.

ਸਬਦਿ ਸਵਾਰਣਹਾਰੁ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮਾਝ ਰਾਗ ਦੀ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਏ। ਵਾਰ ਦਾ ਅਸਲ ਰੂਪ ਪਉੜੀਆਂ ਹੀ ਸਨ, ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਨਾਲ ਲਗਾਏ ਹਨ। ਜੋ ਸਲੋਕ ਵਾਰਾਂ ਦੀਆਂ ਪਉੜੀਆਂ ਤੋਂ ਵੱਧ ਗਏ ਉਹਨਾਂ ਦਾ ਸਿਰਲੇਖ ਹੀ ਵੱਖਰਾ ਰੱਖ ਦਿੱਤਾ ਗਿਆ ਸਲੋਕ ਵਾਰਾਂ ਤੇ ਵਧੀਕ ਜੋ ਗੁਰੂ ਗ੍ਰੰਥ ਦੇ ਅਖੀਰਲੇ ਪੰਨਿਆਂ ਤੇ ਅੰਕਤ ਹਨ। ਮਾਝ ਰਾਗ ਦੀ ਵਾਰ ਦਾ ਮੁੱਖ ਭਾਵ ਕਰਤਾਰ ਦੇ ਰਚੇ ਬਹੁ ਰੰਗੀ ਜਗਤ ਦੀ ਮਮਤਾ ਮਨੁੱਖ ਲਈ ਦੁੱਖਾਂ ਦਾ ਮੂਲ ਕਾਰਨ ਹੈ। ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਗੁਣਾਂ ਦੀ ਵੀਚਾਰ ਕੀਤਿਆਂ ਹੀ ਇਸ ਤੋਂ ਬਚ ਸਕੀਦਾ ਹੈ। ਜੰਗਲ ਵਾਸ, ਵਿਦਿਆ, ਉਚੀ ਜਾਤ, ਧਾਰਮਿਕ ਭੇਖ, ਪਾਠ ਜਾਂ ਕੋਈ ਸਿਆਣਪ ਚੁਤਰਾਈ ਇਸ ਤੋਂ ਬਚਾ ਨਹੀਂ ਸਕਦੇ। ਇਸ ਲਈ ਪ੍ਰਭੂ ਦੇ ਦਰ ਤੋਂ ਸਾਨੂੰ ਹਮੇਸ਼ਾਂ ਗੁਰੂ ਦੀ ਸਰਣ, ਸ਼ਬਦ ਵੀਚਾਰ ਤੇ ਪਰਮਾਤਮਾ ਦੇ ਗੁਣਾਂ ਦੀ ਮੰਗ ਹੀ ਕਰਨੀ ਚਾਹੀਦੀ ਹੈ। ਇਸ ਵਾਰ ਦੀ ਬਾਰ੍ਹਵੀਂ ਪਉੜੀ ਤੇ ਦੋ ਸਲੋਕਾਂ ਦਾ ਅਧਾਰ ਬਣਾ ਕੇ ਸ਼ਬਦ ਦੀ ਵੀਚਾਰ ਤੋਂ ਰੱਬੀ ਗੁਣਾਂ ਦੁਆਰਾ ਆਪਣੇ ਆਪ ਨੂੰ ਖੋਟਿਉਂ ਖਰੇ ਬਣਉਣ ਦਾ ਸੱਦਾ ਹੈ। ਖੋਟੇ ਸਿੱਕੇ ਖਜ਼ਾਨੇ ਵਿੱਚ ਨਹੀਂ ਰੱਖੇ ਜਾਂਦੇ। ਅਸਲੀ ਸਿੱਕਿਆਂ ਦੀ ਹੀ ਸੰਭਾਲ ਕੀਤੀ ਜਾਂਦੀ ਹੈ। ਖੋਟੇ ਸਿੱਕੇ ਜ਼ਿਆਦਾ ਚਮਕਦੇ ਹਨ, ਪਰ ਪਰਖ ਉਹ ਹੀ ਕਰ ਸਕਦਾ ਹੈ ਜਿਸ ਨੂੰ ਪਹਿਚਾਣ ਹੋਵੇ। ਇਹਨਾਂ ਵਾਕਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਛੋਟੀ ਜੇਹੀ ਘਟਨਾ ਨੂੰ ਧਿਆਨ ਵਿੱਚ ਲਿਆਂਦਾ ਜਾਏ ਤਾਂ ਹੋਰ ਵੀ ਸੌਖੇ ਢੰਗ ਨਾਲ ਸਮਝ ਆ ਸਕਦੀ ਹੈ। ਕਹਿੰਦੇ ਨੇ ਹੀਰਿਆਂ ਦਾ ਵਪਾਰ ਕਰਨ ਵਾਲਾ ਵਪਾਰੀ ਮਰ ਗਿਆ। ਉਸ ਦੇ ਬੱਚੇ ਨੇ ਆਪਣੀ ਮਾਂ ਪਾਸੋਂ ਬਾਪ ਦੇ ਰੱਖੇ ਹੋਏ ਹੀਰੇ ਲੈ ਕੇ ਆਪਣੇ ਚਾਚਾ ਜੀ ਦੀ ਦੁਕਾਨ ਤੇ ਵੇਚਣ ਲਈ ਗਿਆ। ਚਾਚਾ ਜੀ ਨੇ ਦੇਖਿਆ ਕਿ ਇਹ ਤੇ ਸਾਰੇ ਹੀਰੇ ਨਕਲੀ ਚੁੱਕੀ ਫਿਰਦਾ ਏ, ਜੇ ਇਸ ਨੂੰ ਮੈਂ ਕਿਹਾ ਕਿ ਬੇਟਾ ਜੀ ਇਹ ਸਾਰੇ ਹੀਰੇ ਨਕਲੀ ਹਨ ਤਾਂ ਇਸ ਨੇ ਤੇ ਇਸ ਦੀ ਮਾਂ ਨੇ ਆਖਣਾ ਏਂ ਇੱਕ ਬਾਪ ਮਰ ਗਿਆ ਦੂਜਾ ਸ਼ਰੀਕਾ ਹੋਣ ਦੇ ਨਾਤੇ ਸਾਡੇ ਅਸਲੀ ਹੀਰਿਆਂ ਨੂੰ ਵੀ ਨਕਲੀ ਹੀ ਦੱਸੀ ਜਾਂਦੇ ਹਨ। ਚਾਚਾ ਜੀ ਨੇ ਦੂਰ ਦੀ ਸੋਚ ਕੇ ਆਖਿਆ, ਪੁੱਤਰ ਜੀ ਅਜੇ ਹੀਰਿਆਂ ਦਾ ਭਾਅ ਠੀਕ ਨਹੀਂ ਹੈ ਇਸ ਲਈ ਇਹਨਾਂ ਹੀਰਿਆਂ ਨੂੰ ਘਰ ਰੱਖੋ ਤੁਸੀਂ ਮੇਰੀ ਦੁਕਾਨ ਤੇ ਕੰਮ ਕਰੋ ਜਦੋਂ ਭਾਅ ਠੀਕ ਹੋ ਜਾਏਗਾ ਉਸ ਵੇਲੇ ਹੀਰਿਆਂ ਨੂੰ ਵੇਚ ਲਿਆ ਜਾਏਗਾ। ਚਾਚਾ ਜੀ ਨੇ ਉਸ ਬੱਚੇ ਨੂੰ ਹੀਰੇ ਪਰਖਣ ਤੇ ਰੱਖ ਲਿਆ। ਹੀਰੇ ਪਰਖਦਿਆਂ ਪਰਖਦਿਆਂ ਬੱਚੇ ਨੂੰ ਸਮਝ ਆ ਗਈ ਅਸਲੀ ਹੀਰੇ ਕਿਹੜੇ ਹਨ ਤੇ ਨਕਲੀ ਹੀਰੇ ਕਿਹੜੇ ਹਨ। ਇਹ ਸਮਝ ਪੈਂਦਿਆਂ ਹੀ ਬੱਚੇ ਨੇ ਘਰ ਆ ਕੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਪਿਤਾ ਜੀ ਦੇ ਰੱਖੇ ਹੋਏ ਹੀਰੇ ਸਾਰੇ ਹੀ ਨਕਲੀ ਹਨ। ਇਹਨਾਂ ਹੀਰਿਆਂ ਨੂੰ ਬਾਹਰ ਸੁੱਟ ਦਿਉ ਇਹ ਕਿਸੇ ਕੰਮ ਨਹੀਂ ਹਨ। ਮਾਂ ਪੁੱਤ ਦੋਨੋਂ ਜਣੇ ਚਾਚੇ ਦੀ ਦੁਕਾਨ ਤੇ ਆਏ, ਤੇ ਕਹਿਣ ਲੱਗੇ ਵੀਰਾ ਜੇ ਤੈਨੂੰ ਪਹਿਲਾਂ ਪਤਾ ਸੀ ਕਿ ਇਹ ਹੀਰੇ ਨਕਲੀ ਹਨ ਤਾਂ ਤੁਸੀਂ ਉਸ ਵੇਲੇ ਹੀ ਕਹਿ ਦੇਂਦੇ ਅਸੀਂ ਐਵੇਂ ਹੀ ਨਕਲੀ ਹੀਰਿਆਂ ਨੂੰ ਸਾਂਭਦੇ ਰਹੇ। ਚਾਚੇ ਨੇ ਉੱਤਰ ਬਹੁਤ ਹੀ ਕਮਾਲ ਦਾ ਦਿੱਤਾ, ਆਖਿਆ ਜੇ ਮੈਂ ਉਸ ਦਿਨ ਕਹਿ ਦੇਂਦਾ ਹੀਰੇ ਨਕਲੀ ਹਨ ਤਾਂ ਤੁਸਾਂ ਸਾਰਿਆਂ ਨੇ ਆਖਣਾ ਸੀ ਇੱਕ ਵਿਚਾਰੇ ਦਾ ਪਿਉ ਮਰ ਗਿਆ ਹੈ ਦੂਜਾ ਚਾਚੇ ਨੇ ਸਾਡੇ ਅਸਲੀ ਹੀਰਿਆਂ ਨੂੰ ਵੀ ਨਕਲੀ ਹੀਰੇ ਕਹਿ ਦਿੱਤਾ ਹੈ। ਮੈਂ ਇਹ ਚਹੁੰਦਾ ਸੀ ਬੱਚਾ ਖੁਦ ਹੀ ਇਹ ਫੈਸਲਾ ਕਰੇ ਅਸਲੀ ਕੀ ਹੈ ਤੇ ਨਕਲ ਕੀ ਹੈ। ਅੱਜ ਮੈਨੂੰ ਇਹਤੇ ਖੁਸ਼ੀ ਹੈ ਕਿ ਭਤੀਜੇ ਨੂੰ ਇਹ ਸਮਝ ਆ ਗਈ ਹੈ ਕਿ ਅਸਲ ਤੇ ਨਕਲ ਵਿੱਚ ਫਰਕ ਕੀ ਹੁੰਦਾ ਹੈ। ਇਹ ਸਾਰੀ ਘਟਨਾ ਸਿੱਖ ਕੌਮ ਤੇ ਢੁੱਕਦੀ ਹੈ। ਜਿਹਨਾਂ ਨਕਲੀ ਕਰਮ ਕਾਂਡਾਂ ਨੂੰ ਗੁਰੂ ਨਾਨਕ ਦੀ ਸੋਚ ਨੇ ਰੱਦ ਕੀਤਾ ਸੀ ਅੱਜ ਉਹ ਹੀ ਕਰਮਕਾਂਡ ਸਿੱਖੀ ਵਿੱਚ ਪਰਧਾਨ ਹੋ ਗਏ ਹਨ। ਗੁਮਰਾਹਕੁੰਨ ਇਤਿਹਾਸ ਦੀਆਂ ਸਾਖੀਆਂ, ਗੁਰਬਾਣੀ ਦੇ ਭਾਵ ਅਰਥ ਨੂੰ ਉਲਟਾ ਕਿ ਪੇਸ਼ ਕਰਨਾ ਸੰਤ ਲਾਣੇ ਦਾ ਮੁੱਖ ਮਕਸਦ ਰਹਿ ਗਿਆ ਹੈ। ਵਿਗਿਆਨ, ਸਿਧਾਂਤ ਤੇ ਭਾਵ ਅਰਥ ਨੂੰ ਸਾਹਮਣੇ ਰੱਖ ਕੇ ਗੁਰਬਾਣੀ ਦੇ ਅਰਥ ਬੋਧ ਨੂੰ ਸਮਝਿਆਂ ਇਹ ਸਮਝ ਅਉਂਦੀ ਹੈ ਕੇ ਸਿੱਖੀ ਵਿੱਚ ਨਕਲ ਕੀ ਹੈ ਤੇ ਅਸਲ ਕੀ ਹੈ।
ਇਸ ਪਉੜੀ ਦੇ ਇੱਕ ਸਲੋਕ ਵਿੱਚ ਅਸੀਂ ਪੁੱਤਰਾਂ ਦੁਆਰਾ ਸੰਸਾਰ ਵਿੱਚ ਆਪਣੇ ਖਾਨਦਾਨ ਨੂੰ ਵਧਾਉਣ ਤੇ ਹੀ ਜ਼ੋਰ ਦੇ ਰਹੇ ਹਾਂ। ਖੋਟੀਆਂ ਗੱਲਾਂ ਨੂੰ ਪੱਲੇ ਬੰਨਿਆਂ ਜਾ ਰਿਹਾ ਹੈ ਤੇ ਅਸਲੀ ਤੋਂ ਕੰਨੀ ਕੁਤਰਾਈ ਜਾ ਰਹੀ ਹੈ। ਪਹਿਲੇ ਪਉੜੀ ਦੇ ਮੂਲ ਪਾਠ ਵਲ ਨਿਗਾਹ ਮਾਰਦੇ ਹਾਂ।
ਆਪੇ ਕੁਦਰਤਿ ਸਾਜਿ ਕੈ, ਆਪੇ ਕਰੇ ਬੀਚਾਰੁ॥
ਇਕਿ ਖੋਟੇ ਇਕਿ ਖਰੇ, ਆਪੇ ਪਰਖਣਹਾਰੁ॥
ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ॥
ਖੋਟੇ ਸਚੀ ਦਰਗਹ ਸਟੀਅਹਿ, ਕਿਸੁ ਆਗੇ ਕਰਹਿ ਪੁਕਾਰ॥
ਸਤਿਗੁਰੁ ਪਿਛੈ ਭਜਿ ਪਵਹਿ, ਏਹਾ ਕਰਣੀ ਸਾਰੁ॥
ਸਤਿਗੁਰੁ ਖੋਟਿਅਹੁ ਖਰੇ ਕਰੇ, ਸਬਦਿ ਸਵਾਰਣ ਹਾਰੁ॥
ਸਚੀ ਦਰਗਾਹ ਮੰਨੀਅਨਿ ਗੁਰ ਕੇ ਪ੍ਰੇਮ ਪਿਆਰਿ॥
ਗਣਤ ਤਿਨਾ ਦੀ ਕੋ ਕਿਆ ਕਰੇ, ਜੋ ਆਪ ਬਖਸੇ ਕਰਤਾਰਿ॥ 12॥
ਪੰਨਾ –143॥

ਖੋਟੇ ਸਿੱਕੇ ਕਿਸੇ ਕੰਮ ਨਹੀਂ ਅਉਂਦੇ, ਉਹਨਾਂ ਨੂੰ ਹਮੇਸ਼ਾਂ ਖਜ਼ਾਨੇ ਤੋਂ ਬਾਹਰਵਾਰ ਸੁੱਟਿਆ ਜਾਂਦਾ ਹੈ। ਖੋਟਿਆਂ ਦੀ ਖੋਟ ਦੂਰ ਕਰਨ ਲਈ ਅੱਗਨੀ ਪ੍ਰੀਖਿਆ ਵਿਚੋਂ ਦੀ ਲੰਘਣਾ ਪੈਂਦਾ ਹੈ। ਮਨੁੱਖ ਦੀ ਖੋਟ ਦੂਰ ਕਰਨ ਲਈ ਸ਼ਬਦ ਦੀ ਪ੍ਰੀਖਿਆ ਦਾ ਮਾਪਦੰਡ ਰੱਖਿਆ ਗਿਆ ਹੈ। ਸ਼ਬਦ ਦੀਆਂ ਅਰੰਭਕ ਤੁਕਾਂ ਵਲ ਧਿਆਨ ਮਾਰਿਆਂ ਪਤਾ ਚਲਦਾ ਏ ਕਿ ਇਹ ਸੰਸਾਰ ਪਰਮਾਤਮਾ ਦੇ ਬੱਜਵੇਂ ਨਿਯਮ ਅਧੀਨ ਉਸਰਿਆ ਹੈ। ਹੌਲ਼ੀ ਹੌਲ਼ੀ ਇਸਦਾ ਵਿਕਾਸ ਹੋਇਆ ਹੈ। ਹਰ ਪੈਦਾ ਹੋਣ ਵਾਲੀ ਚੀਜ਼ ਸਮੇਂ ਅਨੁਸਾਰ ਆਪਣੇ ਆਪ ਪੈਦਾ ਹੋ ਰਹੀ ਹੈ। ਮਨੁੱਖਤਾ ਵੀ ਏਸੇ ਨਿਯਮ ਅਧੀਨ ਵਿਕਾਸ ਸ਼ੀਲ ਹੈ। ਅਟੱਲ ਨਿਯਮਾਂ ਅਧੀਨ ਹੀ ਅਸੀਂ ਖੋਟੇ ਜਾਂ ਖਰੇ ਬਣਦੇ ਹਾਂ। ਖੋਟੇ ਜਾਂ ਖਰੇ ਬਣਨ ਵਿੱਚ ਰੱਬ ਜੀ ਦਾ ਕੋਈ ਕਸੂਰ ਨਹੀਂ ਹੈ। ਇਹ ਤੇ ਆਦਮੀ ਤੇ ਨਿਰਭਰ ਕਰਦਾ ਹੈ ਇਸ ਨੇ ਰਸਤਾ ਕਿਹੜਾ ਅਖਿਤਿਆਰ ਕਰਨਾ ਹੈ। ਜਿਹੜੇ ਰੱਸਤੇ ਵੀ ਚਲ ਪਿਆ ਮੰਜ਼ਲ ਉਹ ਹੀ ਆ ਜਾਣੀ ਹੈ। ਰਸਤਾ ਅਪਨਉਣ ਤੋਂ ਪਹਿਲਾਂ ਖੋਟੇ ਖਰੇ ਦੀ ਵਿਚਾਰ ਕਰ ਲਈ ਜਾਏ ਤਾਂ ਖੋਟਿਆਂ ਤੋਂ ਬਚਿਆ ਜਾ ਸਕਦਾ ਹੈ। ਖੋਟਿਆਂ ਦਾ ਭਾਵ ਮਨੁੱਖੀ ਮਹੱਤਤਾ ਦੇ ਮਾਪ ਦੰਡ ਤੋਂ ਥੱਲੇ ਵਿਚਰਨਾ ਮੰਨਿਆ ਗਿਆ ਹੈ। ਆਪੇ ਪਰਖਣਹਾਰ, ਮਨੁੱਖਤਾ ਦੀਆਂ ਉਚੀਆਂ ਕਦਰਾਂ ਕੀਮਤਾਂ ਵਾਲਾ ਅਟੱਲ ਨਿਯਮ ਜਿਸ ਰਾਂਹੀਂ ਇਹ ਪਤਾ ਚਲਦਾ ਹੈ ਮਨੁੱਖ, ਮਨੁੱਖ ਵਿੱਚ ਅੰਤਰ ਕੀ ਹੈ? ਖਰੇ ਖਜ਼ਾਨੇ ਪਾਈਅਹਿ-ਸਮਾਜਿਕ ਭਾਈਚਾਰਕ ਸਾਂਝ ਵਿੱਚ ਮਹੱਤਤਾ, ਗੁਣਵੱਤਾ ਦੀ ਗੱਲ ਕੀਤੀ ਗਈ ਹੈ।
ਇੱਕ ਅਹਿਮ ਸੁਆਲ ਖੜਾ ਹੁੰਦਾ ਏ, ਕੀ ਸਮਾਜ ਵਿੱਚ ਧੱਕੇ ਧੋੜੇ ਨਾਲ ਇਕੱਠੀ ਕੀਤੀ ਮਾਇਆ ਰਾਂਹੀਂ ਦਾਨ ਪੁੰਨ ਕਰਕੇ ਜਾਂ ਪਾਠ ਪੂਜਾ ਕਰਾ ਕੇ ਆਪਣੀ ਭੱਲ ਬਣਉਣ ਵਾਲਾ ਵੀ ਖਰਾ ਹੋ ਸਕਦਾ ਹੈ? ਨਹੀਂ ਸਮਾਂ ਪੈਣ ਤੇ ਅਜੇਹੇ ਬੰਦਿਆਂ ਦਾ ਪਾਜ ਉਗੜਦਾ ਏ ਤੇ ਉਹ ਕੱਖੋਂ ਹੋਲੇ ਹੋ ਜਾਂਦੇ ਹਨ। ਖੋਟੇ ਸਿੱਕੇ ਨੂੰ ਅਗਨੀ ਪ੍ਰੀਖਿਆ ਵਿੱਚ ਦੀ ਲੰਘ ਕੇ ਫਿਰ ਅਸਲੀ ਰੂਪ ਵਿੱਚ ਅਉਣਾ ਪੈਂਦਾ ਹੈ।
ਸਤਿਗੁਰ ਵਿੱਚ ਅਜੇਹੀ ਅਥਾਹ ਕਲਾ ਹੈ ਜਿਸ ਰਾਂਹੀ ਹੌਲੇ ਜੀਵਨ ਵਾਲੇ ਜੀਵਾਂ ਨੂੰ ਸ਼ਬਦਿ ਦੇ ਪਰਪੱਕ ਗਿਆਨ ਦੁਆਰਾ ਖਰੇ ਬਣਾ ਦੇਂਦਾ ਹੈ। ਗੁਰ ਕੇ ਪ੍ਰੇਮ ਦਾ ਵਲਵਲਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਸਿੱਕੇ ਵਿਚੋਂ ਖੋਟ ਨੂੰ ਦੂਰ ਕਰਨਾ ਹੈ, ਖੋਟੇ ਆਦਮੀ ਦੀ ਖੋਟ ਨੂੰ ਦੂਰ ਕਰਨਾ ਹੈ। ਪਹਿਲੂ ਇੱਕ ਹੀ ਰੱਖਿਆ ਗਿਆ ਹੈ। ਬੰਦੇ ਨੂੰ ਅਹਿਸਾਸ ਹੋ ਜਾਏ ਮੇਰੇ ਮਨ ਵਿੱਚ ਖੋਟ ਏ, ਮੈਂ ਆਪਣੇ ਆਪ ਨੂੰ ਬਦਲ ਲੈਣਾ ਹੈ। ਉਂਜ ਹਰ ਜੀਵ ਦਾ ਇਹ ਹੀ ਜ਼ੋਰ ਲੱਗਿਆ ਹੁੰਦਾ ਹੈ ਕਿ ਦੂਸਰਾ ਹੀ ਬਦਲੇ ਮੈਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ। ਬਖਸ਼ਿਆ ਗਿਆ ਹੀ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਹੈ। ਅਜੇਹਿਆਂ ਦੀ ਦੰਦ ਕਥਾ ਕੋਈ ਕਿਉਂ ਕਰੇਗਾ?
ਪਰਮਾਤਮਾ ਜ਼ਰੇ ਜ਼ਰੇ ਵਿੱਚ ਵਿਆਪਕ ਹੋਣ ਕਰਕੇ ਇਸ ਧਰਤੀ ਨੂੰ ਰੱਬੀ ਦਰਗਾਹ ਮੰਨਿਆ ਗਿਆ ਹੈ। ਖਰੇ ਖਜ਼ਾਨੇ ਪਾਈਅਹਿ ਇਸ ਜੀਵਨ ਕਾਲ ਅੰਦਰ ਪਰਵਾਨਗੀ ਮੰਨੀ ਗਈ ਹੈ। ਮਨੁੱਖ ਆਪਣੇ ਸੁਭਾਅ, ਕੀਤੇ ਕਰਮ ਕਰਕੇ ਦੂਰ ਜਾਂ ਨੇੜੇ ਹੈ। ਖੋਟੀ ਬੁੱਧੀ ਨੂੰ ਖਰੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਪਉੜੀ ਵਿੱਚ ਜੀਵਨ ਅੰਦਰ ਆਏ ਹੌਲ਼ੇ ਪਨ ਨੂੰ ਗੁਰੂ ਜੀ ਦੇ ਸ਼ਬਦ ਰਾਂਹੀਂ ਦੂਰ ਕਰਨ ਦਾ ਨੁਕਤਾ ਸਮਝਾਇਆ ਹੈ। ਪਉੜੀ ਨਾਲ ਆਏ ਸਲੋਕਾਂ ਨੂੰ ਨਿਗਾਹ ਵਿੱਚ ਲਿਆਂਦਿਆਂ ਹੋਰ ਵੀ ਕਈ ਪਹਿਲੂ ਉਗੜ ਕੇ ਸਾਹਮਣੇ ਅਉਂਦੇ ਹਨ। ਧਰਮ ਦੀ ਦੁਨੀਆਂ ਅੰਦਰ ਕਈ ਪਰਕਾਰ ਦੇ ਝੱਖ ਮਾਰੇ ਜਾ ਰਹੇ ਹਨ। ਲੋੜ ਨਾਲੋਂ ਜ਼ਿਆਦਾ ਗਿਆਨ ਦੇ ਪਰਵਾਹ ਚੱਲ ਰਹੇ ਹਨ। ਮੂਰਖ ਮਨੁੱਖ ਆਪਣੀ ਖੋਟੀ ਮਤ ਛੱਡਣ ਲਈ ਕਦਾਚਿਤ ਤਿਆਰ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਦਾ ਪੂਰਾ ਸਲੋਕ ਇਸ ਪਰਕਾਰ ਹੈ--
ਮਛੀ ਤਾਰੂ ਕਿਆ ਕਰੇ, ਪੰਖੀ ਕਿਆ ਅਕਾਸੁ॥
ਪਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸੁ॥
ਕੁਤੇ ਚੰਦਨੁ ਲਾਈਐ, ਭੀ ਸੋ ਕੁਤੀ ਧਾਤੁ॥
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਤਿ ਪਾਠ॥
ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ॥
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ॥
ਲੋਹਾ ਮਾਰਣਿ ਪਾਈਐ, ਢਹੈ ਨ ਹੋਇ ਕਪਾਸ॥
ਨਾਨਕ ਮੂਰਖ ਏਹਿ ਗੁਣ, ਬੋਲੇ ਸਦਾ ਵਿਣਾਸੁ॥

ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਪੰਡਤਾਂ ਵਲੋਂ ਗਿਆਨ ਦੇ ਪਰਵਾਹ ਚਲਾਏ ਜਾ ਰਹੇ ਸਨ, ਪਰ ਇਸ ਗਿਆਨ ਦੇ ਪਰਭਾਵ ਦੁਆਰਾ ਸਵਰਗ ਦਾ ਲਾਲਚ ਤੇ ਨਰਕ ਦਾ ਡਰਾਵਾ ਦੇ ਕੇ ਆਮ ਲੁਕਾਈ ਦੀ ਹੱਡ ਚੀਰਵੀਂ ਮਿਹਨਤ ਨੂੰ ਬੇਦਰਦੀ ਨਾਲ ਲੁਟਿਆ ਜਾ ਰਿਹਾ ਸੀ। ਆਮ ਮਨੁੱਖ ਇਸ ਲੁੱਟ ਵਿਚੋਂ ਬਾਹਰ ਨਿਕਲਣਾ ਚਹੁੰਦਾ ਸੀ। ਬਰਾਹਮਣ ਦੇ ਇਸ ਲੋਟੂ ਗਿਆਨ ਤੋਂ ਮਨੁੱਖ ਸਤਿਆ ਪਿਆ ਸੀ, ਪਰ ਬਾਹਰ ਅਉਣ ਲਈ ਇਸ ਨੂੰ ਸਿੱਧੇ ਸਾਧੇ ਗਿਆਨ ਦੀ ਜ਼ਰੂਰਤ ਸੀ। ਗੁਰੂ ਨਾਨਕ ਜੀ ਨੇ ਲੋਕ ਬੋਲੀ ਵਿੱਚ ਨਿਰਮਲ ਜੀਵਨ ਜਾਚ ਦਾ ਗਿਆਨ ਦਿੱਤਾ ਜੋ ਆਮ ਲੁਕਾਈ ਨੇ ਫਟਾ ਫਟ ਅਪਨਾ ਲਿਆ। ਪਰ ਪੁਜਾਰੀ ਜਮਾਤ ਜਿਹਨਾਂ ਦੇ ਹੱਡ ਹਰਾਮ ਹੋ ਚੁੱਕੇ ਸਨ, ਇਸ ਗਿਆਨ ਨੂੰ ਲੈਣ ਲਈ ਤਿਆਰ ਨਾ ਹੋਏ। ਸਾਡੇ ਸਾਹਮਣੇ ਅੱਜ ਵੀ ਓਡਾ ਸੁਆਲ ਹੀ ਖੜਾ ਹੈ। ਗੁਰਬਾਣੀ ਗਿਆਨ ਦੇ ਰਹੀ ਹੈ ਪਰ ਅਸੀਂ ਕਰਮ ਕਾਂਡ ਵਲ ਵੱਧ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਮੱਛੀ, ਪੰਛੀ, ਪੱਥਰ, ਖੁਸਰਾ, ਕੁੱਤਾ, ਬੋਲਾ ਅੰਨਾ ਤੇ ਪਸ਼ੂ ਦੀ ਗੱਲ ਕਰਦਿਆਂ ਮੂਰਖ ਦਾ ਸੁਭਾਅ ਸਾਡੇ ਸਾਹਮਣੇ ਰੱਖਿਆ ਹੈ। ਅਕਾਸ਼ ਪੰਛੀ ਤੇ ਕੋਈ ਪਰਭਾਵ ਨਹੀਂ ਪਾ ਸਕਦਾ ਕਿਉਂਕਿ ਪੰਛੀ ਨੂੰ ਉਡਣਾ ਅਉਂਦਾ ਹੈ। ਜਿਸ ਨੇ ਆਪਣਾ ਆਪ ਹੀ ਅੱਗੇ ਰੱਖਿਆ ਹੋਵੇ ਉਹ ਕਦੇ ਵੀ ਕਿਸੇ ਦਲੀਲ ਨੂੰ ਨਹੀਂ ਮੰਨਦਾ। ਪਾਣੀ ਵਿੱਚ ਰਹਿੰਦਿਆਂ ਮੱਛੀ ਅਜ਼ਾਦੀ ਨਾਲ ਤਰਦੀ ਰਹਿੰਦੀ ਹੈ ਪਾਣੀ ਆਪਣੀ ਡੂਘਾਈ, ਲੰਬਾਈ ਦਾ ਭੋਰਾ ਵੀ ਪਰਭਾਵ ਨਹੀਂ ਪਾ ਸਕਦਾ। ਵਿਸ਼ਾਲ ਅਕਾਸ਼ ਵਿੱਚ ਪੰਛੀ ਖੁਲ੍ਹੀਆਂ ਉਡਾਰੀਆਂ ਲਉਂਦਾ ਰਹਿੰਦਾ ਹੈ। ਪੰਛੀ ਅਕਾਸ਼ ਦੀ ਭੋਰਾ ਜਿੰਨੀ ਵੀ ਪਰਵਾਹ ਨਹੀਂ ਕਰਦਾ। ਕੱਕਰ, ਪਾਲਾ ਕਿੰਨਾ ਪੈ ਜਾਏ ਪੱਥਰ ਦਾ ਕੁੱਝ ਵੀ ਨਹੀਂ ਵਿਗਾੜ ਸਕਦਾ। ਗ੍ਰਹਿਸਤ ਖੁਸਰੇ ਨੂੰ ਪਰਭਾਵਤ ਨਹੀਂ ਕਰ ਸਕਦੀ। ਚੰਦਨ ਦੀ ਕੀਮਤੀ ਸੁਗੰਧੀ ਕੁੱਤੇ ਨੂੰ ਨਵੀਂ ਅਕਲ ਨਹੀਂ ਦੇ ਸਕਦੀ। ਕੁੱਤਾ ਕਦੇ ਵੀ ਆਪਣਾ ਸੁਭਾਅ ਤਿਆਗਣ ਲਈ ਤਿਆਰ ਨਹੀਂ ਹੈ। ਬੋਲੇ ਆਦਮੀ ਨੂੰ ਰਾਗ ਵਿਦਿਆ ਜਾਂ ਧਾਰਮਿਕ ਪੁਸਤਕਾਂ ਦਾ ਗਿਆਨ ਦੇਣ ਦਾ ਕਿੰਨਾ ਯਤਨ ਕੀਤਾ ਜਾਏ, ਉਸਦੀ ਸਿਹਤ ਤੇ ਕੋਈ ਵੀ ਅਸਰ ਨਹੀਂ ਹੁੰਦਾ। ਅੰਨ੍ਹੇ ਆਦਮੀ ਅੱਗੇ ਹਜ਼ਾਰ ਵਾਟ ਦੇ ਬਲਬ ਜਗਾ ਕੇ ਰੱਖ ਦਿੱਤੇ ਜਾਣ ਤਾਂ ਕੀ ਅੰਨ੍ਹੇ ਨੂੰ ਚਾਨਣ ਹੋ ਜਾਏਗਾ? ਪਸ਼ੂਆਂ ਅੱਗੇ ਸੋਨਾ ਖਿਲਾਰ ਦਿੱਤਾ ਜਾਏ ਤਾਂ ਵੀ ਉਹ ਵਿਚਾਰੇ ਘਾਹ ਹੀ ਚੁਣ ਚੁਣ ਕੇ ਖਾਣਗੇ ਲੋਹੇ ਦਾ ਕੁਸ਼ਤਾ ਮਾਰ ਕੇ ਨਰਮ ਕਰ ਲਈਏ ਕਦੇ ਕਪਾਹ ਵਰਗਾ ਨਹੀਂ ਬਣ ਸਕਦਾ। ਜਿਸ ਆਦਮੀ ਨੇ ਕਿਸੇ ਦਲੀਲ ਨੂੰ ਮੰਨਣਾ ਹੀ ਨਹੀਂ ਹੈ ਉਹ ਜਦੋਂ ਵੀ ਬੋਲੇਗਾ ਸਦਾ ਨੁਕਸਾਨ ਵਾਲੇ ਬੋਲ ਹੀ ਬੋਲੇਗਾ। ਆਮ ਕਰਕੇ ਸੈਮੀਨਾਰਾਂ ਵਿੱਚ ਬਹੁਤ ਖੁਲ੍ਹ ਕੇ ਵਿਚਾਰਾਂ ਹੁੰਦੀਆਂ ਹਨ ਵਿਸ਼ਾ ਵਸਤੂ ਦੀ ਚੋਣ ਕਰਕੇ ਪੂਰੀ ਤਸੱਲੀ ਨਾਲ ਗੁਰਮਤਿ ਦੀਆਂ ਗੁੰਝਲਾਂ ਨੂੰ ਖੋਹਲਣ ਦਾ ਯਤਨ ਕੀਤਾ ਜਾਂਦਾ ਹੈ। ਜਿਸ ਆਦਮੀ ਨੇ ਸਾਰੀ ਜ਼ਿੰਦਗੀ ਹਨੇਰਾ ਢੋਇਆ ਹੁੰਦਾ ਏ ਉਹ ਕਦੇ ਵੀ ਕਿਸੇ ਦਲੀਲ ਨੂੰ ਮੰਨਣ ਲਈ ਤਿਆਰ ਨਹੀਂ। ਆਪੂੰ ਬਣੇ ਚੌਧਰੀ ਜੀ ਨੇ ਦੋ ਬੋਲ ਬੋਲਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਲਾ ਬੱਕਰੇ ਝਟਕਾਏ ਸਨ, ਸਾਰੀ ਵਿਚਾਰ ਤੇ ਪਾਣੀ ਫੇਰ ਕੇ ਰੱਖ ਦੇਵੇਗਾ। ਵਿਚਾਰ ਕੋਈ ਹੋਰ ਚਲ ਰਹੀ ਹੁੰਦੀ ਤੇ ਪੁਛਿਆ ਕੁੱਝ ਹੋਰ ਜਾ ਰਿਹਾ ਹੁੰਦਾ ਹੈ। ਅਜੇਹੇ ਮੂਰਖ ਜਿੱਥੇ ਆਪਣਾ ਨੁਕਸਾਨ ਕਰਦੇ ਹਨ ਉਥੇ ਆਪਣੀ ਕੌਮ ਦਾ ਵੀ ਨੁਕਸਾਨ ਕਰ ਜਾਂਦੇ ਹਨ। ਮੁੱਕਦੀ ਗੱਲ ਗੁਰੂ ਗ੍ਰੰਥ ਦਾ ਮਹਾਨ ਗਿਆਨ ਮੂੜ੍ਹ ਆਦਮੀ ਜੋ ਆਪਣੀ ਧੁੰਨ ਵਿੱਚ ਪੱਕਾ ਤੇ ਪੁਜਾਰੀ ਬਣ ਚੁੱਕਿਆ ਹੈ ਕੁੱਝ ਵੀ ਪਰਭਾਵ ਨਹੀਂ ਪਾ ਸਕਦਾ। ਗੁਰਮਤਿ ਦੇ ਸੁਨਹਿਰੀ ਅਸੂਲ ਹੋਣ ਦੇ ਬਾਵਜੂਦ ਵੀ ਅਸੀਂ ਬ੍ਰਾਹਮਣੀ ਮਤ ਦੇ ਧਾਰਨੀ ਬਣ ਕੇ ਆਪਣੀ ਹੀ ਕੌਮ ਦਾ ਨੁਕਸਾਨ ਕਰਦੇ ਜਾ ਰਹੇ ਹਾਂ।
ਦੂਸਰੇ ਸਲੋਕ ਵਿੱਚ ਮੂਰਖ ਦੇ ਮੂੰਹ ਤੇ ਮਾਰ ਮਾਰਨ ਦੀ ਗੱਲ ਕਹੀ ਗਈ ਹੈ। ਭਾਵ ਬਾਰ ਬਾਰ ਗੁਰੂ ਦਾ ਗਿਆਨ ਦੇ ਕੇ ਸਮਝਉਣ ਲਈ ਪ੍ਰਰੇਤ ਕੀਤਾ ਗਿਆ ਹੈ। ਇਸ ਵਿਚਾਰ ਦੁਆਰਾ ਹੀ ਪਰਮਾਤਮਾ ਦੇ ਦਰ ਤੇ ਪਰਵਾਨਗੀ ਮਿਲਦੀ ਹੈ। ਪੂਰਾ ਸਲੋਕ ਇਸ ਪਰਕਾਰ ਹੈ-----
ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੁਹਾਰੁ॥
ਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ॥
ਰਾਜਾ ਮੰਗੈ ਦਿਤੈ ਗੰਢੁ ਪਾਇ॥ ਭੁਖਿਆ ਗੰਢੁ ਪਵੈ ਜਾ ਖਾਇ॥
ਕਾਲ੍ਹਾ ਗੰਢੁ ਨਦੀਆ ਮੀਹ ਝੋਲ॥ ਗੰਢੁ ਪਰੀਤੀ ਮਿੱਠੇ ਬੋਲ॥
ਬੇਦਾ ਗੰਢੁ ਬੋਲੇ ਸਚੁ ਕੋਇ॥ ਮੁਇਆ ਗੰਢੁ ਨੇਕੀ ਸਤੁ ਹੋਏ॥
ਏਤੁ ਗੰਢੁ ਵਰਤੈ ਸੰਸਾਰੁ॥ ਮੂਰਖ ਗੰਢੁ ਪਵੈ ਮੁਹਿ ਮਾਰ॥
ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ॥

ਸ਼ਬਦ ਨੂੰ ਧਿਆਨ ਵਿੱਚ ਲਿਆਂਦਿਆਂ ਬਹੁਤ ਬਰੀਕੀਆਂ ਖੁਲ੍ਹ ਕੇ ਸਾਡੇ ਸਾਹਮਣੇ ਅਉਂਦੀਆਂ ਹਨ। ਲੁਹਾਰ ਸ਼ਬਦ ਸਾਂਝੇ ਅਰਥਾਂ ਵਿੱਚ ਆਇਆਂ ਹੈ। ਪੁਤੀ ਸ਼ਬਦ ਵੀ ਸਾਂਝੇ ਅਰਥਾਂ ਵਿੱਚ ਲਿਆ ਗਿਆ ਹੈ। ਆਮ ਕਰਕੇ ਜਿੱਥੇ ਕਿਤੇ ਪੁੱਤਰ ਦੀ ਦਾਤ ਪਰਾਪਤ ਹੋਈ ਹੋਵੇ ਤੇ ਘਰਦਿਆਂ ਨੇ ਸ੍ਰੀ ਅਖੰਡ ਪਾਠ ਰਖਾਇਆ ਹੋਵੇ ਉੱਥੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੀ ਪਰਮਾਤਮਾ ਨੇ ਇਸ ਘਰ ਦੀ ਵੇਲ ਵਧਾ ਦਿੱਤੀ ਹੈ। ਪੁਤਰਾਂ ਨਾਲ ਹੀ ਸੰਸਾਰ ਵਿੱਚ ਗੰਢ ਪੈਂਦੀ ਹੈ ਜੀ। ਸ਼ਬਦ ਸਵਾਰਣਹਾਰ-ਸ਼ਬਦ ਜੀਵਨ ਦੀ ਉਸਾਰੀ ਕਰਦਾ ਹੈ, ਸ਼ਬਦ ਸੋਝੀ ਬਖਸ਼ਦਾ ਹੈ, ਤਾਂ ਹੀ ਅਜੇਹਾ ਮਹਿਸੂਸ ਹੁੰਦਾ ਏ ਕਿ ਲੁਹਾਰ ਤੇ ਪੁਤੀ ਸ਼ਬਦ ਸਾਂਝੇ ਅਰਥਾਂ ਵਿੱਚ ਵਰਤਿਆ ਗਿਆ ਹੈ। ਲੁਹਾਰ ਦਾ ਅਰਥ ਕਾਰੀਗਰ ਤੇ ਪੁਤੀ ਸੰਤਾਨ ਵਾਸਤੇ ਆਇਆ ਹੈ। ਲੋਹੇ ਨੂੰ ਗੰਢਣ ਵਾਲੇ ਦਾ ਨਾਂ ਲੁਹਾਰ, ਸੋਨੇ ਨੂੰ ਜੋੜਣ ਵਾਲੇ ਦਾ ਨਾਂ ਸੁਨਿਆਰਾ ਤੇ ਕੈਹੇਂ ਨੂੰ ਜੋੜਣ ਵਾਲੇ ਦਾ ਨਾਂ ਠਠਿਆਰ ਆਇਆ ਹੈ। ਪੁਤੀ ਦਾ ਅਰਥ ਸੰਤਾਨ ਭਾਵ ਪੁੱਤਰਾਂ ਨਾਲ ਜੇ ਸੰਸਾਰ ਵਿੱਚ ਸਾਂਝ ਪੈਂਦੀ ਹੈ ਤਾਂ ਧੀਆਂ ਨਾਲ ਵੀ ਇਹ ਸਾਂਝ ਹੋ ਸਕਦੀ ਹੈ। ਏੱਥੇ ਤਾਂ ਗੱਲ ਜੋੜਨ ਦੀ ਕੀਤੀ ਗਈ ਹੈ। ਕਾਰੀਗਰ ਦੁਆਰਾ ਧਾਤਾਂ ਜੁੜ ਜਾਂਦੀਆਂ ਹਨ ਤੇ ਸੰਤਾਨ ਰਾਂਹੀਂ ਪਤੀ ਪਤਨੀ ਦਾ ਗੁੱਸਾ ਦੂਰ ਹੋ ਜਾਂਦਾ ਹੈ, ਆਪਸ ਵਿੱਚ ਫਿਰ ਗੰਢ ਪੈ ਜਾਂਦੀ ਹੈ। ਅਣਜਾਣੇ ਵਿੱਚ ਅਸੀਂ ਸ਼ਬਦ ਦੇ ਆਰਥ ਹੋਰ ਦੇ ਹੋਰ ਹੀ ਕਰ ਜਾਂਦੇ ਹਾਂ ਜਿਸ ਕਰਕੇ ਪੁੱਤਰ ਦਾ ਮਹੱਤਵ ਵੱਧ ਜਾਂਦਾ ਏ, ਤੇ ਧੀ ਦਾ ਮਹੱਤਵ ਘਟ ਨਜ਼ਰ ਅਉਂਦਾ ਹੈ। ਅਸੀਂ ਤੇ ਸ਼ਬਦਿ ਰਾਂਹੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਨਾ ਹੈ।
ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੁਹਾਰੁ॥
ਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢ ਪਵੈ ਸੰਸਾਰਿ॥

ਪਰਜਾ ਤੇ ਰਾਜੇ ਦਾ ਆਪਸੀ ਤਾਲ ਮੇਲ ਮੁਆਮਲੇ ਕਰਕੇ ਹੈ। ਭੁੱਖੇ ਆਦਮੀ ਦਾ ਸਰੀਰ ਨਾਲ ਸਬੰਧ ਤਾਂਹੀ ਬਣਿਆ ਰਹਿ ਸਕਦਦਾ ਹੈ ਜੇ ਕਰ ਉਹ ਰੋਟੀ ਖਾਏ। ਮੀਂਹ ਨਾਲ ਜਿੱਥੇ ਨਦੀਆਂ ਚਲਦੀਆਂ ਹਨ ਉਥੇ ਕਾਲ ਵੀ ਮੁਕ ਜਾਂਦਾ ਹੈ। ਮਿੱਠੇ ਬਚਨਾ ਨਾਲ ਪਿਆਰ ਦੀ ਗੰਢ ਵੱਧਦੀ ਹੈ। ਧਾਰਮਿਕ ਪੁਸਤਕਾਂ ਤੇ ਬਹੁਤ ਹਨ, ਪਰ ਇਹਨਾਂ ਦੀ ਮਹਾਨਤਾ ਤਾਂ ਹੀ ਹੈ ਜੇ ਕਰ ਇਹਨਾਂ ਦੀ ਸਿੱਖਿਆ ਤੇ ਅਸਰ ਕੀਤਾ ਜਾਏ। ਇੰਜ ਆਖਿਆ ਜਾਏ ਕੇ ਸੱਚ ਨਾਲ ਸਾਂਝ ਧਾਰਮਿਕ ਪੁਸਤਕਾਂ ਦੀ ਉਚ ਸਿੱਖਿਆ ਨਾਲ ਬਣਦੀ ਹੈ। ਜੇ ਕਰ ਮਨੁੱਖ ਇਹ ਚਹੁੰਦਾ ਏ ਇੱਕ ਲੰਬੇ ਸਮੇਂ ਤਾਂਈ ਮੇਰਾ ਦੁਨੀਆਂ ਨਾਲ ਵਾਸਤਾ ਜੁੜਿਆ ਰਹੇ ਤਾਂ ਲੋਕ ਭੁਲਾਈ ਦੇ ਕਰਮਾਂ ਨੂੰ ਅਪਨਉਣਾ ਪਏਗਾ। ਨੇਕ ਕਰਮਾਂ, ਜੋ ਲੋਕਾਂ ਦੇ ਭਲੇ ਲਈ ਕੀਤੇ ਹੋਣ ਦੁਨੀਆਂ ਦੇਰ ਤਾਂਈ ਯਾਦ ਕਰਦੀ ਰਹਿੰਦੀ ਹੈ। ‘ਮੁਇਆ ਗੰਢੁ ਨੇਕੀ ਸਤੁ ਹੋਏ”
ਮੂਰਖ ਦੇ ਸੁਭਾਅ ਨੂੰ ਰੋਕਣ ਲਈ ਮੂੰਹ ਦੀ ਮਾਰ ਦਾ ਜ਼ਿਕਰ ਆਇਆ ਏ, ਮੂਰਖ ਗੰਢੁ ਪਵੈ ਮੁਹਿ ਮਾਰ-ਇਕ ਮੂਰਖ ਉਹ ਹੈ ਜਿਸ ਨੂੰ ਕੋਈ ਸੋਝੀ ਆਦਿ ਨਹੀਂ ਹੈ, ਇਸ ਨੂੰ ਮਾਰ ਲਿਆ ਜਾਏ ਜਾਂ ਸਮਝਾ ਲਿਆ ਜਾਏ ਇਸ ਦੇ ਸੁਭਾਅ ਵਿੱਚ ਬਹੁਤਾ ਅੰਤਰ ਨਹੀਂ ਅਉਂਦਾ। ਦੂਸਰਾ ਉਹ ਮੂਰਖ ਏ ਜਿਸ ਨੇ ਹਰ ਗੱਲ ਵੇਲੇ ਆਪਣਾ ਮੂੰਹ ਹੀ ਅੱਗੇ ਰੱਖਿਆ ਹੋਵੇ ਕਿਸੇ ਦੀ ਦਲੀਲ ਆਦਿ ਨੂੰ ਨਾ ਮੰਨਦਾ ਹੋਵੇ ਆਤਮਿਕ ਤਲ ਤੇ ਮਹਾਂ ਮੂਰਖ ਹੋਵੇ ਉਸ ਨੂੰ ਗੁਰੂ ਗਿਆਨ ਦੇ ਡੰਡੇ ਰਾਂਹੀ ਮੂੰਹ ਦੀ ਮਾਰ ਮਾਰਕੇ ਸਿੱਧੇ ਰਸਤੇ ਤੇ ਲਿਅਉਣਾ ਪਏਗਾ। ਉਸ ਨਾਲ ਤਾਂ ਦੋ ਟੁੱਕ ਗੱਲ ਕਰਕੇ ਦੱਸ ਦਿੱਤਾ ਕਿ ਤੇਰੀ ਮਤ ਨਾਲ ਲਾਭ ਘੱਟ ਤੇ ਨੁਕਸਾਨ ਜ਼ਿਆਦਾ ਹੋਏਗਾ। ਇਸ ਲਈ ਮੂਰਖ ਨਾਲ ਸਾਂਝ ਤਾਂ ਹੀ ਪਏਗੀ ਜਦੋਂ ਉਸ ਦੀਆਂ ਦਿੱਤੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਜਾਏ। ਇੰਜ ਹੀ ਪਰਮਾਤਮਾ ਦੇ ਦਰ ਤੇ ਉਸ ਦੀ ਸਿਫਤ ਸਲਾਹ ਦੀਆਂ ਵਿਚਾਰਾਂ ਭਾਵ ਗੁਣਾਂ ਨੂੰ ਸਮਝ ਕੇ ਧਾਰਨ ਕੀਤਿਆਂ ਪਰਮਾਤਮਾ ਨਾਲ ਸਾਂਝ ਪੈਂਦੀ ਹੈ। ਦੋ ਸਲੋਕਾਂ ਤੇ ਇੱਕ ਪਉੜੀ ਰਾਂਹੀ ਮੂਰਖ ਨੂੰ ਜ਼ਿੰਦਗੀ ਦੇ ਸਹੀ ਰਸਤੇ ਤੇ ਅਉਣ ਲਈ ਆਖਿਆ ਜਾ ਰਿਹਾ ਹੈ। ਖੋਟਾ ਸਿੱਕਾ ਬਹੁਤ ਕਾਹਲੇ ਸੁਭਾਅ ਦਾ ਹੁੰਦਾ ਏ। ਜੇ ਇਹ ਜੇਬ ਵਿੱਚ ਪਿਆ ਹੋਵੇ ਤਾਂ ਇਹ ਹਰ ਵੇਲੇ ਇਸੇ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਕੇ ਕਿਹੜਾ ਸਮਾਂ ਆਵੇ ਪਹਿਲੇ ਮੈਨੂੰ ਖਰਚਿਆ ਜਾਏ। ਆਦਮੀ ਦੀ ਇਹ ਕਮਜ਼ੋਰੀ ਵੀ ਹੈ ਕਿ ਪਹਿਲੇ ਖੋਟਾ ਨੋਟ ਹੀ ਚਲਾਇਆ ਜਾਏ। ਮੂਰਖ ਦੀ ਪ੍ਰਬਲ ਇਛਾ ਹੁੰਦੀ ਹੈ ਪਹਿਲੇ ਮੇਰੀ ਗੱਲ ਨੂੰ ਮਾਨਤਾ ਦਿੱਤੀ ਜਾਏ। ਖੋਟਾ ਤੇ ਮੂਰਖ ਇੱਕ ਸਿੱਕੇ ਦੇ ਦੋ ਪਹਿਲੂ ਹਨ। ਸਿੱਕੇ ਨੂੰ ਟਕਸਾਲ ਵਿੱਚ ਭੇਜਣਾ ਪੈਂਦਾ ਏ ਉਸ ਦੀ ਖੋਟ ਮਾਰਨ ਲਈ ਤੇ ਮੂਰਖ ਨੂੰ ਸੰਗਤ ਵਿੱਚ ਲਿਅਉਣਾ ਪੈਂਦਾ ਹੈ। ਸ਼ਬਦ ਇੱਕ ਅਜੇਹੀ ਭੱਠੀ ਏ ਜਿਹੜਾ ਵੀ ਇਸ ਪੈ ਗਿਆ ਉਹ ਹੀ ਢੱਲ ਜਾਏਗਾ ਤੇ ਨਵਾਂ ਜੀਵਨ ਮਿਲ ਜਾਏਗਾ। ਸ਼ਬਦ ਦੇ ਗਿਆਨ ਰਾਂਹੀ ਅਸੀਂ ਆਪਣੇ ਆਪ ਨੂੰ ਸਵਾਰ ਸਕਦੇ ਹਾਂ।
ਗੁਰਬਾਣੀ ਸੁਣਤ, ਮੇਰਾ ਮਨ ਦ੍ਰਵਿਆ, ਮਨ ਭੀਨਾ ਨਿਜ ਘਰਿ ਆਵੇਗੋ॥
ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ, ਨੀਝਰ ਧਾਰ ਚੁਆਵੈਗੋ॥
.