.

ਤਹੀ ਪ੍ਰਕਾਸ਼ ਹਮਾਰਾ ਭਇਯੋ?

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿਖ ਮਿਸ਼ਨਰੀ, ਦਿੱਲੀ

“ਪਟਨਾ ਸ਼ਹਿਰ ਵਿਖੇ ਭਵ ਲਇਯੋ” - ਦਸਮੇਸ਼ ਜੀ ਦਾ ਪ੍ਰਕਾਸ਼ ਉਤਸਵ ਹੋਵੇ ਜਾਂ ਵਿਸਾਖੀ ਪੁਰਬ: ਬਹੁਤੇ ਰਾਗੀ, ਪ੍ਰਚਾਰਕ ਅਤੇ ਪ੍ਰਭਾਤ ਫ਼ੇਰੀਆਂ ਸਮੇਂ ਸੰਗਤਾਂ ਬਹੁਤਾ ਕਰਕੇ ਹੇਠ ਦਿਤੀਆਂ ਕੁੱਝ ਪੰਕਤੀਆਂ ਦਾ ਹੀ ਬਾਰ-ਬਾਰ ਕੀਰਤਨ ਅਤੇ ਜ਼ਿਕਰ ਕਰੀਆਂ ਸੁਣੀਆਂ ਜਾਂਦੀਆਂ ਹਨ। ਪੰਕਤੀਆਂ ਹਨ “ਤਹੀਂ ਪ੍ਰਕਾਸ਼ ਹਮਾਰਾ ਭਇਯੋ। ਪਟਨਾ ਸ਼ਹਿਰ ਵਿਖੇ ਭਵ ਲਇਯੋ” ਇਹ ਨਹੀਂ ਤਾਂ ਇਹੀ ਪੰਕਤੀਆਂ ਇਸਤ੍ਹਾਂ ਹੁੰਦੀਆਂ ਹਨ “ਮੁਰ ਪਿਤ ਪੂਰਬ ਕੀਅਸ ਪਯਾਨਾ। ਭਾਂਤਿ ਭਾਤਿ ਕੇ ਤੀਰਥ ਨਾਨਾ। ਜਬ ਹੀ ਜਾਤ ਤ੍ਰਿਬੇਣੀ ਭਏ। ਪੁੰਨ ਦਾਨ ਦਿਨ ਕਰਤ ਬਿਤਏ। ਤਹੀਂ ਪ੍ਰਕਾਸ਼ ਹਮਾਰਾ ਭਇਯੋ। ਪਟਨਾ ਸ਼ਹਿਰ ਵਿਖੇ ਭਵ ਲਇਯੋ” ਇਨ੍ਹਾਂ ਪੰਕਤੀਆਂ ਦੇ ਅਰਥ ਹਨ “(ਪੁੱਤਰ ਪ੍ਰਾਪਤੀ ਲਈ) ਮੇਰੇ ਮਾਤਾ-ਪਿਤਾ ਨੇ ਪੂਰਬ ਦੇਸ਼ ਦਾ ਰੱਟਣ ਕੀਤਾ। ਅਨੇਕਾਂ ਤੀਰਥਾਂ ਤੇ ਇਸ਼ਨਾਨ ਕੀਤੇ। ਜਦ ਉਹ ਤ੍ਰਿਬੇਣੀ ਦੇ ਸੰਗਮ ‘ਪ੍ਰਯਾਗ’ ਪੁੱਜੇ ਤਾਂ ਉਨ੍ਹਾਂ ਨੇ ਕਈ ਦਿਨ ਪੁੰਨ-ਦਾਨ ਕਰਨ `ਚ ਬਿਤਾ ਦਿੱਤੇ। ਇਨ੍ਹਾਂ ਪੁੰਨ-ਦਾਨਾਂ, ਇਸ਼ਨਾਨਾਂ ਦਾ ਨਤੀਜਾ, ਪ੍ਰਯਾਗ ਦੇ ਅਸਥਾਨ ਤੇ ਮੇਰੀ ਮਾਤਾ ਦੇ ਗਰਭ `ਚ ਮੇਰਾ ਪ੍ਰਵੇਸ਼ ਹੋਇਆ ਅਤੇ ਫਿਰ ਮੇਰਾ ਜਨਮ ਪਟਨਾ ਸ਼ਹਿਰ ਵਿਖੇ ਪੁਜਣ ਤੇ ਹੋਇਆ”। ਕਈ ਵਾਰੀ ਤਾਂ ਇਹ ਹਾਲਤ ਬਣੀ ਹੁੰਦੀ ਹੈ ਜਿਵੇਂ ਸਾਡੇ ਬਹੁਤੇ ਰਾਗੀ, ਪ੍ਰਚਾਰਕਾਂ ਤੇ ਸ਼ਬਦ-ਚੌਕੀ-ਪ੍ਰਭਾਤ ਫ਼ੇਰੀਆਂ ਦੇ ਜੱਥੇ ਵਾਲਿਆਂ ਨੂੰ ਸ਼ਾਇਦ ਹੋਰ ਕੁੱਝ ਆਊਂਦਾ ਹੀ ਨਹੀਂ। ਜਿਧਰ ਕੰਨ ਧਰੋ ਬੱਸ ਇਹੀ ਸੁਣਾਈ ਦੇ ਰਿਹਾ ਹੁੰਦਾ ਹੈ।
ਆਮ ਜਾਂ ਪ੍ਰਭਾਤਫ਼ੇਰੀਆਂ ਵਾਲੀਆਂ ਸੰਗਤਾਂ-ਨੌਜੁਆਨਾਂ ਦੀ ਤਾਂ ਗਲ ਹੀ ਛੱਡ ਦੇਵੋ, ਉਹ ਤਾਂ ਇਨ੍ਹਾਂ ਪੰਕਤੀਆਂ ਨੂੰ ਗੁਰਬਾਣੀ ਸਮਝ ਕੇ ਹੀ ਝੂਮ ਰਹੇ ਹੁੰਦੇ ਹਨ। ਇਸਤਰ੍ਹਾਂ ਉਨ੍ਹਾਂ ਸੱਜਣਾਂ ਨੂੰ ਜਦੋਂ ਪਤਾ ਲਗਦਾ ਹੈ ਕਿ ਇਹ ਪੰਕਤੀਆਂ ਗੁਰਬਾਣੀ ਦੀਆਂ ਨਹੀਂ ਹਨ ਤਾਂ ਬਹੁਤ ਹੈਰਾਨ ਹੁੰਦੇ ਹਨ। ਇਸ ਤੋਂ ਇਲਾਵਾ, ਆਮ ਸੰਗਤਾਂ ਤੋਂ ਛੁੱਟ ਕਈ ਵਾਰੀ ਚੰਗੇ ਮੰਨੇ ਪ੍ਰਮੰਨੇ ਰਾਗੀ ਤੇ ਪ੍ਰਚਾਰਕਾਂ ਨਾਲ ਇਸ ਬਾਰੇ ਵਿਚਾਰ ਕਰਨ ਦਾ ਸਮਾਂ ਬਣਿਆ ਤਾਂ ਹੈਰਾਨੀ ਦੀ ਹੱਦ ਨਾ ਰਹੀ। ਕਿਉਂਕਿ ਉਹ ਵੀ ਉਲਟਾ ਇਹ ਸੁਆਲ ਕਰਨ ਲਗੇ ਵੀਰ ਜੀ! “ਕੀ ਇਹ ਪੰਕਤੀਆਂ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਨਹੀਂ ਹਨ” ? ਗੁਰਬਾਣੀ ਜੀਵਨ ਤਾਂ ਬਾਦ ਦੀ ਗਲ ਹੈ, ਦਰਅਸਲ ਜਦੋਂ ਪ੍ਰਚਾਰਕ ਪੱਧਰ ਤੀਕ ਅਜ ਸਾਡੀ ਗੁਰਬਾਣੀ ਸੋਝੀ ਬਾਰੇ ਇਹ ਹਾਲਤ ਬਣੀ ਪਈ ਹੈ ਤਾਂ ਬਾਕੀ ਗਲ ਕਰਨੀ ਹੀ ਕੀ ਹੈ?
ਖੈਰ ਹੁਣ ਆਓ! ਦਰਸ਼ਨ ਕਰੀਏ ਉਸ ਸੂਰਜ ਪ੍ਰਕਾਸ਼ ਦੇ ਜਿਸਦੀ ਸੰਗਤਾਂ ਨੂੰ ਨਿਤਾਪ੍ਰਤੀ ਕਥਾ ਗੁਰਦੁਆਰਿਆਂ `ਚ ਸੁਣਾਈ ਜਾ ਰਹੀ ਹੈ। ਸੂਰਜ ਪ੍ਰਕਾਸ਼ ਦੇ ਕਰਤਾ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਇਨ੍ਹਾਂ ਹੀ ਉਪ੍ਰੋਕਤ ਪੰਕਤੀਆਂ ਨੂੰ ਆਧਾਰ ਬਣਾ ਕੇ ਅਤੇ ਅਪਣੇ ਵਲੋਂ ਹੋਰ ਵੀ ਮਿਰਚ-ਮਸਾਲਾ ਲਾਕੇ ਇਸਤਰ੍ਹਾਂ ਬਿਆਨਦੇ ਹਨ: “ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੇਕਾਂ ਤੀਰਥਾਂ ਦਾ ਰੱਟਣ ਕੀਤਾ, ਜਗ ਹੋਮ (ਹਵਨ) ਕੀਤੇ ਅਤੇ ਬ੍ਰਾਹਮਣਾ ਨੂੰ ਦੱਛਣਾ ਦਿੱਤੀਆਂ। ਇੰਝ ਰੱਟਣ ਕਰਦੇ ਜਦੋਂ ਤੀਰਥਰਾਜ ਪ੍ਰਯਾਗ (ਤ੍ਰਿਬੇਣੀ) ਪੁਜੇ, ਉਥੇ ਬੇਅੰਤ ਪੁੰਨ-ਦਾਨ ਕੀਤੇ, ਜੋਗ ਦੀਆਂ ਸਮਾਧੀਆਂ ਲਾਈਆਂ,. ਨਿਉਲੀ ਕਰਮ ਅਥਵਾ ਪ੍ਰਾਣਾਯਾਮ ਕੀਤੇ। ਕਾਮਨਾ ਅਧੀਨ ਸਤਿਗੁਰਾਂ ਨੇ ਇੱਤਨਾ ਦਾਨ ਦਿੱਤਾ ਕਿ ਵਿਦੇਸ਼ਾਂ ਤੋਂ ਅਣਗਿਣਤ ਬ੍ਰਾਹਮਣ ਦਾਨ ਲੈਣ ਆਏ। ਮੂੰਹ ਮੰਗੀਆ ਵਸਤਾਂ ਪ੍ਰਾਪਤ ਕੀਤੀਆਂ। ਬ੍ਰਾਹਮਣਾ ਨੂੁੰ ਖਾਣ ਪੀਣ ਲਈ ਤਰ੍ਹਾਂ ਤਰ੍ਹਾਂ ਦੇ ਭੋਜਨ, ਲੱਡੂ, ਪੂੜੀਆਂ, ਕੜਾਹ, ਮਾਲ-ਪੂੜੇ ਆਦਿਕ ਦਿੱਤੇ। ਰੇਸ਼ਮੀ ਕਪੜੇ ਤੇ ਗਰਮ ਦੁਸ਼ਾਲੇ ਵੀ ਦਿੱਤੇ। ਜੱਗ ਕੀਤੇ ਅਤੇ ਜੌਂ-ਘ੍ਰਿਤ ਆਦਕ ਸਮੱਗ੍ਰੀ ਮੰਗਾਕੇ ਹਵਨ ਕੀਤੇ। ਰਾਤਾਂ ਨੂੰ ਗੁਰੂ ਸਾਹਿਬ ਪ੍ਰਾਣਾਯਾਮ (ਜੋਗ ਸਾਧਨਾਵਾਂ) ਕਰਦੇ। ਇਸ ਪ੍ਰਕਾਰ ਬ੍ਰਾਹਮਣਾਂ ਨੂੰ ਦਾਨ-ਪੁੰਨ ਅਤੇ ਹੋਮ ਯੱਗ ਕਰ ਕੇ, ਪ੍ਰਾਣਾਯਾਮ ਦੀਆਂ ਸਾਧਨਾਵਾਂ ਸਾਧ ਕੇ, ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਪ੍ਰਮੇਸ਼ਰ ਨੂੰ ਪ੍ਰਸੰਨ ਕਰ ਲਿਆ। ਫਲ ਸਰੂਪ ਪ੍ਰਮਾਤਮਾ ਨੇ ਅਪਨੀ ਨਿਜੀ ਅੰਸ਼ ‘ਦੁਸ਼ਟ ਦਮਨ’ ਨੂੰ ਘੱਲਿਆ ਤਾਂ ਇਨ੍ਹਾਂ ਦਾਨਾਂ-ਪੁੰਨਾਂ, ਸਾਧਨਾਵਾਂ ਕਾਰਣ ਉਸ ਦੁਸ਼ਟਦਮਨ ਨੇ, ਮਾਤਾ (ਗੂਜਰੀ) ਜੀ ਦੇ ਗਰਭ ਵਿੱਚ ਪ੍ਰਵੇਸ਼ ਕੀਤਾ” ਜੇਕਰ ਉਪ੍ਰੋਕਤ ਬਿਆਨ ਬਾਰੇ ਕਿਸੇ ਨੂੰ ਸ਼ੰਕਾ ਹੋਵੇ, ਤਾਂ ਪਾਠਕ ਆਪ ਸੂਰਜ ਪ੍ਰਕਾਸ਼, ਰਾਸ ੧੧ ਅੰਸੂ ੪੩, ਅੰਕ ੧੬ ਤੋਂ ੨੦ ਵੇਖ ਲੈਣ।
ਜੇਕਰ “ਤਹੀਂ ਪ੍ਰਕਾਸ਼ ਹਮਾਰਾ ਭਇਯੋ। ਪਟਨਾ ਸ਼ਹਿਰ ਵਿਖੇ ਭਵ ਲਇਯੋ” ਅਤੇ “ਮੁਰ ਪਿਤ ਪੂਰਬ ਕੀਅਸ ਪਯਾਨਾ। ਭਾਂਤਿ ਭਾਤਿ ਕੇ ਤੀਰਥ ਨਾਨਾ। ਜਬ ਹੀ ਜਾਤ ਤ੍ਰਿਬੇਣੀ ਭਏ। ਪੁੰਨ ਦਾਨ ਦਿਨ ਕਰਤ ਬਿਤਏ। ਤਹੀਂ ਪ੍ਰਕਾਸ਼ ਹਮਾਰਾ ਭਇਯੋ। ਪਟਨਾ ਸ਼ਹਿਰ ਵਿਖੇ ਭਵ ਲਇਯੋ” ਵਰਗੀਆਂ ਗੁਰਮਤਿ ਵਿਰੋਧੀ ਕੱਚੀਆਂ ਰਚਨਾਵਾਂ ਨੂੰ ਗੁਰੂ-ਕ੍ਰਿਤ ਮੰਨ ਕੇ ਧੋਖਾ ਨਾ ਖਾਧਾ ਹੁੰਦਾ, ਤਾਂ ਸ਼ਾਇਦ ਕਵੀ ਜੀ ਵੀ ਇਹੋ ਜਿਹੀ ਗਲਤੀ ਨਾ ਕਰਦੇ ਅਤੇ ਨਾ ਹੀ ਸਿੱਖ ਸੰਗਤਾਂ ਅਤੇ ਸ਼ਰਧਾਲੂਆ ਨੂੰ ਕੁਰਾਹੇ ਪਾਉਣ ਦਾ ਕਾਰਨ ਬਣਦੇ। ਇਸ ਸਾਰੇ ਦੇ ਉਲਟ ਆਓ! ਅਸੀਂ ਇਨ੍ਹਾਂ ਹੀ ਸੰਬੰਧਤ ਵਿਸ਼ਿਆਂ ਤੇ ਜਿਹੜੇ ਕਿ ਇਥੇ ਇਨ੍ਹਾਂ ਪੰਕਤੀਆਂ ਦੇ ਲਿਖਾਰੀ ਨੇ ਗੁਰੂ ਸਾਹਿਬ ਨਾਲ ਜੋੜੇ ਅਤੇ ਬਾਕੀ ਕਸਰ ਕਵੀ ਜੀ ਨੇ ਕੱਢ ਦਿਤੀ ਹੈ, ਗੁਰਬਾਣੀ ਸੇਧ `ਚ ਦਰਸ਼ਨ ਕਰੀਏ।
ਗੁਰਬਾਣੀ ਦਾ ਚਾਨਣ- ਗੁਰਬਾਣੀ ਵਿਚਾਰਧਰਾ ਨੂੰ ਸਮਝਣ ਵਾਲੇ ਇਸ ਸੱਚਾਈ ਨੂੰ ਭਲੀ ਭਾਂਤ ਜਾਣਦੇ ਹਨ ਕਿ ਗੁਰਬਾਣੀ ਸਾਨੂੰ ਇਨ੍ਹਾਂ ਸਾਰੇ ਬ੍ਰਾਹਮਣੀ ਕਰਮਕਾਂਡਾ ਦਾ ਫ਼ੋਕਟ ਹੋਣਾ ਦੱਸ ਰਹੀ ਹੈ। ਦੂਜੇ ਪਾਸੇ ਕਿਸੇ ਆਮ ਸਿੱਖ ਨੂੰ ਨਹੀਂ ਬਲਕਿ ਇਥੇ ਤਾਂ ਨੌਵੇਂ ਪਾਤਸ਼ਾਹ ਨੂੰ, ਉਹ ਵੀ ਉਦੋਂ ਜਦੋਂ ਕਿ ਆਪ ਗੁਰੂ ਪਦ ਨੂੰ ਵੀ ਪ੍ਰਾਪਤ ਸਨ, ਕੇਵਲ ਪੁਤ੍ਰ ਕਾਮਨਾ ਲਈ ਉਹੀ ਕਰਮ ਕਰਦਿਆਂ ਵਿਖਾ ਦਿਤਾ ਹੈ। ਕਮਾਲ ਤਾਂ ਹੋਰ ਵੀ ਇਹ ਹੈ ਕਿ ਚਾਲਾਕ ਲਿਖਾਰੀ ਨੇ ਗੁਰੂ ਪਾਤਸ਼ਾਹ ਨੂੰ ਇਹ ਕਰਮ ਕਰਦੇ ਤਾਂ ਦਿਖਾ ਦਿਤਾ ਪਰ ਪੁਤ੍ਰ ਦੀ ਕਾਮਨਾ ਵਾਲੀ ਗਲ ਛੁਪਾ ਕੇ ਅੰਤ ਇਨ੍ਹਾਂ ਕਰਮ-ਕਾਂਡਾ ਦਾ ਨਤੀਜਾ ਦਸਮੇਸ਼ ਜੀ ਦਾ ਜਨਮ ਦਸ ਦਿਤਾ। ਸਪਸ਼ੱਟ ਹੈ, ਇਨ੍ਹਾਂ ਸੱਤਰ੍ਹਾਂ ਦੇ ਲੇਖਕ ਨੇ ਜਾਣ ਬੁੱਝ ਕੇ ਅਜੇਹਾ ਕੀਤਾ ਹੈ ਤਾਕਿ ਸਿੱਖ ਸੰਗਤਾਂ ਨੂੰ ਕੁਰਾਹੇ ਪਾ ਕੇ ਬ੍ਰਾਹਮਣੀ ਜਾਲ ਵਿੱਚ ਫਸਾਇਆ ਜਾ ਸਕੇ। ਇਹ ਠੀਕ ਹੈ, ਪਹਿਲੇ, ਤੀਜੇ ਅਤੇ ਨੌਵੇਂ ਪਾਤਸ਼ਾਹ ਤ੍ਰਿਬੇਣੀ ਅਤੇ ਹੋਰ ਹਿੰਦੂ ਤੀਰਥਾਂ `ਤੇ ਗਏ ਪਰ ਉਨ੍ਹਾਂ ਦਾ ਮਨੋਰਥ ਵੱਡੇ ਇਕੱਠਾਂ ਸਮੇਂ ਭੁਲੇ-ਭੱਟਕੇ, ਵਹਿਮਾਂ-ਭਰਮਾਂ ਅਤੇ ਬ੍ਰਾਹਮਣੀ ਜੂਲੇ `ਚ ਫ਼ਸੇ ਅਗਿਆਨੀ ਲੋਕਾਂ ਨੂੰ ਸੁਚੇਤ ਕਰਨਾ ਸੀ। ਚੌਥੇ ਪਾਤਸ਼ਾਹ ਨੇ ਬਾਣੀ ਵਿੱਚ ਹੀ ਤੀਜੇ ਪਾਤਸ਼ਾਹ ਦੇ ਅਜੇਹੇ ਦੌਰੇ ਬਾਰੇ ਸਪੱਸ਼ਟ ਕੀਤਾ ਹੈ “ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ” (ਮ: ੪-116) ਭਾਵ ਲੋਕਾਈ ਦੇ ਉਧਾਰ ਵਾਸਤੇ ਗੁਰਦੇਵ ਤੀਰਥਾਂ ਤੇ ਗਏ।
ਤਨਿ ਧੋਤੈ ਮਨੁ ਹਛਾ ਨ ਹੋਇ- ਗੁਰਬਾਣੀ ਅਨੁਸਾਰ ਤੀਰਥ ਯਾਤਰਾਵਾਂ, ਤੀਰਥ ਇਸ਼ਨਾਨਾਂ ਜਾਂ ਸਰੀਰ ਨੂੰ ਧੋਣ ਨਾਲ ਮਨ ਸੁਅੱਛ ਨਹੀਂ ਹੋ ਸਕਦਾ। ਗੁਰਬਾਣੀ ਦਾ ਫੁਰਮਾਨ ਹੈ- “ਮਨਿ ਮੈਲੈ ਸਭੁ ਕਿਛੁ ਮੈਲਾ, ਤਨਿ ਧੋਤੈ ਮਨੁ ਹਛਾ ਨ ਹੋਇ॥ ਇਹੁ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ” (ਪੰ: 558) ਹੋਰ ਲਵੋ, ਗੁਰਦੇਵ ਫ਼ੁਰਮਾਂਦੇ ਹਨ “ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ” (ਪੰ: 473) ਭਾਵ, ਇੱਕ ਤੀਰਥ ਤਾਂ ਕੀ ਜੇ ਬ੍ਰਾਹਮਣ ਮੱਤ ਰਾਹੀਂ ਦਸੇ ਸਾਰੇ ਮੁਖੀ ਅਠਾਹਠ ਦੇ ਅਠਾਹਠ ਤੀਰਥਾਂ ਤੇ ਜਾਕੇ ਵੀ ਇਸ਼ਨਾਨ ਕਰ ਲਵੇ ਤਾਂ ਵੀ ਉਸ ਦੇ ਮਨ ਦੀ ਮੈਲ ਨਹੀਂ ਉਤਰ ਸਕਦੀ। ਇਸਤਰ੍ਹਾਂ ਦੇ ਅਨੇਕਾਂ ਹੋਰ ਪ੍ਰਮਾਣ ਗੁਰਬਾਣੀ ਖਜ਼ਾਨੇ ਵਿੱਚ ਦਰਜ ਹਨ, ਜਿਨ੍ਹਾਂ ਰਾਹੀਂ ਤੀਰਥ ਇਸ਼ਨਾਨਾਂ ਅਤੇ ਤੀਰਥਾਂ ਦੇ ਰੱਟਨ ਨੂੰ ਬਲਕਿ ਮਨੁੱਖਾ ਜਨਮ ਪ੍ਰਾਪਤ ਕਰ ਕੇ ਵੀ, ਡੱਡੂਆਂ, ਮੱਛੀਆਂ ਦੀ ਤਰ੍ਹਾਂ, ਜਨਮ ਦੇ ਗੇੜ੍ਹ ਵਿੱਚ ਫਸੇ ਰਹਿਣਾ ਦਸਿਆ ਹੈ ਜਿਵੇਂ- “ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ” (ਕਬੀਰ ਪੰ: 484)।
ਸਪੱਸ਼ਟ ਹੈ ਡੱਡੀਆਂ, ਮਛੀਆਂ ਆਦਿ ਤਾਂ ਅਪਣੇ ਜਨਮਾਂ ਦੇ ਗੇੜ੍ਹ ਹੀ ਨਿਭਾ ਰਹੀਆਂ ਹਨ। ਦੂਜੇ ਪਾਸੇ ਮਨੁੱਖਾ ਜਨਮ ਲੈ ਕੇ ਵੀ ਜੇਕਰ ਮਨੁੱਖ ਉਨ੍ਹਾਂ ਡੱਡੀਆਂ-ਮੱਛੀਆਂ ਵਾਲੇ ਕਰਮ ਹੀ ਕਰ ਰਿਹਾ ਹੈ ਤਾਂ ਇਹ ਵੀ ਅਪਣਾ ਜਨਮ ਬਰਬਾਦ ਕਰਕੇ ਮੁੜ ਅਪਣੇ ਜਨਮ-ਮਰਣ ਦੇ ਗੇੜ੍ਹ ਲਈ ਹੀ ਰਸਤਾ ਪੱਧਰਾ ਕਰ ਰਿਹਾ ਹੈ। ਅਜੇਹੇ ਕਰਮ ਗੁਰਮਤਿ ਤੇ ਗੁਰਬਾਣੀ ਦਾ ਮਾਰਗ ਨਹੀਂ ਬਲਕਿ ਇਹ ਰਸਤਾ ਤਾਂ ਅਸਲ `ਚ ਬ੍ਰਾਹਮਣ ਮੱਤ ਦਾ ਹੈ ਕਿ ਤੀਰਥਾਂ ਤੇ ਜਾ ਕੇ ਬ੍ਰਾਹਮਣਾਂ ਨੂੰ ਦਾਨ-ਪੁੰਨ ਅਤੇ ਇਸ਼ਨਾਨ ਕਰਨ ਨਾਲ ਪਾਪ ਲੱਥ ਜਾਂਦੇ ਅਤੇ ਆਤਮਾ ਨਿਰਮਲ ਹੋ ਜਾਂਦੀ ਹੈ। ਜਦਕਿ ਗੁਰਮਤਿ ਇਸਦਾ ਭਰਵਾਂ ਵਿਰੋਧ ਕਰਦੀ ਹੀ। ਹੋਰ ਤਾਂ ਹੋਰ ਖੁੱਦ ਸ੍ਰੀ ਗੁਰੂ ਤੇਗ ਬਹਾਦੁਰ ਜੀ ਅਪਣੀ ਬਾਣੀ ਵਿੱਚ ਵੀ ਅਜੇਹੇ ਕਰਮਾਂ ਦਾ ਫੋਕਟ ਹੋਣਾ ਦੱਸ ਰਹੇ ਹਨ, ਜਿਵੇਂ “ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ॥ ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ” (ਮ: ੯-830) ਹੋਰ ਲਵੋ “ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ” (ਮ: ੯-931) ਕਮਾਲ ਤਾਂ ਇਹ ਹੈ, ਜਦੋਂ ਨੌਵੇਂ ਪਾਤਸ਼ਾਹ ਆਪ ਵੀ ਇਨ੍ਹਾਂ ਤੀਰਥ ਇਸ਼ਨਾਨਾਂ ਆਦਿ ਦਾ ਭਰਵਾਂ ਖੰਡਣ ਕਰ ਰਹੇ ਹਨ, ਸ਼ਰਾਰਤੀ ਤੇ ਵਿਰੋਧੀ ਲੋਕਾਂ ਨੇ ਉਸੇ ਹੀ ਗੁਰੂ ਸਾਹਿਬ ਨੂੰ ਉਸਦੇ ਉਲਟ ਉਹ ਕਰਮ ਕਰਦੇ ਵੀ ਦਿਖਾ ਦਿਤਾ। ਅਤੇ ਉਹ ਵੀ “ਮੁਰ ਪਿਤ ਪੂਰਬ ਕੀਅਸ ਪਯਾਨਾ। ਭਾਂਤਿ ਭਾਤਿ ਕੇ ਤੀਰਥ ਨਾਨਾ” ਵਾਲੀ ਸ਼ਬਦਾਵਲੀ ਦਸਮੇਸ਼ ਜੀ ਦੇ ਮੁਖਾਰਬੰਦ ਤੋਂ ਘਢਵਾ ਕੇ।
ਇਕ ਹੋਰ ਸੁਆਦਲੀ ਗਲ ਇਹ ਕਿ ਉਪ੍ਰੋਕਤ ਪੰਕਤੀਆਂ ਵਿੱਚ ਦਰਸਾਏ ਕਰਮਕਾਂਡਾਂ ਬਾਰੇ ਦਸਮੇਸ਼ ਜੀ ਦੀਆਂ ਮਨੀਆਂ ਜਾਂਦੀਆਂ ਤਿੰਨ-ਚਾਰ ਰਚਨਾਵਾਂ, ਜਿਹੜੀਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਦਰਜ ਨਹੀਂ ਅਤੇ ਬਦੋਬਦੀ ਉਸ ਅਖਉਤੀ ਦਸਮ ਗ੍ਰੰਥ ਵਿੱਚ ਹੀ ਜੋੜੀਆਂ ਹੋਈਆਂ ਹਨ ਉਥੋਂ ਵੀ ਪੜ੍ਹ ਲਵੋ। ਉਥੇ ਦਸਮੇਸ਼ ਜੀ ਨੇ ਇਨ੍ਹਾਂ ਤੀਰਥ-ਇਸ਼ਨਾਨਾਂ `ਤੇ ਦਾਨਾਂ-ਪੁੰਨਾਂ ਨੂੰ ਕੀ ਸਰਟੀਫਿਕੇਟ ਦਿਤਾ ਹੈ, ਫੁਰਮਾਣ ਹੈ “ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ” ਅਤੇ “ਤੀਰਥ ਦਾਨ, ਦਇਆ ਦਤ ਦਾਨ, ਸੁ ਸੰਜਮ ਨੇਮ ਅਨੇਕ ਬਿਸੇਖੈ॥ ਸ੍ਰੀ ਭਗਵਾਨ ਭਜੇ ਬਿਨ ਭੂਪਤਿ, ਏਕ ਰਤੀ ਬਿਨੁ ਏਕ ਨ ਲੇਖੈ” ਹੌਰ ਲਵੋ “ਨ੍ਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਾਇਓ ਪਰਲੋਕ ਗਵਾਇਓ” ਅਤੇ “ਤੀਰਥ ਕੋਟ ਕੀਏ ਇਸ਼ਨਾਨ, ਦੀਏ ਬਹੁ ਦਾਨ, ਮਹਾ ਬ੍ਰਤ ਧਾਰੇ॥ ਦੀਨ ਦਇਆਲ ਅਕਾਲ ਭਜੇ ਬਿਨੁ, ਅੰਤ ਕੋ ਅੰਤ ਕੇ ਧਾਮ ਸਿਧਾਰੇ” (ਸਵੇਯੈ ਪਾ: ੧੦)। ਇਥੋਂ ਤੀਕ ਇਹ ਵਿਰੋਧੀ ਤੇ ਸ਼ਰਾਰਤੀ ਲੋਕ ਆਪ ਵੀ ਇਨ੍ਹਾਂ ਰਚਨਾਵਾਂ ਨੂੰ ਦਸਮੇਸ਼ ਰਚਨਾ ਹੀ ਪ੍ਰਚਾਰਦੇ ਤੇ ਕਹਿੰਦੇ ਹਨ ਤਾਂ ਤੇ ਉਹ ਆਪ ਹੀ ਦਸਣ ਕਿ ਇਕੋ ਹੀ ਕਲਮ ਅਤੇ ਉਹ ਵੀ ਦਸਮੁਸ਼ ਜੀ ਦੀ ਕਲਮ, ਕੀ ਇਹ ਦੋ ਵਿਰੋਧੀ ਲਿਖਤਾਂ ਸੰਭਵ ਹਨ? ਧਿਆਨ ਰਹੇ! ਜਿਸ ਗੁਰੂਦਰ ਨੇ ਮਨੁੱਖ ਮਾਤ੍ਰ ਨੂੰ ਸੰਸਾਰਕ ਮੰਗਾ ਦੇ ਚਿੱਕੜ ਵਿਚੋਂ ਕੱਢਕੇ, ਇੱਕ ਕਰਤੇ ਦੀ ਰਜ਼ਾ `ਚ ਜੀਉਣਾ ਸਿਖਾਇਆ ਹੈ; ਇਥੇ ਕਿੱਤਨੀ ਕੁੱਟਲਨੀਤੀ ਨਾਲ, ਗੁਰੂ ਪਾਤਸ਼ਾਹ ਨੂੰ ਹੀ ਉਸੇ ਚਿੱਕੜ ਵਿੱਚ ਫਸਿਆ ਵੀ ਦਿਖਾ ਦਿੱਤਾ ਹੈ।
ਬ੍ਰਾਹਮਣੀ ਤੀਰਥ ਪ੍ਰਯਾਗ ਬਾਰੇ ਗੁਰਬਾਣੀ ਸੇਧ- ਇਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ। ਪ੍ਰਯਾਗ ਦਾ ਤੀਰਥ ਬ੍ਰਾਹਮਣ ਮੱਤ ਦੀਆਂ ‘ਸੱਤ ਵੱਡੀਆਂ ਪੁਰੀਆਂ’ ਵਿਚੋਂ ਇੱਕ ਦਸਿਆ ਹੈ ਅਤੇ ਇਥੇ ਉਨ੍ਹਾਂ ਲੋਕਾਂ ਦਾ ਸਭ ਤੋਂ ਵੱਡਾ ਕੁੰਭ ਦਾ ਮੇਲਾ ਵੀ ਲਗਦਾ ਹੈ। ਬ੍ਰਾਹਮਣੀ ਲਿਖਤਾਂ ਵਿੱਚ ਇਸਦੀ ਬੜੀ ਮਹਾਨਤਾ ਦਰਸਾਈ ਹੈ। ਇਸੇ ਪ੍ਰਯਾਗ ਨੂੰ ਤ੍ਰਿਬੈਣੀ ਵੀ ਕਿਹਾ ਹੈ। ਇਸਤਰ੍ਹਾਂ “ਜਬ ਹੀ ਜਾਤ ਤ੍ਰਿਬੇਣੀ ਭਏ” ਅਨੁਸਾਰ ਉਪ੍ਰੋਕਤ ਪੰਕਤੀਆਂ ਦੇ ਚਲਾਕ ਲਿਖਾਰੀ ਨੇ ਜਾਣ ਬੁਝ ਕੇ, ਬੜੀ ਕੁਟਲਨੀਤੀ ਨਾਲ ਤ੍ਰਿਬੈਣੀ ਅਥਵਾ ‘ਪ੍ਰਯਾਗ’ ਨੂੰ ਸਿੱਖਾਂ ਦੇ ਗੱਲ ਮੜ੍ਹ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦਸਮੇਸ਼ ਜੀ ਦੀ ਮਹਾਨਤਾ ਦਾ ਕਾਰਣ, ਕੇਵਲ ਪ੍ਰਯਾਗ ਵਰਗੇ ਪਵਿਤ੍ਰ ਸਥਾਨ ਤੇ ਮਾਤਾ ਦੇ ਗਰਭ `ਚ ਪ੍ਰਵੇਸ਼ ਕਾਰਣ ਸੀ। ਜਦਕਿ ਗੁਰੂਦਰ ਤੇ ਕਿਸੇ ਖਾਸ ਸਥਾਨ ਜਾਂ ਸਮੇਂ (ਵੱਕਤ) ਦੀ ਅਪਣੀ ਕੋਈ ਮਹਾਨਤਾ ਨਹੀਂ। ਇਥੇ ਤਾਂ ਮਨੁੱਖ ਦੀ ਕਰਨੀ ਅਤੇ ਉਸ ਰਾਹੀਂ ਸਮੇਂ ਦੀ ਸੰਭਾਲ ਦੀ ਹੀ ਮਹਾਨਤਾ ਹੈ। ਇਥੇ ਤਾਂ ਪ੍ਰਯਾਗ ਬਾਰੇ ਉਚੇਚੇ ਫ਼ੁਰਮਣ ਹਨ “ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ” (ਪੰ:322) ਭਾਵ ਗੁਰੂ ਦੀ ਆਗਿਆ ਵਿੱਚ ਚਲਣਾ ਹੀ ਕ੍ਰੌੜਾਂ ਪ੍ਰਯਾਗਾਂ ਤੋਂ ਵੀ ਵੱਧ ਉਤੱਮ ਕਰਮ ਹੈ। ਗੁਰਬਾਣੀ `ਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਤਾਂ ਪ੍ਰਯਾਗ ਬਾਰੇ ਇਥੋਂ ਤੀਕ ਫ਼ੁਰਮਾਂਦੇ ਹਨ “ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ॥ ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ” (ਮ: ੪-986) ਅਰਥ ਹਨ-ਭਾਵੇਂ ਮਾਘ ਦੇ ਮਹੀਨੇ ਵਿੱਚ ਪ੍ਰਯਾਗ ਦੇ ਸਥਾਨ ਤੇ ਜਾ ਕੇ ਆਪਣੇ ਸਰੀਰ ਦੀ ਹੀ ਬਲੀ ਦੇ ਦੇਵੋ ਜਾਂ ਬਹੁਤ ਸਾਰਾ ਸੋਨਾ, ਟੁੱਕੜੇ ਟੁੱਕੜੇ ਕਰ ਕੇ ਦਾਨ ਵਜੋਂ, (ਪੰਡਿਤਾਂ `ਚ) ਵੰਡ ਦੇਵੋ, ਇਹ ਸਭ ਫ਼ੋਕਟ ਕਰਮ ਹਨ ਅਤੇ ਪ੍ਰਭੂ ਪ੍ਰਾਪਤੀ ਅਤੇ ਉਸਦੀ ਸਿਫ਼ਤ-ਸਲਾਹ ਤੋਂ ਬਿਨਾਂ ਮਨੁੱਖਾ ਜੀਵਨ ਇਨ੍ਹਾਂ ਫੋਕਟ ਤੇ ਦਿਖਾਵੇ ਦੇ ਕਰਮਾ ਨਾਲ ਕਦੇ ਸਫ਼ਲ ਨਹੀਂ ਹੋ ਸਕਦਾ।
ਬ੍ਰਾਹਮਣੀ ਪੁੰਨ-ਦਾਨ ਗੁਰਮਤਿ ਦਾ ਮਾਰਗ ਨਹੀਂ ਹਨ- ਖੂਬੀ ਇਹ ਕਿ ਇਥੇ ਤਾਂ “ਪੁੰਨ ਦਾਨ ਦਿਨ ਕਰਤ ਬਿਤਏ” ਅਨੁਸਾਰ ਗੁਰੂ ਸਾਹਿਬ ਨੂੰ ਹੀ ਬ੍ਰਾਹਮਣੀ ਪੁੰਨ-ਦਾਨ ਕਰਦੇ ਵੀ ਦਿਖਾ ਦਿਤਾ ਹੈ। ਬੜੀ ਚਾਲਾਕੀ ਨਾਲ ‘ਪੁਤ੍ਰ ਕਾਮਨਾ ਅਧੀਨ’ ਵਾਲੀ ਗਲ ਨੂੰ ਪੜਦੇ `ਚ ਰਖਕੇ ਅਤੇ ਬਾਦ `ਚ ਇਸਨੂੰ ਉਸੇ ਕਰਨੀ ਦਾ ਨਤੀਜਾ ਦਸਕੇ, ਗੁਰਦੇਵ ਬਾਰੇ ਇਹ ਕਹਿ ਦਿਤਾ ਹੈ ਕਿ ਉਨ੍ਹਾਂ ਨੇ ਬ੍ਰਾਹਮਣਾ ਨੂੰ ਦਾਨ-ਪੁੰਨ ਕਰਦੇ ਉਥੇ ਸਾਰਾ ਸਮਾਂ ਬਿਤਾਇਆ। ਕਿਨਾਂ ਵੱਡਾ ਮਜ਼ਾਕ ਕੀਤਾ ਗਿਆ ਹੈ ਸਿੱਖ ਧਰਮ ਗੁਰਬਾਣੀ ਵਿਚਾਰਧਾਰਾ ਅਤੇ ਗੁਰੂਪਾਤਸ਼ਾਹ ਦੀ ਮਹਾਨ ਜੀਵਨੀ ਨਾਲ। ਕਿਨਾਂ ਵੱਡਾ ਮਜ਼ਾਕ ਕੀਤਾ ਗਿਆ ਗੁਰੂ ਸਾਹਿਬ ਦੀ ਮਹਾਨ ਸ਼ਖਸੀਅਤ ਨਾਲ। ਕਿਉਂਕਿ ਬ੍ਰਾਹਮਣ ਮੱਤ ਅਨੁਸਾਰ ਕੀਤੇ ਪੁੰਨ-ਦਾਨ ਬਾਰੇ ਵੀ ਗੁਰਬਾਣੀ ਦੀ ਸਪੱਸ਼ਟ ਸੇਧ ਦਿਤੀ ਹੈ ਕਿ ਗੁਰਬਾਣੀ ਇਸ ਬ੍ਰਾਹਮਣੀ ਦਾਨ-ਪੁੰਨ ਵਾਲੀ ਵਿਚਾਰਧਾਰਾ ਦਾ ਵੀ ਭਰਵਾਂ ਖੰਡਣ ਕਰਦੀ ਹੈ। ਗੁਰਬਾਣੀ ਦਾ ਫ਼ੈਸਲਾ ਹੈ “ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ॥ ੧ ॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ॥ ੧ ॥ ਰਹਾਉ॥ ਗੰਗਾ ਜਉ ਗੋਦਾਵਰਿ ਜਾਈਐ, ਕੁੰਭਿ ਜਉ ਕੇਦਾਰ ਨ੍ਹ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ॥ ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ॥ ੨ ॥ ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ, ਐਸੋ ਦਾਨੁ ਨਿਤ ਨਿਤਹਿ ਕੀਜੈ॥ ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ” (ਨਾਮਦੇਵ ਪੰ:973) ਭਾਵ ਅਸੁਮੇਧ ਆਦਿ ਜਗਾਂ ਦਾ ਕਰਨਾ, ਫਲਾਂ `ਚ ਛੁਪਾਕੇ ਸੋਨੇ ਦਾ ਦਾਨ, ਧਨ-ਪਦਾਰਥਾਂ, ਗਊਆਂ, ਸੇਜਾ ਸਜਾਕੇ ਅਪਣੀ ਨਵੀਨ ਵਿਆਹੀ ਪਤਨੀ ਦਾ ਦਾਨ ਭਾਵ ਉਹ ਦਾਨ ਜੋ ਬ੍ਰਾਹਮਣ ਮੱਤ ਅਨੁਸਾਰ, ਬੜੇ ਮਹਾਤਮ ਵਾਲੇ ਦਾਨ ਦਸੇ ਹਨ। ਗੁਰੂ ਸਾਹਿਬ ਨੇ ਇਹਨਾਂ ਸਾਰੇ ਦਾਨਾਂ ਨੂੰ ਪ੍ਰਭੂ ਦੀ ਸਿਫ਼ਤ-ਸਲਾਹ `ਤੇ ਸਿਮਰਨ ਦੇ ਮੁਕਾਬਲੇ ਤੁੱਛ ਅਤੇ ਪਾਖੰਡ ਕਰਮ ਹੀ ਦਸਿਆ ਹੈ। ਫੈਸਲਾ ਹੈ- “ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ” (ਪੰ: 566)। ਅਜਿਹੇ ਦਾਨਾਂ-ਪੁੰਨਾਂ ਨੂੰ ਗੁਰਮਤਿ ਅੰਦਰ ਬੜੀ ਨੀਵੀਂ ਪੱਧਰ ਦੀ ਚੀਜ਼ ਦਸਿਆ ਹੈ ਕਿਉਂਕਿ ਅਜੇਹੇ ਕਰਮਾਂ ਨਾਲ ਸੰਬੰਧਤ ‘ਦਾਨੀ-ਪੁਰਸ਼ਾਂ’ ਦੇ ਮਨ `ਚ ਲੋਭ, ਹਊਮੈ ਆਦਿਕ ਵਿਕਾਰ ਹੀ ਵੱਧਦੇ ਹਨ, ਘੱਟਦੇ ਨਹੀਂ ਅਤੇ ਇਹ ਕਰਮ, ਜੀਵ ਦੀ ਕਰਤਾਰ ਤੋ ਦੂਰੀ ਵਧਾਂਦੇ ਹਨ। ਪ੍ਰਭੂ ਪਿਆਰਿਆਂ ਨੂੰ ਤਾਂ “ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ” (ਪੰ: 466)।
“ਵਿਣੁ ਤੁਧੁ ਹੋਰੁ ਜਿ ਮੰਗਣਾ … “- ਗੁਰਮਤਿ ਤਾਂ ਹੈ ਹੀ “ਭਾਣੇ-ਰਜ਼ਾ ਦਾ ਜੀਵਨ। ਗੁਰਬਾਣੀ ਮਨੁੱਖ ਨੂੰ ਸੰਸਾਰਕ ਮੰਗਾਂ ਵਿਚੋਂ ਕੱਢਦੀ ਹੈ ਇਨ੍ਹਾਂ `ਚ ਉਲਝਾਂਦੀ ਨਹੀਂ। ਗੁਰਮਤਿ-ਮਾਰਗ `ਤੇ ਚਲਣ ਨਾਲ ਗੁਰਸਿੱਖ ਦੀ ਮਾਨਸਕ ਦਸ਼ਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਉਹ ਧੀਆਂ-ਪੁੱਤਰ, ਧੰਨ-ਪਦਾਰਥ, ਰੁਜ਼ਗਾਰ `ਚ ਵਾਧੇ ਆਦਿਕ ਬਿਨਸਣਹਾਰ ਵਸਤਾਂ ਵਿਚਕਾਰ ਅਪਣਾ ਮਨ ਨਹੀਂ ਉਲਝਾਉਂਦਾ ਅਤੇ ਨਾ ਹੀ ਪ੍ਰਭੂ ਪਾਸੋਂ ਅਜਿਹੀਆ ਮੰਗਾ ਹੀ ਕਰਦਾ ਹੈ। ਸੰਸਾਰਕ ਵਸਤਾਂ ਦੀ ਪ੍ਰਾਪਤੀ ਕਦੇ ਸਦੀਵੀ ਸੁਖ ਨਹੀਂ ਦੇ ਸਕਦੀ। ਇਹ ਇੱਕ ਵੱਕਤ ਤਾਂ ਸੁੱਖ ਪ੍ਰਤੀਤ ਹੁੰਦੇ ਹਨ, ਪਰ ਦੂਜੇ ਵੱਕਤ ਨਾਲ ਹੀ ਇਹ ਦੁਖਾਂ ਦਾ ਰੂਪ ਵੀ ਧਾਰਨ ਕਰ ਲੈਂਦੇ ਹਨ। ਇਨ੍ਹਾਂ ਸੰਸਾਰਕ ਸੁਖਾਂ-ਦੁਖਾਂ ਦੀ ਅਪਣੀ ਕੋਈ ਹੋਂਦ ਨਹੀਂ ਹੁੰਦੀ ਬਲਕਿ ਇਹ ਤਾਂ ਮਨੁਖੀ ਮਨ ਦੀ ਅਵਸਥਾ ਦਾ ਨਾਂ ਹਨ। ਗੁਰੂ ਦਾ ਸਿੱਖ ਤਾਂ ਨਿੱਤ ਸਦੀਵੀ ਸੁਖ ਭਾਵ ਰਜ਼ਾ `ਤੇ ਭਾਣੇ ਦਾ ਜੀਵਨ ਜੀਊਣ ਲਈ ਜੋਦੜੀਆਂ ਕਰਦਾ ਹੈ- “ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ॥ ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ” (ਪੰ: 713)।
ਅਜਿਹਾ ਮਨੁੱਖ ਸੰਸਾਰਕ ਮਗਾਂ ਦੀ ਥਾਂਵੇਂ, ਪ੍ਰਭੂ ਪਾਸੋਂ ਉਸਦੀ ਸਿਫ਼ਤ-ਸਲਾਹ ਅਤੇ ਮਿਲਾਪ ਦੀ ਹੀ ਮੰਗ ਕਰਦਾ ਹੈ ਜਿਵੇਂ “ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ” (ਪੰ:1018) ਅਤੇ “ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ॥ ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ” (ਪੰ: 746) ਹੋਰ ਲਵੋ “ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕਉ ਸਦਾ ਰਹਉ ਰੰਗਿ ਰਾਤਾ” (ਪੰ: 666) ਅਤੇ “ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ” (ਪੰ: 958)। ਇਸਤਰ੍ਹਾਂ ਸਿੱਖ ਦਾ ਜੀਵਨ ਉੱਚੇ-ਸੁੱਚੇ ਆਤਮਕ ਅਤੇ ਸਦਾਚਾਰਕ ਗੁਣਾਂ ਨਾਲ ਭਰਪੂਰ ਜੀਵਨ ਹੁੰਦਾ ਹੈ। ਪ੍ਰਭੂ ਦੀ ਰਜ਼ਾ `ਚ ਰਹਿਣਾ ਹੀ ਉਸ ਲਈ ਜੀਵਨ ਸੇਧ ਹੈ। ਗੁਰੂ ਦੇ ਸਿੱਖ ਦਾ ਬ੍ਰਾਹਮਣੀ ਕਰਮਕਾਂਡਾਂ ਅਤੇ ਬ੍ਰਾਹਮਣਾਂ ਨੂੰ ਦਿਤੇ ਦਾਨਾਂ ਆਦਿ `ਚ ਉਕਾ ਵਿਸ਼ਵਾਸ ਨਹੀਂ। ਗੁਰੂ ਕੇ ਸਿੱਖ ਲਈ ਜੰਜੂ ਪਹਿਣਨ ਤੋਂ ਅਰੰਭ ਕਰਕੇ ਵਰਤ, ਤੀਰਥ ਯਾਤਰਾਵਾਂ, ਤੀਰਥ ਇਸ਼ਨਾਨ, ਪੁੰਨ-ਦਾਨ, ਜੋਗੀ ਸਨਿਆਸੀ, ਨਾਂਗੇ, ਬਿਭੂਤਧਾਰੀ, ਬੈਰਾਗੀਆਂ, ਸਾਧੂਆਂ, ਸੰਤਾ ਆਦਿ ਵਾਲੇ ਭੇਖ, ਦੇਵੀ-ਦੇਵਤਿਆਂ-ਭਗਵਾਨਾਂ ਦੀ ਪੂਜਾ, ਆਦਿ ਵਾਲੇ ਭੇਖਾਂ, ਜੱਪ-ਤੱਪ, ਦਸਮ ਦੁਆਰ ਤੇ ਸੁਆਸਾਂ ਦਾ ਚੜ੍ਹਾਉਣਾ, ਨੀਊਲੀ ਕਰਮ ਆਦਿ ਨੂੰ ਨਿਖਿੱਧ ਅਤੇ ਉਸ ਰਾਹੀਂ ਤਿਆਗੇ ਹੋਏ ਕਰਮ ਹਨ। ਫ਼ਿਰ ਜਦੋਂ ਸਤਿਗੁਰਾਂ ਨੇ ਸਿੱਖ ਨੂੰ ਅਜੇਹਾ ਸਾਫ਼-ਸੁਥਰਾ ਜੀਵਨ ਬਖਸ਼ਿਆ ਹੈ ਤਾਂ ਗੁਰਦੇਵ ਦਾ ਅਪਣਾ ਜੀਵਨ ਕਿਸ ਪਾਏ ਦਾ ਹੋ ਸਕਦਾ ਹੈ ਸਮਝਦੇ ਦੇਰ ਨਹੀਂ ਲਗਦੀ।
ਜੇ ਅਜੇ ਵੀ ਸ਼ੰਕਾ ਰਵੇ ਅਤੇ ਨੌਵੇਂ ਪਾਤਸ਼ਾਹ ਤੇ ਦੂਸ਼ਣ ਥੋਪੇ ਕਿ ਨੌਵੇਂ ਪਾਤਸ਼ਾਹ ਪੁੱਤਰ ਕਾਮਨਾ ਲਈ ਬ੍ਰਾਹਮਣੀ ਫੋਕਟ ਕਰਮਕਾਂਡਾਂ `ਚ ਉਲਝੇ ਸਨ, ਤਾਂ ਅਜਿਹੇ ਲਿਖਾਰੀਆਂ ਦੀ ਨੀਯਤ ਤੇ ਸ਼ੱਕ, ਕੁਦਰਤੀ ਗਲ ਹੈ। ਕਮਾਲ ਤਾਂ ਇਹ ਹੈ ਕਿ ਜਿਸ ਗੁਰੂਦਰ ਨੇ ਮਨੁੱਖ ਨੂੰ ਸੰਸਾਰਕ ਮੰਗਾ ਦੇ ਚਿੱਕੜ ਚੋਂ ਕੱਢਕੇ, ਇੱਕ ਅਕਾਲਪੁਰਖੁ ਦੀ ਰਜ਼ਾ `ਚ ਜੀਣਾ ਸਿਖਾਇਆ ਹੈ, ਕਿੱਤਨੀ ਕੁਟਲਨੀਤੀ ਨਾਲ ਇਨ੍ਹਾਂ ਪੰਕਤੀਆਂ ਦੇ ਲਿਖਾਰੀ ਨੇ ਖੁੱਦ ਗੁਰੂ ਪਾਤਸ਼ਾਹ ਨੂੰ ਹੀ ਉਸ ਚਿੱਕੜ `ਚ ਫਸਿਆ ਦਿਖਾ ਦਿਤਾ ਹੈ।
ਇਨ੍ਹਾਂ ਪੰਕਤੀਆਂ ਦਾ ਲੇਖਕ ਕੌਣ? - ਹੁਣ ਸੁਆਲ ਪੈਦਾ ਹੁੰਦਾ ਹੈ ਕਿ ਆਖਿਰ ਜਦੋਂ ਇਹ ਪੰਕਤੀਆਂ ਗੁਰਬਾਣੀ ਦੀਆਂ ਨਹੀਂ ਹਨ ਤਾਂ ਇਹ ਪੰਕਤੀਆਂ ਆਈਆਂ ਕਿਥੋਂ ਹਨ? ਅਤੇ ਇਨ੍ਹਾਂ ਦਾ ਕਰਤਾ ਕੌਣ ਹੈ? ਉੱਤਰ ਹੈ ਕਿ ਇਹ ਪੰਕਤੀਆਂ ਸੰਨ ੧੮੭੦ ਦੇ ਆਸ ਪਾਸ ਅਚਾਨਕ ਪ੍ਰਕਟ ਕੀਤੇ ਅਖੌਤੀ ‘ਦਸਮ ਗ੍ਰੰਥ’ ਵਿਚਲੀ ਇੱਕ ਰਚਨਾ ‘ਬਚਿਤ੍ਰ ਨਾਟਕ’ ਵਿਚੋਂ ਹਨ। ਗੁਰਬਾਣੀ ਦੀ ਸੋਝੀ ਰੱਖਣ ਵਾਲੇ ਬਹੁਤੇ ਵਿਦਵਾਨ ਜਿਵੇਂ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ: ਗੁਰਮੁਖ ਸਿੰਘ, ਸ: ਸ਼ਮਸ਼ੇਰ ਸਿੰਘ ਅਸ਼ੋਕ, ਡਾ: ਰਤਨ ਸਿੰਘ ਜੱਗੀ, ਭਾਈ ਅਰਦੁਮਨ ਸਿੰਘ ਬਾਘੜੀਆ, ਗਿਆਨੀ ਭਾਗ ਸਿੰਘ ਅੰਬਾਲਾ, ਪ੍ਰਿੰਸੀਪਲ ਹਰਭਜਨ ਸਿੰਘ (ਭਾਈ ਸਾਹਿਬ) ਆਦਿ, ਇਸ ਅਖੌਤੀ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੀ ਨਹੀਂ ਮੰਨਦੇ। ਬਲਕਿ ਉਨੀਵੀ ਸਦੀ ਦੇ ਅੰਤ ਭਾਵ ਲਗਭਗ ਸੰਨ ੧੮੭੦ ਤੀਕ ਦਸਮ ਗ੍ਰੰਥ ਦੇ ਨਾਮ ਵਾਲਾ ਕੋਈ ਗ੍ਰੰਥ ਹੈ ਹੀ ਨਹੀਂ ਸੀ। ਇਸੇਤਰ੍ਹਾਂ ਇਸ ਗ੍ਰੰਥ `ਚ ਜੋੜੀਆਂ ਜਾਪੁ ਸਾਹਿਬ, ਸਵੇਯੈ ਆਦਿ ਕੇਵਲ ਚਾਰ-ਪੰਜ ਰਚਨਾਵਾਂ ਤੋਂ ਛੁੱਟ ਬਾਕੀ ਲਿਖਤਾਂ ਨੂੰ ਦਸਮੇਸ਼-ਰਚਨਾ ਮੰਣਨ ਵਾਲਾ ਸਮੂਚੇ ਪੰਥ ਵਿੱਚ ਇੱਕ ਵੀ ਵਿਦਵਾਨ ਮੌਜੂਦ ਨਹੀਂ ਸੀ। ਇਸ ਰਚਨਾ ਨੂੰ ਬਦੋਬਦੀ ਦਸਮੇਸ਼ ਰਚਨਾ ਪ੍ਰਚਾਰਨ ਵਾਲੇ ਕੁੱਝ ਵਿਦਵਾਨ ਤਾਂ ਕੇਵਲ ਵੀਹਵੀਂ ਸਦੀ `ਚ ਹੀ ਪ੍ਰਗਟ ਹੋ ਰਹੇ ਹਨ।
ਆਖਿਰ ਇਹ ‘ਦਸਮ ਗ੍ਰੰਥ’ ਕੀ ਹੈ? - ਇਤਿਹਾਸਕਾਰ ਇੱਕ ਮੱਤ ਹਨ ਕਿ ਦਸਮੇਸ਼ ਜੀ ਨੇ ਗੁਰਗੱਦੀ ਕੇਵਲ ਸਾਹਿਬ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਹੀ ਬਖਸ਼ੀ ਸੀ। ਉਸ ਵਕਤ ਅਜੌਕੇ ਦਸਮ ਗ੍ਰੰਥ ਨਾਂ ਦੀ ਕੋਈ ਰਚਨਾ ਹੈ ਹੀ ਨਹੀਂ ਸੀ। ਬਾਣੀ ਦੇ ‘ਗੁਰੂ’ ਹੋਣ ਵਾਲਾ ਐਲਾਨ ਤਾਂ ਪਹਿਲੇ ਜਾਮੇਂ ਤੋਂ ਹੀ ਸੀ ਅਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਦਰੋਂ ਇਸ ਬਾਰੇ ਬੇਅੰਤ ਪ੍ਰਮਾਣ ਮਿਲਦੇ ਹਨ। “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਗੁਰਗੱਦੀ ਦਾ ਸੋਂਪਣਾ, ਅਪਣੇ ਆਪ `ਚ, ਦਸਮੇਸ਼ ਜੀ ਵਲੋਂ ਗੁਰਬਾਣੀ ਸਰੂਪ ਦੀ ਸੰਪੂਰਣਤਾ ਦਾ ਹੀ ਐਲਾਨ ਸੀ ਜਿਸਦੇ ਅਰਥ ਹਨ “ੴ ਤੋਂ ਤਨੁ ਮਨੁ ਥੀਵੈ ਹਰਿਆ” ਤੀਕ ਬਾਣੀ ਮੁਕੰਮਲ ਹੈ ਅਤੇ ਹੁਣ ਇਸ ਚ ਕੋਈ ਵਾਧਾ-ਘਾਟਾ ਨਹੀਂ ਹੋ ਸਕਦਾ। ਹੋਰ ਤਾਂ ਹੋਰ, ਦਸਮੇਸ਼ ਜੀ ‘ਨਾਨਕ ਜੋਤ’ ਅਤੇ ਗੁਰੂਨਾਨਕ ਪਾਤਸ਼ਾਹ ਦਾ ਹੀ ਦੱਸਵਾਂ ਸਰੂਪ ਸਨ। ਜੇ ਉਸ ਵੱਕਤ ਕਿਸੇ ਹੋਰ ਅਜੇਹੇ ‘ਦਸਮ ਗ੍ਰੰਥ’ ਦਾ ਕੋਈ ਵਜੂਦ ਜਾਂ ਮਹਾਨਤਾ ਹੁੰਦੀ ਤਾਂ ਉਸ ਬਾਰੇ ਵੀ ਆਪ, ਆਪਣਾ ਫ਼ੈਸਲਾ ਜ਼ਰੂਰ ਦੇ ਦੇਂਦੇ ਪਰ ਅਜੇਹਾ ਨਹੀਂ ਹੋਇਆ। ਇਸਤੋਂ ਇਲਾਵਾ ਜੇਕਰ ਦਸਮੇਸ਼ ਜੀ ਦੀ ਆਪਣੀ ਵੀ ਕੋਈ ਬਾਣੀ ਰਚਨਾ ਸੀ ਤਾਂ ਆਪ ਉਸ ਰਚਨਾ ਨੂੰ ਵੀ ‘ਨਾਨਕ’ ਪਦ ਨਾਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦਰਜ ਕਰ ਸਕਦੇ ਸਨ ਪਰ ਨਹੀਂ ਕੀਤਾ। ਇਹ ਇੱਕ ਅਜੇਹੀ ਸਚਾਈ ਹੈ ਜਿਸਦਾ ਕਿਸੇ ਵਿਰੋਧੀ ਜਾਂ ਅਜੌਕੇ ਪੈਦਾ ਹੋ ਚੁਕੇ ਇਸ ਅਖੌਤੀ ‘ਦਸਮ ਗ੍ਰੰਥ’ ਦੇ ਸ਼ੈਦਾਈਆਂ ਕੋਲ ਵੀ ਕੋਈ ਉਤਰ ਨਹੀਂ। ਜਦੋਂ ਦਸਮੇਸ਼ ਜੀ ਨੇ ਆਪ ਪੰਜ ਪਿਆਰਿਆਂ ਨੂੰ ਤਬਿਆ ਖੜਾ ਕਰਕੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪੂਰਣਤਾ ਦਾ ਇਲਾਨ ਕਰ ਦਿੱਤਾ ਅਤੇ ਸਾਨੂੰ ਕੇਵਲ ਅਤੇ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਦੇ ਹੀ ਲੜ ਲਾਇਆ ਹੈ ਤਾਂ ਉਸਤੋਂ ਬਾਦ ਕਿਸੇ ਵੀ ਹੋਰ ਰਚਨਾ ਜਾਂ ਲਿਖਤ ਨੂੰ ਕਿਸੇ ਲੂਮੜ ਚਾਲ ਨਾਲ ‘ਗੁਰੂ ਗ੍ਰੰਥ ਸਾਹਿਬ ਜੀ’ ਤੁੱਲ ਨਹੀਂ ਲਿਆਂਦਾ ਜਾ ਸਕਦਾ। ਸਿੱਖ ਰਹਿਤ ਮਰਿਆਦਾ ਸੰਨ ੧੯੪੫ ਪੰਨਾਂ ੧੩ (ਹ) ਉਪਰ ਵੀ ਇਹ ਪੰਥਕ ਫ਼ੈਸਲਾ ਦਰਜ ਹੈ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ’ ਤੁੱਲ ਕਿਸੇ ਵੀ ਰਚਨਾ ਨੂੰ ਸਤਕਾਰਿਆ ਨਹੀਂ ਜਾ ਸਕਦਾ।
ਦਰਅਸਲ “ਤਹੀਂ ਪ੍ਰਕਾਸ਼ ਹਮਾਰਾ ਭਇਯੋ। ਪਟਨਾ ਸ਼ਹਿਰ ਵਿਖੇ ਭਵ ਲਇਯੋ” ਜਾਂ “ਮੁਰ ਪਿਤ ਪੂਰਬ ਕੀਅਸ ਪਯਾਨਾ. .” ਗੁਰਬਾਣੀ ਦਾ ਨਹੀਂ ਬਲਕਿ ਉਸ ਦਸਮ ਗ੍ਰੰਥ ਵਿਚਲੀ ਰਚਨਾ ‘ਬਚਿਤ੍ਰ ਨਾਟਕ’ ਤੋਂ ਲਈਆਂ ਕੁੱਝ ਪੰਕਤੀਆਂ ਹਨ ਜਿਸ ਸਾਰੇ ਗ੍ਰੰਥ ਦਾ ਪੁਰਾਤਨ ਨਾਮ ਹੀ ‘ਬਚਿਤ੍ਰਨਾਟਕ’ ਸੀ। ਇਹ ‘ਬਚਿਤ੍ਰਨਾਟਕ’ ਵੀ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਾਫ਼ੀ ਸਮਾਂ ਬਾਦ ਵਿਰੋਧੀਆਂ ਵਲੋਂ ਖੜੀ ਕੀਤੀ ਰਚਨਾ ਹੈ। ਫ਼ਿਰ ਇਸ ਰਚਨਾ `ਚ ‘ਮੈਂ’ ‘ਮੇਰਾ’ ਆਦਿਕ ਸ਼ਬਦਾਂ ਦਾ ਪ੍ਰਯੋਗ ਇਸਦਾ ‘ਦਸਮ ਗੁਰੂ’ ਕ੍ਰਿਤ ਹੋਣ ਦਾ ਭੁਲੇਖਾ ਦੇਂਦਾ ਹੈ, ਜਿਵੇਂ ‘ਇਨ੍ਹਾਂ ਪੰਕਤੀਆਂ’ `ਚ- ‘ਮੇਰੇ ਮਾਤਾ ਪਿਤਾ ਪੂਰਬ ਦੇਸ਼ ਨੂੰ ਗਏ’. .’ਮੇਰਾ ਜਨਮ ਪਟਨੇ ਵਿੱਚ ਹੋਇਆ’ ਆਦਿ। ਇਹੀ ਕਾਰਣ ਹੈ ਕਿ ਕਈ ਵਿਦਵਾਨ ਬਿਨਾਂ ਖੋਜ-ਪੜਤਾਲ, ਬਿਨਾ ਗੁਰਮਤਿ ਦੀ ਕਸਵੱਟੀ `ਤੇ ਪਰਖੇ, ਇਸ ਰਚਨਾ ਭਾਵ ਅਖਉਤੀ ਦਸਮ ਗ੍ਰੰਥ ਬਾਰੇ ਦਸਮੇਸ਼ ਰਚਨਾ ਹੋਣ ਦਾ ਭੁਲੇਖਾ ਖਾ ਜਾਂਦੇ ਹਨ। ਸੁਆਦਲੀ ਗੱਲ ਇਹ ਹੈ ਕਿ ‘ਮੈਂ’ ‘ਮੇਰਾ’ ਆਦਿ ਉਤਮ-ਪੁਰਖ ਵਾਚੀ ਸ਼ਬਦ ਵਰਤਣ ਦੇ ਬਾਵਜੂਦ ਵੀ ਲੇਖਕ ਆਪਣੇ ‘ਅਨ ਪੁਰਖੀ’ ਹੋਂਦ ਨੂੰ ਨਹੀਂ ਛੁਪਾ ਸਕਿਆ। ਕੇਵਲ ਤੀਰਥ ਇਸ਼ਨਾਨ ਜਾਂ ਬ੍ਰਾਹਮਣੀ ਪੁੰਨ-ਦਾਨ ਕਰਨ ਦੇ ਫੋਕਟ ਕਰਮ ਹੀ ਨਹੀਂ, ਜੇ ਇਥੇ ਮਿਸ਼ਰੀ ਭਿੱਜੀਆਂ ਗੁਰਮਤਿ ਵਿਰੋਧੀ ਗੱਲਾਂ ਹੀ ਦੇਖੀਆਂ ਜਾਣ, ਤਾਂ ਉਹ ਵੀ ਇਸ ਰਚਨਾ ਵਿੱਚ ਬੇਅੰਤ ਹਨ ਅਤੇ ਇੱਕ ਵੱਖਰੇ ‘ਗੁਰਮਤਿ ਪਾਠ’ ਦਾ ਵਿਸ਼ਾ ਹਨ। ਇਥੇ ਅਸਾਂ ਕੇਵਲ ਇਹ ਦੇਖਣਾ ਹੈ ਕਿ ਜਿਨ੍ਹਾਂ ਪੰਕਤੀਆਂ ਨੂੰ ਦਸਮੇਸ਼ ਰਚਨਾ ਮੰਨ ਕੇ, ਅਤੇ ਝੂਮ ਝੂਮ ਕੇ ਪੜ੍ਹ ਰਹੇ ਹਾਂ, ਉਹ ਪੰਕਤੀਆਂ ਕਿਸ ਪ੍ਰਕਾਰ ਗੁਰਮਤਿ ਦਾ ਮਜ਼ਾਕ ਉਡਾ ਰਹੀਆਂ ਹਨ ਅਤੇ ਸਾਨੂੰ ਕਿਸਤਰ੍ਹਾਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਨਿੱਘੀ ਗੋਦ ਵਿਚੋਂ ਕੱਢ ਕੇ, ਕਰਮਕਾਂਡੀ ਬ੍ਰਾਹਮਣ ਦੀ ਝੋਲੀ `ਚ ਸੁੱਟ ਰਹੀਆਂ ਹਨ। ਪਾਠਕ ਖੁਦ ਵਿਚਾਰਨ ਕਿ ਗੁਰਬਾਣੀ ਵਿਚੋਂ ਦਿਤੇ ਅਨੇਕਾਂ ਪ੍ਰਮਾਣਾਂ ਦੀ ਹੋਂਦ ਵਿੱਚ ਕੀ ਇਹ ਸੰਭਵ ਹੈ ਕਿ ਕਲਗੀਧਰ ਸੁਆਮੀ ਆਪ, ਆਪਣੇ ਹੀ ਗੁਰੂ ਪਿਤਾ ਜੀ ਨੂੰ ਗੁਰਮਤਿ ਵਿਚਾਰਧਾਰਾ ਦੇ ਉਲਟ ਫੋਕਟ ਬ੍ਰਾਹਮਣੀ ਵਿਚਾਰਧਾਰਾ ਦਾ ਗੁਲਾਮ ਦਰਸਾਉਣ ਅਤੇ ਉਨ੍ਹਾਂ ਨੂੰ ਬ੍ਰਾਹਮਣੀ ਕਰਮਕਾਂਡਾਂ `ਚ ਉਲਝਿਆ ਦਰਸਾਉਣ? ਫਿਰ ਉਹ ਵੀ ਕਹਿ ਰਹੇ ਹੋਣ ਤਾਂ ਗੁਰੂ ਨਾਨਕ ਜੋਤ ਦਸਵੇਂ ਨਾਨਕ ਭਾਵ ਦਸਵੇਂ ਪਾਤਸ਼ਾਹ? ਤਾਂਤੇ “ਤਹੀਂ ਪ੍ਰਕਾਸ਼ ਹਮਾਰਾ ਭਇਯੋ। ਪਟਨਾ ਸ਼ਹਿਰ ਵਿਖੇ ਭਵ ਲਇਯੋ” ਕੱਚੀਆਂ ਰਚਨਾਵਾਂ ਨੂੰ ਗੁਰਬਾਣੀ ਤੁੱਲ ਸਨਮਾਨ ਦੇਣਾ ਸਾਡੇ ਅਪਣੇ ਹੀ ਗੁਰਬਾਣੀ ਦੀ ਸੋਝੀ ਵਲੋਂ ਦਿਵਾਲੀਏਪਣ ਦਾ ਹੀ ਸਬੂਤ ਹੈ।
੯੮% ਸੰਗਤਾਂ ਗੁਰਬਾਣੀ ਸਿਖਿਆ ਤੋਂ ਅਣਜਾਣ- ਆਖਿਰ ਅਜੇਹੀ ਹਾਲਤ `ਚ ਆਮ ਸਿੱਖ ਸੰਗਤਾਂ ਜਿਨ੍ਹਾਂ ਨੇ ਕਦੇ ਗੁਰਬਾਣੀ ਨੂੰ ਸਮਝਣ ਦਾ ਹੀ ਜੱਤਣ ਨਹੀ ਕੀਤਾ, ਉਹ ਕਿਸ ਪਾਸੇ ਟੁਰਣਗੀਆਂ? ਉਹ ਤਾਂ ਧੋਖਾ ਖਾਣਗੀਆਂ ਹੀ ਖਾਣਗੀਆਂ। ਇਹੀ ਕਾਰਣ ਹੈ ਕਿ ਅਜ ਲਗਭਗ ੯੮% ਸੰਗਤਾਂ ਜਿਨ੍ਹਾਂ ਨੇ ਇਸ ਅਖਉਤੀ ਦਸਮਗ੍ਰੰਥ ਨੂੰ ਕਦੇ ਤਕਿਆ ਵੀ ਨਹੀਂ। ਫ਼ਿਰ ਉਨ੍ਹਾਂ ੯੮% ਸੰਗਤਾਂ ਵਿਚਕਾਰ ਵੀ ਤਿੰਨ ਤਰ੍ਹਾਂ ਦੇ ਸੱਜਣ ਆਮ ਮਿਲ ਰਹੇ ਹਨ। ਪਹਿਲੇ ਉਹ ਜੋ ਕੇਵਲ ‘ਜਾਪੁ ਸਾਹਿਬ’ ਨੂੰ ਹੀ ਦਸਮਗ੍ਰੰਥ ਮੰਨੀ ਬੈਠੇ ਹਨ। ਦੂਜੇ ਉਹ ਹਨ ਜੋ ਕੇਵਲ ‘ਦਸਮ’ ਲਫ਼ਜ਼ ਤੋਂ ਹੀ ਜਜ਼ਬਾਤੀ ਹੋ ਕੇ ਇਸਨੂੰ ਦਸਮ ਪਿਤਾ ਦਾ ਗ੍ਰੰਥ ਮੰਨੀ ਬੈਠੇ ਹਨ ਅਤੇ ਕਿਸੇ ਸੱਚਾਈ ਨੂੰ ਸਮਝਣ ਲਈ ਵੀ ਤਿਆਰ ਨਹੀਂ ਹਨ। ਇਸਤੋਂ ਬਾਦ ਤੀਜੇ ਉਹ ਹਨ ਜੋ ਇਨ੍ਹਾਂ ਰਚਨਾਵਾਂ ਨੂੰ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਅੰਦਰ ਦੀ ਬਾਣੀ ਮਨੀ ਬੈਠੇ ਹਨ। ਯਕੀਨਣ ਜਦੋ ਤੀਕ ਸੰਗਤਾਂ ਦਾ ਇਹ ਵੱਡਾ ਉਭਾਵ ੯੮% ਹਿੱਸਾ ਅਪਣੀ ਜ਼ਿਮੇਵਾਰੀ ਨੂੰ ਨਹੀਂ ਸਮਝਦਾ ਜਾਂ ਕੇਵਲ ਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਉਪਰ ਪਿਛਲੇ ਦਰਵਾਜ਼ੇ ਤੋਂ ਹੋ ਰਹੇ ਇਸ ਘਾਤਕ ਹਮਲੇ ਦੀ ਗਲ ਉਪਰ ਧਿਆਨ ਨਹੀਂ ਦੇਂਦਾ, ਤਦ ਤੀਕ ਪੰਥ ਅੰਦਰ ਅਜੇਹੇ ਮਸਲੇ ਬਣੇ ਹੀ ਰਹਿਣਗੇ। ਬਲਕਿ ਇਸਤੋਂ ਵੱਧ ਇਹ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਉਪਰ ਅਜੇਹੇ ਘਿਨਾਉਣੇ ਵਾਰ ਕਰਨ ਵਾਲਿਆਂ ਨੂੰ ਅਪਣੀ ਬਦਨੀਯਤੀ ਲਈ ਰਸਤੇ ਮਿਲਦੇ ਹੀ ਰਹਿਣਗੇ। ਉਹ ਲੋਕ ਜੋ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਸੰਪਾਦਨਾ ਸਮੇਂ ਕਚੀਆਂ ਬਾਣੀਆਂ ਰਚਕੇ, ਛਜੂ-ਕਾਹਨਾ-ਸ਼ਾਹਹੁਸੈਨ ਵਰਗੇ ਫ਼ਰਜ਼ੀ ਭਗਤ ਖੜੇ ਕਰਕੇ, ਭਾਈ ਮੋਹਨ ਜੀ ਦੇ ਚੁਬਾਰੇ ਤੋਂ ਪੋਥੀਆਂ-ਸੰਗਲਾ ਦੀਪ ਤੋਂ ਪ੍ਰਾਣਸੰਗਲੀ ਅਦਿ ਵਾਲੀਆਂ ਬੇਸਿਰਪੈਰ ਕਹਾਣੀਆਂ ਪ੍ਰਚਲਤ ਕਰਕੇ, ਇਥੌਂ ਤੀਕ ਕਿ ਅੰਤ ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ ਕਰਵਾ ਕੇ ਵੀ, ਉਸ ਸਮੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਅੰਦਰ ਰਲਾ ਪਾਉਣ `ਚ ਸਫ਼ਲ ਨਾ ਹੋ ਸਕੇ ਦਰਅਸਲ ਅਜ ਉਹੀ ਲੋਕ ਅਖਉਤੀ ‘ਦਸਮ ਗ੍ਰੰਥ’ ਖੜਾ ਕਰਕੇ ਅਪਣੇ ਕਾਲੇ ਕਾਰਨਾਮਿਆਂ `ਚ ਸਫ਼ਲ ਹੋਣਾ ਲੋੜਦੇ ਹਨ। ਸਭ ਤੋਂ ਵੱਡਾ ਫ਼ਰਕ ਹੈ ਕਿ ਉਦੋਂ ਸੰਗਤਾਂ ਜਾਗ੍ਰਤ ਸਨ ਪਰ ਅਜ ੯੮% ਸੰਗਤਾਂ ਗੁਰਬਾਣੀ ਸੋਝੀ ਤੋਂ ਦੂਰ ਹਨ।
ਕੁਝ ਸੂਰਜ ਪ੍ਰਕਾਸ਼ ਤੇ ਉਸਦੀ ਕਥਾ ਬਾਰੇ- ਚੇਤੇ ਰਹੇ! ਇੱਕ ਪਾਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਅਤੇ ਦੂਜੇ ਪਾਸੇ ਨਾਲ ਨਾਲ ਗੁਰਦੁਆਰਿਆਂ `ਚ ‘ਸੂਰਜ ਪ੍ਰਕਾਸ਼’ ਦੀ ਕਥਾ, ਦੋਵੇਂ ਵਿਰੋਧੀ ਕਾਰਜ ਅਤੇ ਸਿੱਖੀ ਜੀਵਨ-ਜਾਚ ਪਖੋਂ ਸੰਗਤਾਂ ਨਾਲ ਮਜ਼ਾਕ ਤੁੱਲ ਹਨ। ‘ਗੁਰੂ ਨਾਨਕ ਪ੍ਰਕਾਸ਼’ ਤੇ ‘ਸੂਰਜ ਪ੍ਰਕਾਸ਼’, ਕਵੀ ਸੰਤੋਖ ਸਿੰਘ ਜੀ ਦੀਆਂ ਰਚਨਾਵਾਂ ਇਤਿਹਾਸਕ ਸਮਗ੍ਰੀ ਵਜੋਂ, ਪੰਥ ਨੂੰ ਵੱਡੀ ਦੇਣ ਹੈ। ਇਸਦੇ ਨਾਲ ਨਾਲ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਕਵੀ ਜੀ ਆਪ `ਚੂੜਾਮਣੀ’ ਭਾਵ ਉਚੀ ਕੁਲ ਦੇ ਵਿਦਵਾਨ ਪੰਡਤ ਸਨ ਅਤੇ ਆਪ ਦਾ ਪਿਤਾ ਪੁਰਖੀ ਸੰਬੰਧ ਨਿਰਮਲੇ ਸਾਧਾਂ ਨਾਲ ਸੀ। ਉਨ੍ਹਾਂ ਦਾ ਇਹ ਸਾਰਾ ਕਾਰਜ ਪਹਿਲਾਂ ਮਹਾਰਾਜਾ ਪਟਿਆਲਾ ਕਰਮ ਸਿੰਘ ਉਪ੍ਰੰਤ ਮਹਾਰਾਜਾ ਕੈਥਲ, ਉਦੈ ਸਿੰਘ ਅਧੀਨ ਹੋਇਆ। ਮਹਾਰਜਾ ਸਾਹਿਬ ਵਲੋਂ ਇਨ੍ਹਾਂ ਨੂੰ ਇਸ ਕਾਰਜ ਦੀ ਮਦਦ ਲਈ ਵੀ ਕੋਈ ਗੁਰਸਿਖ ਵਿਦਵਾਨ ਨਹੀਂ ਬਲਕਿ ਵਿਦਵਾਨ ਪੰਡਤ (ਬ੍ਰਾਹਮਣ) ਹੀ ਮਿਲੇ ਹੋਏ ਸਨ। ਇਸਤਰ੍ਹਾਂ ਪਹਿਲਾਂ ਤਾਂ ਕਵੀ ਜੀ ਦੀ ਅਪਣੀ ਵਿਚਾਰਧਾਰਾ ਵੈਦਕ ਤੇ ਬ੍ਰਾਹਮਣੀ, ਫ਼ਿਰ ਉਸਦੇ ਨਾਲ ਸਰਕਾਰੀ ਪੱਧਰ ਤੇ ਸਹਿਯੋਗ ਵੀ ਬ੍ਰਾਹਮਣਾ ਦਾ ਹੀ ਸੀ। ਇਸਤੋਂ ਵੱਡੀ ਗਲ, ਇਹ ਵਿਸ਼ਾ ਵੀ ਬੜਾ ਧਿਆਨ ਮੰਗਦਾ ਹੈ ਕਿ ਉਨ੍ਹਾਂ ਪਾਸ ਜੋ ਇਤਿਹਾਸਕ ਮਸਾਲਾ ਸੀ, ਉਹ ਕੀ ਸੀ? ਇਨ੍ਹਾਂ ਦੀਆਂ ਲਿਖਤਾਂ ਦਾ ਆਧਾਰ ਸਨ ‘ਭਾਈ ਬਾਲੇ ਵਾਲੀ ਜਨਮ ਸਾਖੀ’ ਅਤੇ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ‘ਗੁਰਬਿਲਾਸ ਪਾਤਸ਼ਾਹੀ ਦੱਸਵੀਂ’ ਆਦਿ। ਇਹ ਉਹ ਲਿਖਤਾਂ ਹਨ ਜਿਹੜੀਆਂ ਸਮੇਂ ਨਾਲ ਅਪਣੇ ਆਪ `ਚ ਪੰਥ ਨਾਲ ਵੱਡਾ ਧੌਖਾ ਸਾਬਤ ਹੋ ਚੁਕੀਆਂ ਹਨ।
ਇਸ ਦੀ ਵੱਡੀ ਪਛਾਣ ਇਥੇ ਇਸੇ ਸੰਬੰਧ `ਚ ਅਤੇ ਇਸੇ ਗੁਰਮਤਿ ਪਾਠ ਦੇ ਅਰੰਭ `ਚ ਵੀ ਦੇ ਚੁਕੇ ਹਾਂ। ਵਿਚਾਰਅਧੀਨ ਪੰਕਤੀਆਂ “ਤਹੀਂ ਪ੍ਰਕਾਸ਼ ਹਮਾਰਾ ਭਇਯੋ। ਪਟਨਾ ਸ਼ਹਿਰ ਵਿਖੇ ਭਵ ਲਇਯੋ” ਉਨ੍ਹਾਂ ਦੇ ਅਪਣੇ ਵਲੋ ਘੜੀ ਜਾ ਗਲ ‘ਗੁਰੂ ਸਾਹਿਬ ਰਾਹੀਂ ਬ੍ਰਾਹਮਣਾਂ ਨੂੰ ਦਾਨ-ਪੁੰਨ, ਹੋਰ ਤਾਂ ਹੋਰ ਦਾਨ ਲੈਣ ਲਈ ਵਿਦੇਸ਼ਾਂ ਤੋਂ ਆਏ ਬ੍ਰਾਹਮਣ, ਗੁਰੂ ਸਾਹਿਬ ਰਾਹੀਂ ਯੋਗਸਾਧਨਾਵਾਂ ਅਤੇ ਨੀਊਲੀ ਕਰਮ’ ਹੀ ਕਾਫ਼ੀ ਹੈ। ਇਥੇ ਹੀ ਬਸ ਨਹੀ ਆਪਜੀ ਨੇ ਦਸਮੇਸ਼ ਜੀ ਨੇ ਇਸੇ ਅਖਉਤੀ ‘ਦਸਮ ਗ੍ਰੰਥ’ ਦੀਆਂ ਪੰਕਤੀਆਂ “ਤਹ ਹਮ ਅਧਿਕ ਤਪਸਿਆ ਸਾਧੀ। ਮਹਾ ਕਾਲ ਕਾਲਕਾ ਅਰਾਧੀ” ਦੇ ਆਧਾਰ ਉਪਰ ਦਸਮੇਸ਼ ਜੀ ਨੂੰ ਪਿਛਲੇ ਜਨਮ ਵੀ ਅਸੰਖਾਂ ਵਰ੍ਹੇ ਤਪਸਿਆ ਕਰਨ ਵਾਲਾ ਭਾਵ ਉਸ ਵਿਸ਼ੇ ਉਪਰ ਵੀ ਅਪਣੇ ਵਲੋਂ ਲੰਮੀ ਚੌੜੀ ਕਹਾਣੀ ਵੀ ਲਿਖ ਮਾਰੀ ਅਤੇ ਦਸਮੇਸ਼ ਜੀ ਨੂੰ ਇੱਕ ਨਵਾਂ ਨਾਂ ‘ਦੁਸ਼ਟ ਦਮਨ’ ਦਾ ਵੀ ਦੇ ਦਿਤਾ। ਇਸ ਬਾਰੇ ਸਾਰਾ ਜ਼ਿਕਰ ਅਸੀਂ ਗੁਰਮਤਿ ਪਾਠ ਨੰ ੩੪ ‘ਹੇਮਕੁੰਟ ਦਰਸ਼ਨ?’ `ਚ ਕਰ ਚੁਕੇ ਹਾਂ ਪਾਠਕ ਉਸਦਾ ਲਾਹਾ ਵੀ ਲੈ ਸਕਦੇ ਹਨ
ਇਹ ਵੀ ਠੀਕ ਹੈ ਕਿ ਬਾਦ `ਚ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਨ੍ਹਾਂ ਦੀਆਂ ਇਨ੍ਹਾਂ ਰਚਨਾਵਾਂ ਹੇਠ ਕੁੱਝ ਫ਼ੁਟ-ਨੋਟ ਵੀ ਦਿਤੇ ਹਨ। ਚੂੰਕਿ ਭਾਈ ਵੀਰ ਸਿੰਘ ਆਪ ਵੀ ਵੈਦਿਕ ਪ੍ਰਭਾਵ ਨਾਲ ਉਤ-ਪ੍ਰੋਤ ਸਨ, ਜਿਸਦਾ ਸਬੂਤ ਭਾਈ ਸਾਹਿਬ ਦੀਆਂ ਅਪਣੀਆਂ ਰਚਨਾਵਾਂ ਵੀ ਮੋਜੂਦ ਹਨ, ਸ਼ਾਇਦ ਇਸੇ ਲਈ ਉਹ ਫ਼ੁਟਨੋਟ ਵੀ ਬੜੇ ਘੱਟ ਸਾਬਤ ਹੋਏ। ਪੰਥ ਦਾ ਫ਼ਰਜ਼ ਹੈ ਪਹਿਲਾਂ ਗੁਰਦੁਆਰਿਆਂ `ਚ ਇਸ ਕਥਾ ਨੂੰ ਬੰਦ ਕਰਵਾਇਆ ਜਾਵੇ ਜਿਹੜੀ ਕਿ ਸਿੱਖੀ ਜੀਵਨ ਦਾ ਪ੍ਰਚਾਰ ਘੱਟ ਪਰ ਬ੍ਰਾਹਮਣ ਮੱਤ ਦਾ ਪ੍ਰਚਾਰ ਵੱਧੇਰੇ ਹੈ। ਦੂਜਾ, ਪੰਥਕ ਪੱਧਰ ਤੇ ਗੁਰਮਤਿ-ਗੁਰਬਾਣੀ ਵਿਦਵਾਨਾ ਦੀ ਮੱਦਦ ਲੈਕੇ ਹੰਸ ਬਿਰਤੀ ਨਾਲ ਕਵੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ ਆਦਿ ਤੇ ਹੋਰ ਲਿਖਤਾਂ-ਰਿਕਾਰਡਾਂ ਵਿਚੋਂ ਨਿਰੋਲ ਗੁਰ-ਇਤਿਹਾਸ ਦੀ ਪਰਖ ਕਰਕੇ, ਸੰਗਤਾਂ ਵਿਚਕਾਰ ਪ੍ਰਗਟ ਕੀਤਾ ਜਾਵੇ।
ਸਚਾਈ ਇਹ ਹੈ ਕਿ ਅੱਜ ਸਾਨੂੰ ਇਸ ਬ੍ਰਾਹਮਣੀ ਮੂਕ ਹਥਿਆਰ ਤੋਂ ਪੂਰੀ ਤਰ੍ਹਾਂ ਬਚਣ ਦੀ ਸਖਤ ਲੋੜ ਹੈ। ਆਪਣੇ ਇਸ ਮਨੋਰਥ ਵਿੱਚ ਅਸੀਂ ਤਾਂ ਹੀ ਸਫਲ ਹੋ ਸਕਦੇ ਹਾਂ, ਜੇ ਸਾਨੂੰ ਗੁਰਬਾਣੀ ਦੇ ਅਰਥਾਂ ਤੋਂ ਪ੍ਰਗਟ, ਸਿੱਖੀ ਜੀਵਨ-ਚਾਚ ਬਾਰੇ ਪੂਰਣ ਸੋਝੀ ਅਤੇ ਗੁਰਮਤਿ ਸਿਧਾਂਤਾਂ ਦੇ ਆਧਾਰ ਤੇ ਸਿੱਖ ਇਤਿਹਾਸ ਦੀ ਪਰਖ ਹੋਵੇ। ਇਸੇਤਰ੍ਹਾਂ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਕੋਈ ਵੀ ਰਚਨਾ ਜੋ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੀ, ਪੰਥ ਨੂੰ ਉਸ ਬਾਰੇ ਵਧੇਰੇ ਸੁਚੇਤ ਹੋਣ ਦੀ ਵੱਡੀ ਲੋੜ ਹੈ। ‘ਦਸਮ ਗ੍ਰੰਥ’ ਕੀ ਹੈ ਅਤੇ ਕਦੋਂ ਹੋਂਦ ਵਿੱਚ ਆਇਆ, ਇਸ ਵਿਸ਼ੇ ਤੇ ਇਸੇ ਕਲਮ ਤੋਂ ‘ਸੰਖੇਪ ਇਤਿਹਾਸ-ਦਸਮ ਗ੍ਰੰਥ’ ਗੁਰਮਤਿ ਪਾਠ ਨੰ: ੩੫’ ਗੁਰਮਤਿ ਪ੍ਰਚਾਰ-ਪ੍ਰਸਾਰ ਹਿਤ, ਸੰਗਤਾਂ ਲਈ ਸੈਂਟਰ ਪਾਸੋਂ ਕੇਵਲ ਲਾਗਤ ਮਾਤਰ ਭੇਟਾ ਤੇ ਮੰਗਵਾ ਕੇ ਸੰਗਤਾਂ ਵਿੱਚ ਵੰਡੋ ਜੀ।
#154.36s.1s06#
Including this Self Learning Gurmat Lesson No 154
ਤਹੀ ਪ੍ਰਕਾਸ਼ ਹਮਾਰਾ ਭਇਯੋ?
For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.com
.