.

ਗੁਰਬਾਣੀ ਵਿੱਚ ਭਗਤ ਬਾਣੀ ਦਾ ਸਥਾਨ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਅੰਦਰ ਪੈਂਤੀ ਲਿਖਾਰੀ ਹਨ। ਇਨ੍ਹਾਂ ਵਿਚੋ ਪੰਦਰ੍ਹਾਂ ਭਗਤ ਹਨ। ਬਾਣੀ ਰਚਨਾ ਬਾਰੇ ਗੁਰਦੇਵ ਦਾ ਫ਼ੈਸਲਾ ਵੀ ਬਾਣੀ ਦੇ ਅੰਦਰ ਹੀ ਦਰਜ ਹੈ ਫ਼ੁਰਮਾਨ ਹੈ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ: 646) ਭਾਵ ਲਿਖਾਰੀ ਭਾਵੇਂ ਪੈਂਤੀ ਹਨ, ਪਰ ਸਾਰੀ ਬਾਣੀ `ਚ ਇਕੌ ਹੀ (ਅਕਾਲਪੁਰਖੀ) ਗੁਰੂ ਦੀ ਗਲ ਹੈ, ਇਕੋ ਹੀ ਸੇਧ ਅਤੇ ਜੀਵਨ ਸਿਧਾਂਤ ਵੀ ਇਕੋ ਹੀ ਹੈ, ਇਥੇ ਕਿੱਧਰੇ ਵੀ ਸਵੈ-ਵਿਰੋਧ ਜਾਂ ਵਿਚਾਰ ਅੰਤਰ ਨਹੀਂ।
ਖੋਜਾਂ ਅਤੇ ਗੁਰਬਾਣੀ ਦੀਆਂ ਅੰਦਰਲੀਆਂ ਗਵਾਹੀਆਂ ਤੋਂ ਵੀ ਭਲੀ ਭਾਂਤ ਸਾਬਤ ਹੋ ਚੁਕਾ ਹੈ ਕਿ ਸੰਪਾਦਨਾ ਸਮੇਂ, ਪਦਰ੍ਹਾਂ ਭਗਤਾਂ ਅਤੇ ਪਹਿਲੇ ਚਾਰ ਗੁਰੂ ਵਿਅਕਤੀਆਂ ਦੀ ਬਾਣੀ; ਦਰਜਾ-ਬ-ਦਰਜਾ, ਪੰਜਵੇਂ ਪਾਤਸ਼ਾਹ ਕੋਲ ਪਹਿਲਾਂ ਤੋਂ ਹੀ ਮੌਜੂਦ ਸੀ। ਪਾਤਸ਼ਾਹ ਨੇ ਨਾ ਹੀ ਇਹ ਬਾਣੀ ਕਿਧਰੋ ਇਕਤ੍ਰ ਹੀ ਕੀਤੀ ਅਤੇ ਨਾ ਹੀ ਇਸ ਦੀ ਲੋੜ ਸੀ। ਬਾਣੀ ਦੀਆਂ ਅੰਦਰਲੀਆਂ ਗਵਾਹੀਆਂ ਤੋਂ ਇਹ ਵੀ ਸਾਬਤ ਹੋ ਚੁਕਾ ਹੈ ਕਿ ਭਗਤਾਂ ਦੀ ਬਾਣੀ ਪਹਿਲੇ ਪਾਤਸ਼ਾਹ ਨੇ ਅਪਣੇ ਪ੍ਰਚਾਰ ਦੌਰਿਆਂ ਸਮੇਂ ਆਪ ਇਕਤ੍ਰ ਕੀਤੀ ਸੀ। ਬਾਣੀ ਰਚਨਾ ਦੇ ਸਿਧਾਂਤ ਤੋਂ ਇਸ ਬਾਰੇ ਵੀ ਭੁਲੇਖਾ ਨਹੀਂ ਰਹਿ ਜਾਂਦਾ ਕਿ ਭਗਤਾਂ ਦੀਆਂ ਰਚਨਾਵਾਂ ਉਹਨਾਂ ਦੇ ਜੀਵਨ ਦੇ ਉਸ ਪੜਾਅ ਨਾਲ ਸੰਬੰਧਤ ਹਨ, ਜਦੌਂ ਕਿ ਉਹ ‘ਜੀਵਨ ਦੀ ਸਫ਼ਲਤਾ’ ਨੂੰ ਪ੍ਰਾਪਤ ਹੋ ਚੁਕੇ ਸਨ। ਉਸਤੋਂ ਪਹਿਲਾਂ, ਜੇ ਕਿਸੇ ਭਗਤ ਜਾਂ ਭਗਤਾਂ ਦੀਆਂ, ਕੋਈ ਰਚਨਾਵਾਂ ਹੈ ਵੀ ਸਨ, ਜਿਹੜੀਆਂ ਗੁਰਬਾਣੀ ਕਸਵੱਟੀ ਤੇ ਪੂਰੀਆਂ ਨਹੀਂ ਸਨ ਉਤਰਦੀਆਂ ਤਾਂ ਗੁਰਦੇਵ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ।
ਸੰਪਾਦਨਾ ਸਮੇਂ ਗੁਰਦੇਵ ਨੇ, ਭਗਤਾਂ ਦੀਆਂ ਰਚਨਾਵਾਂ ਨੂੰ ਜੋ ਸਿਰਲੇਖ ਦਿਤਾ ਉਹ ਹੈ ‘ਬਾਣੀ ਭਗਤਾਂ ਕੀ’। ਇਸਦੇ ਸਪਸ਼ਟ ਅਰਥ-ਭਾਵ ਹਨ ਕਿ ਇਹ ਭਗਤ, ਜਨਮਾਂਦਰੂ ‘ਜੀਵਨ ਦੀ ਸਫ਼ਲ’ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਬਲਕਿ ‘ਭਗਤੀ ਭਾਵਨਾ’ `ਤੇ ‘ਘਾਲ ਕਮਾਈ’ ਕਰਕੇ ਹੀ ਇਹ ਜੀਵਨ ਦੀ ਇਸ ਉਚੀ ਅਵਸਥਾ ਨੂੰ ਪ੍ਰਾਪਤ ਹੋਏ ਸਨ। ਇਸੇ ਅਵਸਥਾ `ਚ ਪੁਜਣ ਤੇ ਹੀ ਪਾਤਸ਼ਾਹ ਨੇ ਇਹਨਾਂ ਨੂੰ ‘ਭਗਤ’ ਦੀ ਉਪਾਧੀ ਨਾਲ ਨਿਵਾਜਿਆ ਅਤੇ ਇਹਨਾਂ ਦੀਆਂ ਰਚਨਾਵਾਂ ਨੂੰ ਗੁਰਬਾਣੀ ਦਾ ਦਰਜਾ ਦੇ ਕੇ, ਅਪਣੀ ਬਾਣੀ ਦੀ ਬਰਾਬਰੀ ਵੀ ਬਖਸ਼ੀ।
ਭਗਤਾਂ ਨੇ ਘਾਲ ਕਮਾਈ ਕੀਤੀ- ਗੁਰਬਾਣੀ ਖਜ਼ਾਨੇ `ਚ ਪ੍ਰਵਾਣ ਹੋਏ ਭਗਤ ਜਨਮ ਤੋਂ ‘ਜੀਵਨ ਦੀ ਸਫ਼ਲ’ ਅਵਸਥਾ ਨੂੰ ਪ੍ਰਾਪਤ ਨਹੀਂ ਸਨ ਬਲਕਿ ‘ਘਾਲ ਕਮਾਈ’ ਕਾਰਨ ਹੀ ਇਹ ਜੀਵਨ ਦੀ ਇਸ ਉਚੀ ਅਵਸਥਾ ਨੂੰ ਪ੍ਰਾਪਤ ਹੌਏ। ਦਰਅਸਲ ਗੁਰਬਾਣੀ ਅਨੁਸਾਰ ਭਗਤ ਦੇ ਅਰਥ ਵੀ ਇਹੀ ਹਨ ਜਿਸਨੇ ‘ਭਗਤੀ ਭਾਵਨਾ’, ਲਗਣ ਅਤੇ ‘ਘਾਲ ਕਮਾਈ’ ਨਾਲ ਅਪਣੇ ਜੀਵਨ ਦੀ ਸੰਭਾਲ ਕੀਤੀ ਹੋਵੇ। ਗੁਰਬਾਣੀ ਵਿੱਚ ਭਗਤ ਦੀ ਜੀਵਨ ਰਹਿਣੀ ਦੀ ਵਿਆਖਿਆ ਵੀ ਇਸਤਰ੍ਹਾਂ ਹੈ, ਫ਼ੁਰਮਾਨ ਹੈ “ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ॥ ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ” (ਪੰ: 513) ਜਾਂ “ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ” (ਪੰ: 784)। ਭਗਤਾਂ ਦੀ ਘਾਲ ਕਮਾਈ ਨੂੰ ਚੰਗੀ ਤਰ੍ਹਾਂ ਸਮਝਣ ਲਈ ਗੁਰਬਾਣੀ ਵਿਚੋਂ ਹੀ ਕੁੱਝ ਪ੍ਰਮਾਣ:
(ੳ) ਭਗਤ ਤਰਲੋਚਨ ਬੰਗਾਲ ਦੇ ਵਾਸੀ ਅਤੇ ਜਨਮ ਦੇ ਬ੍ਰਾਹਮਣ ਸਨ। ਗੁਰਬਾਣੀ ਰਚਨਾ `ਚ ਇਨ੍ਹਾ ਦੇ ਸ਼ਬਦਾਂ ਦੀ ਸ਼ੈਲੀ, ਸਬੂਤ ਹੈ ਕਿ ਅਪਣੇ ਆਪ `ਚ ਇਹ ਉਚ ਕੋਟੀ ਦੇ ਵਿਦਵਾਨ ਵੀ ਸਨ। ਚੂੰਕਿ ਇਹ ਵਿਦਵਤਾ ਬ੍ਰਾਹਮਣ ਪੱਧਰ ਦੀ ਸੀ, ਇਸਲਈ ਜ਼ਰੂਰੀ ਹੈ ਕਿ ਇਨ੍ਹਾਂ ਦੇ ਜੀਵਨ ਅੰਦਰ ਬ੍ਰਾਹਮਣੀ ਸੰਸਕਾਰ ਵੀ ਪ੍ਰਬਲ ਰਹੇ ਹੋਣਗੇ। ਠੀਕ ਉਸੇਤਰ੍ਹਾਂ ਜਿਵੇਂ ਸਫ਼ਲ ਅਵਸਥਾ `ਚ ਪੁਜਣ ਤੋਂ ਪਹਿਲਾਂ ਰਾਮਾਨੰਦ ਜੀ ਦੇ ਵਡੇ ਕਰਮਕਾਂਡੀ ਹੋਣ ਬਾਰੇ ਬਹੁਤ ਘਟਣਾਵਾਂ ਪ੍ਰਚਲਤ ਹਨ। ਇਸਦੇ ਉਲਟ, ਦਰਸ਼ਨ ਕਰੋ ਜਦੋਂ ਉਹੀ ਰਾਮਾਨੰਦ, ਜੀਵਨ ਦੀ ਸਫ਼ਲ ਅਵਸਥਾ ਨੂੰ ਪੁਜਦੇ ਹਨ ਤਾਂ-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਰਾਗ ਬਸੰਤ ਪੰਨਾ ੧੧੯੫ ਉਪਰ ਉਨ੍ਹਾਂ ਦਾ ਇਕੋ ਹੀ ਸ਼ਬਦ ਇਸ ਸਚਾਈ ਨੂੰ ਸਾਬਤ ਕਰਦਾ ਹੈ ਕਿ ਸਫ਼ਲ ਅਵਸਥਾ `ਚ ਪੁਜਣ ਬਾਦ ਇਹ ਅਪਣੇ ਪੁਰਾਤਨ ਬ੍ਰਾਹਮਣੀ ਕਰਮਕਾਂਡੀ ਜੀਵਨ ਦੇ ਵੱਡੇ ਵਿਰੋਧੀ ਹੋ ਚੁਕੇ ਦੇ ਸਨ।
ਚੂੰਕਿ ਇਥੇ ਮਿਸਾਲ ਚਲ ਰਹੀ ਭਗਤ ਤਰਲੋਚਨ ਜੀ ਦੀ ਘਾਲ ਕਮਾਈ ਦੀ। ਕਰਤੇ ਦੀ ਕਰਨੀ, ਜਦੋਂ ਇਹਨਾਂ ਦੇ ਜੀਵਨ `ਚ ਪਲਟਾ ਆਉਣਾ ਸੀ ਤਾਂ ਉਸ ਸਮੇ ਤੀਕ ਇਹ ਨਾਮਦੇਵ ਜੀ ਦੀ ਵੱਧ ਚੁਕੀ ਉਸਤਤੀ ਦਾ ਪ੍ਰਭਾਵ ਗ੍ਰਿਹਣ ਕਰ ਚੁਕੇ ਸਨ। ਜਾਤ-ਵਰਣ ਦਾ ਹਿਸਾਬ ਲਾਵੋ ਤਾਂ ਇਨ੍ਹਾਂ ਦੋਨਾਂ ਵਿਚਕਾਰ ਬ੍ਰਾਹਮਣ-ਸ਼ੂਦਰ ਵਾਲਾ ਵੱਡਾ ਪਾੜਾ ਸੀ। ਸਾਬਤ ਹੁੰਦਾ ਹੈ ਕਿ ਜਦੋਂ ਇਨ੍ਹਾਂ ਅੰਦਰ ਨਾਮਦੇਵ ਦੇ ਦਰਸ਼ਨਾਂ ਲਈ ਤਾਂਘ ਉਠੀ ਤਾਂ ਉਸ ਸਮੇਂ ਤੀਕ ਇਨ੍ਹਾਂ ਅੰਦਰੋ ਬ੍ਰਾਹਮਣੀ ਰਹਿਣੀ, ਹਉਮੇ, ਕਰਮਕਾਂਡੀ ਸੋਚਣੀ ਖੰਬ ਲਾ ਕੇ ਉਡ ਚੁਕੀ ਸੀ। ਇਹੀ ਵਜ੍ਹਾ ਸੀ ਕਿ ਸ਼ੂਦਰ ਕੁਲ ਦੇ ਮੰਨੇ ਜਾਂਦੇ ਨਾਮਦੇਵ ਜੀ ਦੇ ਦਰਸ਼ਨਾ ਲਈ ਉਚੇਚੇ ਬੰਗਾਲ ਤੋਂ ਮਹਾਰਾਸ਼ਟਰ ਤੀਕ ਪੁਜੇ। ਗੁਰਬਾਣੀ ਖਜ਼ਾਨੇ `ਚ ਨਾਮਦੇਵ ਜੀ ਅਤੇ ਕਬੀਰ ਜੀ ਭਾਵ ਦੋਨਾਂ ਦੀ ਬਾਣੀ ਵਿੱਚ ਇਸ ਮਿਲਾਪ ਦਾ ਵੱਖ ਵੱਖ ਜ਼ਿਕਰ ਹੈ। ਇਸਤਰ੍ਹਾਂ ਮਿਲਾਪ ਸਮੇਂ ਨਾਮਦੇਵ ਜੀ ਜਦੋਂ ਤਰਲੋਚਨ ਜੀ ਨੂੰ ਸੱਚ ਧਰਮ ਦੀ ਗਲ ਸਮਝਾਂਦੇ ਹੋਏ ਫ਼ੁਰਮਾਂਦੇ ਹਨ “ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ” (ਪੰ: ੯੭੨) ਅਤੇ ਇਸੇ ਹੀ ਮਿਲਾਪ ਵਾਲੀ ਘਟਣਾ ਦਾ ਜ਼ਿਕਰ ਕਬੀਰ ਸਾਹਿਬ ਇਸਤਰ੍ਹਾਂ ਕਰਦੇ ਹਨ “ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ੨੧੨ ॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ॥ ੨੧੩ ॥” (੧੩੭੫)। ਅੰਦਾਜ਼ਾ ਲਾਓ! ਉਸ ਜ਼ਮਾਨੇ `ਚ ਕਿਥੇ ਬੰਗਾਲ ਤੇ ਕਿਥੇ ਮਹਾਰਾਸ਼ਟਰ; ਕਿਥੇ ਉਚੀ ਕੁਲ `ਚ ਜਨਮੇ ਤਿਲੋਚਣ ਜੀ ਅਤੇ ਕਿਥੇ ਉਨ੍ਹਾਂ ਸਾਹਮਣੇ ਨੀਚ ਤੇ ਸ਼ੂਦਰ ਕੁਲ `ਚ ਪੈਦਾ ਹੋਏ ‘ਨਾਮਦੇਵ’। ਇਹ ਮਨ `ਚ ਪੈਦਾ ਹੋ ਚੁਕੀ ਲਗਣ ਤੇ ‘ਘਾਲ ਕਮਾਈ’ ਦਾ ਹੀ ਜਾਦੂ, ਪ੍ਰਗਟਾਵਾ, ਬੇ-ਬ੍ਹਲਤਾ ਸੀ, ਕੁੱਝ ਹੋਰ ਨਹੀਂ ਸੀ।
ਧੰਨਾ ਜੀ ਨੇ ਕਿਸੇ ਪੱਥਰ ਵਿਚੋਂ ਨਹੀਂ. . - ਇਸੇ ਸੰਬੰਧ ਵਿਚ, ਦੂਜੀ ਮਿਸਾਲ ਲੈਂਦੇ ਹਾਂ ਭਗਤ ਧੰਨਾ ਜੀ ਦੀ। ਦਰਸ਼ਨ ਕਰੋ! ਰਾਗ ਆਸਾ, ਪੰਨਾਂ 487 ਉਪਰ ਭਗਤ ਜੀ ਆਪ ਦਸ ਰਹੇ ਹਨ ਕਿ ਮੈਨੂੰ ਅਕਾਲਪੁਰਖੁ ਦੀ ਪ੍ਰਾਪਤੀ ਸੰਤ ਜਨਾਂ ਦੀ ਸੰਗਤ ਵਿਚੋਂ ਹੌਈ, ਫ਼ੁਰਮਾਂਦੇ ਹਨ “ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ”। ਤਾਂ ਫ਼ਿਰ ਇਹ ‘ਸੰਤ ਜਨ’ ਕਿਹੜੇ ਸਨ? ਧੰਨਾ ਜੀ ਦੇ ਸ਼ਬਦਾਂ ਵਿਚਕਾਰ ਹੀ, ਅਗਲੇ ਹੀ ਸ਼ਬਦ ਰਾਹੀਂ ਇਸ ਸਚਾਈ ਨੂੰ ਸੰਸਾਰ ਸਾਹਮਣੇ ਖੋਲਿਆ ਤਾਂ ਖੁਦ ਪੰਜਵੇਂ ਪਾਤਸ਼ਾਹ ਨੇ। ਸ਼ਬਦ ਹੈ “ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ”। ਇਸਤਰ੍ਹਾਂ ਪੰਜਵੇ ਪਾਤਸ਼ਾਹ ਆਪ ਇਨ੍ਹਾਂ ਸੰਤ ਜਨਾਂ ਦਾ ਵੇਰਵਾ ਦੇਂਦੇ ਹਨ ਕਿ ਇਹ ਸੰਤ ਜਨ ਸਨ ‘ਨਾਮਦੇਵ, ਕਬੀਰ, ਰਵੀਦਾਸ ਤੇ ਸੈਨ’ ਜੀ। ਫ਼ਿਰ ਇਸੇ ਸ਼ਬਦ ਦੇ ਅੰਤਮ ਬੰਦ `ਚ ਗੁਰਦੇਵ ਫ਼ੁਰਮਾਂਦੇ ਹਨ “ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ” ਭਾਵ ਇਨ੍ਹਾਂ ਸੰਤ ਜਨਾ ਦੀ ਸੰਗਤ ਕਾਰਨ ਧੰਨੇ ਨੇ ਵੀ ਪ੍ਰਭੂ ਨੂੰ ਪਾ ਲਿਆ। ਇਹ ਸੀ ਧੰਨਾ ਜੀ ਦੀ ਘਾਲ ਕਮਾਈ ਜਿਸਨੇ ਉਨ੍ਹਾਂ ਨੂੰ ਸਫ਼ਲ ਜੀਵਨ ਦੀ ਅਵਸਥਾ `ਚ ਪਹੁੰਚਾ ਦਿਤਾ।
ਪੱਥਰ ਮੂਰਤੀ ਪੂਜਾ ਅਤੇ ਗੁਰਮਤਿ- ਸਚਾਈ ਨੂੰ ਸਮਝਣ ਤੋਂ ਬਾਦ ਧੰਨਾ ਜੀ ਰਾਹੀਂ ਪੰਡਤ ਕੋਲੋਂ ਪੱਥਰ ਲਿਆਉਣਾ ਅਤੇ ਉਸ ਪੱਥਰ ਚੋਂ ‘ਭਗਵਾਨ’ ਕੱਢਣ ਵਾਲੀ ਫੈਲਾਈ ਕਹਾਣੀ ਦਾ ਕੀ ਮੁਲ ਰਹਿ ਜਾਂਦਾ ਹੈ? ਫ਼ਿਰ ਇਸਤਰ੍ਹਾਂ ਦੀਆਂ ਸ਼ੁਤਰੀਆਂ ਛਡੀਆਂ ਕਿਸਨੇ? ਸਮਝਦੇ ਦੇਰ ਨਹੀਂ ਲਗਦੀ। ਦਰਅਸਲ ਧੰਨਾ ਜੀ ਬਾਰੇ ਪ੍ਰਚਲਤ ਪੱਥਰ ਚੋਂ ਰੱਬ ਕੱਢਣ ਵਾਲੀ ਕਹਾਣੀ ਸਮਾਜ ਨਾਲ ਕੋਰਾ ਧੋਖਾ ਬਲਕਿ ਧੰਨਾ ਜੀ ਦੀ ਘਾਲ ਕਮਾਈ ਨੂੰ ਦਬਾਉਣ ਲਈ ਬ੍ਰਾਹਮਣੀ ਸ਼ਰਾਰਤ ਤੇ ਚਾਲ ਤੋਂ ਸਿਵਾ ਹੋਰ ਕੁੱਝ ਨਹੀਂ। ਖੈਰ ਪੱਥਰ ਪੂਜਾ ਦੇ ਹੱਥਲੇ ਵਿਸ਼ੇ ਬਾਰੇ ਗੁਰਬਣੀ ਦਾ ਕੀ ਫ਼ੈਸਲਾ ਹੈ ਇਸਦੇ ਲਈ ਅਸੀਂ ਗੁਰਬਾਣੀ ਵਿਚੋਂ ਹੀ ਕੁੱਝ ਪ੍ਰਮਾਣ ਦੇਣੇ ਚਾਹਾਂਗੇ। ਫ਼ੁਰਮਾਨ ਹੈ “ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ” (ਮ: ੫. ੧੧੬੦) ਅਤੇ “ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ” (ਪੰ: ੫੨੫) ਹੋਰ ਲਵੋ “ਘਰ ਮਹਿ ਠਾਕੁਰੁ ਨਦਰਿ ਨ ਆਵੈ॥ ਗਲ ਮਹਿ ਪਾਹਣੁ ਲੈ ਲਟਕਾਵੈ॥ ੧ ॥ ਭਰਮੇ ਭੂਲਾ ਸਾਕਤੁ ਫਿਰਤਾ॥ ਨੀਰੁ ਬਿਰੋਲੈ ਖਪਿ ਖਪਿ ਮਰਤਾ॥ ੧ ॥ ਰਹਾਉ॥ ਜਿਸੁ ਪਾਹਣ ਕਉ ਠਾਕੁਰੁ ਕਹਤਾ॥ ਓਹੁ ਪਾਹਣੁ ਲੈ ਉਸ ਕਉ ਡੁਬਤਾ॥ ੨ ॥ ਗੁਨਹਗਾਰ ਲੂਣ ਹਰਾਮੀ॥ ਪਾਹਣ ਨਾਵ ਨ ਪਾਰਗਿਰਾਮੀ” (ਪੰ: ੭੩੯) ਅਤੇ ਇਸਤਰ੍ਹਾਂ ਇਸ ਬਾਰੇ ਹੋਰ ਅਨੇਕਾਂ ਫ਼ੁਰਮਾਨ ਗੁਰਬਾਣੀ ਖਜ਼ਾਨੇ `ਚ ਮੌਜੂਦ ਹਨ।
ਦੂਜੇ ਲਫ਼ਜ਼ਾਂ `ਚ ਕਹਾਣੀ ਮੁਤਾਬਕ ਜੇ ਧੰਨੇ ਨੇ ਪੰਡਤ ਦੇ ਦਿਤੇ ਪੱਥਰ ਵਿਚੋਂ ਹੀ ਰੱਬ ਕਢਿਆ ਹੁੰਦਾ ਤਾਂ ਗੁਰਬਾਣੀ ਸਿਧਾਂਤ ਵਿਰੁਧ, ਧੰਨਾ ਜੀ ਦੀ ਰਚਨਾ ਕਦੇ ਗੁਰਬਾਣੀ ਦਾ ਹਿਸਾ ਹੀ ਨਹੀਂ ਸੀ ਬਣ ਸਕਦੀ। ਖੂਬੀ ਇਹ ਕਿ ਬ੍ਰਾਹਮਣ ਖੁਦ, ਜਿਹੜਾ ਇਸ ਥਿਊਰੀ ਨੂੰ ਜਨਮ ਦੇਣ ਵਾਲਾ ਹੈ ਉਹ ਤਾਂ ਅਜਤੀਕ ਕਿਸੇ ਪੱਥਰ ਚੋਂ ਰਬ ਨਾ ਕਢ ਸਕਿਆ ਪਰ ਦੂਜਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਵੀ ਕਦੇ ਪਿਛੇ ਨਹੀਂ ਰਿਹਾ। ਇਸਤੋਂ ਵੱਧ ਗੁਰਬਾਣੀ ਵਿਚੋਂ ਜੇਕਰ ਇੱਕ ਇੱਕ ਭਗਤ ਦੀਆਂ ਪ੍ਰਵਾਣਤ ਰਚਨਾਵਾਂ ਨੂੰ ਅੱਡ-ਅੱਡ ਕਰਕੇ ਵੀ ਪੜ੍ਹ ਲਿਆ ਜਾਵੇ ਤਾਂ ਉਥੋਂ ਵੀ ਸਪਸ਼ਟ ਹੁੰਦੇ ਦੇਰ ਨਹੀਂ ਲਗੇਗੀ ਕਿ ਗੁਰਬਾਣੀ `ਚ ਪ੍ਰਵਾਣਤ ਸਾਰੇ ਹੀ ਭਗਤ ਪੱਥਰ-ਮੂਰਤੀ ਪੂਜਾ ਦੇ ਵਿਰੁਧ ਸਨ। ਸੁਆਲ ਪੈਦਾ ਹੁੰਦਾ ਹੈ ਤਾਂ ਫ਼ਿਰ ਕੀ ਭਗਤਾਂ ਦੀ ਅਪਣੀ ਕੱਥਨੀ ਨੂੰ ਠੀਕ ਮੰਨਿਆ ਜਾਵੇ ਜਾਂ ਇਹਨਾਂ ਕਹਾਣੀਆਂ ਨੂੰ? ਯਕੀਨਣ ਉਨ੍ਹਾਂ ਭਗਤਾਂ ਦੀ ਜਿਨ੍ਹਾ ਦੇ ਜੀਵਨ ਬਾਰੇ ਗਲ ਕੀਤੀ ਜਾ ਰਹੀ ਹੈ। ਫ਼ਿਰ ਜਦੋਂ ਅਸੀਂ ਇਹ ਵੀ ਦੇਖ ਚੁਕੇ ਹਾਂ ਕਿ ਪੱਥਰਾਂ-ਮੂਰਤੀਆਂ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ ਕਿ ਇਹ ਰਸਤਾ ਹੀ ਮੂਰਖਾਂ-ਗਵਾਰਾਂ-ਸਾਕਤਾਂ (ਨਾਸਤਿਕਾਂ) ਦਾ ਹੈ, ਪ੍ਰਭੁ ਪਿਆਰਿਆਂ ਦਾ ਨਹੀਂ।
ਗੁਰਬਾਣੀ `ਚ ਆਏ ਭਗਤਾਂ ਬਾਰੇ ਕਹਾਣੀਆਂ ਦਾ ਤਾਣਾਬਾਣਾ- ਇਸ ਕੰਮ ਲਈ ਸਭ ਤੋਂ ਵਡੀ ਕਤਾਰ `ਚ ਆਉਂਦੀਆਂ ਹਨ ‘ਭਗਤ ਮਾਲਾਵਾਂ। ਕਹਾਣੀਆਂ ਦੀ ਗਹਿਰਾਈ `ਚ ਜਾਵੋ ਤਾਂ ਸਚਾਈ ਨੂੰ ਸਮਝਦੇ ਦੇਰ ਨਹੀਂ ਲਗਦੀ ਕਿ ਇਹਨਾਂ ਦੇ ਰਚਨਹਾਰੇ ਕਿਸ ਵਿਚਾਰਧਾਰਾ ਅਤੇ ਕਿਸ ਸੋਚ ਨਾਲ ਸੰਬੰਧ ਰਖਦੇ ਹਨ। ਇਹ ਵਿਸ਼ਾ ਬੜਾ ਧਿਆਨ ਮੰਗਦਾ ਹੈ ਕਿ ਸ਼ਰਾਰਤੀ ਦਿਮਾਗ਼ ਅਤੇ ਵਿਰੋਧੀਆਂ ਨੇ ਜਿੱਥੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਸੰਪਾਦਨਾ ਬਾਰੇ ਅਨੇਕਾਂ ਊਟ-ਪਟਾਂਗ ਕਹਾਣੀਆਂ ਪ੍ਰਚਲਤ ਕੀਤੀਆਂ ਤਾਕਿ ਭੁਲੇਖਾ ਪੈ ਸਕੇ ਕਿ ‘ਬੀੜ ਅਧੂਰੀ ਹੈ, ਇਸ ਵਿਚੋਂ ਕਈ ਰਚਨਾਵਾਂ ਬਾਹਰ ਛੁੱਟੀਆਂ ਜਾਂ ਵਾਧੂ ਵੀ ਚੜ੍ਹ ਗਈਆਂ ਹੋ ਸਕਦੀਆਂ ਹਨ’। ਠੀਕ ਇਸੇਤਰ੍ਹਾਂ ਗੁਰਬਾਣੀ `ਚ ਪ੍ਰਵਾਣ ਹਰੇਕ ਭਗਤ ਬਾਰੇ ਵੀ ਊਲ-ਜਲੂਲ ਕਹਾਣੀਆਂ ਦੇ ਪ੍ਰਚਲਣ ਦਾ ਸਿਲਸਿਲਾ ਵੀ ਉਨ੍ਹਾਂ ਭਗਤਾਂ ਦੀ ਚੜ੍ਹਤ ਦੇ ਨਾਲ ਹੀ ਬੱਝ ਚੁੱਕਾ ਸੀ। ਉਹ ਇਸ ਲਈ, ਜਿਥੋਂ ਸਾਬਤ ਕੀਤਾ ਜਾ ਸਕੇ ਕਿ ਇਹ ਭਗਤ ਬਹੁਤਾ ਕਰਕੇ ਕਰਮਕਾਂਡੀ, ਮੂਰਤੀ ਪੂਜਕ, ਸੁੱਚ-ਭਿੱਟ, ਵਰਣਵੰਡ ਦੇ ਮੁਦੱਈ, ਬ੍ਰਾਹਮਣ ਦੇ ਪਿਛਲੱਗ ਜਾਂ ਬ੍ਰਾਹਮਣ ਦੀ ਹੀ ਉਲਾਦ ਸਨ। ਜੇ ਹੋਰ ਨਹੀਂ ਤਾਂ ਪਿਛਲੇ ਜਨਮ ਦੇ ਬ੍ਰਾਹਮਣ ਅਤੇ ਸਰਾਪ ਕਾਰਣ ਸ਼ੂਦਰ ਕੁਲ `ਚ ਜਨਮੇ (ਰਵੀਦਾਸ) … ਬੇਸ਼ਕ ਇਨ੍ਹਾਂ ਦੀ ਪਾਲਣਾ ਤਾਂ ਹੋਈ ਮੁਸਲਮਾਨ ਪ੍ਰਵਾਰ ਤੋਂ ਪਰ ਇਨ੍ਹਾਂ ਦਾ ਜੀਵਨ ਪੁਭੁ ਪਿਆਰ ਵਾਲਾ ਇਸ ਲਈ ਸੀ ਕਿ ਇਹ ਜਨਮ ਦੇ ਬ੍ਰਾਹਮਣ ਸਨ (ਕਬੀਰ)। ਸ਼ਰਧਾ ਅਤੇ ਹੱਠ ਕਾਰਣ, ਪੰਡਿਤ ਤੋਂ ਮਿਲੇ ਪੱਥਰ ਵਿਚੋਂ ਹੀ ਰੱਬ ਨੂੰ ਪ੍ਰਗਟ ਹੋਣਾ ਪਿਆ (ਧੰਨਾ)। ਮੌਤ ਤੋਂ ਡਰਣ ਵਾਲੇ ਤੇ ਜਾਤ ਦਾ ਕਸਾਈ (ਸਦਨਾ), ਹੱਠ ਕਾਰਣ ਪੱਥਰ ਚੋਂ ਹੀ ਰੱਬ ਨੂੰ ਕੱਢ ਦਿਖਾਇਆ (ਨਾਮਦੇਵ) ਅਤੇ ਇਸੇਤਰ੍ਹਾਂ ਬਾਕੀ ਭਗਤਾਂ ਬਾਰੇ।
ਖੂਬੀ ਇਹ ਕਿ ਜਿਸ ਪੱਥਰ ਜਾਂ ਮੂਰਤੀ ਵਿਚੋ, ਇਸ ਵਿਚਾਰਧਾਰਾ ਨੂੰ ਜਨਮ ਦੇਣ ਵਾਲਾ ਬ੍ਰਾਹਮਣ, ਆਪ ਹਜ਼ਾਰਾਂ ਸਾਲਾਂ ਤੋਂ ਰੱਬ ਨੂੰ ਪ੍ਰਗਟ ਨਾ ਕਰ ਸਕਿਆ; ਉਸੇ ਹੀ ਪੱਥਰ ਚੋਂ ‘ਇੱਕ ਜੱਟ ਨੇ ਰੱਬ ਨੂੰ ਕੱਢ ਦਿਖਾਇਆ। ਇਸੇਤਰ੍ਹਾ ਦੂਜਾ ਸੀ ਤਾਂ ਉਹ ਵੀ ਉਹੀ ਜਿਨੂੰ ਬ੍ਰਾਹਮਣ, ਸ਼ੂਦਰ-ਸ਼ੂਦਰ ਕਰਕੇ ਜ਼ਲੀਲ ਕਰ ਰਹੇ ਸੀ (ਨਾਮਦੇਵ)। ਫ਼ਿਰ ਜੇ ਇਹਨਾਂ ਕਹਾਣੀਆਂ ਨੂੰ ਹੀ ਠੀਕ ਮੰਨ ਲਿਆ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਭਗਵਾਨ ਨੂੰ ਤਾਂ ਬ੍ਰਾਹਮਣ ਨਾਲੋ ਵਧ, ਸ਼ੂਦਰ ਹੀ ਪਿਆਰੇ ਹਨ, ਕਿਉਂਕਿ ਉਹ ਉਨ੍ਹਾਂ ਦੀ ਮੰਨਦਾ-ਸੁਣਦਾ ਤਾਂ ਹੈ, ਬ੍ਰਾਹਮਣ ਦੀ ਉਨੀ ਵੀ ਨਹੀਂ ਸੁਣੀ। ਹੋਰ ਲਵੋ! ਰਵਿਦਾਸ ਜੀ ਬਾਰੇ ਜੋ ਕਹਾਣੀਆਂ ਪ੍ਰਚਲਤ ਕਰ ਰਖੀਆਂ ਹਨ ਰਵੀਦਾਸ ਜੀ ਦੀਆਂ ਮੂਰਤੀਆਂ ਤਰ ਗਈਆਂ. . ਰਵਿਦਾਸ ਜੀ ਪਿਛਲੇ ਜਨਮ `ਚ ਰਾਮਾਨੰਦ ਦੇ ਸੇਵਕ ਸਨ। ਰਾਮਾਨੰਦ ਲਈ ਕਿਸੇ ਸ਼ੂਦਰ ਤੋਂ ਭਿਖਿਆ ਲੈ ਆਉਣ ਕਾਰਨ, ਸਰਾਪ ਦੇ ਭਾਗੀ ਬਣੇ. . ਮੋਚੀ ਦੇ ਘਰ ਜਨਮ ਲਿਆ. . ਮਾਂ ਦੀ ਛਾਤੀ ਤੋਂ ਦੁਧ ਨਹੀਂ ਸਨ ਚੁੰਙ ਰਹੇ… ਰਾਮਾਨੰਦ ਨੇ ਆਕੇ ਕੰਨ `ਚ ਕਿਹਾ ਤਾਂ ਜਾਕੇ ਦੁਧ ਚੁੰਙਣਾ ਸ਼ੁਰੂ ਕੀਤਾ ਆਦਿ।
ਜਦਕਿ ਰਾਮਾਨੰਦ ਜੀ ਦੀ ਬਾਣੀ ਅਤੇ ਰਵਿਦਾਸ ਜੀ ਦੇ ਵੀ ੪੩ ਸ਼ਬਦ ਸਾਹਿਬ ‘ਸ੍ਰੀ ਗੁਰੂ ਗ੍ਰੱਥ ਸਾਹਿਬ ਜੀ ਅੰਦਰ ਦਰਜ ਹਨ। ਸਾਬਤ ਕਰਦੇ ਹਨ ਕਿ ਰਾਮਾਨੰਦ ਜੀ ਕਰਮਕਾਂਡਾਂ ਤੇ ਮੂਰਤੀ ਪੂਜਾ, ਤੀਰਥ ਇਸ਼ਨਾਨ ਆਦਿ ਦੇ ਪੱਕੇ ਵਿਰੋਧੀ ਸਨ ਅਤੇ ਇਸੇਤਰ੍ਹਾ ਰਵੀਦਾਸ ਜੀ ਵੀ। ਫ਼ਿਰ ਰਵੀਦਾਸ ਜੀ ਨੇ ਵੀ ਅਪਣੀ ਕਿਸੇ ਰਚਨਾ `ਚ ਅਪਣੇ ਇਸ ਜਨਮ ਦੀ ਦੁਧ ਚੁੰਙਣ ਵਾਲੀ ਗਲ ਜਾਂ ਪਿਛਲੇ ਜਨਮ ਦੀ ਘਟਣਾ ਦਾ ਇਸ਼ਾਰਾ ਤੀਕ ਵੀ ਨਾ ਕੀਤਾ। ਹਾਂ! ਕਹਾਣੀਕਾਰਾਂ ਨੂੰ ਜ਼ਰੂਰ ਪਤਾ ਲਗ ਗਿਆ ਕਿ ਪਿਛਲੇ ਜਨਮ `ਚ ਉਹ ਕੀ ਸਨ ਅਤੇ ਮਾਂ ਦੀ ਛਾਤੀ ਚੋਂ ਦੁਧ ਚੁੰਙਣ ਤੋਂ ਵੀ ਮਨ੍ਹਾਂ ਕਰ ਦਿਤਾ ਸੀ। ਦੂਜੇ ਪਾਸੇ ਰਵੀਦਾਸ ਦੀ ਜ਼ਿੰਦਗੀ ਦੀ ਇਨੀ ਵੱਡੀ ਘਟਣਾ, ਉਨ੍ਹਾ ਦੇ ਪਿਛਲੇ ਜਨਮ `ਚ ਬ੍ਰਾਹਮਣ ਭਾਵ ਉਚੇ ਵਰਣ ਦਾ ਹੋਣਾ ਜਿਸਦੇ ਅਫ਼ਸੋਸ `ਚ ਉਨ੍ਹਾਂ ਮਾਂ ਦਾ ਦੁੱਧ ਚੁੰਙਣ ਤੋਂ ਵੀ ਇਨਕਾਰ ਕਰ ਦਿਤਾ ਸੀ। ਹੋਰ ਵੀ ਕਮਾਲ ਕਿ ਨਾ ਹੀ ਉਨ੍ਹਾਂ ਆਪ ਅਤੇ ਨਾ ਹੀ ਰਾਮਾਨੰਦ ਜੀ ਨੇ ਕਿਧਰੇ ਜ਼ਿਕਰ ਕਰਨਾ ਹੀ ਜ਼ਰੂਰੀ ਸਮਝਿਆ ਬਲਕਿ ਭਗਤ ਜੀ ਤਾਂ ਇਹੀ ਕਹੀ ਜਾ ਰਹੇ ਹਨ “ਚਮਰਟਾ ਗਾਂਠਿ ਨ ਜਨਈ” (ਪੰ: ੬੫੯)। ਇਹ ਕੇਵਲ ਇਸ਼ਾਰਾ ਹੈ ਇਸੇਤਰ੍ਹਾਂ ਬਾਕੀ ਭਗਤਾਂ ਬਾਰੇ ਪ੍ਰਚਲਤ ਕਹਾਣੀਆਂ ਦਾ ਵੀ ਇਹੀ ਹਾਲ ਹੈ। ਇਸਤੋਂ ਬਾਦ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਬ ਜੀ ਅੰਦਰੋਂ ਇਨ੍ਹਾਂ ਭਗਤਾਂ ਦੀ ਅਪਣੀ ਵਿਚਾਰਧਾਰਾ ਦੇ ਦਰਸ਼ਨ ਕਰਦੇ ਹਾਂ ਤਾਂ ਇਕ-ਇਕ ਦੀ ਵਿਚਾਰਧਾਰਾ ਗੁਰਬਾਣੀ ਕਸਵਟੀ ਤੇ ਪੂਰੀ ਉਤਰਦੀ ਅਤੇ ਹਰੇਕ ਕਹਾਣੀ, ਕਹਾਣੀਕਾਰ ਦਾ ਪਾਜ ਉਘੇੜ ਰਹੀ ਹੈ।
ਹੋਰ ਦੇਖੌ! ਇਨ੍ਹਾਂ ਕਹਾਣੀਆਂ ਦਾ ਕਮਾਲ। ਕਹਿਣ ਵਾਲੇ ਤਾਂ ਭਗਤ ਰਾਮਾਨੰਦ ਜੀ ਨੂੰ ਕਬੀਰ, ਨਾਮਦੇਵ, ਰਵੀਦਾਸ ਦਾ ਗੁਰੂ ਬਿਆਨੀ ਜਾ ਰਹੇ ਹਨ। ਇਸਦੇ ਉਲਟ ਭਗਤ ਰਵੀਦਾਸ, ਨਾਮਦੇਵ ਜਾਂ ਕਬੀਰ ਸਾਹਿਬ ਨੇ ਅਪਣੀਆਂ ਰਚਨਾਵਾਂ ਵਿੱਚ ਕਿੱਧਰੇ ਵੀ ਰਾਮਾਨੰਦ ਲਈ ਅਪਣਾ ਗੁਰੂ ਹੋਣ ਦਾ ਇਸ਼ਾਰਾ ਤਕ ਨਹੀਂ ਕੀਤਾ। ਇਹ ਸਾਰੇ ਭਗਤ ਤਾਂ ਅਪਣੀਆਂ ਰਚਨਾਵਾਂ `ਚ ਜਿਥੇ ਵੀ ਗੁਰੂ ਦੀ ਗਲ ਕਰਦੇ ਹਨ ਤਾਂ ਅਕਾਲਪੁਰਖੀ ਗੁਰੂ ਦੀ ਹੀ ਗਲ ਕਰਦੇ ਹਨ, ਕਿਸੇ ਸਰੀਰਕ ਗੁਰੂ ਦੀ ਨਹੀਂ। ਬਲਕਿ ਕਬੀਰ ਸਾਹਿਬ ਤਾਂ ਫ਼ੁਰਮਾਂਦੇ ਹਨ “ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+” (ਪੰ: 793)।
ਭਗਤ ਬਾਣੀ, ਗੁਰਬਾਣੀ ਖਜ਼ਾਨੇ `ਚ- ਗੁਰਬਾਣੀ ਵਿੱਚ ਆਈ ਭਗਤ ਬਾਣੀ ਬਾਰੇ ਇਸ ਸਚਾਈ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੈ ਕਿ ਭਗਤ ਬਾਣੀ ਇਕਤ੍ਰ ਕਦੋਂ ਹੋਈ। ਵੇਰਵੇ `ਚ ਗਿਆਂ ਇਹ ਗਲ ਅਪਣੇ ਆਪ ਉਘੜ ਕੇ ਸਾਹਮਣੇ ਆ ਜਾਂਦੀ ਹੈ ਕਿ ਇਹ ਰਚਨਾਵਾਂ ਗੁਰੂ ਨਾਨਕ ਪਾਤਸ਼ਾਹ ਨੇ ਅਪਣੇ ਪ੍ਰਚਾਰ ਦੋਰਿਆਂ ਸਮੇਂ ਆਪ ਇਕਤ੍ਰ ਕੀਤੀਆਂ। ਇਸ ਸਚਾਈ ਨੂੰ ਸਮਝਣ ਲਈ ਅਸੀਂ ਗੁਰਬਣੀ ਖਜ਼ਾਨੇ ਵਿਚੋਂ ਹੀ ਬਹੁਤੇ ਨਹੀਂ ਪਰ ਕੁੱਝ ਪ੍ਰਮਾਣ ਦੇਣੇ ਜ਼ਰੂਰੀ ਸਮਝਦੇ ਹਾਂ। ਆਓ ਦਰਸ਼ਨ ਕਰੀਏ ਰਾਗ ਸੂਹੀ `ਚ ਫ਼ਰੀਦ ਸਾਹਿਬ ਦੇ ਇੱਕ ਸ਼ਬਦ ਦੇ। ਸ਼ਬਦ ਹੈ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥ ੧ ॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥ ੧ ॥ ਰਹਾਉ॥ ਇੱਕ ਆਪੀਨ੍ਹ੍ਹੈ ਪਤਲੀ ਸਹ ਕੇ ਰੇ ਬੋਲਾ॥ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ॥ ੨ ॥ ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ” (ਪੰ: 794) ਹੁਣ ਇਸੇ ਹੀ ਰਾਗ `ਚ ਇਸੇ ਹੀ ਸ਼ਬਦ ਦੇ ਪ੍ਰਥਾਏ ਦੇਖੋ ਪਹਿਲੇ ਪਾਤਸ਼ਾਹ ਦਾ ਸ਼ਬਦ “ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ॥ ੧ ॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥ ੧ ॥ ਰਹਾਉ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ॥ ੨ ॥ ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ॥ ਆਵਾ ਗਉਣੁ ਨਿਵਾਰਿਆ, ਹੈ ਸਾਚਾ ਸੋਈ॥ ੩ ॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ॥ ੪ ॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ॥ ੫ ॥” (ਪੰ: 729) ਦੋਨਾਂ ਸ਼ਬਦਾਂ ਦਾ ਮਿਲਾਨ ਕਰੋ-ਸ਼ਬਦਾਵਲੀ, ਚਾਲ, ਵਿਸ਼ਾ ਸਭ ਇਕੋ ਹੀ ਹੈ ਇਹ ਕਿਉਂ ਤੇ ਕਿਵੇਂ ਹੋਇਆ? ਸਪਸ਼ਟ ਹੈ ਇਹ ਤਾਂ ਹੀ ਸੰਭਵ ਹੋਇਆ ਕਿਉਂਕਿ ਫ਼ਰੀਦ ਸਾਹਿਬ ਦਾ ਇਹ ਸ਼ਬਦ, ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸੀ। ਗੁਰਦੇਵ ਨੇ ਦੇਖਿਆ ‘ਸ਼ਬਦ `ਚ ਪ੍ਰਭੁ ਮਿਲਾਪ ਲਈ ਮਨੁੱਖ ਦੀ ਉਮਰ ਦਾ ਹੀ ਆਧਾਰ ਬਣਾ ਕੇ ਗਲ ਹੋ ਰਹੀ ਹੈ ਜਦਕਿ ਇਹ ਜ਼ਰੂਰੀ ਨਹੀਂ। ਇਸੇ ਕਾਰਣ ਗੁਰਦੇਵ ਨੇ ਇਸੇ ਸ਼ਬਦ ਦਾ ਹੀ ਦੂਜਾ ਪਖ ਅਪਣੇ ਸ਼ਬਦ ਰਾਹੀਂ ਅਤੇ ਉਸੇ ਸ਼ਬਦਾਵਲੀ, ਉਸੇ ਚਾਲ ਅਤੇ ਉਸੇ ਹੀ ਬਿਆਨ ਦੇ ਢੰਗ ਨਾਲ ਅਤੇ ਉਸੇ ਹੀ ਰਾਗ `ਚ ਦੇ ਦਿਤਾ।
ਹੋਰ ਲਵੋ! ਪ੍ਰਭਾਤੀ ਰਾਗ `ਚ ਬੇਣੀ ਜੀ ਦਾ ਸ਼ਬਦ ਹੈ “ਤਨਿ ਚੰਦਨੁ ਮਸਤਕਿ ਪਾਤੀ॥ ਰਿਦ ਅੰਤਰਿ ਕਰ ਤਲ ਕਾਤੀ॥ ਠਗ ਦਿਸਟਿ ਬਗਾ ਲਿਵ ਲਾਗਾ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ॥ ੧ ॥ … ਜਿਨਿ ਆਤਮ ਤਤੁ ਨ ਚੀਨਿ੍ਹ੍ਹਆ॥ ਸਭ ਫੋਕਟ ਧਰਮ ਅਬੀਨਿਆ॥ ਕਹੁ ਬੇਣੀ ਗੁਰਮੁਖਿ ਧਿਆਵੈ॥ ਬਿਨੁ ਸਤਿਗੁਰ ਬਾਟ ਨ ਪਾਵੈ” (ਪੰ: 1351) ਹੁਣ ਇਸੇ ਸ਼ਬਦ ਦੀਆਂ ਅੰਤਮ ਪੰਕਤੀਆਂ ਬਾਣੀ ‘ਆਸਾ ਕੀ ਵਾਰ’ ਵਿਚਲੇ ਸਲੋਕ ਦੀਆਂ ਅੰਤਮ ਪੰਕਤੀਆਂ ਨਾਲ ਮਿਲਾ ਕੇ ਸ਼ਬਦਾਵਲੀ ਦੀ ਸਾਂਝ ਦੇਖ ਲਵੋ ਫ਼ੁਰਮਾਨ ਹੈ “ਮਃ ੧॥ ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ” (ਪੰ: 470)। ਖੂਬੀ ਇਹ ਕਿ ਜੇਹੜੀ ਗਲ ਉਥੇ ਭਗਤ ਜੀ ਨੇ ਕਹੀ ਉਸੇ ਗਲ ਦੀ ਗੁਰਦੇਵ ਨੇ ਪ੍ਰੌੜਤਾ ਵੀ ਕਰ ਦਿਤੀ ਪਰ ਬਹੁਤ ਸੌਖੇ ਲਫ਼ਜ਼ਾ `ਚ ਤਾਕਿ ਜਗਆਸੂ ਉਸ ਸਚਾਈ ਨੂੰ ਸਹਿਜੇ ਹੀ ਸਮਝ ਸਕਣ। ਸਪਸ਼ਟ ਹੋਇਆ, ਬੇਣੀ ਜੀ ਦੀ ਇਹ ਰਚਨਾ ਗੁਰੂ ਨਾਨਕ ਪਾਤਸ਼ਾਹ ਕੋਲ ਸੀ ਤਾਂ ਹੀ ਇਹ ਸੰਭਵ ਹੋ ਸਕਿਆ। ਮਤਲਬ ਇਹ ਕਿ ਭਗਤਾਂ ਦੀ ਬਾਣੀ ਪੂਰੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਅਪਣੀ ਸੰਭਾਲ `ਚ ਹੀ ਸੀ।
ਭਗਤ ਬਾਣੀ ਕਦੋਂ ਇਕਤ੍ਰ ਹੋਈ? - ਭਾਈ ਗੁਰਦਾਸ ਜੀ ਉਗਾਹੀ ਭਰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦੋਰਿਆਂ ਸਮੇ “ਆਸਾ ਹੱਥ ਕਿਤਾਬ ਕੱਛੁ” (੧/੩੨) ਭਾਵ ਉਨ੍ਹਾਂ ਕੋਲ ਹਰ ਸਮੇਂ ਹੱਥ `ਚ ਡੰਡਾ ਅਤੇ ਕਛ `ਚ ਇੱਕ ਕਿਤਾਬ ਹੁੰਦੀ ਸੀ। ਸੁਆਲ ਪੈਦਾ ਹੁੰਦਾ ਹੈ ਕਿ ਆਖਿਰ ਇਹ ਕਿਤਾਬ ਕਿਹੜੀ ਸੀ ਜਿਸਦਾ ਭਾਈ ਗੁਰਦਾਸ ਜ਼ਿਕਰ ਕਰ ਰਹੇ ਹਨ। ਦੇਖਾਂਗੇ ਕਿ ਇਸੇ ਹੀ ਕਿਤਾਬ ਦਾ ਜ਼ਿਕਰ ਭਾਈ ਗੁਰਦਾਸ ਜੀ ਫ਼ਿਰ ਅਗੇ ਇਸਤਰ੍ਹਾਂ ਕਰਦੇ ਹਨ “ਪੁੱਛਣ ਖੋਹਲ ਕਿਤਾਬ ਨੂੰ ਵਡਾ ਹਿੰਦੂ ਕਿ ਮੁਸਲਮਾਨੋਈ” (੧/੩੩) ਭਾਵ ਜਦੋਂ ਕਾਦੀਆਂ ਨੇ ਮੱਕੇ `ਚ ਗੁਰਦੇਵ ਤੋਂ ਪੁਛਿਆ ‘ਪਾਤਸ਼ਾਹ ਤੁਸੀਂ ਕਿਤਾਬ ਖੋਲ ਕੇ ਦਸੋ ਕਿ ਤੁਹਾਡੇ ਹਿਸਾਬ ਹਿੰਦੂ ਵਡਾ ਹੈ ਜਾਂ ਮੁਸਲਮਾਨ’। ਸੁਆਲ ਪੈਦਾ ਹੁੰਦਾ ਹੈ ਕਿ ਉਸ ਸਮੇਂ ਉਹ ਕਾਜ਼ੀ ਕਿਸ ਕਿਤਾਬ ਦੀ ਗਲ ਕਰ ਰਹੇ ਸਨ? ਕਿਉਂਕਿ ਮੁਸਲਮਾਨਾ ਨੇ ਇਸਲਾਮੀ ਪੁਸਤਕਾਂ ਬਾਰੇ ਤਾਂ ਗੁਰੂ ਸਾਹਿਬ ਕੋਲੋਂ ਪੁਛਣਾ ਨਹੀ ਸੀ। ਉਹ ਤਾਂ ਉਨ੍ਹਾਂ ਦੀਆਂ ਅਪਣੀਆ ਸਨ ਅਤੇ ਉਨ੍ਹਾ ਬਾਰੇ ਉਹ ਜਾਣਦੇ ਵੀ ਸਨ। ਦੂਜਾ-ਹਿੰਦੂਆਂ ਦੀਆਂ ਪੁਸਤਕਾਂ ਨੂੰ ਉਹ ਪਹਿਲਾਂ ਹੀ ਕਾਫ਼ਿਰਾਂ ਭਾਵ ਨਾਸਤਿਕਾਂ ਦੀਆਂ ਪੁਸਤਕਾਂ ਮੰਨ ਕੇ ਚਲਦੇ ਸਨ। ਦਰਅਸਲ ਇਹ ਉਹੀ ਕਿਤਾਬ ਸੀ ਜਿਸਦਾ ਜ਼ਿਕਰ “ਆਸਾ ਹੱਥ ਕਿਤਾਬ ਕੱਛੁ” ਕਰਕੇ ਪਹਿਲਾਂ ਵੀ ਆ ਚੁਕਾ ਹੈ, ਉਹੀ ਕਿਤਾਬ ਜਿਹੜੀ ਹਰ ਸਮੇਂ ਗੁਰਦੇਵ ਦੀ ‘ਕਛ’ `ਚ ਹੁੰਦੀ ਸੀ ਅਤੇ ਇਹੀ ਉਹ ਕਿਤਾਬ ਸੀ ਜਿਸ ਅੰਦਰ ਗੁਰਦੇਵ ਅਪਣੀ ਰਚਨਾ ਦੇ ਨਾਲ ਨਾਲ, ਪ੍ਰਚਾਰ ਦੌਰਿਆਂ ਸਮੇਂ ਭਗਤਾਂ ਦੀ ਇਕਤ੍ਰ ਕੀਤੀ ਰਚਨਾ ਵੀ ਦਰਜ ਕਰ ਰਹੇ ਸਨ। ਬਾਕੀ ਇਹ ਤਾਂ ਅਸੀਂ ਉਪਰ ਦਿਤੇ ਪ੍ਰਮਾਣਾ ਸਮੇਂ ਦੇਖ ਹੀ ਚੁਕੇ ਹਾਂ ਕਿ ਭਗਤਾਂ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਕੋਲ, ਉਨ੍ਹਾਂ ਦੀ ਅਪਣੀ ਸੰਭਾਲ `ਚ ਹੀ ਹੁੰਦੀ ਸੀ।
ਪੰਜਵੇ ਪਾਤਸ਼ਾਹ ਨੇ ਸੰਪਾਦਨਾ ਲਈ ਬਾਣੀ ਇਕਤ੍ਰ ਨਹੀਂ ਕੀਤੀ- ਫ਼ਿਰ ਇਹ ਕਹਿਣਾ ਵੀ ਨਿਰਮੂਲ ਹੈ ਕਿ ਆਦਿ ਬੀੜ ਦੀ ਸੰਪਾਦਨਾ ਸਮੇਂ ਪੰਜਵੇਂ ਪਾਤਸ਼ਾਹ ਨੂੰ ਬਾਣੀ ਦੀਆਂ ਪੋਥੀਆਂ ‘ਬਾਬਾ ਮੋਹਨ ਦੇ ਚੁਬਾਰੇ ਤੋਂ’, ‘ਸੰਗਲਾ ਦੀਪ’, ਬਖਤੇ ਅਰੋਰੇ, ਬਾਬਾ ਸ੍ਰੀ ਚੰਦ ਆਦਿ ਤੋ ਇਕਠੀਆਂ ਕਰਨੀਆਂ ਪਈਆਂ। ਅਜੇਹੀਆਂ ਬੇਸਿਰ ਪੈਰ ਕਹਾਣੀਆਂ ਦੇ ਨਾਲ ਕੁੱਝ ਕਹਾਣੀਆਂ ਭਗਤ ਬਾਣੀ ਲਈ ਵੀ ਪ੍ਰਚਲਤ ਹਨ ਜਿਵੇਂ ‘ਭਗਤਾਂ ਦੀਆਂ ਰੂਹਾਂ ਨੇ ਆ ਕੇ ਅਪਣੀ-ਅਪਣੀ ਰਚਨਾ ਲਿਖਵਾਈ’ ‘ਭਗਤਾਂ ਨੇ ਅਪਣੀ ਬਾਣੀ ਪੜਦੇ ਪਿਛੇ ਖਲੋਕੇ ਲਿਖਵਾਈ’ ‘ਗੁਰੂ ਸਾਹਿਬ ਨੇ ਭਗਤਾਂ ਦੇ ਨਾਂ ਤੇ ਆਪ ਉਨ੍ਹਾਂ ਦੀ ਬਾਣੀ ਰਚੀ’ ਆਦਿ। ਸਾਨੂੰ ਅਜੇਹੀਆਂ ਗੁਮਰਾਹਕੁਣ ਕਹਾਣੀਆਂ ਤੋਂ ਸੁਚੇਤ ਹੋ ਕੇ ਚਲਣ ਦੀ ਲੋੜ ਹੈ। ਇਸਦੇ ਲਈ ਗੁਰਬਾਣੀ ਖਜ਼ਾਨੇ ਵਿਚੋਂ ਹੀ ਕੁੱਝ ਹੋਰ ਪ੍ਰਮਾਣ ਦੇਣੇ ਚਾਹਵਾਂਗੇ ਜਿਥੋਂ ਹੋਰ ਵੀ ਸਪਸ਼ਟ ਹੋ ਜਾਵੇਗਾ ਕਿ ਭਗਤ ਬਾਣੀ ਗੁਰੂ ਨਾਨਕ ਸਾਹਿਬ ਦੇ ਅਪਣੇ ਕੋਲ ਹੀ ਸੀ।
ਆਓ ਇਸ ਪਖੋਂ ਦਰਸ਼ਨ ਕਰੀਏ, ਪੰਨਾ 1380 ਉਪਰ-ਸਲੋਕ ਚਲ ਰਹੇ ਹਨ ਫਰੀਦ ਸਾਹਿਬ ਦੇ “ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ॥ ੫੧ ॥ ਹੁਣ ਦੇਖੋ ਸਮੇਂ ਨਾਲ ਇਹ ਸਲੋਕ ਤੀਜੇ ਪਾਤਸ਼ਾਹ ਕੋਲ ਪਹੁੰਚ ਚੁਕੇ ਸਨ ਅਤੇ ਉਨ੍ਹਾਂ ਦੇਖਿਆ ਕਿ ਜਗਿਆਸੂ ਕਿਧਰੇ ‘ਰਤੁ’ ਦਾ ਸਿਧਾ ਅਰਥ ਖੂਨ ਲੈ ਕੇ ਹੀ ਨਾ ਉਲਝ ਜਾਵੇ। ਤੀਜੇ ਪਾਤਸ਼ਾਹ ਨੇ ਫ਼ਰੀਦ ਸਾਹਿਬ ਦੇ ਸਲੋਕਾਂ ਵਿਚਕਾਰ ਹੀ ਅਗਲਾ ਸਲੋਕ ਨੰ: ੫੨ ਆਪ ਜੋੜ ਕੇ ਸਪਸ਼ਟ ਕਰ ਦਿਤਾ ਕਿ ਇਥੇ ਰਤੁ ਦਾ ਅਰਥ ਖੂਨ ਨਹੀਂ, ‘ਲੋਭ’ ਹੈ ਜਿਵੇਂ “॥ ਮਃ ੩॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ॥ 52 ॥ ” ਸਪਸ਼ਟ ਹੈ ਕਿ ਇਹ ਤਾਂ ਹੀ ਹੋ ਸਕਿਆ, ਕਿਉਂਕਿ ਭਗਤਾਂ ਦੀ ਬਾਣੀ ਸਮੇਤ, ਦਰਜਾ- ਬ-ਦਰਜਾ ਬਾਣੀ ਦਾ ਖਜ਼ਾਨਾ ਹੁਣ ਤੀਜੇ ਪਾਤਸ਼ਾਹ ਕੋਲ ਪੁਜ ਚੁੱਕਾ ਸੀ।
ਬਾਣੀ ਦਰਜਾ ਬਦਰਜਾ ਗੁਰੂ ਵਿਅਕਤੀਆਂ ਕੋਲ ਪੁਜੀ ਇਸ ਦੀ ਪ੍ਰੌੜਤਾ ਲਈ, ਇਹ ਵੀ ਦਰਸ਼ਨ ਕਰੋ! ਸਲੋਕ ਚਲ ਰਹੇ ਹਨ ਪਹਿਲੇ ਪਾਤਸ਼ਾਹ ਦੇ ਅਤੇ ਸਲੋਕ ਨੰ: ੨੭ ਹੈ “ਲਾਹੌਰ ਸਹਰੁ ਜ਼ਹਰੁ ਕਹਰੁ ਸਵਾ ਪਹਰੁ॥ 27 ॥ ” ਇਥੇ ਗੁਰੂਨਾਨਕ ਪਾਤਸ਼ਾਹ ਉਸ ਜ਼ੁਲਮ ਦਾ ਜ਼ਿਕਰ ਕਰ ਰਹੇ ਹਨ, ਜੋ ਰਾਜਧਾਨੀ ਹੋਣ ਕਰਕੇ ਲਾਹੋਰ ਵਿਚ, ਰਾਜਸਤਾ ਦੇ ਨਸ਼ੇ `ਚ ਧੁੱਤ ਅਤੇ ਉਹ ਵੀ ਸ਼ਰਹ ਦੇ ਨਾਂ ਤੇ ਸਵੇਰ ਤੋਂ ਰਾਤ ਤੀਕ ਗਰੀਬਾਂ, ਮਜ਼ਲੂਮਾਂ ਨਾਲ ਹੋ ਰਿਹਾ ਹੈ। ਇਸਤਰ੍ਹਾਂ ਇਥੇ ਪਹਿਲੇ ਪਾਤਸ਼ਾਹ ਦਰਿੜ ਕਰਵਾ ਰਹੇ ਹਨ ‘ਰਾਜਸ਼ਾਹੀ ਦਾ ਮਤਲਬ ਕਮਜ਼ੋਰਾਂ-ਮਜ਼ਲੂਮਾ ਤੇ ਜ਼ੁਲਮ ਕਰਨਾ ਨਹੀਂ ਹੁੰਦਾ’। ਤੀਜੇ ਪਾਤਸ਼ਾਹ ਨੇ ਦੇਖਿਆ, ਇਸਦੇ ਉਲਟ ਜਗਿਆਸੂ ਕਿਧਰੇ ਇਹ ਭੁਲੇਖਾ ਨਾ ਖਾ ਜਾਵੇ ਕਿ ਗਲ ਹੀ ‘ਲਾਹੋਰ ਸ਼ਹਿਰ’ ਦੀ ਹੋ ਰਹੀ ਹੈ ਤਾਂ ਤੀਜੇ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਦੇ ਸਲੋਕਾਂ ਦੇ ਵਿੱਚ ਹੀ ਅਗਲਾ ਸਲੋਕ ਨੰ: ੨੮ ਜੋੜ ਦਿਤਾ ਜੋ ਇਸਤਰ੍ਹਾਂ ਹੈ “ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ” (ਪੰ: 1412)। ਸਪਸ਼ਟ ਕੀਤਾ ਕਿ ਇਥੇ ਲਾਹੋਰ ਜਾਂ ਕਿਸੇ ਵਿਸ਼ੇਸ਼ ਇਲਾਕੇ ਦੀ ਗਲ ਨਹੀਂ, ਇਲਾਕਾ ਚਾਹੇ ਲਾਹੋਰ ਹੀ ਹੋਵੇ, ਜ਼ੁਲਮ ਧੱਕੇ ਦੀ ਬਜਾਏ ਜੇ ਇਸਨੂੰ, ਪ੍ਰਭੁ ਸਿਫ਼ਤਾਂ ਭਾਵ ‘ਅੰਮ੍ਰਿਤ ਸਰੁ’ ਲਈ ਵਰਤਿਆ ਜਾਵੇ ਤਾਂ ਇਹੀ ਲਾਹੋਰ ‘ਸਿਫਤੀ ਦਾ ਘਰੁ’ ਵੀ ਬਣ ਸਕਦਾ ਹੈ”।
ਬਾਣੀ, ਦਰਜਾ ਬਦਰਜਾ ਗੁਰੂ ਵਿਅਕਤੀਆਂ ਤੀਕ- ਹੋਰ ਲਵੋ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਗੁਰੂ ਅੰਗਦ ਪਾਤਸ਼ਾਹ ਨੂੰ ਗੁਰਗਦੀ ਸੋਂਪੀ ਤਾਂ ਪੁਰਾਤਨ ਜਨਮ ਸਾਖੀ `ਚ ਇਸਦਾ ਜ਼ਿਕਰ ਇਸਤਰ੍ਹਾਂ ਆਉਂਦਾ ਹੈ “ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਯੋਗ ਮਿਲੀ”। ਇਸੇਤਰ੍ਹਾਂ ਪੰਨਾ ੯੨੩ ਤੇ ਭਗਤ ਸੁੰਦਰ ਜੀ ਬਾਣੀ ਸਦੁ ਦੀ ਪੰਜਵੀ ਪਉੜੀ `ਚ ਜ਼ਿਕਰ ਕਰਦੇ ਹਨ, “ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ” ਭਾਵ ਤੀਜੇ ਪਾਤਸ਼ਾਹ ਨੇ ਜਦੋਂ ਸੋਢੀ ਕੁਲ ਦੇ ਰਾਮਦਾਸ ਜੀ ਨੂੰ ਗੁਰਗਦੀ ਦੀ ਸੌਪਣਾ ਕੀਤੀ ਤਾਂ ਹਮੇਸ਼ਾਂ ਲਈ ਰਾਹਦਾਰੀ ਕਰਨ ਵਾਲੇ ਗੁਰੂ ਦੇ ਸ਼ਬਦ ਦਾ ਖਜ਼ਾਨਾ ਉਨ੍ਹਾਂ ਦੀ ਜ਼ਿਮੇਵਾਰੀ `ਚ ਦੇ ਦਿਤਾ। ਧਿਆਨ ਰਹੇ! ਇਥੇ ਲਫ਼ਜ਼ ਤਿਲਕ ਦਾ ਮਤਲਬ, ਮੱਥੇ ਤੇ ਲਾਉਣ ਵਾਲਾ ਬ੍ਰਾਹਮਣੀ ਤਿਲਕ ਨਹੀਂ ਜਿਵੇਂ ਕਿ ਅਜ ਸਾਡੇ ਬਹੁਤੇ ਪ੍ਰਚਾਰਕ, ਪ੍ਰਚਾਰਦੇ ਫ਼ਿਰਦੇ ਹਨ। ਇਥੇ ਤਿਲਕ ਦਾ ਅਰਥ ਹੈ ‘ਜ਼ਿਮੇਵਾਰੀ’। ਗੁਰਗੱਦੀ ਸੋਂਪਣਾ ਲਈ ‘ਤਿਲਕ-ਨਾਰੀਅਲ’ ਵਾਲੀਆਂ ਗਲਾਂ ਕੇਵਲ ਬ੍ਰਾਹਮਣੀ ਪ੍ਰਭਾਵ ਅਤੇ ਕਚੇ ਲਿਖਾਰੀਆਂ-ਪ੍ਰਚਾਰਕਾਂ ਦੇ ਚੋਂਚਲੇ ਹਨ। ਬ੍ਰਾਹਮਣ ਦਾ ਰਸਤਾ ਤਾਂ ਗੁਰਦੇਵ ਨੇ ਜੰਜੂ ਪਾਉਣ ਤੋਂ ਇਨਕਾਰ ਕਰਕੇ ਹੀ, ਬੰਦ ਕਰ ਦਿਤਾ ਸੀ ਤਾਂ ਫ਼ਿਰ ਇਹ ਤਿਲਕ-ਨਾਰੀਅਲ ਸਾਡੇ ਘਰ ਕਿਵੇਂ ਪੁਜ ਗਏ, ਜਾਗਣ ਦੀ ਲੋੜ ਹੈ। ਅਗੇ ਦਰਸ਼ਨ ਕਰੋ, ਪੰਜਵੇਂ ਪਾਤਸ਼ਾਹ ਨੂੰ ਗੁਰਗਦੀ ਪ੍ਰਾਪਤੀ ਸਮੇ ਜੋ ਗੁਰਬਾਣੀ ਦਾ ਖਜ਼ਾਨਾ ਸੋਪਿਆ ਅਤੇ ਗੁਰਦੇਵ ਨੇ ਜਦੋਂ ਉਸਨੂੰ ਖੋਲਿਆ ਤਾਂ ਉਸ ਬਾਣੀ ਦੇ ਖਜ਼ਾਨੇ ਬਾਰੇ ਜ਼ਿਕਰ ਕਰਦੇ ਹਨ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ” (ਪੰ: ੧੮੬)।
ਭਗਤ ਬਾਣੀ ਅਤੇ ਗੁਰਗਦੀ ਸੋਂਪਣਾ- ਇਥੇ ਗੁਰਬਾਣੀ ਖਜ਼ਾਨੇ ਵਿਚੋਂ ਹੀ ਕੁੱਝ ਹੋਰ ਸਬੂਤ ਦੇਣੇ ਚਾਹਾਂਗੇ ਕਿ ਭਗਤ ਬਾਣੀ ਸਮੇਤ ਬਾਣੀ ਦਰਜਾ-ਬ-ਦਰਜਾ ਹਰੇਕ ਗੁਰੂ ਵਿਅਕਤੀ ਕੋਲ ਪੁਜਦੀ ਰਹੀ। ਇਸ ਸੰਬੰਧ `ਚ ਤੀਜੇ ਪਾਤਸ਼ਾਹ ਕੋਲ ਫ਼ਰੀਦ ਸਾਹਿਬ ਦੀ ਬਾਣੀ ਹੋਣ ਦਾ ਪ੍ਰਮਾਣ, ਪਹਿਲੇ ਪਾਤਸ਼ਾਹ ਕੋਲ ਭਗਤ ਬੇਣੀ ਅਤੇ ਫ਼ਰੀਦ ਸਾਹਿਬ ਦੀ ਬਾਣੀ ਮੌਜੂਦ ਹੋਣ ਦੇ ਪ੍ਰਮਾਣ ਤਾਂ ਅਸੀਂ ਦੇ ਹੀ ਚੁਕੇ ਹਾਂ। ਹੁਣ ਇਸੇ ਹੀ ਵਿਸ਼ੇ ਨੂੰ ਹੋਰ ਪਖੋ ਵੀ ਸਮਝਣ ਦਾ ਜਤਨ ਕਰਾਂਗੇ। ਦੇਖਣ ਦੀ ਗਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਾਰੀ ਬਾਣੀ ਰਚਨਾ ੩੧ ਰਾਗਾਂ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ `ਚ ਇਨ੍ਹਾਂ ਵਿਚੋਂ ੧੯ ਰਾਗਾਂ `ਚ ਬਾਣੀ ਦੀ ਰਚਨਾ ਕੀਤੀ। ਫ਼ਿਰ ਉਨ੍ਹਾਂ ਹੀ ੧੯ ਰਾਗਾਂ ਵਿਚੋਂ ੧੭ ਰਾਗ ਵਰਤਕੇ ਤੀਜੇ ਪਾਤਸ਼ਾਹ ਨੇ ਗੁਰਬਾਣੀ ਰਚੀ। ਉਪਰੰਤ ਚੌਥੇ ਪਾਤਸ਼ਾਹ ਨੇ ਇਨ੍ਹਾਂ ਹੀ ੧੯ ਰਾਗਾਂ `ਚ ਪੰਜ ਰਾਗ ਹੋਰ ਜੋੜਕੇ ਅਤੇ ਛੇ ਰਾਗ ਭਗਤ ਬਾਣੀ ਵਿਚੋਂ ਵਰਤਕੇ ਕੁਲ ੩੦ ਰਾਗਾਂ `ਚ ਬਾਣੀ ਰਚੀ। ਸਪਸ਼ਟ ਹੈ ਕਿ ਚੋਥੇ ਪਾਤਸ਼ਾਹ ਕੋਲ ਭਗਤਾਂ ਦੀ ਬਾਣੀ ਵੀ ਮੌਜੂਦ ਸੀ। ਉਪਰੰਤ ਪੰਜਵੇਂ ਪਾਤਸ਼ਾਹ ਨੇ ਵੀ ਉਨ੍ਹਾਂ ਹੀ ਤੀਹ ਰਾਗਾਂ `ਚ ਬਾਣੀ ਰਚਨਾ ਕੀਤੀ। ਸਾਬਤ ਹੋਇਆ ਕਿ ਹਰੇਕ ਗੁਰੂ ਵਿਅਕਤੀ ਕੋਲ ਭਗਤ ਬਾਣੀ ਸਮੇਤ, ਪਹਿਲੇ ਗੁਰੂ ਸਰੂਪਾਂ ਦੀ ਬਾਣੀ ਮੌਜੂਦ ਹੁੰਦੀ ਸੀ।
ਹੋਰ ਦੇਖੋ! ਗੁਰੂ ਨਾਨਕ ਪਾਤਸ਼ਾਹ ਨੇ ਆਸਾ ਰਾਗ `ਚ ‘ਪਟੀ’ ਰਚੀ ਹੈ। ਖੂਬੀ ਇਹ ਕਿ ਤੀਜੇ ਪਾਤਸ਼ਾਹ ਨੇ ਵੀ ‘ਪਟੀ’ ਰਚੀ ਤਾਂ ਆਸਾ ਰਾਗ `ਚ ਹੀ। ਹਾਲਾਂਕਿ ‘ਪਟੀ’ ਤਾਂ ਕਬੀਰ ਸਾਹਿਬ ਦੀ ਵੀ ਹੈ ਪਰ ਉਹ ਗਉੜੀ ਰਾਗ `ਚ ਹੈ। ਇਸੇਤਰ੍ਹਾਂ ਰਾਗ ਵਡਹੰਸ `ਚ ਪਹਿਲੇ ਪਾਤਸ਼ਾਹ ਦੀ ਰਚਨਾ ਹੈ ‘ਅਲਾਹਣੀਆ’। ਫ਼ਿਰ ਇਸੇ ਹੀ ਸਿਰਲੇਖ ਇਥੋਂ ਤੀਕ ਕਿ ਸ਼ਬਦਾਵਲੀ ਤੇ ਮਜ਼ਮੂਨ ਤੀਕ ਵੀ ਉਹੀ ਹੈ ਅਤੇ ਉਸੇ ਰਾਗ ਵਡਹੰਸ `ਚ ਹੀ ਤੀਜੇ ਪਾਤਸ਼ਾਹ ਨੇ ਵੀ ਬਾਣੀ ‘ਅਲਾਹਣੀਆ’ ਰਚੀ, ਕਿਸੇ ਦੂਜੇ ਰਾਗ `ਚ ਨਹੀਂ। ਹੋਰ ਤਾਂ ਹੋਰ, ਮਾਰੂ ਰਾਗ `ਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ‘ਸੋਲਹੇ’ ਜਿਸ `ਚ ੨੨ ਸ਼ਬਦ ਹਨ। ਖੂਬੀ ਇਹ ਕਿ ਇਸੇ ਸਿਰਲੇਖ ਅਤੇ ਇਸੇ ਹੀ ਰਾਗ `ਚ ਤੀਜੇ ਪਾਤਸ਼ਾਹ ਨੇ ਵੀ ਰਚਨਾ ਰਚੀ ਅਤੇ ਉਸ ਵਿੱਚ ੨੪ ਸ਼ਬਦ ਹਨ। ਜਦਕਿ ਦੋਨਾਂ ਰਚਨਾਵਾਂ `ਚ ਮਜ਼ਮੂਨ, ਸ਼ਬਦਾਵਲੀ, ਬੰਦਾਂ ਦਾ ਢੰਗ ਤਕ ਇਕੋ ਜਹੇ ਹੀ ਹਨ। ਫ਼ਿਰ ਪਹਿਲੇ ਪਾਤਸ਼ਾਹ ਨੇ ਰਾਮਕਲੀ ਰਾਗ `ਚ ਦੌ ਲੰਮੀਆਂ ਬਾਣੀਆਂ ਰਚੀਆਂ ਇਹ ਹਨ ‘ਸਿਧ ਗੋਸਟਿ’ ਅਤੇ ‘ਓਅੰਕਾਰ’ ਇਸੇ ਤਰ੍ਹਾਂ ਜਦੋਂ ਤੀਜੇ ਪਾਤਸ਼ਾਹ ਨੇ ਲੰਮੀ ਬਾਣੀ ‘ਅਨੰਦੁ’ ਰਚੀ ਤਾਂ ਉਹ ਵੀ ਰਾਮਕਲੀ ਰਾਗ `ਚ ਹੀ। ਕਹਿਣ ਤੋਂ ਭਾਵ ਇਹ ਸਭ ਇਸੇ ਕਰਕੇ ਸੀ ਕਿ ਹਰੇਕ ਗੁਰੂ ਵਿਅਕਤੀ ਕੋਲ ਅਪਣੇ ਤੋਂ ਪਹਿਲੇ ਗੁਰੂ ਸਹਿਬਾਨ ਦੀਆਂ ਰਚਨਾਵਾਂ ਦੀ ਸਮਗਰੀ ਵੀ ਮੌਜੂਦ ਹੁੰਦੀ ਸੀ। ਇਸਤਰ੍ਹਾ ਪੰਦਰ੍ਹਾਂ ਹੀ ਭਗਤਾਂ ਦੀ ਬਾਣੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਅਪਣੇ ਪਹਿਲੇ ਜਾਮੇ ਚ ਆਪ ਹੀ ਇਕਤ੍ਰ ਕੀਤੀ ਤੇ ਸੰਭਾਲੀ ਸੀ। ਖੈਰ! ਏਥੇ ਇਸ ਵਿਸ਼ੇ ਤੇ ਇਹ ਕੇਵਲ ਕੁੱਝ ਇਸ਼ਾਰੇ ਹਨ ਤਾਕਿ ਗਲ ਸਮਝ ਵਿੱਚ ਆ ਸਕੇ। ਹੋਰ ਵੇਰਵਿਆਂ ਲਈ ਪੰਥ ਦੀ ਚਲਦੀ-ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਦੀਆਂ ਦੋ ਰਚਨਾਵਾਂ ‘ਗੁਰਬਾਣੀ ਦੇ ਇਤਿਹਾਸ ਬਾਰੇ’ ਅਤੇ ਆਦਿ ਬੀੜ ਬਾਰੇ, ਪੰਥ ਪਾਸ ਸਰਮਾਇਆ ਹਨ ਪਾਠਕ ਉਨ੍ਹਾਂ ਦਾ ਵੀ ਪੂਰਾ ਲਾਭ ਲੈ ਸਕਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਰੇ- ਹੁਣ ਤੀਕ ਦੀ ਵਿਚਾਰ ਤੋਂ ਇਹ ਤਾਂ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪਾਦਨਾ, ਉਪਰੰਤ ਸੰਪੂਰਣਤਾ ਦਾ ਪ੍ਰੋਗਰਾਮ ਪਹਿਲੇ ਜਾਮੇ ਤੋਂ ਹੀ ਨੀਯਤ ਸੀ। ਬਲਕਿ ਇਹ ਪ੍ਰੋਗਰਾਮ ਵੀ ਧੁਰੋਂ ਹੀ ਸੀ ਇਸ ਲਈ ਨਾ ਹੀ ਬਾਣੀ ਇਕਤ੍ਰ ਵਾਲੀ ਗਲ ਅਤੇ ਨਾ ਹੀ ਸੰਪਾਦਨਾ ਵਾਲੀ ਗਲ ਹੀ ਅਚਾਨਕ ਸੀ। ਇਸਦੇ ਨਾਲ ਨਾਲ ਸਾਨੂੰ ਇਹ ਵੀ ਚੇਤੇ ਰਖਣਾ ਚਾਹੀਦਾ ਹੈ ਕਿ ਜਿਵੇਂ ਬਾਣੀ ਦੀ ਸੰਭਾਲ ਤੇ ਸਮੇਂ ਸਮੇਂ ਨਾਲ ਸਪੁਰਦਗੀ ਨਾਲੋ ਨਾਲ ਚਲਦੀ ਆਈ। ਇਸਦੇ ਬਾਵਜੂਦ ਬਾਣੀ ਨੂੰ ਇਕਤ੍ਰ ਕਰਨ ਬਾਰੇ ਬਹੁਤ ਸਾਰੀਆਂ ਗੁਮਰਾਹਕੁਨ ਕਹਾਣੀਆਂ ਪ੍ਰਚਲਤ ਹਨ ਜਿਨ੍ਹਾਂ ਦਾ ਇਸ਼ਾਰਾ ਅਸੀਂ ਦੇ ਚੁਕੇ ਹਾਂ। ਠੀਕ ਉਸੇਤਰ੍ਹਾਂ ਸੰਪਾਦਨਾ ਨੂੰ ਲੈਕੇ ਵੀ ਬਹੁਤ ਸਾਰੀਆਂ ਕਹਾਣੀਆ ਪ੍ਰਚਲਤ ਹਨ ਜਿਵੇਂ “੧. ਸੰਪਾਦਨਾ ਦੀ ਲੋੜ ਨੂੰ ਪੰਜਵੇਂ ਪਾਤਸ਼ਾਹ ਨੇ ਖੁਦ ਮਹਿਸੂਸ ਕੀਤਾ। ੨. ਬਾਹਰ ਪ੍ਰਿਥੀਚੰਦ ਮੇਹਰਬਾਨ ਆਦਿ ਰਾਹੀਂ ਕਚੀ ਬਾਣੀ ਦੀ ਰਚਨਾ ਕੀਤੀ ਜਾ ਰਹੀ ਸੀ ਇਸ ਕਾਰਨ ਸੰਗਤਾਂ ਵਲੋਂ ਮੰਗ ਆਈ। ੩. ਸੰਪਾਦਨਾ ਦੀ ਲੋੜ ਹਾਲਾਤ ਦੀ ਮਜਬੂਰੀ ਸੀ ਆਦਿ ਇਹ ਸਭ ਗਲਾਂ ਵੀ ਨਿਰਮੂਲ ਹਨ, ਸਾਨੂੰ ਅਪਣੀ ਵਿਰਾਸਤ ਬਾਰੇ ਜਾਗ ਕੇ ਚਲਣ ਦੀ ਵਡੀ ਲੋੜ ਹੈ।
#122s06.206#
Including this Self Learning Gurmat Lesson No 122


ਗੁਰਬਾਣੀ ਵਿੱਚ ਭਗਤ ਬਾਣੀ ਦਾ ਸਥਾਨ
For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.com
.