.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 15)

ਭਾਈ ਸੁਖਵਿੰਦਰ ਸਿੰਘ 'ਸਭਰਾ'

ਨਾਨਕਸਰੀਏ ਸਾਧ

ਇਹਨਾਂ ਬਾਰੇ ‘ਸੰਤਾਂ ਦੇ ਕੌਤਕ’ ਪੁਸਤਕ ਦੇ ਪਹਿਲੇ ਭਾਗ ਵਿਚ ਵੀ ਕਾਫ਼ੀ ਕੁਝ ਲਿਖਿਆ ਗਿਆ ਪਰ ਆਉਣ ਵਾਲੇ ਭਾਗਾਂ ਵਿਚ ਵੀ ਲਿਖਦੇ ਰਹਾਂਗੇ। ਸਿੱਖੀ ਦੀ ਤਬਾਹੀ ਵਾਸਤੇ ਜੋ ਸੈਂਕੜੇ (300) ਦੇ ਕਰੀਬ ਅਖੌਤੀ ਸੰਤ ਸਟਾਰ ਗਰੁੱਪ ਨੇ ਤਿਆਰ ਕੀਤੇ ਹਨ ਅਤੇ ਵਾਰੀ ਵਾਰੀ ਇਹਨਾਂ ਹਥਿਆਰਾਂ ਨੂੰ ਸਟਾਰ ਗਰੁੱਪ ਵਰਤ ਰਿਹਾ ਹੈ। ਇਹ ਨਾਨਕਸਰੀਆਂ ਦਾ ਝੁੰਡ ਸਭ ਤੋਂ ਖ਼ਤਰਨਾਕ ਹਥਿਆਰ ਹੈ ਇਹ ਨਾਨਸਰੀਏ ਕੁਝ ਹੇਠ ਲਿਖੇ ਹਥਕੰਡੇ ਵਰਤ ਕੇ ਅੱਗੇ ਵਧ ਰਹੇ ਹਨ:
1: ਇਹ ਸਿੱਖਾਂ ਨੂੰ ਹਿੰਦੂਮਤ ਦਾ ਹੀ ਇਕ ਫ਼ਿਰਕਾ ਮੰਨਦੇ ਹਨ ਜਦ ਕਿ ਗੁਰੂ ਸਾਹਿਬ ਦਾ ਫੁਰਮਾਣ ਹੈ “ਨ ਹਮ ਹਿੰਦੂ ਨ ਮੁਸਲਮਾਨ।।”
2: ਇਹ ਦਿਖਾਵੇ ਮਾਤਰ ਗੁਰਬਾਣੀ ਪੜ੍ਹਦੇ ਹਨ। ਗੁਰਮਤਿ ਸਿੱਖਿਆ ਨੂੰ ਇਹਨਾਂ ਕਦੇ ਨੇੜੇ ਨਹੀਂ ਆਉਣ ਦਿੱਤਾ। ਗੁਰਬਾਣੀ, ਕਰਮਕਾਂਡਾਂ ਦਾ ਭਰਪੂਰ ਖੰਡਨ ਕਰਦੀ ਹੈ। ਇਹ ਬਾਹਮਣ ਵਾਂਗੂੰ ਪੱਕੇ ਕਰਮਕਾਂਡੀ ਹਨ। ਗੁਰਬਾਣੀ ਸੱਚ ਦੇ ਮਾਰਗ `ਤੇ ਚੱਲਣ ਦਾ ਉਪਦੇਸ਼ ਕਰਦੀ ਹੈ ਪਰ ਇਹ ਗਿਣਤੀਆਂ ਕਰਨ ਤੇ ਲੱਗੇ ਹੋਏ ਹਨ, 10 ਪਾਠ, 20 ਪਾਠ, ਮਾਲਾ 108 ਮੂਲਮੰਤਰ ਦੀਆਂ, ਇਹ ਰਾਮ ਰਾਮ ਦੇ ਜਾਪ ਵੀ ਕਰਦੇ ਕਰਵਾਉਂਦੇ ਹਨ।
3: ਸਿੱਖਾਂ ਦਾ ਅਕਾਲ ਪੁਰਖ ਅਜੂਨੀ ਹੈ ਪਰ ਇਹ ਹਿੰਦੂਮਤ ਦੇ ਅਵਤਾਰਵਾਦ ਨੂੰ ਸਿੱਖੀ ਵਿਚ ਵਾੜ ਰਹੇ ਹਨ। ਗੁਰੂ ਨਾਨਕ ਸਾਹਿਬ ਨੂੰ ਇਹ ਵਿਸ਼ਨੂੰ ਦਾ ਅਵਤਾਰ ਮੰਨਦੇ ਹਨ, ਬਾਬਾ ਨੰਦ ਸਿੰਘ ਨੂੰ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਮੰਨਦੇ ਹਨ।
4: ਇਹ “ਗੁਰੂ ਗ੍ਰੰਥ ਸਾਹਿਬ ਜੀ” ਦੀ ਪੂਜਾ ਇਕ ਮੂਰਤੀ ਵਾਂਗ ਹੀ ਕਰਦੇ ਹਨ। ਇਹ ਨਾਨਕਸਰੀਏ, ਗੁਰੂ ਦੇ ਹੁਕਮ ਸੁਨੇਹੇ ਉਪਰ ਕੋਈ ਵਿਸ਼ਵਾਸ ਨਹੀਂ ਕਰਦੇ।
5: ਇਹਨਾਂ ਨੇ ਗੁਰਬਾਣੀ ਵਿਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਕੰਮ ਇਹ ਬੜੇ ਯੋਜਨਬਧ ਤਰੀਕੇ ਨਾਲ ਕਰ ਰਹੇ ਹਨ। ਪਹਿਲੇ ਪੜਾਅ ਵਿਚ ਇਹਨਾਂ ਗੁਰਬਾਣੀ ਵਿਚ ਸਤਿਨਾਮ ਵਾਹਿਗੁਰੂ, ਛਪੇ ਗੁਟਕਿਆਂ ਵਿਚ ਸ਼ਾਮਲ ਕੀਤਾ ਅਤੇ ਦੂਸਰੇ ਪੜਾਅ ਤਹਿਤ ਇਹਨਾਂ ਗੁਰਬਾਣੀ ਦੇ ਗੁਟਕਿਆਂ ਦੇ ਸ਼ੁਰੂ ਵਿਚ ਮਨਘੜ੍ਹਤ ਕਹਾਣੀਆਂ ਦਿੱਤੀਆਂ ਹਨ ਅਤੇ ਗੁਰੂ ਸਾਹਿਬਾਂ ਦੀ ਤੋਹੀਨ ਵੀ ਕੀਤੀ ਹੈ। ਗੁਰੂ ਸਾਹਿਬਾਂ ਨੂੰ ਕੋਹੜ ਹੋਇਆ ਵੀ ਇਹਨਾਂ ਨੇ ਕਹਾਣੀਆਂ ਵਿਚ ਲਿਖਿਆ ਹੈ।
6: ਇਹ ਅਰਦਾਸ ਉਪਰੰਤ ਗੁਰੂ ਮਾਨਿਓ ਗ੍ਰੰਥ ਦੋਹਰਾ ਨਹੀਂ ਪੜ੍ਹਦੇ।
7: ਇਹ ਹਿੰਦੂਆਂ ਵਾਂਗ ਭੇਖੀ ਹਨ ਚਿੱਟੇ ਭੇਖ ਪਾਉਂਦੇ ਹਨ।
8: ਆਪਣੇ ਗੁਰਦੁਆਰੇ ਨੂੰ ਠਾਠ (ਐਸ਼ ਕਰਨ ਦਾ ਥਾਂ) ਕਹਿੰਦੇ ਹਨ।
9: ਸਿੱਖੀ ਵਿਚ ਗ੍ਰਹਿਸਤ ਧਰਮ ਪ੍ਰਧਾਨ ਹੈ ਪਰ ਇਹ ਬਿਹੰਗਮ ਬਣੇ ਫਿਰਦੇ ਹਨ।
10: ਇਹ ਨਿਸ਼ਾਨ ਸਾਹਿਬ ਵੀ ਨਹੀਂ ਝੁਲਾਉਂਦੇ।
11: ਇਹ ਗੋਲਕ ਨਹੀਂ ਰੱਖਦੇ ਪਰ ਅੰਦਰ ਖਾਤੇ ਸਭ ਕੁਝ ਹੜੱਪ ਲੈਂਦੇ ਹਨ।
12: ਲੰਗਰ ਨਹੀਂ ਪਕਾਉਂਦੇ। ਲੰਗਰ ਪ੍ਰਥਾ ਦੇ ਵਿਰੋਧੀ ਹਨ।
13: ਕੜਾਹ ਪ੍ਰਸ਼ਾਦਿ ਦੀ ਥਾਂ ਜ਼ਿਆਦਾ ਮਿਸ਼ਰੀ ਪ੍ਰਸ਼ਾਦਿ ਨੂੰ ਪਹਿਲ ਦਿੰਦੇ ਹਨ। ਇਹਨਾਂ ਦੇ ਸ਼ਰਧਾਲੂ ਮਿਸ਼ਰੀ ਚੜਾਉਂਦੇ ਹਨ ਉਹੀ ਮਿਸ਼ਰੀ ਫਿਰ ਦੁਕਾਨਾਂ ਤੇ ਵੇਚ ਦਿੰਦੇ ਹਨ।
14: ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦੇ ਹਨ ਕਿ ਉਹਨਾਂ ਪੰਜਾਂ ਪਿਆਰਿਆਂ ਤੋ ਅੰਮ੍ਰਿਤ ਨਹੀਂ ਸੀ ਛਕਿਆ, ਅੰਮ੍ਰਿਤ ਵਿਚੋਂ ਖੰਡਾ ਕੱਢ ਕੇ ਬੂੰਦਾਂ ਹੱਥ `ਤੇ ਪਾਈਆਂ। ਸੱਜਾ ਹੱਥ ਗੁਰੂ ਅਤੇ ਖੱਬਾ ਹੱਥ ਚੇਲਾ ਬਣਾਇਆ। ਇਹ ਅੰਮ੍ਰਿਤ ਛਕਣ ਦਾ ਦਿਖਾਵਾ ਕਰਦੇ ਹਨ। ਜਨੇਊ ਵਰਗੀ ਕ੍ਰਿਪਾਨ ਪਾਉਂਦੇ ਹਨ।
15: ਇਹ ਵਾਰਾਂ-ਕਵਾਰਾਂ, ਸ਼ੁਭ-ਅਸ਼ੁਭ, ਲਗਨ-ਮਹੂਰਤਾਂ `ਤੇ ਵਿਸ਼ਵਾਸ ਰੱਖਦੇ ਹਨ।
16: ਸਰਕਾਰ ਵੀ ਇਹਨਾਂ ਨੂੰ ਅੱਗੇ ਲਿਆਉਣ `ਤੇ ਲੱਗੀ ਹੋਈ ਹੈ ਜਿਵੇਂ ਸਰਕਾਰੀ ਥਾਵਾਂ `ਤੇ ਇਹਨਾਂ ਦੇ ਗੁਰਦੁਆਰੇ (ਠਾਠ) ਬਣ ਰਹੇ ਹਨ।
17: ਟੀ: ਵੀ: ਚੈਨਲਾਂ `ਤੇ ਇਹਨਾਂ ਦਾ ਪ੍ਰਚਾਰ ਹੋ ਰਿਹਾ ਹੈ।
18: ਇਹਨਾਂ ਦੇ ਰਾਗੀ ਜੋ ਕੀਰਤਨ ਕਰਦੇ ਹਨ ਉਹ ਬਾਬਾ ਨੰਦ ਸਿੰਘ ਦੀ ਹੀ ਉਸਤਤ ਕਰਦੇ ਹਨ। ਹਰਬੰਸ ਸਿੰਘ ਜਗਾਧਰੀ, ਚਮਨ ਲਾਲ ਅਤੇ ਹੋਰ ਵੀ ਰਾਗੀ ਸਟਾਰ ਗਰੁੱਪ ਨੇ ਕਮਿਸ਼ਨ ਕਰ ਲਏ ਹਨ। ਬਾਬਾ ਨੰਦ ਸਿੰਘ ਨੂੰ ਪਾਪੂਲਰ ਕਰਨ ਬਦਲੇ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
(ਮੌਨੀਟਰ, ਜਨਵਰੀ 2002)
ਬਾਬਾ ਪਿਤਾ ਸ਼ਹੀਦ ਢਾਬਸਰੀਆ (ਪੱਧਰੀ ਵਾਲਾ)
ਇਸ ਸਾਧ ਬਾਰੇ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਵੀ ਕਾਫ਼ੀ ਕੁਝ ਲਿਖਿਆ ਗਿਆ। ਆਉਣ ਵਾਲੇ ਭਾਗਾਂ ਵਿਚ ਲਿਖਦੇ ਰਹਾਂਗੇ। ਇਹਦੇ ਬੰਦੇ ਮੇਰੇ ਕੋਲ ਆਏ ਅਤੇ ਕਿਹਾ ਕਿ ਘੋੜਾ ਅਤੇ ਮੱਝ ਦੇ ਕੇ ਸਨਮਾਨਿਤ ਕਰਨਾ ਹੈ। ਮੈਂ ਕਿਹਾ ਕਿ ਸਨਮਾਨਿਤ ਕਰਨ ਦੀ ਕੋਈ ਲੋੜ ਨਹੀਂ ਹੈ। ਇਸ ਸਾਧ ਨੇ ‘ਗੁਰੂ ਗੋਬਿੰਦ ਸਿੰਘ’ ਕਹਾ ਕੇ ‘ਗੁਰੂ ਗ੍ਰੰਥ ਸਾਹਿਬ’ ਕਹਾ ਕੇ, ‘ਸ੍ਰਿਸ਼ਟੀ ਦਾ ਕਰਤਾ ਕਹਾ ਕੇ’ ਗੁਰਸਿੱਖਾਂ ਦੇ ਜ਼ਖਮਾਂ `ਤੇ ਲੂਣ ਛਿੜਕਿਆ ਹੈ। ਇਹ ਸਾਧ ਜਨਤਕ ਤੌਰ `ਤੇ ਮੁਆਫ਼ੀ ਮੰਗੇ ਅਤੇ ਇਹਦੀ ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਕਰਦੀ ਕਿਤਾਬ ਬੈਨ ਹੋਵੇ (ਪਾਬੰਦੀ ਲੱਗੇ)।
ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਇਸਦਾ ਵਿਰੋਧ ਹੋਇਆ। ਅਖ਼ਬਾਰਾਂ ਵਿਚ ਵੀ ਆਇਆ ਕਿ ਇਹ ਸਾਧ ਸਪੱਸ਼ਟੀਕਰਨ ਦੇਵੇ, ਮੁਆਫ਼ੀ ਮੰਗੇ। ਇਹਦੀ ਕਿਤਾਬ ਗੁਰੂ ਗ਼ਰੀਬ ਨਿਵਾਜ `ਤੇ ਪਾਬੰਧੀ ਲਾਈ ਜਾਵੇ।
ਇਹ ਸਾਧ ਭੰਗ, ਪੋਸਤ ਆਦਿ ਨਸ਼ੇ ਖਾਣ ਅਤੇ ਨਸ਼ੇ ਵੰਡਣ ਦਾ ਵੀ ਆਦੀ ਹੈ। ਇਥੇ ਇਸ ਸਾਧ ਨੇ ਅਨੰਦਪੁਰ ਸਾਹਿਬ ਹੋਲੇ ਮਹੱਲੇ `ਤੇ ਭੁੱਕੀ (ਪੋਸਤ) ਦੇ ਲਫਾਫੇ ਅਨੋਖੇ ਤਰੀਕੇ ਨਾਲ ਵੰਡੇ, ਇਸ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ।
ਸੰਨ 2003 ਦੀ ਗੱਲ ਹੈ ਕਿ ਅਨੰਦਪੁਰ ਸਾਹਿਬ ਹੋਲੇ ਮਹੱਲੇ `ਤੇ ਇਸ ਢਾਬਸਰੀਏ ਸਾਧ ਦਾ ਚੇਲਾ ਕਹਿ ਰਿਹਾ ਸੀ ਕਿ ਇਹ ਬਾਬਾ ਪਰਮ ਤਿਆਗੀ ਹੈ, ਇਸ ਕੋਲ ਸਾਈਕਲ ਵੀ ਨਹੀਂ ਹੈ, ਪੈਦਲ ਹੀ ਜਾਂਦੇ-ਆਉਂਦੇ ਹਨ, ਜਦੋਂ ਕਿ ਲਾਗੇ ਹੀ ਇਕ ਟਰੱਕ ਅਤੇ ਟਾਟਾ ਸੂਮੋ ਜਿਸ `ਤੇ ਸਾਧ ਦੇ ਡੇਰੇ ਦਾ ਨਾਂ ਲਿਖਿਆ ਹੋਇਆ ਸੀ ਖੜੀਆਂ ਸਨ।
ਸਾਧ ਦੀ ਭੈਣ ਗੁਰਮੀਤ ਕੌਰ (ਛੋਟੀ ਰੱਬਣੀ) ਲੋਕਾਂ ਨੂੰ ਇਕੱਠਿਆਂ ਕਰਕੇ ਡੇਰੇ ਦੀਆਂ ਫੋਟੋਆਂ ਦਿਖਾ ਰਹੀ ਸੀ ਅਤੇ ਨਾਲ ਹੀ ਡੇਰੇ ਬਾਰੇ ਜਾਣਕਾਰੀ ਦੇ ਰਹੀ ਸੀ। ਉਹ ਕਹਿ ਰਹੀ ਸੀ ਕਿ ਸਾਡੇ ਡੇਰੇ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਕੇਵਲ ਇਕ ਹੀ ਸਰੂਪ ਹੈ। ‘ਗੁਰੂ ਗ੍ਰੰਥ ਸਾਹਿਬ’ ਨੂੰ ਹਰ ਐਤਵਾਰ 52 ਕਲੀਆਂ ਵਾਲਾ ਚੋਲਾ ਪਵਾ ਕੇ ਸੈਰ ਕਰਵਾਈ ਜਾਂਦੀ ਹੈ। ਉਸਨੇ ਇਕ ਫੋਟੋ ਦਿਖਾ ਕੇ ਦੱਸਿਆ ਕਿ ਅਸੀਂ ‘ਗੁਰੂ ਗ੍ਰੰਥ ਸਾਹਿਬ’ ਨੂੰ ਟਾਈ ਲਾਈ ਹੋਈ ਹੈ। ਗੁਰੂ ਦੇ ਖੇਡਣ ਵਾਸਤੇ ਬਾਜ਼ੀਆਂ, ਖਿਡੌਣੇ ਅਤੇ ਬੰਦੂਕ, ਚਾਂਦੀ ਦੀਆਂ ਗੋਲੀਆਂ ਰੱਖੀਆਂ ਹੋਈਆ ਹਨ। ਗੁਲੇਲ ਵੀ ਰੱਖੀ ਹੋਈ ਹੈ। ਖਿਡੌਣੇ ਜ਼ਹਾਜ਼ ਵੀ ਗੁਰੂ ਅੱਗੇ ਰੱਖੇ ਹੋਏ ਹਨ, ਸੋਨੇ ਦਾ ਕੈਂਠਾ ਵੀ ਗੁਰੂ ਦੇ ਗਲ ਵਿਚ ਪਾਇਆ ਹੋਇਆ ਹੈ। ਵਿਚ ਵਿਚ ਚਲਾਕ ਸਾਧਨੀ ਭੋਲੇ-ਭੋਲੇ ਲੋਕਾਂ ਨੂੰ ਸਵਾਲ ਕਰਦੀ ਕਿ ਕਦੇ ਦੇਖਿਆ ਹੈ ਹੋਰ ਕਿਤੇ ਇਤਨਾ ਸਤਿਕਾਰ ਗੁਰੂ ਦਾ? ਭੋਲੇ ਲੋਕ ਨਾਂਹ ਵਿਚ ਸਿਰ ਹਿਲਾ ਦੇਂਦੇ।
ਅਚਾਨਕ ਕਾਹਲੀ ਨਾਲ ਇਹ ਔਰਤ ਨੇੜੇ ਖੜ੍ਹੇ ਆਪਣੇ ਡੇਰੇ ਦੇ ਟਰੱਕ ਦੇ ਟੂਲਬਕਸ ਵਿਚ ਖੜ੍ਹ ਕੇ ਪਹਿਲਾਂ ਹੀ ਤਿਆਰ ਕੀਤੇ ਹੋਏ ਪੋਸਤ (ਭੁੱਕੀ) ਦੇ ਪੈਕਟ ਕੱਢ ਕੇ ਸਿੱਖ ਸੰਗਤਾਂ ਵੱਲ ਸੁੱਟਣ ਲੱਗ ਪਈ। ਇਸ ਤਰ੍ਹਾਂ ਉਹ ਲਗਾਤਾਰ ਪੈਕਟ ਸੁੱਟਦੀ ਰਹੀ। ਲੋਕੀਂ ਧੱਕਾ-ਮੁੱਕੀ ਹੋ ਕੇ ਵੀ ਪੋਸਤ ਦੇ ਪੈਕਟ ਲੁੱਟ ਰਹੇ ਸਨ। ਖ਼ਾਲਸੇ ਦੀ ਸਾਜਨਾ ਭੂਮੀ `ਤੇ ਇਹ ਸਾਧ ਖ਼ਤਰਨਾਕ ਨਸ਼ਿਆਂ ਨੂੰ ਪ੍ਰਸ਼ਾਦ ਕਰਕੇ ਵੰਡ ਰਹੇ ਸਨ ਅਤੇ ਲੋਕ ਇਹਨਾਂ ਲਫਾਫਿਆਂ ਨਾਲ ਲੱਗੀ ਮਿੱਟੀ ਵੀ ਖਾਣ ਤੱਕ ਗਏ। ਨਿਹੰਗ ਉਥੇ ਕਹਿ ਰਹੇ ਸਨ ਕਿ ਇਹ ਬਾਬਿਆਂ ਦਾ ਪ੍ਰਸ਼ਾਦ ਹੈ ਅਤੇ ਉਸੇ ਨੂੰ ਹੀ ਮਿਲਦਾ ਹੈ ਜਿਸ `ਤੇ ਬਖ਼ਸ਼ਿਸ਼ ਹੋਵੇ।
ਵਿਚਾਰ: ਕੀ ਇਹ ਅਕ੍ਰਿਤਘਣਤਾ ਦੀ ਹੱਦ ਨਹੀਂ ਹੈ?
ਇਹ ਬੇਈਮਾਨ ਸਾਧ ਤਾਂ ਸਿੱਖ ਕਹਾਉਣ ਦੇ ਵੀ ਹੱਕਦਾਰ ਨਹੀਂ ਹਨ। ਯਾਦ ਰਖੋ ‘ਘਰ ਕੋ ਆਗ ਲਗੀ, ਘਰ ਕੇ ਚਿਰਾਗ ਸੇ’।
ਗੁਰੂ ਸਾਹਿਬ ਨੇ ਚਾਰੇ ਸਾਹਿਬਜ਼ਾਦੇ ਕੁਰਬਾਨ ਕਰਕੇ ਸਿੱਖਾਂ ਵੱਲ ਹੱਥ ਕਰਦਿਆਂ ਬਚਨ ਕੀਤਾ “ਇਨ ਪੁਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ”। ਇਹ ਸਾਧ, ਸਿੱਖਾਂ ਨੂੰ ਨਸ਼ੱਈ ਬਣਾ ਕੇ ਕਿਹੜੀ ਸੇਵਾ ਕਰ ਰਹੇ ਹਨ? ਇਹ ਸਾਧ ਗੁਰੂ ਨੂੰ ਸੋਨੇ ਦੇ ਕੈਂਠੇ, ਟਾਈਆਂ ਲਾਈ ਬੈਠੇ ਹਨ। ਗੁਰੂ ਦੇ ਬਚਨ ਹਨ “ਕੰਚਨ ਲੋਹ ਸਮਾਨ”, “ਕੰਚਨ ਮਾਟੀ ਮਾਨੈ” ਮਹਾਰਾਜ ਨੇ ਸੋਨੇ ਨੂੰ ਵੀ ਕਈ ਥਾਈਂ ਮਿੱਟੀ ਆਖਿਆ ਹੈ। “ਤੇਰਾ ਦੀਆ ਤੁਝੇ ਕਿ ਅਰਪਉ”, “ਤਨ ਮਨ ਧਨ ਸਭ ਸਉਂਪ ਗੁਰ ਕਉ ਹੁਕਮ ਮੰਨਿਐ ਪਾਈਐ, ਅਨੰਦ ਸਾਹਿਬ” ਕੀ ਇਹ ਬਚਨ ਇਸ ਸਾਧ ਨੂੰ ਕਦੇ ਚੇਤੇ ਨਹੀਂ ਆਏ “ਤੁਧਨੋ ਨਿਵਣੁ ਮੰਨਣੁ ਤੇਰਾ ਨਾਊ” (ਪੰਨਾ 878), “ਹੁਕਮਿ ਬੂਝਿ ਪਰਮਪਦੁ ਪਾਈ ਸੁਖਮਨੀ।।” ਸਿੱਖ ਕੌਮ ਜਿਊਂਦੀ ਹੈ ਇਸ ਸਾਧ ਨੂੰ ਦੱਸੇਗੀ ਕਿ ਗੁਰੂ ਦਾ ਬਚਨ (ਹੁਕਮ) ਮੰਨਣਾ ਹੀ, ਹਿਰਦੇ ਵਿਚ ਵਸਾਉਣਾ, ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਨਾ ਹੀ ਗੁਰੂ ਦਾ ਸਤਿਕਾਰ ਹੈ।
ਇਹਨਾਂ ਨੂੰ ਸੰਤ ਮਹਾਪੁਰਸ਼ ਕਹਿਣ ਵਾਲੇ ਲੋਕ ਵੀ ਬਰਾਬਰ ਗੁਨਾਹਗਾਰ ਹਨ “ਸਤਿਗੁਰ ਸਾਹਿਬ ਛਡਿ ਕੈ ਮਨਮੁਖ ਹੋਇ ਬੰਦੇ ਦਾ ਬੰਦਾ।।” (ਭਾਈ ਗੁਰਦਾਸ ਜੀ)
“ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤ ਦੇ ਉਲਟ ਬੰਦਿਆਂ ਦੇ ਬੰਦੇ ਬਣਾਉਣ ਵਾਲੇ ਲੋਕਾਂ ਤੋਂ ਸੁਚੇਤ ਹੋਈਏ। ਸਿੱਖ ਤਾਂ ਗੁਰੂ ਸ਼ਬਦ ਦਾ ਬੰਦਾ ਹੈ, ਸ਼ਬਦ ਗੁਰੂ ਤੋਂ ਅਗਵਾਈ ਲੈਂਦਾ ਹੈ। ਸਿੱਖ ਕਦੇ ਵੀ ਦੇਹ ਦਾ, ਬੰਦੇ ਦਾ ਪੁਜਾਰੀ ਨਹੀਂ ਹੋ ਸਕਦਾ।
.