.

ਸਵਾਗਤੀ ਸ਼ਬਦ

‘ਬਾਣੀ ਸੁਖਮਨੀ ਵਿੱਚ ਸੁਖ ਦਾ ਸੰਕਲਪ’ ਸ. ਮਹਿੰਦਰ ਸਿੰਘ ਡਿੱਡਨ ਹੁਰਾਂ ਦਾ ਤੀਸਰਾ ਖੋਜ ਪੱਤਰ ਹੈ ਜੋ ਵਿਧੀਵਤ ਤਰੀਕੇ ਨਾਲ ਪ੍ਰਕਾਸ਼ਿਤ ਹੋ ਕੇ ਪਾਠਕਾਂ / ਗੁਰਬਾਣੀ ਪ੍ਰੇਮੀਆਂ-ਖੋਜੀਆਂ ਤੇ ਸੰਗਤਾਂ ਤਕ ਪੁਜੱਦਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ‘ਦਾਤਾਂ ਮੰਗਣ ਬਾਰੇ ਗੁਰਬਾਣੀ ਦਾ ਸਿਧਾਂਤ’ ਅਤੇ ‘ਬਾਣੀ ਅਨੰਦ ਸਾਹਿਬ ਇੱਕ ਅਧਿਐਨ’ ਸਿਰਲੇਖਾਂ ਹੇਠ ਦੋ ਖੋਜ ਪੱਤਰ ਪ੍ਰਕਾਸ਼ਿਤ ਹੋ ਕੇ ਨਿਸ਼ੁਲਕ ਤੁਹਾਡੇ ਤੀਕ ਪੁੱਜ ਚੁਕੇ ਹਨ। ਹਥਲਾ ਖੋਜ-ਪੱਤਰ ਇਸ ਲੈਕਚਰ ਲੜੀ ਨਾਲ ਸਬੰਧਿਤ ਤੀਸਰਾ ਖੋਜ ਪੱਤਰ ਹੈ। ਆਪਣੇ ਇਨ੍ਹਾਂ ਖੋਜ-ਪੱਤਰਾਂ ਰਾਹੀਂ ਡਿੱਡਨ ਹੁਰਾਂ ਨੇ ਸਾਡੀ ਪੁਰਾਤਨ ਟਰੈਕਟ ਪਰੰਪਰਾ ਨੂੰ ਪੁਨਰ ਜੀਵਨ ਦਿੱਤਾ ਹੈ। ਅਤੇ ਇਸ ਮਾਧਿਅਮ ਰਾਹੀ ਉਹ ਸੰਗਤਾਂ ਦੀ ਸੇਵਾ ਵਿੱਚ ਆਪਣੀ ਹਾਜ਼ਰੀ ਲਾ ਰਹੇ ਹਨ। ਅਪਣੇ ਆਪ ਵਿੱਚ ਇਹ ਇੱਕ ਸਲਾਹਣਯੋਗ ਉਧਮ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਸੁਖਮਨੀ ਨਾਲ ਸੰਗਤਾਂ ਦਾ ਸ਼ੁਰੂ ਤੋਂ ਹੀ ਭਾਵੁਕ ਜਜ਼ਬਾਤੀ ਤੇ ਵਿਚਾਰਾਤਮਕ ਸਬੰਧ ਰਿਹਾ ਹੈ। ਭਾਵਨਾ ਦੀ ਪੱਧਰ ਤੇ ਇਸ ਬਾਣੀ ਨਾਲ ਕੁੱਝ ਲੋਕ-ਅਰਥ / ਲੋਕ-ਵਿਸ਼ਵਾਸ ਜੁੜ ਗਏ ਹਨ। ਡਿੱਡਨ ਹੁਰਾਂ ਨੇ ਗੁਰਬਾਣੀ ਦੀ ਵਿਆਕਰਣ ਦੇ ਆਧਾਰ ਤੇ ਭਿੰਨ-ਭਿੰਨ ਮਿਸਾਲਾਂ ਦੇ ਕੇ ਇਸ ਬਾਣੀ ਦੇ ਚਿੰਤਨ ਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਚਲਾਈ ਬਾਣੀ-ਚਿੰਤਨ ਦੀ ਪਰੰਪਰਾ ਨਾਲ ਜੋੜਨ ਦਾ ਸਫਲ ਯਤਨ ਕੀਤਾ ਹੈ। ਬਾਣੀ-ਚਿੰਤਨ ਵਿੱਚ ਪੈਦਾ ਹੋਏ ਭੁਲੇਖਿਆਂ ਨੂੰ ਉਹ ਇੰਝ ਦਰੁਸਤ ਕਰਨ ਦੀ ਪ੍ਰਬਲ ਰੂਚੀ ਰਖਦੇ ਹਨ। ਉਨ੍ਹਾਂ ਦਾ ਇਹ ਯਤਨ ਕਾਬਲੇ ਤਾਰੀਫ ਵੀ ਹੈ ਤੇ ਕਾਫੀ ਸਾਰਥਕ ਵੀ। ਸ਼ਾਲਾ! ਡਿੱਡਨ ਹੁਰਾਂ ਦਾ ਬਾਣੀ ਚਿੰਤਨ ਦਾ ਨਿਸ਼ਕਾਮ ਕਾਰਜ ਨਿਰੰਤਰ ਜਾਰੀ ਰਹੇ ਮੇਰੀ ਅਕਾਲ ਪੁਰਖ ਅੱਗੇ ਇਹੀ ਅਰਦਾਸ / ਬੇਨਤੀ / ਅਰਜੋਈ ਹੈ। ਮੈਂ ਫਿਰ ਉਨ੍ਹਾਂ ਦੇ ਇਸ ਯਤਨ ਦਾ ਦਿਲੋਂ ਸਵਾਗਤ ਕਰਦਾ ਹਾਂ।

ਮਨਜੀਤ ਸਿੰਘ (ਡਾ.)
ਰੀਡਰ ਪੰਜਾਬੀ ਵਿਭਾਗ
ਦਿੱਲੀ ਯੁਨੀਵਰਸਿਟੀ, ਦਿੱਲੀ
ਮਿਤੀ 4-4-2006
 

ਬਾਣੀ ‘ਸੁਖਮਨੀ’ ਵਿੱਚ ਸੁਖ ਦਾ ਸੰਕਲਪ

ਪੰਚਮ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਆਪਣੀ ਬਾਣੀ ਸੁਖਮਨੀ ਦੇ 'ਰਹਾਉ' ਵਿੱਚ ਹੀ ਸੁਖਮਨੀ ਸ਼ਬਦ ਦੇ ਅਰਥ ਸਪੱਸ਼ਟ ਕਰ ਦਿੱਤੇ ਹਨ। "ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮੁ, ਭਗਤ ਜਨਾ ਕੈ ਮਨਿ ਬਿਸ੍ਰਾਮੁ"॥ ਇਹ ਇਸ ਬਾਣੀ ਦਾ ਰਹਾਉ ਹੈ। ਰਹਾਉ ਦੇ ਅਰਥ ਹਨ ਠਹਿਰਾਉ। ਭਾਵ ਏਥੇ ਰੁਕਣਾ ਹੈ ਅਤੇ ਇਸ ਨੂੰ ਵੀਚਾਰਨਾ ਹੈ। ਕਿਉਂ ਕਿ ਰਹਾਉ ਹੀ ਉਸ ਬਾਣੀ ਜਾਂ ਉਸ ਸ਼ਬਦ ਦਾ ਮੂਲ ਸਿਧਾਂਤ ਰੂਪ ਹੁੰਦਾ ਹੈ (CENTRAL IDEA)। ਉਹ ਸਾਰੀ ਬਾਣੀ ਉਸ ਰਹਾਉ ਤੇ ਹੀ ਨਿਰਧਾਰਿਤ ਹੁੰਦੀ ਹੈ। ਇਸੀ ਤਰਾਂ ਇਹ ਸਾਰੀ ਬਾਣੀ "ਸੁਖਮਨੀ" ਵੀ ਇਨ੍ਹਾਂ ਤੁਕਾਂ ਦੀ ਵਿਆਖਿਆ ਹੀ ਹੈ।
ਪੋ. ਸਾਹਿਬ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਦੂਜੀ ਪੋਥੀ ਦੇ ਪੰਨਾ ਨੰ: 564 ਤੇ ਇਨ੍ਹਾਂ ਤੁੱਕਾਂ ਦੇ ਅਰਥ ਇਊ ਕੀਤੇ ਹਨ:-
"ਪ੍ਰਭੂ ਦਾ ਨਾਮ ਸਭ ਸੁਖਾਂ ਦਾ ਮੂਲ ਹੈ ਤੇ ਇਹ ਮਿਲਦਾ ਹੈ ਗੁਰਮੁਖਾਂ ਤੋਂ, ਕਿਉਂ ਕਿ ਇਹ ਵਸਦਾ ਹੀ ਉਹਨਾਂ ਦੇ ਹਿਰਦੇ ਵਿੱਚ ਹੈ। "
ਸੋਡੀ ਤੇਜਾ ਸਿੰਘ ਜੀ ਇਸ ਦੇ ਅਰਥ ਇਉਂ ਕਰਦੇ ਹਨ:-
"ਸੁਖਮਨੀ (ਸੁਖਾਂ ਦੀ ਮਣੀ) ਸਭ ਤੋਂ ਸਰੇਸ਼ਟ ਸੁਖ ਦੇਣ ਵਾਲੇ ਪਰਮਾਤਮਾ ਦਾ ਸੁਖਮਨੀ ਅੰਮ੍ਰਿਤ ਨਾਮ ਹੈ। ਜੋ ਭਗਤ ਜਨਾਂ ਦੇ ਮਨ ਵਿੱਚ ਵਸਦਾ ਹੈ॥ "
ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਪੰਨਾ ਨੰ: 209 ਵਿੱਚ ਸੁਖਮਨੀ ਦੇ ਅਰਥ ਇਉਂ ਕੀਤੇ ਹਨ "ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ॥ " ਜੋ ਗਉੜੀ ਰਾਗ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ।
ਇਨਾਂ ਸਾਰਿਆਂ ਮਹਾਂਪੁਰਸ਼ਾਂ ਦੇ ਟੀਕੇ ਪੜ੍ਹਨ ਅਤੇ ਵਿਚਾਰਨ ਤੋਂ ਬਾਅਦ ਜੋ ਮੇਰਾ ਵਿਚਾਰ ਇਸ ਬਾਣੀ ਦੇ ਰਹਾਉ ਬਾਬਤ ਬਣਿਆ ਹੈ ਉਹ ਇਉਂ ਹੈ।
"ਇਹ ਸ਼ਿਰੋਮਣੀ ਸੁਖਾਂ ਦੀ ਦਾਤ ਦੇਣ ਵਾਲੀ ਬਾਣੀ ਹੈ। ਪ੍ਰਭੂ ਦਾ ਨਾਮ ਹੀ ਸੁਖਮਨੀ ਹੈ ਇਹ ਇੱਕ ਐਸਾ ਸੁਖ ਦੇਦਾਂ ਹੈ ਜੋ ਕਿ ਅੰਮ੍ਰਿਤ ਸੁਖ ਹੈ। ਅੰਮ੍ਰਿਤ ਸੁਖ ਭਾਵ ਉਹ ਸੁਖ ਜੋ ਸ਼ਰੀਰ ਦੇ ਮਰਨ ਨਾਲ ਨਾ ਮਰੇ। ਇਹ "ਅਮਰ ਸੁਖ" ਇਸ ਸ਼ਰੀਰ ਦੇ ਨਾਸ ਹੋਣ ਤੋਂ ਬਾਅਦ (ਮਰਨ ਤੋਂ ਬਾਅਦ) ਸੁਕਸ਼ਮ ਸਰੀਰ
(INERAL BODY OR SOUL) ਜਾਂ ਮਨ ਨਾਲ ਸਦਾ ਲਈ ਰਹਿੰਦਾ ਹੈ। ਇਹ ਭਗਤ ਜਨਾ ਕੇ ਹਿਰਦੈ ਵਿੱਚ ਵਸਦਾ ਹੈ। ਅਰਥਾਤ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ ਉਹੀ ਪ੍ਰਭੂ ਦਾ ਭਗਤ ਹੈ। "
ਪਰ ਕਿਉਂਕਿ ਸ਼ਬਦ 'ਸੁਖ' ਇਸ ਬਾਣੀ ਦੇ ਸਿਰਲੇਖ ਅਤੇ ਰਹਾਉ ਵਿੱਚ ਆਇਆ ਹੈ ਸ਼ਾਇਦ ਇਸ ਕਰਕੇ ਸ਼ਰਧਾਲੂਆਂ ਦੇ ਮਨਾਂ ਵਿੱਚ ਇਹ ਵਿਚਾਰ ਘਰ ਕਰ ਗਿਆ ਹੈ ਕਿ ਇਹ ਬਾਣੀ ਪੜਿਆ ਹੀ ਮਨੁੱਖ ਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਵੈਸੇ ਤਾਂ ਗੁਰੂ ਨਾਨਕ ਜੀ ਨੇ ਜਪੁਜੀ ਵਿੱਚ ਬੜੇ ਸਾਫ ਸ਼ਬਦਾਂ ਵਿੱਚ ਸੁਖਾਂ ਦੀ ਪ੍ਰਾਪਤੀ ਦਾ ਸਾਧਨ ਦਸਿਆ ਹੈ।
"ਗਾਵੀਐ ਸੁਣੀਐ ਮਨ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ " (ਜਪੁਜੀ ਸਾਹਿਬ) (2)

ਸਾਨੂੰ ਇਹ ਨਹੀ ਭੁਲਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਦੀ ਸਾਰੀ ਬਾਣੀ ਸੁਖ ਦੇਣ ਹਾਰ ਹੈ, ਗੁਰੂ ਗ੍ਰੰਥ ਸਾਹਿਬ ਵਿਚੋ ਕਿਸੀ ਖਾਸ ਸ਼ਬਦ ਜਾਂ ਬਾਣੀ ਦੇ ਪਾਠ ਦੀ ਖਾਸ ਇਹਸੀਅਤ ਦਸ ਕੇ ਉਸ ਦੇ ਜਾਪ ਦੇ ਖਾਸ ਫਲਾ ਦੀ ਪ੍ਰਾਪਤੀ ਦੇ ਭਰਮ ਨਾਲ ਜੋੜਨਾ ਗੁਰੂ ਗ੍ਰੰਥ ਸਾਹਿਬ ਦੀ ਬਾਕੀ ਦੀ ਬਾਣੀ ਦੀ ਨਿਰਾਦਰੀ ਕਰਨ ਦੇ ਤੁਲ ਹੈ ਬਾਕੀ ਦੀ ਦੀ ਬਾਣੀ ਨੂੰ ਛੁਟਿਆਉਣ ਵਰਗਾ ਜੁਰਮ ਹੈ।
ਅਗਰ ਇੱਕ ਸਫੇ ਤੇ ਦੋ ਇਕੋ ਜਹੀਆਂ ਲਮੀਆਂ ਲਕੀਰਾ ਮਾਰ ਕੇ ਕਿਸੀ ਕੋਲੋ ਪੁਛਿਆ ਜਾਵੇ ਕਿ ਇਨਾ ਵਿਚੋ ਕੇਹੜੀ ਵਡੀ ਹੈ ਤਾਂ ਕੋਈ ਵੀ ਵੇਖ ਕੇ ਦਸ ਦੇਵੇਗਾ ਕਿ ਇਹ ਦੋਨੋ ਬਰਾਬਰ ਹਨ। ਪਰ ਜੇ ਥੱਲੇ ਵਾਲੀ ਲਕੀਰ ਨੂੰ ਥੋੜਾ ਲੱਮਾ ਕਰਕੇ ਪੁਛੀਐ ਇਨਾ ਵਿਚੋ ਕੇਹੜੀ ਛੋਟੀ ਹੈ ਤਾਂ ਕੋਈ ਵੀ ਵੇਖ ਕੇ ਝਟ ਕਹਿ ਦੇਵੇਗਾ ਕਿ ਉਪਰ ਵਾਲੀ ਲਕੀਰ ਛੋਟੀ ਹੈ। ਪਰ ਉਹ ਕਹੇ ਕਿ ਮੈਂ ਕੋਈ ਲਕੀਰ ਛੋਟੀ ਕੀਤੀ ਹੀ ਨਹੀ। ਇਸ ਦੇ ਜਵਾਬ ਵਿੱਚ ਹਰ ਕੋਈ ਇਹੀ ਕਹੇਗਾ ਕਿ ਥਲੇ ਵਾਲੀ ਲਕੀਰ ਨੂੰ ਵਡਾ ਕਰਦਿਆਂ ਹੀ ਉਪਰ ਵਾਲੀ ਆਪਣੇ ਆਪ ਹੀ ਛੋਟੀ ਹੋ ਗਈ ਹੈ। ਇਹੀ ਕੁੱਝ ਅਸੀ ਗੁਰਬਾਣੀ ਨਾਲ ਕਰੀ ਜਾ ਰਹੇ ਹਾਂ। ਕਿਸੀ ਇੱਕ ਬਾਣੀ ਨੂੰ ਖਾਸ ਮਹੱਤਵ ਵਾਲਾ ਦਸਕੇ ਬਾਕੀ ਦੀ ਨੂੰ ਛੁਟਿਆ ਰਹੇ ਹਾਂ।
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸਾਰੇ॥
ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ॥ (982)

ਬਸ ਲੋੜ ਹੈ ਬਾਣੀ ਨੂੰ ਸਮਝਣ ਦੀ ਅਤੇ ਸਮਝ ਕੇ ਉਸ ਨੂੰ ਕਮਾਉਣ ਦੀ। ਜਿਸ ਦੀ ਤਾਕੀਦ ਵੀ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ ਬਾਰ ਕੀਤੀ ਹੈ।
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ॥
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ॥
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥ (148)
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥
ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ॥ 1॥ (467)
ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ॥
ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ॥ 1॥ (732)
ਮਨ ਮੇਰੇ ਸਤਿਗੁਰ ਕੈ ਭਾਣੈ ਚਲੁ॥
ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ॥ 1॥ (37)

ਇਹ ੳਪਰਲੇ ਸ਼ਬਦ ਅਤੇ ਇਸ ਤਰਾਂ ਦੇ ਹੋਰ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰੱਜ ਹਨ ਜੋ ਸਾਨੂੰ ਸਮਝਾਉਦੇ ਹਨ ਕਿ ਬਾਣੀ ਨੂੰ ਸਿਰਫ ਪੜਨ ਦੀ ਥਾਂ ਪੜ ਕੇ ਕਮਾਉਣੀ ਪਏਗੀ। ਇਹ ਹੀ ਇੱਕ ਵਸੀਲਾ ਹੋ ਸਕਦਾ ਹੈ ਜਨਮ ਜਨਮ ਦੇ ਦੁਖ ਮਿਟਾਉਣ ਦਾ। ਆਵਾਗਮਨ ਦੇ ਭੈ ਤੋ ਬਚੱਣ ਦਾ।
ਬਾਣੀ ਸੁਖਮਨੀ ਨਾਮ ਗਿਆਨ ਜਾਂ ਭਗਤੀ ਗਯਾਨ ਦਾ ਦਰਸ਼ਨ ਸ਼ਾਸਤਰ ਹੈ। ਇਸ ਬਾਣੀ ਵਿੱਚ ਗੁਰੂ ਜੀ ਨੇ ਪਰਮ ਪਦ ਦੀ ਪ੍ਰਾਪਤੀ ਦੀ ਜਾਚ ਸਿਖਾਈ ਹੈ। ਇਸ ਬਾਣੀ ਦਾ ਗਿਆਨ ਸਫਲ ਗਿਆਨ ਹੈ ਸਿਰਫ ਜਾਣਨਾ ਮਾਤ੍ਰ ਨਹੀ। ਇਹ ਗਿਆਨ ਪ੍ਰੇਮ ਦਾ ਹੈ ਭਗਤੀ ਦਾ ਹੈ। ਨਾਮ ਅਭਿਆਸ ਨਾਲ ਪ੍ਰਭੂ ਨੂੰ ਹਾਜਰ ਨਾਜਰ ਲਖ ਕੇ ਉਸ ਦੇ ਗੁਣ ਗਾ ਕੇ ਸਿਫਤ ਸਾਲਾਹ ਦੇ ਅਸਰ ਨਾਲ ਵਿਸਮਾਦ ਵਿੱਚ ਜਾ ਕੇ ਪਰਮ ਪਦ ਨੂੰ ਪਹੁਚੰਣਾ ਹੁੰਦਾ ਹੈ। ਇਹ ਸਾਰੀ ਬਾਣੀ ਪ੍ਰੇਮ ਦਾ ਦਰਸ਼ਨ ਹੈ। ਇਹ ਸ਼ੁਭ ਆਚਰਣ ਸਿਖਲਾਉਦੀ ਹੈ। ਸ਼ੁਭ ਆਚਰਣ ਨਾਲ ਨਿਸ਼ਕਾਮ ਸੇਵਾ ਦਾ ਭਾਵ ਜਾਗਦਾ ਹੈ। ਇਹ ਪਰਮਾਤਮਾ ਦੀ ਸਿਫਤ ਸਾਲਾਹ ਤੇ ਗੁਣ ਗਾਉਣ ਵਿੱਚ ਮਗਨ ਕਰਦੀ ਹੈ। ਫਿਰ ਇਹ ਮਗਨਤਾ ਵਿਸਮਾਦ ਵਿੱਚ ਲੈ ਜਾਂਦੀ ਹੈ। ਉਸ ਵਿਸਮਾਦ ਵਿੱਚ ਤ੍ਰਿਸਨਾ ਮੁਕ ਜਾਂਦੀ ਹੈ ਅਤੇ ਆਤਮਾ ਪ੍ਰਭੂ ਦੇ ਪ੍ਰੇਮ ਰਸ ਵਿੱਚ ਪਸੀਜ ਜਾਂਦੀ ਹੈ। ਫੇਰ ਉਸ ਪ੍ਰੇਮ ਰਸ ਵਿਚੋ ਪ੍ਰੀਤਮ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਆਤਮਾ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀ ਰਹਿ ਜਾਂਦਾ। ਪ੍ਰੇਮੀ ਆਨੰਦ ਸਰੂਪ ਵਿੱਚ ਲੀਨ ਹੋ ਜਾਂਦਾ ਹੈ ਤੇ ਫੇਰ ਆਨੰਦ ਹੀ ਆਨੰਦ ਹੁੰਦਾ ਹੈ।
ਸੁਖਮਨੀ ਸਾਹਿਬ ਇੱਕ ਐਸੀ ਬਾਣੀ ਹੈ ਜੋ ਕਿ ਮੁਕਤ ਭੁਗਤ ਦੀ ਦਾਤੀ ਹੈ। ਇਸ ਬਾਣੀ ਦੀ ਰਚਨਾ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸੰਮਤ 1659 ਵਿੱਚ ਗੁਰੂਦਵਾਰਾ ਰਾਮਸਰ ਦੇ ਸਰੋਵਰ ਦੇ ਕੰਡੇ ਸ਼ਾਮ ਦੇ ਸਮੇ ਇੱਕ ਬੇਰੀ ਹੇਠ ਬੈਠ ਕੇ ਕੀਤੀ ਅਤੇ ਭਾਈ ਗੁਰਦਾਸ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੋ ਆਰੰਭ ਹੁੰਦੀ ਹੈ। ਇਹ ਬਾਣੀ ਰਾਗ ਗਉੜੀ ਵਿੱਚ ਹੈ ਜਿਸ ਦੀ ਬਣਤਣ ਇਉ ਹੈ। ਇਸ ਬਾਣੀ ਦੀਆਂ 24 ਅਸਟਪਦੀਆਂ ਹਨ। ਹਰ ਇੱਕ ਅਸਟਪਦੀ ਦੇ ਅਠ ਪਦੇ ਹੁੰਦੇ ਹਨ ਅਤੇ ਹਰ ਪਦੇ ਦੀਆਂ ਦਸ ਤੁਕਾਂ ਹੁੰਦੀਆਂ ਹਨ, ਹਰ ਅਸ਼ਟਪਦੀ ਦਾ ਆਪਣਾ ਇੱਕ ਖਾਸ ਸੰਦੇਸ਼ ਅਤੇ ਮਹੱਤਵ ਹੈ। ਸੁਆਦਲੀ ਗਲ ਇਹ ਹੈ ਕਿ ਹਰ ਅਸਟਪਦੀ ਇੱਕ ਸਲੋਕ ਨਾਲ ਆਰੰਭ ਹੁੰਦੀ ਹੈ। ਜਿਸ ਦੀ ਵਿਆਖਿਆ ਉਸ ਅਸਟਪਦੀ ਵਿੱਚ ਵਿਸਥਾਰ ਪੂਰਵਕ ਕੀਤੀ ਗਈ ਹੈ। ਇਹ ਇੱਕ ਬੜੀ ਸੁੰਦਰ ਕਾਵਿ ਸੈਲੀ ਹੈ। ਸਾਰੀਆਂ ਅਸਟਪਦੀਆਂ ਤਕਰੀਬਨ 15, 16 ਮਾਤ੍ਰਾਂ ਦੇ ਵਜਨ ਦੀਆਂ ਹਨ। ਜਦ ਕਿ ਸਲੋਕਾਂ ਦਾ ਵਜਨ ਵਖ ਵਖ ਹੈ ਕਿਤੇ 13+11=24 ਹੈ ਅਤੇ ਕਿਤੇ 7+9=16 ਮਾੜਾਂ ਦਾ ਹੈ। ਇਸ ਬਾਣੀ ਦਾ ਮੁਖ ਮੰਤਵ ਜਿਸ ਉਤੇ ਇਹ ਸਾਰੀ ਬਾਣੀ ਨਿਰਧਾਰਤ ਹੈ ਉਹ ਹੈ।
ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮੁ॥
ਭਗਤ ਜਨਾ ਕੈ ਮਨਿ ਬਿਸ੍ਰਾਮ॥ ਰਹਾਉ॥ (262)

ਸੁਖਮਨੀ ਗੁਰੂ ਜੀ ਦਾ ਅਧਿਆਤਮਕ ਅਨੁਭਵ ਦਾ ਅਨੁਠਾ ਕਾਵਿ ਤਰੰਗ ਹੈ। ਇਹ ਬਾਣੀ ਗਉੜੀ ਰਾਗ ਵਿੱਚ ਰਚੀ ਗਈ ਹੈ ਅਤੇ ਗਉੜੀ ਰਾਗ ਨੂੰ ਗਾਉਣ ਦਾ ਸਮਾਂ ਆਪਣੇ ਲੋਢੇ ਵੇਲੇ ਦਾ ਹੈ। ਇਸ ਦੀ ਪੁਸ਼ਟੀ ਭਾਈ ਵੀਰ ਸਿੰਘ ਜੀ ਨੇ ਆਪਣੇ "ਸੰਥਯਾ ਸ੍ਰੀ ਗੁਰੂ ਗ੍ਰਥ ਸਾਹਿਬ" ਪੋਥੀ ਚਉਥੀ ਦੇ ਪੰਨਾ ਨੰ 1651 ਉਤੇ ਕੀਤੀ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ ਨੰ: 389 ਉਤੇ ਲਿਖਿਆ ਹੈ "ਗਉੜੀ ਰਾਗ ਗਾਉਣ ਦਾ ਸਮਾ ਦਿਨ ਦਾ ਚੋਥਾ ਪਹਰ ਹੈ। " ਪਰ ਕਿਤੇ ਵੀ ਕੋਈ ਐਸੀ ਹਿਦਾਇਤ ਨਹੀ ਮਿਲਦੀ ਕਿ ਇਹ ਬਾਣੀ ਕਿਸ ਵੇਲੇ ਪੜ੍ਹਨੀ ਜਾਂ ਗਾਉਣੀ ਚਾਹੀਦੀ ਹੈ। ਸੋ ਪ੍ਰੇਮੀ ਇਸ ਨੂੰ ਕਿਸੇ ਵੇਲੇ ਵੀ ਪੜ ਜਾਂ ਗਾ ਲੈਦੇ ਹਨ। ਕਈ ਲੋਕੀ ਇਸ ਬਾਣੀ ਨੂੰ ਸੁਖਾਂ ਦੀ ਮਣੀ ਵੀ ਕਹਿੰਦੇ ਹਨ। ਉਹ ਸ਼ਾਇਦ ਇਸ ਕਰਕੇ ਕਿ ਇਸ ਦੀ ਆਖਰੀ ਅਸ਼ਟਪਦੀ ਵਿੱਚ ਲਾਲ ਅਤੇ ਰਤਨ ਸ਼ਬਦਾ ਦੀ ਵਰਤੋ ਕੀਤੀ ਗਈ ਹੈ। ਵੇਸੇ ਵੀ ਇਸ ਬਾਣੀ ਦੇ ਸਿਰਲੇਖ "ਸੁਖਮਨੀ" ਨੂੰ ਗਹੁ ਨਾਲ ਵੀਚਾਰੀਅੇ ਤਾਂ ਭਾਵ ਇਹੀ ਬਣਦਾ ਹੈ (ਸੁਖ+ਮਨੀ) ਜੋ ਗਲ ਗੁਰੂ ਜੀ ਨੇ ਇਸ ਬਾਣੀ ਵਿੱਚ ਕਹੀ ਹੈ ਅਗਰ ਮਨੀਐ ਤਾਂ ਸਾਰੇ ਸੁਖਾਂ ਦੀ ਪ੍ਰਾਪਤੀ ਹੈ। ਇਸ ਦਾ ਇੱਕ ਅਰਥ ਇਉ ਭੀ ਕਰਦੇ ਹਨ ਸੁਖ+ਮਨ+ਈ =ਭਾਵ ਜੇ ਇਹ ਮਨ ਵਿੱਚ ਵਸ ਜਾਵੇ ਤਾਂ ਸੁਖ ਹੀ ਸੁਖ ਹਨ। ਪਰ ਮਨ ਵਿੱਚ ਵਸਦੀ ਉਹੀ ਗਲ ਹੈ ਜਿਸ ਨੂੰ ਅਸੀ ਆਪਣੇ ਜੀਵਨ ਦੇ ਵਿੱਚ ਕਮਾਇਆ ਹੋਵੇ। ਖਾਲੀ ਪੜਨ ਜਾਂ ਸੁਣਨ ਨਾਲ ਗਲ ਨਹੀ ਬਣਦੀ।
ਹਰ ਮਨੁਖ ਦੇ ਜੀਵਨ ਦਾ ਉਦੇਸ਼ ਸੁਖ ਪ੍ਰਾਪਤੀ ਹੈ ਦੁਖ ਦਾ ਕੋਈ ਚਾਹਵਾਨ ਨਹੀ ਹੈ। ਪ੍ਰਾਣੀ ਮਾਤਰ ਦੀ ਘਾਲ ਕਮਾਈ ਤੇ ਹਰ ਜਤਨ ਦਾ ਨਿਸ਼ਾਨਾ ਹੁੰਦਾ ਹੈ ਵਧ ਤੋ ਵਧ ਸੁਖਾਂ ਨੂੰ ਹਾਸਲ ਕਰਨਾ। ਪਰ ਇਸ ਧਰਤੀ ਤੇ ਵਿਚਰ ਰਹੇ ਹਰ ਪ੍ਰਾਣੀ ਨੂੰ ਥੋੜੇ ਜਾਂ ਬਹੁਤੇ ਦੁਖਾਂ ਨਾਲ ਜੂਝਣਾ ਪੈਦਾ ਹੈ। ਉਹ ਭਾਵੇ ਸਰੀਰਿਕ ਹੋਣ ਜਾਂ ਮਾਨਸਿਕ ਤੇ ਜਾਂ ਅਧਿਆਤਮਿਕ।
ਸਮਾਜ ਜਿਥੇ ਮਨੁਖ ਨੂੰ ਸੁਰੱਖਿਆ ਦਿੰਦਾ ਹੈ ਪਿਆਰ ਅਤੇ ਜੀਵਨ ਨਿਰਵਾਹ ਦੇ ਸਾਧਨ ਦਿੰਦਾ ਹੈ। ਉਥੇ ਨਾਲ ਹੀ ਮੁਕਾਬਲੇ ਦੀ ਭਾਵਨਾ ਉਸ ਦੇ ਅੰਦਰ ਜਗਾਉਦਾ ਅਤੇ ਪਰਿਪੱਕ ਕਰਦਾ ਹੈ। ਸਭ ਆਪਣੇ ਲਈ ਵਧ ਤੋ ਵਧ ਜੀਵਨ ਦੀਆਂ ਸਹੂਲਤਾਂ ਇਕੱਠੀਆ ਕਰਨੀਆਂ ਚਾਹੁੰਦੇ ਹਨ। ਇਸ ਤਰਾਂ ਇੱਕ ਅਮੁਕ ਦੋੜ ਲੱਗ ਜਾਂਦੀ ਹੈ। ਖੋਹਾ-ਖਾਹੀ ਵਧ ਜਾਦੀ ਹੈ। ਸਵਾਰਥ ਆਪਸ ਵਿੱਚ ਟਕਰਾਉਦੇ ਹਨ। ਈਰਖਾ ਅਤੇ ਸਾੜਾ ਜਨਮ ਲੇਦੇ ਅਤੇ ਵਿਕਸਿਤ ਹੁੰਦੇ ਹਨ। ਇਸ ਤਰਾਂ ਵਿਅਕਤੀ ਦੀਆ ਆਪਣੀਆ ਇਛਾਵਾਂ ਅਤੇ ਸਮਾਜਿਕ ਤੋਰ ਤੇ ਲਗੀਆ ਸੀਮਾਵਾਂ ਅਤੇ ਰੋਕਾਂ ਵਿਚਕਾਰ ਤਣਾਉ ਪੈਦਾ ਹੋਣ ਨਾਲ ਹੀ ਪੈਦਾ ਹੁੰਦੇ ਹਨ ਦੁਖ। "ਦੁਖ ਮਨੁਖੀ ਫੁਰਨੇ, ਸਮਾਨਤਾਵਾਂ ਅਤੇ ਹਿੱਤਾ ਵਿੱਚ ਪਈਆ ਰੁਕਾਵਟਾ ਤੋ ਪੇਦਾ ਹੋਈ ਉਦਾਸੀ ਨਿਰਾਸ਼ਾ ਅਤੇ ਥੁੜਾ ਦੀ ਅਭਿਵਿਅਕਤੀ ਹੈ",
(Early Budhism and its origins page 113 V.P. Verma) ਘਟ ਪ੍ਰਾਪਤੀਆਂ ਦਾ ਤਾਂ ਦੁਖ ਹੁੰਦਾ ਹੀ ਹੈ ਪਰ ਵਧ ਪ੍ਰਾਪਤੀਆਂ ਦੀ ਹਉਮੈ ਦਾ ਦੁਖ ਸਭ ਤੋ ਵੱਡਾ ਹੁੰਦਾ ਹੈ।
ਹੁਣ ਸੁਆਲ ਇਹ ਉਠਦਾ ਹੈ ਕਿ ਸੁਖ ਕੀ ਹੈ? ਸੁਖ ਦੀ ਕੋਈ ਨਿਰਧਾਰਿਤ ਪਰਿਭਾਸ਼ਾ ਨਹੀ ਹੈ। ਇਹ ਵਿਅਕਤੀਗਤ ਪਰਵਾਨਗੀ ਦਾ ਮੁਥਾਜ ਹੈ। ਜੋ ਮਨੁਖ ਨੂੰ ਭਾਉਂਦਾ ਹੈ ਉਹ ਸੁਖ ਹੈ ਅਤੇ ਜੋ ਨਹੀ ਭਾਉਦਾ ਉਹ ਦੁਖ। ਇਸੀ ਤਰਾਂ ਜੋ ਸਮਾਜ ਨੂੰ ਪਰਵਾਨ ਨਹੀ ਉਹ ਪਾਪ, ਬਦੀ ਜਾਂ ਬੁਰਿਆਈ ਹੈ। ਅਤੇ ਜੋ ਸਮਾਜ ਪਰਵਾਨ ਕਰਦਾ ਹੈ ਉਹ ਪੁਨ, ਨੇਕੀ ਅਤੇ ਚੰਗਿਆਈ ਹੈ। ਅਰਥਾਤ ਜਿਥੇ ਵਿਅਕਤੀਗਤ ਪਰਵਾਨਗੀ ਦਾ ਨਾਮ ਸੁਖ ਹੈ ਉਥੇ ਸਮਾਜਿਕ ਪਰਵਾਨਗੀ ਵਾਲੇ ਕਰਮ ਕਰਨ ਨਾਲ ਵੀ ਸੁਖਾਂ ਦੀ ਪ੍ਰਾਪਤੀ ਮੰਨੀ ਜਾਂਦੀ ਹੈ।
ਪਦਾਰਥਕ, ਬੋਧਿਕ, ਮਾਨਸਿਕ ਅਤੇ ਸਦਾਚਾਰਿਕ ਅਪ੍ਰਾਪਤੀਆਂ ਤੋ ਪੈਦਾ ਹੋਏ ਦੁਖਾਂ ਤੋ ਬਿਨਾ ਆਤਮਿਕ ਅਪੂਰਣਤਾ ਮਨੁਖੀ ਦੁਖਾਂ ਦਾ ਇੱਕ ਹੋਰ ਵਡਾ ਕਾਰਣ ਹੈ। ਜਦ ਅਧਿਆਤਮਕ ਗਿਆਨ ਤੋ ਉਸ ਨੂੰ ਇਹ ਪਤਾ ਚਲਦਾ ਹੈ "ਮਨ ਤੂੰ ਜੋਤ ਸਰੂਪ ਹੈ ਅਪਣਾ ਮੂਲ ਪਛਾਣ" ਤਾਂ ਉਸ ਅਦੰਰ ਇੱਕ ਕਸਕ ਉਠਦੀ ਹੈ ਜਿਸ ਨੂੰ ਸੰਸਾਰਿਕ ਸਾਰੇ ਭੋਗ ਵੀ ਦੂਰ ਨਹੀ ਕਰ ਸਕਦੇ।
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ॥
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ॥ 2॥ (659)

ਗੁਰਬਾਣੀ ਵਿੱਚ ਸੰਸਾਰ ਨੂੰ ਦੁਖਾਂ ਨਾਲ ਭਰਪੂਰ ਦਸਿਆ ਹੈ। ਫਰੀਦ ਜੀ ਦਾ ਸਲੋਕ ਹੈ।
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥ 81॥ (1382)

ਗੁਰੂ ਜੀ ਨੇ ਫੁਰਮਾਇਆ ਹੈ ਕਿ ਸਾਰਾ ਸੰਸਾਰ ਹੀ ਦੁਖੀ ਹੈ ਮਰਨਾ ਅਤੇ ਜਮਣਾ ਵੀ ਦੁਖ ਹੀ ਹੈ।
ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ।
ਦੁਖ ਵਿਚਿ ਜੰਮਣੁ, ਦੁਖਿ ਮਰਣੁ, ਦੁਖਿ ਵਰਤਣੁ ਸੰਸਾਰਿ॥ ਦੁਖੁ ਦੁਖੁ ਅਗੈ ਆਖੀਐ ਪੜਿ੍ਹ ਪੜਿ੍ਹ ਕਰਹਿ ਪੁਕਾਰ॥ ਦੁਖ ਕੀਆ ਪੰਡਾ ਖੁਲ੍ਹ੍ਹੀਆ ਸੁਖੁ ਨ ਨਿਕਲਿਓ ਕੋਇ॥ ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ॥ ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ॥ ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ॥ 1॥ (ਪੰਨਾ 1240)
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ॥ (497)

ਪਰ ਇਨਾ ਸਾਰਿਆ ਕਥਨਾ ਦਾ ਉਦੇਸ਼ ਇਹ ਨਹੀ ਕਿ ਮਨੁਖ ਨੂੰ ਦੁਖਾਂ ਤੋ ਭੈ ਭੀਤ ਹੋ ਕੇ ਜੀਵਨ ਤੋ ਮੁਖ ਮੋੜ ਲੈਣਾ ਚਾਹੀਦਾ ਹੈ। ਮਹਾਪੁਰਸ਼ਾ ਨੇ ਤਾਂ ਦੁਖਾਂ ਦਾ ਚੇਤਾ ਬਾਰ ਬਾਰ ਇਸ ਕਰਕੇ ਕਰਾਇਆ ਹੈ ਤਾਂ ਕਿ ਅਗਿਆਨੀ ਜੀਵਾਂ ਨੂੰ ਦੁਖਾਂ ਦੀ ਸਹੀ ਪਛਾਣ ਹੋ ਸਕੇ। ਜੇ ਉਹ ਦੁਖਾਂ ਦੀ ਸਹੀ ਪਛਾਣ ਕਰ ਸਕਣਗੇ ਤਾਂ ਉਹ ਇਨਾ ਤੋ ਬਚਣ ਦੇ ਉਪਰਾਲੇ ਵੀ ਕਰਨਗੇ। ਜੀਵਨ ਵਿੱਚ ਸੁਖ ਪ੍ਰਾਪਤ ਕਰਨਾ ਚਾਹੀਦਾ ਹੈ ਸਾਧਨ ਕੋਈ ਵੀ ਹੋਵੇ, ਪਰ ਧਰਮ ਇਹ ਖੁਲ ਨਹੀ ਦੇਦਾਂ। ਜੀਵਨ ਖੁਸ਼ਹਾਲੀ ਲਈ ਪ੍ਰੇਰਨਾ ਜਰੂਰ ਦੇਦਾਂ ਹੈ ਪ੍ਰਰੰਤੂ ਸਦਾਚਾਰਕ ਮਰਯਾਦਾਵਾਂ ਤੋੜ ਕੇ ਨਹੀ। ਗੁਰੂ ਅਰਜਨ ਦੇਵ ਜੀ ਹਉਮੇ ਨੂੰ ਦੁਖਾਂ ਦਾ ਕਾਰਣ ਮਨਦੇ ਹਨ ਜਿਸ ਨੇ ਜੀਵ ਨੂੰ ਪਰਮਾਤਮਾ ਤੋ ਵਿਛੋੜਿਆ ਹੋਇਆ ਹੈ।
ਜਿਸ ਕੇ ਅੰਤਰਿ ਰਾਜ ਅਭਿਮਾਨੁ॥ ਸੋ ਨਰਕ ਪਾਤੀ ਹੋਵਤ ਸੁਆਨੁ॥
ਜੋ ਜਾਨੇ ਮੈ ਜੋਬਨ ਵੰਤੁ॥ ਸੋ ਹੋਵਤ ਬਿਸਟਾ ਕਾ ਜੰਤੁ॥
ਆਪਸ ਕਉ ਕਰਮਵੰਤੁ ਕਹਾਵੇ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ॥
(ਸੁਖਮਨੀ ਅ: ਪ: 12) (278)
ਪਰਮੇਸਰ ਤੇ ਭੁਲਿਆ ਵਿਆਪਨ ਸਭੇ ਰੋਗ॥ (ਮਾਝ ਮ: 5) (135)
ਫੇਰ ਇਸਦਾ ਇਲਾਜ ਵੀ ਦਸਿਆ ਹੈ।
ਸਰਬ ਰੋਗ ਕਾ ਅਉਖਦੁ ਨਾਮੁ॥ ਕਲਿਆਣ ਰੂਪ ਮੰਗਲ ਗੁਣ ਗਾਮ॥
(ਸੁਖਮਨੀ ਅ: ਪ: 9-5) (274)
ਸਗਲ ਦੂਖ ਕਾ ਹੋਵਤ ਨਾਸੁ॥ ਨਾਨਕ ਨਾਮੁ ਜਪਹੁ ਗੁਨਤਾਸੁ॥
(ਸੁਖਮਨੀ ਅ: ਪ: 20-5) (290)
ਸਿੱਖ ਧਰਮ ਦਾ ਮੁਖ ਨਿਸ਼ਾਨਾ ਹੈ ਸਿਮਰਨ। ਸਿਮਰਨ ਮਾਨੋ ਇੱਕ ਅਜੇਹੀ ਨੀਹ ਹੈ ਜਿਸ ਦੇ ਉਪਰ ਧਰਮ ਦੀ ਈਮਾਰਤ ਦੀ ਉਸਾਰੀ ਕੀਤੀ ਗਈ ਹੈ। ਗੁਰੂ ਫੁਰਮਾਨ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਅਵਰ ਕਾਜ ਤੇਰੈ ਕਿਤੇ ਨ ਕਾਮ।
ਮਿਲ ਸਾਧ ਸੰਗਤ ਭਜੁ ਕੇਵਲ ਨਾਮੁ॥ (12)
ਆਇਓ ਸੁਨਨ ਪੜਨ ਕਉ ਬਾਣੀ॥
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥ 1॥ (1219)

ਫੇਰ ਸਿਮਰਨ ਦਾ ਫਲ ਕੀ ਦਸਿਆ ਹੈ? ਸੁਖਾ ਦੀ ਪ੍ਰਾਪਤੀ:
ਰਾਮ ਰਾਮ ਕਰਤਿਆ ਸੁਖੁ ਸਾਂਤਿ ਸਰੀਰ॥
ਅੰਤਰਿ ਵਸੈ ਨ ਲਾਗੈ ਜਮ ਪੀਰ॥ (159)

ਇਹ ਹਕੀਕਤ ਹੈ ਕਿ ਦੋਲਤ ਸੁਖ ਪ੍ਰਾਪਤੀ ਦੇ ਸਾਧਨ ਜੁਟਾਉਦੀ ਹੈ ਇਸ ਕਰਕੇ ਬਹੁਤੇ ਲੋਕ ਇਸ ਨੂੰ ਹੀ ਸੁਖ ਦਾ ਕਾਰਣ ਮਨ ਲੈਦੇ ਹਨ। ਜਿਨ੍ਹਾ ਪਾਸ ਇਹ ਨਹੀ ਉਹ ਤਾਂ ਚਿਤਾਂਤੁਰ ਹਨ ਹੀ, ਪਰ ਜਿਨਾ ਕੋਲ ਬਹੁਤੀ ਦੋਲਤ ਹੈ ਉਹ ਵੀ ਦੁਖੀ ਹਨ ਇਸ ਲਈ ਗੁਰੂ ਸਾਹਿਬਾਨ ਨੇ ਫੁਰਮਾਇਆ ਹੈ।
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥ ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥
(ਮਾਰੂ 5) (1019)
ਸੁਖੁ ਨਾਹੀ ਬਹੁਤੈ ਧਨਿ ਖਾਟੇ॥
ਸੁਖੁ ਨਾਹੀ ਪੇਖੇ ਨਿਰਤਿ ਨਾਟੇ॥
ਸੁਖੁ ਨਾਹੀ ਬਹੁ ਦੇਸ ਕਮਾਏ॥
ਸਰਬ ਸੁਖਾ ਹਰਿ ਹਰਿ ਗੁਣ ਗਾਏ॥ 1॥ (1147)

ਸੁਖਮਨੀ ਸਾਹਿਬ ਦਾ ਆਰੰਭ ਹੀ ਇਸ ਧਾਰਨਾ ਨਾਲ ਹੁੰਦਾ ਹੈ ਕਿ ਝਗੜੇ ਅਤੇ ਦੁਖ ਇਸ ਸ਼ਰੀਰ ਵਿੱਚ ਹਨ ਅਤੇ ਸਿਮਰਨ ਦੇ ਮਾਰਗ ਉਤੇ ਚਲਣ ਨਾਲ ਹੀ ਦੁਖ ਭੈ, ਅਤੇ ਸੰਕਟਾ ਦੇ ਸਾਗਰ ਨੂੰ ਉਲੰਘ ਕੇ ਪਰਮ ਸੁਖ ਦੀ ਅਵਸਥਾ ਤਕ ਪੁਜਿਆ ਜਾ ਸਕਦਾ ਹੈ। ਮਾਨਸਿਕ ਸੁਖ ਲਈ ਹਉਮੇ ਬਾਧਕ ਹੈ। ਹਉਮੇ ਹੰਕਾਰ ਅਤੇ ਮਮਤਾ ਵਾਲੇ ਲੋਕ ਵੀ ਅਸਲ ਸੁਖ ਹਾਸਲ ਨਹੀ ਕਰ ਸਕਦੇ। ਵਿਸ਼ੇ ਵਾਸਨਾ ਦੀ ਪੂਰਤੀ ਸੁਖਦਾਈ ਸਿੱਧ ਨਹੀ ਹੋ ਸਕਦੀ। ਸੁਖ ਇਦ੍ਰੀਆ ਦੀ ਤ੍ਰਿਪਤੀ ਯਾ ਮਨ ਦੀ ਵਾਸਨਾ ਨੂੰ ਪੂਰਾ ਕਰਨ ਤੇ ਨਿਰਭਰ ਨਹੀ ਸਗੋ ਇਨਾ ਉਤੇ ਕਾਬੂ ਪਾ ਕੇ ਇਨਾ ਤੋ ਬਚਣ, ਪਵਿੱਤਰ ਤੇ ਸੰਤੁਲਿਤ ਜੀਵਨ ਬੀਤਾਉਣ ਤੇ ਨਿਰਭਰ ਹੈ। ਇਹ ਠੀਕ ਹੈ ਕਿ ਸੰਸਾਰ ਵਿੱਚ ਰਹਿ ਕੇ ਸ਼ਰੀਰ ਅਤੇ ਇਦ੍ਰੀਆ ਦੇ ਭੋਗਾ ਨੂੰ ਛਡਣਾ ਔਖਾ ਹੈ। ਕਈ ਵਾਰੀ ਮਨੁਖ ਇਸ ਗਲ ਨੂੰ ਸਮਝ ਵੀ ਲੈਂਦਾ ਹੈ ਕਿ ਇਹ ਵਿਸੈ ਵਿਕਾਰ, ਭੋਗ ਵਿਲਾਸ ਅੰਤ ਨੂੰ ਦੁਖ ਦੇਣ ਦੇ ਕਾਰਣ ਹਨ ਪਰ ਫੇਰ ਵੀ ਉਹ ਇਨਾ ਦੇ ਜਾਲ ਵਿਚੋ ਨਿਕਲ ਨਹੀ ਸਕਦਾ। ਇਸ ਸਮਸਿਆ ਤੋ ਨਿਪਟਣ ਲਈ ਗੁਰੂ ਸਾਹਿਬ ਨੇ ਸਮਾਧਾਨ ਦਸਿਆ ਹੈ ਪ੍ਰਭੂ ਦੀ ਸਿਫਤ ਸਾਲਾਹ ਵਿੱਚ ਜੁੜਨਾ ਅਤੇ ਆਪਣਾ ਆਪਾ ਉਸ ਨੂੰ ਸਮਰਪਣ ਕਰਨਾ ਜਿਸ ਨਾਲ ਤਨ ਮਨ ਦੇ ਦੁਖ ਮਿਟਦੇ ਤੇ ਸਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਗਾਵੀਐ ਸੁਣੀਐ ਮਨਿ ਰਖੀਐ ਭਾਉ।
ਦੁਖੁ ਪਰਹਹਿ ਸੁਖੁ ਘਰਿ ਲੈ ਜਾਇ॥ (ਜਪੁ ਜੀ ਸਾਹਿਬ) (2)
ਜਉ ਸੁਖ ਕਉ ਚਾਹਹਿ ਸਦਾ ਸਰਨਿ ਰਾਮ ਕੀ ਲੇਹੁ॥ (ਪੰਨਾ-1427)

ਜਿਸ ਨੇ ਆਪਣੀ ਹਉਮੇ ਅਤੇ ਹੰਕਾਰ ਨੂੰ ਛੱਡ ਦਿੱਤਾ ਉਹ ਪ੍ਰਭੂ ਦੇ ਭਾਣੇ ਵਿੱਚ ਰਹਿ ਕੇ ਜੀਵਨ ਬੀਤਾਉਦਾ ਹੈ। ਭਾਣੇ ਵਿੱਚ ਰਹਿਣ ਵਾਲੇ ਨੂੰ ਕੋਈ ਦੁਖ ਨਹੀ ਲਗਦਾ। ਗੁਰਮਤਿ ਵਿੱਚ ਇਹ ਗਲ ਬਾਰ ਬਾਰ ਦੋਹਰਾਈ ਗਈ ਹੈ ਕਿ ਭਾਣੇ ਵਿੱਚ ਰਹਿਣ ਨਾਲ ਹੀ ਸੁਖ ਹੈ। ਇਸ ਗਲ ਤੋ ਮੁਕਰਿਆ ਨਹੀ ਜਾ ਸਕਦਾ ਕਿ ਜਿੰਦਗੀ ਅੰਦਰ ਸੁਖ ਅਤੇ ਦੁਖ ਸਦਾ ਹੀ ਆਉਦੇ ਰਹਿੰਦੇ ਹਨ। ਉਤਮ ਪੁਰਸ਼ ਉਹ ਹੈ ਜਿਹੜਾ ਇਨਾ ਦੇ ਅਸਰ ਹੇਠ ਆਕੇ ਆਪਣਾ ਸੰਤੁਲਨ ਨਹੀ ਗੁਆਉਦਾ ਨਾਂ ਉਸ ਨੂੰ ਕਿਸੇ ਚੀਜ ਦਾ ਮੋਹ ਤੇ ਨਾਂ ਕਿਸੇ ਨਾਲ ਘਿਰਣਾ ਹੋਂਦੀ ਹੈ। ਉਹ ਤੱਤ ਗਿਆਨੀ ਸਹਿਜ ਵਾਲਾ ਸੰਤੁਲਿਤ ਜੀਵਨ ਬਸਰ ਕਰਕੇ ਪਰਮ ਸੁਖ ਦਾ ਰਸ ਮਾਣਦਾ ਹੈ। ਜਿਸ ਨੂੰ ਪ੍ਰਭੂ ਦੀ ਆਗਿਆ ਭਾਂ ਗਈ ਉਹੀ ਜੀਵਨ ਮੁਕਤਾ ਹੈ, ਉਹੀ ਸਮਦ੍ਰਿਸਟਾ ਹੈ:
੍ਰਭ ਕੀ ਆਗਿਆ ਆਤਮ ਹਿਤਾਵੈ॥
ਜੀਵਨ ਮੁਕਤਿ ਸੋਊ ਕਹਾਵੈ॥
ਤੈਸਾ ਹਰਖੁ ਤੈਸਾ ਉਸੁ ਸੋਗੁ॥
ਸਦਾ ਅਨੰਦੁ ਤਹ ਨਹੀ ਬਿਓਗੁ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ॥
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥
ਤੈਸਾ ਮਾਨੁ ਤੈਸਾ ਅਭਿਮਾਨੁ॥
ਤੈਸਾ ਰੰਕੁ ਤੈਸਾ ਰਾਜਾਨੁ॥
ਜੋ ਵਰਤਾਏ ਸਾਈ ਜੁਗਤਿ॥
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ॥
(ਸੁਖਮਨੀ ਸਾਹਿਬ ਅ. 9-7) (275)

ਜਿਵੇ ਜਪੁਜੀ ਸਾਹਿਬ ਵਿੱਚ ਜੀਵਨ ਮੁਕਤ ਬਣਨ ਦੇ ਲਈ ਗੁਰੂ ਨਾਨਕ ਜੀ ਨੇ ਹਰ ਇੱਕ ਪੜਾ ਦਾ ਵੇਰਵਾ ਤਰਤੀਬ ਵਾਰ ਦਿੱਤਾ ਹੈ, ਪਹਿਲਾਂ ਮੂਲ ਮੰਤ੍ਰ ਵਿੱਚ ਪ੍ਰਭੂ ਨਿਰਗੁਣ ਤੇ ਸਰਗੁਣ ਸਰੂਪ ਨੂੰ ਦ੍ਰਿੜ ਕਰਵਾਇਆ ਹੈ। ਉਸ ਦੀ ਪ੍ਰਾਪਤੀ ਲਈ ਸਚਿਆਰ ਬਣਨ ਦੀ ਲੋੜ ਦਸੀ ਹੈ। ਉਸ ਦੇ ਹੁਕਮ ਵਿੱਚ ਰਹਿ ਕੇ ਕਰਮ ਕਰਨਾ ਹੁੰਦਾ ਹੈ। ਉਸ ਦੇ ਗੁਣ ਗਾ ਕੇ ਮਨ ਦੀ ਸ਼ੁਧੀ ਕਰਨੀ ਤੇ ਅਧਿਆਤਮਕ ਸੇਧ ਲੈਣੀ ਹੁੰਦੀ ਹੈ। ਸੁਣਨ ਤੇ ਮਨੱਣ ਦੀਆ ਅਵਸਥਾਵਾ ਵਿਚੋ ਲੰਘਣਾ ਹੁੰਦਾ ਹੈ ਅਤੇ ਇੰਜ ਪੰਚ ਬਣ ਜਾਇਦਾ ਹੈ। ਇਸ ਤੋ ਉਪਰੰਤ ਅਧਿਆਤਮਕ ਖੰਡਾ ਵਿਚੋ ਵਿਚਰਨਾ ਹੁੰਦਾ ਹੈ। ਇਹ ਪੰਜ ਖੰਡ ਹਨ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸਚ ਖੰਡ। ਇਨਾ ਪੰਜਾ ਖੰਡਾ ਵਿੱਚ ਵਿਚਰਨ ਪਿਛੋ ਮਨੁਖ ਪਰਮਾਤਮਾ ਵਿੱਚ ਵਿਲੀਨਤਾ ਪ੍ਰਾਪਤ ਕਰਦਾ ਹੈ। ਇਸੀ ਤਰਾਂ ਸੁਖਮਨੀ ਦਾ ਮਹਾਤਮ ਇਸ ਦੇ ਰਹਾਉ ਅਤੇ ਅਖੀਰਲੀ ਅਸਟਪਦੀ ਵਿੱਚ ਸਪਸ਼ਟ ਕਰ ਦਿੱਤਾ ਹੈ। ਇਹ ਬਾਣੀ ਗੁਰੂ ਜੀ ਨੇ ਨਾਮ ਦੀ ਦ੍ਰਿੜਤਾ ਲਈ ਬਖਸ਼ੀ ਹੈ। ਇਹ ਆਪ ਹਰੀ ਜਸ ਰੂਪ ਹਰੀ ਕੀਰਤਨ ਰੂਪ ਹੈ। ਬਾਰੰਬਾਰ ਨਾਮ ਜਪਣੇ ਦੀ ਤਾਕੀਦ ਕਰਦੀ ਹੈ ਹਿਰਦੇ ਤੇ ਪ੍ਰਭੂ ਦਾ ਨਾਮ ਉਕਰ ਦੇਂਦੀ ਹੈ। ਉਹ ਅਕਾਲ ਪੁਰਖ ਹਰ ਜੀਵ ਵਿੱਚ ਵਸਦੇ ਹੋਏ ਵੀ ਨਿਰਲੇਪ ਹੈ। ਪ੍ਰਭੂ ਦਾ ਨਾਮ ਹੀ ਇੱਕ ਐਸਾ ਧਨ ਹੈ ਜੋ ਸਦਾ ਨਾਲ ਨਿਭਦਾ ਹੈ। ਪ੍ਰਭੂ ਗੁਣਾ ਦਾ ਖਜਾਨਾ ਹੈ। ਉਸ ਦਾ ਨਾਮ ਜਪਦਿਆ ਬੇਅੰਤ ਗੁਣ ਹਾਸਲ ਹੋ ਜਾਂਦੇ ਹਨ। ਕਹਿਣ ਦਾ ਭਾਵ ਗੁਰਮਤਿ ਦੇ ਸਾਧਨਾ ਮਾਰਗ ਦਾ ਇੱਕ ਪ੍ਰਮੁਖ ਅੰਗ ਹੈ ਸਿਮਰਨ ਜਿਸ ਨਾਲ ਸੁਖਾਂ ਦੀ ਪ੍ਰਾਪਤੀ ਅਤੇ ਦੁਖਾਂ ਦਾ ਉਨਮੁਲਨ ਹੋ ਜਾਂਦਾ ਹੈ। ਇਉ ਨਾਮ ਸਿਮਰਨ ਨੂੰ ਮਨੁਖਾ ਜੀਵਨ ਦਾ ਪਰਮ ਉਦੇਸ਼ ਬਣਾ ਕੇ ਗੁਰੂ ਸਾਹਿਬਾਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਆਪ ਮਾਨਵ ਲਈ ਸਹੀ ਅਰਥਾ ਵਿੱਚ ਸੁਖ ਭਰਪੂਰ ਜੀਵਨ ਚਾਹੁੰਦੇ ਸਨ। ਸੁਖਮਨੀ ਇਸ ਪਦਾਰਥ ਵਾਦੀ ਭੁਲੇਖੇ ਦੀ ਨਿਵਰਤੀ ਕਰਕੇ ਮਨੁਖ ਨੂੰ ਇੱਕ ਵਧੀਆ ਸ਼ਾਂਤੀ ਮਾਰਗ ਦਿਖਾਉਦੀ ਹੈ ਜਾਂ ਇੰਜ ਕਹਿ ਲਵੋ ਕਿ ਸੁਖਮਨੀ ਇੱਕ ਸੰਪੂਰਨ ਅਤੇ ਉਤੱਮ ਮਨੁੱਖ ਦੀ ਕਹਾਣੀ ਕਹਿੰਦੀ ਹੈ। ਉਸ ਦੇ ਖਾਸ ਗੁਣਾ ਤੋ ਜਾਣੂ ਕਰਾਉਦੀ ਹੈ। ਅਜੇਹੇ ਸਭਯ ਮਾਨਵ ਬਣਨ ਦੀ ਵਿਧੀ ਦਰਸਾਉਦੀ ਹੈ। ਉਹ ਸੰਸਾਰ ਦੇ ਵਿਕਾਰ ਵਿਚੋ ਨਿਕਲ ਕੇ ਕਿਵੇ ਸਾਂਤ ਸੰਤੁਲਿਤ ਨਿਰਮਲ ਅਤੇ ਨਿਰਲੇਪ ਸਖਸ਼ੀਅਤ ਉਸਾਰਦਾ ਹੈ, ਕੁਝ ਇਹੋ ਜਿਹੇ ਸਵਾਲ ਅਤੇ ਉਨਾ ਦੇ ਸੰਤੋਖ ਜਨਕ ਜਵਾਬ ਵੀ ਸੁਖਮਨੀ ਦਿੰਦੀ ਹੈ। ਜੋ ਸਾਧਕ ਦੇ ਮਨ ਨੂੰ ਆਸ਼ਾਵਾਦੀ ਬਣਾਉਦੀ ਅਤੇ ਆਤਮਾ ਨੂੰ ਉਚੇਰੀ ਮੰਜਲ ਵਲ ਜਾਣ ਲਈ ਪ੍ਰੇਰਦੀ ਹੈ। ਸੁਖਮਨੀ ਵਿੱਚ ਮੁਖ ਭਾਵ ਇੱਕ ਅਜੇਹੀ ਸਰਬੋਤਮ ਆਚਾਰ ਦੀ ਮਾਲਕ ਜਿਦੰਗੀ ਦੀ ਸਿਰਜਣਾ ਹੈ। ਜੋ ਆਪ ਸਾਂਤ ਅਤੇ ਸੰਤੁਲਿਤ ਹੋਵੇ ਨਾਲ ਹੀ ਆਪਣੇ ਆਲੇ ਦੁਆਲੇ ਅਜੇਹੇ ਸਾਂਤ ਸੰਤੁਲਿਤ ਮਾਹੋਲ ਪੈਦਾ ਕਰਕੇ ਸਾਰੇ ਸਮਾਜ ਨੂੰ ਉਸ ਪਾਸੇ ਲਿਜਾ ਸਕੇ। ਗੁਰੂ ਸਾਹਿਬ ਨੇ ਬੜੇ ਦ੍ਰਵਿਤ ਹਿਰਦੇ ਨਾਲ ਅਕਾਲ ਪੁਰਖ ਅਗੇ ਅਰਦਾਸਾਂ ਕੀਤੀਆਂ ਇਸ ਸੜਦੇ ਹੋਏ ਸੰਸਾਰ ਨੂੰ ਦੁਖਾਂ ਦੀ ਅਗਨ ਤੋ ਬਚਾਉਣ ਵਾਸਤੇ।
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (853)

ਹਾਲਾਂਕਿ ਸਾਰੇ ਮਤਾਂ ਮਤਾੰਤਰਾਂ ਦੇ ਮੋਡੀਆਂ ਨੇ ਮਨੁਖਾਂ ਲਈ ਸੁਖ ਮਈ ਜੀਵਨ ਦੀ ਕਾਮਨਾ ਕੀਤੀ ਹੈ ਅਤੇ ਮਨੁਖ ਆਪ ਵੀ ਆਪਣੇ ਲਈ ਸੁਖਾਂ ਦੀ ਪ੍ਰਾਪਤੀ ਦੇ ਲਈ ਸਦਾ ਯਤਨ ਸ਼ੀਲ ਰਹਿਆ ਹੈ ਪਰ ਫੇਰ ਵੀ ਆਮ ਤੋਰ ਤੇ ਮਨੁਖ ਨੂੰ ਸੁਖਾਂ ਨਾਲੋ ਬਹੁਤੇ ਦੁਖ ਹੀ ਪ੍ਰਾਪਤ ਹੁੰਦੇ ਹਨ।
ਸੁਖੁ ਮਾਂਗਤ ਦੁਖੁ ਆਗਲ ਹੋਇ॥
ਸਗਲ ਵਿਕਾਰੀ ਹਾਰੁ ਪਰੋਇ॥ (222)
ਮੂਰਖੁ ਭੋਗੇ ਭੋਗੁ ਦੁਖ ਸਬਾਇਆ॥
ਸੁਖਹੁ ਉਠੇ ਰੋਗ ਪਾਪ ਕਮਾਇਆ॥ (139)
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ॥
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ॥ (57)

ਇਨਾ ਕਥਨਾ ਤੋ ਇਹ ਸਪਸ਼ਟ ਹੁੰਦਾ ਹੈ ਕਿ ਮਨੁੱਖ ਪ੍ਰੱਤਖ ਰੂਪ ਵਿੱਚ ਤਾਂ ਸੁਖ ਹੀ ਭੋਗ ਰਿਹਾ ਹੁੰਦਾ ਹੈ ਪਰ ਅੰਤ ਵਿੱਚ ਬਹੁਤੇ ਸੁਖ ਦੁਖ ਦਾ ਰੂਪ ਧਾਰਨ ਕਰ ਲੈਦੇ ਹਨ। ਇਸ ਦਾ ਕਾਰਣ ਇਹ ਹੈ ਕਿ ਭੋਗਣ ਹਾਰੇ ਨੂੰ ਸੱਚੇ ਸੁਖ ਦੀ ਸੋਝੀ ਨਹੀ ਹੁੰਦੀ।
ਸੁਖ ਇੱਕ ਆਤਮ ਮੁਖੀ ਸੰਕਲਪ ਹੈ। ਇਸ ਦੀ ਕੋਈ ਨਿਰਵਿਵਾਦ ਪਰਿਭਾਸ਼ਾ ਵੀ ਨਹੀ ਹੋ ਸਕਦੀ। ਇਹ ਤਾਂ ਆਤਮ ਸੰਤੁਸ਼ਟਤਾ ਦੀ ਮਾਨਸਿਕ ਅਵਸਥਾ ਹੈ। ਜੋ ਕਿਸੇ ਨੂੰ ਕਿਸੇ ਚੀਜ ਰਾਹੀ ਵੀ ਮਿਲ ਸਕਦੀ ਹੈ। ਗੁਰਮਤਿ ਅਨੁਸਾਰ ਗ੍ਰਹਿਸਥ ਦੇ ਸਾਰੇ ਸੁਖ ਸੰਜਮ ਵਿੱਚ ਰਹਿੰਦਿਆ ਭੋਗਣ ਦੀ ਆਗਿਆ ਹੈ। ਗੁਰੂ ਅਰਜੁਨ ਦੇਵ ਜੀ ਨੇ ਸੁਖਮਨੀ ਦੀ ਛੇਵੀ ਅਸਟਪਦੀ ਵਿੱਚ ਛੱਤੀ ਪ੍ਰਕਾਰ ਦੇ ਰਸੀਲੇ ਭੋਜਨ, ਤਨ ਦੀਆਂ ਸੁਗੰਧੀਆਂ, ਘਰ ਦਾ ਸੁਖ, ਪਾਟ ਪਟੰਬਰ ਸੇਜ ਦਾ ਸੁਖ, ਅਭੂਖਨ, ਹਾਥੀ ਘੋੜੈ ਅਤੇ ਰਥ ਦੀ ਸਵਾਰੀ, ਬਾਗ ਮਿਲਖ, ਧਨ, ਸੰਸਾਰੀ ਕਾਰ ਵਿਹਾਰ ਵਿੱਚ ਹੋਈ ਸਫਲਤਾ, ਮਾਨ ਸਨਮਾਨ ਵਧੀਆ ਹਸਦਾ ਰਸਦਾ ਪਰਿਵਾਰ, ਸਭ ਤੋ ਪ੍ਰਾਪਤ ਹੋਇ ਸੁਖ ਭੋਗਣ ਦੀ ਆਗਿਆ ਗੁਰੂ ਸਾਹਿਬ ਨੇ ਬਖਸ਼ੀ ਹੈ। ਪਰ ਨਾਲ ਹੀ "ਤਿਸ ਠਾਕੁਰ ਕਉ ਰਖ ਮਨ ਮਾਹਿ, " "ਤਿਸਹਿ ਧਿਆਇ ਸਦਾ ਮਨ ਅਦੰਰਿ" ਦਾ ਆਦੇਸ ਹੈ ਅਤੇ "ਤਿਸਹਿ ਤਿਆਗ ਕਤ ਅਵਰ ਲੁਭਾਵਹਿ" ਦੀ ਤਾੜਨਾ ਵੀ ਹੈ। ਹੋਰ ਸੁਚੇਤ ਕਿਤਾ ਹੈ ਕਿ ਜੇ ਗ੍ਰਿਹਸਥ ਦੇ ਸੁਖ ਸਮੇ ਠਾਕੁਰ ਨੂੰ ਮਨ ਵਿੱਚ ਨ ਰੱਖਿਆ ਜਾਵੇ ਤਾ ਇਹ ਸੁਖ ਕੁਤੇ ਨੂੰ ਜੂਠ ਖਾਣ ਤੋ ਪ੍ਰਾਪਤ ਹੋਇ ਸੁਖ -ਵਰਗੇ ਹਨ। ਨਾਮ ਬਿਨਾ ਕੀਤੇ ਰਸ ਭੋਗ ਤਨ ਅਤੇ ਮਨ ਦੋਹਾ ਨੂੰ ਰੋਗੀ ਕਰਦੇ ਹਨ। ਗੁਰੂ ਫਰਮਾਨ ਹੈ:
ਨਾਮ ਬਿਨਾ ਜੋ ਪਹਿਰੈ ਖਾਇ॥ ਜਿਉ ਕੂਕਰੁ ਜੂਠਨ ਮਹਿ ਪਾਇ॥ 1॥
ਨਾਮ ਬਿਨਾ ਜੇਤਾ ਬਿਉਹਾਰੁ॥ ਜਿਉ ਮਿਰਤਕ ਮਿਥਿਆ ਸੀਗਾਰੁ॥ 2॥
ਨਾਮੁ ਬਿਸਾਰਿ ਕਰੇ ਰਸ ਭੋਗ॥ ਸੁਖੁ ਸੁਪਨੈ ਨਹੀ ਤਨ ਮਹਿ ਰੋਗ॥ 3॥
ਨਾਮੁ ਤਿਆਗਿ ਕਰੇ ਅਨ ਕਾਜ॥ ਬਿਨਸਿ ਜਾਇ ਝੂਠੇ ਸਭਿ ਪਾਜ॥ 4॥
ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ॥ ਕੋਟਿ ਕਰਮ ਕਰਤੋ ਨਰਕਿ ਜਾਵੈ॥ 5॥
ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ॥
ਚੋਰ ਕੀ ਨਿਆਈ ਜਮ ਪੁਰਿ ਬਾਧਾ॥ 6॥
ਲਾਖ ਅਡੰਬਰ ਬਹੁਤੁ ਬਿਸਥਾਰਾ॥ ਨਾਮ ਬਿਨਾ ਝੂਠੇ ਪਾਸਾਰਾ॥ 7॥
ਹਰਿ ਕਾ ਨਾਮੁ ਸੋਈ ਜਨੁ ਲੇਇ॥ ਕਰਿ ਕਿਰਪਾ ਨਾਨਕ ਜਿਸੁ ਦੇਇ॥
(ਅੰਗ 240)
ਹਰਿ ਨਾਮ ਨੂੰ ਵਿਸਾਰ ਕੇ ਹਾਥੀਆਂ, ਘੋੜਿਆਂ ਦੀ ਸਵਾਰੀ, ਅਤਰ ਚੰਦਨ, ਸੁਦੰਰ ਇਸਤ੍ਰੀ ਦੀ ਸੇਜ ਦੇ ਭੋਗ, ਨਟਾ ਦੇ ਨਾਟਕ, ਰਾਜ ਦਰਬਾਰ ਦੀਆ ਸਜਾਵਟਾ, ਸਿੰਘਾਸਨ ਤਰ੍ਹਾਂ ਤਰ੍ਹਾਂ ਦੇ ਭੋਜਨ ਆਦਿ ਤੋਂ ਮਿਲੇ ਸੁਖ ਵੀ ਮਨ ਨੂੰ ਤ੍ਰਿਪਤ ਨਹੀ ਕਰ ਸਕਦੇ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ।
ਅਨਿਕ ਭਾਤਿ ਮਾਇਆ ਕੇ ਹੇਤ॥
ਸਰਪਰ ਹੋਵਤ ਜਾਨੁ ਅਨੇਤ॥
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ॥
ਓਹ ਬਿਨਸੈ ਉਹੁ ਮਨਿ ਪਛੁਤਾਵੈ॥
ਜੋ ਦੀਸੈ ਸੋ ਚਾਲਨਹਾਰੁ॥
ਲਪਟਿ ਰਹਿਓ ਤਹ ਅੰਧ ਅੰਧਾਰੁ॥
ਬਟਾਊ ਸਿਉ ਜੋ ਲਾਵੈ ਨੇਹ॥
ਤਾ ਕਉ ਹਾਥਿ ਨ ਆਵੈ ਕੇਹ॥
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ॥
ਕਰਿ ਕਿਰਪਾ ਨਾਨਕ ਆਪਿ ਲਏ ਲਾਈ॥ (ਅੰਗ 268)

ਸੋ ਗੁਰਮਤਿ ਅਨੁਸਾਰ ਪਦਾਰਥਕ ਸੁਖ ਭਾਵੇ ਇੱਕ ਸੰਤੁਲਿਤ ਗ੍ਰਿਹਸਥ ਜੀਵਨ ਵਾਸਤੇ ਬਹੁਤ ਜਰੂਰੀ ਹਨ। ਪਰ ਇਹ ਹਨ ਅਸਥਾਈ। ਗੁਰੂ ਸਾਹਿਬ ਨੇ ਇਨਾ ਨੂੰ ਬਟਾਉ ਸਿਉ ਨੇਹ, ਅਨੇਤ, ਚਾਲਨ ਹਾਰ ਅਤੇ ਬਿਰਖ ਕੀ ਛਾਇਆ ਕਿਹਾ ਹੈ। ਅਸਲ ਸੁਖ ਇਨਾ ਛਿਣ ਮਾਤ੍ਰ ਸੁਖਾਂ ਤੋ ਅਗੇ ਕੋਈ ਹੋਰ ਹੀ ਹੈ। ਇਸ ਸੰਧਰਭ ਵਿੱਚ ਗੁਰੂ ਅਰਜਨ ਦੇਵ ਜੀ ਨੇ ਪ੍ਰਸਨ ਉਠਾਇਆ ਹੈ।
ਸੋ ਸੁਖ ਮੋਕੋ ਸੰਤ ਬਤਾਵਹੁ।
ਤ੍ਰਿਸਨਾ ਬੂਝੈ ਮਨ ਤਿਪਤਾਵੋ॥ (179)
ਫੇਰ ਆਪੇ ਹੀ ਅਗੇ ਪ੍ਰਸਨ ਦਾ ਹਲ ਵੀ ਦਸ ਦਿੱਤਾ ਹੈ।
ਕਰਿ ਕਿਰਪਾ ਸੰਤਨ ਸਚੁ ਕਹਿਆ॥
ਸਰਬ ਸੂਖ ਇਹੁ ਆਨੰਦੁ ਲਹਿਆ॥
ਸਾਧਸੰਗਿ ਹਰਿ ਕੀਰਤਨੁ ਗਾਈਐ॥
ਕਹੁ ਨਾਨਕ ਵਡਭਾਗੀ ਪਾਈਐ॥ (179)

ਤ੍ਰਿਸ਼ਨਾ ਬੁਝ ਜਾਣ ਅਤੇ ਮਨ ਦੇ ਤ੍ਰਿਪਤ ਹੋ ਜਾਣ ਦੀ ਅਵਸਥਾ ਇੱਕ ਅਡੋਲ ਅਵਸਥਾ ਹੈ। ਗੁਰਬਾਣੀ ਵਿੱਚ ਏਸ ਅਵਸਥਾ ਲਈ ਸੁਖ, ਸਹਿਜ ਸੁਖ, ਪਰਮਾਨੰਦ, ਸਦਾਨੰਦ ਅਮਰਾਪਦ, ਚੋਥਾਪਦ, ਤੁਰੀਆਪਦ, ਅਤੇ ਜੀਵਨ ਮੁਕਤ ਆਦਿ ਪਦ ਵਰਤੋ ਗਏ ਹਨ। ਏਨਾ ਨੂੰ ਅਡੋਲ ਅਵਸਥਾ ਵੀ ਕਿਹਾ ਜਾਂਦਾ ਹੈ। ਇਹ ਨਾਉ ਭਾਵੇਂ ਵਖ ਵਖ ਹਨ ਪਰ ਅੰਤਰਿਕ ਅਨੂਭੂਤੀ ਅਤੇ ਸਥਿਤੀ ਇੱਕ ਹੀ ਹੈ। ਗੁਰਮਤਿ ਵਿੱਚ ਸੁਖ ਅਤੇ ਆਨੰਦ ਸਮਾਰਥੀ ਸ਼ਬਦ ਹੀ ਹਨ। ਦੋਹਾ ਦਾ ਅਰਥ ਇਕੋ ਹੀ ਹੈ। ਸੁਖਮਨੀ ਸਾਹਿਬ ਦੇ ਆਰੰਭ ਵਿੱਚ ਹੀ ਇਹ ਤੁਕ ਆਉਦੀ ਹੈ।
ਸਿਮਰਉ ਸਿਮਰ ਸਿਮਰ ਸੁਖ ਪਾਵਉ॥
ਕਲਿ ਕਲੇਸ ਤਨ ਮਾਹਿ ਮਿਟਾਵਉ॥

ਇਥੇ ਸੁਖਮਨੀ ਦੇ ਕਰਤਾ ਦਾ ਮੁੱਖ ਉਦੇਸ਼ ਇਹ ਦ੍ਰਿੜ ਕਰਾਉਣਾ ਹੈ ਕਿ ਸਿਮਰਨ ਦੁਆਰਾ ਹੀ ਸੁਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਤਨ ਦੇ ਕਲੇਸ਼ ਮਿਟਦੇ ਹਨ। ਇਥੇ ਧਿਆਨ ਦੇਣ ਯੋਗ ਗਲ ਇਹ ਹੈ ਕਿ ਆਮ ਤੋਰ ਤੇ ਰੋਜ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਵੀ ਇਨਾ ਤੁਕਾ ਦਾ ਉਚਾਰਨ ਗਲਤ ਕਰਦੇ ਹਨ ਅਕਸਰ ਪਾਠੀ ਇਸ ਨੂੰ "ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਲ ਕਲੇਸ਼ ਤਨ ਮਾਹੇ ਮਿਟਾਵੋ। " ਕਰ ਕੇ ਹੀ ਪੜਦੇ ਹਨ ਜਿਸ ਤੋ ਭਾਵ ਇਹ ਬਣਦਾ ਹੈ ਕਿ ਸ਼ਾਇਦ ਪਾਠੀ ਬਾਕੀ ਦੇ ਸਾਰੇ ਸ੍ਰੋਤਿਆ ਨੂੰ ਕੋਈ ਹਿਦਾਇਤ ਜਾਂ ਹੁਕਮ ਦੇ ਰਿਹਾ ਹੈ ਕਿ ਤੁਸੀ ਸਾਰੇ ਸਿਮਰੋ ਅਤੇ ਸਿਮਰ ਕੇ ਸੁਖ ਪ੍ਰਾਪਤ ਕਰੋ। ਜਦ ਕਿ ਗੁਰੂ ਜੀ ਨੇ ਸਿਮਰਉ ਸ਼ਬਦ ਦੀ ਵਰਤੋ ਕੀਤੀ ਹੈ। ਜਿਸ ਦਾ ਭਾਵ ਹੈ ਕਿ ਮੈ ਸਿਮਰਾਂ ਅਤੇ ਸਿਮਰ ਸਿਮਰ ਕੇ ਸੁਖ ਪਾਵਾਂ ਅਤੇ ਆਪਣੇ ਤਨ ਦੇ ਕਲੇਸ਼ ਮਿਟਾ ਲਵਾਂ। ਸਿਮਰੋ ਇੱਕ ਹੁਕਮ ਹੈ, ਹਿਦਾਇਤ ਹੈ ਜਦ ਕਿ ਸਿਮਰਉ ਵਿੱਚ ਨਿਮਰਤਾ ਹੈ ਹਲੀਮੀ ਹੈ ਅਤੇ ਅਰਦਾਸ ਹੈ। ਜਦ ਗੁਰੂ ਸਾਹਿਬ ਸਿਮਰਨ ਦੁਆਰਾ ਪ੍ਰਾਪਤ ਕੀਤੀ ਅਵਸਥਾ ਦਾ ਬਿਆਨ ਕਰਦੇ ਹਨ ਤਾਂ ਪਰਮਾਨੰਦ ਅਤੇ ਸਦਾ ਆਨੰਦ ਪਦਾਂ ਦੀ ਵਰਤੋ ਕਰਦੇ ਹਨ।
ਪ੍ਰਭ ਕੀ ਆਗਿਆ ਆਤਮ ਹਿਤਾਵੈ॥
ਜੀਵਨ ਮੁਕਤਿ ਸੋਊ ਕਹਾਵੈ॥
ਤੈਸਾ ਹਰਖੁ ਤੈਸਾ ਉਸੁ ਸੋਗੁ॥
ਸਦਾ ਅਨੰਦੁ ਤਹ ਨਹੀ ਬਿਓਗੁ॥ (275)
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ॥
ਬ੍ਰਹਮ ਗਿਆਨੀ ਕੇ ਘਰਿ ਸਦਾ ਆਨੰਦ॥ (273)

ਇਸੇ ਅਵਸਥਾ ਦਾ ਬਿਆਨ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਵਿੱਚ ਕੀਤਾ ਹੈ।
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ॥ 1॥
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ॥ (1302)

ਸਦਾ ਆਨੰਦ, ਪਰਮਾਨੰਦ ਅਤੇ ਸੁਖ ਦੀ ਅਵਸਥਾ ਦੇ ਵਰਣਨ ਤੋ ਸਪਸ਼ਟ ਹੈ ਕਿ ਇਹ ਇੱਕ ਅਜੇਹੀ ਅਵਸਥਾ ਹੈ ਜਿਥੇ ਹਰਖ ਸ਼ੋਕ ਦਾ ਕੋਈ ਅੰਤਰ ਨਹੀ। ਜਿਥੇ ਹਾਰ ਨਹੀ
ਸਦਾ ਜਿੱਤ ਹੀ ਹੈ। ਗੁਰਮਤਿ ਦੇ ਮੁਤਾਬਕ ਨਾ ਸੁਖ ਨੀਵਾ ਹੈ ਨਾ ਆਨੰਦ ਉਚਾ। ਇਹ ਤਾਂ ਸਦਾ ਸੁਖ ਸਦਾ ਹਰਸ਼ ਜਾਂ ਸਦਾ ਆਨੰਦ ਦੀ ਇੱਕ ਰਹੱਸ ਮਈ ਅਵਸਥਾ ਹੈ। ਸੁਖਮਨੀ ਵਿੱਚ ਅਜਿਹੇ ਮੁਕਤ ਜਾਂ ਆਤਮ ਮੰਡਲ ਦੇ ਨਿਵਾਸੀ ਲਈ ਗੁਰਮੁਖ, ਬ੍ਰਹਮ ਗਿਆਨੀ, ਸਾਧ, ਭਗਤ, ਸੰਤ, ਜੀਵਨ ਮੁਕਤ ਅਤੇ ਨਰ ਆਦਿ ਪਦ ਵਰਤੇ ਗਏ ਹਨ। ਗੁਰੂ ਸਾਹਿਬ ਅਤੇ ਸੰਤਾ ਦਾ ਇਹ ਯਤਨ ਸੀ ਕਿ ਅਸੀ ਸਾਰੇ ਉਸ ਅਵਸਥਾ ਵਲ ਵਧੀਏ। ਇਸ ਕਰਕੇ ਬਾਣੀ ਵਿੱਚ ਇਨਾ ਆਦਰਸ਼ ਪੁਰਖਾਂ ਦੀਆ ਮਿਸਾਲਾਂ ਮਿਲਦੀਆਂ ਹਨ।
ਕਰਮ ਕਾਡਾਂ ਦੁਆਰਾ ਹਜਾਰਾਂ ਸਾਲਾਂ ਤੋ ਸੁਖ ਲਭਣ ਦੀ ਕੋਸ਼ਿਸ ਕੀਤੀ ਗਈ ਹੈ ਪਰ ਅਸਫਲਤਾ ਹੀ ਹਥ ਆਈ ਹੈ। ਕਰਮ ਕਾਂਡ ਦ੍ਵੇਤ ਭਾਵਨਾ ਨੂੰ ਜਨਮ ਦੇਂਦੇ ਹਨ ਅਤੇ ਦ੍ਵੇਤ ਤੋ ਜਨਮ ਲੈਦੀ ਹੈ ਹਉਮੇ। ਜਿਥੇ ਦ੍ਵੇਤ ਤੇ ਹਉਮੇ ਦੋਨੋ ਇਕਠੇ ਹੋ ਜਾਣ ਉਥੇ ਸੁਖ ਲਈ ਕੋਈ ਥਾਂ ਨਹੀ ਰਹਿੰਦੀ। ਸੋ ਇਸ ਲਈ ਗੁਰੂ ਜੀ ਨੇ ਇਸ ਮਾਰਗ ਤੋ ਵਰਜਿਆ ਹੈ
ਨਿਮਖ ਨਿਮਖ ਕਰ ਸ਼ਰੀਰ ਕਟਾਵੈ ਤੋਭੀ ਹਉਮੇ ਮੈਲ ਨ ਜਾਵੈ। (2-3)
ਸੁਖਮਨੀ ਅ: ਪ: (265)
ਅਨਿਕ ਪ੍ਰਕਾਰ ਕੀਏ ਬਹੁ ਜਤਨਾ।
ਪੁਨੰ ਦਾਨ ਹੋਮੇ ਬਹੁ ਰਤਨਾ॥ ਸੁਖਮਨੀ ਅ: ਪ: (1-3) (265)

ਕਰਮ ਕਾਂਡੀ ਆਪਣੇ ਮੰਤ੍ਰ ਪਾਠ ਅਤੇ ਪੁੰਨ ਦਾਨ ਉਤੇ ਵਿਸ਼ਵਾਸ ਰਖਦਾ ਹੈ ਜਿਸ ਕਰਕੇ ਬਾਰ ਬਾਰ ਡੋਲਦਾ ਹੈ। ਗੁਰੂ ਦੀ ਸ਼ਰਨ ਅਡੋਲ ਅਵਸਥਾ ਦੀ ਪ੍ਰਾਪਤੀ ਦਾ ਭਰੋਸਾ ਦਿਵਾਉਦੀ ਹੈ। ਜਿਸ ਭਗਤੀ ਵਿੱਚ ਗੁਰੂ ਦੀ ਸੇਵਾ, ਨਾਮ ਜਪਣਾ, ਸਿਮਰਨ ਕਰਨਾ, ਸਾਧ ਸੰਗਤ ਵਿੱਚ ਜਾਣਾ ਸਾਰੇ ਕਾਰਜ ਸਾਮਿਲ ਹੋਣ। ਪ੍ਰਭੂ ਦੀ ਦ੍ਰਿਸ਼ਟੀ ਅਰਥਾਤ ਮਿਹਰ ਸਭ ਤੋ ਵੱਧ ਜਰੂਰੀ ਹੈ। ਅਤੇ ਪ੍ਰਭੂ ਦੀ ਮੇਹਰ ਵਾਸਤੇ ਜਰੂਰੀ ਹੈ ਉਸ ਦਾ ਸਿਮਰਨ ਪ੍ਰਭੂ ਸਿਮਰਨ ਵਿੱਚ ਹੀ ਸਾਰੇ ਸੁਖਾਂ ਦੀ ਪ੍ਰਾਪਤੀ ਹੈ।
ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ॥
ਹਰਿ ਰਸੁ ਪਾਵੈ ਬਿਰਲਾ ਕੋਇ॥
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ॥
ਪੂਰਨ ਪੁਰਖ ਨਹੀ ਡੋਲਾਨੇ॥
ਸੁਭਰ ਭਰੇ ਪ੍ਰੇਮ ਰਸ ਰੰਗਿ॥
ਉਪਜੈ ਚਾਉ ਸਾਧ ਕੈ ਸੰਗਿ॥
ਪਰੇ ਸਰਨਿ ਆਨ ਸਭ ਤਿਆਗਿ॥
ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ॥
ਬਡਭਾਗੀ ਜਪਿਆ ਪ੍ਰਭੁ ਸੋਇ॥
ਨਾਨਕ ਨਾਮਿ ਰਤੇ ਸੁਖੁ ਹੋਇ॥ (289)

ਸੁਖਮਨੀ ਸਾਹਿਬ ਵਿੱਚ ਸੁਖ ਦੁਖ ਦਾ ਜਿਕਰ ਕਈ ਥਾ ਤੇ ਆਇਆ ਹੈ ਤੇ ਹਰ ਥਾਂ ਨਾਮ ਨੂੰ ਹੀ ਸੁਖ ਕਰਤਾ ਤੇ ਦੁਖ ਹਰਤਾ' ਦਰਸਾਇਆ ਗਿਆ ਹੈ। ਇਸ ਬਾਣੀ ਦੀ ਰਹਾਉ ਦੀ ਤੁਕ ਹੈ।
"ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ"
ਇਹ ਤਾ ਸਪਸ਼ਟ ਉਲੇਖ ਕਰਦੀ ਹੈ ਕਿ ਅਮ੍ਰਿਤ ਸੁਖ ਅਤੇ ਮਾਨਸਿਕ ਸ਼ਾਂਤੀ ਕੇਵਲ ਪ੍ਰਭੂ ਦੇ ਨਾਮ ਵਿੱਚ ਹੀ ਹੈ। ਬਾਣੀ ਦੀ ਸੁਰੂਆਤ ਹੀ ਇਸ ਸੱਦੇ ਨਾਲ ਹੁਦੀ ਹੈ ਕਿ ਆਉ ਸਿਮਰਨ ਕਰੀਐ ਉਸ ਦੇ ਸਿਮਰਨ ਨਾਲ ਹੀ ਸੁਖ ਮਿਲਦਾ ਹੈ ਦੁਖ ਦੁਰ ਹੁੰਦੇ ਹਨ ਅਤੇ ਕਲੇਸ਼ਾ ਦਾ ਨਾਸ ਹੁੰਦਾ ਹੈ।
ਸਿਮਰਉ ਸਿਮਰ ਸਿਮਰ ਸੁਖ ਪਾਵਉ।
ਕਲ ਕਲੇਸ ਤਨ ਮਾਹਿ ਮਿਟਾਵਉ।

ਪਹਿਲੀ ਅਸਟਪਦੀ ਸਿਮਰਨ ਦੀ ਮਹਿਮਾ ਦਰਸਾਉਦੀ ਹੈ ਅਤੇ ਇਹ ਦ੍ਰਿੜ ਕਰਵਾਉਦੀ ਹੈ ਕਿ ਸਿਮਰਨ ਵਿਚੋ ਹੀ ਸਾਰੇ ਸੁਖਾਂ ਦੀ ਪ੍ਰਾਪਤੀ ਹੈ। ਨਾਮ ਸਿਮਰਨ ਵਿੱਚ ਐਸੀ ਸੁਖ ਸਾਂਤੀ ਹੈ ਜਿਸ ਦੀ ਵਿਆਖਿਆ ਨਹੀ ਕੀਤੀ ਜਾ ਸਕਦੀ। ਦੂਜੀ ਅਸਟਪਦੀ ਵੀ ਇਹ ਦ੍ਰਿੜ ਕਰਵਾਉਦੀ ਹੈ ਕਿ ਨਾਮ ਸਿਮਰਨ ਹੀ ਸਾਰੀਆ ਸਮਸਿਆਵਾ ਦਾ ਸਮਾਧਾਨ ਹੈ। ਹਰ ਸਕੰਟ ਨੂੰ ਮਿਟਾਉਣ ਵਾਲਾ ਨਾਮ ਹੀ ਹੈ। ਇਹੋ ਕਲਪ ਬ੍ਰਿਛ ਹੈ ਇਹੋ ਕਾਮਧੇਨ ਹੈ। ਸਾਰੀਆ ਇਛਾਵਾਂ ਇਸੇ ਸਿਮਰਨ ਨਾਲ ਪੂਰੀਆ ਹੋ ਸਕਦੀਆ ਹਨ ਇਸ ਦਾ ਕੋਈ ਮੁਕਾਬਲਾ ਨਹੀ। ਨਾਮ ਸਿਮਰਨ ਦੀ ਮਹਿਮਾ ਪਹਿਲੀ, ਦੂਜੀ, ਚੋਥੀ, ਪੰਜਵੀ, ਬਾਰਵੀ, ਤੇਰਵੀ, ਚੋਦਵੀ, ਪੰਦਰਵੀ, ਸੋਲਵੀ, ਸਤਾਰਵੀ, ਉਨੀਵੀ, ਤੇਈਵੀ ਅਤੇ ਚੋਵੀਵੀ ਅਸਟਪਦੀ ਵਿੱਚ ਭਰਪੂਰ ਕੀਤੀ ਗਈ ਹੈ ਤਾ ਕਿ ਪਾਠੀ ਨੂੰ ਇਹ ਗਲ ਚੰਗੀ ਤਰਾਂ ਸਮਝ ਆ ਜਾਵੇ ਕਿ ਨਾਮ ਸਿਮਰਨ ਨਾਲ ਹੀ ਸਾਰੇ ਸੁਖਾਂ ਦੀ ਪ੍ਰਾਪਤੀ ਹੈ
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ॥ ਨਾਨਕ ਤੇ ਜਨ ਸਹਜਿ ਸਮਾਤਿ॥ (5-4)
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ॥ ਸਰਬ ਸੂਖ ਤਾਹੂ ਮਨਿ ਵੂਠਾ॥ (1-5)
ਨਾਮ ਰੰਗਿ ਸਰਬ ਸੁਖੁ ਹੋਇ॥ ਬਡਭਾਗੀ ਕਿਸੈ ਪਰਾਪਤਿ ਹੋਇ॥ (5-12)
ਸੰਤ ਕੈ ਦੂਖਨਿ ਸੁਖੁ ਸਭੁ ਜਾਇ॥ ਸੰਤ ਕੈ ਦੂਖਨਿ ਨਰਕ ਮਹਿ ਪਾਇ॥
(1-13)
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ॥
(1-14)
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ॥ ਜਪਿ ਜਪਿ ਜੀਵੈ ਨਾਨਕ ਹਰਿ ਨਾਉ॥
(4-15)
ਨਾਮੁ ਧਨੁ ਨਾਮੋ ਰੂਪੁ ਰੰਗੁ॥ ਨਾਮੋ ਸੁਖੁ ਹਰਿ ਨਾਮ ਕਾ ਸੰਗੁ॥ (6-16)
ਤਿਸ ਕੀ ਸਰਨਿ ਸਰਬ ਸੁਖ ਪਾਵਹਿ॥ ਤਿਸ ਕੈ ਦਰਸਿ ਸਭ ਪਾਪ ਮਿਟਾਵਹਿ॥
(8-17)
ਕਲਿ ਤਾਤੀ ਠਾਂਢਾ ਹਰਿ ਨਾਉ॥ ਸਿਮਰਿ ਸਿਮਰਿ ਸਦਾ ਸੁਖ ਪਾਉ॥ (3-19)
ਜੋ ਜਾਨੈ ਤਿਸੁ ਸਦਾ ਸੁਖੁ ਹੋਇ॥ ਆਪਿ ਮਿਲਾਇ ਲਏ ਪ੍ਰਭੁ ਸੋਇ॥ (8-23)
ਗੋਪਾਲ ਦਾਮੋਦਰ ਦੀਨ ਦਇਆਲ॥ ਦੁਖ ਭੰਜਨ ਪੂਰਨ ਕਿਰਪਾਲ॥ (2-24)
ਸੁਖਮਨੀ ਸਹਜ ਗੋਬਿੰਦ ਗੁਨ ਨਾਮ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ॥
(5-24)

ਇਹ ਗਲ ਸਾਫ ਤੋਰ ਤੇ ਕਹੀ ਗਈ ਹੈ ਕਿ ਨਾਮ ਦਾ ਅਨੁਭਵ ਹੀ ਸਰਬ ਵਿਆਪੀ ਹਸਤੀ ਭਾਵ ਪਰਮਾਤਮਾ ਦਾ ਅਨੁਭਵ ਹੈ। ਕਰਨ ਕਰਾਵਨ ਹਾਰ ਉਹੀ ਹੈ ਅਤੇ ਮਨੁਖ ਦੇ ਹਥ ਕੁੱਝ ਨਹੀ। ਇਸ ਦੇ ਉਲਟ ਜੇ ਕੋਈ ਹਉਮੇ ਅਤੇ ਮਮਤਾ ਦਾ ਸਿਕਾਰ ਹੋ ਜਾਵੇ ਤਾਂ ਸੁਖ ਕਿਸੇ ਤਰਾਂ ਵੀ ਨਹੀ ਨਸੀਬ ਹੋ ਸਕਦਾ। ਭਾਵੇ ਪਦਾਰਥਕ ਪ੍ਰਾਪਤੀਆ ਕਿਨ੍ਹੀਆਂ ਵੀ ਹੋ ਜਾਵਣ ਏਸ ਤੋ ਇਹ ਸਾਫ ਪਤਾ ਲਗਦਾ ਹੈ ਕਿ ਦੁਖ ਹਉਮੇ ਅਤੇ ਮਮਤਾ ਕਰਕੇ ਹਨ। ਅਗਰ ਕੋਈ ਇਨਾ ਦੋਨਾ ਤੇ ਕਾਬੂ ਪਾ ਲਵੇ ਤਾਂ ਕੋਈ ਕਾਰਣ ਨਹੀ ਕਿ ਉਹ ਦੁਖਾਂ ਜਾਂ ਪੀੜਾ ਦਾ ਸ਼ਿਕਾਰ ਹੋਵੇ। ਹਉਮੇ ਹੰਕਾਰ ਤੇ ਮਮਤਾ ਨੂੰ ਤਿਆਗ ਕੇ ਜਦ ਮਨੁਖ ਪ੍ਰਭੂ ਦੇ ਭਾਣੇ ਨੂੰ ਉਸਦਾ ਹੁਕਮ ਕਰਕੇ ਮੰਨਣ ਦਾ ਸੁਭਾ ਬਣਾ ਲੈਦਾ ਹੈ ਤਾ ਉਸ ਨੂੰ ਆਤਮਿਕ ਸੁਖ, ਪਰਮਾਨੰਦ ਅਤੇ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪਰ ਇਨਾ ਪ੍ਰਾਪਤੀਆ ਵਾਸਤੇ ਅਧਿਆਤਮਕ ਨਿਸ਼ਠਾਵਾਨ ਹੋਣਾ ਪੈਦਾ ਹੈ। ਇਸ ਤਰਾਂ ਮਨੁਖ ਇਸ ਨਤੀਜੇ ਤੇ ਅਪੜਦਾ ਹੈ ਕਿ ਕਰਨ ਕਰਾਵਨ ਹਾਰ ਸਿਰਫ ਪਰਮਾਤਮਾ ਹੀ ਹੈ, ਮਨੁਖ ਦੇ ਕੀਤੀਆ ਕੁੱਝ ਨਹੀ ਹੋ ਸਕਦਾ। ਭਾਣੇ ਵਿੱਚ ਰਹਿਣ ਵਾਲੇ ਸਦਾ ਆਨੰਦ ਤੇ ਖੁਸ਼ੀਆਂ ਵਿੱਚ ਰਹਿੰਦੇ ਹਨ ਉਨਾ ਨੂੰ ਕੋਈ ਦੁਖ ਕੋਈ ਤੋਖਲਾ ਪੋਹ ਨਹੀ ਸਕਦਾ ਇਸ ਤਰਾਂ ਉਹ ਬ੍ਰਹਮ ਗਿਆਨੀ ਹੋ ਨਿਬੜਦੇ ਹਨ। ਬ੍ਰਹਮ ਗਿਆਨੀ ਸਮਦ੍ਰਿਸ਼ਟਾ, ਹੁੰਦਾ ਹੈ, ਉਹ ਸੁਖ ਦੁਖ, ਸਤ੍ਰ, ਮਿਤ੍ਰ ਤੇ ਮਾਨ ਅਪਮਾਨ ਨੂੰ ਸਮਾਨ ਸਮਝਦਾ ਹੈ। ਇਹ ਬਹੁਤ ਉਚਾ ਦਰਜਾ ਹੈ ਇਥੇ ਪੁਜਣ ਵਾਸਤੇ ਬੜੀ ਕੜੀ ਨਿਸ਼ਠਾ ਤੇ ਅਡੋਲਤਾ ਦਾ ਹੋਣਾ ਜਰੂਰੀ ਹੈ। ਹਰ ਕੋਈ ਇਸ ਅਵਸਥਾ ਤਕ ਨਹੀ ਪੁਜ ਸਕਦਾ। ਅਧਿਆਤਮਕ ਉਚੱਤਾ ਪ੍ਰਾਪਤ ਕਰਨ ਵਾਲੇ ਸਮਦ੍ਰਿਸ਼ਟੀ ਰਖਦੇ ਹੋਏ ਸਦਾ ਆਨੰਦ ਵਿੱਚ ਵਿਚਰ ਦੇ ਹਨ। ਅਠਵੀ ਅਸਟਪਦੀ ਇਸੇ ਗੱਲ ਨੂੰ ਦ੍ਰਿੜ ਕਰਾਉਦੀ ਹੈ। ਸੋ ਸੁਖਮਨੀ ਜਿਗਿਆਸੂ ਨੂੰ ਬਾਰ ਬਾਰ ਤਾਕੀਦ ਕਰਦੀ ਹੈ, ਸਾਵਧਾਨ ਕਰਦੀ ਕਿ ਉਸ ਨੇ ਪ੍ਰਭੂ ਦੀ ਰਜਾ ਵਿੱਚ ਹੀ ਰਾਜੀ ਰਹਿਣਾ ਹੈ। ਇਹ ਅਵਸਥਾ ਕੇਵਲ ਤੇ ਕੇਵਲ ਨਾਮ ਸਿਮਰਨ ਦੁਆਰਾ ਹੀ ਸੰਭਵ ਹੋ ਸਕਦੀ ਹੈ। ਇਸ ਕਰਕੇ ਸੁਖਮਨੀ ਵਿੱਚ ਨਾਮ ਸਿਮਰਨ ਨੂੰ ਹੀ ਬਾਰ ਬਾਰ ਸੁਖ ਦੀ ਪ੍ਰਾਪਤੀ ਦਾ ਸਾਧਨ ਕਿਹਾ ਗਿਆ ਹੈ। ਪਹਿਲੇ ਰਹਾਉ ਦੀ ਤੁਕ ਹੈ "ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ " ਤੇ ਅੰਤਿਮ ਤੁਕ ਹੈ "ਨਾਨਕ ਇਹ ਗੁਣ ਨਾਮ ਸੁਖਮਨੀ "। ਇਸ ਤੋ ਇਹ ਸਪਸ਼ਟ ਹੈ ਕਿ ਪ੍ਰਭੂ ਦਾ ਨਾਮ ਹੀ ਸੁਖਮਨੀ ਹੈ ਅਤੇ ਨਾਮ ਸਿਮਰਨ ਹੀ ਸਾਰੇ ਦੁਖਾਂ ਕਲੇਸ਼ਾ ਦਾ ਨਾਸ ਕਰਣ ਵਾਲਾ ਹੈ। ਸਭ ਤਰਾਂ ਦੇ ਸੁਖ ਆਨੰਦ ਪ੍ਰਦਾਨ ਕਰਨ ਵਾਲਾ ਹੈ। ਇਹ ਸੁਖਮਨੀ ਦਾ ਸੁਖ-ਸਿਧਾਤ ਹੈ ਜੋ ਗੁਰੂ ਅਰਜਨ ਦੇਵ ਜੀ ਨੇ ਆਪਣੇ ਅਨੁਭਵ ਰਾਹੀ ਵਰਣਨ ਕੀਤਾ ਹੈ।
ਸੁਖਮਨੀ ਰੱਬੀ ਸਿਦਕ, ਸ੍ਰੇਸ਼ਟਾਚਾਰ, ਸੁਹਿਰਦਤਾ, ਸਹਿਨਸ਼ੀਲਤਾ, ਸੰਤੁਸ਼ਟਤਾ, ਸਰਬ ਕਲਿਆਣਕਾਰੀ ਭਾਵਨਾ ਤੇ ਸਹਿਜ ਸੰਤੁਲਨ ਵਰਗੇ ਗੁਣਾ ਨੂੰ ਦ੍ਰਿੜ ਕਰਾਉਦੀ ਹੈ ਅਤੇ ਜੀਵਨ ਦੀਆ ਉਚਾਈਆ ਉਤੇ ਅਪੜਨ ਲਈ ਪ੍ਰੇਰਦੀ ਹੈ।
ਗੁਰੂ ਅਰਜਨ ਦੇਵ ਜੀ ਨੇ ਪੂਰੇ ਸੁਖਮਨੀ ਸਾਹਿਬ ਵਿੱਚ ਨਾਮ ਦੀ ਬਹੁਤ ਵਡੀ ਮਹਿਮਾ ਦਰਸਾਈ ਹੈ। ਜਦੋਂ ਸਤਿਗੁਰ ਦੇ ਉਪਦੇਸ਼ ਉਤੇ ਚਲਦੇ ਹੋਇ ਲਿਵ ਨੂੰ ਅਦੰਰੋ ਨਾਮ ਨਾਲ ਜੋੜਿਆ ਜਾਏ ਤਾਂ ਉਸ ਅਬਿਨਾਸੀ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਜਿਸ ਦੇ ਫਲਸਰੂਪ ਸਚੀ ਸ਼ਾਂਤੀ ਅਮਰਾਨੰਦ ਅਤੇ ਅਮ੍ਰਿਤ-ਸੁਖ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਤਰਾਂ ਨਾਮ ਸਿਮਰਨ ਹੀ ਸੱਚਾ ਧਨ ਹੈ, ਨਾਮ ਹੀ ਸੱਚਾ ਸੁਖ ਹੈ। ਨਾਮ ਹੀ ਸੱਚਾ ਸੰਬਧੀ ਅਤੇ ਸਹਾਇਕ ਹੈ। ਨਾਮ ਉਹ ਅਮੋਲਕ ਪੂੰਜੀ ਹੈ ਜਿਸ ਨੂੰ ਪਾ ਕੇ ਜੀਵ ਸਦਾ ਲਈ ਮਰਨ-ਜੰਮਣ ਤੋ ਆਜਦ ਹੋ ਜਾਂਦਾ ਹੈ ਅਤੇ ਪਰਮ ਸੁਖ ਦਾ ਭਾਗੀ ਬਣ ਜਾਂਦਾ ਹੈ। ਇਹੀ ਸਚਾ ਸੰਦੇਸ਼ ਹੈ ਸੁਖਮਨੀ ਦਾ।

ਦਾਸ
ਮਹਿੰਦਰ ਸਿੰਘ ਡਿਡਨ




.