.

ਆਪਣੀ-ਆਪਣੀ ਸ਼ਰਧਾ

ਗੁਰਸ਼ਰਨ ਸਿੰਘ ਕਸੇਲ, ਕਨੇਡਾ

ਇਸ ਗੱਲ ਦੀ ਬਹੁਤ ਹੈਰਾਨੀ ਹੁੰਦੀ ਹੈ ਕਿ ਬਹੁਤ ਸਾਰੇ ਉਹ ਕੰਮ (ਕਰਮ) ਹਨ ਜੋ ਅਸੀਂ ਗੁਰਬਾਣੀ ਅਨੁਸਾਰ ਨਹੀਂ ਕਰਦੇ ਹਾਲਾਂਕਿ ਸਾਨੂੰ ਕਰਨੇ ਚਾਹੀਦੇ ਹਨ ਅਤੇ ਸਾਡੇ ਵਾਸਤੇ ਬਹੁਤ ਜ਼ਰੂਰੀ ਵੀ ਹਨ; ਪਰ ਪਤਾ ਨਹੀਂ ਅਸੀਂ ਅਜਿਹੇ ਕੰਮ ਕਿਉਂ ਕਰਦੇ ਹਾਂ ਜਿੰਨਾਂ ਤੋਂ ਸਾਨੂੰ ਗੁਰਬਾਣੀ ਵਰਜਦੀ ਹੈ। ਅਜਿਹੇ ਅੰਧਵਿਸ਼ਵਾਸੀ ਅਤੇ ਕਰਮਕਾਂਡੀ ਕੰਮ ਕਰਕੇ ਜਿਥੇ ਅਸੀਂ ਆਪਣੀ ਜ਼ਮੀਰ ਨੂੰ ਡਰਪੋਕ ਬਣਾਉਂਦੇ ਹਾਂ, ਉਥੇ ਸਮਾਂ ਅਤੇ ਪੈਸੇ ਤਾਂ ਬਰਬਾਦ ਕਰਦੇ ਹੀ ਹਾਂ, ਨਾਲ ਹੀ ਆਪਣੇ ਬੱਚਿਆਂ ਨੂੰ ਵੀ ਨਰੋਈ ਜੀਵਨ ਜਾਚ ਦੀ ਸੇਧ ਨਹੀਂ ਦੇ ਰਹੇ ਹੁੰਦੇ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਵਿੱਚ ਅੰਧਵਿਸ਼ਵਾਸੀ, ਕਰਮਕਾਂਡੀ ਵਿਚਾਰਧਾਰਾ ਤੋਂ ਰਾਹਤ ਮਿਲਣ ਦੀ ਆਸ ਨਹੀਂ ਕੀਤੀ ਜਾ ਸਕਦੀ। ਜਿਵੇਂ ਕਹਾਵਤ ਹੈ ਕਿ “ਕੋਈ ਸੁਤੇ ਨੂੰ ਤਾਂ ਜਗ੍ਹਾ ਸਕਦਾ ਹੈ ਪਰ ਜਾਗਦੇ ਨੂੰ ਕੀ ਕਰੇ”। ਕਈ ਵਾਰੀ ਇੰਜ਼ ਹੋਇਆ ਹੈ ਕਿ ਜਦੋਂ ਕਿਸੇ ਪੜ੍ਹੇ-ਲਿੱਖੇ ਜਾਣੇ ਜਾਂਦੇ ਵੱਲੋਂ ਵੀ ਗੁਰਬਾਣੀ ਜਾਂ ਪੰਥਕ ਰਹਿਤ ਮਰਯਾਦਾ ਦੇ ਉਲਟ ਕਰਮ (ਕੰਮ) ਕਰਨ ਬਾਰੇ ਉਸ ਤੋਂ ਪੁੱਛਿਆ ਗਿਆ ਤਾਂ ਅੱਗੋਂ ਘੜਿਆ-ਘੜਾਇਆ ਜਵਾਬ ਸੀ ਕਿ, “ਵੇਖੋ ਜੀ, ਇਹ ਤਾਂ ਆਪਣੀ-ਆਪਣੀ ਸ਼ਰਧਾ ਹੈ”। ਇਹ ਕਹਿ ਕੇ ਸੁਰਖਰੂ ਹੋ ਜਾਂਦੇ ਹਨ।

ਇਹ ਵੀ ਸੱਚ ਹੈ, ਕਿ ਪਿਛਲੇ ਕਾਫੀ ਸਮੇਂ ਤੋਂ ਸਿੱਖਾਂ ਵਿੱਚ ਗੁਰਮਤਿ ਦਾ ਪ੍ਰਚਾਰ ਨਹੀਂ ਹੋਇਆ। ਕੁੱਝ ਪਹਿਰਾਵੇ ਤੋਂ ਸਿੱਖ ਜਾਪਣ ਵਾਲੇ ਸਿੱਖ ਧਰਮ ਦੇ ਪ੍ਰਚਾਰਕ ਬਣੇ ਰਹੇ ਹਨ ਅਤੇ ਬਣੇ ਹੋਏ ਹਨ। ਇਸ ਕਰਕੇ ਉਹ ਗੁਰਮਤਿ ਨੂੰ ਵੀ ਹਿੰਦੂ ਧਰਮ ਦੀਆਂ ਕਥਾ ਕਹਾਣੀਆਂ ਤੇ ਸਿਧਾਂਤ ਅਨੁਸਾਰ ਹੀ ਪ੍ਰਚਾਰਦੇ ਆ ਰਹੇ ਹਨ। ਅੱਜ ਉਹਨਾਂ ਦਾ ਸਾਡੇ ਸਮਾਜ ਵਿੱਚ ਏਨਾ ਕੁ ਪ੍ਰਭਾਵ ਪੈ ਚੁੱਕਾ ਹੈ ਕੇ ਕਈ ਚੰਗੇ ਭਲੇ ਸੂਝਵਾਨ ਸਿੱਖ ਵੀ ਗੁਰਬਾਣੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ, ਪੰਥਕ ਰਹਿਤ ਮਰਯਾਦਾ ਦੇ ਸਾਡੇ ਕੋਲ ਲਿਖਤੀ ਰੂਪ ਵਿੱਚ ਹੋਣਦੇ ਬਾਵਜ਼ੂਦ ਵੀ ਮਨਮਤ ਤੇ ਕਰਮਕਾਂਡ ਕਰਨ ਤੋਂ ਨਹੀਂ ਹੱਟਦੇ ਅਤੇ ਆਪਣੀ ਮਤ ਅਨੁਸਾਰ ਕੀਤੇ ਕਰਮ ਨੂੰ “ਸ਼ਰਧਾ” ਦਾ ਨਾਂਅ ਦੇ ਦੇਂਦੇ ਹਨ। ਕਿਸੇ ਸਮਝਦਾਰ ਵਿਅਕਤੀ ਨਾਲ ਅਸਥੀਆਂ (ਫੁੱਲ) ਨੂੰ ਉਚੇਚੇ ਤੌਰ ਤੇ ਕਿਸੇ ਵਹਿਮ ਭਰਮ ਦੇ ਹੋਣ ਕਰਕੇ ਸ੍ਰੀ ਗੋਇਦਵਾਲ ਜਾਂ ਕੀਰਤਪੁਰ ਪਾਉਣ ਬਾਰੇ ਗੱਲ ਕਰ ਰਿਹਾ ਸਾਂ, ਕਿ ਪੰਥਕ ਰਹਿਤ ਮਰਯਾਦਾ ਅਨੁਸਾਰ ਮਿਰਤਕ ਦੀਆਂ ਅਸਥੀਆਂ ਲਾਗਲੇ ਵਗਦੇ ਪਾਣੀ ਜਾਂ ਜਮੀਨ ਵਿੱਚ ਦੱਬ ਦੇਣ ਬਾਰੇ ਆਖਿਆ ਹੈ; ਪਰ ਮੈਂਨੂੰ ਹੈਰਾਨੀ ਹੋਈ ਇਹ ਗੱਲ ਸੁਣਕੇ ਜਦੋਂ ਉਹ ਕਹਿੰਦੇ, “ਬਹੁਤੇ ਲੋਕ ਸ੍ਰੀ ਗੋਇਦਵਾਲ ਸਾਹਿਬ ਜਾਂ ਕਰਤਾਰਪੁਰ ਸਾਹਿਬ ਹੀ ਜਾਂਦੇ ਹਨ ਇਸ ਕਰਕੇ ਲੋਕਾਂ ਦੇ ਨਾਲ ਚਲਣਾ ਪੈਂਦਾ ਹੈ ਜਾਂ ਕਈਆਂ ਦੀ ਸ਼ਰਧਾ ਹੈ।” ਜੇਕਰ ਕੋਈ ਸਿੱਖ ਗੁਰਬਾਣੀ ਜਾਂ ਪੰਥਕ ਰਹਿਤ ਮਰਯਾਦਾ ਦੇ ਲਿਖਤੀ ਰੂਪ ਵਿੱਚ ਹੁੰਦਿਆਂ ਹੋਇਆਂ ਵੀ ਸਿਰਫ ਇਸ ਕਰਕੇ ਕਰਮਕਾਂਡ ਕਰੀ ਜਾਵੇ ਕਿ ਬਹੁ-ਗਿਣਤੀ ਲੋਕ ਇਹ ਕਰਮ ਕਰਦੇ ਹਨ ਜਾਂ ਅਖੌਤੀ ਸ਼ਰਧਾ ਦਾ ਬਹਾਨਾ ਬਣਾਉਂਦੇ ਹਨ ਤਾਂ ਫਿਰ ਉਸ ਕੌਮ ਦਾ ਭਵਿੱਖ ਕੀ ਹੋ ਸਕਦਾ ਹੈ?

ਅਸਥੀਆਂ ਬਾਰੇ ਪੰਥਕ ਰਹਿਤ ਮਰਯਾਦਾ ਵਿੱਚ ਇੰਜ਼ ਦਰਜ ਹੈ: 3. ਮਿਰਤਕ ਸੰਸਕਾਰ:

(ਕ) ਮਿਰਤਕ ਪ੍ਰਾਣੀ ਦਾ 'ਅੰਗੀਠਾ' ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ।

ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁਢਾ, ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ ਹੈ।

ਇੰਜ਼ ਲੱਗਦਾ ਹੈ ਕਿ ਜਿਵੇਂ ਸਾਨੂੰ ਇਹ ਭੁਲੇਖਾ ਪੈ ਗਿਆ ਹੈ ਕਿ ਸ਼ਾਇਦ ਗੁਰੂ ਸਾਹਿਬਾਨ ਜਾਂ ਪੰਥਕ ਵਿਦਵਾਨਾ ਨੇ ਸਿੱਖਾਂ ਨੂੰ ਗੰਗਾ ਜਾਂ ਹਰਿਦੁਆਰ ਅਸਥੀਆਂ ਲੈ ਕੇ ਜਾਣ ਤੋਂ ਇਸ ਕਰਕੇ ਵਰਜਿਆ ਹੈ ਕਿ ਉਹ ਦੂਰ ਪੈਂਦੇ ਹਨ। ਇਸ ਲਈ ਆਪਾਂ ਹੁਣ ਲਾਗੇ ਸ੍ਰੀ ਗੋਇਦ ਵਾਲ ਜਾਂ ਕੀਰਤਪੁਰ ਪਾ ਆਉਂਦੇ ਹਾਂ। ਗੁਰੂ ਸਾਹਿਬਾਨ ਅਤੇ ਪੰਥਕ ਵਿਦਵਾਨ ਤਾਂ ਸਿੱਖਾਂ ਨੂੰ ਅੰਧਵਿਸ਼ਵਾਸ ਅਤੇ ਕਰਮਕਾਂਡ ਤੋਂ ਕੱਢਣਾ ਚਾਹੁੰਦੇ ਹਨ। ਗੁਰਬਾਣੀ ਸਾਡੀ ਮਤ ਅਨੁਸਾਰ ਬਣਾਏ ਮਿਰਤਕ ਸਰੀਰ ਨੂੰ ਕਿਸੇ ਖਾਸ ਜਗ੍ਹਾ ਜਾਂ ਵਿਧੀ ਅਨੁਸਾਰ ਅੰਤਮ ਰਸਮ ਕਰਨ ਨਾਲ ਉਸ ਪ੍ਰਾਣੀ ਦੀ ਆਤਮਾ ਨੂੰ ਕੋਈ ਖਾਸ ਲਾਭ ਹੋਣ ਦੇ ਕਾਰਨ ਪਏ ਜਾਂ ਪਾਏ ਗਏ ਭੁਲੇਖਿਆਂ ਨੂੰ ਦੂਰ ਕਰਦੀ ਹੈ। ਇਸ ਲਈ ਸਾਨੂੰ ਇਹ ਸੋਝੀ ਦੇਂਦੀ ਹੈ ਕਿ ਮਿਰਤਕ ਸਰੀਰ ਦੀਆਂ ਕਿਸੇ ਵੀ ਤਰੀਕੇ ਨਾਲ ਅੰਤਮ ਰਸਮਾ ਕਰਨ ਨਾਲ ਕੋਈ ਵੀ ਇਹ ਦਾਵਾ ਨਹੀਂ ਕਰ ਸਕਦਾ ਕਿ ਉਸ ਮਨੁੱਖ ਦੀ ਆਤਮਾ ਕਿਥੇ ਗਈ :

ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ (ਮ: 1, ਪੰਨਾ ੬੪੮)

ਇੰਜ਼ ਹੀ ਸਾਡੀ ਹਾਲਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਮਈ ਬਾਣੀ ਬਾਰੇ ਵੀ ਬਣੀ ਹੋਈ ਹੈ। ਜਿਸ ਅੰਮ੍ਰਿਤ ਮਈ ਰੂਪੀ ਗੁਰਬਾਣੀ ਦੇ ਭੰਡਾਰੇ ਵਿੱਚ ਸਾਰੀ ਦੁਨੀਆਂ ਨੂੰ ਮਾਨਸਿਕ ਤੌਰ ਤੇ ਰੋਸ਼ਨ ਕਰਨ ਦੀ ਸਮਰਥਾ ਹੈ, ਅਸੀ ਉਸਨੂੰ ਵੀ ਪਦਾਰਥਿਕ ਜੋਤ `ਤੇ ਨਿਰਭਰ ਸਮਝਦੇ ਹਾਂ। ਇਸੇ ਕਰਕੇ ਹੀ ਤਾਂ ਅਸੀਂ ਹਿੰਦੂ ਧਰਮ ਅਨੁਸਾਰ ਮੰਨੇ ਜਾਂਦੇ ਦੇਵੀ –ਦੇਵਤਿਆਂ ਨੂੰ ਵੀ ਪੂਜਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਧਾਰਨ ਪਾਠ ਜਾਂ ਅਖੰਡ ਪਾਠ ਅਰੰਭ ਕਰਨ ਤੋਂ ਪਹਿਲਾਂ ਹੀ ਇਹਨਾ ਵਸਤੂਆਂ ਬਾਰੇ ਫਿਕਰਮੰਦ ਹੋ ਜਾਂਦੇ ਹਾਂ। ਜਿੰਨਾਂ ਚਿਰ ਕੁੰਭ, ਜੋਤ, ਨਾਰੀਅਲ, ਲਾਲ ਕਪੜਾ ਆਦਿਕ ਦਾ ਪ੍ਰਬੰਧ ਨਾ ਹੋਵੇ ਉਨ੍ਹਾਂ ਚਿਰ ਸਾਡੇ ਭਾਈ ਸਾਹਿਬ (ਪੁਜਾਰੀ) ਪਾਠ ਦਾ ਅਰੰਭ ਨਹੀਂ ਕਰਦੇ ਅਤੇ ਕਈ ਘਰ ਵਾਲਿਆਂ ਦੀ ਵੀ ਇਨ੍ਹਾਂ ਵਸਤੂਆਂ ਤੋਂ ਬਗੈਰ ਅਖੋਤੀ ਸ਼ਰਧਾ ਪੂਰੀ ਨਹੀਂ ਹੁੰਦੀ। ਕਿਸੇ ਕੋਲ ਬਹਾਨਾ ਇਨ੍ਹਾਂ ਵਸਤੂਆਂ ਤੋਂ ਬਗੈਰ ਜ਼ਨਾਨੀਆਂ ਦੇ ਨਾਂ ਰਾਜ਼ੀ ਹੋਣ ਦਾ ਹੁੰਦਾ ਹੈ ਕਿਸੇ ਕ਼ੋਲ ਬੰਦਿਆਂ ਦੇ ਭਰਮ ਕਰਨ ਦਾ। ਜਦ ਕੇ ਪੰਥਕ ਰਹਿਤ ਮਰਯਾਦਾ ਅਨੁਸਾਰ ਇਹਨਾਂ ਵਸਤੂਆਂ ਦੀ ਕੋਈ ਜ਼ਰੂਰਤ ਹੀ ਨਹੀਂ ਹੈ; ਪਰ ਸਾਡੇ ਬਹੁਤੇ ਪੇਸ਼ਾਵਰ ਭਾਈ ਜੀ ਸਿੱਖਾਂ ਨੂੰ ਵਹਿਮਾ ਭਰਮਾ ਅਤੇ ਕਰਮਕਾਂਡਾ ਵਿੱਚ ਪਾਈ ਰੱਖਣਾ ਚਾਹੁੰਦੇ ਹਨ ਜਾਂ ਕਈ ਆਪ ਹੀ ਗੁਰਮਤਿ ਦੀ ਸੂਝ ਤੋਂ ਅਗਿਆਨੀ ਹਨ। ਜਿੰਨਾ ਦੀ ਜੁਮੇਵਾਰੀ ਸਿੱਖਾਂ ਨੂੰ ਗੁਰਬਾਣੀ ਅਤੇ ਪੰਥਕ ਰਹਿਤ ਮਰਯਾਦਾ ਤੋਂ ਜਾਣੂ ਕਰਵਾਉਣਾ ਹੈ। ਕਈ ਸਿੱਖ ਅਜਿਹੇ ਕਰਮਕਾਂਡਾਂ ਨੂੰ ਆਪਣੀ ਅਖੌਤੀ ਸ਼ਰਧਾ ਆਖੀ ਜਾਂਦੇ ਹਨ।

ਵੇਖਦੇ ਹਾਂ ਇਸ ਬਾਰੇ ਪੰਥਕ ਰਹਿਤ ਮਰਯਾਦਾ: ਅਖੰਡ ਪਾਠ
ੳ) ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁੱਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ ਕਰਨਾ ਚਾਹੀਏ, ਭਾਵੇਂ ਸਮਾਂ ਕੁੱਝ ਵਧੀਕ ਲੱਗ ਜਾਵੇ।

ਅ) ਅਖੰਡ ਪਾਠ ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ।
ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਪਾਠੀ ਦੀ ਯਥਾ-ਸ਼ਕਤਿ ਭੋਜਨ ਬਸਤਰ ਆਦਿ ਨਾਲ ਯੋਗ ਸੇਵਾ ਕੀਤੀ ਜਾਵੇ।

ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।

ਅੱਜ ਸਿੱਖਾਂ ਦੀ ਬਹੁ-ਗਿਣਤੀ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਮਈ ਬਾਣੀ (ਗਿਆਨ) ਰਾਹੀਂ ਆਪਣੀ ਆਤਮਾਂ ਨੂੰ ਸੁਧਾਰਨ ਅਤੇ ਇੱਕ ਅਕਾਲ ਪੁਰਖ ਦੀ ਪੂਜਾ ਕਰਨ ਦੀ ਬਜਾਏ ਅਨਮਤੀਆਂ ਅਤੇ ਅਖੋਤੀ ਸੰਤਾਂ ਸਾਧਾਂ, ਕਬਰਾਂ ਅਤੇ ਮੜੀਆਂ `ਤੇ ਸਿਰ ਝੁਕਾਈ ਫਿਰਦੇ ਆਮ ਹੀ ਵੇਖੇ ਜਾਂਦੇ ਹਨ। ਭਾਂਵੇਂ ਕਿ ਉਥੇ ਵਿਖਾਵੇ ਖਾਤਰ ਪ੍ਰਕਾਸ਼ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਹੈ, ਅਤੇ ਗੁਰਬਾਣੀ ਵੀ ਪੜ੍ਹਦੇ ਹਨ ਪਰ ਅਜਿਹੇ ਸਿੱਖਾਂ ਦੀ ਮਨ ਦੀ ਅਵਸਥਾ ਉਸ ਬਾਬੇ ਸੰਤ ਜਾਂ ਸਾਧ ਦੇ ਵਿੱਚ ਜੁੜੀ ਹੁੰਦੀ ਹੈ। ਵੇਖਣ ਵਿੱਚ ਆਉਂਦਾ ਹੈ ਕਿ ਉਹ ਲੋਕ ਸੋਚਦੇ ਹਨ ਕਿ ਇਹ ਸਾਧ, ਬਾਬਾ ਜਾਂ ਸੰਤ ਸਾਡੀ ਇਸ ਕੀਤੀ ਸੇਵਾ ਤੋਂ ਖੁਸ਼ ਹੋ ਕੇ ਸਾਨੂੰ ਮੂੰਹ ਮੰਗੀਆਂ ਮੁਰਾਦਾਂ ਦੇਵੇਗਾ। ਇਸੇ ਕਰਕੇ ਅਜਿਹੇ ਉਸ ਸਾਧ ਦੇ ਸ਼ਰਧਾਲੂ “ਸ਼ਬਦ ਗੁਰੂ” ਵੱਲ ਕੋਈ ਧਿਆਨ ਨਹੀਂ ਦੇਂਦੇ। ਅਜਿਹੇ ਲੋਕ ਵੀ ਉਹੀ ਜਵਾਬ ਦੇਂਦੇ ਹਨ ਕਿ, “ਇਹ ਤਾਂ ਆਪਣੀ-ਆਪਣੀ ਸ਼ਰਧਾ ਹੈ।” ਜਦ ਕਿ ਚਾਹੀਦਾ ਤਾਂ ਇਹ ਹੈ ਕਿ ਜੇਕਰ ਇਸੇ ਚੰਗੇ ਇੰਨਸਾਨ ਨੇ ਕੋਈ ਲੋਕ ਭਲਾਈ ਦਾ ਜਾਂ ਕੌਮ ਦਾ ਸਵਾਰਿਆ ਹੈ ਤਾਂ ਉਸ ਦੀ ਯਾਦ ਮੰਨਾਉਣ ਦੇ ਨਾਲ ਉਨ੍ਹਾਂ ਕੰਮਾਂ ਤੋਂ ੳਤੁਸ਼ਾਹ ਹੋ ਕੇ ਆਪਣੇ ਜੀਵਨ ਵਿੱਚ ਵੀ ਅਪਣਾਈਏ। ਪਰ ਅਸੀਂ ਤਾਂ ਗੁਰੂ ਸਾਹਿਬਾਨ ਨਾਲੋਂ ਵੀ ਵੱਧ ਸ਼ਰਧਾ ਕਬਰਾਂ, ਮੜੀਆਂ ਅਤੇ ਸਮਾਧਾਂ `ਤੇ ਬਣਾਈ ਬੈਠੇ ਹਾਂ। ਲੋਕ ਵਿਖਾਵੇ ਲਈ ਸਧਾਰਨ ਪਾਠ ਜਾਂ ਅਖੰਡ ਪਾਠ ਅਰੰਭ ਕਰਵਾ ਦੇਂਦੇ ਹਨ ਪਰ ਗੁਰਬਾਣੀ ਕੀ ਉਪਦੇਸ਼ ਦੇ ਰਹੀ ਹੈ ਉਸ ਵੱਲ ਕੋਈ ਧਿਆਨ ਨਹੀਂ ਹੁੰਦਾ। ਗੁਰਬਾਣੀ ਸਾਨੂੰ ਇਸ ਤਰ੍ਹਾਂ ਦੀ ਅਖੌਤੀ ਸ਼ਰਧਾ ਰੱਖਣ ਤੋਂ ਸੁਚੇਤ ਕਰਦੀ ਹੈ: ੴ ਸਤਿਗੁਰ ਪ੍ਰਸਾਦਿ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ॥ (ਮ: 1, ਪੰਨਾ 634)

ਮੂਰਖਿ ਅੰਧੈ ਪਤਿ ਗਵਾਈ॥ ਵਿਣੁ ਨਾਵੈ ਕਿਛੁ ਥਾਇ ਨ ਪਾਈ॥ ਰਹੈ ਬੇਬਾਣੀ ਮੜੀ ਮਸਾਣੀ॥ ਅੰਧੁ ਨ ਜਾਣੈ ਫਿਰਿ ਪਛੁਤਾਣੀ॥ ਸਤਿਗੁਰੁ ਭੇਟੇ ਸੋ ਸੁਖੁ ਪਾਏ॥ ਹਰਿ ਕਾ ਨਾਮੁ ਮੰਨਿ ਵਸਾਏ॥ ਨਾਨਕ ਨਦਰਿ ਕਰੇ ਸੋ ਪਾਏ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ॥ ੨॥ (ਮ: ੧, ਪੰਨਾ ੪੬੭)

ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ॥ ਮੜੀ ਮਸਾਣੀ ਮੂੜੇ ਜੋਗੁ ਨਾਹਿ॥ (ਮ: ੧, ੧੧੮੯)

ਇਸ ਸਮੇਂ ਜਿਥੇ ਕਈ ਸਿੱਖ ਹੱਥ ਦੀਆਂ ਰੇਖਾਂਵਾਂ ਵੇਖਣ ਜਾਂ ਟੇਵੇ ਪੱਤਰੀ ਜਾਂ ਨੱਗ ਆਦਿਕ ਬਣਾ ਕੇ ਮਨੁੱਖ ਦੀ ਪਿਛਲੀ ਅਗਲੀ ਜਿੰਦਗੀ ਬਾਰੇ ਵਹਿਮ ਭਰਮ ਪਾਉਣ ਦਾ ਪੇਸ਼ਾ ਕਰਨ ਵਾਲਿਆਂ ਕੋਲ ਤਾਂ ਜਾਂਦੇ ਹੀ ਹਨ, ਉਥੇ ਮੋਲੀ ਦੇ ਧਾਗੇ ਨੂੰ ਗੁੱਟ ਤੇ ਬੰਨ੍ਹਣਾ ਵੀ ਸਿੱਖਾਂ ਦੀ ਅਖੌਤੀ ਸ਼ਰਧਾ ਬਣ ਗਈ ਹੈ। ਇਸ ਅਖੌਤੀ ਸ਼ਰਧਾ ਦਾ ਕਾਰਨ ਸਾਡੇ ਧਾਰਮਿਕ ਤੇ ਸਿਆਸੀ ਲੀਡਰਾਂ ਦਾ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਨੂੰ ਪੂਜਣਾ, ਟਿਕੇ, ਮੁਕਟ ਆਦਿਕ ਲਾਉਣੇ ਅਤੇ ਕਈ ਅਖੌਤੀ ਸੰਤਾਂ ਸਾਧਾਂ ਦੇ ਭੜ੍ਹਾਏ ਹੋਏ ਚੇਲਿਆਂ ਦਾ ਸਾਡੇ ਗੁਦੁਆਰਿਆਂ ਦੀਆਂ ਸਟੇਜ਼ਾਂ ਤੋਂ ਹਿੰਦੂ ਧਰਮ ਦੀਆਂ ਕਥਾ ਕਹਾਣੀਆਂ ਦਾ ਪ੍ਰਚਾਰ ਕਰ-ਕਰ ਕੇ ਸਿੱਖ ਸਿਧਾਂਤ ਦੀਆਂ ਨੀਂਹਾਂ ਪੋਲੀਆਂ ਕਰ ਦਿਤੀਆਂ ਹੋਣ ਦਾ ਹੀ ਇਹ ਨਤੀਜਾ ਨਜਰ ਆ ਰਿਹਾ ਹੈ। ਇਸ ਤਰ੍ਹਾਂ ਦੇ ਲਾਲਚੀ ਸਿੱਖਾਂ ਨੂੰ ਵੀ ਅਕਾਲ ਪੁਰਖ ਸਮੱਤ ਬਖ਼ਸ਼ੇ ਤਾਂ ਜੋ ਉਹ ਵੀ ਸਿੱਖ ਧਰਮ ਦੇ ਦੋਖੀਆਂ ਦਾ ਸਾਥ ਛੱਡਕੇ, ਗੁਰਮਤਿ ਦਾ ਪ੍ਰਚਾਰ ਕਰਨ:

ਭੂਲੇ ਸਿਖ ਗੁਰੂ ਸਮਝਾਏ॥ ਉਝੜਿ ਜਾਦੇ ਮਾਰਗਿ ਪਾਏ॥ ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ॥ (ਮ: ੧, ੧੦੩੨)

ਇੰਜ਼ ਹੀ ਕਈ ਸਿੱਖ ਅਖਵਾਉਣ ਵਾਲੇ ਸ਼ਨੀਚਰਵਾਰ ਵਾਲੇ ਦਿਨ ਕਾਲੇ ਛੋਲੇ ਅਤੇ ਕਈ ਅਖੌਤੀ ਆਪਣੀ-ਆਪਣੀ ਸ਼ਰਧਾ ਆਖਣ ਵਾਲੇ ਕਾਲੇ ਮਾਹ ਦਾ ਦਾਨ ਕਰਕੇ ਆਪਣੇ ਅੰਧਵਿਸ਼ਵਾਸਾਂ, ਤੇ ਕਰਮਕਾਂਡਾਂ ਦੇ ਜਾਲ ਵਿੱਚ ਫਸੀ ਜਾ ਰਹੇ ਹਨ। ਭਾਂਵੇ ਕੇ ਇਨ੍ਹਾਂ ਵਿੱਚੋਂ ਕਈ ਦਿੱਖ ਤੋਂ ਪੂਰਨ ਸਿੱਖ ਲੱਗਦੇ ਹਨ, ਗੁਰਦੁਆਰੇ ਵੀ ਜਾਂਦੇ ਹਨ ਪਰ ਮਨ ਵਿੱਚ ਜਿੰਨਾਂ ਚਿਰ “ਸ਼ਬਦ ਗੁਰੂ” ਨਾਲੋਂ ਕਾਲੇ ਛੋਲਿਆਂ, ਮਾਹ `ਤੇ ਵੱਧ ਸ਼ਰਧਾ ਬਣੀ ਹੋਈ ਹੈ ਉਨਾਂ ਚਿਰ ਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦਾ ਪ੍ਰਕਾਸ਼ ਕਿਵੇਂ ਹੋਵੇ: ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ॥ (ਮ: ੫, ਪੰਨਾ ੬੮੦)

ਕਹਤ ਕਬੀਰ, ਸੁਨਹੁ ਰੇ ਪ੍ਰਾਨੀ, ਛੋਡਹੁ ਮਨ ਕੇ ਭਰਮਾ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ, ਪਰਹੁ ਏਕ ਕੀ ਸਰਨਾਂ॥ (ਪੰਨਾ ੬੯੨)

ਅਜਿਹੀ ਹੀ ਹਾਲਤ ਅੱਜ ਸਾਡੀ ਨਿਆਰੀ ਕੌਮ ਦੀ “ਸ਼ਬਦ ਗੁਰੂ” ਅਤੇ ਅਕਾਲ ਪੁਰਖ ਨੂੰ ਵਿਸਾਰ ਕੇ ਸੂਰਜ (ਸੰਗਰਾਂਦ) ਚੰਦ (ਮੱਸਿਆ, ਪੁੰਨਿਆ, ਪੂਰਨਮਾਸ਼ੀ ਆਦਿਕ) ਨੂੰ ਪੂਜਣ ਬਾਰੇ ਬਣੀ ਹੋਈ ਹੈ। ਇਨ੍ਹਾਂ ਤਰੀਕਾਂ ਨੂੰ ਬਹੁਗਿਣਤੀ ਸਿੱਖ ਵੀ ਹੋਰਨਾਂ ਕੌਮਾਂ ਵਾਂਗੂ ਪਵਿੱਤਰ ਜਾਂ ਸ਼ੁੱਭ ਦਿਨ ਹੋਣ ਦਾ ਭਰਮ ਪਾਲ੍ਹੀ ਫਿਰਦੇ ਹਨ। ਉਂਝ ਭਾਂਵੇ ਮੂੰਹ ਤੋਂ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਕਹਿੰਦੇ ਵੇਖੇ ਹਨ। ਜਾਪਦਾ ਹੈ ਜਿਵੇਂ ਉਹਨਾਂ ਨੂੰ ਇਸ ਦੇ ਮਤਲਬ ਦਾ ਪਤਾ ਹੀ ਨਹੀਂ ਹੈ; ਕਿਉਂਕਿ ਜੇ ਇਸ ਮਤਲਬ ਦਾ ਪਤਾ ਹੈ ਤਾਂ ਫਿਰ ਕਿਸੇ ਖਾਸ ਦਿਨ ਨੂੰ ਪਵਿੱਤਰ ਜਾਂ ਸੁੱਭ ਕਿਉਂ ਮੰਨਣ ਅਤੇ ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰਨ ਦੀ ਬਜਾਏ ਉਸਦੀ ਕ੍ਰਿਤ ਸੂਰਜ ਜਾਂ ਚੰਦ ਦੀ ਪੂਜਾ ਕਿਉ ਕਰਨ। ਜਦ ਕਿ ਗੁਰਬਾਣੀ ਵੀ ਅਜਿਹਾ ਕਰਨ ਤੋਂ ਸੁਚੇਤ ਕਰਦੀ ਹੈ: ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ॥ ਇਕਤੁ ਨਾਮਿ ਸਦਾ ਰਹਿਆ ਸਮਾਇ॥ (ਮ: ੩, ਪੰਨਾ ੮੪੨-੮੪੩) ਪਰ ਇਥੇ ਵੀ ਸੰਗਰਾਂਦ, ਮਸਿਆ, ਪੁੰਨਿਆਂ ਅਤੇ ਪੂਰਨਮਾਸ਼ੀ ਆਦਿਕ ਵਾਲੇ ਦਿਨਾਂ ਨੂੰ ਸੁੱਖਣਾ ਸੁੱਖਣ ਵਾਲੇ ਅਖੌਤੀ ਆਪਣੀ–ਆਪਣੀ ਸ਼ਰਧਾ ਆਖਕੇ ਗੁਰੂ ਪ੍ਰਤੀ ਸਤਿਕਾਰ ਕਰਨ ਦਾ ਢੋਂਗ ਕਰਦੇ ਹਨ; ਜਦਕਿ ‘ਗੁਰੂ’ ਉਪਦੇਸ਼ ਦੇ ਉਲਟ ਕਰਮ ਕਰ ਰਹੇ ਹੁੰਦੇ ਹਨ।

ਇੰਜ਼ ਲੱਗਦਾ ਹੈ ਕਿ ਅੱਜ ਸਿੱਖ ਭਾਂਵੇ ਮੱਥਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਹਨ ਪਰ ਸਿਰਫ ‘ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨ ਰਹੇ। ਇਸੇ ਕਰਕੇ ਹੀ ਤਾਂ ਦਰ-ਦਰ `ਤੇ ਸਿਰ ਝੁਕਾਈ ਫਿਰਦੇ ਵੇਖ ਰਹੇ ਹਾਂ। ਅਜਿਹੇ ਲੋਕਾਂ ਨੂੰ ਸਮਝਾਉਣ ਵਾਸਤੇ ਗੁਰੂ ਜੀ ਫੁਰਮਾਉਂਦੇ ਹਨ: ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ॥ ਕਰਿ ਕਿਰਪਾ ਪਾਰਿ ਉਤਾਰਿਆ॥ (ਆਸਾ ਕੀ ਵਾਰ, ਪੰਨਾ ੪੭੦)

ਅਕਾਲ ਪੁਰਖ ਮੇਹਰ ਕਰੇ! ਘੱਟੋ ਘੱਟ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਮੰਨਣ ਵਾਲਿਆਂ ਵਿੱਚੋਂ ਤਾਂ ਗੁਰਮਤਿ ਵਿਰੋਧੀ ਭਰਮ ਦੂਰ ਹੋਣ। ਆਪਣੀ ਮੱਤ ਅਨੁਸਾਰ ਅੰਧਵਿਸ਼ਵਾਸ ਤੇ ਕਰਮਕਾਂਡ ਕਰਨ ਨੂੰ ਆਪਣੀ-ਆਪਣੀ ਸ਼ਰਧਾ ਦਾ ਖੋਖਲਾ ਬਹਾਨਾ ਬਣਾ ਕੇ ਸਹੀ ਹੋਣ ਦਾ ਮਾਣ ਨਾ ਕਰਨ। ਗੁਰਬਾਣੀ ਸਾਨੂੰ ਮਨਮਤ ਵਾਲੀ ਝੂਠੀ ਸ਼ਰਧਾ ਦੀ ਦਲਦਲ ਵਿੱਚੋਂ ਨਿਕਲਣ ਦਾ ਉਪਦੇਸ਼ ਦੇਂਦੀ ਹੈ। ਸਾਨੂੰ ਸਿਰਫ ਇੱਕ ਅਕਾਲ ਪੁਰਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ “ਸ਼ਬਦ ਗੁਰੂ” ਦੇ `ਤੇ ਹੀ ਸ਼ਰਧਾ ਬਣਾਉਣੀ ਚਾਹੀਦੀ ਹੈ। ਉਹੀ ਸ਼ਰਧਾ ਠੀਕ ਹੈ ਜੋ “ਸ਼ਬਦ ਗੁਰੂ” ਦੇ ਦੱਸੇ ਗਿਆਨ ਅਨੁਸਾਰ ਹੀ ਹੋਵੇ। ਕਿਸੇ ਹੋਰ ਦੇ ਦੱਸੇ ਰਾਹ ਜਾਂ ਮਨਮੱਤ ਸਾਡੇ ਦੁੱਖਾਂ ਤੇ ਪਛਤਾਵੇ ਦਾ ਕਾਰਨ ਹੀ ਬਣਦੇ ਹਨ:

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ॥ (ਮ: 3, ਪੰਨਾ 601)
.