.

ਕੀ ਅਸੀਂ ਨਿਆਰੇ ਖਾਲਸਾ ਹਾਂ?

ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲੇ

ਕਿਰਸਾਨ ਨੇ ਖੇਤ ਦਾ ਵੱਤਰ ਦੇਖਿਆ ਤੇ ਤਿਲ਼ਾਂ ਦੀ ਫਸਲ ਬੀਜ ਦਿੱਤੀ; ਇਕੋ ਜੇਹੇ ਤਿਲ਼ਾਂ ਦੇ ਦਾਣਿਆਂ ਵਿਚੋਂ ਇੱਕੋ ਜੇਹੇ ਬੂਟਿਆਂ ਨੇ ਜਨਮ ਲਿਆ ਤੇ ਬੂਟੇ ਫ਼ਲ਼ ਤੀਕ ਪਹੁੰਚ ਗਏ। ਤਿਲ਼ਾਂ; ਚਨਿਆਂ ਤੇ ਮਸਰਾਂ ਦੀਆਂ ਫਸਲਾਂ ਬਹੁਤ ਹੀ ਨਾਜ਼ੁਕ ਗਿਣੀਆਂ ਗਈਆਂ ਹਨ। ਇਹ ਫਸਲਾਂ ਜਦੋਂ ਦਾਣਿਆਂ ਤੇ ਆਉਂਦੀਆਂ ਹਨ ਤਾਂ ਇਹਨਾਂ ਨੂੰ ਬੱਦਲ ਦੀ ਲਿਸ਼ਕ ਦਾ ਹਮੇਸ਼ਾਂ ਖਤਰਾ ਬਣਿਆ ਰਹਿੰਦਾ ਹੈ। ਤਿਲਾਂ ਦੀ ਅੱਧ ਪੱਕੀ ਫ਼ਸਲ ਤੇ ਜਦੋਂ ਬੱਦਲਾਂ ਦੀ ਲਿਸ਼ਕ ਪੈਂਦੀ ਹੈ ਉਹ ਕਈ ਥਾਵਾਂ ਤੋਂ ਸੜ ਜਾਂਦੀ ਹੈ। ਸਿਆਣਾ ਜ਼ਿਮੀਦਾਰ ਉਹਨਾਂ ਬੂਟਿਆਂ ਨੂੰ ਕੱਟ ਲੈਂਦਾ ਹੈ ਜਿਨਾਂ ਵਿੱਚ ਦਾਣੇ ਭਰੇ ਪਏ ਹੁੰਦੇ ਹਨ ਤੇ ਉਹਨਾਂ ਬੂਟਿਆਂ ਨੂੰ ਖੇਤ ਵਿੱਚ ਹੀ ਰਹਿਣ ਦੇਂਦਾ ਹੈ ਜਿਨਾਂ ਵਿੱਚ ਦਾਣਿਆਂ ਦੀ ਥਾਂ ਤੇ ਸਵਾਹ ਭਰ ਜਾਂਦੀ ਹੈ ਕਿਉਂਕਿ ਅਜੇਹੇ ਬੂਟੇ ਤਾਂ ਪੁਸ਼ੂਆਂ ਦੇ ਖਾਣ ਦੇ ਕੰਮ ਵੀ ਨਹੀਂ ਆਉਂਦੇ ਹਨ। ਹੁਣ ਦੇਖਣ ਨੂੰ ਤਿਲਾਂ ਦੇ ਬੂਟੇ ਇਕੋ ਜੇਹੇ ਲੱਗਦੇ ਹਨ ਇੱਕ ਵਿੱਚ ਦਾਣੇ ਹਨ ਤੇ ਦੂਜੇ ਵਿੱਚ ਦਾਣਿਆਂ ਦੀ ਥਾਂ ਤੇ ਲਿਸ਼ਕ ਕਰਕੇ ਸਵਾਹ ਭਰੀ ਹੁੰਦੀ ਹੈ। ਸਵਾਹ ਨਾਲ ਭਰੇ ਹੋਏ ਬੂਟਿਆਂ ਨੂੰ ਪਿੰਡਾਂ ਦੇ ਗਰੀਬ ਲੋਕ ਬਾਲਣ ਲਈ ਆਪਣੀ ਆਪਣੀ ਲੋੜ ਮੁਤਾਬਿਕ ਖੇਤ ਵਿਚੋਂ ਲੈ ਆਉਂਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਜਿਹਨਾਂ ਵਿੱਚ ਦਾਣੇ ਹਨ ਉਹਨਾਂ ਦਾ ਮਾਲਕ ਇੱਕ ਹੈ ਤੇ ਜਿਹਨਾਂ ਵਿੱਚ ਸਵਾਹ ਹੈ ਉਹਨਾਂ ਬੂਟਿਆਂ ਦੇ ਮਾਲਕ ਸੌ ਬਣ ਜਾਂਦੇ ਹਨ। ਤਿਲ਼ਾਂ ਦੇ ਬੂਟੇ, ਦਾਣੇ ਤੇ ਸਵਾਹ ਇੱਕ ਪ੍ਰਤੀਕ ਵਜੋਂ ਆਏ ਹਨ। ਗੁਰੂ ਨਾਨਕ ਸਾਹਿਬ ਜੀ ਦਾ ਆਸਾ ਕੀ ਵਾਰ ਵਿੱਚ ਪਿਆਰਾ ਵਾਕ ਹੈ:---
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥
ਛੁਟੇ ਤਿਲ ਬੂਆੜ ਜਿਉ ਸੂੰਞੇ ਅੰਦਰਿ ਖੇਤ॥
ਖੇਤੈ ਅੰਦਰਿ ਛੁਟਿਆਂ ਕਹੁ ਨਾਨਕ ਸਉ ਨਾਹੁ॥
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ॥
ਮ: 1 ਪੰਨਾ—463---

ਹੇ ਨਾਨਕ! ਜੋ ਮਨੁੱਖ ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿੱਚ ਚਤੁਰ ਬਣੇ ਹੋਏ ਹਨ, ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿੱਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ। ਹੇ ਨਾਨਕ! ਬੇਸ਼ੱਕ ਆਖ ਕਿ ਪੈਲੀ ਵਿੱਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ; ਉਹ ਵਿਚਾਰੇ ਫੁਲਦੇ ਭੀ ਹਨ ਭਾਵ ਉਹਨਾਂ ਨੂੰ ਫੁੱਲ ਵੀ ਲੱਗਦੇ ਹਨ; ਫਲਦੇ ਵੀ ਹਨ, ਫੇਰ ਵੀ ਉਹਨਾਂ ਦੇ ਤਨ ਵਿੱਚ ਭਾਵ ਉਹਨਾਂ ਦੀ ਫਲੀ ਵਿੱਚ ਤਿਲਾਂ ਦੀ ਥਾਂ ਤੇ ਸੁਆਹ ਭਰੀ ਹੁੰਦੀ ਹੈ। ਦੇਖਣ ਨੂੰ ਸਾਰੇ ਮਨੁੱਖ ਇਕੋ ਜੇਹੇ ਲੱਗਦੇ ਹਨ ਪਰ ਵਰਤਣ ਤੇ ਗੁਣਾਂ ਔਗੁਣਾਂ ਦਾ ਪਤਾ ਲੱਗਦਾ ਹੈ। ਜਿਹਨਾਂ ਨੇ ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਿਆ ਹੈ ਉਹ ਵਿਕਾਰਾਂ ਵਾਲੀ ਜ਼ਿੰਦਗੀ ਤੋਂ ਬਚ ਜਾਂਦੇ ਹਨ, ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਚੱਲ ਕੇ ਵਿਕਾਰਾਂ ਵਲ ਨੂੰ ਤੁਰਦੇ ਹਨ ਉਹਨਾਂ ਮਨੁੱਖਾਂ ਦੇ ਸੌ ਪਰਕਾਰ ਦੇ ਵਿਕਾਰ ਮਾਲਕ ਬਣ ਜਾਂਦੇ ਹਨ।
ਤਿਲਾਂ ਦੇ ਬੂਟਿਆਂ ਵਾਂਗ ਅਸੀਂ ਸਾਰੇ ਦੇਖਣ ਨੂੰ ਇਕੋ ਜੇਹੇ ਖਾਲਸੇ ਲੱਗਦੇ ਹਾਂ, ਪਰ ਅੰਦਰੂਨੀ ਖਾਲਸਾ ਪੰਥ ਵਾਲੀ ਰਹਿਤ ਮਰਯਾਦਾ ਨਾ ਹੋਣ ਕਰਕੇ ਕੋਈ ਕਿਸੇ ਡੇਰੇ ਨਾਲ ਜੁੜ ਗਿਆ ਹੈ ਤੇ ਕਿਸੇ ਨੇ ਆਪਣੀ ਵੱਖਰੀ ਜੱਥੇਬੰਦੀ ਕਾਇਮ ਕਰਕੇ ਆਪਣੀ ਵੱਖਰੀ ਰਹਿਤ ਮਰਯਾਦਾ ਬਣਾ ਲਈ ਹੈ। ਵੱਖ ਵੱਖ ਰਾਹਾਂ ਤੇ ਤੁਰਨ ਕਰਕੇ ਸਮੁੱਚੇ ਤੌਰ ਤੇ ਸਿੱਖ ਪੰਥ ਦੇ ਨਿਆਰੇ ਪਨ ਨੂੰ ਢਾਹ ਲੱਗੀ ਹੈ, ਸਿੱਖ ਦਾ ਅਦਰਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਤੇ ਪੰਥ ਪਰਵਾਨਤ ਰਹਿਤ ਮਰਯਾਦਾ ਹੈ।
ਸ੍ਰ. ਕਿਰਪਾਲ ਸਿੰਘ ਜੀ ‘ਚੰਦਨ’ ਸਿੱਖ ਜੀਵਨ ਜਾਚ ਵਿੱਚ ਬਹੁਤ ਹੀ ਪਿਆਰਾ ਲਿਖਦੇ ਹਨ:-- “ਹਰ ਜੀਵਨ ਜਾਚ ਕਿਸੇ ਨਾ ਕਿਸੇ ਫਿਲਾਸਫੀ ਉੱਤੇ ਅਧਾਰਿਤ ਹੁੰਦੀ ਹੈ। ਜਿਵੇਂ ਇੱਕ ਸੱਚਾ ਮੁਸਲਮਾਨ ਅਜੇਹਾ ਜੀਵਨ ਜਿਉਣ ਦਾ ਯਤਨ ਕਰਦਾ ਹੈ ਜੋ ਕੁਰਾਨ ਦੇ ਉਪਦੇਸ਼ਾਂ ਦੇ ਮੁਤਾਬਿਕ ਹੋਵੇ। ਇਸਾਈ ਇੱਕ ਬਾਇਬਲ ਨੂੰ ਅਧਾਰ ਮੰਨ ਕੇ, ਈਸਾ ਦੇ ਚਰਿੱਤ੍ਰ ਨੂੰ ਧਿਆਨ ਵਿੱਚ ਰੱਖ ਕੇ ਜੀਵਨ ਜਿਉਂਦਾ ਹੈ। ਹਿੰਦੂਆਂ ਵਿੱਚ ਭਾਵੇਂ ਬਹੁਤ ਫਿਰਕੇ ਹਨ ਤਾਂ ਭੀ ਖਾਸ ਫਿਰਕੇ ਖਾਸ-ਖਾਸ ਪੁਸਤਕਾਂ ਨੂੰ ਮੰਨਣ ਕਰਕੇ ਉਸ ਅਨੁਸਾਰ ਜੀਵਨ ਜਿਉਂਦੇ ਹਨ। ਏੱਥੇ ਹੀ ਬੱਸ ਨਹੀਂ ਕਮਿੳਨਿਸਟ ਲੋਕ ਭੀ ਮਾਰਕਸ, ਲੈਨਿਨ, ਤੇ ਮਾਉ ਦੇ ਸਿਧਾਤਾਂ ਨੂੰ ਠੀਕ ਵਿਗਿਆਨਕ ਮੰਨ ਕੇ ਜੀਵਨ ਨੂੰ ਉਸ ਅਨੁਸਾਰ ਜਿਉਂਦੇ ਹਨ। ਠੀਕ ਏਸੇ ਤਰ੍ਹਾਂ ਗੁਰਸਿੱਖ ਭੀ ਦਸਾਂ ਗੁਰੂਆਂ ਦੁਆਰਾ ਪਰਚਾਰੀ ਗਈ ਗੁਰਮਤਿ ਅਨੁਸਾਰ ਆਪਣਾ ਜੀਵਨ ਜਿਉਂਦੇ ਹਨ। ਸਿੱਖ ਗੁਰੂਆਂ ਦੀ ਆਤਮਾ-ਗੁਰਬਾਣੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਅੱਜ ਸਿੱਖਾਂ ਦੀ ਅਗਵਾਈ ਕਰ ਰਹੀ ਹੈ। ਸੁ ਸਿੱਖ ਜੀਵਨ ਜਾਚ ਨੂੰ ਨਿਰਧਾਰਤ ਕਰਨ ਵੇਲੇ ਕੋਈ ਔਖਿਆਈ ਮਹਿਸੂਸ ਨਹੀਂ ਹੁੰਦੀ, ਕਿਉਂਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਜੀਵਨ ਨੂੰ ਥਾਂ ਥਾਂ ਤੇ ਬਿਆਨਿਆ ਗਿਆ ਹੈ; ਕਿ ਸਿੱਖ ਨੇ ਵਾਹਿਗੁਰੂ ਜੀ ਦੇ ਲੜ ਕਿਵੇਂ ਲੱਗਣਾ ਹੈ ਅਤੇ ਸਿੱਖ ਨੇ ਆਪਣੇ ਜੀਵਨ ਦੇ ਧਾਰਮਿਕ, ਸਮਾਜਿਕ, ਭਾਈਚਾਰਕ ਤੇ ਸਿਆਸੀ ਖੇਤਰਾਂ ਵਿੱਚ ਕਿਵੇਂ ਵਿਚਰਨਾ ਹੈ—ਆਦਿ ਨੂੰ ਗੁਰਬਾਣੀ ਵਿੱਚ ਬਹੁਤ ਸਪੱਸ਼ਟ ਕਰਕੇ ਬਿਆਨਿਆ ਗਿਆ ਹੈ”।
ਤਿਲਾਂ ਦੇ ਬੂਟੇ ਦੇਖਣ ਨੂੰ ਇਕੋ ਜੇਹੇ ਲੱਗਦੇ ਹਨ ਪਰ ਨੇੜੇ ਗਿਆਂ ਪਤਾ ਲੱਗਦਾ ਹੈ ਇਕਨਾਂ ਵਿੱਚ ਸਵਾਹ ਹੈ ਤੇ ਇਕਨਾ ਵਿੱਚ ਦਾਣੇ ਭਰ ਪਏ ਹਨ, ਇੰਜ ਹੀ ਦੇਖਣ ਨੂੰ ਅਸੀਂ ਸਾਰੇ ਸਿੱਖ ਸਰੂਪ ਇਕੋ ਜੇਹੇ ਹੀ ਲੱਗਦੇ ਹਾਂ ਪਰ ਕਰਮ ਸਾਡੇ ਉਹ ਹਨ ਜੋ ਵੱਖ ਵੱਖ ਧਰਮਾਂ ਦੇ ਹਨ; ਜਾਂ ਇੰਜ ਕਹਿ ਲਿਆ ਜਾਏ ਕਿ ਜਿੱਥੋਂ ਸਾਨੂੰ ਗੁਰਬਾਣੀ ਨੇ ਬਾਹਰ ਕੱਢਿਆ ਹੈ ਅੱਜ ਉਹ ਹੀ ਕਰਮ-ਕਾਂਡ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਜੇ ਸਾਡਾ ਜੀਵਨ ਗੁਰਬਾਣੀ, ਪੰਥ ਪਰਵਾਨਤ ਰਹਿਤ ਮਰਯਾਦਾ ਅਨੁਸਾਰ ਨਹੀਂ ਹੈ ਤਾ ਫਿਰ ਅਸੀਂ ਨਿਆਰੇ ਕਿਵੇਂ ਹੋਏ? ਖਾਲਸਾ ਪੰਥ ਦੀ ਤਾਂ ਆਪਣੀ ਹੋਂਦ ਹੈ, ਆਪਣੀ ਵੱਖਰੀ ਹਸਤੀ ਹੈ, ਵੱਖਰੀ ਪਹਿਚਾਣ ਤੇ ਵੱਖਰੀ ਕੌਮ ਹੈ। ਗੁਰਦੁਆਰਿਆਂ ਵਿਚ, ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿਚ, ਕੀ ਸਿੱਖ ਸਮਾਜ, ਤੇ ਕੀ ਧਾਰਮਿਕ ਜੀਵਨ, ਸਭ ਵਿੱਚ ਉਹ ਕੁੱਝ ਹੋ ਰਿਹਾ ਹੈ ਜੋ ਕੁੱਝ ਬਾਕੀ ਧਰਮਾਂ ਵਾਲੇ ਕਰ ਰਹੇ ਹਨ, ਫਿਰ ਨਿਆਰੇ ਕਿਦਾਂ ਹੋਏ?
ਜੇ ਗੁਰਦੁਆਰਿਆਂ ਅੰਦਰ ਅੱਜ ਦੇ ਯੁੱਗ ਵਿੱਚ ਵੀ ਜੋਤਾਂ ਜਗਦੀਆਂ ਹੋਣ, ਸ੍ਰੀ ਅਖੰਡ ਪਾਠ ਦੇ ਮੌਕਿਆ ਤੇ ਦੇਸੀ ਘੀਅ ਨੂੰ ਦੇਵਤਾ ਮੰਨ ਕੇ ਪੂਜਾ ਕੀਤੀ ਜਾ ਰਹੀ ਹੋਵੇ, ਆਰਤੀਆਂ ਉਤਾਰੀਆਂ ਜਾਂਦੀਆਂ ਹੋਣ ਤਾਂ ਫਿਰ ਅਸੀਂ ਨਿਆਰੇ ਕਿੰਜ ਹੋਏ? ਗੁਰਬਾਣੀ ਤਾਂ ਕਹਿ ਰਹੀ ਹੈ “ਸਰਬ ਜੋਤਿ ਤੇਰੀ ਪਸਰਿ ਰਹੀ॥ ਜਹ ਜਹ ਦੇਖਾ ਤਹ ਨਰਹਰੀ”॥ ਪੰਨਾ 876-
ਜੇ ਅੰਮ੍ਰਿਤਧਾਰੀ ਸਿੱਖ ਹਰ ਸ਼ਨੀਵਾਰ ਦੀ ਉਡੀਕ ਇਸ ਲਈ ਕਰ ਰਿਹਾ ਹੋਵੇ ਕਿ ਮੈਂ ਸ਼ਨੀਵਾਰ ਨੂੰ ਤੇਲ, ਲੋਹਾ, ਕਾਲੇ ਮਾਂਹ ਦਾਨ ਦੇ ਕੇ ਸ਼ਨੀ ਗ੍ਰਹਿ ਨੂੰ ਦੂਰ ਕਰਕੇ ਬੁਲ਼ਾ ਟਾਲਣੀ ਹੈ ਤਾਂ ਫਿਰ ਅਸੀਂ ਨਿਅਰੇ ਕਿਵੇਂ ਹੋਏ? ਜ਼ਰਾ ਸੋਚੀਏ ਇਹ ਵਾਕ ਕੀ ਕਹਿ ਰਿਹਾ ਹੈ:--—- “ਠਾਕੁਰੁ ਛੋਡਿ ਦਾਸੀ ਕਉ ਸਿਮਰਹਿ, ਮਨਮੁਖ ਅੰਧ ਅਗਿਆਨਾ”॥ ਭੇਰਉ ਮਹਲਾ 5
ਸਾਰੀ ਗੁਰਬਾਣੀ ਇੱਕ ਪਰਮਾਤਮਾ ਦੀ ਹੋਂਦ ਤੇ ਜ਼ੋਰ ਦੇ ਰਹੀ ਹੈ ਪਰ ਕਈ ਭੋਲੇ ਸਿੱਖ ਮਨੋ-ਕਲਪਿਤ ਦੇਵੀ ਦੇਵਤਿਆਂ ਦੀ ਪੂਜਾ ਦੇ ਸ਼ਿਕਾਰ ਹੋਏ ਮਿਲ ਰਹੇ ਹਨ ਕਈ ਵਿਚਾਰੇ ਗੁਰਬਾਣੀ ਸੂਝ ਤੋਂ ਕੋਰੇ ਹੋਣ ਕਰਕੇ ਜ਼ਿਉਂਦੇ ਸਾਧਾਂ ਦੀਆਂ ਤਸਵੀਰਾਂ ਨੂੰ ਰੱਬ ਸਮਝ ਕੇ ਹੀ ਮੱਥਾ ਟੇਕੀ ਤੁਰੇ ਜਾ ਹਨ, ਕੀ ਨਿਆਰੇ ਪਨ ਦੀਆਂ ਇਹ ਨਿਸ਼ਾਨੀਆਂ ਹਨ? “ਦੇਵੀ ਦੇਵਾ ਪੂਜੀਐ ਭਾਈ, ਕਿਆ ਮਾਗਉ, ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ, ਜਲ ਮਹਿ ਬੂਡਹਿ ਤੇਹਿ”॥ ਸੋਰਠਿ ਮਹਲਾ 1--
ਗੁਰਬਾਣੀ ਲੋਅ ਵਿੱਚ ਬਣੀ ਸਿੱਖ ਰਹਿਤ ਮਰਯਾਦਾ ਅਨੁਸਾਰ ਮੂਰਤੀ ਪੂਜਾ ਨੂੰ ਬਿਲਕੁਲ ਸਿੱਖੀ ਵਿੱਚ ਥਾਂ ਨਹੀਂ ਹੈ ਪਰ ਆਮ ਘਰਾਂ ਵਿੱਚ ਵੱਖ ਵੱਖ ਕਲਾਕਾਰਾਂ ਦੀਆਂ ਬਣਾਈਆਂ ਹੋਈਆਂ ਮੂਰਤਾਂ, ਚਿਤਰ, ਤਸਵੀਰਾਂ ਉੱਤੇ ਚੜ੍ਹਾਏ ਹੋਏ ਹਾਰ, ਤੇ ਉਹਨਾਂ ਅੱਗੇ ਧੁੱਖ ਰਹੀਆਂ ਧੁਪਾਂ, ਪੂਜਾ ਦੇ ਰੂਪ ਵਿੱਚ ਦੇਖੀਆਂ ਜਾ ਸਕਦੀਆਂ ਹਨ, ਗੱਲ ਕੀ ਸਿੱਖ ਕੌਮ ਮੂਰਤੀ ਕਲਚਰ ਦੀ ਸ਼ਿਕਾਰ ਹੋ ਗਈ ਹੈ। ਜ਼ਿਆਦਾ ਨਹੀਂ ਤਾਂ ਘੱਟੋ ਘੱਟ ਵਿਸ਼ਵਕਰਮਾ ਦਿਵਸ ਤੇ ਇਹ ਕੁੱਝ ਦੇਖਿਆ ਜਾ ਸਕਦਾ ਹੈ। ਪੱਥਰ, ਲੋਹੇ, ਸ਼ੀਸ਼ੇ, ਕਾਗਜ਼ ਤੇ ਪਲਾਸਟਿਕ ਦੀਆਂ ਬਣੀਆਂ ਹੋਈਆਂ ਤਸਵੀਰਾਂ ਆਮ ਸਿੱਖਾਂ ਦੀਆਂ ਮੋਟਰ ਗੱਡੀਆਂ ਤੇ ਘਰਾਂ ਵਿਚੋਂ ਥੋਕ ਰੂਪ ਵਿੱਚ ਮਿਲ ਜਾਣਗੀਆਂ ਤੇ ਵਿਕ ਰਹੀਆਂ ਹਨ ਸਾਡੇ ਸਿਰਮੋਰ ਧਾਰਮਿਕ ਅਸਥਾਨਾਂ ਉੱਤੇ, ਵਾਹ! ਨਿਆਰਾ ਖਾਲਸਾ ਜੀ ਜੋੜਿਆ ਸੀ ਤੈਨੂੰ ਸ਼ਬਦ ਗੂਰੂ ਨਾਲ ਪਰ ਤੂੰ ਜੁੜ ਗਿਇਉਂ ਪੱਥਰ ਯੁੱਗ ਦੀਆਂ ਕਲਾਕਾਰਾਂ ਦੁਆਰਾ ਬਣਈਆਂ ਹੋਈਆਂ ਮੂਰਤੀਆਂ ਨਾਲ—ਕਲਾਕਾਰ ਦੀ ਕਲਾ ਦੁਆਰਾ ਪੂਜਾ, ਤੇ ਸ਼ਬਦ ਗੁਰੂ ਨੂੰ ਪਿੱਠ, ਤੇ ਕਹਿਣ ਨੂੰ, ਹਾਂ ਜੀ; ਤੂਹਾਨੂੰ ਪਤਾ ਜੇ, ਕਿ ਮੈਂ ਨਿਆਰਾ ਖਾਲਾਸਾ ਹਾਂ! ਕਰੋ ਖਾਂ ਗੁਰਬਾਣੀ ਦੇ ਇਸ ਪਵਿੱਤਰ ਵਾਕ ਦੇ ਦਰਸ਼ਨ ਕੀ ਸੁਨੇਹਾ ਦੇਂਦੇ ਹਨ---ਜੋ ਪਾਥਰ ਕਉ ਕਹਿਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਭੈਰਉ ਮਹਲਾ 5—ਪੰਨਾ 1160--
ਗੁਰਬਾਣੀ ਨੇ ਮਾਲਾ ਦੇ ਸਿਧਾਂਤ ਨੂੰ ਮੂਲੋਂ ਹੀ ਰਦ ਕੀਤਾ ਹੈ ਪਰ ਅਸੀਂ ਵੀ ਨਿਆਰੇ ਕੀ ਹੋਏ ਜੇ ਮਾਲਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਾ ਬਣਾਇਆ। ਕੋਈ ਤੁਲਸੀ ਦੀ, ਕੋਈ ਲੋਹੇ ਦੀ, ਕੋਈ ਸੂਤਰ ਦੀ ਤੇ ਕੋਈ ਭੋਲਾ ਸਿੱਖ ਪੱਥਰ ਦੀ ਮਾਲਾ ਪਾਈ ਫਿਰਦਾ ਹੈ। “ਸੁ ਕ੍ਰਿਤੁ ਕਰਣੀ ਸਾਰੁ ਜਪਮਾਲੀ” ਭੈਰਉ ਮਹਲਾ 4—ਪੰਨਾ 1134--
ਨਿਆਰੇ ਖਾਲਸੇ ਦੀ ਇਹ ਨਿਸ਼ਾਨੀ ਨਹੀਂ ਹੈ ਕਿ ਉਹ ਥਾਂਈ ਥਾਂਈ ਪੰਡਿਤਾਂ ਨੂੰ ਆਪਣਾ ਹੱਥ ਦਿਖਾ ਕੇ ਆਪਣੀ ਕਿਸਮਤ ਸਬੰਧੀ ਪੁੱਛਦਾ ਫਿਰੇ ਕਿ ਮੇਰੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ ਗੁਰਬਾਣੀ ਸੂਝ ਦੀ ਘਾਟ ਕਰਕੇ ਆਮ ਸਿੱਖ ਇਹਨਾਂ ਦੇ ਦੁਆਰਿਆਂ ਤੇ ਦਸਤਕ ਦੇ ਰਿਹਾ ਹੈ ਤੇ ਉਹਨਾਂ ਪਾਸੋਂ ਆਏ ਸੰਕਟ ਦੇ ਬਚਾਵੀ ਉਪਾਓ ਪੁੱਛ ਰਿਹਾ ਹੈ ਅਸਲੀਆਤ ਇਹ ਹੈ ਕਿ ਉਹ ਵਿਚਾਰੇ ਆਪ ਸੰਕਟਾਂ ਦੇ ਮਾਰੇ ਹੋਏ ਪਏ ਫਿਰ ਰਹੇ ਹਨ। “ਸਤਿਗੁਰ ਬਾਝਹੁ ਅੰਧ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ”॥ ਬਿਲਾਵਲੁ ਮਹਲਾ 3—ਪੰਨਾ 843—
ਮੱਸਿਆ; ਸੰਗ੍ਰਾਂਦ, ਪੂਰਨਮਾਸ਼ੀ ਤੇ ਕਈ ਵਾਰਾਂ ਦੀ ਮਹਾਨਤਾ ਨੂੰ ਮੁੱਖ ਰੱਖ ਕੇ ਆਮ ਗੁਰਦੁਆਰਿਆਂ ਵਿੱਚ ਸਿੱਖਾਂ ਦੇ ਬਹੁਤ ਵੱਡੇ ਇਕੱਠ ਦੇਖਣ ਨੂੰ ਮਿਲ ਜਾਣਗੇ, ਕੋਈ ਕਹਿ ਰਿਹਾ ਹੈ ਕਿ ਅੱਜ ਅਸੀਂ ਪੂਰਨਮਾਸ਼ੀ ਦੀ ਕਥਾ ਸੁਣਨ ਲਈ ਆਏ ਹਾਂ ਤੇ ਇਹ ਕਥਾ ਸੁਣਨ ਕਰਕੇ ਸਾਡੇ ਸਾਰੇ ਪਾਪ ਕੱਟੇ ਜਾਣੇ ਹਨ ਤੇ ਕਈ ਪਰਕਾਰ ਦੇ ਫਲ਼ਾਂ ਦੀ ਪਰਾਪਤੀ ਹੋਣੀ ਹੈ। ਹੈਕਨਾ ਨਿਆਰੇ ਖਾਲਸੇ ਦੇ ਨਿਆਰੇ ਰੰਗ, ਵਿਚਾਰੀਏ, ਇਸ ਪਵਿੱਤਰ ਵਾਕ ਨੂੰ “ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭੁਲੇਰੂ ਰੁਤਿ॥ ਸਲੋਕ ਮਹਲਾ 5—ਪੰਨਾ 318—
ਕਈਆਂ ਧਰਮਾਂ ਨੇ ਮੰਤ੍ਰਾਂ ਦੇ ਜਾਪ ਉੱਤੇ ਜ਼ੋਰ ਦਿੱਤਾ ਹੈ ਕਿ ਇਸ ਮੰਤ੍ਰ ਦਾ ਇਤਨੀ ਵਾਰੀ ਜਾਪ ਕੀਤਿਆਂ ਇਸ ਫ਼ਲ਼ ਦੀ ਪਰਾਪਤੀ ਹੋ ਜਾਏਗੀ ਜਾਨੀ ਕਿ ਰਿਧੀਆਂ ਸਿਧੀਆਂ ਆਪਣੇ ਆਪ ਹੀ ਕੋਲ ਆ ਜਾਣਗੀਆਂ ਆਪਾਂ ਕਿਹੜੇ ਕਿਸੇ ਤੋਂ ਘੱਟ ਹਾਂ ਫਟਾ ਫਟ ਨਕਲ ਮਾਰੀ ਤੇ ਗੁਰਬਾਣੀ ਜੀਵਨ ਦੀ ਜਾਚ ਛੱਡ ਕੇ ਵੱਖੋ ਵੱਖਰੇ ਸ਼ਬਦਾ ਨੂੰ ਇੱਕਠਾ ਕਰਕੇ ਸੰਕਟ ਮੋਚਨ ਦੀਆਂ ਪੁਸਤਕਾਂ ਬਣਾ ਕਿ ਸੰਗਤਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਰੀ ਗੁਰਬਾਣੀ ਪੜ੍ਹਨ, ਜਾਂ ਵਿਚਾਰਨ ਦੀ ਕੀ ਜ਼ਰੂਰਤ ਹੈ ਸਿਰਫ ਇਸ ਸ਼ਬਦ ਦਾ ਇਨੀ ਵਾਰ ਜਾਪ ਕੀਤਿਆਂ ਹੀ ਮਸਲਾ ਹੱਲ ਹੋ ਜਾਏਗਾ। ਤੇ ਜੇ ਨਿਆਰਾ ਖਾਲਸਾ ਵੀ ਆਮ ਲੋਕਾਂ ਦੀ ਤਰਜ਼ ਤੇ ਕੁੱਝ ਚੌਣਵੇਂ ਸ਼ਬਦਾਂ ਦਾ ਹੀ ਜਾਪ ਕਰ ਰਿਹਾ ਹੈ ਤਾਂ ਫਿਰ ਇਹ ਨਿਆਰਾ ਕਿਸ ਤਰ੍ਹਾਂ ਹੋਇਆ:--ਗੁਰਬਾਣੀ ਕਥਨ ਹੈ— “ਤੰਤੁ ਮੰਤੁ ਪਾਖੰਡੁ ਨਾ ਜਾਣਾ, ਰਾਮੁ ਰਿਦੈ ਮਨੁ ਮਾਨਿਆ” ਸੂਹੀ ਮਹਲਾ 1 ਪੰਨਾ 766—
ਵੱਖ ਵੱਖ ਧਰਮਾਂ ਦੇ ਪੁਜਾਰੀਆਂ ਨੇ ਆਪਣੇ ਆਪਣੇ ਖਿਆਲ ਅਨੁਸਾਰ ਸਵਰਗ ਤੇ ਨਰਕਾਂ ਦਾ ਸੋਹਣੇ ਢੰਗ ਨਾਲ ਚਿਤਰਨ ਚਿਤਰਿਆ ਹੈ; ਤੇ ਨਰਕ ਸਵਰਗ ਦੇ ਅਧਾਰ ਤੇ ਹੀ ਉਹਨਾਂ ਦੀ ਪੂਜਾ ਚੱਲਦੀ ਹੈ। ਏਸੇ ਨਰਕ ਸਵਰਗ ਦੀ ਸਿੱਖ ਵੀ ਆਸ ਲਾਕੇ ਬੈਠਾ ਹੈ ਤਾਂ ਫਿਰ ਸੱਚ ਇਹ ਹੈ ਕਿ ਇਹ ਨਿਆਰਾ ਨਹੀਂ ਹੋ ਸਕਦਾ। ਨਿਆਰਾ ਖਾਲਸਾ ਤਾਂ ਇਹਨਾਂ ਦੋਨਾਂ ਨੂੰ ਹੀ ਰੱਦ ਕਰਦਾ ਹੈ, ਜਿਹਾ ਕਿ ਗੁਰ ਵਾਕ ਹੈ “ਕਵਨੁ ਨਰਕੁ ਕਿਆ ਸੁਰਗੁ ਬੇਚਾਰਾ ਸੰਤਨੁ ਦੋਊ ਰਾਦੇ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰਪਰਸਾਦੇ”॥ ਰਾਮਕਲੀ ਕਬੀਰ ਜੀ ਪੰਨਾ –969---
ਮਿਰਤਕ ਸਰੀਰ ਨੂੰ ਮੱਥਾ ਟਿਕਾਉਣ ਲਈ ਗੁਰਦੁਆਰੇ ਲਿਆਉਣਾ, ਮਰ ਚੁੱਕੇ ਸਰੀਰ ਤੇ ਬੇ ਲੋੜੀਆਂ ਵੇਖੋ ਵੇਖੀ ਚਾਦਰਾਂ ਚੜਾਈ ਜਾਣੀਆਂ ਗੁਰਮਤ ਨਹੀਂ ਸਗੋਂ ਹੋਰ ਧਰਮਾਂ ਦੇ ਦਿਖਾਵੇ ਵਿੱਚ ਨਿਆਰਾ ਖਾਲਸਾ ਫਸ ਗਿਆ ਹੈ ਸਮਝੀਏ ਇਸ ਵਾਕ ਨੂੰ:--- “ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ”॥
ਸਿੱਖ ਧਰਮ ਵਿੱਚ ਤਿਲਕ, ਗਾਨਾ, ਮੌਲੀ, ਰੱਖੜੀ, ਮੁਕਟ ਆਦਿ ਬੰਨਣੇ ਮਨਾਹੀ ਵਿੱਚ ਆਉਂਦੇ ਹਨ, ਤੇ ਜੇ ਅਜੇਹਾ ਸਿੱਖ ਕਰ ਰਿਹਾ ਹੈ ਤਾਂ ਕੀ ਇਸਦਾ ਨਿਆਰਾਪਨ ਕਾਇਮ ਰਹਿ ਸਕਦਾ ਹੈ? ਭਾਈ ਗੁਰਦਾਸ ਜੀ ਇਸ ਪ੍ਰਥਾਏ ਕੀ ਕਹਿਣਾ ਚਾਹੁੰਦੇ, ਜ਼ਰਾ ਸੁਣੀਏ ਉਹਨਾਂ ਦੇ ਵਿਚਾਰ:--- “ਬਾਰਹ ਤਿਲਕ ਮਿਟਾਇਕੈ, ਗੁਰਮੁਖਿ ਤਿਲਕੁ ਨੀਸਾਣੁ ਚੜਾਇਆ”॥ ਵਾਰ ਨੰਬਰ 7—ਪਉੜੀ ਨੰਬਰ 12—
ਵਰੀਣੇ; ਬਰਸੀਆਂ ਮਨਾਉਣੀਆਂ ਤੇ ਸਿੱਖਾਂ ਨੂੰ ਘਰ ਸਦ ਕੇ ਸ਼੍ਰਾਧ ਛਕਾਉਣੇ ਇਹ ਸਿੱਖੀ ਦਾ ਸਭਿਆਚਾਰ ਨਹੀਂ ਸੀ ਤੇ ਜੇ ਇਹ ਵੀ ਕਿਰਿਆ ਸਿੱਖੀ ਵਿੱਚ ਆ ਗਈ ਹੈ ਤਾਂ ਫਿਰ ਨਿਆਰੇ ਤਾਂ ਨਾ ਅ ਨਾ ਹੋਏ—ਇਸ ਪ੍ਰਥਾਏ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਹੈ--- “ਜੀਵਤ ਪਿਤਰ ਨਾ ਮਾਨੈ ਕੋਊ ਮੂਏ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ”॥ ਰਾਗ ਗਉੜੀ ਬਾਣੀ ਕਬੀਰ ਜੀਉ ਕੀ ਪੰਨਾ ਨੰਬਰ-- 332----
ਡਾਕਟਰਾਂ ਦਾ ਖਿਆਲ ਹੈ ਕਿ ਜੇ ਆਦਮੀ ਭੁੱਖ ਰੱਖ ਕੇ ਰੋਟੀ ਖਾਏ ਤਾਂ ਉਹ ਕਦੇ ਵੀ ਪੇਟ ਦੀ ਬਿਮਾਰੀ ਦਾ ਸ਼ਿਕਾਰ ਨਹੀਂ ਹੁੰਦਾ ਪਰ ਅਸਾਂ ਤਾਂ ਦੂਸਰਿਆਂ ਦੀ ਨਕਲ ਕਰਕੇ ਇਹ ਵਹਿਮ ਪੂਰੀ ਤਰ੍ਹਾਂ ਪਾਲ ਲਿਆ ਹੈ ਅੰਨ ਛੱਡਣ ਨਾਲ ਤੇ ਹੋਰ ਕਈ ਪਰਕਾਰ ਦੇ ਵਰਤ ਰੱਖਿਆਂ ਰੱਬ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਨੂੰ ਗੁਰਬਾਣੀ ਸਿਧਾਂਤ ਨੇ ਰੱਦ ਕੀਤਾ ਹੈ ਪਰ ਸਾਡੇ ਬਹੁਤ ਸਾਡੇ ਵੀਰਾਂ ਭੈਣਾਂ ਨੇ ਵਰਤ ਨੂੰ ਜ਼ਰੂਰੀ ਕਰਾਰ ਦਿੱਤਾ ਹੋਇਆ ਹੈ ਜੋ ਸਿੱਖੀ ਦੇ ਨਿਆਰੇ ਪਨ ਦੀ ਨਿਸ਼ਾਨੀ ਨਹੀਂ ਹੈ। “ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ”॥ ਰਾਮਕਲੀ ਮਹਲਾ 1—ਪੰਨਾ—905---
ਗੁਰੂ ਨਾਨਕ ਸਾਹਿਬ ਜੀ ਦੇ ਸਥਾਪਤ ਕੀਤੇ ਨਿਰਮਲ ਪੰਥ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਦਿੱਤੀ ਗਈ; ਬਲ ਕਿ ਸਾਰੇ ਮਨੁੱਖਾਂ ਨੂੰ ਇੱਕ ਪਰਮੇਸ਼ਰ ਦੇ ਬੱਚੇ ਆਖਿਆ ਗਿਆ ਹੈ। ਸਿੱਖ ਕੌਮ ਵਿੱਚ ਵਿਸ਼ਾਲ ਹਿਰਦੇ ਨਾਲ ਦੇਖਿਆ ਜਾਏ ਤਾਂ ਅਸੀਂ ਇਸ ਬਿਮਾਰੀ ਦੇ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੇ ਹਾਂ—ਕੀ ਅਸੀਂ ਕਿਤੇ ਦਲਤ ਵੀਰਾਂ ਨੂੰ ਚੌਥਾ ਪਉੜਾ ਤਾਂ ਨਹੀਂ ਕਹਿ ਰਹੇ, ਕੀ ਅਸਾਂ ਆਪਣੀ ਆਪਣੀ ਬਰਾਦਰੀ ਦੇ ਨਾਂ ਤੇ ਗੁਰਦੁਆਰੇ ਤਾਂ ਨਹੀਂ ਸਥਾਪਤ ਕਰ ਲਏ? ਜੇ ਕੀਤੇ ਹਨ ਤਾਂ ਫਿਰ ਨਿਆਰੇ ਤੇ ਨਾ-ਨਾ ਹੋਏ ਜ਼ਰਾ ਸੋਚਣ ਵਾਲੀ ਗੱਲ ਹੈ। ਵੱਖ ਵੱਖ ਜੱਥੇਬੰਦੀਆਂ ਨਾਲ ਜੁੜ ਕੇ ਇੱਕ ਨਿਰਮਲ ਪੰਥ ਦੇ ਪਾਂਧੀ ਨਹੀਂ ਰਹੇ; “ਫਕੜ ਜਾਤੀ ਫਕੜ ਨਾਉ॥ ਸਭਨਾ ਜੀਆ ਕਾ ਇਕਾ ਛਾਉ”॥ ਵਾਰ ਸ੍ਰੀ ਰਾਗ ਕੀ ਮ: 1—ਪੰਨਾ-83-
ਦੁਨੀਆਂ ਦਾ ਹਰ ਸਿਆਣਾ ਧਰਮ ਕੋਈ ਵੀ ਨਸ਼ਾ ਵਰਤਣ ਦੀ ਆਗਿਆ ਨਹੀਂ ਦੇਂਦਾ। ਸਿੱਖ ਧਰਮ ਵਿੱਚ ਤਾਂ ਇਸ ਦੀ ਸਖਤ ਮਨਾਹੀ ਹੈ; ਤੇ ਜੇ ਫਿਰ ਵੀ ਨਸ਼ਾ ਪੀਣ ਨੂੰ ਤਰਜੀਹ ਦੇਵੇ ਤਾਂ ਕਹਿਣਾ ਪਏਗਾ ਇਹ ਨਿਆਰਾ ਨਹੀਂ ਰਿਹਾ। ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਦੇ ਪਾਂਧੀ ਲਈ ਹਰ ਪਰਕਾਰ ਦੇ ਨਸ਼ਾ ਵਰਤਣ ਦੀ ਸਖਤ ਮਨਾਹੀ ਹੈ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਨਸ਼ਿਆਂ ਦੇ ਜੋ ਅੰਕੜੇ ਰੋਜ਼ ਦੀਆਂ ਅਖਬਾਰਾਂ ਵਿੱਚ ਆ ਰਹੇ ਹਨ ਉਹ ਬਹੁਤ ਹੈਰਾਨ ਕਰਨ ਵਾਲੇ ਹਨ ਉਹ ਕਿਹੜਾ ਨਸ਼ਾ ਹੈ ਜੋ ਪੰਜਾਬ ਦੀ ਧਰਤੀ ਤੇ ਨਹੀਂ ਵਰਤਿਆ ਜਾ ਰਿਹਾ ਆਇਓ ਡੈਕਸ ਬ੍ਰੈਡ ਤੇ ਲਗਾ ਕੇ ਖਾਣਾ, ਕੈਪਸੂਲ, ਅਫੀਮ, ਭੁੱਕੀ, ਪੋਸਤ-ਗਾਂਜਾ, ਜਰਦਾ ਤੁਮਾਕੂ, ਭੰਗ-ਸੁੱਖਾ ਤੇ ਹੋਰ ਘਟੀਆ ਤੋਂ ਘਟੀਆ ਨਸ਼ੇ ਸਾਡੀ ਨੌਜਵਾਨ ਪੀੜ੍ਹੀ ਬੜੇ ਸ਼ੋਕ ਨਾਲ ਵਰਤਦਿਆਂ ਕਹਿ ਰਹੀ ਹੈ ਕਿ ਅਸੀਂ ਨਵੇਂ ਯੁੱਗ ਦੇ ਵਾਸੀ ਹਾਂ ਤੇ ਇਹ ਸਾਡਾ ਸਭਿਆਚਾਰ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਕੇ ਜੇ ਸਿੱਖ ਹੋ ਕੇ ਇਹ ਘਟੀਆ ਕਰਮ ਕਰ ਰਿਹਾ ਹੈ ਤਾਂ ਇਹ ਨਿਆਰਾ ਕਿਵੇਂ ਵੀ ਨਹੀਂ ਹੋ ਸਕਦਾ। :--- “ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ”॥ ਵਾਰ ਬਿਹਾਗੜਾ ਮਹਲਾ 3--- ਪੰਨਾ—554---
ਸਿੱਖੀ ਦੀ ਪਹਿਛਾਣ ਕੇਸ, ਦਸਤਾਰ ਤੇ ਕਛਹਿਰੇ ਕਰਕੇ ਹੈ; ਗੁਰਦੁਆਰਿਆਂ ਵਿੱਚ ਦੇਖਣ ਨੂੰ ਰੁਮਾਲਾਂ ਵਾਲੇ ਸਿੱਖ ਦਿਖਾਈ ਦੇਂਦੇ ਹਨ; ਕੀ ਸਿਰ ਤੇ ਰੁਮਾਲ ਬੰਨ੍ਹਣ ਕਰਕੇ ਨਿਆਰੇ ਖਾਲਸੇ ਹਾਂ?
ਕਲਚਰ ਪ੍ਰੋਗਰਾਮ ਹੇਠ ਪੰਜਾਬ ਦੀ ਨੌਜਵਾਨ ਪੀੜ੍ਹੀ ਬੁਰੀ ਤਰ੍ਹਾਂ ਫਸ ਗਈ ਹੈ; ਕੀ ਵਿਆਹ-ਸ਼ਾਦੀ; ਕੀ ਜੰਮਣਾ ਮਰਨਾ ਗੱਲ ਕੀ ਹਰ ਪ੍ਰੋਗਰਾਮ ਵਿੱਚ ਘਟੀਆ ਦਰਜੇ ਦਾ ਅਰਧ ਲਿਬਾਸ ਪਹਿਨ ਕੇ ਨਚਣਾ ਗਾਉਣਾ, ਇੰਜ ਲੱਗਦਾ ਹੈ ਜਿਵੇਂ ਸਿਰਫ ਪੰਜਾਬ ਦੇ ਹੀ ਹਿੱਸੇ ਵਿੱਚ ਆਇਆ ਹੋਵੇ। ਆਮ ਸਿੱਖ ਪਰਵਾਰ ਇਸ ਸਭਿਆਚਾਰ ਦੀ ਮਾਰ ਹੇਠ ਬੁਰੀ ਤਰ੍ਹਾਂ ਆ ਗਏ ਹਨ। ਨਿਆਰੇ ਖਾਲਸੇ ਦਾ ਤਾਂ ਸਰਹੰਦ ਦੀ ਦੀਵਾਰ, ਚਮਕੌਰ ਦੀ ਜੂਹ, ਅਨੰਦਪੁਰ ਦੀਆਂ ਉੱਚੀਆਂ ਠੇਰੀਆਂ, ਨਾਨਕਾਣੇ ਦੀ ਜ਼ਮੀਨ ਰਾਵੀ ਦੇ ਬੇਲਿਆਂ (ਕਰਤਾਰਪੁਰ) ਦਾ ਸਭਿਆਚਾਰ ਹੈ।
ਘਰਾਂ ਦੀਆਂ ਕਮਜ਼ੋਰੀਆਂ ਕਰਕੇ ਕਈ ਦਫਾ ਮਨੁੱਖ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ; ਇਹਨਾਂ ਸਾਰੀਆਂ ਬਿਮਾਰੀਆਂ ਵਿਚੋਂ ਭਿਆਨਕ ਰੋਗ ਭੂਤਾਂ, ਭ੍ਰੇਤਾਂ ਦਾ ਹੈ। ਜਿਸ ਤਰ੍ਹਾਂ ਘਰ ਵਿੱਚ ਅਚਾਨਕ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ ਇਲਾਜ ਲਈ ਪੈਸੇ ਨਹੀਂ ਹਨ ਫਿਰ ਬੰਦਾ ਸਿਆਣਿਆਂ ਦੇ ਪਿੱਛੇ ਦੌੜਦਾ ਹੈ, ਸਿਆਣਾ ਦੱਸਦਾ ਹੈ ਕਿ ਤੈਨੂੰ ਬਹੁਤ ਭਿਆਨਕ ਭੂਤ ਚੰਬੜਿਆ ਹੋਇਆ ਹੈ ਜੋ ਤੇਰੀ ਗੁਆਂਢਣ ਨੇ ਤੇਰੇ, ਤੇ ਤੇਰੇ ਪਰਵਾਰ ਤੇ ਕੁੱਝ ਕਰ ਦਿੱਤਾ ਹੈ। ਬਸ ਫਿਰ ਕੀ ਅਸੀਂ ਉਸੇ ਵੇਲੇ ਹੀ ਭੂਤ ਕੱਢਣ ਵਾਲਿਆਂ ਦੇ ਪਿੱਛੇ ਤੁਰ ਪੈਂਦੇ ਹਾਂ। ਦੇਖਣ ਨੂੰ ਤਾਂ ਅਸੀਂ ਪੂਰੇ ਗੁਰਸਿੱਖ ਲੱਗਦੇ ਹਾਂ; ਪਰ ਭੂਤਾਂ ਤੋਂ ਖਹਿੜਾ ਛਡਾਉਣ ਲਈ ਪਹਾੜਾਂ ਵਿੱਚ ਮੱਥਾ ਮਾਰਨ ਲਈ ਤੇ ਚੌਕੀਆਂ ਭਰਨ ਲਈ ਤੁਰੇ ਜਾ ਰਹੇ ਹਾਂ। ਗੁਰਬਾਣੀ ਤਾਂ ਕਹਿ ਰਹੀ ਹੈ--- “ਕਬੀਰ ਜਾ ਘਰ ਸਾਧ ਨ ਸੇਵੀਅਹਿ, ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹਿ” ਪੰਨਾ –1374--
ਤੀਰਥਾਂ ਦੀ ਯਾਤਰਾ ਕਰਕੇ ਸਵਰਗ ਫਲ ਦੀ ਪਰਾਪਤੀ ਜਾਂ ਮਨ ਦੀ ਇੱਛਾ ਪੂਰੀ ਹੋਣ ਦੀ ਚਾਹਨਾ ਨਿਆਰੇ ਖਾਲਸੇ ਦੀ ਨਿਸ਼ਾਨੀ ਨਹੀਂ ਹੈ; ਅੱਜ ਆਮ ਗੁਰਦੁਆਰਿਆਂ ਵਿਚੋਂ ਇਹ ਅਵਾਜ਼ਾਂ ਆ ਰਹੀਆ ਹਨ ਕਿ ਫਲਾਣੇ ਤੀਰਥ ਧਾਮ ਦੇ ਦਰਸ਼ਨ ਕੀਤਿਆ ਕਈ ਫਲਾਂ ਦੀ ਪਰਾਪਤੀ ਹੋਣੀ ਹੈ ਇਸ ਲਈ ਪਿਆਰਿਓ ਆਪਣਾ ਜਨਮ ਸਫਲਾ ਕਰੋ, ਸਾਡੀਆਂ ਬੱਸਾ ਜਾ ਰਹੀਆਂ ਹਨ ਜਲਦੀ ਤੋਂ ਪਹਿਲਾਂ ਆਪਣੇ ਆਪਣੇ ਨਾਂ ਲਿਖਾ ਦਿਓ—ਜਦ ਕਿ ਨਿਆਰੇ ਖਾਲਸੇ ਲਈ ਤਾਂ ਬਹੁਤ ਹੀ ਸੁੰਦਰ ਗੁਰਬਾਣੀ ਉਪਦੇਸ਼ ਹੈ— “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸ਼ਬਦ ਬੀਚਾਰੁ ਅੰਤਰਿ ਗਿਆਨੁ ਹੈ”॥ ਧਨਾਸਰੀ ਮਹਲਾ ਪਹਿਲਾ 1---ਪੰਨਾ 687----
ਰੰਗ—ਬਰੰਗੇ ਕਪੜੇ ਪਹਿਨ ਲਏ ਜਾਂ ਸਾਬਣ ਛੱਡ ਕੇ ਮਿੱਟੀ ਨਾਲ ਹੱਥ ਸਾਫ ਕਰ ਲਏ ਤੇ ਇਹ ਕਹਿ ਲਿਆ ਅਸੀਂ ਨਿਆਰੇ ਖਾਲਸੇ ਹਾਂ, ਇਦਾਂ ਅਸੀਂ ਕਦੇ ਵੀ ਨਿਆਰੇ ਨਹੀਂ ਹੋ ਸਕਦੇ। ਦਰ--ਅਸਲ ਨਿਆਰਾ ਖਾਲਸਾ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤ੍ਰ ਉਪਦੇਸ਼ਾਂ ਨੂੰ ਤੇ ਸਿੱਖ ਪੰਥ ਪਰਵਾਨਤ ਰਹਿਤ ਮਰਯਾਦਾ ਨੂੰ ਮਨ ਕਰਕੇ ਮੰਨਦਾ ਹੋਇਆ ਚੱਲਦਾ ਹੈ, ਉਹ ਨਿਆਰਾ ਖਾਲਸਾ ਹੈ ਤੇ ਉਸ ਦੀ ਤਾਰੀਫ ਸਿੱਖ ਰਹਿਤ ਮਰਯਾਦਾ ਵਿੱਚ ਲਿਖੀ ਹੋਈ ਮਿਲਦੀ ਹੈ----
“ਜੋ ਇਸਤ੍ਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ, ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ”।
ਨਿਅਰੇ ਸਿੱਖ ਦੀ ਨਿਆਰੀ ਗੁਰਮਤ ਰਹਿਣੀ ਪੰਥ ਪਰਵਾਨਤ ਰਹਿਤ ਮਰਯਾਦਾ ਪੰਨਾ ਨੰ: 19 ਉੱਤੇ ਇਸ ਤਰ੍ਹਾਂ ਅੰਕਤ ਹੈ:---
ਸਿੱਖ ਦੀ ਆਮ ਰਹਿਣੀ, ਕਿਰਤ ਵਿਰਤ ਗੁਰਮਤਿ ਅਨੁਸਾਰ ਹੋਵੇ। ਗੁਰਮਤਿ ਇਸ ਪਰਕਾਰ ਹੈ:----
(ੳ) ਇੱਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
(ਅ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ।
(ੲ) ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ।
(ਸ) ਜ਼ਾਤ-ਪਾਤ, ਛੁਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ੀ, ਸ਼ਰਾਧ, ਪਿੱਤਰ, ਖਿਆਹ, ਪਿੰਡ, -ਪਤਲ, ਦੀਵਾ, ਕਿਰਿਆ, ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ, ਆਦਿ ਦੇ ਵਰਤ, ਤਿਲਕ, ਜੰਝ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉੱਤੇ ਨਿਸਚਾ ਨਹੀਂ ਕਰਨਾ। ਗੁਰ ਅਸਥਾਨ ਨਹੀਂ ਮੰਨਣਾ।
ਪੀਰ, ਬ੍ਰਹਮਣ, ਪੁੱਛਣਾ, ਸੁੱਖਣਾ, ਸ਼ਰਿਨੀ, ਵੇਦ-ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜੀਲ ਆਦਿ ਉੱਤੇ ਨਿਸ਼ਚਾ ਨਹੀਂ ਕਰਨਾ। ਹਾਂ ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।
(ਹ) ਖਾਲਸਾ ਸਾਰੇ ਮਤਾਂ ਤੋਂ ਨਿਆਰਾ ਹੈ ਪਰ ਕਿਸੇ ਅਨਮਤੀ ਦਾ ਦਿਲ ਨਾ ਦੁਖਾਵੇ।
(ਕ) ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ।
(ਖ) ਸਿੱਖ ਲਈ ਗਰਿਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ ਹੋਰ ਵਿਦਿਆ ਵੀ ਪੜ੍ਹੇ।
(ਗ) ਸੰਤਾਨ ਨੂੰ ਗੁਰਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫਰਜ਼ ਹੈ।
(ਘ) ਕੇਸ ਲੜਕੇ ਜੋ ਹੋਏ ਸੋ ਉਹਨਾਂ ਦਾ ਬੁਰਾ ਨਾ ਮੰਗੇ, ਕੇਸ ਉਹੀ ਰੱਖੇ, ਨਾਮ ਸਿੰਘ ਰੱਖੇ। ਸਿੱਖ ਆਪਣੇ ਲੜਕੇ ਲੜੀਆਂ ਦੇ ਕੇਸ ਸਾਬਤ ਰੱਖੇ।
(ਙ) ਸਿੱਖ ਭੰਗ, ਅਫੀਮ, ਸ਼ਰਾਬ, ਤਮਾਕੂ, ਆਦਿ ਨਸ਼ੇ ਨਾ ਵਰਤੇ। ਅਮਲ ਪਰਸ਼ਾਦੇ ਦਾ ਹੀ ਰੱਖੇ। (ਚ) ਸਿੱਖ ਮਰਦ ਅਥਵਾ ਇਸਤ੍ਰੀ ਨੂੰ ਨੱਕ, ਕੰਨ, ਛੇਦਣਾ ਮਨ੍ਹਾ ਹੈ।
(ਛ) ਗੁਰੂ ਕਾ ਸਿੱਖ ਕੰਨਿਆਂ ਨਾ ਮਾਰੇ, ਕੁੜੀ ਮਾਰ ਨਾਲ ਨਾ ਵਰਤੇ।
(ਜ) ਗੁਰੂ ਕਾ ਸਿੱਖ ਕਿਰਤ ਨਾਲ ਨਿਰਬਾਹ ਕਰੇ
(ਝ) ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗਪਲਕ ਜਾਣੇ।
(ਞ) ਚੋਰੀ ਜਾਰੀ ਨਾ ਕਰੇ, ਜੂਆ ਨਾ ਖੇਲੇ। ਨਿਆਰੇ ਖਾਲਸੇ ਦੇ ਇਹ ਸੁਨਹਿਰੀ ਅਸੂਲ ਹਨ।
ਗੁਰ੍ਹ ਨਾਨਕ ਸਾਹਿਬ ਜੀ ਦਾ ਚਲਾਇਆ ਹੋਇਆ ਨਿਰਮਲ ਪੰਥ ਜਿਸ ਨੂੰ ਅਦਬ ਸਤਿਕਾਰ ਨਾਲ ਨਿਅਰਾ ਖਾਲਸਾ ਕਿਹਾ ਗਿਆ ਹੈ, ਇਸ ਦੀ ਹੋਰ ਮਹਾਨਤਾ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਮਤ ਮਾਰਤੰਡ ਦੇ ਪੰਨਾ 335 ਵਿੱਚ ਵਿਸਥਾਰ ਸਹਿਤ ਲਿਖੀ ਮਿਲਦੀ ਹੈ ਜੋ ਭਾਈ ਚੌਪਾ ਸਿੰਘ ਜੀ ਦੇ ਰਹਿਤ ਨਾਮੇ ਵਿੱਚ ਆਉਂਦੀ ਹੈ:---
ਗੁਰੂ ਕਾ ਸਿੱਖ ਸ਼ਰਾਬ ਕਬੀ ਨਾ ਪੀਵੇ—ਭਾਵ ਕਿਸੇ ਨਸ਼ੇ ਦਾ ਵੀ ਸੇਵਨ ਨਾ ਕਰੇ----ਸਾਖੀ— “ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ”॥
ਗੁਰੂ ਕਾ ਸਿੱਖ ਕੰਨਿਆਂ ਨਾ ਮਾਰੇ; ਕੁੜੀ ਮਾਰ ਨਾਲ ਨਾ ਵਰਤੇ; ਕੰਨਿਆਂ ਕਾ ਪੈਸਾ ਨਾ ਖਾਇ; ਨਾਤਾ ਗੁਰੂ ਕੇ ਸਿੱਖ ਨਾਲ ਕਰੇ।
ਗੁਰੂ ਕਾ ਸਿੱਖ ਜੰਞੂ ਟਿੱਕੇ ਦੀ ਕਾਣ ਨਾ ਕਰੇ। ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ।
ਗੁਰੂ ਕਾ ਸਿੱਖ ਧਰਮ ਕਿਰਤ ਦੇ ਨਫੇ ਵਿਚੋਂ ਦਸਵੰਧ ਦੀ ਰਕਮ ਕੱਢੇ।
ਆਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣੀ; ਅਮਲ ਪ੍ਰਸ਼ਾਦੇ ਦਾ ਰੱਖਣਾ; ਸ਼ਸਤ੍ਰ ਰੱਖਣੇ।
ਗੁਰੂ ਕਾ ਸਿੱਖ ਗੋਰ, ਮੜ੍ਹੀ, ਸਤੀ, ਮਸੀਤ ਮੁਲਾਂ, ਕਾਜ਼ੀ ਨੂੰ ਨਾ ਮੰਨੇ। ਮਸੰਦਾ ਤਥਾ ਸਾਧਾਂ ਨੂੰ ਨਾ ਮੰਨੇ।
ਰਣ ਮੇਂ ਪਿੱਠ ਨਹੀਂ ਦੇਣੀ।
ਗੁਰੂ ਕਾ ਸਿੱਖ –ਮਟ, ਬੁੱਤ, ਤੀਰਥ, ਦੇਵੀ, ਦੇਵਤਾ, ਬਰਤ, ਪੂਜਾ, ਅਰਚਾ, ਮੰਤ੍ਰ-ਜੰਤ੍ਰ, ਪੀਰ, ਪੁੱਛਣਾ, ਸੁਖਣਾ, ਤਰਪਨ, ਗਾਇਤ੍ਰੀ, ਕਿਤੇ ਵਲ ਚਿੱਤ ਦੇਵੇ ਨਾਹੀਂ।
ਨਿਆਰਾ ਖਾਲਸਾ ਸੋ ਜਿਨ ਤਨ ਮਨ, ਧਨ, ਅਕਾਲ ਪੁਰਖ ਨੂੰ ਸੌਪਿਆ ਹੈ, ਕਿਸੀ ਕਾ ਕਾਰਜ ਹੋਵੇ ਉਸ ਨੂੰ ਸਵਾਰੇ।
ਸਿੰਘੋ ਕੋ ਬਰਾਬਰ ਕਾ ਭਾਈ ਜਾਣੇ।
ਭਾਈ ਕਾਹਨ ਸਿੰਘ ਜੀ ਨਾਭਾ ਦੁਆਰਾ ਲਿਖੇ ਮਹਾਨ ਕੋਸ਼ ਵਿੱਚ ਖਾਲਸਾ ਦੇ ਅਰਥ ਇਸ ਪਰਕਾਰ ਹਨ---ਖਲਿਸ—ਬਿਨਾ ਮਿਲਾਵਟ ਦੇ, ਨਿਰੋਲ ਸ਼ੁਧ, ਇਸੇ ਭਾਵ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤੀਏ ਸਿੱਖਾਂ (ਸਿੰਘਾਂ) ਦਾ ਨਾਉਂ ਖਾਲਸਾ ਰੱਖਿਆ ਹੈ, ਜੋ ਨਿਰਮਲ ਸ਼ਬਦ ਦਾ ਅਨੁਵਾਦ ਹੈ। ਕਬੀਰ ਜੀ ਦਾ ਸੋਰਿਠ ਰਾਗ ਵਿੱਚ ਪਿਆਰਾ ਵਾਕ ਹੈ--- “ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ”॥ ਪੰਨਾ 654—ਹੇ ਕਬੀਰ ਇਹ ਆਖ ਜਿਹਨਾਂ ਨੇ ਪ੍ਰੇਮ ਭਗਤੀ ਦੇ ਮਾਰਗ ਨੂੰ ਸਮਝ ਲਿਆਂ ਹੈ ਉਹ ਮੌਤ ਦੇ ਸਹਿਮ ਤੋਂ ਦੂਰ ਹੋ ਗਏ ਹਨ। ਖਾਲਸੇ ਦਾ ਇੱਕ ਹੋਰ ਵੀ ਅਰਥ ਮਹਾਨ ਕੋਸ਼ ਵਿੱਚ ਲਿਖਿਆ ਹੋਇਆ ਹੈ---ਉਹ ਮੁਲਕ ਜਾਂ ਜ਼ਮੀਨ ਜੋ ਬਾਦਸ਼ਾਹ ਦਾ ਸਿੱਧਾ ਹੈ, ਜਿਸ ਪੁਰ ਕਿਸੇ ਜਗੀਰਦਾਰ ਜਾਂ ਜ਼ਿਮੀਦਾਰ ਦਾ ਕੋਈ ਕਬਜ਼ਾ ਨਹੀਂ ਹੈ। ਖਾਲਸੇ ਦੀ ਅੱਗੇ ਵਿਆਖਿਆ ਕਰਦਿਆ ਲਿਖਦੇ ਹਨ ਭਾਈ ਸਾਹਿਬ ਜੀ ਲਿਖਦੇ ਹਨ—ਅਕਾਲੀ ਧਰਮ, ਵਾਹਗੁਰੂ ਜੀ ਕਾ ਖਾਲਸਾ, ਸਿੱਖ ਪੰਥ ਅਥਵਾ ਖਾਲਸਾ ਧਰਮਧਾਰੀ ਗੁਰੂ ਨਾਨਕ ਦਾ ਪੰਥ—ਤੇਤੀ ਸਵੈਯਾਂ ਵਿੱਚ ਨਿਆਰੇ ਖਾਲਸੇ ਪ੍ਰਤੀ ਇੱਕ ਖਿਆਲ ਬਹੁਤ ਕੀਮਤੀ ਆਇਆ ਹੈ:----
ਜਾਗਤ ਜੋਤਿ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜ੍ਹੀ ਮਟ ਭੁਲ ਨ ਮਾਨੈ॥
ਤੀਰਥ ਦਾਨ ਦਯਾ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ॥
ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸਾ ਤਾਹਿ ਨਖਾਲਸ ਜਾਨੈ॥
ਸਿੱਖ ਪੰਥ ਵਿੱਚ ਅੱਜ ਕਈ ਪਰਕਾਰ ਦੀ ਰਹਿਤ ਮਰਯਾਦਾ ਦੇਖਣ ਨੂੰ ਮਿਲ ਰਹੀ ਹੈ, ਆਮ ਸਿੱਖਾਂ ਦੇ ਜੀਵਨ ਵਿਚੋਂ ਵੀ ਕਈ ਪਰਕਾਰ ਦੀਆਂ ਵੰਨ ਸੁਵੰਨੀਆਂ ਵੰਨਗੀਆਂ ਦੇਖਣ ਨੂੰ ਮਿਲ ਰਹੀਆਂ ਹਨ ਤੇ ਇਹਨਾਂ ਵੰਨਗੀਆਂ ਨੂੰ ਧਾਰਨ ਵਾਲੇ ਨੂੰ ਅਸੀਂ ਨਿਆਰਾ ਖਾਲਸਾ ਨਹੀਂ ਕਹਿ ਸਕਦੇ; ਨਿਆਰਾ ਤਾਂ ਅਸਲ ਵਿੱਚ ਉਹ ਸਿੱਖ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਮਾਰਗ ਨੂੰ ਅਪਨਾ ਕੇ ਪੰਥ ਪਰਵਾਨਤ ਰਹਿਤ ਮਰਯਾਦਾ ਅਨੁਸਾਰ ਜੀਵਨ ਢਾਲਦਾ ਹੈ।
ਗੁਰਸਿਖ ਮੀਤ ਚਲਹੁ ਗੁਰ ਚਾਲੀ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥
ਧਨਾਸਰੀ ਮਹਲਾ –4—ਪੰਨਾ 667----

ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲੇ
144 ਫੇਸ ਨੰਬਰ 1 –
ਅਰਬਨ ਅਸਟੇਟ ਡੂਗਰੀ ਰੋਡ
ਲ਼ੁਧਿਆਣਾ, ਪੰਜਾਬ
ਟੈਲੀਫੂਨ ਨੰ. 91-161—2496635—
ਮੁਬਾਇਲ 91 – 98 761 00444 --
.