.

❁ ਅਜੂਨੀ ਸੈਭੰ ❁
(ਕਿਸ਼ਤ ਨੰ: 02)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

‘ੴ ਤੋਂ ਗੁਰਪ੍ਰਸਾਦਿ’ ਤੱਕ ਆਦਿ ਮੰਗਲਾਚਰਨ ਵਿੱਚ ਵਰਤੇ ਰੱਬੀ ਨਾਵਾਂ ਤੇ ਵਿਸ਼ੇਸ਼ਣਾਂ ਤਾਂ ਕਰਤੇ ਦੀ ਮੂਲਿਕ ਨਿਰੰਕਾਰੀ ਹਸਤੀ ਤੇ ਸੱਤਾ ਦੀ ਗੱਲ ਹੈ, ਜਿਸ ‘ਤੇ ਅਧਾਰਿਤ ਗੁਰਮਤਿ ਦੇ ਮੁਢੱਲੇ ਸਿਧਾਂਤਾਂ ਦੀ ਉਸਾਰੀ ਹੋਈ ਹੈ। ਗੁਰੂ ਸਾਹਿਬ ਜੀ ਤਾਂ ਕਰਤੇ ਦੀ ਕਿਰਤ ਰੂਪ ਕੁਦਰਤ ਵਿੱਚ ਜੋ ਰੰਗ ਰੰਗ ਦੀ ਜਿਨਸੀ ਭਿੰਨਤਾ ਹੈ। ਜੋ ਨਾਵਾਂ, ਥਾਵਾਂ ਤੇ ਦੀਪਾਂ ਲੋਆਂ ਦੀ ਵਿਸਮਾਦ-ਜਨਕ ਅਨੇਕਤਾ ਹੈ। ਉਸ ਨੂੰ ਪ੍ਰਗਟ ਕਰਕੇ ਸਾਡੇ ਵਰਗੇ ਤਰਕੀ ਤੇ ਗਿਣਤੀਆਂ ਵਿੱਚ ਵਰਤਣ ਵਾਲੇ ਲੋਕਾਂ ਨੂੰ ਵਿਸਮਾਦ ਦੀ ਅਲੌਕਿਕ ਤੇ ਅਨੰਦਮਈ ਅਵਸਥਾ ਦੇ ਹੁਲਾਰੇ ਦੇਣ ਦੇ ਉਪਕਾਰੀ ਖ਼ਿਆਲ ਨਾਲ ਵੀ, ਜੇਕਰ ਸ਼ਬਦਾਵਲੀ ਦੀ ਮਜ਼ਬੂਰੀ ਵੱਸ ‘ਅਸੰਖ’ ਲਫ਼ਜ਼ ਦੀ ਵਰਤੋਂ ਕਰ ਲੈਂਦੇ ਹਨ, ਜਿਵੇਂ ‘ਅਸੰਖ ਨਾਵ, ਅਸੰਖ ਥਾਵ।। ਅਗੰਮ ਅਗੰਮ ਅਸੰਖ ਲੋਅ।। ਤਾਂ ਉਹ ਇਤਨੀ ਸੁਚੇਤਤਾ ਵਰਤਦੇ ਹਨ ਕਿ ਉਥੇ ਨਾਲ ਹੀ ਅਗਲੀ ਪੰਕਤੀ ਵਿੱਚ ਇਹ ਵੀ ਕਹਿ ਦਿੰਦੇ ਹਨ ਕਿ ‘ਅਸੰਖ ਕਹਹਿ, ਸਿਰਿ ਭਾਰੁ ਹੋਇ।। {ਗੁ. ਗ੍ਰੰ. ਪੰ. ੪}। ਭਾਵ, ਜੋ ਮਨੁੱਖ ਕੁਦਰਤ ਦਾ ਲੇਖਾ ਕਰਨ ਵਾਸਤੇ ਸ਼ਬਦ ‘ਅਸੰਖ’ ਵੀ ਆਖਦੇ ਹਨ, ਉਹਨਾਂ ਦੇ ਸਿਰ ਉੱਤੇ ਵੀ ਭਾਰ ਹੁੰਦਾ ਹੈ। ਭਾਵ, ਉਹ ਭੀ ਭੁੱਲ ਕਰ ਰਹੇ ਹੁੰਦੇ ਹਨ। ਕਿਉਂਕਿ, ਕੁਦਰਤੀ ਬਿਅੰਤਤਾ ਦਰਸਾਉਣ ਲਈ ‘ਅਸੰਖ’ ਸ਼ਬਦ ਵੀ ਕਾਫੀ ਨਹੀਂ ਹੈ।

ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨ ਤੇ ਭਗਤ ਜਨ ਪ੍ਰਭੂ ਜੀ ਦੀ ਪ੍ਰਤਿਪਾਲਕ ਤੇ ਸੰਘਾਰਕ ਸ਼ਕਤੀ ਦਾ ਬਿਆਨ ਕਰਨ ਵੇਲੇ ਵਧੇਰੇ ਕਰਕੇ ਤਾਂ ਕਿਸੇ ਕਿਸਮ ਦੇ ਨਿਸ਼ਚਿਤ ਸੰਖਿਅਕ ਵਿਸ਼ੇਸ਼ਣ (Indefinite Numeral Adjective) ਜਾਂ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ (Definite Numeral Adjective), ਵਰਤੋਂ ਹੀ ਨਹੀ ਕਰਦੇ। ਜਿਵੇਂ, ਸੌ, ਸੈਂਕੜੇ, ਅਸੰਖ ਜਾਂ ਅਸੰਖਾਂ ਆਦਿਕ ਪਦ। ਪ੍ਰੰਤੂ! ਜੇਕਰ ਕਿਧਰੇ ਕਾਵਿਕ ਲੈਅ ਜਾਂ ਤੋਲ ਨੂੰ ਧਿਆਨ ਵਿੱਚ ਰਖਦਿਆਂ ਕਿਸੇ ਪੰਕਤੀ ਵਿੱਚ ਕੋਈ ਅਨਿਸ਼ਚਿਤ ਵਿਸ਼ੇਸ਼ਣ ਵਰਤਿਆ ਵੀ ਹੈ ਤਾਂ ਉਹ ਲਫ਼ਜ਼ ਹਨ ‘ਸਭ’ ਜਾਂ ‘ਸਭਨਾਂ’ ਅਤੇ ‘ਸਰਬ’, ‘ਸਗਲ’ ਜਾਂ ਸਗਲਿਆਂ। ਜਿਵੇਂ ਗੁਰਵਾਕ ਹਨ:

ਹਰਿ ਸਿਮਰਤ ਤ੍ਰਾਸ (ਡਰ) ਸਭ ਨਾਸੈ।। {ਗੁ. ਗ੍ਰੰ. ਪੰ. ੧੮੯}

ਸਭਨਾ ਮਾਰਿ ਜੀਵਾਲਦਾ ਭਾਈ ਸੋ ਸੇਵਹੁ ਦਿਨੁ ਰਾਤਿ।। {ਗੁ. ਗ੍ਰੰ. ਪੰ. ੬੩੯}

ਸਗਲ ਦੂਖ ਕਾ ਹੋਵਤ ਨਾਸੁ।। ਨਾਨਕ ਨਾਮੁ ਜਪਹੁ ਗੁਨਤਾਸੁ।। ੫।। {ਗੁ, ਗ੍ਰੰ. ਪੰ. ੨੯੦}

ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ।। {ਗੁ, ਗ੍ਰੰ. ਪੰ. ੧੧੨੦

ਇਸੇ ਤਰ੍ਹਾਂ ਜੇ ‘ਸੈਭੰ ‘ਲਫ਼ਜ਼ ਦੇ ਅਰਥ ਕਰੀਏ ਕਿ ਰੱਬ ਜੀ ਆਪਣੇ ਆਪ ਨੂੰ ਨਿੱਕੇ ਨਿੱਕੇ ਟੁਕੜਿਆਂ ਵਿੱਚ ਭੰਗ ਕਰਕੇ ਜਾਂ ਤੋੜ ਕੇ ਜ਼ੱਰੇ ਜ਼ੱਰੇ ਵਿੱਚ ਵਿਆਪਕ ਕਰਨ ਵਾਲਾ ਹੈ। ਤਾਂ ਅਜਿਹਾ ਕਹਿਣਾ ਉਹਦੀ ਸਰਬਗਤਾ ਨੂੰ ਘਟਾਉਣ ਵਾਲੀ ਉਪਰੋਕਤ ਭੁੱਲ ਤੋਂ ਵੀ ਵੱਡੀ ਭੁੱਲ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਓਅੰਕਾਰੀ ਮੁੱਢਲੇ ਸਿਧਾਂਤ ਤੋਂ ਹੀ ਮਨੁਕਰ ਹੋਣ ਵਾਲੀ ਗੱਲ ਹੈ। ਕਿਉਂਕਿ, ਸਤਿਗੁਰੂ ਜੀ ਨੇ ‘ੴ ‘ ਦੇ ਅਦੁੱਤੀ ਸੰਕੇਤ ਦੁਆਰਾ ਮੂਲ ਰੂਪ ਵਿੱਚ ਇਹੀ ਸਮਝਾਇਆ ਹੈ ਕਿ ਉਹ ਟੁਕੜਿਆਂ ਵਿੱਚ ਵੰਡਿਆ ਹੋਇਆ ਨਹੀ। ਸਗੋਂ ਉਹ ਦੀ ਇੱਕ-ਓਅੰਕਾਰੀ ਵਿਆਪਕ ਹਸਤੀ, ਸੱਤਾ ਤੇ ਪ੍ਰਤਾਪ ਅਖੰਡ ਹੈ, ਅੰਭੰਗ ਹੈ। ਅਤੇ ਇਸ ਰੱਬੀ ਏਕਤਾ, ਅਖੰਡਤਾ ਤੇ ਅਭੰਗਤਾ ਕਾਰਨ ਸਾਰੀ ਕਾਇਨਾਤ ਵੀ ਇੱਕ ਹੈ। ਸਾਰਾ ਵਿਸ਼ਵ ਇੱਕ ਹੈ। ਅਸੀਂ ਸਾਰੇ ਇੱਕ ਹਾਂ। ਕਿਧਰੇ ਵੀ ਕਿਸੇ ਤਰ੍ਹਾਂ ਰੰਗ, ਰੂਪ, ਨਸਲ ਤੇ ਦੇਸ਼ ਪ੍ਰਦੇਸ਼ ਦੀ ਕੋਈ ਦਵੈਤ ਨਹੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਹੁਤ ਸਾਰੇ ਐਸੇ ਬਚਨ ਹਨ, ਜਿਨ੍ਹਾਂ ਵਿੱਚ ਰੱਬੀ ਹਸਤੀ ਨੂੰ ਅਖੰਡ (ਜਿਸ ਦੇ ਟੁਕੜੇ ਨਾ ਹੋ ਸਕਣ Undivided), ਅਭੰਗ (ਜੋ ਭੰਗ ਨਾ ਹੋ ਸਕੇ, ਤੋੜਿਆ ਨਾ ਜਾ ਸਕੇ Indivisible), ਅਛੇਦ (ਜੋ ਛੇਦਿਆ ਨਾ ਜਾ ਸਕੇ, ਜਿਸ ਵਿੱਚ ਸੁਰਾਖ ਨਾ ਹੋ ਸਕੇ Impregnable) ਤੇ ਅਭੇਦ (ਜਿਸ ਦਾ ਭੇਦ ਨਾ ਪਾਇਆ ਜਾ ਸਕੇ, ਜੋ ਵਿੰਨਿਆ ਨਾ ਜਾ ਸਕੇ ਜਾਂ ਜਿਸ ਦੇ ਵਰਤਾਰੇ ਵਿੱਚ ਕੋਈ ਭਿੰਨ-ਭੇਦ ਤੇ ਵਿਤਕਰਾ ਨਾ ਹੋਵੇ Indiscriminate) ਆਖਿਆ ਗਿਆ ਹੈ। ਜਿਵੇਂ:

ਨਾਉ ਪੂਜੀਐ, ਨਾਉ ਮੰਨੀਐ, ਅਖੰਡੁ ਸਦਾ ਸਚੁ ਸੋਇ।। {ਪੰ. ੧੭}

ਅਟਲ, ਅਖੰਡ, ਪ੍ਰਾਣ ਸੁਖਦਾਈ, ਇੱਕ ਨਿਮਖ ਨਹੀ ਤੁਝੁ ਗਾਇਓ।। {ਪੰ. ੧੦੧੭}

ਅਲਹ ਲਹੰਤਾ ਭੇਦ ਛੈ, ਕਛੁ ਕਛੁ ਪਾਇਓ ਭੇਦ।।

ਉਲਟਿ ਭੇਦ ਮਨੁ ਬੇਧਿਓ, ਪਾਇਓ ਅਭੰਗ ਅਛੇਦ।। ੪।। {ਪੰ. ੩੪੦}

ਅਟਲ, ਅਛੇਦ, ਅਭੇਦ, ਸੁਆਮੀ, ਸਰਣਿ ਤਾ ਕੀ ਆਉ।। {ਪੰ. ੫੦੨}

ਅਚਲ, ਅਛੇਦ, ਅਪਾਰ ਪ੍ਰਭ, ਊਚਾ ਜਾ ਕਾ ਰੂਪੁ।। {ਪੰ. ੬੭੭}

ਅਚਲ, ਅਛੇਦ, ਅਭੇਦ ਪ੍ਰਭ, ਐਸੇ ਭਗਵਾਨ।। {ਪੰ. ੮੧੬}

ਸੋ ਇਸ ਲਈ ਸਪਸ਼ਟ ਹੈ ਕਿ ਆਦਿ ਮੰਗਲਾਚਰਨ ਵਿਚਲੇ ‘ਅਜੂਨੀ’ ਤੇ ‘ਸੈਭੰ’ ਪਦ ਆਪਣੇ ਲਿਖਤੀ ਤੇ ਉਚਾਰਣਕ ਸਰੂਪ ਵਿੱਚ ਭਾਵੇਂ ਵੱਖ ਵੱਖ ਹਨ। ਪਰ, ਅਰਥਾਂ ਦੀ ਸਪਸ਼ਟਤਾ ਲਈ ਫਿਰ ਵੀ ਇੱਕ ਦੂਜੇ ਦੇ ਪੂਰਕ ਹਨ। ਇਸ ਲਈ ਇਨ੍ਹਾਂ ਨੂੰ ਨਿਖੇੜ ਕੇ ਅਰਥਾਉਣਾ ਅਸੰਭਵ ਹੈ। ਕਿਉਂਕਿ, ਜੇਕਰ ਆਖਿਆ ਜਾਏ ਕਿ ਅਕਾਲ ਪੁਰਖ ਅਜੂਨੀ ਹੈ, ਅਜਨਮਾ (Unborn) ਹੈ। ਤਾਂ ਫਿਰ ਇਥੇ ‘ਅਕਾਲ-ਮੂਰਤਿ’ ਪਦ ਨਾਲ ਦਾ ਓਹੀ ਸੁਆਲ ਖੜਾ ਹੋ ਜਾਂਦਾ ਹੈ ਕਿ ਜੇ ਉਹਦੀ ਮੂਰਤਿ, ਅਜੂਨੀ ਹੋਣ ਕਰਕੇ ਕਾਲ ਤੋਂ ਰਹਿਤ (ਅਕਾਲ) ਹੈ ਤਾਂ ਓਹਦੀ ਐਸੀ ਹੋਂਦ ਪੈਦਾ ਕਿਵੇਂ ਹੋਈ? ਇਸ ਦਾ ਉੱਤਰ ਹੈ ‘ਸੈਭੰ’, ਆਪਣੇ ਆਪ ਤੋਂ (Self-existent)

ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਨਿਰਣੈਜਨਕ ਤੇ ਨਿਸ਼ਚਾ ਬਨ੍ਹਾਊ ਗੁਰਵਾਕਾਂ ਵਿੱਚੋਂ ਪ੍ਰਭੂ ਜੀ ਦੇ ‘ਸੈਭੰ’ ਹੋਣ ਦਾ ਪੱਖ ਬਿਲਕੁਲ ਸਾਫ ਹੋ ਜਾਂਦਾ ਹੈ, ਜਿਸ ਵਿੱਚ ਉਹ ਸੰਸਾਰ ਦੇ ਸਮੂਹ ਲੋਕਾਂ ਨੂੰ ਸੰਬੋਧਨ ਕਰਕੇ ਆਖਦੇ ਹਨ ਕਿ: — ਭਰਾਵੋ! ਨਿਸ਼ਚਾ ਕਰੋ ਕਿ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ। ਉਹ ਸਦਾ-ਥਿਰ ਪ੍ਰਭੂ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਜਿਸ ਸੱਚੇ ਨੇ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੋਇਆ ਹੈ, ਉਹ ਅਦ੍ਰਿਸ਼ਟ ਹੈ ਤੇ ਬੇਅੰਤ ਹੈ:

ਸਚੁ ਸਿਰੰਦਾ ਸਚਾ ਜਾਣੀਐ, ਸਚੜਾ ਪਰਵਦਗਾਰੋ।।

ਜਿਨਿ ਆਪੀਨੈ ਆਪੁ ਸਾਜਿਆ, ਸਚੜਾ ਅਲਖ ਅਪਾਰੋ।। {ਗੁ. ਗ੍ਰੰ. ਪੰ. ੫੮੦}

ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ।।

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।। {ਗੁ. ਗ੍ਰੰ. ਪੰ. ੪੬੩}

ਸ਼ਾਇਦ ਇਹੀ ਕਾਰਣ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵੀ ਸਮੂਹ ਮੰਗਲਾਚਰਨਾਂ ਵਿਚਲੇ ‘ਅਜੂਨੀ’ ਤੇ ‘ਸੈਭੰ’ ਪਦਾਂ ਦੇ ਅਖਰੀ ਸਰੂਪ ਅਤੇ ਨਿਕਟਤਾ ਨੂੰ ਛਡਦਿਆਂ, ਜੇਕਰ ਬਾਕੀ ਗੁਰਬਾਣੀ ਵਿੱਚੋਂ ਇਨ੍ਹਾਂ ਦੇ ਦਰਸ਼ਨ ਕਰੀਏ ਤਾਂ ਵੀ ਇਹ ਸਚਾਈ ਪ੍ਰਤੱਖ ਹੋ ਜਾਂਦੀ ਹੈ ਕਿ ਅਰਥਾਂ ਕਰਕੇ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਤੇ ਅਨਿਖੜਵੇਂ ਹਨ। ਕਿਉਂਕਿ, ‘ਸੈਭੰ’ ਪਦ ਦੇ ਜਿਹੜੇ ਤਿੰਨ ਹੋਰ ਸਰੂਪ ‘ਸੰਭੌ’, ‘ਸੰਭਉ’ ਤੇ ‘ਸੰਭਵਿਅੳ’ ਬਾਣੀ ਵਿੱਚ ਦਰਸ਼ਨ ਦੇ ਰਹੇ ਹਨ, ਇੱਕ ਤਾਂ ਉਹ ਸੰਸਕ੍ਰਿਤ ਦੇ ਆਪਣੇ ਮੂਲ ਸਰੂਪ ‘ਸ੍ਵਯੰਭੂ’ ਦੇ ਅਤਿ ਨੇੜੇ ਹਨ। ਅਤੇ ਦੂਜੇ, ਉਹ ਹਰ ਥਾਂ ‘ਅਜੂਨੀ’ ਪਦ ਦੇ ਨਾਲ ਸਬੰਧਤ ਕਰਕੇ ਹੀ ਵਰਤੇ ਗਏ ਹਨ। ਭਾਵੇਂ ਕਿ ‘ਸੈਭੰ’ ਲਫ਼ਜ਼ ਵਾਂਗ ‘ਅਜੂਨੀ’ ਲਫ਼ਜ਼ ਦੇ ਵੀ ਭਿੰਨ ਭਿੰਨ ਤਿੰਨ ਸਰੂਪ ਹਨ। ਜਿਹਾ ਕਿ ‘ਆਜੂਨੀ, ਅਜੋਨੀ ਤੇ ਅਜੋਨੀਉ।

ਇਸ ਪੱਖ ਦੀ ਵਿਚਾਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਸਬੰਧਤ ਗੁਰਵਾਕ ਪੇਸ਼ ਹਨ:

ਦੁਖ ਭੰਜਨ ਨਿਧਾਨ ਅਮੋਲੇ।। ਨਿਰਭਉ ਨਿਰਵੈਰ ਅਥਾਹ ਅਤੋਲੇ।।

ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ।। {ਪੰ. ੧੦੦।।

ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ।। {ਪੰ. ੫੯੭}

ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ।। {ਪੰ. ੯੧੬}

ਅਮੋਘ ਦਰਸਨ ਆਜੂਨੀ ਸੰਭਉ।। ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ।।

ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ।। {ਪੰ. ੧੦੮੨}

ਆਪਿ ਅਤੀਤੁ ਅਜੋਨੀ ਸੰਭਉ, ਨਾਨਕ ਗੁਰਮਤਿ ਸੋ ਪਾਇਆ।। {ਪੰ. ੧੦੪੨}

ਜਪਿ ਮਨ ਨਿਰਭਉ।। ਸਤਿ ਸਤਿ ਸਦਾ ਸਤਿ।। ਨਿਰਵੈਰੁ ਅਕਾਲ ਮੂਰਤਿ।।

ਆਜੂਨੀ ਸੰਭਉ।। ਮੇਰੇ ਮਨ ਅਨਦਿਨ+ ਧਿਆਇ ਨਿਰੰਕਾਰੁ ਨਿਰਾਹਾਰੀ।। {ਪੰ. ੧੨੦੧}

ਪਾਰਬ੍ਰਹਮ ਆਜੋਨੀ ਸੰਭਉ, ਸਰਬ ਥਾਨ ਘਟ ਬੀਠਾ।। {ਪੰ. ੧੨੧੨}

ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ।। {ਪੰ. ੧੩੯੭}

ਅਜੋਨੀਉ ਭਲBੁ ਅਮਲੁ ਸਤਿਗੁਰ ਸੰਗਿ ਨਿਵਾਸੁ।। {ਪੰ. ੧੩੯੭}

ਅਬਿਨਾਸੀ ਅਚਲੁ ਅਜੋਨੀ ਸੰਭਉ, ਪੁਰਖੋਤਮੁ ਅਪਾਰ ਪਰੇ।। {ਪੰ. ੧੪੦੫}

ਆਜੋਨੀ ਸੰਭਵਿਅਉ ਸੁਜਸੁ ਕਲB ਕਵੀਅਣਿ ਬਖਾਣਿਅਉ।। {ਪੰ. ੧੪੦੭}

ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ।। {ਪੰ. ੧੪੦੭}

ੴ ਤੋਂ ਗੁਰਪ੍ਰਸਾਦਿ’ ਤੱਕ ਦੇ ਇਸ ਮੁੱਢਲੇ ਮੰਗਲਾਚਰਣ ਵਿੱਚ ਅਕਾਲ ਪੁਰਖ ਜੀ ਦਾ ਗੁਣਾਤਮਿਕ ਸਰੂਪ ਚਿਤਰਦਿਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਲੋਂ ‘ਅਜੂਨੀ’ ਤੇ ‘ਸੈਭੰ’ ਰੱਬੀ ਵਿਸ਼ੇਸ਼ਣ ਰੱਖਣ ਦਾ ਮੁਖ ਮਨੋਰਥ ਤਾਂ ਗੁਰਬਾਣੀ ਦੀ ਰੌਸ਼ਨੀ ਵਿੱਚ ਮਾਨਵ ਸ਼੍ਰੇਣੀ ਨੂੰ ਬਿਪਰਵਾਦੀ ਜੂਨੀਆਂ ਦੇ ਚੱਕਰਵਿਊ (Maze) ਵਿਚੋਂ ਕੱਢ ਕੇ ਅਜੂਨੀ ਤੇ ਸੈਭੰ ਅਵਸਥਾ ਬਖਸ਼ਣੀ ਹੀ ਸਿੱਧ ਹੁੰਦਾ ਹੈ । ਪਰ, ਇਹਦੇ ਨਾਲ ਨਾਲ ਸਤਿਗੁਰ ਸੂਰਮੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਇੱਕਓਅੰਕਾਰੀ ਧਨੁਖ ਦੇ ‘ਅਜੂਨੀ’ ਸ਼ਬਦ-ਬਾਣ ਦਾ ਇੱਕ ਗੁਰਮਤੀ ਨਿਸ਼ਾਨਾ ਹੋਰ ਵੀ ਸੀ, ਜਿਸ ਦੁਆਰਾ ਉਹ ਕੂੜ ਦੀ ਉਸ ‘ਪਾਲ਼ਿ’ (ਦੀਵਾਰ) ਨੂੰ ਵੀ ਢਹਿ-ਢੇਰੀ ਕਰਨਾ ਚੁਹੰਦੇ ਸਨ, ਜਿਹਦੇ ਕਾਰਨ ਇਸ਼ਟ ਏਕਤਾ ਦਾ ਆਭਾਵ ਹੋਣ ਕਰਕੇ ਭਾਰਤੀ ਸਮਾਜ ਲੀਰੋ ਲੀਰ ਹੋਇਆ ਅਤੇ ਪੁਜਾਰੀ ਵਰਗ ਨੇ ਆਪਣੇ ਆਪ ਨੂੰ ਭਗਵਾਨ ਤੇ ਇਨਸਾਨ ਦੇ ਦਰਿਮਿਆਨ ਵਿਚੋਲੇ ਦੇ ਰੂਪ ਵਿੱਚ ‘ਗੁਰੂ’ ਸਥਾਪਿਤ ਕਰਕੇ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਨੂੰ ਦੋਹੀਂ ਹੱਥੀਂ ਖ਼ੂਬ ਲੁਟਿਆ।

ਉਹ ਕੂੜੀ ਦੀਵਾਰ ਸੀ ‘ਅਵਤਾਰਵਾਦ’ ਦਾ ਬਿਪਰਵਾਦੀ ਸਿਧਾਂਤ, ਜਿਸ ਮੁਤਾਬਿਕ ਭਾਰਤੀ ਮੱਤ-ਮਤਾਂਤਰਾਂ ਵਿੱਚ ਹੁਣ ਤੱਕ ਮੰਨਿਆ ਜਾ ਰਿਹਾ ਹੈ ਕਿ ਜਦੋਂ ਵੀ ਜਗਤ ਵਿੱਚ ਅਧਰਮ (ਅਨਿਆਂ ਤੇ ਪਾਪ) ਦਾ ਬੋਲ-ਬਾਲਾ ਹੁੰਦਾ ਹੈ, ਤਦੋਂ ਹੀ ਭਗਵਾਨ ਆਪ ਕਿਸੇ ਮਨੁੱਖ ਜਾਂ ਜੀਵ-ਜੰਤੂ ਦੇ ਰੂਪ ਵਿੱਚ ਜਨਮ ਲੈ ਕੇ ਧਰਤੀ ਦੇ ਤਲ ‘ਤੇ ਧਰਮ ਦੀ ਮੁੜ ਸਥਾਪਨਾ ਕਰਦਾ ਹੈ। ਬ੍ਰਾਹਮਣ ਮਤੀ ਤ੍ਰੇਤੇ ਯੁਗ ਵਿਚਲੇ ਭਗਵਾਨ ਵਿਸ਼ਨੂ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਦੇ ਮੁਖੋਂ ‘ਭਗਵਤ ਗੀਤਾ’ ਵਿੱਚ ਅਖਵਾਇਆ ਗਿਆ ਹੈ ਕਿ “ਹੇ ਭਾਰਤ (ਅਰਜਨ) ! ਜਦੋਂ ਜਦੋਂ ਵੀ ਸ੍ਰਿਸ਼ਟੀ ਵਿੱਚ ਧਰਮ ਦਾ ਪਤਨ ਹੋਇਆ ਹੈ, ਤਦੋਂ ਹੀ ਮੈਂ ਜਗਤ ਵਿੱਚ ਆ ਕੇ ਧਰਮ ਦਾ ਉਦੈ ਕਰ ਕੇ ਜਗਤ ਵਿੱਚ ਸੁਖ ਵਰਤਾ ਦਿੰਦਾ ਹਾਂ। ਸੰਤ-ਜਨਾਂ (ਧਰਮੀ ਪੁਰਸ਼ਾਂ) ਦਾ ਮੈਂ ਉਧਾਰ ਕਰਦਾ ਹਾਂ ਤੇ ਦੁਸ਼ਟਾਂ ਦਾ ਸੰਘਾਰ (ਵਿਨਾਸ਼) ਕਰਦਾ ਹਾਂ। ਧਰਮ ਦੀ ਸਥਾਪਨਾ ਲਈ ਮੈਂ ਜੁਗਾਂ-ਜੁਗਾਂ ਵਿੱਚ ਅਵਤਾਰ ਧਾਰਦਾ ਹਾਂ। ਇਨ੍ਹਾਂ ਅਰਥਾਂ ਵਾਲੇ ਦੋ ਸ਼ਲੋਕ ਇਸ ਪ੍ਰਕਾਰ ਹਨ:

ਯਦਾ ਯਦਾਇ ਧਰਮਸ੍ਯ, ਗਲਾਨਿਰਭਵਤਿ ਭਾਰਤ।

ਅਬੁ੍ਯਤਥਾਨਮ ਧਰਮਸ੍ਯ, ਤਦਾਤਮਾਨੰ ਸਿਰਜਮਹਯਮ।। ੭।। ੪।।

ਪਰਿਤ੍ਰਾਂਣਯਾਂ ਸਾਧੂਨਾ, ਵਿਨਾਸ਼ਾਯ ਚ ਦੁਸ਼ਕ੍ਰਿਤਾਮ੍ਹ੍ਹ।

ਧਰਮ ਸੰਸਥਾਪਨਾਰਥਾਯ, ਸੰਭਵਾਮਿ ਯੁਗੇ ਯੁਗੇ।। ੮।। ੪।।

ਇਸ ਬਿਪਰਵਾਦੀ ਖ਼ਿਆਲ ਨੂੰ ਬਚਿੱਤਰ ਨਾਟਕ (ਦਸਮ ਗ੍ਰੰਥ) ਵਿੱਚਲੀ ‘ਚੌਬੀਸ ਅਵਤਾਰ’ ਰਚਨਾ, (ਜਿਹੜੀ ਵਿਸ਼ਨੂੰ ਦੇ ੨੪ ਅਵਤਾਰਾਂ ਦੇ ਸੋਹਿਲੇ ਹੋਣ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਅਜੂਨੀ ਸਿਧਾਂਤ ਦੇ ਸੌ ਪ੍ਰਤੀਸ਼ਤ ਵਿਪਰੀਤ ਹੈ) ਵਿੱਚ ਇਉਂ ਅੰਕਤ ਕੀਤਾ ਗਿਆ ਹੈ:

ਜਬ ਜਬ ਹੋਤ ਅਰਿਸਟਿ ਅਪਾਰਾ।।

ਤਬ ਤਬ ਦੇਹ ਧਰਤ ਅਵਤਾਰਾ।।

ਇਸ ਅਵਤਾਰਵਾਦੀ ਸਿਧਾਂਤ ਦੇ ਸਰੂਪ ਦਾ ਪੂਰਨ ਵਿਕਾਸ ਅਤੇ ਪੱਕੀ ਸਥਾਪਨਾ ਤਾਂ ਭਾਵੇਂ ਪੁਰਾਣਿਕ ਜੁਗ ਵਿੱਚ ਹੋਈ, ਪਰ ਇਹਦਾ ਪਿਛੋਕੜ ਰਿੱਗ ਵੇਦ ਨਾਲ ਜਾ ਜੁੜਦਾ ਹੈ। ਕਿਉਂਕਿ, ਉਸ ਵਿੱਚ ਅਵਤਾਰਵਾਦੀ ਅੰਸ਼ ਮਜੂਦ ਹਨ, ਭਾਵੇਂ ਕਿ ਪੁਰਾਣਾ ਵਿਚਲੇ ਕਿਸੇ ਅਵਤਾਰ ਦਾ ਕੋਈ ਜ਼ਿਕਰ ਨਹੀ ਹੈ। ‘ਅਵਤਾਰ’ ਅਤੇ ‘ਅਉਤਾਰ’ ਲਫ਼ਜ਼ ਸੰਸਕ੍ਰਿਤ ਦੀਆਂ ਦੋ ਸਮਾਨਰਥਕ ਸੰਗਿਆਵਾਂ ਹਨ, ਜਿਨ੍ਹਾਂ ਦਾ ਮੁੱਢਲਾ ਅਰਥ ਹੈ: ਜਨਮ। ‘ਅਵਤਾਰ’ ਤੋਂ ਕਾਰਦੰਤਕ (Past Participle) ਬਣਦਾ ਹੈ ‘ਅਵਤਰਿ’, ਜਿਸ ਦਾ ਅਰਥ ਹੈ: ਜਨਮ ਲੈ ਕੇ ਜਾਂ ਜਨਮ ਧਾਰਨ ਕਰਕੇ। ਗੁਰਬਾਣੀ ਵੀ ਇਨ੍ਹਾਂ ਅਰਥਾਂ ਦੀ ਪੁਸ਼ਟੀ ਕਰਦੀ ਹੈ। ਜਿਵੇਂ:

ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ।।

ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ।। {ਗੁ. ਗ੍ਰੰ. ਪੰ. ੨੧੪}

ਅਰਥ:- (ਹੇ ਮਿੱਤਰ! ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ) ਹਵਨ ਕੀਤੇ ਜੱਗ ਕੀਤੇ ਤੀਰਥ-ਇਸ਼ਨਾਨ ਕੀਤੇ, ਉਹ (ਇਹਨਾਂ ਕੀਤੇ ਕਰਮਾਂ ਦੀ) ਹਉਮੈ ਵਿੱਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ। ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ, ਤੇ ਮੁੜ ਮੁੜ ਜਨਮ ਹੁੰਦਾ ਹੈ। ਭਾਵ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ। ੨।

ਅਵਤਰਿ ਆਇ ਕਹਾ ਤੁਮ ਕੀਨਾ।।

ਰਾਮ ਕੋ ਨਾਮੁ ਨ ਕਬਹੂ ਲੀਨਾ।। {ਗੁ. ਗ੍ਰੰ. ਪੰ. ੭੯੨}

ਅਰਥ: — (ਹੇ ਭਾਈ!) ਤੂੰ ਪਰਮਾਤਮਾ ਦਾ ਨਾਮ (ਤਾਂ) ਕਦੇ ਸਿਮਰਿਆ ਨਹੀਂ, ਫਿਰ ਜਗਤ ਵਿੱਚ ਆ ਕੇ ਜਨਮ ਲੈ ਕੇ ਤੂੰ ਕੀਹ ਕੀਤਾ? (ਭਾਵ, ਤੂੰ ਕੁੱਝ ਭੀ ਨਾਹ ਖੱਟਿਆ)। ੧।

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ, ਅਹੋਈ ਰਾਖੈ ਨਾਰਿ।।

ਗਦਹੀ ਹੋਇ ਕੈ ਅਉਤਰੈ, ਭਾਰੁ ਸਹੈ ਮਨ ਚਾਰਿ।। {ਗੁ. ਗ੍ਰੰ. ਪੰ. ੧੩੭੦}

ਅਰਥ: — ਹੇ ਕਬੀਰ! ਰਾਮ-ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦੀ ਵਰਤ ਰੱਖਦੀ ਫਿਰਦੀ ਹੈ। (ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਜਨਮ ਲੈਂਦੀ ਹੈ ਤੇ (ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ) ਚਾਰ ਮਣ ਭਾਰ ਢੋਂਦੀ ਹੈ।

ਪਰ, ਪੁਰਾਣਿਕ ਦ੍ਰਿਸ਼ਟੀਕੋਨ ਤੋਂ ਅਵਤਾਰ ਲਫ਼ਜ਼ ਦਾ ਅਰਥ ਹੈ ‘ਉਤਰਨਾ’ ਅਰਥਾਤ ਹੇਠਾਂ ਆਉਣ ਦੀ ਕ੍ਰਿਆ। ਕਿਉਂਕਿ, ਗੀਤਾ ਦੇ ਉਪਰੋਕਤ ਸ਼ਲੋਕ ਮੁਤਾਬਿਕ ਬ੍ਰਾਹਮਣਾਂ ਦੀ ਮਨੌਤ ਹੈ ਕਿ ਵਿਸ਼ਨੂੰ ਭਗਵਾਨ (ਪਰਮਾਤਮਾ) ਆਪਣੇ ਅਕਾਸ਼ੀ ਬੈਕੁੰਠ ਧਾਮ ਤੋਂ ਮਾਤਲੋਕ ਵਿੱਚ ਹੇਠਾਂ ਉਤਰਦੇ ਹਨ। ਸੰਸਕ੍ਰਿਤ ਦੀ ਵਿਉਪਤੀ ਹੈ ‘ਅਵਤਰਣਮ ਅਵਤਾਰਾ’। ਉਤਰਨ ਵਾਲਾ ਅਵਤਾਰ ਹੁੰਦਾ ਹੈ। ਇਹੀ ਕਾਰਨ ਹੈ ਕਿ ਹਿੰਦੂ ਮਿਥਿਹਾਸ ਕੋਸ਼ ਵਿੱਚ ‘ਅਵਤਾਰ’ ਸ਼ਬਦ ਦੀ ਵਿਆਖਿਆ ਦੇ ਅੰਦਰਾਜ਼ ਵਿੱਚ ਲਿਖਿਆ ਹੈ: ‘ਉਤਰਨ ਵਾਲਾ’ ਦੇਵਤੇ ਦਾ ਅਵਤਾਰ, ਵਿਸ਼ੇਸ਼ ਕਰਕੇ ਵਿਸ਼ਨੂੰ ਦਾ ਅਵਤਾਰ।

ਇਸ ਕੋਸ਼ ਮੁਤਾਬਿਕ ਅਵਤਾਰਵਾਦ ਦਾ “ਸਭ ਤੋਂ ਪਹਿਲਾ ਸੰਕੇਤ ‘ਅਵਤਾਰ’ ਦਾ ਨਾ ਹੋ ਕੇ, ਸਗੋਂ ਉਸ ਵਸਤੂ ਦਾ ਹੈ, ਜਿਸ ਦਾ ਪਿਛੋਂ ਜਾ ਕੇ ਅਵਤਾਰ ਦੇ ਰੂਪ ਵਿੱਚ ਵਿਕਾਸ ਹੋਇਆ। ਰਿਗ ਵੇਦ ਵਿੱਚ ‘ਅਜੇਯ ਰੱਖਿਅਕ ਵਿਸ਼ਣੂ’ ਦੇ ‘ਤਿੰਨ ਕਦਮਾਂ’ ਦੇ ਵਰਨਣ ਵਿੱਚ ਮਿਲਦਾ ਹੈ, ਜਿਸ ਨੇ ਇਸ ਬ੍ਰਹਿਮੰਡ ਨੂੰ ਮਿਣਿਆ ਅਤੇ ਤਿੰਨ ਥਾਵਾਂ ਤੇ ਆਪਣੇ ਪਦ ਚਿੰਨਾਂ ਨੂੰ ਲਾਇਆ।” ਮੁੱਢਲੇ ਭਾਸ਼ਕਾਰ ਇਨ੍ਹਾਂ ਤਿੰਨਾਂ ਥਾਵਾਂ ਨੂੰ ਪ੍ਰਿਥਵੀ, ਪੁਲਾੜ ਅਤੇ ਅਕਾਸ਼ ਸਮਝਦੇ ਹਨ ਅਤੇ ਇਸ ਤਰ੍ਹਾਂ ਵਿਸ਼ਣੂ ਨੂੰ ਪ੍ਰਿਥਵੀ ਉੱਤੇ ਅੱਗ, ਪੁਲਾੜ ਵਿੱਚ ਬਿਜਲੀ ਅਤੇ ਅਕਾਸ਼ ਵਿੱਚ ਸੂਰਜ ਦੇ ਰੂਪ ਵਿੱਚ ਮੰਨਦੇ ਹਨ। ਪਰ, ਚੌਧਵੀਂ ਸਦੀ ਦਾ ਭਾਸ਼ਕਰ ਸਾਯਣ, ਇਨ੍ਹਾਂ ਤਿੰਨਾਂ ਕਦਮਾਂ ਨੂੰ ਵਿਸ਼ਣੂ ਵਲੋਂ ਵਾਮਨ (ਬੌਣਾ) ਅਵਤਾਰ ਦੇ ਰੂਪ ਵਿੱਚ ਰਾਜੇ ਬਲ ਨੂੰ ਛਲਣ ਲਈ ਉਠਾਏ ਤਿੰਨ ਕਦਮ ਮੰਨਦਾ ਹੈ, ਜਿਨ੍ਹਾਂ ਵਿੱਚ ਉਸ ਨੇ ਆਪਣੇ ਦੋ ਕਦਮਾਂ ਵਿੱਚ ਪ੍ਰਿਥਵੀ ਤੇ ਅਕਾਸ਼ ਨੂੰ ਮਿਣਿਆ ਅਤੇ ਤੀਸਰੇ ਵਿੱਚ ਪਾਤਾਲ।

ਇਸ ਪ੍ਰਕਾਰ ਦੀਆਂ ਲਿਖਤਾਂ ਤੋਂ ਜਿਥੇ ਇਹ ਪਤਾ ਚਲਦਾ ਹੈ ਕਿ ਅਵਤਾਰਵਾਦ ਦਾ ਅਧਾਰ ਵਿਦਵਾਨਾਂ ਦੀ ਇੱਕ ਕਪੋਲ ਕਲਪਨਾ ਹੈ, ਜੋ ਕੇਵਲ ਮਾਨਵੀ ਮਨੌਤਾਂ ਤੇ ਅਧਾਰਿਤ ਹੈ, ਅਸਲੀਅਤ ਕੁੱਝ ਵੀ ਨਹੀ। ਉਥੇ, ਇਹ ਵੀ ਸਿੱਧ ਹੁੰਦਾ ਹੈ ਕਿ ਰਿਗ ਵੇਦ ਵਿਚਲੇ ‘ਤਿੰਨ ਕਦਮ’ ਹੀ ‘ਹਿੰਦੂ ਤ੍ਰੈਮੂਰਤੀ’ ਦਾ ਅਧਾਰ ਬਣੇ। ਪਹਿਲਾਂ ਕੁਦਰਤੀ ਸ਼ਕਤੀਆਂ ਦੇ ਤੌਰ ‘ਤੇ ਅਗਨੀ, ਸੂਰਜ ਤੇ ਵਾਯੂ / ਇੰਦਰ ਦੇ ਰੂਪ ਵਿੱਚ ਤੇ ਫਿਰ ਪੁਰਾਣਿਕ ਯੁੱਗ ਵਿੱਚ ਬ੍ਰਹਮਾ, ਵਿਸ਼ਨੂ ਤੇ ਮਹੇਸ਼ (ਸ਼ਿਵ) ਦੇ ਰੂਪ ਵਿੱਚ।

ਪੁਰਾਣਿਕ ਗ੍ਰੰਥਾਂ ਵਿੱਚ ਬ੍ਰਹਮਾ, ਸ਼ਿਵਜੀ ਅਤੇ ਖਾਸ ਕਰਕੇ ਵਿਸ਼ਨੂ ਦੇ ਅਵਤਾਰਾਂ ਦੇ ਨਾਮ ਤੇ ਗਿਣਤੀ ਭਾਵੇਂ ਵੱਖ ਵੱਖ ਹੈ। ਪਰ, ਭਾਰਤੀ ਮੱਤ-ਮਤਾਂਤਰਾਂ ਵਿੱਚ ਵਿਸ਼ਨੂੰ ਦੇ ਜਿਹੜੇ ੧੦ ਅਵਤਾਰਾਂ ਦਾ ਵਿਸ਼ੇਸ਼ ਦਰਜਾ ਮੰਨਿਆਂ ਜਾਂਦਾ ਹੈ, ਉਹ ਹਨ ਮਹਾਂਭਾਰਤ ਵਿਚਲੇ ੧੦ ਅਵਤਾਰ, ਜਿਨ੍ਹਾਂ ਵਿਚੋਂ ਵੀ ਵਧੇਰੇ ਮਿਥਿਹਾਸਕ ਤੇ ਅਪ੍ਰਕ੍ਰਿਤਕ (Unnatural) ਹਨ। ਜਿਵੇਂ: ਮੱਛ (Milter), ਕੱਛ (Tortoise), ਵਰਾਹ (Pig), ਨਰਸਿੰਹ, ਵਾਮਨ, ਪਰਸਰਾਮ, ਰਾਮਚੰਦ੍ਰ, ਕ੍ਰਿਸ਼ਨ, ਬੁੱਧ ਤੇ ਕਲਕੀ। ਭਾਗਵਤ ਪੁਰਾਣ ਵਿੱਚ ਵਿਸ਼ਨੂੰ ਦੇ ਅਵਤਾਰਾਂ ਦੀ ਗਿਣਤੀ ੨੨ ਹੈ। ਪਰ, ਉਥੇ ਨਾਲ ਇਹ ਵੀ ਲਿਖਿਆ ਹੈ ਕਿ ਜਿਵੇਂ “ਅਮੁੱਕ ਝੀਲ ਵਿਚੋਂ ਅਨੇਕਾਂ ਨਦੀਆਂ ਫੁੱਟਦੀਆਂ ਹਨ, ਇਸੇ ਤਰ੍ਹਾਂ ਵਿਸ਼ਣੂ ਦੇ ਅਵਤਾਰ ਵੀ ਅਣਗਿਣਤ ਹਨ। ਰਿਸ਼ੀ ਮਨੂ, ਦੇਵਤੇ, ਮਨੂ ਦੇ ਪੁੱਤਰ ਅਤੇ ਪ੍ਰਜਾਪਤੀ ਸਭ ਉਸ ਦੇ ਅੰਸ਼ ਹਨ”।

ਇਹੀ ਕਾਰਣ ਹੈ ਕਿ ਇੰਟਰਨੈਟ ਦੇ ਅਜੋਕੇ ਵਿਗਿਆਨਕ ਯੁੱਗ ਵਿੱਚ ਤਾਂ ਪੁਰਾਣਿਕ ਅਵਤਾਰਾਂ ਦੇ ਉਪਾਸ਼ਕਾਂ ਨੂੰ ਭਾਵੇਂ ਕਈ ਕਿਸਮ ਦੇ ਅਜਿਹੇ ਸੁਆਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦਾ ਉਨ੍ਹਾਂ ਪਾਸ ਕੋਈ ਉੱਤਰ ਨਹੀ ਹੈ। ਜਿਵੇਂ: ਸਾਰੀ ਧਰਤੀ ਦੇ ਪ੍ਰਾਣੀਆਂ ਦੇ ਦੂਖ ਦੂਰ ਕਰਨ ਦੀ ਗੱਲ ਤਾਂ ਕਿਤੇ ਰਹੀ, ਕਿਸੇ ਇੱਕ ਦੇਸ਼ ਦਾ ਹੀ ਨਾਮ ਦੱਸੋ, ਜਿਥੇ ਲੋਕਾਂ ਦੇ ਦੁੱਖ ਦੂਰ ਕਰਨ ਵਾਸਤੇ ਕਿਸੇ ਅਵਤਾਰ ਜਾਂ ਦੇਵਤੇ ਨੇ ਕੋਈ ਸਰਬ ਸਾਂਝੇ ਸੁਧਾਰਵਾਦੀ ਜਤਨ ਕੀਤੇ ਹੋਣ? ਮੱਛ (Big fish), ਕੱਛ (ਕੱਛੂਆ) ਤੇ ਵਰਾਹ (ਸੂਰ) ਵਰਗੇ ਅਵਤਾਰਾਂ ਬਾਰੇ ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਉਹ ਜੀਵਾਂ ਦਾ ਭੋਜਨ ਬਣਕੇ ਕੁੱਝ ਥੋੜੇ ਜਿਹੇ ਸੀਮਤ ਸਮੇਂ ਲਈ ਭੁੱਖ ਦਾ ਦੁੱਖ ਤਾਂ ਮਿਟਾ ਸਕਦੇ ਹਨ। ਪਰ, ਉਹ ਸੰਸਾਰਕ ਜੀਵਾਂ ਦਾ ਸ਼ਖ਼ਸੀ ਤੇ ਸਮਾਜਿਕ ਸੁਧਾਰ ਕਿਸ ਰੂਪ ਵਿੱਚ ਕਰ ਸਕਦੇ ਹਨ?

ਦੈਂਤਾਂ ਤੇ ਦੇਵਤਿਆਂ ਵਲੋਂ ਸਮੁੰਦਰ ਰਿੜਕਣ ਵਾਲਾ ਸਾਕਾ ਕਿਸ ਧਰਤੀ ‘ਤੇ ਵਾਪਰਿਆ ਸੀ? ਤੇ ਇਸ ਰੇੜਕੇ ਵਿੱਚ ਸੁਮੇਰ ਪ੍ਰਬਤ ਦੀ ਮਧਾਣੀ ਹੇਠਾਂ ਪਿੱਠ ਦੇਣ ਸਮੇਂ ‘ਕੱਛ’ ਅਵਤਾਰ ਦੀ ਪਿੱਠ ਇੱਕ ਲੱਖ ਯੋਜਨ ਮੀਲ (੪ ਲੱਖ ਮੀਲ) ਲਿਖੀ ਹੈ। ਪਰ, ਅਜੋਕੇ ਭੂਗੋਲਿਕ ਵਿਗਿਆਨੀਆਂ ਅਨੁਸਾਰ ਧਰਤੀ ਦੀ ਸਾਰੀ ਗੁਲਾਈ ਪੰਝੀ ਹਜ਼ਾਰ (੨੫੦੦੦) ਮੀਲ ਹੈ। ਇਸ ਲਈ ਦੱਸੋ ਕਿ ਇਤਨੇ ਕੁ ਘੇਰੇ ਵਾਲੀ ਗੋਲ ਧਰਤੀ ਦੇ ਪਾਣੀ ਵਿੱਚ ਏਡੇ ਆਕਾਰ ਦੀ ਚਪਟੀ ਪਿੱਠ ਕਿਵੇਂ ਡੁੱਬ ਸਕਦੀ ਹੈ?

ਪਰ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਰਗੀ ਅਤਿ ਕੋਮਲ ਤੇ ਸਮਦ੍ਰਿਸ਼ਟ ਸ਼ਖ਼ਸੀਅਤ ਨੂੰ ਤਾਂ ਅੱਜ ਤੋਂ ੫੦੦ ਸਾਲ ਪਹਿਲਾਂ ਵੀ ਮਾਨਵ ਹਿੱਤਾਂ ਨੂੰ ਸਾਹਮਣੇ ਰਖਦਿਆਂ ਸੁਧਾਰਵਾਦੀ ਦਿਸ਼੍ਰਟੀਕੋਨ ਤੋਂ ਤਰਕਮਈ ਭਾਸ਼ਾ ਵਿੱਚ, ਅਵਤਾਰਾਂ ਦੇ ਸੁਭਾਅ ਅਤੇ ਵਿਹਾਰ ਨੂੰ ਧਿਆਨ ਵਿੱਚ ਰਖ ਕੇ ਹੇਠ ਲਿਖੇ ਪ੍ਰਸ਼ਨਵਾਚਕ ਸ਼ਬਦ ਕਹਿਣੇ ਪਏ, ਜਿਨ੍ਹਾਂ ਦੇ ਅਰਥ ਇਸ ਪ੍ਰਕਾਰ ਹਨ ਕਿ (ਸੂਝਵਾਨ ਲੋਕ ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ, (ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿੱਚ ਮਸਤ ਰਹਿੰਦਾ ਹੈ, (ਪਰ ਉਸ ਦੇ ਅੰਦਰ ਭੀ) ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ। ਵਿਸ਼ਨੂ ਸਦਾ ਅਵਤਾਰ ਧਾਰਨ ਵਿੱਚ ਰੁੱਝਾ ਹੋਇਆ ਦੱਸਿਆ ਜਾ ਰਿਹਾ ਹੈ। (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ? ਸਪਸ਼ਟ ਹੈ ਕਿ ਸਤਿਗੁਰੂ ਜੀ ਨੇ ਇੱਕ ਸੱਭਿਅਕ ਜੁਗਤਿ ਰਾਹੀਂ ਵੇਦ ਬਾਣੀ ਨੂੰ ਮਾਇਆ ਮੋਹ ਦਾ ਪਸਾਰਾ ਦਸਦਿਆਂ ਵਿਸ਼ਨੂੰ ਦੇ ਅਵਤਾਰੀ ਖੇਲ ਨੂੰ, ਜਿਥੇ, ਇੱਕ ਸ਼ੁਗਲੀ ਰੁਝੇਵਾਂ ਦੱਸਿਆ। ਉਥੇ, ਕਿਸੇ ਅਜਿਹੀ ਸੰਭਾਵਨਾਂ ਨੂੰ ਵੀ ਮੁੱਢੋ ਰੱਦ ਕਰ ਦਿੱਤਾ ਕਿ ਐਸੇ ਅਵਤਾਰਾਂ ਰਾਹੀਂ ਮਾਨਵਤਾ ਦਾ ਕੋਈ ਭਲਾ ਹੋ ਸਕਦਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਹਨ:

ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ।।

ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ।। ੨।।

ਕਿਸਨੁ (ਵਿਸਨੂੰ) ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ।।

ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ।। ੩।। {ਗੁ. ਗ੍ਰੰ. ਪੰ. ੫੫੮}
.