.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 14)

ਭਾਈ ਸੁਖਵਿੰਦਰ ਸਿੰਘ 'ਸਭਰਾ'

ਸੰਤ ਧਨਵੰਤ ਸਿੰਘ (ਗੁਰਦਾਸਪੁਰੀਆ)

ਇਹ ਪਹਿਲਾਂ ਕਈ ਚਿਰ ਗੁਰਦਾਸਪੁਰ, ਅੰਮ੍ਰਿਤਸਰ ਜ਼ਿਲ੍ਹੇ ਵਿਚ ਸਮਾਗਮ ਰੱਖ ਕੇ ਕਥਾ ਪ੍ਰਚਾਰ ਕਰਦਾ ਰਿਹਾ। ਬਾਅਦ ਵਿਚ ਗੁਰਮਤਿ ਪ੍ਰਚਾਰ ਦੇ ਨਾਂ `ਤੇ ਨਵਾਂ ਸ਼ਹਿਰ ਦੇ ਨੇੜੇ, “ਨੂਰ ਵਿਸ਼ਵ ਰੂਹਾਨੀ ਚੈਰੀਟੇਬਲ ਟਰੱਸਟ” ਨਾਂ ਦੀ ਸੰਸਥਾ ਚਲਾ ਰਹੇ ਇਸ ਪਾਖੰਡੀ ਸੰਤ ਨੇ ਆਪਣੇ ਹੀ ਇਕ ਬਹੁਤ ਪੁਰਾਣੇ ਸੇਵਕ ਦੀ ਮਾਸੂਮ ਬੱਚੀ ਦੀ ਪੱਤ ਲੁੱਟ ਲਈ। ਕੁਝ ਸਮਾਂ ਪਹਿਲਾਂ ਉਕਤ ਸੰਤ ਦਾ ਡਰਾਈਵਰ ਰਹਿ ਚੁੱਕਾ ਗੁਰਦੀਪ ਸਿੰਘ ਵੀ ਉਹਨਾਂ ਦੇ ਨਾਲ ਹੀ ਸੀ। ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਬਾਬੇ ਨੇ ਲੋਕਾਂ ਤੋਂ ਲੁਕਵਾਂ ਇਕ ਮਕਾਨ ਖਰੀਦਿਆ ਹੋਇਆ ਹੈ ਜਿਥੇ ਕਈ ਵਾਰੀ ਰਾਤ ਦੇਰ ਗਏ, ਉਹ ਬਾਬੇ ਨੂੰ ਲੈ ਕੇ ਜਾਂਦਾ ਰਿਹਾ ਹੈ। ਉਹ ਬਾਬੇ ਨੂੰ ਉਥੇ ਸ਼ਰਾਬ ਵੀ ਲਿਆ ਕੇ ਦਿੰਦਾ ਰਿਹਾ ਅਤੇ ਇਹ ਬਾਬਾ ਉਥੇ ਹੋਰ ਵੀ ਕਈ ਔਰਤਾਂ ਨਾਲ ਅਯਾਸ਼ੀ ਕਰਦਾ ਹੈ। ਉਹਨਾਂ ਵੀਰਾਂ ਨੇ ਕਿਹਾ ਕਿ ਉਹ ਖ਼ਾਲਸਾ ਪੰਚਾਇਤ ਕੋਲ ਇਸ ਵਾਸਤੇ ਆਏ ਹਨ ਤਾਂ ਕਿ ਇਸ ਕੁਕਰਮੀ ਬਾਬੇ ਨੂੰ ਯੋਗ ਸਜ਼ਾ ਮਿਲ ਸਕੇ।
ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਵੀਰਾਂ ਨੇ ਉਹਨਾਂ ਪੀੜਤਾਂ ਨੂੰ ਸਲਾਹ ਦਿੱਤੀ ਕਿ ਪੁਲਿਸ ਕੋਲ ਰਿਪੋਰਟ ਦਰਜ ਕਰਵਾਉ। ਪਰ ਉਹ ਕਹਿੰਦੇ ਕਿ ਸਾਡੀ ਤਾਂ ਪੱਤ ਪਹਿਲਾਂ ਹੀ ਰੁਲ ਚੁੱਕੀ ਹੈ। ਰਹਿੰਦੀ-ਖੂੰਹਦੀ ਥਾਣਿਆਂ ਕਚਹਿਰੀਆਂ ਵਿਚ ਬਰਬਾਦ ਹੋ ਜਾਵੇਗੀ। ਪਰ ਅਸੀਂ ਇਸਨੂੰ ਸਜ਼ਾ ਜ਼ਰੂਰ ਦਿਵਾਉਣੀ ਚਾਹੁੰਦੇ ਹਾਂ। ਨਹੀਂ ਤਾਂ ਪਤਾ ਨਹੀਂ ਇਹ ਦੁਸ਼ਟ ਹੋਰ ਕਿੰਨੀਆਂ ਬੱਚੀਆਂ ਦੀ ਪੱਤ ਬਰਬਾਦ ਕਰੇਗਾ। 3 ਮਈ 2001 ਨੂੰ ਅਕਾਲ ਤਖ਼ਤ ਸਾਹਿਬ `ਤੇ ਫ਼ਰਿਆਦ ਪਾ ਦਿੱਤੀ ਗਈ। ਸਿੰਘ ਸਾਹਿਬ ਨੇ ਫੌਰੀ ਕਾਰਵਾਈ ਕਰਦੇ ਹੋਏ ਸਿੱਖ ਸੰਗਤਾਂ ਦੇ ਨਾਂ ਇਕ ਆਦੇਸ਼ ਜਾਰੀ ਕਰ ਦਿੱਤਾ ਕਿ ਜਿੰਨਾ ਚਿਰ ਇਹ ਪਾਖੰਡੀ ਸਾਧ ਅਕਾਲ ਤਖ਼ਤ `ਤੇ ਪੇਸ਼ ਹੋ ਕੇ ਸਪੱਸ਼ਟੀਕਰਣ ਨਹੀਂ ਦਿੰਦਾ ਇਸ ਨਾਲ ਕਿਸੇ ਕਿਸਮ ਦਾ ਮਿਲਵਰਤਣ ਨਾ ਰੱਖਿਆ ਜਾਵੇ।
13 ਮਈ 2001 ਨੂੰ ਪੀੜ੍ਹਤ ਬੱਚੀ ਨੇ ਆਪ ਜਥੇਦਾਰ ਅਕਾਲ ਤਖ਼ਤ ਨੂੰ ਸਾਰੀ ਵਿਥਿਆ ਦੱਸੀ ਅਤੇ ਇਨਸਾਫ਼ ਦੇਣ ਦਾ ਯਕੀਨ ਦਿਵਾਇਆ। ਬੱਚੀ ਦੇ ਬਿਆਨ ਲੈਣ ਦੇ ਬਾਵਜੂਦ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਰਾਹੀਂ ਇਕ ਪੜਤਾਲੀਆ ਕਮੇਟੀ ਬਣਾਈ, ਜਿਸਨੇ ਸੰਤ ਧਨਵੰਤ ਸਿੰਘ ਨੂੰ ਪੂਰਨ ਦੋਸ਼ੀ ਪਾਇਆ।
ਦੋਸ਼ੀ ਸਾਧ ਧਨਵੰਤ ਸਿੰਘ ਨੇ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਕੋਲ ਲਿਖਤੀ ਰੂਪ ਵਿਚ ਬਿਆਨ ਕੀਤਾ ਕਿ ਉਸ ਨੇ ਜ਼ਿੰਦਗੀ ਵਿਚ ਕੋਈ ਗੁਨਾਹ ਨਹੀਂ ਕੀਤਾ। ਪਰ ਉਪਰੰਤ, ਰਾਮਪੁਰ ਨੇੜੇ ਦੇ ਸੰਤ ਸੇਵਾ ਸਿੰਘ ਜੀ ਦੁਆਰਾ ਆਪਣੇ ਇਕ ਸਹਿਯੋਗੀ ਰਾਹੀਂ ਬਾਬਾ ਧਨਵੰਤ ਸਿੰਘ ਦਾ ਲਿਖਤੀ ਮੁਆਫ਼ੀਨਾਮਾ (ਜਿਸ ਵਿਚ ਉਸ ਨੇ ਐਸਾ ਹੀ ਕੁਰਕਮ ਪਹਿਲਾਂ ਵੀ ਕਰਨ ਦੀ ਗੱਲ ਮੰਨੀ ਹੈ) ਪ੍ਰਾਪਤ ਹੋਣ `ਤੇ ਵੀ ਗੁਰੂ ਪੰਥ ਅਤੇ ਸਿੰਘ ਸਾਹਿਬਾਨ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਹੀ ਠਹਿਰਾਇਆ, ਹਾਲਾਂਕਿ ਇਸ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਇਹ ਵਿਅਕਤੀ ਨੀਚ ਚਾਲ-ਚਲਣ ਵਾਲਾ ਹੈ ਅਤੇ ਇਸਨੇ ਪੰਜ ਪਿਆਰਿਆਂ ਅੱਗੇ ਝੂਠਾ ਬਿਆਨ ਦਿੱਤਾ ਹੈ।
ਅਖ਼ੀਰ 10 ਮਈ 2002 ਨੂੰ ਸੰਤ ਧਨਵੰਤ ਸਿੰਘ ਨੂੰ ਸ਼ਰਾਬ ਪੀਣ ਅਤੇ ਹੋਰ ਮਨਮਤੀ ਕਾਰਵਾਈਆਂ ਲਈ ਅਤੇ ਨਾਲ ਹੀ ਸ਼ਿਕਾਇਤ ਕਰਨ ਗਏ 5 ਵੀਰਾਂ ਨੂੰ ਇਕ-ਇਕ ਹਫ਼ਤਾ ਪੰਜਾਂ ਤਖ਼ਤ ਸਾਹਿਬਾਨ `ਤੇ ਸੇਵਾ ਕਰਨ ਅਤੇ ਕੀਰਤਨ ਸੁਣਨ ਦੀ ਸੇਵਾ ਲਾਈ ਗਈ। ਜਿਥੇ ਸ਼ਿਕਾਇਤ ਕਰਨ ਵਾਲਿਆਂ ਨੂੰ ਵੀ ਸਜ਼ਾ ਦੇਣ ਦਾ ਨਵਾਂ ਇਤਿਹਾਸ ਸਿਰਜਿਆ ਗਿਆ। ਉਥੇ ਉਹਨਾਂ ਨੂੰ ਸਜ਼ਾ ਦੇਣ ਦਾ ਕੋਈ ਸਪੱਸ਼ਟ ਕਾਰਨ ਵੀ ਨਹੀਂ ਦੱਸਿਆ ਗਿਆ।
ਸਿੰਘ ਸਾਹਿਬਾਂ ਦੀ (ਨਿਆਂ ਨੀਤੀ) ਦਿਆਨਤਦਾਰੀ ਉਪਰ ਵੀ ਇਥੇ ਕਈ ਪ੍ਰਸਨ ਚਿੰਨ੍ਹ ਲੱਗੇ ਹੋਏ ਹਨ। ਆਖਰ ਧਾਰਮਿਕ ਸੰਸਥਾ ਤੋਂ ਕੋਈ ਨਿਆਂ ਨਾ ਮਿਲਣ ਕਾਰਨ ਕੇਸ ਦੁਨਿਆਵੀ ਕੋਰਟ ਵਿਚ ਪੰਜਾਬ ਪੁਲਿਸ ਰਾਹੀਂ ਗਿਆ। ਕੇਸ 376 (ਬਲਾਤਕਾਰ) ਦਾ ਹੈ। ਦੁਨਿਆਵੀ ਅਦਾਲਤ ਨੇ ਕੇਸ ਦਾ ਫੈਸਲਾ ਇਸ ਤਰ੍ਹਾਂ ਕੀਤਾ ਜੋ 30 ਜਨਵਰੀ 2005 ਐਤਵਾਰ।
ਸੰਤ ਬਾਬਾ ਧਨਵੰਤ ਸਿੰਘ ਨੂੰ 10 ਸਾਲ ਦੀ ਕੈਦ
ਹੁਸ਼ਿਆਰਪੁਰ 29 ਜਨਵਰੀ (ਸੁਖਜੀਤ ਕੌਰ) ਸ੍ਰੀ ਆਰ: ਐੱਲ: ਆਹੂਜਾ ਐਡੀਸ਼ਨਲ ਸੈਸ਼ਨ ਜੱਜ (ਫਾਸਟ ਟਰੈਕ ਕੋਰਟ) ਹੁਸ਼ਿਆਰਪੁਰ ਨੇ ਇਕ ਇਤਿਹਾਸਕ ਫੈਸਲੇ ਵਿਚ ਬਾਬਾ ਧਨਵੰਤ ਸਿੰਘ ਪੁੱਤਰ ਸਵਰਨ ਸਿੰਘ ਜੱਟ ਵਾਸੀ ਦਸ਼ਮੇਸ਼ ਨਗਰ ਬਟਾਲਾ ਰੋਡ ਗੁਰਦਾਸਪੁਰ ਨੂੰ ਦੋਸ਼ੀ ਪਾਉਂਦਿਆਂ ਹੋਇਆਂ 10 ਸਾਲ ਕੈਦ ਦਾ ਹੁਕਮ ਸੁਣਾਇਆ ਅਤੇ 10 ਹਜ਼ਾਰ ਜ਼ੁਰਮਾਨਾ ਕੀਤਾ ਕਿਉਂਕਿ ਇਸ ਸੰਤ ਨੇ ਮਿਤੀ 25/26-11-2000 ਨੂੰ ਰਾਤ 21/2 ਵਜੇ ਆਪਣੇ ਹੀ ਸੇਵਕ ਦੀ ਲੜਕੀ ਨੂੰ ਆਪਣੇ ਕਮਰੇ ਵਿਚ ਬੁਲਾ ਕੇ ਉਸਦੀ ਪੱਤ ਲੁੱਟੀ ਸੀ ।
ਪਾਖੰਡੀ ਬਾਬੇ ਨੇ ਸਿੱਖ ਧਰਮ ਦਾ ਨਿਰਾਦਰ ਕਰਨਾ ਸਵੀਕਾਰ ਕੀਤਾ
ਇਕ ਹਫ਼ਤੇ ਵਿਚ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਮੁਆਫ਼ੀ ਮੰਗਣ ਦਾ ਲਿਖਤੀ ਵਾਅਦਾ ਕੀਤਾ।
ਕੈਨੇਡਾ ਵਿਚ ਵਸਦੇ ਅਖੌਤੀ ਬਾਬੇ ਨਰਿੰਦਰ ਗਰੇਵਾਲ ਨੇ ਲਿਖਤੀ ਰੂਪ ਵਿਚ ਸਿੱਖ ਧਰਮ ਦਾ ਨਿਰਾਦਰ ਕਰਨ ਦੀ ਜ਼ਿੰਮੇਵਾਰੀ ਲਈ ਹੈ ਅਤੇ ਅਗਲੇ ਇਕ ਹਫ਼ਤੇ ਵਿਚ ਗੁਰਦੁਆਰਾ ਸਾਹਿਬ ਵਿਚ ਹਾਜ਼ਰ ਹੋ ਕੇ ਆਪਣੇ ਪ੍ਰਚਾਰ ਲਈ ਮੁਆਫ਼ੀ ਮੰਗਣ ਦੇ ਇਕਰਾਰਨਾਮੇ `ਤੇ ਦਸਤਖ਼ਤ ਕੀਤੇ ਹਨ। ਬੀਤੇ ਮਹੀਨਿਆਂ ਦੌਰਾਨ ਪਾਖੰਡੀ ਬਾਬੇ ਵੱਲੋਂ ਸਿੱਖ ਗੁਰੂਆਂ ਅਤੇ ਗੁਰਬਾਣੀ ਬਾਰੇ ਕੂੜ ਪ੍ਰਚਾਰ ਕਰਕੇ ਕਸ਼ੀਦਗੀ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਸੀ ਅਤੇ ਉਹ ਆਪਣੇ-ਆਪ ਨੂੰ ਸਿੱਖ ਗੁਰੂਆਂ ਦੇ ਬਰਾਬਰ ਦਾ ਗੁਰੂ ਕਹਾਇਆ ਕਰਦਾ ਸੀ।
ਟੋਰਾਂਟੋ ਲਾਗੇ ਟੈਲੇਡੋਨ/ਬੋਲਟਨ ਦੀ ਪੁਲਿਸ ਚੌਕੀ ਵਿਚ ਉਂਟੇਰਿਓ ਦੀ ਸੂਬਾ ਪੁਲਿਸ (ਓ: ਪੀ: ਪੀ), ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ: ਜੀ: ਐੱਮ: ਪੀ) ਮੀਲ ਖੇਤਰੀ ਪੁਲਿਸ ਦੇ ਅਧਿਕਾਰੀਆਂ, ਸਿੱਖਾਂ ਦੇ ਮੋਹਤਬਰ ਸੱਜਣਾਂ ਅਤੇ ਸਿੱਖੀ ਤੋਂ ਮੁਨਕਰ ਹੋਏ ਬਾਬੇ ਵਿਚਕਾਰ ਹੋਈ ਇਕ ਮੁਲਾਕਾਤ ਵਿਚ ਆਪਣੇ ਅੱਖੜ ਰਵੱਈਏ ਨੂੰ ਤਿਆਗਦਿਆਂ ਬਾਬੇ ਨੇ ਮੰਨਿਆ ਨੂੰ ਕਿ ਉਹ ਬੀਤੇ ਸਮੇਂ ਵਿਚ ਆਪਣੇ ਅੰਦਾਜ਼ ਵਿਚ ਹੀ ਸਿੱਖਾਂ ਦੇ ਗੁਰੂ ਸਾਹਿਬਾਨਾਂ ਬਾਰੇ ਊਲ-ਜਲੂਲ ਬੋਲਦਾ ਰਿਹਾ ਹੈ। ਪਛਤਾਵਾ ਜ਼ਾਹਰ ਕਰਦਿਆਂ ਉਸ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਉਸਦੀ ਸ਼ਬਦਾਵਲੀ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਸਿੱਖੀ ਸਿਧਾਂਤਾਂ ਦੀ ਉਲੰਘਣਾ ਹੋਈ ਹੈ। ਬਾਬੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਵਿਚ ਜਾ ਕੇ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਆਪਣੀਆਂ ਭੁੱਲਾਂ ਦੀ ਮੁਆਫ਼ੀ ਮੰਗੇਗਾ। ਸਿੱਖ ਪੰਥ ਦੀ ਤਸੱਲੀ ਲਈ ਇਸ ਸਾਰੀ ਕਾਰਵਾਈ ਦੀ ਵੀਡੀਓ ਫਿਲਮ ਬਣਾ ਕੇ ਕੌਮ ਨੂੰ ਦਿਖਾਈ ਜਾਵੇਗੀ। ਉਸ ਨੇ ਇਹ ਵੀ ਮੰਨ ਲਿਆ ਹੈ ਕਿ ਉਹ ਭਵਿੱਖ ਵਿਚ ਇੰਟਰਨੈੱਟ ਰਾਹੀਂ ਸਿੱਖੀ ਦੀ ਸ਼ਾਨ ਵਿਰੁੱਧ ਪ੍ਰਚਾਰ ਨਹੀਂ ਕਰੇਗਾ ਅਤੇ ਉਹ ਸਿੱਖਾਂ ਦੇ ਗੁਰੂਆਂ, ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਕੋਈ ਪਾਖੰਡ ਨਹੀਂ ਕਰੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਵਿਚ ਭਰੋਸਾ ਪ੍ਰਗਟ ਕਰਦਿਆਂ ਢੌਂਗੀ ਬਾਬੇ ਨੇ ਸਵੀਕਾਰ ਕੀਤਾ ਹੈ ਕਿ ਇਸ ਮਸਲੇ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲਣ ਵਾਲੇ ਹੁਕਮ `ਤੇ ਫੁੱਲ ਚੜਾਏਗਾ ਅਤੇ ਅਕਾਲ ਤਖ਼ਤ ਦਾ ਫੈਸਲਾ ਹੋ ਜਾਣ ਤੱਕ ਉਹ ‘ਸਤਿਨਾਮ’ ਸ਼ਬਦ ਦਾ ਇਸਤੇਮਾਲ ਨਹੀਂ ਕਰੇਗਾ। ਬਾਬੇ ਦੇ ਅਖੌਤੀ ਚੇਲੇ ਅਮੀਰਕ ਲੁਬਾਣਾ ਦੇ ਇਸ ਇਕਰਾਰਨਾਮੇ `ਤੇ ਗਵਾਹ ਵਜੋਂ ਦਸਤਖ਼ਤ ਕਰਵਾਏ ਗਏ ਹਨ। ਇਸ ਮੌਕੇ `ਤੇ ਸਿੱਖ ਜਗਤ ਵੱਲੋਂ ਹੋਰਨਾਂ ਤੋਂ ਇਲਾਵਾ ਸੁਖਮਿੰਦਰ ਸਿੰਘ ਹੰਸਰਾ, ਸੁਖਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਜਸਬੀਰ ਸਿੰਘ, ਕੁਲਵਿੰਦਰ ਸਿੰਘ ਅਤੇ ਗੁਰਦੀਸ਼ ਸਿੰਘ ਮਾਂਗਟ ਹਾਜ਼ਰ ਸਨ। ਟੋਰਾਂਟੋ ਦੇ ਸਿੱਖ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਘਟਨਾ ਬਾਰੇ ਨਾਲੋ-ਨਾਲ ਸੂਚਿਤ ਕੀਤਾ ਜਾ ਰਿਹਾ ਹੈ।
ਕੈਨੇਡਾ `ਚ ਅਖੌਤੀ ਸੰਤ ਵੱਲੋਂ ਆਪਣੇ-ਆਪ ਨੂੰ ਗੁਰੂ ਅਵਤਾਰ ਦੱਸਣ ਕਾਰਨ ਸਿੱਖ ਸੰਗਤਾਂ `ਚ ਰੋਸ
ਕੈਨੇਡਾ `ਚ ਇਕ ਕਥਿਤ ਪਾਖੰਡੀ ਸਾਧ ਵੱਲੋਂ ਆਪਣੇ ਆਪ ਨੂੰ ਸਿੱਖ ਗੁਰੂ ਸਾਹਿਬਾਨ ਦੇ ਬਰਾਬਰ ਦਰਜਾ ਦੇਣ ਅਤੇ ਗੁਰੂ ਸਾਹਿਬਾਨਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਕਾਰਨ ਸਿੱਖ ਜਗਤ `ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਵਿਦੇਸ਼ਾਂ `ਚ ਰਹਿੰਦੇ ਸਿੱਖਾਂ ਵੱਲੋਂ ਇਸ ਸੰਬੰਧੀ 14 ਜੂਨ ਨੂੰ ਇਕ ਭਾਰੀ ਇਕੱਠ ਕੀਤਾ ਜਾ ਰਿਹਾ ਹੈ।
ਕੈਨੇਡਾ `ਚ ਟੋਰਾਂਟੋ ਤੋਂ ਛੱਪਦੇ ਇਕ ਹਫ਼ਤਾਵਾਰੀ ਅਖ਼ਬਾਰ `ਚ ਸੰਤ ਨਰਿੰਦਰ ਗਰੇਵਾਲ ਨਾਮਕ ਕਥਿਤ ਸਾਧ ਵੱਲੋਂ ਆਪਣੇ-ਆਪ ਨੂੰ ਅਜੋਕੇ ਸਮੇਂ ਦਾ ਅਵਤਾਰ ਐਲਾਨਣ ਅਤੇ ਨਵਾਂ ਨਾਅਰਾ ਦੇਣ ਸੰਬੰਧੀ ਛਪੀ ਵਿਸਥਾਰਿਤ ਰਿਪੋਰਟ ਤੋਂ ਬਾਅਦ ਕੈਨੇਡਾ ਤੇ ਅਮਰੀਕਾ `ਚ ਰਹਿੰਦੇ ਸਿੱਖਾਂ `ਚ ਭਾਰੀ ਰੋਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਾਖੰਡੀ ਸੰਤ ਵੱਲੋਂ ਆਪਣੀ ਵੈੱਬਸਾਈਟ ਰਾਹੀਂ ਵੀ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਗੁਰਦੁਆਰਿਆਂ ਦੀਆਂ ਕਮੇਟੀਆਂ ਵੱਲੋਂ ਇਸ ਸੰਬੰਧੀ 14 ਜੂਨ ਨੂੰ ਟੋਰਾਂਟੋ ਦੇ ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਡਿਸਦੀ ਰੋਡ `ਚ ਸਿੱਖ ਸੰਗਤਾਂ ਦਾ ਇਕੱਠ ਬੁਲਾਇਆ ਗਿਆ ਹੈ ਅਤੇ ਵਿਵਾਦਗ੍ਰਸਤ ਸੰਤ ਨਰਿੰਦਰ ਗਰੇਵਾਲ ਨੂੰ ਵੀ ਇਸ ਸਮੇਂ ਸਿੱਖ ਸੰਗਤਾਂ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਹਫ਼ਤਾਵਾਰੀ ਅਖ਼ਬਾਰ `ਚ ਇਸ ਕਥਿਤ ਸੰਤ ਨਰਿੰਦਰ ਗਰੇਵਾਲ ਵੱਲੋਂ ਆਪਣੇ ਪ੍ਰਵਚਨਾਂ, ਜਿਨ੍ਹਾਂ ਦੀਆਂ ਵੀਡਿਓ ਕੈਸਿਟਾਂ ਜਾਰੀ ਕੀਤੀਆਂ ਜਾਂਦੀਆਂ ਹਨ, ਦੇ ਕੁਝ ਮੁੱਖ ਅੰਸ਼ ਛਾਪੇ ਗਏ ਹਨ, ਜਿਨ੍ਹਾਂ `ਚ ਇਹ ਵਿਅਕਤੀ ਆਪਣੇ ਆਪ ਨੂੰ ਸਤਿਗੁਰੂ ਦੱਸਦਾ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਆਪਣੀ ਤੁਲਨਾ ਕਰਦਾ ਹੈ। ਇਹ ਅਖੌਤੀ ਸੰਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧਾਂਦਰਾ ਦਾ ਜੰਮਪਲ ਹੈ।
.