.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 37)

ਪ੍ਰੋ: ਇੰਦਰ ਸਿੰਘ ‘ਘੱਗਾ’

ਬ੍ਰਹਮਾ:- ਚਤੁਰਾਨਨ, ਪਿਤਾਮਾ, ਪੌਰਾਣਕ ਗਰੰਥਾਂ ਅਨੁਸਾਰ ਜਗਤ ਦੀ ਰਚਨਾ ਕਰਨ ਵਾਲਾ ਦੇਵਤਾ! ਇਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ। ਹਿੰਦੂ ਤ੍ਰਿਮੂਰਤੀ ਦਾ ਪਹਿਲ ਦੇਵਤਾ। ਇਹ ਦੁਨਿਆਵੀ ਅੰਡੇ ਤੋਂ ਪੈਦਾ ਹੋਇਆ। ਇਸ ਦਾ ਰੰਗ ਲਾਲ ਹੈ, ਚਾਰ ਸਿਰ ਹਨ। ਪੰਜਵਾਂ ਸਿਰ ਆਪਣੀ ਹੀ ਬੇਟੀ ਨਾਲ ਬਲਾਤਕਾਰ ਕਾਰਨ ਸ਼ਿਵ ਨੇ ਕੱਟ ਦਿੱਤਾ ਸੀ। ਇਸ ਦੀਆਂ ਚਾਰ ਬਾਹਵਾਂ ਹਨ। ਹੱਥ ਵਿੱਚ ਸ਼ਾਹੀ ਡੰਡਾ ਹੈ। ਸ੍ਰਸਵਤੀ ਪਤਨੀ ਹੈ, ਹੰਸ ਦੀ ਸਵਾਰੀ ਕਰਦਾ ਹੈ। ਇਹ ਵੱਡਾ ਵਿਭਚਾਰੀ ਬਣ ਗਿਆ ਸੀ। ਜਿਸ ਕਾਰਨ ਵਿਸ਼ਨੂੰ ਤੇ ਸ਼ਿਵ ਨੇ ਇਸ ਦੀਆਂ ਸ਼ਕਤੀਆਂ ਖੋਹ ਲਈਆਂ। ਬ੍ਰਹਮਾ ਨੇ ਦਕਸ਼ ਨੂੰ ਆਪਣੇ ਅੰਗੂਠੇ ਵਿਚੋਂ ਪੈਦਾ ਕੀਤਾ। (ਹਿੰਦੂ ਮਿਥਿਹਾਸ ਕੋਸ਼, ਪੰਨਾ - 366)
ਵਿਚਾਰ:- ਹਿੰਦੂ ਪਰਾਣਕ ਗਰੰਥਾਂ ਵਿੱਚ ਪਰਮਾਤਮਾ ਦਾ ਲੱਗਭਗ ਖਾਤਮਾ ਹੀ ਕਰ ਦਿੱਤਾ ਗਿਆ ਹੈ। ਸੁਪ੍ਰੀਮ ਪਾਵਰ, ਵਾਹਿਦ ਲਾਸਰੀਕ ਦੇ ਬਹੁਤ ਸਾਰੇ ਸ਼ਰੀਕ ਪੈਦਾ ਕਰ ਦਿੱਤੇ ਗਏ ਹਨ। ਇਲਜ਼ਾਮ ਲਾਇਆ ਗਿਆ ਸੀ ਕਿ ਬੁੱਧ ਧਰਮ ਨਾਸਤਕ ਧਰਮ ਹੈ। ਅਸਲ ਵਿੱਚ ਨਾਸਤਕ ਉਹ ਮੰਨਿਆ ਜਾਂਦਾ ਹੈ ਜਿਸ ਨੂੰ ਰੱਬ ਤੇ ਵਿਸ਼ਵਾਸ ਨਾ ਹੋਵੇ, ਰੱਬ ਦੀ ਹੋਂਦ ਤੋਂ ਇਨਕਾਰੀ ਹੋਵੇ। ਇੱਧਰ ਹਿੱਕ ਦੇ ਤਾਣ ਰੱਬ ਦੀ ਥਾਵੇਂ ਕਰੋੜਾਂ ਦੇਵਤੇ ਉਸ ਦੇ ਮੁਕਾਬਲੇ ਵਿੱਚ ਲਿਆ ਖਲ੍ਹਾਰੇ। ਫਿਰ ਭੀ ਇਹ ਲੋਕ ਆਪਣੇ ਆਪ ਨੂੰ ਆਸਤਕ ਗਰਦਾਨ ਰਹੇ ਹਨ। ਮੰਨੂੰ ਸਿਮ੍ਰਿਤੀ ਦਾ ਫੈਸਲਾ ਹੈ ਕਿ “ਵੇਦ ਨਿੰਦਕੋ ਨਾਸਤਕੋ”। ਰੱਬ ਨੂੰ ਨਹੀਂ ਕੋਈ ਮੰਨਦਾ ਨਾ ਸਹੀ, ਪਰ ਵੇਦਾਂ ਦਾ ਵਿਰੋਧੀ ਨਾ ਹੋਵੇ, ਉਹ ਆਸਤਕ ਮੰਨਿਆ ਗਿਆ ਹੈ। ਇਸ ਹਿਸਾਬ ਨਾਲ ਨਾਮਦੇਵ, ਕਬੀਰ, ਗੁਰੂ ਨਾਨਕ ਸਾਹਿਬ ਆਦਿ ਸਾਰੇ ਮਹਾਂਪੁਰਖ ਅਤਿਅੰਤ ਪਰਉਪਕਾਰੀ, ਰੱਬੀ ਜਹੂਰ ਨੂੰ ਕਣ ਕਣ ਵਿੱਚ ਹਰ ਮਨੁੱਖ ਮਾਤਰ ਵਿੱਚ ਵੇਖਣ ਵਾਲੇ ਸਨ, ਉਹ ਭੀ ਨਾਸਤਕ ਮੰਨੇ ਜਾਣਗੇ। ਕਿਉਂਕਿ ਉਹ ਵੇਦਾਂ ਨੂੰ ਨਹੀਂ ਮੰਨਦੇ, ਉਹ ਅਵਤਾਰਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ, ਅਜੋਨੀ ਨਿਰੰਕਾਰ ਨੂੰ ਮੰਨਦੇ ਹਨ। ਇਸਲਾਮ ਧਰਮ, ਇਸਾਈ ਧਰਮ ਫਿਰ ਤਾਂ ਸਾਰੇ ਹੀ ਨਾਸਤਕ ਹਨ।
ਪੌਰਾਣਕ ਗਰੰਥ ਲਿਖਣ ਵਾਲੇ ਬ੍ਰਾਹਮਣ, ਪਤਾ ਨਹੀਂ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਸਨ, ਜੋ ਇਸ ਤਰ੍ਹਾਂ ਦੀਆਂ ਬੇਸਿਰ ਪੈਰ ਦੀਆਂ ਕਹਾਣੀਆਂ ਲਿਖਦੇ ਗਏ, ਪਰਚਾਰਦੇ ਗਏ। ਇਹਨਾਂ ਕਹਾਣੀਆਂ ਨੂੰ “ਧਰਮ” ਬਣਾ ਕੇ ਪੇਸ਼ ਕਰਦੇ ਗਏ। ਇੱਕ ਪਾਸੇ ਮਿੱਥ ਦਿੱਤਾ ਗਿਆ ਕਿ ਬ੍ਰਹਮਾ ਕੁੱਲ ਕਾਇਨਾਤ ਨੂੰ ਸਾਜਣ ਵਾਲਾ ਹੈ। ਦੂਜੇ ਥਾਂ ਉਹੀ ਬ੍ਰਹਮਾ ਭਿਖਾਰੀ, ਚੋਰ ਤੇ ਬਲਾਤਕਾਰੀ ਭੀ ਬਣਾ ਧਰਿਆ ਹੈ। ਸਾਰੀ ਦੁਨੀਆ ਦੇ ਸਿਆਣੇ ਲੋਕ ਹੁਣ ਸਮਝ ਚੁੱਕੇ ਹਨ ਕਿ ਇਸ ਕੁਦਰਤ ਦੇ ਪਿੱਛੇ ਕੋਈ ਅਸੀਮ ਕਾਦਰ ਹੈ। ਬ੍ਰਹਮਾ ਵਰਗਿਆਂ ਦੀ ਹਸਤੀ ਤਾਂ ਇੱਕ ਮੱਛਰ ਮੱਖੀ ਜਿੰਨੀ ਭੀ ਨਹੀਂ ਬਣਦੀ। ਇਸ ਬ੍ਰਹਮੇ ਦਾ ਸਰੀਰ ਹੀ ਅਦੁਭੁਤ ਮਿਥਿਆ ਗਿਆ ਹੈ। ਸਰੀਰ ਲਾਲ, ਪੰਜ ਸਿਰ ਹਨ, ਅੱਠ ਕੰਨ ਹਨ। ਇਸ ਦੇ ਹੱਥ ਵਿੱਚ ਡੰਡਾ, ਕੜਛੀ, ਮਾਲਾ, ਧਨੁਸ਼ ਬਾਣ, ਜਾਂ ਪਾਣੀ ਵਾਲਾ ਲੋਟਾ ਫੜਿਆ ਮੰਨਦੇ ਹਨ। ਦਕਸ਼ ਨੂੰ ਬ੍ਰਹਮਾ ਨੇ ਅਪਣੇ ਸੱਜੇ ਅੰਗੂਠੇ ਵਿਚੋਂ ਪੈਦਾ ਕੀਤਾ। ਖੱਬੇ ਅੰਗੂਠੇ ਵਿਚੋਂ ਇੱਕ ਲੜਕੀ ਆਦਿੱਤੀ ਪੈਦਾ ਕੀਤੀ, ਜੋ ਦਕਸ਼ ਨੂੰ ਦੇ ਦਿੱਤੀ। ਅਦਿੱਤੀ ਅਤੇ ਦਕਸ਼ ਦੇ ਸੰਜੋਗ ਤੋਂ 25, 50, ਜਾਂ 60 ਧੀਆਂ ਪੈਦਾ ਹੋਈਆਂ। ਜਿਨ੍ਹਾਂ ਵਿੱਚ ਦਸ ਲੜਕੀਆਂ ਧਰਮਰਾਜ ਨੂੰ ਦੇ ਦਿੱਤੀਆਂ। ਤੇਰਾਂ ਲੜਕੀਆਂ ਕਸ਼ਯਪ ਨੂੰ ਦਿੱਤੀਆਂ। ਇਹਨਾਂ ਤੇਰਾਂ ਵਿਚੋਂ ਪਸ਼ੂ, ਪੰਛੀ, ਜਲ ਜੀਵ, ਕੀੜੇ ਮਕੌੜ, ਰੁੱਖ ਬਿਰਖ ਜਨਮੇ ਲਿਖੇ ਹਨ। ਹੈ ਨਾ ਕਮਾਲ? ਇਸਤਰੀਆਂ ਜਾਨਵਰਾਂ, ਸੱਪਾਂ ਆਦਿ ਨੂੰ ਜਨਮ ਦੇਣਗੀਆਂ? ਇੱਥੇ ਸਭ “ਧਰਮ” ਮੰਨਿਆ ਜਾਂਦਾ ਹੈ। ਦਕਸ਼ ਨੇ ਆਪਣੀਆਂ ਸਤਾਈ ਧੀਆਂ ਸੋਮ (ਚੰਦਰਮਾ) ਨੂੰ ਦੇ ਦਿੱਤੀਆਂ। ਜੋ ਸਭ ਤੋਂ ਸੋਹਣੀ ਬੇਟੀ ਸੀ, ਦਕਸ਼ ਦੀ ਉਹ ਆਪਣੇ ਸੰਜੋਗ ਤੋਂ ਨਾਰਦ ਪੈਦਾ ਕੀਤਾ। ਬੇਟੀ ਨਾਲ ਬਲਾਤਕਾਰ ਕਰਨ ਤੇ ਸ਼ਿਵ ਨੂੰ ਬਹੁਤ ਗੁੱਸਾ ਆਇਆ। ਉਸ ਨੇ ਬ੍ਰਹਮਾ ਦਾ ਪੰਜਵਾਂ ਸਿਰ ਕੱਟ ਦਿੱਤਾ ਤੇ ਉਹ ਲੜਕੀ ਮੁਕਤ ਕਰਵਾਈ। ਪਰ ਬ੍ਰਹਮਾ ਦਾ ਸਿਰ ਕੱਟਣਾ ਕੋਈ ਮਾਮੂਲੀ ਗੱਲ ਨਹੀਂ ਸੀ। ਸ਼ਿਵ ਨੂੰ ਬ੍ਰਹਮ ਹੱਤਿਆ ਦਾ ਪਾਪ ਲੱਗ ਗਿਆ। ਕੱਟਿਆ ਗਿਆ ਸਿਰ ਸ਼ਿਵ ਦੇ ਹੱਥ ਨਾਲ ਹੀ ਚਿਪਕ ਗਿਆ। ਲੰਮੇ ਸਮੇਂ ਤੱਕ ਕੋਸ਼ਿਸ਼ਾਂ ਕਰਦਾ ਰਿਹਾ, ਗੱਲ ਨਾ ਬਣੀ। ਅਖੀਰ ਹਰਿਆਣੇ ਦੇ ਇੱਕ ਤੀਰਥ, ਕਪਾਲ ਮੋਚਨ ਵਿਖੇ ਆ ਕੇ ਸ੍ਰੋਵਰ ਵਿੱਚ ਇਸ਼ਨਾਨ ਕੀਤਾ ਤਾਂ ਹੱਥ ਨਾਲੋਂ ਸਿਰ ਵੱਖ ਹੋਇਆ। ਕਪਾਲ-ਸਿਰ, ਮੋਚਨ-ਵੱਖ ਹੋਣਾ, ਕਪਾਲ ਮੋਚਨ ਜਿਥੇ ਸ਼ਿਵ ਦੇ ਹੱਥ ਨਾਲ ਚਿਪਗਿਆ ਬ੍ਰਹਮਾ ਦਾ ਸਿਰ ਹੱਥ ਨਾਲੋਂ ਵੱਖ ਹੋਇਆ। ਹੈ ਕਿੰਨੀਆਂ ਸ਼ਾਨਦਾਰ ਸਿੱਖਿਆ ਦਾਇਕ “ਧਾਰਮਕ” ਕਹਾਣੀਆਂ? ਇਹੀ ਕੁੱਝ ਬਾਬੇ ਸਿੱਖ ਸਟੇਜਾਂ ਤੇ ਨਿਝੱਕ ਨਹੀਂ ਸੁਣਾ ਰਹੇ? ਜਾਂ ਇਹੀ ਮੰਦ ਕਰਤੂਤਾਂ ਨਹੀਂ ਕਰ ਰਹੇ? ਭਾਰਤ ਵਿੱਚ ਬ੍ਰਹਮਾ ਦੀ ਪੂਜਾ ਕੇਵਲ ਇੱਕ ਸਥਾਨ ਪੁਸ਼ਕਰ ਵਿਖੇ ਹੁੰਦੀ ਹੈ, ਹੋਰ ਕਿਤੇ ਇਸ ਦੇ ਮੰਦਰ ਨਹੀਂ ਹਨ, ਪੂਜਾ ਨਹੀਂ ਹੁੰਦੀ। ਇਹ ਪੂਜਾ ਭੀ ਕਿਸੇ ਸਰਾਪ ਕਾਰਨ ਬੰਦ ਹੋਈ ਸੀ ਜੋ ਇੱਕ ਬ੍ਰਾਹਮਣ ਰਿਸ਼ੀ ਨੇ ਬਖਸ਼ਿਸ਼ ਕੀਤਾ ਸੀ। ਗੁਰਬਾਣੀ ਵਿੱਚ ਬ੍ਰਹਮਾ ਬਾਰੇ ਬਹੁਤ ਸਖ਼ਤ ਜਾਂ ਅਤੀ ਕਠੋਰ ਸ਼ਬਦ ਵਰਤੇ ਗਏ ਹਨ। ਆਓ ਪੜ੍ਹੀਏ:-
ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ।। ਬ੍ਰਹਮ ਕਮਲ ਪਇਆਲਿ ਨ ਪਾਇਆ।।
ਆਗਿਆ ਨਹੀਂ ਲੀਨੀ ਭਰਮਿ ਭੁਲਾਇਆ।।
ਜੋ ਉਪਜੈ ਸੋ ਕਾਲਿ ਸੰਘਾਰਿਆ।। ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ।। (227)

ਜਿਸ ਬ੍ਰਹਮਾ ਨੂੰ ਸ੍ਰਿਸ਼ਟੀ ਕਰਤਾ ਕਰਕੇ ਬਿਆਨ ਕੀਤਾ ਗਿਆ ਹੈ, ਉਸ ਬਾਰੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਵਿਚਾਰ ਵੇਖੋ। ਹੇ ਭਾਈ! ਸਭ ਤੋਂ ਪਹਿਲਾਂ ਜੰਮਣ ਵਾਲਾ, ਜੀਵਾਂ ਨੂੰ ਪੈਦਾ ਕਰਨ ਵਾਲਾ ਆਪ ਖੁਦ ਹੀ ਨਾ ਰਿਹਾ, ਸਭ ਤੋਂ ਪਹਿਲਾਂ ਮੌਤ ਉਸੇ ਦੀ ਹੋਈ। ਫਿਰ ਕਮਲ ਫੁੱਲ ਜੋ ਵਿਸ਼ਨੂੰ ਦੀ ਧੁੰਨੀ ਵਿਚੋਂ (ਪੌਰਾਣਕ ਕਥਾ ਮੁਤਾਬਕ) ਪੈਦਾ ਹੋਇਆ ਸੀ। ਉਸ ਦੀ ਥਾਹ ਪਾਉਣ ਲਈ ਬ੍ਰਹਮਾ ਵਿੱਚ ਵੜ ਗਿਆ। ਹਜਾਰਾਂ ਸਾਲ ਬੀਤ ਗਏ, ਨਾਲੀ ਕਿੰਨੀ ਕੁ ਲੰਮੀ ਹੈ, ਅੰਤ ਨ ਲੱਭ ਸਕਿਆ। ਕਿਉਂਕਿ ਉਸਨੂੰ ਰੱਬੀ ਗਿਆਨ ਨਹੀਂ ਸੀ, ਇਸੇ ਲਈ ਭਰਮਾਂ ਵਿੱਚ ਹੀ ਪਿਆ ਰਿਹਾ। ਇਹ ਅਟੱਲ ਨਿਅਮ ਹੈ ਕਿ ਜੋ ਪੈਦਾ ਹੋਵੇਗਾ, ਉਹ ਹਰ ਹਾਲਤ ਵਿੱਚ ਖਤਮ ਭੀ ਹੋਵੇਗਾ। ਉਮਰ ਦਾ ਸਾਲ, ਸਮਾਂ ਘੱਟ ਜਾਂ ਵੱਧ ਹੋ ਸਕਦੇ ਹਨ। ਅਸੀਂ ਸਰੀਰ ਕਰਕੇ ਭਾਵੇਂ ਬਿਨਸ ਜਾਵਾਂਗੇ ਪਰ ਅਤਮਕ ਮੌਤ ਨਹੀਂ ਮਰਾਂਗੇ, ਜਿਵੇਂ ਬ੍ਰਹਮਾ ਹਜਾਰਾਂ ਵਾਰੀ ਆਤਮਕ ਮੌਤ ਮਰਿਆ, ਕੁਕਰਮ ਕੀਤੇ। ਕਿਉਂਕਿ ਅਸੀਂ ਨਿਰੰਕਾਰ ਦੇ ਅਟੱਲ ਵਰਤਾਰੇ ਦੇ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ।
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ।।
ਅਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ।। (350)

ਹੇ ਭਾਈ! ਜਿਸ ਕੰਵਲ ਦੀ ਨਾਲੀ ਵਿਚੋਂ ਬ੍ਰਹਮਾ ਪੈਦਾ ਹੋਇਆ ਸੀ। ਉਸੇ ਵਿੱਚ ਦਾਖਲ ਹੋ ਗਿਆ ਇਹ ਵੇਖਣ ਲਈ ਕਿ ਨਲਕੀ ਕਿਥੋਂ ਤਾਈਂ ਲੰਮੀ ਹੈ। ਬ੍ਰਹਮਾ ਖੁਦ ਬਹੁਤ ਵੱਡਾ ਸੁਣੀਂਦਾ ਹੈ। ਵਰ ਦੇਣ ਵਾਲਾ ਵਿਸ਼ਨੂੰ ਅਤਿ ਉੱਚਾ ਦੱਸੀਦਾ ਹੈ। ਫਿਰ ਭੀ ਬ੍ਰਹਮਾ ਇਸ ਨਲਕੀ ਦਾ ਅੰਤ ਨਹੀਂ ਪਾ ਸਕਿਆ। ਵਿਸ਼ਨੂੰ ਨੂੰ ਵੱਡਾ ਦੱਸਦੇ ਹੋ, ਕਿ ਉਸ ਨੇ ਕੰਸ ਮਾਰ ਦਿੱਤਾ ਸੀ। ਕ੍ਰਿਸ਼ਨ ਅਵਤਾਰ ਧਾਰ ਕੇ ਬਸ ਇੱਕ ਆਦਮੀ ਨੂੰ ਮਾਰਨ ਕਰਕੇ ਰੱਬ ਬਣ ਗਿਆ?
ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ।।
ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ।।
ਜੁਗਹੁ ਜੁਗਹੁ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ।।
ਤਿਨ ਭੀ ਅੰਤੁ ਨ ਪਾਇਆ ਤਾਕਾ ਕਿਆ ਕਰਿ ਆਖਿ ਵੀਚਾਰੀ।। (423)

ਹੇ ਭਾਈ! ਚਾਰੇ ਵੇਦ ਕਹਿੰਦੇ ਹਨ ਬ੍ਰਹਮਾ ਨੂੰ ਮਿਲੇ ਉਹ ਦਿਨ ਰਾਤ ਇਹਨਾਂ ਦੀ ਵਿਚਾਰ ਕਰਦਾ ਰਿਹਾ। ਪਰਮੇਸ਼ਰ ਨੂੰ ਉਹ ਨਾ ਜਾਣ ਸਕਿਆ, ਗਲਤੀਆਂ ਕਰਦਾ ਰਿਹਾ। ਇਸੇ ਕਾਰਨ ਹੀ ਨਰਕ ਵਿਚ, ਕਦੀ ਸੁਰਗ ਵਿੱਚ ਦੁੱਖ ਸੁੱਖ ਭੋਗਦਾ ਰਿਹਾ। ਇਸੇ ਤਰ੍ਹਾਂ ਸਮੇਂ ਸਮੇਂ ਦੇ ਰਾਜੇ ਹੋਏ ਸਨ। ਜਿਵੇਂ ਰਾਮ ਚੰਦਰ ਤੇ ਕ੍ਰਿਸ਼ਨ। ਲੋਕੀਂ ਉਹਨਾਂ ਨੂੰ ਹੀ ਰੱਬ ਦੇ ਅਵਤਾਰ ਸਮਝ ਕੇ ਗਾਉਣ ਲੱਗ ਪਏ। ਭੋਲਿਓ, ਉਹ ਅਵਤਾਰ ਲੋਕ ਰੱਬ ਤਾਂ ਕੀ ਹੋਣੇ ਸੀ, ਉਹ ਤਾਂ ਰੱਬ ਨੂੰ ਸਮਝ ਤੇ ਜਾਣ ਭੀ ਨਾ ਸਕੇ। ਉਹ ਤਾਂ ਖੁਦ ਹੀ ਭਟਕਣਾ ਵਿੱਚ ਪਏ ਰਹੇ।
ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ।। ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ।। (1032)
ਹੇ ਭਾਈ! ਗੁਰੂ ਦੀ ਉੱਚੀ ਸ਼ਖਸੀਅਤ ਨੂੰ ਸਮਝਣਾ ਬਹੁਤ ਔਖਾ ਹੈ। ਆਮ ਮਨੁੱਖ ਦੀ ਤਾਂ ਗੱਲ ਹੀ ਕੀ ਹੋਈ। ਗੁਰੂ ਦੀ ਮਹਿਮਾਂ ਤਾਂ ਬ੍ਰਹਮਾ ਵਰਗੇ, ਇੰਦਰ ਵਰਗੇ ਤੇ ਸ਼ਿਵ ਵਰਗੇ ਦੇਵਤੇ ਅਖਵਾਉਣ ਵਾਲੇ ਭੀ ਨਹੀਂ ਜਾਣ ਸਕੇ। ਉਹ ਭੀ ਭਟਕਣਾ ਵਿੱਚ ਹੀ ਪਏ ਰਹੇ।
ਬ੍ਰਹਮੈ ਗਰਬੁ ਕੀਆ ਨਹੀ ਜਾਨਿਆ।।
ਬੇਦ ਕੀ ਬਿਪਤਿ ਪੜੀ ਪਛੁਤਾਨਿਆ।।
ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ।। (224)

ਹੇ ਭਾਈ! ਬ੍ਰਹਮੇ ਨੂੰ ਹੰਕਾਰ ਹੋ ਗਿਆ ਕਿ ਮੈਂ ਵੱਡਾ ਵਿਦਵਾਨ ਹਾਂ, ਮੈਂ ਵੇਦ ਉਚਾਰੇ ਹਨ। ਉਸੇ ਵਕਤ ਉਸ ਤੋਂ ਵੇਦ ਗੁਆਚ ਗਏ, ਗਿਆਨ ਤੋਂ ਸੱਖਣਾ ਹੋ ਗਿਆ, ਫਿਰ ਬੜਾ ਪਛਤਾਇਆ। ਇਸ ਲਈ ਬ੍ਰਹਮਾ ਕਿਸੇ ਦਾ ਕੀ ਸੰਵਾਰ ਸਕੇਗਾ?
ਬ੍ਰਹਮਾ ਬਿਸਨੁ ਮਹੇਸੁ ਵਿਚਾਰੀ।। ਤ੍ਰੈ ਗੁਣ ਬਧਕ ਮੁਕਤਿ ਨਿਰਾਰੀ।।
ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ।। (1049)

ਹੇ ਭਾਈ! ਬ੍ਰਹਮਾ ਵਿਸ਼ਨੂੰ ਤੇ ਸ਼ਿਵ ਬਾਰੇ ਅਸੀਂ ਚੰਗੀ ਤਰ੍ਹਾਂ ਪੜ੍ਹ ਵਿਚਾਰ ਲਿਆ ਹੈ। ਇਹ ਸਾਰੇ ਖੁਦ ਹੀ ਰਜੋ ਤਮੋ ਤੇ ਸਤੋ ਗੁਣਾ ਵਿੱਚ ਲਿਪਤ ਹੋਏ ਹਨ। ਹੋਰ ਕਿਸੇ ਦਾ ਕੀ ਸੰਵਾਰ ਸਕਦੇ ਹਨ। ਗੁਰਸਿੱਖਾਂ ਨੇ ਮਹਾਨ ਗੁਰੂ ਤੋਂ ਸਿਰੇ ਦੀ ਇੱਕ ਗੱਲ ਸਿੱਖੀ ਹੈ ਕਿ ਸਿਰਫ ਵਾਹਿਗੁਰੂ ਨੂੰ ਹੀ ਹਿਰਦੇ ਵਿੱਚ ਵਸਾਉਣਾ ਹੈ, ਹੋਰ ਕਿਸੇ ਨੂੰ ਨੇੜੇ ਨਹੀਂ ਫਟਕਣ ਦੇਣਾ।
ਬ੍ਰਹਮਾ ਮੂਲੁ ਵੇਦ ਅਭਿਆਸਾ।। ਤਿਸ ਤੇ ਉਪਜੇ ਦੇਵ ਮੋਹ ਪਿਆਸਾ।। ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ।। ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ।। ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ।। ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ।। (230)
ਹੇ ਭਾਈ! ਕਿਹਾ ਜਾਂਦਾ ਹੈ ਕਿ ਸਾਰੇ ਦੇਵਤਿਆਂ ਦਾ ਮੁੱਢ ਬ੍ਰਹਮਾ ਹੈ ਸਾਰੇ ਵੇਦਾਂ ਦਾ ਰਚੇਤਾ ਬ੍ਰਹਮਾ ਹੈ। ਇਸੇ ਵੇਦ ਸਿੱਖਿਆ ਅਤੇ ਬ੍ਰਹਮੇ ਤੋਂ ਹੀ ਮੋਹ ਵਿੱਚ ਗ੍ਰਸੇ, ਕਾਮ ਵਾਸਨਾ ਵਿੱਚ ਗਰਕੇ ਹੋਏ, ਦੇਵੀਆਂ ਦੇਵਤੇ ਪੈਦਾ ਹੋਏ ਸਨ। ਇਹ ਸਾਰੇ ਤਾਂ ਬੁਰੇ ਕੰਮਾਂ ਵਿੱਚ ਹੀ ਗਲਤਾਨ ਰਹੇ, ਆਪਣੇ ਸੇਵਕਾਂ ਨੂੰ ਪ੍ਰਭੂ ਨਾਲ ਕਿਵੇਂ ਜੋੜਨਾ ਹੈ, ਇਹ ਜਾਣ ਹੀ ਨਾ ਸਕੇ। ਇਹ ਵੇਦਾਂ ਦੀ ਬਾਣੀ, ਕਰਮ ਕਾਂਡਾਂ ਦੇ ਬੰਧਨਾ ਵਿੱਚ ਪਾਉਂਦੀ ਹੈ। ਬ੍ਰਾਹਮਣ ਪੜ੍ਹ ਕੇ ਹੋਰ ਭਰਮਾਂ ਵਿੱਚ ਪਾਈ ਜਾ ਰਹੇ ਹਨ। ਜਮਾਂ ਦੀ ਮਾਰ ਤੋਂ ਇਹ ਲੋਕ ਕਿਵੇਂ ਬਚ ਸਕਣਗੇ? ਜੀਵਨ ਦਾ ਤਤਸਾਰ ਇਹਨਾਂ ਨੂੰ ਸਮਝ ਨਹੀਂ ਆਇਆ। ਮਾਨੋ ਕੂੜੇ (ਪਰਾਲੀ) ਦੀਆਂ ਪੰਡਾਂ ਇਕੱਠੀਆਂ ਕਰੀ ਜਾ ਰਹੇ ਹਨ।
ਬ੍ਰਹਮਾ ਵੇਦ ਪੜੈ ਵਾਦੁ ਵਖਾਣੈ।। ਅੰਤਰਿ ਤਾਮਸੁ ਆਪੁ ਨ ਪਛਾਣੇ।। ਤਾਂ ਪ੍ਰਭ ਪਾਏ ਗੁਰ ਸਬਦੁ ਵਖਾਣੈ।। (231)
ਹੇ ਭਾਈ! ਬ੍ਰਹਮਾ ਨੇ ਵੇਦ ਪੜ੍ਹਕੇ ਪੜ੍ਹਾ ਕੇ ਕੀ ਖੱਟਿਆ? ਕੇਵਲ ਬਹਿਸਾਂ, ਮੁਬਾਹਸੇ ਕੀਤੇ ਕਰਾਏ। ਅੰਦਰੋਂ ਵਿਕਾਰਾਂ ਦੀ ਅੱਗ ਨਹੀਂ ਬੁਝੀ। ਆਪਣੇ ਜੀਵਨ ਨੂੰ ਸਫਲਾ ਕਰਨ ਦੀ ਸੋਝੀ ਨਾ ਆਈ। ਪ੍ਰਭੂ ਨਾਲ ਮਿਲਾਪ ਦਾ ਇੱਕੋ ਢੰਗ ਹੈ ਕਿ ਗੁਰਸਿੱਖ ਗੁਰੂ ਦਾ ਹੁਕਮ ਮੰਨੇ, ਸ਼ਬਦ ਨੂੰ ਹਿਰਦੇ ਵਿੱਚ ਬਸਾਵੇ।
ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ।। ਬ੍ਰਹਮੇ ਦਿਤੇ ਬੇਦ ਪੂਜਾ ਲਾਇਆ।।
ਦਸ ਅਵਤਾਰੀ ਰਾਮੁ ਰਾਜਾ ਆਇਆ।। ਦੈਤਾ ਮਾਰੇ ਧਾਇ ਹੁਕਮਿ ਸਬਾਇਆ।।
ਈਸ ਮਹੇਸੁਰੁ ਸੇਵ ਤਿਨ੍ਹੀ ਅੰਤੁ ਨ ਪਾਇਆ।। ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ।। (1279)

ਹੇ ਭਾਈ! ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਪੈਦਾ ਹੋਏ ਕੀਹਦੇ ਹਨ। ਬ੍ਰਹਮੇ ਨੂੰ ਵੇਦ ਮਿਲ ਗਏ, ਵੇਦਾਂ ਤੋਂ ਕਰਮ ਕਾਂਡ (ਪੂਜਾ ਵਿਧੀਆਂ) ਹਵਨ ਜੱਗ, ਤੀਰਥ ਤਪ ਆਦਿ ਪ੍ਰਚਲਤ ਕਰ ਦਿੱਤੇ ਗਏ। ਵਿਸ਼ਨੂੰ ਨੇ ਰਾਮ ਕ੍ਰਿਸ਼ਨ ਆਦਿ ਦੇ ਰੂਪ ਵਿੱਚ ਦਸ ਵਾਰੀ ਅਵਤਾਰ ਧਾਰਿਆ ਸੁਣੀਂਦਾ ਹੈ। ਇਹ ਭੀ ਕਹੀਦਾ ਹੈ ਕਿ ਰਾਮ ਨੇ (ਤੇ ਹੋਰ ਦੇਵਤਿਆਂ ਨੇ) ਦੈਤਾਂ ਨੂੰ ਮਾਰ ਮੁਕਾਇਆ। ਪਰ ਜ਼ਿਕਰਯੋਗ ਗੱਲ ਇਹ ਹੈ ਕਿ ਨਿਰੰਕਾਰ ਦਾ ਅੰਤ ਕੋਈ ਨਹੀਂ ਪਾ ਸਕਿਆ। ਅਸਲ ਵਿੱਚ ਪਰਮਾਤਮਾ ਦੇ ਬਣਾਏ ਧਰਮ ਕਾਨੂੰਨ ਮੁਤਾਬਕ ਸ੍ਰਿਸ਼ਟੀ ਚਲਦੀ ਹੈ। ਕੁਦਰਤ ਦਾ ਸਾਰਾ ਵਰਤਾਰਾ ਵਰਤਦਾ ਹੈ। ਇਹ ਕਿਸੇ ਦੇਵੀ ਦੇਵਤੇ ਦੇ ਬਸ ਵਿੱਚ ਨਹੀਂ ਹਨ। ਕੇਵਲ ਕਾਦਰ ਹੀ ਸਭ ਕੁੱਝ ਖੁਦ ਆਪਣੇ ਨੇਮਾਂ ਮੁਤਾਬਕ ਕਰਦਾ ਹੈ।
ਕਮੀਣਗੀ ਭਰੀ ਸੋਚ ਨਾਲ ਬ੍ਰਾਹਮਣ ਲਿਖਾਰੀਆਂ ਇਹ ਭੀ ਬੱਜਰ ਪਾਪ ਲਿਖ ਦਿੱਤਾ ਕਿ ਬ੍ਰਾਹਮਣ ਬ੍ਰਹਮਾ ਦੇ ਮੂੰਹ ਵਿਚੋਂ ਜਨਮਿਆ ਹੈ। ਖੱਤਰੀ ਬਾਹਵਾਂ ਵਿਚੋਂ, ਵੈਸ਼ ਪੱਟਾਂ ਵਿਚੋਂ ਤੇ ਸ਼ੂਦਰ ਪੈਰਾਂ ਵਿਚੋਂ ਪੈਦਾ ਹੋਇਆ ਹੈ। ਪਹਿਲੀ ਗੱਲ ਤਾਂ ਔਰਤਾਂ ਕਿੱਥੋਂ ਜਨਮੀਆਂ, ਬਿਪਰ ਲਿਖਾਰੀਆਂ ਨੇ ਲਿਖਣ ਦੀ ਲੋੜ ਹੀ ਨਾ ਸਮਝੀ। ਦੂਜੀ ਗੱਲ ਕਿ ਬ੍ਰਹਮਾ ਦੇ ਮੂੰਹ ਵਿੱਚ ਜਨਣ ਅੰਗ ਨਹੀਂ ਲੱਗੇ ਹੋਏ, ਜਿੱਥੇ ਪਹਿਲਾਂ ਮਨੁੱਖੀ ਵੀਰਜ ਦਾਖਲ ਹੋਵੇ, ਫਿਰ ਬੱਚੇ ਦਾਨੀ ਵਿੱਚ ਬੱਚਾ ਪ੍ਰਫੁੱਲਤ ਹੋਵੇ। ਕੀ ਬ੍ਰਹਮਾ ਦੇ ਮੂੰਹ ਵਿੱਚ ਜਨਣ ਅੰਗ ਲੱਗੇ ਹੋਏ ਸਨ? ਬਾਹਵਾਂ ਵਿੱਚ ਜਨਣ ਅੰਗ ਫਿੱਟ ਕੀਤੇ ਹੋਏ ਸਨ? ਪੈਰਾਂ ਵਿੱਚ ਸ਼ੂਦਰਾਂ ਲਈ ਵੱਖਰੇ ਜਨਣ ਅੰਗ ਲੱਗੇ ਹੋਏ ਸਨ? ਇਹਨਾਂ ਪਾਪੀ ਲਿਖਾਰੀਆਂ ਨੇ ਬ੍ਰਹਮਾ ਦੀ ਖੂਬ ਮਿੱਟੀ ਪਲੀਤ ਕੀਤੀ ਹੈ। ਨਾਲ ਹੀ ਪਾਪ ਭਰੀਆਂ ਲਿਖਤਾਂ ਰਾਹੀਂ ਮਨੁੱਖਤਾ ਵਿੱਚ ਊਚ ਨੀਚ ਦਾ ਅਜਿਹਾ ਗੰਦ ਘੋਲਿਆ ਕਿ ਸਦੀਆਂ ਬੀਤ ਗਈਆਂ, ਸਾਫ ਹੋਣ ਵਿੱਚ ਨਹੀਂ ਆ ਰਿਹਾ। ਭਾਈ ਗੁਰਦਾਸ ਜੀ ਦੀ ਇੱਕ ਪਉੜੀ ਲਿਖ ਕੇ ਇਸ ਕਾਂਡ ਨੂੰ ਖਤਮ ਕਰਦੇ ਹਾਂ। ਪੜ੍ਹੋ:-
ਬ੍ਰਹਮੇ ਦਿਤੇ ਵੇਦ ਚਾਰਿ, ਚਾਰਿ ਆਸਰਮ ਉਪਜਾਏ।।
ਛਿਅ ਦਰਸ਼ਨ ਛਿਅ ਸਾਸਤਾ, ਛਿਅ ਉਪਦੇਸ਼ ਭੇਸ ਵਰਤਾਏ।।
ਚਾਰੇ ਕੁੰਡਾਂ ਦੀਪ ਸਤ, ਨਉ ਖੰਡ, ਦਹ ਦਿਸਿ ਵੰਡ ਵੰਡਾਏ।।
ਜਲ ਥਲ ਵਣ ਖੰਡ ਪਰਬਤਾਂ, ਤੀਰਥ ਦੇਵ ਸਥਾਨ ਬਣਾਏ।।
ਜਪ ਤਪ ਸੰਜਮ ਹੋਮ ਜਗ, ਕਰਮ ਧਰਮ ਕਰਿ ਦਾਨ ਕਰਾਏ।।
ਨਿਰੰਕਾਰੁ ਨ ਪਛਾਣਿਆ ਸਾਧ ਸੰਗਤਿ ਦਸੈ ਨ ਦਸਾਏ।।
ਸੁਣਿ ਸੁਣਿ ਆਖਣੁ ਆਖਿ ਸੁਣਾਏ।। (ਭਾਈ ਗੁਰਦਾਸ ਜੀ, ਵਾਰ-39-14)
ਗੁਰਬਾਣੀ ਗਿਆਨ ਦੇ ਭੰਡਾਰ ਗੁਰੂ ਵਰੋਸਾਏ ਗੁਰਸਿੱਖ, ਪੌਰਾਣਕ ਪਾਤਰਾਂ ਦੀ ਅਸਲੀਅਤ ਚੰਗੀ ਤਰ੍ਹਾਂ ਸਮਝਾ ਰਹੇ ਹਨ - ਹੇ ਭਾਈ ਗੁਰ ਸਿੱਖ! ਕਹਿੰਦੇ ਹਨ ਬ੍ਰਹਮੇ ਨੂੰ ਚਾਰ ਵੇਦ ਮਿਲੇ, ਉਹਨਾਂ ਤੋਂ ਚਾਰ ਵਰਣ ਬਣਾਏ। ਫਿਰ ਜ਼ਿੰਦਗੀ ਦੀ ਵੰਡ ਕਰਕੇ ਚਾਰ ਆਸ਼ਰਮ, ਵਿੱਦਿਆ ਪੜ੍ਹਨੀ ਪਹਿਲੇ ਪੱਚੀ ਸਾਲ। ਗ੍ਰਿਸਤ ਧਾਰਨ ਕਰਨਾ ਬੱਚੇ ਪੈਦਾ ਕਰਨੇ, ਪੱਚੀ ਤੋਂ ਪੰਜਾਹ ਸਾਲ ਤੱਕ। ਪੰਜਾਹ ਸਾਲ ਤੋਂ ਪੰਝੱਤਰ ਸਾਲ ਤੱਕ ਸਨਿਆਸੀ ਜੀਵਨ ਧਾਰਨ ਕਰਨਾ। ਉਮਰ ਦੇ ਆਖਰੀ ਪੱਚੀ ਸਾਲ ਜੰਗਲੀਂ ਵਾਸ ਕਰਨਾ, ਖਾਣਾ ਪੀਣਾ, ਪਹਿਨਣਾ ਘੱਟ ਤੋਂ ਘੱਟ ਕਰ ਦੇਣਾ। ਜੰਗਲਾਂ, ਪਹਾੜਾਂ ਵਿੱਚ ਜਾਂ ਤੀਰਥਾਂ ਤੇ ਜਾ ਕੇ ਮਰ ਜਾਣਾ। ਛੇ ਸ਼ਾਸ਼ਤਰਾਂ ਵਿਚੋਂ ਅੱਡੋ ਅੱਡ ਛੇ ਕਿਸਮ ਦੀ ਫਿਲਾਸਫੀ ਤਿਆਰ ਕੀਤੀ ਗਈ। ਛੇ ਉਸ ਦੇ ਹੀ ਧਾਰਮਕ ਭੇਖ ਦੱਸੇ ਗਏ। ਕਿਤੇ ਚਾਰ ਕੂੰਟਾਂ ਕਹੀਆਂ ਗਈਆਂ ਕਿਤੇ ਸਤਦੀਪ ਕਲਪੇ ਗਏ, ਕਦੀ ਨਉ ਖੰਡ ਆਖੇ ਗਏ। ਕਦੀ ਦਸ ਦਿਸ਼ਾਵਾਂ ਦਾ ਖਿਲਾਰਾ ਖਿਲਾਰ ਦਿੱਤਾ ਗਿਆ। ਇਸ਼ਨਾਨ ਕਰਨਾ, ਧਰਤੀ ਤੇ ਭਉਣਾ, ਵਣਬਾਸ ਕਰਨਾ, ਪਰਬਤਾਂ ਤੇ ਚਲੇ ਜਾਣਾ ਅਤੇ ਇਹਨਾਂ ਦੂਰ ਦਰਾਜ ਦੇ ਥਾਵਾਂ ਤੇ ਤੀਰਥ ਜਾਂ ਦੇਵ ਸਥਾਨ ਥਾਪ ਦਿੱਤੇ। ਕੋਈ ਮੰਤਰ ਜਾਪ ਕਰਨ ਲਾ ਦਿੱਤੇ, ਕਿਧਰੇ ਤਪ ਹੋ ਰਹੇ ਹਨ, ਸਰੀਰ ਨੂੰ ਬਿਨਾਂ ਮਤਲਬ ਤੋਂ ਦੁੱਖ ਦਿੱਤਾ ਜਾ ਰਿਹਾ ਹੈ। ਕੋਈ ਸੰਜਮ ਕਰਨ ਦਾ ਪਾਖੰਡ ਧਾਰਨ ਕਰਦਾ ਹੈ, ਜਿਵੇਂ ਮੋਨ ਰਹਿਣਾ, ਜਤੀ, ਅੱਖਾਂ ਤੇ ਪੱਟੀ, ਵਰਤ, ਨੰਗੇ ਰਹਿਣਾ ਆਦਿ। ਕਿਧਰੇ ਬ੍ਰਹਮੇ ਤੇ ਵੇਦਾਂ ਨੇ ਲੋਕਾਂ ਨੂੰ ਹਵਨ ਕਰਨ ਦਾ ਧਰਮ ਸਿਖਾਇਆ ਜਾਂ ਜੱਗ ਵਰਗੀ ਅਤੀ ਖਰਚੀਲੀ ਵਿਧੀ ਸਿਖਾਈ। ਅਜਿਹੇ ਫੋਕਟ ਕਰਮ ਧਰਮਾਂ ਵਿੱਚ ਉਲਝਾ ਕੇ ਬ੍ਰਾਹਮਣਾਂ ਨੂੰ ਦਾਨ ਲੈਣ ਦੇ ਅਧਿਕਾਰੀ ਬਣਾ ਦਿੱਤਾ। ਇਨ੍ਹਾਂ ਮੂਰਖਤਾ ਭਰੇ ਕੰਮਾਂ ਵਿੱਚ ਨਿਰੰਕਾਰ ਬਾਰੇ ਤਾਂ ਰਾਈ ਮਾਤਰ ਗਿਆਨ ਨਹੀਂ ਦਿੱਤਾ ਗਿਆ। ਮਨੁੱਖੀ ਏਕਤਾ ਦਾ ਸਾਧਨ ਸਾਧ ਸੰਗਤ ਦਾ ਮਿਲ ਬੈਠਣਾ, ਕਿਤੇ ਨਹੀਂ ਲੱਭਦਾ, ਸਾਰੀਆਂ ਲਿਖਤਾਂ ਵਿਚ। ਬਸ ਐਵੇਂ ਇੱਕ ਦੂਜੇ ਤੋਂ ਸੁਣਿਆ ਅੱਗੇ ਸੁਣਾ ਦਿੱਤਾ। ਇਹ ਖੋਜ ਪਰਖ ਨਹੀਂ ਕਰਦਾ ਕਿ ਇਹਨਾਂ ਫੋਕਟ ਕੰਮਾਂ ਵਿਚੋਂ ਕੀ ਮਿਲਿਆ ਹੈ? ਅੱਗੋਂ ਕੀ ਮਿਲਣ ਵਾਲਾ ਹੈ?
ਬ੍ਰਹਮਾ ਵਰਗੀ ਕਾਲਪਨਿਕ ਹਸਤੀ ਮਨੁੱਖਤਾ ਦੇ ਪੱਲੇ ਪਾ ਦਿੱਤੀ ਗਈ ਹੈ। ਪਤਾ ਨਹੀਂ ਕਦੋਂ ਗਲੋਂ ਲੱਥੂ। ਭਾਰਤ ਤੋਂ ਬਾਹਰ ਇਹਨਾਂ “ਤ੍ਰੀਮੂਰਤੀ” ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਕਦੀ ਉਹ ਦਿਨ ਆਵੇਗਾ ਕਿ ਸਾਡੇ ਲੇਖਕਾਂ ਤੇ ਪਰਚਾਰਕਾਂ ਨੂੰ ਗੁਰਬਾਣੀ ਵਿਚੋਂ ਜਿਸ ਦਿਨ ਇਹਨਾਂ ਦੇਵੀ ਦੇਵਤਿਆਂ ਦੀ ਅਸਲੀਅਤ ਸਮਝ ਆ ਜਾਵੇਗੀ? ਬਸ ਉਸੇ ਦਿਨ ਤੋਂ ਖਾਲਸਾ ਨਿਆਰਾ ਸਰੂਪ ਤੇ ਨਿਆਰਾ ਸੁਭਾਅ ਅਖਤਿਆਰ ਕਰੇਗਾ।
.