਤਾ ਮਾਤਾ ਕੀ ਆਸੀਸ।। ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ।। ੧।। ਰਹਾਉ।। ਸਤਿਗੁਰੁ ਤੁਮ੍ਹ੍ਹ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ।। ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ।। ੨।। ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ।। ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ।। ੩।। ਭਵਰੁ ਤੁਮ੍ਹ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ।। ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ।। ੪।। (੪੯੬)

ਇਹ ਅਸੀਸ ਵਰ ਰੂਪ ਨਹੀਂ ਕਿ ਐਸਾ ਅਵੱਸ਼ ਹੋ ਜਾਵੇਗਾ। ਕਾਮਨਾ ਹੈ ਕਿ ਵਾਹਿਗੁਰੂ ਐਸੀ ਕਿਰਪਾ ਕਰੇ। ਵਰ ਅਤੇ ਅਸੀਸ ਵਿੱਚ ਇਹੀ ਬੁਨਿਆਦੀ ਅੰਤਰ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਹਰਿ ਨਾਮ ਦਾ ਸਿਮਰਨ ਕਰਨ ਵਾਲੇ ਦਾ ਕੇਵਲ ਆਪਣਾ ਹੀ ਪਾਰ ਉਤਾਰਾ ਨਹੀਂ ਹੁੰਦਾ, ਸਗੋਂ ਉਹ ਆਪਣੀਆਂ ਇੱਕੀ ਕੁਲਾਂ ਦਾ ਵੀ ਉਧਾਰ ਕਰਦਾ ਹੈ, ਦਾ ਜ਼ਿਕਰ ਆਇਆ ਹੈ ਉੱਥੇ ਅਜੇਹਾ ਪ੍ਰਾਣੀ ਆਪਣੇ ਪਰਿਵਾਰ, ਦੋ ਕੁਲਾਂ, ਸਾਰੀਆਂ ਹੀ ਕੁਲਾਂ, ਸੰਗਤ, ਅਤੇ ਸੰਸਾਰ ਦਾ ਵੀ ਉਧਾਰ ਕਰਦਾ ਹੈ, ਦਾ ਵੀ ਵਰਣਨ ਕੀਤਾ ਗਿਆ ਹੈ।

ਪਰਵਾਰ ਨੂੰ ਉਧਾਰਣ ਦਾ ਵਰਣਨ:-

ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ।। ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ।। (੨੧੮)

ਅਰਥ: (ਹੇ ਮੇਰੀ ਜਿੰਦੇ!) ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ- (ਸਮੁੰਦਰ) ਤੋਂ ਪਾਰ ਲੰਘ ਸਕੀਦਾ ਹੈ। (ਹੇ ਜਿੰਦੇ!) ਪਰਮਾਤਮਾ ਦੀ ਅਰਾਧਨਾ ਕਰਨੀ ਚਾਹੀਦੀ ਹੈ। (ਜੇਹੜਾ ਮਨੁੱਖ ਆਰਾਧਨ ਕਰਦਾ ਹੈ, ਉਸ ਦਾ) ਸਾਰਾ ਪਰਵਾਰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਬਚ ਨਿਕਲਦਾ ਹੈ। ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ।। ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ।। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ, ਉਸ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਸਤਾ ਲੱਭ ਲੈਂਦੇ ਹਨ। ਉਹ ਆਪ (ਭੀ ਵਿਕਾਰਾਂ ਵਿੱਚ ਗਲਣੋਂ) ਬਚ ਜਾਂਦੇ ਹਨ, ਉਹਨਾਂ ਦੇ ਪਰਵਾਰ-ਕੁਟੰਬ ਦੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। (੧੪੧੮)

ਨੋਟ: ਗੁਰਬਾਣੀ ਵਿੱਚ ਪਰਿਵਾਰ ਤੋਂ ਭਾਵ ਕੇਵਲ ਪਤੀ ਪਤਨੀ ਧੀਆਂ ਪੁੱਤਰਾਂ ਆਦਿ ਤੋਂ ਹੀ ਨਹੀਂ ਬਲਕਿ ਗਿਆਨ ਇੰਦ੍ਰਿਆਂ ਅਤੇ ਪੈਰੋਕਾਰਾਂ ਤੋਂ ਵੀ ਹੈ।

ਰਾਮ ਜਪਉ ਜੀਅ ਐਸੇ ਐਸੇ।। ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ।। ੧।। ਦੀਨ ਦਇਆਲ ਭਰੋਸੇ ਤੇਰੇ।। ਸਭੁ ਪਰਵਾਰੁ ਚੜਾਇਆ ਬੇੜੇ।। ੧।। ਰਹਾਉ।।

ਅਰਥ:- ਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ ਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰੂ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ। ੧। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਤੇਰੀ ਮਿਹਰ ਦੀ ਆਸ ਤੇ ਮੈਂ ਆਪਣਾ ਸਾਰਾ ਪਰਵਾਰ ਤੇਰੇ (ਨਾਮ ਦੇ) ਜਹਾਜ਼ ਤੇ ਚੜ੍ਹਾ ਦਿੱਤਾ ਹੈ (ਮੈਂ ਜੀਭ, ਅੱਖ, ਕੰਨ ਆਦਿਕ ਸਭ ਗਿਆਨ-ਇੰਦ੍ਰਿਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿੱਚ ਜੋੜ ਦਿੱਤਾ ਹੈ)। ੧। ਰਹਾਉ। (੩੩੭)

(ਹੇ ਪਾਂਡੇ!) ਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ ਨਹੀਂ ਪਈ ਕਿ ਪਰਮਾਤਮਾ ਦਾ ਨਾਮ ਸਿਮਰਿਆਂ ਕਿਹੋ ਜਿਹੀ ਆਤਮਕ ਅਵਸਥਾ ਬਣਦੀ ਹੈ। (ਤੂੰ ਮਾਣ ਕਰਦਾ ਹੈਂ ਕਿ ਤੂੰ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਿਆ ਹੋਇਆ ਹੈਂ, ਪਰ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ (ਜੇ ਨਾਮ ਤੋਂ ਸੁੰਞਾ ਰਿਹਾ; ਇਹ ਤਾਂ ਦਿਮਾਗ਼ ਉੱਤੇ ਭਾਰ ਹੀ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਲੱਦਾ ਲੱਦ ਲਿਆ। (੧੧੦੨)

ਦੋ ਕੁਲਾਂ ਦੇ ਤਾਰਨ ਦਾ ਵਰਣਨ:-

ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੇ ਪ੍ਰਾਣੀ ਕੇਵਲ ਆਪਣੇ ਪਰਿਵਾਰ ਨੂੰ ਹੀ ਨਹੀਂ ਸਗੋਂ ਆਪਣੀਆਂ ਦੋਹਾਂ ਕੁਲਾਂ ਦਾ ਵੀ ਉਧਾਰ ਦਾ ਕਰ ਦੇਂਦੇ ਹਨ। :-

ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ।। ੧।। ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿੱਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਨੂੰ ਵੀ ਤਾਰ ਦੇਂਦਾ ਹੈ। (੮੫੮)

ਆਪ ਭਵ ਸਾਗਰ ਤੋਂ ਤਰਨ ਵਾਲਾ ਆਪਣੀਆਂ ਦੋ ਕੁਲਾਂ ਦਾ ਹੀ ਨਹੀਂ ਬਲਕਿ ਕੁਲਾਂ ਦਾ ਵੀ ਪਾਰ ਉਤਾਰਾ ਕਰ ਦੇਂਦਾ ਹੈ:-

ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ।। (੮੫੨)

ਸਾਰੀਆਂ ਕੁਲਾਂ ਦੇ ਉਧਾਰ ਦਾ ਵਰਣਨ:-

ਫਿਰ ਫ਼ੁਰਮਾਉਂਦੇ ਹਨ ਕਿ ਇਸ ਭਵਜਲ ਤੋਂ ਪਾਰ ਹੋਣ ਵਾਲਾ ਆਪਣੀਆਂ ਸਾਰੀਆਂ ਕੁਲਾਂ ਦਾ ਹੀ ਉਧਾਰ ਕਰ ਦੇਂਦਾ ਹੈ:

ਗੁਰਮੁਖਿ ਹਰਿ ਦਰਿ ਸੋਭਾ ਪਾਏ ਗੁਰਮੁਖਿ ਵਿਚਹੁ ਆਪੁ ਗਵਾਏ।। ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ।। (੧੨੫)

ਸਾਰੀ ਸੰਗਤ ਨੂੰ ਤਾਰਨ ਦਾ ਵਰਣਨ:-

ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਨਹੀਂ ਅਜੇਹਾ ਪ੍ਰਾਣੀ ਸਾਰੀ ਸੰਗਤ ਨੂੰ ਤਾਰ ਦੇਂਦਾ ਹੈ:-

ਹਰਿ ਵਰੁ ਜਿਨਿ ਪਾਇਆ ਧਨ ਨਾਰੀ।। ਹਰਿ ਸਿਉ ਰਾਤੀ ਸਬਦੁ ਵੀਚਾਰੀ।। ਆਪਿ ਤਰੈ ਸੰਗਤਿ ਕੁਲ ਤਾਰੈ।। ਸਤਿਗੁਰੁ ਸੇਵਿ ਤਤੁ ਵੀਚਾਰੈ।। (੩੫੩)

ਨਾਮ ਸਿਮਰਨ ਦੀ ਘਾਲਣਾ ਘਾਲਣ ਵਾਲੇ ਹੋਰ ਵੀ ਅਨੇਕਾਂ ਨੂੰ ਮੁਕਤ ਕਰਦੇ ਹਨ:-

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।। (੮)

ਅਰਥ:-ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਅਕਾਲ ਪੁਰਖ ਦੇ ਦਰ `ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿੱਚ (ਰਹਿ ਕੇ) ( “ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ।

ਸਾਰੇ ਸੰਸਾਰ ਨੂੰ ਉਧਾਰਨ ਦੀ ਗੱਲ:-

ਅੰਤ ਵਿੱਚ ਕਹਿੰਦੇ ਹਨ ਕਿ ਮਾਇਕ ਬੰਧਨਾਂ ਨੂੰ ਤੋੜ ਕੇ ਪਵਿੱਤਰਤਾ ਦਾ ਜੀਵਨ ਜੀਉਣ ਵਾਲੇ ਅਨੇਕਾਂ ਨੂੰ ਹੀ ਨਹੀਂ ਬਲਕਿ ਸਾਰੇ ਸੰਸਾਰ ਨੂੰ ਹੀ ਤਾਰ ਦੇਂਦੇ ਹਨ:-

ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ।। (੩੦੪)

ਅਰਥ:-ਹੇ ਦਾਸ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ (ਇਸ ਕਾੜੇ ਅੰਦੇਸੇ-ਭਰੇ ਸਮੁੰਦਰ ਵਿਚੋਂ) ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਜੀਵਨ ਮੁਕਤ ਹੋਏ ਪ੍ਰਾਣੀਆਂ ਬਾਰੇ ਉਪਰੋਕਤ ਕਥਨ ਹੈ ਉੱਥੇ ਵਿਕਾਰਾਂ ਦੇ ਸਾਗਰ ਵਿੱਚ ਡੁੱਬੇ ਹੋਏ ਮਨੁੱਖਾਂ ਬਾਰੇ ਵੀ ਸਪਸ਼ਟ ਕੀਤਾ ਹੈ ਕਿ ਅਜੇਹੇ ਪ੍ਰਾਣੀ ਆਪ ਹੀ ਇਸ ਭਵ ਸਾਗਰ ਵਿੱਚ ਨਹੀਂ ਡੁੱਬੇ, ਉਹਨਾਂ ਨੇ ਆਪਣੇ ਸਾਰੇ ਪਰਿਵਾਰ, ਆਪਣੀਆਂ ਸਾਰੀਆਂ ਕੁਲਾਂ ਅਤੇ ਆਪਣੇ ਪਿਛਲੱਗਾਂ ਨੂੰ ਵੀ ਡੋਬ ਦਿੱਤਾ ਹੈ, ਦਾ ਵੀ ਜ਼ਿਕਰ ਹੈ।

ਪਰਿਵਾਰ, ਕੁਲ ਨੂੰ ਡੋਬਣ ਦਾ ਵਰਣਨ:-

ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ।। ੫।। (੭੫੫)

ਅਰਥ: ਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ- ਸਮੁੰਦਰ ਵਿੱਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਬੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ।

ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ।। (੧੨੪)

ਅਰਥ: ਉਹ ਆਪ ਮਾਇਆ ਦੇ ਮੋਹ ਵਿੱਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿੱਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ)।

ਸੰਗਤ ਅਥਵਾ ਚੇਲਿਆਂ ਨੂੰ ਡੋਬਣ ਦਾ ਵਰਣਨ:-

ਪਡੀਆ ਕਵਨ ਕੁਮਤਿ ਤੁਮ ਲਾਗੇ।। ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ।। ੧।। ਰਹਾਉ।। (ਪੰਨਾ੧੧੦੨)
ਅਰਥ:- ਹੇ ਪੰਡਿਤ! ਤੁਸੀ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ? ਹੇ ਮੰਦ-ਭਾਗੀ ਪਾਂਡੇ! ਤੁਸੀ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ (ਸੰਸਾਰ-ਸਮੁੰਦਰ ਵਿਚ) ਡੁੱਬ ਜਾਉਗੇ। ੧। ਰਹਾਉ।।

ਪਰਵਾਰ, ਕੁਲ ਆਦਿ ਨੂੰ ਡੋਬਣ ਦੇ ਜ਼ਿਕਰ ਦੇ ਨਾਲ ਨਾਲ ਕੁਲ ਨੂੰ ਬਦਨਾਮ ਕਰਨ ਦਾ ਵੀ ਵਰਣਨ ਕੀਤਾ ਗਿਆ ਹੈ।

ਦੋ ਕੁਲਾਂ ਨੂੰ ਬਦਨਾਮ ਕਰਨ ਦੀ ਗੱਲ:

ਸਾਹਿਬੁ ਸੰਕਟਵੈ ਸੇਵਕੁ ਭਜੈ।। ਚਿਰੰਕਾਲ ਨ ਜੀਵੈ ਦੋਊ ਕੁਲ ਲਜੈ।। (ਪੰਨਾ ੧੧੯੫)

ਅਰਥ:-ਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦੇਵੇ, ਤੇ ਨੌਕਰ (ਉਸ ਕਸ਼ਟ ਤੋਂ ਡਰਦਾ) ਨੱਠ ਜਾਏ, (ਜਿੰਦ ਨੂੰ ਕਸ਼ਟਾਂ ਤੋਂ ਬਚਾਉਣ ਦੀ ਖ਼ਾਤਰ ਨੱਠਿਆ ਹੋਇਆ) ਨੌਕਰ ਸਦਾ ਤਾਂ ਜੀਊਂਦਾ ਨਹੀਂ ਰਹਿੰਦਾ, ਪਰ (ਮਾਲਕ ਨੂੰ ਪਿੱਠ ਦੇ ਕੇ) ਆਪਣੀਆਂ ਦੋਵੇਂ ਕੁਲਾਂ ਬਦਨਾਮ ਕਰ ਲੈਂਦਾ ਹੈ। (ਹੇ ਪ੍ਰਭੂ! ਲੋਕਾਂ ਦੇ ਇਸ ਠੱਠੇ ਤੋਂ ਡਰ ਕੇ ਮੈਂ ਤੇਰੇ ਦਰ ਤੋਂ ਨੱਠ ਨਹੀਂ ਜਾਣਾ)।

ਕੁਲ ਦੀ ਬਦਨਾਮੀ ਦਾ ਵਰਣਨ:-

ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ।। (੧੩੨)

ਅਰਥ:- (ਹੇ ਭਾਈ! ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦਾ ਨਾਮ ਖ਼ਰਚ (ਆਪਣੇ ਪੱਲੇ ਬੰਨ੍ਹ) ਲੈ, (ਇਸ ਤਰ੍ਹਾਂ) ਤੇਰੀ ਕੁਲ ਨੂੰ (ਭੀ) ਕੋਈ ਬਦਨਾਮੀ ਨਹੀਂ ਆਵੇਗੀ।

ਨੋਟ: ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਪਿਤਰਾਂ ਦੇ ਉਧਾਰ ਦਾ ਜ਼ਿਕਰ ਆਇਆ ਹੈ ਉੱਥੇ ਭਾਵ, ਤੇਰੇ “ਕੁਲਹਿ ਨ ਲਾਗੈ ਗਾਲਿ” ਤੋਂ ਉਲਟ ਭਾਵ ਹੈ; ਅਰਥਾਤ ਕੁਲ (ਖ਼ਾਨਦਾਨ) ਦੀ ਸ਼ੋਭਾ ਤੋਂ ਹੈ। ਉਹ ਮਾਤਾ ਪਿਤਾ ਕੁਲ, ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ।। (ਪੰਨਾ ੩੧੦)

ਅਰਥ:- ਹੇ ਮਾਂ! ਉਹ ਪਿਉ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ ਜਿਸ ਨੇ ਸਤਿਗੁਰੂ ਜਣਿਆ ਹੈ।)

ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ।। ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ
ਮਗਨ ਡਾਰੇ ਬਿਖੁ ਖੋਇ।। (ਪੰਨਾ ੮੫੮)

ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ।। (ਪੰਨਾ ੧੩੩੫)

ਅਰਥ:-ਹੇ ਭਾਈ! ਭਾਗਾਂ ਵਾਲੀ ਹੈ ਉਹ ਕੁਲ, ਧੰਨ ਹੈ ਉਹ ਪਿਉ ਤੇ ਧੰਨ ਹੈ ਉਹ ਮਾਂ ਜਿਸ ਨੇ ਭਗਤ-ਜਨਾਂ ਨੂੰ ਜਨਮ ਦਿੱਤਾ।

ਸੋ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਕੁਲਾਂ ਨੂੰ ਤਾਰਨ ਦੀ ਗੱਲ ਨਹੀ ਆਖੀ ਗਈ, ਕੁਲਾਂ ਦੇ ਡੋਬਣ ਦੀ ਗੱਲ ਵੀ ਕੀਤੀ ਹੋਈ ਹੈ। ਆਪ ਭਉਜਲ ਤੋਂ ਪਾਰ ਹੋ ਆਪਣੇ ਪਰਿਵਾਰ, ਕੁਲ, ਸੰਗਤ ਅਤੇ ਸੰਸਾਰ ਨੂੰ ਤਾਰਨਾ ਜਾਂ ਡੋਬਣਾ ਕੀ ਹੈ? ਇਹ ਸਮਝਣ ਤੋਂ ਪਹਿਲਾਂ ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਦੇਖ ਲਈਏ ਕਿ ਤਰਨਾਂ ਜਾਂ ਤਾਰਨਾਂ ਕਿਸ ਵਿੱਚੋਂ ਹੈ।

ਭਵਜਲ:-

ਗੁਰਬਾਣੀ ਵਿੱਚ ਭਵਸਾਗਰ, ਭਉਸਾਗਰ, ਭਉਜਲ, ਬਿਖਮ ਸਾਗਰ, ਮਹਾ ਸਾਗਰ, ਸੰਸਾਰ ਸਮੁੰਦਰ, ਭੈ ਸਾਗਰ, ਬਿਖੈ ਬਨ ਅਗਨਿ ਸਾਗਰ ਆਦਿ ਸਮਾਨਾਰਥਕ ਸ਼ਬਦ ਹੀ ਹਨ, ਇਨ੍ਹਾਂ ਸ਼ਬਦਾਂ ਦਾ ਭਾਵ ਇੱਕੋ ਹੀ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਇਸ ਭਵ ਸਾਗਰ ਦਾ ਜੋ ਸਰੂਪ ਹੈ ਉਹ ਇਸ ਤਰ੍ਹਾਂ ਹੈ:-

ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ।। ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ।। ਰਹਾਉ।।

ਅਰਥ: ਹੇ ਪਿਆਰੇ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਇਹ ਸਿਮਰਨ) ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿੱਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿੱਚ ਲੋਭ ਮੋਹ (ਦੀਆਂ ਲਹਿਰਾਂ ਉਠ ਰਹੀਆਂ) ਹਨ।

ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ।। (੧੩੩੫)

ਅਰਥ: ਹੇ ਨਾਨਕ! (ਆਖ—) ਹੇ ਗੁਰੂ! ਹੇ ਪ੍ਰਭੂ! ਹੇ ਧਰਤੀ ਦੇ ਰਾਖੇ! ਅਸੀ ਤੇਰੇ (ਅੰਞਾਣ) ਬੱਚੇ ਹਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ ਸਮੁੰਦਰ ਵਿੱਚ ਡੁੱਬਦਿਆਂ ਨੂੰ ਸਾਨੂੰ ਬਚਾ ਲੈ। (੬੭੯)

ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ।। ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ।। ੧।। ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ।। ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ।। ੧।। ਰਹਾਉ।। ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ।। ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ।। ੨।। (ਪੰਨਾ੮੫੫)
ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ।। (ਪੰਨਾ ੯੦੮)

ਅਰਥ: ਹੇ ਅਉਧੂ! ਮਾਇਆ ਦਾ ਮੋਹ ਘੁੰਮਣ ਘੇਰੀ ਹੈ (ਜਿਸ ਮਨੁੱਖ ਦਾ ਪਰਮਾਤਮਾ ਉੱਧਾਰ ਕਰਦਾ ਹੈ ਉਹ) ਗੁਰੂ ਦੇ ਸ਼ਬਦ ਵਿੱਚ ਜੁੜ ਕੇ (ਇਸ ਵਿਚੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।

ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ।। ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ।। ਹੇ ਪ੍ਰਭੂ! ਅਸੀ ਜੀਵ (ਪਾਪਾਂ ਨਾਲ ਭਾਰੇ ਹੋ ਚੁਕੇ) ਪੱਥਰ ਹਾਂ, ਗੁਰੂ ਬੇੜੀ ਹੈ। (ਸਾਨੂੰ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ) ਆਤਮਕ ਮੌਤ ਲਿਆਉਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ। ਹੇ ਪ੍ਰਭੂ! ਆਪਣੇ ਪਿਆਰੇ ਵਿੱਚ (ਜੋੜ ਕੇ) ਗੁਰੂ ਦਾ ਸ਼ਬਦ ਦੇਹ, ਅਤੇ ਮੈਨੂੰ ਮੂਰਖ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ। (੧੧੧੪)

ਇਸੇ ਹੀ ਭਵਸਾਗਰ ਦਾ ਜ਼ਿਕਰ ਕਰਦਿਆਂ ਜੋਗੀ ਗੁਰੂ ਨਾਨਕ ਦੇਵ ਜੀ ਨੂੰ ਪੁਛਦੇ ਹਨ:-

ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ।। ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ।। (ਪੰਨਾ ੯੩੮)

ਅਤੇ ਸਤਿਗੁਰੂ ਉੱਤਰ ਵਿੱਚ ਆਖਦੇ ਹਨ:- ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ।। ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ।। (ਪੰਨਾ ੯੩੮)

ਗੁਰੂ ਗ੍ਰੰਥ ਸਾਹਿਬ ਚੋਂ ਅਨੇਕਾਂ ਸ਼ਬਦਾਂ ਵਿੱਚੋ, ਜਿਨ੍ਹਾਂ ਵਿੱਚ ਭਵਜਲ ਦਾ ਰੂਪ ਦਰਸਾਇਆ ਗਿਆ ਹੈਂ, ਕੇਵਲ ਕੁੱਝ ਕੁ ਸ਼ਬਦਾਂ ਦਾ ਹੀ ਹਵਾਲਾ ਦਿੱਤਾ ਹੈ, ਜਿਨ੍ਹਾਂ ਵਿੱਚੋਂ ਅਸੀਂ ਬਾਣੀ ਵਿੱਚ ਭਵਜਲ ਦਾ ਜੋ ਰੂਪ ਹੈ ਉਸ ਨੂੰ ਸਪਸ਼ਟ ਰੂਪ ਵਿੱਚ ਵੇਖ ਸਕਦੇ ਹਾਂ। ਸੋ, ਬਾਣੀ ਵਿੱਚ ਜਦੋਂ ਤਰਨ, ਤਾਰਨ, ਉਧਰਨ, ਉਧਾਰਨ, ਪਾਰਉਤਰਨ, ਪਾਰ ਉਤਾਰਨ, ਪਾਰ ਲੰਘਣ, ਪਾਰ ਲੰਘਾਉਣ, ਮੁਕਤ ਹੋਣ ਜਾਂ ਮੁਕਤ ਕਰਨ ਆਦਿ ਦਾ ਜ਼ਿਕਰ ਆਇਆ ਹੈ, ਤਾਂ ਉੱਥੇ ਇਸ ਭਵ ਸਾਗਰ ਤੋਂ ਪਾਰ ਲੰਘਣ ਦਾ ਹੀ ਭਾਵ ਹੈ। ਇਸ ਬਿਖਮ ਸਾਗਰ ਤੋਂ ਪਾਰ ਲੰਘਣ ਵਾਲੇ ਪ੍ਰਾਣੀ ਨੇ ਹੀ ਜੀਵਨ ਦੇ ਅਦਰਸ਼ ਨੂੰ ਪਹਿਚਾਣਿਆ ਹੈ, ਉਸੇ ਦਾ ਸੰਸਾਰ ਵਿੱਚ ਆਉਣਾ ਸਫਲ ਹੈ ਅਥਵਾ ਉਹੀ ਜੀਵਨ ਮੁਕਤ ਹੈ। ਜੀਵਨ ਮੁਕਤ ਹੋਏ ਦੀ ਰਹਿਣੀ ਦਾ ਕੁੱਝ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ:-

ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ।। ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ
।। ੧।। ਸਾਧਸੰਗਿ ਚਿੰਤ ਬਿਰਾਨੀ ਛਾਡੀ।। ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ।। ੧।। ਰਹਾਉ।। ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ।। ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ।। ੨।। ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।। ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ।। ੩।। ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ।। ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ।। ੪।। (੬੭੧)

ਫਿਰ ਕੀ ਭਾਵ ਹੋਇਆ ਇਸ ਭਵ ਸਾਗਰ ਤੋਂ ਪਾਰ ਹੋਣ ਜਾਂ ਪਾਰ ਲੰਘਾਉਣ ਦਾ? ਭਵਜਲ ਤੋਂ ਪਾਰ ਲੰਘਣ ਜਾਂ ਲੰਘਾਉਣ ਦਾ ਅਰਥ ਹੈ ਕਿ ਮਨੁੱਖ ਦਾ ਵਿਸ਼ੇ ਵਿਕਾਰ ਤੋਂ ਉੱਪਰ ਉੱਠ ਕੇ ਇੰਦ੍ਰਿਆਂ ਦੀਆਂ ਕਮਜ਼ੋਰੀਆਂ ਤੋਂ ਰਹਿਤ ਹੋ, ਕੁਦਰਤ ਦੇ ਨਿਯਮ ਨੂੰ ਸਮਝ ਇਸ ਦੀ ਪਾਲਣਾ ਕਰਦਿਆਂ ਹੋਇਆਂ ਮਨੁੱਖਤਾ ਦੀ ਸੇਵਾ ਕਰਨਾ ਹੀ ਇਸ ਭਵਸਾਗਰ ਤੋਂ ਪਾਰ ਲੰਘਣਾ ਹੈ।।

ਅੰਤ ਵਿੱਚ ਭਵ ਸਾਗਰ ਬਾਰੇ ਮਹਾਨ ਕੋਸ਼ ਵਿੱਚੋਂ ਨਿਮਨ ਲਿਖਤ ਦਾ ਵਰਣਨ ਕਰਦਿਆਂ ਇਸ ਵਿਸ਼ੇ (ਭਵ ਸਾਗਰ ਵਾਲੇ) ਨੂੰ ਇੱਥੇ ਹੀ ਸਮਾਪਤ ਕਰਦਾ ਹਾਂ:

ਕਰਮ ਕੀ ਨਦੀ ਜਾਂਮੇ ਭਰਮ ਕੇ ਭੋਰ ਪਰੈਂ ਲਹਰੈਂ ਮਨੋਰਥ ਕੀ ਕੋਟਿਨ ਗਰਤ ਹੈਂ।

ਕਾਮ ਸ਼ੋਕ ਮਦ ਮਹਾਂ ਮੋਹ ਸੋ ਮਗਰ ਤਾਮੇ ਕ੍ਰੋਧ ਸੋ ਫਣਿੰਦ ਜਾਂਸੇ ਦੇਵਤਾ ਡਰਤ ਹੈਂ।

ਲੋਭ ਜਲ ਪੂਰਨ ਅਖੰਡਿਤ” ਅਨਨਯ” ਭਨੈ ਦੇਖ ਵਾਰ ਪਾਰ ਏਸੋ ਧੀਰ ਨਾ ਧਰਤ ਹੈਂ।

ਧਯਾਨ ਬ੍ਰਹਮਸਤਯ ਜਾਂ ਕੇ ਗਯਾਨ ਕੋ ਜਹਾਜ ਸਾਜ ਏਸੇ ਭਵਸਾਗਰ ਕੋ ਵਿਰਲੇ ਤਰਤ ਹੈਂ। (ਭਾਈ ਕਾਨ੍ਹ ਸਿੰਘ ਨਾਭਾ)

ਇਸੇ ਭਵ ਸਾਗਰ ਤੋਂ ਹੀ ਨਾਮ ਸਿਮਰਨ ਰਾਂਹੀ (ਨੋਟ: ਨਾਮ ਸਿਮਰਨ ਤੋਂ ਭਾਵ ਕਿਸੇ ਵਿਸ਼ੇਸ਼ ਸ਼ਬਦ ਨੂੰ ਬਾਰ ਬਾਰ ਦੋਹਰਾਉਣ ਤੋਂ ਨਹੀਂ ਬਲਕਿ ਪਰਮਾਤਮਾ ਦੇ ਗੁਣਾਂ ਦੀ ਤਾਂਘ ਹੈ, ਗੁਣਾਂ ਦੀ ਲੋਚਾ ਹੈ। ਸਦਾਚਾਰਕ ਗੁਣਾਂ ਦੀ ਲੋਚਾ ਹੀ ਪ੍ਰਭੂ ਨਾਮ ਦੀ ਲੋਚਾ ਹੈ। ਗੁਰਬਾਣੀ ਵਿੱਚ ਜਿੱਥੇ ਵੀ ਪ੍ਰਭੂ ਦੇ ਕਿਸੇ ਵਿਸ਼ੇਸ਼ ਗੁਣ ਦਾ ਵਰਣਨ ਕੀਤਾ ਗਿਆ ਹੈ ਉੱਥੇ ਉਹ ਗੁਣ ਹੀ ਵਾਹਿਗੁਰੂ ਦੇ ਨਾਮ ਦਾ ਲਖਾਇਕ ਹੈ; ਅਰਥਾਤ ਉਸ ਗੁਣ ਨੂੰ ਹੀ ਹਰੀ ਦਾ ਨਾਮ ਆਖਿਆ ਹੈ। ਭਾਈ ਗੁਰਦਾਸ ਜੀ ਸਿੱਖੀ ਦੀ ਪ੍ਰਾਪਤੀ ਦੇ ਪ੍ਰਕਾਰ ਦਾ ਵਰਣਨ ਕਰਦਿਆਂ ਜਦੋਂ ਨਾਮ ਸਿਮਰਨ ਦੀ ਗੱਲ ਕਰਦੇ ਹਨ ਤਾਂ ਆਪ ਲਿੱਖਦੇ ਹਨ: ਗੁਰਸਿਖੀ ਦਾ ਸਿਮਰਣੋ ਸਤਿਗੁਰੁ ਮੰਤੁ ਕੋਲੂ ਰਸੁ ਇਖੈ।। (ਵਾਰ ੨੮ ਵੀਂ, ਪਉੜੀ ੫ ਵੀਂ)। ਉਧਰਨ ਵਾਲਾ ਆਪਣੀਆਂ ਕੁਲਾਂ ਨੂੰ ਵੀ ਪਾਰ ਲੰਘਾਉਂਦਾ ਹੈ। ਕੁਲ ਤੋਂ ਇੱਥੇ ਭਾਵ ਕੇਵਲ ਬਿੰਦੀ ਸੰਤਾਨ ਤੋਂ ਹੀ ਨਹੀਂ ਹੈ। ਕੁਲ ਤੋਂ ਭਾਵ ਉਨ੍ਹਾਂ ਸਮੂਹ ਪ੍ਰਾਣੀਆਂ ਤੋਂ ਹੈ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਧਾਰਨ ਕਰ ਜੀਵਨ ਮੁਕਤ ਹੋਇਆਂ ਦੇ ਪਦ ਚਿੰਨ੍ਹਾਂ ਉੱਤੇ ਚਲਦਿਆਂ ਇਸ ਪਦਵੀ ਨੂੰ ਹਾਸਲ ਕੀਤਾ ਹੈ। ਇਸ ਮਾਰਗ ਉੱਤੇ ਚੱਲਣ ਵਾਲੀ ਚਾਹੇ ਬਿੰਦੀ ਸੰਤਾਨ ਹੈ ਅਤੇ ਚਾਹੇ ਨਾਦੀ ਸੰਤਾਨ। ਉਸ ਦਾ ਪਾਰ ਉਤਾਰਾ ਹੋਵੇਗਾ। ਸਤਿਗੁਰੂ ਜੀ ਦਾ ਇਹ ਪਾਵਨ ਬਚਨ ਇਸ ਹਕੀਕਤ ਵੱਲ ਹੀ ਇਸ਼ਾਰਾ ਕਰਦਾ ਹੈ: ।। ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ।। ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ।। (੬੦੧)

ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਬਿੰਦੀ ਸਪੁਤਰ ਨਹੀਂ ਸਨ, ਪਰ ਚੂੰ ਕਿ ਆਪ ਗੁਰੂ ਨਾਨਕ ਸਾਹਿਬ ਦੇ ਨਕਸ਼ੇ ਕਦਮ ਤੇ ਤੁਰੇ ਜਿਸ ਕਾਰਨ ਹਜ਼ੂਰ ਨੇ ਆਪ ਨੂੰ ਆਪਣਾ ਸਿੰਘਾਸਨ ਬਖ਼ਸ਼ਿਆ। ਆਪ ਭਾਈ ਲਹਿਣਾ ਤੋਂ ਗੁਰੂ ਅੰਗਦ ਬਣੇ। ਗੁਰੂ ਅੰਗਦ ਦੇਵ ਜੀ ਬਾਰੇ ਭਾਈ ਗੁਰਦਾਸ ਜੀ ਜ਼ਿਕਰ ਕਰਦਿਆਂ ਜਿੱਥੇ ਇਹ ਲਿੱਖਦੇ ਹਨ: ਬਾਬਾਣੈ ਘਰਿ ਚਾਨਣੁ ਲਹਿਣਾ” ਉੱਥੇ ਅਗਲੀ ਹੀ ਪਉੜੀ ਵਿੱਚ ਗੁਰੂ ਅੰਗਦ ਦੇਵ ਜੀ ਉਪਮਾਂ ਕਰਦੇ ਹੋਏ ਅਖੀਰ ਵਿੱਚ ਕਹਿੰਦੇ ਹਨ:-

ਪੁਤੁ ਸਪੁਤੁ ਬਬਾਣੇ ਲਹਣਾ।। (ਵਾਰ ੨੪, ਪਉੜੀ੭)

ਅਰਥ:-ਅਜਿਹੇ ਸਪੁੱਤ੍ਰ ਪੁੱਤ੍ਰ ਬਾਬੇ (ਦੇ ਘਰ) ਵਿਖੇ ਲਹਿਣਾ ਜੀ ਹੋਏ।

ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਪੋਤਰਾ ਆਖਿਆ ਹੈ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਜੀ ਦਾ ਪਿਤਾ ਆਖਿਆ ਹੈ। ਹਾਲਾਂ ਕਿ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਤੋਂ ਆਯੂ ਵਿੱਚ ੨੪ ਸਾਲ ਅਤੇ ੯ ਕੁ ਮਹੀਨੇ ਛੋਟੇ ਸਨ।

ਗੁਰੂ ਰਾਮਦਾਸ ਜੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ:-

ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ।। ………. .

ਬਾਬਾਣੇ ਕੁਲਿ ਕਵਲੁ ਅਛੋਤਾ।। (ਵਾਰ ੨੪; ਪਉੜੀ ੧੭)

ਅਰਥ:- ਗੁਰੂ ਨਾਨਕ ਸਾਹਿਬ ਦੀ ਕੁਲ ਵਿੱਚ (ਐਸਾ ਪਰਉਪਕਾਰੀ ਤੇ) ਨਿਰਲੇਪ ਕੇਵਲ (ਗੁਰੂ ਰਾਮਦਾਸ ਜੀ) ਹੋਏ।

ਜਦ ਕਿ ਗੁਰੂ ਨਾਨਕ ਦੇਵ ਜੀ ਦੀ ਬਿੰਦੀ ਸੰਤਾਨ (ਸ੍ਰੀ ਚੰਦ ਅਤੇ ਲਖਮੀ ਚੰਦ) ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ: ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ।। (੯੬੭)” ।

ਭਾਈ ਗੁਰਦਾਸ ਜੀ ਨੇ ਨਿਮਨ ਲਿਖਤ ਪਉੜੀ ਵਿੱਚ ਸਤਿਗੁਰਾਂ ਦੀ ਬਿੰਦੀ ਸੰਤਾਨ ਦੀ ਹੀ ਗੱਲ ਕਰਦਿਆਂ ਲਿੱਖਿਆ ਹੈ:-

ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ।।

ਲਖਮੀਦਾਸਹੁ ਧਰਮਚੰਦ ਪੋਤਾ ਹੁਇਕੈ ਆਪੁ ਗਣਾਇਆ।।

ਮੰਜੀ ਦਾਸੁ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ।।

ਮੋਹਣ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ।।

ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ।।

ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ।।

ਚੰਦਨ ਵਾਸੁ ਨ ਵਾਸ ਬੋਹਾਇਆ।। (ਵਾਰ ੨੬, ਪਉੜੀ ੩੩)

(ਨੋਟ: ਗੁਰੂ ਦੇ ਦਰਸਾਏ ਹੋਏ ਰਸਤੇ ਉੱਤੇ ਚੱਲਣ ਵਾਲਾ ਹੀ ਗੁਰੂ ਦੀ ਕੁਲ ਨਾਲ ਸੰਬੰਧਿਤ ਹੈ।)

ਸੋ, ਗੁਰਬਾਣੀ ਵਿੱਚ ਇਹ ਗੱਲ ਸਪਸ਼ਟ ਹੈ ਕਿ ਜੇਹੜਾ ਵੀ ਇਨਸਾਨ ਗੁਰੂ ਦੇ ਦਰਸਾਏ ਹੋਏ ਮਾਰਗ ਉੱਤੇ ਚਲੇ ਗਾ ਉਹ ਜੀਵਨ ਮੁਕਤ ਹੋਵੇ ਗਾ ਅਰਥਾਤ ਉਹ ਇਸ ਭਵ ਸਾਗਰ ਦੀਆਂ ਲਹਿਰਾਂ ਵਿੱਚ ਡੁੱਬ ਕੇ ਗੋਤੇ ਨਹੀਂ ਖਾਵੇ ਗਾ।

ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਮੁਕਤ ਹੋਏ ਪ੍ਰਾਣੀ ਬਾਰੇ ਇਹ ਆਖਿਆ ਹੈ ਕਿ ਉਹ ਆਪਣੇ ਪਰਿਵਾਰ, ਆਪਣੀਆਂ ਕੁਲਾਂ ਨੂੰ ਹੀ ਨਹੀਂ ਸਗੋਂ ਸਾਰੇ ਸੰਸਾਰ ਨੂੰ ਤਾਰ ਦੇਂਦਾ ਹੈ, ਦਾ ਇਹੀ ਭਾਵ ਹੈ ਕਿ ਐਸੇ ਮਨੁੱਖ ਦੀ ਸੰਗਤ ਕਰਨ ਵਾਲੇ ਦਾ ਵੀ ਪਾਰ ਉਤਾਰਾ ਹੋਵੇ ਗਾ।

ਨੋਟ: ਸੰਗਤ ਕਰਨ ਤੋਂ ਭਾਵ ਕੇਵਲ ਸਰੀਰ ਆਦਿ ਕਰਕੇ ਐਸੇ ਪ੍ਰਾਣੀਆਂ ਦੇ ਪਾਸ ਬੈਠਣ, ਕੇਵਲ ਸ਼ਰਧਾ ਰੱਖਣ ਜਾਂ ਉਨ੍ਹਾਂ ਦੇ ਬਚਨਾਂ ਨੂੰ ਸਿਰਫ ਪੜਨ ਤੋਂ ਹੀ ਨਹੀਂ ਹੈ; ਸੰਗਤ ਤੋਂ ਭਾਵ ਉਨ੍ਹਾਂ ਦੀ ਕਲਿਆਣਕਾਰੀ ਵਿਚਾਰਧਾਰਾ ਨੂੰ ਅਪਣਾਉਣ ਤੋਂ ਹੈ।) ਜਪੁ ਜੀ ਦੇ ਅੰਤਲੇ ਸਲੋਕ ਦੀਆਂ ਇਨ੍ਹਾਂ ਪੰਗਤੀਆਂ ਵਿੱਚ ਇਸ ਸਬੰਧ ਵਿੱਚ ਹੀ ਕਿਹਾ ਹੈ:-

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ (੮)

ਕੁਲ ਜਾਂ ਕੁਲਾਂ, ਪਰਿਵਾਰ, ਸੰਗਤ, ਸੰਸਾਰ ਦੇ ਉਧਰਨ ਦਾ ਭਾਵ ਪ੍ਰਭੂ ਪਿਆਰ ਵਿੱਚ ਭਿੱਜੀਆਂ ਰ੍ਹੂਹਾਂ ਦੀ ਸੰਗਤ ਕਰ ਉਨ੍ਹਾਂ ਵਾਂਗ ਹੀ ਆਪਣੇ ਆਚਰਣ ਨੂੰ ਘੜ ਸਵਾਰ ਇਸ ਭਵਸਾਗਰ ਤੋਂ ਪਾਰ ਹੋਣਾ ਹੀ ਹੈ। ਭਵਸਾਗਰ ਤੋਂ ਪਾਰ ਹੋਣ ਦਾ ਅਰਥ ਕਾਮ, ਕ੍ਰੋਧ, ਲੋਭ, ਮੋਹ ਆਦਿ ਨੂੰ ਸੰਜਮ ਵਿੱਚ ਰੱਖਦਿਆ ਹੋਇਆਂ ਮਨੁੱਖੀ ਕਮਜ਼ੋਰੀਆਂ ਤੋਂ ਉਪਰ ਉਠਣਾ ਹੀ ਹੈ। ਅਜੇਹੇ ਪ੍ਰਾਣੀ ਹੀ ਮੁਕਤ ਅਥਵਾ ਜੀਵਨ ਮੁਕਤ ਹਨ। ਇਸ ਮੁਕਤੀ ਤੋਂ ਬਿਨਾਂ ਗੁਰਮਤਿ ਵਿੱਚ ਕਿਸੇ ਹੋਰ ਮੁਕਤੀ ਨੂੰ ਨਹੀਂ ਮੰਨਿਆ ਗਿਆ। ਗੁਰੁਮਤਿ ਮਾਰਤੰਡ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਮੁਕਤ ਅਤੇ ਮੁਕਤੀ ਦੇ ਸੰਬੰਧ ਵਿੱਚ ਲਿੱਖਦੇ ਹਨ:-।

ਮੁਕਤ:-ਜਿਸ ਨੇ ਅਗਯਾਨ ਬੰਧਨ ਤੋਂ ਛੁਟਕਾਰਾ ਪਾਇਆ ਹੈ, ਉਹ ਮੁਕਤ ਹੈ।

ਮੁਕਤਿ:-ਭ੍ਰਮ ਮੂਲਕ ਰਸਮਾਂ ਅਤੇ ਅਗਯਾਨ ਕਲਪਿਤ ਬੰਧਨਾਂ ਤੋਂ ਛੁਟਕਾਰੇ ਦਾ ਨਾਉਂ ਮੁਕਤਿ ਹੈ, ਜਿਸ ਦੀ ਪ੍ਰਾਪਤੀ ਗੁਰੁ ਉਪਦੇਸ਼ ਦੇ ਵਿਚਾਰ ਤੋਂ ਸਤਯ ਗਯਾਨ ਦਵਾਰਾ ਹੋਂਦੀ ਹੈ।

ਆਪ ਡੁੱਬ ਕੇ ਆਪਣੇ ਪਰਿਵਾਰ, ਕੁਲ ਜਾਂ ਪਿੱਛ ਲਗਾਂ ਨੂੰ ਡੋਬਣ ਦਾ ਅਰਥ ਮਨੁੱਖ ਦਾ ਆਪ ਇਨ੍ਹਾ ਵਿਕਾਰਾਂ ਵਿੱਚ ਖਚਿਤ ਹੋ ਸੰਸਾਰ-ਸਮੁੰਦਰ ਵਿੱਚ ਗੋਤੇ ਖਾਣਾ ਹੈ, ਅਤੇ ਜੇਹੜੇ ਪ੍ਰਾਣੀ ਅਜੇਹੇ ਮਨੁੱਖਾਂ ਦੀ ਸੰਗਤ ਕਰਦਿਆਂ ਹੋਇਆਂ ਇਨ੍ਹਾਂ ਦੇ ਨਕਸ਼-ਏ- ਕਦਮ ਤੇ ਚਲਦੇ ਹਨ; ਉਹ ਵੀ ਇਨ੍ਹਾਂ ਵਿਕਾਰਾਂ ਦੀਆਂ ਲਹਿਰਾਂ ਦੀ ਲਪੇਟ ਵਿੱਚ ਆ ਇਨਸਾਨੀਅਤ ਤੋਂ ਮੂੰਹ ਮੋੜ, ਪਸ਼ੁਤਾ ਦੇ ਤਲ ਤੇ ਜੀਉਂਦੇ ਹਨ। ਬੱਸ! ਇਹੀ ਹੈ ਭਵ ਸਾਗਰ ਵਿੱਚ ਡੁੱਬਣਾ ਅਤੇ ਡੁਬਾਉਣਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਲ, ਭਉਜਲ, ਭਵਜਲ ਵਿੱਚੋਂ ਤਰਨਾਂ ਜਾਂ ਤਾਰਨਾਂ, ਸੰਸਾਰ ਸਾਗਰ ਵਿੱਚ ਡੁੱਬਣਾ, ਪਰਿਵਾਰ, ਕੁਲ ਨੂੰ ਡੋਬਣਾਂ, ਮੁਕਤ ਅਤੇ ਮੁਕਤੀ ਆਦਿ ਤੋਂ ਕੀ ਭਾਵ ਲਿਆ ਗਿਆ ਹੈ ਸੰਖੇਪ ਵਿੱਚ ਇਸ ਲਈ ਪਾਠਕਾਂ ਨਾਲ ਸਾਂਝਾ ਕੀਤਾ ਹੈ ਤਾਂ ਕਿ ਅਸੀਂ ਗੁਰਬਾਣੀ ਦੀ ਰੌਸ਼ਨੀ ਵਿੱਚ ਵੇਖ ਸਕੀਏ ਕਿ ਇੱਕੀ ਕੁਲਾਂ ਨੂੰ ਤਾਰਨ ਤੋਂ ਬਾਣੀ ਵਿੱਚ ਕੀ ਭਾਵ ਲਿਆ ਗਿਆ ਹੈ।

ਸੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਇੱਕੀ ਕੁਲਾਂ ਨੂੰ ਤਾਰਨ ਤੋਂ ਭਾਵ ਪਰਮ ਸੱਚ ਨਾਲ ਜੁੜ ਕੇ ਸਚਿਆਰ ਬਣਨ ਵਾਲਿਆਂ ਦੀ ਸੰਗਤ ਕਰਨ ਅਥਵਾ ਉਨ੍ਹਾਂ ਦੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦਾ ਵੀ ਪਾਰ ਉਤਾਰਾ ਹੁੰਦਾ ਹੈ।

ਜਸਬੀਰ ਸਿੰਘ ਵੈਨਕੂਵਰ




.