.

ਸਮਾਂ

ਪ੍ਰੋ: ਤਰਲੋਚਨ ਸਿੰਘ

(ਗੁਰਬਾਣੀ ਅਤੇ ਵਿਗਿਆਨ ਵਾਲੇ)

ਫਿਜਿਕਸ ਵਿਭਾਗ, ਖਾਲਸਾ ਕਾਲਜ ਪਟਿਆਲਾ।

+੯੧੯੮੮੮੧੬੯੨੨੬

ਵਿਗਿਆਨੀ ਅਜਿਹੀ ਟਾਇਮ ਮਸ਼ੀਨ ਬਣਾਉਣ ਦੀ ਕੋਸ਼ਿਸ਼ਾਂ ਵਿੱਚ ਹਨ ਜਿਸ ਵਿੱਚ ਬੈਠ ਕੇ ਉਹ ਆਪਣੇ ਭੂਤ ਤੇ ਭਵਿੱਖ ਦਾ ਸਫਰ ਤਹਿ ਕਰ ਸਕਣ। ਪਰ ਅਜੇ ਤਕ ਉਨ੍ਹਾਂ ਨੂੰ ਕਾਮਯਾਬੀ ਹਾਸਲ ਨਹੀਂ ਹੋਈ ਹੈ।

ਸਮੇਂ ਬਾਰੇ ਜਾਣਨਾ ਅਹਿਮ ਹੈ ਕਿਉਂਕਿ ਇਹ ਮਨੁੱਖ ਨਾਲ ਉਸ ਦੇ ਸੁਆਸਾਂ ਵਾਂਗੂੰ ਜੁੜਿਆ ਹੋਇਆ ਹੈ। ਕੀ ਇਹ ਘੜੀਆਂ ਦੀ ਟਿਕ. . ਟਿਕ. . ਟਿਕ…ਹੈ। ਨਹੀਂ, ਇਹ ਸਮੇਂ ਦੀ ਪਰਿਭਾਸ਼ਾ ਨਹੀਂ ਹੋ ਸਕਦੀ, ਕਿਉਂਕਿ ਜਦੋਂ ਘੜੀਆਂ ਨਹੀਂ ਸਨ ਉਦੋਂ ਵੀ ਇਹ ਵਰਤ ਰਿਹਾ ਸੀ, ਅੱਜ ਵੀ ਇਹ ਹੈ ਤੇ ਜਦੋਂ ਘੜੀਆਂ ਨਹੀਂ ਹੋਣਗੀਆਂ (ਪਰਲੋ ਤੋਂ ਬਾਅਦ) ਉਦੋਂ ਵੀ ਇਹ ਹੋਏਗਾ। ਤਾਂ ਫਿਰ ਸਮਾਂ ਕੀ ਹੈ? ਕੀ ਧਰਤੀ ਦੇ ਸੂਰਜ ਦੁਆਲੇ ਘੁੰਮਣ ਨਾਲ ਇਹ ਬਣਦਾ ਹੈ? ਕੀ ਆਪਣੇ ਆਪ ਤੋਂ ਹੀ ਇਸ ਦਾ ਵਜੂਦ ਹੈ? ਇਹ ਸਵਾਲ ਗੁੰਝਲਦਾਰ ਵੀ ਹਨ ਅਤੇ ਦਿਲਚਸਪ ਵੀ, ਆਓ ਸਮੇਂ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ।

ਦਿਨ ਤੇ ਪਹਰ, ਪਹਰ ਤੇ ਘਰੀਆਂ, ਆਵ ਘਟੈ ਤਨੁ ਛੀਜੈ।। ਕਾਲੁ ਅਹੇਰੀ ਫਿਰੈ ਬਧਿਕ ਜਿਉ, ਕਹਹੁ ਕਵਨ ਬਿਧਿ ਕੀਜੈ।। ੧।। {ਪੰਨਾ ੬੯੨}

ਵਗਿਆਨ ਅਨੁਸਾਰ ਸਮਾਂ ਫੰਡਾਮੈਂਟਲ ਹੈ, ਭਾਵ ਸਮਾਂ ਆਪਣੇ ਆਪ ਤੋਂ ਹੀ ਹੈ। ਇਸ ਨੂੰ ਚਲਾਉਣ ਦੀ ਲੋੜ ਨਹੀਂ। ਘੜੀਆਂ ਦੇ ਹੋਣ ਜਾਂ ਨਾਂ ਹੋਣ ਨਾਲ ਇਸ ਨੂੰ ਕੋਈ ਫਰਕ ਨਹੀਂ ਪੈਂਦਾ। ਸਮੇਂ ਨੂੰ ਅੱਜ ਤੱਕ ਕੋਈ ਵੀ ਇਨਸਾਨ ਪਕੜ ਨਹੀਂ ਸਕਿਆ। ਹਰ ਇੱਕ ਦੇ ਹੱਥੋਂ ਇਹ ਖਿਸਕਦਾ ਜਾ ਰਿਹਾ ਹੈ।

ਜਿਨ੍ਹਾਂ ਨੂੰ ਸਮੇਂ ਦੀ ਕੀਮਤ ਦਾ ਗਿਆਨ ਹੈ ਉਹ ਇਸ ਨੂੰ ਫੜ੍ਹਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਪਰ ਉਹ ਉਨ੍ਹਾਂ ਦੇ ਹੱਥ ਵੀ ਨਹੀਂ ਆਉਂਦਾ, ਸਾਰੀਆਂ ਕੋਸ਼ਿਸ਼ਾਂ ਵਿਅਰਥ ਜਾਂਦੀਆਂ ਹਨ। ਅਖੀਰ ਉਨ੍ਹਾਂ ਨੂੰ ਵੀ ਸਮੇਂ ਦੀ ਘਾਟ ਮਹਿਸੂਸ ਹੋਣ ਲਗਦੀ ਹੈ ਅਤੇ ਇਹ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਕੋਲ ਸਮਾਂ ਹੈ ਹੀ ਨਹੀਂ। ਜਿਸ ਨੂੰ ਫੜ੍ਹਨ ਲਈ ਉਹ ਆਪਣੀ ਸਾਰੀ ਜ਼ਿੰਦਗੀ ਉਪਰਾਲੇ ਕਰਦੇ ਰਹੇ ਉਹੋ ਉਨ੍ਹਾਂ ਕੋਲੋਂ ਪੰਖ ਲਾ ਕੇ ਫੁਰ ਹੋ ਜਾਂਦਾ ਹੈ। ਉਹ ਮਨੁੱਖ ਵਿਚਾਰੇ ਹਨ ਜੋ ਮਾਇਆ ਵਸ ਹੋ ਸਮੇਂ ਨੂੰ ਫੜ੍ਹਨ ਲਈ ਉਸ ਦੇ ਪਿਛੇ ਭਜਦੇ ਹੋਏ ਆਪਣੇ ਬੇਹੱਦ ਕੀਮਤੀ ‘ਜੀਵਨ` ਦੀ ਬਾਜੀ ਹਾਰ ਲੈਂਦੇ ਹਨ ਤੇ ਉਨ੍ਹਾਂ ਦੇ ਹੱਥ ਕੁੱਝ ਨਹੀਂ ਆਉਂਦਾ।

ਬੇਦ ਪੁਰਾਨ ਸਭੈ ਮਤ ਸੁਨਿ ਕੈ, ਕਰੀ ਕਰਮ ਕੀ ਆਸਾ।। ਕਾਲ ਗ੍ਰਸਤ ਸਭ ਲੋਗ ਸਿਆਨੇ, ਉਠਿ ਪੰਡਿਤ ਪੈ ਚਲੇ ਨਿਰਾਸਾ।। ੧।। {ਪੰਨਾ ੬੫੪}

ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ।। ੨।। {ਪੰਨਾ ੪੦੮}

ਜਿਨ੍ਹਾਂ ਕੋਲ ਸਮਾਂ ਨਹੀਂ ਉਨ੍ਹਾਂ ਵਿੱਚ ਪੋਲੇਟੀਸ਼ੀਅਨ ਸਭ ਤੋਂ ਪਹਿਲਾਂ ਆਉਂਦੇ ਹਨ ਫਿਰ ਉਚੇ ਰੁਤਬਿਆਂ ਤੇ ਬਿਰਾਜਮਾਨ ਅਫਸਰਸ਼ਾਹੀ ਜਾਂ ਵਿਦਵਾਨ, ਕੁੱਝ ਡੇਰਿਆਂ ਦੇ ਆਗੂ ਵੀ ਇਸ ਵਿੱਚ ਸ਼ਾਮਲ ਹਨ ਜਿਨ੍ਹਾਂ ਕੋਲੋਂ ਤੁਹਾਨੂੰ ਵਕਤ ਨਹੀਂ ਮਿਲ ਸਕਦਾ। ਜਿਹੜੀ ਚੀਜ਼ ਉਨ੍ਹਾਂ ਕੋਲ ਹੈ ਹੀ ਨਹੀਂ ਉਸ ਚੀਜ ਨੂੰ ਉਹ ਤੁਹਾਨੂੰ ਕਿਵੇਂ ਦੇ ਸਕਦੇ ਹਨ? ਹਾਂ, ਮਰੀਜ਼ਾਂ ਅਤੇ ਬੁੱਢਿਆਂ ਕੋਲ ਤੁਹਾਨੂੰ ਢੇਰ ਸਾਰਾ ਸਮਾਂ ਮਿਲ ਸਕਦਾ ਹੈ। ਕੀ ਉਨ੍ਹਾਂ ਦਾ ਸਮਾਂ ਤੁਸੀ ਲੈਣਾ ਚਾਹੋਗੇ? ਗੁਰੂ ਨਾਨਕ ਦੇਵ ਜੀ ਨੇ ਵੀ ਉਨ੍ਹਾਂ ਦਾ ਸਾਥ ਦਿਤਾ ਜਿਹੜੇ ਨਿਮਾਣੇ ਸਨ, ਕਮਜੋਰ ਸਨ ਅਤੇ ਜਿਨ੍ਹਾਂ ਕੋਲ ਦੁਨਆਵੀ ਰੁਤਬੇ ਨਹੀਂ ਸਨ।

ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।। ੪।। ੩।। {ਪੰਨਾ ੧੫}

ਜਿਹੜੇ ਮਰੀਜ਼ ਜ਼ਿਆਦਾ ਤਕਲੀਫ ਵਿੱਚ ਹਨ ਉਨ੍ਹਾਂ ਨੂੰ ਇੱਕ-ਇੱਕ ਪਲ ਇੱਕ-ਇੱਕ ਸਦੀ ਜਿੱਡਾ ਭਾਸਣ ਲਗਦਾ ਹੈ ਅਤੇ ਜੋ ਸੰਸਾਰੀ ਸੁੱਖਾਂ ਖਾਤਰ ਭੌਤਿਕ ਪਦਾਰਥਾਂ ਦੀ ਪ੍ਰਾਪਤੀ ਲਈ ਗਤੀਸ਼ੀਲ ਹਨ ਉਨ੍ਹਾਂ ਦੇ ਸਾਲ ਵੀ ਸਕਿੰਡਾਂ ਵਿੱਚ ਬੀਤਦੇ ਹਨ। ਸਮਾਂ ਕਿੰਨਾ ਅਸਚਰਜ ਹੈ। ਇਕੋ ਹੀ ਸਮਾਂ ਹੈ ਕਿਸੇ ਲਈ ਸਦੀਆਂ ਜਿੱਡਾ ਤੇ ਕਿਸੇ ਹੋਰ ਲਈ ਸਕਿੰਟਾਂ ਜਿੰਨਾ।

ਸਾਡੇ ਸਰੀਰ ਦੀਆਂ ਪੰਜ ਇੰਦਰੀਆਂ ਆਪਣੇ ਮਾਇਆਵੀ ਜਾਲ ਵਿੱਚ ਸਾਨੂੰ ਇਸ ਹੱਦ ਉਲਝਾ ਦਿੰਦੀਆਂ ਹਨ ਕਿ ਪਿਤਾ ਪ੍ਰਮਾਤਮਾ ਨਾਲੋਂ ਅਸੀਂ ਟੁੱਟ ਜਾਂਦੇ ਹਾਂ ਤੇ ਜਦੋਂ ਕੋਈ ਪਿਆਰਾ ਇਸ ਮਾਇਆ ਜਾਲ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਲਈ ਚਾਰ ਪਹਰ ਚਾਰ ਜੁਗਾਂ ਜਿਡੇ ਹੋ ਜਾਂਦੇ ਹਨ

ਚਾਰਿ ਪਹਰ ਚਹੁ ਜੁਗਹ ਸਮਾਨੇ।। {ਪੰਨਾ -੩੭੫}

ਪਹਿਲਾਂ ਬੱਚਿਆਂ ਕੋਲ ਸਮਾਂ ਹੁੰਦਾ ਸੀ। ਗਲੀਆਂ ਵਿਚ, ਬਜਾਰਾਂ ਵਿਚ, ਮੈਦਾਨਾਂ ਵਿੱਚ ਅਤੇ ਬਾਗਾਂ ਵਿੱਚ ਇਨ੍ਹਾਂ ਦੀਆਂ ਕਿਲਕਾਰੀਆਂ ਗੂੰਜਦੀਆਂ ਸਨ। ਇਨ੍ਹਾਂ ਦਾ ਹਸੀ-ਮਜਾਕ ਤੇ ਇਨ੍ਹਾਂ ਦੀਆਂ ਲੜਾਈਆਂ ਦਾਦੇ-ਦਾਦੀਆਂ ਅਤੇ ਨਾਨੇ-ਨਾਨੀਆਂ ਨੂੰ ਵਿਅਸਥ ਰਖਦੀਆਂ ਸਨ। ਅੱਜ ਕੱਲ ਕੁੱਝ ਤਾਂ ਮੋਟੀਆਂ-ਮੋਟੀਆਂ ਕਿਤਾਬਾਂ ਨੇ ਇਨ੍ਹਾਂ ਦਾ ਸਮਾਂ ਖੋਹ ਲਿਆ ਤੇ ਰਹਿੰਦੀ-ਖੁਹੰਦੀ ਕਸਰ ਟੈਲੀਵਿਜ਼ਨ, ਕੰਪਿਊਟਰ, ਮੋਬਾਈਲ ਤੇ ਵੀਡੀਓ-ਗੇਮਾਂ ਨੇ ਪੂਰੀ ਕਰ ਦਿੱਤੀ। ਤੁਹਾਨੂੰ ਬੱਚਿਆਂ ਨੂੰ ਲਭਣ ਲਈ ਕਿਤੇ ਗਰਾਊਂਡ ਵਿੱਚ ਜਾਣ ਦੀ ਲੋੜ ਨਹੀਂ ਉਹ ਕਿਸੇ ਨੁਕਰੇ ਮੋਬਾਇਲ ਤੋਂ ਮੈਸਜ਼ ਪੜ੍ਹਦੇ ਜਾਂ ਮੈਸਜ ਲਿਖਦੇ ਮਿਲ ਜਾਣਗੇ। ਰਾਤ ਨੂੰ ਸੌਣ ਲਈ ਬੱਚਿਆਂ ਨੂੰ ਨਾਨੀ-ਦਾਦੀ ਦੀ ਗੋਦ ਜਾਂ ਪਰੀਆਂ ਦੀਆਂ ਕਹਾਣੀਆਂ ਦੀ ਲੋੜ ਨਹੀਂ ਕਿਉਂਕਿ ਉਹ ਹੁਣ ਕੰਪਿਊਟਰ ਤੇ ਗੇਮ ਖੇਡਦੇ-ਖੇਡਦੇ ਸੌਂ ਜਾਂਦੇ ਹਨ। ਇਲੈਕਟਰੌਨਿਕ ਟੈਕਨਾਲੋਜੀ ਨੇ ਇੱਕ ਪਾਸੇ ਜਿਥੇ ਸਮੇਂ ਦੀ ਰਫਤਾਰ ਨੂੰ ਬੇਹਿਸਾਬਾ ਤੇਜ਼ ਕੀਤਾ ਹੈ ਉਥੇ ਦੂਜੇ ਪਾਸੇ ਸਾਡੀਆਂ ਦਾਦੀਆਂ ਨਾਨੀਆਂ ਨੂੰ ਇਕਲੇਪਨ ਦੀ ਬੇਵੱਸ ਤੇ ਨੀਰਸ ਜਿੰਦਗੀ ਜੀਉਣ ਲਈ ਮਜਬੂਰ ਕਰ ਦਿਤਾ ਹੈ।

ਸਮੇਂ ਦੀ ਤਾਕਤ ਅਸੀਮ ਹੈ। ਵਸਦੇ-ਰੱਸਦੇ ਘਰਾਂ ਨੂੰ ਇਹ ਬਰਬਾਦ ਕਰ ਦਿੰਦਾ ਹੈ। ਭਿਖਾਰੀਆਂ ਨੂੰ ਤਖਤੋ-ਤਾਜ ਬਖਸ਼ ਦਿੰਦਾ ਹੈ ਅਤੇ ਤਖਤੋ ਤਾਜਾਂ ਦੇ ਮਾਲਕਾਂ ਨੂੰ ਭਿਖਾਰੀ ਬਣਾਉਣ ਦੀ ਸਮਰੱਥਾ ਵੀ ਇਸ ਕੋਲ ਹੈ।

ਖਿਨ ਮਹਿ ਨੀਚ ਕੀਟ ਕਉ ਰਾਜ।। {ਪੰਨਾ ੨੭੭}

ਭੂਚਾਲ ਦੇ ਝਟਿਕਆਂ ਨਾਲ ਅਤੇ ਸੁਨਾਮੀ ਦੀਆ ਛੱਲਾਂ ਨਾਲ ਸ਼ਹਿਰਾਂ ਦੇ ਸ਼ਹਿਰ ਮਲੀਆ-ਮੇਟ ਹੋ ਜਾਂਦੇ ਹਨ ਅਤੇ ਸਮੇਂ ਨਾਲ ਕਈ ਵਿਰਾਨ ਇਲਾਕੇ ਰੰਗ-ਬਿਰੰਗੀਆਂ ਰੋਸ਼ਨੀਆਂ ਨਾਲ ਅਬਾਦ ਹੋ ਜਾਂਦੇ ਹਨ।

ਓਪਤਿ ਪਰਲਉ ਖਿਨ ਮਹਿ ਕਰਤਾ।। {ਪੰਨਾ ੩੮੭}

ਸਮੇਂ ਨੂੰ ਸਮਝਣ ਲਈ, ਇਸ ਦੀ ਪਰਿਭਾਸ਼ਾ ਹੋਣੀ ਜ਼ਰੂਰੀ ਹੈ। ਅਸਲ ਵਿੱਚ ਸਮਾਂ, ਪਰੀਵਰਤਨ ਜਾਂ ਬਦਲਾਵ ਹੈ। ਪਿੰਡਾਂ ਵਿੱਚ ਸਮੇਂ ਦੀ ਰਫਤਾਰ ਸ਼ਹਿਰਾਂ ਨਾਲੋਂ ਮੱਠੀ ਹੁੰਦੀ ਹੈ ਕਿਉਂਕਿ ਉਥੇ ਹਰ ਤਰ੍ਹਾਂ ਦਾ ਬਦਲਾਵ ਆਹਿਸਤਾ-ਆਹਿਸਤਾ ਹੁੰਦਾ ਹੈ।

ਕਿਸੇ ਸਵੇਰ ਤੁਸੀ ਉਠੋ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਨੀਂਦ ਨਾ ਆਏ, ਤੁਹਾਡੀ ਭੁੱਖ ਤ੍ਰੇਹ ਖਤਮ ਹੋ ਜਾਏ। ਤੁਹਾਡੇ ਅੱਗੇ ਪਿੱਛੇ ਹਰ ਕਿਸਮ ਦੇ ਬਦਲਾਵ ਰੁਕ ਜਾਣ। ਪੌਦਿਆਂ ਦਾ ਵਧਣਾ ਅਤੇ ਸੂਰਜ ਦਾ ਚੜ੍ਹਣਾ ਸਭ ਕੁੱਝ ਸਿਥਰ ਹੋ ਜਾਏ, ਤੁਸੀ ਜਿਥੇ ਹੋ ਉਥੇ ਹੀ ਰੁਕੇ ਰਹੋ। ਹਵਾਵਾਂ ਦਾ ਚਲਣਾ, ਪੰਛੀਆਂ ਦਾ ਫੁਰ-ਫੁਰ ਕਰ ਕੇ ਉਡਣਾ ਬੰਦ ਹੋ ਜਾਏ ਅਤੇ ਤੁਹਾਡੀ ਉਮਰ ਰੁਕ ਜਾਏ ਤਾਂ ਉਨ੍ਹਾਂ ਹਾਲਤਾਂ ਵਿੱਚ ਸਮਾਂ ਤਾਂ ਖਤਮ ਹੋਏਗਾ ਹੀ ਨਾਲ ਜੀਵਨ ਵੀ ਸਮਾਪਤ ਹੋ ਜਾਏਗਾ।

ਵਿਗਿਆਨ ਦੇ ਨਜਰੀਏ ਵਿੱਚ ਸਮਾਂ ਸਾਪੇਖਤ (ਰੈਲਟਿਵ) ਹੈ। ਪ੍ਰਸਿੱਧ ਵਿਗਿਆਨੀ ਆਈਨਸਟਾਈਨ ਮੁਤਾਬਿਕ ਜੇ ਇਸ ਦੇ ਮਾਪਣ ਦੇ ਸਥਾਨ ਨੂੰ ਬਦਲ ਦਿਤਾ ਜਾਏ ਤਾਂ ਇਹ ਬਦਲ ਜਾਂਦਾ ਹੈ। ਜੇ ਸਾਡੀ ਧਰਤੀ ਦੇ ਦਸ ਸਾਲਾਂ ਦੇ ਸਮੇਂ ਨੂੰ ਕਿਸੇ ਹੋਰ ਗ੍ਰਹਿ ਤੋਂ ਨਾਪਿਆ ਜਾਏ ਤਾਂ ਇਹ ਸਮਾਂ ਉਥੋਂ ਦੇ ਦਸ ਲੱਖ ਸਾਲਾਂ ਦੇ ਬਰਾਬਰ ਹੋ ਸਕਦਾ ਹੈ ਤੇ ਜੇ ਇਹੋ ਸਮਾਂ ਕਿਸੇ ਹੋਰ ਗ੍ਰਹਿ ਤੋਂ ਨਾਪਿਆ ਜਾਏ ਤਾਂ ਸਾਡੇ ਦਸ ਸਾਲ ਉਥੋਂ ਦੇ ਦਸ ਸੈਕਿੰਡ ਦੇ ਬਰਾਬਰ ਵੀ ਹੋ ਸਕਦੇ ਹਨ। ਇਸ ਲਈ ਜੋ ਸਮਾਂ ਅਸੀਂ ਮਹਿਸੂਸ ਕਰਦੇ ਹਾਂ ਉਹ ਜ਼ਰੂਰੀ ਨਹੀਂ ਕਿ ਉਹ ਅਸਲ ਵਿੱਚ ਉਨਾ ਹੀ ਹੋਵੇ।

ਆਓ ਸਮੇਂ ਦੇ ਸੰਪੇਖਤਾ ਨੂੰ ਜਾਣਨ ਲਈ ਨਿਊਟ੍ਰਾਨ ਤਾਰੇ ਤੇ ਜੀਵਨ ਹੋਣ ਦੀ ਕਲਪਨਾ ਕਰੀਏ। ਨਿਊਟ੍ਰਾਨ ਤਾਰਾ ਸਾਡੇ ਸੂਰਜ ਤੋਂ ਕਈ ਗੁਣਾਂ ਭਾਰਾ ਅਤੇ ਆਕਾਰ ਵਿੱਚ ਬੇਹੱਦ ਛੋਟਾ ਹੈ। ਇਸ ਦਾ ਵਿਆਸ ਕੇਵਲ ਕੁੱਝ ਕਿਲੋਮੀਟਰ ਤੋਂ ਸ਼ੁਰੂ ਹੋ ਕੇ ਕੁੱਝ ਸੌ ਕਿਲੋਮੀਟਰ ਤੱਕ ਹੋ ਸਕਦਾ ਹੈ। ਇਸ ਦਾ ਸੰਘਣਾਪਨ ਬੇਹੱਦ ਜ਼ਿਆਦਾ ਹੁੰਦਾ ਹੈ। ਇਸ ਦਾ ਅੰਦਾਜ਼ਾ ਇਨ੍ਹਾਂ ਤੱਥਾਂ ਤੋਂ ਲਾਇਆ ਜਾ ਸਕਦਾ ਹੈ ਕਿ ਜੇ ਇਸ ਦੀ ਮਿੱਟੀ ਦਾ ਇੱਕ ਕਿਣਕਾ ਚੁੱਕਣਾ ਹੋਵੇ ਤਾਂ ਸਾਨੂੰ ਸਾਡੀਆਂ ਕਈ ਕਰੋੜ ਕਰੇਨਾਂ ਦੀ ਲੋੜ ਪਵੇਗੀ ਅਤੇ ਸ਼ਾਇਦ ਫਿਰ ਵੀ ਅਸੀ ਉਹ ਕਿਣਕਾ ਨਾ ਚੁੱਕ ਸਕੀਏ। ਨਿਊਟ੍ਰਾਨ ਤਾਰੇ ਤੇ ਸਾਡੀ ਧਰਤੀ ਵਾਂਗੂੰ ਇਲੈਕਟ੍ਰੋਮਗਨੈਟਿਕ ਤਾਕਤਾਂ ਨਹੀਂ ਹਨ। ਇਨ੍ਹਾਂ ਦੀ ਜਗ੍ਹਾ ਤੇ ਉਥੇ ਨਿਊਕਲੀਅਰ ਤਾਕਤਾਂ ਦਾ ਵਾਸਾ ਹੈ ਜਿਹੜੀਆਂ ਸਾਡੀ ਧਰਤੀ ਦੀਆਂ ਇਲੈਕਟ੍ਰੋਮੈਗਨੈਟਿਕ ਤਾਕਤ ਤੋਂ ਕਈ ਕਰੋੜ ਤੋਂ ਵੀ ਅੱਗੇ ਕਈ ਕਰੋੜ ਗੁਣਾ ਜ਼ਿਆਦਾ ਤਾਕਤਵਰ ਹਨ। ਵਿਗਿਆਨੀਆਂ ਦੀ ਹੁਣ ਇਹ ਸੋਚ ਹੈ ਕਿ ਜੇ ਜੀਵਨ ਨਿਊਟ੍ਰਾਨ ਤਾਰੇ ਤੇ ਹੋਇਆ ਤਾਂ ਉਥੋਂ ਦੇ ਇਨਸਾਨ ਆਪਣੀ ਸਾਰੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਫਾਸਲਾ ਇੱਕ ਸੈਂਟੀਮੀਟਰ ਜਾਂ ਇਸ ਤੋਂ ਵੀ ਘੱਟ ਤਹਿ ਕਰ ਸਕਣਗੇ ਅਤੇ ਉਨ੍ਹਾਂ ਦਾ ਜੀਵਨ ਕਾਲ ਇੱਕ ਸੈਕਿੰਡ ਦੇ ਕਰੋੜੇਵੇਂ ਹਿਸੇ ਤੋਂ ਵੀ ਘੱਟ ਹੋਏਗਾ। ਸਾਡੇ ਇੱਕ ਸੈਕਿੰਡ ਦੇ ਸਮੇਂ ਵਿੱਚ ਉਨ੍ਹਾਂ ਦੀਆਂ ਕਈ ਕਰੋੜ ਪੀੜ੍ਹੀਆਂ ਲੰਘ ਜਾਣਗੀਆਂ। ਇੱਕ ਸੈਕਿੰਡ ਵਿੱਚ ਉਹ ਪੱਥਰ ਜੁੱਗ ਤੋਂ ਹਾਈ-ਟੈਕ ਦੇ ਦੌਰ ਵਿੱਚ ਕਈ ਲੱਖਾਂ ਵਾਰ ਲੰਘ ਜਾਂਦੇ ਹਨ। ਉਨ੍ਹਾਂ ਵਿੱਚ ਸੰਚਾਰ ਮਾਧਿਅਮ ਗਾਮਾਂ ਤਰੰਗਾਂ ਦੁਆਰਾ ਹੁੰਦਾ ਹੈ। ਜੇ ਉਹ ਗਾਮਾ ਤਰੰਗਾਂ ਸਾਡੇ ਤੱਕ ਪੁੱਜਦੀਆਂ ਹਨ ਤਾਂ ਵੀ ਉਨ੍ਹਾਂ ਵਿਚੋਂ ਅਸੀਂ ਕੋਈ ਇਨਫਰਮੇਂਸ਼ਨ ਨਹੀਂ ਲਭ ਸਕਾਂਗੇ ਕਿਉਂਕਿ ਉਨ੍ਹਾਂ ਵਿੱਚ ਸਮੇਂ ਦੀ ਮਿਆਦ ਬੇਹੱਦ ਥੋੜੀ ਹੋਣ ਕਾਰਨ ਤੀਬਰਤਾ ਬੇਹੱਦ ਜ਼ਿਆਦਾ ਹੋਵੇਗੀ ਅਤੇ ਇਹ ਸਾਡੀ ਸੋਚ ਦੇ ਦਾਇਰੇ ਤੋਂ ਪਰਾਂ ਹੋਵੇਗੀ। ਤੁਸੀਂ ਸੋਚ ਰਹੇ ਹੋਵੋਗੇ ਕਿ ਐਨੇਂ ਥੋੜੇ ਸਮੇਂ ਲਈ ਜੀਵਨ ਦੇ ਹੋਣ ਦਾ ਕੀ ਫਾਇਦਾ? ਪਰ ਤੁਸੀ ਗਲਤ ਸੋਚ ਰਹੇ ਹੋ। ਸਾਡੇ ਲਈ ਇਹ ਸਮਾਂ ਬੇਹੱਦ ਥੋੜ੍ਹਾ ਹੈ ਪਰ ਜੋ ਇਨਸਾਨ ਨਿਊਟ੍ਰਾਨ ਤਾਰੇ ਤੇ ਰਹਿ ਰਹੇ ਹਨ ਉਨ੍ਹਾਂ ਲਈ ਇਹ ਸਮਾਂ ਥੋੜ੍ਹਾ ਨਹੀਂ ਬਲਕਿ ਕਾਫੀ ਹੈ। ਕਿਉਂਕਿ ਸਮਾਂ ਸੰਪੇਖਤ (ਰੈਲੇਟਿਵ) ਹੈ।

ਇਹ ਇੱਕ ਅੱਟਲ ਸਚਾਈ ਹੈ ਕਿ ਸਮੇਂ ਦੀ ਅਸਲੀਅਤ ਨੂੰ ਸਮਝਣਾਂ ਬੇਹੱਦ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਹੈ। ਹਾਂ, ਇਹ ਹੋ ਸਕਦਾ ਹੈ ਕਿ ਜੇ ਤੁਸੀ ਆਪਣੇ ਅੰਦਰ ਝਾਤ ਮਾਰੋ ਤਾਂ ਇਹ ਕਿਧਰੇ ਤੁਹਾਡੀ ਚੇਨਤਾ ਵਿੱਚ ਲੁਕਿਆ ਬੈਠਾ ਤੁਹਾਨੂੰ ਮਿਲ ਜਾਏ ਅਤੇ ਆਪਣੀ ਅਸਲੀਅਤ ਤੁਹਾਡੇ ਸਾਹਮਣੇ ਪ੍ਰਗਟ ਕਰ ਦੇਵੇ। ਗੁਰਬਾਣੀ ਅਨੁਸਾਰ “ਤਾ ਆਖਿ ਨ ਸਕਹਿ, ਕੇਈ ਕੇਇ” ਜੇ ਅਜਿਹਾ ਹੋ ਜਾਂਦਾ ਹੈ ਤਾਂ ਸ਼ਾਇਦ ਫਿਰ ਤੁਸੀ ਸਮੇਂ ਦੀ ਅਸਲੀਅਤ ਨੂੰ ਆਪਣੇ ਲਫਜ਼ਾਂ ਵਿੱਚ ਬਿਆਨ ਨਾ ਕਰ ਸਕੋ। ਭਾਈ ਵੀਰ ਸਿੰਘ ਅਨੁਸਾਰ:

ਰਹੀ ਵਾਸਤੇ ਘੱਤ ‘ਸਮੇਂ` ਨੇ ਇੱਕ ਨ ਮੰਨੀ,

ਫੜ ਫੜ ਰਹੀ ਧਰੀਕ ‘ਸਮੇਂ` ਖਿਸਕਾਈ ਕੰਨੀ,

ਕਿਵੇਂ ਨ ਸੱਕੀ ਰੋਕ ਅਟਕ ਜੋ ਪਾਈ ਭੰਨੀ

ਤ੍ਰਿੱਖੇ ਅਪਣੇ ਵੇਗ ਗਿਆ ਟਪ ਬੰਨੇ ਬੰਨੀ।
.