.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 19)

ਭਾਈ ਸੁਖਵਿੰਦਰ ਸਿੰਘ 'ਸਭਰਾ'

ਕਿਉਂ ਜਾਂਦੀਆਂ ਨੇ ਔਰਤਾਂ ਪਾਖੰਡੀ ਸਾਧੂਆਂ ਦੇ ਡੇਰਿਆਂ `ਤੇ

ਬੀਬੀ ਗੁਰਚਰਨ ਕੌਰ

‘ਡੇਰੇ ਦਾ ਮਹੰਤ ਕਾਲਜ ਦੀ ਕੁੜੀ ਨਾਲ ਫਰਾਰ’, ‘ਮਹੰਤ ਵੱਲੋਂ ਡੇਰੇ ਵਿਚ ਜੁਆਨ ਕੁੜੀ ਨਾਲ ਛੇੜਛਾੜ’, ‘ਡੇਰੇ ਵਿਚ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ’, ‘ਡੇਰੇ ਦਾ ਮਹੰਤ ਚਾਰ ਬੱਚਿਆਂ ਦੀ ਮਾਂ ਨਾਲ ਉਡੰਤਰ’ ਆਦਿ ਅਨੇਕਾਂ ਸੁਰਖੀਆਂ ਅਖਬਾਰਾਂ ਦੀ ਹਿੱਕ ਉੱਤੇ ਉੱਕਰੀਆਂ ਪੜ੍ਹਨ ਨੂੰ ਮਿਲਦੀਆਂ ਹਨ। ਅਖ਼ਬਾਰਾਂ ਤੋਂ ਜ਼ਰਾ ਹੱਟ ਕੇ ਸਾਹਿਤ ਦਾ ਕੋਈ ਹੋਰ ਪੰਨਾ ਪਰਤੋ। ਨਾਵਲ, ਨਾਟਕ, ਕਹਾਣੀ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਪਾਖੰਡੀ ਸਾਧੂਆਂ ਵੱਲੋਂ ਕੀਤੀਆਂ ਵਧੀਕੀਆਂ ਦਾ ਜ਼ਿਕਰ ਜ਼ਰੂਰ ਹੋਵੇਗਾ। ਇਹ ਗੱਲਾਂ ਝੂਠੀਆਂ ਨਹੀਂ, ਸੱਚੀਆਂ ਹੁੰਦੀਆਂ ਹਨ।
ਅਸੀਂ ਬੜੀ ਉਤਸੁਕਤਾ ਨਾਲ ਅਜਿਹੀਆਂ ਘਟਨਾਵਾਂ ਨੂੰ ਪੜ੍ਹਦੇ ਹਾ। ਛੇੜ-ਛਾੜ ਤੇ ਬਲਾਤਕਾਰੀ ਦੀਆਂ ਘਟਨਾਵਾਂ ਸਾਡੀ ਆਤਮਾ ਨੂੰ ਵਲੂੰਧਰਦੀਆਂ ਹਨ ਤੇ ਦੁਖੀ ਕਰਦੀਆਂ ਹਨ। ਅੱਛੀਆਂ ਖੁਰਾਕਾਂ ਨਾਲ ਰੱਜੇ-ਪੁੱਜੇ ਇਹ ਵਿਹਲੜ ਤੇ ਪਾਖੰਡੀ ਬਾਬੇ, ਔਰਤਾਂ ਦਾ, ਕੁੜੀਆਂ ਦਾ, ਨੂੰਹਾਂ-ਧੀਆਂ ਦਾ, ਕੀ ਹਸ਼ਰ ਕਰਦੇ ਹਨ, ਕਿਸੇ ਤੋਂ ਗੁੱਝਾ ਨਹੀਂ। ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਡੇਰੇ ਚੱਲ ਰਹੇ ਹਨ। ਔਰਤਾਂ ਵਹੀਰਾਂ ਘੱਤ ਕੇ ਡੇਰਿਆਂ `ਤੇ ਪਹੁੰਚ ਰਹੀਆਂ ਹਨ। ਆਦਮੀ, ਬੱਚੇ, ਬੁੱਢੇ ਜੇ ਜੁਆਨ ਸਭ ਮੂਰਖ ਬਣ ਰਹੇ ਹਨ। ਕਾਰਨ ਸਪੱਸ਼ਟ ਹੈ ਲੋਕ ਅਨਪੜ੍ਹਤਾ ਤੇ ਅਗਿਆਨਤਾ ਦੇ ਹਨੇਰੇ ਵਿਚ ਫਸੇ ਹੋਏ ਹਨ। ਵਹਿਮਾਂ-ਭਰਮਾਂ ਨੇ ਅਜੇ ਉਹਨਾਂ ਦਾ ਖਹਿੜਾ ਨਹੀਂ ਛੱਡਿਆ। ਸਿਰਫ਼ ਅਨਪੜ੍ਹ ਹੀ ਨਹੀਂ ਸਗੋਂ ਪੜ੍ਹੇ-ਲਿਖੇ ਲੋਕ ਵੀ ਅਜਿਹੇ ਪਾਖੰਡੀਆਂ ਤੋਂ ਮੁਕਤ ਨਹੀਂ ਹੋਏ।
ਔਰਤਾਂ ਡੇਰਿਆਂ ਪ੍ਰਤੀ ਵਧੇਰੇ ਸ਼ਰਧਾਵਾਨ ਹਨ। ਇਹ ਪਰਿਵਾਰ ਦੇ ਬਾਕੀ ਜੀਆਂ ਨੂੰ ਵੀ ਇਹਨਾਂ ਰਾਹਾਂ `ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਡੇਰਿਆਂ ਵਿਚ ਜਾ ਕੇ ਸੇਵਾ ਕਰਦੀਆਂ ਹਨ। ਬਰਤਨ ਸਾਫ਼ ਕਰਨਾ, ਲੰਗਰ ਤਿਆਰ ਕਰਨਾ, ਸਫ਼ਾਈ ਕਰਨਾ ਤਾਂ ਕੁਝ ਆਮ ਜਿਹੇ ਕੰਮ ਹਨ। ਕੁਝ ਖਾਸ ਕੰਮ ਵੀ ਕਰਦੀਆਂ ਹਨ, ਜਿਵੇਂ ਸਾਧੂਆਂ ਸੰਤਾਂ ਦੀਆਂ ਲੱਤਾਂ ਘੁੱਟਣੀਆਂ, ਮਾਲਸ਼ ਕਰਨੀ, ਇਸ਼ਨਾਨ ਕਰਾਉਣਾ, ਕੇਸ ਦਾਹੜੀ ਵਾਹੁਣੀ ਤੇ ਹੋਰ ਪਤਾ ਨਹੀਂ ਕਈ ਕੁਝ। ਇਥੇ ਹੀ ਬਸ ਨਹੀਂ ਆਪਣੇ ਮਾਸੂਮ ਬੱਚਿਆਂ ਤੇ ਟੱਬਰ ਦੇ ਹਿੱਸੇ ਦੀ ਵਧੀਆ ਖ਼ੁਰਾਕ ਦੁੱਧ, ਦਹੀਂ, ਮੱਖਣ, ਘਿਓ ਆਦਿ ਸਾਧਾਂ ਦੇ ਢਿੱਡੀਂ ਪਾਉਂਦੀਆਂ ਹਨ। ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਸਾਧੂਆਂ ਦੇ ਡੇਰੇ ਤਾਂ ਚੱਲਦੇ ਹੀ ਬੀਬੀਆਂ ਦੇ ਸਿਰ `ਤੇ ਹਨ।
ਸੋਚਣ ਵਾਲੀ ਗੱਲ ਹੈ ਕਿ ਅਜਿਹਾ ਸਭ ਕੁਝ ਕਰਨ ਪਿੱਛੇ ਕਾਰਨ ਕੀ ਹਨ? ਔਰਤਾ ਚਾਹੁੰਦੀਆਂ ਕੀ ਹਨ? ਇਹ ਬਾਬੇ ਕਿਹੜੇ ਕੌਤਕ ਕਰਦੇ ਹਨ ਜਿਨ੍ਹਾਂ ਕਰਕੇ ਇਹ ਮਗਰ ਲੱਗ ਤੁਰਦੀਆਂ ਹਨ। ਧਾਗੇ, ਟੂਣੇ ਤੇ ਤਵੀਤਾਂ ਦੀ ਸਹਾਇਤਾ ਨਾਲ ਆਪਣੇ ਪਤੀ ਤੇ ਪਰਿਵਾਰ ਨਾਲ ਅਣਸੁਖਾਵੇਂ ਸੰਬੰਧਾਂ ਨੂੰ ਸੁਖਾਵੇਂ ਬਣਾਉਣਾ ਚਾਹੁੰਦੀਆਂ ਹਨ। ਕਈ ਤਰ੍ਹਾਂ ਦੇ ਖੇਹ-ਸੁਆਹ ਘੋਲ-ਘੋਲ ਕੇ ਪਤੀਆਂ ਨੂੰ ਪਿਆਉਂਦੀਆਂ ਹਨ, ਤਾਂ ਜੋ ਉਹ ਵੱਸ ਵਿਚ ਹੋ ਸਕਣ। ਸਾਧੂਆਂ ਕੋਲੋਂ ਔਲਾਦ ਦਾ ਸੁੱਖ ਮੰਗਦੀਆਂ ਹਨ। ਬੁਢੇਪੇ ਵਿਚ ਸੇਵਾ ਤੇ ਜਾਇਦਾਦ ਦੀ ਪ੍ਰਾਪਤੀ ਚਾਹੁੰਦੀਆਂ ਹਨ। ਇਹਨਾਂ ਸਭ ਦੀ ਸਭ ਤੋਂ ਵੱਡੀ ਲੋੜ ਹੈ ਔਲਾਦ ਦੀ ਪ੍ਰਾਪਤੀ ਤੇ ਕੁੜੀ ਨਾਲੋਂ ਮੁੰਡੇ ਦੀ ਪ੍ਰਾਪਤੀ ਹੋਰ ਵੀ ਵੱਡੀ ਰੀਝ ਹੈ ਵਧੇਰੇ ਸਾਧੂ ਤਾਂ ਇਨਸਾਨ ਵੀ ਨਹੀਂ ਹੁੰਦੇ। ਅੱਧੇ ਇਨਸਾਨ ਤੇ ਅੱਧੇ ਹੈਵਾਨ ਤੇ ਕੁਝ ਸਿਰਫ਼ ਹੈਵਾਨ ਹੀ। ਨੰਗੇ ਪਿੰਡੇ ਰਹਿਣ ਨਾਲ, ਗੰਦੇ ਕੱਪੜੇ ਜਾਂ ਗੇਰੂਏ ਕੱਪੜੇ ਪਾਉਣ ਨਾਲ ਭੇਖੀ ਸਾਧੂ ਤਾਂ ਬਣਿਆ ਜਾ ਸਕਦਾ ਹੈ। ਇਹ ਭੇਖੀ ਤਾਂ ਸਿਰਫ਼ ਗੁਮਰਾਹ ਕਰ ਸਕਦੇ ਹਨ। ਆਪਣੀਆਂ ਕਥਿਤ ਕਰਾਮਾਤਾਂ ਨਾਲ ਔਰਤਾਂ ਨੂੰ ਡੂੰਘੇ ਖੂਹਾਂ ਦੇ ਹਨੇਰਿਆਂ ਵਿਚ ਸੁੱਟ ਸਕਦੇ ਹਨ। ਜ਼ਬਰੀ ਬਲਾਤਕਾਰ ਕਰਕੇ ਔਰਤ ਦੀ ਜ਼ਿੰਦਗੀ ਨਰਕ ਬਣਾ ਸਕਦੇ ਹਨ। ਜੇ ਮਹੰਤ ਆਪ ਇਹਨਾਂ ਕੰਮਾਂ ਤੋਂ ਦੂਰ ਹੋਣ ਤਾਂ ਉਹਨਾਂ ਦੇ ਸੇਵਕ ਬਥੇਰੇ ਸਮਰੱਥ ਹੁੰਦੇ ਹਨ। ਜੇ ਮਾੜੇ ਕੰਮਾਂ ਦਾ ਰੌਲਾ ਪੈ ਜਾਵੇ ਤਾਂ ਡੇਰੇ ਕਲੰਕਤ, ਜੇ ਨਾ ਪਵੇ ਤਾਂ ਬਾਬਿਆਂ ਦੀ ਮਿਹਰ ਨਾਲ ਪੈਦਾ ਹੋਈ ਔਲਾਦ ਨਾਲ ਡੇਰਿਆਂ ਦੀ ਪ੍ਰਸੰਸਾ ਬਹੁਤਾ ਚਿਰ ਨਹੀਂ ਚਲਦੀ। ਸੱਚ ਕਦੇ ਨਾ ਕਦੇ ਸਾਹਮਣੇ ਆ ਜਾਂਦਾ ਹੈ। ਪੂਜਣ ਵਾਲੇ ਤੇ ਪੂਜਾਉਣ ਵਾਲੇ ਦੋਵੇਂ ਬਦਨਾਮ ਹੁੰਦੇ ਹਨ। ਅਜਿਹੇ ਸਾਧੂਆਂ ਨੂੰ ਸਾਧੂ ਨਹੀਂ ਸ਼ੈਤਾਨ ਕਹਿਣਾ ਵਧੇਰੇ ਉਚਿੱਤ ਲੱਗਦਾ ਹੈ।
ਅੱਜ ਦੀ ਦੁਨੀਆਂ ਜ਼ਿੰਦਗੀ ਦੇ ਚਾਨਣੇ ਪੱਖ ਵੱਲ ਤੇਜ਼ੀ ਨਾਲ ਦੌੜ ਰਹੀ ਹੈ। ਉੱਨਤੀ ਦੀਆਂ ਵੱਡੀਆਂ ਮੰਜ਼ਲਾਂ ਤਹਿ ਹੋ ਰਹੀਆਂ ਹਨ। ਸਾਰਾ ਕੁਝ ਆਸਾਨੀ ਨਾਲ ਨਹੀਂ ਹੋ ਰਿਹਾ। ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੁਸ਼ਕਿਲਾਂ ਨਾਲ ਮੁਕਾਬਲਾ ਜਾਰੀ ਹੈ। ਔਰਤ ਵੀ ਯਤਨਸ਼ੀਲ ਹੈ। ਆਪਾ ਪਛਾਣ ਰਹੀ ਹੈ। ਅੱਗੇ ਵਧ ਰਹੀ ਹੈ। ਪੜ੍ਹ-ਲਿਖ ਕ ਆਪਣੇ ਮਨ ਦੀਆਂ ਹਨੇਰੀਆਂ ਨੁੱਕਰਾਂ ਰੁਸ਼ਨਾ ਰਹੀ ਹੈ, ਪਰ ਕਿਤੇ-ਕਿਤੇ ਇਸਦੇ ਪੈਰ ਡੋਲ ਜਾਂਦੇ ਹਨ। ਘਾਟ ਵਿੱਦਿਆ ਦੀ ਹੈ, ਘਾਟ ਪੱਕੇ ਇਰਾਦੇ ਦੀ ਹੈ, ਘਾਟ ਚੇਤੰਨਤਾ ਦੀ ਹੈ, ਘਾਟ ਸਮਾਜ ਵੱਲੋਂ ਯੋਗ ਸਥਾਨ ਮਿਲਣ ਦੀ ਹੈ। ਜੇ ਸਮਾਜ ਔਰਤ ਦੀ ਪਛਾਣ ਕਰੇ, ਔਲਾਦ ਨਾ ਹੋਣ ਦੀ ਸੂਰਤ ਵਿਚ ਔਰਤ ਨੂੰ ਜ਼ਿੰਮੇਵਾਰ ਨਾ ਠਹਿਰਾਵੇ, ਵਿੱਦਿਆ ਪ੍ਰਾਪਤੀ ਦੇ ਮੌਕੇ ਦੇਵੇ, ਅਗਿਆਨਤਾ ਦੇ ਹਨੇਰੇ ਵਿਚੋਂ ਕੱਢਣ ਦਾ ਯਤਨ ਹੋਵੇ ਤਾਂ ਔਰਤਾਂ ਕੁਰਾਹੇ ਪੈਣੋਂ ਬਚ ਸਕਦੀਆਂ ਹਨ। ਸਭ ਤੋਂ ਵੱਡੀ ਲੋੜ ਹੈ ਔਰਤ ਖੁਦ ਸੁਚੇਤ ਹੋਵੇ। ਜੇ ਘਰ ਦਾ ਮਾਹੌਲ ਸੁਖਾਵਾਂ ਹੋਵੇ ਤਾਂ ਘਰ ਸੰਤਾਂ ਦੇ ਡੇਰਿਆਂ ਤੋਂ ਵੀ ਵਧੀਆ ਸਾਬਤ ਹੋ ਸਕਦੇ ਹਨ।
ਵਿਹਲੜ, ਝੂਠੇ ਤੇ ਪਾਖੰਡੀ ਸਾਧੂਆਂ ਤੋਂ ਬਚਣ ਲਈ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ `ਤੇ ਚੱਲਣਾ ਜ਼ਰੂਰੀ ਹੈ:
ਗੁਰ ਪੀਰੁ ਸਦਾਏ ਮੰਗਣ ਜਾਇ।।
ਤਾ ਕੈ ਮੂਲਿ ਨ ਲਗੀਐ ਪਾਇ।।
ਘਾਲਿ ਖਾਇ ਕਿਛੁ ਹਥਹੁ ਦੇਇ।।
ਨਾਨਕ ਰਾਹੁ ਪਛਾਣਹਿ ਸੇਇ।। (ਪੰਨਾ 1245)

ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੇ, ਧੀਆਂ-ਭੈਣਾਂ ਉਧਾਲਣ ਵਾਲੇ, ਜਾਇਦਾਦ ਬਣਾਉਣ ਵਾਲੇ, ਬੈਂਕਾਂ ਭਰਨ ਵਾਲੇ, ਆਪਣੇ ਭਾਈ ਭਤੀਜਿਆਂ ਦੇ ਮਹੱਲ ਉਸਾਰਨ ਵਾਲੇ ਪਾਖੰਡੀ ਸਾਧੂਆਂ ਤੇ ਕੌਤਕੀ ਬਾਬਿਆਂ ਤੋਂ ਬਚਣਾ ਸਮੇਂ ਵੀ ਵੱਡੀ ਲੋੜ ਹੈ। ਲੋੜਵੰਦ ਦੀ ਸੇਵਾ ਉੱਤਮ ਸੇਵਾ ਹੈ।
(ਸਿੱਖ ਫੁਲਵਾੜੀ `ਚੋਂ ਧੰਨਵਾਦ ਸਹਿਤ)
ਜਦੋਂ ਲੈਚੀਆਂ ਕੰਮ ਆਈਆਂ
ਚੋਣਾਂ ਦੇ ਦਿਨਾਂ ਵਿਚ ਪੂਰੇ ਭਾਰਤ ਵਿਚ ਬਾਬਿਆਂ, ਆਪੂ ਬਣੇ ਮਹਾਰਾਜ, ਸਿਆਣਿਆਂ ਤੇ ਵੱਡੇ-ਵੱਡੇ ਜੋਤਸ਼ੀਆਂ ਦੀ ਪੂਰੀ ਚੜ੍ਹਾਈ ਹੁੰਦੀ ਹੈ ਕਿਉਂਕਿ ਭਵਿੱਖ ਦਾ ਹਰ ਨੇਤਾ, ਇਨ੍ਹਾਂ ਦੇ ਚਰਨੀਂ ਲੱਗ ਕੇ ਗੰਗਾ ਨਹਾਉਣਾ ਚਾਹੁੰਦਾ ਹੈ। ਵੋਟਾਂ ਨੂੰ ਇਹ ਪੂਰਾ ਵਿਸ਼ਵਾਸ ਹੁੰਦਾ ਹੈ ਕਿ ਉਹ ਇਨ੍ਹਾਂ ਬਾਬਿਆਂ ਦੇ ਆਸ਼ੀਰਵਾਦ ਨਾਲ ਚੋਣ ਜਿੱਤਣ ਵਾਲਾ ਮੋਰਚਾ ਬੜੀ ਆਸਾਨੀ ਨਾਲ ਫਤਹਿ ਕਰ ਸਕਦੇ ਹਨ। ਕਈ ਉਮੀਦਵਾਰ ਨਾ ਚਾਹੁੰਦੇ ਹੋਏ ਵੀ ਇਨ੍ਹਾਂ ਦੇ ਡੇਰਿਆਂ `ਤੇ ਕੂਚ ਕਰਦੇ ਹਨ ਤਾਂ ਕਿ ਵੋਟਾਂ ਸਮੇਂ ਕਿਸੇ ਕਿਸਮ ਦਾ ‘ਰਿਸਕ’ ਨਾ ਲਿਆ ਜਾ ਸਕੇ। ਇਨ੍ਹਾਂ ਦਿਨਾਂ ਵਿਚ ਹੀ ਲੀਡਰਾਂ ਵੱਲੋਂ ਵੱਡੇ-ਵੱਡੇ ਚੜ੍ਹਾਵੇ ਵੀ ਭੇਟ ਹੋਣ ਲੱਗ ਪੈਂਦੇ ਹਨ ਤਾਂ ਕਿ ਬਾਬਿਆਂ ਦੀ ‘ਸਵੱਲੀ ਨਜ਼ਰ’ ਉਨ੍ਹਾਂ ਉਪਰ ਟਿਕੀ ਰਹੇ।
ਮੈਂਬਰ ਪੰਚਾਇਤ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਚੋਣ ਲੜਨ ਵਾਲੇ ਉਮੀਦਵਾਰ ਇਨ੍ਹਾਂ ਬਾਬਿਆਂ ਦੇ ਡੇਰਿਆਂ, ਆਸ਼ਰਮਾਂ ਜਾਂ ਕੁਟੀਆ ਵਿਚ ਜਾਂਦੇ ਆਮ ਹੀ ਦੇਖੇ ਜਾ ਸਕਦੇ ਹਨ। ਬਾਬਿਆਂ ਦੀ ਵੀ ਇਹ ਮਨੋਕਾਮਨਾ ਹੁੰਦੀ ਹੈ ਕਿ ਲੀਡਰ ਨੁਮਾ ਵਿਅਕਤੀ, ਵੱਧ ਤੋਂ ਵੱਧ ਉਨ੍ਹਾਂ ਕੋਲ ਆਉਣ ਤਾਂ ਕਿ ਆਮ ਲੋਕਾਂ ਵਿਚ ਭਰਮ ਬਣਿਆ ਰਹੇ ਕਿ ਬਾਬਾ ਜੀ ਤਾਂ ਵਾਕਿਆ ਹੀ ‘ਕਰਨੀ’ ਵਾਲੇ ਹਨ, ਜਿਸ ਦੇ ਸਿਰ `ਤੇ ਹੱਥ ਧਰ ਦੇਂਦੇ ਹਨ ਉਸਦੇ ਤਾਂ ਵਾਰੇ-ਨਿਆਰੇ ਹੋ ਜਾਂਦੇ ਹਨ। ਨਤੀਜਾ ਆਉਣ ਤੇ ਭਾਵੇਂ ਬਾਜ਼ੀ ਪੁੱਠੀ ਹੀ ਕਿਉਂ ਨਾ ਪੈ ਜਾਵੇ ਪਰ ਫੇਰ ਵੀ ਹਾਰਿਆ ਵਿਅਕਤੀ ਬਾਬਾ ਜੀ ਨੂੰ ਕੁਝ ਕਹਿਣ ਦੀ ਬਜਾਇ ਆਪਣੇ ਕਰਮਾਂ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ।
ਅਸੀਂ ਅਖ਼ਬਾਰਾਂ ਵਿਚ ਅਜਿਹੀਆਂ ਫੋਟੋਆਂ ਵੀ ਆਮ ਹੀ ਦੇਖਦੇ ਹਾਂ ਜਦੋਂ ਕੋਈ ਉੱਚੇ ਕੱਦ-ਕਾਠ ਵਾਲਾ ਲੀਡਰ, ਇਨ੍ਹਾਂ ਬਾਬਿਆਂ, ਸੁਆਮੀਆਂ ਦੇ ਪੈਰ ਧੋ-ਧੋ ਕੇ ਪਾਣੀ ਪੀ ਰਿਹਾ ਹੁੰਦਾ ਹੈ। ਅਜਿਹਾ ਲੀਡਰ ਜੇ ਕਿਤੇ ਚੋਣ ਜਿੱਤ ਜਾਵੇ ਤਾਂ ਸਾਰਾ ਸਿਹਰਾ ਬਾਬਾ ਜੀ ਦੇ ਸਿਰ `ਤੇ ਬੰਨ੍ਹ ਦਿੱਤਾ ਜਾਂਦਾ ਹੈ। ਏਨੇ ਨਾਲ ਹੀ ਬਾਬਾ ਜੀ ਦੀ ‘ਧੰਨ-ਧੰਨ’ ਹੋ ਜਾਂਦੀ ਹੈ। ਪੂਰੇ ਪੰਜ ਸਾਲ ਜਾਂ ਜਿੰਨੀ ਦੇਰ ਉਹ ਰਾਜ ਭਾਗ ਦਾ ਸੁੱਖ ਮਾਣਦਾ ਹੈ, ਓਨੀ ਦੇਰ ਬਾਬਾ ਜੀ ਉਸ ਰਾਹੀਂ ਆਪਣਾ ਉੱਲੂ ਸਿੱਧਾ ਕਰਦੇ ਰਹਿੰਦੇ ਹਨ। ਅਜਿਹਾ ਵਿਅਕਤੀ ਭਾਵੇਂ ਆਮ ਲੋਕਾਂ ਦੀ ਗੱਲ ਨੂੰ ਤਰਜੀਹ ਦੇਵੇ ਜਾਂ ਨਾ ਦੇਵੇ ਪਰ ਬਾਬਿਆਂ ਦੇ ਹੁਕਮ ਨੂੰ ‘ਇਲਾਹੀ ਹੁਕਮ’ ਮੰਨ ਕੇ ਪੂਰਾ ਕਰਨ ਦਾ ਯਤਨ ਜ਼ਰੂਰ ਕਰਦਾ ਹੈ ਤਾਂ ਕਿ ਅਗਲੀਆਂ ਚੋਣਾਂ ਵਿਚ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ।
ਇਕ ਗੱਲ ਤੁਹਾਨੂੰ ਜ਼ਰੂਰ ਮੰਨਣੀ ਪਵੇਗੀ ਕਿ ਇਹ ਬਾਬੇ ਕੋਈ ਆਮ ਜਿਹੇ ਸਿੱਧੇ-ਸਾਦੇ ਬਾਬੇ ਨਹੀਂ ਹੁੰਦੇ ਬਲਕਿ ਪੂਰੇ ਮਨੋਵਿਗਿਆਨੀ ਹੁੰਦੇ ਹਨ। ਬੰਦੇ ਦੇਖ ਕੇ ਹੀ ਪਛਾਣ ਜਾਂਦੇ ਹਨ ਕਿ ਕਿੰਨੇ ਕੁ ਪਾਣੀ ਵਿਚ ਹੈ। ਇਸੇ ਤਰ੍ਹਾਂ ਉਮੀਦਵਾਰਾਂ ਦਾ ਵੀ ਆਪਣੇ ਭਰੋਸੇਯੋਗ ਵਸੀਲਿਆਂ ਰਾਹੀਂ ਪਤਾ ਲੈ ਲੈਂਦੇ ਹਨ ਕਿ ਜਿੱਤਣ ਦੇ ਮੌਕੇ ਕਿਸ ਉਮੀਦਵਾਰ ਦੇ ਜ਼ਿਆਦਾ ਹਨ। ਜੇ ਕੋਈ ਮਾੜਚੂ ਜਿਹਾ ਉਮੀਦਵਾਰ ਇਨ੍ਹਾਂ ਦੀ ਸ਼ਰਨ `ਚ ਆਉਂਦਾ ਹੈ ਤਾਂ ਕਹਿਣਗੇ ਪ੍ਰਮਾਤਮਾ ਜੋ ਕੁਝ ਕਰਦਾ ਹੈ ਸਭ ਅੱਛਾ ਹੀ ਕਰਦਾ ਹੈ। ਕੋਈ ਨਾ ਹਿੰਮਤ ਰੱਖੋ ਬੰਦਾ ਡਿੱਗ-ਡਿੱਗ ਕੇ ਹੀ ਸਵਾਰ ਬਣਦਾ ਹੈ। ਇਸੇ ਤਰ੍ਹਾਂ ਤਕੜੇ ਉਮੀਦਵਾਰ ਨੂੰ ਕਹਿਣਗੇ ‘ਬਾਬੇ ਦੀ ਫੁੱਲ ਕਿਰਪਾ’। ਜਿੱਤ ਕੇ ਆਪਣਾ ਮੂੰਹ ਦਿਖਾਉਂਦਾ ਰਹੀ ਪਰ ਜਿਥੇ ਮੁਕਾਬਲਾ ਬਹੁਤ ਹੀ ਫਸਵਾਂ ਹੁੰਦਾ ਹੈ ਉਥੇ ਕਈ ਵਾਰ ਬਾਬੇ ਵੀ ਕੁੜਿੱਕੀ ਵਿਚ ਫਸ ਜਾਂਦੇ ਹਨ।
ਹਾਲ ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾ ਵਿਚ ਪੰਜਾਬ ਦੀ ਇਕ ਸੀਟ `ਤੇ ਬਾਬਾ ਖੁਦ ਚੱਕਰਾਂ ਵਿਚ ਪੈ ਗਿਆ ਕਿ ਕਿਹੜਾ ਪਾਸਾ ਭਾਰਾ ਹੈ। ਉਸ ਨੇ ਆਪਣੇ ਕਾਫ਼ੀ ਬੰਦੇ ਭੇਜੇ ਕਿ ਦੇਖ ਕੇ ਆਓ ਜਾਂ ਸੂਹ ਲੈ ਕੇ ਆਓ ਕਿ ਆਮ ਲੋਕਾਂ ਦਾ ਰੁਖ਼ ਕਿਹੜੇ ਪਾਸੇ ਹੈ। ਜਿੰਨੇ ਬੰਦੇ ਭੇਜੇ, ਇਕ ਆ ਕੇ ਕਹਿ ਦਿਆ ਕਰੇ ਕਿ ‘ਕਾਂਗਰਸ’ ਦਾ ਪਲੜਾ ਭਾਰੂ ਹੈ ਜਦੋਂ ਕਿ ਦੂਸਰਾ ਆ ਕੇ ਕਹਿ ਦੇਵੇ ਕਿ ਨਹੀਂ ਬਾਬਾ ਜੀ ‘ਕਾਲੀਆਂ’ ਦਾ ਬੰਦਾ ਜਿੱਤੇਗਾ। ਬਾਬਾ ਜੀ ਆਖ਼ਰ ਇਸ ਨਤੀਜੇ `ਤੇ ਪੁੱਜੇ ਕਿ ਜਿਹੜਾ ਵੀ ਉਮੀਦਵਾਰ ਜਿੱਤਿਆ ਉਸ ਦਾ ਅੰਤਰ ਸਿਰਫ਼ ਦੋ ਚਾਰ ਸੌ ਵੋਟਾਂ ਦਾ ਹੀ ਹੋਵੇਗਾ। ਬਾਬਾ ਜੀ ਬੜੀ ਕਸੂਤੀ ਸਥਿਤੀ ਵਿਚ ਫਸੇ ਕਿ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਹਰੀ ਝੰਡੀ ਦਿੱਤੀ ਜਾਵੇ। ਜਦੋਂ ਕਿ ਦੋਵੇਂ ਹੀ ਪਾਰਟੀਆਂ ਦੇ ਉਮੀਦਵਾਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਤਰਲੋ-ਮੱਛੀ ਹੋ ਰਹੇ ਸਨ।
ਕੁਝ ਦੇਰ ਬਾਅਦ ਬਾਬਾ ਜੀ ਦੇ ਦਿਮਾਗ ਵਿਚ ਇਕ ਬੜਾ ਹੀ ਖ਼ਰਾ ਵਿਚਾਰ ਆਇਆ। ਉਨ੍ਹਾਂ ਨੇ ਆਪਣੇ ਖਾਸ ਭਗਤ ਰਾਹੀਂ ਕਾਂਗਰਸ ਦੇ ਉਮੀਦਵਾਰ ਨੂੰ ਸੁਨੇਹਾ ਭੇਜਿਆ ਕਿ ਉਹ ਕੱਲ੍ਹ ਸਵੇਰੇ 4 ਵੱਜ ਕੇ 4 ਮਿੰਟ `ਤੇ ਆਪਣੇ ਅੰਗ-ਰੱਖਿਅਕਾਂ ਤੋਂ ਬਗੈਰ ਮਿਲੇ। ਉਮੀਦਵਾਰ ਵਿਚਾਰਾ ਸਾਰੀ ਰਾਤ ਚੰਗੀ ਤਰ੍ਹਾਂ ਸੋਂ ਨਹੀਂ ਸਕਿਆ, ਖੌਰੇ ਸਵੇਰੇ ਅੱਖ ਹੀ ਨਾ ਖੁੱਲ੍ਹੇ ਇਹ ਸੋਚ ਕੇ। ਖ਼ੈਰ ਮਿੱਥੇ ਸਮੇਂ `ਤੇ ਜਦੋਂ ਉਹ ਬਾਬੇ ਦੀ ਕੁਟੀਆ ਵਿਚ ਪੁੱਜਿਆ ਤਾਂ ਬੜੀ ਹੀ ਸ਼ਰਧਾ ਦੇ ਨਾਲ ਅਰਦਾਸ ਕਰਕੇ ਉਸ ਨੂੰ 20-25 ਲੈਚੀਆਂ ਦਾ ਪ੍ਰਸ਼ਾਦ ਦਿੱਤਾ ਗਿਆ ਜਿਹੜਾ ਕਿ ਛਿਲਕਿਆਂ ਸਮੇਤ ਖਾਣਾ ਸੀ। ਦੱਸਣ ਵਾਲੇ ਨੇ ਮੈਨੂੰ ਦੱਸਿਆ ਕਿ ਉਮੀਦਵਾਰ ਇਸ ਆਸ ਨਾਲ ਸਾਰੀਆਂ ਲਾਚੀਆਂ ਛਿਲਕੇ ਸਮੇਤ ਖਾ ਗਿਆ ਤਾਂ ਕਿ ਜਿੱਤ ਵਿਚ ਕੋਈ ਕਸਰ ਬਾਕੀ ਨਾ ਰਹੇ। ਇਸ ਉਮੀਦਵਾਰ ਨੂੰ ਕਿਹਾ ਗਿਆ ਕਿ ਵੈਸੇ ਤਾਂ ਜਿੱਤਣ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਪਰ ਫੇਰ ਵੀ ਜੇ ਕੋਈ ਮਾੜੀ ਮੋਟੀ ਕਸਰ ਰਹਿ ਗਈ ਤਾਂ ਅਗਲੀਆਂ ਚੋਣਾਂ ਵਿਚ ਪੂਰੀ ਹੋ ਜਾਵੇਗੀ। ਨਾਲ ਹੀ ਉਸ ਨੂੰ ਪਿਆਰ ਨਾਲ ਸਮਝਾਇਆ ਗਿਆ ਕਿ ਤੁਹਾਡੇ ਇਥੇ ਆਉਣ ਦੀ ਭਿਣਕ ਕਿਸੇ ਨੂੰ ਨਹੀਂ ਪੈਣੀ ਚਾਹੀਦੀ।
ਬਿਲਕੁਲ ਅਜਿਹਾ ਹੀ ਵਾਕਿਆ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨਾਲ ਵਾਪਰਿਆ। ਸਾਰਾ ਕੁਝ ਉਂਜ ਹੀ ਵਾਪਰਿਆ ਪਰ ਲੈਚੀਆਂ ਦੀ ਥਾਂ ਉਸ ਨੂੰ ਦਰਜਨ ਕੇਲੇ ਖਵਾਏ ਗਏ। ਉਸ ਨੂੰ ਕਿਹਾ ਗਿਆ ਕਿ ਜੇ ਕੋਈ ਮਾੜੀ ਮੋਟੀ ਕਸਰ ਰਹਿ ਗਈ ਤਾਂ ਅਗਲੀ ਚੋਣ ਵਿਚ ਜ਼ਰੂਰ ਪੂਰੀ ਹੋਵੇਗੀ। ਉਸ ਨੇ ਵੀ ਬਾਬਾ ਜੀ ਦੇ ਪੈਰ ਛੂਹੇ ਸ਼ਾਇਦ ‘ਸੀਟ’ ਨੂੰ ਹੱਥ ਪੈ ਹੀ ਜਾਵੇ।
ਪੂਰੇ ਮਹੀਨੇ ਬਾਅਦ ਜਦੋਂ ਨਤੀਜਾ ਆਇਆ ਤਾਂ ਲੈਚੀਆਂ ਵਾਲਾ ਉਮੀਦਵਾਰ ਕੁਝ ਸੌ ਵੋਟਾਂ ਨਹੀਂ ਬਲਕਿ ਕੁਝ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਬਾਜ਼ੀ ਮਾਰ ਗਿਆ। ਨਤੀਜਾ ਐਲਾਨਣ ਤੋਂ ਬਾਅਦ ਉਹ ਆਪਣੇ ਸਮਰਥਕਾਂ ਸਮੇਤ ਕਾਫ਼ਲੇ ਦੇ ਰੂਪ ਵਿਚ ਸਭ ਤੋਂ ਪਹਿਲਾਂ ਬਾਬੇ ਦੀ ਕੁਟੀਆਂ ਪਹੁੰਚਿਆ ਤੇ ਬਾਬਾ ਜੀ ਦੇ ਪੈਰ ਫੜ ਕੇ ਕਹਿਣ ਲੱਗਿਆ ਜੇ ਤੁਸਾਂ ਮੈਨੂੰ ਲਾਚੀਆਂ ਵਾਲਾ ਪ੍ਰਸ਼ਾਦ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਮੇਰੀ ਏਡੀ ਸ਼ਾਨਦਾਰ ਜਿੱਤ ਨਾ ਹੁੰਦੀ। ਜਿਹੜੀ ਅੱਜ ਮੇਰੀ ਜੈ ਜੈ ਕਾਰ ਹੋ ਰਹੀ ਹੈ, ਉਸਦਾ ਸਿਹਰਾ ਤੁਹਾਨੂੰ ਤੇ ਤੁਹਾਡੇ ਭਗਤਾਂ ਨੂੰ ਜਾਂਦਾ ਹੈ। ਬਾਬਾ ਜੀ ਨੇ ਉਸ ਨੂੰ ਘੁੱਟ ਕੇ ਜੱਫ਼ੀ ਪਾਉਂਦੇ ਹੋਏ ਕਿਹਾ ਕਿ ਸਾਨੂੰ ਤਾਂ ਉਸੇ ਦਿਨ ਹੀ ਪਤਾ ਚੱਲ ਗਿਆ ਸੀ ਕਿ ਇਸ ਵਾਰ ਪਾਰਲੀਮੈਂਟ ਦਾ ਮੂੰਹ ‘ਤੂੰ’ ਹੀ ਦੇਖਣਾ ਹੈ। ਤੂੰ ਤਾਂ ਐਵੇਂ ਹੀ ਫ਼ਿਕਰ ਕਰਦਾ ਰਿਹਾ। ਤੇਰਾ ਮੱਥਾ ਤਾਂ ਉਦੋਂ ਹੀ ਚਮਕਾ ਮਾਰਦਾ ਸੀ।
ਅਗਲੇ ਦਿਨ ਵਿਚ ਇਹ ਗੱਲ ਸਾਰੇ ਇਲਾਕੇ ਵਿਚ ਧੁੰਮ ਗਈ ਕਿ ਬਾਬੇ ਦੀਆਂ ਲਾਚੀਆਂ ਨੇ ਹੀ ਉਸ ਦੀ ਜਿੱਤ ਦਾ ਰਾਹ ਪੱਧਰਾ ਕੀਤਾ। ਲੋਕਾਂ ਦੀ ਸ਼ਰਧਾ ਹੋਰ ਵੀ ਵੱਧ ਗਈ ਜਦੋਂ ਉਨ੍ਹਾਂ ਨੇ ਲੈਚੀਆਂ ਵਾਲੀ ਕਹਾਣੀ ਸੁਣੀ। ਹੁਣ ਲੋਕਾਂ ਦੀਆਂ ਭੀੜਾਂ ਬਾਬਾ ਜੀ ਦੇ ਡੇਰੇ ਵੱਲ ਨੂੰ ਹੋਰ ਵੀ ਵੱਧ ਗਈਆਂ।
ਪਰ ‘ਕੇਲਿਆਂ ਵਾਲੀ ਕਹਾਣੀ’ ਲੈਚੀਆਂ ਦੇ ਸ਼ੋਰ ਵਿਚ ਕਿਤੇ ਗੁਆਚ ਕੇ ਰਹਿ ਗਈ। ਲੋਕਾਂ ਕੋਲ ਸੋਚਣ ਦਾ ਸਮਾਂ ਹੀ ਨਹੀਂ ਕਿ ਜੇ ਦੋ ਚਾਰ ਰੁਪਏ ਦੀਆਂ ਲਾਚੀਆਂ ਖਾ ਕੇ ਚੋਣ ਜਿੱਤੀ ਜਾ ਸਕਦੀ ਹੈ ਤਾਂ ਫੇਰ ਇਨ੍ਹਾਂ ਚੋਣਾਂ `ਤੇ ਲੱਖਾਂ ਕਰੋੜਾਂ ਰੁਪਏ ਕਿਉਂ ਬਰਬਾਦ ਕੀਤੇ ਜਾ ਰਹੇ ਹਨ? ਜੇ ਲੋਕਾਂ ਕੋਲ ਸੋਚਣ ਦਾ ‘ਟੈਮ’ ਨਹੀਂ ਤਾਂ ਲੀਡਰਾਂ ਨੂੰ ਜ਼ਰੂਰ ਇਸ ਪਾਸੇ ਵੱਲ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਜਿਹੇ ਡੇਰਿਆਂ ਵੱਲ ਕੂਚ ਕਰਨਾ ਹੈ ਜਾਂ ਨਹੀਂ।
ਸ: ਕਮਲੇਸ਼ ਸਿੰਘ
ਧੰਨਵਾਦ ਸਾਹਿਬ, ਰੋਜ਼ਾਨਾ ਅਜੀਤ
.