.

❁ ਅਜੂਨੀ ਸੈਭੰ ❁
(ਕਿਸ਼ਤ ਨੰ: 05)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਅੰਸ਼ ਵਿੱਚੋਂ ਅੰਸ਼ੀ ਦੇ ਗੁਣ ਪਰਗਟ ਹੋਣੇ ਇੱਕ ਕੁਦਰਤੀ ਸੱਚ ਹੈ। ਪਾਣੀ ਦੀਆਂ ਬੂੰਦਾਂ ਵਿਚੋਂ ਸਮੁੰਦਰ ਦੇ, ਅੱਗ ਦੇ ਚੰਗਿਆੜਿਆਂ ਵਿਚੋਂ ਸੂਰਜ ਦੇ ਅਤੇ ਧੂੜ ਦੇ ਕਣਾਂ ਵਿਚੋਂ ਧਰਤੀ ਦੇ ਗੁਣ ਪਾਏ ਜਾਣੇ ਕੋਈ ਹੈਰਾਨੀਜਨਕ ਗੱਲ ਨਹੀ, ਸਗੋਂ ਸੁਭਾਵਿਕ ਹੈ। ਜਿਸ ਪ੍ਰਕਾਰ ਕੋਈ ਪੌਦਾ ਤਦੋਂ ਹੀ ਸਫਲ ਮੰਨਿਆ ਜਾਂਦਾ ਹੈ, ਜਦੋਂ ਉਸ ਦੇ ਫਲਾਂ ਵਿਚੋਂ ਓਹੀ ਬੀਜ ਤੇ ਗੁਣ ਪਰਗਟ ਹੋਣ, ਜੋ ਉਸ ਦਾ ਮੂਲ ਸਨ। ਤਿਵੇਂ ਹੀ ਮਨੁੱਖਾ ਜੀਵਨ, ਤਦੋਂ ਹੀ ਸਫਲ ਗਿਣਿਆ ਜਾ ਸਕਦਾ ਹੈ, ਜਦੋਂ ਸਾਡੇ ਜੀਵਨ ਵਿਹਾਰ ਵਿਚੋਂ ਜੀਵਨ-ਮੂਲ ਪ੍ਰਭੂ ਦੇ ਦੈਵੀ ਗੁਣਾਂ ਦੇ ਝਲਕਾਰੇ ਵਜਣ। ਗੁਰਬਾਣੀ ਵਿੱਚ ਗੁਰੂ ਦੀ ਸੰਗਤ ਕਰਨ ਦਾ ਫਲ, ਜਿਥੇ ਇਹ ਮੰਨਿਆ ਗਿਆ ਕਿ ਹਰਿ-ਨਾਮੁ ਦੀ ਪਿਆਸ ਰਖਣ ਵਾਲੇ ਸ਼ਰਧਾਲੂ ਸਤਿਸੰਗੀਆਂ ਦੇ ਜੀਵਨ ਵਿੱਚੋਂ ਰੱਬੀ-ਗੁਣਾਂ ਦਾ ਪ੍ਰਗਾਸ ਹੋਣ ਲਗਦਾ ਹੈ। ਉਥੇ, ਇਹ ਵੀ ਪ੍ਰਵਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਸਰਬ-ਵਿਆਪੀ ਜੋਤਿ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ। ਉਹ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ ਅਤੇ ਇਸ ਇੱਕਮਿਕਤਾ ਦੀ ਨਿਸ਼ਾਨੀ, ਉਨ੍ਹਾਂ ਦੇ ਜੀਵਨ ਵਿਚੋਂ ਰੱਬੀ-ਗੁਣਾਂ ਦਾ ਉੱਘੜਣਾ ਹੈ:

ਹਰਿ ਜਨ ਕੇ ਵਡ ਭਾਗ ਵਡੇਰੇ, ਜਿਨ ਹਰਿ ਹਰਿ ਸਰਧਾ ਹਰਿ ਪਿਆਸ।।

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ, ਮਿਲਿ ਸੰਗਤਿ ਗੁਣ ਪਰਗਾਸਿ।। {ਗੁ. ਗ੍ਰੰ. ਪੰ. ੧੦}

ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ।।

ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ।। {ਗੁ. ਗ੍ਰੰ. ਪੰ. ੨੦}

ਗੁਰੂ ਸਾਹਿਬਾਨ ਦਾ ਜੀਵਨ ਇਸ ਹਕੀਕਤ ਦਾ ਪ੍ਰਤੱਖ ਪ੍ਰਮਾਣ ਹੈ। ਇਸ ਕਰਕੇ ਹੀ ਗੁਰੂ-ਵਰੁਸਾਏ ਭੱਟ-ਜਨਾਂ ਨੇ ਸਤਿਗੁਰਾਂ ਨੂੰ ‘ਪ੍ਰਮਾਣ-ਪੁਰਖੁ’ ਤੇ ‘ਪਰਤੱਖ-ਹਰਿ’ ਤੱਕ ਦੀ ਉਪਮਾ ਦੇਣ ਤੋਂ ਵੀ ਸੰਕੋਚ ਨਹੀ ਕੀਤਾ। ਭੱਟ ਕਲਸਹਾਰ ਉਹ ਵਡਭਾਗਾ ਸੱਜਣ ਹੈ, ਜਿਹੜਾ ਆਪਣੇ ਸਾਥੀਆਂ ਸਮੇਤ ਉਸ ਵੇਲੇ ਹਾਜ਼ਰ ਸੀ, ਜਦੋਂ, ਸ੍ਰੀ ਗੋਇੰਦਵਾਲ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੋਤੀ-ਜੋਤਿ ਸਮਾਏ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਗੁੱਰਗਦੀ ‘ਤੇ ਸ਼ੋਭਨੀਕ ਹੋਏ। ਇਸ ਲਈ ਉਹ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਪਣੇ ਅਮਲੀ ਜੀਵਨ ਵਿਖੇ ਅਜੂਨੀ-ਸੈਭੰ ਅਵਸਥਾ ਵਿੱਚ ਵਿਚਰਦਿਆਂ ਵੇਖ ਕੇ ਆਖਦਾ ਹੈ ਕਿ ਗੁਰੂ ਰਾਮਦਾਸ ਜਨਮ (ਮਰਨ) ਤੋਂ ਰਹਿਤ ਹੈ, ਭਲਾ ਹੈ ਅਤੇ ਸੁੱਧ-ਆਤਮਾ ਹੈ। ਹੇ ਗੁਰੂ ਰਾਮਦਾਸ! ਤੇਰਾ ਵਾਸ ਆਤਮਕ ਅਡੋਲਤਾ ਦੇ ਸਰੋਵਰ ਵਿੱਚ ਹੈ:

ਅਜੋਨੀਉ ਭਲ੍ਹੁ ਅਮਲੁ ਸਤਿਗੁਰ ਸੰਗਿ ਨਿਵਾਸੁ।।

ਗੁਰ ਰਾਮਦਾਸ ਕਲ੍ਹੁਚਰੈ, ਤੁਅ ਸਹਜ ਸਰੋਵਰਿ ਬਾਸੁ।। {ਗੁ. ਗ੍ਰੰ. ਪੰ. ੧੩੯੭}

ਪਦ ਅਰਥ: — ਅਜੋਨੀਉ—ਜੂਨਾਂ ਤੋਂ ਰਹਿਤ। ਭਲ੍ਹੁ—ਭਲਾ। ਅਮਲੁ— (ਅ-ਮਲੁ) ਨਿਰਮਲ, ਸੁੱਧ। ਤੁਅ—ਤੇਰਾ।

ਬਾਸ—ਟਿਕਾਣਾ। ਸਹਜ ਸਰੋਵਰਿ—ਆਤਮਕ ਅਡੋਲਤਾ ਦੇ ਸਰ ਵਿਚ।

ਫਿਰ ਓਹੀ ਭੱਟ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿੱਚ ਕਹਿੰਦਾ ਹੈ ਕਿ ਗੁਰੂ ਅਰਜਨ ਸਦ-ਜੀਵੀ ਹੈ, ਆਪ ਦਾ ਮੁੱਲ ਨਹੀਂ ਪੈ ਸਕਦਾ, ਆਪ ਜੂਨਾਂ ਤੋਂ ਰਹਤ (ਅਜੂਨੀ) ਤੇ ਸੁਤੇ ਪ੍ਰਕਾਸ਼ ਹਰੀ (ਸੈਭੰ) ਦਾ ਰੂਪ ਹਨ। ਗੁਰੂ ਅਰਜਨ ਭੈ ਦੂਰ ਕਰਨ ਵਾਲਾ, ਪਰਾਏ ਦੁੱਖ ਹਰਨ ਵਾਲਾ, ਬੇਅੰਤ ਤੇ ਗਿਆਨ-ਸਰੂਪ ਹੈ:

ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ।।

ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ।। (ਪੰਨਾ ੧੪੦੭)

ਸ੍ਰੀ ਗੁਰੂ ਸਾਹਿਬਾਨ ਤੇ ਭਗਤ-ਜਨਾਂ ਦੇ ਜੀਵਨ ਵਿਚਲੀ ‘ਅਜੂਨੀ-ਸੈਭੰ’ ਅਵਸਥਾ ਦੇ ਪ੍ਰਤੱਖ ਝਲਕਾਰੇ ਉਨ੍ਹਾਂ ਦੁਆਰਾ ਉਚਾਰਨ ਕੀਤੀ ‘ਧੁਰ ਕੀ ਬਾਣੀ’ ਵਿੱਚੋਂ ਵੀ ਮਾਣੇ ਜਾ ਸਕਦੇ ਹਨ। ਜਿਵੇਂ, ਹੇਠ ਲਿਖੀਆਂ ਪਾਵਨ ਪੰਕਤੀਆਂ ਵਿੱਚ ਰਾਜ-ਜੋਗੀ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਉਨ੍ਹਾਂ ਨੇ ਗੁਰੂ ਦੀ ਪ੍ਰਸੰਨਤਾ ਰੂਪ ਜੋਗੀਆਂ ਵਾਲੀ ਮੁੰਦ੍ਰਾ ਆਪਣੇ ਮਨ ਵਿੱਚ ਪਾਈ ਹੋਈ ਹੈ। ਗੁਰੂ ਦਾ ਸ਼ਬਦ ਉਹਨਾਂ ਨੇ ਆਪਣੇ ਹਿਰਦੇ ਵਿੱਚ ਪੱਕਾ ਟਿਕਾਇਆ ਹੋਇਆ ਹੈ। (ਇਹ ਉਹਨਾਂ ਆਪਣੇ) ਸਰੀਰ ਉੱਤੇ ਸੁਆਹ ਮਲੀ ਹੋਈ ਹੈ। ਇਸ ਤਰ੍ਹਾਂ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਮੌਤ ਰਹਿਤ ਸਰੀਰ ਵਾਲੇ ਹੋ ਗਏ ਹਨ। ਭਾਵ, ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਹਨ, ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ:

ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ, ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ।।

ਅਮਰ ਪਿੰਡ ਭਏ ਸਾਧੂ ਸੰਗਿ, ਜਨਮ ਮਰਣ ਦੋਊ ਮਿਟਿ ਗਈਆ।। {ਗੁ. ਗ੍ਰੰ. ਪੰ. ੮੩੫}

ਭਗਤ ਭਗਤ ਕਬੀਰ ਜੀ ਆਖਦੇ ਹਨ ਕਿ ਜਦੋਂ ਤੋਂ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਜ਼ਿੰਦਗੀ ਦਾ ਸਹੀ ਰਸਤਾ ਲੱਭਾ ਹੈ, ਮੈਨੂੰ ਸਮਝ ਆ ਗਈ ਹੈ ਕਿ ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ, ਤੇ ਇਹ ਦੋਵੇਂ ਆਪੋ ਵਿੱਚ ਇਉਂ ਜੁੜੇ ਹੋਏ ਹਨ, ਜਿਵੇਂ ਕਾਗ਼ਜ਼ ਅਤੇ ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ ਸਿਆਹੀ। ਇਸ ਲਈ ਮੈਂ ਆਪਣਾ ਜਨਮ ਤੇ ਮਰਨ ਦੋਵੇਂ ਖ਼ਤਮ ਕਰਾ ਲਏ ਹਨ। ਭਾਵ, ਹੁਣ ਮੈਂ ਜੂਨੀਆਂ ਦੇ ਚੱਕਰ ਵਿਚੋਂ ਨਿਕਲ ਕੇ ਅਜੂਨੀ ਹੋ ਗਿਆ ਹਾਂ:

ਗੁਰ ਪ੍ਰਸਾਦਿ ਮੈ ਡਗਰੋ (ਰਾਹ) ਪਾਇਆ।।

ਜੀਵਨ ਮਰਨੁ ਦੋਊ ਮਿਟਵਾਇਆ।।

ਕਹੁ ਕਬੀਰ ਇਹੁ ਰਾਮ ਕੀ ਅੰਸੁ।।

ਜਸ ਕਾਗਦ ਪਰ ਮਿਟੈ ਨ ਮੰਸੁ।। {ਗੁ. ਗ੍ਰੰ. ਪੰ. ੮੭੧}

ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਜਦੋਂ ਕੋਈ ਮਨੁੱਖ ਗੁਰੂ ਕਿਰਪਾ ਦਾ ਪਾਤਰ ਬਣ ਕੇ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ, ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ (ਭਾਵ, ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿੱਚ ਡਿੱਗਣ ਤੋਂ ਰੋਕ ਲੈਂਦਾ ਹੈ), ਜਦੋਂ ਮਨੁੱਖ ਸੁਆਸ ਸੁਆਸ ਪ੍ਰਭੂ ਨੂੰ ਸਿਮਰਦਾ ਹੈ ਤਾਂ ਇਸ ਦੇ ਨੌ ਹੀ (ਕਰਮ ਤੇ ਗਿਆਨ) ਇੰਦ੍ਰੇ ਜਾਇਜ਼ ਹੱਦ ਵਿੱਚ ਰਹਿੰਦੇ ਹਨ, ਇਸ ਦਾ ਸਰੀਰ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ। ਉਹ ਜੀਵਤ-ਭਾਵ (ਭਾਵ, ਨਫ਼ਸਾਨੀ ਖ਼ਾਹਸ਼ਾਂ) ਤੋਂ ਮਰ ਕੇ (ਪ੍ਰਭੂ ਦਰ ਤੇ) ਪ੍ਰਵਾਨ ਹੋ ਜਾਂਦਾ ਹੈ। ਤਦੋਂ ਜੀਵ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਸਲੀਅਤ ਨੂੰ ਪਛਾਣ ਲੈਂਦਾ ਹੈ।

ਮਃ ੧।। ਅਜਰੁ ਜਰੈ ਤ ਨਉ ਕੁਲ ਬੰਧੁ।। ਪੂਜੈ ਪ੍ਰਾਣ ਹੋਵੈ ਥਿਰੁ ਕੰਧੁ।।

ਕਹਾਂ ਤੇ ਆਇਆ, ਕਹਾਂ ਏਹੁ ਜਾਣੁ।। ਜੀਵਤ ਮਰਤ ਰਹੈ ਪਰਵਾਣੁ।। {ਗੁ. ਗ੍ਰੰ. ਪੰ. ੧੨੮੯}

ਉਸ ਨੂੰ ਕਰਤੇ ਦੇ ਇਸ ਚਲਿਤ ਦੀ ਵੀ ਸੋਝੀ ਹੋ ਜਾਂਦੀ ਹੈ ਕਿ ਕੁਦਰਤ ਵਿੱਚ ਵਰਤਦੀ ਰੱਬੀ-ਜੋਤਿ (ਸੱਤਾ) ਤੇ ਉਸ ਦੀ ਸੰਜੋਗੀ ਰਜ਼ਾ ਅਨੁਸਾਰ ਤੱਤਾਂ ਦੇ ਸੁਮੇਲ ਦੁਆਰਾ ਜੀਵਾਂ ਦੀ ਬਣਤਰ ਬਣ ਕੇ, ਜਦੋਂ ਉਨ੍ਹਾਂ ਦੀ ਕੋਈ ਅਕਾਰੀ ਹੋਂਦ ਸਥਾਪਿਤ ਹੁੰਦੀ ਹੈ, ਤਾਂ ਮਾਨਵੀ ਭਾਸ਼ਾ ਵਿੱਚ ਉਸ ਨੂੰ ਜਨਮ ਆਖਿਆ ਜਾਂਦਾ ਹੈ। ਅਤੇ ਫਿਰ ਓਸੇ ਰੱਬੀ-ਜੋਤਿ ਦੀ ਵਿਯੋਗੀ-ਰਜ਼ਾ ਮੁਤਾਬਿਕ ਤੱਤ ਖਿੰਡ ਕੇ ਜਦੋਂ ਆਪਣੇ ਕੁਦਰਤੀ ਮੂਲ ਵਿੱਚ ਲੀਨ ਹੋ ਜਾਂਦੇ ਹਨ ਤਾਂ ਉਸ ਨੂੰ ਮੌਤ ਆਖ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਹੋਰ ਧਰਤੀ, ਅਕਾਸ਼ ਜਾਂ ਪਤਾਲ ਵਿੱਚ ਕੋਈ ਅਜਿਹਾ ਟਿਕਾਣਾ ਨਹੀ ਹੈ, ਜਿਥੋਂ ਵਿਸ਼ੇਸ਼ ਤੌਰ ਤੇ ਜੀਵ ਆਉਂਦੇ ਹੋਣ ਤੇ ਮੁੜ ਓਥੇ ਜਾਂਦੇ ਹੋਣ। ਤਦੇ ਤਾਂ ਕਿਸੇ ਪ੍ਰਾਣੀ ਦੀ ਸਰੀਰਕ ਮੌਤ ਹੋਣ ‘ਤੇ ਬ੍ਰਹਮਗਿਆਨੀ ਕਹਿ ਉੱਠਦੇ ਹਨ:

ਕਉਨੁ ਮੂਆ ਰੇ ਕਉਨੁ ਮੂਆ।।

ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ।।

ਪਵਨੈ ਮਹਿ ਪਵਨੁ ਸਮਾਇਆ।। ਜੋਤੀ ਮਹਿ ਜੋਤਿ ਰਲਿ ਜਾਇਆ।।

ਮਾਟੀ ਮਾਟੀ ਹੋਈ ਏਕ।। ਰੋਵਨਹਾਰੇ ਕੀ ਕਵਨ ਟੇਕ।। ੧।।

ਸਤਿਗੁਰੂ ਜੀ ਦੀ ਗਿਆਨ ਰੂਪ ਬਖ਼ਸ਼ਿਸ਼ ਸਦਕਾ ਜਦੋਂ ਅਜਿਹਾ ਅਨੁਭਵ ਹੁੰਦਾ ਹੈ ਕਿ ਕਰਤੇ ਦੀ ਕੁਦਰਤ ਵਿੱਚੋਂ ਹੀ ਸਾਰੇ ਜਨਮਦੇ ਹਨ, ਮੁੜ ਓਸੇ ਵਿੱਚ ਹੀ ਸਮਾ ਜਾਂਦੇ ਹਨ ਅਤੇ ਸਾਰਿਆਂ ਵਿੱਚ ਇੱਕੋ ਰੱਬੀ, ਰੱਬੀ-ਜੋਤਿ ਵਰਤਦੀ ਹੈ ਤਾਂ ਉਹ ਬਿਪਰਵਾਦੀ ਜੂਨੀਆਂ ਵਿੱਚ ਵਿਸ਼ਵਾਸ਼ ਰਖਣ ਵਾਲੇ ਅੰਧ ਵਿਸ਼ਵਾਸ਼ੀ ਲੋਕਾਂ ਦੀਆਂ ਗੱਲਾਂ ਸੁਣ ਕੇ ਹੈਰਾਨਗੀ ਸਹਿਤ ਆਖਦਾ ਹੈ ‘ਕਹਾਂ ਤੇ ਆਇਆ, ਕਹਾਂ ਏਹੁ ਜਾਣੁ’? ਮਿਤਰੋ! ਜੀਵ ਨੇ ਆਉਣਾ ਕਿਥੋਂ ਹੈ? ਤੇ ਜਾਣਾ ਕਿਥੇ ਹੈ? ਕਿਉਂਕਿ, ਉਸ ਦਾ ਜਨਮ ਮਰਣ ਦੇ ਗੇੜ ਵਿੱਚ ਭਰਮਣ ਵਾਲਾ ਬਿਪਰਵਾਦੀ ਭਰਮ ਦੂਰ ਹੋ ਗਿਆ ਹੁੰਦਾ ਹੈ ਅਤੇ ਉਹ ਆਪਣੇ ਆਪ ਨੂੰ ਆਤਮਿਕ ਤੌਰ ਤੇ ਅਬਿਨਾਸੀ ਦੇਖਣ ਲਗਦਾ ਹੈ:

ਮਰੈ ਨਾਹੀ ਸਦ ਸਦ ਹੀ ਜੀਵੈ।। ਅਮਰੁ ਭਇਆ ਅਬਿਨਾਸੀ ਥੀਵੈ।।

ਨਾ ਕੋ ਆਵੈ ਨਾ ਕੋ ਜਾਵੈ, ਗੁਰਿ ਦੂਰਿ ਕੀਆ ਭਰਮੀਜਾ ਹੇ।। {ਗੁ. ਗ੍ਰੰ. ਪੰ. ੧੦੭੪}

ਅਜਿਹੀ ਗੁਰਮੁਖ ਸ਼ਖ਼ਸੀਅਤ ਨੂੰ ਇਹ ਵੀ ਦ੍ਰਿੜ ਹੋ ਜਾਂਦਾ ਕਿ ਮੈਂ ਕਰਤੇ ਦੀ ਕੁਦਰਤ ਦਾ ਇੱਕ ਨਿਮਾਣਾ ਜਿਹਾ ਅੰਗ ਹਾਂ। ਇਸ ਵਿੱਚ ਮੇਰੀ ਕੋਈ ਵਖਰੀ ਵਿਸ਼ੇਸ ਹਸਤੀ ਨਹੀ ਹੈ। ਕਿਉਂਕਿ, ਸਾਰੇ ਜੀਅ-ਜੰਤਾਂ ਅੰਦਰ ਇੱਕੋ ਰੱਬੀ-ਜੋਤਿ ਦਾ ਹੀ ਪ੍ਰਕਾਸ਼ ਹੈ। ਇਸ ਲਈ ਜਦੋਂ ਮੇਰੀ ਕੋਈ ਵਖਰੀ ਹਸਤੀ ਹੀ ਨਹੀ ਤਾਂ ਜੂਨੀਆਂ ਵਿੱਚ ਕੌਣ ਪਏਗਾ? ਜੂਨੀਆਂ ਦੇ ਚੱਕਰ ਵਿੱਚ ਫਸਣ ਤੋਂ ਤਾਂ ਓਹੀ ਡਰੇ, ਜਿਹੜਾ ਆਪਣੇ ਆਪ ਨੂੰ ਕੁੱਝ ਸਮਝਦਾ ਹੋਵੇ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਹੈ:

ਹੁਕਮੈ ਬੂਝੈ ਤਤੁ ਪਛਾਣੈ।। ਇਹੁ ਪਰਸਾਦੁ ਗੁਰੂ ਤੇ ਜਾਣੈ।।

ਹੋਂਦਾ ਫੜੀਅਗੁ, ਨਾਨਕ ਜਾਣੁ।। ਨਾ ਹਉ, ਨਾ ਮੈ ਜੂਨੀ ਪਾਣੁ।। {ਗੁ. ਗ੍ਰੰ. ਪੰ. ੧੨੮੯}

ਇਹੀ ਕਾਰਣ ਹੈ ਕਿ ਭਾਈ ਗੁਰਦਾਸ ਜੀ ਵਰਗੀ ਗੁਰਮੁਖਿ ਸ਼ਖ਼ਸੀਅਤ ਨੇ, ਜਿਥੇ, ਇਹ ਨਿਰਣਾ ਦਿੱਤਾ ਹੈ ਕਿ ਗੁਰੂ ਦੀ ਮੱਤ ਨੂੰ ਸੱਚ ਮੰਨ ਕੇ ਦ੍ਰਿੜ੍ਹ ਕਰਨ ਵਾਲੇ, ਜੋਨੀਆਂ ਵਿੱਚ ਭਟਕਣ ਤੋਂ ਬਚ ਕੇ ਜਨਮ-ਮਰਨ ਤੋਂ ਰਹਿਤ ਹੋ ਜਾਂਦੇ ਹਨ ਅਤੇ ਇਸ ਪ੍ਰਕਾਰ ਉਹ ਮਾਨਸਿਕ ਮੌਤ ਤੋਂ ਬਚਦੇ ਹੋਏ ਕਾਲ-ਰਹਿਤ ਹੋ ਕੇ ਅਮਰ ਪਦ ਪ੍ਰਾਪਤ ਕਰ ਲੈਂਦੇ ਹਨ। ਓਥੇ, ਉਨ੍ਹਾਂ ਸਾਡੇ ਨਿਸ਼ਚੇ ਲਈ ਆਪਣੇ ਨਿਜੀ ਅਨੁਭਵ ਦੀ ਗਵਾਹੀ ਵੀ ਭਰੀ ਹੈ ਕਿ ਅਜੋਨੀ ਨੂੰ ਅਰਾਧਦਿਆਂ ਅਰਾਧਦਿਆਂ ਸਾਡਾ ਜੋਨੀ-ਸੰਕਟ ਕਟਿਆ ਗਿਆ ਹੈ। ਭਾਵ, ਅਸੀਂ ਜੂਨੀਆਂ ਦੇ ਸਰੀਰਕ ਤੇ ਮਾਨਸਿਕ ਚੱਕਰ ‘ਚੋਂ ਮੁਕਤ ਹੋ ਗਏ ਹਾਂ। ਉਨ੍ਹਾਂ ਦੇ ਕਾਵਿਕ ਬਚਨ ਹਨ:

ਗੁਰਮਤਿ ਸਤਿ ਕਰਿ ਜੋਨਿ ਕੈ ਅਜੋਨਿ ਭਏ,

ਕਾਲ ਸੈ ਅਕਾਲ ਕੈ ਅਮਰ ਪਦ ਦੀਨੇ ਹੈ।। ੨੪।।

ਚਿੰਤਾਮਨਿ ਚਿਤਵਤ ਚਿੰਤਾ ਚਿਤ ਤੇ ਚੁਰਾਈ,

ਅਜੋਨੀ ਅਰਾਧੇ ਜੋਨਿ ਸੰਕਟਿ ਕਟਾਏ ਹੈ।। ੪੦੮।।

ਕਿਉਂਕਿ, ਇੱਕ ਤਾਂ ਜਦੋਂ ਕਿਸੇ ਵਡਭਾਗੀ ਦੇ ਹਿਰਦੈ ਅੰਦਰ ਗੁਰੂ ਗਿਆਨ ਦੇ ਪ੍ਰਕਾਸ਼ ਹੋਣ ਸਦਕਾ ਅਜੂਨੀ-ਗੋਬਿੰਦ ਨਾਲ ਲਿਵ ਲਗਦੀ ਹੈ, ਤਾਂ ਹਕੀਕਤ ਦਾ ਬੋਧ ਹੋਣ ਕਰਕੇ ਉਹਦੇ ਅੰਦਰੋਂ ਮਰਨ ਉਪਰੰਤ ਜੂਨੀਆਂ ਵਿੱਚ ਭਟਕਣ ਵਾਲਾ ਬਿਪਰਵਾਦੀ ਭ੍ਰਮ-ਭਉ ਬਿਨਸ ਜਾਂਦਾ ਹੈ। ਬਿਲਕੁਲ, ਓਵੇਂ ਹੀ ਜਿਵੇਂ ਜ਼ਮੀਨ ‘ਤੇ ਪਈ ਹੋਈ ਕੋਈ ਰੱਸੀ ਅੰਧੇਰੇ ਕਾਰਨ ਸੱਪ ਦਾ ਭ੍ਰਮ-ਭਉ ਪੈਦਾ ਕਰਦੀ ਹੈ। ਪਰ, ਚਾਨਣ ਹੋਣ ਕਾਰਨ ਜਦੋਂ ਅਸਲੀਅਤ ਦਾ ਪਤਾ ਚਲਦਾ ਹੈ ਤਾਂ ਰੱਸੀ ਤੋਂ ਸੱਪ ਦਾ ਪੈਦਾ ਹੋਇਆ ਭਰਮ ਅਤੇ ਡਰ, ਦੋਵੇਂ ਹੀ ਦੂਰ ਹੋ ਜਾਂਦੇ ਹਨ। ਫਿਰ ਤਾਂ ਦਿਲ-ਦਿਮਾਗ ਵਿੱਚ ਐਸਾ ਫੁਰਨਾ ਵੀ ਨਹੀਂ ਉੱਠਦਾ। ਭਗਤ ਕਬੀਰ ਅਤੇ ਭਗਤ ਰਵਿਦਾਸ ਜੀ ਹੁਰਾਂ ਦੇ ਜੀਵਨ ਵਿੱਚ ਜਦੋਂ ਅਜਿਹੀ ਅਵਸਥਾ ਤਾਰੀ ਹੋਈ ਤਾਂ ਉਨ੍ਹਾਂ ਵਡਭਾਗੀਆਂ ਇਉਂ ਐਲਾਨ ਕੀਤਾ:

ਜਨਮ ਮਰਨ ਕਾ ਭ੍ਰਮੁ ਗਇਆ, ਗੋਬਿਦ ਲਿਵ ਲਾਗੀ।।

ਜੀਵਤ ਸੁੰਨਿ ਸਮਾਨਿਆ, ਗੁਰ ਸਾਖੀ ਜਾਗੀ।। {ਗੁ. ਗ੍ਰੰ. ਪੰ. ੮੫੭}

ਅਰਥ: — (ਕਬੀਰ ਜੀ ਆਖਦੇ ਹਨ ਕਿ ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰਾ ਜਨਮ-ਮਰਨ ਦਾ ਭਰਮ ਮਿੱਟ ਗਿਆ ਹੈ, ਪ੍ਰਭੂ-ਚਰਨਾਂ ਵਿੱਚ ਮੇਰੀ ਸੁਰਤ ਜੁੜ ਗਈ ਹੈ। ਤੇ, ਮੈਂ ਜਿਊਂਦਾ ਹੀ ਉਸ ਹਾਲਤ ਵਿੱਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ।

ਸਹਜ ਸਮਾਧਿ ਉਪਾਧਿ ਰਹਤ, ਫੁਨਿ ਬਡੈ ਭਾਗਿ ਲਿਵ ਲਾਗੀ।।

ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ, ਜਨਮ ਮਰਨ ਭੈ ਭਾਗੀ।। {ਗੁ. ਗ੍ਰੰ. ਪੰ. ੬੫੮}

ਅਰਥ: —ਰਵਿਦਾਸ ਆਖਦਾ ਹੈ—ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿੱਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਕੋਈ ਵਿਕਾਰ ਉਸ ਵਿੱਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿੱਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ ਦੇ ਉਸ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ।

ਦੂਜੇ, ਗੁਰਮੁਖ-ਜਨ ਮਾਨਸਿਕ ਤੌਰ ‘ਤੇ ਵੀ ਗਰਭ-ਜੂਨੀਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ। ਕਿਉਂਕਿ, ਅਜੂਨੀ ਦੀ ਅਰਾਧਨਾ ਬਦੌਲਤ ਉਨ੍ਹਾਂ ਅੰਦਰੋਂ ਇਨਸਾਨੀਅਤ ਵਾਲੇ ਉਹ ਰੱਬੀ-ਗੁਣ ਨਹੀ ਗਲ਼ਦੇ, ਜਿਨ੍ਹਾਂ ਦਾ ਅਭਾਵ ਹੋਣ ਕਰਕੇ ਮਨੁੱਖ ਜਿਊਂਦੇ-ਜੀਅ ਪਸ਼ੂ ਜੂਨੀਆਂ ਵਾਲੇ ਸੁਭਾਅ ਵਿੱਚ ਵਿਚਰਨ ਲਗਦਾ ਹੈ ਅਤੇ ਉਸ ਦੀ ਕਰਣੀ-ਕਰਤੂਤਿ ਪਸ਼ੂਆਂ ਵਾਲੀ ਹੋ ਜਾਂਦੀ ਹੈ। ਗੁਰਬਾਣੀ ਵਿੱਚ ਬੜੇ ਸਪਸ਼ਟ ਸ਼ਬਦਾਂ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਬੰਦੇ ਗੁਰੂ ਉਪਦੇਸ਼ ਤੋਂ ਸੱਖਣੇ ਰਹਿੰਦੇ ਹਨ, ਐਸੇ ਭੈੜੀ ਬੁਧਿ ਵਾਲਿਆਂ ਦਾ ਜੀਵਨ ਫਿਟਕਾਰ-ਯੋਗ ਹੀ ਬਣਿਆ ਰਹਿੰਦਾ ਹੈ। ਕਿਉਂਕਿ, ਉਹ ਗੁਰੂ ਦਰਸਾਏ ਮਾਰਗ ਉੱਤੇ ਨਹੀ ਤੁਰਦੇ ਤੇ ਵਿਕਾਰਾਂ ਦੇ ਢਹੇ ਚੜ੍ਹੇ ਹੋਣ ਕਰਕੇ ਪਸ਼ੂ-ਪੁਣੇ ਵਾਲੇ ਅਜਿਹੇ ਕਰਮ ਕਰਦੇ ਹਨ, ਜਿਨ੍ਹਾਂ ਸਦਕਾ ਉਨ੍ਹਾਂ ਨੂੰ ਚੁਫੇਰਿਓਂ ਫਿਟਕਾਰਾਂ ਹੀ ਪੈਂਦੀਆਂ ਹਨ। ਇਸ ਲਈ ਐਸੇ ਮੂਰਖ ਮਨੁੱਖ, ਮਾਨਵ-ਜਾਤੀ ਵਿੱਚ ਹੁੰਦੇ ਹੋਏ ਵੀ ਕੁੱਤਿਆਂ, ਸੂਰਾਂ, ਖੋਤਿਆਂ, ਕਾਵਾਂ ਤੇ ਸੱਪਾਂ ਦੇ ਬਰਾਬਰ ਹੀ ਸਮਝਦੇ ਜਾਂਦੇ ਹਨ:

ਗੁਰ ਮੰਤ੍ਰ ਹੀਣਸ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ ॥

ਕੂਕਰਹ, ਸੂਕਰਹ, ਗਰਧਭਹ, ਕਾਕਹ, ਸਰਪਨਹ ਤੁਲਿ ਖਲਹ।। ੧੩੫੬

ਕਿਉਂਕਿ, ਸੱਪ ਦੀ ਉਮਰ ਤਾਂ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਅਤੇ ਆਪਣੇ ਉਸ ਜ਼ਹਿਰੀਲੇ ਪਨ ਵਿੱਚ ਸੜਿਆ ਹੋਇਆ ਦੂਜਿਆਂ ਨੂੰ ਸਦਾ ਡੰਗ ਹੀ ਮਾਰਦਾ ਹੈ। ਤਿਵੇਂ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਵੀ ਪਰਮਾਤਮਾ ਦਾ ਨਾਮ ਭੁਲਾ ਕੇ ਲੋਭ ਤੇ ਕ੍ਰੋਧ ਵਸ ਹੋਏ ਅਕੇਵੇਂ ਭਰਿਆ ਵਿਅਰਥ ਜੀਵਨ ਹੀ ਜੀਊਂਦੇ ਹਨ। ਅਤੇ ਜੀਵਨ ਅੰਦਰਲੀ ਖਿਝ ਅਤੇ ਸੁਆਰਥੀ-ਪੁਣੇ ਦੇ ਸੁਭਾਅ ਕਾਰਨ ਮੌਕਾ ਬਣਨ ਤੇ ਦੂਜਿਆਂ ਨੂੰ ਡੰਗ ਹੀ ਮਾਰਦੇ ਹਨ। ਖੋਤੇ ਨੂੰ ਭਾਵੇਂ ਚੰਦਨ ਆਦਿਕ ਸੁਗੰਧੀਆਂ ਭਰੇ ਤੇਲ ਨਾਲ ਨਲ੍ਹਾ ਦਿਤਾ ਜਾਏ। ਪਰ, ਉਹ ਸਦਾ ਸੁਆਹ ਮਿੱਟੀ ਵਿੱਚ ਲੇਟ ਕੇ ਹੀ ਖ਼ੁਸ਼ ਹੁੰਦਾ ਹੈ। ਤਿਵੇਂ ਹੀ ਪਰਮਾਤਮਾ ਦੇ ਸਿਮਰਨ ਤੋਂ ਖਾਲੀ ਮਨੁੱਖ ਕੁਕਰਮਾਂ ਵਾਲੇ ਗੰਦੇ ਥਾਈਂ ਹੀ ਫਿਰਦੇ ਰਹਿੰਦੇ ਹਨ ਅਤੇ ਸਿਮਰਨ ਤੋਂ ਖੁੰਝ ਕੇ ਉਹ ਖੋਤੇ ਵਾਂਗ ਮਲੀਨ ਜੀਵਨ ਗੁਜ਼ਾਰਦੇ ਹਨ। ਸਿਮਰਨ ਤੋਂ ਖੁੰਝ ਕੇ ਉਹ, ਮਾਨੋ, ਹਲਕੇ ਕੁੱਤੇ ਬਣ ਜਾਂਦੇ ਹਨ। ਲੋਭ ਲਹਿਰ ਦੇ ਅਧੀਨ ਹੋਣ ਕਾਰਨ ਲੱਖਾਂ ਦਾ ਧਨ-ਪਦਾਰਥ ਕਮਾ ਕੇ ਵੀ ਉਹ ਤ੍ਰਿਪਤ ਨਹੀ ਹੁੰਦੇ। ਜਿਸ ਨਾਲ ਵੀ ਸੰਗ ਕਰਦੇ ਹਨ, ਉਸ ਨੂੰ ਵੀ ਲੋਭ ਦਾ ਹਲਕ ਚੰਬੋੜ ਦੇਂਦੇ ਹਨ।

ਪਸ਼ੂ-ਪੁਣੇ ਵਾਲੇ ਇਹ ਕਰਮ ਅਤੇ ਸੁਭਾਅ, ਗੁਰਬਾਣੀ ਵਿੱਚ ਇਉਂ ਪ੍ਰਗਟ ਕੀਤੇ ਗਏ ਹਨ:

ਬਿਨੁ ਸਿਮਰਨ ਜੈਸੇ ਸਰਪ ਆਰਜਾਰੀ।। ਤਿਉ ਜੀਵਹਿ ਸਾਕਤ ਨਾਮੁ ਬਿਸਾਰੀ।। ੧।।

ਬਿਨੁ ਸਿਮਰਨ ਗਰਧਭ ਕੀ ਨਿਆਈ।। ਸਾਕਤ ਥਾਨ ਭਰਿਸਟ ਫਿਰਾਹੀ।। ੫।।

ਬਿਨੁ ਸਿਮਰਨ ਕੂਕਰ ਹਰਕਾਇਆ।। ਸਾਕਤ ਲੋਭੀ ਬੰਧੁ ਨ ਪਾਇਆ।। ੨੩੯

ਗੁਰਬਾਣੀ ਵਿਖੇ ਬਹੁਤ ਸਾਰੇ ਐਸੇ ਗੁਰਵਾਕ ਹਨ, ਜਿਨ੍ਹਾਂ ਦੁਆਰਾ ਰੱਬੀ ਸਿਮਰਨ ਵਿੱਚ ਲੀਨ ਰਹਿਣ ਵਾਲੇ ਵਡਭਾਗੀ ਗੁਰਮੁਖ ਜਨਾਂ ਨੂੰ ਜੂਨੀਆਂ ਦੇ ਲੰਮੇ ਤੇ ਦੁਖਦਾਈ ਚੱਕਰ ਵਿੱਚੋਂ ਮੁਕਤ ਮੰਨਿਆ ਗਿਆ ਹੈ ਅਤੇ ਭਾਗਹੀਨ ਮਨਮੁਖ ਮੁਗਧਾਂ ਨੂੰ ਨਿਤ ਹੀ ਇਨ੍ਹਾਂ ਜੂਨੀਆਂ ਦੇ ਗੇੜ ਵਿੱਚ ਭਟਕਦੇ, ਜੰਮਦੇ, ਮਰਦੇ ਤੇ ਦੁੱਖੀ ਹੁੰਦੇ ਦਰਸਾਇਆ ਗਿਆ ਹੈ। ਜਿਵੇਂ:

ਗੁਰਮੁਖਿ ਉਪਜੈ ਸਾਚਿ ਸਮਾਵੈ।। ਨਾ ਮਰਿ ਜੰਮੈ ਨ ਜੂਨੀ ਪਾਵੈ।।

ਗੁਰਮੁਖਿ ਸਦਾ ਰਹਹਿ ਰੰਗਿ ਰਾਤੇ, ਅਨਦਿਨੁ ਲੈਦੇ ਲਾਹਾ ਹੇ।। {ਗੁ. ਗ੍ਰੰ. ਪੰ. ੧੦੫੫}

ਅਰਥ: —ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿੱਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ, (ਇਸ ਵਾਸਤੇ) ਉਹ ਮੁੜ ਮੁੜ ਮਰਦਾ ਜੰਮਦਾ ਨਹੀਂ, ਉਹ ਜੂਨਾਂ ਵਿੱਚ ਨਹੀਂ ਪੈਂਦਾ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿੱਚ ਰੰਗੇ ਰਹਿੰਦੇ ਹਨ, ਉਹ ਹਰ ਵੇਲੇ ਇਹ ਲਾਭ ਖੱਟਦੇ ਹਨ। ੧੩।

ਆਵਹਿ ਸਚੇ ਜਾਵਹਿ ਸਚੇ, ਫਿਰਿ ਜੂਨੀ ਮੂਲਿ ਨ ਪਾਹਿ।।

ਗੁਰਮੁਖਿ ਦਰਿ ਸਾਚੈ ਸਚਿਆਰ ਹਹਿ, ਸਾਚੇ ਮਾਹਿ ਸਮਾਹਿ।। {ਗੁ. ਗ੍ਰੰ. ਪੰ. ੫੬੫}

ਅਰਥ: —ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹਰਿ-ਨਾਮ ਵਿੱਚ ਲੀਨ ਹੀ (ਜਗਤ ਵਿਚ) ਆਉਂਦੇ ਹਨ, ਹਰਿ-ਨਾਮ ਵਿੱਚ ਲੀਨ ਹੀ (ਇਥੋਂ) ਜਾਂਦੇ ਹਨ, ਉਹ ਮੁੜ ਕਦੇ ਭੀ ਜੂਨਾਂ ਦੇ ਗੇੜ ਵਿੱਚ ਨਹੀਂ ਪੈਂਦੇ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ। ੫।

ਭਾਗਹੀਨ ਸਤਿਗੁਰੁ ਨਹੀ ਪਾਇਆ,

ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ।। {ਗੁ. ਗ੍ਰੰ. ਪੰ. ੯੫}

ਅਰਥ: —ਨਿਭਾਗੇ ਬੰਦਿਆਂ ਨੂੰ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਨਿਤ ਹੀ ਜੂਨਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ।

ਮਨਮੁਖੁ ਪ੍ਰਾਣੀ ਮੁਗਧੁ ਹੈ, ਨਾਮਹੀਣ ਭਰਮਾਇ।।

ਬਿਨੁ ਗੁਰ ਮਨੂਆ ਨਾ ਟਿਕੈ, ਫਿਰਿ ਫਿਰਿ ਜੂਨੀ ਪਾਇ।। {ਗੁ. ਗ੍ਰੰ. ਪੰ. ੩੧੩}

ਅਰਥ: —ਮਨਮੁਖ ਮਨੁੱਖ ਮੂਰਖ ਹੈ, ਨਾਮ ਤੋਂ ਸੱਖਣਾ ਭਟਕਦਾ ਫਿਰਦਾ ਹੈ। ਸਤਿਗੁਰੂ ਤੋਂ ਬਿਨਾ ਉਸ ਦਾ ਹੋਛਾ ਮਨ (ਕਿਸੇ ਆਸਰੇ ਤੇ) ਟਿਕ ਨਹੀਂ ਸਕਦਾ (ਇਸ ਵਾਸਤੇ) ਫਿਰ ਫਿਰ ਜੂਨਾਂ ਵਿੱਚ ਪੈਂਦਾ ਰਹਿੰਦਾ ਹੈ।

ਅਸਲ ਵਿੱਚ ਕੁੱਝ ਐਸੇ ਹੀ ਗੁਰਵਾਕ ਹਨ, ਜਿਨ੍ਹਾਂ ਦੀ ਸ਼ਬਦਾਵਲੀ ਨੂੰ ਗੁਰੂ ਨਾਨਕ ਵਿਚਾਰਧਾਰਾ ਦੀ ਸਿਧਾਂਤਕ-ਰੌਸ਼ਨੀ ਵਿੱਚ ਵਿਚਾਰੇ ਬਿਨਾਂ ਪਾਠਕਾਂ ਅਤੇ ਸਰੋਤਿਆਂ ਨੂੰ ਬਿਪਰਵਾਦੀ ਆਵਾਗਵਣ ਦਾ ਭਰਮ ਸੱਚ ਭਾਸਣ ਲਗਦਾ ਹੈ। ਪਰ, ਜਦੋਂ ‘ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ’ ਅਤੇ ‘ਬਿਨੁ ਗੁਰ ਮਨੂਆ ਨਾ ਟਿਕੈ, ਫਿਰਿ ਫਿਰਿ ਜੂਨੀ ਪਾਇ’ ਆਦਿਕ ਉਪਰੋਕਤ ਕਿਸਮ ਦੇ ਗੁਰਵਾਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਿੱਧ ਗੋਸ਼ਿਟ ਵਿਚਲੇ ਪ੍ਰਸਿੱਧ ਬਚਨ ‘ਸਤਿਗੁਰ ਕੈ ਜਨਮੇ, ਗਵਨੁ ਮਿਟਾਇਆ’ ਦੀ ਕਸਵੱਟੀ ਤੇ ਰੱਖ ਕੇ ਵਿਚਾਰਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਭਾਵ-ਅਰਥਾਂ ਤੋਂ ਸਹਿਜੇ ਹੀ ਨਿਰਣੈ ਹੋ ਜਾਂਦਾ ਹੈ ਕਿ ਗੁਰਮਤਿ ਜਿਸ ‘ਆਵਗਵਣ’ ਦੇ ਗੇੜ ਵਿਚੋਂ ਮੁਕਤ ਹੋਣ ਲਈ ਪ੍ਰੇਰਦੀ ਹੈ, ਉਹ ਹਉਮੈ ਆਦਿਕ ਵਿਕਾਰਾਂ ਅਧੀਨ ਮਨ ਦੇ ਵਖ-ਵਖ ਪਸ਼ੂ-ਸੁਭਾਵਾਂ ਵਿੱਚ ਨਿੱਤ ਭਟਕਣ ਦਾ ਨਾਮ ਹੈ, ਸਰੀਰਕ ਤੌਰ ਤੇ ਜੰਮਦਿਆਂ ਮਰਦਿਆਂ ਜੂਨੀਆਂ ਵਿੱਚ ਭਟਕਣ ਦਾ ਨਹੀ। ਜਾਂ ਇਉਂ ਕਹੀਏ ਕਿ ਗੁਰਬਾਣੀ ਵਿਖੇ ਜਿਨ੍ਹਾਂ ਜੂਨੀਆਂ ਦੇ ਗੇੜ ਵਿੱਚ ਮਨਮੁਖਾਂ ਨੂੰ ਭਟਕਦੇ ਅਤੇ ਗੁਰਮੁਖਾਂ ਨੂੰ ਮੁਕਤ ਦਸਿਆ ਗਿਆ ਹੈ, ਉਹ ਗਰਭ-ਜੂਨੀਆਂ ਮਾਨਸਿਕ ਤਲ ਦੀਆਂ ਹਨ, ਅਕਾਰਮਈ ਜਾਂ ਸਰੀਰਕ ਨਹੀ।

‘ਸਤਿਗੁਰ ਕੈ ਜਨਮੇ, ਗਵਨੁ ਮਿਟਾਇਆ’ (ਗੁ. ਗ੍ਰੰ. ਪੰ. ੯੪੦), ਗੁਰਵਾਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਇਉਂ ਅਰਥਾਇਆ ਗਿਆ ਹੈ: ਪਦ ਅਰਥ: —ਸਤਿਗੁਰ ਕੈ—ਸਤਿਗੁਰੂ ਦੇ ਘਰ ਵਿਚ। ਸਤਿਗੁਰ ਕੇ ਜਨਮੇ—ਸਤਿਗੁਰੂ ਦੇ ਘਰ ਵਿੱਚ ਜਨਮ ਲਿਆਂ, ਜਦੋਂ ਗੁਰੂ ਦੀ ਸਰਣ ਆ ਕੇ ਪਿਛਲਾ ਸੁਭਾਉ ਮਿਟਾ ਦਿੱਤਾ। ਗਵਨੁ—ਭਟਕਣਾ, ਆਵਾਗਵਨ। ਅਰਥ: —ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ। ਸਪਸ਼ਟ ਹੈ ਕਿ ਗੁਰੂ ਦ੍ਰਿਸ਼ਟੀ ਵਿੱਚ ‘ਆਵਾਗਵਣ’ ਜਿਊਂਦੇ-ਜੀਅ ਮਾਨਸਿਕ ਤੌਰ ‘ਤੇ ਜੰਮਦਿਆਂ ਮਰਦਿਆਂ ਪਸ਼ੂ ਸੁਭਾਵ ਰੂਪ ਗਰਭ ਜੋਨੀਆਂ ਦੀ ਭਟਕਣਾ ਦਾ ਹੈ, ਸਰੀਰਕ ਜੂਨੀਆਂ ਦਾ ਨਹੀ। ਜਿਵੇਂ ਗੁਰਵਾਕ ਹੈ:

ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ, ਤੇ ਭਾਗਹੀਣ ਜਮਿ ਮਾਰੇ।।

ਸੇ ਕੂਕਰ, ਸੂਕਰ, ਗਰਧਭ, ਪਵਹਿ ਗਰਭ ਜੋਨੀ, ਦਯਿ ਮਾਰੇ ਮਹਾ ਹਤਿਆਰੇ।। {ਗੁ. ਗ੍ਰੰ. ਪੰ. ੪੯੩} ਅਰਥ: ਜਿਨ੍ਹਾਂ ਮਨੁੱਖਾਂ ਨੇ ਮਹਾ ਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਆਪਣੀ ਕਿਸਮਤ ਹਾਰ ਬੈਠਦੇ ਹਨ, ਆਤਮਕ ਮੌਤ ਨੇ ਉਹਨਾਂ ਨੂੰ ਮਾਰ ਲਿਆ ਹੁੰਦਾ ਹੈ। ਉਹ ਮਨੁੱਖ ਆਤਮਿਕ ਤੌਰ ‘ਤੇ ਕੁੱਤੇ, ਸੂਅਰ, ਖੋਤੇ ਆਦਿਕ ਦੀਆਂ ਜੂਨਾਂ ਵਿੱਚ ਪੈਂਦੇ ਰਹਿੰਦੇ ਹਨ, ਕਿਉਂਕਿ, ਉਹਨਾਂ ਨਿਰਦਈ ਮਨੁੱਖਾਂ ਨੂੰ ਪਰਮਾਤਮਾ ਨੇ ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ।

ਇਹੀ ਕਾਰਣ ਹੈ ਕਿ ‘ਗੁਰਮਤ ਨਿਰਣਯ ਕੋਸ਼’ ਦੇ ਅਤਿ ਜਾਗਰੂਕ ਲੇਖਕ ਡਾ: ਗੁਰਸ਼ਰਨ ਜੀਤ ਸਿੰਘ ਨੇ ‘ਆਵਾਗਉਣ’ ਦੇ ਅੰਦਰਾਜ਼ ਹੇਠ ਬੜੇ ਅਫ਼ਸੋਸ ਸਹਿਤ ਲਿਖਿਆ ਗਿਆ ਹੈ ਕਿ ਗੁਰਬਾਣੀ ਵਿੱਚ ਵਾਕ ਹੈ: ਸਤਿਗੁਰ ਕੈ ਜਨਮੇ ਗਵਨ ਮਿਟਾਇਆ।। ਪਰ, ਸਿੱਖ ਫਿਰ ਵੀ ਇਸ ਵਹਿਮ ਵਿੱਚ ਪਏ ਰਹਿੰਦੇ ਹਨ ਕਿ ਮਰਨ ਉਪਰੰਤ ਉਨ੍ਹਾਂ ਦਾ ਆਵਾਗਉਣ ਮਿਟੇਗਾ ਜਾਂ ਨਹੀ।

ਉਨ੍ਹਾਂ ਦੀ ਪੂਰੀ ਲਿਖਤ ਇਸ ਪ੍ਰਕਾਰ ਹੈ: “ਭਾਰਤੀ ਧਰਮਾਂ ਵਿੱਚ ਮੌਤ ਉਪਰੰਤ ਜੀਵਨ ਦੇ ਵਿਸ਼ਵਾਸ ਵਿੱਚ, ਆਵਾਗਉਣ ਇੱਕ ਪ੍ਰਮੁਖ ਵਿਸ਼ਵਾਸ ਹੈ। ਆਵਾਗਉਣ ਤੋਂ ਭਾਵ ਆਉਣ ਜਾਣ ਜਾਂ ਜੰਮਣ ਮਰਨਾ ਹੈ। ਇਸ ਵਿਸ਼ਵਾਸ ਦਾ ਅਧਾਰ ਕਰਮ ਸਿਧਾਂਤ ਹੈ। ਚੰਗੇ ਜਾਂ ਬੁਰੇ ਕਰਮਾਂ ਦਾ ਫਲ ਜੀਵ ਨੂੰ ਮੌਤ ਉਪਰੰਤ ਭੁਗਤਣ ਦੀ ਗੱਲ ਸਾਰੇ ਧਰਮ ਕਰਦੇ ਹਨ।

ਮੌਤ ਉਪਰੰਤ ਜੀਵਨ ਦਾ ਵਿਸ਼ਵਾਸ ਤਾਂ ਸਭ ਧਰਮਾਂ ਵਿੱਚ ਪਾਇਆ ਜਾਂਦਾ ਹੈ। ਪਰ, ਭਾਰਤੀ ਧਰਮ ਆਵਾਗਉਣ ਵਿੱਚ ਵਿਸ਼ਵਾਸ ਰਖਣ ਕਰਕੇ ਸਾਮੀ ਧਰਮਾਂ (ਪਛਮੀ ਮੱਤਾਂ) ਤੋਂ ਭਿੰਨ ਹਨ। ਅਜਿਹਾ ਨਹੀ ਕਿ ਭਾਰਤੀ ਧਰਮਾਂ ਦਾ ਇਹ ਸਾਂਝਾਂ ਵਿਸ਼ਵਾਸ ਇਕਸਾਰ ਹੈ। ਇਸ ਬਾਰੇ ਵੀ ਭਿੰਨ ਭਿੰਨ ਵਿਸ਼ਵਾਸ ਹਨ:

੧. ਮਨੁੱਖਾ ਜੀਵਨ ਤੋਂ ਬਾਅਦ ਚੌਰਾਸੀ ਲੱਖ ਜੂਨਾ ਵਿੱਚ ਜਨਮ ਲੈਣਾ ਪੈਂਦਾ ਹੈ।

੨. ਮਨੁੱਖ ਦਾ ਅਗਲਾ ਜਨਮ ਮਨੁੱਖ ਦਾ ਹੀ ਹੁੰਦਾ ਹੈ।

੩. ਮਨੁੱਖ ਨੂੰ ਕਰਮਾਂ ਅਨੁਸਾਰ ਸਵਰਗ ਦੇ ਸੁੱਖ ਜਾਂ ਨਰਕ ਦੇ ਦੁੱਖ ਭੋਗਣ ਉਪਰੰਤ ਫਿਰ ਮਨੁੱਖਾ ਜਨ ਮਿਲਦਾ ਹੈ।

੪. ਬੁਧ ਧਰਮ ਅਨੁਸਾਰ ਆਤਮਾ ਦੀ ਕੋਈ ਹੋਂਦ ਨਹੀ, ਇਸ ਲਈ ਕਰਮਾਂ ਕਰਕੇ ਹੀ ਅਗਲਾ ਜਨਮ ਮਿਲਦਾ ਹੈ।

ਸੋ, ਅਸੀਂ ਦੇਖਦੇ ਹਾਂ ਕਿ ਇਸ ਵਿਸ਼ਵਾਸ ਬਾਰੇ ਵੱਖ-ਵੱਖ ਮਤ, ਵੱਖ-ਵੱਖ ਦ੍ਰਿਸ਼ਟੀਕੋਣ ਰੱਖਦੇ ਹਨ। ਸਿੱਖ ਮਤ ਉਪਰੋਕਤ ਚਾਰੇ ਮਤਾਂ ਵਿਚੋਂ ਕਿਸ ਮਤ ਨਾਲ ਸਾਂਝ ਰੱਖਦਾ, ਇਸਦਾ ਨਿਰਣਾ ਕਰ ਸਕਣਾ ਬਹੁਤ ਹੀ ਮੁਸ਼ਕਲ ਕੰਮ ਹੈ। (ਕਿਉਂਕਿ) ਗੁਰਬਾਣੀ ਵਿੱਚ ਮਨੁੱਖ ਜੀਵਨ ਦੀ ਨਿਰੰਤਰਤਾ ਨੂੰ ਸਵੀਕਾਰ ਕੀਤਾ ਗਿਆ ਹੈ। ਪ੍ਰਮਾਣ:

ਕਈ ਜਨਮ ਭਏ ਕੀਟ ਪਤੰਗਾ।। ਕਈ ਜਨਮ ਗਜ ਮੀਨ ਕੁਰੰਗਾ।।

ਕਈ ਜਨਮ ਪੰਖੀ ਸਰਪ ਹੋਇਓ।। ਕਈ ਜਨਮ ਹੈਵਰ ਬ੍ਰਿਖ ਜੋਇਓ।।

(ਗਉੜੀ ਗੁਆਰੇਰੀ, ਮ: ੫, ੧੭੬)

ਚੌਰਾਸੀ ਲੱਖ ਜੂਨਾਂ ਦੀ ਗੱਲ ਵੀ ਗੁਰਬਾਣੀ ਵਿੱਚ ਕਈ ਥਾਂ ਮਿਲਦੀ ਹੈ। ਗੁਰਵਾਕ ਹੈ:

ਲਖ ਚਉਰਾਸੀਹ ਜੀਅ ਉਪਾਏ।। (ਮਾਝ ਮ: ੩, ੧੧੧)

ਜੇ ਗੁਰਬਾਣੀ ਦਾ ਗਹੁ ਨਾਲ ਅਧਿਐਨ ਕਰੀਏ ਤਾਂ ਸਮਝ ਆਉਂਦੀ ਹੈ ਕਿ ਗੁਰਬਾਣੀ ਰਾਹੀਂ ਗੁਰਮਤ ਨੂੰ ਬੜੀ ਸਰਲ ਭਾਸ਼ਾ ਅਤੇ ਪ੍ਰਚਲਿਤ ਮੁਹਾਵਰੇ ਦੁਆਰਾ ਬਿਆਨ ਕੀਤਾ ਗਿਆ ਹੈ। ਗੁਰਬਾਣੀ ਦਾ ਮੁਹਾਵਰਾ ਭਾਰਤੀ ਧਰਮਾਂ ਵਾਲਾ ਹੋਣ ਦੇ ਬਾਵਜੂਦ, ਅਰਥਾਂ ਵਿੱਚ ਨਿਆਰਾ ਹੈ। ਗੁਰੂ ਸਾਹਿਬਾਨ ਮਨੁੱਖ ਨੂੰ ਚੰਗੇ ਕਰਮ ਕਰਨ ਦੀ ਸਿੱਖਿਆ ਦੇ ਰਹੇ ਸਨ। ਉਨ੍ਹਾਂ ਲਈ ਪਰਲੋਕ ਤੋਂ ਕਿਤੇ ਵੱਧ, ਲੋਕ ਦਾ ਮਹੱਤਵ ਹੈ। ਪਰ, ਜੇ ਸਰੋਤੇ/ਪਾਠਕ ਪਰਲੋਕ ਦੇ ਡਰ ਕਾਰਣ ਹੀ ਚੰਗੇ ਕਰਮ ਕਰਦੇ ਹਨ ਤਾਂ ਆਵਗਉਣ, ਨਰਕ-ਸੁਰਗ ਜਾਂ ਯਮਾਂ ਦੀ ਮਾਰ ਦਾ ਮੁਹਾਵਰਾ ਪ੍ਰਯੋਗ ਵਿੱਚ ਲਿਆਂਦਾ ਗਿਆ ਹੈ। ਮਨੋਰਥ ਇੱਕ ਹੀ ਹੈ ਕਿ ਅਸੀਂ ਬੁਰੇ ਕਰਮਾਂ ਤੋਂ ਬਚ ਕੇ ਚੰਗੇ ਕਰਮ ਹੀ ਕਰੀਏ।




.