.

ਪੰਥਕ ਪੱਧਰ ਦੇ ਪੰਜ ਪਿਆਰੇ?

ਰੁੱਤਬਾ ਅਤੇ ਕਾਰਜ ਸੀਮਾਂ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਸੰਨ 1715 ਤੋਂ ਅਜਤੀਕ- ਸੰਨ 1715, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਗ੍ਰਿਫ਼ਤਾਰੀ ਤੋਂ ਅਰੰਭ ਹੋ ਕੇ ਅਜ ਜੋ ਪੰਥ ਅੰਦਰ ਚਲ ਰਿਹਾ ਹੈ, ਇਹ ਪੰਜ ਪਿਆਰਾ ਸਿੱਸਟਮ, ਗੁਰੂ ਪਾਤਸ਼ਾਹ ਰਾਹੀਂ ਬਖਸ਼ਿਆ ਹੋਇਆ ਪੰਜ ਪਿਆਰਾ ਸਿੱਸਟਮ ਨਹੀਂ। ਇਸੇ ਦਾ ਨਤੀਜਾ ਹੈ ਕਿ ਵੱਕਤ ਦੇ ਨਾਲ, ਅਜ ਪੰਥ ਪੂਰੀ ਤਰ੍ਹਾਂ ਦਿਸ਼ਾ ਹੀਣ ਹੋ ਚੁਕਾ ਹੈ। ਇਸੇ ਦਾ ਨਤੀਜਾ ਹੈ ਕਿ ‘ਗੁਰੂ ਗ੍ਰੰਥ ਸਾਹਿਬ’ ਦਾ ਪੰਥ ਤਾਂ ਕਿੱਧਰੇ ਨਜ਼ਰ ਨਹੀਂ ਆ ਰਿਹਾ ਪਰ ਘਰ-ਘਰ ਦੇ ਪੰਥਾਂ ਅਤੇ ਬੰਦੇ-ਬੰਦੇ ਦੇ ਪੰਥਾਂ ਦੀਆਂ ਡਾਰਾਂ ਲਗੀਆਂ ਹਨ। ਤਾਂਤੇ ਜ਼ਰੂਰੀ ਹੈ, ਮਸਲੇ ਦੀ ਤਹਿ ਤੀਕ ਪੁੱਜਣ ਲਈ ਗੁਰੂ ਭਯ `ਚ ਰਹਿੰਦੇ ਹੋਏ, ਹਰ ਪਖੋਂ ਗਹਿਰਾਈ `ਚ ਜਾਵੀਏ, ਸ਼ਾਇਦ ਗਲ ਸਮਝ `ਚ ਆ ਸਕੇ। ਜੇਕਰ ਅਜੇ ਵੀ ਢਿੱਲ ਕੀਤੀ ਤਾਂ ਭਨਿਆਰਿਆਂ, ਅਸ਼ੂਤੋਸ਼ਾਂ, ਗੁਰੂਡਮਾਂ, ਅਖੌਤੀ ਦਸਮ-ਗ੍ਰੰਥਾਂ ਤੋਂ ਪੰਥ ਨੂੰ ਨਹੀਂ ਬਚਾਇਆ ਜਾ ਸਕੇਗਾ। ਇਹ ਸੱਚਾਈ ਹੈ ਕਿ ਅਜੇ ਬੀਜ ਨਾਸ ਨਹੀਂ ਹੋਇਆ ਪਰ ਹਰੇਕ ਸਿੱਖ ਦੇ ਅੰਦਰੋਂ ਲਗਭਗ ਸਿੱਖੀ ਮੁੱਕ ਚੁਕੀ ਹੈ, ਕੇਵਲ ਕੁੱਝ ਸ਼ਕਲਾਂ ਦਿੱਸ ਰਹੀਆਂ ਹਨ ਅਤੇ ਉਹ ਵੀ ਜਾ ਰਹੀਆਂ ਹਨ।

ਪੰਜ ਪਿਆਰਿਆਂ ਦੀ ਸਥਾਪਨਾ- 6 ਅਕਤੂਬਰ ਸੰਨ 1708- ਦੱਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ ਤੇ ਦਸਮੇਸ਼ ਜੀ ਨੇ ਵਿਸ਼ੇਸ਼ ਸਮਾਗਮ ਕੀਤਾ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਤਾਬਿਆ ਪੰਜ ਪਿਆਰਿਆਂ ਨੂੰ ਖੜਾ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਨਮੁਖ ਮੱਥਾ ਟੇਕ ਦਿੱਤਾ। ਸਪੱਸ਼ਟ ਕਰ ਦਿੱਤਾ ਕਿ ਗੁਰਬਾਣੀ ਦਾ ਖਜ਼ਾਨਾ ਸੰਪੂਰਣ ਹੋ ਚੁਕਾ ਹੈ ਅਤੇ ਇਸ ਦਾ ਸਰੂਪ ਹਨ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’। ਅਜ ਤੋਂ ਬਾਦ ‘ਗੁਰੂ’ ਕੇਵਲ ਅਤੇ ਕੇਵਲ “ਗੁਰੂ ਗਰੰਥ ਸਾਹਿਬ ਜੀ ਹੀ ਹਨ” ਅਤੇ ਗੁਰਬਾਣੀ ਤੌਂ ਪ੍ਰਾਪਤ ਜੁਗਤ ਅਨੁਸਾਰ ਹੀ, ਪੰਜ ਪਿਆਰਿਆਂ ਨੇ ਗੁਰਬਾਣੀ ਦੀ ਤਾਬਿਆ ਰਹਿਕੇ ਪੰਥ ਦੀ ਅਗਵਾਈ ਕਰਨੀ ਹੈ। ਇਸ ਸਮੇਂ ਆਪ ਦਾ ਫ਼ੁਰਮਾਨ ਸੀ- ਪੂਜਾ ਅਕਾਲਪੁਰਖੁ ਕੀ -ਪਰਚਾ ਸ਼ਬਦ ਕਾ - ਦੀਦਾਰ ਖ਼ਾਲਸੇ ਕਾ। ਇਹ ਸੀ ਉਹ ਪੰਥਕ ਕੋਡ ਜੋ ਦਸਮੇਸ਼ ਜੀ ਨੇ ਪੰਜ ਪਿਆਰਿਆਂ ਉਪਰ ਲਾਗੂ ਕੀਤਾ।

‘ਪੰਥਕ ਕੋਡ’ ਬਾਰੇ- (੧) ਪੂਜਾ ਅਕਾਲਪੁਰਖੁ ਕੀ: ਪੰਥ ਪ੍ਰਵਾਣਤ ਪੰਜ ਪਿਆਰਿਆਂ ਰਾਹੀਂ ਕੀਤੇ ਆਦੇਸ਼, ਕੇਵਲ `ਤੇ ਕੇਵਲ ਕਰਤੇ ਦੇ ਭਯ `ਚ ਰਹਿਕੇ ਹੀ ਹੋਣੇ ਹਨ; ਕਿਸੇ ਦਬਾਅ, ਚਾਪਲੂਸੀ, ਮੌਕਾ ਪ੍ਰਸਤੀ, ਆਪਸੀ ਰੰਜਸ਼ ਜਾਂ ਸੁਆਰਥ ਵੱਸ ਨਹੀਂ ਹੋਣੇ। (੨) ਪਰਚਾ ਸ਼ਬਦ ਕਾ: ਅਜੇਹੇ ਪੰਥਕ ਆਦੇਸ਼ ਕੇਵਲ ਅਤੇ ਕੇਵਲ ਬਾਣੀ ਜੀਵਨ-ਜਾਚ ਤੇ ਗਿਆਨ ਦੇ ਦਾਇਰੇ `ਚ ਹੀ ਹੋਣੇ ਹਨ। ਸਪੱਸ਼ਟ ਹੈ ਅਜੇਹੇ ਪੰਜ ਪਿਆਰਿਆਂ ਲਈ ਕੇਵਲ ‘ਪਾਹੁਲ ਪ੍ਰਾਪਤ’ ਹੋਣਾ ਜਾਂ ਅਜ ਦੀ ਬਣ ਚੁਕੀ ਬੋਲੀ ਮੁਤਾਬਕ ਕੇਵਲ ‘ਅੰਮ੍ਰਿਤਧਾਰੀ ਹੋਣਾ’ ਹੀ ਕਾਫ਼ੀ ਨਹੀਂ। ਉਨ੍ਹਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਅੰਦਰ ਬਾਣੀ ਸੋਝੀ ਇੰਨੀ ਪ੍ਰਬਲ ਹੋਵੇ ਕਿ ਉਨ੍ਹਾਂ ਦਾ ਕੀਤਾ ਜਾਂ ਦਿੱਤਾ ਕੋਈ ਵੀ ਪੰਥਕ ਫ਼ੈਸਲਾ-ਸੇਧ, ਬਾਣੀ ਦਾਇਰੇ ਤੋਂ ਬਾਹਰ ਨਾ ਜਾਂਦੀ ਹੋਵੇ (੩) ਦੀਦਾਰ ਖਾਲਸੇ ਕਾ: ਪੰਥਕ ਪੱਧਰ ਤੇ ਪੰਜ ਪਿਆਰਿਆਂ ਦੀ ਸੇਵਾ ਨੂੰ ਨਿਭਾ ਰਹੇ ਸੱਜਣ; ਸਰੂਪ ਪਖੋਂ ਪੂਰਨ ਕੱਕਾਰ ਧਾਰੀ, ‘ਖੰਡੇ ਦੀ ਪਾਹੁਲ’ ਪ੍ਰਾਪਤ ਤਾਂ ਹੋਣਗੇ ਹੀ; ਇਸਦੇ ਨਾਲ ਉਨ੍ਹਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਲੋਕ, ਨਿਰੰਤਰ ਬਾਣੀ ਜੀਵਨ-ਸੇਧ `ਚ ਜੀਅ ਰਹੇ ਹੋਣ। ਸਰੂਪ ਹੀਣੇ, ਜਾਂ ਸਰੂਪ ਤਾਂ ਹੈ ਪਰ ਬਾਣੀ ਸੇਧ-ਜੀਵਨ ਤੋਂ ਹੀਣੇ ਵੱਕਤ ਟਪਾਊ ਲੋਕ ਇਸ ਪੱਦਵੀ ਤੇ ਨਹੀਂ ਆ ਸਕਦੇ।

ਪੰਜ ਪਿਆਰਿਆਂ ਦੀ ਕਾਰਜ ਸੀਮਾਂ- ਇਸਤਰ੍ਹਾਂ ਸਮੇਂ-ਸਮੇਂ ਤੇ ਲੋੜ ਅਨੁਸਾਰ ਪੰਥ ਪੱਧਰ ਤੇ ਪ੍ਰਵਾਣਤ ਜਾਂ ਸਥਾਪਤ ਪੰਜ ਪਿਆਰਿਆਂ ਦੀ ਕਾਰਜ ਸੀਮਾਂ ਜਿਹੜੀ ਦਸਮੇਸ਼ ਜੀ ਨੇ ਪੱਕੀ ਕੀਤੀ, ਉਹ ਹੈ- ਪੂਜਾ ਅਕਾਲਪੁਰਖੁ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ- ਭਾਵ ਉਹ ਪੰਜ ਪਿਆਰੇ ਜਿਨ੍ਹਾਂ ਨੇ ਗੁਰਬਾਣੀ ਦੀ ਜੁੱਗਤ ਨੂੰ ਵਰਤਾਉਣਾ ਹੈ, ਉਨ੍ਹਾਂ ਲਈ ਕਾਰਜ ਸੀਮਾਂ ਕਦੇ ਨਹੀਂ ਬਦਲ ਸਕਦੀ ਅਤੇ ਇਹ ਕਾਰਜ ਸੀਮਾਂ ਨੰਬਰਵਾਰ ਇਸਤਰ੍ਹਾਂ ਅਤੇ ਸਦੀਵੀ ਹੈ:-

(ੳ) ਗੁਰਬਾਣੀ ਜੁੱਗਤ ਨੂੰ, ਕੇਵਲ ਅਕਾਲਪੁਰਖੁ ਦੇ ਭਯ `ਚ ਰਹਿਕੇ ਹੀ ਵਰਤਾਉਣਾ ਹੈ। ਕਿਸੇ ਹੋਰ ਦੇ ਭਯ, ਚਾਪਲੂਸੀ, ਪੱਖਪਾਤ, ਖੁੰਦਕ ਅਧੀਨ ਹੋਕੇ ਜਾਂ ਕਿਸੇ ਸੁਆਰਥ ਵੱਸ ਨਹੀਂ। ਦਰਅਸਲ ਗੁਰਬਾਣੀ ਹੀ ਅਕਾਲਪੁਰਖੁ ਦਾ ਸ਼ੁੱਧ ਪ੍ਰਗਟਾਵਾ ਵੀ ਹੈ।

(ਅ) ਇਹਨਾਂ ਪੰਜਾਂ ਵਾਸਤੇ ਕੇਵਲ ‘ਖੰਡੇ ਦੀ ਪਾਹੁਲ’ ਦਾ ਧਾਰਨੀ ਹੋਣਾ ਕਾਫ਼ੀ ਨਹੀਂ, ਬਲਕਿ ਇਹ ਪੰਜ ਪਿਆਰੇ ਬਾਣੀ ਦੇ ਧੁਰੰਧਰ ਵਿਦਵਾਨ ਹੋਣੇ ਵੀ ਜ਼ਰੂਰੀ ਹਨ ਤਾਕਿ ਇਨ੍ਹਾਂ ਦਾ ਦਿੱਤਾ ਜਾਂ ਕੀਤਾ ਫੈਸਲਾ-ਸੇਧ, ਬਾਣੀ ਵਿਚਾਰਧਾਰਾ (ਜੁਗਤਿ) ਤੋਂ ਬਾਹਰ ਨਾ ਜਾਂਦਾ ਹੋਵੇ।

(ੲ) ਇਹ ਪੰਜ ਪਿਆਰੇ ਨਿਜੀ ਜੀਵਨ ਅਤੇ ਸਰੂਪ ਭਾਵ ਦੋਹਾਂ ਪੱਖਾਂ ਤੋਂ ਦਿਦਾਰੀ ਹੋਣੇ ਹਨ। ਉਨ੍ਹਾਂ ਦਾ ਕੇਵਲ ਪੰਜ ਕਕਾਰੀ ਹੋਣਾ ਹੀ ‘ਦੀਦਾਰੀ ਹੋਣ ਲਈ ਕਾਫ਼ੀ ਨਹੀਂ, ਇਨ੍ਹਾਂ ਦਾ ਅਪਣੇ ਨਿੱਤ ਦੇ ਜੀਵਨ `ਚ ਵੀ ਗੁਰਬਾਣੀ ਜੀਵਨ-ਜਾਚ `ਚ ਵਿੱਚਰਦੇ ਹੋਣਾ ਜ਼ਰੂਰੀ ਹੈ। ਇਹ ਵੀ ਨਹੀਂ ਕਿ ਉਨ੍ਹਾਂ ਵਿਚੋਂ ਕੋਈ ਜਾਂ ਕੁੱਝ ਵਿਅਕਤੀ ਆਪ ਹੀ ਕਿਸੇ ਅਖੌਤੀ ਸੰਤ, ਸਾਧ, ਮਹਾਰਾਜ, ਭਾਈ ਸਾਹਿਬ ਦੇ ਦਾਇਰੇ `ਚ ਫ਼ਸੇ ਹੋਣ, ਅਜੇਹੇ ਪੰਜ ਪਿਆਰੇ ਪੰਥ ਦੀ ਸੰਭਾਲ ਤਾਂ ਦੂਰ ਉਲਟ ਤਬਾਹੀ ਦਾ ਕਾਰਣ ਵੀ ਬਣ ਸਕਦੇ ਹਨ ਅਤੇ ਬਣ ਵੀ ਰਹੇ ਹਨ।

ਪੰਜ ਪਿਆਰਿਆਂ ਨੇ ਜੁੱਗਤ ਵਰਤਾਉਣੀ ਹੈ, ਬਨਾਉਣੀ ਨਹੀਂ- ਦਸਮੇਸ਼ ਜੀ ਦੀ ਜੀਵਨੀ ਤੋਂ, ਇਹ ਗਲ ਭਲੀ ਭਾਂਤ ਉਘੜ ਕੇ ਸਾਹਿਮਣੇ ਆਉਂਦੀ ਹੈ ਕਿ ‘ਜੁੱਗਤ ਬਨਾਉਣੀ’ ਹੋਰ ਗਲ ਹੈ ਅਤੇ ‘ਜੁਗੱਤ ਵਰਤਾਉਣੀ’ ਦੂਜੀ ਗਲ ਹੈ। “ਜੋਤਿ ਓਹਾ ਜੁਗਤਿ ਸਾਇ “ (ਪੰ: 966) ਗੁਰਬਾਣੀ ਦੇ ਫ਼ੁਰਮਾਨ ਅਤੇ 6 ਅਕਤੂਬਰ ਸੰਨ 1708 ਵਾਲੀ ਇਤਿਹਾਸਕ ਘੱਟਣਾ-ਜਦੋਂ ਪਾਤਸ਼ਾਹ ਨੇ ਗੁਰਬਾਣੀ ਦੇ ਸਰੂਪ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਉਪਰ ਸੰਪੂਰਣਤਾ ਦੀ ਮੋਹਰ ਲਗਾ ਦਿੱਤੀ। ਸਾਫ਼ ਕਰ ਦਿੱਤਾ ਕਿ ਨਾ ਹੀ ਜੋਤ ਰੂਪ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬਾਣੀ `ਚ ਵਾਧਾ-ਘਾਟਾ ਹੋ ਸਕਦਾ ਹੈ ਅਤੇ “ਜੁਗਤਿ ਸਾਇ” ਅਨੁਸਾਰ ਨਾ ਹੀ ਇਸ ਸਰੂਪ ਤੋਂ ਪ੍ਰਗਟ ਹੋਣ ਵਾਲੀ ‘ਜੀਵਨ ਜੁੱਗਤ, ਜੀਵਨ-ਜਾਚ’ `ਚ ਹੀ। “ਜੋਤਿ ਓਹਾ ਜੁਗਤਿ ਸਾਇ” ਵਾਲਾ ਫ਼ੁਰਮਾਨ ਇਸੇ ਸੱਚਾਈ ਦੀ ਪੁਸ਼ਟੀ ਕਰ ਰਿਹਾ ਹੈ। ਇਸਲਈ ਗੁਰਬਾਣੀ ਵਿਚਲੀ ਸਦੀਵੀ ਜੁਗਤ ‘ਜੁਗਤਿ ਸਾਇ’ ਨੂੰ ਪੰਜ ਪਿਆਰੇ ਕਦੇ ਵੀ ਬਦਲਣ ਦਾ ਹੱਕ ਨਹੀਂ ਰਖਣਗੇ।

ਜੁਗਤ ਬਨਾਉਣ ਦਾ ਹੱਕ ਗੁਰੂ ਕੋਲ ਸੀ ਪੰਜ ਪਿਆਰਿਆਂ ਕੋਲ ਨਹੀਂ ਹੈ- ਇਤਿਹਾਸ ਦੇ ਝਰੋਖੇ ਚੋਂ ਜੁਗਤ ਬਾਨਾਉਣ ਤੇ ਵਰਤਾਉਣ ਵਾਲੀ ਸੱਚਾਈ ਨੂੰ ਸਹਿਜੇ ਹੀ ਦੇਖ ਸਕਦੇ ਹਾਂ। ਮਿਸਾਲ ਵਜੋਂ (1) ਵਿਸਾਖੀ ਸੰਨ 1699 ਤੀਕ ਸਿੱਖ ਧਰਮ `ਚ ਪ੍ਰਵੇਸ਼ ਦਾ ਢੰਗ `ਚਰਣ ਪਾਹੁਲ’ ਸੀ ਪਰ ਪੰਜ ਪਿਆਰਿਆਂ ਦੇ ਰੂਪ `ਚ ਇਸ ਸੇਵਾ ਨੂੰ ਪੰਥ ਦੇ ਸਪੁਰਦ ਕਰਦੇ ਸਮੇਂ ਦਸਮੇਸ਼ ਜੀ ਨੇ `ਚਰਣਪਾਹੁਲ’ ਨੂੰ ‘ਖੰਡੇ ਦੀ ਪਾਹੁਲ’ `ਚ ਬਦਲ ਦਿੱਤਾ। ਹਾਲਾਂਕਿ ਮੱਕਸਦ ਉਹੀ ਸੀ ‘ਜਗਿਆਸੂ ਦੇ ਜੀਵਨ ਨੂੰ ਗੁਰਬਾਣੀ ਗੁਰੂ ਦੇ ਲੜ ਲਾਉਣਾ’। ਉਪਰੰਤ ‘ਖੰਡੇ ਦੀ ਪਾਹੁਲ’ ਵਾਲਾ ਢੰਗ ਸਦੀਵੀ ਹੈ, ਰਹਿੰਦੀ ਦੁਨੀਆ ਤੀਕ ਇਸ `ਚ ਤੱਬਦੀਲੀ ਨਹੀਂ ਹੋ ਸਕਦੀ। (2) ਸਿੱਖ ਧਰਮ `ਚ ਪ੍ਰਵੇਸ਼ ਉਪਰੰਤ ਨਾਵਾਂ `ਚ ਤਬਦੀਲੀ ਨਹੀਂ ਸੀ ਹੁੰਦੀ। ਵਿਸਾਖੀ ਸੰਨ 1699 ਤੋਂ ਅਰੰਭ ਹੋਕੇ ਹਰੇਕ ਸਿੱਖ ਵੀਰ ਜਾਂ ਬੀਬੀ ਦੇ ਨਾਮ ਨਾਲ ‘ਸਿੰਘ’ `ਤੇ ‘ਕੌਰ’ ਨੂੰ ਪੱਕਾ ਕਰ ਦਿੱਤਾ, ਉਸ ਨਾਲੋਂ ਪੁਰਾਣੀ ਜਾਤ-ਗੋਤ ਵਾਲੀ ਪਛਾਣ ਖੱਤਮ ਕਰ ਦਿਤੀ ਗਈ। ਉਪਰੰਤ ਗੁਰੂ ਕੇ ਸਿੱਖਾਂ ਦੇ ਨਾਵਾਂ ਲਈ ਇਹ ਤਬਦੀਲੀ ਸਦੀਵ ਕਾਲੀ ਹੈ।

ਦੇਖਣ ਦੀ ਗਲ ਹੈ, ਇਨ੍ਹਾਂ ਦੋਨਾਂ ਤਬਦੀਲੀਆਂ ਦਾ ਸੰਬੰਧ ਪੰਥਕ ਜੁਗਤ ਨੂੰ ਘੜਣ ਨਾਲ ਹੈ ਅਤੇ ਹੱਕ ਕੇਵਲ ਦਸਾਂ ਸਰੂਪਾਂ ਤਕ ਸੀਮਤ ਸੀ। ਉਪਰੰਤ ਪੰਥ ਪ੍ਰਵਾਣਤ ਪੰਜ ਪਿਆਰਿਆਂ ਕੋਲ ਅਜੇਹਾ ਹੱਕ, ਨਾ ਹੈ-ਨਾ ਹੋਵੇਗਾ। ਹੋਰ ਲਵੋ! ਸਮਝਣ ਦਾ ਵਿਸ਼ਾ ਹੈ ਕਿ ਗੁਰੂ, ਸਰਬ ਸਮ੍ਰਥ ਹੈ। ਗੁਰੂ-ਗੁਰਬਾਣੀ ਘੜ ਸਕਦਾ ਹੈ, ਦੂਜਿਆਂ ਦੀਆਂ ਰਚਨਾਵਾਂ ਨੂੰ ਪ੍ਰਵਾਨ ਕਰਕੇ ਅਪਣੀ ਬਰਾਬਰੀ ਦੇ ਸਕਦਾ ਹੈ, ਜਿਵੇਂ 15 ਭਗਤਾਂ, 11 ਭੱਟਾਂ `ਤੇ ਤਿੰਨ ਸਿੱਖਾਂ ਦੀਆਂ ਰਚਨਾਵਾਂ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਪੰਜਵੇਂ ਪਾਤਸ਼ਾਹ ਨੇ ਆਪ ਦਰਜ ਕੀਤੀਆਂ। ਇਸਤੋਂ ਇਲਾਵਾ ਜੇਕਰ ਗੁਰਬਾਣੀ ਨੂੰ ਸੰਪੂਰਣਤਾ ਦਿੱਤੀ ਤਾਂ ਉਹ ਵੀ ਗੁਰੂ ਨੇ ਆਪ ਦਿਤੀ। ਇਸਤਰ੍ਹਾਂ ਗੁਰੂ ਨੂੰ ਹੱਕ ਹੈ ਕਿ ਨਵੀਂ ਜੁਗਤ ਘੜ ਸਕਦਾ ਹੈ, ਉਸ `ਚ ਤਬਦੀਲੀ ਕਰਕੇ ਉਸਨੂੰ ਵਰਤਾ ਸਕਦਾ ਹੈ। ਪਰ ਪੰਥ ਜਾਂ ਪੰਥਕ ਪੱਧਰ ਦੇ ਪੰਜ ਪਿਆਰਿਆਂ ਕੋਲ ਗੁਰਬਾਣੀ ਜਾਂ ਗੁਰਬਾਣੀ ਜੁਗਤ ਨੂੰ ਘੜਣ ਦਾ ਹੱਕ ਨਹੀਂ। ਪੰਥ ਪੱਧਰ ਦੇ ਪ੍ਰਵਾਣਤ ਜਾਂ ਸਥਾਪਤ ‘ਪੰਜ ਪਿਆਰੇ’ ਅਜੇਹੇ ਜੁਗਤ ਬਨਾਉਣ ਦੇ ਕਾਰਜ ਨਹੀਂ ਕਰ ਸਕਦੇ, ਇਹ ਤਾਂ ਕੇਵਲ ਬਾਣੀ ਦੇ ਦਾਇਰੇ `ਚ ਰਹਿਕੇ ਗੁਰਬਾਣੀ ਦੀ ਸਦੀਵੀ ਜੁਗਤ ਨੂੰ ‘ਸਮੂਹਕ ਪੰਜ ਪਿਆਰਿਆਂ’ ਦੇ ਰੂਪ `ਚ ਪੰਥਕ ਕੋਡ ਅਨੁਸਾਰ ਵਰਤਾ ਸਕਦੇ ਹਨ।

‘ਪੰਥ ਗੁਰੂ’ ਨਹੀਂ ਬਲਕਿ ‘ਗੁਰੂ ਕਾ ਪੰਥ’ -ਇਥੋਂ ਇਹ ਗਲ ਸਾਫ਼ ਹੋ ਜਾਣੀ ਚਾਹੀਦੀ ਹੈ ਜਦੋਂ ਅਸੀਂ ਇਹ ਮੰਨ ਬੈਠਦੇ ਹਾਂ ਕਿ ‘ਪੰਥ ਹੀ ਗੁਰੂ ਹੈ’ ਜਾਂ ‘ਗੁਰੂ ਪੰਥ ਹੈ’ -ਇਹ ਦੋਵੇਂ ਗਲਾਂ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ। ਇਸਦੇ ਉਲਟ ਜਦੋਂ ਸੱਚਾਈ ਉਘੜ ਕੇ ਆਉਂਦੀ ਹੈ ਤਾਂ ਅਸਲ ਲਫ਼ਜ਼ ਸਾਬਤ ਹੁੰਦਾ ਹੈ ‘ਗੁਰੂ ਕਾ ਪੰਥ’ ਜਾਂ ‘ਗੁਰੂ ਗ੍ਰੰਥ ਦਾ ਪੰਥ’। ਸ਼ਾਇਦ ਵੱਕਤ ਦੀ ਦੌੜ ਨਾਲ ਅਸੀਂ ਇਸ ਵਿਚੋਂ ‘ਕਾ’ ਲਫ਼ਜ਼ ਵਿਸਾਰ ਬੈਠੇ ਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ‘ਗੁਰੂ ਪੰਥ’। ਦੂਜੇ ਲਫ਼ਜ਼ਾਂ `ਚ ਜੇਕਰ ਸੱਚਮੁਚ ‘ਪੰਥ’ ਆਪ ਹੀ ਗੁਰੂ ਹੈ ਤਾਂ ਪੰਥ ਨੂੰ ‘ਗੁਰੂ’ ਦੀ ਲੋੜ ਕਿੱਥੇ ਰਹਿ ਜਾਂਦੀ ਹੈ ਪਰ ਅਜੇਹਾ ਮੰਨ ਲੈਣਾ ਜਾਂ ਕਹਿਣਾ, ਤਿੰਨ ਕਾਲ ਸੰਭਵ ਨਹੀਂ-ਗੁਰੂ ਤੋਂ ਬਿਨਾਂ ਪੰਥ ਦੀ ਹੋਂਦ ਹੀ ਨਹੀਂ ਰਹਿ ਜਾਂਦੀ। ਵੱਡੀ ਲੋੜ ਹੈ, ‘ਜੁਗਤਿ ਬਨਾਉਣ’ ਅਤੇ ‘ਜੁਗਤ ਵਰਤਾਉਣ’ ਵਾਲੇ ਮੁੱਢਲੇ ਫਰਕ ਨੂੰ ਸਮਝ ਕੇ ਸੱਚਾਈ ਤੀਕ ਪੁੱਜਣ ਦੀ, ਇਸਤਰ੍ਹਾਂ ਪੰਥ `ਤੇ ਗੁਰੂ ਜਾਂ ‘ਗੁਰੂ ਗ੍ਰੰਥ’ ਵਾਲੇ ਮੁੱਢਲੇ ਫ਼ਰਕ ਨੂੰ ਭਲੀ ਭਾਂਤ ਸਮਝਣ ਦੀ।

ਗੁਰਬਾਣੀ ਗੁਰੂ ਦੀ ਗਲ ਪਹਿਲੇ ਜਾਮੇ ਤੋਂ ਹੀ- ਗੁਰਬਾਣੀ ਦੇ ਗੁਰੂ ਹੋਣ ਵਾਲੀ ਗਲ ਪਹਿਲੇ ਜਾਮੇ ਤੋ ਹੀ ਸਾਫ਼ ਕੀਤੀ ਜਾ ਰਹੀ ਸੀ, ਇਸ ਰੱਬੀ ਸੱਚਾਈ ਨੂੰ ਗੁਰਬਾਣੀ ਵਿੱਚ ਹੀ ਸੈਂਕੜੇ ਵਾਰੀ ਪ੍ਰਗਟ ਕੀਤਾ ਜਾ ਚੁਕਾ ਸੀ। ਵਿਸਾਖੀ ਸੰਨ 1699 ਨੂੰ ਤਾਂ ਕੇਵਲ ਸਰੂਪ ਦੀ ਸੰਪੂਰਣਤਾ ਅਤੇ ਇਥੇ ਬਿਆਨੇ ਪੰਜ ਪਿਆਰਿਆਂ ਦੇ ਰੂਪ `ਚ ‘ਗੁਰੂ ਗ੍ਰੰਥ’ ਦੀ ਤਾਬਿਆ ਭਾਵ ਸੇਧ ਜਾਂ ਜੀਵਨ-ਜਾਚ ਅਨੁਸਾਰ ਚਲਣ ਦਾ ਹੀ ਇਲਾਨ ਸੀ। ਸਪਸ਼ੱਟ ਕੀਤਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਦਰਜ ਬਾਣੀ ਹੀ ਸਿੱਖ ਸੰਗਤਾਂ ਵਾਸਤੇ ‘ਗੁਰੂ’ ਹੈ ਉਸਤੋਂ ਅਗੇ ਪਿਛੇ ਨਹੀਂ ਹੋਣਾ (ਪਰਚਾ ਸ਼ਬਦ ਕਾ)। ਮੱਤਲਬ, ਸਿੱਖ ਨੇ ਇਸ ਗ੍ਰੰਥ ਵਿੱਚਲੇ ‘ਗੁਰਬਾਣੀ’ ਦੇ ਗਿਆਨ ਤੋਂ ਬਾਹਰ ਕਿਸੇ ਨੂੰ ‘ਗੁਰੂ’ ਕਰਕੇ ਨਾ ਮੰਣਨਾ ਹੈ `ਤੇ ਨਾ ਹੀ ਕਿਸੇ ਨੂੰ ‘ਗੁਰੂ’ ਤੁੱਲ ਜਾਣਨਾ ਹੈ। ‘ਬਾਣੀ ਗੁਰੂ’ ਵਾਲਾ ਸਿਧਾਂਤ ਪਹਿਲੇ ਜਾਮੇਂ ਤੋਂ ਹੀ ਦ੍ਰਿੜ ਕਰਵਾਇਆ ਜਾ ਰਿਹਾ ਸੀ। ਉਸਦੇ ਨਾਲ ਜੁੱਗਤ’ ਵਰਤਾਉਣ ਵਾਲੀ ਦੇਣ ਵਿਸਾਖੀ 1699 ਤੋਂ ਹਮੇਸ਼ਾਂ ਲਈ ‘ਪਾਹੁਲ ਪ੍ਰਾਪਤ’ ਪੰਜਾ ਦੇ ਰੂਪ `ਚ ਪੰਥ ਨੂੰ ਸੌਂਪ ਦਿੱਤੀ। ਉਪਰੰਤ ਇਸ ਪਖੋਂ ਪੰਥ ਦੀ ਤਿਆਰੀ ਵੀ ਦਸਮੇਸ਼ ਜੀ ਨੇ ਆਪ ਕਰਵਾਈ।

ਪੰਜ ਪਿਆਰੇ ਗੁਰੂ ਨਹੀਂ, ਗੁਰੂ ਮਿਲਾਵੇ ਹੁੰਦੇ ਹਨ- ਮੰਨ ਲਵੋ ਦੱਸ-ਵੀਹ ਜਗ੍ਹਾ ਤੇ ਇਕੋ ਸਮੇਂ ‘ਪਾਹੁਲ ਸੰਚਾਰ’ ਹੋ ਰਹੇ ਹਨ ਤਾਂ ਫ਼ਿਰ ਕੀ ਉਸ ਸਮੇਂ ਇਹ ਵੀ ਮੰਨ ਲਿਆ ਜਾਵੇ ਕਿ ਇਕੋ ਸਮੇਂ ਦੱਸ-ਵੀਹ ਗੁਰੂ ਕਾਰਜ ਸ਼ੀਲ ਹਨ। ਦਰ-ਅਸਲ ਅਜ ਸਾਨੂੰ ਅਪਣੀ ਬੋਲੀ ਵਲ ਧਿਆਨ ਦੇਣ ਦੀ ਲੋੜ ਹੈ ਜਿਹੜੀ ਕਿ ਅਸਾਂ ਅਪਣੀ ਲਾਪਰਵਾਹੀ ਕਾਰਨ ਕਈ ਪਖਾਂ ਤੋਂ ਵਿਗਾੜ ਲਈ ਹੈ। ਇਸੇ ਦਾ ਨਤੀਜਾ ਹੈ ਕਿ ਕਦਮ-ਕਦਮ ਤੇ ਅਸੀਂ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਨ, ਦੂਜਾ ਪੰਥ ਨੂੰ ਲਗਾਤਾਰ ਤੱਬਾਹੀ ਵਾਲੇ ਧੱਕਣ ਦਾ ਕਾਰਣ ਬਣੇ ਹੋਏ ਹਾਂ। ਚੇਤੇ ਰਖਣਾ ਚਾਹੀਦਾ ਹੈ ਕਿ ਸਾਡਾ ਗੁਰੂ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹਨ, ਦੂਜਾ ਕੋਈ ਨਹੀਂ। ਇਉਂ ਕਹਿ ਲਵੋ ਸਾਡਾ ਗੁਰੂ, ਅਕਾਲਪੁਰਖ ਦਾ ਉਹ ਸਦੀਵੀ ਗੁਣ ਹੈ ਜਿਸਤੋਂ ਬਿਨਾ ਮਨੁੱਖਾ ਜਨਮ ਦੀ ਸੰਭਾਲ ਹੀ ਸੰਭਵ ਨਹੀਂ। ਉਸ ‘ਗੁਰੂ’ ਤੋਂ ਬਿਨਾਂ ਨਾ ਹੀ ਸਾਨੂੰ ਮਨੁੱਖਾ ਜਨਮ ਦੀ ਸੋਝੀ ਆ ਸਕਦੀ ਹੈ ਨਾ ਸੰਭਾਲ ਕਰ ਸਕਦੇ ਹਾਂ। ਬਲਕਿ ਉਸ ਇਲਾਹੀ ਗੁਰੂ ਦੇ ਲੜ ਲਗੇ ਬਿਨਾ ਕਰਤਾਰ ਦੀ ਬਖਸ਼ਿਸ਼ ਵੀ ਹਾਸਲ ਨਹੀਂ ਹੋ ਸਕਦੀ। ਉਸੇ ਇਲਾਹੀ ਗੁਰੂ ਦਾ ਸ਼ੁਧ ਅਤੇ ਪ੍ਰਕਟ ਸਰੂਪ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ `ਤੇ ਉਸ ਅੰਦਰ ਦਰਜ ‘ਗੁਰਬਾਣੀ’ ਉਸ ਇਲਾਹੀ ਗੁਰੂ ਦਾ ਪ੍ਰਗਟਾਵਾ ਹੈ। ਇਸਤਰ੍ਹਾਂ ਪਾਹੁਲ ਸੰਚਾਰ ਸਮੇਂ ਪੰਜ ਪਿਆਰੇ ਗੁਰੂ ਦਾ ਕੇਵਲ ਮਿਲਾਵਾ ਹਨ, ਖੁੱਦ ਗੁਰੂ ਨਹੀਂ ਹਨ। ਇਸ ਨਾਲ ਸਾਨੂੰ ਇਹ ਵੀ ਚੇਤੇ ਰਖਣ ਦੀ ਲੋੜ ਹੈ ਜੇਕਰ ‘ਪਾਹੁਲ ਸੰਚਾਰ’ ਦੋਹਰਾਨ, ਸਮੇਂ ਦੇ ਪੰਜ ਪਿਆਰੇ ਵੀ ਜੇਕਰ ਗੁਰੂ ਨਾਲ ਜੋੜਣ ਦੀ ਬਜਾਏ ਇਧਰ-ਓਧਰ ਦੀਆਂ ਹੋਰ-ਹੋਰ ਗਲਾਂ `ਚ ਜੋੜ ਰਹੇ ਹਨ, ਕਿਸੇ ਸੰਤ-ਬਾਬੇ-ਮਹਾਰਾਜ ਜੀ ਵਲ ਖਿੱਚ ਰਹੇ ਹਨ, ਤਾਂ ਯਕੀਨਣ ਉਸ ਸਮੇਂ ਉਹ ਲੋਕ ਗੁਰੂ ਦੇ ਦੇਣਦਾਰ ਹਨ ਅਤੇ ਅਮਾਨਤ `ਚ ਖਿਆਨਤ ਕਰ ਰਹੇ ਹਨ। ਦਰਅਸਲ ਅਜ ਬਹੁਤਾ ਇਹੀ ਹੋ ਰਿਹਾ ਹੈ ਜਿਸਦਾ ਨਤੀਜਾ ਹੈ ਕਹਿਣ ਨੂੰ ਅਸੀਂ ਸਾਰੇ ‘ਗੁਰੂ ਗ੍ਰੰਥ ਸਾਹਿਬ’ ਦੇ ਸਿੱਖ ਹਾਂ ਪਰ ਪੰਥ ਖੇਰੂੰ-ਖੇਰੂੰ ਹੋਇਆ `ਤੇ ਘਰ-ਘਰ ਦੇ ਗੁਰੂ ਅਤੇ ਪੰਥ ਪ੍ਰਗਟ ਹੋ ਰਹੇ ਹਨ।

ਜੋਤ ਗ੍ਰੰਥ ਵਿਚ, ਜੁੱਗਤ ਪੰਥ ਵਿਚ- ‘ਗੁਰਬਾਣੀ’ ਦੀ ਜੁੱਗਤ ਭਾਵ ਜੀਵਨ-ਜਾਚ ਨੂੰ ਪੰਥ ਪ੍ਰਵਾਣਤ-ਸਥਾਪਤ ‘ਪੰਜ ਪਿਅਰਿਆਂ’ ਨੇ ਉਪਰ ਦਿਤੇ ਤਿੰਨਾਂ ਵਾਕਾਂ ਦੇ ਦਾਇਰੇ `ਚ ਰਹਿਕੇ ਹੀ ਵਰਤਾਉਣਾ ਹੈ। ਇਹੀ ਸੀ ਗੁਰਬਾਣੀ ਦੇ ਸੰਪੂਰਣ ਸਰੂਪ ਨੂੰ ਗੁਰਗੱਦੀ ਦਾ ਸੌਪਣਾ। ਇਹ ਕਹਿਣਾ ਗ਼ਲਤ ਹੈ ਕਿ ਦਸਮੇਸ਼ ਜੀ ਨੇ ਸਰੀਰ ਵਾਲੀ ਗਲ ਹੀ ਖ਼ੱਤਮ ਕਰ ਦਿੱਤੀ, ਇਹ ਗਲ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਪੰ: 966) ਵਾਲੇ ਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੀ। ਸੁਆਲ ਕੇਵਲ ਇੰਨਾ ਹੈ ਕਿ ਪੰਥ ਨੇ ਕਿਹੜਾ ਢੰਗ ਵਰਤਣਾ ਹੈ ਤਾਕਿ ਸਮੇਂ ਸਮੇਂ ਨਾਲ ਨੀਯਤ ਕੀਤੇ ‘ਪੰਜ ਪਿਆਰੇ’ “ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ” ਵਾਲੀ ਅਪਣੀ ਸੀਮਾਂ ਅਤੇ ਕੋਡ `ਚ ਰਹਿਕੇ ਕੰਮ ਕਰਨ।

ਗੁਰਬਾਣੀ ਗੁਰੂ ਦੀ ਗਲ ਪਹਿਲੇ ਜਾਮੇ ਤੋਂ ਹੀ ਪੱਕੀ ਕੀਤੀ ਜਾ ਚੁੱਕੀ ਸੀ। ਉਸ ਗੁਰੂ ਰੂਪੀ ਸਦੀਵੀ ਜੋਤ ਤੌ ਪ੍ਰਗਟ ਹੋਣ ਵਾਲੀ ਜੁੱਗਤ ਭਾਵ ‘ਜੀਵਨ ਜਾਚ’ ਵੀ ਸਦੀਵੀ ਅਤੇ ਬਾਣੀ ਦੇ ਅੰਦਰ ਹੀ ਸੀ। ਜੁੱਗਤ ਘੜ੍ਹਣ ਵਾਲੀ ਗਲ ਵੀ ਦਸਮੇਸ਼ ਜੀ ਰਾਹੀਂ ਸੰਪੂਰਣ ਹੋ ਚੁੱਕੀ ਸੀ। ਜੁੱਗਤ ਵਰਤਾਉਣ ਦੀ ਸਰੀਰਕ ਜਿੰਮੇਵਾਰੀ ਵੀ ਵਿਸਾਖੀ 1699 ਤੀਕ ਦੱਸ ਸਰੂਪਾਂ ਰਾਹੀ ਪਾਤਸ਼ਾਹ ਨੇ ਆਪ ਵਰਤਾਈ ਉਪਰੰਤ ਜੁਗਤ ਵਰਤਾਉਣ ਵਾਲੀ ਜ਼ਿਮੇਵਾਰੀ ਪੰਥ ਨੂੰ ਸੌਂਪ ਦਿਤੀ। ਫ਼ੈਸਲਾ ਦਿੱਤਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ ਅਕਾਲਪ੍ਰੁਰਖੁ ਅਤੇ ‘ਸ਼ਬਦ-ਬਾਣੀ’ ਦੇ ਸ਼ੁਧ ਸੰਪੂਰਨ ਸਰੂਪ ਹਨ। ਗੁਰਬਾਣੀ ਭਾਵ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਿਖਿਆ ਅਨੁਸਾਰ ਚਲੇ ਬਿਨਾ ਕੋਈ ਸਿੱਖ ਨਹੀਂ ਹੋ ਸਕਦਾ-ਬਸ ਇਹੀ ਹੈ ‘ਜੋਤ ਗ੍ਰੰਥ ਵਿੱਚ ਅਤੇ ਜੁੱਗਤ ਪੰਥ ਵਿਚ’। ਇਸਦਾ ਇਹ ਮਤਲਬ ਕਦੇ ਨਹੀਂ ਜਿਵੇਂ ਅਜ ਲਿਆ ਜਾ ਰਿਹਾ ਕਿ ਪੰਥ ਜਿਹੜੀ ਚਾਹੇ ਜਦੋਂ ਚਾਹੇ ਜੁਗਤ ਘੱੜ ਲਵੇ। ਦੇਖ ਚੁਕੇ ਹਾਂ ਕਿ ਜੁਗਤ ਘੜਣ ਦਾ ਹੱਕ ਜੁਗਤ ਵਰਤਾਉਣ ਵਾਲੇ ‘ਪੰਜ ਪਿਆਰਿਆਂ’ ਕੋਲ ਵੀ ਨਹੀਂ।

ਪੰਜ ਪਿਆਰੇ ਸਦਾ ਬੱਦਲਵੇਂ-ਵਿਸਾਖੀ 1699, ਉਸ ਤੋਂ ਬਾਦ ‘ਦਾਦੂ ਦੀ ਕੱਬਰ ਨੂੰ ਤੀਰ ਨਾਲ ਕਲਾਮ ਸਮੇਂ’, `ਚਮਕੌਰ ਦੀ ਗੜ੍ਹੀ ਵਾਲੀ ਘੱਟਣਾ’, ‘ਬਾਬਾ ਬੰਦਾ ਸਿੰਘ ਬਹਾਦੁਰ ਨੂੰ ਪੰਥ ਦਾ ਜੱਥੇਦਾਰ ਥਾਪ ਕੇ ਪੰਜਾਬ ਭੇਜਣ ਸਮੇਂ’ ਅੰਤ ਅਕਤੂਬਰ ਸੰਨ 1708, ਨਾਦੇੜ ਸਾਹਿਬ ਵਾਲੀ ਇਤਿਹਾਸਕ ਘੱਟਣਾ’ -ਗੁਰਦੇਵ ਨੇ ਸਾਬਤ ਕੀਤਾ ਕਿ ਪੰਥ ਪੱਧਰ ਦੇ ਗੁਰਬਾਣੀ ਜੁੱਗਤ ਨੂੰ ਵਰਤਾਉਣ ਵਾਲੇ ਪੰਥ ਪ੍ਰਵਾਣਤ/ਸੱਥਾਪਤ ‘ਪੰਜ ਪਿਆਰੇ’ ਸਮੇਂ ਨਾਲ ਬੱਦਲਵੇਂ ਹੋ ਸਕਦੇ ਹਨ। ਇਸ ਸੇਵਾ ਲਈ ਕਿਸੇ ਵਿਸ਼ੇਸ਼ ਅਹੁਦੇ ਜਾਂ ਸਮੇਂ ਸੀਮਾਂ ਦਾ ਸੰਬੰਧ ਨਹੀਂ। ਸਮੇਂ ਅਨੁਸਾਰ ਇਹ ਫ਼ੈਸਲਾ ਕੇਵਲ ਅਤੇ ਕੇਵਲ ‘ਪਾਹੁਲ ਪ੍ਰਾਪਤ’ ‘ਗੁਰੂ ਗ੍ਰੰਥ ਦੇ ਪੰਥ’ ਨੇ ਹੀ ਕਰਨਾ ਹੈ ਕਿਸੇ ਸੰਤ, ਸਾਧ, ਡੇਰੇਦਾਰ ਜਾਂ ਕਿਸੇ ਰਾਜਸੀ ਨੇਤਾ ਦੇ ਪੰਥ ਜਾਂ ਉਨ੍ਹਾਂ ਦੇ ਚੇਲਿਆਂ ਨੇ ਨਹੀਂ ਕਰਨਾ।

ਪੰਥ ਦੀ ਸਾਜਨਾ ਕੀਤੀ- ਇੱਕ ਭੁਲੇਖਾ, ਜਿਸਨੂੰ ਸਮਝਣ ਦੀ ਲੋੜ ਹੈ। ਬਾਣੀ ਦਾ ਖਜ਼ਾਨਾ ਤਿਆਰ ਹੋ ਚੁੱਕਾ ਸੀ। ਗੁਰੂ ਦਾ ਸਦੀਵੀ ਆਤਮਕ ਸਰੂਪ ਪਹਿਲਾਂ ਤੇ ਹੁਣ ਵੀ ਗੁਰਬਾਣੀ ਹੀ ਸੀ। ਨਿਰਾਲਾ ਪੰਥ ਵੀ ਪਹਿਲੇ ਜਾਮੇ ਤੋਂ ਪ੍ਰਗਟ ਕਰ ਦਿਤਾ ਗਿਆ ਸੀ। ਅਗੇ ਦਾ ਕੰਮ ਕੇਵਲ ਗੁਰਬਾਣੀ ਤੋਂ ਪ੍ਰਗਟ ‘ਜੁੱਗਤ’ ਭਾਵ ‘ਜੀਵਨ-ਜਾਚ’ ਨੂੰ ਵਰਤਾਉਣ ਤੇ ਉਸ ਉਪਰ ਪਹਿਰਾ ਦੇਣਾ ਅਤੇ ਨਵੇਂ ਜਗਿਆਸੂਆਂ ਨੂੰ ਪੰਥਕ ਸੀਮਾ `ਚ ਲਿਆਉਣਾ ਸੀ। ਦਸਮੇਸ਼ ਜੀ ਦਾ ਪ੍ਰੋਗ੍ਰਾਮ ਇਸ ‘ਜੁੱਗਤ’ ਵਰਤਾਉਣ ਵਾਲੀ ਜਿੰਮੇਵਾਰੀ ਨੂੰ ਪੰਥ ਪਾਸ ਦੇਣ ਦਾ ਸੀ। ਆਪ ਨੇ ਅਨੰਦਪੁਰ ਸਾਹਿਬ ਦੇ ਮੌਜੂਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਵਿਸਾਖੀ ਸੰਨ 1699 ਈ: ਨੂੰ ਉਚੇਚਾ ਸਮਾਗਮ ਸੱਦਿਆ। ਗੁਰੂਦਰ ਤੇ ਵਿਸਾਖੀ ਦਾ ਸਾਲਾਨਾ ਜੋੜ-ਮੇਲ ਗੁਰੂ ਨਾਨਕ ਪਾਤਸ਼ਾਹ ਦੇ ਵਿਸਾਖ `ਚ ਆਗਮਨ ਕਾਰਨ ਅਰੰਭ ਹੋਇਆ ਸੀ। ਯਾਦ ਰਹੇ ਇਤਿਹਾਸਕ ਤੌਰ ਤੇ ਉਦੋਂ ਤੀਹ ਮਾਰਚ ਸੀ। ਇਸ ਸਮਾਗਮ ਲਈ ਦੂਰ-ਦੂਰ ਤੀਕ ਸੱਦਾ-ਪੱਤਰ ਭੇਜੇ ਗਏ। ਭਰੇ ਦੀਵਾਨ `ਚ ਅਚਾਨਕ ਗੁਰਦੇਵ ਨੇ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਪੰਜਾਂ ਨੇ ਅਪਣੇ ਆਪ ਨੂੰ ਪੇਸ਼ ਕੀਤਾ। ਛੇਵਾਂ ਸਿਰ ਪਾਤਸ਼ਾਹ ਨੇ ਮੰਗਿਆ ਹੀ ਨਹੀਂ, ਇਸ ਲਈੇ ਲੋੜ ਹੀ ਨਹੀਂ ਪਈ। ਉਪ੍ਰੰਤ ਦਸਮੇਸ਼ ਜੀ ਨੇ ਪਹਿਲੀ ‘ਖੰਡੇ ਦੀ ਪਾਹੁਲ’ ਦਾ ਬਾਟਾ ਆਪ ਇਕਲਿਆਂ ਤਿਆਰ ਕੀਤਾ ਤੇ ਪਹਿਲੇ ਪੰਜਾਂ ਨੂੰ ਛੱਕਾਇਆ ਵੀ ਇਕਲਿਆਂ ਹੀ। ਇਸਤਰ੍ਹਾਂ ‘ਖੰਡੇ ਦੀ ਪਾਹੁਲ’ ਰਾਹੀਂ ਸਿੱਖ ਧਰਮ `ਚ ਪ੍ਰਵੇਸ਼ ਦੇ ਢੰਗ ਦਾ ਅਰੰਭ ਕੀਤਾ। ਉਪਰੰਤ ਆਪ ਨੇ ਇਹ ਸੇਵਾ ਪੰਜ ਪਾਹੁਲ ਧਾਰੀਆਂ ਦੇ ਰੂਪ `ਚ ਪੰਥ ਦੇ ਸਪੁਰਦ ਕਰ ਦਿੱਤੀ ਅਤੇ ਗੁਰਦੇਵ ਨੇ ਉਨ੍ਹਾਂ ਪੰਜਾਂ ਅਗੇ ਮੱਥਾ ਟੇਕ ਦਿਤਾ। ਇਸੇ ਤਬਦੀਲੀ ਦਾ ਨਾਮ ਸੀ ‘ਪੰਥ ਦੀ ਸਾਜਨਾ’ ਭਾਵ ਇਸ ਦਿਨ ਤੋਂ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਅਤੇ ਬਾਣੀ ਜੁੱਗਤ ਨੂੰ ਵਰਤਾਉਣ ਵਾਲੀ ਜ਼ਿਮੇਵਾਰੀ ਪੰਥ ਦੇ ਸਪੁਰਦ ਕਰ ਦਿੱਤੀ ਗਈ।

ਪੰਜਾਂ ਅਗੇ ਮੱਥਾ ਟੇਕਿਆ- ਨੰਗੀ ਤਲਵਾਰ ਦੀ ਧਾਰ ਤੇ ਪੰਜ ਸਿੱਖਾਂ ਦੀ ਚੋਣ ਕੀਤੀ ਅਤੇ ਖੰਡੇ-ਬਾਟੇ ਦੀ ਪਾਹੁਲ ਦੇਕੇ ਉਨ੍ਹਾਂ ਨੂੰ ‘ਪੰਜ ਪਿਆਰੇ’ ਐਲਾਨਿਆ। ਫਿਰ ਦਸਮੇਸ਼ ਜੀ ਨੇ ਉਨ੍ਹਾਂ ਪੰਜਾਂ ਅਗੇ ਅਪਣਾ ਸਿਰ ਝੁੱਕਾ ਦਿੱਤਾ। ਇਹੀ ਢੰਗ ਪਹਿਲੇ ਜਾਮੇ ਤੋਂ ਚਲਦਾ ਆ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਅੰਗਦ ਸਾਹਿਬ ਅੱਗੇ ਮੱਥਾ ਟੇਕ ਕੇ ਗੁਰਗੱਦੀ ਦੀ ਸੌਂਪਣਾ ਕੀਤੀ ਸੀ। ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਅੱਗੇ। ਠੀਕ ਇਸੇ ਚਲਦੀ ਆ ਰਹੀ ਪਰੀਪਾਟੀ ਅਨੁਸਾਰ ਅੱਜ ਇਨ੍ਹਾਂ ਪੰਜਾਂ ਅੱਗੇ ਸਿਰ ਝੁਕਾ ਕੇ ਗੁਰਦੇਵ ਨੇ ਜੁੱਗਤ ਵਰਤਾਉਣ ਵਾਲੀ ਸਰੀਰਕ ਜ਼ਿੰਮੇਵਾਰੀ ਸਮੁੱਚੇ ਤੌਰ ਤੇ ਪੰਜ ਪਿਆਰਿਆਂ ਨੂੰ ਸੌਂਪ ਦਿੱਤੀ। ਪਿੱਛਲੇਰੇ ਇਤਿਹਾਸ `ਚ ਦਾਦੂ ਦੀ ਕੱਬਰ ਨੂੰ ਕਲਾਮ ਅਤੇ ਪੰਜਾਂ ਰਾਹੀਂ ਆਪ ਨੂੰ ਤਨਖਾਹੀਆ ਕਰਾਰ ਦੇਣਾ; ਪੰਜਾਂ ਰਾਹੀਂ ਦਸਮੇਸ਼ ਜੀ ਨੂੰ ਚਮਕੌਰ ਦੀ ਗੜ੍ਹੀ ਛੱਡਣ ਦਾ ਹੁਕਮ, ਪੰਜ ਪਿਆਰਿਆਂ ਰਾਹੀਂ ਸਰੀਰਕ ਰੂਪ `ਚ ਪੰਥ ਅੰਦਰ ਗੁਰਬਾਣੀ ਜੁੱਗਤ ਨੂੰ ਵਰਤਾਉਣ ਦੇ ਵਾਰਿਸ ਬਨਾਉਣ ਦਾ ਸਬੂਤ ਹਨ।

ਪੰਜਾਂ ਪਾਸੋਂ ਦਸਮੇਸ਼ ਜੀ ਨੇ ਪਾਹੁਲ ਲਈ? - ਅਗਲਾ ਹੁਕਮ, ਬਦਲੇ ਹੋਏ ਨਿਯਮਾ ਅਨੁਸਾਰ ਸਾਰੇ ਪੰਥ ਨੂੰ ਨਵੇਂ ਸਿਰਿਉਂ ‘ਖੰਡੇ ਦੀ ਪਾਹੁਲ’ ਲੈਣ ਦਾ ਸੀ। ਇਤਿਹਾਸਕਾਰਾਂ ਅਨੁਸਾਰ ਪਹਿਲੀਆਂ ਪੰਕਤਾਂ `ਚ 80,000 ਪ੍ਰਾਣੀਆਂ ਨੇ ‘ਖੰਡੇ ਦੀ ਪਾਹੁਲ’ ਪ੍ਰਾਪਤ ਕੀਤੀ। ਇਥੇ ਦੋ ਗਲਾਂ ਸਾਫ਼ ਹਨ। (1) ਪਹਿਲੇ ਪੰਜ ਪਿਆਰਿਆਂ ਲਈ ਜੋ ‘ਖੰਡੇ ਦੀ ਪਾਹੁਲ’ ਦਾ ਬਾਟਾ ਤਿਆਰ ਹੋਇਆ ਜਾਂ ਪਹਿਲੇ ਪੰਜਾਂ ਨੂੰ ਛੱਕਾਇਆ ਤਾਂ ਉਹ ਦਸਮੇਸ਼ ਜੀ ਨੇ ਇੱਕਲਿਆਂ ਤਿਆਰ ਕੀਤਾ, ਕਿਉਂਕਿ ਆਪ ਪਹਿਲਾਂ ਤੋਂ ਕੇਵਲ ‘ਪਾਹੁਲ ਪ੍ਰਾਪਤ’ ਹੀ ਨਹੀਂ ਬਲਕਿ ‘ਗੁਰੂ ਪਦ’ ਨੂੰ ਵੀ ਪ੍ਰਾਪਤ ਸਨ। (2) ਜਦੋਂ ਬਦਲੇ ਨੀਯਮਾ ਅਨੁਸਾਰ ਸਾਰਿਆਂ ਨੂੰ ਨਵੇਂ ਸਿਰਿਉਂ ਪਾਹੁਲ ਲੈਣ ਦਾ ਹੁਕਮ ਕੀਤਾ ਤਾਂ ਪੰਜਾਂ ਸਾਹਮਣੇ ਸੱਭ ਤੋਂ ਪਹਿਲਾਂ ਪੇਸ਼ ਵੀ ਅਪਣੇ ਆਪ ਨੂੰ ਕੀਤਾ। ਇਸਤਰ੍ਹਾਂ ਸਾਬਤ ਕੀਤਾ ਕਿ ਸਿੱਖ ਧਰਮ `ਚ ਪ੍ਰਵੇਸ਼ ਦਾ ਢੰਗ ਵਿਸਾਖੀ 1699 ਉਪ੍ਰੰਤ ਕੇਵਲ ‘ਖੰਡੇ ਦੀ ਪਾਹੁਲ’ ਹੈ, ਇਸਤੋਂ ਇਲਾਵਾ ਕੋਈ ਢੰਗ ਪ੍ਰਵਾਣ ਨਹੀਂ। ਅਪਣੇ ਆਪ ਤੋਂ ਸ਼ੁਰੂ ਕਰਕੇ ਸਾਬਤ ਕਰ ਦਿੱਤਾ ਕਿ `ਚਰਣ ਪਾਹੁਲ’ ਦਾ ਚਲਦਾ ਆ ਰਿਹਾ ਨੀਯਮ ਪੂਰੀ ਤਰ੍ਹਾਂ ਖ਼ੱਤਮ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਉਸ ਸਮੇਂ ਆਪ ਨੇ ਸਿੱਖਾਂ ਦੇ ਨਾਵਾਂ `ਚ ਸਿੰਘ-ਕੌਰ ਵਾਲੀ ਤਬਦੀਲ਼ੀ ਕਰਕੇ ਸਭ ਤੋਂ ਪਹਿਲਾਂ ਆਪ ‘ਗੋਬਿੰਦ ਰਾਏ ਤੋਂ ‘ਗੋਬਿੰਦ ਸਿੰਘ’ ਹੋ ਗਏ, ਇਹ ਹੁਕਮ ਵੀ ਸਾਰੇ ਪੰਥ ਲਈ ਸੀ।

ਪੰਥ ਦੀ ਸਿਰਜਣਾ’ ਜਾਂ ‘ਖਾਲਸਾ ਸਾਜਨਾ’ ? - 1699 ਦੇ ਪਾਹੁਲ ਸੰਚਾਰ ਸਮਾਗਮ ਨੂੰ ਇਤਿਹਾਸ `ਚ ‘ਖਾਲਸਾ ਸਾਜਨਾ ਦਿਵਸ’ ਜਾਂ ‘ਪੰਥ ਸਾਜਨਾ’ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਚੇਤੇ ਰਹੇ, ਪੰਥ ਨਿੱਤਨੇਮੀ, ਕੇਸਾਧਾਰੀ, ਕੰਘਾਧਾਰੀ ਇਥੋਂ ਤੀਕ ਕਿ ਕਛਹਿਰਾ ਧਾਰੀ ਪਹਿਲੇ ਜਾਮੇ ਤੋਂ ਸੀ। ਜੰਗਾਂ `ਚ ਕੁੱਦਣ ਕਰਕੇ ਛੇਵੇਂ ਜਾਮੇ ਤੋਂ ਸ਼ਸਤ੍ਰਧਾਰੀ ਵੀ ਹੋ ਚੁੱਕਾ ਸੀ। ਬਾਣੀ ਗੁਰੂ ਦਾ ਸਿਧਾਂਤ ਵੀ ਪਹਿਲੇ ਜਾਮੇ ਤੋਂ ਸੀ। ਅੱਜ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਵਾਲੀ ਜੁੱਗਤ ਵਰਤਾਉਣ `ਤੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦੀ ਜਿੰਮੇਵਾਰੀ ਵੀ ਹਮੇਸ਼ਾਂ ਲਈ ‘ਪਾਹੁਲ ਪ੍ਰਾਪਤ ਪੰਜਾਂ ਦੇ ਰੂਪ `ਚ ਪੰਥ ਦੇ ਹਵਾਲੇ ਕਰ ਦਿੱਤੀ। ਇਨ੍ਹਾਂ `ਚ ‘ਕੜਾ’ ਜੋੜਕੇ ਪੰਜ ਕਕਾਰਾਂ ਨੂੰ ਵੀ ਨਿਯਮਤ ਕਰ ਦਿੱਤਾ। ਸਿੱਖਾਂ ਦੇ ਨਾਵਾਂ ਨਾਲ-ਸਿੰਘ `ਤੇ ਕੌਰ-ਵਾਲੇ ਸ਼ਬਦ ਪੱਕੇ ਕਰਕੇ, ਪੰਥ ਨੂੰ ਇੱਕ ਪ੍ਰਵਾਰ ਦਾ ਰੂਪ ਦੇ ਦਿੱਤਾ ਅਤੇ ਜਾਤ ਗੋਤ ਵਾਲੀ ਗਲ ਵੀ ਮੁਕਾ ਦਿਤੀ।

ਇਸਤਰ੍ਹਾਂ ਨੰਗੀ ਤਲਵਾਰ ਵਾਲੇ ਇਮਿਤਿਹਾਨ `ਚ ‘ਗੁਰੂ ਹੁਕਮਾਂ ਤੋਂ ਆਪਾ ਕੁਰਬਾਨ ਕਰਨ ਵਾਲੀ ਤਿਆਰੀ `ਚ ਪੰਥ 100% ਨੰਬਰ ਲੈਕੇ ਪਾਸ ਹੋਇਆ ਤਾਂ ਸਿੱਖ ਨੂੰ ਪਾਤਸ਼ਾਹ ਨੇ ਪ੍ਰਸੰਨ ਹੋਕੇ ‘ਖਾਲਸੇ’ ਦੀ ਉਪਾਧੀ ਨਾਲ ਨਿਵਾਜਿਆ। ਸਿੱਖ ਨੂੰ ਨਵਾਂ ਬੋਲਾ ਬਖਸ਼ਿਆ- “ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥” ਇਸੇ ਦਾ ਨਾਮ ਸੀ “ਪੰਥ ਦੀ ਜਾਂ ਖਾਲਸੇ ਦੀ ਸਾਜਨਾ”। ਸਿੱਖ ਧਰਮ (ਪੰਥ) ਤਾਂ ਪਹਿਲੇ ਜਾਮੇਂ ਤੋਂ ਹੀ ਪ੍ਰਗਟ ਕੀਤਾ ਜਾ ਚੁੱਕਾ ਸੀ। ਚੇਤੇ ਰਹੇ! ਸਾਡਾ ਧਰਮ ਅਜ ਵੀ ‘ਸਿੱਖ’ ਹੈ `ਤੇ ਰਵੇਗਾ ਵੀ ‘ਸਿੱਖ’। ‘ਪ੍ਰਗਟ ਕਰਨਾ’ ‘ਸਾਜਨਾ’, ਦੋਵੇਂ ਭਿੰਨ-ਭਿੰਨ ਗਲਾਂ ਹਨ। ਵਿਸਾਖੀ 1699 ਨੂੰ ਪੰਥ ਪ੍ਰਗਟ ਨਹੀਂ ਕੀਤਾ, ਸਾਜਿਆ ਸੀ।

ਵਿਸਾਖੀ 1699 ਖਾਲਸੇ ਦਾ ਜਨਮਦਿਨ ਵੀ ਨਹੀਂ- ਕੁੱਝ ਇਤਿਹਾਸਕਾਰਾਂ ਜਾਂ ਪ੍ਰਚਾਰਕਾਂ ਰਾਹੀਂ ਵਿਸਾਖੀ 1699 ਨੂੰ ਖਾਲਸੇ ਦਾ ‘ਜਨਮ ਦਿਨ’ ਜਾਂ ‘ਖੰਡੇ ਦੀ ਪਾਹੁਲ’ (ਅੰਮ੍ਰਿਤ ਛੱਕਣ) ਦਾ ਅਰੰਭ ਦਸਣਾ, ਵੱਡੀ ਭੁੱਲ ਹੈ। ਇਹ ਤਾਂ ਸਿੱਖ ਧਰਮ ਦੇ ਪਿੱਛਲੇ 230 ਸਾਲਾਂ ਦੇ ਇਤਿਹਾਸ ਉਪਰ, ਸਿਆਹੀ ਫੇਰਣ ਤੁੱਲ ਹੈ। ਗੁਰਬਾਣੀ ਦਾ ਫ਼ੈਸਲਾ ਹੈ ‘ਜਿਸਦਾ ਜਨਮ ਹੈ ਉਸ ਦਾ ਮਰਨ ਵੀ ਅਵੱਸ਼ ਹੈ’। ਸਿੱਖ ਧਰਮ ਦਾ ਨਾ ਜਨਮ ਹੈ `ਤੇ ਨਾ ਮਰਨ। ਸਿੱਖ ਧਰਮ ਤਾਂ ਆਦਿ ਜੁਗਾਦੀ ਧਰਮ ਹੈ। ਹਾਂ! ਮਨੁੱਖ ਦੇ ਇਸ ਮੂਲ ਧਰਮ ਨੂੰ ‘ਸਿੱਖ’ ਨਾਮ ਬਖਸ਼ਿਆ ਗੁਰੂ ਨਾਨਕ ਪਾਤਸ਼ਾਹ ਨੇ। ‘ਗੁਰਬਾਣੀ ਸਿਖਿਆ ਦੇ ਪਾਬੰਦ ਹੋਏ ਬਿਨਾ ‘ਸਿੱਖ’ ਵਾਲੀ ਅਵਸਥਾ ਹੀ ਸੰਭਵ ਨਹੀਂ’। ਦਰਅਸਲ ਵਿਸਾਖੀ ਸੰਨ 1699 ਪੰਥ ਦਾ ਸਾਜਨਾ ਦਿਵਸ ਹੈ ਜਦੋਂ ‘ਬਾਣੀ ਜੁੱਗਤ’ ਵਰਤਾਉਣ ਵਾਲੀ ਜ਼ਿਮੇਵਾਰੀ, ਪਾਹੁਲ ਪ੍ਰਾਪਤ ਪੰਜ ਪਿਆਰਿਆਂ ਦੇ ਰੂਪ `ਚ ਪੰਥ ਦੇ ਸਪੁਰਦ ਕੀਤੀ ਗਈ। ‘ਸਿੱਖ’ ‘ਖਾਲਸਾ’ ਜਾਂ ‘ਸਿੰਘ’, ਵੱਖ-ਵੱਖ ਨਹੀਂ ਹਨ। ‘ਖਾਲਸਾ ਜੀਵਨ’ ਤਾਂ ਸਿੱਖ ਲਈ ਪਹਿਲੇ ਜਾਮੇਂ ਤੋਂ ਹੀ ਨਿਸ਼ਚਤ ਕੀਤਾ ਗਿਆ ਸੀ। ਸੰਨ 1699 ਨੂੰ ਤਾਂ ਉਸੇ ‘ਸਿੱਖ’ ਨੂੰ ਖਾਲਸੇ ਦੇ ਖਿਤਾਬ ਨਾਲ ਨਿਵਾਜਿਆ। ਸਿੱਖ ਵਾਸਤੇ ਹੀ ‘ਸਿੰਘ’ ਲਫ਼ਜ਼ ਵੀ ਉਸਦੇ ਨਾਵਾਂ `ਚ ਤੱਬਦੀਲੀ ਕਾਰਨ ਪ੍ਰਚਲਤ ਹੋ ਗਿਆ। `ਚਰਣ ਪਾਹੁਲ’ ਦੇ ਰੂਪ `ਚ ਪਾਹੁਲ ਦਾ ਨੀਯਮ ਵੀ ਸਿੱਖ ਲਈ ਪਹਿਲੇ ਜਾਮੇ ਤੋਂ ਸੀ। ਉਸੇ `ਚਰਣ ਪਾਹੁਲ’ ਦੇ ਬਦਲੇ ਹੋਏ ਢੰਗ ਦਾ ਨਾਮ ਸੀ ‘ਖੰਡੇ ਦੀ ਪਾਹੁਲ’ ਮੱਕਸਦ-ਆਸ਼ਾ ਉਹੀ ਸੀ; ਜੀਵਨ ਨੂੰ ਗੁਰਬਾਣੀ ਦੇ ਚਰਣਾ ਨਾਲ ਜੋੜਣਾ।

ਸਰੀਰ, ਜੁਗਤ `ਤੇ ਦਰਜਾ-ਬ-ਦਰਜਾ ਪੰਜ ਪਿਅਰੇ- ਹੁਣ ਤੀਕ ਪੰਥਕ ਪੱਧਰ ਦੇ ਪੰਜ ਪਿਆਰਿਆਂ ਦੀ ਗਲ ਨੂੰ ਸਮਝ ਰਹੇ ਸੀ। ਦਰਅਸਲ ਜੇ ਕੌਮ ਨੂੰ ਬਚਾਉਣਾ ਹੈ ਤਾਂ ਲਗਭਗ ਇਸੇ ਪੰਥਕ ਪੱਧਰ ਦੇ ਪੰਜ ਪਿਆਰਾ ਸਿੱਸਟਮ ਦੇ ਆਧਾਰ ਤੇ ਹੀ ਸਾਨੂੰ ਬਿਲਕੁਲ ਹੇਠਲੇ ਪੱਧਰ ਤੋਂ ਮੌਜੂਦਾ ਗੁਰਦੁਆਰਾ ਚੌਣ ਸਿੱਸਟਮ (Gurduara Election System) ਦਾ ਬਦਲ ਵੀ ਲਿਆਉਣ ਦੀ ਲੋੜ ਹੈ। ਕਈ ਸੱਜਣ ਸੁਆਲ ਕਰਦੇ ਹਨ, ਵੱਖ-ਵੱਖ ਪੱਧਰ ਦੇ ਪੰਜ ਪਿਆਰਿਆਂ ਦਾ ਰੁੱਤਬਾ ਕੀ ਹੋਵੇ? ਦਰਅਸਲ ਇਹ ਕੌਮ ਦੀ ਬਦਕਿਸਮਤੀ ਅਤੇ ਗਿਰਾਵਟ ਦੀ ਪਛਾਣ ਹੈ, ਕਿ ਅੱਜ ਕੌਮ ਦਾ ਵੱਡਾ ਹਿੱਸਾ ਪਾਹੁਲ ਪ੍ਰਾਪਤ (ਅੰਮ੍ਰਿਤਧਾਰੀ) ਨਹੀਂ। ਜਦੋਂ ਸਿੱਖ, ਖੰਡੇ ਦੀ ਪਾਹੁਲ ਤੋਂ ਪਿਛੇ ਹਟਿਆ ਤਾਂ ਨਿੱਤਨੇਮ ਤੋਂ ਵੀ ਜਾਂਦਾ ਰਿਹਾ ਉਪ੍ਰੰਤ ਬਾਕੀ ਕਕਾਰਾਂ ਤੋਂ ਗਿਆ ਅਤੇ ਹੁਣ ਸਰੂਪ ਵੀ ਜਾ ਰਿਹਾ ਹੈ; ਆਖਿਰ ਕਦੋਂ ਸੰਭਲਾਂਗੇ? ਹਰੇਕ ਸਿੱਖ ਵਾਸਤੇ ਜ਼ਰੂਰੀ ਹੈ ਕਿ ਉਹ ‘ਪਾਹੁਲ ਧਾਰੀ’ ਹੋਵੇ ਕਿਉਂਕਿ ‘ਪਾਹੁਲ ਧਾਰੀ’ ਹੋਣਾ ਸਿੱਖੀ ਦਾ ਅਰੰਭ ਹੈ, ਅੰਤ ਨਹੀਂ।

ਸੱਚਾਈ ਇਹ ਹੈ ਕਿ ਸਿੱਖ ਧਰਮ ਦੀ ਸੁੰਦਰ ਇਮਾਰਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉਤੱਮ ਵਿਚਾਰਧਾਰਾ ਤੇ ਖੜੀ ਹੈ। ਗੁਰਬਾਣੀ ਦਾ ਸਥਾਨ ਸਿੱਖ ਧਰਮ `ਚ ਸਭ ਤੋਂ ਉਤਮ ਹੈ। ਇਸੇ ਨੀਯਮ ਅਧੀਨ ਕਿਸੇ ਸਮਾਗਮ ਦਾ ਆਰੰਭ ਅਤੇ ਸਮਾਪਤੀ ਗੁਰਬਾਣੀ ਸ਼ਬਦ ਨਾਲ ਹੀ ਕਰਨੀ ਹੁੰਦੀ ਹੈ। ਅਸਲ `ਚ ਸਾਰੀ ਗੁਰਬਾਣੀ ਹੀ ਪਾਤਸ਼ਾਹ ਵਲੋਂ ਸੰਗਤਾਂ ਲਈ ਹੁਕਮ ਰੂਪ ਹੈ ਇਸੇ ਲਈ ਗੁਰੂਦਰ ਤੇ ਇਸਨੂੰ ‘ਹੁਕਮ ਲੈਣਾ’ ਕਿਹਾ ਜਾਂਦਾ ਹੈ। ਮੂਲ ਰੂਪ `ਚ ਗੁਰਬਾਣੀ, ਸਮੂਚੀ ਮਾਨਵਤਾ ਦਾ ਸਦੀਵੀ ਗੁਰੂ ਹੈ ਅਤੇ ‘ਖੁਆਰ ਹੋਏ ਸਭ ਮਿਲੇਂਗੇ’ -ਸਮੇਂ ਨਾਲ ਦੁਨੀਆਂ ਇਸ ਸੱਚ ਨੂੰ ਅਪਣਾਏਗੀ। ਦੇਖ ਚੁਕੇ ਹਾਂ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚਲੀ ‘ਗੁਰੂ ਦੀ ਜੁਗਤ’ ਨੂੰ ਵਰਤਾਉਣ ਲਈ ਸਰੀਰ ਦਾ ਮਹੱਤਵ ਅਪਣਾ ਹੈ। ਸਰੀਰ ਬਿਨਸਨਹਾਰ ਹੈ, ਸਦੀਵਕਾਲੀ ਨਹੀਂ। ਪਹਿਲੇ ਜਾਮੇਂ `ਚ ਗੁਰੂ ਨਾਨਕ ਸਾਹਿਬ ਨੇ ਇਹ ਸੇਵਾ ਆਪ ਨਿਭਾਈ, ਆਪ ਜਨਮਾਂਦਰੂ ਗੁਰੂ ਸਨ, ਅਕਾਲਪੁਰਖ ਦੇ ਸਰਬਵਿਆਪੀ ਸਦੀਵੀ ਗੁਣ ‘ਗੁਰੂ’ ਦਾ ਸਰੀਰਕ ਪ੍ਰਗਟਾਵਾ। ‘ਗੁਰੂ ਜੁਗਤ’ ਨੂੰ ਘੜਣ `ਤੇ ਸੰਸਾਰ ਸਾਹਮਣੇ ਪ੍ਰਤੱਖ ਕਰਨ ਲਈ ਆਪ ਨੂੰ ਦਸ ਜਾਮੇ ਧਾਰਨ ਕਰਨੇ ਪਏ। ਵਿਸਾਖੀ ਸੰਨ 1699 ਈ:-ਗੁਰਬਾਣੀ ਜੁਗਤ ਨੂੰ ਵਰਤਾਉਣ ਵਾਲੀ ਸਰੀਰਕ ਜ਼ਿਮੇਵਾਰੀੰ, ਕਲਗੀਧਰ ਜੀ ਨੇ ਸਮੂਹਿਕ, ਤਿਆਰ-ਬਰ-ਤਿਆਰ, ‘ਪਾਹੁਲ ਪ੍ਰਪਤ’ ਪੰਜਾਂ ਦੇ ਰੂਪ `ਚ ਪੰਥ ਦੇ ਜਿਮੇਂ ਦੇ ਦਿੱਤੀ।

ਕੜਾਹ ਪ੍ਰਸ਼ਾਦਿ ਵਰਤਾਉਣ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਪ੍ਰਸ਼ਾਦਿ ਵਰਤਾਉਣ ਦੀ ਮਰਯਾਦਾ ਹੈ। ਇਸਦਾ ਮੱਤਲਬ ਹੈ ਪਾਹਿਲਾਂ ਹੁਕਮ ਲੈਣਾ ਕਿਉਂਕਿ ਪਹਿਲਾ ਦਰਜਾ ਗੁਰਬਾਣੀ ਦਾ ਹੈ ਦੂਜਾ ‘ਗੁਰਬਾਣੀ ਜੁਗਤ’ ੰ ਵਰਤਾਉਣ ਵਾਲੀ ਜ਼ਿੰਮੇਵਾਰੀ’ ਪੰਜ ਪਿਆਰਿਆਂ ਰਾਹੀਂ ਸੰਪੂਰਨ ਹੋਣੀ ਹੈ, ਇਸਲਈ ਦੂਜੇ ਨੰਬਰ ਤੇ ਪੰਜ ਪਿਆਰਿਆਂ ਨੂੰ। ਸੰਗਤ ਦਾ ਦਰਜਾ ਉਸ ਤੋਂ ਬਾਦ ਹੈ। ਇਥੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਗੁਰੂ ਤਾਂ ਗੁਰਬਾਣੀ ਹੀ ਹੈ ਅਤੇ ਪੰਜ ਪਿਆਰੇ ਗੁਰਬਾਣੀ ਦੀ ਤਾਬਿਆ ਹਨ-ਪ੍ਰਮੁਖ ਜਾਂ ਬਰਾਬਰ ਨਹੀਂ। ਇਸ ਲਈ ਹਰੇਕ ਸਮਾਗਮ ਸਮੇਂ ਹੁਕਮਨਾਮੇ ਤੋਂ ਬਾਦ, ਪੰਜ ਪਿਆਰਿਆਂ ਦੇ ਪ੍ਰਸ਼ਾਦ ਦਾ ਨੀਯਮ ਹੈ। ਪੰਜਾਂ ਦਾ ਪ੍ਰਸ਼ਾਦਿ ਵਰਤਾਉਣਾ, ਸਿੱਖ ਸੰਗਤਾਂ ਲਈ ਹਰ ਸਮੇਂ ਸੂਚਨਾ ਹੈ-ਸੰਗਤਾਂ ‘ਪੰਜ ਪਿਆਰਿਆਂ’ ਦੀ ਉਤਮਤਾ ਨੂੰ ਚੇਤੇ ਰਖਣ `ਤੇ ਭੁਲਾਣ ਨਹੀਂ। ਇਹ ਨੀਯਮ ਕੇਵਲ ਗੁਰੂ ਦੀ ਜੁਗਤ ਨੂੰ ਵਰਤਾਉਣ ਵਾਲੀ, ਪੰਜ ਪਿਆਰਿਆਂ ਦੀ ਹੈਸੀਅਤ ਦਾ ਅਹਿਸਾਸ ਕਰਣ ਲਈ ਹੈ। ਠੀਕ ਹੈ ਕਿ ਪੰਜਾਂ ਦਾ ਪ੍ਰਸ਼ਾਦਿ, ਪਾਹੁਲ ਪ੍ਰਾਪਤ ਪੰਜ ਪਿਆਰਿਆਂ ਨੂੰ ਹੀ ਦੇਣਾ ਬਣਦਾ ਹੈ। ਪਰ ਉਥੇ ਸੰਭਵ ਨਹੀਂ ਕਿ ਸੰਗਤ ਵਿਚੋਂ ਇੱਕ ਇੱਕ ਸੱਜਣ ਕੋਲੋਂ ਪੁਛਿਆ ਜਾਵੇ ਕਿ ਉਹ ਪਾਹੁਲ ਪ੍ਰਾਪਤ ਹੈ ਜਾਂ ਨਹੀਂ ਅਤੇ ਫਿਰ ਪ੍ਰਸ਼ਾਦਿ ਦਿੱਤਾ ਜਾਵੇ। ਇਥੇ ਕੇਵਲ ਸਰੂਪ ਦੇਖਣਾ ਹੈ `ਤੇ ਬਾਕੀ ਲੈਣ ਵਾਲਿਆਂ ਨੇ ਸੋਚਣਾ ਹੈ, ਜੇ ਪਾਹੁਲ ਪ੍ਰਾਪਤ ਨਹੀਂ ਤਾਂ ਲੈਣ ਤੋਂ ਸੰਕੋਚ ਕਰਨ। ਸਿਖ ‘ਰਹਿਤ ਮਰਯਾਦਾ’ ਅਨੁਸਾਰ ਸਿੱਖ ਬੀਬੀਆਂ ‘ਪਾਹੁਲ ਸੰਚਾਰ’ `ਚ ਪੰਜ ਪਿਆਰਿਆਂ ਦੇ ਰੂਪ `ਚ ਸ਼ਾਮਲ ਹੋ ਸਕਦੀਆਂ ਅਤੇ ਪਾਹੁਲ ਸੰਚਾਰ ਕਰ ਸਕਦੀਆਂ ਹਨ। ਇਸ ਲਈ ਇਹ ਗੱਫ਼ਾ, ਸਿੱਖ ਬੀਬੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ। ‘ਪੰਜਾਂ’ ਦਾ ਪ੍ਰਸ਼ਾਦਿ, ਸੰਗਤ `ਚ ਪ੍ਰਸ਼ਾਦਿ ਵਰਤਾਉਣ ਤੌ ਪਹਿਲਾਂ ਵਰਤਾਉਣਾ ਜ਼ਰੂਰੀ ਹੈ-ਵਾਪਸ ਨਹੀਂ ਮਿਲਾਣਾ। ਵੱਖਰੀ ਗਲ ਹੈ, ਜੇ ਸੰਗਤ ਬਹੁਤ ਹੀ ਸਵਾਈ ਹੈ ਤਾਂ ਬਾਕੀ ਦੇਗ਼, ਵਾਪਿਸ ਮਿਲਾ ਦਿਤੀ ਜਾਵੇ, ਉਂਝ ਨਹੀਂ। ਇਸੇਤਰ੍ਹਾਂ ਜਦੋਂ ਕੋਈ ਲੋਕਲ ਫੈਸਲਾ ਹੈ ਪੰਜ ਪਿਆਰਿਆਂ ਦਾ ਦਰਜਾ ਹੋਰ ਹੈ-ਇਲਾਕੇ `ਚ ਪਾਹੁਲ (ਅੰਮ੍ਰਿਤ) ਸੰਚਾਰ ਹੈ-ਨਗਰ ਕੀਰਤਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੀ ਸੇਵਾ ਹੈ ਜਾਂ ਕੇਵਲ ਦਰਸ਼ਨ ਰੂਪ `ਚ ਛੋਟੀ ਜਾਂ ਵੱਡੀ ਜਿੰਮੇਵਾਰੀ ਹੈ ਤਾਂ ਦਰਜਾ-ਬਦਰਜਾ ਪੰਜ ਪਿਆਰਿਆਂ ਦੇ ਰੁੱਤਬੇ `ਚ ਫਰਕ ਆਵੇਗਾ। #106s07.1s07#




.