.

ਨਾਨਕਸ਼ਾਹੀ ਕੈਲੰਡਰ `ਤੇ ਇੱਕ ਹੋਰ ਸ਼ੰਕਾਂ

ਸਰਵਜੀਤ ਸਿੰਘ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਦੇ ਨਾਮ ਨਾਲ ਜਾਣੇ ਜਾਂਦੇ ਸਿੱਖ ਧਰਮ ਦੇ ਵਿਲੱਖਣ ਕੈਲੰਡਰ ਉੱਪਰ ਇੱਕ ਹੋਰ ਸ਼ੰਕਾ ਕੀਤਾ ਗਿਆ ਹੈ, ਜਿਹੜਾ ਕਿ ਪੰਜਵੇਂ ਨਾਨਕ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਹੈ। ਪੰਥ ਪ੍ਰਵਾਣਤ ਕੈਲੰਡਰ ਦੇ ਮੁਤਾਬਕ ਇਹ ਦਿਹਾੜਾ ਹਰ ਸਾਲ ਸੀ. ਈ. ਕੈਲੰਡਰ ਦੇ ਜੂਨ ਮਹੀਨੇ ਦੀ 16 ਤਾਰੀਖ ਨੂੰ ਹੋਵੇਗਾ। ਪਰ ਬਾਬਿਆਂ ਨੂੰ ਇਹ ਮਨਜੂਰ ਨਹੀ ਹੈ ਕਉਂਕਿ ਇਸ ਨਾਲ ਉਨ੍ਹਾਂ ਦੀ ਦੱਸ-ਪੁੱਛ ਘੱਟਦੀ ਹੈ। ਜੇ ਸੰਗਤਾਂ ਨੂੰ ਇਹ ਪਤਾ ਹੋਵੇ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾਂ ਹਰ ਸਾਲ 16 ਜੂਨ ਨੂੰ ਹੀ ਮਨਾਉਣਾ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ ਹਰ ਸਾਲ 5 ਜਨਵਰੀ ਨੂੰ ਹੀ ਮਨਾਉਣਾ ਹੈ ਤਾਂ ਬਿਪ੍ਰਵਾਦੀਆਂ ਨੂੰ ਕੋਣ ਤਾਰੀਖਾਂ ਪੁੱਛਣ ਜਾਵੇਗਾ! ਬਿਪ੍ਰਬਾਦੀਆਂ ਨੂੰ ਪਤਾ ਹੈ ਕਿ ਸੰਗਤਾਂ ਚੰਦ ਦੇ ਮਹੀਨੇ ਦਾ ਹਿਸਾਬ-ਕਿਤਾਬ ਨਹੀ ਕਰ ਸਕਦੀਆਂ। ਇਸ ਲਈ ਉਹ ਡੇਰੇਦਾਰਾਂ ਨੂੰ ਪੁੱਛ ਕੇ ਹੀ ਇਹ ਦਿਹਾੜੇ ਮਨਾਉਦੀਆਂ ਰਹਿਣ। ਪਾਠਕਾਂ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾ ਵੀ ਸ਼੍ਰੋਮਣੀ ਕਮੇਟੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੋਡੇ ਟੇਕ ਚੁੱਕੀ ਹੈ।
ਸੰਸਾਰ ਦੀਆਂ ਜਾਗਰੂਕ ਕੌਮਾਂ ਨੇ ਆਪਣੀ ਵਿਲੱਖਣਤਾਂ ਨੂੰ ਕਾਇਮ ਰੱਖਣ ਲਈ ਆਪੋ ਆਪਣੇ ਕੈਲੰਡਰ ਬਣਾਏ ਹੋਏ ਹਨ। ਇਹ ਕੈਲੰਡਰ ਚੰਦ ਜਾਂ ਸੂਰਜ ਦੇ ਸਾਲ ਦੀ ਲੰਬਾਈ ਦੇ ਹਿਸਾਬ ਨਾਲ ਬਣੇ ਹੋਏ ਹਨ। ਭਾਰਤ ਵਿੱਚ ਵੀ ਇਹ ਦੋਵੇਂ ਕੈਲੰਡਰ ਲਾਗੂ ਹਨ। ਸਰਕਾਰੀ ਤੌਰ ਤੇ ਗਰਿਗੋਰੀਅਨ ਕੈਲੰਡਰ ਨੂੰ ਹੀ ਲਾਗੂ ਕੀਤਾ ਗਿਆ ਹੈ, ਪਰ ਸਮਾਜਿਕ ਕਾਰ-ਵਿਹਾਰ ਵਿੱਚ ਬਿਕ੍ਰਮੀ ਕੈਲੰਡਰ ਹੀ ਭਾਰੂ ਹੈ। ਰਾਜਾ ਬਿਕ੍ਰਮ ਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਕੈਲੰਡਰ ਚੰਦ ਦੇ ਹਿਸਾਬ-ਕਿਤਾਬ ਨਾਲ ਬਣਾਇਆ ਜਾਂਦਾ ਹੈ। ਬਿਕ੍ਰਮੀ ਕੈਲੰਡਰ ਦਾ ਹਰ ਮਹੀਨਾ ਉਤਰੀ ਭਾਰਤ ਵਿੱਚ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਅਤੇ ਦੱਖਣੀ ਭਾਰਤ ਵਿੱਚ ਮੱਸਿਆ ਤੋ ਮੱਸਿਆ ਤੱਕ ਹੁੰਦਾ ਹੈ। ਮਨੁੱਖੀ ਸਭਿਅਤਾ ਦੇ ਵਿਕਾਸ ਦੀ ਅਰੰਭਤਾ ਵੇਲੇ ਸ਼ਾਇਦ ਚੰਦ ਦੀ ਮਹੱਤਤਾ ਵਧੇਰੇ ਹੋਣ ਦਾ ਕਾਰਨ ਇਸ ਦੇ ਅਕਾਰ ਦਾ ਰੋਜ਼ਾਨਾ ਵੱਧਣਾਂ ਜਾਂ ਘੱਟਣਾਂ ਹੀ ਹੋਵੇਗਾ। ਕਿੳਕਿ ਇਸ ਨਾਲ ਸਮੇਂ ਦੀ ਗਿਣਤੀ-ਮਿਣਤੀ ਕਰਨੀ ਸੌਖੀ ਸੀ। ਜਿਵੇ-ਜਿਵੇ ਸਭਿਅਤਾ ਨੇ ਵਿਕਾਸ ਕੀਤਾ ਤਾਂ ਸਮੇਂ ਦੀ ਗਿਣਤੀ-ਮਿਣਤੀ ਅਤੇ ਵੰਡ ਕਰਨ ਦੇ ਵੀ ਨਵੇ ਸਾਧਨ ਹੋਂਦ ਵਿੱਚ ਆਉਂਦੇ ਗਏ। ਅੱਜ ਮੌਸਮੀ ਸੂਰਜੀ ਸਾਲ ਸਭ ਤੋ ਵੱਧ ਢੁਕਵਾਂ ਅਤੇ ਪ੍ਰਚੱਲਿਤ ਹੈ। ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਗਰਿਗੋਰੀਅਨ ਕੈਲੰਡਰ ਨੂੰ ਮੌਸਮੀ ਸੂਰਜੀ ਸਾਲ ਨਾਲ ਸਹੀ ਰੱਖਣ ਲਈ 4 ਸਾਲ ਪਿਛੋ ਇੱਕ ਦਿਨ ਦਾ ਵਾਧਾ ਕੀਤਾ ਜਾਂਦਾ ਹੈ ਭਾਵ ਫਰਵਰੀ ਦੇ 29 ਦਿਨ। ਜਦੋ ਕਿ ਚੰਦ ਦਾ ਸਾਲ 354 ਦਿਨਾਂ ਦਾ ਹੁੰਦਾ ਹੈ। ਜੋ ਸੂਰਜੀ ਸਾਲ ਤੋਂ 11 ਦਿਨ ਘੱਟ ਹੂੰਦਾ ਹੈ। ਇਹ ਹੀ ਕਾਰਨ ਹੈ ਕਿ ਬਿਕ੍ਰਮੀ ਕੈਲੰਡਰ ਮੂਤਾਬਕ ਨਿਸ਼ਚਿਤ ਕੀਤੀ ਗਈ ਤਾਰੀਖ ਸੀ. ਈ ਮੂਤਾਬਕ ਆਉਣ ਦੀ ਬਜਾਏ ਹਰ ਸਾਲ ਅੱਗੜ-ਪਿਛੱੜ ਹੋ ਜਾਂਦੀ ਹੈ। ਬਿਕ੍ਰਮੀ ਕੈਲੰਡਰ ਨੂੰ ਸੂਰਜੀ ਕੈਲੰਡਰ ਦੇ ਬਰਾਬਰ ਕਰਨ ਲਈ ਹਰ ਤੀਜੇ ਜਾਂ ਚੌਥੇ ਸਾਲ ਇਸ ਵਿੱਚ ਇੱਕ ਮਹੀਨੇ ਦਾ ਵਾਧਾ ਕੀਤਾ ਜਾਂਦਾ ਹੈ ਭਾਵ ਸਾਲ ਦੇ 13 ਮਹੀਨੇ। ਇਸ ਸਾਲ ਇਕੋ ਹੀ ਨਾਮ ਦੇ 2 ਮਹੀਨੇ ਹੁੰਦੇਂ ਹਨ। ਇਸ ਤੇਰਵੇਂ ਮਹੀਨੇ ਨੂੰ ਲੌਂਦ ਜਾਂ ਮਲਮਾਸ ਕਿਹਾ ਜਾਂਦਾ ਹੈ ਅਤੇ ਇਸ ਨੂੰ ਮਾੜਾ ਗਿਣਿਆ ਜਾਂਦਾ ਹੈ। ਜਿਥੇ ਬਿਕ੍ਰਮੀ ਕੈਲੰਡਰ ਦਾ ਮੌਸਮੀ ਸਾਲ ਨਾਲ 70 ਸਾਲਾਂ ਵਿੱਚ ਹੀ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ ਉਥੇ ਗੈਰਿਗੋਰੀਅਨ ਕੈਲੰਡਰ ਦਾ 3300 ਸਾਲਾਂ ਪਿਛੋ ਇੱਕ ਦਿਨ ਦਾ ਫਰਕ ਪੈਂਦਾ ਹੈ। ਇਹ ਹੀ ਕਾਰਨ ਹੈ ਕਿ ਅੱਜ ਸਾਰੇ ਸੰਸਾਰ ਵਿੱਚ ਇਸ ਦੀ ਵਰਤੋ ਕੀਤੀ ਜਾਂਦੀ ਹੈ।

ਜਿਵੇ-ਜਿਵੇ ਸਿੱਖ ਧਰਮ ਦਾ ਫੈਲਾਅ ਅੰਤਰਰਾਸ਼ਟਰੀ ਪੱਧਰ ਤੇ ਹੁੰਦਾ ਗਿਆ ਤਾਂ ਬਿਕ੍ਰਮੀ ਕੈਲੰਡਰ ਨਾਲ ਭੰਬਲਭੁਸਾ ਵੱਧਦਾ ਗਿਆ। ਇਸ ਸਮੱਸਿਆ ਦੇ ਸਦੀਵੀ ਹੱਲ ਲਈ ਕਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਵਲੋ ਕਈ ਸਾਲਾਂ ਦੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੀ ਗਈ 500 ਸਾਲਾ ਯੰਤਰੀ 1994 ਵਿੱਚ ਪ੍ਰਕਾਸ਼ਤ ਕਰਵਾਈ ਗਈ ਤਾਂ ਪੰਥ ਦੇ ਵਿਦਵਾਨਾਂ ਵਿੱਚ ਇਸ ਦੀ ਬੁਹਤ ਹੀ ਚਰਚਾ ਹੋਈ। ਬਿਕ੍ਰਮੀ ਕੈਲੰਡਰ ਮੁਤਾਬਕ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਨੂੰ ਜੋ ਹਰ ਸਾਲ ਬਦਲ ਜਾਦੀਆਂ ਸਨ, ਨੂੰ ਅੰਤਰਰਾਸ਼ਟਰੀ ਪੱਧਰ ਤੇ ਵਰਤੇ ਜਾਂਦੇ ਕੈਲੰਡਰ ਅਨੂਸਾਰ ਪੱਕੀਆਂ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਯੁਨੀਵਰਸਿਟੀਆਂ ਵਿੱਚ ਸੈਮੀਨਾਰ ਆਰੰਭ ਹੋ ਗਏ। ਵਿਦਵਾਨਾਂ ਦੀਆਂ ਵਿਚਾਰ ਗੋਸ਼ਟੀਆਂ ਵਿੱਚ ਤਿਆਰ ਹੋਏ ਕੈਲੰਡਰ ਦੇ ਖਰੜੇ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ 15 ਜਨਵਰੀ ਅਤੇ ਜਨਰਲ ਹਾਉਸ ਨੇ 16 ਮਾਰਚ, 1998 ਨੂੰ ਮਾਨਤਾ ਦਿੱਤੀ ਅਤੇ ਜਨਵਰੀ 1999 ਤੋਂ ਲਾਗੂ ਕਰਨ ਦਾ ਮਤਾ ਪਾਸ ਕਰ ਦਿੱਤਾ। ਕਿਉਕਿ ਬਾਬਿਆਂ ਨੂੰ ਇਹ ਮਨਜੂਰ ਨਹੀ ਸੀ ਇਸ ਲਈ ਇਸ ਨੂੰ ਲਾਗੂ ਨਹੀ ਕੀਤਾ ਜਾ ਸਕਿਆ।

ਸਾਧ ਬਾਬਿਆਂ ਦੀ ਯੂਨੀਅਨ (ਕਥਿਤ ਸੰਤ ਸਮਾਜ), ਜਿਸ ਦਾ ਮੱਕਸਦ ਹੀ ਕੌਮ ਨੂੰ ਭੰਬਲਭੂਸਿਆਂ ਵਿੱਚ ਪਾਉਣਾ ਹੈ, ਨੇ ਇਤਰਾਜ ਕੀਤਾ ਕਿ ਗੁਰਬਾਣੀ ਵਿੱਚ ਚੇਤ ਵਿਸਾਖ ਨਾਮ ਦੀ ਵਰਤੋ ਕੀਤੀ ਗਈ ਹੈ ਇਸ ਲਈ ਜਨਵਰੀ ਫਰਵਰੀ ਦੀ ਵਰਤੋ ਗੁਰਮਤਿ ਦੇ ਖਿਲਾਫ ਹੈ। ਆਰ. ਐਸ. ਐਸ. ਦੇ ਕਰਿੰਦਿਆਂ ਨੇ ਵੀ ਇਸ ਦਾ ਇਹ ਕਹਿ ਕਿ ਵਿਰੋਧ ਕੀਤਾ, ਕਿ ਇਸ ਨਾਲ ਸਿੱਖਾਂ ਅਤੇ ਹਿੰਦੂਆਂ ਦੀ ਅਖੌਤੀ ਏਕਤਾ ਭੰਗ ਹੋ ਜਾਵੇਗੀ। ਕਈ ਸਿੱਖ ਵਿਦਵਾਨਾਂ ਨੇ ਵੀ ਇਸ ਵਿੱਚ ਦਰਜ ਪੁੰਨਿਆਂ, ਮੱਸਿਆ ਅਤੇ ਸੰਗਰਾਂਦ ਆਦਿ ਤੇ ਇਤਰਾਜ ਕੀਤਾ ਸੀ। ਇੱਕ ਵੇਰ ਫੇਰ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਅਰੰਭ ਹੋ ਗਿਆ `ਤੇ ਅੰਤ ਵਿਚ-ਵਿਚਾਲੇ ਦਾ ਰਸਤਾ ਅਖਤਿਆਰ ਕਰਕੇ ਇਸ ਕੈਲੰਡਰ ਨੂੰ ਵਿਸਾਖੀ 2003 ਤੋਂ ਲਾਗੂ ਕਰ ਦਿੱਤਾ ਗਿਆ। ਵਿਦਵਾਨਾਂ ਵਲੋ ਕੀਤੇ ਗਏ ਪੁੰਨਿਆਂ–ਮੱਸਿਆ ਅਤੇ ਸੰਗਰਾਂਦ ਵਾਰੇ ਇਤਰਾਜ ਨੂੰ ਤਾਂ ਕੋਈ ਮਹੱਤਵ ਨਹੀ ਦਿੱਤਾ ਗਿਆ, ਪਰ ਸਾਧ ਬਾਬੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ, ਹੋਲਾ- ਮਹੱਲਾ ਅਤੇ ਬੰਦੀ ਛੋੜ ਦਿਵਸ ਨੂੰ 2020 ਤੱਕ ਬ੍ਰਾਹਮਣੀ ਕੈਲੰਡਰ ਅਨੂਸਾਰ ਮਨਾਉਣ ਵਿੱਚ ਸਫਲ ਹੋ ਗਏ। ਇਸ ਮੁਤਾਬਿਕ ਹੋਲਾ ਮਹੱਲਾ 2007 ਵਿੱਚ 4 ਮਾਰਚ ਨੂੰ ਸੀ, 2008 ਵਿੱਚ 22 ਮਾਰਚ ਨੂੰ, 2009 ਵਿੱਚ 11 ਮਾਰਚ ਅਤੇ 2010 ਵਿੱਚ 1 ਮਾਰਚ ਨੂੰ ਆਵੇਗਾ ਜਦ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੋਲਾ ਮਹੱਲਾ ਹਰ ਸਾਲ 14 ਮਾਰਚ (1 ਚੇਤ) ਨੂੰ ਹੀ ਹੋਵੇਗਾ। ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਵੀ ਜੋ 14 ਅਪ੍ਰੈਲ (1 ਵੈਸਾਖ) ਦੀ ਵਜਾਏ 2020 ਤੱਕ ਕੱਤਕ ਦੀ ਪੁੰਨਿਆ ਨੂੰ ਹੀ ਮਨਾਇਆ ਜਾਣਾ ਹੈ। ਇਹ ਦਿਹਾੜਾ 2007 ਵਿੱਚ 24 ਨਵੰਬਰ, 2008 ਵਿੱਚ 13 ਨਵੰਬਰ ਅਤੇ 2009 ਵਿੱਚ 2 ਨਵੰਬਰ ਅਤੇ 2010 ਵਿੱਚ 21 ਨਵੰਬਰ ਨੂੰ ਮਨਾਇਆ ਜਾਵੇਗਾ।

ਨਾਨਕ ਸ਼ਾਹੀ ਕੈਲੰਡਰ ਮੁਤਾਬਕ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 24 ਨਵੰਬਰ ਨੂੰ ਹੀ ਆਵੇਗਾ। ਕਿਉਂਕਿ ਇਸ ਸਾਲ ਕੱਤਕ ਦੀ ਪੁੰਨਿਆ 24 ਨਵੰਬਰ ਨੂੰ ਆਉਂਦੀ ਹੈ ਇਸ ਲਈ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ 24 ਨਵੰਬਰ (11 ਮੱਘਰ) ਦਿਨ ਸ਼ਨਿਚਰਵਾਰ ਨੂੰ ਇਕੱਠੇ ਹੀ ਆਉਦੇ ਹਨ। ਇਸ ਤੇ ਇਹ ਇਤਰਾਜ ਕੀਤਾ ਗਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾਂ ਦੋਵੇ ਇਕੋ ਦਿਨ ਕਿਵੇ ਮਨਾਏ ਜਾ ਸਕਦੇ ਹਨ। ਪਰ ਇਤਰਾਜ ਕਰਨ ਵਾਲੇ ਇਹ ਭੁਲ ਗਏ ਕੇ 24 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਵੀ ਹੈ। ਜੇ ਇਸ ਨੂੰ ਮਨਾਇਆ ਜਾ ਸਕਦਾ ਹੈ ਤਾ ਗੁਰੂ ਨਾਨਾਕ ਜੀ ਦਾ ਪ੍ਰਕਾਸ਼ ਦਿਹਾੜਾ ਕਿਓ ਨਹੀ? ਇਸ ਇਤਰਾਜ ਨੂੰ ਮੰਨਦੇ ਹੋਏ ਸ੍ਰੋਮਣੀ ਕਮੇਟੀ ਵਲੋ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਨੂੰ ਬਦਲ ਦਿੱਤਾ ਗਿਆ ਹੈ। ਹੁਣ ਇਹ 15 ਦਸੰਬਰ (2 ਪੋਹ) ਨੂੰ ਮਨਾਇਆ ਜਾਵੇਗਾ। ਯਾਦ ਰਹੇ ਇਹ ਤਾਰੀਖ ਬਿਕ੍ਰਮੀ ਕੈਲੰਡਰ ਮੁਤਾਬਕ ਹੈ। ਸਦਕੇ ਜਾਈਏ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦੇ, ਜੋ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਾਲੇ ਮਤੇ ਤੇ ਵੀ ਬਾਹਾਂ ਖੜੀਆਂ ਕਰਦੇ ਹਨ ਅਤੇ ਹੁਣ ਗੁਰਪੁਰਬਾਂ ਨੂੰ ਬਿਕ੍ਰਮੀ ਕੈਲੰਡਰ ਮੁਤਾਬਕ ਮਨਾਉਣ ਦੇ ਮਤੇ ਤੇ ਵੀ।

ਨਾਨਕਸਰ ਠਾਠ, ਕਲੇਰਾਂ ਵਿਖੇ ਸੰਤ ਸਮਾਜ ਵਲੋ ਬੰਦ ਕਮਰੇ `ਚ ਮੀਟਿੰਗ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੁਰਾਤਨ ਪਰੰਪਰਾਵਾਂ ਅਨੁਸਾਰ ਜੇਠ ਸੁਦੀ ਚੌਥ ਮੁਤਾਬਿਕ 18 ਜੂਨ ਨੂੰ ਮਨਾਉਣ ਦਾ ਦਾ ਫੈਸਲਾ ਕੀਤਾ ਗਿਆ ਹੈ, ਜਦੋ ਕਿ ਇਹ ਨਾਨਕਸ਼ਾਹੀ ਕੈਲੰਡਰ ਮੁਤਾਬਿਕ 16 ਜੂਨ (2 ਹਾੜ) ਨੂੰ ਮਨਾਇਆ ਜਾਣਾ ਹੈ। ਬਾਬਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਸੰਗਤਾਂ ਨੂੰ ਇਹ ਜਾਣਕਾਰੀ ਦਿਓ ਕਿ ਜੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੁਰਾਤਨ ਪਰੰਪਰਾਵਾਂ ਅਨੁਸਾਰ ਜੇਠ ਸੁਦੀ ਚੌਥ ਨੂੰ ਹੀ ਮਨਾਉਣਾ ਹੈ ਤਾਂ ਇਹ 20 ਮਈ (6 ਜੇਠ) ਨੂੰ ਕਿਉਂ ਨਹੀ ਮਨਾਇਆ ਜਾ ਰਿਹਾ? ਜੇਠ ਸੁਦੀ ਚੌਥ ਇਸ ਸਾਲ 20 ਮਈ ਨੂੰ ਵੀ ਆ ਰਹੀ ਹੈ। 2008 ਵਿੱਚ ਇਹ ਜੇਠ ਸੁਦੀ ਚੌਥ 7 ਜੂਨ ਨੂੰ ਹੋਵੇਗੀ ਅਤੇ 2009 ਵਿੱਚ 27 ਮਈ ਨੂੰ। ਬਾਬਿਆ ਨੂੰ ਸ਼ਾਇਦ ਇਹ ਜਾਣਕੇ ਹੈਰਾਨੀ ਹੋਵੈ ਕੇ 2010 ਵਿੱਚ ਇਹ ਜੇਠ ਸੁਦੀ ਚੌਥ 16 ਜੂਨ ਨੂੰ ਹੋਵੇਗੀ ਅਤੇ ਇਹ 16 ਜੂਨ ਹੀ ਨਾਨਕ ਸ਼ਾਹੀ ਕੈਲੰਡਰ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੱਕੀ ਤਰੀਖ ਹੈ ਅਤੇ ਇਸੇ ਤਰੀਕ ਨੂੰ ਹੀ ਸਿੱਖ ਪੰਥ ਵਲੋ ਇਹ ਦਿਹਾੜਾ ਮਨਾਇਆ ਜਾਂਦਾ ਰਹੇਗਾ। ਸਿੱਖ ਪੰਥ ਨੂੰ ਸਿੱਖੀ ਭੇਖ ਵਿੱਚ ਵਿਚਰ ਰਹੇ ਇਨ੍ਹਾਂ ਅਖੌਤੀ ਪ੍ਰਚਾਰਕਾਂ ਦੀਆਂ ਲੂਬੜ ਚਾਲਾਂ ਤੋ ਵੀ ਸੁਚੇਤ ਹੋਣ ਦੀ ਲੋੜ ਹੈ।
.