.

❁ ਅਜੂਨੀ ਸੈਭੰ ❁
(ਕਿਸ਼ਤ ਨੰ: 03)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਉਪਨਿਸ਼ਦ ਕਾਲ ਦੇ ਈਮਾਨਦਾਰ ਅਤੇ ਇੱਕਈਸ਼੍ਵਰਵਾਦ ਦੇ ਧੁੰਦਲੇ ਜਿਹੇ ਝਲਕਾਰਿਆਂ ਵਿੱਚ ਜੀਊਣ ਵਾਲੇ ਕੁੱਝ ਰਿਸ਼ੀਆਂ ਨੇ ਵੀ ‘ਬ੍ਰਹਮ` ਲਈ ਟਾਵੇਂ ਟਾਵੇਂ ਥਾਈਂ ‘ਅਜੂਨੀ ਸੈਭੰ` ਪਦਾਂ ਦੇ ਸਮਾਨਰਥਕ ‘ਅਜਾ` (ਅਜਨਮਾ) ‘ਅਕਾਰਨ` ਅੰਮ੍ਰਿਤ ਅਤੇ ‘ਸ੍ਵਭੂ` ਤੇ ‘ਸ੍ਵਭੰ` ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਹੈ। ਇਸ ਸਬੰਧ ਵਿੱਚ ਮਾਂਡੂਕ, ਕੱਠ ਤੇ ਸਰੂਤਾਸ਼੍ਵਤਰ ਉਪਨਿਸ਼ਦਾਂ ਵਿਚੋਂ ਇੱਕ-ਇੱਕ ਦੋ-ਦੋ ਸ਼ਲੋਕ ਦੇਖੇ ਜਾ ਸਕਦੇ ਹਨ। ਪਰ, ਪੁਰਾਣਿਕ ਮਤੀ ਪੁਜਾਰੀ ਤੇ ਪ੍ਰਚਾਰਕ ਵਰਗ ਨੇ ਆਪਣੇ ਮਾਇਕ ਸੁਆਰਥਾਂ ਤੇ ਵਿਅਕਤੀਗਤ ਪੂਜਾ ਪ੍ਰਤ੍ਰਿਸ਼ਟਤਾ ਨੂੰ ਸਾਹਮਣੇ ਰੱਖ ਕੇ, ਅਵਤਾਰਵਾਦ ਦਾ ਇਤਨਾ ਜ਼ੋਰਦਾਰ ਪ੍ਰਚਾਰ ਕੀਤਾ ਕਿ ਉਪਨਿਸ਼ਦਿਕ ਰਿਸ਼ੀਆਂ ਮੁਨੀਆਂ ਦੇ ਅਜਿਹੇ ਇੱਕਈਸ਼੍ਵਰਵਾਦੀ ਅਸਪਸ਼ਟ ਜਿਹੇ ਦੈਵੀ-ਵਿਚਾਰ, ਉਨ੍ਹਾਂ ਦੇ ਮੱਠਾਂ ਵਿੱਚ ਹੀ ਦੱਬਕ ਕੇ ਰਹਿ ਗਏ।

ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਸਮੇਂ ਤਾਂ ਭਾਰਤੀ ਮੱਤ-ਮਤਾਂਤਰਾਂ ਵਿੱਚ ਰੱਬੀ-ਇਕਾਈ ਦੀ ਉਪਨਿਸ਼ਦ ਕਾਲ ਵਰਗੀ ਕੋਈ ਅਸਪਸ਼ਟ ਜੇਹੀ ਅਵਾਜ਼ ਵੀ ਸੁਣਾਈ ਨਹੀ ਸੀ ਦੇ ਰਹੀ। ਪਰਮਾਤਮਾ ਇੱਕ ਨਿਰੰਕਾਰੀ ਤੇ ਸਰਬ-ਵਿਆਪਕ ਅਜੂਨੀ ਸੱਤਾ ਹੈ, ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਇਸ ਪ੍ਰਕਾਰ ਦਾ ਤਾਂ ਭਾਰਤੀ ਭਾਈਚਾਰੇ ਵਿਚੋਂ (ਭਗਤੀ ਲਹਿਰ ਦੇ ਭਗਤ ਕਬੀਰ ਤੇ ਨਾਮਦੇਵ ਜੀ ਵਰਗੇ ਕੁਝ-ਕੁ ਸੰਤਾਂ ਨੂੰ ਛੱਡ ਕੇ) ਕਿਸੇ ਨੂੰ ਸੁਪਨਾ ਵੀ ਨਹੀ ਸੀ ਆ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਸਮੇਂ ਦਾ ਹਾਲ ਵਰਨਣ ਕਰਦਿਆਂ ਲਿਖਿਆ ਹੈ ਕਿ ਜਤੀਆਂ, ਸਤੀਆਂ, ਸਿੱਧਾਂ, ਨਾਥਾਂ (ਕੰਨ ਪਾਟੇ ਜੋਗੀਆਂ) ਰਿਖੀਸ਼ਰਾਂ, ਦੇਵੀ-ਦੇਵਤਿਆਂ ਅਤੇ ਭੇਰੋਂ ਤੇ ਖੇਤਰਪਾਲ ਵਰਗੇ ਭੂਤਨਿਆਂ ਨੂੰ ਲੋਕਾਂ ਵਲੋਂ ਆਪਣੇ ਪੂਜ੍ਯ ਇਸ਼ਟ ਜਾਣਕੇ ਪੂਜਿਆ ਜਾ ਰਿਹਾ ਸੀ। ਇਸ ਪ੍ਰਕਾਰ ਸਭ ਪਾਸੇ ਬਹੁਦੇਵ-ਵਾਦ ਤੇ ਵਿਅਕਤੀਗਤ ਪੂਜਾ ਹੀ ਪ੍ਰਧਾਨ ਸੀ।

ਭਾਈ ਸਾਹਿਬ ਜੀ ਨੇ ਆਪਣੀ ਇਸ ਪੱਖ ਦੀ ਗੱਲ ਨੂੰ ਸੰਕੋਚਦਿਆਂ ਅੰਤ ਵਿੱਚ ਲਿਖਿਆ ਹੈ ਕਿ ਸਤਿਗੁਰੂ ਜੀ ਨੇ ਤੀਰਥੀਂ ਮੇਲਿਆਂ `ਤੇ ਜਾ ਕੇ ਹਿੰਦੂਆਂ ਦੀ ਧਾਰਮਿਕ ਅਵਸਥਾ ਨੂੰ ਭਾਂਪਿਆ, ਇਸਲਾਮਿਕ ਕੇਂਦਰੀਂ ਜਾ ਕੇ ਪੀਰ ਪੈਕੰਬਰਾਂ ਦੀਆਂ ਰਚੀਆਂ ਮੁਸਲਮਾਨੀ ਕੌਮਾਂ ਨੂੰ ਪੜਚੋਲਿਆ। ਪਰ, ਇਹ ਸਭ ਕੁੱਝ ਦੇਖ ਕੇ ਉਹ ਕਿਸ ਨਤੀਜੇ ਤੇ ਪਹੁੰਚੇ? ਉਹ ਸੀ ਕਿ ਸੁਆਰਥ ਵਿੱਚ ਅੰਨ੍ਹੇ ਆਗੂਆਂ ਨੇ ਅੰਨ੍ਹੇ ਸ਼ਰਧਾਲੂਆਂ ਨੂੰ ਅਗਿਆਨਤਾ ਤੇ ਸੰਪਰਦਾਈ ਹਉਮੈ ਦੇ ਖੂਹ ਵਿੱਚ ਸੁੱਟ ਦਿੱਤਾ ਹੋਇਆ ਹੈ। ਭਾਈ ਸਾਹਿਬ ਜੀ ਦੀ ਰਚਨਾ ਹੈ:

ਜਤ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗੁਰ ਚੇਲੇ।।

ਦੇਵੀ ਦੇਵ ਰਖੀਸ਼ਰਾਂ ਭੈਰੋਂ ਖੇਤ੍ਰ ਪਾਲ ਬਹੁ ਮੇਲੇ।।

ਗਣ ਗੰਧਰਬ ਅਪਸ਼ਰਾਂ ਕਿੰਨਰ ਜੱਛ ਚਲਿਤ ਬਹੁ ਖੇਲੇ।।

ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦੁਹੇਲੇ।।

ਹਉਮੈਂ ਅੰਦਰ ਸਭਕੋ ਡੁਬੇ ਗੁਰੂ ਸਣੇਂ ਬਹੁ ਚੇਲੇ।।

ਗੁਰਮੁਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੍ਰੀ ਮੇਲੇ।।

ਢੂੰਡੇ ਹਿੰਦੂ ਤੁਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ।।

ਅੰਧੀ ਅੰਧੇ ਖੂਹੇ ਠੇਲੇ।। (੧-੨੬-੮)

ਪੁਰਾਣਾਂ ਅਥਵਾ ਹਿੰਦੂ ਮਿਥਿਹਾਸ ਵਿੱਚ ਪੂਜੇ ਜਾਣ ਵਾਲੇ ਕਲਪਤ ਦੇਵਤਿਆਂ ਦੀ ਗਿਣਤੀ ਤਾਂ ੩੩ ਕਰੋੜ ਤੱਕ ਪੁਹੰਚ ਚੁੱਕੀ ਸੀ, ਜਿਹੜੀ ਸ਼ਾਇਦ ਪੁਰਾਣਿਕ ਯੁੱਗ ਦੀ ਭਾਰਤੀ ਅਬਾਦੀ ਤੋਂ ਵੀ ਵਧੇਰੇ ਹੋਵੇ। ਐਸੀ ਬਹੁਪ੍ਰਕਾਰੀ ਤੇ ਭਿੰਨ ਭਿੰਨ ਪੂਜਾ ਦੀ ਬਿਵਸਥਾ ਦੀ ਸਚਾਈ ਨੂੰ, ਇੱਕ ਸੁਘੜ ਸ਼ਾਇਰ ਤਨਜ਼ਨ ਨੇ ਬੜੇ ਤਨਜ਼ ਭਰੇ ਲਫ਼ਜ਼ਾਂ ਵਿੱਚ ਇਉਂ ਵੀ ਕਲਮ ਬੰਦ ਕੀਤਾ ਹੈ:

ਬੰਦੇ ਨਹੀ ਹੈਂ, ਜਿਤਨੇ ਖੁਦਾ ਹੈਂ ਜਹਾਨ ਮੇਂ।

ਕਿਸ ਕਿਸ ਖ਼ੁਦਾ ਕੇ ਸਾਹਮਨੇ, ਸਜਦਾ ਕਰੇ ਕੋਈ।

ਇਸੇ ਲਈ ਗੁਰਦੇਵ ਜੀ ਨੇ ‘ੴ ਤੋਂ ਗੁਰਪ੍ਰਸਾਦਿ` ਦੇ ਆਦਿ ਮੰਗਲਾਚਰਨ ਵਿਖੇ ਭਾਰਤੀ ਦਾਰਸ਼ਨਿਕ ਸਹਿਤ ਵਿੱਚ ਪ੍ਰਚਲਿਤ ਓਅੰਕਾਰ ਦੇ ਦੈਵੀ ਵਿਸੇਸ਼ਣ ਨਾਲ ਏਕਾ (੧) ਲਾ ਕੇ, ‘ੴ ` ਦੇ ਮੌਲਿਕ ਸਰੂਪ ਵਿੱਚ, ਜਿਥੇ, ਪਹਿਲਾਂ ਰੱਬੀ ਇਕਾਈ ਦੇ ਸਿਧਾਂਤ ਦੀ ਨੀਂਹ ਪੱਕੀ ਕੀਤੀ। ‘ਸਤਿ ਨਾਮ` ਕਹਿ ਕੇ ਰੱਬੀ ਹੋਂਦ ਦੀ ਸਦੀਵੀ ਸਥਿਰਤਾ ਪ੍ਰਗਟ ਕੀਤੀ। ‘ਕਰਤਾਪੁਰਖ` ਕਹਿ ਕੇ ਸਭ ਕਾਸੇ ਦਾ ਸਿਰਜਨਹਾਰ ਤੇ ਸਾਰਿਆਂ ਵਿੱਚ ਵਿਆਪਕ ਦਰਸਾਇਆ। ਓਥੇ, ਅਕਾਲਮੂਰਤਿ, ਨਿਰਭਉ, ਨਿਰਵੈਰ ਅਤੇ ਅਜੂਨੀ ਤੇ ਸੈਭੰ ਕਹਿ ਕੇ ਨਿਰੰਕਾਰ ਨੂੰ ਮਾਨਵੀ ਕਮਜ਼ੋਰੀਆਂ ਤੋਂ ਵੀ ਸਦਾ ਲਈ ਮੁਕਤ ਕਰ ਦਿੱਤਾ, ਤਾਂ ਕਿ ਅਵਤਾਰਾਂ ਵਾਂਗ ਕਿਸੇ ਨੂੰ ਵੀ ਵਿਅਕਤੀਗਤ ਸਰੂਪ ਵਿੱਚ ਰੱਬ ਮੰਨ ਕੇ ਨਾ ਪੂਜਿਆ ਜਾ ਸਕੇ।

ਵਿਅਕਤੀਗਤ ਪੂਜਾ ਨੂੰ ਨਿਕਾਰਨ ਵਾਲੀ ਅਜਿਹੀ ਗੁਰਮਤੀ ਵਿਚਾਰਧਾਰਾ ਦਾ ਮੂਲ ਅਧਾਰ ਹਨ, ਵਿਚਾਰ ਅਧੀਨ ‘ਅਜੂਨੀ` ਤੇ ‘ਸੈਭੰ` ਲਫ਼ਜ਼, ਜਿਨ੍ਹਾਂ ਦੀ ਵਿਆਖਿਆ ਦੁਆਰਾ ਗੁਰਬਾਣੀ ਵਿੱਚ ਪਰਮਾਤਮਾ ਨੂੰ ‘ਅਜੂਨੀ` (ਅਜਨਮਾ) ਸਿੱਧ ਕਰਦਿਆਂ, ਉਸ ਦੇ ਅਵਤਾਰ ਧਾਰਨ ਵਾਲੇ ਬਿਪਰਵਾਦੀ ਭਰਮ ਦਾ ਨਾਸ ਕੀਤਾ ਗਿਆ ਹੈ। ਜਿਵੇਂ ਗੁਰਵਾਕ ਹਨ:

ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ, ਘਟ ਭੀਤਰਿ ਦੇਖੁ ਮੁਰਾਰੀ ਜੀਉ।। {ਪੰਨਾ ੫੯੭}

ਅਰਥ: ਪਰਮਾਤਮਾ ਜੂਨਾਂ ਵਿੱਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, (ਹੇ ਭਾਈ!) ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿੱਚ (ਵੱਸਦਾ) ਵੇਖ।

ਅਲਖ ਅਪਾਰ ਅਗੰਮ ਅਗੋਚਰ, ਨਾ ਤਿਸੁ ਕਾਲੁ ਨ ਕਰਮਾ।।

ਜਾਤਿ ਅਜਾਤਿ ਅਜੋਨੀ ਸੰਭਉ, ਨਾ ਤਿਸੁ ਭਾਉ ਨ ਭਰਮਾ।। {ਪੰਨਾ ੫੯੭}

ਅਰਥ: ਉਹ ਪਰਮਾਤਮਾ ਅਦ੍ਰਿੱਸ਼ ਹੈ, ਬੇਅੰਤ ਹੈ, ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰੇ ਉਸ ਨੂੰ ਸਮਝ ਨਹੀਂ ਸਕਦੇ, ਮੌਤ ਉਸ ਨੂੰ ਪੋਹ ਨਹੀਂ ਸਕਦੀ, ਕਰਮਾਂ ਦਾ ਉਸ ਉਤੇ ਕੋਈ ਦਬਾਉ ਨਹੀਂ (ਜਿਵੇਂ ਜੀਵ ਕਰਮ-ਅਧੀਨ ਹਨ ਉਹ ਨਹੀਂ)। ਉਸ ਪ੍ਰਭੂ ਦੀ ਕੋਈ ਜਾਤਿ ਨਹੀਂ, ਉਹ ਜੂਨਾਂ ਵਿੱਚ ਨਹੀਂ ਪੈਂਦਾ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਨਾਹ ਉਸ ਨੂੰ ਕੋਈ ਮੋਹ ਵਿਆਪਦਾ ਹੈ, ਨਾਹ ਉਹਨੂੰ ਕੋਈ ਭਟਕਣਾ ਹੈ। ੧।

ਏਕਮ ਏਕੰਕਾਰੁ ਨਿਰਾਲਾ।। ਅਮਰੁ ਅਜੋਨੀ ਜਾਤਿ ਨ ਜਾਲਾ।। {ਪੰਨਾ ੮੩੮}

ਅਰਥ: —ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ)।

ਇਤਿਹਾਸ ਦਸਦਾ ਹੈ ਕਿ ਭਗਤ ਕਬੀਰ ਸਾਹਿਬ ਜੀ ਵੀ ਬੜੀ ਨਿਰਭੈਤਾ ਸਹਿਤ ਪ੍ਰਚਾਰ ਕਰਿਆ ਕਰਦੇ ਸਨ ਕਿ ਪਰਮਾਤਮਾ ਆਪ ਸਾਰੇ ਜਗਤ ਨੂੰ ਰਚਨ ਵਾਲਾ ਹੈ। ਮਾਇਆ ਦੇ ਇਸ ਸੰਸਾਰ ਰੂਪੀ ਖੇਲ ਨੂੰ ਉਹ ਆਪ ਹੀ ਬਣਾਉਣ ਵਾਲਾ ਹੈ। ਉਹ ਜਨਮ ਮਰਨ ਵਿੱਚ ਨਹੀਂ ਆਉਂਦਾ, ਉਸ ਦਾ ਕੋਈ ਮਾਂ-ਪਿਉ ਨਹੀਂ ਹੈ। ਗੋਕਲ ਦੇ ਗੁਆਲੇ ਨੰਦ ਨੂੰ ਪਰਮਾਤਮਾ ਦਾ ਪਿਉ ਆਖਣਾ ਵੱਡੀ ਭੁੱਲ ਹੈ। ਕਿਉਂਕਿ, ਬ੍ਰਾਹਮਣੀ-ਮੱਤ ਮੁਤਾਬਿਕ ਦੁਆਪਰ ਯੁੱਗ ਵਿਚਲੇ ਵਿਸ਼ਨੂੰ ਭਗਵਾਨ ਦੇ ਅਵਤਾਰ, ਦਵਾਰਕਾਪਤੀ ਸ੍ਰੀ ਕ੍ਰਿਸ਼ਨ ਜੀ, ਜੋ ਭੋਜਵੰਸ਼ੀ ਦੇਵਕ ਦੀ ਪੁਤਰੀ ਦੇਵਕੀ ਦੇ ਗਰਭ ਤੋਂ ਯਦਵੰਸੀ ਵਸੁਦੇਵ ਦੇ ਪੁਤਰ ਸਨ। ਜਿਨ੍ਹਾਂ ਦਾ ਜਨਮ ਮਥੁਰਾ ਦੀ ਜੇਲ ਵਿੱਚ ਹੋਇਆ ਮੰਨਿਆ ਜਾਂਦਾ ਹੈ। ਤਿਨ੍ਹਾਂ ਬਾਰੇ ਪ੍ਰਸਿੱਧ ਹੈ ਕਿ ਮਥਰਾ ਦੇ ਰਾਜਾ ਕੰਸ (ਜੋ ਕ੍ਰਿਸ਼ਨ ਜੀ ਦੇ ਮਾਮਾ ਹੁੰਦੇ ਹੋਏ ਵੀ ਇਸ ਨੂੰ ਮਾਰਨਾ ਚਹੁੰਦੇ ਸਨ) ਤੋਂ ਡਰਦਿਆਂ, ਉਨ੍ਹਾਂ ਦੀ ਪਰਵਰਿਸ਼ ਗੋਕਲ ਪਿੰਡ ਦੇ ਗੁਆਲੇ ਨੰਦ ਗੋਪ ਦੇ ਘਰ ਸ਼੍ਰੀਮਤੀ ਯਸ਼ੋਦਾ ਦੀ ਨਿਗਰਾਨੀ ਵਿੱਚ ਹੋਈ ਸੀ।

ਇਸ ਲਈ ਭਗਤ ਕਬੀਰ ਸਾਹਿਬ ਜੀ ਦੀ ਜ਼ਿੰਦਗੀ ਵਿੱਚ ਅਜਿਹਾ ਵਕਤ ਵੀ ਆਇਆ, ਜਦੋਂ ਸ੍ਰੀ ਕ੍ਰਿਸ਼ਨ ਜੀ ਦੇ ਗੁੱਸੇ ਵਿੱਚ ਭਰੇ ਹੋਏ ਕੁੱਝ ਉਪਾਸ਼ਕ ਇਕੱਠੇ ਹੋ ਕੇ ਭਗਤ ਜੀ ਨਾਲ ਚਰਚਾ ਕਰਨ ਲਈ ਆਏ। ਤਾਂ ਉਸ ਵੇਲੇ ਭਗਤ ਜੀ ਹੁਰਾਂ ਵਲੋਂ ਉਨ੍ਹਾਂ ਨੂੰ ਨਿਰੁਤਰ ਕਰਕੇ ਠੰਡਿਆਂ ਕਰਨ ਵਾਲਾ ਜਿਹੜਾ ਮੁਖ ਸੁਆਲ ਉਠਾਇਆ ਗਿਆ, ਉਹ ਸੀ “ਹੇ ਭਾਈ! ਤੁਸੀ ਜੋ ਇਹ ਆਖਦੇ ਹੋ ਕਿ ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ ਨੰਦ ਦਾ ਪੁੱਤਰ ਬਣਿਆ। ਧੀਰਜ ਸਹਿਤ ਇਹ ਦੱਸੋ ਕਿ ਉਹ ਨੰਦ ਕਿਸ ਦਾ ਪੁੱਤਰ ਸੀ? ਤੇ ਜਦੋਂ ਨਾਹ ਇਹ ਧਰਤੀ ਅਤੇ ਨਾਹ ਅਕਾਸ਼ ਸੀ, ਤਦੋਂ ਇਹ ਨੰਦ (ਜਿਸ ਨੂੰ ਤੁਸੀ ਪਰਮਾਤਮਾ ਦਾ ਪਿਓ ਆਖ ਰਹੇ ਹੋ) ਕਿਥੇ ਸੀ”?

ਸਾਡੀ ਖੁਸ਼ ਕਿਸਮਤੀ ਹੈ ਕਿ ਉਨ੍ਹਾਂ ਦੇ ਨਿਰਭੈਤਾ ਭਰੇ ਇਹ ਬਚਨ ਹੇਠ ਲਿਖੇ ਸ਼ਬਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸੰਭਾਲੇ ਹੋਏ ਹਨ, ਜੋ ਅਰਥਾਂ ਸਮੇਤ ਇਸ ਪ੍ਰਕਾਰ ਹਨ:

ਗਉੜੀ।। ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ।। ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ।। ੧।। ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ।। ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ।। ੧।। ਰਹਾਉ।। ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ।। ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ।। ੨।। {ਗੁ. ਗ੍ਰੰ. ਪੰ. ੩੩੮}

{ਅਰਥ: — (ਹੇ ਭਾਈ! ਤੁਸੀ ਆਖਦੇ ਹੋ ਕਿ ਜਦੋਂ) ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿੱਚ ਭਟਕ ਭਟਕ ਕੇ ਨੰਦ ਬਹੁਤ ਥੱਕ ਗਿਆ (ਤੇ ਉਸ ਨੂੰ ਮਨੁੱਖਾ ਜਨਮ ਮਿਲਿਆ, ਤਾਂ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ) ਉਹਦੀ ਇਸ ਭਗਤੀ ਤੋਂ ਪ੍ਰਸੰਨ ਹੋ ਕੇ ਪਰਮਾਤਮਾ ਨੇ (ਸ੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ) ਉਸ ਦੇ ਘਰ ਜਨਮ ਲਿਆ, ਉਸ ਵਿਚਾਰੇ ਨੰਦ ਦੀ ਬੜੀ ਕਿਸਮਤ ਜਾਗੀ। ੧।

ਪਰ, ਹੇ ਭਾਈ! ਤੁਸੀ ਜੋ ਇਹ ਆਖਦੇ ਹੋ ਕਿ (ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ) ਨੰਦ ਦਾ ਪੁੱਤਰ ਬਣਿਆ, (ਇਹ ਦੱਸੋ ਕਿ) ਉਹ ਨੰਦ ਕਿਸ ਦਾ ਪੁੱਤਰ ਸੀ? ਤੇ ਜਦੋਂ ਨਾਹ ਇਹ ਧਰਤੀ ਅਤੇ ਨਾਹ ਅਕਾਸ਼ ਸੀ, ਤਦੋਂ ਇਹ ਨੰਦ (ਜਿਸ ਨੂੰ ਤੁਸੀ ਪਰਮਾਤਮਾ ਦਾ ਪਿਓ ਆਖ ਰਹੇ ਹੋ) ਕਿਥੇ ਸੀ। ੧। ਰਹਾਉ।

ਹੇ ਭਾਈ! (ਅਸਲ ਗੱਲ ਇਹ ਹੈ ਕਿ ਜਿਸ ਪ੍ਰਭੂ) ਦਾ ਨਾਮ ਹੈ ਨਿਰੰਜਨ (ਭਾਵ, ਜੋ ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ), ਉਹ ਜੂਨ ਵਿੱਚ ਨਹੀਂ ਆਉਂਦਾ, ਉਹ (ਜੰਮਣ ਮਰਨ ਦੇ) ਦੁੱਖ ਵਿੱਚ ਨਹੀਂ ਪੈਂਦਾ। ਕਬੀਰ ਦਾ ਸੁਆਮੀ (ਸਾਰੇ ਜਗਤ ਦਾ) ਪਾਲਣਹਾਰ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ, ਤੇ ਨਾ ਪਿਓ। ੨।}

ਗੁਰਇਤਿਹਾਸ ਮੁਤਾਬਿਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇੱਕ ਆਤਮ ਗਿਆਨੀ ਤੇ ਅਨਿੰਨ ਸੇਵਕ ਸਿੱਖ ਹੋ ਗੁਜ਼ਰੇ ਹਨ, ਭਾਈ ਕਲਿਆਣਾ ਜੀ। ਗੁਰਉਪਦੇਸ਼ ਪ੍ਰਤੀ ਉਨ੍ਹਾਂ ਅੰਦਰ ਇਤਨੀ ਦ੍ਰਿੜਤਾ ਸੀ ਕਿ ਸੰਨ ੧੬੪੭ ਵਿੱਚ, ਜਦੋਂ ਉਹ ਪਹਾੜ ਦੇ ਇਲਾਕੇ (ਹਿਮਾਚਲ) ਵਿੱਚ ਗੁਰਮਤਿ ਪ੍ਰਚਾਰ ਅਤੇ ਸ੍ਰੀ ਅੰਮ੍ਰਿਤਸਰ ਦੀ ਉਸਾਰੀ ਲਈ ਲਕੜਾਂ ਆਦਿਕ ਲੈਣ ਲਈ ਮੰਡੀ ਦੇ ਸਥਾਨ `ਤੇ ਗਏ, ਤਾਂ ਉਨ੍ਹਾਂ ਨੇ ਓਥੋਂ ਦੇ ਰਾਜੇ ਹਰੀ ਸੈਨ ‘ਬੈਰਾਗੀ` ਵਲੋਂ ਜਨਮ ਅਸ਼ਟਮੀ ਦਾ ਵਰਤ ਰਖਣ ਅਤੇ ਮੰਦਰ ਵਿੱਚ ਜਾ ਕੇ ਮੂਰਤੀ ਪੂਜਾ ਕਰਨ ਦੇ ਆਦੇਸ਼ਾਂ ਦੀ ਪਾਲਣਾ ਨਹੀ ਸੀ ਕੀਤੀ। ਭਾਵੇਂ, ਇਸ ਬਦਲੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਵੀ ਹੋਣ ਪਿਆ ਸੀ। ਕਿਉਂਕਿ, ਭਾਈ ਜੀ ਸਮਝਦੇ ਸਨ ਅਜਿਹਾ ਵਰਤਾਰਾ ਸਤਿਗੁਰੂ ਜੀ ਵਲੋਂ ਸਮਝਾਏ ਗਏ ‘ਅਜੂਨੀ` ਸਿਧਾਂਤ ਦੇ ਵਿਪਰੀਤ ਹੈ।

ਭਾਈ ਸਾਹਿਬ ਜੀ ਦੀ ਇਸ ਦ੍ਰਿੜਤਾ ਪਿਛੇ ਕਾਰਨ ਇਹ ਸੀ ਕਿ ਭਾਈ ਕਲਿਆਣਾ ਜੀ, ਜਦੋਂ ਇੱਕ ਜਗਿਆਸੂ ਦੇ ਰੂਪ ਵਿੱਚ ਪਹਿਲੀ ਵਾਰ ਗੁਰੂ ਦਰਸ਼ਨਾਂ ਨੂੰ ਆਏ ਤਾਂ ਜਨਮ ਅਸ਼ਟਮੀ ਦਾ ਦਿਹਾੜਾ ਹੋਣ ਕਰਕੇ ਉਨ੍ਹਾਂ ਆਪਣੇ ਪ੍ਰਵਾਰਿਕ ਪ੍ਰਭਾਵ ਹੇਠ ਵਰਤ ਰੱਖਿਆ ਹੋਇਆ ਸੀ। ਸਤਿਸੰਗ ਉਪਰੰਤ ਸਤਿਗੁਰੂ ਜੀ ਨੇ, ਜਦੋਂ, ਸਿੱਖ ਸੰਗਤਾਂ ਨੂੰ ਲੰਗਰ ਛਕਣ ਦਾ ਆਦੇਸ਼ ਦਿਤਾ ਤਾਂ ਕਲਿਆਣਾ ਜੀ ਨੇ ਹੈਰਾਨਗੀ ਸਹਿਤ ਹੱਥ ਜੋੜ ਕੇ ਆਪਣੇ ਧਾਰਮਿਕ ਨਿਸ਼ਚੇ ਅਨੁਸਾਰ ਆਖਿਆ “ਮਹਾਰਾਜ! ਅੱਜ ਭਗਵਾਨ ਦਾ ਜਨਮ ਦਿਹਾੜਾ ਹੈ। ਇਸ ਲਈ ਸਾਰੇ ਹਿੰਦੂ ਲੋਕ ਇਸ ਦਿਨ ਵਰਤ ਰਖਦੇ ਹਨ। ਮੂਰਤੀ ਪੂਜਨ ਕਰਦੇ ਹਨ। ਭਗਵਾਨ ਨੂੰ ਪੰਜੀਰੀ ਦਾ ਭੋਗ ਲਗਾਉਂਦੇ ਹਨ। ਪਰ, ਮੈਂ ਹੈਰਾਨ ਹਾਂ ਕਿ ਇਥੇ ਇਸ ਦਿਹਾੜੇ ਦਾ ਕਿਸੇ ਨੂੰ ਕੋਈ ਖ਼ਿਆਲ ਨਹੀ ਹੈ “।

ਭਾਈ ਕਲਿਆਣਾ ਜੀ ਹੈਰਾਨਗੀ ਭਰੀ ਬੇਨਤੀ ਸੁਣ ਕੇ ਸਤਿਗੁਰੂ ਜੀ ਮਹਾਰਾਜ ਨੇ (ਉਸ ਦਿਹਾੜੇ) ਜੋ ਉਪਦੇਸ਼ ਰੂਪੀ ਸ਼ਬਦ ਉਚਾਰਨ ਕੀਤਾ, ਉਸ ਵਿੱਚ ਇਥੋਂ ਤੱਕ ਕਹਿ ਦਿਤਾ ਗਿਆ ਸੀ ਕਿ ‘ਭਾਈ! ੳਹ ਮੂੰਹ ਸੜ ਜਾਏ, ਜਿਹੜਾ ਆਖਦਾ ਹੈ ਕਿ ਰੱਬ ਜੀਵਾਂ ਦੀ ਤਰ੍ਹਾਂ ਜੂਨੀਆਂ ਵਿੱਚ ਆਉਂਦਾ ਹੈ। ਜਿਹੜੇ ਪੰਘੂੜੇ ਨੂੰ ਹਿਲਾ ਕੇ ਸਮਝਦੇ ਹਨ ਕਿ ਅਸੀਂ ਭਗਵਾਨ ਨੂੰ ਲੋਰੀਆਂ ਦੇ ਰਹੇ ਹਾਂ ਉਸ ਸਾਰੇ ਗੁਨਾਹਗਾਰ ਹਨ। ਅਜਿਹੀਆਂ ਕੱਚੀਆਂ ਗੱਲਾਂ (ਕਿ ਪਰਮਾਤਮਾ ਨੇ ਭਾਦਰੋਂ ਵਦੀ ਅਸ਼ਟਮੀ ਨੂੰ ਕ੍ਰਿਸ਼ਨ-ਰੂਪ ਵਿੱਚ ਜਨਮ ਲਿਆ) ਉਹ ਲੋਕ ਹੀ ਕਰਦੇ ਹਨ, ਜਿਹੜੇ ਅਗਿਆਨਤਾ ਵਸ ਭਟਕ ਕੇ ਕੁਰਾਹੇ ਪੈ ਗਏ ਹੁੰਦੇ ਹਨ। ਕਿਉਂਕਿ, ਪਰਮਾਤਮਾ ਜੰਮਣ ਮਰਨ ਤੋਂ ਪਰੇ ਹੈ।

ਅਜੂਨੀ ਸਿਧਾਂਤ ਦੀ ਅਜਿਹੀ ਜ਼ੋਰਦਾਰ ਵਿਆਖਿਆ ਕਰਨ ਵਾਲਾ ਸਪੂੰਰਨ ਸ਼ਬਦ ਅਰਥਾਂ ਸਮੇਤ ਇਸ ਪ੍ਰਕਾਰ ਹੈ:

ਭੈਰਉ ਮਹਲਾ ੫ ਘਰੁ ੧

ਸਤਿਗੁਰ ਪ੍ਰਸਾਦਿ।। ਸਗਲੀ ਥੀਤਿ ਪਾਸਿ ਡਾਰਿ ਰਾਖੀ।। ਅਸਟਮ ਥੀਤਿ ਗੋਵਿੰਦ ਜਨਮਾਸੀ।। ੧।।

ਭਰਮਿ ਭੂਲੇ ਨਰ ਕਰਤ ਕਚਰਾਇਣ।। ਜਨਮ ਮਰਣ ਤੇ ਰਹਤ ਨਾਰਾਇਣ।। ੧।। ਰਹਾਉ।।

ਕਰਿ ਪੰਜੀਰੁ ਖਵਾਇਓ ਚੋਰ।। ਓਹੁ ਜਨਮਿ ਨ ਮਰੈ ਰੇ ਸਾਕਤ ਢੋਰ।। ੨।।

ਸਗਲ ਪਰਾਧ ਦੇਹਿ ਲੋਰੋਨੀ।। ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।। ੩।।

ਜਨਮਿ ਨ ਮਰੈ ਨ ਆਵੈ ਨ ਜਾਇ।। ਨਾਨਕ ਕਾ ਪ੍ਰਭੁ ਰਹਿਓ ਸਮਾਇ।। ੪।। ੧।। {ਪੰਨਾ ੧੧੩੬}

ਅਰਥ: —ਭਟਕਣਾ ਦੇ ਕਾਰਨ ਕੁਰਾਹੇ ਪਏ ਹੋਏ ਮਨੁੱਖ ਹੀ ਐਸੀਆਂ ਕੱਚੀਆਂ ਗੱਲਾਂ ਕਰਦੇ ਹਨ (ਕਿ ਪਰਮਾਤਮਾ ਨੇ ਭਾਦਰੋਂ ਵਦੀ ਅਸ਼ਟਮੀ ਨੂੰ ਕ੍ਰਿਸ਼ਨ-ਰੂਪ ਵਿੱਚ ਜਨਮ ਲਿਆ)। ਪਰਮਾਤਮਾ ਜੰਮਣ ਮਰਨ ਤੋਂ ਪਰੇ ਹੈ। ੧। ਰਹਾਉ।

(ਹੇ ਭਾਈ! ਕ੍ਰਿਸ਼ਨ ਉਪਾਸ਼ਕਾਂ ਦੀ ਇਹ ਵੀ ਇੱਕ ਹੋਰ ਕੱਚੀ ਗੱਲ ਹੈ ਕਿ) ਪਰਮਾਤਮਾ ਨੇ ਹੋਰ ਸਾਰੀਆਂ ਥਿੱਤਾਂ ਲਾਂਭੇ ਰਹਿਣ ਦਿੱਤੀਆਂ, ਅਤੇ (ਭਾਦਰੋਂ ਵਦੀ) ਅਸ਼ਟਮੀ ਥਿੱਤ ਨੂੰ ਉਸ ਨੇ ਜਨਮ ਲਿਆ। ੧।

(ਹੇ ਭਾਈ! ਜਿਹੜਾ ਕੋਈ ਪੁਜਾਰੀ ਪੰਡਿਤ) ਪੰਜੀਰੀ ਬਣਾ ਕੇ ਤੇ ਲੁਕਾ ਕੇ (ਪੜ੍ਹਦਾ ਕਰਕੇ ਆਪਣੇ ਵੱਲੋਂ ਪਰਮਾਤਮਾ ਨੂੰ ਕ੍ਰਿਸ਼ਨ-ਮੂਰਤੀ ਦੇ ਰੂਪ ਵਿਚ) ਖਵਾਣ (ਦਾ ਵਖਾਵਾ ਕਰਦਾ ਹੈ) )। (ਮੇਰਾ ਦਿਲ ਕਰਦਾ ਹੈ ਕਿ ਉਸ ਨੂੰ ਆਖਾਂ ਕਿ) ਰੱਬ ਤੋਂ ਟੁੱਟੇ ਹੋਏ ਮੂਰਖ! ਪਰਮਾਤਮਾ ਨਾਹ ਜੰਮਦਾ ਹੈ, ਨਾਹ ਮਰਦਾ ਹੈ। ੨।

(ਐਸੇ ਵਿਅਕਤੀ ਨੂੰ ਇਹ ਵੀ ਕਹਿ ਦੇਣਾ ਚਾਹੀਦਾ ਹੈ ਕਿ) ਭਾਈ! ਤੂੰ (ਕ੍ਰਿਸ਼ਨ-ਮੂਰਤੀ ਨੂੰ) ਲੋਰੀ ਦੇਂਦਾ ਹੈਂ (ਆਪਣੇ ਵਲੋਂ ਤੂੰ ਪਰਮਾਤਮਾ ਨੂੰ ਲੋਰੀ ਦੇਂਦਾ ਹੈਂ, ਤੇਰਾ ਇਹ ਕੰਮ) ਸਾਰੇ ਅਪਰਾਧਾਂ (ਦਾ ਮੂਲ ਹੈ)। ਸੜ ਜਾਏ (ਤੇਰਾ) ਉਹ ਮੂੰਹ ਜਿਸ ਦੀ ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿੱਚ ਆਉਂਦਾ ਹੈ। ੩।

(ਕਿਉਂਕਿ) ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਨਾਹ ਆਉਂਦਾ ਹੈ ਨਾਹ ਜਾਂਦਾ ਹੈ। ੪। ੧।

ਤਵਾਰੀਖ਼ ਗੁਰੂ ਖ਼ਾਲਸਾ ਵਿੱਚ ਲਿਖਿਆ ਹੈ ਕਿ ਭਾਈ ਕਲਿਆਣਾ ਜੀ ਨੇ ਪਹਾੜੀ ਰਾਜੇ ਦੀ ਕਚਿਹਰੀ ਵਿੱਚ ਜਦੋਂ ਇਹ ਗੁਰਸ਼ਬਦ ਅਰਥਾਂ ਸਮੇਤ ਸੁਣਾਇਆ ਤਾਂ ਉਹ ਬੋਲਿਆ, ਗ੍ਯਾਨ ਦੇ ਰਾਹ ਤਾਂ ਤੁਸੀਂ ਸੱਚੇ ਹੋ, ਪਰ ਮੇਰਾ ਹੁਕਮ ਨਾ ਮੰਨਣ ਕਰਕੇ ਗੁਨਾਹੀ ਹੋਏ ਹੋ। ਭਾਈ ਜੀ ਨੇ ਆਖਿਆ, ਜਿਕੂੰ ਤੇਰੇ ਹੁਕਮ ਨੂੰ ਚਪੜਾਸੀ (Peon) ਦੁਆਰਾ ਨਾ ਮੰਨਣ ਵਾਲਾ ਗੁਨਾਹੀ ਠਹਿਰਦਾ ਹੈ, ਤੈਸੇ ਹੀ ਅਕਾਲ ਪੁਰਖ ਦੇ ਹੁਕਮ ਅੱਗੇ ਤੇਰਾ ਹੁਕਮ ਹੈ। ਓਹ ਰੱਬ ਤਾਂ ਸਭ ਨੂੰ ਰੋਜ਼ੀ ਦਿੰਦਾ ਹੈ, ਏਸੇ ਲਈ ਓਸਦਾ ਨਾਮ ਬਿਸ੍ਵੰਭਰ ਹੈ ਤੇ ਤੁਸੀਂ ਬੰਦ ਕਰਕੇ ਵਰਤ ਰਖਾਉਂਦੇ ਹੋ। ਦੱਸੋ ਹੁਣ ਹੁਕਮ ਅਦੂਲ ਤੁਸੀਂ ਹੋਏ ਕਿ ਅਸੀਂ? ਫੇਰ ਤੁਸਾਂ ਤਾਂ ਦੁੱਧ ਪੇੜੇ ਛਕ ਲਏ ਤੇ ਜਿਨ੍ਹਾਂ ਗਰੀਬਾਂ ਨੂੰ ਫਲੋਹਾਰ ਨਾ ਜੁੜੇ, ਉਨ੍ਹਾਂ ਨੂੰ ਭੁੱਖੇ ਰਖਣਾ ਕਿਸ ਦੇ ਸਿਰ ਪਾਪ ਹੋਯਾ? ਤਾਂ ਤੇ ਜ਼ੋਰ ਨਾਲ ਕਿਸੇ ਨੂੰ ਬਰਤ ਨਹੀ ਰਖਾਉਣਾ ਚਾਹੀਦਾ। ਪ੍ਰਜਾ ਤੋਂ ਕੱਰ (ਮਾਮਲਾ) ਲੈਣਾ, ਮੰਦਕਰਮੀ ਨੂੰ ਦੰਡ ਦੇਣਾ ਰਾਜਾ ਦਾ ਧਰਮ ਹੈ, ਬਰਤ ਰਖਾਉਣਾ ਆਦਿਕ ਅਨੀਤਿ ਹੈ।

ਇਸ ਪ੍ਰਕਾਰ ਦੇ ਬਚਨ ਸੁਣ ਕੇ ਭਾਈ ਕਲਿਆਣੇ ਨੂੰ ਉੱਤਮ ਪੁਰਖ ਸਮਝ ਕੇ ਰਾਜਾ ਵੀ ਸੇਵਕ ਬਣ ਗਿਆ। ਕਹਿੰਦੇ ਹਨ ਕਿ ਭਾਈ ਜੀ ਰਾਹੀਂ ਜਦੋਂ ਇਹ ਰਾਜਾ ਸ਼ਰਧਾ ਸਹਿਤ ਗੁਰੂ ਪੰਚਮ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਪਹੁੰਚਾ, ਤਾਂ ਇਸ ਨੇ ਸਤਿਗੁਰੂ ਜੀ ਨਾਲ ਜਨਮ ਅਸਟਮੀ ਦੀ ਚਰਚਾ ਕਰਦਿਆਂ, ਜਦੋਂ ਅਯੁਧਿਆਪਤੀ ਸ਼੍ਰੀ ਰਾਮ ਅਤੇ ਦਵਾਰਕਾਪਤੀ ਸ੍ਰੀ ਕ੍ਰਿਸ਼ਨ ਜੀ ਆਦਿਕ ਅਵਤਾਰਾਂ ਤੇ ਦੇਵਿਤਿਆਂ ਦੀ ਗੱਲ ਤੋਰੀ ਅਤੇ ਪੁੱਛਿਆ ਕਿ ਜਿਸ ਵਿਆਪਕ ਰੱਬੀ ਸੱਤਾ ਨੂੰ ਆਪ ਨਿਰੰਕਾਰ ਆਖਦੇ ਹੋ, ਅਜੂਨੀ ਆਖਦੇ ਹੋ, ਉਹ ਕੈਸੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ? ਕ੍ਰਿਪਾ ਕਰਕੇ ਇਸ ਪੱਖ ਤੇ ਵੀ ਚਾਨਣਾ ਪਾਓ ਕਿ ਜਿਸ ਮਨੁੱਖ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ, ਉਸ ਦੀ ਮਾਨਸਿਕ ਅਵਸਥਾ ਕੈਸੀ ਹੁੰਦੀ ਹੈ?

ਸਤਿਗੁਰੂ ਜੀ ਅਨੁਭਵ ਕੀਤਾ ਕਿ ਭਾਈ ਕਲਿਆਣਾ ਜੀ ਦੀ ਗੁਰਮੁਖਤਾਈ ਵਾਲੀ ਕਥਨੀ ਅਤੇ ਕਰਣੀ ਤੋਂ ਪ੍ਰਭਾਵਤ ਹੋ ਕੇ, ਭਾਵੇਂ, ਇਹਦੇ ਮਨ ਵਿੱਚ ਗੁਰੂ ਨਾਨਕ ਦਰਬਾਰ ਲਈ ਸ਼ਰਧਾ ਪੈਦਾ ਹੋਈ ਹੈ। ਪਰ, ਅਜੇ ਇਹਦੇ ਮਨ ਵਿੱਚ ਦੇਵਤਿਆਂ ਤੇ ਅਵਤਾਰਾਂ ਦੀ ਹੋਂਦ ਅਤੇ ਉਨ੍ਹਾਂ ਨੂੰ ਭਗਵਾਨ ਦੇ ਰੂਪ ਵਿੱਚ ਮੰਨਣ ਦਾ ਵਿਸ਼ਵਾਸ਼ ਓਵੇਂ ਹੀ ਬਣਿਆ ਹੋਇਆ ਹੈ। ਇਸ ਲਈ ਸਤਿਗੁਰੂ ਜੀ ਨੇ ਅਵਤਾਰਾਂ ਪ੍ਰਤੀ ਉਹਦਾ ਭਰਮ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਲੋਂ ਅਪਨਾਈ ਗਈ ਪ੍ਰਚਾਰ-ਜੁਗਤੀ ਦੇ ਅਧੀਨ ਇਹ ਨਹੀ ਆਖਿਆ ਕਿ ਅਸੀਂ ਵਿਸ਼ਨੂੰ ਆਦਿਕ ਦੇਵਤਿਆਂ ਤੇ ਉਨ੍ਹਾਂ ਦੇ ਅਵਤਾਰਾਂ ਦੀ ਹੋਂਦ ਨਹੀ ਮੰਨਦੇ ਜਾਂ ਉਨ੍ਹਾਂ ਨੂੰ ਭਗਵਾਨ ਨਹੀ ਆਖਦੇ। ਸਤਿਗੁਰੂ ਜੀ ਨੇ ਅਜਿਹਾ ਕਹਿ ਕੇ ਰਾਜੇ ਦੀ ਅੰਧਵਿਸ਼ਵਾਸ਼ੀ ਸ਼ਰਧਾ ਨੂੰ ਸਿੱਧੀ ਚੋਟ ਮਾਰਦਿਆਂ, ਆਪਣੇ ਤੇ ਰਾਜੇ ਦਰਿਮਿਆਨ ਵਿੱਥ ਪੈਦਾ ਕਰਨ ਦੀ ਥਾਂ ਬੜਾ ਮਿੱਠਾ ਤੇ ਅਸਰਦਾਰ ਢੰਗ ਅਪਨਾਂਦਿਆਂ, ਦੇਵਤਿਆਂ ਤੇ ਅਵਤਾਰਾਂ ਨੂੰ ਅਕਾਲ ਪੁਰਖ ਦੀ ਕਿਰਤ ਅਤੇ ਹੋਰ ਜੀਵਾਂ ਵਾਂਗ ਮੋਹ-ਮਾਇਆ ਵਿੱਚ ਫਸੇ ਰਾਜੇ ਦੱਸ ਕੇ, ਉਨ੍ਹਾਂ ਨੂੰ ਜ਼ਿੰਦਗੀ ਦੇ ਸਹੀ ਮਾਰਗ ਤੋਂ ਖੁੰਝੇ ਹੋਏ ਆਮ ਸੰਸਾਰੀ ਲੋਕਾਂ ਦੇ ਪਧਰ ਤੇ ਲਿਆ ਖੜਾ ਕੀਤਾ, ਜੋ ਕਿ ਇੱਕ ਹਕੀਕਤ ਸੀ ।

ਹਜ਼ੂਰ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਉਚਾਰਨ ਕੀਤੇ ਹੇਠ ਲਿਖੇ ਬਚਨਾਂ ਨੂੰ ਅਧਾਰ ਬਣਾ ਕੇ ਪਹਿਲਾ ਬਚਨ ਕੀਤਾ ਕਿ “ਹੇ ਰਾਜਨ! ਬ੍ਰਹਮਾ ਦੀ ਵਡਿਆਈ ਕਰਦਿਆਂ ਭਾਰਤੀ ਸਾਹਿੱਤ ਵਿੱਚ ਮੰਨਿਆ ਗਿਆ ਹੈ ਕਿ ਪਰਮਾਤਮਾ ਨੇ ਚਾਰੇ ਵੇਦ ਬ੍ਰਹਮਾ ਨੂੰ ਦਿੱਤੇ ਜਾਂ ਬ੍ਰਹਮਾ ਨੇ ਚਾਰੇ ਵੇਦ ਰਚੇ ਅਤੇ ਉਹ ਇਹਨਾਂ ਨੂੰ ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ। ਪਰ, ਗੁਰੂ ਕਾ ਮਤ ਹੈ ਕਿ ਇਤਨਾ ਪੜ੍ਹਣ ਦੇ ਬਾਵਜੂਦ ਵੀ ਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਹੀ ਸਹੀ ਜੀਵਨ-ਰਾਹ ਹੈ। ਕਿਉਂਕਿ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿੱਚ ਹੀ ਉਲਝਿਆ ਰਿਹਾ”। ਦੂਜਾ ਬਚਨ ਕੀਤਾ ਕਿ “ਭਾਈ! ਪਰਮਾਤਮਾ ਨੇ ਤਾਂ ਸ੍ਰੀ ਰਾਮ ਤੇ ਕ੍ਰਿਸ਼ਨ ਆਦਿਕ ਆਪੋ ਆਪਣੇ ਜੁਗ ਦੇ ਰਾਜੇ ਪੈਦਾ ਕੀਤੇ ਸਨ, ਪਰ, ਪੁਜਾਰੀ ਵਰਗ ਦੀ ਮਿਲੀ ਭੁਗਤ ਸਦਕਾ ਲੋਕ ਉਹਨਾਂ ਨੂੰ ਪਰਮਾਤਮਾ ਦਾ ਅਵਤਾਰ ਮੰਨ ਕੇ ਸਲਾਹੁੰਣ ਲਗ ਪਏ। ਉਹਨਾਂ ਨੂੰ ਵੀ ਉਸ ਸਿਰਜਨਹਾਰ ਪਰਮਾਤਮਾ ਦੇ ਗੁਣਾਂ ਦਾ ਅੰਤ ਨਾਹ ਲੱਭਾ। (ਮੈਂ ਕੀਹ ਵਿਚਾਰਾ ਹਾਂ?) ਮੈਂ ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ”? ।

ਚਾਰੇ ਵੇਦ ਬ੍ਰਹਮੇ ਕਉ ਦੀਏ, ਪੜਿ ਪੜਿ ਕਰੇ ਵੀਚਾਰੀ।।

ਤਾ ਕਾ ਹੁਕਮੁ ਨ ਬੂਝੈ ਬਪੁੜਾ, ਨਰਕਿ ਸੁਰਗਿ ਅਵਤਾਰੀ।।

ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿ ਕਰਿ ਅਵਤਾਰੀ।।

ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ।। {ਗੁ. ਗ੍ਰੰ. ਪੰ. ੪੨੩}
.