.

❁ ਅਜੂਨੀ ਸੈਭੰ ❁
(ਕਿਸ਼ਤ ਨੰ: 04)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਹਜ਼ੂਰ ਨੇ ਤੀਜਾ ਬਚਨ ਕੀਤਾ ਕਿ “ਰਾਜਨ! ਪੁਰਾਣਿਕ ਵਿਚਾਰਧਾਰਾ ਵਿੱਚ ਵਾਮਨ ਤੇ ਨਰਸਿੰਘ ਆਦਿਕ ਜਿਨ੍ਹਾਂ ਅਵਤਾਰਾਂ ਨੂੰ ਵਿਸ਼ਨੂੰ ਰੂਪ ਭਗਵਾਨ ਦੀ ਅੰਸ਼ ਮਾਤਰ ਮੰਨਿਆਂ ਜਾਂਦਾ ਹੈ ਜਾਂ ਬਾਕੀ ਹੋਰ ਅਵਤਾਰ ਤੇ ਦੇਵੀ-ਦੇਵਤੇ ਆਦਿਕ, ਜੇ ਕੋਈ ਉਨ੍ਹਾਂ ਦੀ ਪੁਰਾਣਾਂ ਵਿੱਚ ਹੋਂਦ ਮੰਨੀ ਵੀ ਜਾਂਦੀ ਹੈ, ਤਦ ਵੀ ਸਾਨੂੰ ਇਹੀ ਸਮਝਣਾ ਚਾਹੀਦਾ ਹੈ ਕਿ ਇਹ ਸਾਰੇ ਅਕਾਲਪੁਰਖ ਸਿਰਜਨਹਾਰ ਦੇ ਹੀ ਪੈਦਾ ਕੀਤੇ ਹੋਏ ਹੋਏ ਹਨ ਅਤੇ ਮਾਇਆ ਦਾ ਮੋਹ ਵੀ ਉਸ ਨੇ ਆਪ ਹੀ ਬਣਾਇਆ ਹੈ, ਜਿਸ ਦਾ ਪ੍ਰਭਾਵ ਹੋਰ ਜੀਵਾਂ ਵਾਂਗ ਇਨ੍ਹਾਂ ਦੇਵਤਿਆਂ ਤੇ ਅਵਤਾਰਾਂ ਵਿੱਚ ਵੀ ਪਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਉਹ ਵੀ ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁਖਾਂ ਦੀ ਖ਼ਾਤਰ ਲੜਦੇ ਭਿੜਦੇ ਰਹੇ। ਪ੍ਰਚਲਿਤ ਕਥਾਵਾਂ ਮੁਤਾਬਿਕ ਕੋਈ ਮੁਸੀਬਤ ਆਦਿਕ ਪੈਣ ’ਤੇ ਬ੍ਰਹਮਾ ਤੇ ਸ਼ਿਵ ਵਰਗੇ ਵੱਡੇ ਵੱਡੇ ਦੇਵਤੇ ਵੀ ਪ੍ਰਭੂ ਨੂੰ ਹੀ ਸਿਮਰਦੇ ਰਹੇ, ਪਰ ਰੱਬੀ ਬਿਅੰਤਤਾ ਦੀ ਵਿਸਮਾਦਜਨਕ ਬਾਤ ਇਹ ਹੈ ਕਿ ਉਹਨਾਂ ਨੂੰ ਵੀ ਉਸ ਦੀ ਅਜਬ ਖੇਡ ਦਾ ਕੋਈ ਭੇਦ ਨਾਹ ਲੱਭਾ।

ਦੂਜਾ ਰਿਹਾ ਸੁਆਲ? ਪਰਮਾਤਮਾ ਦੇ ਮਾਨਵੀ ਹਿਰਦੇ ਵਿੱਚ ਪ੍ਰਗਟ ਹੋਣ ਦਾ, ਉਸ ਸਬੰਧੀ ਪਹਿਲੀ ਗੱਲ ਇਹ ਸਮਝ ਲੈਣੀ ਚਾਹੀਦੀ ਹੈ ਕਿ ਸਾਡੀ ਦਿਸ਼੍ਰਟੀ ਵਿੱਚ ਪਰਮਾਤਮਾ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਆਦਿਕ ਵਾਂਗ ਕੋਈ ਵਿਅਕਤੀਗਤ ਹਸਤੀ ਨਹੀ ਹੈ, ਜਿਹੜਾ ਮਰਨ ਤੋਂ ਡਰਦਾ ਲੜਦਾ ਤੇ ਭੱਜਾ ਫਿਰੇ, ਮੱਛੀਆਂ ਤੇ ਕਛੂਆਂ ਦੇ ਰੂਪ ਵਿੱਚ ਅਵਤਾਰ ਧਾਰਦਾ ਫਿਰੇ। ਅਸੀਂ ਸਮਝਦੇ ਹਾਂ ਕਿ ਪਰਮਾਤਮਾ ਨਿ-ਡਰ ਹੈ, ਆਕਾਰ-ਰਹਿਤ ਹੈ ਤੇ ਲਖਿਆ ਨਹੀਂ ਜਾ ਸਕਦਾ। ਉਹ, ਗੁਰਮੁਖ ਦੇ ਅੰਦਰ ਪਰਗਟ ਹੁੰਦਾ ਹੈ ਅਤੇ ਗੁਰਮੁਖ ਹੋਣਾਂ ਮਾਨਵੀ ਜੀਵਨ ਦੀ ਐਸੀ ਉਚਤਾਮਿਕ ਅਵਸਥਾ ਹੈ, ਜਿਥੇ, ਚਿੰਤਾ ਤੇ ਪ੍ਰਭੂ ਨਾਲੋਂ ਵਿਛੋੜਾ ਦਬਾ ਨਹੀਂ ਪਾ ਸਕਦੇ। ਇਹੀ ਕਾਰਨ ਹੈ ਕਿ ਗੁਰਮੁਖ ਵਿਆਕਤੀ, ਜਗਤ ਵਿੱਚ ਮਾਇਆ ਦੇ ਮੋਹ ਵਲੋਂ ਵੀ ਅਡੋਲ ਰਹਿੰਦਾ ਹੈ। ਜਿਵੇਂ ਗਰੁਵਾਕ ਹੈ”:

ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ।।

ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ।।

ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹ੍ਹੀ ਨ ਲਹੀਆ।।

ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ।।

ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ।। ੧੯।।

ਉਸ ਵੇਲੇ ਦੇ ਸਤਿਸੰਗ ਵਿੱਚ ਗਰੁ ਦਰਬਾਰ ਦੇ ਮੁੱਖ ਗੁਰਬਾਣੀ ਵਿਆਖਿਆਕਾਰ ਭਾਈ ਗੁਰਦਾਸ ਜੀ ਵੀ ਸ਼ੋਭਨੀਕ ਸਨ। ਉਨ੍ਹਾਂ ਹੱਥ ਜੋੜ ਬੇਨਤੀ ਕੀਤੀ ਕਿ ਮਹਾਰਾਜ! ਆਪ ਜੀ ਦੇ ਬਚਨਾਂ ਤੋਂ ਸਪਸ਼ਟ ਹੈ ਕਿ ਜਿਨ੍ਹਾਂ ਪ੍ਰਾਣੀਆਂ ਨੂੰ (ਭਾਵੇਂ, ਉਹ ਕੱਛ ਤੇ ਮੱਛ ਸਨ ਜਾਂ ਸ੍ਰੀ ਰਾਮਚੰਦਰ ਤੇ ਸ੍ਰੀ ਕ੍ਰਿਸ਼ਨ ਜੀ ਵਰਗੇ ਰਾਜੇ) ਅਵਤਾਰ ਸ਼੍ਰੇਣੀ ਵਿੱਚ ਸ਼ੁਮਾਰ ਕਰਦਿਆਂ ਰੱਬ ਮੰਨ ਕੇ ਪੂਜਿਆ ਗਿਆ, ਉਹ ਰੱਬ ਨਹੀ, ਸਗੋਂ ਰੱਬੀ ਕ੍ਰਿਤ ਸਨ, ਜਿਵੇਂ ਕਿ ਹੋਰ ਬਾਕੀ ਜੀਅ-ਜੰਤ। ਮਹਾਰਾਜ! ਤੁਹਾਡੇ ਅੰਮ੍ਰਿਤ ਬਚਨ ਸੁਣ ਕੇ, ਦਾਸ ਤਾਂ ਇਸ ਨਤੀਜੇ ਤੇ ਪਹੁੰਚਾ ਹੈ ਕਿ ਜਿਹੜੇ ਲੋਕ ਗੁਰਮਤਿ ਗਿਆਨ ਤੋਂ ਸਖਣੇ ਹੋਣ ਕਰਕੇ ਅਗਿਆਨਤਾ ਵਾਲੀ ਮੱਤ ਰਖਣ ਕਰਕੇ ਅੰਧਿਆਂ ਦੀ ਤਰ੍ਹਾਂ ਵਿਚਰ ਰਹੇ ਹਨ, ਐਸੇ ਹੀ ਜਗਤ-ਜੀਵਨ, ਅਕਾਲਪੁਰਖ ਅਬਿਨਾਸ਼ੀ ਤੇ ਨਿਰਦੋਖ ਪ੍ਰਭੂ ਨੂੰ, ਪੱਥਰ ਦੀਆਂ ਮੂਰਤੀਆਂ ਵਿੱਚ ਦੇਵਤਿਆਂ ਤੇ ਅਵਤਾਰਾਂ ਦੇ ਸਰੀਰ ਰਚ ਕੇ, ਉਨ੍ਹਾਂ ਦੇ ਪੁਜਾਰੀ ਬਣਦੇ ਹਨ।।

ਕਿਉਂਕਿ, ਅਜਿਹੇ ਅੰਧ-ਵਿਸ਼ਵਾਸ਼ੀਆਂ ਨੂੰ ਖ਼ਿਆਲ ਹੀ ਨਹੀ ਆਉਂਦਾ ਕਿ ਜਿਸ ਪਰਮਾਤਮਾ ਦਾ ਨਾਮ ਅਜੂਨੀ ਹੈ, ਜਨਮ-ਮਰਨ ਤੋਂ ਰਹਿਤ ਉਸ ਨੇ ਜਨਮ ਕਿਵੇਂ ਲੈ ਲਿਆ? ਅਤੇ ਜਦੋਂ ਅਜਿਹਾ ਹੋ ਸਕਣਾ ਅਸੰਭਵ ਹੈ ਤੇ ਫਿਰ ਅਸੀਂ ਜਨਮ ਅਸ਼ਟਮੀ ਨੂੰ ਰੱਬ ਦਾ ਜਨਮ ਦਿਹਾੜਾ ਮੰਨ ਕੇ ਵਰਤ ਕਿਉਂ ਰੱਖ ਰਹੇ ਹਾਂ?

ਜਿਸ ਪਰਮਾਤਮਾ ਦਾ ਨਾਮ ਅਕਾਲ (ਮੌਤ-ਰਹਿਤ) ਹੈ, ਅਬਿਨਾਸ਼ੀ ਅਤੇ ਸਾਰੇ ਸੰਸਾਰ ਦਾ ਜੀਵਾਲਣਹਾਰ (ਜਗਜੀਵਨ) ਹੈ, ਉਸ ਨੂੰ ਕਿਵੇਂ (ਕ੍ਰਿਸ਼ਨ ਰੂਪ ਵਿਚ) ਸ਼ਿਕਾਰੀ ਨੇ ਮਾਰ ਕੇ ਅਪਜੱਸ ਖੱਟਿਆ।

ਜਿਸ ਪ੍ਰਭੂ ਦੇ ਪਵਿਤਰ ਕਰਨ ਵਾਲੇ ਅਤੇ ਵਿਸ਼ੇ-ਵਿਕਾਰਾਂ ਤੋਂ ਮੁਕਤ ਕਰਨਹਾਰੇ ਨਾਮ ਵਿੱਚ ਮੋਖ-ਪਦ ਦੀ ਪ੍ਰਾਪਤੀ ਹੈ, ਉਹ ਪ੍ਰਭੂ ਕਿਵੇਂ ਗੋਪੀਆਂ ਦਾ ਸੁਆਮੀ (ਕੇਲਾਂ ਕਰਨਹਾਰਾ ਕ੍ਰਿਸ਼ਨ) ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਵਿਛੋੜੇ ਦੇ ਦੁੱਖ ਵਿੱਚ ਤੜਪਾ ਸਕਦਾ ਹੈ?

ਭਾਈ ਸਾਹਿਬ ਜੀ ਨੇ ਅਵਤਾਰਵਾਦ ਨੂੰ ਨਿਕਾਰਨ ਵਾਲੇ ਅਜਿਹੇ ਪ੍ਰਸ਼ਨਵਾਚਕ ਖ਼ਿਆਲ ਇੱਕ ਕਬਿਤ ਵਿੱਚ ਇਉਂ ਕਲਮ ਬੰਦ ਵੀ ਕੀਤੇ ਹਨ:

ਜਾਕੋ ਨਾਮੁ ਹੈ ਅਜੋਨੀ ਕੈਸੇ ਕੈ ਜਨਮੁ ਲੈ, ਕਹਾ ਜਾਨ ਬ੍ਰਤ ਜਨਮਾਸਟਮੀ ਕੋ ਕੀਨੋ ਹੈ।।

ਜਾਕੋ ਜਗਜੀਵਨ ਅਕਾਲ ਅਬਿਨਾਸੀ ਨਾਮੁ, ਕੈਸੇ ਕੈ ਬਧਿਕ ਮਾਰਿਓ ਅਪਜਸੁ ਲੀਨੋ ਹੈ।।

ਨਿਰਮਲ ਨਿਰਦੋਖ ਮੋਖਪਦੁ ਜਾਕੇ ਨਾਮਿ, ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ।।

ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ, ਅੰਤਰਿ ਅਗਿਆਨ ਮਤ, ਗਿਆਨ ਗੁਰ ਹੀਨੋ ਹੈ।। ੪੮੫।।

ਗੁਰਸਾਖੀ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਰਾਜੇ ਨੂੰ ਇਉਂ ਪ੍ਰਤੀਤ ਹੋਇਆ, ਜਿਵੇਂ, ਉਹਦੇ ਅਗਿਆਨਤਾ ਦੇ ਹਨੇਰੇ ਨਾਲ ਭਰੇ ਮਨ ਵਿੱਚ ਗਿਆਨ ਦੀ ਦੀਪਕ ਜਲ ਗਿਆ ਹੋਵੇ। ਕਿਉਂਕਿ, ਜਿਸ ਠਾਕਰ ਨੂੰ ਉਹ ਮੰਦਰ ਦੀਆਂ ਜੜ੍ਹ-ਮੂਰਤੀਆਂ ਵਿਚੋਂ ਭਾਲ ਰਿਹਾ ਸੀ, ਉਹ ਹੁਣ ਉਸ ਨੂੰ ਆਪਣੇ ਹਿਰਦੇ ਮੰਦਰ ਵਿੱਚ ਹੀ ਦਿਸਣ ਲਗਾ। ਅਨੰਦਿਤ ਹੋਏ ਰਾਜੇ ਨੇ ਰਾਣੀ ਸਮੇਤ ਗੁਰੂ ਕਾ ਸੇਵਕ ਸਿੱਖ ਬਣ ਕੇ ਆਤਮਿਕ ਜੀਵਨ ਹਾਸਲ ਕੀਤਾ ਅਤੇ ਗੁਰਮਤਿ ਦੀ ਹੋਰ ਸੋਝੀ ਪ੍ਰਾਪਤ ਕਰਨ ਲਈ ਭਾਈ ਕਲਿਆਣਾ ਜੀ ਨੂੰ ਨਾਲ ਲੈ ਕੇ ਬ੍ਰਿੰਹੁ ਭਰੇ ਹਿਰਦੇ ਤੇ ਹੰਝੂ ਭਰੇ ਨੇਤਰਾਂ ਨਾਲ ਗੁਰੂ ਜੀ ਪਾਸੋਂ ਵਿਦਾ ਹੋਇਆ:

ਉਰ ਅਨੰਦ ਭਾ ਸੁਨਿ ਕਰਿ ਬੈਨ। ਬ੍ਰਿਹੁ ਤੇ ਭਰਯੋ ਨੀਰ ਬਹੁ ਨੈਨ।

ਰਾਜੇ ਕੋ ਪਰਤੀਤ ਇਮ ਭਯੋ। ਅੰਧਕਾਰ ਮਨਿ ਦੀਪ ਜਗਯੋ।

ਇਨ ਕੇ ਸਮ ਨ ਗ਼ਰੀਬ ਨਿਵਾਜੂ। ਆਪਿ ਡੁਬਤ ਸੋ ਕਰੇ ਜਹਾਜੂ।

ਪਾਹੁਨ ਮੇ ਠਾਕੁਰ ਥਾ ਭਾਲਥ। ਸੋ ਠਾਕੁਰ ਹਿਰਦੇ ਮਹਿ ਜਾਨਥ।

ਸਹਿਤ ਭਾਰਜਾ ਭੂਪਤਿ ਜੀਵਾ। ਸਤਿਗੁਰ ਕੋ ਸਿੱਖ ਮਨ ਤੇ ਥੀਵਾ।

ਮਸਤਕ ਟੇਕਿ ਬਿਦਾ ਹੋਇ ਗਯੋ। ਅਪਨੇ ਸੰਗਿ ਕੱਲ੍ਯਾਨ ਸੁ ਲਯੋ।

ਐਸਾ ਵੀ ਜ਼ਿਕਰ ਹੈ ਕਿ ਰਾਜੇ ਨੇ ਆਪਣਾ ਆਤਮਿਕ ਅਨੁਭਵ, ਜਦੋਂ ਖੁਸ਼ੀ ਖੁਸ਼ੀ ਭਾਈ ਕਲਿਆਣਾ ਜੀ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਨੇ ਨਿਸ਼ਚਾ ਦ੍ਰਿੜ ਕਰਵਾਂਦਿਆ ਆਖਿਆ “ਰਾਜਨ! ਇਹ ਬਿਲਕੁਲ ਸੱਚ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੁਰਾਂ ਨੂੰ ਵੀ ਐਸਾ ਹੀ ਅਨੁਭਵ ਹੋਇਆ ਸੀ, ਜਦੋਂ ਉਨ੍ਹਾਂ ਨੂੰ ਨਿਮਾਣਿਆਂ ਦੇ ਮਾਣ ਤੇ ਨਿਤਾਣਿਆਂ ਦੇ ਤਾਣ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਖ਼ਸ਼ਿਸ਼ ਹਾਸਲ ਹੋਈ ਸੀ। ਭਾਈ! ਲੈ ਸੁਣ; ਉਨ੍ਹਾਂ ਦੇ ਸ੍ਰੀ ਮੁਖਵਾਕ ਭਾਵ-ਅਰਥਾਂ ਸਮੇਤ:

ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ।।

ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ।। ੧।।

ਅੰਧਿਆਰੈ ਦੀਪਕ ਆਨਿ ਜਲਾਏ, ਗੁਰ ਗਿਆਨਿ ਗੁਰੂ ਲਿਵ ਲਾਗੇ।।

ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ, ਘਰਿ ਵਸਤੁ ਲਹੀ ਮਨ ਜਾਗੇ।। ੩।। {ਗੁ. ਗ੍ਰੰ. ਪੰ. ੧੭੨}

ਅਰਥ: (ਹੇ ਭਾਈ) ਹਰੀ ਦੇ ਮਿਲਾਪ ਦੀ ਖ਼ਾਤਰ ਜਦੋਂ ਮੈਂ ਆਪਣਾ ਸਰੀਰ ਪੂਰੇ ਗੁਰੂ ਅੱਗੇ ਵੇਚ ਦਿਤਾ ਤਾਂ ਦਾਤੇ ਸਤਿਗੁਰੂ ਨੇ ਮੇਰੇ ਹਿਰਦੇ ਵਿੱਚ ਹਰੀ ਦਾ ਨਾਮ ਪੱਕਾ ਕਰ ਦਿੱਤਾ। ਮੇਰੇ ਮੂੰਹ ਉਤੇ ਮੇਰੇ ਮੱਥੇ ਦੇ ਭਾਗ ਜਾਗ ਪਏ ਹਨ, ਮੈਂ ਭਾਗਾਂ ਵਾਲਾ ਹੋ ਗਿਆ ਹਾਂ। ੧।

(ਮੈਨੂੰ ਇਉਂ ਜਾਪਿਆ, ਜਿਵੇਂ, ਮਾਇਆ ਦੇ ਮੋਹ ਦੇ) ਹਨੇਰੇ ਵਿੱਚ ਫਸੇ ਹੋਏ ਦੇ ਅੰਦਰ ਗੁਰੂ ਨੇ ਗਿਆਨ ਦਾ ਦੀਵਾ ਲਿਆ ਕੇ ਬਾਲ ਦਿੱਤਾ ਹੋਵੇ। (ਕਿਉਂਕਿ, ਮੇਰੇ ਅੰਤਰ ਆਤਮੇ ਪ੍ਰੀਵਰਤਨ ਤੋਂ ਮੈਨੂੰ ਨਿਸ਼ਚੇ ਹੋ ਗਿਆ ਕਿ) ਗੁਰੂ ਗਿਆਨ ਦੀ ਰਾਹੀਂ ਹੀ ਪ੍ਰਭੂ-ਚਰਨਾਂ ਵਿੱਚ ਲਗਨ ਲੱਗਦੀ ਹੈ। ਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ ਅਤੇ ਹਿਰਦੇ-ਘਰ ਵਿੱਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ (ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ। ੩।

ਪ੍ਰਿੰਸੀਪਲ ਹਰਭਜਨ ਸਿੰਘ ਜੀ (ਮਹਿਰੂਮ) ਚੰਡੀਗੜ ਵਾਲੇ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਵਿਖੇ ਜਦੋਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਿੰਦੇ ਸਨ, ਤਾਂ ਜਿਸ ਵੇਲੇ ਵੇਲੇ ਉਹ ‘ਭੈਰਉ ਮਹਲਾ ੫ ਘਰੁ ੧।। ਸਗਲੀ ਥੀਤਿ ਪਾਸਿ ਡਾਰਿ ਰਾਖੀ।। ਅਸਟਮ ਥੀਤਿ ਗੋਵਿੰਦ ਜਨਮਾਸੀ।। ’ ਸ਼ਬਦ ਦੀ ਉਥਾਨਕਾ (ਸ਼ਬਦ ਦਾ ਇਤਿਹਾਸਕ ਪਿਛੋਕੜ) ਦਾ ਵਰਨਣ ਕਰਦਿਆਂ ਰਾਜੇ ਮੰਡੀ ਨਾਲ ਸਬੰਧਤ ਉਪਰੋਕਤ ਕਿਸਮ ਦੀ ਕਥਾ ਸੁਣਾਂਦੇ ਸਨ, ਤਾਂ ਇਹ ਵੀ ਦਸਿਆ ਕਰਦੇ ਸਨ ਕਿ ਜਦੋਂ ਉਹ ਗੁਰੂ ਜੀ ਮਹਾਰਾਜ ਪਾਸੋਂ ਵਿਦਾ ਹੋਇਆ, ਉਸ ਤੋਂ ਇੱਕ ਦਿਨ ਪਹਿਲਾਂ ਕਤਕ ਵਦੀ ਦੂਜ ਹੋਣ ਕਰਕੇ, ਸਵੇਰ ਦਾ ਸਤਿਸੰਗ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਜਨਮ ਵਰ੍ਹੇ ਗੰਢ ਨੂੰ ਸਮਰਪਤ ਸੀ।

ਇਸ ਲਈ ਉਸ ਦਿਹਾੜੇ ਗੁਰੂ ਦਰਬਾਰ ਦੇ ਰਬਾਬੀ ਕੀਰਤਨੀਆਂ ਨੇ ਗੁਰਸ਼ਬਦਾਂ ਦਾ ਗਾਇਨ ਕਰਨ ਉਪਰੰਤ ਭੱਟ-ਜਨਾਂ ਵਲੋਂ ਗੁਰੂ-ਮਹਿਮਾਂ ਵਿੱਚ ਉਚਾਰਨ ਕੀਤੇ ਕੁੱਝ ਐਸੇ ਸਵਈਏ ਵੀ ਗਾਏ, ਜਿਨ੍ਹਾਂ ਵਿੱਚ ਭੱਟਾਂ ਨੇ ਆਪਣੇ ਪ੍ਰਵਾਰਿਕ ਪਿਛੋਕੜ ਦੇ ਪ੍ਰਭਾਵ ਹੇਠ ਸ਼ਰਧਾ ਸਹਿਤ ਗੁਰੂ ਸਾਹਿਬਾਨ ਤੇ ਸ੍ਰੀ ਕਬੀਰ ਤੇ ਨਾਮਦੇਵ ਜੀ ਵਰਗੇ ਰੱਬੀ ਭਗਤਾਂ ਦੇ ਜਨਮ ਪ੍ਰਤੀ ‘ਅਵਤਾਰ’ ਲਫ਼ਜ਼ ਦੀ ਵਰਤੋਂ ਵੀ ਕੀਤੀ ਹੋਈ ਹੈ। ਜਿਵੇਂ:

ਤੂ ਤਾ ਜਨਿਕ ਰਾਜਾ ਅਉਤਾਰੁ, ਸਬਦੁ ਸੰਸਾਰਿ ਸਾਰੁ, ਰਹਹਿ ਜਗਤ੍ਰ, ਜਲ ਪਦਮ ਬੀਚਾਰ।।

ਸ੍ਰੀ ਗੁਰ ਰਾਮਦਾਸ, ਜਯੋ ਜਯ ਜਗ ਮਹਿ, ਤੈ ਹਰਿ ਪਰਮ ਪਦੁ ਪਾਇਯਉ।। {ਗੁ. ਗ੍ਰੰ. ਪੰ. ੧੩੯੧}

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ, ਪੁਬ ਭਗਤ ਹਰਿ ਕੇ ਜੁ ਗਣੰ।।

ਅੰਬਰੀਕੁ ਜਯਦੇਵ ਤ੍ਰਿਲੋਚਨੁ, ਨਾਮਾ ਅਵਰੁ ਕਬੀਰੁ ਭਣੰ।।

ਤਿਨ ਕੌ ਅਵਤਾਰੁ, ਭਯਉ ਕਲਿ ਭਿੰਤਰਿ, ਜਸੁ ਜਗਤ੍ਰ ਪਰਿ ਛਾਇਯਉ।।

ਸ੍ਰੀ ਗੁਰ ਰਾਮਦਾਸ, ਜਯੋ ਜਯ ਜਗ ਮਹਿ, ਤੈ ਹਰਿ ਪਰਮ ਪਦੁ ਪਾਇਯਉ।। (ਗੁ. ਗ੍ਰੰ. ਪੰ. ੧੪੦੫)

ਦੀਵਾਨ ਦੀ ਸਮਾਪਤੀ ਹੋਣ ਉਪਰੰਤ ਲੰਗਰ-ਪਾਣੀ ਛਕ ਕੇ ਜਦੋਂ ਰਾਜਾ ਆਪਣੇ ਡੇਰੇ ਪਹੁੰਚਾ ਤਾਂ ਉਸ ਨੇ ਭਾਈ ਕਲਿਆਣਾ ਜੀ ਨੂੰ ਅਦਬ ਸਹਿਤ ਆਖਿਆ “ਭਾਈ ਸਾਹਿਬ ਜੀ! ਮੈਂ ਆਪ ਜੀ ਦਾ ਅਤਿਅੰਤ ਰਿਣੀ ਹਾਂ। ਕਿਉਂਕਿ, ਆਪ ਜੀ ਦੀ ਮਿਹਰਬਾਨੀ ਤੇ ਸਹਿਯੋਗ ਸਦਕਾ ਕੁੱਝ ਦਿਨਾਂ ਤੋਂ ਸਤਿਗੁਰੂ ਸਾਹਿਬ ਜੀ ਮਹਾਰਾਜ ਅਤੇ ਉਨ੍ਹਾਂ ਤੋਂ ਵਰੁਸਾਏ ਭਾਈ ਗੁਰਦਾਸ ਜੀ ਵਰਗੇ ਗੁਰਮੁਖ ਗੁਰਸਿਖਾਂ ਦੀ ਸੰਗਤ ਨਸੀਬ ਹੋਈ ਹੈ। ਇਸ ਸੁਭਾਗੇ ਸਮੇਂ ਅੰਦਰ ਹੋਈਆਂ ਗੁਰਮਤਿ ਵੀਚਾਰਾਂ ’ਤੇ ਅਧਾਰਿਤ ਮੈਂ ਇਸ ਸਿੱਟੇ ਤੇ ਪਹੁੰਚਾ ਹਾਂ ਕਿ ਪਰਮਾਤਮਾ ਦੀ ਹਸਤੀ ‘ਨਿਰੰਕਾਰੀ’ ਹੈ, ‘ਅਜੂਨੀ’ ਹੈ, ਸੈਭੰ ਹੈ, ਆਪਣੇ ਆਪ ਤੋਂ ਹੈ। ਇਸ ਲਈ ਮਾਂ ਦੀ ਕੁੱਖੋਂ ਪੈਦਾ ਹੋਣ ਲੈਣ ਵਾਲੇ ਕਿਸੇ ਵੀ ਪ੍ਰਾਣੀ ਦੇ ਜਨਮ ਨੂੰ, ਨਾ ਤਾਂ ਪਰਮਾਤਮਾ ਦਾ ਜਨਮ ਮੰਨਿਆ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਪੂਰਨ ਪਰਮਾਤਮਾ ਆਖਿਆ ਜਾ ਸਕਦਾ ਹੈ। ਹਾਂ, ਗੁਰੂ ਸਾਹਿਬ ਜੀ ਵਰਗੀ ਕਿਸੇ ਮਾਨਵੀ ਸ਼ਖਸੀਅਤ ਵਿੱਚ ਰੱਬੀ-ਗੁਣਾਂ ਦੀ ਬਹੁਲਤਾ ਦੇਖਦਿਆਂ ਉਸ ਨੂੰ ਪਰਮਾਤਮਾ ਦਾ ਰੂਪ ਕਿਹਾ ਜਾ ਸਕਦਾ ਹੈ। ਜਿਵੇਂ, ਤੁਸੀਂ ਵੀ ਕਈ ਵਾਰ ਬਚਨ ਕਰਦੇ ਹੋਏ ਆਖਦੇ ਹੋ ‘ਗੁਰ ਨਾਨਕ ਦੇਵ ਗੋਵਿੰਦ ਰੂਪ’ {ਗੁ. ਗ੍ਰੰ. ਪੰ. ੧੧੯੨}

ਦੂਜੇ, ਇਹ ਪੱਖ ਵੀ ਮੇਰੇ ਸਾਹਮਣੇ ਸਪਸ਼ਟ ਹੋ ਗਿਆ ਕਿ ਗੁਰਬਾਣੀ ਵਿੱਚ ਅਵਤਾਰਾਂ ਨੂੰ ਸਿਰਜਨਹਾਰ ਪ੍ਰਭੂ ਦੁਆਰਾ ਸਾਜੇ ਦੱਸ ਕੇ, ਉਹਦੀ ਅਧੀਨਗੀ ਵਿੱਚ ਰਹਿੰਦਿਆਂ ਉਸਤਤਿ ਕਰਨ ਵਾਲੇ ਸੇਵਕ ਦਰਸਾਇਆ ਗਿਆ ਹੈ। ਇਹ ਤੱਥ ‘ਹੁਕਮਿ ਉਪਾਏ ਦਸ ਅਉਤਾਰਾ’।। (ਪੰ. ੧੦੩੭ ਅਤੇ ਬ੍ਰਹਮੇ ਤੁਧੁ ਧਿਆਇਨਿ੍ਹ੍ਹ ਇੰਦ੍ਰ ਇੰਦ੍ਰਾਸਣਾ।। ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ।। (ਪੰ. ੫੧੮) ਆਦਿਕ ਗੁਰਵਾਕਾਂ ਤੋਂ ਪ੍ਰਗਟ ਹੈ। ਇਸ ਪੱਖੋਂ ਵੀ ਸ਼ੰਕਾ ਨਹੀ ਰਿਹਾ ਕਿ ਜਿਨ੍ਹਾਂ ਅਵਤਾਰਾਂ ਦੀ ਹਿੰਦੂਆਂ ਵਿੱਚ ਮਾਨਤਾ ਹੈ, ਉਹ ਆਪਣੇ ਆਪਣੇ ਵਕਤ ਦੇ ਰਾਜੇ ਸਨ ਅਤੇ ਇਸੇ ਕਰਕੇ ਹੀ ਆਮ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ‘ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿ ਕਰਿ ਅਵਤਾਰੀ।। ’ {ਗੁ. ਗ੍ਰੰ. ਪੰ. ੪੨੩} ਗੁਰਵਾਕ ਮੈਨੂੰ ਪੱਕਾ ਯਾਦ ਹੋ ਗਿਆ ਹੈ।

ਪਰ, ਅੱਜ ਸਵੇਰ ਦੇ ਸਤਿਸੰਗ ਵਿੱਚ ਕੀਰਤਨੀਆਂ ਨੇ ਅਖੀਰ ਵਿੱਚ ਜੋ ਸ਼ਬਦ ਗਾਇਨ ਕੀਤੇ ਹਨ, ਉਨ੍ਹਾਂ ਦੀ ਭਾਵੇਂ ਮੈਨੂੰ ਪੂਰੀ ਸਮਝ ਤਾਂ ਨਹੀ ਆਈ। ਪ੍ਰੰਤੂ, ਮੁਆਫ਼ ਕਰਨਾ! ਸ਼ਬਦਾਵਲੀ ਤੋਂ ਇਉਂ ਜਾਪ ਰਿਹਾ ਸੀ, ਜਿਵੇਂ, ਉਨ੍ਹਾਂ ਦੁਆਰਾ ਗੁਰੂ-ਸਾਹਿਬਾਨ ਅਤੇ ਭਗਤ ਕਬੀਰ ਜੀ ਵਰਗੇ ਸੰਤਾਂ ਨੂੰ ‘ਅਵਤਾਰ’ ਕਿਹਾ ਜਾ ਰਿਹਾ ਹੋਵੇ। ਕਿਉਂਕਿ, ਦੋ ਚਾਰ ਵਾਰੀਂ ਮੇਰੀ ਕੰਨੀ ‘ਅਵਤਾਰ’ ਸ਼ਬਦ ਇਸ ਰੂਪ ਵਿੱਚ ਸੁਣਾਈਂ ਦਿੱਤਾ ਹੈ। ਮੈਂ ਦੋ ਦਿਨ ਪਹਿਲਾਂ ਵੀ ਸੁਣਿਆਂ ਸੀ ਇੱਕ ਸ਼ਰਧਾਲੂ ਸਿੱਖ ਨੂੰ, ਜਿਹੜਾ ਬਾਹਰਵਾਰ ਇਕੱਲਾ ਹੀ ਮਸਤੀ ਵਿੱਚ ਉੱਚੀ ਉੱਚੀ ਕੁੱਝ ਇਉਂ ਗਾ ਰਿਹਾ ਸੀ ‘ਅਵਤਾਰੁ ਉਜਾਗਰੁ ਆਨਿ ਕੀਅਉ’ ‘ਅਵਤਾਰੁ ਉਜਾਗਰੁ ਆਨਿ ਕੀਅਉ’। ਸੋ, ਅਜਿਹੇ ਬਚਨ ਸੁਣਦਿਆਂ ਅਵਤਾਰਵਾਦ ਦਾ ਝਉਲਾ ਜਿਹਾ ਪੈਣ ਕਰਕੇ, ਮੇਰੇ ਤਰਕੀ ਮਨ ਵਿੱਚ ਸੰਸਾ ਉਪਜ ਪਿਆ ਹੈ ਕਿ ਇਹ ਵਿਰੋਧਾ-ਭਾਸ ਕਿਉਂ?

ਭਾਈ ਸਾਹਿਬ ਜੀ ਨੇ ਸਮਝਾਇਆ; “ਰਾਜਨ! ਗੁਰਬਾਣੀ ਵਿੱਚ ਕਿਧਰੇ ਵੀ ਵਿਰੋਧਾ ਭਾਸ ਨਹੀ ਹੈ। ਜਿਨ੍ਹਾਂ ਸ਼ਬਦਾਂ ਤੋਂ ਤਹਾਨੂੰ ਭੁਲੇਖਾ ਪੈ ਰਿਹਾ ਹੈ, ਇਹ ਗੁਰੂ ਕੀ ਸ਼੍ਰੀ ਮੁਖਵਾਕ ਬਾਣੀ ਨਹੀ। ਸਗੋਂ, ਇਹ ਤਾਂ ਗੁਰੂ ਕੇ ਸ਼ਰਧਾਲੂ ਭੱਟ-ਜਨਾਂ ਵਲੋਂ ਗੁਰੂ-ਉਸਤਤਿ ਵਿੱਚ ਗਾਇਨ ਕੀਤੇ ਸਵਈਏ ਹਨ, ਜਿਹੜੇ ਅਜੇ ਥੋੜਾ ਸਮਾਂ ਹੀ ਪਹਿਲਾਂ ਗੁਰੂ ਨਾਨਕ ਵਿਚਾਰਧਾਰਾ ਦੀ ਨਿਰਮਲ ਵਡਿਆਈ ਨੂੰ ਸਮਝ ਕੇ ਬ੍ਰਾਹਮਣੀ ਮੱਤ ਨੂੰ ਤਿਆਗਦਿਆਂ, ਤੁਹਾਡੀ ਤਰ੍ਹਾਂ ਹਜ਼ੂਰ ਦੀ ਚਰਨ ਸ਼ਰਨ ਆਏ ਹਨ। ਇਸ ਪ੍ਰਕਾਰ ਦੀ ਕਿਸੇ ਵੀ ਰਚਨਾ ਨੂੰ ਗੁਰਬਾਣੀ ਵਿੱਚੋਂ ਪ੍ਰਗਟ ਹੁੰਦੇ ਗੁਰਮਤਿ ਸਿਧਾਂਤਾਂ ਨੂੰ ਰੌਸ਼ਨੀ ਵਿੱਚ ਵਿਚਾਰੇ ਬਗੈਰ ਭੁਲੇਖਾ ਲੱਗਣ ਦੀ ਸੰਭਾਵਨਾ ਬਣੀ ਹੀ ਰਹਿੰਦੀ ਹੈ। ਕਿਉਂਕਿ, ਇੱਕ ਤਾਂ ਹਰੇਕ ਮਜ਼ਹਬ ਦੇ ਅਨੁਯਾਈ ਆਪਣੇ ਮਜ਼ਹਬ ਦੇ ਮੋਢੀ ਦਾ ਸਬੰਧ ਕਿਸੇ ਤਰ੍ਹਾਂ ਸਿਧਿਆਂ ਰੱਬ ਨਾਲ ਜੋੜੇ ਬਿਨਾ ਸੰਤੁਸ਼ਟ ਨਹੀ ਹੁੰਦੇ। ਦੂਜੇ, ਹਰ ਮਨੁੱਖ ਦੀ ਰਚਨਾਤਮਿਕ ਸ਼ਬਦਾਵਲੀ ਵਿੱਚ ਦੇਸ਼, ਕਾਲ ਤੇ ਉਸ ਦੇ ਪ੍ਰਵਾਰਿਕ ਪਿਛੋਕੜ ਦਾ ਪ੍ਰਭਾਵ ਪੈਣਾ ਸੁਭਾਵਿਕ ਹੁੰਦਾ ਹੈ।

ਭੱਟ-ਜਨ, ਕਿਉਂਕਿ, ਬ੍ਰਾਹਮਣੀ ਕੁਲ ਵਿਚੋਂ ਸਨ ਤੇ ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਅਵਤਾਰਾਂ ਤੋਂ ਉੱਚੀ–ਸੁੱਚੀ ਹੋਰ ਕੋਈ ਸ਼ਖ਼ਸੀਅਤ ਨਹੀ ਸੀ। ਇਸ ਕਰਕੇ ਉਹ ਗੁਰੂ ਸਾਹਿਬਾਂ ਨੂੰ ਅਦਬ ਸਹਿਤ ਵਡਿਆਉਣ ਲਈ ਅਵਤਾਰ ਸ਼ਬਦ ਦੀ ਵਰਤੋਂ ਕਰਦੇ ਹਨ। ਪਰ, ਅਸੀਂ ਉਨ੍ਹਾਂ ਦੀ ਕਾਵਿਕ ਸ਼ਬਦਾਵਲੀ ਤੇ ਸਾਹਿਤਕ ਮੁਹਾਵਰੇ ਨੂੰ ਗੁਰਮਤਿ ਦੇ ‘ਅਜੂਨੀ’ ਸਿਧਾਂਤ ਦੀ ਰੌਸ਼ਨੀ ਵਿੱਚ ਦੇਖਣਾ ਹੈ। ਇਸ ਲਈ ਅਜਿਹੇ ਸ਼ਰਧਾਲੂ-ਸਿੱਖ ਸੇਵਕਾਂ ਦੀਆਂ ਐਸੀਆਂ ਰਚਨਾਵਾਂ ਵਿੱਚ ਜੇਕਰ ਕੋਈ ਇੱਕ-ਅੱਧਾ ਹਵਾਲਾ ਅਵਤਾਰਵਾਦ ਨਾਲ ਮੇਲ ਖਾਂਦਾ ਪ੍ਰਤੀਤ ਹੁੰਦਾ ਹੋਵੇ, ਤਾਂ ਗੁਰਬਾਣੀ ਪਰਿਪੇਖ ਵਿੱਚ ਉਸ ਦਾ ਭਾਵ ਇਹੀ ਸਮਝਣਾ ਚਾਹੀਦਾ ਹੈ ਕਿ ਰਚਨਾਕਾਰ, ਗੁਰੂ ਸਾਹਿਬਾਨ ਨੂੰ ਪੁਰਾਣਿਕ ਮਤੀ ਅਵਤਾਰਾਂ ਤੋਂ ਘੱਟ ਨਹੀ ਦੇਖਣਾ ਚਾਹੁੰਦਾ। ਇਸ ਤੋਂ ਵੱਧ ਹੋਰ ਕੁੱਝ ਨਹੀ।

ਵੈਸੇ ਜੋ ਸਵਈਏ, ਰਾਜਨ! ਤੁਸੀਂ ਸੁਭਾ ਸੁਣੇ ਹਨ, ਉਨ੍ਹਾਂ ਵਿੱਚਲੀ ‘ਅਵਤਾਰ’ ਸ਼ਬਦ ਦੀ ਵਰਤੋਂ ਕਿਸੇ ਪੱਖੋਂ ਵੀ ਪੁਰਾਣਿਕ ਅਵਤਾਰਵਾਦ ਨਾਲ ਮੇਲ ਨਹੀ ਖਾਂਦੀ। ਭਗਤਾਂ ਨਾਲ ਸਬੰਧਤ ‘ਅਵਤਾਰ’ ਸ਼ਬਦ ਆਪਣੇ ਮੂਲਿਕ ਅਰਥ ‘ਜਨਮ’ ਵਿੱਚ ਵਰਤਿਆ ਹੋਇਆ ਹੈ ਅਤੇ ਦੂਜੇ ਸਵੱਯੇ ਵਿੱਚ ‘ਅਵਤਾਰ’ ਲਫ਼ਜ਼ ਦਾ ਭਾਵਾਰਥ ਹੈ; ਰੂਪ, ਵਰਗਾ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ‘ਤੂ ਤਾ ਜਨਿਕ ਰਾਜਾ ਅਉਤਾਰੁ’ ਕਹਿਣ ਦਾ ਇਹ ਅਰਥ ਨਹੀ ਕਿ ਉਹ ਜਨਕ ਦਾ ਅਵਤਾਰ ਹਨ। ਕਿਉਂਕਿ, ਇਥੇ ਕੇਵਲ ਰਾਜਾ ਜਨਕ ਦੀ ਨਿਰਲੇਪਤਾ ਨੂੰ ਧਿਆਨ ਵਿੱਚ ਰਖਿਆ ਗਿਆ ਹੈ। ਭੱਟ ਦਾ ਕਹਿਣ ਤੋਂ ਭਾਵ ਕੇਵਲ ਇਤਨਾ ਹੈ ਕਿ ਹੇ ਗੁਰੂ ਅੰਗਦ ਸਾਹਿਬ ਜੀ ਤੁਸੀਂ ਨਿਰਲੇਪਤਾ ਪੱਖੋਂ ਜਨਕ ਵਰਗੇ ਹੋ।

ਗੁਰਬਾਣੀ ਦੀ ਰੌਸ਼ਨੀ ਵਿੱਚ ਉਨ੍ਹਾਂ ਸਵੱਯੇ ਦੇ ਤੁੱਕ-ਅਰਥ ਇਸ ਪ੍ਰਕਾਰ ਹਨ:

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ, ਪੁਬ ਭਗਤ ਹਰਿ ਕੇ ਜੁ ਗਣੰ।।

ਅੰਬਰੀਕੁ ਜਯਦੇਵ ਤ੍ਰਿਲੋਚਨੁ, ਨਾਮਾ ਅਵਰੁ ਕਬੀਰੁ ਭਣੰ।।

ਤਿਨ ਕੌ ਅਵਤਾਰੁ, ਭਯਉ ਕਲਿ ਭਿੰਤਰਿ, ਜਸੁ ਜਗਤ੍ਰ ਪਰਿ ਛਾਇਯਉ।।

ਸ੍ਰੀ ਗੁਰ ਰਾਮਦਾਸ, ਜਯੋ ਜਯ ਜਗ ਮਹਿ, ਤੈ ਹਰਿ ਪਰਮ ਪਦੁ ਪਾਇਯਉ।।

(ਪੰ. ੧੪੦੫)

ਅਰਥ: — ਨਾਰਦ, ਧ੍ਰੂ ਪ੍ਰਹਲਾਦ, ਸੁਦਾਮਾ ਅਤੇ ਅੰਬਰੀਕ—ਜੋ ਹਰੀ ਦੇ ਪੂਰਬਲੇ ਜੁਗਾਂ ਦੇ ਭਗਤ ਗਿਣੇ ਜਾਂਦੇ ਹਨ; ਜੈਦੇਵ, ਤ੍ਰਿਲੋਚਨ, ਨਾਮਾ ਅਤੇ ਕਬੀਰ, ਜਿਨ੍ਹਾਂ ਦਾ ਜਨਮ ਕਲਜੁਗ ਵਿੱਚ ਹੋਇਆ ਹੈ—ਇਹਨਾਂ ਸਾਰਿਆਂ ਦਾ ਜਸ ਜਗਤ ਉੱਤੇ (ਹਰੀ ਦੇ ਭਗਤ ਹੋਣ ਦੇ ਕਾਰਨ ਹੀ) ਖਿਲਰਿਆ ਹੋਇਆ ਹੈ। ਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜੈ-ਜੈਕਾਰ ਜਗਤ ਵਿੱਚ ਹੋ ਰਹੀ ਹੈ, ਕਿ ਆਪ ਨੇ ਹਰੀ (ਦੇ ਮਿਲਾਪ) ਦੀ ਪਰਮ ਪਦਵੀ ਪਾਈ ਹੈ। ੩।

ਤੈ ਤਉ ਦ੍ਰਿੜਿਓ ਨਾਮੁ ਅਪਾਰੁ, ਬਿਮਲ ਜਾਸੁ ਬਿਥਾਰੁ, ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ।। ਤੂ ਤਾ ਜਨਿਕ ਰਾਜਾ ਅਉਤਾਰੁ, ਸਬਦੁ ਸੰਸਾਰਿ ਸਾਰੁ, ਰਹਹਿ ਜਗਤ੍ਰ, ਜਲ ਪਦਮ ਬੀਚਾਰ।। {ਪੰਨਾ ੧੩੯੧}

ਅਰਥ: — (ਹੇ ਗੁਰੂ ਅੰਗਦ!) ਤੂੰ ਤਾਂ (ਅਕਾਲ ਪੁਰਖ ਦੇ) ਅਪਾਰ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਇਆ ਹੈ, ਤੇਰੀ ਨਿਰਮਲ ਸੋਭਾ ਖਿੱਲਰੀ ਹੋਈ ਹੈ। ਤੂੰ ਸਾਧਿਕ ਸਿੱਧ ਅਤੇ ਸੰਤ ਜਨਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ। (ਹੇ ਗੁਰੂ ਅੰਗਦ!) ਤੂੰ ਤਾਂ (ਨਿਰਲੇਪਤਾ ਵਿਚ) ਰਾਜਾ ਜਨਕ ਦਾ ਅਵਤਾਰ ਹੈਂ, ਜਨਕ ਦਾ ਰੂਪ ਹੈਂ (ਭਾਵ, ਜਿਵੇਂ ਰਾਜਾ ਜਨਕ ਨਿਰਲੇਪ ਰਹਿੰਦਾ ਸੀ, ਤਿਵੇਂ ਤੂੰ ਨਿਰਲੇਪ ਰਹਿੰਦਾ ਹੈਂ)। ਜਗਤ ਵਿੱਚ (ਤੇਰਾ) ਸ਼ਬਦ ਸ੍ਰੇਸ਼ਟ ਹੈ, ਤੂੰ ਜਗਤ ਵਿੱਚ ਇਉਂ ਨਿਰਲੇਪ ਰਹਿੰਦਾ ਹੈਂ; ਜਿਵੇਂ ਕੌਲ ਫੁੱਲ ਜਲ ਵਿਚ।

ਬਾਕੀ ਰਹੀ ਗੱਲ, ‘ਅਵਤਾਰੁ ਉਜਾਗਰੁ ਆਨਿ ਕੀਅਉ’ ਵਾਲੇ ਸਵੱਯੇ ਦੀ। ਉਸ ਵਿੱਚ ਵੀ ਇਹ ਨਹੀ ਆਖਿਆ ਗਿਆ ਰੱਬ ਨੇ ਅਵਤਾਰ ਧਾਰਿਆ ਹੈ। ਸਗੋਂ, ਇਹਦੇ ਉੱਲਟ ਆਖਿਆ ਇਹ ਗਿਆ ਹੈ ਕਿ ਸ੍ਰੀ ਗੁਰੂ ਅਰਜੁਨ ਸਾਹਿਬ ਨੂੰ ਹਰੀ ਨੇ ਲਿਆ ਕੇ ਉਜਾਗਰ ਅਵਤਾਰ ਬਣਾਇਆ ਹੈ। ਕਿਉਂਕਿ, ਜਗਤ ਦੇ ਇਸ ਘੋਰ ਹਨੇਰੇ ਵਿੱਚ ਤੋਂ ਉਸ ਤੋਂ ਬਿਨਾ ਕੋਈ ਹੋਰ ਰਖਵਾਲੀ ਕਰਨ ਦੇ ਸਮਰਥ ਨਹੀਂ ਹੈ, । ਹੇ ਮਥੁਰਾ! ਜਿਨ੍ਹਾਂ ਨੇ ਉਸ (ਗੁਰੂ ਅਰਜੁਨ) ਪਾਸੋਂ ਨਾਮ ਅੰਮ੍ਰਿਤ ਪੀਤਾ ਹੈ, ਉਹਨਾਂ ਦੇ ਕ੍ਰੋੜਾਂ ਦੁੱਖ ਦੂਰ ਹੋ ਗਏ ਹਨ। ਸਪਸ਼ਟ ਹੈ ਕਿ ਗੁਰੂ ਅਰਜਨ ਸਾਹਿਬ ਜੀ ਪਰਮਾਤਮਾ ਨਹੀ। ਸਗੋਂ ਹਰੀ ਪਰਮਾਤਮਾ ਗੁਰੂ ਜੀ ਨੂੰ ਉਜਾਗਰ (ਮਸ਼ਹੂਰ) ਕਰਨ ਵਾਲਾ ਹੈ। ਮਥਰਾ ਜੀ ਦੇ ਬੋਲ ਇਸ ਪ੍ਰਕਾਰ ਹਨ:

ਜਗ ਅਉਰੁ ਨ ਜਾਹਿ ਮਹਾ ਤਮ ਮੈ; ਅਵਤਾਰੁ ਉਜਾਗਰੁ ਆਨਿ ਕੀਅਉ।। ਤਿਨ ਕੇ ਦੁਖ ਕੋਟਿਕ ਦੂਰਿ ਗਏ; ਮਥੁਰਾ, ਜਿਨ੍ਹ੍ਹ ਅੰਮ੍ਰਿਤ ਨਾਮੁ ਪੀਅਉ।। (ਪੰਨਾ ੧੪੦੯)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇਹ ਪੱਖ ਵੀ ਸਪਸ਼ਟ ਕੀਤਾ ਗਿਆ ਹੈ ਕਿ ਕੇਵਲ ਕੁੱਝ ਗਿਣਵੇਂ ਮਿਣਵੇਂ ਦੇਵਤੇ ਜਾਂ ਅੰਸਾ ਅਵਤਾਰ ਹੀ ਪ੍ਰਭੂ ਦੀ ਅੰਸ਼ ਨਹੀ। ਸਗੋਂ, ਸ੍ਰਿਸ਼ਟੀ ਦੇ ਸਾਰੇ ਜੀਅ ਜੰਤ ਹੀ ਉਹਦੀ ਅੰਸ਼ ਹਨ। ਕਿਉਂਕਿ, ਜਿਹੜੀ ਰੱਬੀ-ਜੋਤਿ ਆਤਮਾ ਦੇ ਤੌਰ ’ਤੇ ਜੀਵਾਂ ਅੰਦਰ ਵਰਤ ਰਹੀ ਹੈ, ਜਿਸਦੀ ਬਦੌਲਤ ਜੀਵਾਂ ਅੰਦਰ ਜੀਵਨ ਰੂਪ ਹਰਕਤ ਹੈ, ਉਹ ਜੋਤੀ ਸਰਬ ਵਿਆਪਕ ਪ੍ਰਭੂ ਦੀ ਅੰਸ਼ ਹੈ। ਹੇਠ ਲਿਖੇ ਗੁਰਵਾਕਾਂ ਤੋਂ ਇਹ ਤੱਥ ਸਹਜੇ ਹੀ ਸਮਝਿਆ ਜਾ ਸਕਦਾ ਹੈ।

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।।

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।। {ਗੁ. ਗ੍ਰੰ. ਪੰ. ੧੯}

ਅਰਥ: ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।

ਸਭ ਮਹਿ ਜੋਤਿ, ਜੋਤਿ ਹੈ ਸੋਇ।।

ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ।। {ਗੁ. ਗ੍ਰੰ. ਪੰ. ੧੩}

ਅਰਥ: ਸਾਰੇ ਜੀਵਾਂ ਵਿੱਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ (ਸੂਝ-ਬੂਝ) ਹੈ।

ਇਸ ਲਈ ਜੇ ਪਰਮਾਤਮਾ ‘ਅਜੂਨੀ’ ਹੈ, ਤਾਂ ਫਿਰ ਸਾਡੇ ਜੀਵਨ ਵਿੱਚ ਵੀ ਐਸੀ ਅਵਸਥਾ ਪੈਦਾ ਹੋਣੀ ਚਾਹੀਦੀ ਹੈ, ਜਿਥੇ ਸਾਨੂੰ ਅਨੁਭਵ ਹੋਵੇ ਕਿ ਅਸੀਂ ਅਜੂਨੀ ਹਾਂ। ਅਸੀਂ ਜਨਮ ਮਰਨ ਦੇ ਗੇੜ ਤੋਂ ਮੁਕਤ ਹਾਂ। ਇਸੇ ਤਰ੍ਹਾਂ ਜੇ ਅਕਾਲ ਪੁਰਖ ‘ਸੈਭੰ’ ਹੈ। ਜੇ ਉਸ ਦੀ ਹਸਤੀ ਦਾ ਪ੍ਰਕਾਸ਼ ਖ਼ੁਦ ਤੋਂ ਹੈ, ਜਿਸ ਕਰਕੇ ਪਛਮੀ ਮੱਤਾਂ ਵਿੱਚ ਉਹਨੂੰ ‘ਖ਼ੁਦਾ’ ਵੀ ਆਖਿਆ ਜਾਂਦਾ ਹੈ। ਤਾਂ, ਗੁਰੂ ਬਖ਼ਸ਼ੀ ਸੇਧ ਵਿੱਚ ਅਸੀਂ ਵੀ ਆਪਣੀ ਸ਼ਖ਼ਸੀਅਤ ਉਸਾਰੀ ਇਸ ਢੰਗ ਦੀ ਕਰੀਏ ਕਿ ਘਟ ਤੋਂ ਘਟ ਸਾਨੂੰ ਵੀ ਜ਼ਿੰਦਗੀ ਵਿੱਚ ਕਿਸੇ ਦੇ ਮੁਥਾਜ ਨਾ ਹੋਣਾ ਪਵੇ। ਅਸੀਂ ਹੋਰਨਾ ਤੇ ਅਧਾਰਿਤ ਹੋ ਕੇ ਨਾ ਜੀਵਏ। ‘ਆਪਣ ਹਥੀਂ ਆਪਣਾ, ਆਪੇ ਹੀ ਕਾਜੁ ਸਵਾਰੀਐ (ਪੰ. ੪੭੪) ’ ਅਤੇ ਆਪਣੇ ਸਤਿਗੁਰੂ ਉਪਰ ਮਾਣ ਕਰਦੇ ਹੋਏ ਆਖੀਐ ‘ਹਮ ਕਾਹੂ ਕੀ ਕਾਣਿ ਨ ਕਢਤੇ, ਅਪਨੇ ਗੁਰ ਪਰਸਾਦੇ’ (ਪੰ. ੯੬੯)। ਸਤਿਗੁਰਾਂ ਦਾ ਫ਼ੁਰਮਾਨ ਹੈ ਕਿ ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੀ ਯਾਦ ਨਾਲ ਗਿੱਝ ਜਾਂਦਾ ਹੈ, ਉਹਨਾਂ ਦੇ ਸਾਰੇ ਕੰਮ ਪਰਮਾਤਮਾ ਆਪ ਸਵਾਰਦਾ ਹੈ। ਕਰਤਾਰ ਸਦਾ ਉਹਨਾਂ ਦਾ ਸਹਾਇਕ ਹੁੰਦਾ ਹੈ, ਇਸ ਵਾਸਤੇ ਉਹਨਾਂ ਦੇ ਅੰਦਰੋਂ ਲੋਕਾਂ ਦੀ ਮੁਥਾਜੀ ਮੁੱਕ ਜਾਂਦੀ ਹੈ:

ਜਿਨ ਕਾ ਹਰਿ ਸੇਤੀ ਮਨੁ ਮਾਨਿਆ ਤਿਨ ਕਾਰਜ ਹਰਿ ਆਪਿ ਸਵਾਰਿ।।

ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਅੰਗੀਕਾਰੁ ਕੀਆ ਕਰਤਾਰਿ।। {ਗ. ਗ੍ਰੰ. ਪੰ. ੧੧੩੫}




.