.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 17)

ਭਾਈ ਸੁਖਵਿੰਦਰ ਸਿੰਘ 'ਸਭਰਾ'

ਸੰਤ ਪ੍ਰਮਜੀਤ ਸਿੰਘ ਮਾਹਲਪੁਰ ਅਤੇ ਸੰਤ ਅਮਰ ਸਿੰਘ ਦਾ ਟਾਕਰਾ

ਟਾਂਗਰਾ ਤੋਂ ਥੋੜ੍ਹੀ ਦੂਰ ਪਿੰਡ ਜੱਬੋਵਾਲ ਦੇ ਇਤਿਹਾਸਕ ਗੁਰਦੁਆਰਾ ਸਤਿਸਰ ਸਾਹਿਬ ਨੂੰ ਅੱਜ ਬਾਬਾ ਪ੍ਰਮਜੀਤ ਸਿੰਘ ਮਾਹਲਪੁਰ (ਨਵਾਂ ਸ਼ਹਿਰ) ਦੇ 35-40 ਸੇਵਾਦਾਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਅਸਲ੍ਹੇ ਨਾਲ ਇਸ ਗੁਰਦੁਆਰੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ। ਇਹ ਜਾਣਕਾਰੀ ਮੌਜੂਦਾ ਕਾਬਜ਼ ਬਾਬਾ ਅਮਰ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਦਿੱਤੀ। ਬਾਬਾ ਅਮਰ ਸਿੰਘ ਨੂੰ ਪੰਜ ਮੈਂਬਰੀ ਕਮੇਟੀ ਪਿੰਡ ਜੱਬੋਵਾਲ, ਪਿੰਡ ਮੁੱਛਲ ਅਤੇ ਪਿੰਡ ਰਾਹਗੁਰ ਦੀਆਂ ਸੰਗਤਾਂ ਨੇ ਇਹ ਸੇਵਾ ਬਖ਼ਸ਼ੀ ਸੀ। ਉਨ੍ਹਾਂ ਦਸਿਆ ਕਿ ਬਾਬਾ ਪ੍ਰਮਜੀਤ ਸਿੰਘ ਨੇ ਅੱਤਵਾਦ ਦੇ ਸਮੇਂ ਸਾਰੀ ਜ਼ਮੀਨ ਆਪਣੇ ਨਾਂਅ ਕਰਵਾ ਲਈ। ਪਿੰਡ ਦੇ ਮੋਹਤਬਰ ਲੋਕਾਂ ਅਤੇ ਸੰਗਤਾਂ ਨੇ ਕੋਰਟ ਵਿਚ ਕੇਸ ਕਰਕੇ ਇਹ ਜ਼ਮੀਨ ਵਾਪਸ ਗੁਰਦੁਆਰੇ ਦੇ ਨਾਂ ਕਰਵਾ ਦਿੱਤੀ, ਜਿਸ ਵਜੋਂ ਪ੍ਰਮਜੀਤ ਸਿੰਘ 1992 ਦੇ ਵਿਚ ਇਹ ਪਿੰਡ ਛੱਡ ਕੇ ਚਲਾ ਗਿਆ ਸੀ। ਬਾਬਾ ਅਮਰ ਸਿੰਘ ਨੇ ਦਸਿਆ ਕਿ ਤਿੰਨ ਚਾਰ ਗੱਡੀਆਂ ਭਰ ਕੇ 35-40 ਆਦਮੀਆਂ ਸਮੇਤ ਗੁਰਦੁਆਰੇ ਵਿਚ ਸ਼ਾਮਿਲ ਹੋਏ। ਜਦੋਂ ਇਹ ਗੱਡੀਆਂ ਗੁਰਦੁਆਰੇ ਵਿਚ ਸ਼ਾਮਿਲ ਹੋਈਆਂ, ਤਾਂ ਸਾਡੇ ਸੇਵਾਦਾਰ ਸੁਖਦੇਵ ਸਿੰਘ, ਸਰਬਜੀਤ ਸਿੰਘ, ਬਲਵੰਤ ਸਿੰਘ ਅਤੇ ਜਗਬੀਰ ਸਿੰਘ ਉਦੋਂ ਰੋਟੀ ਖਾ ਰਹੇ ਸਨ। ਉਦੋਂ ਪ੍ਰਮਜੀਤ ਸਿੰਘ ਮਾਹਿਲਪੁਰ ਵਾਲਿਆਂ ਦੇ ਸੇਵਾਦਾਰਾਂ ਨੇ ਸਾਡੇ ਸੇਵਾਦਾਰਾਂ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਉਸ ਸਮੇਂ ਪਿੰਡ ਤਿੰਮੋਵਾਲ ਦੇ ਗੁਰਦੁਆਰੇ ਵਿਚ ਗਿਆ ਹੋਇਆ ਸੀ। ਜਦੋਂ ਮੈਨੂੰ ਇਹ ਜਾਣਕਾਰੀ ਮਿਲੀ ਕਿ ਮੇਰੇ ਸਾਰੇ ਸੇਵਾਦਾਰ ਜ਼ਖ਼ਮੀ ਹੋਏ ਪਏ ਸਨ। ਉਥੇ ਪਹੁੰਚੇ ਹੋਏ ਟਾਂਗਰਾ ਚੌਕੀ ਇੰਚਾਰਜ ਸਿਕੰਦਰ ਸਿੰਘ ਨੂੰ ਅਸੀਂ ਆਖਿਆ ਕਿ ਸਾਨੂੰ ਇਨ੍ਹਾਂ ਸੇਵਾਦਾਰਾਂ ਨੂੰ ਤਰਸਿੱਕੇ ਹਸਪਤਾਲ ਵਿਚ ਦਾਖ਼ਲ ਕਰਾਉਣ ਲਈ ਲਿਖ ਕੇ ਦਿਓ, ਤਾਂ ਚੌਕੀ ਇੰਚਾਰਜ ਨੇ ਲਿਖਣ ਤੋਂ ਮਨ੍ਹਾ ਕਰ ਦਿੱਤਾ। ਪਰ ਅਸੀਂ ਇਨ੍ਹਾਂ ਜ਼ਖ਼ਮੀਆਂ ਨੂੰ ਤਰਸਿੱਕੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਦਾਖ਼ਲ ਕਰਵਾਉਣ ਤੋਂ ਬਾਅਦ ਸਰਪੰਚ ਬਲਵਿੰਦਰ ਸਿੰਘ ਜੱਬੋਵਾਲ, ਸਾਬਕਾ ਸਰਪੰਚ ਗੁਪਾਲ ਸਿੰਘ, ਡਾ: ਸਤਨਾਮ ਸਿੰਘ, ਬਲਵਿੰਦਰ ਸਿੰਘ ਨੇ ਟਾਂਗਰਾ ਚੌਕੀ ਵਿਖੇ ਜਾ ਕੇ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਇਨ੍ਹਾਂ ਨੂੰ ਐਸ: ਐਚ: ਓ: ਖਲਚੀਆਂ ਕੋਲ ਭੇਜ ਦਿੱਤਾ। ਪਰ ਉਹਨਾਂ ਨੇ ਵੀ ਪਰਚਾ ਦਰਜ ਨਹੀਂ ਕੀਤਾ। ਖ਼ਬਰ ਲਿਖੇ ਜਾਣ ਵੇਲੇ ਤੱਕ ਐਸ: ਪੀ: ਡੀ: ਦਿਲਬਾਗ ਸਿੰਘ, ਡੀ: ਐਸ: ਪੀ: ਜੰਡਿਆਲਾ ਅਸ਼ੋਕ ਕੁਮਾਰ ਅਤੇ ਐਸ: ਐਚ: ਓ: ਖਲਚੀਆਂ ਪਿੰਡ ਵਿਚ ਮੌਜੂਦ ਸਨ, ਪਰ ਉਹਨਾਂ ਨੇ ਜ਼ਖ਼ਮੀਆਂ ਨੂੰ ਅਤੇ ਮੌਕਾ ਦੇਖ ਲਿਆ ਹੈ, ਜਦੋਂ ਕਿ ਅਜੇ ਤਕ ਕਬਜ਼ਾ ਬਾਬਾ ਪ੍ਰਮਜੀਤ ਸਿੰਘ ਮਾਹਿਲਪੁਰ ਦੇ ਸੇਵਾਦਾਰਾਂ ਨੇ ਕੀਤਾ ਹੋਇਆ ਹੈ। ਪਰ ਅਜੇ ਤਕ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਦੂਸਰੇ ਪਾਸੇ ਪਿੰਡ ਦੇ ਲੋਕਾਂ ਨੇ ਇਕ ਭਾਰੀ ਇਕੱਠ ਕੀਤਾ, ਜੋ ਕਿ ਪੁਲਿਸ ਦੀ ਕਾਰਵਾਈ ਦੀ ਉਡੀਕ ਕਰ ਰਿਹਾ ਹੈ। ਇਕੱਠ ਨੇ ਕਿਹਾ ਕਿ ਜੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ, ਤਾਂ ਅਸੀਂ ਆਪ ਸਾਰੇ ਪਿੰਡ ਵਾਲੇ ਗੁਰਦੁਆਰਾ ਖਾਲੀ ਕਰਾਉਣ ਲਈ ਤਿਆਰ ਹਾਂ, ਜਿਸ ਵਜੋਂ ਪਿੰਡ ਜੱਬੋਵਾਲ ਦੀ ਸਥਿਤੀ ਬਹੁਤ ਹੀ ਤਨਾਵਪੂਰਨ ਬਣੀ ਹੋਈ ਹੈ।
(ਰੋਜ਼ਾਨਾ ਅਜੀਤ `ਚੋਂ ਧੰਨਵਾਦ ਸਹਿਤ)

ਸੰਤ ਪ੍ਰਗਟ ਸਿੰਘ ਝਾੜਸਾਬੀਆ

ਡੇਰੇ ਦਾ ਮੁਖੀ 40 ਸਾਲਾ ਵਿਆਹੁਤਾ ਔਰਤ ਨਾਲ ਫ਼ਰਾਰ

ਖੇਮਕਰਨ—ਖੇਮਕਰਨ ਤੋਂ ਤਕਰੀਬਨ 8 ਕਿਲੋਮੀਟਰ ਦੂਰ ਸਥਿਤ ਸਰਹੱਦੀ ਪਿੰਡ ਗ਼ਜ਼ਲ ਵਿਖੇ ਇਤਿਹਾਸਕ ਡੇਰਾ ਝਾੜ ਸਾਹਿਬ ਦੇ ਮੌਜੂਦਾ ਮੁਖੀ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਤਾਰਾਵਾਲੀ ਦੀ ਇਕ ਵਿਆਹੁਤਾ ਔਰਤ ਨਾਲ ਸੰਬੰਧਾਂ ਦੀ ਚਰਚਾ ਦੇ ਚਲਦਿਆਂ ਪਿਛਲੇ ਦਿਨੀਂ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੁਆਰਾ ਡੇਰੇ ਨੂੰ ਘੇਰਾ ਪਾਏ ਜਾਣ ਦੇ ਬਾਵਜੂਦ ਚਕਮਾ ਦੇ ਕੇ ਉਸ ਔਰਤ ਸਮੇਤ ਲਾਪਤਾ ਹੋ ਜਾਣ ਦੀ ਸੂਚਨਾ ਮਿਲੀ ਹੈ। ਸਰਹੱਦੀ ਪਿੰਡ ਗ਼ਜ਼ਲ ਵਿਖੇ ਸਥਿਤ ਇਹ ਗੁਰਦੁਆਰਾ ਰੂਪੀ ਡੇਰਾ ਝਾੜ ਸਾਹਿਬ ਆਪਣੀ ਇਤਿਹਾਸਕ ਮਹੱਤਤਾ ਵਜੋਂ ਦੂਰ ਦੂਰ ਤਕ ਜਾਣਿਆ ਜਾਂਦਾ ਹੈ। ਹਥਾੜ (ਬੇਟ) ਅਤੇ ਦਰਿਆਈ ਖੇਤਰ `ਚ ਸਥਿਤ ਇਹ ਡੇਰਾ ਪਹਿਲਾਂ ਗੁਰੂ :::::::::: ਕੀ ਅਨੁਸਾਰ ਇਥੇ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ। ਇਸ ਡੇਰੇ ਦੀ ਸੇਵਾ ਕਰਨ ਵਾਲਿਆਂ `ਚ ਬਾਬਾ ਬੀਰ ਸਿੰਘ ਨੌਰੰਗਾਬਾਦੀ, ਬਾਬਾ ਮੋਹਰ ਸਿੰਘ, ਬਾਬਾ ਨਿੱਕਾ ਸਿੰਘ, ਬਾਬਾ ਹਰਨਾਮ ਸਿੰਘ, ਬਾਬਾ ਆਤਮਾ ਸਿੰਘ ਅਤੇ ਬਾਬਾ ਸ਼ਿੰਗਾਰਾ ਸਿੰਘ ਆਦਿ ਹਨ। ਹੁਣ ਇਸ ਦਾ ਮੁਖੀ ਬਾਬਾ ਪ੍ਰਗਟ ਸਿੰਘ ਸੀ। ਇਸ ਜਗ੍ਹਾ ਇਕ ਸ਼ਾਨਦਾਰ ਗੁਰਦੁਆਰੇ ਤੋਂ ਇਲਾਵਾ ਸਰੋਵਰ ਵੀ ਹੈ ਅਤੇ ਹਰ ਮੱਸਿਆ ਵਾਲੇ ਦਿਨ ਇਥੇ ਹਜ਼ਾਰਾਂ ਸ਼ਰਧਾਲੂ ਵੀ ਆਉਂਦੇ ਹਨ ਅਤੇ ਬਾਬਾ ਪ੍ਰਗਟ ਸਿੰਘ ਵਿਹੜੇ `ਚ ਪਲੰਘ `ਤੇ ਬੈਠ ਕੇ ਸ਼ਰਧਾਲੂਆਂ ਨੂੰ ਫੂਕਾਂ ਮਾਰ ਕੇ ਅਤੇ ਸੋਟੀ ਲਗਾ ਕੇ ਅਸ਼ੀਰਵਾਦ ਦਿੰਦਾ ਸੀ। ਸ਼ਰਧਾਲੂਆਂ ਖਾਸ ਕਰਕੇ ਔਰਤਾਂ ਵੱਲੋਂ ਪੈਸਿਆਂ ਨਾਲ ਮੱਥਾ ਟੇਕਿਆ ਜਾਣਾ ਵੀ ਆਮ ਗੱਲ ਸੀ। ਇਸ ਡੇਰੇ ਅਧੀਨ ਪਿੰਡ ਬੂਹ, ਕੋਟਲੀ, ਮੁੱਠਿਆਂ ਵਾਲਾ, ਪ੍ਰਗਿੜੀ, ਬੁਡਾਲਾ, ਲਹਿਰਾ ਅਤੇ ਫਤਹਿਗੜ੍ਹ, ਪੰਜਤੂਰ ਆਦਿ ਬਾਬਾ ਬੀਰ ਸਿੰਘ ਦੇ ਗੁਰਦੁਆਰੇ ਵੀ ਆਉਂਦੇ ਹਨ। ਡੇਰੇ ਅੰਦਰ ਘੋੜਿਆਂ ਦਾ ਵੱਡਾ ਦਲ ਵੀ ਹੈ ਅਤੇ ਡੇਰੇ ਦੇ ਨਾਂਅ ਕਾਫ਼ੀ ਜ਼ਮੀਨ ਵੀ ਹੈ। ਬਾਬਾ ਪ੍ਰਗਟ ਸਿੰਘ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਚਰਚਾ `ਚ ਆਇਆ ਸੀ ਜਦੋਂ ਇਸੇ ਬਾਬਾ ਪ੍ਰਗਟ ਸਿੰਘ ਨੇ ਨੇੜਲੇ ਗੁਰਦੁਆਰਾ ਰੱਤੋਕੇ ਵਿਖੇ ਬਾਬਾ ਕਿਹਰ ਸਿੰਘ ਰਿਖੀ ਦੇ ਅਕਾਲ ਚਲਾਣੇ ਉਪਰੰਤ ਗੱਦੀ ਨਸ਼ੀਨੀ ਦੇ ਮੁੱਦੇ ਨੂੰ ਲੈ ਕੇ ਵਿਵਾਦ ਖੜਾ ਕਰ ਦਿੱਤਾ ਸੀ। ::::: ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਗੁਰਦੁਆਰਾ ਰੱਤੋਕੇ ਨੂੰ ਧਾਰਾ 87 ਤਹਿਤ ਆਪਣੇ ਪ੍ਰਬੰਧਾਂ ਅਧੀਨ ਲੈ ਲਿਆ ਸੀ, ਜਿਸ ਸਬੰਧੀ ਕਾਨੂੰਨੀ ਲੜਾਈ ਬਾਬਾ ਪ੍ਰਗਟ ਸਿੰਘ ਅਤੇ ਸ਼੍ਰੋਮਣੀ ਕਮੇਟੀ ਦਰਮਿਆਨ ਅਜੇ ਵੀ ਚਲ ਰਹੀ ਹੈ। ਬਾਬਾ ਪ੍ਰਗਟ ਸਿੰਘ ਸਬੰਧੀ ਪੈਦਾ ਮੌਜੂਦਾ ਵਾਦ-ਵਿਵਾਦ ਬਾਰੇ ਜਾਣਕਾਰੀ ਲੈਣ ਲਈ ‘ਅਜੀਤ’ ਦੇ ਖੇਮਕਰਨ ਸਥਿਤ ਪ੍ਰਤੀਨਿਧ ਨੇ ਇਲਾਕੇ ਦੇ ਲੋਕਾਂ ਤੇ ਮੋਹਤਬਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਡੇਰੇ ਦਾ ਵੀ ਦੌਰਾ ਕੀਤਾ। ਪ੍ਰਾਪਤ ਵੇਰਵਿਆਂ ਮੁਤਾਬਿਕ ਬਾਬਾ ਪ੍ਰਗਟ ਸਿੰਘ ਦੀ ਤਾਰਾਵਾਲੀ ਦੀ ਇਕ ਸ਼ਾਦੀਸ਼ੁਦਾ ਔਰਤ ਨਾਲ ਪਿਛਲੇ ਕੁਝ ਸਮੇਂ ਤੋਂ ਕਾਫੀ ਨੇੜਤਾ ਸੀ। ਇਸ 40 ਸਾਲਾ ਔਰਤ, ਜੋ ਦੋ ਸ਼ਾਦੀਸ਼ੁਦਾ ਬੱਚਿਆਂ ਦੀ ਮਾਂ ਹੈ, ਪਿਛਲੇ 6 ਸਾਲਾਂ ਤੋਂ ਕਦੇ-ਕਦੇ ਡੇਰੇ ਆ ਰਹੀ ਸੀ ਅਤੇ ਨੇੜਲੇ ਪਿੰੜ ਗ਼ਜ਼ਲ `ਚ ਉਸ ਦੀ ਰਿਸ਼ਤੇਦਾਰੀ ਹੋਣ ਕਰਕੇ ਉਸ ਦਾ ਆਉਣ ਜਾਣ ਹੋਰ ਵਧ ਗਿਆ ਸੀ। ਬਾਬਾ ਪ੍ਰਗਟ ਸਿੰਘ ਨੇ ਉਸ ਔਰਤ ਦੇ ਲੜਕੇ ਤੇ ਲੜਕੀ ਦੇ ਰਿਸ਼ਤੇ ਵੀ ਕਰਵਾਏ ਸਨ। ਬੀਤੇ ਦਿਨੀਂ ਉਹ ਔਰਤ ਡੇਰੇ ਵਿਖੇ ਆ ਕੇ ਬਾਬੇ ਕੋਲ ਹੀ ਰਹਿਣ ਲਗ ਪਈ, ਜਿਸ ਦਾ ਇਲਾਕੇ ਦੇ ਕੁਝ ਮੋਹਤਬਰਾਂ ਨੇ ਬੁਰਾ ਮਨਾਇਆ ਅਤੇ ਬਾਬੇ ਨੂੰ ਅਜਿਹਾ ਨਾ ਕਰਨ ਲਈ ਸਮਝਾਇਆ ਵੀ ਪਰ ਬਾਬਾ ਨਾ ਮੰਨਿਆ। ਇਸ `ਤੇ ਉਸ ਔਰਤ ਦੇ ਪਰਿਵਾਰਕ ਮੈਂਬਰਾਂ ਤੇ ਇਲਾਕੇ ਦੇ ਮੋਹਤਬਰਾਂ ਨੇ ਡੇਰੇ ਨੂੰ ਘੇਰਿਆ ਪਰ ਸਾਧ ਪ੍ਰਗਟ ਸਿੰਘ ਜਨਾਨੀ ਲੈ ਕੇ ਨਿਕਲ ਗਿਆ। ਉਸੇ ਦਿਨ ਤੋਂ ਬਾਅਦ ਬਾਬੇ ਦਾ ਕੋਈ ਥਹੁ ਪਤਾ ਨਹੀਂ ਲੱਗਾ। ਔਰਤ ਦੇ ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ `ਚ ਇਸ ਘਟਨਾ ਸਬੰਧੀ ਕਾਫ਼ੀ ਰੋਸ ਹੈ। ਥਾਣਾ ਖੇਮਕਰਨ ਦੀ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਅਜੇ ਤਕ ਪੁਲਿਸ ਨੂੰ ਇਸ ਸਬੰਧੀ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ, ਜਿਸ ਕਰਕੇ ਕੋਈ ਰਪਟ ਵਗੈਰਾ ਵੀ ਦਰਜ ਨਹੀਂ ਕੀਤੀ ਗਈ।
ਨੋਟ—ਇਥੇ ਜਿਹੜਾ ਸਾਧ ਮਰਦਾ ਹੈ ਉਸੇ ਦੀ ਕਬਰ (ਮੜ੍ਹੀ) ਬਣ ਜਾਂਦੀ ਹੈ। ਜੇ ਮੁਸਲਮਾਨਾਂ ਦੀਆਂ ਕਬਰਾਂ ਕਿਸੇ ਸਿਧਾਂਤ ਵਿਚ ਨਹੀਂ ਹਨ ਤਾਂ ਕੀ ਸਾਧਾਂ ਦੀਆਂ ਕਬਰਾਂ ਜਾਇਜ਼ ਹਨ। ਇਹ ਸਾਧ ਲੋਕਾਂ ਨੂੰ ਮੜ੍ਹੀ ਪੂਜਕ ਅਤੇ ਪਲੰਘੇ ਪੂਜਕ ਬਣਾ ਕੇ ਗੁਰੂ ਨਾਲੋਂ ਤੋੜ ਰਹੇ ਹਨ। ਇਸਦੇ ਡੇਰੇ ਵਿਚ ਇਸਦੇ ਖਾਲੀ ਪਲੰਘੇ ਨੂੰ ਮੱਥਾ ਟੇਕ ਰਹੇ ਲੋਕਾਂ ਦੀ ਮੂਰਖਤਾਈ ਦਾ ਕੀ ਬਣੇਗਾ? ‘ਗੁਰੂ ਗ੍ਰੰਥ ਸਾਹਿਬ’ ਨੇੜੇ ਭਾਵੇਂ ਕੋਈ ਬੰਦਾ ਨਾ ਹੋਵੇ। ਮਰੇ ਸਾਧ ਦੇ ਖਾਲੀ ਪਲੰਘੇ ਨੇੜੇ ਬੜੀ ਸੰਗਤ ਬੈਠੀ ਰਹਿੰਦੀ ਹੈ। ਲੋਕਾਂ ਨਾਲੋਂ ਵੱਧ ਕਸੂਰ ਇਹਨਾਂ ਸਾਧਾਂ ਦਾ ਹੈ।
ਚਰਣ ਕੌਰ ਵਲੋਂ ਮੁਆਫ਼ੀ ਨਾਮਾ
ਮੈਂ ਚਰਣ ਕੌਰ ਪਤਨੀ ਸ: ਦਾਰਾ ਸਿੰਘ ਪਿੰਡ ਖਾਪੜ ਖੇੜੀ (ਅੰਮ੍ਰਿਤਸਰ)। ਮੈਂ ਆਪਣੇ ਪੂਰੇ ਹੋਸ਼ੇ ਹਵਾਸ ਨਾਲ ਬਗ਼ੈਰ ਕਿਸੇ ਦਬਾਅ ਤੋਂ ਲਿਖ ਰਹੀ ਹਾਂ ਕਿ ਮੇਰੇ ਪਾਸ ਕੋਈ ਗੈਬੀ ਸ਼ਕਤੀ ਨਹੀਂ ਕੇਵਲ ਘਰ ਦੀ ਗਰੀਬੀ ਤੋਂ ਨਿਜ਼ਾਤ ਪਾਉਣ ਵਾਸਤੇ ਧਾਗੇ ਤਵੀਤ ਅਤੇ ਡੋਲੀਆਂ ਖਿਡਾਉਣ ਦਾ ਅਤੇ ਭੂਤ ਪ੍ਰੇਤ ਕੱਢਣ ਦਾ ਢਕੌਂਸਲਾ ਚਲਾ ਰਹੀ ਸਾਂ। ਕੁਝ ਸਮਾਂ ਪਹਿਲਾਂ ਨਿਰਮਲ ਸਿੰਘ ਉਰਫ਼ ਬਾਬਾ ਕਾਲਾ ਸਿੰਘ ਸੁਲਤਾਨਵਿੰਡ (ਅੰਮ੍ਰਿਤਸਰ) ਨਾਲ ਮੇਰਾ ਸੰਪਰਕ ਹੋਇਆ। ਉਸ ਨੇ ਮੈਨੂੰ ਪ੍ਰੇਰਿਆ ਕਿ ਬਾਬਾ ਵਡਭਾਗ ਸਿੰਘ ਦੀ ਗੱਦੀ ਲਗਾਉਣੀ ਸ਼ੁਰੂ ਕਰੋ। ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਉਸ ਦੇ ਕਹਿਣ ਤੇ ਮੈਂ ਇਹ ਗੱਦੀ ਲਾਉਣੀ ਸ਼ੁਰੂ ਕਰ ਦਿੱਤੀ ਅਤੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਵਿਚ ਪਾ ਕੇ ਲੁੱਟਣਾ ਸ਼ੁਰੂ ਕਰ ਦਿੱਤਾ। ਅੱਜ ਮੈਂ ਪ੍ਰਣ ਕਰਦੀ ਹਾਂ ਕਿ ਅੱਗੇ ਤੋਂ ਮੈਂ ਇਹ ਸਾਰੀ ਪਾਖੰਡਬਾਜ਼ੀ ਬਿਲਕੁਲ ਨਹੀਂ ਕਰਾਂਗੀ ਅਤੇ ਪਿੱਛੇ ਹੋ ਚੁੱਕੀਆਂ ਭੁੱਲਾਂ ਦੀ ਮਾਫ਼ੀ ਮੰਗਦੀ ਹਾਂ। ਅੱਗੇ ਤੋਂ ਜੇ ਮੈਂ ਦੁਬਾਰਾ ਗੱਦੀ ਲਗਾਵਾਂਗੀ ਤਾਂ ਉਸਦੀ ਜੋ ਸਜ਼ਾ ਮੈਨੂੰ ਲਗਾਈ ਜਾਵੇਗੀ ਮੈਂ ਉਸਨੂੰ ਭੁਗਤਾਂਗੀ।
ਮੈਂ ਇਹ ਮੁਆਫ਼ੀਨਾਮਾ ਸ: ਗੁਰਮੀਤ ਸਿੰਘ ਸਟੱਡੀ ਸਰਕਲ ਪੱਟੀ, ਭਾਈ ਜਗਜੀਤ ਸਿੰਘ ਦੋਦੇ, ਭਾਈ ਬਲਕਾਰ ਸਿੰਘ ਬਘਿਆੜੀ, ਭਾਈ ਅਵਤਾਰ ਸਿੰਘ ਭਿੱਖੀਵਿੰਡ ਦੀ ਮੌਜੂਦਗੀ ਵਿਚ ਦਸਖ਼ਤ ਕਰ ਰਹੀ ਹਾਂ।
ਦਸਤਖ਼ਤ ਮਾਤਾ ਚਰਣ ਕੌਰ (ਨਿਸ਼ਾਨ ਅੰਗੂਠਾ)
.