.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 39)

ਪ੍ਰੋ: ਇੰਦਰ ਸਿੰਘ ‘ਘੱਗਾ’

ਰਾਵਣ:- ਇਹ ਰਾਖਸ਼ ਲੋਕਾਂ ਦਾ ਸ਼ਕਤੀਸ਼ਾਲੀ ਰਾਜਾ ਸੀ। ਇਸ ਨੇ ਆਪਣੇ ਮਤਰੇਇ ਭਰਾ ਕੁਬੇਰ ਨੂੰ ਹਰਾ ਕੇ ਲੰਕਾ ਦਾ ਰਾਜ ਸਾਂਭਿਆ ਸੀ। ਰਾਵਣ ਨੇ ਬ੍ਰਹਮਾ ਦੀ ਭਗਤੀ ਕਰਕੇ ਏਨੀ ਤਾਕਤ ਹਾਸਲ ਕਰ ਲਈ ਸੀ ਕਿ ਇਹ ਦੇਵਤਿਆਂ ਜਾਂ ਰਾਖਸ਼ਾਂ ਵਿਚੋਂ ਕਿਸੇ ਤੋਂ ਭੀ ਮਾਰਿਆ ਨਹੀਂ ਜਾਵੇਗਾ। ਇਹ ਮਨ ਭਾਉਂਦਾ ਰੂਪ ਅਖਤਿਆਰ ਕਰ ਸਕਦਾ ਸੀ। ਰਾਵਣ ਦੇ ਦਸ ਸਿਰ, ਤੇ ਵੀਹ ਬਾਹਵਾਂ ਸਨ। ਇਹ ਰਾਜਨੀਤੀ ਦੇ ਸਾਰੇ ਦਾਉ-ਪੇਚ ਜਾਣਦਾ ਸੀ। ਇਸ ਨੇ ਬਹੁਤ ਸਾਰੇ ਦੇਵਤਿਆਂ ਨਾਲ ਖੂਨੀ ਜੰਗ ਲੜੇ ਸਨ। ਜਿਨ੍ਹਾਂ ਦੇ ਡੂੰਘੇ ਨਿਸ਼ਾਨ ਇਸ ਦੇ ਸਾਰੇ ਸਰੀਰ ਤੇ ਮੌਜੂਦ ਸਨ। ਇਹ ਆਪਣੀ ਤਾਕਤ ਨਾਲ ਸਮੁੰਦਰ ਨੂੰ ਹਿਲਾ ਸਕਦਾ ਸੀ। ਪਹਾੜਾਂ ਨੂੰ ਚੀਰ ਸਕਦਾ ਸੀ। ਇਹ ਪਹਾੜ ਜਿੱਡਾ ਉੱਚਾ ਲੰਮਾ ਸੀ। ਰਾਵਣ ਨੇ ਆਪਣੀ ਅਸੀਮ ਤਾਕਤ ਨਾਲ ਸੂਰਜ ਅਤੇ ਚੰਦਰਮਾ ਦਾ ਰਸਤਾ ਰੋਕ ਲਿਆ ਸੀ। ਡਰਦਾ ਮਾਰਾ ਸੂਰਜ ਗਰਮੀ ਨਹੀਂ ਕਰ ਸਕਦਾ ਸੀ। ਹਵਾ ਚੱਲਣੀ ਬੰਦ ਹੋ ਜਾਂਦੀ ਸੀ। ਇਸ ਦੀਆਂ ਵਧੀਕੀਆਂ ਦੀ ਗੂੰਜ ਸਵਰਗ ਤੱਕ ਪਹੁੰਚ ਗਈ। ਵਿਸ਼ਨੂੰ ਨੇ ਦੁਖੀ ਹੋ ਕੇ ਕਿਹਾ, ਕਿ ਰਾਵਣ ਐਨਾ ਹੰਕਾਰੀ ਹੋ ਗਿਆ ਹੈ, ਉਸ ਨੂੰ ਇਨਸਾਨੀ ਅਸੂਲ ਹੀ ਭੁੱਲ ਗਏ ਸਨ। ਇਸ ਲਈ ਉਸ ਨੂੰ ਮਨੁੱਖ ਅਤੇ ਜਾਨਵਰ ਰਲ ਕੇ ਮਾਰਨਗੇ। ਵਿਸ਼ਨੂੰ ਨੇ ਖੁਦ ਰਾਮ ਚੰਦਰ ਦੇ ਰੂਪ ਵਿੱਚ ਅਵਤਾਰ ਧਾਰਨਾ ਪ੍ਰਵਾਨ ਕੀਤਾ। ਰਾਮ ਦੇ ਜਨਮ ਸਮੇਂ ਹੀ ਬਹੁਤ ਸਾਰੇ ਰਿੱਛਾਂ ਅਤੇ ਬਾਂਦਰਾਂ ਨੇ ਭੀ ਜਨਮ ਲਿਆ। ਰਾਮ ਬਨਵਾਸ ਸਮੇਂ ਰਾਵਣ ਨੇ ਰਾਮ ਦੀ ਪਤਨੀ ਸੀਤਾ ਚੁਰਾ ਲਈ ਸੀ। ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹਿਆ। ਪਰ ਉਹ ਨਾ ਮੰਨੀ। ਰਾਮ ਨੇ ਸੀਤਾ ਵਾਪਸ ਲਿਆਉਣ ਲਈ ਅਤੇ ਰਾਵਣ ਨੂੰ ਸਜ਼ਾ ਦੇਣ ਲਈ ਬਾਂਦਰਾਂ ਦੀ ਸੈਨਾ ਇਕੱਠੀ ਕਰ ਲਈ। ਇਹ ਲੋਕ ਨਵੇਂ ਬਣਾਏ ਪੁਲ ਰਾਹੀਂ ਲੰਕਾ ਵਿੱਚ ਦਾਖਲ ਹੋ ਗਏ। ਰਾਵਣ ਦਾ ਇੱਕ ਨਾਰਾਜ਼ ਭਰਾ ਭਭੀਸ਼ਣ ਰਾਮ ਨਾਲ ਆ ਰਲਿਆ। ਸਾਰੇ ਭੇਦ ਦੱਸ ਦਿੱਤੇ। ਬਹੁਤ ਭਿਆਨਕ ਜੰਗ ਹੋਈ। ਜੰਗ ਦੀ ਸਿਖਰ ਵੇਲੇ ਰਾਮ ਤੇ ਰਾਵਣ ਆਹਮੋ ਸਾਹਮਣੇ ਲੜਨ ਲੱਗੇ। ਰਾਮ ਨੇ ਰਾਵਣ ਦਾ ਇੱਕ ਸਿਰ ਕੱਟ ਦਿੱਤਾ। ਉਸੇ ਥਾਂ ਤੁਰੰਤ ਨਵਾਂ ਸਿਰ ਉੱਗ ਪਿਆ। ਕੋਈ ਪੇਸ਼ ਨਾ ਜਾਂਦੀ ਵੇਖ ਕੇ ਰਾਮ ਨੇ ਬ੍ਰਹਮ ਅਸ਼ਤਰ ਚਲਾਇਆ। ਇਹ ਅਸਤਰ ਰਾਵਣ ਦਾ ਕਲੇਜੇ ਵਿਚਲੇ ਅਮ੍ਰਿਤ ਕੁੰਡ ਨੂੰ ਵਿੰਨ੍ਹ ਗਿਆ। ਸਮੁੰਦਰ ਵਿੱਚ ਸਾਫ ਹੋ ਕੇ ਵਾਪਸ ਰਾਮ ਦੇ ਤਰਕਸ਼ ਵਿੱਚ ਆ ਗਿਆ। ਆਕਾਸ਼ ਵਿੱਚ ਸਾਰੇ ਦੇਵਤਿਆਂ ਨੇ ਰਾਮ ਦੀ ਜੈ ਜੈ ਕਾਰ ਕੀਤੀ। ਫੁੱਲ ਬਰਸਾਏ।
ਰਾਵਣ ਭਾਵੇਂ ਰਾਖਸ਼ਾਂ ਦਾ ਰਾਜਾ ਸੀ, ਪਰ ਪਿਤਾ ਦੀ ਤਰਫੋਂ ਬ੍ਰਾਹਮਣ ਸੀ। ਉਹ ਸੰਸਕ੍ਰਿਤ ਦਾ ਵੱਡਾ ਵਿਦਵਾਨ ਸੀ। ਇਸ ਲਈ ਉਸ ਦਾ ਸੰਸਕਾਰ ਵੈਦਿਕ ਰੀਤੀ ਨਾਲ ਕੀਤਾ ਗਿਆ। ਇਹ ਭੀ ਕਥਾਵਾਂ ਹਨ ਕਿ ਸਾਰੇ ਦੇਵਤੇ, ਰਾਵਣ ਦੇ ਘਰ ਨੌਕਰ ਲੱਗੇ ਹੋਏ ਸੀ। ਅੱਗ ਰਸੋਈਏ ਦਾ ਕੰਮ ਕਰਦੀ ਸੀ। ਵਰੁਣ ਪਾਣੀ ਢੋਣ ਦੀ ਸੇਵਾ ਕਰਦਾ ਸੀ। ਕੁਵੇਰ ਧਨ ਲਿਆਉਂਦਾ। ਵਾਯੂ ਘਰ ਝਾੜੂ ਦਿੰਦਾ ਸੀ। (ਹਿੰਦੂ ਮਿਥਿਹਾਸ ਕੋਸ਼, ਪੰਨਾ-474, ਮਹਾਨ ਕੋਸ਼, ਪੰਨਾ 1034)
ਵਿਚਾਰ:- ਰਾਵਣ ਇੱਕ ਬਹੁਤ ਹੀ ਉੱਘਾ ਅਤੇ ਸ਼ਕਤੀਸ਼ਾਲੀ ਰਾਜਾ ਸੀ। ਪੌਰਾਣਕ ਸਾਹਿਤ ਵਿੱਚ ਭਾਵੇਂ ਉਸ ਨੂੰ ਬਦਸੂਰਤ, ਬਦ ਮਿਜਾਜ ਸਭ ਤਰ੍ਹਾਂ ਦੇ ਝਗੜੇ ਕਰਨ ਵਾਲਾ ਦਰਸਾਇਆ ਗਿਆ ਹੈ। ਇੱਕ ਗੱਲ ਸਪੱਸ਼ਟ ਦਿਸ ਜਾਂਦੀ ਹੈ ਕਿ ਰਾਵਣ ਦੇ ਦੁਸ਼ਮਣ (ਅਖੌਤੀ ਦੇਵਤੇ, ਅਵਤਾਰ) ਉਸ ਦੀ ਪ੍ਰਸੰਸਾ ਕਰਨ ਲਈ ਮਜਬੂਰ ਹੋਏ ਹਨ। ਆਪਣਿਆਂ ਨੂੰ ਤਾਂ ਲੋਕੀਂ ਚੰਗਾ ਕਹਿੰਦੇ ਹੀ ਨੇ, ਪਰ ਜਦੋਂ ਕੋਈ ਕੱਟੜ ਦੁਸ਼ਮਣ ਦੀ ਤਾਰੀਫ ਕਰੇ ਤਾਂ ਸੋਚਣਾ ਪਵੇਗਾ ਕਿ ਕਿਤਨਾ ਮਹਾਨ ਹੋਵੇਗਾ ਉਹ ਵਿਅਕਤੀ ਜਿਸ ਦੇ ਕਾਤਲਾਂ ਨੇ ਭੀ ਗੁਣ ਗਾਏ ਹੋਣ। ਲੱਗਭਗ ਸਾਰੇ ਖੋਜੀ ਵਿਦਵਾਨ, ਇਸ ਸੱਚਾਈ ਨਾਲ ਸਹਿਮਤ ਹਨ ਕਿ ਪੰਜ ਕੁ ਹਜਾਰ ਸਾਲ ਪਹਿਲਾਂ ਵਿਦੇਸ਼ੀ ਆਰੀਆਨ ਕਬੀਲਿਆਂ ਨੇ, ਹਿੰਦੋਸਤਾਨ ਤੇ ਹਮਲਾ ਕੀਤਾ ਸੀ। ਇਥੋਂ ਦੇ ਲੋਕ ਭੀ ਮਨੁੱਖੀ ਅਸੂਲਾਂ ਨੂੰ ਮੁੱਖ ਰੱਖ ਕੇ ਲੜਨ ਵਿੱਚ ਵਿਸ਼ਵਾਸ ਰੱਖਦੇ ਹਨ। ਜਿਵੇਂ ਰਾਤ ਸਮੇਂ ਹਮਲਾ ਨਾ ਕਰਨਾ, ਬੱਚਿਆਂ, ਔਰਤਾਂ ਨੂੰ ਨਾ ਮਾਰਨਾ, ਬਜ਼ੁਰਗਾਂ ਅਤੇ ਜੰਗ ਵਿੱਚ ਹਾਰ ਮੰਨ ਲੈਣ ਵਾਲਿਆਂ ਨੂੰ ਛੱਡ ਦੇਣਾ। ਆਮ ਲੋਕਾਂ ਦੀ ਵਸੋਂ ਤੇ ਹਮਲਾ ਨਾ ਕਰਨਾ ਤੇ ਅੱਗਾਂ ਨਾ ਲਾਉਣੀਆਂ। ਆਰੀਆਨ ਲੋਕਾਂ ਨੇ ਇਹਨਾਂ ਸਾਰੇ ਅਸੂਲਾਂ ਨੂੰ ਬੜੀ ਬੇਕਿਰਕੀ ਨਾਲ ਤੋੜਿਆ। ਘੁੱਗ ਵਸਦੇ ਪਿੰਡਾਂ ਸ਼ਹਿਰਾਂ ਤੇ ਖੂਨੀ ਹੱਲੇ ਕੀਤੇ, ਅੱਗ ਲਾ ਕੇ ਮਲਬੇ ਦੇ ਢੇਰ ਵਿੱਚ ਬਦਲ ਦਿੱਤੇ ਗਏ। ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਬਣਾਇਆ ਗਿਆ। ਪਸ਼ੂਪੁਣੇ ਦੀ ਹੱਦ ਤੱਕ ਉਹਨਾਂ ਤੋਂ ਕੰਮ ਲਿਆ ਗਿਆ, ਤੇ ਸਾਰੇ ਮਨੁੱਖੀ ਅਧਿਕਾਰ ਖਤਮ ਕਰ ਦਿੱਤੇ ਗਏ। ਜਿਵੇਂ ਅੱਜ ਦਾ ਵਿਦਵਾਨ ਸਬੂਤ ਚਾਹੁੰਦਾ ਹੈ ਕਿ ਸਹੀ ਮਾਹਨਿਆਂ ਵਿੱਚ ਉਦੋਂ ਕੀ ਵਾਪਰਿਆ। ਇਸ ਦੀ ਪੈੜ “ਰਿਗਵੇਦ” ਵਿਚੋਂ ਲੱਭਦੀ ਹੈ। ਇਸ ਦਾ ਰਾਹ “ਪੌਰਾਣਕ” ਸਾਹਿਤ ਵਿਚੋਂ ਸਪੱਸ਼ਟ ਦਿੱਸ ਪੈਂਦਾ ਹੈ। ਮੰਨੂੰ ਸਿਮ੍ਰਿਤੀ ਉਸ ਸਮਾਜਕ ਢਾਂਚੇ ਦਾ ਪ੍ਰਮਾਣਿਕ ਲਿਖਤੀ ਦਸਤਾਵੇਜ਼ ਹੈ। ਅੱਜ ਤੱਕ ਹਿੰਦੂ ਲੋਕਾਂ ਵੱਲੋਂ (ਅਸਲ ਵਿੱਚ ਆਰੀਆਨ) ਰਿਗਵੇਦ, ਗੀਤਾ, ਰਾਮਾਇਣ, ਪੌਰਾਣਾਂ ਆਦਿਕ ਨੂੰ ਜੀਅ ਜਾਨ ਨਾਲ ਪਿਆਰ, ਸਤਿਕਾਰ ਦਿੱਤਾ ਜਾਂਦਾ ਹੈ। ਮੰਨੂੰ ਸਿਮ੍ਰਿਤੀ ਦੇ ਮਨੁੱਖਤਾ ਤੋਂ ਗਿਰੇ ਹੋਏ ਕਠੋਰ ਕਾਨੂੰਨ ਅੱਜ ਭੀ ਹਿੰਦੂ ਲੋਕ ਲਾਗੂ ਕਰਨ ਲਈ ਤਰਲੋ ਮੱਛੀ ਹੋਏ ਵੇਖੇ ਜਾ ਸਕਦੇ ਹਨ। ਅੱਜ ਭੀ “ਰਾਮ ਰਾਜ” ਕਾਇਮ ਕਰਨ ਦੇ ਬਿਆਨ ਦਾਗੇ ਜਾਂਦੇ ਹਨ। ਅੱਜ ਭੀ “ਜਦੋਂ ਧਰਤੀ ਤੇ ਜੁਲਮ ਵੱਧ ਜਾਂਦੇ ਹਨ, ਉਦੋਂ ਹੀ ਮੈਂ ਅਵਤਾਰ ਧਾਰਦਾ ਹਾਂ,” (ਗੀਤਾ) ਕ੍ਰਿਸ਼ਨ ਵੱਲੋਂ ਕਹੇ ਗਏ ਬੋਲ ਕਿਸੇ ਗੈਬੀ ਸ਼ਕਤੀ ਨੂੰ ਸੱਦਾ ਦੇਣ ਦੀ ਮਨਸਾ ਨਾਲ ਹੀ ਦੁਹਰਾਏ ਜਾਂਦੇ ਹਨ। ਇਸ ਗੈਬੀ ਸ਼ਕਤੀ ਦੇ ਆਉਣ ਦੀ ਕਲਪਣਾ ਦਾ ਅਰਥ ਹੁੰਦਾ ਹੈ, ਆਪਣੇ ਵਿਰੋਧੀਆਂ ਦਾ ਸਰਬਨਾਸ਼। ਹਜ਼ਾਰਾਂ ਸਾਲ ਪਹਿਲਾਂ ਹੋਏ ਜਾਂ ਅਣਹੋਏ ਦੇਵਤਿਆਂ ਬਾਰੇ ਲਿਖਣਾ ਬੋਲਣਾ, ਟੀ. ਵੀ. ਸੀਰੀਅਲਾਂ ਰਾਹੀਂ ਪ੍ਰਚਾਰਨਾ ਇਸ ਦੇ ਕੀ ਅਰਥ ਹਨ? ਕਮਜ਼ੋਰ ਅਤੇ ਗੁਲਾਮ ਸ਼੍ਰੇਣੀ ਤਾਕਤਵਰ ਹੋ ਰਹੀ ਹੈ। ਉਹ ਗਿਆਨਵਾਨ ਬਣ ਰਹੀ ਹੈ। ਰਾਜ ਪ੍ਰਾਪਤੀ ਦੇ ਸੁਪਨੇ ਲੈ ਰਹੀ ਹੈ। ਸਵੈਮਾਣ ਵਾਲਾ ਅਣਖੀਲਾ ਜੀਵਨ ਜਿਊਣ ਦੀ ਕਾਮਨਾ ਕਰਦੀ ਹੈ। ਗੰਦਾ ਤੇ ਸ਼ਰਮਨਾਕ ਜੀਵਨ ਜਿਊਣ ਤੋਂ ਨਾਬਰ ਹੋ ਰਹੀ ਹੈ। ਇਸ ਸੋਚ ਨੂੰ ਪਨਪਣੋ ਰੋਕਣ ਲਈ ਪੁਰਾਣੇ ਜੁਲਮਾਂ ਨੂੰ ਬਹਾਦਰੀ ਦੇ ਕਾਰਨਾਮੇ ਬਣਾ ਕੇ ਪ੍ਰਚਾਰਿਆ ਜਾਂਦਾ ਹੈ। ਜੰਗਜੂ ਸੋਚ ਵਾਲੇ ਕਾਤਿਲਾਂ ਨੂੰ ਪਰਉਪਕਾਰੀ ਸਿੱਧ ਕੀਤਾ ਜਾਂਦਾ ਹੈ। ਵਿਰੋਧੀਆਂ ਨੂੰ ਹੌਸਲਾ ਹੀਣ ਕਰਨ ਵਾਸਤੇ ਅਨੇਕ ਪਰਕਾਰ ਦਾ ਝੂਠਾ ਪ੍ਰਾਪੇਗੰਡਾ ਕੀਤਾ ਜਾਂਦਾ ਹੈ। ਸੋਚੀ ਸਮਝੀ ਸਕੀਮ ਦੇ ਤਹਿਤ ਕਦੀ ਕਦਾਈਂ ਵਿਰੋਧੀਆਂ ਨੂੰ ਮਾਰ ਕੇ, ਅੱਗਾਂ ਲਾ ਕੇ, ਬਲਾਤਕਾਰ ਕਰਕੇ, ਖੌਫਜ਼ਦਾ ਕੀਤਾ ਜਾਂਦਾ ਹੈ …. . । ਇਸ ਤਰ੍ਹਾਂ ਮਜ਼ਲੂਮ ਧਿਰ, ਮਾਨਸਿਕ ਦਹਿਸ਼ਤ ਕਾਰਨ “ਸਿਰ ਸੁੱਟ ਕੇ, ਜੂਠ ਖਾ ਕੇ, ਚੀਥੜੇ ਪਹਿਨਕੇ, ਸਭ ਤਰ੍ਹਾਂ ਦੇ ਅਧਿਕਾਰਾਂ ਤੋਂ ਵੰਚਿਤ ਹੋ ਕੇ ਭੀ ਜਿਊਣ ਲਈ ਮਜਬੂਰ ਹੋ ਜਾਂਦੀ ਹੈ”। ਆਰੀਅਨ ਲੋਕ ਅੱਜ ਤੱਕ ਇਹੀ ਕਰਦੀ ਆ ਰਹੇ ਹਨ।
ਪੌਰਾਣਕ ਗਰੰਥਾਂ ਵਿੱਚ ਹਰਨਾਕਸ਼ ਦੀ ਸੂਰਮਗਤੀ ਉੱਭਰ ਦੇ ਸਾਹਮਣੇ ਨਹੀਂ ਆ ਸਕੀ। ਇਹ ਬਹੁਤ ਸ਼ਕਤੀਸ਼ਾਲੀ ਰਾਜਾ ਸੀ। “ਦੇਵਤਿਆਂ ਨੂੰ ਚੰਗੀਆਂ ਭਾਜੜਾਂ ਪੁਆਉਂਦਾ ਸੀ, ਪਰ ਵਿਸਥਾਰ ਸਹਿਤ ਵੇਰਵੇ ਨਹੀਂ ਮਿਲਦੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਰੀਅਨ ਹਮਲਾਵਰਾਂ ਨਾਲ ਲੰਮੀ ਜੰਗ ਲੜਨ ਵਾਲਾ ਇਹ ਦ੍ਰਾਵਿੜ ਸੂਰਮਾ ਸੀ। ਅਫਸੋਸ ਕਿ ਇਸ ਦੇ ਆਪਣੇ ਬੇਟੇ ਪ੍ਰਹਿਲਾਦ ਨੇ ਹੀ “ਸਿਖਰ ਦੁਪਹਿਰੇ” ਦਗਾ ਦੇ ਕੇ ਪਿਤਾ ਨੂੰ ਮਾਰਨ ਦੇ ਸਾਰੇ ਢੰਗ ਤਰੀਕੇ, ਦੁਸ਼ਮਣਾਂ ਦੇ ਖੇਮੇ ਵਿੱਚ ਪੁਚਾ ਦਿੱਤੇ। ਇਸ ਤਰ੍ਹਾਂ ਹਰਨਾਖਸ਼ ਮੈਦਾਨੇ ਜੰਗ ਵਿੱਚ ਸੂਰਮਗਤੀ ਦੇ ਜੌਹਰ ਦਿਖਾਉਣ ਤੋਂ ਬਿਨਾਂ ਹੀ ਧੋਖੇ ਨਾਲ ਮਾਰ ਦਿੱਤਾ। ਇਸੇ ਖਾਨਦਾਨ ਦਾ ਅਗਲਾ ਇੱਕ ਧਰਤੀ ਦਾ ਸਿਤਾਰਾ ਸੀ, ਬਲਿ ਰਾਜਾ। ਇਸ ਨੇ ਭੀ ਦੇਵਤਿਆਂ ਦੇ ਛੱਕੇ ਛੁੜਾ ਦਿੱਤੇ ਸਨ। “ਇੰਦਰ ਪੁਰੀ” ਨੂੰ ਕਾਂਬਾ ਛਿੜ ਗਿਆ ਸੀ। ਜਦੋਂ ਸਾਹਮਣੇ ਮੱਥੇ ਜੰਗ ਜਿੱਤਣੀ ਨਾਮੁਮਕਿਨ ਹੋ ਗਈ, ਇੱਥੇ ਫਿਰ ਵਿਸ਼ਨੂੰ ਨੇ ਸਾਜਿਸ਼ ਰਚਕੇ ਬਾਲੀ ਨੂੰ ਰਾਜਸੀ ਤਾਕਤ ਤੋਂ ਵੰਚਿਤ ਕਰ ਦਿੱਤਾ। ਰਾਜ ਖੋਹਕੇ “ਦੇਵਤਿਆਂ” ਨੂੰ ਵਾਪਸ ਕਰ ਦਿੱਤਾ। ਅੰਮ੍ਰਿਤ ਵੰਡ ਵੇਲੇ ਵਿਸ਼ਨੂੰ “ਮੋਹਣੀ” ਅਵਤਾਰ ਧਾਰ ਕੇ ਦ੍ਰਾਵੜ ਜੋਧਿਆਂ ਨੂੰ ਫਿਰ ਧੋਖੇ ਨਾਲ ਸ਼ਰਾਬ ਪਿਆ ਜਾਂਦਾ ਹੈ, ਤੇ ਆਪਣਿਆਂ ਨੂੰ ਅੰਮ੍ਰਿਤ ਛਕਾਉਂਦਾ ਹੈ। ਇਹੀ ਟੁੱਟਵੀਂ ਲੜੀ ਰਾਵਣ ਤੱਕ ਪੁੱਜ ਜਾਂਦੀ ਹੈ। ਪਹਿਲਾਂ ਹੋਈਆਂ ਸਾਜਿਸ਼ਾਂ ਤੋਂ ਰਾਵਣ ਪੁਰੀ ਤਰ੍ਹਾਂ ਸੁਚੇਤ ਹੈ। ਵਿਸ਼ਨੂੰ ਦੇ ਅਵਤਾਰ ਰਾਮ ਦੀਆਂ ਗੋਡੀਆਂ ਲਵਾ ਦਿੰਦਾ ਹੈ। ਉਸ ਦੀ ਪਤਨੀ ਚੁੱਕ ਲਿਆਉਂਦਾ ਹੈ। ਉਸ ਦੇ ਭਰਾ ਲਛਮਣ ਨੂੰ ਮੌਤ ਦੇ ਬੂਹੇ ਤੱਕ ਪੁਚਾ ਦਿੰਦਾ ਹੈ। ਹਨੂੰਮਾਨ ਗਿਆ ਸੀ ਲੰਕਾ ਦਾ ਭੇਤ ਲੈਣ ਉਸ ਨੂੰ ਕਾਬੂ ਕਰਕੇ ਪੂਛ ਨੂੰ ਅੱਗ ਲਾ ਕੇ ਅਜਿਹੀ ਸਜ਼ਾ ਦਿੱਤੀ ਗਈ ਕਿ ਹਨੂੰਮਾਨ ਦਾ ਹੁਲੀਆ ਤਾਂ ਵਿਗਿੜਿਆ ਹੀ ਸੀ, ਉਸ ਦੇ ਪੁੱਤ, ਪੋਤਰੇ ਅੱਜ ਤੱਕ ਸੜਿਆ ਹੋਇਆ ਲਾਲ ਮੂੰਹ ਤੇ ਅੱਗ ਵਿੱਚ ਝੁਲਸੀ ਹੋਈ ਲਾਲ ਪਿੱਠ ਲੈ ਕੇ ਘੁੰਮਦੇ ਵੇਖੇ ਜਾ ਸਕਦੇ ਹਨ। ਭਾਵੇਂ ਰਾਵਣ ਦਾ ਭਰਾ ਭਬੀਸ਼ਨ, ਗੱਦਾਰੀ ਕਰਕੇ ਰਾਮ ਚੰਦਰ ਨਾਲ ਜਾ ਰਲਿਆ ਸੀ। ਸਾਰੇ ਖੁਫੀਆ ਭੇਦ ਦੱਸ ਦਿੱਤੇ ਸਨ। ਆਸ਼ਕੇ ਜਾਈਏ ਰਾਵਣ ਜੋਧੇ ਦੇ ਤਾਂ ਭੀ ਉਸ ਨੇ ਸਦਾ ਯਾਦ ਰੱਖਣ ਯੋਗ ਜੰਗ ਲੜੀ।
ਭਾਵੇਂ ਪੌਰਾਣਕ ਗਰੰਥ ਜਾਂ ਰਿਗਵੇਦ ਇਤਿਹਾਸ ਦੀ ਕਸਵੱਟੀ ਤੇ ਖਰੇ ਨਹੀਂ ਉਤਰਦੇ। ਪਰ ਇਹਨਾਂ ਵਿੱਚ ਇਤਿਹਾਸਕ ਮਸਾਲਾ ਬਹੁਤ ਸਾਰਾ ਮੌਜੂਦ ਹੈ। ਮੈਕਸ ਮੂਲਰ (ਜਰਮਨ ਲਿਖਾਰੀ) ਡਾ. ਵਿਲਸਨ. (ਅੰਗ੍ਰੇਜ਼) ਡਾ. ਟਰੰਪ, ਡਾ. ਮੂਰ, ਐਮ. ਏ. ਮੈਕਾਲਫ ਤੇ ਜੋਹਨ ਡੋਸਨ ਵਿਦਵਾਨਾਂ ਨੇ ਭਾਰਤੀ ਸਾਹਿਤ ਤੇ ਬਹੁਤ ਮਿਹਨਤ ਕੀਤੀ ਸੀ। ਪਰ ਇੱਕ ਹੱਦ ਅੰਦਰ ਰਹਿ ਕੇ ਖੋਜ ਕੀਤੀ। ਇਹਨਾਂ ਸੰਸਕ੍ਰਿਤ ਵਿੱਚ ਲਿਖੀਆਂ ਪੁਸਤਕਾਂ ਨੂੰ ਉਹ ਧਾਰਮਕ ਗ੍ਰੰਥ ਹੀ ਕਹਿੰਦੇ ਰਹੇ। ਹੋ ਸਕਦਾ ਹੈ ਉਹਨਾਂ ਦੀ ਕੋਈ ਮਜਬੂਰੀ ਹੋਵੇ। ਜਾਂ ਉਸ ਸਮੇਂ ਲੋਕਾਂ ਦਾ ਹਾਲੀ ਇੰਨਾ ਮਾਨਸਿਕ ਵਿਕਾਸ ਨਾ ਹੋਇਆ ਹੋਵੇ। ਇੱਕੋ ਇੱਕ ਭਾਰਤੀ ਵਿਦਵਾਨ ਹੋਇਆ ਸੀ, ਜਿਸ ਨੇ ਹਜ਼ਾਰਾਂ ਰੇਸ਼ਮੀ ਪੜਦਿਆਂ ਵਿੱਚ ਢਕੇ ਹੋਏ, ਹਜਾਰਾਂ ਸਾਲ ਪਹਿਲਾਂ ਲਿਖੇ ਸਾਹਿਤ ਨੂੰ ਨੀਝ ਨਾਲ ਵੇਖਿਆ। ਮਿਹਨਤ ਨਾਲ ਖੋਜਿਆ, ਵਿਦਵਤਾ ਪੂਰਨ ਸਿੱਟੇ ਕੱਢੇ। “ਮਿਥਿਹਾਸ ਵਿਚੋਂ ਇਤਿਹਾਸ” ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਹ ਸੀ ਸਦੀਆਂ ਪਿਛੋਂ ਪੈਦਾ ਹੋਇਆ ਨਿਧੜਕ “ਸ਼ੇਰ ਮਰਦ”, ਡਾ. ਅੰਬੇਦਕਰ ਸਾਹਿਬ। ਉਹਨਾਂ ਨੇ ਡੁੰਘੀ ਖੋਜ ਤੋਂ ਬਾਦ ਦੱਸਿਆ ਕਿ ਜਿਨ੍ਹਾਂ ਨੂੰ ਲੋਕ ਰਾਖਸ਼ ਕਹਿ ਰਹੇ ਹਨ, ਅਸਲ ਵਿੱਚ ਭਾਰਤ ਦੇ ਅਸਲ ਮਾਲਕ “ਦ੍ਰਾਵੜ ਲੋਕ” ਸਨ। ਦੇਵਤੇ ਆਖੇ ਜਾ ਰਹੇ ਕੋਈ ਪੂਜਣ ਜੋਗ ਰੂਹਾਨੀ ਸ਼ਖਸੀਅਤਾਂ ਨਹੀਂ ਸਨ, ਸਗੋਂ ਦ੍ਰਾਵੜ ਸੱਭਿਅਤਾ ਨੂੰ ਮਲੀਆ ਮੇਟ ਕਰਨ ਵਾਲਿਆਂ ਦੇ ਮੁਖੀ ਜੰਗੀ ਜਰਨੈਲ ਸਨ। ਇਹਨਾਂ ਹਾਰ ਚੁੱਕੇ ਲੋਕਾਂ ਦਾ ਸਭ ਕੁੱਝ ਨਸ਼ਟ ਕਰ ਦਿੱਤਾ ਗਿਆ, ਸਭ ਕੁੱਝ ਖੋਹ ਲਿਆ। ਉਹੀ ਦ੍ਰਾਵਿੜ ਲੋਕ ਬਚੇ ਜੋ ਸਦੀਆਂ ਤੱਕ ਜੰਗਲਾਂ ਵਿੱਚ ਨਿਵਾਸ ਕਰਦੇ ਰਹੇ ਜਾਂ ਉਹਨਾਂ ਦੀ ਜਾਨ ਬਖਸ਼ੀ ਹੋਈ ਜਿਨ੍ਹਾਂ ਨੇ ਆਰੀਅਨ ਜਰਵਾਣਿਆਂ ਦੀ ਤਨਮਨ ਕਰਕੇ ਪੂਰਨ ਗੁਲਾਮੀ ਪ੍ਰਵਾਨ ਕਰ ਲਈ।
ਰਾਵਣ ਇਹਨਾਂ ਦੀਆਂ ਸਾਜਿਸ਼ਾਂ ਨੂੰ ਲੰਮੇ ਸਮੇਂ ਤੱਕ ਨਾਕਾਮ ਕਰਦਾ ਰਿਹਾ, ਆਪਣੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਦਾ ਰਿਹਾ। ਕਹਿੰਦੇ ਨੇ ਲੰਕਾ ਸੋਨੇ ਦੀ ਬਣੀ ਹੋਈ ਸੀ। ਇਸ ਦਾ ਭਾਵ ਹੁੰਦਾ ਹੈ ਕਿ ਉਥੋਂ ਦੀ ਹਰ ਚੀਜ਼ ਵਧੀਆ ਸੀ। ਕਿਸੇ ਸਮੇਂ ਭਾਰਤ ਨੂੰ ਭੀ “ਸੋਨੇ ਦੀ ਚਿੜੀ” ਕਿਹਾ ਜਾਂਦਾ ਸੀ। ਜੋ ਅੱਜ ਬੇਈਮਾਨ ਲੀਡਰਾਂ ਦੀ ਬਦੌਲਤ ਕੰਗਾਲੀ ਵਿੱਚ ਗਲ ਤੱਕ ਧੱਸਿਆ ਹੋਇਆ ਹੈ। ਰਾਵਣ ਦੀ ਤਾਕਤ ਬਾਰੇ ਹਿੰਦੂ ਗਰੰਥ (ਆਰੀਅਨ) ਦੱਸਦੇ ਹਨ ਕਿ ਉਹ “ਸਮੁੰਦਰ” ਨੂੰ ਹਿਲਾ ਸਕਦਾ ਸੀ। ਪਹਾੜਾਂ ਨੂੰ ਚੀਰ ਸਕਦਾ ਸੀ। ਹਵਾ ਦਾ ਦੇਵਤਾ ਉਸਦੇ ਰਾਜ ਵਿੱਚ ਝਾੜੂਬਰਦਾਰ ਸੀ। ਵਰੁਣ ਦੇਵਤਾ ਪਾਣੀ ਢੋਇਆ ਕਰਦਾ ਸੀ। ਅਗਨੀ ਦੇਵਤਾ ਕੱਪੜੇ ਧੋਇਆ ਕਰਦਾ ਸੀ। ਚੰਦ ਸੂਰਜ ਲੰਗਰ ਤਿਆਰ ਕਰਿਆ ਕਰਦੇ ਸਨ। ਲੰਕਾ ਦਾ ਕਿਲ੍ਹਾ ਅਤਿ ਦਾ ਮਜ਼ਬੂਤ ਸੀ, ਦੁਆਲੇ ਸਮੁੰਦਰ ਹੀ ਖਾਈ ਦਾ ਕੰਮ ਦਿੰਦਾ ਸੀ। ਲੱਖਾਂ ਵਿੱਚ ਰਾਵਣ ਦੀ ਫੌਜ ਸੀ। ਅੰਨ, ਧਨ ਦਾ ਕੋਈ ਪਾਰਾਵਰ ਨਹੀਂ ਸੀ। “ਪੌਰਾਣਕ ਗ੍ਰੰਥ” ਅਤੇ ਰਾਮਾਇਣ ਵਿੱਚ ਜੋ ਪਹਿਲਾਂ ਹੀ ਆ ਚੁੱਕਿਆ ਹੈ, ਉਸ ਦੇ ਗੁਰਬਾਣੀ ਵਿੱਚ ਭੀ ਹਵਾਲੇ ਆਏ ਹਨ। ਪਹਿਲਾਂ ਤਾਂ ਉੱਪਰ ਕੀਤਾ ਗਿਆ ਵਰਨਣ ਪੜ੍ਹੋ ਕਿ ਰਾਵਣ ਦੀ ਅਸੀਮ ਤਾਕਤ ਨੂੰ ਦੇਵਤਿਆਂ ਨੇ ਖੁਦ ਸਵੀਕਾਰ ਕੀਤਾ ਹੋਇਆ ਹੈ। ਜਿਵੇਂ ਇਹ ਕਹਾਣੀਆਂ ਲਿਖੀਆਂ ਗਈਆਂ ਹਨ, ਪੂਰਨ ਤੌਰ ਤੇ ਇਸੇ ਤਰ੍ਹਾਂ ਭਾਵੇਂ ਸੱਚ ਨਹੀਂ ਹਨ। ਇਸ ਗੱਲ ਤੋਂ ਇਨਕਾਰ ਹੀਂ ਕੀਤਾ ਜਾ ਸਕਦਾ ਕਿ ਰਾਵਣ ਨੇ ਆਰੀਅਨ ਫੌਜਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ ਸਨ। “ਰਾਵਣ ਦੇ ਘਰ ਸੂਰਜ ਚੰਦ ਗੁਲਾਮ ਸਨ, ਉਹ ਸੂਰਜ ਚੰਦ ਦਾ ਰਾਹ ਰੋਕ ਲੈਦਾ ਸੀ”। ਇਹ ਗੱਲਾਂ “ਵਿਆਜ਼ ਅਲੰਕਾਰ” ਹਨ। ਰਾਵਣ ਦੀ ਅਥਾਹ ਫੌਜੀ ਤਾਕਤ ਦਾ ਪ੍ਰਗਟਾਵਾ ਹਨ। ਉਸ ਦੇ ਦਸ ਸਿਰ ਤੇ ਵੀਹ ਬਾਹਵਾਂ ਭੀ ਇਹ ਦਰਸਾਉਂਦੀਆਂ ਹਨ ਕਿ ਉਹ ਮਾਮੂਲੀ ਅਕਲ ਵਾਲਾ ਨਹੀਂ ਸੀ। ਦਸ ਵਿਅਕਤੀਆਂ ਦੀ ਅਕਲ ਇਕੱਠੀ ਕਰ ਲਈਏ ਤਾਂ ਮਸੀਂ ਰਾਵਣ ਦੇ ਬ੍ਰਾਬਰ ਪਹੁੰਚਦੀ ਸੀ। ਉਹਨਾਂ ਸਮਿਆਂ ਵਿੱਚ “ਪੁਸ਼ਪਕ” (ਹਵਾਈ ਜਹਾਜ਼) ਦਾ ਜ਼ਿਕਰ ਭੀ ਰਾਵਣ ਦੀ ਸਵਾਰੀ ਵਾਸਤੇ ਆਉਂਦਾ ਹੈ। ਭਾਵੇਂ ਉਸ ਸਮੇਂ ਹਾਲੀ ਜਹਾਜ਼ ਨਹੀਂ ਬਣੇ ਸਨ, ਪਰ ਰਾਵਣ ਦੀ ਇਸ ਤਰ੍ਹਾਂ ਦੀ ਯੋਜਨਾ ਕੋਈ ਜ਼ਰੂਰ ਹੋਵੇਗੀ ਕਿ ਉਹ ਉੱਡ ਕੇ ਜਾਣ ਵਾਲੀ ਸਵਾਰੀ ਹੋਣੀ ਚਾਹੀਦੀ ਹੈ। ਰਾਵਣ ਦੇ ਇੱਕ ਬੇਟੇ ਦਾ ਨਾਮ ਇੰਦਰਜੀ ਸੀ। ਇਹ ਨਾਮ ਉਸ ਨੂੰ ਐਵੇਂ ਨਹੀਂ ਮਿਲਿਆ ਸੀ। ਸਾਹਮਣੇ ਮੱਥੇ ਜੰਗ ਵਿੱਚ ਉਸ ਨੇ ਅਰੀਅਨ ਜਰਨੈਲ ਨੂੰ ਬੁਰੀ ਤਰ੍ਹਾਂ ਮਾਰ ਮਾਰੀ ਸੀ, ਗੁਲਾਮ ਬਣਾ ਲਿਆ ਸੀ, ਜੋ ਬਾਦ ਵਿੱਚ ਸ਼ਰਤਾਂ ਮਨਵਾ ਕੇ ਛੱਡ ਦਿੱਤਾ ਗਿਆ ਸੀ। “ਇੰਦਰ ਪੁਰੀ” (ਕੋਈ ਵਧੀਆ ਇਲਾਕਾ) ਆਪਣੇ ਕਬਜ਼ੇ ਵਿੱਚ ਕਰ ਲਈ ਸੀ।
ਰਾਵਣ ਦੀ ਧੁਨੀ ਵਿੱਚ ਅੰਮ੍ਰਿਤ ਦਾ ਕੁੰਡ ਸੀ, ਇਸੇ ਲਈ ਉਹ ਮਰਦਾ ਨਹੀਂ ਸੀ। ਅਸਲ ਵਿੱਚ ਰਾਵਣ ਦਾ ਮੈਡੀਕਲ ਵਿਗਿਆਨ, ਇੰਨਾ ਵਿਕਸਤ ਸੀ ਕਿ ਕਿਸੇ ਭੀ ਰੋਗ ਜਾਂ ਜ਼ਖਮ ਨੂੰ ਤੰਦਰੁਸਤ ਕੀਤਾ ਜਾ ਸਕਦਾ ਸੀ। ਜਦੋਂ ਲਛਮਣ “ਮਰਿਆ ਪਿਆ ਸੀ” ਉਸ ਵਕਤ ਰਾਵਣ ਦੇ ਪ੍ਰਮੁੱਖ ਰਾਜ ਵੈਦ ਨੂੰ ਮਿੰਨਤ ਕਰਕੇ ਰਾਮ ਕੋਲ ਲਿਆਂਦਾ ਗਿਆ। ਰਾਮ ਚੰਦਰ ਨੇ ਰੋਂਦਿਆਂ ਭਰਾ ਨੂੰ ਠੀਕ ਕਰਨ ਦੀ ਬੇਨਤੀ ਕੀਤੀ। ਰਾਵਣ ਦਾ ਸ਼ਾਹੀ ਵੈਦਾ ਦੁਸ਼ਮਣ ਨਾਲ ਭੀ ਧੋਖਾ ਨਹੀਂ ਕਰਦਾ। ਲਛਮਣ ਦਾ ਇਲਾਜ਼ ਆਪਣਾ ਫਰਜ਼ ਸਮਝ ਕੇ ਕਰਦਾ ਹੈ। ਇੱਧਰ ਆਰੀਆਨ ਦੇਵਤੇ ਹਰ ਰੋਜ਼ ਅਤੀ ਨੀਚ ਤੇ ਕਮੀਣੇ ਹੱਥ ਕੰਡੇ ਵਰਤਦੇ ਭੀ ਸ਼ਰਮ ਨਹੀਂ ਕਰਦੇ। ਗੁਰਬਾਣੀ ਲਿਖੀ ਜਾਣ ਤੋਂ ਪਹਿਲਾਂ ਹੀ ਰਾਵਣ ਬਾਰੇ ਜੋ ਕੁੱਝ ਹਿੰਦੂ ਗਰੰਥਾਂ ਵਿੱਚ ਲਿਖਿਆ ਹੋਇਆ ਸੀ, ਲੋਕਾਂ ਵਿੱਚ ਪ੍ਰੱਚਲਤ ਸੀ, ਉਹ ਹਵਾਲੇ ਮਾਤਰ ਗੁਰਬਾਣੀ ਵਿੱਚ ਆਏ ਹਨ। ਇਸ ਦਾ ਮਤਲਬ ਇਹ ਨਹੀਂ ਕਿ ਗੁਰਬਾਣੀ ਨੇ ਉਹਨਾਂ ਨੂੰ ਸਵੀਕਾਰ ਕਰ ਲਿਆ ਹੈ। ਪ੍ਰਚਲਤ ਮੁਹਾਵਰੇ ਵਿੱਚ ਲਿਖੇ ਇਹ ਬਚਨ ਪੜ੍ਹੋ:-
ਲੰਕਾ ਸਾ ਕੋਟੁ ਸਮੁੰਦ ਸੀ ਖਾਈ।। ਤਿਹ ਰਾਵਨ ਘਰ ਖਬਰਿ ਨ ਪਾਈ।।
ਕਿਆ ਮਾਗਉ ਕਿਛ ਥਿਰੁ ਨ ਰਹਾਈ।। ਦੇਖਤ ਨੈਨ ਚਲਿਓ ਜਗੁ ਜਾਈ।। ਰਹਾਉ।।
ਇਕੁ ਲਖੁ ਪੂਤ ਸਵਾ ਲਖੁ ਨਾਤੀ।। ਤਿਹ ਰਾਵਨ ਘਰ ਦੀਆ ਨ ਬਾਤੀ।।
ਚੰਦੁ ਸੂਰਜੁ ਜਾ ਕੇ ਤਪਤ ਰਸੋਈ। ਬੈਸੰਤਰ ਜਾ ਕੇ ਕਪਰੇ ਧੋਈ।। …. .
ਕਹਤ ਕਬੀਰ ਸੁਨਹੁ ਰੇ ਲੋਈ।। ਰਾਮ ਨਾਮ ਬਿਨੁ ਮੁਕਤਿ ਨ ਹੋਈ।। (481)

ਰਾਵਣ ਦੀ ਦਿਲ ਕੰਬਾਊ ਅਥਾਹ ਤਾਕਤ ਬਾਰੇ ਜੋ ਪਹਿਲਾਂ ਹੀ ਪ੍ਰੱਚਲਤ ਸੀ। ਉਸ ਦਾ ਹਵਾਲਾ ਦੇ ਕੇ ਸਤਿਕਾਰਯੋਗ ਕਬੀਰ ਜੀ ਸੰਸਾਰ ਦੀ ਨਾਸ਼ਮਾਨਤਾ ਦਾ ਅਹਿਸਾਸ ਕਰਵਾਉਂਦੇ ਹਨ। ਹੇ ਭਾਈ! ਲੰਕਾ ਦਾ ਮਜ਼ਬੂਤ ਕਿਲ੍ਹਾ ਸੀ, ਉਸ ਦੁਆਲੇ ਸਮੁੰਦਰ ਰੂਪੀ ਬਹੁਤ ਵੱਡੀ ਤੇ ਡੂੰਘੀ ਖਾਈ ਸੀ। ਅਜਿਹੇ ਬਲਵਾਨ ਰਾਵਣ ਦਾ ਅੱਜ ਕੋਈ ਸਕਾ ਸਬੰਧੀ ਨਹੀਂ ਰਿਹਾ। ਮੈਂ ਕੀ ਮੰਗਾਂ ਪਰਮਾਤਮਾ ਤੋਂ? ਕਿਉਂਕਿ ਕੋਈ ਚੀਜ਼ ਭੀ ਥਿਰ ਨਹੀਂ ਹੈ।
ਸਭ ਕੁੱਝ ਵੇਖਦਿਆਂ ਸੰਸਾਰ ਬਿਨਸਦਾ ਜਾ ਰਿਹਾ ਹੈ। ਰਾਵਣ ਦੇ ਇੱਕ ਲੱਖ ਪੁੱਤਰ ਆਖੀਦੇ ਸਨ, ਸਵਾ ਲੱਖ ਪੋਤਰੇ ਸੁਣੀਂਦੇ ਸਨ। ਇੰਨੇ ਵੱਡੇ ਪਰਵਾਰ ਵਿੱਚ ਕੋਈ ਦੀਵਾ ਤੱਕ ਨਹੀਂ ਜਗਦਾ। ਸਾਰੇ ਖਤਮ ਹੋ ਗਏ। ਕਹਿੰਦੇ ਹਨ ਚੰਦ ਤੇ ਸੂਰਜ ਰਾਵਣ ਦੇ ਗੁਲਾਮ ਸਨ, ਲੰਗਰ ਤਿਆਰ ਕਰਦੇ ਸਨ। ਅੱਗ ਭੀ ਰਾਵਣ ਦੀ ਗੁਲਾਮ ਸੀ, ਕੱਪੜੇ ਵਗੈਰਾ ਧੋਣ ਦੀ ਸੇਵਾ ਕਰਦੀ ਸੀ। ਹੇ ਸੰਸਾਰ ਦੇ ਨਾਸਮਝ ਲੋਕੋ! ਧਿਆਨ ਨਾਲ ਕਬੀਰ ਦੀ ਗੱਲ ਸੁਣ ਲਓ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਬੇਅਰਥ ਹੈ। ਦੇਵੀਆਂ ਦੇਵਤਿਆਂ, ਕਰਮ ਕਾਂਡਾਂ ਨੂੰ ਤਿਆਗ ਦਿਓ। ਬੰਧਨਾਂ ਤੋਂ ਮੁਕਤ ਹੋਣ ਲਈ ਵਾਹਿਗੁਰੂ ਜੀ ਦੇ ਬਾਰੇ ਗਿਆਨ ਪ੍ਰਾਪਤ ਕਰੋ। ਇਸੇ ਨਾਸਮਾਨਤਾ ਦਾ ਜ਼ਿਕਰ ਭਗਤ ਨਾਮਦੇਵ ਜੀ ਬੜੇ ਅੱਛੇ ਤਰੀਕੇ ਕਰਦੇ ਹਨ। ਪੜ੍ਹੋ:-
ਗਹਰੀ ਕਰਿ ਕੈ ਨੀਵ ਖੁਦਾਈ, ਊਪਰਿ ਮੰਡਪ ਛਾਏ।।
ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ।।
ਹਮਰੋ ਕਰਤਾ ਰਾਮੁ ਸਨੇਹੀ।।
ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ।। ਰਹਾਉ।।
ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ।।
ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ।।
ਸਰਬ ਸ+ਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ।।
ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ।।
ਦੁਰਬਾਸ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ।।
ਕ੍ਰਿਪਾ ਕਰੀ ਜਨ ਅਪੁਨੇ ਊਪਰਿ ਨਾਮਦੇਵ ਹਰਿ ਗੁਨ ਗਾਏ।। (692)
ਹੇ ਭਾਈ! ਅਮੀਰ ਲੋਕ ਬਹੁਤ ਮਜਬੂਤ ਨੀਹਾਂ ਚਿਣ ਕੇ ਮਹਿਲ ਤਿਆਰ ਕਰਦੇ ਹਨ। ਪਰ ਵੇਖੋ ਮਾਰ ਕੰਡੇ ਰਿਸ਼ੀ ਕੀ ਸਿੱਖਿਆ ਦਿੰਦਾ ਸੀ, ਕਿ ਇੱਥੇ ਕਿਸੇ ਨੇ ਸਦਾ ਟਿਕੇ ਨਹੀਂ ਰਹਿਣਾ। ਮਾਰਕੰਡੇ ਖੁਦ ਬਹੁਤ ਲੰਮੀ ਉਮਰ ਵਾਲਾ ਦੱਸੀਦਾ ਹੈ। ਲੇਕਿਨ ਉਸ ਨੇ ਝੌਂਪੜੀ ਭੀ ਨਾ ਬਣਾਈ। ਸਿਰ ਉਤੇ ਸਿਰਫ ਘਾਹ ਫੁਸ ਰੱਖ ਲੈਂਦਾ ਸੀ। ਸਾਡਾ ਰਾਖਾ ਨਿਰੰਕਾਰ ਹੈ। ਹੇ ਇਨਸਾਨੋ, ਭਾਈ ਲੋਕੋ! ਕਿਉਂ ਹੰਕਾਰ ਵਿੱਚ ਝਗੜਦੇ ਹੋ? ਮਹਿਲ ਮਾੜ੍ਹੀਆਂ ਭੀ ਤੇ ਤੁਹਾਡੇ ਸੋਹਣੇ ਸਰੀਰ ਭੀ ਖਤਮ ਹੋ ਜਾਣਗੇ। ਤੁਸੀਂ ਸੁਣਿਆ ਨਹੀਂ? ਕੌਰਵ ਹੰਕਾਰ ਵਿੱਚ ਬਹੁਤ ਆਕੜ ਗਏ ਸਨ। ਦੁਰਜੋਧਨ ਤਾਂ ਹੱਦੋਂ ਹੀ ਲੰਘ ਗਿਆ ਸੀ। ਜਦੋਂ ਬਾਹਰ ਨਿਕਲਦੇ ਸਨ, ਅੱਗੇ ਪਿੱਛੇ ਫੌਜਾਂ ਦਾ ਅੰਤ ਨਹੀਂ ਹੁੰਦਾ ਸੀ। ਅਖੀਰ ਲੋਥਾਂ ਨੂੰ ਲੇਖੇ ਲਾਉਣ ਵਾਲਾ ਭੀ ਕੋਈ ਨਾ ਰਿਹਾ। ਕਾਵਾਂ, ਗਿਰਝਾਂ ਨੇ ਦੇਹੀ ਖਾਧੀ ਸੀ। ਇਸੇ ਤਰ੍ਹਾਂ ਸੋਇਨੇ ਦੀ ਲੰਕਾ ਵਾਲਾ ਰਾਵਣ ਬਹੁਤ ਤਾਕਤਵਰ ਸੀ। ਜਿਸਦੇ ਬੂਹੇ ਅੱਗੇ ਹਾਥੀ ਝੂਲਦੇ ਸਨ, ਸਭ ਕੁੱਝ ਖਤਮ ਹੋ ਗਿਆ। ਦੁਰਬਾਸ਼ਾ ਰਿਸ਼ੀ ਨਾਲ ਮਖੌਲ ਕਰਨ ਵਾਲੇ ਹੰਕਾਰੀ ਯਾਦਵਾਂ ਨੂੰ ਉਸ ਰਿਸ਼ੀ ਨੇ ਸਰਾਪ ਦੇ ਕੇ ਖਤਮ ਕਰ ਦਿੱਤਾ। ਕ੍ਰਿਸ਼ਨ ਵਰਗਾ ਅਵਤਾਰ ਭੀ ਯਾਦਵ ਸੀ, ਉਹ ਭੀ ਸਰਾਪ ਦੀ ਭੇਟ ਚੜ੍ਹ ਗਿਆ। ਨਾਮਦੇਵ ਉੱਤੇ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਹੈ, ਹੰਕਾਰ ਰਹਿਤ ਹੋ ਕੇ ਸੇਵਾ ਕਰਦਾ ਹੈ ਤੇ ਜਸ ਗਾਉਂਦਾ ਹੈ।
ਸੰਮਨ ਜਉ ਇਸ ਪ੍ਰੇਮ ਕੀ, ਦਮ ਕ੍ਹਿਹੁ ਹੋਤੀ ਸਾਟ।।
ਰਾਵਨ ਹੁਤੇ ਸੁ ਰੰਕ ਨਹਿ, ਜਿਨਿ ਸਿਰ ਦੀਨੇ ਕਾਟਿ।। (1363)

ਹੇ ਭਾਈ ਗੁਰਸਿੱਖੋ! ਨਿਰੰਕਾਰ ਦੇ ਨਿਰਮਲ ਪਿਆਰ ਦੀ ਕੋਈ ਦੁਨਿਆਵੀ ਕੀਮਤ ਨਹੀਂ ਪਾਈ ਜਾ ਸਕਦੀ। ਇੱਥੇ ਤਾਂ ਆਪਣਾ ਆਪਾ ਹੀ ਅਰਪਣ ਕਰਨਾ ਪੈਂਦਾ ਹੈ। ਜ਼ਰਾ ਗਹਿਰਾਈ ਨਾਲ ਸੋਚੋ। ਰਾਵਣ ਕੋਲ ਰੁਪੈ ਪੈਸੇ ਦੀ ਸੋਨੇ ਚਾਂਦੀ ਦੀ ਕੋਈ ਘਾਟ ਸੀ? ਉਹ ਇੱਕ ਬਾਦਸ਼ਾਹ ਸੀ, ਜਿੰਨੇ ਮਰਜ਼ੀ ਰੁਪੈ ਗੁਰੂ ਨੂੰ ਦੇ ਸਕਦਾ ਸੀ। ਪਰ ਉਸਨੇ ਆਪਣੇ ਸਿਰ ਕੱਟ ਕੱਟ ਕੇ ਅਰਪਣ ਕੀਤੇ ਸਨ। ਇਸੇ ਤਰ੍ਹਾਂ ਉਸ ਦਾ ਗੁਰੂ ਮਿਹਰਵਾਨ ਹੋਇਆ ਸੀ (ਇਹ ਕੇਵਲ ਪੁਰਾਣਕ ਕਥਾ ਦਾ ਹਵਾਲਾ ਮਾਤਰ ਹੈ)।
ਰਾਵਣ ਦੀ ਇੰਨੀ ਦਹਿਸ਼ਤ ਸੀ ਦੇਵਤਿਆਂ ਤੇ ਕਿ ਉਸ ਦੇ ਨਾਮ ਤੋਂ ਹੀ ਥਰ ਥਰ ਕੰਬਦੇ ਸਨ। ਕਿੰਨੀਆਂ ਗੋਂਦਾਂ ਗੁੰਦ ਕੇ, ਸਾਜਿਸ਼ਾਂ ਰਚਕੇ, ਬਦਨਾਮ ਕਰਕੇ, ਘਰਦੇ ਮੈਂਬਰਾਂ ਨੂੰ ਗੁਮਰਾਹ ਕਰਕੇ, ਹਨੂੰਮਾਨ ਵਰਗਿਆਂ ਨੂੰ ਅਪਣੇ ਨਾਲ ਜੋੜਕੇ, ਬਾਲੀ ਨੂੰ ਮਾਰ ਕੇ, ਸੁਗ੍ਰੀਵ ਤੋਂ ਸਹਾਇਤਾ ਲੈ ਕੇ ਤਾਂ ਕਿਤੇ ਜਾ ਕੇ ਰਾਵਣ ਨੂੰ ਮਾਰਿਆ ਜਾ ਸਕਿਆ। ਰਾਵਣ ਦੀ ਅਥਾਹ ਮਾਰੂ ਤਾਕਤ ਦਾ ਖੌਫ ਅੱਜ ਤੱਕ ਹਿੰਦੂ ਜੰਤਾ ਦੇ ਸਿਰ ਤੇ ਮੰਡਰਾ ਰਿਹਾ ਹੈ। ਹਜਾਰਾਂ ਸਾਲ ਪਹਿਲਾਂ ਹੋ ਚੁੱਕਿਆ ਜੋਧਾ, ਮੌਜੂਦਾ ਸਮੇਂ ਤੱਕ ਆਰੀਅਨਾਂ ਦੀ ਨੀਂਦਰ ਉਡਾ ਰਿਹਾ ਹੈ। ਬਲਿਹਾਰ ਜਾਈਏ ਉਹਨਾਂ ਬੱਬਰ ਸ਼ੇਰਾਂ ਤੋਂ ਜਿਨ੍ਹਾਂ ਦੀ ਦਹਾੜ ਅੱਜ ਤੱਕ ਉੱਤਰੀ ਭਾਰਤ ਦੇ ਲੋਕਾਂ ਵਿੱਚ ਕਾਂਬਾ ਛੇੜ ਦਿੰਦੀ ਹੈ। ਹਰ ਸਾਲ ਰਾਵਣ, ਕੁੰਭਕਰਣ ਤੇ ਮੇਘਨਾਥ ਦੇ ਬੁੱਤ ਬਣਾ ਕੇ ਦੁਸਹਿਰੇ ਵਾਲੇ ਦਿਨ ਸਾੜੇ ਜਾਂਦੇ ਹਨ। ਇਹਨਾਂ ਨੂੰ ਡਰ ਹੈ ਕਿਤੇ ਸਾਲ ਅੰਦਰ ਫਿਰ ਜੀਵਤ ਨਾ ਹੋ ਗਏ ਹੋਣ, ਇੱਕ ਵਾਰੀ ਫਿਰ ਮਾਰ ਕੇ ਸਾੜ ਦਿਓ। ਕਿਤੇ ਦੁਬਾਰਾ ਆ ਕੇ ਸੱਥਰ ਨਾ ਵਿਛਾ ਦੇਣ …. ।
ਕਿਸੇ ਦੀ ਨੂੰਹ, ਧੀ ਤੋਂ ਗਲਤੀ ਹੋ ਜਾਵੇ ਤਾਂ ਵਸ ਲੱਗੇ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਧਰ ਬਾਬਾ ਆਦਮ ਹੀ ਨਿਰਾਲਾ ਨਜ਼ਰ ਆਉਂਦਾ ਹੈ। ਲਛਮਣ ਨੇ “ਜਾਦੂਈ” ਰਾਮ ਕਾਰ ਖਿੱਚ ਦਿੱਤੀ। ਸੀਤਾ ਨੂੰ ਕਿਹਾ ਇਸ ਤੋਂ ਬਾਹਰ ਨਾ ਜਾਵੀਂ। ਉਹ ਪਾਗਲ ਹੋ ਗਈ ਸੀ ਕਿ ਬਾਹਰ ਜਾ ਕੇ ਰਾਵਣ ਦੇ ਕੰਧਾੜੇ ਤੇ ਬੈਠ ਕੇ ਨੱਸ ਗਈ? ਜੇ ਉਸ ਨੇ ਗਲਤੀ ਕਰ ਹੀ ਲਈ ਤਾਂ ਇਸ ਵਿੱਚ ਕਿਹੜੀ ਬਹਾਦਰੀ ਜਾਂ ਸਿੱਖਿਆਦਾਇਕ ਗੱਲ ਹੈ ਕਿ ਮੁੜ ਮੁੜ ਆਪਣੀ ਮਾਤਾ ਨੂੰ ਉਧਾਲੀ ਜਾਂਦੀ, ਚੀਕਾਂ ਮਾਰਦੀ, ਤਸੀਹੇ ਝੱਲਦੀ, ਵਿਖਾਕੇ ਇਹ ਲੋਕ ਕੀ ਸਿੱਧ ਕਰਨਾ ਚਾਹੁੰਦੇ ਹਨ? ਇਹ ਸਿੱਧਾ ਔਰਤ ਵਰਗ ਦਾ ਅਪਮਾਨ ਹੈ। ਪਹਿਲਾਂ ਰਾਣੀ ਦ੍ਰੋਪਤੀ ਨੂੰ ਰਾਜ ਸਭਾ ਵਿੱਚ ਅਪਮਾਨਤ ਕਰਵਾਇਆ। ਕਿਸ਼ਨ ਤੋਂ ਗੋਪੀਆਂ ਦੇ ਕੱਪੜੇ ਚੋਰੀ ਕਰਵਾਏ। ਬਹੁਤ ਸਾਰੀਆਂ ਨਾਲ ਕ੍ਰਿਸ਼ਨ ਨੂੰ ਧੱਕੇਸ਼ਾਹੀਆਂ ਕਰਦਿਆਂ ਵਿਖਾਇਆ। ਪੁੱਤਰ ਪ੍ਰਾਪਤੀ ਲਈ ਰਾਣੀਆਂ ਨੂੰ ਘੋੜਿਆਂ ਦਾ “ਸੰਗ” ਕਰਵਾਇਆ ਗਿਆ …. । ਬਿਪਰ ਲਿਖਾਰੀ ਨੇ ਅਜਿਹੀਆਂ ਕਹਾਣੀਆਂ ਘੜਕੇ, ਪ੍ਰਚਾਰ ਕਰਕੇ, ਸਮੁੱਚੀ ਔਰਤ ਜਾਤੀ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਉਹ ਸੋਚਦੀ ਹੈ ਕਿ ਜੋ ਰਾਣੀਆਂ ਪਰੀਆਂ, ਅਮੀਰਜ਼ਾਦੀਆਂ ਨਾਲ ਸਦੀਆਂ ਤੋਂ ਇਸ ਤਰ੍ਹਾਂ ਹੁੰਦਾ ਆਇਆ ਹੈ ਤਾਂ ਇਹ ਸਾਡੀ “ਕਿਸਮਤ” ਵਿੱਚ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੈ। ਇੱਥੇ ਸੀਤਾ ਨੂੰ ਮਾਤਾ ਭੀ ਕਹੀ ਜਾਣਾ ਤੇ ਹਰ ਸਾਲ ਰਾਮ ਲੀਲਾ ਰਾਹੀਂ ਉਸ ਦਾ ਉਧਾਲਾ ਭੀ ਕਰਵਾਈ ਜਾਣਾ?
ਇੱਥੇ ਇੱਕ ਹੋਰ ਕਲਾਬਾਜੀ ਭੀ ਬਿਪਰ ਲਿਖਾਰੀ ਨੇ ਚਲਾ ਦਿੱਤੀ ਹੈ। ਅਖੇ ਰਾਵਣ ਬ੍ਰਾਹਮਣ ਸੀ। ਕਿਉਂਕਿ ਜੇ ਆਪਣੇ ਗੁਣਾਂ ਕਾਰਨ ਕਦੀ ਰਾਵਣ ਦੀ ਪ੍ਰਸੰਸਾ ਹੋਣ ਲੱਗ ਪਈ ਤਾਂ ਝੱਟ ਕਹਿ ਦਿੱਤਾ ਜਾਵੇਗਾ, ਕਿ ਦੇਖੋ ਜੀ! ਇੰਨਾ ਚਤੁਰ, ਇੰਨਾ ਦੁਰ ਅੰਦੇਸ਼ ਰਾਵਣ ਇਸੇ ਕਰਕੇ ਸੀ ਕਿਉਂਕਿ ਪਿਤਾ ਵੱਲੋਂ ਬ੍ਰਾਹਮਣ ਜੋ ਸੀ। ਚਾਰੇ ਵੇਦਾਂ ਦਾ ਗਿਆਤਾ ਭੀ ਸੀ। ਇਹ ਹੈ ਬਿਪਰ ਦੇ “ਦੋਵੇ ਹੱਥੀਂ ਲੱਡੂ” ਵਾਲੀ ਗੱਲ। ਕਬੀਰ ਬਾਰੇ ਭੀ ਕਿਹਾ ਗਿਆ ਕਿ ਕੰਵਾਰੀ ਬਾਹਮਣੀ ਦਾ ਲੜਕਾ ਸੀ, ਮੁਸਲਮਾਨ ਨੇ ਪਾਲਿਆ। ਰਵਿਦਾਸ ਬਾਰੇ ਕੁਫਰ ਤੋਲਿਆ ਕਿ ਪਿਛਲੇ ਜਨਮ ਵਿੱਚ ਬ੍ਰਾਹਮਣ ਸੀ। ਜੇ ਹੋਰ ਕੁੱਝ ਨਹੀਂ ਤਾਂ ਬ੍ਰਾਹਮਣ ਦਾ ਚੇਲਾ ਤਾਂ ਜ਼ਰੂਰ ਹੋਵੇਗਾ। ਬਚੋ ਇਨ੍ਹਾਂ ਚਾਲਾਂ ਤੋਂ।




.