.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 43)

ਪ੍ਰੋ: ਇੰਦਰ ਸਿੰਘ ‘ਘੱਗਾ’

ਲੋਕ:- ਪੁਰਾਣਕ ਕਹਾਣੀਆਂ ਮੁਤਾਬਕ ਦੇਵਤਿਆਂ ਅਤੇ ਆਮ ਰੂਹਾਂ ਦੇ ਨਿਵਾਸ ਲਈ ਤਿੰਨ ਤਰ੍ਹਾਂ ਦੇ “ਲੋਕ” ਮੰਨੇ ਗਏ ਹਨ। ਸਾਰਿਆਂ ਦਾ ਵੇਰਵਾ ਬਹੁਤ ਵਿਸਥਾਰ ਵਿੱਚ ਹੈ, ਇਥੇ ਸੰਖੇਪ ਵਿੱਚ ਦੇਣਾ ਹੀ ਵਾਜਬ ਹੋਵੇਗਾ। (1) ਭੁਰ ਲੋਕ:- ਭਾਵ ਪ੍ਰਿਥਵੀ। (2) ਭਵਰ ਲੋਕ:- ਸੂਰਜ ਅਤੇ ਧਰਤੀ ਵਿਚਲਾ ਪੁਲਾੜ, ਮੁਨੀਆਂ ਤੇ ਸਿੱਧ ਲੋਕਾਂ ਦੇ ਰਹਿਣ ਦੀ ਥਾਂ। (3) ਸਵਰ ਲੋਕ:- ਇਹੀ ਇੰਦਰ ਲੋਕ ਹੈ, ਜਿਹੜਾ ਸੂਰਜ ਅਤੇ ਧਰੁਵ ਦੇ ਵਿਚਕਾਰ ਹੈ। (4) ਮਹਰ ਲੋਕ:- ਭ੍ਰਿਗੂ ਅਤੇ ਬਾਕੀ ਸੰਤਾਂ ਜਾਂ ਬ੍ਰਹਮ ਰਿਸ਼ੀਆਂ ਦਾ ਨਿਵਾਸ। (5) ਜਨ

ਲੋਕ:- ਇਸ ਵਿੱਚ ਬ੍ਰਹਮਾ ਦੇ ਪੁੱਤਰ ਸਨਤ ਕੁਮਾਰ ਤੇ ਸਨੰਤਨ ਕੁਮਾਰ ਰਹਿੰਦੇ ਹਨ। (6) ਤਪਰ ਲੋਕ:- ਜਿਥੇ ਵੈਰਾਗੀ ਸਾਧੂ ਅਤੇ ਦੇਵਤੇ ਰਹਿੰਦੇ ਹਨ। (7) ਸਤ ਲੋਕ:- ਇਹ ਬ੍ਰਹਮਾ ਦਾ ਨਿਵਾਸ ਹੈ, ਜਿਸ ਨੂੰ ਬ੍ਰਹਮ ਪੁਰੀ ਭੀ ਕਹਿੰਦੇ ਹਨ।

ਇੱਕ ਹੋਰ ਤਰ੍ਹਾਂ ਵੇਰਵਾ ਇਉਂ ਭੀ ਹੈ:- (1) ਪ੍ਰਿਥਵੀ ਲੋਕ (2) ਆਕਾਸ਼ ਲੋਕ (3) ਸਵਰਗ ਲੋਕ (4) ਮੱਧ ਲੋਕ (5) ਜਨਮ ਸਥਾਨ ਲੋਕ (6) ਭਾਗਸ਼ਾਲੀ ਲੋਕ (7) ਸਤ ਲੋਕ।

ਇੱਕ ਹੋਰ ਗਿਣਤੀ ਭੀ ਦਿੱਤੀ ਗਈ ਹੈ:- (1) ਬ੍ਰਹਮ ਲੋਕ - ਉਚਤਮ ਦੇਵਤਿਆਂ ਦਾ ਲੋਕ (2) ਪਿੱਤਰੀ ਲੋਕ - ਦੇਵਤਿਆਂ ਪਿੱਤਰਾਂ ਅਤੇ ਪਰਜਾਪਤੀਆਂ ਦਾ ਲੋਕ (3) ਸੋਨ ਲੋਕ - ਚੰਦਰਮਾ ਅਤੇ ਹੋਰ ਗ੍ਰਿਹਾਂ ਦਾ ਲੋਕ (4) ਇੰਦਰ ਲੋਕ - ਅੱਧਮ ਦੇਵਤਿਆਂ ਦਾ ਲੋਕ (5) ਗੰਧਰਵ ਲੋਕ - ਸਵਰਗੀ ਆਤਮਾਵਾਂ ਦਾ ਨਿਵਾਸ ਸਥਾਨ (6) ਰਾਕਸਸ ਲੋਕ - ਰਾਕਸਾਂ ਦੇ ਰਹਿਣ ਦਾ ਲੋਕ (7) ਯਕਸ ਲੋਕ - ਧਨ ਦੇ ਦੇਵਤੇ ਕੁਬੇਰ ਦੀ ਸੇਵਾ ਵਿੱਚ ਰਹਿਣ ਵਾਲੇ ਲੋਕਾਂ ਲਈ (8) ਪਿਸ਼ਾਚ ਲੋਕ - ਪਿਸਾਚਾਂ ਭੂਤਾਂ ਪ੍ਰੇਤਾਂ ਜੋਗਣੀਆਂ ਦਾ ਲੋਕ। (ਹਿੰਦੂ ਮਿਥਿਹਾਸ਼ ਕੋਸ਼ ਪੰਨਾ-491)

ਵਿਚਾਰ:- ਹੈਰਾਨ ਕਰ ਦੇਣ ਵਾਲੀ ਕਲਪਨਾ ਸੀ ਬ੍ਰਾਹਮਣ ਲਿਖਾਰੀਆਂ ਦੀ। ਉੱਪਰ ਵਰਣਿਤ ਇੱਕ ਭੀ ਲੋਕ ਕਿਸੇ ਥਾਂ ਨਹੀਂ ਹੈ ਜਿਥੇ ਵਰਨਣ ਕੀਤੀਆਂ ਰੂਹਾਂ ਨਿਵਾਸ ਕਰਦੀਆਂ ਹੋਣ। ਪਰ ਬੜੀ ਚਤੁਰਤਾ ਨਾਲ, ਹਵਾ ਦੇ ਮਹਿਲ ਉਸਾਰ ਦਿੱਤੇ, ਕਾਗਜ਼ ਦੇ ਘੋੜੇ ਦੌੜਾ ਦਿੱਤੇ ਗਏ। ਮਨੁੱਖੀ ਏਕਤਾ ਦਾ ਇੱਕ ਪ੍ਰਤੀਸ਼ਤ ਭੀ ਹਿੰਦੂ ਗ੍ਰੰਥਾਂ ਵਿੱਚ ਨਹੀਂ ਲੱਭੇਗਾ। ਪਹਿਲਾਂ ਬਹੁਤ ਸਾਰਾ ਵਿਸਥਾਰ ਦਿੱਤਾ ਜਾ ਚੁੱਕਿਆ ਹੈ। ਜ਼ਰਾ ਸੋਚੋ! ਉਨ੍ਹਾਂ ਲੋਕਾਂ ਦੀ ਧਰਤੀ ਤੇ ਰਹਿ ਕੇ ਸਾਂਝ ਕਿਵੇਂ ਬਣ ਸਕਦੀ ਹੈ ਜਿਨ੍ਹਾਂ ਦੇ ਮਰਨ ਤੋਂ ਬਾਦ ਭੀ ਟਿਕਾਣੇ ਅੱਡੋ ਅੱਡ ਨਿਸ਼ਚਿਤ ਕੀਤੇ ਗਏ ਹਨ। ਕੋਈ ਇੱਕ ਦੇਵਤਾ, ਰਿਸ਼ੀ ਮੁਨੀ, ਅਵਤਾਰ ਇੱਕ ਦੂਜੇ ਦਾ ਪਰਛਾਵਾਂ ਭੀ ਨਹੀਂ ਪੈਣ ਦੇਣਾ ਚਾਹੁੰਦਾ। ਜੇ ਕਦੇ ਇਕੱਠੇ ਹੋਣਾ ਪਵੇ ਤਾਂ ਮੋਬਾਇਲ ਫੋਨ ਤੇ ਸੁਨੇਹਾਂ ਘੱਲ ਦਿੰਦੇ ਹੋਣਗੇ? ਸਾਰੇ ਮਹਾਂਪੁਰਖ ਉਡਣ ਖਟੋਲੇ ਲੈ ਕੇ ਅੱਖ ਦੇ ਪਲਕਾਰੇ ਵਿੱਚ ਪਹੁੰਚ ਜਾਂਦੇ ਹੋਣਗੇ? ਇਹ ਧਿਆਨ ਰਹੇ ਇਹਨਾਂ ਦੀਆਂ ਸਭਾਵਾਂ ਵਿੱਚ ਅੱਜ ਤੱਕ ਮਨੁੱਖਤਾ ਦੇ ਭਲੇ ਵਾਲਾ ਕਦੀ ਇੱਕ ਭੀ ਕਾਰਜ ਨਹੀਂ ਵਿਚਾਰਿਆ ਗਿਆ। ਅਸਲ ਵਿੱਚ ਇਹ ਸਾਰੇ ਤਾਂ ਮਿੱਟੀ ਦੇ ਬਾਵੇ ਹਨ, ਕਠਪੁਤਲੀਆਂ ਹਨ। ਇਨ੍ਹਾਂ ਦੀ ਡੋਰ ਜਾਂ ਰਿਮੋਟ ਕੰਟਰੋਲ ਤਾਂ ਬ੍ਰਾਹਮਣ ਦੇ ਹੱਥ ਵਿੱਚ ਹੈ। ਕਿਉਂਕਿ ਉੱਪਰ ਕਿਸੇ ਥਾਂ ਕੋਈ ਲੋਕ, ਕੋਈ ਦੇਵਤਾ ਮਹਿਲ ਪਾਈ ਨਹੀਂ ਬੈਠਾ। ਹਿਮਾਲਾ ਜਿੱਡੇ ਵਜ਼ਨੀ ਗੱਪ, ਬਿਪਰ ਲਿਖਾਰੀਆਂ ਨੇ ਲਿਖ ਕੇ “ਧਰਮ ਦੀ ਸੇਵਾ” ਕੀਤੀ ਹੈ। ਮਨੁੱਖਤਾ ਨੂੰ ਸਹੀ ਮਾਰਗ ਦੱਸਿਆ ਹੈ, ਬੜਾ “ਪਰਉਪਕਾਰ” ਕੀਤਾ ਹੈ ਇਨ੍ਹਾਂ ਗ੍ਰੰਥਾਂ ਰਾਹੀਂ।

ਗੁਰਬਾਣੀ ਨੇ ਇਨ੍ਹਾਂ ਦੇਵਤਿਆਂ ਅਵਤਾਰਾਂ ਨੂੰ ਤਾਂ ਰੱਦ ਕੀਤਾ ਹੀ ਹੈ, ਇਨ੍ਹਾਂ ਵੱਲੋਂ ਪਰਚਾਰੇ ਨਰਕ ਸੁਰਗ, ਇੰਦਰ ਪੁਰ, ਬ੍ਰਹਮਪੁਰੀ ਅਦਿ ਨੂੰ ਭੀ ਡੰਕੇ ਦੀ ਚੋਟ ਨਾਲ ਨਕਾਰ ਦਿੱਤਾ ਹੈ। ਸਗੋਂ ਇਨ੍ਹਾਂ ਸਾਰਿਆਂ ਦੀ ਅਸਲੀਅਤ, ਕੁਫਰ ਫਰੇਬ ਨੂੰ ਸੰਸਾਰ ਸਾਹਮਣੇ ਨੰਗਾ ਕੀਤਾ ਹੈ।

ਨਿਹਕੰਟਕੁ ਨਿਹਕੇਵਲੁ ਕਹੀਐ।। ਧਨੰਜੈ ਜਲਿ ਥਲਿ ਹੈ ਮਹੀਐ।।

ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ।। (1083)

ਹੇ ਭਾਈ! ਕਰਤਾ ਪੁਰਖ ਦੁੱਖਾਂ ਤੋਂ ਰਹਿਤ ਹੈ, ਸੰਪੂਰਣ ਤੇ ਸ਼ੁੱਧ ਹੈ, ਮਾਇਆ ਦਾ ਜੇਤੂ ਹੈ। ਜੋ ਜਲ ਥਲ ਵਿੱਚ ਜੋਤ ਰੂਪ ਹਰ ਥਾਂ ਮੌਜੂਦ ਹੈ। ਆਕਾਸ਼ ਵਿੱਚ ਭੀ ਉਹ ਆਪ ਹੀ ਪਸਰਿਆ ਹੋਇਆ ਹੈ। ਮਿਰਤ ਲੋਕ, (ਮਾਤ ਲੋਕ ਜਿਥੇ ਅਸੀਂ ਰਹਿ ਰਹੇ ਹਾਂ) ਪਾਤਾਲ ਲੋਕ, ਆਦਿ ਭੀ ਉਸੇ ਦੇ ਰਹਿਣ ਦੀ ਥਾਂ ਹਨ। ਇਨ੍ਹਾਂ ਥਾਵਾਂ ਤੇ ਹੋਰ ਕਿਸੇ ਦੀ ਸਰਦਾਰੀ ਨਹੀਂ ਹੈ।

ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ।।

ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੁੰਦਾਰ।।

ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ।।

ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ।। (808)

ਹੇ ਭਾਈ! ਇਹ ਸਾਰਾ ਸੰਸਾਰ ਦੇਰ ਸਵੇਰ ਆਪਣੇ ਮਿਥੇ ਸਮੇਂ ਮੁਤਾਬਕ ਬਿਨਸ ਜਾਏਗਾ। ਸਦਾ ਵਾਸਤੇ ਕਿਸੇ ਨੇ ਟਿਕੇ ਨਹੀਂ ਰਹਿਣਾ। ਦਰਿਆ ਦੇ ਕਿਨਾਰੇ ਬਾਲਕ ਗਿੱਲੇ ਰੇਤ ਦੇ ਘਰ ਬਣਾ ਕੇ ਖੇਢਦੇ ਹਨ। ਉਹ ਰੇਤ ਦੇ ਘਰ ਕੁੱਝ ਹੀ ਸਮੇਂ ਬਾਦ ਢੱਠ ਜਾਂਦੇ ਹਨ। ਇਸੇ ਤਰ੍ਹਾਂ ਇਹ ਸੰਸਾਰ ਦੀ ਅਵਸਥਾ ਹੈ। ਜਿਵੇਂ ਕਾਗਜ਼ ਤੋ ਪਾਣੀ ਪੈ ਜਾਵੇ ਤਾਂ ਝੱਟਪੱਟ ਗਲ ਜਾਂਦਾ ਹੈ। ਹੇ ਮੇਰੀ ਆਤਮਾ! ਤੂੰ ਵਿਚਾਰ ਕਰਕੇ ਵੇਖ ਸੱਚਾਈ ਨੂੰ ਪਹਿਚਾਣ, ਸਿੱਧ ਜੋਗੀ ਸਾਧਨਾ ਕਰਨ ਵਾਲੇ, ਗ੍ਰਿਸਤੀ, ਮਹਿਲਾਂ ਵਿੱਚ ਰਹਿਣ ਵਾਲੇ ਕਿਸੇ ਨਹੀਂ ਰਹਿਣਾ। ਪਹਿਲਾਂ ਹੋਏ ਚਲੇ ਗਏ, ਹੁਣ ਵਾਲਿਆਂ ਚਲੇ ਜਾਣਾ ਹੈ। ਦੇਵਤੇ ਅਵਤਾਰ ਆਦਿ ਉੱਪਰ ਕਿਹੜੇ ਲੋਕ ਵਿੱਚ ਕੋਠੀਆਂ ਬਣਾ ਕੇ ਰਹਿ ਸਕਦੇ ਹਨ ਜਦੋਂ ਇਸ ਧਰਤੀ ਤੇ ਹੀ ਨਾ ਰਹਿ ਸਕੇ? ਇਸ ਸੱਚਾਈ ਨੂੰ ਪਰਵਾਨ ਕਰਨਾ ਹੀ ਸਿਆਣਪ ਹੈ-

ਦੇਹੀ ਮਾਟੀ ਬੋਲੈ ਪਉਣੁ।। ਬੂਝੁ ਰੇ ਗਿਆਨੀ ਮੂਆ ਹੈ ਕਉਣੁ।।

ਮੂਈ ਸੁਰਤਿ ਬਾਦੁ ਅਹੰਕਾਰੁ।। ਓਹੁ ਨ ਮੂਆ ਜੋ ਦੇਖਣਹਾਰੁ।। (152)

ਹੇ ਭਾਈ! ਉਪਰਲੇ “ਲੋਕਾਂ” ਵਿੱਚ ਕੀਹਨੇ ਜਾਣਾ ਸੀ? ਕਿਉਂਕਿ ਉੱਪਰੋਂ ਆਇਆ ਹੀ ਕੋਈ ਨਹੀਂ। ਦੇਹੀ ਤਾਂ ਮਿੱਟੀ, ਪਾਣੀ, ਅੱਗ ਅਤੇ ਹਵਾ ਆਦਿ ਤੱਤਾਂ ਦੀ ਬਣੀ ਹੋਈ ਹੈ। ਇਹ ਤੱਤ ਬਿਖਰ ਗਏ, ਹੇ ਗਿਆਨਵਾਨ ਤੂੰ ਦਸ ਮਾਰਿਆ ਕੌਣ ਹੈ ਤੇ ਉੱਪਰ ਕੋਣ ਗਿਆ ਹੈ? ਸਿਰਫ ਬਾਹਰਲੀ ਹਉਮੈਂ ਹੰਕਾਰ ਵਾਲੀ ਬਿਰਤ ਮਰ ਗਈ। ਜੋ ਮੂਲ ਤੱਤ ਸਨ, ਉਨ੍ਹਾਂ ਨੇ ਰੂਪ ਵਟਾ ਲਿਆ ਹੈ, ਮਰਿਆ ਕੋਈ ਨਹੀਂ ਹੈ।

ਇੱਕ ਆਮ ਜਿਹਾ ਪੰਜਾਬੀ ਮੁਹਾਵਰਾ ਹੈ, “ਜਿਹੋ ਜਿਹੀ ਕੋਕੋ, ਤੇਹੋ ਜਿਹੇ ਬੱਚੇ”, ਕੋਕੋ ਹੈ ਈ ਨਹੀਂ ਤਾਂ ਉਸਦੇ ਬੱਚੇ ਕਿਥੋਂ ਹੋਣਗੇ? ਇਸੇ ਤਰ੍ਹਾਂ ਪੌਰਾਣਕ ਕਹਾਣੀ ਵਿੱਚ ਬਿਆਨਿਆ ਹੋਇਆ ਹੈ “ਲੋਕ” ਵਾਲਾ ਕੁਫਰ। ਇੰਨੇ ਸ਼ਹਿਰ, ਕਲੋਨੀਆਂ, ਧਰਤੀ ਤੇ ਨਹੀਂ ਹੋਣਗੇ ਜਿੰਨੇ ਬਿਪਰ ਲਿਖਾਰੀ ਨੇ ਆਕਾਸ਼ ਵਿੱਚ ਬਣਾ ਦਿੱਤੇ ਹਨ। ਗੁਰੂ ਸਾਹਿਬ ਨੇ ਇਹਨਾਂ ਨੂੰ ਕੋਈ ਪਰਵਾਨਗੀ ਨਹੀਂ ਦਿੱਤੀ। ਸਿੱਖਾਂ ਨੇ ਇਸ ਕੁਫਰ ਲਿਖਤਾਂ ਤੇ ਕੋਈ ਵਿਸ਼ਵਾਸ ਨਹੀਂ ਕਰਨਾ।

ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ, ਕਿਉ ਚਾਲਹ ਗੁਰਚਾਲੀ।।

ਸਤਿਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ।।

ਗੁਰਸਿਖ ਮੀਤ ਚਲਹੁ ਗੁਰ ਚਾਲੀ।।

ਜੋ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ।। (667)

ਹੇ ਭਾਈ! ਅਸੀਂ ਅਗਿਆਨੀ ਅੰਨ੍ਹੇ ਲੋਕ ਕਿਵੇਂ ਗੁਰ ਮਾਰਗ ਤੇ ਚੱਲੀਏ? ਸਤਿਗੁਰੂ ਕਿਰਪਾ ਕਰੇ, ਦਇਆ ਕਰਕੇ ਆਪਣਾ ਗਿਆਨ ਰੂਪੀ ਪੱਲਾ ਫੜਾ ਦੇਵੇ। ਇਸ ਤਰ੍ਹਾਂ ਗੁਰਸਿੱਖੋ ਤੁਸੀਂ ਗੁਰੂ ਪਿੱਛੇ ਟੁਰ ਸਕੋਗੇ। ਬਸ ਇੱਕ ਗੱਲ ਦਾ ਸਦਾ ਖਿਆਲ ਰੱਖਣਾ ਕਿਸੇ ਹੋਰ ਦੀ ਸਿੱਖਿਆ ਨਹੀਂ ਮੰਨਣੀ। ਜੋ ਮਤ ਪਰਉਪਕਾਰੀ ਸਤਿਗੁਰ ਦਿੰਦਾ ਹੈ, ਉਹੀ ਲੈਣੀ ਹੈ। ਵੇਦ ਪੁਰਾਣ ਸਿਮ੍ਰਿਤੀਆਂ ਤੇ ਬ੍ਰਾਹਮਣ ਜੋ ਮਰਜ਼ੀ ਆਖੀ ਜਾਣ, ਸਿੱਖਾਂ ਨੇ ਗੁਰਬਾਣੀ ਤੋਂ ਸੇਧ ਲੈ ਕੇ ਜੀਵਨ ਬਤੀਤ ਕਰਨਾ ਹੈ ਤਾਂ ਹੀ ਤੁਸੀਂ “ਨਿਆਰੇ ਖਾਲਸੇ, ਵੱਖਰੀ ਕੌਮ, ਤੀਸਰਾ ਪੰਥ, ਗਾਡੀ ਰਾਹ, ਨਿਰਮਲ ਪੰਥ ਆਦਿ ਅਖਵਾ ਸਕੋਗੇ। ਹਿੰਦੂ ਪੌਰਾਣਕ ਕਹਾਣੀਆਂ ਲਗਾਤਾਰ ਸਿੱਖਾਂ ਨੂੰ ਬ੍ਰਾਹਮਣੀ ਖਾਰੇ ਸਾਗਰ ਵਿੱਚ ਡੋਬ ਰਹੀਆਂ ਹਨ। ਕਦੀ ਸਿੱਖ ਮੁਖੀਆਂ, ਸਿੱਖ ਲੇਖਕਾਂ ਤੇ ਸਿੱਖ ਪ੍ਰਚਾਰਕਾਂ ਨੂੰ ਸਮਝ ਆਵੇਗੀ? ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਵਿੱਚ ਜੋਦੜੀ:-

ਵਾਹਿਗੁਰੂ ਜੀ ਕੋ ਸੁਤ ਭਇਓ, ਖਾਲਸਾ ਸੁ ਨੀਕਾ ਅਤਿ ਵਾਹਿਗੁਰੂ ਜੀ ਕੀ ਮਿਲ ਫਤਿਹ ਸੁ ਬੁਲਾਈ ਹੈ।

ਪੀਰ ਪਾਤਿਸ਼ਾਹ ਕਰਾਮਾਤੀ ਜੋ ਅਮਰ ਪੰਥ, ਹਿੰਦੂ ਔਰ ਤੁਰਕ ਹੂ ਕੀ ਕਾਣ ਕੋ ਮਿਟਾਈ ਹੈ।

ਤੀਸਰਾ ਮਹਜਬ, ਜਗ ਦੇਖ ਕੇ ਅਜਬ ਮਹਾਂ, ਵੈਰੀ ਕੋ ਗਜਬ ਭਇਓ ਛੀਨੇ ਠਕੁਰਾਈ ਹੈ।

ਧਰਮ ਸਥਾਪਬੇ ਕੋ, ਪਾਪਨ ਕੇ ਖਾਪਬੇ ਕੋ, ਗੁਰੂ ਜਾਪਬੇ ਕੋ ਨਈ ਰੀਤ ਯੌਂ ਚਲਾਈ ਹੈ।

(ਭਾ. ਸੰਤੋਖ ਸਿੰਘ, ਸੂਰਜ ਪ੍ਰਕਾਸ਼ ਗ੍ਰੰਥ ਵਿਚੋਂ)

ਪੁਸਤਕ ਦੇ ਵਿਸ਼ੇ ਨਾਲ ਸੰਬੰਧਤ ਸਤਿਗੁਰੂ ਜੀ ਦਾ “ਹੁਕਮਨਾਮਾ”

ਗੁਜਰੀ ਮਹਲਾ ਤੀਜਾ

ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ।।

ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਇ ਜੀ।।

ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ, ਹਰਿ ਮੇਰੀ ਕਥਾ ਕਹਾਨੀ ਜੀ।।

ਗੁਰਪ੍ਰਸਾਦਿ ਮੇਰਾ ਮਨੁ ਭੀਜੈ, ਏਹਾ ਸੇਵ ਬਨੀ ਜੀਉ।। ਰਹਾਉ।।

ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ।।

ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ।।

ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ।।

ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ।।

ਸੋ ਝੂਠਾ ਜੋ ਝੁਠੇ ਲਾਗੈ ਝੂਠੇ ਕਰਮ ਕਮਾਈ।।

ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ।। ਪੰਨਾ-490

ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ

ਸਮਾਜ ਦਾ ਮੂੰਹ ਮੱਥਾ ਸੰਵਾਰਨ ਲਈ ਗੁਰਬਾਣੀ ਨੇ ਕਰਾਂਤੀਕਾਰੀ ਯੋਗਦਾਨ ਪਾਇਆ ਹੈ। ਜਿਨ੍ਹਾਂ ਕਾਰਨਾ ਜਾਂ ਕਮਜ਼ੋਰੀਆਂ ਦੀ ਬਦੌਲਤ ਭਾਰਤੀ ਲੋਕਾਂ ਨੂੰ ਜਿੱਲਤ ਭਰੀ, ਮੂੜ੍ਹਤਾ ਵਾਲੀ ਜ਼ਿੰਦਗੀ ਸਦੀਆਂ ਤੋਂ ਜਿਉਣੀ ਪੈ ਰਹੀ ਸੀ। ਸਤਿਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਹਾਲਾਤਾਂ ਦਾ ਡੂੰਘਾ ਅਧਿਐਨ ਕੀਤਾ। ਜਿਸ ਨਤੀਜੇ ਤੇ ਉਹ ਪਹੁੰਚੇ ਉਸ ਨੂੰ ਲਿਖਤ ਰਾਹੀਂ ਲੋਕਾਈ ਤੱਕ ਪੁਚਾਇਆ। ਖੁਦ ਕੇਵਲ ਲਿਖ ਕੇ ਜਾਂ ਬੋਲ ਕੇ ਉਪਦੇਸ਼ ਤੱਕ ਸੀਮਤ ਨਾ ਰਹੇ, ਸਗੋਂ ਵੱਡੇ ਪੱਧਰ ਤੇ ਹਜ਼ਾਰਾਂ ਮੀਲਾਂ ਦਾ ਸਫਰ ਕਰਕੇ ਲੋਕਾਂ ਨੂੰ ਜਗਾਉਣ ਦਾ ਜਤਨ ਕੀਤਾ। ਸਿੱਧਾਂ, ਬ੍ਰਾਹਮਣਾਂ, ਕਾਜ਼ੀਆਂ, ਮੌਲਵੀਆਂ, ਸਨਿਆਸੀਆਂ ਨੂੰ ਮਿਲ ਕੇ ਮਨੁੱਖਤਾ ਦਾ ਭਲਾ ਕਰਨ ਦੀ ਪ੍ਰੇਰਨਾ ਦਿੱਤੀ। ਚੌਧਰੀਆਂ, ਨਵਾਬਾਂ, ਅਹਿਲਕਾਰਾਂ ਤੇ ਬਾਦਸ਼ਾਹਾਂ ਨੂੰ ਮਿਲ ਕੇ ਲੋਕਾਂ ਦੇ ਦੁੱਖਾਂ ਤੋਂ ਜਾਣੂ ਕਰਵਾਇਆ। ਵੱਡੇ ਇਕੱਠਾਂ ਵਿੱਚ ਆਮ ਜੰਤਾ ਨੂੰ ਦਲੀਲ ਭਰਪੂਰ ਅਤੇ ਸੌਖਾ ਜੀਵਨ ਜਿਉਣ ਦੇ ਢੰਗ ਸਮਝਾਏ। ਇਸ ਤੋਂ ਭੀ ਅੱਗੇ ਜਾ ਕੇ ਉਹਨਾਂ ਆਪਣੇ ਇਨਕਲਾਬੀ ਕਾਰਜ ਨੂੰ ਨਿਰੰਤਰ ਮਘਦਾ ਰੱਖਣ ਲਈ “ਗਿਆਨਵਾਨ ਬਹਾਦਰਾਂ” ਦੀ ਜਥੇਬੰਦੀ ਕਾਇਮ ਕਰ ਦਿੱਤੀ। ਇਸ ਸਿੱਖ ਲਹਿਰ ਨੇ ਇਤਿਹਾਸ ਨੂੰ ਆਪਣੇ ਪਿੱਛੇ ਟੁਰਨ ਲਈ ਮਜਬੂਰ ਕਰ ਦਿੱਤਾ। ਧਾਰਮਕ ਰਵਾਇਤਾਂ ਤੇ ਇਸ ਦਾ ਅਸਰ ਪਿਆ। ਸਮਾਜ ਦਾ ਮੁਹਾਂਦਰਾ ਘੜਨ ਵਿੱਚ ਹਿੱਸਾ ਪਾਇਆ। ਰਾਜਨੀਤੀ ਨੂੰ ਨਵੇਂ ਅਰਥ ਪਰਦਾਨ ਕੀਤੇ। ਸਦੀਆਂ ਤੋਂ ਸਥਾਪਤ “ਵੈਦਿਕ ਧਰਮ ਬਣਤਰ” ਨੂੰ ਮੂਲੋਂ ਰੱਦ ਕਰ ਦਿੱਤਾ। ਬ੍ਰਾਹਮਣਾਂ ਦੀਆਂ ਚਤੁਰਾਈਆਂ ਤੇ ਮੱਕਾਰੀਆਂ ਨੂੰ ਬੇਖੌਫ ਹੋ ਕੇ ਭੰਡਿਆ ਤੇ ਨੰਗਾ ਕੀਤਾ। ਰਾਜ ਮੱਦ ਵਿੱਚ ਅੰਨ੍ਹੇ ਹੋਏ ਹਾਕਮਾਂ ਨੂੰ ਅੱਖਾਂ ਵਿੱਚ ਪਾ ਕੇ ਸਿਰੇ ਦੀ ਦਲੇਰੀ ਨਾਲ ਲਾਹਣਤਾਂ ਪਾਈਆਂ।

ਸਮੇਂ ਨੇ ਕਰਵਟ ਬਦਲੀ ਸਿੱਖਾਂ ਨੂੰ ਲੰਮੀ ਜੰਗ ਵਿੱਚ ਜੂਝਣਾ ਪਿਆ। ਘਰ ਉੱਜੜੇ ਸਿਰਾਂ ਦੇ ਮੁੱਲ
ਪਏ, ਅਕਹਿ ਤੇ ਅਸਹਿ ਜ਼ੁਲਮ ਸਵੀਕਾਰ ਕੀਤੇ, ਪਰ ਧਰਮ ਨਹੀਂ ਹਾਰਿਆ …. . । ਇਨ੍ਹਾਂ ਅਤਿ ਦੇ ਬੁਰੇ ਹਾਲਾਤ ਵਿੱਚ ਗੁਰਦਵਾਰਿਆਂ ਧਰਮਸ਼ਾਲਾਵਾਂ ਵਿੱਚ ਸਨਿਆਸੀਆਂ, ਨਿਰਮਲਿਆਂ, ਬ੍ਰਾਹਮਣਾਂ ਆਦਿ ਨੇ ਘੁਸਪੈਠ ਕਰ ਲਈ। ਸਿੱਖਾਂ ਦੀ ਗੈਰ ਹਾਜਰੀ ਵਿੱਚ ਜਿੱਥੇ ਕੂੜ ਕਪਟ ਬੋਲਕੇ ਭੋਲੇ ਲੋਕਾਂ ਨੂੰ ਕਥਾ ਰਾਹੀਂ ਸੁਣਾਉਂਦੇ ਸਨ, ਉਥੇ “ਗੁਰਬਾਣੀ ਦੇ ਟੀਕੇ ਅਤੇ ਇਤਿਹਾਸ” ਭੀ ਇਹਨਾਂ ਨੇ ਲਿਖੇ। ਸਮਾਂ ਪਾ ਕੇ ਇਹੀ “ਪੁਰਾਤਨ ਸਰੋਤ ਇਤਿਹਾਸਕ ਗ੍ਰੰਥ” ਬਣਕੇ ਸਿੱਖੀ ਦਾ ਮਲੀਆ ਮੇਟ ਕਰਨ ਦਾ ਸਬੱਬ ਬਣਦੇ ਗਏ। ਸਿੱਖਾਂ ਦੇ ਫਿਲਾਸਫਰ ਇਤਿਹਾਸਕਾਰ, ਤੇ ਗੁਰਬਾਣੀ ਦੇ ਟੀਕਾਕਾਰ (ਭਾ. ਕਾਹਨ ਸਿੰਘ ਨਾਭਾ ਤੇ ਪ੍ਰੋ: ਸਾਹਿਬ ਸਿੰਘ ਵਰਗਿਆਂ ਤੋਂ ਬਿਨਾਂ) ਇਸ ਬ੍ਰਾਹਮਣੀ ਪਰਭਾਵ ਤੋਂ ਮੁਕਤ ਹੋ ਕੇ ਕੋਈ ਨਿੱਗਰ ਦੇਣ ਨਾ ਦੇ ਸਕੇ। ਜਦੋਂ ਸਾਰਾ ਵਾਤਾਵਰਣ ਹੀ “ਵੈਦਿਕ ਰੰਗ” ਵਿੱਚ ਰੰਗਿਆ ਹੋਵੇ। ਸਿੱਖਾਂ ਦੇ ਧਾਰਮਕ ਮੁਖੀ ਖੁਦ ਨੂੰ ਤੇ ਨਿਰਾਲੇ ਪੰਥ ਨੂੰ ਹਿੰਦੂ ਹੋਣ ਦਾ ਐਲਾਨ ਕਰੀ ਜਾਣ। ਰਾਜਨੀਤਿਕ ਲੋਕ, ਮੰਦਰਾਂ ਵਿੱਚ ਟੱਲ ਖੜਕਾਣ, ਗੁਰਦਾਰਿਆਂ ਵਿੱਚ ਰਾਮਾਇਣ ਪਾਠ ਕਰਵਾਉਣ, ਸਭ ਜਾਇਜ਼ ਹੈ। ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦਾ “ਮਾਲਕ” ਪ੍ਰਕਾਸ਼ ਸਿੰਘ ਬਾਦਲ ਹਵਨ ਕਰਾਵੇ, ਤਿਲਕ ਲਗਾਵੇ, ਮੁਕਟ ਪਹਿਨੇ, ਲਾਲ ਚੁੰਨੀ ਗਲ ਵਿੱਚ ਪੁਆਵੇ, ਆਪਣੇ ਪਿੰਡ ਨਿੱਜੀ ਕੋਠੀ ਤੇ ਦੇਵੀ ਦਾ ਲਾਲ ਝੰਡਾ ਲਹਿਰਾਵੇ ਸਭ “ਗੁਰਮਤਿ” ਹੈ। ਸਿੱਖ ਲੇਖਕ ਹੀ ਜਦੋਂ ਸਿੱਖਾਂ ਨੂੰ “ਹਿੰਦੂ ਮੁਖਧਾਰਾ” ਦਾ ਅੰਗ ਲਿਖਦੇ ਰਹਿਣ, ਸਟੇਜਾਂ ਤੇ ਬੋਲਣ ਵਾਲੇ ਲੈਕਚਰਾਰ ਤੇ ਕਥਾਕਾਰ “ਹਿੰਦੂ ਸਿੱਖ ਏਕਤਾ” ਦੀ ਬੇਮਤਲਬੀ ਡੌਂਡੀ ਪਿੱਟੀ ਜਾਣ। ਜਦੋਂ ਮਹਾਨ ਸ਼ਹੀਦਾਂ ਨੂੰ “ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸ਼ਹੀਦ ਹੋਏ” ਗਰਦਾਨਦੇ ਰਹਿਣ, ਫਿਰ ਕਹਿਣ ਸੁਣਨ ਨੂੰ ਕੀ ਬਾਕੀ ਰਹਿ ਜਾਂਦਾ ਹੈ?

ਬਹੁਤ ਲੰਮੇ ਅਰਸੇ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਹੋ ਰਹੇ ਕੀਰਤਨ ਸਮੇਤ, ਅਨੇਕ ਕੀਰਤਨ ਦਰਬਾਰ ਸੁਣੇ। ਬਹੁਤ ਸਾਰੇ ਰੈਣ ਸਬਾਈ ਕੀਰਤਨਾਂ ਵਿੱਚ ਰਾਤਾਂ ਜਾਗੀਆਂ। ਰਾਗ ਵਿੱਦਿਆ ਦੇ ਕੀਰਤਨ ਦੀਆਂ ਕੈਸਟਾਂ ਖਰੀਦ ਕੇ ਸੁਣੀਆਂ। ਗੁਰਦਵਾਰਿਆਂ ਵਿੱਚ ਹੋ ਰਿਹਾ ਹਰ ਰੋਜ਼ ਜਾਂ ਕਦੇ ਕਦੇ ਵਾਲਾ ਕੀਰਤਨ ਭੀ ਖੂਬ ਸੁਣਿਆ। ਚਿਮਟੇ, ਢੋਲਕੀਆਂ ਵਾਲੇ, “ਸੰਤਾਂ ਮਹਾਂਪੁਰਖਾਂ, ਬ੍ਰਹਮ ਗਿਆਨੀਆਂ” ਦੇ “ਸਿੱਧੇ ਕੀਰਤਨ” ਤੇ ਪਰਵਚਨ ਸੁਣਨ ਦੇ ਭੀ ਬਹੁਤ ਮੌਕੇ ਆਉਂਦੇ ਰਹੇ। ਇਨ੍ਹਾਂ ਸਾਰੇ ਕੀਰਤਨਾਂ ਵਿੱਚ ਸਾਰੇ ਗੁਰੂ ਗਰੰਥ ਸਾਹਿਬ ਵਿਚੋਂ ਸਿਰਫ ਤੇ ਸਿਰਫ ਇੱਕ ਸੌ ਪੰਨੇ ਤੇ ਅੰਕਤ ਹੋਏ ਸ਼ਬਦਾਂ ਦਾ ਮੁੜ ਮੁੜ ਕੀਰਤਨ ਕੀਤਾ ਜਾ ਰਿਹਾ ਹੈ। ਇਉਂ ਸਮਝ ਲਓ ਕਿ 1330 ਪੰਨਿਆਂ ਤੇ ਫੈਲੀ, ਲਿਖੀ ਬੇਅੰਤ ਪਾਵਨ ਬਾਣੀ ਨੂੰ ਕਦੀ ਸਟੇਜਾਂ ਤੇ ਗਾਇਆ ਹੀ ਨਹੀਂ ਗਿਆ। ਹਰ ਰਾਗੀ ਢੰਗ ਤਰੀਕੇ ਬਦਲਕੇ ਉਹੀ ਸ਼ਬਦ ਦੁਹਰਾ ਰਿਹਾ ਹੈ। ਸਿੱਖੀ ਦੇ ਨਿਆਰੇ ਨਵੇਕਲੇ ਅਸੂਲਾਂ ਨੂੰ ਪਰਪੱਕ ਕਰਵਾਉਣ ਵਾਲੇ ਸ਼ਬਦ, ਕਦੀ ਨਹੀਂ ਗਾਏ ਗਏ। ਬ੍ਰਾਹਮਣ ਵਾਦ ਨੂੰ ਨਕਾਰਨ ਤੇ ਫਟਕਾਰਨ ਵਾਲੇ ਸ਼ਬਦ ਕਦੀ ਨਹੀਂ ਗਾਏ, ਸੁਣਾਏ ਗਏ। ਬ੍ਰਹਮਾ, ਵਿਸ਼ਨੂੰ, ਸ਼ਿਵ, ਰਾਮ, ਕ੍ਰਿਸ਼ਨ ਦੀ ਅਸਲੀਅਤ ਨੰਗੀ ਕਰਨ ਵਾਲੇ ਸ਼ਬਦ ਕਦੀ ਨਹੀਂ ਗਾਏ ਗਏ। ਪੁਰਾਣਕ ਗ੍ਰੰਥਾਂ ਨੂੰ ਵੇਦਾਂ ਨੂੰ ਸਿਮ੍ਰਿਤੀਆਂ ਨੂੰ ਰੱਦ ਕਰਨ ਵਾਲੇ ਸ਼ਬਦ ਕਦੀ ਜ਼ੁਬਾਨ ਤੇ ਨਹੀਂ ਆਏ।

ਕੁੱਝ ਖੁਸ਼ੀ ਵਾਲੇ, ਕੁੱਝ ਧੰਨਵਾਦ ਵਾਲੇ, ਕੁੱਝ ਅਰਦਾਸ ਵਾਲੇ, ਕੁੱਝ ਮੰਗਾਂ ਮੰਗਣ ਬਾਰੇ ਸ਼ਬਦ ਚੁਣਕੇ ਲਗਾਤਾਰ ਗਾਏ ਜਾ ਰਹੇ ਹਨ। ਬਿਮਾਰੀ ਤੋਂ ਬਚਾਉਣ ਵਾਲੇ, ਮਕੱਦਮੇ ਵਿਚੋਂ ਜਿੱਤ ਦਿਵਾਉਣ ਵਾਲੇ ਪੁੱਤਰ ਦੀ ਪ੍ਰਾਪਤੀ ਵਾਲੇ, ਵਿਆਹ ਵਾਲੇ, ਨੌਕਰੀ ਵਾਲੇ, ਵਿਦੇਸ਼ ਭਿਜਾਵਾਣ ਵਾਲੇ, ਕੋਠੀ ਵਾਲੇ, ਕਾਰ ਵਾਲੇ। ਜਾਂ ਮਰਗਤ ਵਾਲੇ ਸ਼ਬਦ ਪੜ੍ਹੇ ਤੇ ਗਾਏ ਜਾ ਰਹੇ ਹਨ। ਹੋਰ ਸਿਤਮ ਦੇਖੋ ਜਨਮ ਅਸ਼ਟਮੀ ਹਿੰਦੂਆਂ ਦਾ ਤਿਉਹਾਰ ਹੈ, ਮੰਦਰਾਂ ਵਿੱਚ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਪਰ ਸਾਡੇ ਭਾਈਆਂ ਨੂੰ “ਹਿੰਦੂ ਸਿੱਖ ਏਕਤਾ” ਦਾ ਅਜਿਹਾ ਢਿੱਡ ਸੂਲ ਉੱਠਦਾ ਹੈ, ਕਿ ਗੁਰਦਵਾਰਿਆਂ ਵਿੱਚ ਚੁਣ ਚੁਣ ਕੇ ਕ੍ਰਿਸ਼ਨ ਨੂੰ ਵੱਡਾ ਸਿੱਧ ਕਰਨ ਵਾਲੇ, ਅਧੂਰੇ ਸ਼ਬਦ ਚੁੱਕ ਕੇ ਕੀਰਤਨ ਕਰਨ ਲੱਗ ਜਾਂਦੇ ਹਨ, ਸਮੇਤ ਅੰਮ੍ਰਿਤਸਰ ਦਰਬਾਰ ਸਾਹਿਬ ਦੇ। ਰਾਮ ਨੌਮੀ ਵਾਲੇ ਦਿਨ ਰਾਮ ਦੀ ਪਰਸੰਸਾ ਵਾਲੇ ਸ਼ਬਦ। ਭਾਵੇਂ ਉਹਨਾਂ ਸ਼ਬਦਾਂ ਵਿੱਚ ਰਾਮ ਵਾਹਿਗੁਰੂ ਵਾਸਤੇ ਆਇਆ ਹੋਵੇ। ਇਹ ਸਾਰਾ ਵਰਤ ਰਿਹਾ ਵਰਤਾਰਾ ਵੇਖ ਪਰਖ ਕੇ ਮਨ ਨੇ ਅੰਗੜਾਈ ਭਰੀ। ਗੁਰਬਾਣੀ ਦਾ ਹੋਰ ਕਈ ਵਾਰੀ ਅਰਥਾਂ ਸਮੇਤ ਪਾਠ ਕੀਤਾ। ਗਿਆਨ ਅਤੇ ਸਾਧਨ ਅਤੀ ਸੀਮਤ ਹੋਣ ਦੇ ਬਾਵਜੂਦ, ਹੱਥਲੀ ਪੁਸਤਕ ਲਿਖਣ ਲਈ ਮਨ ਨੂੰ ਤਕੜਾ ਕੀਤਾ। ਹੋਰ ਕਿਸੇ ਨੇ ਜੇ ਅੱਜ ਤੱਕ ਇਹ ਕੰਮ ਨਹੀਂ ਕੀਤਾ ਤਾਂ ਕਿੰਨਾ ਕੁ ਸਮਾਂ ਹੋਰ ਉਡੀਕਿਆ ਜਾਵੇ? ਗੁਰਬਾਣੀ ਵਿਚੋਂ ਜਿਸ ਤਰ੍ਹਾਂ ਦੀ ਅਗਵਾਈ ਮਿਲੀ, ਉਸ ਦੇ ਮੁਤਾਬਕ ਕਿਤਾਬ ਲਿਖੀ ਗਈ ਹੈ। ਬਹੁਤ ਸਾਰਾ ਮੈਟਰ ਅਜਿਹਾ ਹੈ, ਜੋ ਪਹਿਲੀ ਵਾਰੀ ਲਿਖਤ ਵਿੱਚ ਆਇਆ ਹੈ। ਕਈਆਂ ਪਾਠਕਾਂ ਜਥੇਬੰਦੀਆਂ, ਗੁਰਦਵਾਰਾ ਕਮੇਟੀਆਂ ਤੇ ਧਰਮ ਮੁਖੀਆਂ ਨੂੰ ਕੁੰਭਕਰਨੀ ਨੀਂਦ ਵਿਚੋਂ ਜਾਗ ਆ ਸਕਦੀ ਹੈ। ਅੱਭੜ ਵਾਏ ਉੱਠ ਕੇ ਮੇਰੇ ਵੱਲ ਇੱਟਾਂ ਵੱਟੇ ਭੀ ਸੁੱਟ ਸਕਦੇ ਹਨ। ਮੈਂ ਸਾਰਿਆਂ ਵੱਲੋਂ ਭੇਜਿਆ ਗਿਆ ਤ੍ਰਿਸਕਾਰ ਅਤੇ ਪਿਆਰ ਸਤਿਗੁਰੂ ਜੀ ਦਾ ਪ੍ਰਸਾਦਿ ਸਮਝ ਕੇ ਸਵੀਕਾਰ ਕਰਾਂਗਾ। ਜੇ ਪਹਿਲਾਂ ਲਿਖੀਆਂ ਦੋਵਾਂ ਕਿਤਾਬਾਂ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਨਾ ਮਿਲਦਾ ਤਾਂ ਸ਼ਾਇਦ ਮੈਂ ਇਹ ਕਿਤਾਬ ਲਿਖਣ ਦੀ ਹਿੰਮਤ ਕਦੀ ਨਾ ਕਰਦਾ।

ਇਸ ਦੀ ਟਾਈਪ ਸੈਟਿੰਗ ਲਈ ਕਾਕਾ ਪਰਮਿੰਦਰ ਸਿੰਘ ਰਾਏਪੁਰ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਨਾਲ ਤਿਆਰੀ ਕਰਵਾਈ ਹੈ, ਉਸ ਦਾ ਬਹੁਤ ਬਹੁਤ ਧੰਨਵਾਦ। ਪਰੂਫ ਪੜ੍ਹਨ ਲਈ ਬੇਟਾ ਕੰਵਰਦੀਪ ਸਿੰਘ ਤੇ ਬੇਟੀ ਸੁਖਜਿੰਦਰ ਕੌਰ ਦੀ ਘਾਲ ਮਹੱਤਵਪੂਰਨ ਹੈ, ਉਹਨਾਂ ਦਾ ਭੀ ਧੰਨਵਾਦ ਕਰਨਾ ਜ਼ਰੂਰੀ ਹੈ। ਜੀਵਨ ਸਾਥਣ ਸਰਦਾਰਨੀ ਰਾਜਵੰਤ ਕੌਰ ਅਤੇ ਬੇਟੀ ਨਵਦੀਪ ਕੌਰ (ਯੂ. ਕੇ.) ਵੱਲੋਂ ਮਿਲੇ ਉਤਸ਼ਾਹ ਅਤੇ ਸਹਿਯੋਗ ਲਈ ਉਹਨਾਂ ਦਾ ਭੀ ਵਿਸ਼ੇਸ਼ ਧੰਨਵਾਦ। ਦਸਮ ਪਾਤਿਸ਼ਾਹ ਹਜ਼ੂਰ ਵੱਲੋਂ ਖਾਲਸੇ ਦੇ ਸੰਪੂਰਣਤਾ ਦਿਵਸ, 13 ਅਪ੍ਰੈਲ 2006 ਨੂੰ ਸਮਰਪਣ ਕਰਨ ਦੀ ਖੁਸ਼ੀ ਲੈ ਰਿਹਾ ਹਾਂ। ਸੁਝਾਵਾਂ ਅਤੇ ਅਲੋਚਨਾ ਦੀ ਉਡੀਕ ਕਰਾਂਗਾ। ਖਤ ਰਾਹੀਂ ਆਪਣੇ ਵਿਚਾਰ ਜ਼ਰੂਰ ਭੇਜਿਓ।

ਸੇਵਕ ਸਚੇ ਸਾਹ ਕੇ ਸੇਈ ਪਰਵਾਣੁ।। ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੂਏ ਅਜਾਣੁ।। (315)

ਧੰਨਵਾਦ ਸਹਿਤ, ਗੁਰੂ ਘਰ ਦਾ ਸੇਵਕ,

ਇੰਦਰ ਸਿੰਘ ਘੱਗਾ,
.