.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 20)

ਭਾਈ ਸੁਖਵਿੰਦਰ ਸਿੰਘ 'ਸਭਰਾ'

ਸੰਤ ਵਰਿਆਮ ਸਿੰਘ ਰਤਵਾੜਾ ਵਾਲਾ

ਇਹਨਾਂ ਬਾਰੇ ‘ਸੰਤਾਂ ਦੇ ਕੌਤਕ’ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਵੀ ਲਿਖਿਆ ਹੈ। ਹੁਣ ਮੇਰੇ ਸਾਹਮਣੇ ਇਹਨਾਂ ਦੀ ਲਿਖੀ ਕਿਤਾਬ ‘ਸੁਰਤਿਆ ਉਪਜੈ ਚਾਓ’ ਪਈ ਹੈ, ਜਿਸਦੇ ਮੁੱਖ ਟਾਈਟਲ ਉੱਪਰ ਇਸ ਤਰ੍ਹਾਂ ਦੀ ਤਸਵੀਰ ਬਣਾਈ ਹੈ ਕਿ ਜੰਗਲ ਹੈ, ਜੰਗਲ ਵਿਚ ਰੁੱਖ ਹਨ। ਇਹਨਾਂ ਰੁੱਖਾਂ ਦੇ ਮੁੱਢਾਂ ਨਾਲ ਲੱਗ ਕੇ ਇਹ ਸਾਧੂ ਬੈਠੇ ਹਨ, ਸਿਰ ਮੂੰਹ ਪੂਰੀ ਤਰ੍ਹਾਂ ਢੱਕੇ ਹੋਏ ਹਨ। ਜਿਵੇਂ ਮਾਨੋ ਕਿ ਇਹ ਸ਼ੋਅ ਕੀਤਾ ਹੈ ਕਿ ਇਹ ਜੰਗਲ ਇਕਾਂਤ ਵਿਚ ਤਪ ਕਰ ਰਹੇ ਹਨ। ਮੈਂ ਪਹਿਲਾਂ ਵੀ ਅਰਜ ਕਰ ਆਇਆ ਹਾਂ ਕਿ ਇਹਨਾਂ ਸਾਧਾਂ ਨੇ ਜੋਗੀਆਂ ਵਾਲੇ ਜਪਾਂ ਤਪਾਂ ਦਾ ਢੋਂਗ ਰਚੀ ਰੱਖਿਆ ਨਾਮ ਜਪਣ ਦੇ ਨਾਂ `ਤੇ ਇਹਨਾਂ ਬੜੇ ਭੁਲੇਖੇ ਅਤੇ ਵਹਿਮ ਭਰਮ ਫੈਲਾਏ ਹੋਏ ਹਨ। ਸੁਰਤਿਆ ਉਪਜੈ ਚਾਓ ਦੇ ਪੰਨਾ 3 `ਤੇ ਇੰਝ ਲਿਖਦੇ ਹਨ:

 ਸਤਿਨਾਮ ਕਰਤਾ ਪੁਰਖ ਨਿਰਭਓ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ।।

ਗੁਰਪ੍ਰਸਾਦਿ ਜਪੁ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।

(ਸੁਰਤਿਆ ਉਪਜੈ ਚਾਓ, ਪੰਨਾ 3)

ਵਿਚਾਰ “ਗੁਰੂ ਗ੍ਰੰਥ ਸਾਹਿਬ” ਅੰਦਰ ਲਿਖੇ ਦੇ ਉਲਟ ਦੇਖੋ ਇਹਨਾਂ ਨੇ ਕਿਸ ਤਰ੍ਹਾਂ ਲਿਖਿਆ ਹੈ। ਸੈਭੰ ਦੇ ਅੱਗੇ 2 ਡੰਡੀਆਂ ਨਹੀਂ ਹਨ ਪਰ ਇਹਨਾਂ ਮਨਮਰਜੀ ਕਰਕੇ ਲਾਈਆਂ ਹਨ। ਗੁਰਪ੍ਰਸਾਦਿ ਦੇ ਅੱਗੇ 2 ਡੰਡੀਆਂ ਹਨ ਇਹਨਾਂ ਮਨਮਰਜੀ ਕਰਕੇ ਨਹੀਂ ਲਾਈਆਂ। ਜਪੁ ਦੇ ਪਹਿਲੇ ਵੀ 2 ਡੰਡੀਆਂ ਹਨ ਪਰ ਇਹਨਾਂ ਮਨਮਰਜੀ ਕਰਕੇ ਲਾਹ ਦਿੱਤੀਆਂ ਹਨ। ਸਿੱਖ ਰਹਿਤ ਮਰਯਾਦਾ ਮੁਤਾਬਿਕ ਮੂਲ ਮੰਤਰ ਗੁਰ ਪ੍ਰਸਾਦਿ ਤਕ ਹੈ। ਇਹਨਾਂ ਮਨਮਰਜੀ ਕਰਕੇ ਨਾਨਕ ਹੋਸੀ ਭੀ ਸਚੁ।। ਤਕ ਲਿਖਿਆ ਹੈ। ਇਹਨਾਂ ਸਾਧਾਂ ਨੇ ਨਾ ਹੀ ਗੁਰੂ ਦੀ ਸਭ ਤੋਂ ਪਹਿਲੀ ਗੱਲ ਮੰਨੀ ਨਾ ਹੀ ਆਖ਼ਰੀ। ਪਹਿਲੀ ਕੀ ਹੈ? ਕਿਰਤ ਕਰਨਾ। ਇਹਨਾਂ ਨਹੀਂ ਮੰਨੀ ਇਹ ਰੁੱਖਾਂ ਦੇ ਮੁੱਢਾਂ ਨਾਲ ਲੱਗ ਲੱਗ ਕੇ ਮੂੰਹ ਸਿਰ ਵਲੇਟ ਕੇ ਜੰਗਲਾਂ ਵਿਚਲੀਆਂ ਭਗਤੀਆਂ ਕਰ ਰਹੇ ਹਨ। ਗੁਰੂ ਦਾ ਆਖ਼ਰੀ ਬਚਨ “ਗੁਰੂ ਗ੍ਰੰਥ ਸਾਹਿਬ” ਗੁਰੂ ਅਤੇ ਇਸ ਗੁਰੂ ਦੀ ਤਾਬਿਆ ਪੰਥ (ਹੁਕਮ ਮੰਨਣ ਵਾਲੇ ਸਿੰਘ) ਇਹ ਸਾਧ ਗੁਰੂ ਪੰਥ ਬਾਰੇ ਵੀ ਅਚੇਤ ਹਨ ਇਹਨਾਂ ਕਦੇ ਵੀ ਆਪਣੇ ਆਪ ਨੂੰ ਸਿੱਖ ਪੰਥ ਦਾ ਅੰਗ ਨਹੀਂ ਮੰਨਿਆ। ਨਾ ਹੀ ਕਦੇ ਏਕਤਾ ਹੋਣ ਦਿੱਤੀ, ਹਮੇਸ਼ਾਂ ਵਿਰੋਧਤਾ ਕਰਕੇ ਹਰ ਸਾਧ ਆਪਣੀ ਢਾਈ ਪਾ ਖਿਚੜੀ ਵੱਖ ਪਕਾ ਰਿਹਾ ਹੈ।

ਸੁਰਤਿਆਂ ਉਪਜੈ ਚਾਓ ਵਿਚ ਅੱਗੇ ਲਿਖਦੇ ਹਨ ਜੇ ਮਨ ਨਾ ਮੰਨੇ ਤਾਂ ਉਸ ਵਾਸਤੇ ਸਾਨੂੰ ਬਾਰ ਬਾਰ ਤੱਤ ਬੇਤੇ ਮਹਾਂਪੁਰਸ਼ਾਂ ਦੇ ਬਚਨ ਸੁਣਨੇ ਪੈਂਦੇ ਨੇ, ਬਾਰ ਬਾਰ ਦਾਨ, ਪੁੰਨ, ਸਾਧਨਾ ਕਰਨੀ ਪੈਂਦੀ ਹੈ।

(ਸੁਰਤਿਆਂ ਉਪਜੈ ਚਾਓ, ਪੰਨਾ 3)

ਵਿਚਾਰਗੁਰੂ ਦੇ ਬਚਨ ਇਹਨਾਂ ਨੂੰ ਭੁੱਲੇ ਹੋਏ ਹਨ। ਇਹ ਕੇਵਲ ਸਾਧਾਂ ਦੇ ਮਨੁੱਖਾਂ ਦੇ ਬਚਨਾਂ ਦੀ ਹੀ ਗੱਲ ਕਰਦੇ ਹਨ। ਇਹ ਗੁਰਮਤਿ ਦੇ ਉਲਟ ਦਾਨ, ਪੁੰਨ ਦੀ ਗੱਲ ਵੀ ਕਰਦੇ ਹਨ।

ਅੱਗੇ ਲਿਖਦੇ ਹਨ ਆਪਣੀ ਕਮਾਈ ਵਿਚੋਂ ਜਿੰਨੇ ਪੈਸੇ ਵੱਟੇ 100 ਰੁਪਏ ਪਿੱਛੇ ਇਕ ਰੁਪਿਆ ਗੁਰੂ ਦਾ ਹੁੰਦਾ ਹੈ, ਉਹਦੇ ਵਿਚੋਂ ਪੈਸਾ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਕਮਾਈ ਵਿਚ ਦਲਿਦਰ ਪੈ ਜਾਵੇਗਾ। ਇਹਦਾ ਫਲ ਤੁਹਾਨੂੰ ਦਰਗਾਹ ਵਿਚ ਮਿਲੇਗਾ।

(ਸੁਰਤਿਆਂ ਉਪਜੈ ਚਾਓ, ਪੰਨਾ 7)

ਵਿਚਾਰ—ਹੁਣ ਤਕ ਦਸਵੰਧ ਸੁਣਦੇ ਆਏ ਹਾਂ ਪਰ ਇਹਨਾਂ ਸਾਧਾਂ ਨੇ ਹਰ ਗੱਲ ਨਿਵੇਕਲੀ ਕਰਨੀ ਹੁੰਦੀ ਹੈ। ਇਹਨਾਂ 100 ਵਿਚੋਂ 1 ਰੁਪਏ ਲਿਖ ਦਿੱਤੇ ਹਨ। ਇਹ ਵੀ ਬਾਹਮਣ ਵਾਂਗੂੰ ਫਲਾਂ ਦੀਆਂ ਗੱਲਾਂ ਕਰਦੇ ਹਨ ਕਿ ਅੱਗੇ ਜਾ ਕੇ ਦਰਗਾਹ ਵਿਚ ਮਿਲੇਗਾ। ਗੁਰਮਤਿ ਸਿਧਾਂਤ ਦੇ ਉਲਟ ਪ੍ਰਚਾਰ ਇਹ ਕਰ ਰਹੇ ਹਨ।

ਅੱਗੇ ਲਿਖਦੇ ਹਨ ਮਹਾਂਪੁਰਖਾਂ ਨੇ ਤੱਤ ਵਿਚਾਰ ਕਰਕੇ ਇਸ ਗੱਲ ਦਾ ਤੱਤ ਕੱਢਿਆ ਹੈ ਕਿ ਜੇ ਤੀਰਥ ਤੇ ਨਹਾਉਣ ਜਾਉ ਤਾਂ ਇਕ ਫਲ ਮਿਲ ਜਾਂਦਾ ਹੈ। ਜੇ ਸੰਤਾਂ ਕੋਲ ਜਾਉ ਤਾਂ ਸੰਤਾਂ ਨੂੰ ਖੁਸ਼ ਕਰ ਲਉ ਤਾਂ ਚਾਰ ਫਲ ਮਿਲ ਜਾਂਦੇ ਹਨ। ਤੀਰਥ ਕੀਏ ਏਕ ਫਲ, ਸੰਤ ਮਿਲੇ ਫਲ ਚਾਰ।।

(ਸੁਰਤਿਆਂ ਉਪਜੈ ਚਾਓ, ਪੰਨਾ 9)

ਵਿਚਾਰਗੁਰਬਾਣੀ ਅੰਦਰ ਸਤਿਗੁਰਾਂ ਨੇ ਬਚਨ ਕੀਤੇ ਹਨ “ਤੀਰਥ ਨਾਇ ਨਾ ਉਤਰੈ ਮੈਲ”। ਇਸ ਬਾਰੇ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਖੁੱਲ੍ਹੀ ਵਿਚਾਰ ਹੋ ਚੁੱਕੀ ਹੈ। ਜੋ ਤੁਕ ਇਥੇ ਸੰਤ ਨੇ ਲਿਖੀ ਹੈ ਇਹ ਗੁਰਬਾਣੀ ਨਹੀਂ ਹੈ, ਇਹ ਬਾਹਰੋਂ ਮਨਘੜ੍ਹਤ ਹੈ।

ਅੱਗੇ ਲਿਖਦੇ ਹਨ ਇਥੇ ਤੁਹਾਨੂੰ ਕਿੰਨਾ ਹੀ ਤਜ਼ਰਬਾ ਹੈ। ਭੂਤ-ਭਾਤ ਜ਼ਿਆਦਾ ਹੁੰਦੇ ਨੇ, ਜੀ ਫਲਾਣਾ ਬੋਲ ਰਿਹਾ ਹੈ ਫਲਾਣੇ ਦੇ ਅੰਦਰ, ਜੇ ਹੈਗਾ, ਤਾਂ ਹੀ ਬੋਲਦਾ ਹੈ, ਫੇਰ ਮਰਿਆ ਤਾਂ ਹੈ ਨਹੀਂ ਨਾ ਉਹ।

(ਸੁਰਤਿਆਂ ਉਪਜੈ ਚਾਓ, ਪੰਨਾ 15)

ਵਿਚਾਰ—ਇਹ ਸਾਧ ਦਿਖਾਵੇ ਮਾਤਰ ਅੱਖਾਂ ਮੀਟ ਕੇ ਦਿਖਾਉਂਦੇ ਹਨ। ਹੋਰ ਵੀ ਉੱਚੀਆਂ ਉੱਚੀਆਂ ਗੱਲਾਂ ਕਰਦੇ ਹਨ। ਇਸ ‘ਸੁਰਤਿਆਂ ਉਪਜੈ ਚਾਓ’ ਪੁਸਤਕ ਵਿਚ ਥਾਂ ਥਾਂ `ਤੇ ਲਿਖਦੇ ਹਨ ਤੱਤ ਬੇਤੇ ਮਹਾਂਪੁਰਸ਼ਾਂ ਦੀ ਸੰਗਤ ਪਰ ਇਹ ਭੂਤਾਂ ਪ੍ਰੇਤਾਂ ਦੀ ਵਕਾਲਤ ਕਰ ਰਹੇ ਹਨ ਕਿ ਭੂਤ ਪ੍ਰੇਤ ਹੁੰਦੇ ਹਨ। ਪਹਿਲੇ ਭਾਗ ਵਿਚ ਵੀ ਲਿਖਿਆ ਹੈ ਕਿ ਜਿੰਨੇ ਵੀ ਵਹਿਮ-ਭਰਮ ਸਮਾਜ ਵਿਚ ਅੱਜ ਫੈਲੇ ਹਨ, ਕਰਮਕਾਂਡ ਫੈਲੇ ਹਨ ਫੋਕੀਆਂ ਰੀਤੀਆਂ ਹੋ ਰਹੀਆਂ ਹਨ। ਧਰਮ ਦੇ ਨਾਂ `ਤੇ ਪਾਖੰਡ ਹੋ ਰਿਹਾ ਹੈ। ਸਾਰਾ ਹੀ ਇਹਨਾਂ ਸਾਧਾਂ ਦਾ ਫੈਲਾਇਆ ਹੋਇਆ ਹੈ। ਗੁਰ ਫੁਰਮਾਨ ਹੈ “ਕਲਿ ਮਹਿ ਪ੍ਰੇਤ ਜਿਨੀ ਨਾਮ ਵਿਸਾਰਿਆ।।” ਭੂਤ ਪ੍ਰੇਤ ਤਾਂ ਉਹ ਬੰਦੇ ਹਨ ਜਿਹੜੇ ਤੱਤ ਸੱਚ ਨੂੰ ਪਰਮਾਤਮਾ ਨੂੰ ਭੁੱਲੇ ਹੋਏ ਹਨ। ਜਿਨ੍ਹਾਂ ਦਾ ਮਨ ਸੱਚ ਨੂੰ ਛੱਡ ਕੇ ਝੂਠ ਨਾਲ ਲੱਗਾ ਹੋਇਆ ਹੈ ਹੋਰ ਗੁਰ ਫੁਰਮਾਨ ਹੈ “ਪੁਤ ਜਿੰਨੂਰਾ ਧੀ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰ।।” ਪੁੱਤ ਭੂਤਨਾ ਹੈ ਧੀ ਭੂਤਨੀ ਹੈ ਇਸਤਰੀ ਇਹਨਾਂ ਭੂਤਨਿਆਂ ਦੀ ਸਰਦਾਰਨੀ ਹੈ। ਭੂਤ ਸ਼ਬਦ ਸਮੇਂ ਵਾਸਤੇ ਵੀ ਗੁਰਬਾਣੀ ਅੰਦਰ ਆਇਆ ਹੈ ‘ਭੂਤ ਭਵਿਖ ਭਵਾਨ ਜਪੈਗੇ’।। ਪਾ: 10 ਭੂਤ ਸ਼ਬਦ ਸਰੀਰ ਵਾਸਤੇ ਵੀ ਵਰਤਿਆ ਹੈ ਸੋ ਇਹ ਸਾਰਾ ਅੰਧ ਵਿਸ਼ਵਾਸ ਇਹਨਾਂ ਸਾਧਾਂ ਨੇ ਹੀ ਫੈਲਾਇਆ ਹੋਇਆ ਹੈ। ਭੂਤ ਕੱਢਣ ਦੇ ਬਹਾਨੇ ਦੁਨੀਆਂ ਸਮਾਜ ਦੀ ਲੁੱਟ ਹੋ ਰਹੀ ਹੈ ਅਤੇ ਕਈਆਂ ਦੀਆਂ ਜਾਨਾਂ ਵੀ ਚਲੇ ਗਈਆਂ ਹਨ। ਪਰ ਇਹ ਸਾਧ ਅਜੇ ਵੀ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਕਰਨੋਂ ਨਹੀਂ ਹਟਦੇ। ਇਹ ਭਗਤੀ ਦੇ ਨਾਂ `ਤੇ, ਨਾਮ ਜਪਣ ਦੇ ਨਾਂ `ਤੇ, ਪਾਖੰਡ ਹੀ ਕਰਦੇ ਰਹੇ ਹਨ।

ਅੱਗੇ ਲਿਖਦੇ ਹਨ ਇਕ ਮਹਾਤਮਾ ਹਜ਼ੂਰ ਸਾਹਿਬ ਨੂੰ ਮੰਡਲੀ ਲੈ ਕੇ ਜਾ ਰਹੇ ਸੀ। ਜਦੋਂ ਜੈਪੁਰ ਪਹੁੰਚੇ ਤਾਂ ਸ਼ਹਿਰ ਦੇ ਬਾਹਰ ਨਾਸਤਕ ਬੁੱਧੀ ਵਾਲੇ ਬੱਚੇ ਬੈਠੇ ਸੀ। ਨਾਸਤਕ ਬੁੱਧੀ ਵਾਲੇ ਬੱਚਿਆਂ ਅੰਦਰ ਤਰਕ ਹੁੰਦੀ ਹੈ।

(ਸੁਰਤਿਆਂ ਉਪਜੈ ਚਾਓ, ਪੰਨਾ 21)

ਵਿਚਾਰਜੋ ਕੋਈ ਵੀ ਇਹਨਾਂ ਅੰਧ ਵਿਸ਼ਵਾਸੀ ਸਾਧਾਂ ਅੱਗੇ ਨਾਂ ਝੁਕੇ ਇਹਨਾਂ ਦੇ ਕਚ ਘਰੜ ਅਗਿਆਨ ਨੂੰ ਨਾ ਮੰਨੇ ਉਹਨੂੰ ਇਹ ਕਹਿ ਦਿੰਦੇ ਹਨ ਕਿ ਇਹ ਨਾਸਤਕ ਹੈ। ਆਪ ਨੂੰ ਯਾਦ ਹੋਵੇਗਾ ਕਿ ਹਿੰਦੂ ਮਤ ਵਿਚ ਜਿਹੜਾ ਬੰਦਾ ਵੇਦਾਂ ਨੂੰ ਨਹੀਂ ਮੰਨਦਾ ਉਹਨੂੰ ਨਾਸਤਕ ਕਹਿੰਦੇ ਹਨ। ਇਹ ਤਰਕ ‘ਗੁਰੂ ਨਾਨਕ ਦੇਵ’ ਜੀ ਨੇ ਉਸ ਵਕਤ ਦੇ ਹਰ ਧਾਰਮਿਕ ਆਗੂ `ਤੇ ਕੀਤੀ। ਪੰਡਤ, ਬਾਹਮਣ `ਤੇ ਕਿਵੇਂ ਤਰਕ ਕੀਤੀ ਗੁਰਬਾਣੀ ਅੰਦਰ ਦਰਜ ਹੈ। ਜੈਨੀਆਂ ਦੇ ਕਰਮਕਾਂਡਾਂ ਨੂੰ ਖੂਬ ਭੰਡਿਆ। ਸਨਿਆਸੀ, ਉਦਾਸੀਆਂ, ਜੋਗੀਆਂ `ਤੇ ਤਰਕਾਂ ਕੀਤੀਆਂ। ਤਰਕ `ਤੇ ਵੀ ਤਰਕ ਕੀਤੀ ਕਿ ਜੋਗੀਆ! ਕਿਹੜੀ ਕਿੰਗ ਵਜਾ ਰਿਹਾ ਹੈ? ਜੋ ਤੇਰੇ ਅੰਦਰ ਕਿੰਗ ਵੱਜ ਰਹੀ ਹੈ, ਉਹ ਸੁਣ! ਕੀ ਇਹ ਤਰਕ ਨਹੀਂ ਹੈ। ਭਗਤ ਨਾਮਦੇਵ ਜੀ ਨੇ ਬਚਨ ਕੀਤੇ “ਹਿੰਦੂ ਅੰਨਾ ਤੁਰਕੁ ਕਾਣਾ”।। ਕੀ ਇਹ ਤਰਕ ਨਹੀਂ ਹੈ? ਅਸੀਂ ਗੁਰਬਾਣੀ ਗੁਰੂ ਦੇ ਸਿੱਖ ਹਾਂ ਨਾ ਕਿ ਕਿਸੇ ਸਾਧ ਦੇ। ਜਿਹੜਾ ਇਹਨਾਂ ਸਾਧਾਂ ਵੱਲੋਂ ਬੋਲੇ ਝੂਠ ਕੁਫ਼ਰ ਨੂੰ ਮੰਨ ਲਵੇ ਉਹ ਆਸਤਕ ਅਤੇ ਦੂਜਾ ਨਾਸਤਕ। ਯਾਦ ਰੱਖਣਾ ਸਾਨੂੰ ਕਿਸੇ ਡੇਰੇਦਾਰ ਸਾਧ ਤੋਂ ਆਸਤਕਪੁਣੇ ਦਾ ਸਰਟੀਫ਼ਿਕੇਟ ਲੈਣ ਦੀ ਕੋਈ ਲੋੜ ਵੀ ਨਹੀਂ ਹੈ।

ਸਫ਼ਾ 23 `ਤੇ ਇਕ ਹੋਰ ਝੂਠੀ ਕਹਾਣੀ ਲਿਖਣ ਤੋਂ ਬਾਅਦ ਅੱਗੇ ਲਿਖਦੇ ਹਨ ਕਿਉਂਕਿ ਜਿੰਨਾ ਚਿਰ ਗੁਰੂ ਧਾਰਨ ਨਹੀਂ ਕਰਦੇ ਸਾਨੂੰ ਨਾਮ ਨਹੀਂ ਮਿਲਦਾ। ਗੁਰੂ ਗ੍ਰੰਥ ਸਾਹਿਬ ਤਾਂ ਬੋਲਦੇ ਨਹੀਂ ਨਾਮ ਕਿਵੇਂ ਦੇਣਗੇ? ਅੱਗੇ ਸਫ਼ਾ 28 `ਤੇ ਲਿਖਦੇ ਹਨ ਗੁਰੂ ਧਾਰਨ ਕਰੋ ਗੁਰੂ ਤੋਂ ਲਓ ਮੰਤਰ, ਮੰਤਰ ਦਾ ਜਾਪ ਕਰੋ।

(ਸੁਰਤਿਆਂ ਉਪਜੈ ਚਾਓ, ਪੰਨਾ 25, 28)

ਵਿਚਾਰਦੇਖੋ ਇਹ ਸਾਧ ਮੁੜ ਮੁੜ ਕੇ ਸਾਧ ਦੀ ਸੰਗਤ ਅਤੇ ਨਾਮ ਦੇਣ, ਨਾਮ ਲੈਣ, ਮੰਤਰ ਲੈਣ, ਮੰਤਰ ਜਪਣ ਦੀਆਂ ਗੱਲਾਂ ਬਾਰ ਬਾਰ ਕਰ ਰਹੇ ਹਨ। ਖੰਡੇ ਬਾਟੇ ਦੀ ਪਾਹੁਲ ਛਕਣ, ਗੁਰਬਾਣੀ ਪੜ੍ਹਨ, ਸੁਣਨ, ਸਮਝਣ, ਮੰਨਣ, ਕਮਾਉਣ ਦੀ ਗੱਲ ਕਿਤੇ ਵੀ ਨਹੀਂ ਆ ਰਹੀ। ਇਥੋਂ ਹੀ ਸਿੱਧ ਹੁੰਦਾ ਹੈ ਕਿ ਇਹ ਨਾਮ ਦੇਣ ਵਾਲੇ ਗੁਰੂ ਬਣੇ ਹੀ ਸਮਝੋ। ਪਹਿਲਾਂ ਹੀ ਕੰਮ ਇਹਨਾਂ ਦੇ ਸਾਰੇ ਨਕਲੀ ਗੁਰੂਆਂ ਵਾਲੇ ਹੀ ਹਨ ਸਿਰਫ਼ ਲੇਬਲ ਅਜੇ ਨਹੀਂ ਲਾਇਆ।

ਅੱਗੇ ਲਿਖਦੇ ਹਨ ਮੈਂ ਰਸਤੇ ਵਿਚ ਜਦੋਂ ਰਾਹ ਪੁੱਛਿਆ, ਉਹਨਾਂ ਕਿਹਾ ਕਿ ਰਾਧਾ ਸੁਆਮੀਆਂ ਦੇ ਭੋਗ ਪਿਆ ਹੈ। ਉਥੇ ਜਾਣਾ ਹੈ? ਪਰ ਮੈਨੂੰ ਤਾਂ ਸਭ ਮਾਨਸ ਹੀ ਦਿਸਦੇ ਹਨ। ਗੁਰਬਾਣੀ ਸਾਂਝੀ ਹੈ।

(ਸੁਰਤਿਆਂ ਉਪਜੈ ਚਾਓ, ਪੰਨਾ 29)

ਵਿਚਾਰਇਸ ਸਾਧ ਨੇ ਇਕ ਵਾਰੀ ਇਹ ਵੀ ਕਹਿ ਦਿੱਤਾ ਸੀ ਕਿ ‘ਗੁਰੂ ਗ੍ਰੰਥ ਸਾਹਿਬ’ ਕੇਵਲ ਵੇਦਾਂ ਦਾ ਸਾਰ ਹੈ ਹੁਣ ਇਹ ਰਾਧਾ ਸੁਆਮੀ ਨਾਲ ਮੇਲ ਜੋਲ ਕਰ ਰਹੇ ਹਨ। ਲੋਕਾਂ ਨੂੰ ਭੁਲੇਖਿਆਂ ਵਿਚ ਰੱਖ ਰਹੇ ਹਨ। ਕੀ ‘ਗੁਰੂ ਨਾਨਕ ਦੇਵ ਜੀ’ ਨਹੀਂ ਸੀ ਜਾਣਦੇ ਕਿ ਗੁਰਬਾਣੀ ਸਭ ਦੀ ਸਾਂਝੀ ਹੈ। ਉਹਨਾਂ ਜਨੇਊ ਨਹੀਂ ਪਾਇਆ, ਕੀ ਇਹ ਸਾਧ ਗੁਰੂ ਨਾਲੋਂ ਵੱਡੇ ਹਨ, ਜੇ ਇਹ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਹਨ ਤਾਂ ਇਹਨਾਂ ਦੇ ਖ਼ਿਆਲ ਨਾਲ ਗੁਰੂ ਗਲਤ ਹੈ। ਗੁਰੂ ਜੀ ਜਨੇਊ ਪਾ ਲੈਂਦੇ ਤਾਂ ਸਭ ਜੁੜਦੇ ਸੀ। ਕੀ ਇਹਨਾਂ ਸਾਧਾਂ ਨੂੰ ਗੁਰੂ ਨਾਲੋਂ ਵੱਧ ਜਾਚ ਹੈ ਜੋੜਨ ਦੀ। ਕੀ ਇਹ ਗੁਰੂ ਨਾਲੋਂ ਵੱਧ ਜਾਣਦੇ ਹਨ ਮਨੁੱਖਤਾ ਦੀ ਗੱਲ ਕਰਨੀ। ਦਸਮ ਪਾਤਸ਼ਾਹ ਨੂੰ ਪਹਾੜੀ ਰਾਜੇ ਕਹਿੰਦੇ ਸਨ ਕਿ ਅਸੀਂ ਖੰਡੇ ਦੀ ਪਾਹੁਲ ਦੂਜਿਆਂ ਨਾਲ ਨਹੀਂ ਛਕਣੀ ਸਾਨੂੰ ਵੱਖਰੀ ਛਕਾਓ। ਦਸਮ ਪਾਤਸ਼ਾਹ ਨਹੀਂ ਮੰਨੇ। ਕੀ ਇਹਨਾਂ ਸਾਧਾਂ ਨੂੰ ਗੁਰੂ ਨਾਲੋਂ ਵੀ ਮਨੁੱਖਤਾ ਨਾਲ ਵੱਧ ਪਿਆਰ ਕਰਨਾ ਆਉਂਦਾ ਹੈ? ਇਹਨਾਂ ਸਾਧਾਂ ਨੇ ਮਨੁੱਖਤਾ ਮਨੁੱਖਤਾ ਕਰਦਿਆਂ ਸਿੱਖੀ ਸਿਧਾਂਤ ਦਾ ਹੀ ਖਾਤਮਾ ਕਰਕੇ ਰੱਖ ਦਿੱਤਾ ਹੈ। ਕਿਸੇ ਵੀ ਸਾਧ ਦੇ ਡੇਰੇ ਵਿਚ ਗੁਰਮਤਿ ਸਿਧਾਂਤ ਦੀ ਕੋਈ ਗੱਲ ਨਹੀਂ। ਇਹ ਉਹ ਗੱਲਾਂ ਕਰਦੇ ਹਨ ਜਿਨ੍ਹਾਂ ਨੂੰ ਸੁਣ ਕੇ ਵੱਧ ਤੋਂ ਵੱਧ ਲੋਕਾਂ ਦੀ ਭੀੜ ਇਹਨਾਂ ਦੇ ਡੇਰੇ ਆਵੇ। ਯਾਦ ਰੱਖਿਓ ਚੰਗੇ ਮਨੁੱਖਾਂ ਦੀ ਕਦੇ ਭੀੜ ਨਹੀਂ ਹੋਈ ਅਤੇ ਬਹੁਤੀ ਭੀੜ ਵਿਚ ਕਦੇ ਵੀ ਚੰਗੇ ਮਨੁੱਖ ਨਹੀਂ ਹੁੰਦੇ।

ਅੱਗੇ ਲਿਖਦੇ ਹਨ ਜਾਪ ਦੋ ਕਿਸਮ ਦੇ ਹੁੰਦੇ ਹਨ—ਇਕ ਅਪਾਸੂ ਜਿਹਨੂੰ ਬੋਲ ਕੇ ਕਹਿੰਦੇ ਹਨ ਬੋਲ ਕੇ ਦਸ ਵਾਰੀ ਕਹੇ, ਬੁੱਲਾਂ ਨੂੰ ਹਿਲਾ ਕੇ, ਰਸਨਾ ਨਾਲ ਇਕ ਵਾਰੀ ਕਹੇ, ਬਰਾਬਰ ਹੋ ਜਾਂਦਾ ਹੈ। ਕੰਨ ਵਿਚ ਇਕ ਵਾਰੀ ਕਹੇ, ਬੋਲ ਕੇ ਸੌ ਵਾਰੀ ਕਹੇ ਓਨਾ ਹੀ ਫਲ ਹੁੰਦਾ ਹੈ। ਹਿਰਦੇ ਵਿਚ ਇਕ ਵਾਰੀ ਕਹੇ ਬੋਲ ਕੇ ਹਜ਼ਾਰ ਵਾਰੀ ਕਹੇ। ਨਾਭੀ ਦੇ ਵਿਚ ਇਕ ਵਾਰੀ ਕਹੇ ਬੋਲ ਕੇ ਹਜ਼ਾਰ ਵਾਰੀ ਕਹੇ, ਇਹ ਫਲ ਵੱਧਦੇ ਹੀ ਤੁਰੇ ਜਾਂਦੇ ਹਨ।

(ਸੁਰਤਿਆਂ ਉਪਜੈ ਚਾਓ, ਪੰਨਾ 51)

ਵਿਚਾਰਇਹ ਸਭ ਗਿਣਤੀਆਂ ਮਿਣਤੀਆਂ ਇਹਨਾਂ ਸਾਧਾਂ ਨੇ ਹਿੰਦੂ ਮਤ ਅਤੇ ਜੋਗ ਮੱਤ ਵਾਲੀਆਂ ਕੀਤੀਆਂ ਹਨ। ਇਹ ਜੋਗੀਆਂ ਵਾਲੇ ਨਾਮਾਂ ਦੀਆਂ ਹਿੰਦੂ ਮਤ ਵਾਲੇ ਫਲਾਂ ਦੀਆਂ ਗੱਲਾਂ ਵਿਅਰਥ ਹੀ ਕਰੀ ਜਾ ਰਹੇ ਹਨ। ਗੁਰ ਫੁਰਮਾਣ ਹੈ— “ਗਣਤੈ ਪ੍ਰਭੂ ਨ ਪਾਈਐ ਅਗਣਤੁ ਸਾਚਾ ਸੋਇ”।। ਇਹਨਾਂ ਨੂੰ ਕੌਣ ਦੱਸੇ ਅਗਣਤ ਪਰਮਾਤਮਾ ਨੂੰ ਇਹ ਗਿਣਤੀਆਂ ਵਾਲੇ ਫਲਾਂ ਨਾਲ ਨਹੀਂ ਪਾਇਆ ਜਾ ਸਕਦਾ। ਯਾਦ ਰੱਖਣਾ ਜਿਥੇ ਦੁਨੀਆਂ ਦੀਆਂ ਸਾਰੀਆਂ ਗਿਣਤੀਆਂ, ਗਣਤ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ ਉਥੋਂ ਪਰਮਾਤਮਾ ਦੀ ਗੱਲ ਸ਼ੁਰੂ ਹੀ ਹੁੰਦੀ ਹੈ। ਇਹਨਾਂ ਗਿਣਤੀਆਂ ਵਾਲੇ ਸਾਧਾਂ ਨੇ ਨਾ ਆਪ ਕੁਝ ਖੱਟਿਆ ਨਾ ਕਿਸੇ ਹੋਰ ਨੂੰ ਖੱਟਣ ਦਿੱਤਾ। ਇਹ ਕੇਵਲ ਆਪਣੇ ਮਗਰ ਲੋਕਾਂ ਦੀਆਂ ਭੀੜਾਂ ਹੀ ਇਕੱਠੀਆਂ ਕਰਨ ਵਿਚ ਲੱਗੇ ਰਹੇ ਹਨ ਅਤੇ ਆਪਣਾ ਫੋਕਾ ਸੰਤਪੁਣਾ ਚਮਕਾਉਣ `ਤੇ ਲੱਗੇ ਰਹੇ ਹਨ। ਆਪਣੇ ਡੇਰੇ ਅਤੇ ਕਾਰਾਂ ਵੱਡੀਆਂ ਕਰਨ ਵਿਚ ਹੀ ਲੱਗੇ ਰਹੇ ਹਨ। ਸਿੱਖ ਫੁਲਵਾੜੀ ਨੂੰ ਇਹਨਾਂ ਨੇ ਬੁਰੀ ਤਰ੍ਹਾਂ ਉਜਾੜਿਆ ਹੈ।

ਅੱਗੇ ਲਿਖਦੇ ਹਨ ਇਹ ਸਮਾਂ ਜਿਹੜਾ ਅੰਮ੍ਰਿਤ ਵੇਲੇ ਦਾ ਹੈ। ਇਹਦਾ ਫਲ ਤਾਂ ਸਾਨੂੰ ਮਿਲੇਗਾ ਹੀ। ਸਵਰਗਾਂ ਵਿਚ ਜਾਵਾਂਗੇ, ਬੜਾ ਸੁੱਖ ਪ੍ਰਾਪਤ ਹੋਵੇਗਾ।

(ਸੁਰਤਿਆਂ ਉਪਜੈ ਚਾਓ, ਪੰਨਾ 60)

ਵਿਚਾਰਇਹ ਸਾਧ ਹਿੰਦੂ ਮਤ ਵਾਲੇ, ਗਰੁੜ ਪੁਰਾਣ ਵਾਲੇ ਮਨੋ ਕਲਪਿਤ ਨਰਕਾਂ ਸਵਰਗਾਂ ਦੇ ਪੱਕੇ ਹਾਮੀ ਹਨ। ਪੁਸਤਕ ਦੇ ਪਹਿਲੇ ਭਾਗ ਵਿਚ ਮੈਂ ਸਭ ਕੁਝ ਕਲੀਅਰ ਕਰ ਆਇਆ ਹਾਂ ਉਥੇ ਪੜ੍ਹਨ ਦੀ ਖੇਚਲ ਕਰੋ ਜੀ।

ਅੱਗੇ ਲਿਖਦੇ ਹਨ ਕਿ ਪੰਜਵੇਂ ਪਾਤਸ਼ਾਹ ਸਰੋਵਰ ਪੁਟਵਾ ਰਹੇ ਸੀ। ਥੱਲਿਉਂ ਇਕ ਮੱਠ ਨਿਕਲਿਆ ਸੀ। ਕਹਿੰਦੇ ਐ ਕਰੋ ਦਰਵਾਜ਼ਾ ਹੌਲੀ ਹੌਲੀ ਪੁੱਟ ਲਉ ਚਿਣਾਈ ਲਾਹ ਦਿਉ। ਜੇ ਅੰਦਰ ਕੋਈ ਹੋਇਆ ਤਾਂ ਇਹਨੂੰ ਹਵਾ ਨਾ ਲੱਗ ਜਾਵੇ ਉਹਨੂੰ ਰੂੰ ਵਿਚ ਵਲ੍ਹੇਟ ਕੇ ਸਾਡੇ ਕੋਲ ਲਿਆਇਉ। ਉਹਨੇ ਸਾਡੇ ਨਾਲ ਬਚਨ ਕਰਨੇ ਹਨ। ਸੋ ਇਸ ਤਰ੍ਹਾਂ ਕੀਤਾ ਗਿਆ। ਉਹਨੂੰ ਲੈ ਆਏ ਰੂੰ ਵਿਚ ਵਲ੍ਹੇਟ ਕੇ ਅਤੇ ਲੱਗੇ ਮਾਲਸ਼ਾਂ ਕਰਨ। ਬਾਦਾਮ ਰੋਗਨ, ਕਸਤੂਰੀ ਆਦਿ ਦਵਾਈਆਂ, ਬੇਅੰਤ ਤਰੀਕੇ ਮਹਾਰਾਜ ਨੇ ਦੱਸੇ ਕਿ ਇਹਦੇ ਜਿਹੜੇ ਪ੍ਰਾਣ ਦਸਵੇਂ ਦੁਆਰ ਚੜ੍ਹੇ ਹੋਏ ਹਨ ਮਾਲਸ਼ਾਂ ਕਰੋ, ਮਾਲਸ਼ਾਂ ਕਰਨ ਨਾਲ ਇਹਦੇ ਪ੍ਰਾਣ ਲਹਿ ਜਾਣਗੇ। ਜਦੋਂ ਉਸਦੇ ਪ੍ਰਾਣ ਉਤਰੇ ਤਾਂ ਆਪਣੀ ਜੋ ਉਸ ਵੇਲੇ ਦੀ ਬੋਲੀ ਸੀ। ਉਹਦੇ ਵਿਚ ਪੁੱਛਿਆ ਕਿ ਹੁਣ ਕੌਣ ਯੁਗ ਹੈ? ਬਾਬਾ ਬੁੱਢਾ ਜੀ ਨੇ ਦੱਸਿਆ ਕਿ ਹੁਣ ਕਲਜੁੱਗ ਚੱਲ ਰਿਹਾ ਹੈ। ਕਹਿੰਦੇ ਦੁਆਪਰ ਲੰਘ ਗਿਆ? ਕਹਿੰਦੇ ਹਾਂ ਜੀ ਦੁਆਪਰ ਪੂਰਾ ਲੰਘ ਗਿਆ ਹੈ। ਉਸਨੂੰ ਕਿਹਾ ਤੁਸੀਂ ਕੌਣ ਹੋ? ਕਹਿਣ ਲੱਗੇ ਜਿਸ ਵਕਤ ਸ੍ਰੀ ਰਾਮ ਚੰਦਰ ਦਾ ਯੁੱਧ ਹੋਇਆ ਐਥੇ ਲਵ ਅਤੇ ਕੁਛ ਨਾਲ ਮੈਂ ਇਹ ਯੁੱਧ ਦੇਖਿਆ ਸੀ। ਉਸ ਵੇਲੇ ਅੰਮ੍ਰਿਤ ਦਾ ਛਿੜਕਾਉ ਕਰਨ ਲਈ ਕਲਸ਼ ਸਵਰਗ ਲੋਕ ਵਿਚੋਂ ਲਿਆਂਦਾ ਸੀ ਅਤੇ ਅੰਮ੍ਰਿਤ ਛਿੜਕ ਕੇ ਸਾਰੀ ਮਰੀ ਹੋਈ ਫੌਜ ਜਿੰਦਾ ਕਰ ਲਈ ਸੀ। ਰਾਮ ਚੰਦਰ, ਭਰਤ, ਲਛਮਣ, ਸ਼ਤਰੂਘਣ ਇਹ ਵੀ ਸਭ ਮਰੇ ਪਏ ਸੀ। ਇਹਨਾਂ ਉੱਪਰ ਵੀ ਸਵਰਗ ਤੋਂ ਲਿਆਂਦਾ ਅੰਮ੍ਰਿਤ ਛਿੜਕਿਆ, ਸਾਰੇ ਮਰੇ, ਜਿੰਦਾ ਕਰ ਲਏ ਪਰ ਅੰਮ੍ਰਿਤ ਦਾ ਘੜਾ ਫਿਰ ਵੀ ਬਚ ਗਿਆ। ਵਾਪਸ ਸਵਰਗ ਨੂੰ ਨਹੀਂ ਖੜਿਆ। ਇਥੇ ਹੀ ਧਰਤੀ ਵਿਚ ਦੱਬ ਦਿੱਤਾ। ਪੁੱਛਿਆ ਕਿੰਨੀ ਕੁ ਦੂਰ ਦੱਬਿਆ, ਉਹਦੀ ਗਿਣਤੀ ਦੱਸ ਦਿੱਤੀ ਕਿ ਐਨੇ ਕਰਮਾਂ `ਤੇ ਐਸ ਦਸ਼ਾ ਦੇ ਉੱਤੇ ਫਲਾਣੇ ਥਾਉਂ ਜਾ ਕੇ ਘੜਾ ਦੱਬਿਆ ਹੈ। ਉਹੀ ਥਾਂ ਹੈ ਜਿਥੇ ਗੁਰੂ ਮਹਾਰਾਜ ਨੇ ਅੰਮ੍ਰਿਤ ਦਾ ਸਰੋਵਰ ਸਥਾਪਨ ਕਰਿਆ ਸੀ। ਅੱਗੇ ਹੋਰ ਵੀ ਝੂਠੀ ਕਹਾਣੀ ਲਿਖੀ ਹੋਈ ਹੈ::: ।

(ਸੁਰਤਿਆਂ ਉਪਜੈ ਚਾਓ, ਪੰਨਾ 82)

ਵਿਚਾਰਐਸੇ ਸੱਜਣਾਂ ਦੇ ਹੁੰਦਿਆਂ ਕਦੇ ਦੁਸ਼ਮਣਾਂ ਦੀ ਲੋੜ ਹੀ ਨਹੀਂ ਹੁੰਦੀ। ਮੈਂ ਪਹਿਲਾਂ ਵੀ ਅਰਜ ਕਰ ਆਇਆ ਹਾਂ ਇਹ ਸਾਧ R. S. S. ਦੇ ਹਿੰਦੂ ਮਤ ਦੇ, ਜੋਗ, ਜੈਨ ਮੱਤ ਦੇ ਪ੍ਰਚਾਰਕ ਹਨ, ਸਿੱਖ ਧਰਮ ਦੇ ਨਹੀਂ। ਉੱਪਰ ਲਿਖੀ ਇਸ ਸਾਧ ਦੀ ਕਹਾਣੀ ਵਿਚੋਂ ਕੋਈ ਰਤਾ ਕੁ ਵੀ ਸੱਚ ਲੱਭਣ ਦੀ ਕੋਸ਼ਿਸ਼ ਕਰੇ ਤਾਂ ਉਹ ਐਂਝ ਹੋਵੇਗਾ ਜਿਵੇਂ ਕੋਈ ਰੇਤ ਨੂੰ ਪੀੜ ਕੇ ਤੇਲ ਕੱਢਣ ਦਾ ਜਤਨ ਕਰੇ। R. S. S. ਹਿੰਦੂ ਜਥੇਬੰਦੀਆਂ ਪਹਿਲਾਂ ਹੀ ਕਹਿ ਰਹੀਆਂ ਹਨ ਕਿ ਇਹ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦਾ ਨਹੀਂ ਇਹ ਵਿਸ਼ਨੂੰ ਭਗਵਾਨ ਦਾ ਹੈ ਅਤੇ ਤ੍ਰੇਤੇ ਜੁੱਗ ਵਿਚ ਜੋ ਅੰਮ੍ਰਿਤ ਦਾ ਘੜਾ ਇਥੇ ਦੱਬਿਆ ਸਰੋਵਰ ਉਸ ਘੜੇ ਕਰਕੇ ਹੈ। ਸ਼ਕਤੀ ਉਸ ਘੜੇ ਦੀ ਦੱਸਦੇ ਹਨ ਪਰ ਇਹ ਸਾਧ ਵੀ ਸਾਰੀ ਬੋਲੀ R. S. S. ਵਾਲੀ ਹੀ ਬੋਲ ਰਿਹਾ। ਹਿੰਦੂ ਮਿਥਿਹਾਸ ਨਾਲ ਜੁੜੀਆਂ ਕਲਪਿਤ ਕਹਾਣੀਆਂ

ਸੁਣਾ ਕੇ ਇਹ ਸਾਧ ਕਿਹੜੀ ਸਿੱਖ ਦੀ ਸੇਵਾ ਕਰ ਰਹੇ ਹਨ? ਇਹਨਾਂ ਸਾਧਾਂ ਨੇ ਕਦੇ ਵੀ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ, ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ, ਸਿੱਖੀ ਦਾ ਲਹੂ ਭਿੱਜਾ ਇਤਿਹਾਸ, ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਮੋਰਚੇ, ਦਸਵੇਂ ਪਾਤਸ਼ਾਹ ਦਾ ਖ਼ਾਲਸਾ, ਜ਼ੁਲਮੀ ਹਨ੍ਹੇਰੀਆਂ ਨੂੰ ਕਿਵੇਂ ਠੱਲ੍ਹ ਪਾਉਂਦਾ ਰਿਹਾ। ਇਹ ਸਾਧ ਕਦੇ ਵੀ ਸਟੇਜਾਂ `ਤੇ ਨਹੀਂ ਸੁਣਾਉਂਦੇ। ਇਹ ਸਾਧ ਸਦਾ ਹੀ ਮੁਰਦਿਆਂ ਦੀਆਂ ਕਹਾਣੀਆਂ ਸੁਣਾ ਰਹੇ ਹਨ ਜਿਹੜੇ ਜ਼ਿੰਦਾ ਹਨ ਮਰ ਕੇ ਵੀ ਨਹੀਂ ਮਰੇ ਅਤੇ ਨਾ ਹੀ ਕੋਈ ਮਾਰਨ ਵਾਲਾ ਜੰਮਿਆ ਹੈ। ਉਹਨਾਂ ਦੀ ਦਾਸਤਾਨ ਕਦੇ ਵੀ ਇਹਨਾਂ ਸਾਧਾਂ ਦੇ ਚੇਤੇ ਨਾ ਆਈ। ਗੁਰਬਾਣੀ ਗੁਰਮਤਿ ਸਿਧਾਂਤ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਵੱਲੋਂ ਇਹਨਾਂ ਸਾਧਾਂ ਨੇ ਸਦਾ ਮੂੰਹ ਮੋੜੀ ਰੱਖਿਆ ਅਤੇ ਲੋਕਾਂ ਨੂੰ ਵੀ ਇਹਨਾਂ ਇਸ ਪਾਸੇ ਨਾ ਆਉਣ ਦਿੱਤਾ।

ਅੱਗੇ ਸਫ਼ਾ 84 `ਤੇ ਇਹ ਫਿਰ ਲੋਕਾਂ ਨੂੰ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿਚ ਪਾ ਰਹੇ ਹਨ। ਪਿੱਛੇ ਵਿਚਾਰ ਕਰ ਆਇਆ ਹਾਂ। ਅੱਗੇ ਸਫ਼ਾ 90 `ਤੇ ਇਸ ਸਾਧ ਨੇ ਗਰੁੜ ਪੁਰਾਣ ਵਿਚਲੇ ਨਰਕ ਸਵਰਗ, ਧਰਮਰਾਜ, ਚਿਤਰਗੁਪਤ, ਜਮਦੂਤ ਲਿਖੇ ਹੋਏ ਹਨ। ਪਹਿਲੇ ਭਾਗ ਵਿਚ ਵਿਚਾਰ ਹੋ ਚੁੱਕੀ ਹੈ।

ਅੱਗੇ ਲਿਖਦੇ ਹਨ ਉਸ ਵੇਲੇ ਨੇੜੇ ਹੀ ਇਕ ਸੱਪ ਮਰਿਆ ਪਿਆ ਸੀ ਜੋ ਤੀਰ ਨਾਲ ਚੁੱਕਿਆ ਤੇ ਸੰਤਾਂ ਦੇ ਗਲ ਵਿਚ ਪਾ ਦਿੱਤਾ। ਆਪ ਚਲਿਆ ਜਾਂਦਾ ਹੈ ਤੇ ਪਿੱਛੋਂ ਜਦੋਂ ਉਸਦਾ ਚੇਲਾ ਆਉਂਦਾ ਹੈ ਤਾਂ ਉਸਨੇ ਦੇਖਿਆ ਕਿ ਮੇਰੇ ਸਤਿਗੁਰੂ ਦੀ ਨਿਰਾਦਰੀ ਕੀਤੀ ਹੈ। ਉਸ ਵੇਲੇ ਉਹ ਸਹਿ ਨਾ ਸਕਿਆ ਬਚਨ ਕਰ ਦਿੱਤਾ ਕਿ ਜਿਸ ਕਿਸੇ ਨੇ ਵੀ ਇਹ ਸੱਪ ਪਾਇਆ ਹੈ ਉਹ ਸੱਪ ਦੇ ਡੰਗ ਨਾਲ ਹੀ ਅੱਜ ਤੋਂ ਸਤਵੇਂ ਦਿਨ ਮਰ ਜਾਵੇਗਾ।

ਰਿਸ਼ੀ ਸਮਾਧੀ ਤੋਂ ਉਥਾਨ ਹੋਏ ਤਾਂ ਸਾਰੀ ਵਾਰਤਾ ਦਾ ਪਤਾ ਲੱਗਿਆ ਆਪਣੇ ਚੇਲੇ ਨੂੰ ਕਹਿਣ ਲੱਗਾ ਬੇਟਾ! ਉਹ ਧਰਮੀ ਰਾਜਾ ਸੀ। ਤੂੰ ਕੋਈ ਬਚਨ ਤਾਂ ਨਹੀਂ ਕਰ ਦਿੱਤਾ।

(ਸੁਰਤਿਆਂ ਉਪਜੈ ਚਾਓ, ਪੰਨਾ 168)

ਵਿਚਾਰਜਿਹੜੇ ਰੋਟੀ ਰੋਜ਼ੀ ਦੇ ਮਾਰੇ, ਘਰੋਂ ਭਗੌੜੇ ਜੰਗਲਾਂ ਵਿਚ ਤਪ ਆਦਿਕ ਦੇ ਦਿਖਾਵੇ ਕਰਨ ਵਾਲੇ, ਕਸ਼ਟ, ਤਸੀਹੇ (ਬਿਨਾਂ ਮਤਲਬ) ਝੱਲਣ ਵਾਲੇ ਵਿਹਲੜਾਂ ਦੀ ਗੁਰਬਾਣੀ ਵਿਚ ਬੜੀ ਦੁਰਦਸ਼ਾ ਕੀਤੀ ਹੋਈ ਹੈ ਉਹਨਾਂ ਨੂੰ ਇਹ ਸਾਧ ਸਮਾਧੀ ਲੀਨ ਸੰਤ ਦੱਸ ਰਿਹਾ ਹੈ ਅਤੇ ਉਹਨਾਂ ਦੇ ਚੇਲਿਆਂ ਦੀ ਤਰਫ਼ੋਂ ਉਹਨਾਂ ਨੂੰ ਸਤਿਗੁਰੂ ਕਹਿ ਰਿਹਾ ਹੈ। ਇਹ ਆਪਣੀਆਂ ਲਿਖਤਾਂ ਵਿਚ ਸ਼ੋਅ ਕਰ ਰਹੇ ਹਨ ਕਿ ਸੰਤ ਤਾਂ ਸਤਿਗੁਰੂ ਹੀ ਹੁੰਦੇ ਹਨ ਇਹਨਾਂ ਦਾ ਨਿਰਾਦਰ ਸਭ ਤੋਂ ਮਾੜਾ ਕੰਮ ਹੈ। ਇਹ ਆਪਣੇ ਜੋਟੀਦਾਰ ਸਾਧਾਂ ਨੂੰ ਉੱਚਿਆਂ ਅਤੇ ਗੁਰੂ ਨੂੰ ਨੀਵਾਂ ਦਿਖਾ ਰਹੇ ਹਨ। ਇਸ ਸਾਧ ਦੀ ਇਸ ਲਿਖੀ ਕਿਤਾਬ ਵਿਚ ਕਿਤੇ ਇਹ ਗੱਲ ਨਹੀਂ ਆਈ ਕਿ ਸਤਿਗੁਰੂ ਦੀ ਨਿਰਾਦਰੀ ਨਹੀਂ ਕਰਨੀ। ਥਾਂ ਥਾਂ `ਤੇ ਲਿਖਿਆ ਹੈ ਕਿ ਸੰਤ ਦੀ ਨਿਰਾਦਰੀ ਨਹੀਂ ਕਰਨੀ। ਇਹ ਕਿਤੇ ਨਹੀਂ ਕਹਿੰਦੇ ਕਿ ਗੁਰੂ ਦਾ ਬਚਨ ਬੜਾ ਮਹਾਨ ਹੁੰਦਾ ਹੈ। ਇਹ ਕੇਵਲ ਸੰਤ ਬਚਨ ਦੀ ਹੀ ਗੱਲ ਕਰਦੇ ਹਨ। ਗੁਰ ਸੰਗਤਿ ਸਿੱਖ ਸੰਗਤਿ ਦੀ ਕਿਤੇ ਵੀ ਗੱਲ ਨਹੀਂ ਕਰਦੇ। ਇਹ ਹਮੇਸ਼ਾਂ ਸਾਧ ਦੀ ਸੰਗਤਿ ਦੀ ਗੱਲ ਹੀ ਕਰਦੇ ਹਨ। ਇਹ ਵਰਾਂ ਸਰਾਪਾਂ ਦੀਆਂ ਗੱਲਾਂ ਵੀ ਬੜੀਆਂ ਕਰਦੇ ਹਨ। ਜਦੋਂ ਕਿ ਗੁਰਮਤਿ ਸਿਧਾਂਤ ਮੁਤਾਬਕ ਕੋਈ ਵਰ ਸਰਾਪ ਨਹੀਂ ਹੈ। ਗੁਰੂ ਘਰ ਵਿਚ ਕਹਿਣੀ, ਕਰਣੀ, ਸੱਚ ਆਚਾਰ ਪ੍ਰਧਾਨ ਹੈ। ਪਿੱਛੇ ਕਹਿ ਆਏ ਹਨ ਕਿ ਇੰਦਰ ਦੀ ਕਦੇ ਮੁਕਤੀ ਨਹੀਂ ਹੁੰਦੀ ਪਰ ਇਥੇ ਸਫ਼ਾ 171 `ਤੇ ਕਹਿ ਰਹੇ ਹਨ ਕਿ ਸੁਖਦੇਵ ਮੁਨੀ ਨੇ ਰਾਜੇ ਪ੍ਰੀਸ਼ਤ ਨੂੰ ਇੰਦਰ ਦੀ ਕਥਾ ਸੁਣਾਈ ਰਾਜੇ ਨੂੰ ਮੁਕਤ ਕਰਨ ਵਾਸਤੇ। ਇਸ ਤਰ੍ਹਾਂ ਇਹ ਸਾਧ ਆਪਣਾ ਕਿਹਾ ਆਪ ਹੀ ਕੱਟ ਦਿੰਦੇ ਹਨ ਕਿਉਂਕਿ ਝੂਠ ਦੇ ਪੈਰ ਜੁ ਨਹੀਂ ਹੁੰਦੇ।

ਅੱਗੇ ਲਿਖਦੇ ਹਨ ਦੇਹ ਦੇ ਰਸਾਂ ਕਸਾਂ ਦੇ ਸੁੱਖਾਂ, ਦੇਹ ਦੀਆਂ ਪ੍ਰਾਪਤੀਆਂ ਪਦਵੀਆਂ ਵਿਚ ਮਸਤ ਹੋ ਕੇ ਸਮਾਂ ਲੰਘਾ ਲੈਂਦਾ ਹੈ। ਮਾਨਸ ਜਨਮ ਅਜਾਈਂ ਚਲਿਆ ਜਾਂਦਾ ਹੈ। ਸ਼ੁਕਰ ਹੈ ਵਾਹਿਗੁਰੂ ਜੀ ਦਾ ਅੰਮ੍ਰਿਤ ਵੇਲੇ ਦਾ ਸਤਿਸੰਗ ਬਖ਼ਸ਼ਿਆ ਹੈ। ਲੋੜ ਤਾਂ ਪ੍ਰੈਕਟੀਕਲ ਦੀ ਹੈ ਥਿਊਰੀ (ਸਿਧਾਂਤ) ਦੀ ਨਹੀਂ।

(ਸੁਰਤਿਆਂ ਉਪਜੈ ਚਾਓ, ਪੰਨਾ 202)

ਵਿਚਾਰਪਹਿਲਾਂ ਥਿਊਰੀ ਹੁੰਦੀ ਹੈ ਬਾਅਦ ਵਿਚ ਪ੍ਰੈਕਟੀਕਲ। ਜੇ ਥਿਊਰੀ ਨਹੀਂ ਤਾਂ ਪ੍ਰੈਕਟੀਕਲ ਕਿੱਥੋਂ। ਥਿਊਰੀ ਦਾ ਹੀ ਤਾਂ ਪ੍ਰੈਕਟੀਕਲ ਹੈ ਹੋਰ ਕਿਸਦਾ ਹੈ? ਸੋ ਇਸ ਸਾਧ ਨੇ ਸਪਸ਼ਟ ਕਹਿ ਦਿੱਤਾ ਹੈ ਸਿਧਾਂਤ ਦੀ ਲੋੜ ਨਹੀਂ। ਇਹਨਾਂ ਸਾਧਾਂ ਨੇ ਸਿੱਖ ਕੌਮ ਨੂੰ ਸਿਧਾਂਤ ਤੋਂ ਹੀਣੀ ਕਰਨ ਵਾਸਤੇ ਸਾਰਾ ਜ਼ੋਰ ਲਾਇਆ ਹੋਇਆ ਹੈ। ਸੋ ਇਹਨਾਂ ਬੁੱਕਲ ਦੇ ਸੱਪਾਂ ਨੂੰ ਪਛਾਨਣ ਦੀ ਲੋੜ ਹੈ। ਇਸ ਸਾਧ ਦੀ ਲਿਖੀ ਇਹ 202 ਸਫ਼ੇ ਦੀ ਪੁਸਤਕ ਵਿਚ ਗੁਰਬਾਣੀ ਪ੍ਰਮਾਣ ਵੀ ਨਕਲੀ ਗੁਰੂਆਂ ਵਾਂਗ ਇਹਨਾਂ ਆਪਣੇ ਆਪ `ਤੇ ਹੀ ਘਟਾਏ ਹੋਏ ਹਨ। ਗੁਰਮਤਿ ਸਿਧਾਂਤ ਵਿਹੂਣੀ ਇਸ ਸਾਰੀ ਕਿਤਾਬ ਵਿਚ ਗੁਰ ਇਤਿਹਾਸ, ਸਿੱਖ ਇਤਿਹਾਸ ਵਿਚੋਂ ਕੋਈ ਵੀ ਨਿੱਗਰ ਪ੍ਰਮਾਣ ਨਹੀਂ ਲੱਭਦਾ। ਕੀ ਇਹ ਸਾਧ ਦੱਸਣਗੇ ਕਿ ਐਸੀਆਂ ਲਿਖਤਾਂ ਲਿਖ ਕੇ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ?




.