.

ਰਾਹੁ ਦਸਾਈ ਨ ਜੁਲਾਂ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਬਾਣੀ ਦੇ ਦਰਸਾਏ ਮਾਰਗ ਤੋਂ ਅਜੇ ਅਸੀਂ ਕੋਹਾਂ ਦੂਰ ਬੈਠੇ ਹਾਂ ਤੇ ਡੰਕੇ ਦੀ ਚੋਟ ਨਾਲ ਕਹੀ ਜਾ ਰਹੇ ਹਾਂ ਜੀ ਸਾਨੂੰ ਤੇ ਪਰਮਪਦ ਦੀ ਪ੍ਰਾਪਤੀ ਹੋ ਗਈ ਹੈ, ਅਸੀਂ ਤੇ ਬ੍ਰਹਮ ਅਵਸਥਾ ਨੂੰ ਪਾਹੁੰਚ ਗਏ ਹਾਂ। ਹਕੀਕਤ ਇਹ ਹੈ ਕਿ ਧਰਮ ਦੇ ਨਾਂ ਤੇ ਸਾਡੀ ਭੱਜ ਦੌੜ ਬਹੁਤ ਹੈ ਪਰ ਗੁਰੂ ਨਾਨਕ ਸਾਹਿਬ ਜੀ ਦੇ ਮਾਰਗ ਤੋਂ ਕੋਹਾਂ ਦੂਰੀ ਬਣਾਈ ਬੈਠੇ ਹਾਂ।
ਕਹਿੰਦੇ ਨੇ ਜੰਗਲ ਵਿਚੋਂ ਇੱਕ ਦਿਨ ਅਚਾਨਕ ਸ਼ੇਰ ਗਾਇਬ ਹੋ ਗਿਆ ਤੇ ਬਾਂਦਰ ਨੇ ਇਸ ਮਹਾਨ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਇਹ ਐਲਾਨ ਕਰ ਦਿੱਤਾ ਕਿ ਅੱਜ ਤੋਂ ਜੰਗਲ ਦਾ ਬਾਦਸ਼ਾਹ ਦਾਸ ਬਾਂਦਰ ਹੋਏਗਾ ਤੇ ਹਰ ਕੰਮ ਮੈਨੂੰ ਪੁੱਛ ਕੇ ਹੀ ਕੀਤਾ ਜਾਏ ਜਿਹੜਾ ਵੀ ਹੁਕਮ ਦੀ ਅਦੂਲੀ ਕਰੇਗਾ ਉਸ ਦਾ ਘਾਣ ਬੱਚਾ ਪੀੜਿਆ ਜਾਏਗਾ। ਸਾਰਾ ਜੰਗਲ ਬਾਂਦਰ ਦੀਆਂ ਖਾਸ ਹਦਾਇਤਾਂ ਤੇ ਕੰਮ ਕਰਨ ਲੱਗ ਪਿਆ। ਹੋਇਆ ਕੀ, ਕਿ ਫਿਰਦਿਆਂ ਫਿਰਦਿਆਂ ਇੱਕ ਦਿਨ ਅਚਾਨਕ ਸ਼ੇਰ ਜੀ ਵੀ ਆਣ ਟੱਪਕੇ, ਮਾੜੇ ਧੀੜੇ ਜਨਵਰਾਂ ਦੇ ਭਾਅ ਦੀ ਬਣ ਗਈ। ਕੁੱਝ ਜਨਵਰਾਂ ਨੇ ਆਪਣੇ ਬਚਾ ਲਈ ਨਵੇਂ ਬਣੇ ਬਾਂਦਰ ਬਾਦਸ਼ਾਹ ਜੀ ਪਾਸ ਪਨਾਹ ਲੈ ਕੇ ਜਾ ਸਲਾਮ ਕੀਤੀ ਤੇ ਕਹਿਣ ਲੱਗੇ, “ਜਨਾ-ਪਨਾਹ! ਤੁਸੀਂ ਕਹਿੰਦੇ ਸੀ ਕਿ ਜੰਗਲ਼ ਦਾ ਬਾਦਸ਼ਾਹ ਮੈਂ ਹਾਂ ਪਰ ਸ਼ੇਰ ਜੀ ਤੇ ਆ ਗਏ ਹਨ ਹੁਣ ਸਾਡਾ ਕੋਈ ਬਚਾ ਕਰੋ, ਕਿਉਂਕਿ ਸ਼ੇਰ ਨੇ ਫਿਰ ਸ਼ਿਕਾਰ ਖੇਲਣਾ ਸ਼ੁਰੂ ਕਰ ਦਿੱਤਾ ਹੈ”। ਬਾਂਦਰ ਟਪੂਸਣੀ ਮਾਰ ਕੇ ਬੜੇ ਅਰਾਮ ਨਾਲ ਦੂਸਰੀ ਟਹਿਣੀ ਤੇ ਜਾ ਬੈਠਾ, ਆਏ ਜਨਵਰਾਂ ਵਿਚੋਂ ਗਿੱਦੜ ਕੁੱਝ ਜ਼ਿਆਦਾ ਹੀ ਘਬਰਾਹਟ ਮਹਿਸੂਸ ਕਰ ਰਿਹਾ ਸੀ ਤੇ ਫਿਰ ਛੇਤੀ ਦੇਣੇ ਗਿੱਦੜ ਬੋਲਿਆ, “ਬਾਂਦਰ ਬਾਦਸ਼ਾਹ ਜੀ ਜਲਦੀ ਤੋਂ ਜਲਦੀ ਸਾਡੇ ਮਾਲ ਪਰਵਾਰ ਤੇ ਜੀਵਨ ਦੀ ਰੱਖਿਆ ਕਰੋ”। ਬਾਂਦਰ ਟਪੂਸਣੀ ਮਾਰ ਕੇ ਫਿਰ ਦੂਸਰੀ ਟਾਹਣੀ ਤੇ ਜਾ ਬੈਠਾ। ਜਾਨਵਰਾਂ ਦੇ ਸਿਦਕ ਦਾ ਪਿਆਲਾ ਭਰ ਗਿਆ ਕਿਉਂਕਿ ਬਾਂਦਰ ਟਪੂਸਣੀ ਮਾਰ ਕੇ ਕਦੇ ਕਿਸੇ ਟਹਿਣੀ ਜਾ ਬੈਠਦਾ ਸੀ ਕਦੇ ਕਿਸੇ ਟਹਿਣੀ ਤੇ ਜਾ ਬੈਠਦਾ ਸੀ। ਸਾਰਿਆਂ ਨੇ ਇੱਕ ਅਵਾਜ਼ ਹੁੰਦਿਆਂ ਕਿਹਾ, ‘ਜਨਾਬ ਕੋਈ ਮਸਲੇ ਦਾ ਹੱਲ ਲੱਭੋ’। ਬਾਂਦਰ ਬੜੇ ਅਰਾਮ ਨਾਲ ਬੋਲਿਆ ਤੇ ਕਹਿਣ ਲੱਗਾ, “ਸੱਜਣੋ ਤੁਹਾਡੇ ਸਾਹਮਣੇ ਤਾਂ ਭੱਜ ਦੌੜ ਤਾਂ ਬਹੁਤ ਕਰ ਰਿਹਾਂ ਹਾਂ ਤੁਸੀਂ ਦੇਖ ਹੀ ਰਹੇ ਹੋ, ਇਸ ਤੋਂ ਵੱਧ ਹੋਰ ਮੈਂ ਕੀ ਕਰ ਸਕਦਾ ਹਾਂ”। ਏਹੀ ਹਾਲ ਅੱਜ ਸਿੱਖ ਧਰਮ ਦਾ ਹੋਇਆ ਪਿਆ ਹੈ ਧਰਮ ਦੇ ਪਰਚਾਰ ਦਾ ਡੰਕਾ ਤਾਂ ਬਹੁਤ ਵਜਾਇਆ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ। ਧਰਮ ਦੇ ਨਾਂ ਉੱਤੇ ਕੀਰਤਨ ਦਰਬਾਰ, ਅਖੰਡ ਪਾਠਾਂ ਦੀਆਂ ਨਿਰਵਿਗਨ ਚਲ ਰਹੀਆਂ ਲੜੀਆਂ, ਨਗਰ ਕੀਰਤਨਾਂ ਦਾ ਢੋਲ ਢਮੱਕਾ, ਬਾਹਰਲੀ ਸਜਾਵਟ ਦੀ ਚਮਕ ਦਮਕ ਸਿਧਾਂਤੋਂ ਹੀਣੇ ਸੈਮੀਨਾਰ, ਅਮਰ ਵੇਲ ਵਾਂਗ ਸਾਧ ਲਾਣੇ ਦਾ ਵਾਧਾ, ਅੰਨ੍ਹੀ ਸ਼ਰਧਾ ਤੇ ਕਬਰਾਂ ਉੱਤੇ ਮੱਥੇ ਟੇਕਣੇ, ਇੰਜ ਲੱਗ ਰਿਹਾ ਇਹ ਸਾਰੀ ਧਰਮ ਦੇ ਨਾਂ ਉੱਤੇ ਇੱਕ ਭੱਜ ਦੌੜ ਹੀ ਜਾਪਦੀ ਏ ਇਸ ਤੋਂ ਵੱਧ ਹੋਰ ਕੁੱਝ ਨਹੀਂ ਏਂ, ਕਿਉਂਕਿ ਨੌਜਵਾਨਾਂ ਦਾ ਨਸ਼ਿਆਂ ਵਲ ਨੂੰ ਵੱਧਣਾ ਜਾਂ ਪਤਿਤਪੁਣੇ ਦੀ ਲਹਿਰ, ਇਹ ਗੱਲਾਂ ਦੱਸਦੀਆਂ ਹਨ ਕਿ ਸਿੱਖੀ ਦਾ ਬਹੁਤ ਪਰਚਾਰ ਹੋਣ ਦੇ ਨਾਤੇ ਵੀ ਪਰਚਾਰ ਨਹੀਂ ਹੋ ਰਿਹਾ।
ਪ੍ਰਦੇਸੀ ਨਿਊਜ਼ ਜੋ ਅਮਰੀਕਾ ਵਿਚੋਂ ਹਫ਼ਤਾਵਰੀ ਅਖ਼ਬਾਰ ਨਿਕਲਦਾ ਹੈ ਨਵੰਬਰ ਮਹੀਨੇ ਦੇ ਤੀਸਰੇ ਹਫਤੇ ਦਾ ਅੰਕ ਮੇਰੇ ਸਾਹਮਣੇ ਪਿਆ ਹੈ ਇਸ ਦੀ ਰਿਪੋਰਟ ਜੋ ਕਿ ਪਟਿਆਲੇ ਤੋਂ ਛਪੀ ਹੈ, ਉਸ ਦਾ ਹੈਡਿੰਗ ਹੈ ਪੰਜਾਬ ਦੇ 70 ਲੱਖ ਨੌਜਵਾਨ ਨਸ਼ੇ ਦੇ ਚੱਕਰ ਵਿੱਚ ਫਸੇ, ਰੋਜ਼ਾਨਾ ਕਰੀਬ 4 ਕਰੋੜ ਰੁਪਏ ਦਾ ਅਵੈਦ ਨਸ਼ਾ ਹੁੰਦੈ, ਅੱਗੇ ਹੋਰ ਲਿਖਿਆ ਹੈ ਕਿ 7 ਸਾਲ ਤੋਂ ਲੈ ਕੇ 18 ਸਾਲ ਤੱਕ 74% ਨਸ਼ਾ ਹੁੰਦਾ ਹੈ। ਨਸ਼ਾ ਛਡਾਉਂਣ ਵਾਲੇ ਸਰਕਾਰੀ ਸਕੇਤ ਹਸਪਤਾਲ ਦੇ ਡਾ. ਆਰ ਕੇ ਵਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਕੁੜੀਆਂ ਵੀ ਨਸ਼ਾ ਕਰਦੀਆਂ ਹਨ। ਉਹਨਾਂ ਦੱਸਿਆ ਕਿ ਸਕੇਤ ਸਰਕਾਰੀ ਹਸਪਤਾਲ ਵਿੱਚ 15% ਕੁੜੀਆਂ ਵੀ ਨਸ਼ਾ ਛਡਉਂਣ ਲਈ ਆਉਂਦੀਆਂ ਹਨ। ਖ਼ਬਰ ਦੇ ਵਿਸਥਾਰ ਵਿੱਚ ਨਾ ਜਾਂਦਿਆਂ ਹੋਇਆ ਇਹ ਕਿਹਾ ਜਾ ਸਕਦਾ ਹੈ ਕਿ ਧਰਮ ਦੇ ਨਾਂ ਉੱਤੇ ਭੱਜ ਦੌੜ ਤਾਂ ਬਹੁਤ ਹੋ ਰਹੀ ਹੈ ਪਰ ਅਸਲ ਮੁਦਿਆਂ ਤੋਂ ਅਸੀਂ ਬਹੁਤ ਦੂਰ ਚਲੇ ਗਏ ਹਾਂ ਤੇ ਕਹਿ ਰਹੇ ਹਾਂ ਜੀ ਸਾਨੂੰ ਧਰਮ ਦਾ ਰਸ ਬਹੁਤ ਹੀ ਆ ਰਿਹਾ ਹੈ ਪਰ ਕਹਿਣਾ ਤਾਂ ਸਾਨੂੰ ਇਹ ਚਾਹੀਦਾ ਹੈ ਕਿ ‘ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਅਸੁ’।
ਗੁਰਬਾਣੀ ਨੂੰ ਕੇਵਲ ਪੜ੍ਹ ਲੈਣਾ, ਸੁਣ ਲੈਣਾ, ਪਾਠ ਕਰ ਲੈਣਾ ਜਾਂ ਕੀਰਤਨ ਕਰ ਲੈਣਾ ਹੀ ਕਾਫ਼ੀ ਨਹੀਂ ਹੈ, ਇਹ ਤੇ ਸਗੋਂ ਗੁਰਬਾਣੀ ਵਿੱਚ ਦਰਸਾਏ ਗੁਰੂ ਹੁਕਮਾਂ ਨੂੰ ਬਿਲਕੁਲ ਸਹੀ ਜਾਣ ਕੇ ਉਸ ਉੱਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਗੁਰਬਾਣੀ ਵਿੱਚ ਦੱਸੇ ਹੋਏ ਮਾਰਗ ਤੇ ਨਹੀਂ ਚੱਲਦੇ ਤਾਂ ਗੁਰਬਾਣੀ ਦਾ ਪਾਠ ਪੂਜਾ ਗਾਇਨ ਕਰਨਾ ਸਿਰਫ ਇੱਕ ਰਸਮੀ ਕਰਮਕਾਂਡ ਬਣਕੇ ਹੀ ਰਹਿ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਇੱਕ ਕੌੜੀ ਨੂੰ ਸਚਾਈ ਸਾਡੇ ਗੱਲ਼ ਦੇ ਥੱਲੇ ਕਰਨ ਦਾ ਯਤਨ ਕੀਤਾ ਹੈ। ਸਤਿ ਗੁਰ ਜੀ ਆਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰਾ ਹੀ ਸੰਸਾਰ ਦੇਖਦਾ ਹੈ – ਕੀ ਇੰਜ ਦੇਖਣ ਨਾਲ ਅਸੀਂ ਮੁਕਤ ਹੋ ਸਕਦੇ ਹਾਂ? ਸਵਾਲ ਸਾਡੇ ਸਭ ਦੇ ਸਾਹਮਣੇ ਖੜਾ ਹੈ; ਇਸ ਦਾ ਉੱਤਰ ਬਹੁਤ ਹੀ ਸਪੱਸ਼ਟ ਹੈ ਕਿ ਗੁਰਸ਼ਬਦ ਦੀ ਵਿਚਾਰ ਤੋਂ ਬਿਨ੍ਹਾਂ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆ ਸਕਦੀ। ਕੇਵਲ ਗੁਰੂ ਗ੍ਰੰਥ ਨੂੰ ਦੇਖਣ ਨਾਲ ਕਦੇ ਵੀ ਮੁਕਤ ਨਹੀਂ ਹੋ ਸਕਦੇ ਬੇਸ਼ੱਕ ਘੰਟਿਆਂ ਬੱਧੀ ਵੀ ਕਿੳਂ ਨਾ ਦੇਖੀ ਜਾਈਏ। ਇਸ ਵਾਕ ਰਾਂਹੀਂ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ:-----
ਸਤਿਗੁਰ ਨੋ ਸਭੁ ਕੋ ਵੇਖਦਾ, ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ, ਜਿਚਰ ਸਬਸ ਨ ਕਰੇ ਵੀਚਾਰ॥
ਸਲੋਕ, ਮ: 3 ਪੰਨਾ 594 ----

ਕੋਈ ਬੱਚਾ ਆਪਣੀ ਭੂਆ ਜੀ ਦੇ ਪਿੰਡ ਜਾਣ ਲਈ ਘਰੋਂ ਚੱਲਦਾ ਹੈ ਤੇ ਚੁਰਾਹੇ ਵਿੱਚ ਖਲੋ ਕੇ ਹਰੇਕ ਆਉਣ ਜਾਣ ਵਾਲੇ ਨੂੰ ਪੁੱਛੀ ਜਾਂਦਾ ਹੈ ਕਿ ਭਾਈ ਮੇਰੀ ਭੂਆ ਦੇ ਪਿੰਡ ਨੂੰ ਰਾਹ ਏਹੀ ਜਾਂਦਾ ਹੈ ਤੇ ਹਰੇਕ ਰਾਹੀ ਸਹੀ ਦਿਸ਼ਾ ਬੱਚੇ ਨੂੰ ਦੱਸੀ ਜਾਂਦਾ ਏ, ਪਰ ਬੱਚੇ ਦਾ ਦੁਖਾਂਤ ਇਹ ਹੈ ਉਹ ਪੁੱਛਦਾ ਤਾਂ ਜ਼ਰਰੂ ਹੈ ਲੇਕਨ ਉਹ ਤੁਰਦਾ ਨਹੀਂ ਹੈ ਕੀ ਅਜੇਹਾ ਮੰਦਭਾਗਾ ਬੱਚਾ ਆਪਣੀ ਭੂਆ ਜੀ ਦੇ ਪਿੰਡ ਪਾਹੁੰਚੇਗਾ? ਉੱਤਰ ਸਾਫ ਹੈ ਉਹ ਕਦੇ ਵੀ ਨਹੀਂ ਪਾਹੁੰਚੇਗਾ ਕਿਉਂਕਿ ਉਹ ਦੱਸੇ ਹੋਏ ਰਾਹ ਉੱਤੇ ਆਪਣਾ ਪੈਰ ਪੁੱਟਣ ਨੂੰ ਤਿਆਰ ਨਹੀਂ ਹੈ।
ਸਮਾਜ ਵਿੱਚ ਸ਼ੂਗਰ ਦੇ ਮਰੀਜ਼ ਆਮ ਮਿਲ ਜਾਂਦੇ ਹਨ ਜੋ ਹਰੇਕ ਨੂੰ ਅਪਣਾ ਦਰਦ ਦੱਸਦੇ ਹੋਏ ਚੰਗੇ ਡਾਕਟਰ ਦੇ ਇਲਾਜ ਸਬੰਧੀ ਪੁੱਛਦੇ ਰਹਿੰਦੇ ਹਨ ਪਰ ਉਹਨਾਂ ਦਾ ਵੱਡਾ ਦੁਖਾਂਤ ਇਹ ਹੈ ਕਿ ਉਹ ਪਰਹੇਜ਼ ਨਹੀਂ ਕਰਦੇ ਤੇ ਨਾ ਹੀ ਸੰਜਮ ਨਾਲ ਦੁਆਈ ਖਾਂਦੇ ਹਨ। ਅਜੇਹੇ ਮਰੀਜ਼ ਜਿੰਨੀ ਮਰਜ਼ੀ ਆ ਦੁਆਈ ਖਾਈ ਜਾਣ ਉਹ ਕਦੇ ਵੀ ਠੀਕ ਨਹੀਂ ਹੋ ਸਕਦੇ ਕਿਉਂਕਿ ਉਹ ਸੰਜਮ ਨਹੀਂ ਰੱਖਦੇ।
ਜਿਸ ਜੀਵ ਰੂਪੀ ਇਸਤ੍ਰੀ ਦੇ ਮਨ ਵਿੱਚ ਮਲੀਨਤਾ, ਭਾਵ ਪਰਾਏ ਮਰਦ ਦੀ ਭਾਵਨਾ ਹੋਵੇ ਤੇ ਸਲਾਹ ਮਸ਼ਵਰਾ ਸੁਹਾਗਣਾ ਵਾਲਾ ਕਰੇ, ਕੀ ਅਜੇਹੀਆਂ ਇਸਤ੍ਰੀਆਂ ਪਤੀ ਨੂੰ ਪਰਵਾਨ ਚੜ੍ਹ ਸਕਦੀਆਂ ਹਨ? ਨਹੀਂ ਉਹ ਤਾਂ ਆਪਣੇ ਆਪ ਨੂੰ ਧੋਖਾ ਦੇ ਰਹੀਆਂ ਨੇ ਤੇ ਆਪਣੇ ਜੀਵਨ ਵਿੱਚ ਕਦੇ ਪਤੀ ਦਾ ਸੁੱਖ ਨਹੀਂ ਮਾਣ ਸਕਦੀਆਂ।
ਭਾਈ ਗੁਰਦਾਸ ਜੀ ਨੇ ਤੱਤ ਦੀ ਗੱਲ ਕਰਦਿਆਂ ਗੁਰਮਤਿ ਦਾ ਨੁਕਤਾ ਸਾਡੇ ਸਾਹਮਣੇ ਰੱਖਿਆ ਏ ਕਿ ਕੇਵਲ ਗਾਉਣਾ, ਸੁਣਨਾ ਜਾਂ ਅੱਖਾਂ ਮੀਟ ਮੀਟ ਕੇ ਸਿਰ ਹਲਾਉਣ ਨਾਲ ਪਰਮਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਨਾਂ ਚਿਰ ਗੁਰਉਪਦੇਸ਼ ਨੂੰ ਸਮਝ ਕੇ ਇਸ ਦੇ ਧਾਰਨੀ ਨਹੀਂ ਹੁੰਦੇ।
ਪੂਛਤ ਪਥਿਕ, ਤਿਹ ਮਾਰਗ ਨ ਧਾਰੈ ਪਗੁ,
ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੈ ਜਾਈਐ॥
ਪੂਛਤ ਹੈ ਬੈਦ, ਖਾਤ ਅਉਖਧਿ ਨ ਸੰਜਮ ਸੇ,
ਕੈਸੇ ਮਿਟੈ ਰੋਗ, ਸੁਖ ਸਹਿਜ ਸਮਾਈਐ॥
ਪੂਛਤ ਹੈ ਸੁਹਾਗਨਿ, ਕਰਮਿ ਹੈ ਦੁਹਾਗਨਿ ਕੈ,
ਰਿਦੈ ਵਿਭਚਾਰ, ਕਤ ਸਿਹਜਾ ਬੁਲਾਈਐ॥
ਗਾਏ ਸੁਨੈ ਆਂਖੇ ਮੀਚੈ, ਪਾਈਐ ਨ ਪਰਮਪਦ,
ਗੁਰ ਉਪਦੇਸ਼ ਗਹਿ, ਜਉ ਲਉ ਨ ਕਮਾਈਐ॥ 439॥

ਅੱਜ ਦੀ ਵਿਚਾਰ ਚਰਚਾ ਲਈ ਵਡਹੰਸ ਰਾਗ ਵਿਚੋਂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਸ਼ਬਦ ਲਿਆ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਮਨੁੱਖੀ ਦਾਅਵਿਆਂ ਦੀ ਗੱਲ ਕੀਤੀ ਹੈ ਕਿ ਹੇਰਕ ਪ੍ਰਾਣੀ ਆਖਦਾ ਹੈ ਕਿ ਮੈਂ ਪਰਮਾਤਮਾ ਨੂੰ ਪਾ ਲਿਆ ਹੈ ਪਰ ਉਹ ਪਰਮਾਤਮਾ ਦੇ ਰਸਤੇ ਤੇ ਅਜੇ ਤੁਰਿਆ ਤਾਂ ਹੈ ਨਹੀਂ; ਦਰ ਅਸਲ ਮਨੁੱਖ ਦੀਆਂ ਅੰਦਰਲੀਆਂ ਤਾਰਾਂ ਕਿਤੇ ਹੋਰ ਲੱਗੀਆਂ ਹੋਈਆਂ ਹਨ ਤੇ ਸੁੱਖ ਲੱਭਦਾ ਹੈ ਰੱਬ ਜੀ ਪਾਸੋਂ। ਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਇਸ ਤਰ੍ਹਾਂ ਹੈ:-----
ਗੁਣਵੰਤੀ ਸਹੁ ਰਾਵਿਆ, ਨਿਰਗੁਣ ਕੂਕੇ ਕਾਇ॥
ਜੇ ਗੁਣਵੰਤੀ ਥੀ ਰਹੈ, ਤਾ ਭੀ ਸਹੁ ਰਾਵਣ ਜਾਇ॥ 1॥
ਮੇਰਾ ਕੰਤੁ ਰਸਾਲੂ, ਕੀ ਧਨਾ ਅਵਰਾ ਰਾਵੇ ਜੀ॥ 1॥ ਰਹਾਉ॥
ਕਰਣੀ ਕਾਮਣ ਜੇ ਥੀਐ, ਜੇ ਮਨੁ ਧਾਗਾ ਹੋਇ॥
ਮਾਣਕੁ ਮੁਲਿ ਨ ਪਾਈਐ, ਲੀਜੈ ਚਿਤਿ ਪਰੋਇ॥ 2॥
ਰਾਹੁ ਦਸਾਈ ਨ ਜੁਲਾਂ, ਆਖਾਂ ਅੰਮੜੀਆਸੁ॥
ਤੈ ਸਹ ਨਾਲਿ ਅਕੂਅਣਾ, ਕਿਉ ਥਿਵੈ ਘਰ ਵਾਸੁ॥ 3॥
ਨਾਨਕ, ਏਕੀ ਬਾਹਰਾ, ਦੂਜਾ ਨਾਹੀ ਕੋਇ॥
ਤੈ ਸਹ ਲਗੀ ਜੇ ਰਹੈ, ਭੀ ਸਹੁ ਰਾਵੈ ਸੋਇ॥
ਵਡਹੰਸ ਮਹਲਾ 1 ਪੰਨਾ 557 ---

ਰਹਾਉ ਦੀਆਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਇਹ ਦੱਸ ਰਹੇ ਹਨ ਕਿ ਜਿਸ ਜੀਵ-ਰੂਪੀ ਇਸਤ੍ਰੀ ਨੂੰ ਇਹ ਯਕੀਨ ਆ ਜਾਏ ਕਿ ਮੇਰਾ ਖਸਮ (ਪ੍ਰਭੂ) ਸਾਰੇ ਸੁੱਖਾਂ ਦਾ ਸੋਮਾਂ ਹੈ ਉਹ ਖਸਮ ਨੂੰ ਛੱਡ ਕੇ ਹੋਰਨਾਂ ਨੂੰ ਸੁੱਖਾਂ ਦਾ ਵਸੀਲਾ ਸਮਝ ਕੇ ਪ੍ਰਸੰਨ ਕਰਨ ਲਈ ਨਹੀਂ ਤੁਰੀ ਫਿਰਦੀ। ਸਿੱਖ ਕੌਮ ਦੀ ਤਰਾਸਦੀ ਵੀ ਅੱਜ ਏਦਾਂ ਦੀ ਹੀ ਲੱਗ ਰਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਰਸਤਾ ਛੱਡ ਕੇ ਮੁੱਕਟ ਬੰਨ੍ਹਣ ਤੇ ਰਮਾਇਣ ਦੇ ਪਾਠਾਂ ਨੂੰ ਹਰ ਹਾਲਤ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ।
ਸ਼ਬਦ ਦਾ ਪਹਿਲਾ ਬੰਦ ਦੋ ਕਿਰਦਾਰਾਂ ਨੂੰ ਸੇਧਿਤ ਹੁੰਦਾ ਹੈ ਇੱਕ ਤੇ ਉਸ ਜੀਵ ਰੂਪੀ ਇਸਤ੍ਰੀ ਨੂੰ ਜਿਸ ਪਾਸ ਗੁਰੂ ਪ੍ਰਤੀ ਯਕੀਨ ਦਾ ਗੁਣ ਹੈ, ਉਹ ਤੇ ਆਤਮਿਕ ਸੁਖ ਮਾਣਦੀ ਏ, ਦੂਸਰੀ ਉਹ ਜੀਵ ਰੂਪੀ ਇਸਤ੍ਰੀ ਹੈ ਜਿਸ ਪਾਸ ਯਕੀਨ ਦਾ ਗੁਣ ਨਹੀਂ ਏ ਉਹ ਥਾਂ ਥਾਂ ਤੇ ਭਟਕਦੀ ਤੇ ਵਿਆਰਥ ਵਿੱਚ ਟੱਕਰਾਂ ਮਾਰਦੀ ਫਿਰਦੀ ਨਜ਼ਰ ਆਉਂਦੀ ਹੈ ਕਿਉਂਕਿ ਉਹ ਗੁਰੂ ਜੀ ਦੱਸੇ ਮਾਰਗ ਨੂੰ ਸਮਝਦੀ ਨਹੀਂ ਹੈ। ਹਾਂ ਜੇ ਕਰ ਉਸ ਜੀਵ ਰੂਪੀ ਇਸਤ੍ਰੀ ਵਿੱਚ ਯਕੀਨ ਦਾ ਗੁਣ ਆ ਜਾਏ ਤਾਂ ਉਹ ਵੀ ਪ੍ਰਭੂ ਜੀ ਨੂੰ ਪ੍ਰਸੰਨ ਕਰ ਸਕਦੀ ਹੈ।
ਸ਼ਬਦ ਦੇ ਦੂਸਰੇ ਬੰਦ ਵਿੱਚ ਟੂਣੇ ਟੱਪਰੇ, ਧਾਗੇ ਤਵੀਤ ਆਦਿ ਕਰਕੇ ਆਪਣੇ ਪਤੀ ਨੂੰ ਵੱਸ ਵਿੱਚ ਕਰਨ ਦੇ ਸਾਧਨਾਂ ਨੂੰ ਫਿਟਕਾਰ ਪਾਉਂਦਿਆਂ ਅਸਲ ਟੂਣਿਆਂ ਦੀ ਵਿਵਸਥਾ ਨੂੰ ਕੇਂਦਰਿਤ ਕਰਦਿਆਂ ਉੱਚੇ ਆਚਰਣ ਦਾ ਟੂਣਾ ਮਨ ਦੀ ਇਕਗਾਰਤਾ ਧਾਗਾ ਤੇ ਰੱਬੀ ਗੁਣਾਂ ਨੂੰ ਮੋਤੀ ਕਹਿੰਦਿਆਂ ਹੋਇਆਂ ਸੁਰਤੀ ਵਿੱਚ ਹਰ ਵੇਲੇ ਟਿਕਾਉਂਣ ਨੂੰ ਕਿਹਾ ਹੈ।
 




.