.

ਸਿੱਖ ਧਰਮ `ਚ ਰਾਜਨੀਤੀ ਤੇ ਧਰਮ ਅੱਡ ਨਹੀਂ ਪਰ:

ਸਿੱਖ ਰਾਜਨੀਤੀ, ਧਰਮ ਦੇ ਅਧੀਨ ਹੈ (2)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

(ਨੋਟ:- ਇਹ ਲੇਖ ਪਹਿਲਾਂ ਵੀ ‘ਸਿੱਖ ਮਾਰਗ’ ਤੇ ਛਪਿਆ ਹੋਇਆ ਹੈ ਪਰ ਇਸ ਵਿੱਚ ਕੁੱਝ ਵਾਧਾ ਕੀਤਾ ਗਿਆ ਹੈ ਇਸ ਲਈ ਦੁਬਾਰਾ ਪਾ ਰਹੇ ਹਾਂ-ਸੰਪਾਦਕ)

ਇਥੇ ਪੀਰੀ ਦੇ ਅਧੀਨ ਹੈ ਮੀਰੀ- ਸਿੱਖ ਨੂੰ ਪਹਿਲਾਂ ਪੰਜ ਜਾਮਿਆਂ ਤੀਕ ਪੀਰੀ `ਚ ਪ੍ਰਪੱਕ ਕੀਤਾ ਗਿਆ, ਤਾਂ ਜਾਕੇ ਸਾਡੀ ਸਾਂਝ ਮੀਰੀ ਨਾਲ ਪੁਆਈ ਗਈ। ਦੁਨੀਆਂ ਦੇ ਇਤਿਹਾਸ `ਚ ਧਰਮ ਤੇ ਰਾਜਨੀਤੀ ਬਾਰੇ ਇਸਤੋਂ ਸਪੱਸ਼ਟ ਹੋਰ ਸੇਧ ਨਹੀਂ ਹੋ ਸਕਦੀ। ਅਜ ਧਰਮ ਅਤੇ ਰਾਜਨੀਤੀ ਦੇ ਵਿਸ਼ੇ ਉਪਰ ਸਿੱਖ ਧਰਮ `ਚ ਭਿੰਨ ਭਿੰਨ ਵਿਚਾਰ ਉਭਰ ਕੇ ਸਾਹਮਣੇ ਆ ਰਹੇ ਹਨ। ਇੱਕ ਉਹ ਹਨ ਜਿਨ੍ਹਾਂ ਦਾ ਜ਼ੋਰ ਇਸ ਗਲ ਤੇ ਹੈ ‘ਧਰਮ ਅਤੇ ਰਾਜਨੀਤੀ ਦੋਵੇਂ ਅੱਡ ਅੱਡ ਹਨ’, ਦੂਜੇ ਜਿਹੜੇ ਕਹਿੰਦੇ ਹਨ, ਸਿੱਖ ਧਰਮ `ਚ ‘ਧਰਮ ਤੇ ਰਾਜਨੀਤੀ ਅੱਡ ਨਹੀਂ’। ਖੂਬੀ ਇਹ ਕਿ ਦੋਨਾਂ ਹੀ ਤਰ੍ਹਾਂ ਦੇ ਸੱਜਣ ਕੇਵਲ ਸਿੱਖ ਧਰਮ ਨੂੰ ਲੈ ਕੇ ਹੀ ਗਲ ਕਰਦੇ ਹਨ ਕਿਸੇ ਹੋਰ ਧਰਮ ਬਾਰੇ ਨਹੀਂ। ਇਨ੍ਹਾਂ ਤੋਂ ਇਲਾਵਾ ਤੀਜੇ ਹਨ ਜਿਹੜੇ ਇਹ ਤਾਂ ਮੰਨਦੇ ਹਨ ਕਿ ਸਿੱਖ ਧਰਮ `ਚ ‘ਧਰਮ ਤੇ ਰਾਜਨੀਤੀ ਅੱਡ ਨਹੀਂ’ ਪਰ ਕਹਿੰਦੇ ਹਨ ਕਿ ‘ਅੱਡ-ਅੱਡ ਹੋਣੇ ਚਾਹੀਦੇ ਹਨ’। ਸੁਆਲ ਪੈਦਾ ਹੁੰਦਾ ਹੈ ਕਿ ਇਹ ਵਿਸ਼ਾ ਸਿੱਖ ਧਰਮ ਬਾਰੇ ਹੀ ਕਿਉਂ ਉਛਾਲਿਆ ਜਾ ਰਿਹਾ ਹੈ ਅਤੇ ਇਸਦਾ ਆਧਾਰ ਕਿੱਥੇ ਹੈ। ਦੂਜਾ ਇਸ ਬਹਿਸ `ਚ ਅਜ ਬਹੁਤਾ ਕਰਕੇ ਖੁੱਦ ਸਿੱਖਾਂ ਵਿਚੋਂ ਹੀ ਹਨ, ਜਦਕਿ ਦੂਜੇ ਵੀ ਪਿਛੇ ਨਹੀਂ। ਇਸ ਸਾਰੀ ਗਲ ਦੀ ਤਹਿ `ਚ ਗਏ ਬਿਨਾਂ ਇਸ ਨੂੰ ਸਮਝਣਾ ਸੌਖਾ ਨਹੀਂ ਅਤੇ ਜ਼ਰੂਰੀ ਵੀ ਹੈ।

ਇਸ ਖਿੱਚਾਤਾਣੀ ਦਾ ਆਧਾਰ ਕਿੱਥੇ ਹੈ? - ਦਰਅਸਲ ਸਭ ਤੋਂ ਪਹਿਲਾਂ ਸਿੱਖਾਂ ਉਪਰ ਇਹ ਵਾਰ, ਸਾਡੇ ਗੁਆਂਡੀ ਧਰਮ, ਹਿੰਦੂਆਂ ਵਲੋਂ ਹੋਇਆ। ਸ਼ਾਇਦ ਉਹ ਅਪਣੀ ਜਗ੍ਹਾ ਸੱਚੇ ਸਨ। ਕਿਉਂਕਿ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਜੋ ਵਿਚਾਰਧਾਰਾ ਮਿਲੀ, ਉਸ `ਚ ਧਰਮ `ਤੇ ਦੁਨੀਆਦਾਰੀ ਅਥਵਾ ਰਾਜਨੀਤੀ ਨੂੰ ਅੱਡ-ਅੱਡ ਹੀ ਪ੍ਰਚਾਰਿਆ ਗਇਆ ਸੀ। ਫ਼ਿਰ ਜੇਕਰ ਉਨ੍ਹਾਂ ਦੇ ਇਤਿਹਾਸ ਨੂੰ ਦੇਖੋ ਤਾਂ ਉਨ੍ਹਾਂ ਨੂੰ ਨਾ ਧਰਮ ਦੇ ਅਰਥ ਠੀਕ ਮਿਲੇ ਹਨ ਅਤੇ ਨਾ ਹੀ ਰਾਜਨੀਤੀ-ਦੁਨੀਆਦਾਰੀ ਦੇ। ਇਹ ਵੀ ਸੱਚਾਈ ਹੈ ਕਿ ਉਹ ਲੋਕ ਅਪਣੇ ਇਤਿਹਾਸ ਵਿਚੋਂ ਵੀ ਇਸ ਅੱਡ-ਅੱਡ ਵਾਲੀ ਥਿਉਰੀ ਨੂੰ ਸਾਬਤ ਨਹੀਂ ਕਰ ਸਕਦੇ। ਦੂਜੇ ਇਸ ਖਿੱਚਾਤਾਣੀ ਦੀ ਅਗਲੀ ਕੱਤਾਰ `ਚ ਅਜ ਸਾਡੇ ਸਿੱਖ ਆਗੂ ਤੇ ਲੀਡਰ ਹਨ ਜੋ ਬਾਰ ਬਾਰ ਇਸ ਗਲ ਨੂੰ ਦੋਹਰਾਂਦੇ ਹਨ ਕਿ ਸਿੱਖ ਧਰਮ `ਚ ‘ਧਰਮ `ਤੇ ਰਾਜਨੀਤੀ’ ਇਕੱਠੇ ਹਨ। ਉਹ ਤਾਂ ਇਸ ਵਿਰੁੱਧ ਇੱਕ ਲਫਜ਼ ਵੀ ਸੁਨਣ ਨੂੰ ਤਿਆਰ ਨਹੀਂ ਹਨ।

ਇਸਤੋਂ ਇਲਾਵਾ ਜੇਕਰ ਇਸ ਪਖੋਂ ਗੁਰਬਾਣੀ ਨੂੰ ਵਿਚਾਰਿਆ ਜਾਵੇ ਤਾਂ ਸੱਚਾਈ ਇਹੀ ਹੈ ਕਿ ਗੁਰਬਾਣੀ ਅਨੁਸਾਰ ਧਰਮ ਤੇ ਰਾਜਨੀਤੀ ਇਕੋ ਸਿੱਕੇ ਦੇ ਦੋ ਪਾਸੇ ਹਨ। ਇਥੇ ਇਸਤੋਂ ਪਹਿਲਾਂ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਗੁਰਬਾਣੀ ਅਨੁਸਾਰ ਧਰਮ ਕੀ ਹੈ ਅਤੇ ਦੁਨੀਆਦਾਰੀ ਅਥਵਾ ਰਾਜਨੀਤੀ ਕੀ ਹੈ? ਦੋਵੇਂ ਅੱਡ-ਅੱਡ ਨਹੀਂ ਅਤੇ ਇਹ ਹੈ ਵੀ ਬਿਲਕੁਲ ਠੀਕ, ਫ਼ਿਰ ਵੀ ਫ਼ਰਕ ਕਿੱਥੇ ਹੈ `ਤੇ ਇਤਨਾ ਬਖੇੜਾ ਕਿਉਂ ਹੈ? ਦਰਅਸਲ ਸਿੱਖ ਧਰਮ `ਚ ਧਰਮ `ਤੇ ਰਾਜਨੀਤੀ ‘ਦੋਵੇਂ ਇੱਕ ਹੋਣ ਦੇ ਬਾਵਜੂਦ ਜਿਸ ਗਲ ਲਈ ਸਾਡੇ ਅਜੌਕੇ ਆਗੂ ਇਨ੍ਹਾਂ ਦੇ ਇੱਕ ਹੋਣ ਦਾ ਸ਼ੋਰ ਮਚਾ ਰਹੇ ਹਨ, ਉਨ੍ਹਾਂ ਦੀ ਕਰਨੀ ਤੋਂ ਸਪੱਸ਼ਟ ਹੈ ਕਿ ਬਹੁਤਾ ਕਰਕੇ ਉਹ ਧਰਮੀ ਵੀ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਿੱਖ ਧਰਮ ਵਿਚਲੀ ਰਾਜਨੀਤੀ ਦੇ ਅਰਥ ਹੀ ਪਤਾ ਹਨ। ਉਹ ਤਾਂ ਕੇਵਲ ਅਪਣੀਆਂ ਲੀਡਰੀਆਂ-ਚੌਧਰਾਂ ਕਾਇਮ ਰਖਣ ਲਈ ਹੀ ਅਜੇਹਾ ਸ਼ੋਰ ਮਚਾ ਰਹੇ ਹਨ। ਉਲਟਾ ਇਸਤਰ੍ਹਾਂ ਤਾਂ ਉਹ ਆਪਣੀ ਧਰਮਹੀਣ ਕਰਣੀ ਰਾਹੀਂ, ਇਸ ਰੱਬੀ ਸੱਚਾਈ ਨੂਂ ਵੀ ਬਹੁਤ ਹੱਲਕਾ ਕਰਕੇ ਪੇਸ਼ ਕਰ ਰਹੇ ਹਨ। ਪਰ ਹੁਣ ਤਾਂ ਹਾਲਤ ਇਹ ਬਣ ਚੁੱਕੀ ਹੈ ਕਿ ਦੂਜਿਆਂ ਦੇ ਵੇਹੜੇ ਤੋਂ ਆਕੇ ਇਹ ਖਿੱਚਾਤਾਣੀ ਸਿੱਖਾਂ ਦੇ ਅਪਣੇ ਵੇਹੜੇ ਦਾ ਹੀ ਉਲਝਿਆ ਤਾਣਾ ਬਣ ਚੁੱਕੀ ਹੈ। ਸਿੱਖ ਧਰਮ `ਚ ਧਰਮ `ਤੇ ਰਾਜਨੀਤੀ ਦੋਵੇਂ ‘ਅੱਡ ਹਨ ਜਾਂ ਇਕੱਠੇ’ ਇਸ ਸਮੇਂ ਤਾਂ ਸਿੱਖ ਆਪ ਹੀ ਫ਼ੈਸਲਾ ਨਹੀਂ ਕਰ ਪਾ ਰਹੇ। ਇਸ ਬਾਰੇ ਭਿੰਨ-ਭਿੰਨ ਤਰ੍ਹਾਂ ਦੀ ਸੋਚ ਹੈ, ਇਸ ਵਿਸ਼ੇ ਤੇ ਸਿੱਖਾਂ `ਚ ਹੀ ਧੜੇ ਬਣੇ ਪਏ ਹਨ।

ਖੂਬੀ ਇਹ ਕਿ ਵਿਰਲਿਆਂ ਨੂੰ ਛੱਡਕੇ, ਜਦੋਂ ਕਰਨੀ ਅਤੇ ਕੱਥਨੀ ਨੂੰ ਗਹੁ ਨਾਲ ਵਿਚਾਰੋ ਤਾਂ ਇਉਂ ਮਹਿਸੂਸ ਹੁੰਦਾ ਹੈ ਕਿ ਸਿੱਖ ਧਰਮ ਦੇ ਪਰੀਪੇਖ `ਚ ‘ਧਰਮ ਅਤੇ ਰਾਜਨੀਤੀ’ ਵਾਲੇ ਇਸ ਵਿਸ਼ੇ ਨੂੰ ਬਹੁਤੇ ਸਿੱਖ ਆਪ ਹੀ ਨਹੀਂ ਪਛਾਣ ਰਹੇ ਤਾਂ ਇਨ੍ਹਾਂ ਨੇ ਦੂਜਿਆਂ ਨੂੰ ਕੀ ਦਸਣਾ ਹੈ? ਬਾਕੀ ਤਾਂ ਕੇਵਲ ਬੇਸਿਰ ਪੈਰ ਦੀ ਖਿੱਚਾਤਾਣੀ ਹੀ ਕਹੀ ਜਾ ਸਕਦੀ ਹੈ। ਹਾਲਤ ਇਹ ਬਣੀ ਪਈ ਹੈ ਜਿਵੇਂ ਕੁੱਝ ਅੰਨਿਆਂ ਨੇ ਹਾਥੀ ਨੂੰ ਹੱਥ ਪਾ ਲਿਆ। ਜਿਸਦੇ ਹੱਥ ਪੂੰਛ ਆਈ ਉਸਨੇ ਇਸਨੂੰ ਸੱਪ ਵਾਂਗ ਕਹਿ ਦਿਤਾ; ਜਿਸਦੇ ਹੱਥ ਟੰਗ ਆਈ, ਉਹ ਹਾਥੀ ਨੂੰ ਦਰਖਤ ਵਾਂਙ ਦੱਸ ਰਿਹਾ ਸੀ। ਪਰ ਹਾਥੀ ਬਾਰੇ ਸਾਰੇ ਹੀ ਅਨਜਾਣ ਸਨ। ਇਸੇ ਦਾ ਸਿੱਟਾ ਹੈ ਕਿ ਅਜ ਪੂਰੇ ਪੰਥ `ਚ ਇਸ ਬਾਰੇ ਰੋਲਘਚੌਲਾ ਤਾਂ ਮਚਿਆ ਪਿਆ ਹੈ ਅਤੇ ਜ਼ੋਰ ਚਲ ਰਿਹਾ ਹੈ ਬਹੁ ਗਿਣਤੀ `ਚ ਧਰਮਹੀਣੇ ਸਿੱਖ ਆਗੂਆਂ ਦਾ।

ਕੀ ਧਰਮ ਅੱਡ ਹੈ `ਤੇ ਦੁਨੀਆਦਾਰੀ ਅੱਡ? - ਭਾਰਤ ਵਿੱਚ ਸਦੀਆਂ ਤੋਂ ਦਿੱਤੀ ਜਾ ਰਹੀ ਵਿਚਾਰਧਾਰਾ ਦਾ ਸਿੱਟਾ ਸੀ ਕਿ ਆਮ ਦੁਨੀਆਦਾਰ ਦੀ ਜ਼ਿੰਦਗੀ ਵਿਚੋਂ ਦਿਨੋ ਦਿਨ ਧਰਮ ਹੀ ਮੁੱਕ ਚੁੱਕਾ ਜਾਂ ਮੁਕਾ ਦਿਤਾ ਗਿਆ ਸੀ। ਜਿਸਨੂੰ ਦੁਨੀਆਦਾਰ ਕਿਹਾ ਜਾਂਦਾ ਸੀ, ਉਸਦਾ ਧਰਮ ਕੇਵਲ ਦਸੇ ਗਏ ਕਰਮਕਾਂਡਾਂ ਦੀ ਜੱਕੜ ਤੋਂ ਵਧ, ਕੁੱਝ ਨਹੀ ਸੀ ਰਹਿ ਚੁੱਕਾ। ਅਪਣੀ ਆਮ ਜ਼ਿੰਦਗੀ `ਚ ਉਹ ਕੁੱਝ ਵੀ ਕਰੇ, ਇਹ ਉਸਦੀ ਦੁਨੀਆਦਾਰੀ ਸੀ। ਅਪਣੀ ਖੂਨ ਪਸੀਨੇ ਦੀ ਕਮਾਈ ਵਿਚੋਂ ਬ੍ਰਾਹਮਣਾਂ ਜਾਂ ਧਰਮ ਦੇ ਅਖੌਤੀ ਠੇਕੇਦਾਰਾਂ ਨੂੰ ਦਾਨ-ਪੁੰਨ ਕਰ ਦੇਨਾ; ਬੱਚੇ ਪਾਲ ਲੈਣੇ ਅਤੇ ਧਾਰਮਕ ਆਗੂ ਦੇ ਕਹੇ ਕਰਮਕਾਂਡ ਕਰ ਲੈਣੇ, ਇਹੀ ਰਹਿ ਚੁੱਕਾ ਸੀ ਉਸਦਾ ਧਰਮ। ਇਸੇ ਦਾ ਸਿੱਟਾ ਹੈ ਕਿ ਸਮਾਜ ਮੋਟੇ ਤੌਰ ਤੇ ਦੋ ਹਿਸਿਆਂ `ਚ ਵੰਡਿਆ ਪਿਆ ਸੀ। ਇੱਕ ਪਾਸੇ ਧਰਮ ਦੇ ਨਾਮ ਤੇ ਵੇਹਲੜਾਂ ਦੇ ਇਕੱਠ, ਦੂਜੇ ਪਾਸੇ ਦੁਨੀਆਦਾਰ `ਤੇ ਗ੍ਰਿਹਸਥੀ। ਨਤੀਜਾ, ਦੋਨਾਂ ਪਾਸਿਆਂ ਤੋਂ ਅਨੇਕਾਂ ਸਮਾਜਕ ਬੁਰਾਈਆਂ ਨੇ ਜਨਮ ਲੈ ਲਿਆ। ਕਿਉਂਕਿ ਧਰਮ ਨਾ ਦੇਣ ਵਾਲੇ ਧਰਮ ਦੇ ਠੇਕੇਦਾਰਾਂ ਕੋਲ ਸੀ ਅਤੇ ਨਾ ਹੀ ਅਖੌਤੀ ਦੁਨੀਆਂਦਾਰਾਂ ਕੋਲ। ਇਸੇ ਅਗਿਆਨਤਾ ਦਾ ਅੱਤ ਦਾ ਭਿਆਨਕ ਰੂਪ ਸਨ ਨਸ਼ੇ, ਡਕੈਤੀਆਂ, ਸਕੈਡੰਲ, ਜੁਰਮ, ਸਮਗਲਿੰਗ, ਹੋਰ ਅਨੇਕਾਂ ਗੁਨਾਹ ਅਤੇ ਸਮਾਜਕ ਬੁਰਾਈਆਂ।

ਕਿਉਂਕਿ ਦਸੇ ਹੋਏ ਧਰਮ ਕਰਮ ਅਤੇ ਅਨੇਕਾਂ ਕਰਮਕਾਂਡ ਤਾਂ ਦੁਨੀਆਦਾਰ ਵੀ ਕਰ ਹੀ ਰਿਹਾ ਸੀ ਅਤੇ ਉਸਦੇ ਧਰਮੀ ਹੋਣ ਦੀ ਸੀਮਾ ਵੀ ਉਥੋਂ ਤੀਕ ਹੀ ਸੀ। ਇਸਤੋਂ ਬਾਦ ਉਹ ਜੋ ਮਰਜ਼ੀ ਗੁਨਾਹ ਜਾਂ ਬਦ-ਫ਼ਹਿਲੀਆਂ ਕਰੇ ਇਸ `ਚ ਉਸਦਾ ਰਸਮੀ ਅਤੇ ਕਰਮਕਾਂਡੀ ਧਰਮ ਕੋਈ ਰੁਕਾਵਟ ਤਾਂ ਹੈ ਹੀ ਨਹੀਂ ਸੀ। ਦੂਜੇ ਪਾਸੇ ਜੋ ਧਰਮ ਦੇ ਆਗੂ ਅਖਵਾਉਂਦੇ ਸਨ ਉਹ ਵੀ ਬਹੁਤਾ ਕਰਕੇ ਭੇਖੀ ਹੀ ਬਣਦੇ ਗਏ। ਇਨ੍ਹਾਂ ਹੀ ਭੇਖਾਂ ਨੇ ਅਖੋਤੀ ਧਾਰਮਿਕ ਆਗੂਆਂ ਦੇ ਰੂਪ `ਚ ਬ੍ਰਾਹਮਣਾਂ, ਜੋਗੀਆਂ, ਸਨਿਆਸੀਆਂ, ਬ੍ਰਹਮਚਾਰੀਆਂ, ਬਿਭੂਤਧਾਰੀਆਂ, ਬ੍ਰਹਮਗਿਆਨੀਆਂ, ਬਨਬਾਸੀਆਂ, ਨਾਂਗਿਆਂ, ਰਮਤਿਆਂ, ਸਾਧਾਂ, ਸੰਤਾਂ, ਭਗਤਾਂ, ਪੀਰਾਂ, ਫ਼ਕੀਰਾਂ ਵਾਲੇ ਸਮਾਜ ਅੰਦਰ ਅਨੇਕਾਂ ਰੂਪ ਪ੍ਰਗਟ ਕਰ ਦਿਤੇ ਸਨ। ਫ਼ਿਰ ਵੀ ਦੋਨਾਂ ਪਖਾਂ ਚੋਂ ਧਰਮ ਕੋਈ ਵੀ ਨਹੀਂ ਸੀ। ਕਿਉਂਕਿ ਦੋਵੇਂ ਪਾਸੇ ਉਨ੍ਹਾਂ ਦਾ ਧਰਮ, ਬਹੁਤਾ ਕਰਕੇ ਬਾਹਰਲੇ ਭੇਖ ਜਾਂ ਅਖੌਤੀ ਦੁਨੀਆਦਾਰਾਂ ਲਈ ਨਿਰੇ ਕਰਮਕਾਂਡ, ਧਾਰਮਕ ਠੇਕੇਦਾਰਾਂ ਦੇ ਇਸ਼ਾਰੇ ਤੇ ਬਾਂਦਰ ਨਾਚ ਹੀ ਸਨ। ਜੀਵਨ ਦੀ ਸਦਾਚਾਰਕ ਸੰਭਾਲ ਜਾਂ ਉਚਤਾ ਵਾਲੀ ਗਲ ਕਿਸੇ ਪਾਸੇ ਵੀ ਨਹੀਂ ਸੀ।

ਜਿਹੜੇ ਧਰਮੀ ਭੇਖ ਬਣਾਈ ਬੈਠੇ ਸਨ, ਇਹ ਲੋਕ ਕੇਵਲ ਅਨੇਕਾਂ ਢੋਂਗ ਰਚਕੇ, ਕਰਮਕਾਂਡਾ, ਵਹਿਮਾਂ ਭਰਮਾਂ ਜਹਾਲਤਾਂ ਦੇ ਜਾਲ ਫੈਲਾ ਕੇ, ਵਰਾਂ-ਸਰਾਪਾਂ ਦੀ ਬੁਛਾੜ ਕਰਕੇ, ਟੂਣਿਆਂ-ਪ੍ਰਛਾਵਿਆਂ, ਕਰੋਪੀਆਂ ਦੇ ਭਿਆਨਕ ਡਰ ਪੈਦਾ ਕਰਕੇ, ਭੂਤਾਂ-ਪ੍ਰੇਤਾਂ-ਬਦਰੂਹਾਂ ਦੇ ਫ਼ਰਜ਼ੀ ਨਗਰ ਵਸਾਕੇ, ਗ੍ਰਿਹ-ਨਖਤ੍ਰਾਂ ਦੇ ਢੋਂਗ ਰਚਕੇ ਅਪਣੇ ਆਪ `ਚ ਰੱਬ ਤੇ ਰੱਬ ਦੇ ਠੇਕੇਦਾਰ ਬਣੇ ਬੈਠੇ ਸਨ। ਅਸਲ `ਚ ਇਨ੍ਹਾਂ ਦਾ ਧਰਮ, ਗ੍ਰਿਹਸਥੀਆਂ ਅਤੇ ਅਖੌਤੀ ਦੁਨੀਆਦਾਰਾਂ ਦੀ ਕਮਾਈ ਤੇ ਪਲਣਾ ਤੇ ਉਨ੍ਹਾਂ ਦਾ ਖੂਨ ਨਿਚੌੜਣਾ ਹੀ ਸੀ। ‘ਖਾਲੀ ਦਿਮਾਗ਼, ਸ਼ੈਤਾਨ ਦਾ ਘਰ’ ਵਾਲੀ ਗਲ, ਇਨ੍ਹਾਂ ਦਾ ਸਾਰਾ ਸਮਾਂ ਇਸੇ ਤਾਨੇ-ਬਾਨੇ `ਚ ਹੀ ਬਤੀਤ ਹੁੰਦਾ ਸੀ। ਇਨ੍ਹਾਂ ਦੇ ਆਸ਼੍ਰਮ-ਕੁਟੀਆ ਬਹੁਤਾ ਕਰਕੇ ਜੁਰਮਾਂ ਦੇ ਅੱਡੇ ਬਣਦੇ ਗਏ। ਦੂਜੇ ਪਾਸੇ ਘਰ-ਪ੍ਰਵਾਰਾਂ `ਚ ਵੀ ਇਹ ‘ਧਰਮ ਦੇ ਆਗੂ ਬ੍ਰਾਹਮਣ-ਮੌਲਵੀ, –ਕਾਜ਼ੀ, ਨਜ਼ੂਮੀਏ, ਜੋਤਸ਼ੀ ਭਵਿੱਖ-ਵੱਕਤਾ, ਕੁੰਡਲੀਆਂ ਵਿਗਾੜਣ-ਸੁਆਰਣ ਅਤੇ ਉਪਾਅ ਕਰਨ ਵਾਲੇ ਬਣਕੇ ਲੋਕਾਈ ਨੂੰ ਲੁਟੱਣ ਲਈ ਵੱਧ ਤੋਂ ਵੱਧ ਮਾਹਿਰ ਹੁੰਦੇ ਗਏ।

“ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ” - ਧਰਮ ਦੇ ਠੇਕੇਦਾਰ ਤਾਂ ਹਰ ਪਾਸੇ ਸਨ ਇਸੇਤਰ੍ਹਾਂ ਸਮਾਜ ਦਾ ਹਰ ਦੁਨੀਆਦਾਰ ਵੀ ਪੱਕਾ ਧਰਮੀ ਬਣਿਆਂ ਬੈਠਾ ਸੀ ਪਰ ਧਰਮ ਕਿਸੇ ਕੋਲ ਵੀ ਨਹੀਂ ਸੀ ਰਹਿ ਚੁੱਕਾ। ਨਾ ਇਨ੍ਹਾਂ ਧਰਮ ਦੇ ਠੇਕੇਦਾਰਾਂ ਅਤੇ ਨਾ ਹੀ ਗੁਮਰਾਹ `ਤੇ ਕੁਰਾਹੇ ਪਾਏ ਗਏ ਦੁਨੀਆਦਾਰਾਂ ਕੋਲ। ਫ਼ਿਰ ਵੀ ਸਾਰੇ ਪਾਸਿਆਂ ਤੋਂ ਲੁੱਟੇ ਜਾ ਰਹੇ ਸਨ ਵਿਚਾਰੇ ਦੁਨੀਆਦਾਰ `ਤੇ ਗ੍ਰਿਹਸਥੀ। ਗੁਰੂ ਪਾਤਸ਼ਾਹ ਨੇ ਸਮਾਜ `ਚ ਹਾਵੀ ਹੋ ਚੁੱਕੇ ਇਨ੍ਹਾਂ ਧਰਮ ਦੇ ਵੇਹਲੜ ਠੇਕੇਦਾਰਾਂ ਅਤੇ ਅਖੌਤੀ ਪਰ ਧਰਮੀ ਦੁਨੀਆਦਾਰਾਂ ਦਾ ਬਾਣੀ `ਚ ਭਰਵਾਂ ਪਾਜ ਉਘੇੜਿਆ ਹੈ। ਇਥੇ ਅਸੀਂ ਕੇਵਲ ਬਾਣੀ ‘ਆਸਾ ਕੀ ਵਾਰ’ ਵਿਚੋਂ ਇੱਕ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਆਓ ਦਰਸ਼ਨ ਕਰੀਏ, ਫ਼ੁਰਮਾਨ ਹੈ ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨ੍ਹ੍ਹਾ ਭਿ ਆਵਹਿ ਓਈ ਸਾਦ॥ ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥ ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥ ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾਂ, ਸਚੁ ਪਾਈਐ” ਕਿਤਨਾ ਵਧੀਆ ਨਕਸ਼ਾ ਖਿਚਿਆ ਹੈ ਗੁਰਦੇਵ ਨੇ ਇੱਕ ਪਾਸੇ ਧਾਰਮਕ ਆਗੂਆਂ ਦਾ ਅਤੇ ਦੁਜੇ ਪਾਸੇ ਨਾਲ ਹੀ ਹਨ ਉਹ ਦੁਨੀਆਦਾਰ ਤੇ ਰਾਜਸੀ ਆਗੂ। ਨਾਮ ਨੂੰ ਦੋਵੇਂ ਧਰਮੀ ਹਨ ਅਤੇ ਧਰਮੀ ਹੋਣ ਦਾ ਪੂਰਾ ਪ੍ਰਭਾਵ ਵੀ ਦੇ ਰਹੇ ਹਨ। ਅਪਣੇ ਅਪਣੇ ਧਰਮ ਕਰਮ `ਚ ਮਸਤ ਹਨ ਪਰ ਧਰਮ ਦੋਨਾਂ ਦੇ ਜੀਵਨ `ਚ ਨਹੀਂ। ਫ਼ਿਰ ਉਹ ਜੋ ਅਪਣੇ ਆਪ ਨੂੰ ਨਿਰਾ ਦੁਨੀਆ ਦਾਰ ਜਾਂ ਰਾਜਸੀ ਬੰਦੇ ਸਮਝੀ ਬੈਠੇ ਹਨ ਇਸ ਅਗਲੇ ਸਲੋਕ `ਚ ਉਨ੍ਹਾਂ ਦੇ ਕਿਰਦਾਰ ਤੇ ਅਣਖ ਗ਼ੈਰਤ ਤੇ ਵੀ ਨਜ਼ਰ ਮਾਰ ਲਵੋ, ਫ਼ੁਰਮਾਨ ਹੈ “ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥ ਛੋਡੀਲੇ ਪਾਖੰਡਾ॥ ਨਾਮਿ ਲਇਐ ਜਾਹਿ ਤਰੰਦਾ”।

ਸਿੱਖ ਧਰਮ ` ਧਰਮ ਤੇ ਰਾਜਨੀਤੀ ਦਾ ਸੁਮੇਲ- ਚੂੰਕਿ ਗਲ ਤਾਂ ਸਾਰੀ ਸਿੱਖ ਧਰਮ ਨੂੰ ਨਿਸ਼ਾਨਾ ਬਣਾਕੇ ਜਾਂ ਸਿੱਖ ਧਰਮ ਬਾਰੇ ਹੀ ਚਲ ਰਹੀ ਹੈ। ਇਸ ਵਾਸਤੇ ਅਸਾਂ ਇਸ ਗਲ ਨੂੰ ਗੁਰੂ ਪਾਤਸ਼ਾਹ ਦੇ ਦਰ ਤੋਂ ਹੀ ਸਮਝਣ ਦਾ ਜੱਤਨ ਕਰਨਾ ਹੈ। ਸਦੀਆਂ ਤੋਂ ਦਿੱਤੀ ਜਾ ਰਹੀ ਵਿਚਾਰਧਾਰਾ-ਧਰਮ ਅੱਡ ਹੈ ਅਤੇ ਦੁਨੀਆਦਾਰੀ ਅੱਡ, ਗੁਰੂ ਪਾਤਸ਼ਾਹ ਨੇ ਇਸ ਥਿਊਰੀ ਨੂੰ ਉੱਕਾ ਹੀ ਪ੍ਰਵਾਨ ਨਹੀਂ ਕੀਤਾ। ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕਰਕੇ, ਹਜ਼ਾਰਾਂ ਸਾਲਾਂ ਤੋਂ ਮਨੁੱਖ ਸਮਾਜ ਦੇ ਇਸ ਵਿੱਗੜੇ ਰੂਪ ਨੂੰ ਹਰ ਪਖੌਂ, ਬੜੀ ਸੂਰਮਤਾਈ ਨਾਲ ਵੰਗਾਰਿਆ। ਹਾਲਾਂਕਿ ਗੁਰਬਾਣੀ ਅੰਦਰ ਇਸ ਬਾਰੇ ਸੈਂਕੜੇ ਪ੍ਰਮਾਣ ਹਨ, ਫ਼ਿਰ ਵੀ ਇਥੇ ਅਸਾਂ ਕੇਵਲ ਇੱਕ ਹੀ ਪ੍ਰਮਾਣ ਲਿਆ ਹੈ ਤਾਕਿ ਸੱਚਾਈ ਸਮਝ `ਚ ਆ ਸਕੇ। ਗੁਰਦੇਵ ਨੇ ਗੁਰਬਾਣੀ ਦੀਆਂ ਸਚਾਈਆਂ ਨਾਲ ਮਨੁੱਖ ਅੰਦਰੋਂ ਮਰ ਚੁਕੇ ਜੁਗੋ-ਜੁੱਗ ਅਟੱਲ ਰੱਬੀ ਤੇ ਇਲਾਹੀ ਧਰਮ ਨੂੰ ਮੁੜ ਪ੍ਰਗਟ ਕੀਤਾ। ਅੰਤ ਮਨੁੱਖ ਸਮਾਜ ਦੇ ਇਸ ਸਦੀਵੀ ਤੇ ਇਕੋ ਇੱਕ ਧਰਮ ਨੂੰ ਜੁਗੋ ਜੁਗ ਅਟੱਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਰੂਪ `ਚ 6 ਅਕਤੂਬਰ ਸੰਨ 1708 ਨੂੰ ਸੰਪੂਰਨਤਾ ਦੀ ਮੋਹਰ ਵੀ ਲਗਾ ਦਿਤੀ। ਪਹਿਲੇ ਜਾਮੇਂ `ਚ ਹੀ ਇਸ ਸੱਚਾਈ ਨੂੰ ਦੁਨੀਆ ਸਾਹਮਣੇ ਪ੍ਰਗਟ ਕਰ ਦਿਤਾ ਸੀ ਕਿ ਐ ਦੁਨੀਆਂ ਦੇ ਲੋਕੋ! ਧਰਮ `ਤੇ ਦੁਨੀਆਦਾਰੀ ਅੱਡ-ਅੱਡ ਨਹੀਂ ਹਨ। ਗੁਰਬਾਣੀ ਹਰੇਕ ਮਨੁੱਖ ਦਾ ਧਰਮ `ਤੇ ਜੀਵਨ-ਜਾਚ ਹੈ। ਇਸੇਤਰ੍ਹਾਂ ਗੁਰਬਾਣੀ ਸਿਖਿਆ ਸੇਧ `ਚ ਜੀਵਨ ਦਾ ਜੀਉਣਾ ਹੀ ਮਨੁੱਖ ਦੀ ਦੁਨੀਆਦਾਰੀ ਹੈ। ਧਰਮ ਕਿਸੇ ਵਿਸੇਸ਼ ਸਮੇਂ ਤੇ ਕਿਸੇ ਕਰਮ ਨੂੰ ਕਰ ਲੈਣ ਦਾ ਨਾਂ ਨਹੀਂ। ਧਰਮ, ਗੁਰਬਾਣੀ ਦੀ ਸ਼ਰਨ `ਚ ਆਕੇ, ਸਾਧ ਸੰਗਤ ਦੀ ਮੱਦਦ ਨਾਲ ਨਿਤਾਪ੍ਰਤੀ ਸਮਝਣਾ ਅਤੇ ਉਸਨੂੰ ਜੀਵਨ ਦੇ ਹਰੇਕ ਖੇਤ੍ਰ `ਚ ਢਾਲਣਾ ਹੈ। ਮਨੁੱਖ ਨੇ ਹਰ ਸਮੇਂ ਤੇ ਸੁਆਸ ਸੁਆਸ ਇਸੇ ਧਰਮ ਦੀ ਕਮਾਈ ਹੀ ਕਰਨੀ ਹੈ। ਇਸਤਰ੍ਹਾਂ ਮਨੁੱਖ ਨੇ ਧਰਮੀ ਅਤੇ ਇਸੇ ਧਰਮ ਮੁਤਾਬਕ ਦੁਨੀਆਦਾਰ ਹੁੰਦੇ ਹੋਏ ਅਪਣੀਆਂ ਰਾਜਸੀ, ਸਮਾਜਕ, ਪ੍ਰਵਾਰਕ ਸਾਰੀਆਂ ਜ਼ਿਮੇਵਾਰੀਆਂ ਗੁਰਬਾਣੀ ਧਰਮ ਦੀ ਸੇਧ `ਚ ਹੀ ਨਿਭਾਉਣੀਆਂ ਹਨ। ਅਜ ਅਸੀਂ ਗੁਰੂ ਗ੍ਰੰਥ ਸਾਹਿਬ ਅਗੇ ਸਿਰ ਝੁਕਾ-ਝੁਕਾ ਕੇ ਵੀ, ਜੀਵਨ ਦੀ ਇਸ ਸੱਚਾਈ ਤੋਂ ਕੋਹਾਂ ਦੂਰ ਜਾ ਚੁਕੇ ਹਾਂ। ਬਾਣੀ ਤੋਂ ਜੀਵਨ ਜਾਚ ਲੈਣ ਦੀ ਬਜਾਏ ਅਸਾਂ ਇਸਨੂੰ ਪੱਥਰ-ਮੂਰਤੀ ਵਾਲੀ ਪੂਜਾ ਦੀ ਤਰ੍ਹਾਂ ਨਿਰਾ ਕਰਮਕਾਂਡਾਂ ਦਾ ਰੂਪ ਦੇ ਦਿੱਤਾ ਹੈ। ਇਹੀ ਕਾਰਣ ਹੈ ਕਿ ਜੀਵਨ ਦੀ ਸੱਚਾਈ ਸਾਡੀ ਸਮਝ `ਚ ਨਹੀਂ ਆ ਰਹੀ। ਇਸੇ ਦਾ ਨਤੀਜਾ ਹੈ ਅਸੀ ਵੀ ਦੂਜਿਆਂ ਦੀ ਤਰ੍ਹਾਂ ਵਾਧੂ ਦੀ ਖਿਚਾਤਾਣ `ਚ ਫਸ ਕੇ ਰਹਿ ਗਏ ਹਾਂ।

ਧਰਮ ਬੀਜ ਹੈ, ਦੁਨੀਆਦਾਰੀ ਬਿਰਖ- ਇਸਤਰ੍ਹਾਂ ਗੁਰਬਾਣੀ ਸੇਧ ਤੋਂ ਪੈਦਾ ਹੋਈ ਨਿਜੀ ਪੱਧਰ ਦੀ ਦੁਨੀਆਦਾਰੀ ਹੀ ਸਾਡੇ ਮਨੁੱਖਾ ਜੀਵਨ ਦੀ ਸੰਭਾਲ ਹੈ। ਇਸੇ ਤੋਂ ਤਿਆਰ ਹੋਈ ਪ੍ਰਵਾਰਕ ਪੱਧਰ ਦੀ ਦੁਨੀਆਦਾਰੀ, ਸਾਡੇ ਪ੍ਰਵਾਰ ਲਈ ਇਲਾਹੀ ਖੇੜੇ ਦਾ ਕਾਰਣ ਬਣਦੀ ਹੈ। ਸਾਮਾਜਿਕ, ਦੇਸ਼ ਜਾਂ ਰਾਜਸੀ ਪੱਧਰ ਤੇ ਹੈ ਤਾਂ ਦਰਜਾ-ਬਦਰਜਾ ਸਾਡਾ ਅਤੇ ਦੂਜਿਆਂ ਦਾ ਜੀਵਨ ਉੱਚਾ ਉਠਦਾ ਹੈ। ਫਰਕ ਹੁੰਦਾ ਹੈ ਪੱਧਰ ਦਾ ਅਤੇ ਪੱਧਰ ਅਨੁਸਾਰ ਹੀ ਇਸਦੇ ਨਾਂ ਵੀ ਬਦਲਦੇ ਹਨ। ਇਹੀ ਦੁਨੀਆਦਾਰੀ ਜਦੋਂ ਸੰਸਾਰ ਪੱਧਰ ਦੀ ਹੁੰਦੀ ਹੈ ਤਾਂ ਆਮ ਰਾਜਨੀਤੀ ਤੋਂ ਵੀ ਬਹੁਤ ਉਚੀ ਉਠ ਕੇ ਸੰਪੂਰਨ ਮਨੁੱਖ ਸਮਾਜ ਦੀ ਸੰਭਾਲ ਦਾ ਕਾਰਣ ਬਣ ਜਾਂਦੀ ਹੈ। ਖੂਬੀ ਇਹ, ਇਸ ਦੁਨੀਆਦਾਰੀ ਦਾ ਮੂਲ ਇਸਨੂੰ ਜਨਮ ਦੇਣ ਵਾਲੇ ਜੀਵਨ ਸਿਧਾਂਤ ਹੁੰਦੇ ਹਨ। ਇਸਤਰ੍ਹਾਂ ਗੁਰਬਾਣੀ ਤੋਂ ਪ੍ਰਗਟ ਹੋਏ ਇਹ ਜੀਵਨ ਸਿਧਾਂਤ ਹੀ ਮਨੁੱਖ ਦਾ ਸਦੀਵੀ ਅਤੇ ਇਲਾਹੀ ਧਰਮ ਹੁੰਦੇ ਹਨ। ਇਨ੍ਹਾਂ `ਚ ਕਦੇ ਅਤੇ ਕਿਸੇ ਵੀ ਪੱਧਰ ਤੇ ਤਬਦੀਲੀ ਨਹੀਂ ਆਉਂਦੀ। ਅਜੇਹੀ ਹਾਲਤ `ਚ ਇਸ ਰੱਬੀ ਧਰਮ ਦੀ ਸੀਮਾਂ ਕੇਵਲ ਸਿੱਖਾਂ ਤੀਕ ਸੀਮਤ ਨਾ ਰਹਿਕੇ ਸਮੁਚਾ ਮਾਨਵ ਸਮਾਜ ਹੁੰਦਾ ਹੈ। ਪਤਾ ਲਗ ਜਾਂਦਾ ਹੈ ਕਿ ਧਰਮ ਬੀਜ ਹੈ ਅਤੇ ਦੁਨੀਆਦਾਰੀ ਉਸਤੋਂ ਬੀਜ ਤੋਂ ਪ੍ਰਫ਼ੁਲਤ ਹੋਇਆ ਸਦੀਵੀ ਪੌਦਾ। ਰਾਜਨੀਤੀ ਤਾਂ ਕੇਵਲ ਇਸ ਧਰਮ-ਬਿਰਖ ਦੀ ਕੇਵਲ ਇੱਕ ਸ਼ਾਖ ਹੈ ਜਿਵੇਂ ਨਿਜੀ, ਪ੍ਰਵਾਰਕ, ਸਮਾਜਕ ਆਦਿ ਧਰਮ।

ਸਿੱਖ ਇਤਿਹਾਸ ਦੇ ਝਰੋਖੇ ਵਿਚੋਂ- ਗੁਰਬਾਣੀ ਤੋਂ ਪ੍ਰਗਟ ਹੋਇਆ ਧਰਮ, ਮੂਲ ਅਤੇ ਸਦੀਵੀ ਧਰਮ ਹੁੰਦਾ ਹੈ। ਸਮੇਂ ਅਤੇ ਲੋੜ ਅਨੁਸਾਰ ਇਸਦੀ ਵਰਤੋਂ ਜਾਂ ਰਾਜਨੀਤੀ ਦੇ ਢੰਗ ਤਾਂ ਬਦਲ ਸਕਦੇ ਹਨ ਪਰ ਇਸਦਾ ਮੂਲ ਨਹੀਂ ਬਦਲਦਾ। ਇਸੇ ਇਲਾਹੀ ਅਤੇ ਸੱਚੇ ਧਰਮ ਉਪਰ ਇਸ ਮਨੁੱਖ ਦੀ ਸਾਰੀ ਦੁਨੀਆਦਾਰੀ, ਲੈਣ-ਦੇਣ, ਵਰਤੋਂ-ਵਿਹਾਰ, ਰਾਜਨੀਤੀ ਆਦਿ ਨੇ ਚਲਨਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀ ਭੇਸ ਬਣਾ ਲਿਆ ਜਾਂ ਮੱਕੇ ਜਾਣ ਸਮੇਂ ਇਸਲਾਮੀ ਹਾਜੀਆਂ ਵਾਲਾ, ਪਰ ਨਿਸ਼ਾਨਾ ਸੰਸਾਰ ਨੂੰ ਇਲਾਹੀ ਤੇ ਰੱਬੀ ਧਰਮ ਨਾਲ ਜੋੜਣਾ ਹੀ ਸੀ, ਲੁਟੇਰੇ ਭੇਖੀ ਸਾਧਾਂ ਆਦਿ ਵਾਂਙ ਧਰਮ ਦੇ ਦਿਖਾਵੇ ਹੇਠ ਗ੍ਰਿਹਸਥੀਆਂ ਨੂੰ ਲੁਟਣਾ ਨਹੀਂ ਸੀ। ਪਾਤਸ਼ਾਹ ਵਲੋਂ ਇਹ ਭੇਖ ਰਾਜਨੀਤੀ ਸਨ, ਕੇਵਲ ਧਰਮ ਨੂੰ ਦੇਣ ਲਈ। ਇਸਤੋਂ ਸਿੱਖੀ ਵੀ ਪ੍ਰਫੁਲਤ ਹੋਈ, ਸੱਚ ਧਰਮ ਦੇ ਸ਼ਰਧਾਲੂ ਵੀ।

ਸਮਾਂ ਅਗੇ ਵਧਿਆ, ਅਮੀਰੀ-ਸੱਚ ਧਰਮ ਉਪਰ ਹਾਵੀ ਨ ਹੋ ਸਕੇ। ਛੇਵੇਂ ਜਾਮੇਂ ਸਮੇਂ ਧਰਮ ਭਾਵ ਪੀਰੀ ਨੂੰ ਮੀਰੀ ਤੋਂ ਸੁਰਖਿਅਤ ਰਖਣ ਦਾ ਪ੍ਰਬੰਧ ਵੀ ਕਰ ਦਿਤਾ। ਸਿਰ ਤੇ ਕਲਗੀ, ਹੱਥ `ਚ ਬਾਜ਼, ਘੁੜਸਵਾਰੀ, ਫੌਜਾਂ ਦੀ ਕਾਇਮੀ, ਸ਼ਾਹੀ ਠਾਠ- ਇਸਤਰ੍ਹਾਂ ਪੀਰੀ ਹੇਠ ਮੀਰੀ ਨੁੰ ਦਬੌਚ ਕੇ ਦੋਨਾਂ ਨੂੰ ਇਕੱਠਾ ਕਰ ਦਿੱਤਾ, ਫ਼ਿਰ ਵੀ ਮੀਰੀ ਨੂੰ ਪੀਰੀ ਤੇ ਹਾਵੀ ਨਹੀਂ ਹੋਣ ਦਿਤਾ। ਅਕਾਲ ਬੁੰਗਾ (ਅਜੌਕਾ ਅਕਾਲ ਤਖਤ) ਕਾਇਮ ਕੀਤਾ ਤਾਕਿ ਧਰਮ ਦੇ ਅਨੁਯਾਈ, ਸਮੇਂ ਸਮੇਂ ਹਕੂਮਤਾਂ ਦੇ ਭਯ ਤੋਂ ਉਪਰ ਉਠਕੇ ਅਪਣੀ ਰਾਖੀ ਆਪ ਕਰ ਸਕਣ। ਇਲਾਹੀ ਧਰਮ ਕਿਸੇ ਦੇ ਦਬਾਅ `ਚ ਨ ਰਵੇ; ਇਥੇ ਹੀ ਬੱਸ ਨਹੀਂ, ਸਿੱਖ ਰਾਜਨੀਤੀ ਜਿਸਦਾ ਆਧਾਰ ਹੀ ਗੁਰਬਾਣੀ ਧਰਮ ਹੈ, ਕੁੱਝ ਇਤਿਹਾਸਕ ਵੰਨਗੀਆਂ:

(ੳ) ਸਿੱਖ ਰਾਜਨੀਤੀ ਦਾ ਚਮਤਕਾਰ- ਇਹ ਛੌਟੀ ਇਤਿਹਾਸਕ ਘਟਨਾ ਨਹੀਂ ਸੀ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਉਪ੍ਰੰਤ ਖੁਦ ਜਹਾਂਗੀਰ ਅਤੇ ਉਸਦੀ ਸਰਕਾਰ ਦਹਿਲ ਗਈ। ਉਸਨੇ ਗੁਰੂ ਦਰਬਾਰ ਵਲ ਸਾਂਝ ਦਾ ਹੱਥ ਵਧਾਇਆ। ਇਧਰ ਵੀ ਤਾਂ ਰਿਸ਼ਤਾ ਬਾਪ-ਬੇਟੇ ਦਾ ਸੀ। ਫਿਰ ਵੀ ਛੇਵੇਂ ਪਾਤਸ਼ਾਹ ਨੇ ਸਮੇਂ ਨੂੰ ਠੁਕਰਾਇਆ ਨਹੀਂ। ਇਸ ਨਵੇਂ ਪੈਦਾ ਹੋਏ ਸਾਂਝ-ਹਮਦਰਦੀ-ਪਿਆਰ ਦੇ ਵਾਤਾਵਰਣ ਤੋਂ ਪੂਰਾ ਪੰਥਕ ਲਾਭ ਲਿਆ। ਅਕਾਲ ਬੁੰਗੇ ਦੀ ਸਥਾਪਨਾ ਕੀਤੀ, ਸਿੱਖਾਂ ਨੂੰ ਫ਼ੌਜੀ ਪਖੋਂ ਜਥੇਬੰਦ ਕੀਤਾ। ਇਸਦੇ ਉਲਟ, ਜੇ ਸਾਡੇ ਅਜੋਕੇ ਆਗੂਆਂ ਦੀ ਤਰ੍ਹਾਂ ਵੱਕਤੀ ਜੋਸ਼ ਜਾਂ ਨਿਜ ਸੁਆਰਥ ਤੋਂ ਕੰਮ ਲਿਆ ਹੁੰਦਾ, ਬਦਲੇ ਦੀ ਭਾਵਨਾ `ਚ ਉਬਾਲਾ ਖਾਧਾ ਹੁੰਦਾ ਤਾਂ ਅਜ ਸਾਡਾ ਇਤਿਹਾਸ ਕੁੱਝ ਹੋਰ ਹੀ ਹੁੰਦਾ। ਇਹ ਸੀ ਗੁਰਦੇਵ ਦੀ ਰਾਜਨੀਤੀ ਜੋ ਨਿਰੋਲ ਧਰਮ, ਮਨੁੱਖੀ ਪਿਆਰ ਅਤੇ ਸੋਚ ਉਪਰ ਆਧਾਰਤ ਸੀ। ਤਿਆਰੀ ਵੀ ਕੀਤੀ, ਕੇਵਲ ਹਿਫ਼ਾਜ਼ਤ ਪਖੋਂ, ਕਿਸੇ ਤੇ ਹਮਲਾਵਰ ਹੋਣ ਲਈ ਨਹੀਂ।

() ਛੇਵੇਂ ਅਤੇ ਦੱਸਵੇਂ ਪਾਤਸ਼ਾਹ ਨੇ ਜੰਗਾਂ ਲੜ੍ਹੀਆਂ ਪਰ-ਛੇਵੇਂ ਪਾਤਸ਼ਾਹ ਨੇ ਚਾਰ `ਤੇ ਦਸਮੇਸ਼ ਜੀ ਨੇ ਛੋਟੀਆਂ ਵੱਡੀਆਂ ਕਰੀਬ 16 ਜੰਗਾਂ ਲੜ੍ਹੀਆਂ ਪਰ ਇੱਕ ਵੀ ਹਮਲਾ ਨਹੀ ਕੀਤਾ। ਦੁਸ਼ਮਣ ਮੈਦਾਨ ਛੱਡਕੇ ਦੌੜ ਗਿਆ, ਜਾਂਦੇ ਤੇ ਵਾਰ ਨਹੀਂ ਕੀਤਾ। ਵੈਰੀ ਦੇ ਬੰਦੇ ਮੈਦਾਨੇ ਜੰਗ `ਚ ਜ਼ਖਮੀ ਪਏ ਹਨ-ਕਿਸੇ ਨਾਲ ਵਿੱਤਕਰਾ ਜਾਂ ਵੈਰ ਭਾਵ ਨਹੀਂ। ਕਿਉਂਕਿ ਉਸ ਸਮੇਂ ਵੈਰੀ ਦਲ ਦੇ ਜ਼ਖਮੀ ਵੀ ਤਾਂ ਇਨਸਾਨ ਅਤੇ ਅਸਹਾਇ ਵੀ ਹਨ। ਜੰਗ-ਏ-ਮੈਦਾਨ ਸਮੇ ਵੀ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ (ਪੰ: 1299) ਵਾਲਾ ਇਲਾਹੀ ਧਰਮ ਹੀ ਵਰਤ ਰਿਹਾ ਸੀ।

() ਜੰਗ ਦੇ ਮੈਦਾਨ ` ਧਰਮ ਹੀ ਪ੍ਰਧਾਨ ਹੈ- ਇਤਿਹਾਸ `ਚ ਜ਼ਿਕਰ ਆਉਂਦਾ ਹੈ ਜਿਸ ਤੋਂ ਸਿੱਖ ਧਰਮ ਅਨੁਸਾਰ, ਸਿੱਖ ਧਰਮ `ਚ ‘ਸਿੱਖ `ਤੇ ਰਾਜਨੀਤੀ’ ਵਾਲਾ ਵਿਸ਼ਾ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ। ਜੰਗ ਦੌਹਰਾਨ, ਦੁਸ਼ਮਨ ਦੀਆਂ ਕੁੱਝ ਇਸਤ੍ਰੀਆਂ ਸਿੱਖਾਂ ਦੇ ਕਬਜ਼ੇ `ਚ ਆ ਗਈਆਂ। ਕੁੱਝ ਸਿੱਖਾਂ ਨੇ ਪਾਤਸ਼ਾਹ ਤੋਂ ਪੁਛ ਕੀਤੀ-’ ਪਾਤਸ਼ਾਹ! ਲੋੜ ਹੈ ਵਿਰੋਧੀ ਨੂੰ ਉਸੇ ਦੀ ਬੋਲੀ `ਚ ਉਤਰ ਦਿਤਾ ਜਾਵੇ ਅਤੇ ਅਜੇਹੇ ਸਮੇਂ ਜੋ ਸਲੂਕ ਉਹ ਸਾਡੀਆਂ ਬੱਚੀਆਂ ਨਾਲ ਕਰਦੇ ਹਨ, ਉਹੀ ਸਲੂਕ ਇਨ੍ਹਾਂ ਨਾਲ ਵੀ ਹੋਵੇ। ਫ਼ਿਰ ਵੀ ਮੁਸ਼ਕਲ ਇਹ ਹੈ ਕਿ ਗੁਰਬਾਣੀ ਸਾਨੂੰ ਇਸਦੀ ਇਜਾਜ਼ਤ ਨਹੀਂ ਦੇਂਦੀ। ਕਵੀ ਸੰਤੋਖ ਸਿੰਘ ਦੇ ਲਫਜ਼ਾ `ਚ ਪਾਤਸ਼ਾਹ ਦਾ ਉੱਤਰ ਸੀ “ਸੁਣ ਸਤਿਗੁਰ ਬੋਲੇ ਤਿਸ ਬੇਰੇ। ਹਮ ਲੇ ਜਾਣਹੁ ਪੰਥ ਉਚੇਰੇ। ਨਾਹਿ ਅਧੋਗਤੀ ਮਾਹਿ ਪਹੁੰਚਾਵੈ। ਤਾਂਤੇ ਕਲਮਲ ਕਰਨ ਹਟਾਵੈ”। ਭਾਵ ਗੁਰਸਿੱਖੋ! ਮੈਂ ਪੰਥ ਨੂੰ ਉਹ ਰੂਪ ਨਹੀਂ ਦਿੱਤਾ ਜਿਸ `ਚ ਸੰਸਾਰ ਡੁੱਬਿਆ ਦਾ ਹੈ। ਇਸੇ ਲਈ ਮੈਂ ਤੁਹਾਨੂੰ ਜੀਵਨ ਦੀਆਂ ਉਚਾਈਆਂ ਤੀਕ ਪੁਚਾਇਆ ਹੈ। ਇਸੇ ਕਾਰਣ ਇਹ ਕੁਕਰਮ ਤੁਹਾਡੇ ਲਈ ਮਨ੍ਹਾਂ ਹਨ।

() ਅਹਿਮਦ ਸ਼ਾਹ ਅਬਦਾਲੀ ਵਲੋਂ ਕਤਲੋ ਗ਼ਾਰਤ ਤੇ ਸਿੱਖ- ਅਬਦਾਲੀ ਲੁੱਟ ਦੇ ਮਾਲ ਨਾਲ ਭਾਰਤ ਦੀਆਂ ਜੁਆਨ ਬੱਚੀਆਂ `ਤੇ ਬਚੇ ਗਡਿਆਂ `ਚ ਭਰ ਕੇ ਲੈ ਜਾ ਰਿਹਾ ਸੀ। ਸਿੰਘਾਂ ਨੇ ਹਮਲਾ ਕਰਕੇ ਸਭ ਵਾਪਿਸ ਖੋਹ ਲਿਆ। ਇੱਕ-ਇੱਕ ਕਰਕੇ ਬੱਚੀਆਂ ਨੂੰ ਸਤਿਕਾਰ ਸਹਿਤ ਉਨ੍ਹਾਂ ਦੇ ਘਰਾਂ ਤੀਕ ਪੁਚਾਇਆ ਗਿਆ। ਕਿਉਂਕਿ ਇਥੇ ਰਾਜਨੀਤੀ ਦਾ ਆਧਾਰ ਗੁਰਬਾਣੀ ਜੀਵਨ ਜਾਚ ਸੀ। ਜੰਗ ਸਮੇਂ, ਦੁਸ਼ਮਣ ਵਲੋਂ ਜੰਗ ਦੇ ਹਾਲਾਤ ਲਿਖਣ ਉਸ ਨਾਲ ਆਏ ਅਬਦਾਲੀ ਕਾਜ਼ੀ ਨੂਰ ਮੁਹੰਮਦ ਨੇ ਅਪਣੀ ਤੰਗ ਸੋਚ ਕਾਰਣ, ਪਹਿਲਾਂ ਤਾਂ ਸਿੱਖਾਂ ਨੂੰ ਸੱਗ਼ (ਕੁਤੇ) ਲਿਖਦਾ ਹੈ ਅਤੇ ਫ਼ਿਰ ਆਪ ਹੀ ਕਹਿਂਦਾ ਹੈ, ਇਨ੍ਹਾਂ ਨੂੰ ਸੱਗ ਨਾ ਆਖੋ। ਇਨ੍ਹਾਂ ਦਾ ਚਾਲਚਲਣ `ਤੇ ਕਿਰਦਾਰ ਇੰਨਾ ਉੱਚਾ ਹੈ ਜਿਸਦੀ ਕਿ ਮਿਸਾਲ ਨਹੀਂ ਮਿਲਦੀ। ਅਜੇਹੀਆਂ ਮਿਸਾਲਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ।

() ਰਾਜਨੀਤਕ ਵਿਰੋਧਤਾ, ਸੋਚ ਦਾ ਆਧਾਰ ਫ਼ਿਰ ਵੀ ਧਰਮ - ਸੰਨ 1873 `ਚ ਸਿੰਘ ਸਭਾ ਲਹਿਰ ਚਲੀ, ਅਗੇ ਪਿਛੇ ਲਹਿਰ ਦੋ ਰੂਪਾਂ `ਚ ਸੀ। ਅੰਮ੍ਰਿਤਸਰ ਤੋਂ ਦੂਜੀ ਚਲੀ ਜਿਸਦੀ ਸੋਚ ਸੀ-ਅੰਗ੍ਰੇਜ਼ ਨੇ ਸਿੱਖ ਦੀ ਬਾਹਰੋਂ ਸ਼ਕਲ ਸੁਆਰੀ ਹੈ ਪਰ ਗੁਰੂ ਲਈ ਸਿੱਖ ਦੇ ਜੋਸ਼ ਨੂੰ ਅੰਨ੍ਹਾ ਕਰਕੇ ਵਰਤਿਆ ਹੈ। ਉਸਨੇ ਸਿੱਖਾਂ ਨੂੰ ਅਨਪੜ੍ਹ, ਘਸਿਆਰੇ ਬਨਾਕੇ ਵਰਤਿਆ ਤੇ ਬਾਣੀ ਤੋਂ ਤੋੜਿਆ ਹੈ ਇਸਲਈ ਅਸਾਂ ਆਪਣੀ ਸੰਭਾਲ-ਅੰਗ੍ਰੇਜ਼ ਸਰਕਾਰ ਦੇ ਵਿਰੋਧ `ਚ ਰਹਿਕੇ ਕਰਨੀ ਹੈ। ਦੂਜੇ, ਜਿਨ੍ਹਾਂ ਬਾਦ `ਚ ਚੀਫ਼ ਖਾਲਸਾ ਦੀਵਾਨ ਦਾ ਰੂਪ ਧਾਰਨ ਕੀਤਾ। ਇਨ੍ਹਾਂ ਦੀ ਸੋਚਣੀ ਸੀ, ਸਰਕਾਰ ਨਾਲ ਮਿਲਕੇ ਲਹਿਰ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਪੰਥ `ਚ ਆਈ ਅਧੋਗਤੀ ਦੀ ਇਸ ਤਰੀਕੇ ਸੰਭਾਲ ਕੀਤੀ ਜਾਵੇ। ਨਿਸ਼ਾਨਾ ਦੋਨਾਂ ਦਾ ਪੰਥਕ ਤੇ ਧਰਮ ਦੀ ਸੰਭਾਲ ਸੀ ਅਤੇ ਨੀਯਤ ਵੀ ਦੋਨਾਂ ਦੀ ਸਾਫ਼ ਸੀ, ਪਰ ਕੰਮ ਦੇ ਢੰਗ `ਚ ਵੱਡਾ ਵਿਰੋਧ ਸੀ। ਦੋਨਾਂ ਪਾਸਿਓੁ ਨੁਕਸਾਨ ਵੀ ਹੋਏ ਅਤੇ ਲਾਭ ਵੀ, ਫ਼ਿਰ ਵੀ ਕਿਸੇ ਦੀ ਨੀਯਤ ਤੇ ਸ਼ਕ ਨਹੀਂ ਕੀਤਾ ਜਾ ਸਕਦਾ। ਦੋਨੋਂ ਇਕੋ ਹੀ ਧਰਮ ਨਾਲ ਸੰਬੰਧਤ ਸਨ ਫਿਰ ਵੀ ਰਾਜਨੀਤੀ `ਚ ਫਰਕ ਸੀ। ਸਪੱਸ਼ਟ ਹੈ ਧਾਰਮਕ ਪਖੋਂ ਇਮਾਨਦਾਰ ਹੁੰਦੇ ਹੋਏ ਵੀ ਰਾਜਨੀਤਕ ਪੱਧਰ ਵੱਖ ਹੋ ਸਕਦੇ ਹਨ।

(ਹ) ਅਕਾਲ ਬੁੰਗਾ ਅਤੇ ਦਰਬਾਰ ਸਾਹਿਬ- ਛੇਵੇਂ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ ਤੋਂ ਕੇਵਲ ਦੋ ਸਾਲਾਂ ਬਾਦ ਹੀ, ਅਕਾਲ ਬੁੰਗਾ (ਅਜੌਕਾ ਅਕਾਲ ਤਖਤ) ਸੰਨ 1608 `ਚ ਸਥਾਪਤ ਕਰ ਦਿਤਾ। ਪੰਥ ਦਾ ਇਹ ਮਹਾਨ ਕੇਂਦਰੀ ਸਥਾਨ ਸਾਨੂੰ ਹਰਸਮੇਂ ਸਿੱਖ ਧਰਮ `ਚ ‘ਧਰਮ `ਤੇ ਰਾਜਨੀਤੀ’ ਦੀ ਸਾਂਝ ਦਾ ਸਿਧਾਂਤ ਪ੍ਰਗਟ ਕਰ ਰਿਹਾ ਹੈ। ਆਓ! ਸਮਝਣ ਦਾ ਜੱਤਨ ਕਰੀਏ! ਬਿਲਡਿੰਗ ਪਖੋਂ ਇਹ ਅਜੇਹੀ ਕਲਾਕ੍ਰਿਤੀ ਹੈ, ਜਦੋਂ ਦਰਬਾਰ ਸਾਹਿਬ ਅੰਦਰ ਬੈਠਕੇ ਧਰਮ ਲਈ ਸੇਧ ਲੈ ਰਹੇ ਹਾਂ ਤਾਂ ਉਥੋਂ ਅਕਾਲ ਤਖਤ ਦੇ ਦਰਸ਼ਨ ਨਹੀਂ ਹੁੰਦੇ। ਇਸਦੇ ਉਲਟ ਜਦੋਂ ਸ੍ਰੀ ਅਕਾਲ ਤਖਤ ਤੇ ਬੈਠਕੇ ਕੋਈ ਪੰਥਕ ਫੈਸਲਾ ਲੈ ਰਹੇ ਹਾਂ ਤਾਂ ਦਰਬਾਰ ਸਾਹਿਬ ਸਾਡੀਆ ਨਜ਼ਰਾਂ ਤੇ ਸੋਚ `ਚ ਹੁੰਦਾ ਹੈ ਕਿਉਂ?

ਇਸਦਾ ਅਰਥ ਹੈ ਜਦੋਂ ਅਸਾਂ ਧਰਮ ਦੀ ਸਿਖਿਆ ਲੈਣੀ ਹੈ, ਧਰਮ ਨੂੰ ਸਮਝਣਾ ਹੈ, ਤਾਂ ਸਾਰੇ ਵੈਰ ਵਿਰੋਧ ਰਾਜਨੀਤੀ ਨੂੰ ਭੁਲਾ ਕੇ ਸਮਝਨਾ ਹੈ। ਜਦੋਂ ਕੋਈ ਰਾਜਸੀ ਫ਼ੈਸਲਾ ਜਾਂ ਪੰਥ ਨੂੰ ਸੇਧ ਦੇਨੀ ਹੈ ਤਾਂ ਪੂਰੀ ਤਰ੍ਹਾ ਧਰਮ ਭਾਵ ਗੁਰਬਾਣੀ ਸਿਖਿਆ ਦੇ ਦਾਇਰੇ `ਚ ਰਹਿਕੇ ਹੀ ਦੇਣੀ ਹੈ। ਇਸੇ ਦਾ ਨਾਮ ਹੈ ਪਰਚਾ ਸ਼ਬਦ ਕਾ” ਇਹੀ ਹੈ ਸਿੱਖ ਧਰਮ `ਚ ‘ਧਰਮ ਅਤੇ ਰਾਜਨੀਤੀ ਦਾ ਆਪਸੀ ਸੰਬੰਧ’ ਜਾਂ ਫ਼ਿਰ ਸਿੱਖ ਧਰਮ `ਚ ‘ਧਰਮ `ਤੇ ਰਾਜਨੀਤੀ’ ਦਾ ਇੱਕ ਹੋਣਾ। ਇਥੋਂ ਤੀਕ ਕਿ ਇਸ ਸੱਚਾਈ ਨੂੰ ਦ੍ਰਿੜ ਕਰਵਾਉਣ ਲਈ ਇਥੇ ਇੱਕ ਨਹੀਂ ਬਲਕਿ ਉਚੇ-ਨੀਵੇਂ ਦੋ ਝੁੱਲ ਰਹੇ ਨਿਸ਼ਾਨ ਸਾਹਿਬ ਸਾਨੂੰ ਹਰ ਸਮੇਂ ਚੇਤਾ ਕਰਵਾ ਰਹੇ ਹਨ ਕਿ ਸਿੱਖ ਧਰਮ `ਚ-ਧਰਮ ਉਚਾ ਹੈ `ਤੇ ਰਾਜਨੀਤੀ ਇਸਦੇ ਅਧੀਨ।

ਸਾਡੇ ਉਪਰ ਉਲ੍ਹਾਮਾ ਬੇਅਰਥ-ਦਰਅਸਲ ਸਿੱਖਾਂ ਉਪਰ ਇਹ ਉਲ੍ਹਾਮਾ, ਹਿੰਦੂ ਵੀਰਾਂ ਵਲੋਂ ਹੀ ਆਇਆ ਸੀ। ਸੱਚਾਈ ਇਹ ਹੈ ਜਿਸ ਧਰਮ `ਚ ਧਰਮ ਦੇ ਆਗੂ ਦੇ ਤੌਰ ਤੇ ਸ੍ਰੀ ਰਾਮਚੰਦ੍ਰ, ਕ੍ਰਿਸ਼ਨ ਜੀ ਦੀ ਪੂਜਾ ਹੁੰਦੀ ਹੈ। ਇੱਕ ਪਾਸੇ ਰਾਮਚੰਦ੍ਰ ਨੂੰ ਧਾਰਮਕ ਆਗੂ ਮੰਨਿਆ ਜਾਂਦਾ ਹੈ। ਫ਼ਿਰ ਉਹ ਰਾਜਾ ਵੀ ਹਨ ਅਤੇ ਸ਼ਸਤ੍ਰਧਾਰੀ ਵੀ। ਇਸੇਤਰ੍ਹਾਂ ਕ੍ਰਿਸ਼ਨ ਜੀ ਨੂੰ ਵੀ ਧਾਰਮਕ ਆਗੂ ਮੰਨਿਆ ਜਾਂਦਾ ਹੈ ਤਾਂ ਗਲ ਉਥੇ ਵੀ ਉਹੀ ਹੈ। ਇਸ ਲਈ ਇਨ੍ਹਾਂ ਵਲੋਂ ਇਸ ਉਲ੍ਹਾਮੇ `ਚ ਕੋਈ ਵਜ਼ਨ ਨਹੀਂ ਸੀ। ਇਹੀ ਕਾਰਣ ਹੈ ਕਿ ਉਹ ਵੀ ਇਸਨੂੰ ਲੰਮਾ ਸਮਾਂ ਨਾ ਚਲਾ ਸਕੇ। ਦਰਅਸਲ ਉਨ੍ਹਾਂ ਨੂੰ ਦਿੱਕਤ ਸੀ ਤਾਂ ਇਹ ਕਿ ਸਿੱਖ ਆਗੂਆਂ ਨੂੰ ਗੁਰਦੁਆਰਿਆਂ `ਚ ਗਲ ਕਹਿਣ ਲਈ ਦੋਵੇਂ ਵੱਕਤ ਜੁੜੀ ਹੋਈ ਸੰਗਤ ਮਿਲ ਜਾਂਦੀ ਹੈ। ਉਥੇ ਉਹ ਅਪਣੀ ਗਲ ਆਸਾਨੀ ਨਾਲ ਪ੍ਰਚਾਰ ਲੈਂਦੇ ਹਨ। ਆਪਣੇ ਢੰਗ ਨਾਲ ਸੰਗਤਾ `ਚ ਜੋਸ਼ `ਤੇ ਉਭਾਰ ਪੈਦਾ ਕਰ ਲੈਂਦੇ ਹਨ। ਉਨ੍ਹਾਂ ਨੂੰ ਸੂਚਤ ਕਰਕੇ ਉਨ੍ਹਾਂ ਦੀ ਅਪਣੇ ਹੱਕ `ਚ ਵਰਤੋਂ ਕਰ ਲੈਂਦੇ ਹਨ। ਇਸੇ ਕਰਕੇ ਸਿੱਖਾਂ ਨੂੰ ਨਿਸ਼ਾਨਾ ਬਣਾਕੇ, ਹਿੰਦੂਆਂ ਵਲੋਂ ‘ਧਰਮ `ਤੇ ਰਾਜਨੀਤੀ’ ਦੇ ਅੱਡ ਹੋਣ ਦੀ ਗਲ ਨੂੰ ਛੇੜਣਾ ਇੱਕ ਸ਼ੋਸ਼ੇ ਤੋਂ ਵਧ ਨਹੀਂ ਸੀ ਅਤੇ ਇਹ ਖੇਡ ਬਹੁਤੇ ਦਿਨ ਚਲੀ ਵੀ ਨਹੀਂ। ਉਨ੍ਹਾਂ ਦੇ ਮੱਕਸਦ `ਚ ਬਦਨੀਯਤੀ ਸੀ ਕਿ ਇਸ ਬਹਾਨੇ ਸਿੱਖ ਲੀਡਰਾਂ ਕੋਲ ਪਲੇਟਫਾਰਮ ਨ ਰਵੇ।

ਅਜੋਕੇ ਸਿੱਖ ਅਗੂ ਅਤੇ ਹੱਥਲਾ ਵਿਸ਼ਾ- ਸਾਡੇ ਅਜੋਕੇ ਸਿੱਖ ਆਗੂਆਂ ਦਾ ਕੀ ਹਾਲ ਹੈ? ਜਦੋਂ ਬਾਹਰੋਂ ਵਾਰ ਹੋਇਆ ਤਾਂ ਰੱਟਾ ਲਾਊਣਾ ਸ਼ੁਰੂ ਕਰ ਦਿੱਤਾ ਸਿੱਖ ਧਰਮ `ਚ “ਧਰਮ `ਤੇ ਰਾਜਨੀਤੀ ਕੱਠੇ ਹਨ”। ਕਿਥੋਂ ਤੀਕ ਕੱਠੇ ਹਨ ਅਤੇ ਕਿਥੋਂ ਤੀਕ ਨਹੀਂ, ਅਸਲ ਗਲ ਤਾਂ ਅਸੀਂ ਘੋਖ ਹੀ ਚੁਕੇ ਹਾਂ। ਚੂੰਕਿ ਸਾਡੇ ਆਗੂਆਂ ਕੋਲ ਵੀ ਧਰਮ ਤਾਂ ਹੈ ਹੀ ਨਹੀਂ ਸੀ ਅਤੇ ਜੇ ਕਿਸੇ ਕੋਲ ਹੈ ਵੀ ਸੀ ਤਾਂ ਉਹ ਵੀ ਨਾ ਹੋਣ ਦੇ ਬਰਾਬਰ। ਅਜ ਸਾਡੇ ਆਗੂ ਵੀ ‘ਧਰਮ ਨਹੀਂ ਬਲਕਿ ‘ਧਰਮ ਦੇ ਬਾਣੇ’ ਨੂੰ ਅਪਣੀ ਸੁਆਰਥ ਸਿੱਧੀ, ਚੌਹਦਰ, ਮੈਂਬਰੀਆਂ, ਕੁਰਸੀ ਦੀ ਪੱਕੜ ਲਈ ਹੀ ਵਰਤ ਰਹੇ ਸਨ। ਫ਼ਿਰ ਉਨ੍ਹਾਂ ਨੂੰ ਭਾਵੇਂ ਵੈਸ਼ਨੋ ਦੇ ਲੈ ਜਾਵੋ, ਮੱਥਿਆਂ ਤੇ ਹਨੁਮਾਨ ਦੇ ਸਿੰਧੁਰ ਦਾ ਲੇਪ ਦੇਵੋ, ਸੂਰਜ ਗ੍ਰਿਹਣ ਸਮੇਂ ਕੁਰਖੇਤ ਦੇ ਇਸ਼ਨਾਨ ਕਰਵਾ ਲਵੋ, ਰਾਮਾਇਣ ਦੇ ਪਾਠ ਕਰਵਾ ਲਵੋ, ਯਗ-ਹਵਨ ਕਰਵਾ ਲਵੋ, ਮੂਰਤੀਆਂ-ਕੱਬਰਾ ਅਗੇ ਮੱਥੇ ਟਿਕਵਾ ਲਵੋ ਜਾਂ ਉਨ੍ਹਾਂ ਦੇ ਗੁਰੂ ਬਖਸ਼ੇ ਕੇਸਾਂ `ਚ ਕਿਸੇ ਚੰਦ੍ਰਾਸੁਆਮੀ ਤੋਂ ਕੁੱਝ ਵੀ ਬੇਅਦਬੀ ਕਰਵਾ ਲਵੋ। ਆਖਿਰ ਹੈਨ ਤਾਂ ਉਹ ਸਿੱਖਾਂ ਦੇ ਲੀਡਰ ਅਤੇ ਇਹ ਸਭ ਉਨ੍ਹਾ ਵਿਚਾਰਿਆਂ ਦੀ ਰਾਜਨੀਤੀ ਸੀ। ਭਾਵ ਇਹ ਕਿ ਉਥੇ ਵੀ ਸਿੱਖੀ ਦੀ ਗਲ ਕਰਨ ਵਾਲੇ ਕਿੰਨੇ ਕੂ ਸਿੱਖੀ ਕਿਰਦਾਰ ਵਾਲੇ ਸਨ? ਕੇਵਲ ਨਾ ਦੇ ਬਰਾਬਰ। ਉਹ ਵਿਰਲੇ ਹੀ ਸਿੱਖਾਂ ਦੇ ਨੇਤਾ ਹਨ ਜਿਨ੍ਹਾਂ ਕੋਲ ਧਰਮ ਵੀ ਹੈ `ਤੇ ਬਾਣਾ ਵੀ, ਪਰ ਉਥੇ ਤਾਂ ਪਾਰਟੀ ਅਤੇ ਧੱੜੇ ਦੀ ਰਾਜਨਂੀਤੀ ਹੀ ਚਲ ਰਹੀ ਹੈ। ਚੌਣਾਂ ਵਾਲੇ ਰਾਖਸ਼ ਨੇ ਸਾਡੇ ਅੰਦਰੋਂ ਧਰਮ ਵਾਲੀ ਗਲ ਲੱਗਭਗ ਮੁੱਕਾ ਹੀ ਦਿੱਤੀ ਹੈ। ਬਹੁਤੇ ਤਾਂ ਬਾਣੀ `ਤੇ ਜੀਵਨ ਪਖੋਂ ਉੱਕਾ ਹੀ ਖਾਲੀ ਹਨ ਪਰ ਬਾਹਰੋਂ ਬਾਣੇ (ਪਹਿਰਾਵੇ) ਤੋਂ ਸਿੱਖ ਹਨ। ਅਜੇਹੇ ਸੱਜਣਾਂ ਲਈ ਤਾਂ ‘ਸਿੱਖ ਧਰਮ `ਚ “ਧਰਮ ਅਤੇ ਰਾਜਨੀਤੀ” ਦੋਵੇ ਇਕੱਠੇ” ਕੇਵਲ ਇੱਕ ਹਥਿਆਰ ਵਜੋਂ ਹੈ ਭਾਵੇਂ ਧਰਮ ਦੇ ਨੇੜੇ ਉਹ ਕਦੇ ਗਏ ਹੀ ਨਹੀਂ।

ਬਾਣੀ ਵਾਲੇ ਜੀਵਨ ਨੂੰ ਸਮਝਣ ਦਾ ਉਨ੍ਹਾ ਕਦੇ ਜੱਤਨ ਨਹੀਂ ਕੀਤਾ। ਬਹੁਤਿਆਂ ਨੇ ਤਾਂ ‘ਪਾਹੁਲ’ ਵੀ ਲਈ ਹੈ ਤਾਂ ਇਸ ਲਈ ਕਿ ਅਪਣਾ ਪ੍ਰਭਾਵ ਦੇ ਸਕਣ। ਬਾਣੀ ਵਾਲਾ ਕਿਰਦਾਰ ਉਨ੍ਹਾਂ ਕੋਲ ਹੈ ਨਹੀਂ ਪਰ ਇਹ ਭੱਦਰ ਪੁਰਸ਼, ਕਈ ਵਾਰੀ ਬਾਣੀ ਦੀਆਂ ਪੰਕਤੀਆ ਨੂੰ ਅਪਣੇ ਮੱਤਲਬ `ਚ ਵਰਤਨ ਲਈ ਮਾਹਿਰ ਜ਼ਰੂਰ ਹੁੰਦੇ ਹਨ। ਦੂਜੇ ਪਾਸੇ ਉਨ੍ਹਾਂ ਦੀ ਰਾਜਨੀਤੀ ਵੀ ਬਾਕੀ ਦੁਨਿਆਂ ਵਾਂਙ ਬੇ-ਅਸੂਲੀ, ਧਰਮ-ਹੀਣੀ `ਤੇ ਬੇ-ਸਿਰ ਪੈਰ ਹੀ ਹੁੰਦੀ ਹੈ। ਚੂੰਕਿ ਇਸ ਸਮੇਂ ਸੰਗਤਾਂ ਵਿਚਾਲੇ ਵੀ ਬਾਣੀ ਸੋਝੀ ਦੀ ਘਾਟ ਹੈ, ਨਤੀਜਾ ਹੁੰਦਾ ਹੈ ਜਦੋਂ ਸੰਗਤਾਂ ਵੀ ਉਨ੍ਹਾਂ ਦੇ ਜੀਵਨ ਅੰਦਰੋਂ ਧਰਮ `ਤੇ ਰਾਜਨੀਤੀ ਦੇ ਇਸ ਧਰਮ ਹੀਣੇ ਮਿਲਾਪ ਨੂੰ ਤੱਕਦੀਆਂ ਹਨ ਤਾਂ ਉਨ੍ਹਾਂ ਅੰਦਰ ਵੀ ਉਹੀ ਕੱਚਾ ਜੀਵਨ ਹੀ ਪਣਪਦਾ ਹੈ। ਅਮਾਨਤ `ਚ ਖਿਆਨਤ ਤਾਂ ਕਰਦੇ ਹਨ ਸਾਡੇ ਇਹ ਬਹਰੂਪੀਏ ਆਗੂ ਪਰ ਬਦਨਾਮੀ ਹੁੰਦੀ ਹੈ ਸਮੁਚੇ ਸਿੱਖ ਪੰਥ ਦੀ। ਹਾਲਾਂਕਿ ਇਸ `ਚ ਸਿੱਖ ਧਰਮ ਜਾਂ ਵਿਚਾਰਧਾਰਾ ਦਾ ਕਸੂਰ ਨਹੀਂ ਹੁੰਦਾ।

ਸੰਸਾਰ `ਤੇ ਸਿੱਖ ਧਰਮ ਦੀ ਰਾਜਨੀਤੀ ਇੱਕ ਨਹੀਂ- ਇਥੇ ਇੱਕ ਗਲ ਹੋਰ ਧਿਆਨ ਮੰਗਦੀ ਹੈ। ਸੰਸਾਰ ਪੱਧਰ ਤੇ ਰਾਜਨੀਤੀ ਦਾ ਜੋ ਅਰਥ ਲਿਆ ਜਾਂਦਾ ਹੈ, ਗੁਰੂਦਰ ਤੇ ਇਸਦੇ ਉਹ ਅਰਥ ਨਹੀਂ। ਗੁਰੂਦਰ ਤੇ ਧਰਮ ਅਤੇ ਰਾਜਨੀਤੀ ਦਾ ਕੀ ਅਰਥ ਹੈ? ਇਸ ਬਾਰੇ ਵੇਰਵਾ ਦੇ ਚੁਕੇ ਹਾਂ। ਅੱਜ ਸੰਸਾਰ ਤਾਂ ਰਾਜਨੀਤੀ ਨੂੰ ‘ਬਦਮਾਸ਼ਾਂ-ਲੁਟੇਰਿਆਂ ਦੀ ਆਖਰੀ ਪਨਾਹਾਗਾਹ’ (Last Resort of Scoundrels) ਕਹਿੰਦਾ ਹੈ। ਉਥੇ ਇਹ ਵੀ ਕਿਹਾ ਜਾਂਦਾ ਹੈ ‘ਰਾਜਨੀਤੀ, ਪਿਆਰ `ਤੇ ਜੰਗ `ਚ ਸਭ ਜਾਇਜ਼ ਹੈ’। ਜਦੋਂ ਇੱਤਨੇ ਮੱਹਤਵ ਪੂਰਨ ਵਿਸ਼ੇ ਤੇ ਮਨੁੱਖ ਦਾ ਸੋਚ ਪੱਧਰ ਇਹ ਹੋਵੇਗਾ ਤਾਂ ਉਥੇ ਧਰਮ ਰਹੇਗਾ ਹੀ ਕਿਥੇ? ਫਿਰ ਉਥੇ ‘ਧਰਮ ਅਤੇ ਰਾਜਨੀਤੀ’ ਇੱਕਠੇ ਆਖੋ ਜਾਂ ਅੱਡ-ਅੱਡ ਜਾਂ ਕੁੱਝ ਹੋਰ, ਕੋਈ ਫ਼ਰਕ ਨਹੀਂ ਪਵੇਗਾ। ਦਰਅਸਲ ਸੰਸਾਰ ਪੱਧਰ ਤੇ ਅਜ ਇਸੇ ਘਟੀਆ ਤੇ ਬੇਅਸੂਲੇ ਕਿਰਦਾਰ ਦਾ ਨਾਮ ਹੀ ‘ਰਾਜਨੀਤੀ’ ਹੈ। ਇਥੋਂ ਤੀਕ ਕਿ ਸਾਡੇ ਅਜ ਦੇ ਸਿੱਖ ਆਗੂਆਂ ਦਾ ਵੀ ਬਹੁਤਾ ਕਰਕੇ ਇਹੀ ਹਾਲ ਹੋਇਆ ਪਿਆ ਹੈ। ਉਸਤੋਂ ਬਾਦ ਸੱਚਾਈ ਦੀ ਸਮਝ ਆਵੇ ਤਾਂ ਕਿਵੇਂ? ਇਹੀ ਕਾਰਣ ਹੈ ਇਸ ਵਿਸ਼ੇ ਤੇ ਅਜ ਸਿੱਖਾਂ `ਚ ਵੀ ਇਹ ਕਾਵਾਂ ਰੋਲੀ ਤੇ ਖਿੱਚਾਤਾਣੀ ਬਣੀ ਪਈ ਹੈ। ਮੈਦਾਨੇ ਜੰਗ `ਚ ਸਿੱਖ ਦੀ ਰਾਜਨੀਤੀ ਕੀ ਹੋਣੀ ਹੈ? ਇਸ ਬਾਰੇ ਅਸੀਂ ਜ਼ਿਕਰ ਕਰ ਚੁਕੇ ਹਾਂ। ਬਲਕਿ ਕੁੱਝ ਸਮਾਂ ਪਹਿਲਾਂ ਹੋਈ ਭਾਰਤ-ਪਾਕ ਜੰਗ, ਜਿਸ ਦੀ ਕਮਾਨ ਜਨਰਲ ਜਗਜੀਤ ਸਿੰਘ ਅਰੋੜਾ ਕੋਲ ਸੀ, ਸਿੱਖ ਦਾ ਇਹੀ ਉੱਚਾ ਸੁੱਚਾ ਕਿਰਦਾਰ ਉਘੜ ਕੇ ਸੰਸਾਰ ਸਾਹਮਣੇ ਆਇਆ ਸੀ।

ਸਿੱਖ ਦੀ ਰਾਜਨੀਤੀਗੁਰੂ ਗ੍ਰੰਥ ਸਾਹਿਬ ਜੀਤੋਂ ਬਿਨਾ ਨਹੀਂ- ਸੰਸਾਰ ਪੱਧਰ ਤੇ ਕੇਵਲ ਸਿੱਖ ਹੀ ਇਸ ਵਿਸ਼ੇ ਉਪਰ ਸਪੱਸ਼ਟ ਸੇਧ ਦੇ ਸਕਦਾ ਹੈ, ਦੂਜਾ ਨਹੀਂ। ਇਹ ਇਕੋ ਹੀ ਸੰਸਾਰ ਪੱਧਰ ਦਾ ਧਰਮ ਹੈ ਜਿਸ ਕੋਲ ‘ਗੁਰਬਾਣੀ’ ਅਤੇ ਉਸ ਤੋਂ ਪ੍ਰਗਟ ਹੋਣ ਵਾਲੇ ਜੀਵਨ ਦਾ ਪ੍ਰਗਟਾਵਾ ਭਾਵ ਸਰੂਪ-ਦੋਵੇਂ ਸਰਬ ਉਤੱਮ ਹਨ। ਸਿੱਖ ਦੀ ਰਾਜਨੀਤੀ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਿਖਿਆ ਉਪਰ ਆਧਾਰਤ ਹੋਣੀ ਹੈ, ਗੁਰਬਾਣੀ ਵਿਹੀਨ ਰਾਜਨੀਤੀ ਨਹੀਂ। ਤਾਂ ਹੀ ਸਿੱਖ ਲਈ “ਧਰਮ `ਤੇ ਰਾਜਨੀਤੀ” ਇਕੱਠੇ ਹਨ। ਗੁਰਬਾਣੀ ਤੋਂ ਪ੍ਰਗਟ ਸਿੱਖ ਧਰਮ ਦੇ ਆਧਾਰ ਤੋਂ ਬਿਨਾਂ ਰਾਜਨੀਤੀ, ਸਾਰੇ ਸੰਸਾਰ ਦੀ ਰਾਜਨੀਤੀ ਤਾਂ ਹੋ ਸਕਦੀ ਹੈ ਪਰ ਸਿੱਖ ਦੀ ਨਹੀਂ। ਅਸਾਂ ਦਰਬਾਰ ਸਾਹਿਬ ਦੇ ਅੰਦਰ ਗੁਰਬਾਣੀ ਚਰਣਾਂ `ਚ ਬੈਠਕੇ ਧਰਮ ਨੂੰ ਸਮਝਣਾ ਹੈ ਅਤੇ ਉਸ ਸਿਖਿਆ ਦੇ ਦਾਇਰੇ-ਭਯ `ਚ ਰਹਿ ਕੇ ਉਸਦੀ ਵਰਤੋਂ ‘ਅਕਾਲ ਤਖਤ ‘(ਬੁੰਗੇ) ਤੋਂ ਕਰਨੀ ਹੈ, ਉਸ ਚੋਂ ਬਾਹਿਰ ਜਾਕੇ ਨਹੀਂ। ਸਾਡੇ ਜੀਵਨ ਦੀ ਬੁਨਿਆਦ ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ ਅਤੇ ਦਿਦਾਰ ਖਾਲਸੇ ਕਾ” ਹੋਣਾ ਹੈ ਇਸਤੋਂ ਬਿਨਾਂ ਨਹੀਂ। ਪਰ ਅਜ ਤਾਂ ਸਭਕੁਝ ਇਸਤੋਂ ਬਾਹਿਰ ਹੋ ਕੇ ਹੋ ਰਿਹਾ ਹੈ, ਇਸੇ ਲਈ ਪੰਥ ਵੀ ਖੇਰੂੰ ਖੇਰੂੰ, ਦਿਸ਼ਾ ਹੀਣ ਅਤੇ ਹਰੇਕ ਮੋਰਚੇ ਤੇ ਜ਼ਲਾਲਤ ਭੋਗ ਰਿਹਾ ਹੈ। ਸਾਨੂੰ ਲੋੜ ਹੈ ਇਸ ਪਖੋਂ ਅਪਣੀ ਅਸਲੀਅਤ ਸਮਝਣ ਤੇ ਪਹਿਚਾਨਣ ਦੀ। #156.71s97.4s06#

Including this Self Learning Gurmat Lesson No 156

ਸਿੱਖ ਧਰਮ `ਚ ਰਾਜਨੀਤੀ ਤੇ ਧਰਮ ਅੱਡ ਨਹੀਂ ਪਰ:

ਸਿੱਖ ਰਾਜਨੀਤੀ, ਧਰਮ ਦੇ ਅਧੀਨ ਹੈ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com
.