.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 18)

ਭਾਈ ਸੁਖਵਿੰਦਰ ਸਿੰਘ 'ਸਭਰਾ'

ਸੰਤ ਬਲਜੀਤ ਸਿੰਘ ਦਾਦੂਵਾਲ

ਸੰਤ ਸਮਾਜ ਦੇ ਪ੍ਰਮੁੱਖ ਮੈਂਬਰ ਸਮਝੇ ਜਾਂਦੇ ਇਸ ਸੰਤ ਦੀ ਖ਼ਬਰ 10 ਸਤੰਬਰ 2002 ਨੂੰ ਅਖ਼ਬਾਰ ਵਿਚ ਲੱਗੀ ਸੀ ਕਿ ਇਕ ਰਾਜਸੀ ਕਾਨਫ਼ਰੰਸ ਵਿਚ ਹਿੱਸਾ ਲੈ ਕੇ ਸੰਤ ਦਾਦੂਵਾਲ ਵਾਪਸ ਜਾ ਰਹੇ ਸਨ। ਅੱਗੋਂ ਜਗਸੀਰ ਸਿੰਘ ਮਿਲ ਪਿਆ। ਸੰਤ ਦੇ ਚੇਲੇ ਰਾਈਫਲ ਲੈ ਕੇ ਉਸ ਨੂੰ ਮਾਰਨ ਪੈ ਗਏ ਕਿ ਇਹ ਸਾਡੀ ਬਦਨਾਮੀ ਕਰਦਾ ਹੈ। ਜਗਸੀਰ ਸਿੰਘ ਨੇ ਦੌੜ ਕੇ ਫ਼ੌਜੀ ਛਾਉਣੀ ਵਿਚ ਵੜ ਕੇ ਜਾਨ ਬਚਾਈ। ਸੰਤ ਵਲੋਂ ਲਾਏ ਦੋਸ਼ਾਂ ਦਾ ਜਗਸੀਰ ਸਿੰਘ ਨੇ ਖੰਡਨ ਕੀਤਾ ਅਤੇ ਸੰਤ ਅਤੇ ਸ਼ਰਧਾਲੂਆਂ ਨੇ ਧਾਰਾ 341, 506, 511, 148, 149 ਆਈ: ਪੀ: ਸੀ: ਅਤੇ 25: 54: 59 ਆਰਮ ਐਕਟ ਅਧੀਨ ਪਰਚਾ ਦਰਜ ਹੋਇਆ ਹੈ।
ਸੰਤ ਜੋਰਾ ਸਿੰਘ ਬਧਨੀ ਕਲਾਂ ਵਾਲਾ ਸੰਤ ਖਿਲਾਫ਼ ਪਰਚਾ ਦਰਜਨ ਕਰਾਉਣ ਲਈ ਮੁਜਾਹਰਾ 30 ਨੂੰ
ਜਗਰਾਉਂ, 22 ਮਾਰਚ— (ਪੱਤਰ ਪ੍ਰੇਰਕ) ਜ਼ਿਲ੍ਹਾ ਪ੍ਰਧਾਨ ਸੁਖਦੇਖ ਸਿੰਘ ਮਾਣੂੰਕੇ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿਚ ਦਸਿਆ ਹੈ ਕਿ ਸੰਤ ਜੋਰਾ ਸਿੰਘ ਬੱਧਨੀ ਕਲਾਂ ਵਲੋਂ ਕਥਿਤ ਤੌਰ `ਤੇ ਦਲਿਤ ਗ੍ਰੰਥੀ ਸਿੰਘਾਂ ਨੂੰ ਪਾਠ ਕਰਨ ਤੋਂ ਰੋਕਣ, ਦਲਿਤ ਸੇਵਾਦਾਰਾਂ ਨੂੰ ਲੰਗਰ ਵਿਚ ਸੇਵਾ ਤੋਂ ਮਨ੍ਹਾ ਕਰਨ ਅਤੇ ਬਾਬਾ ਜੈਤਾ ਦੀ ਤਸਵੀਰ ਦੀ ਬੇਅਦਬੀ ਕਰਨ ਦੇ ਵਿਰੋਧ ਵਿਚ, ਦਲਿਤ ਮਜ਼ਦੂਰਾਂ ਦੀ ਜਮਾਤ ਨੂੰ ਜਾਗ੍ਰਿਤ ਕਰਕੇ ਇਸ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਪਿੰਡਾਂ ਵਿਚ ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਿੱਖੀ ਸਿਧਾਂਤਾਂ ਮੁਤਾਬਿਕ ਸੰਗਤ ਅਤੇ ਪੰਗਤ ਦੀ ਮਰਯਾਦਾ ਇਕ ਹੈ ਪਰ ਇਸ ਸਾਧ ਦੇ ਡੇਰੇ ਦਲਿਤਾਂ ਦਾ ਲੰਗਰ, ਪੰਗਤ, ਬਰਤਨ ਵੱਖਰੇ ਹਨ। ਇਹ ਸਾਧ ਦਲਿਤਾਂ ਵਲੋਂ ਚੜ੍ਹਾਇਆ ਪ੍ਰਸ਼ਾਦ ਤੇ ਰਸਦ ਵੀ ਵਾਪਸ ਕਰ ਦਿੰਦਾ ਹੈ। 30 ਮਾਰਚ ਨੂੰ ਜਗਰਾਉਂ ਵਿਖੇ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਾਧ ਬਾਰੇ ਪੁਸਤਕ ਦੇ ਪਹਿਲੇ ਭਾਗ ਵਿਚ ਵੀ ਲਿਖਿਆ ਜਾ ਚੁੱਕਾ ਹੈ। ਗੁਰੂ ਦੀ ਹਜ਼ੂਰੀ ਵਿਚ ਚਾਦਰਾਂ ਤੇ ਪੈਰ ਰਖ ਕੇ ਜਾਂਦਾ ਹੈ। ਸਟੇਜ ਤੇ ਹਰ ਬੁਲਾਰਾ ਇਸ ਸਾਧ ਦੀ ਹੀ ਸਿਫ਼ਤ ਕਰਦਾ ਹੈ। ਇਸਦੀ ਸਟੇਜ ਤੇ ਕੋਈ ਵੀ ਬੁਲਾਰਾ ਗੁਰੂ ਦੀ ਗੁਰਮਤਿ ਦੀ ਗੱਲ ਨਹੀਂ ਕਰ ਸਕਦਾ ਜਿਸਨੇ ਇਸਦੀ ਸਟੇਜ ਤੇ ਬੋਲਣਾ ਹੋਵੇ, ਉਹ ਕੇਵਲ ਇਸਦੀ ਸਿਫ਼ਤ ਕਰ ਸਕਦਾ ਹੈ। ਇਕ ਸਿੱਖ ਪ੍ਰਚਾਰਕ ਨਾਲ ਜੋ ਘਟਨਾ ਵਾਪਰੀ ਉਹ ਪੁਸਤਕ ਦੇ ਪਹਿਲੇ ਭਾਗ, ਦੂਸਰੇ ਐਡੀਸ਼ਨ ਵਿਚ ਲਿਖੀ ਜਾ ਚੁੱਕੀ ਹੈ।
ਆਪੇ ਅੰਦਰ ਵਾੜੀ ਸੰਗਤ ਨੂੰ ਪੁਲਿਸ ਨੇ ਗੁਰਦੁਆਰੇ `ਚੋਂ ਕੱਢਿਆ (ਰਤਵਾੜੇ ਡੇਰੇ ਦਾ ਝਗੜਾ)
ਮਾਜਰੀ/ਮੁੱਲਾਂਪੁਰ ਗਰੀਦਾਸ/ਖਰੜ, 10 ਦਸੰਬਰ—ਗੁਰਦੁਆਰਾ ਰਤਵਾੜਾ ਸਾਹਿਬ ਵਿਚ ਪਿਛਲੇ ਸਮੇਂ ਤੋਂ ਚਲ ਰਹੀ ਆਪਸੀ ਖਿੱਚੋਤਾਣ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਸ: ਕਰਨੈਲ ਸਿੰਘ ਉਪ-ਚੇਅਰਮੈਨ ਵਲੋਂ ਅਦਾਲਤ ਦੇ ਹੁਕਮਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਇਕ ਅਹਿਮ ਮੀਟਿੰਗ ਲਈ ਹਜ਼ਾਰਾਂ ਦੀ ਤਾਦਾਦ ਵਿਚ ਪਹੁੰਚੀ ਸੰਗਤ ਨੂੰ ਗੁਰਦੁਆਰਾ ਵਿਚ ਮੌਜੂਦ ਸੇਵਾਦਾਰਾਂ ਨੇ ਅੰਦਰ ਨਹੀਂ ਜਾਣ ਦਿੱਤਾ ਅਤੇ ਆਈ ਸਗੰਤ `ਤੇ ਲਾਠੀਆਂ ਚਲਾਈਆਂ ਤੇ ਪਥਰਾਅ ਕੀਤਾ, ਜਿਸ ਕਰਕੇ ਕਈ ਸ਼ਰਧਾਲੂ ਸਖਤ ਜ਼ਖ਼ਮੀ ਵੀ ਹੋ ਗਏ। ਮੀਟਿੰਗ ਕਰਨ ਆਈਆਂ ਸੰਗਤਾਂ ਪੁਲਿਸ ਦੀ ਮਦਦ ਨਾਲ ਅੰਦਰ ਪਹੁੰਚ ਗਈਆਂ ਤੇ ਦੀਵਾਨ ਹਾਲ `ਚ ਸੰਗਤਾਂ ਵਲੋਂ ਬੈਠ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਅਸਥਾਨ ਤੇ ਵਿਦਿਅਕ ਅਦਾਰਿਆਂ ਦਾ ਪ੍ਰਬੰਧ ਚਲਾਉਣ ਲਈ 11 ਮੈਂਬਰੀ ਕਮੇਟੀ ਨਿਯੁਕਤ ਕੀਤੀ ਗਈ ਜਿਸ ਦਾ ਮੁਖੀ ਬਾਬਾ ਕਰਨੈਲ ਸਿੰਘ ਨੂੰ ਥਾਪਿਆ ਗਿਆ। ਬਾਅਦ ਵਿਚ ਪੁਲਿਸ ਵਲੋਂ ਕਿਸੇ ਦਬਾਅ ਕਾਰਨ ਮੀਟਿੰਗ ਕਰ ਰਹੀ ਸੰਗਤਾਂ ਨੂੰ ਦੀਵਾਨ ਹਾਲ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਜਿਸ ਕਰਕੇ ਸੰਗਤ ਵਲੋਂ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜਦੋਂ ਇਸ ਦੇ ਸਬੰਧ ਵਿਚ ਸ: ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ ਕਰਨ ਆਏ ਸੀ। ਉਨ੍ਹਾਂ ਕਿਹਾ ਹਾਈ ਕੋਰਟ ਵਲੋਂ ਹੁਕਮ ਜਾਰੀ ਕੀਤਾ ਗਿਆ ਕਿ ਜੋ ਪਹਿਲਾਂ ਟਰੱਸਟ ਦੇ ਮੈਂਬਰ ਬਣਾਏ ਸਨ ਉਹੀ ਰਹਿਣਗੇ। ਉਨ੍ਹਾਂ ਕਿਹਾ ਟਰੱਸਟ ਦੇ ਕੁਲ 30 ਮੈਂਬਰ ਹਨ ਜਿਨ੍ਹਾਂ ਵਿਚੋਂ ਮੇਰੇ ਨਾਲ 23 ਮੈਂਬਰ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ ਹੈ। ਟਰੱਸਟ ਮੈਂਬਰ ਸੰਤੋਖ ਸਿੰਘ ਨੇ ਕਿਹਾ ਕਿ ਅਦਾਲਤ ਦੇ ਅਗਲੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਸਾਧ ਦਾ ਸੇਵਕ ਬੁੱਕਣ ਸਿੰਘ ਪਿੰਡ ਸਭਰਾ ਤਹਿਸੀਲ ਪੱਟੀ ਦਾ ਰਹਿਣ ਵਾਲਾ ਹੈ, ਜੋ ਸਪੀਕਰ ਤੇ ਵੀ ਕਹਿੰਦਾ ਹੈ ਕਿ ਇਹ ਬਾਬੇ ਗੁਰਬਾਣੀ ਪੜ੍ਹਦੇ ਹਨ ਇਸ ਕਰਕੇ ਇਹਨਾਂ ਨੂੰ ਸਤਿਗੁਰੂ ਵੀ ਕਿਹਾ ਜਾ ਸਕਦਾ ਹੈ। ਇਹ ਬੁੱਕਣ ਸਿੰਘ ਨਾਲ ਤੁਕਾਂ ਸੁਣਾਉਂਦਾ ਹੈ ਕਿ ਸਤਿਪੁਰਖੁ ਜਿਨ ਜਾਨਿਆ, ਸਤਿਗੁਰ ਤਿਸਕਾ ਨਾਉਂ ਹੂ-ਬ-ਹੂ ਦੇਹਧਾਰੀ ਗੁਰੂਆਂ ਵਾਂਗੂੰ ਇਹ ਇਹਨਾਂ ਸਾਧਾਂ ਬਾਰੇ ਪ੍ਰਚਾਰ ਕਰ ਰਿਹਾ ਹੈ। ਇਹ ਬੁੱਕਣ ਸਿੰਘ ਇਹ ਵੀ ਕਹਿੰਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ’ ਬੌਲਦੇ ਨਹੀਂ ਹਨ ਇਹ ਬਾਬੇ ਬੋਲਦੇ ਗੁਰੂ ਹਨ। ਇਹ ਕਹਿੰਦਾ ਹੈ ਕਿ ਵਿਚੋਲਾ ਜ਼ਰੂਰ ਚਾਹੀਦਾ ਹੈ। ਨਕਲੀ ਦੇਹਧਾਰੀ ਗੁਰੂਆਂ ਦੇ ਚੇਲੇ ਵੀ ਇਹੀ ਗੱਲਾਂ ਆਪਣੇ ਲੈਕਚਰਾਂ ਵਿਚ ਕਹਿੰਦੇ ਹਨ ਜੋ ਇਹ ਬੁੱਕਣ ਸਿੰਘ ਇਹਨਾਂ ਸਾਧਾਂ ਬਾਰੇ ਕਹਿ ਰਿਹਾ ਹੈ। ਇਥੋਂ ਸਿੱਧ ਹੁੰਦਾ ਹੈ ਕਿ ਇਹਨਾਂ ਸਾਧਾਂ ਦੇ ਚੇਲੇ ਵੀ ਇਕ ਦਿਨ ਇਨ੍ਹਾਂ ਸਾਧਾਂ ਨੂੰ ਦੇਹਧਾਰੀ ਗੁਰੂ ਹੀ ਬਣਾ ਕੇ ਬਿਠਾ ਦੇਣਗੇ।
ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਰਤਵਾੜਾ ਸਾਹਿਬ, ਨੇੜੇ ਚੰਡੀਗੜ੍ਹ
ਪਬਲਿਕ ਨੋਟਿਸ

ਸਮੂਹ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 26-04-2003 ਦੇ ‘ਟ੍ਰਿਬਿਊਨ’ ਅਖ਼ਬਾਰ ਵਿਚ ਜੋ ਪਬਲਿਕ ਨੋਟਿਸ ਛਪਵਾਇਆ ਗਿਆ ਹੈ ਉਹ ਨਿਰਾ ਝੂਠਾ, ਬੇਬੁਨਿਆਦ ਤੇ ਸ਼ਰਾਰਤ ਭਰਿਆ ਹੈ। ਭਾਈ ਲਖਬੀਰ ਸਿੰਘ ਨੂੰ ਸੰਤ ਬਾਬਾ ਵਰਿਆਮ ਸਿੰਘ ਜੀ ਸਰੀਰ ਛੱਡਣ ਤੋਂ ਪਹਿਲਾਂ ਖੁਦ ਆਪਣਾ ਵਾਰਿਸ ਬਤੌਰ ਚੇਅਰਮੈਨ ਬਣਾ ਕੇ ਗਏ ਸੀ ਜਿਸ ਦੇ ਸਾਰੇ ਸਬੂਤ ਮੌਜੂਦ ਹਨ ਅਤੇ ਸੰਗਤ ਨੂੰ ਭਲੀਭਾਂਤ ਪਤਾ ਹੈ। ਆਪਣੀ ਜ਼ਿੰਦਗੀ ਵਿਚ ਬਾਬਾ ਜੀ ਸਰਬਅਧਿਕਾਰ ਸੰਪੰਨ ਚੇਅਰਮੈਨ ਸਨ ਅਤੇ ਆਪਣਾ ਵਾਰਿਸ ਬਣਾਉਣ ਦੇ ਕੁੱਲ ਅਧਿਕਾਰ ਕੇਵਲ ਉਨ੍ਹਾਂ ਨੂੰ ਹੀ ਸਨ। ਬੀਜੀ ਨੇ ਵੀ ਆਪਣੇ ਸਾਰੇ ਅਧਿਕਾਰ ਭਾਈ ਲਖਬੀਰ ਸਿੰਘ ਨੂੰ ਦਿੱਤੇ ਸਨ।
ਹੁਣ ਕੁਝ ਸ਼ਰਾਰਤੀ ਤੇ ਲਾਲਚੀ ਬੰਦੇ ਬੀਜੀ ਦੀ ਬਿਮਾਰੀ ਅਤੇ ਕਮਜ਼ੋਰੀ ਦੀ ਹਾਲਤ ਦਾ ਨਾਜਾਇਜ਼ ਫਾਇਦਾ ਉਠਾ ਕੇ ਝੂਠੀਆਂ ਤੇ ਬੇਬੁਨਿਆਦ ਅਫ਼ਵਾਹਾਂ ਟਰੱਸਟ ਅਤੇ ਟਰੱਸਟ ਦੇ ਸੰਸਥਾਨਾਂ ਨੂੰ ਖਰਾਬ ਕਰਨ ਵਾਸਤੇ ਫੈਲਾ ਰਹੇ ਹਨ। ਇਨ੍ਹਾਂ ਅਫ਼ਵਾਹਾਂ ਦਾ ਕੋਈ ਠੋਸ ਆਧਾਰ ਨਹੀਂ ਹੈ। ਸਮੂਹ ਸੰਗਤਾਂ ਨੋਟ ਕਰਨ।
ਜਾਰੀ ਕਰਤਾ: ਸਮੂਹ ਸੰਗਤ
ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ।
ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ
ਨੇੜੇ ਚੰਡੀਗੜ੍ਹ, ਪੰਜਾਬ, ਇੰਡੀਆ
ਪਬਲਿਕ ਨੋਟਿਸ
ਮੈਂ ਅਤੇ ਮੇਰੇ ਪਤੀ ਸਵ: ਸੰਤ ਵਰਿਆਮ ਸਿੰਘ ਜੀ ਨੇ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਮਿਤੀ 15-5-1996 ਨੂੰ ਬਣਾਇਆ ਸੀ ਅਤੇ ਆਤਮ ਮਾਰਗ ਸਪਿਰਚੁਅਲ ਸਾਇੰਟੀਫਿਕ ਚੈਰੀਟੇਬਲ ਟਰੱਸਟ ਮਿਤੀ 25-1-2000 ਨੂੰ ਬਣਾਇਆ ਸੀ। ਮਿਤੀ 31-10-2001 ਨੂੰ ਮੇਰੇ ਪਤੀ ਸਰੀਰ ਛੱਡ ਗਏ ਅਤੇ ਸਾਡੇ ਬਹੁਤ ਸਾਰੇ ਵਿਦਿਅਕ ਅਤੇ ਸਮਾਜਿਕ ਅਦਾਰਿਆਂ ਨੂੰ ਹਮੇਸ਼ਾ ਪੈਸੇ ਦੀ ਲੋੜ ਰਹਿੰਦੀ ਹੈ। ਉਸ ਨੂੰ ਮੈਂ ਮੁਖ ਰਖਦੇ ਹੋਏ ਬੈਂਕਾਂ ਦੇ ਖਾਤੇ ਅਪਰੇਟ ਕਰਨ ਦੀ ਪਾਵਰ, ਅਧਿਕਾਰ ਮਿਤੀ 13-02-2002 ਨੂੰ ਭਾਈ ਲਖਬੀਰ ਸਿੰਘ ਜੀ ਨੂੰ ਦਿੱਤੇ ਸੀ ਅਤੇ ਮੈਂ ਮਿਤੀ 22-11-2002 ਨੂੰ ਮੈਂ ਆਪਣਾ ਪਾਵਰ/ਅਧਿਕਾਰ ਵਾਪਸ ਲੈ ਲਏ ਹਨ ਅਤੇ ਸਾਰੇ ਸੰਬੰਧਿਤ ਲੋਕਾਂ ਨੂੰ ਚਿੱਠੀਆਂ ਰਾਹੀਂ ਸੂਚਿਤ ਕਰ ਦਿੱਤਾ ਸੀ। ਮੈਂ ਹੁਣ ਇਸ ਨੋਟਿਸ ਰਾਹੀਂ ਆਮ ਜਨਤਾ ਨੂੰ ਸੂਚਿਤ ਕਰ ਰਹੀ ਹਾਂ ਕਿ ਭਾਈ ਲਖਬੀਰ ਸਿੰਘ ਨਾਲ ਮਿਸ਼ਨ ਦੇ ਕੰਮਾਂ ਬਾਰੇ ਕਿਸੇ ਕਿਸਮ ਦਾ ਕੋਈ ਲੈਣ-ਦੇਣ ਨਾ ਕਰੇ, ਜੇਕਰ ਕੋਈ ਕਰੇਗਾ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ।
ਰਣਜੀਤ ਕੌਰ, ਬਿਆਨ ਕਰਤਾ।
ਨੋਟ—ਇਸ ਤਰ੍ਹਾਂ ਇਹ ਸਾਧ ਆਪਸੀ ਝਗੜਿਆਂ, ਬਿਆਨੋ-ਬਿਆਨੀ ਵਿਚ ਹੀ ਰੁੱਝੇ ਰਹਿੰਦੇ ਹਨ। ਸਿਰ ਦੇ ਕੇ ਲਈਆਂ ਸਰਦਾਰੀਆਂ ਨੂੰ ਇਹਨਾਂ ਸਾਧਾਂ ਨੇ ਮਖੌਲ ਬਣਾ ਦਿੱਤਾ ਹੈ।
ਬਾਬਾ ਬੁੱਢਾ ਜੀ ਦੇ ਪਵਿੱਤਰ ਨਾਮ ਨੂੰ ਕਲੰਕਤ ਕਰਨ ਵਾਲਿਓ ਤੁਸਾਂ ਨੂੰ ਪ੍ਰਮਾਤਮਾ ਵੀ ਬਖਸ਼ੇਗਾ ਨਹੀਂ

ਗਿਆਨੀ ਬਲਵੰਤ ਸਿੰਘ ‘ਸੰਤ ਸਿਪਾਹੀ’
ਐਡੀਟਰ ਗੁਰਮਤਿ ਸਾਗਰ ਐੱਮ/90 ਰਘੁਬੀਰ ਨਗਰ ਨਵੀਂ ਦਿੱਲੀ-27
“ਹਰਿ ਕੇ ਸੰਤ ਨਾ ਆਖੀਏ ਬਾਨਾਰਸ ਦੇ ਠਗ”

ਇਹ ਗੁਰਬਾਣੀ ਦਾ ਸ਼ਬਦ ਅੱਜ ਦੇ ਅਖੌਤੀ ਸੰਤਾਂ ਦੇ ਪ੍ਰਥਾਏ ਹੀ ਗੁਰਬਾਣੀ ਵਿਚ ਉਚਾਰਿਆ ਗਿਆ ਹੈ। ਜੋ ਸੰਤ ਅੱਜ ਸੰਤਾਂ ਦਾ ਬਾਣਾ ਪਾ ਕੇ ਸੰਤਾਂ ਦੇ ਨਾਮ ਨੂੰ ਕਲੰਕਤ ਕਰ ਰਹੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੰਤਾਂ ਦੀ ਮਹਿਮਾਂ ਵਰਣਨ ਕਰਦਿਆਂ ਹੋਇਆਂ ਇਹ ਸ਼ਬਦ ਕਹੇ ਹਨ ਕਿ:
ਸੰਤ ਦਾ ਨਿੰਦਕ ਮਹਾ ਹਤਿਆਰਾ।।
ਸੰਤ ਦਾ ਨਿੰਦਕ ਪ੍ਰਮੇਸ਼ਰ ਮਾਰਾ।। (ਸੁਖਮਨੀ)
ਅਸੀਂ ਕਿਸੇ ਸੰਤ ਦੀ ਨਿੰਦਿਆ ਨਹੀਂ ਕਰ ਰਹੇ। ਜੇ ਕੋਈ ਸੱਚੀ ਗੱਲ ਆਖੇ ਤਾਂ ਉਹ ਨਿੰਦਿਆ ਨਹੀਂ ਝੂਠੀ ਗੱਲ ਕਹਿਣੀ ਨਿੰਦਿਆ ਹੈ। ਅਸੀਂ ਦਿੱਲੀ ਦੇ ਇਕ ਪਾਖੰਡੀ ਦੇ ਸੰਬੰਧ ਵਿਚ ਲਿਖ ਰਹੇ ਹਾਂ। ਪਾਠਕ ਜਨ ਪੜ੍ਹ ਕੇ ਆਪ ਫੈਸਲਾ ਦੇਣ ਕਿ ਇਸ ਸੰਤ ਨੇ ਬਾਬਾ ਬੁੱਢਾ ਜੀ ਵਰਗੀਆਂ ਮਹਾਨ ਹਸਤੀਆਂ ਦੇ ਨਾਮ `ਤੇ ਡੇਰਾ ਕਾਇਮ ਕਰਕੇ ਕੀ ਜੋ ਇਹ ਪਾਖੰਡ ਰਚੀ ਬੈਠਾ ਹੈ, ਇਸ ਨਾਲ ਇਹ ਬਾਬਾ ਬੁੱਢਾ ਜੀ ਦੀ ਹੇਠੀ ਤਾਂ ਨਹੀਂ ਕਰ ਰਿਹਾ। ਦਿੱਲੀ ਵਿਚ ਚੰਦਰ ਵਿਹਾਰ ਜੋ ਦਿੱਲੀ ਤਿਲਕ ਨਗਰ ਤੋਂ 6 ਕਿਲੋਮੀਟਰ ਦੀ ਦੂਰੇ `ਤੇ ਹੈ ਉਸ ਕਾਲੋਨੀ ਵਿਚ ਇਸ ਨੇ ਬਾਬਾ ਬੁੱਢਾ ਜੀ ਦੇ ਨਾਮ `ਤੇ ਗੁਰਦੁਆਰਾ ਬਣਾ ਕੇ ਇਹ ਜੋ ਪਾਖੰਡ ਕਰ ਰਿਹਾ ਹੈ, ਇਸ ਦੇ ਚੇਲੇ ਕਹਿੰਦੇ ਹਨ ਕਿ ਸੰਤ ਜੀ ਕੌਲੀ ਘਸਾ ਕੇ ਗੁਰਦੇ ਤੇ ਪਿੱਤੇ ਵਿਚੋਂ ਪੱਥਰੀਆਂ ਕੱਢ ਦੇਂਦਾ ਹੈ। ਤੇ ਹੋਰ ਮਨੁੱਖ, ਇਸਤਰੀਆਂ ਦੇ ਪੇਟ ਵਿਚੋਂ ਬਿਨ੍ਹਾਂ ਅਪਰੇਸ਼ਨ ਦੇ, ਜਿਥੇ ਬਾਬਾ ਜੀ ਪੱਥਰੀ ਕੱਢਦਾ ਹੈ, ਉਥੇ ਪੇਟ ਵਿਚੋਂ ਕੌਲੀ ਘਸਾ ਕੇ ਰਸੌਲੀਆਂ ਵੀ ਕੱਢਦਾ ਹੈ। ਇਸ ਡੇਰੇ ਤੇ ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਬੜਾ ਵੱਡਾ ਇਕੱਠ ਹੋਇਆ ਕਰਦਾ ਹੈ। ਡੇਰੇ ਦੇ ਹਾਲ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਜਾਣ ਵਾਲਾ ਘੱਟ ਤੋਂ ਘੱਟ ਇਕ ਰੁਪਇਆ ਗੁਰੂ ਸਾਹਿਬਾਂ ਨੂੰ ਮੱਥਾ ਟੇਕੇਗਾ। ਫਿਰ ਬਾਬਾ ਜੋ ਸਤਿਗੁਰਾਂ ਦੇ ਅੱਗੇ ਬੈਠਾ ਟੋਕਨ ਦੇਂਦਾ ਹੈ। ਉਹ ਕਹਿੰਦਾ ਹੈ ਕਿ ਬੋਤਲ ਤੇਰੇ ਪਾਸ ਹੈ। ਬੋਤਲ ਤੇ ਕੋਈ ਵੀ ਨਾਲ ਲੈ ਕੇ ਨਹੀਂ ਆਉਂਦਾ। ਮਰੀਜ਼ ਜਾਣ ਵਾਲਾ ਬੋਤਲ ਮੰਗਦਾ ਹੈ ਤਾਂ ਉਹ ਬਜ਼ੁਰਗ ਦਸ ਰੁਪਏ ਦੀ ਪਲਾਸਟਿਕ ਦੀ ਬੋਤਲ ਦੇ ਕੇ ਕਹਿੰਦਾ ਹੈ ਕਿ ਬਾਹਰੋਂ ਬੋਤਲ ਪਾਣੀ ਦੀ ਭਰ ਕੇ ਲੈ ਆਉ। ਆਵਾਜ਼ ਪੈਣ `ਤੇ ਮਰੀਜ਼ ਜਦ ਅੰਦਰ ਜਾਂਦਾ ਹੈ ਤੇ ਅੰਦਰ 35 ਕੁ ਸਾਲ ਦਾ ਬਾਬਾ ਉਸਦੇ ਹੱਥੋਂ ਬੋਤਲ ਪਕੜ ਕੇ ਮੰਤਰ ਪੜ੍ਹ ਕੇ ਕਹਿੰਦਾ ਹੈ 21 ਦਿਨ ਇਹ ਪਾਣੀ ਪੀ ਕੇ ਆ ਜਾਣਾ ਫਿਰ ਮੈਂ ਤੇਰੀ ਪੱਥਰੀ ਕੌਲੀ ਨਾਲ ਕੱਢ ਦੇਵਾਂਗਾ। ਬਾਬਾ ਜੀ ਪਾਣੀ ਇਸ ਲਈ ਪਿਲਾਉਂਦਾ ਹੈ ਕਿ ਪੱਥਰੀ ਨਰਮ ਹੋ ਜਾਵੇ। ਅੰਦਰ ਬਾਬਾ ਜੀ ਦੇ ਨੋਟਾਂ ਦਾ ਢੇਰ ਲੱਗਾ ਹੈ। ਪੰਜ ਜਾਂ ਦਸ ਰੁਪਏ ਜਾਣ ਵਾਲਾ ਮੱਥਾ ਟੇਕੇਗਾ। 500 ਜਾਂ 600 ਦੇ ਲਗਪਗ ਦੁਖੀਏ ਉਥੇ ਰੋਜ਼ ਜਾਂਦੇ ਹਨ। ਫਿਰ ਪੁੱਛਦਾ ਹੈ ਕਿ ਕਿਥੇ ਹੈ ਪੱਥਰੀ ਜਿਥੇ ਦਰਦ ਹੁੰਦੀ ਹੈ, ਹੱਥ ਧਰ ਉਥੇ ਬਾਬਾ ਕੌਲੀ ਰੱਖ ਕੇ ਪਾਲਸ਼ ਕਰਕੇ ਪੱਥਰੀ ਕੱਢ ਦੇਂਦਾ ਹੈ। ਪੱਥਰੀ ਚਿਪਸ ਵਾਂਗ ਪਾਲਸ਼ ਕਰਕੇ ਕੱਢਦਾ ਹੈ ਕੌਲੀ ਤਾਂ ਬਾਬਾ ਗੁਰਦੇ ਤੋਂ ਬਾਹਰ ਫੇਰਦਾ ਹੈ। ਪੱਥਰੀ ਗੁਰਦੇ ਦੇ ਅੰਦਰ ਪਾਲਸ਼ ਹੋ ਕੇ ਨਿਕਲਦੀ ਹੈ। ਨਾ ਖੂਨ ਨਿਕਲੇ ਨਾ ਚੀਰਾ ਦੇਣਾ ਪਵੇ ਨਾ ਪੇਟ ਵਿਚ ਮੋਰੀ ਕਰਨੀ ਪਵੇ। ਵੇਖਿਆ ਬਾਬੇ ਦਾ ਕਮਾਲ। ਲੇਖਕ ਨੇ ਪਬਲਿਕ ਵਿਚੋਂ ਇਕ ਇਕ ਤੋਂ ਪੁੱਛਿਆ ਕਿ ਤੂੰ ਕਿੰਨੀ ਵੇਰ ਆਇਆ ਹੈਂ ਬਹੁਤ ਇਹੋ ਕਹਿ ਰਹੇ ਸਨ ਮੈਂ ਪਹਿਲੀ ਵਾਰ ਆਇਆ ਹਾਂ। ਇਕ ਮਾਈ ਨੇ ਕਿਹਾ ਕਿ ਮੈਂ ਚੌਥੀ ਵਾਰ ਆਈ ਹਾਂ। ਲੇਖਕ ਨੇ ਪੁੱਛਿਆ ਕਿ ਮਾਤਾ ਤੂੰ ਬਾਰ-ਬਾਰ ਕਿਉਂ ਆਉਂਦੀ ਹੈ ਤਾਂ ਮਾਤਾ ਨੇ ਕਿਹਾ ਕਿ ਮੇਰੇ ਗੁਰਦੇ ਵਿਚ 2 ਵੇਰ ਬਾਬੇ ਨੇ ਪੱਥਰੀਆਂ ਕੱਢੀਆਂ ਹਨ ਤਾਂ ਲੇਖਕ ਨੇ ਕਿਹਾ ਕਿ ਮਾਤਾ ਦੋ ਪੱਥਰੀਆਂ ਤੇਰੀਆਂ ਬਾਬੇ ਨੇ ਕੱਢੀਆਂ ਹਨ। ਕੀ ਹੁਣ ਤੇਰੇ ਪੇਟ ਵਿਚੋਂ ਪਹਾੜ ਕੱਢਣਾ ਬਾਕੀ ਹੈ। ਮਾਤਾ ਤੇਰੇ ਪੇਟ ਵਿਚੋਂ ਪੱਥਰੀ ਕੱਢੀ ਕੋਈ ਪੇਟ ਵਿਚ ਮੋਰੀ ਕੀਤੀ। ਮੰਤਰ ਪੜ੍ਹ ਕੌਲੀ ਘਸਾ ਕੇ। ਬਾਬਾ ਪੱਥਰੀ ਕੱਢ ਦੇਂਦਾ ਹੈ। ਲੇਖਕ ਨੇ ਇਕ ਰੁਪਏ ਦਾ ਸਿੱਕਾ ਕੱਢ ਕੇ ਰੁਮਾਲ ਵਿਚ ਲਪੇਟ ਲਿਆ ਤੇ ਕਿਹਾ ਕਿ ਬਾਬੇ ਨੂੰ ਕਹੋ ਬਿਨ੍ਹਾਂ ਪਾੜੇ ਰੁਮਾਲ ਵਿਚੋਂ ਕੌਲੀ ਘਸਾ ਕੇ ਮੰਤਰ ਪੜ੍ਹ ਕੇ ਕੱਢ ਦੇਵੇ ਬਹੁਤ ਸਾਰੇ ਲੋਕ ਲੇਖਕ ਦੀ ਗੱਲ ਸੁਣ ਕੇ ਸੋਚਣ ਲੱਗ ਪਏ। ਲੇਖਕ ਨੇ ਕਿਹਾ ਕਿ ਜੋ ਬਾਬਾ ਕਾਮਲ ਹੈ ਤਾਂ ਮੈਂ ਇਕ ਐਕਸਰਾ ਲੱਥੇ ਹੋਏ ਆਦਮੀ ਨੂੰ ਨਾਲ ਲੈ ਕੇ ਆਉਂਦਾ ਹਾਂ ਜੇ ਇਹ ਬਾਬਾ ਪੱਥਰੀ ਕੱਢ ਦੇਵੇ ਤਾਂ ਮੈਂ 500 ਰੁਪਏ ਬਾਬੇ ਨੂੰ ਦੇਵਾਂਗਾ। ਮੈਂ ਇਹਨਾਂ ਮੰਤਰਾਂ ਜੰਤਰਾਂ ਤੇ ਕੌਲੀ `ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਇਹ ਕਿਰਤ ਕਰਨ ਦੀ ਬਜਾਏ ਪਾਖੰਡ ਨਾਲ ਮਾਇਆ ਇਕੱਠੀ ਕਰ ਰਿਹਾ ਹੈ। ਗੁਰੂ ਸਾਹਿਬਾਂ ਤੋਂ ਵਰਸਾਏ ਬਾਬਿਆਂ ਦੇ ਨਾਮ `ਤੇ ਇਸ ਡੇਰੇ ਦਾ ਨਾਮ ਰੱਖ ਕੇ ਬਾਬਾ ਬੁੱਢਾ ਜੀ ਦੇ ਨਾਮ `ਤੇ ਪਾਖੰਡ ਰਚੀ ਬੈਠਾ ਹੈ। ਮੈਂ ਹੁਣ ਇਸ ਪਰਚੇ ਵਿਚ ਲਿਖ ਰਿਹਾ ਹਾਂ ਅੱਗ ਤੋਂ ਹਜਾਰਾਂ ਦੀ ਗਿਣਤੀ ਵਿਚ ਮੈਂ ਇਸ਼ਤਿਹਾਰ ਛਪਾ ਕੇ ਵੰਡਾਂਗਾ ਤੇ ਇਸ ਅਖੌਤੀ ਬਾਬੇ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸ ਬੇਨਤੀ ਕਰਕੇ ਇਸ ਨੂੰ ਅਕਾਲ ਤਖ਼ਤ `ਤੇ ਤਲਬ ਕਰਾਵਾਂਗਾ ਨਹੀਂ ਤੇ ਇਹ ਬਾਬਾ ਪਾਖੰਡ ਛੱਡ ਕੇ ਬੈਠ ਜਾਵੇ। ਪ੍ਰਮਾਤਮਾ ਨੇ ਇਸ ਨੂੰ ਪੈਦਾ ਕੀਤਾ ਹੈ ਉਹ ਰੋਜ਼ੀ ਦੇਵੇਗਾ, ਸਿਰ ਸਿਰ ਰਿਜਕ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ।
.