.

ਸਿਹਤ ਸਫ਼ਾਈ ਅਤੇ ਸਿੱਖ ਧਰਮ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਸਿਹਤ ਅਤੇ ਸੁਅੱਛਤਾ- ਸਿੱਖ ਧਰਮ `ਚ ਸਿਹਤ ਪਖੋਂ ਸਰੀਰਕ ਸੁਅੱਛਤਾ ਅਤੇ ਸਫ਼ਾਈ ਦਾ ਦਰਜਾ ਸਭ ਤੋਂ ਉਤਮ ਹੈ। ਗੁਰੂ ਦਰ ਤੇ ਤਾਂ ਇਸ ਪਾਸੇ ਗਲ ਹੀ ਇਥੋਂ ਸ਼ੁਰੂ ਹੁੰਦੀ ਹੈ ਜਿਸਨੂੰ ਗੁਰਦੇਵ ਇਸਤਰ੍ਹਾਂ ਫ਼ੁਰਮਾਂਦੇ ਹਨ “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸ਼ਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ. .” (ਪੰ: ੩੦੫) ਭਾਵ ਗੁਰੂ ਦੇ ਸਿੱਖ ਦਾ ਜੀਵਨ ਹੀ ਪਹਿਰ ਰਾਤ ਰਹਿੰਦੀ ਤੋਂ ਅਰੰਭ ਹੁੰਦਾ ਹੈ। ਗੁਰੂ ਕੇ ਸਿੱਖ ਨੇ ਪਹਿਰ ਰਾਤ ਰਹਿੰਦੇ ਜਾਗਣਾ ਹੈ। ਜਾਗਕੇ ਕਝ ਸਮਾਂ ਵਾਹਿਗੁਰੂ ਜਾਪ ਕਰਨਾ ਹੈ, ਉਪਰੰਤ ਸੋਚ-ਸ਼ਨਾਨ ਫ਼ਿਰ ਸਾਧਸੰਗਤ `ਚ ਜਾਕੇ ਗੁਰੂ ਦੇ ਚਰਨਾ `ਚ ਹਾਜ਼ਰੀ ਭਰਨੀ ਹੈ। ਇਸ ਤਰ੍ਹਾਂ ਉਸਨੇ ਅਪਣੀ ਨਿਤ ਦੀ ਕਾਰ ਦਾ ਅਰੰਭ ਹੀ ਗੁਰੂ ਦੇ ਉਪਦੇਸ਼ ਅਤੇ ਗੁਰੂ ਦੀ ਸਿਖਿਆ ਦੀ ਕਮਾਈ ਤੋਂ ਹੀ ਕਰਨਾ ਹੈ।
ਵਿਚਾਰਨ ਦੀ ਗਲ ਹੈ ਕਿ ਜਿਸ ਮਨੁੱਖ ਦੇ ਦਿਨ ਦਾ ਅਰੰਭ ਹੀ ਪਹਿਰ ਰਾਤ ਰਹਿੰਦੇ ਅਤੇ ਉਹ ਵੀ ਵਾਹਿਗੁਰੂ ਜਾਪ, ਸੋਚ-ਇਸ਼ਨਾਨ ਉਪਰੰਤ ਗੁਰੂ ਕੀ ਸੰਗਤ `ਚ ਹਾਜ਼ਰੀ ਭਰਕੇ ਗੁਰਬਾਣੀ ਸਿਖਿਆ ਤੋਂ ਹੋਣਾ ਹੈ ਤਾਂ ਅਜੇਹੇ ਵੱਡਭਾਗੀ-ਉਦਮੀ ਜੀਵਨ ਦੇ ਨੇੜੇ ਆਲਸ, ਬਿਮਾਰੀਆਂ ਤੇ ਕਲਹਿ ਕਲੇਸ਼ ਆਉਣਗੇ ਕਿਸ ਰਸਤੇ? ਗੁਰਦੇਵ ਵੀ ਇਹੀ ਫ਼ੈਸਲਾ ਦੇ ਰਹੇ ਹਨ ਕਿ “ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ. .”। ਅਜ ਡਾਕਟਰੀ ਵਿਗਿਆਨ ਦੀਆਂ ਖੋਜਾਂ ਵੀ ਸੂਰਜ ਨਿਕਲਣ ਤੋਂ ਪਹਿਲਾਂ ਜਾਗਣਾ ਤੇ ਇਸ਼ਨਾਨ ਸਰੀਰਕ ਅਰੋਗਤਾ ਲਈ ਵੱਡਾ ਲਾਭਕਾਰੀ ਦਸ ਰਹੀਆਂ ਹਨ ਜਦਕਿ ਗੁਰੂ ਪਾਤਸ਼ਾਹ ਤਾਂ ਇਸਤੋਂ ਵੀ ਬਹੁਤ ਅਗੇ ਖੜੇ ਹਨ। ਗੁਰਦੇਵ ਅਨੁਸਾਰ ਕੇਵਲ ਸਰੀਰਕ ਅਰੋਗਤਾ ਹੀ ਨਹੀਂ ਬਲਕਿ ਪ੍ਰਭੁ ਦੀ ਸਿਫ਼ਤ ਸਲਾਹ ਲਈ ‘ਮਨ ਦੇ ਟਿਕਾਅ ਲਈ ਵੀ ਅੱਠਾਂ ਪਹਿਰਾਂ ਵਿਚੋਂ ਸਭ ਤੋਂ ਵਧੀਆ ਸਮਾਂ ਇਹੀ ਹੈ। ਵੱਖਰੀ ਗਲ ਹੈ ਕਿ ਗੁਰਬਾਣੀ ਅਨੁਸਾਰ ਚੌਵੀ ਘੰਟਿਆਂ ਦੇ ਦਿਨ-ਰਾਤ ਵਿਚੋਂ ਘੜੀ-ਪਲ-ਚਸਾ ਕੇਵਲ ਉਹੀ ਮਾੜਾ ਹੈ ਜੋ ਕਰਤਾਰ ਨੂੰ ਵਿਸਾਰ ਕੇ ਬਿਤਾਇਆ ਜਾਵੇ ਫ਼ੁਰਮਾਨ ਹੈ “ਆਖਾ ਜੀਵਾ ਵਿਸਰੈ ਮਰਿ ਜਾਉ” (ਪੰ: ੯)। ਪਾਤਸ਼ਾਹ ਨੇ ਤਾਂ ਮਨੁੱਖਾ ਜਨਮ ਨੂੰ ਹੀ ਅੰਮ੍ਰਿਤ ਵੇਲਾ ਭਾਵ ਪ੍ਰਭੂ ਮਿਲਾਪ ਦਾ ਸਮਾਂ ਕਹਿਕੇ ਬਿਆਨਿਆ ਹੈ ਜਿਵੇਂ “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ” ਅਤੇ ਉਸ ਵਿਚੋਂ ਵੀ ਜੋ ਸਮਾਂ ਮਨ ਦੇ ਟਿਕਾਅ ਲਈ ਸਭ ਤੋਂ ਵਧੀਆ ਦਸਿਆ ਹੈ ਉਹ ਹੈ ਪਹਿਰ ਰਾਤ ਰਹਿੰਦੇ, ਝਾਲਾਗੇ ਜਾਂ ਪਿਛੱਲ ਰਾਤ ਦਾ ਸਮਾਂ, ਇਸਨੂੰ ਪ੍ਰਭਾਤੇ ਵੀ ਕਿਹਾ ਹੈ।
“ਮਨ ਤਨ ਭਏ ਅਰੋਗਾ” - ਹੋਰ ਅਗੇ ਵੱਧਣ ਤੋਂ ਪਹਿਲਾਂ ਅਸੀਂ ਇਸ ਗਲ ਨੂੰ ਕੁੱਝ ਹੋਰ ਗਹਿਰਾਈ ਤੋਂ ਵੀ ਲੈਣਾ ਚਾਹਾਂਗੇ ਕਿ ਜਦੌਂ ਇਸ ਪਖੋਂ ਗੁਰਬਾਣੀ ਦਾ ਆਧਾਰ ਹੀ “ਕਰਿ ਇਸ਼ਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ” (ਪੰ: ੬੧੧)। ਭਾਵ ਇਹ ਤਾਂਤੇ ਜ਼ਰੂਰੀ ਇਹੀ ਹੈ ਕਿ ਪ੍ਰਭਾਤੇ ਜਾਗਣਾ, ਉਪਰੰਤ ਇਸ਼ਨਾਨ ਤਾਂ ਹੀ ਲਾਹੇਵੰਦ ਹੈ ਜੇਕਰ ਉਸ ਨਾਲ ਨਾਮ-ਬਾਣੀ ਵਾਲੀ ਗਲ ਨੂੰ ਵੀ ਜੋੜਿਆ ਹੋਵੇ, ਉਸਤੋਂ ਬਿਨਾਂ ਨਹੀਂ। ਤਾਂਤੇ ਆਓ! ਪਹਿਲਾਂ ਇਸੇ ਨੂੰ ਕੁੱਝ ਹੋਰ ਗਹਿਰਾਈ ਤੋਂ ਲੈਣ ਦਾ ਵੀ ਜੱਤਨ ਕਰੀਏ। ਫ਼ੁਰਮਾਨ ਹੈ “ਉਠਿ ਇਸ਼ਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ॥ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ (ਪੰ: ੧੧੮੫) ਇਥੋਂ ਤੀਕ ਕਿ ਪ੍ਰਭੁ ਦੀ ਸਿਫ਼ਤ ਸਲਾਹ ਦੀ ਗਲ ਕੇਵਲ ਪ੍ਰਭਾਤੇ ਤੀਕ ਹੀ ਸੀਮਤ ਨਹੀਂ ਬਲਕਿ ਸੁਤਿਆਂ ਵੀ ਉਹ ਕਰਤਾ ਨਾ ਭੁਲੇ ਕਿਉਂਕਿ ਇਹੀ ਤਰੀਕਾ ਜਦੋਂ ਸੁਭਾਵਕ ਹੀ ਜੀਵ ਪ੍ਰਭੁ ਨਾਲ ਇਕ-ਮਿਕ ਹੋ ਜਾਂਦਾ ਹੈ। ਹੋਰ ਲਵੋ “ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥ ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ (ਪੰ: ੨੫੫)। ਗਲ ਕੇਵਲ ਝਾਲਾਗੇ ਉਠਣ ਦੀ ਹੀ ਨਹੀਂ ਨਾਲ ਸਿਫ਼ਤ ਸਲਾਹ ਦੀ ਵੀ ਹੈ।
“ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ” -ਦੇਖਣ ਦੀ ਗਲ ਹੈ ਕਿ ਜਦੋਂ ਗੁਰੂ ਸਾਹਿਬ ਗੁਰਸਿੱਖ ਨੂ ਬਾਰ ਬਾਰ ਗਲ ਹੀ ਪ੍ਰਭਾਤੇ-ਝਾਲਾਗੇ ਜਾਗਣਾ ਉਪਰੰਤ ਇਸ਼ਨਾਨ ਅਤੇ ਕਰਤੇ ਦੀ ਸਿਫ਼ਤ ਸਲਾਹ ਦੀ ਸਮਝਾ ਰਹੇ ਹਨ ਤਾਂ ਅਜੇਹੇ ਜੀਵਨ `ਚ ਗੰਦਗੀ ਜਾਂ ਆਲਸ ਦੀ ਗਲ ਆਪੇ ਹੀ ਮੁੱਕ ਜਾਂਦੀ ਹੈ। ਇਸਤਰ੍ਹਾਂ ਜਦੋ ਜੀਵਨ ਹੈ ਹੀ ਸਾਫ਼-ਸੁੱਥਰਾ ਤਾਂ ਅਜੇਹੇ ਜੀਵਨ ਚ ਸਿਹਤ ਦਾ ਖਰਾਬ ਹੋਣਾ ਤਾਂ ਨਾ ਦੇ ਬਰਾਬਰ ਹੀ ਰਹਿ ਜਾਂਦਾ ਹੈ ਜਦਕਿ ਸੁਭਾਅ ਦੇ ਆਲਸੀ ਹੋਣ ਦੀ ਗਲ ਹੀ ਨਹੀਂ ਰਹਿੰਦੀ। ਹੋਰ ਵੱਡੀ ਗਲ ਇਹ ਕਿ ਅਜੇਹਾ ਜੀਵਨ ਜਦੌਂ ਸੁਆਸ-ਸੁਆਸ ਜੁੜਿਆ ਹੀ ਕਰਤਾਰ ਦੇ ਸਿਮਰਨ ਨਾਲ ਹੈ ਤਾਂ ਅਜੇਹਾ ਇਨਸਾਨ ਲੋਕ ਦਿਖਾਵੇ ਲਈ ਨਹੀਂ ਬਲਕਿ ਤਨੋ ਮਨੋ ਅਕਾਲਪੁਰਖੁ ਦੇ ਚਰਣਾ ਚ ਇਹੀ ਅਰਦਾਸ ਕਰੇਗਾ ਕਿ ਹੇ ਪਾਤਸ਼ਾਹ! ਮੈਨੂੰ ਗੁਰੂ ਦੇ ਪਿਆਰਿਆਂ ਦੀ ਸੰਗਤ ਦੇ ਜਿਸ ਤੋਂ ਆਲਸ ਮੇਰੇ ਨੇੜੇ ਵੀ ਨਾ ਆ ਸਕੇ ਜਿਵੇਂ “ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ” (ਪੰ: ੧੦੮) ਉਹ ਤਾਂ ਵੰਗਾਰ ਕੇ ਆਲਸ ਨੂੰ ਇਹ ਕਹੇਗਾ “ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ॥ ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ” (ਪੰ: ੪੬੦)। ਅੰਦਾਜ਼ਾ ਲਾਓ! ਜੋ ਇਨਸਾਨ ਪ੍ਰਭਾਤੇ ਜਾਗਦਾ ਹੈ ਅਤੇ ਉਹ ਵੀ ਇਸ਼ਨਾਨ ਪਾਣੀ ਅਤੇ ਕਰਤੇ ਦੀ ਸਿਫ਼ਿਤ ਸਲਾਹ ਲਈ ਤਾਂ ਉਸਦੀ ਸਰੀਰਕ ਸੁਅਛਤਾ ਅਤੇ ਸਿਹਤ ਬਾਰੇ ਕੋਈ ਭੁਲੇਖਾ ਰਹਿ ਹੀ ਨਹੀਂ ਜਾਣਾ ਚਾਹੀਦਾ। ਬਲਕਿ ਇਹ ਗਲਾਂ ਤਾਂ ਉਨ੍ਹਾਂ ਤੇ ਲਾਗੂ ਹੁੰਦੀਆਂ ਹਨ ਜਿਨ੍ਹਾਂ ਨੇ ਸੂਰਜ ਚੜ੍ਹੇ ਜਾਗਣਾ, ਬਾਣੀ ਨਾਲ ਵੀ ਸਾਂਝ ਨਹੀਂ। ਇਹ ਕੇਵਲ ਬਾਣੀ ਨਾਲ ਹੀ ਸਾਂਝ ਹੀ ਹੈ ਜਿਸਤੋਂ ਮਨੁੱਖਾ ਜੀਵਨ ਦੀ ਸੱਚਾਈ ਦਾ ਪਤਾ ਲਗਣਾ ਹੈ, ਨਹੀਂ ਤਾਂ ਜਿੱਧਰ ਨੂੰ ਜੀ ਆਇਆ ਸਰੀਰ ਨੂੰ ਧੱਕਦੇ ਗਏ। ਅਜੇਹੇ ਲੋਕਾਂ ਦੇ ਜੀਵਨ ਬਾਰੇ ਤਾਂ ਗੁਰਦੇਵ ਫ਼ੁਰਮਾਂਦੇ ਹਨ “ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ” (ਪੰ: ੫੧੮) ਜਾਂ ਫ਼ਿਰ “ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ” (ਪੰ: ੧੦੧੧)। ਸਚਾਈ ਨੂੰ ਸਮਝਦੇ ਦੇਰ ਨਹੀਂ ਲਗਣੀ ਚਾਹੀਦੀ ਕਿ ਆਲਸ ਅਤੇ ਦੂਜੇ ਪਾਸੇ ਨਾਮ-ਬਾਣੀ ਭਰਪੂਰ ਉਦਮ, ਦੋਵੇਂ ਹੀ ਮਨੁੱਖਾ ਜੀਵਨ ਦੇ, ਦੋ ਵਿਰੋਧੀ ਪੱਖ ਹਨ। ਪਹਿਲਾ, ਜਿਹੜਾ ਕਿ ਨਾਮ-ਬਾਣੀ ਭਰਪੂਰ ਉਦਮੀ ਪਖ ਹੈ, ਜਿਸ `ਚ ਪ੍ਰਭਾਤੇ ਇਸ਼ਨਾਨ ਵੀ ਸ਼ਾਮਲ ਹੈ, ਇਹ ਤਾਂ ਸਰੀਰ ਦੀ ਸਿਹਤ ਸੁਅੱਛਤਾ ਦਾ ਕੁਦਰਤੀ ਜ਼ਾਮਨ ਹੈ। ਦੂਜਾ ਆਲਸੀ ਅਨੀਯਮਤ ਜ਼ਿੰਦਗੀ ਜਿਹੜਾ ਅਪਣੇ ਆਪ `ਚ ਹੀ ਸਰੀਰਕ ਤੇ ਮਾਨਸਕ ਰੋਗਾਂ ਨੂੰ ਖੁਲਾ ਸਦਾ ਅਤੇ ਮਨੁਖਾ ਜੀਵਨ ਦੀ ਤੱਬਾਹੀ ਹੈ।
ਇਸਤਰ੍ਹਾਂ ਗੁਰਬਾਣੀ ਵਿੱਚ ਜਦੋਂ ਵੀ ਪ੍ਰਭਾਤੇ ਲਈ ਜ਼ੋਰ ਦਿਤਾ ਹੈ ਤਾਂ ਉਸਦੇ ਨਾਲ ਕਰਤੇ ਦੀ ਸਿਫ਼ਤ ਸਲਾਹ ਵਾਲੇ ਵਿਸ਼ੇ ਨੂੰ ਜ਼ਰੂਰ ਜੋੜਿਆ ਹੈ। ਇਹ ਪ੍ਰਭਾਤੇ ਦਾ ਜਾਗਣਾ ਕਲੱਬਾਂ-ਮੈਖਾਣਿਆ ਲਈ ਜਾਗਣਾ ਨਹੀਂ ਅਤੇ ਨਾ ਹੀ ਸੰਸਾਰਕ ਧੰਦਿਆਂ ਲਈ ਹੀ ਜਾਗਣਾ ਹੈ। ਇਥੇ ਤਾਂ ਫ਼ੁਰਮਾਨ ਹੈ “ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ” (ਪੰ: ੫੨੨)। ਇਥੇ ਉਦਮ ਦਾ ਇਕੋ ਹੀ ਮੱਕਸਦ ਹੈ ਉਹ “ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ” (ਪੰ: ੫੧੫)। ਸਪਸ਼ਟ ਹੈ ਜਦੋਂ ਸਾਰੇ ਉਦਮ ਦਾ ਆਧਾਰ ਹੀ ਕਰਤੇ ਦੀ ਸਿਫ਼ਤ ਸਲਾਹ ਹੋਵੇਗਾ ਜਿਸ ਵਿਚੋਂ ਕਿ ਸੰਸਾਰ ਦੇ ਸਾਰੇ ਸੁੱਖ ਆਪ ਮੁਹਰੇ ਹੀ ਜਨਮ ਲੈਂਦੇ ਹਨ ਤਾਂ ਇਸ ਮਨੁੱਖਾ ਸਰੀਰ ਲਈ ਸਿਹਤ ਸੁਅੱਛਤਾ ਅੱਡ ਨਹੀਂ ਰਹਿ ਜਾਂਦੇ। ਇਸ ਦੇ ਨਾਲ ਅਸਾਂ ਇੱਕ ਹੋਰ ਸੱਚਾਈ ਨੂੰ ਵੀ ਅਖੌਂ ਉਹਲੇ ਨਹੀਂ ਕਰਨਾ ਕਿ ਅਜੌਕੇ ਭੋਤਕ ਜੁੱਗ `ਚ ਜਦੋਂ ਕਿ ਦਿਨ-ਰਾਤ ਦੇ ਫ਼ਰਕ ਤੋਂ ਬਿਨਾ ਚੌਵੀ ਘੰਟੇ ਜਿਸਨੂੰ ਕਿ ਅਜ ਦੀ ਬੋਲੀ ਵਿੱਚ “ਅਰੋਉਂਡ ਦੀ ਕਲਾਕ” ਵੀ ਕਿਹਾ ਜਾਂਦਾ ਹੈ, ਜਦੋਂ ਕੰਮ ਜਾਂ ਡਿਊਟੀ ਦਾ ਸਮਾਂ ਹੀ ਪ੍ਰਭਾਤੇ ਜਾਂ ਉਸਦੇ ਆਸ ਪਾਸ ਹੈ ਤਾਂ ਵੀ ਜ਼ਰੂਰੀ ਇਹੀ ਹੈ ਪਹਿਲਾਂ ਸਰੀਰ ਨੂੰ ਲੋੜੀਦਾ ਆਰਾਮ ਦਿਤਾ ਜਾਵੇ ਪਰ ਆਲਸ ਵਾਲੀ ਪੱਧਰ ਦਾ ਨਹੀਂ। ਇਸਤਰ੍ਹਾਂ ਮਨੁੱਖ ਅਪਣੇ ਨਿੱਤ ਦੀ ਰਹਿਣੀ ਨੂੰ ਲਗਭਗ ਉਨ੍ਹਾਂ ਹੀ ਲੀਹਾਂ ਤੇ ਢਾਲ ਲਵੇ ਜਿਥੋਂ ਕਿ ਸਰੀਰ ਦਾ ਮੂਲ ਵਿਸ਼ਾ ਗੁਰਬਾਣੀ ਆਸ਼ੇ ਅਨੁਸਾਰ ਹੀ ਚਲੇ, ਉਸਨੂੰ ਭੁਲਾ ਕੇ ਨਹੀਂ।
ਸੁਅੱਛਤਾ ਅਤੇ ਸਿੱਖੀ ਜੀਵਨ ਦੀ ਝਲਕ- ਗੁਰਬਾਣੀ ਰਾਹੀਂ ਗੁਰਸਿੱਖ ਦੇ ਇਸੇ ਸੁਅੱਛ ਤੇ ਸੁਅੱਸਥ ਜੀਵਨ ਦੀ ਤਿਆਰੀ ਦਾ ਹੀ ਸਿੱਟਾ ਸੀ ਜਦੋਂ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਮਨ `ਚ ਆਇਆ ਪਹਿਰ ਰਾਤ ਰਹਿੰਦੇ ਭੇਸ ਬਦਲ ਕੇ ਅਪਣੀਆਂ ਰੈਜਮੈਂਟਾਂ ਦਾ ਮੁਤਾਲਾ ਕੀਤਾ ਜਾਵੇ। ਮਹਾਰਾਜਾ ਜਦੋਂ ਅਪਣੇ ਇਸ ਮਿਸ਼ਨ ਤੇ, ਇਸਲਾਮੀ ਰੈਜਮੈਂਟਾਂ ਵਿਚਾਲੇ ਪੁਜੇ ਤਾਂ ਬਹੁਤਾ ਕਰਕੇ ਸੁੱਤੇ ਹੋਏ ਜਾਂ ਗੁੜ-ਗੁੜ੍ਹ ਕਰਦੇ ਹੁੱਕੇ ਦੀ ਆਵਾਜ਼ ਸੀ। ਇਸੇਤਰ੍ਹਾਂ ਮਹਾਰਾਜਾ ਹਿੰਦੂ ਰੈਜਮੈਂਟਾ ਵਿਚਾਲੇ ਪੁਜੇ ਤਾਂ ਸਾਰੇ ਘੂਕ ਸੁਤੇ ਸਨ। ਅੰਤ ਜਦੋਂ ਸਿੱਖ ਰੈਜਮੈਂਟਾ ਵਿਚਾਲੇ ਪੁਜੇ ਤਾਂ ਕੋਈ ਇਸ਼ਨਾਨ ਕਰ ਰਿਹਾ ਸੀ, ਕੋਈ ਜੰਗਲਪਾਣੀ ਜਾ ਰਹੇ ਸਨ, ਕਿਧਰੋਂ ਗੁਰਬਾਣੀ ਗਾਇਣ ਦੀ ਮਿੱਠੀ ਆਵਾਜ਼ ਸੀ ਪਰ ਸਾਰੇ ਜਾਗ ਰਹੇ ਸਨ। ਕਿੱਧਰੇ ਘੁਰਾੜੇ ਜਾਂ ਸੁੱਤੇ ਹੋਣ ਵਾਲੀ ਗਲ ਹੀ ਨਹੀਂ ਸੀ। ਇਹ ਨਜ਼ਾਰਾ ਦੇਖ ਮਹਾਰਾਜੇ ਦੇ ਮੂਹੋਂ ਆਪ ਮੁਹਾਰੇ ਨਿਕਲਿਆ ‘ਧੰਨ ਗੁਰੂ ਨਾਨਕ, ਗੁਰੂ ਕਲਗੀ ਵਾਲੇ ਪਾਤਸ਼ਾਹ’।
ਠੀਕ ਇਸੇਤਰ੍ਹਾਂ ਵੇਰਵਾ ਮਿਲਦਾ ਹੈ ਜਦੋਂ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਚਲ ਰਹੀ ਸੀ। ਸੰਨ ੧੯੩੯-ਦੇਸ਼ ਞਿਆਪੀ ਨਾ-ਮਿਲਵਰਤਨ ਅੰਦੋਲਨ ਚਲਿਆ ਤਾਂ ਅੰਗ੍ਰੇਜ਼ ਸ਼ਾਸਕਾਂ ਨੇ ਉਪਰਲੀ ਕਤਾਰ ਦੇ ਸਾਰੇ ਹੀ ਨੇਤਾਵਾਂ ਨੂੰ ਜੇਲ `ਚ ਬੰਦ ਕਰ ਦਿੱਤਾ। ਇਹ ਕੇਵਲ ਗੁਰੂ ਨਾਨਕ ਦੇ ਸਿੱਖ ਹੀ ਸਨ ਜਿਹੜੇ ਅੰਤ ਤੀਕ ਡਟੇ ਰਹੇ। ਹਿੰਦੂ ਨੇਤਾਵਾਂ ਨੂੰ ਬੀੜੀ ਦੀ ਕੰਮੀ ਅਤੇ ਇਸਲਮੀ ਨੇਤਾਵਾਂ ਨੂੰ ਹੁੱਕੇ ਦੀ ਕਮੀ ਨੇ ਪ੍ਰੇਸ਼ਾਨ ਕਰ ਦਿਤਾ ਅਤੇ ਘੱਬਰਾ ਘੱਬਰਾ ਕੇ ਮੁਆਫ਼ੀਆਂ ਮੰਗ ਜੇਲਾਂ ਚੋਂ ਨਿਕਲਦੇ ਗਏ। ਇਸ ਦਾ ਮੁਖਕਾਰਣ ਸੀ ਉਨ੍ਹਾਂ ਸਿੱਖ ਨੇਤਾਵਾਂ ਦਾ ਸਾਫ਼-ਸੁੱਥਰਾ, ਗੁਰਬਾਣੀ ਦੇ ਰੰਗ ਵਿੱਚ ਰੰਙਿ, ਭਾਣੇ ਤੇ ਰਜ਼ਾ ਵਾਲ ਚੜ੍ਹਦੀਆਂ ਕਲਾ ਦਾ ਜੀਵਨ ਜਿਸਦੀ ਬਰਾਬਰੀ ਕਿਸੇ ਹੋਰ ਕੋਲ ਨਹੀਂ ਸੀ।
ਸਿਹਤ ਸਫ਼ਾਈ ਦਾ ਹੀ ਕਾਲਾ ਪੱਖ ਹਨ ਬ੍ਰਹਮਣੀ ਸੁੱਚਮਾਂ- ਸਿਹਤ-ਸਫ਼ਾਈ ਸਿੱਖੀ ਜੀਵਨ ਦਾ ਪਹਿਲਾ ਤੇ ਜ਼ਰੂਰੀ ਅੰਗ ਹੈ। ਸਰੀਰ ਦੀ ਸਫ਼ਾਈ, ਸੁਅੱਛਤਾ ਦੇਦ ਨਾਲ ਜ਼ਰੂਰੀ ਹੈ ਸਾਫ਼ ਸੁੱਥਰਾ ਖੁਲਾ-ਡੁੱਲਾ ਹਵਾਦਾਰ ਵਾਤਾਵਰਣ। ਇਸੇ ਸਿਲਸਲੇ ਵਿੱਚ ਪੌਸ਼ਟਕ ਖਾਣ-ਪਾਣ ਦਾ ਵੀ ਅਪਣਾ ਹੀ ਸਥਾਨ ਹੈ ਜਿਸਦਾ ਜ਼ਿਕਰ ਅਗੇ ਚਲਕੇ ਕਰਾਂਗੇ। ਮਨੁੱਖਾ ਸਰੀਰ ਦਾ ਇਹ ਉਹ ਪੱਖ ਹੈ ਜਿਸ ਵਲ ਗੁਰਮਤਿ ਨੇ ਖਾਸ ਧਿਆਨ ਦਿੱਤਾ। ਇਸਦੇ ਨਾਲ ਇਹ ਗਲ ਵੀ ਪੱਕੀ ਕੀਤੀ ਹੈ ਕਿ ਇਸਦਾ ਲਾਭ ਤਾਂ ਹੀ ਹੈ, ਜਦੋਂ ਗੁਰਬਾਣੀ ਪਖੌਂ ਮਨੁੱਖਾ ਜਨਮ ਦੀ ਅਮੁਲਤਾ ਬਾਰੇ ਵੀ ਗਿਆਨ ਹੈ ਤਾਂ। ਇਸਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਗੁਰਬਾਣੀ ਅਨੁਸਾਰ ਸਿਹਤ-ਸਫ਼ਾਈ ਲਈ ਲੌੜੀਂਦੀ ਸੀਮਾ ਵੀ ਪਤਾ ਹੋਵੇ ਅਤੇ ਇਨਸਾਨ ਸੀਮਾ `ਚ ਰਹਿਕੇ ਹੀ ਚਲੇ, ਅਸੀਮਤ ਹੋਕੇ ਨਹੀਂ। ਜੇਕਰ ਅਸੀਂ ਇਸਨੂੰ ਅਸੀਮਤਾ ਵਾਲੇ ਪਾਸੇ ਲੈ ਕੇ ਟੁਰ ਪੈਂਦੇ ਹਾਂ ਤਾਂ ਸਪਸ਼ਟ ਹੈ ਕਿ ਸਾਨੂੰ ਗੁਰਬਾਣੀ ਪਖੌਂ ਮਨੁੱਖਾ ਜੀਵਨ ਦੀ ਅਮੁਲਤਾ ਦਾ ਗਿਆਨ ਹੀ ਨਹੀਂ, ਇਸਤੇ ਵੀ ਸਾਡਾ ਜੀਵਨ, ਪਸ਼ੂ ਸਮਾਨ ਹੀ ਬਣਕੇ ਰਹਿ ਜਾਂਦਾ ਹੈ। ਇਸ ਬਾਰੇ ਪੂਰਾ ਵੇਰਵਾ ਗੁਰਮਤਿ ਪਾਠ ਨੰ: ੧੨੦ “ਕੋ ਰਹੈ ਨ ਭਰੀਐ ਪਾਈਐ” `ਚ ਨਿਭਾਇਆ ਗਿਆ ਹੈ, ਸੰਗਤਾਂ ਉਸਦਾ ਲਾਹਾ ਲੈ ਸਕਦੀਆਂ ਹਨ।
ਇਸਤੋਂ ਛੁੱਟ ਇਸੇ ‘ਸਿਹਤ-ਸਫ਼ਾਈ’ ਵਾਲੇ ਵਿਸ਼ੇ ਦਾ ਹੀ ਇੱਕ ਹੋਰ ਵਿਗਾੜ ਵਾਲਾ ਪੱਖ ਵੀ ਹੈ, ਜਿਸ ਬਾਰੇ ਅਗਿਆਨਤਾ ਵੀ ਸਾਨੂੰ ਸਿੱਖੀ ਜੀਵਨ ਤੋਂ ਦੁਰੇਡੇ ਲੈ ਜਾਂਦੀ ਹੈ। ਫ਼ਿਰ ਭਾਵੇਂ ਜਾਣੇ ਜਾਂ ਅਣਜਾਣੇ, ਉਸ ਪਾਸੇ ਟੁਰ ਪੈਣਾ ਹੀ ਸਾਡਾ ਸਿੱਖੀ ਜੀਵਨ ਤੋਂ ਦੂਰ ਹੁੰਦੇ ਜਾਣਾ ਹੈ। ਗੁਰਬਾਣੀ ਵਲੋਂ ਸਿਹਤ-ਸਫ਼ਾਈ ਕਿਥੋਂ ਤੀਕ ਸੇਧ ਹੈ, ਅਤੇ ਇਹ ਸੇਧ ਹੈ ਕੀ? ਇਸਨੂੰ ਸਮਝੇ ਬਿਨਾ ਜੇਕਰ ਅਸੀਂ ਬ੍ਰਾਹਮਣੀ ਸੁੱਚਮਾ ਵਾਲੇ ਪਾਸੇ ਮੁੜ ਪੈਂਦੇ ਹਾਂ ਤਾਂ ਇਸ ਵਿੱਚ ਵੀ ਸਾਡੇ ਜੀਵਨ ਦੀ ਤਬਾਹੀ ਹੀ ਤਬਾਹੀ ਹੈ, ਹੋਰ ਕੁੱਝ ਨਹੀਂ। ਦਰਅਸਲ ਅਜ ਜੇ ਗਹਿਰੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਇਸ ਪਖੋਂ ਪ੍ਰਵਾਰਕ ਪੱਧਰ ਤੇ ਆਮ ਸੰਗਤਾਂ ਤਾਂ ਉਸ ਚੱਕਰ `ਚ ਪਈਆਂ ਹੀ ਹਨ, ਬਲਕਿ ਸਾਡੀਆਂ ਹੀ ਕੁੱਝ ਸੰਸਥਾਂਵਾਂ ਜੱਥੇ ਤੇ ਡੇਰੇ ਵੀ ਉਸੇ ਦੌੜ `ਚ ਫ਼ਸੇ ਪਏ ਹਨ, ਜਿਸਤੋਂ ਸੰਗਤਾਂ ਨੂੰ ਵੀ ਗੁਮਰਾਹ ਕਰ ਰਹੇ ਹਨ। ਉਸ ਬਾਰੇ ਇਥੇ ਕੇਵਲ ਇਹ ਕਹਿਣਾ ਹੀ ਕਾਫ਼ੀ ਹੈ ਕਿ ‘ਸੁੱਚ-ਭਿੱਟ-ਪ੍ਰਛਾਵੇਂ’ ਸਿੱਖ ਧਰਮ ਦਾ ਉੱਕਾ ਕੋਈ ਅੰਗ ਨਹੀਂ ਹਨ। ‘ਸੁੱਚ-ਭਿੱਟ-ਪ੍ਰਛਾਵੇਂ’ ਵਾਲੇ ਵਿਸ਼ੇ ਨੂੰ ਵੀ ਪੂਰੀ ਤਰ੍ਹਾਂ ਸਮਝਣ ਲਈ, ਅਸਾਂ ਗੁਰਮਤਿ ਪਾਠ ਨੰ: ੧੧੯ ‘ਸੁੱਚ-ਭਿੱਟ ਅਤੇ ਸਿੱਖ ਧਰਮ’ ਚ ਨਿਭਾਇਆ ਹੈ, ਸੰਗਤਾਂ ਉਸਦਾ ਲਾਭ ਲੈ ਸਕਦੀਆਂ ਹਨ। ਸੁੱਚ-ਭਿੱਟ ਵਾਲਾ ਵਿਸ਼ਾ ਤਾਂ ਬਲਕਿ ਨਿਰੋਲ ਬ੍ਰਾਹਮਣੀ ਜੀਵਨ ਰਾਹ ਹੈ ਅਤੇ ਗੁਰਮਤਿ ਨੇ ਉਸਦਾ ਭਰਵਾਂ ਵਿਰੋਧ ਕੀਤਾ ਹੈ। ਖੈਰ! ਸਾਡੇ ਹੱਥਲੇ ਗੁਰਮਤਿ ਪਾਠ ਦੀ ਸੀਮਾਂ ਕੇਵਲ ਇਥੋਂ ਤੀਕ ਹੀ ਹੈ ਕਿ ਗੁਰੂਦਰ ਤੇ ਸਿਹਤ-ਸਫ਼ਾਈ ਪਖੋਂ ਗੁਰਮਤਿ ਦੀ ਸੀਮਾਂ ਕੀ ਹੈ? ਸਿੱਖ ਧਰਮ `ਚ ਸੁੱਚਾਂ-ਭਿੱਟਾਂ ਵਾਲਾ ਉੱਕਾ ਕੋਈ ਝਮੇਲਾ ਨਹੀਂ, ਇਥੇ ਤਾਂ ਸੁੱਚਾ ਕੇਵਲ ਅਕਾਲਪੁਰਖੁ ਨੂੰ ਹੀ ਦਸਿਆ ਹੈ। ਜੇਕਰ ਗੁਰਬਾਣੀ ਸੋਝੀ ਦੀ ਬਖਸ਼ਿਸ਼ ਨਾਲ ਸਾਡੇ ਜੀਵਨ `ਚ ਉਹ ਕਰਤਾ ਵੱਸ ਜਾਵੇ ਤਾਂਤੇ ਗਲ ਠੀਕ, ਵਰਨਾ ਕਬੀਰ ਸਾਹਿਬ ਵਾਲੀ ਉਹੀ ਗਲ ਸਾਡੇ ਉਪਰ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ “ਕਹੁ ਪੰਡਿਤ ਸੂਚਾ ਕਵਨੁ ਠਾਉ॥ ਜਹਾਂ ਬੈਸਿ ਹਉ ਭੋਜਨੁ ਖਾਉ॥ ੧ ॥ ਰਹਾਉ॥ (ਪੰ: ੧੧੯੫)।
ਖਾਣ-ਪਾਣ-ਸੁਅਛਤਾ ਅਤੇ ਸਿੱਖ ਧਰਮ- ਗੁਰਬਾਣੀ `ਚ ਗੁਰਸਿੱਖ ਦੇ ਇਸੇ ਸੁਅੱਛ ਤੇ ਸੁਅੱਸਥ ਜੀਵਨ ਦੇ ਵਿਸ਼ੇ ਨੂੰ ਲੈ ਕੇ ਗੁਰਮਤਿ ਨੇ ਮਨੁੱਖ ਦੇ ਖਾਣ-ਪਾਣ-ਆਹਾਰ ਤੇ ਬੜੀ ਸਪਸ਼ਟ ਸੇਧ ਦਿਤੀ ਹੈ। ਕਿਉਂਕਿ ਸਾਡੀਆਂ ਬਹੁਤੀਆਂ ਬਿਮਾਰੀਆਂ ਦਾ ਸੰਬੰਧ ਸਾਡੇ ਖਾਣ-ਪਾਣ ਨਾਲ ਜ਼ਿਆਦਾ ਹੁੰਦਾ ਹੈ। ਜੇਕਰ ਸੁਅੱਛਤਾ ਅਤੇ ਖੁਲੇ-ਡੁੱਲੇ ਹਵਾਦਾਰ ਵਾਤਵਰਣ ਵਲੋਂ ਤਾਂ ਅਸਾਂ ਧਿਆਨ ਕਰ ਲਿਆ ਪਰ ਅਪਣੇ ਖਾਣ-ਪਾਣ ਵਲ ਧਿਆਨ ਨਾ ਕੀਤਾ ਤਾਂ ਉਹ ਸੁਅੱਛਤਾ-ਸਫ਼ਾਈ-ਵੈਂਟੀਲੇਸ਼ਨ ਵੀ ਸਾਡੀ ਸੰਭਾਲ ਕਿਸੇ ਹਦ ਤੀਕ ਹੀ ਕਰ ਸਕੇਗੀ। ਮੂੰਹ ਦੇ ਚੱਸਕਿਆਂ ਦੇ ਗੁਲਾਮ ਹੋ ਕੇ ਲੋੜ ਤੋਂ ਵੱਧ ਖਾਂਦੇ ਹਾਂ ਜਾਂ ਸਰੀਰ ਦੇ ਵਿਗਾੜ ਦਾ ਕਾਰਨ ਬਨਣ ਵਾਲੀਆਂ ਤਲੀਆਂ-ਚਿੱਕਨਾਈ ਆਦਿ ਵਾਲੀਆਂ ਵਸਤਾਂ ਬਾਰੇ ਪ੍ਰਹੇਜ਼ ਨਹੀਂ ਕਰਦੇ ਤਾਂ ਗੁਰਬਾਣੀ ਸਾਨੂੰ ਉਸ ਪਖੋਂ ਵੀ ਸੁਚੇਤ ਕਰਦੀ ਹੈ। ਫ਼ੁਰਮਾਨ ਹੈ “ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ” ਅਰਥ ਹਨ-ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਮਨ ਵਿੱਚ ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ (ਨਹੀਨ ਖਾਣੇ)। ਤਾਂ ਤੇ ਖਾਣ ਪਾਣ ਬਾਰੇ ਸੇਧ ਹੈ “ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ (ਪੰ: ੪੬੭)।
ਹੋਰ ਤਾਂ ਹੋਰ, ਜਦੋਂ ਇਸ ਪਖੋਂ ਗੁਰ-ਇਤਿਹਾਸ `ਚ ਦਰਸ਼ਨ ਕਰਦੇ ਹਾਂ ਤਾਂ ਉਥੇ ਵੀ ਇਹੀ ਗਲ ਉਘੜ ਕੇ ਸਾਹਮਣੇ ਆਉਂਦੀ ਹੈ। ਦੂਜੇ ਪਾਤਸ਼ਾਹ ਦੇ ਲੰਗਰ `ਚ ਜਿਸਦੇ ਕਿ ਇੰਚਾਰਜ ਮਾਤਾ ਖੀਵੀ ਜੀ ਸਨ ਉਥੇ ਵੀ ਸੰਗਤਾਂ ਦਾ ਇਸ ਪਖੋਂ ਭਰਵਾਂ ਧਿਆਨ ਕੀਤਾ ਜਾਂਦਾ ਸੀ ਫ਼ੁਰਮਾਨ ਹੈ “ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ” ਅਤੇ “ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ” (ਪੰਨਾ 967) ਇਥੇ ਦੋਵੇਂ ਹੀ ਗਲਾਂ ਬੜੀਆਂ ਸਪਸ਼ਟ ਮਿਲਦੀਆਂ ਹਨ ਕਿ ਸੰਗਤਾਂ ਦੀ ਆਤਮਕ ਸੰਭਾਲ ਲਈ ਗੁਰੂ ਦੇ ਸ਼ਬਦ ਦਾ ਲੰਗਰ ਚਲਦਾ ਸੀ ਅਤੇ ਉਨ੍ਹਾਂ ਦੀ ਸਰੀਰਕ ਅਰੋਗਤਾ ਪਖੋਂ ਗੁਰੂ ਕੇ ਲੰਗਰਾਂ ਵਿੱਚ ਘਿਉ-ਖੀਰਾਂ ਵੀ ਵਰਤਾਈਆਂ ਜਾਂਦੀਆਂ ਸਨ। ਇਥੇ ਇਹ ਵਿਸ਼ਾ ਵੀ ਅਖੋਂ ਉਹਲੇ ਨਹੀਂ ਕੀਤਾ ਜਾ ਸਕਦਾ ਕਿ ਜਿਵੇਂ ਇਨਸਾਨ ਦੀ ਸਿਹਤ-ਸੁਅਛਤਾ ਲਈ ਪ੍ਰਭਾਤੇ ਦਾ ਜਾਗਣਾ ਅਤੇ ਇਸ਼ਨਾਨ ਵਾਲੇ ਵਿਸ਼ੇ ਤੇ ਵਿਚਾਰ ਕਰਦਿਆਂ ਅਸਾਂ ਦੇਖਿਆ ਕਿ ਉਥੇ ਵੀ ਗੁਰਮਤਿ ਦਾ ਜ਼ੋਰ ਇਸੇ ਹੀ ਗਲ ਤੇ ਹੈ ਕਿ ਇਹ ਸਭ ਤਾਂ ਲਾਹੇਵੰਦ ਹੈ ਜੇਕਰ ਇਸਦਾ ਮਕਸਦ ਪ੍ਰਭੁ ਦੀ ਸਿਫ਼ਤ-ਸਲਾਹ ਨਾਲ ਜੁੜਣਾ ਹੈ ਤਾਂ, ਉਂਝ ਨਹੀਂ। ਇਸੇਤਰ੍ਹਾਂ ਜਿਥੋਂ ਤੀਕ ਖਾਣ ਪਾਣ ਦੇ ਵਿਸ਼ੇ ਤੇ ਸੇਧ ਦੀ ਗਲ ਹੈ ਇਥੇ ਵੀ ਗਲ ਉਹੀ ਹੈ ਕਿ ਇਹ ਵੀ ਕਰਤੇ ਨੂੰ ਵਿਸਾਰ ਕੇ ਨਹੀਂ, ਬਲਕਿ ਉਸਦੀ ਯਾਦ ਤੇ ਸ਼ੁਕਰਾਨੇ ਨਾਲ। ਫ਼ੁਰਮਾਨ ਹੈ “ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ” (ਪ: ੩੦੬) ਅਤੇ “ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ॥ ਤਿਸੁ ਵਿਣੁ ਸਭੁ ਅਪਵਿਤ੍ਰ ਹੈ ਜੇਤਾ ਪੈਨਣੁ ਖਾਣੁ “ (ਪੰ: ੧੬) ਹੋਰ ਤਾਂ ਹੋ ਜਦੋਂ ਗੁਰਦੇਵ ਬ੍ਰਾਹਮਣ ਦੀਆਂ ਸੁੱਚਮਾ ਦੀ ਚੀਰ-ਫ਼ਾੜ ਕਰਕੇ ਉਸਨੂੰ ਕੁਰਾਹੇ ਪਿਆ ਇਨਸਾਨ ਸਾਬਤ ਕਰਦੇ ਹਨ ਤਾਂ ਉਸ ਸਮੇਂ ਗੁਰਦੇਵ ਦਾ ਫ਼ੈਸਲਾ ਹੈ “ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ” (ਪੰ: ੪੭੩)।
ਸਰੀਰਕ ਇਲਾਜ, ਸੁਅੱਛਤਾ ਅਤੇ ਸਿੱਖ ਧਰਮ- ਜਿਉਂ ਜਿਉਂ ਗੁਰਬਾਣੀ ਦੀ ਵਿਚਾਰ ਕਰੋ ਇਹ ਗਲ ਹੋਰ ਤੇ ਹੋਰ ਨਿੱਖਰਦੀ ਜਾਂਦੀ ਹੈ ਕਿ ਗੁਰਦੇਵ ਨੇ ਜਿਥੇ ਸਾਡੇ ਸਰੀਰ ਦੀ ਹਰ ਪਖੋਂ ਸੰਭਾਲ ਕੀਤੀ ਹੈ ਉਥੇ ਨਾਲ ਹੀ ਬ੍ਰਾਹਮਣੀ ਸੁੱਚਮਾਂ ਨੂੰ ਉਕਾ ਹੀ ਪ੍ਰਵਾਨ ਨਹੀਂ ਕੀਤਾ। ਇਥੇ ਹੁਣ ਵਿਸ਼ਾ ਲੈਂਦੇ ਹਾਂ ਸਰੀਰਕ ਸੰਭਾਲ ਤੇ ਇਲਾਜ ਦਾ। ਕੋੜ੍ਹ
(Lipracy) ਛੂਤ ਦੀ ਬਿਮਾਰੀ ਨਹੀਂ- ਸੰਸਾਰ ਪੱਧਰ ਤੇ ਇਸ ਪਾਸੇ ਜੇਕਰ ਕਿਸੇ ਨੇ ਸਭ ਤੋਂ ਪਹਿਲਾਂ ਧਿਆਨ ਦਿੱਤਾ, ਤਾਂ ਗੁਰੂ ਨਾਨਕ ਪਾਤਸ਼ਾਹ ਨੇ। ਇਸ ਕੋੜ੍ਹ ਦੇ ਰੋਗ ਕਾਰਣ ਪ੍ਰਵਾਰ, ਸਮਾਜ `ਤੇ ਆਬਾਦੀ ਤੋਂ ਦੂਰ ਧੱਕੇ ਜਾ ਚੁੱਕੇ ਦੁਖੀਏ ਕੋੜ੍ਹੀ ਦੀ ਝੁੱਗੀ ਦਾ ਦਰਵਾਜਾ, ਜੰਗਲ `ਚ ਅੱਧੀ ਰਾਤ ਨੂੰ ਜਾ ਖੱੜਕਾਇਆ। ਪਾਤਸ਼ਾਹ ਨੇ, ਉਸਨੂੰ ਹੱਥੀਂ ਇਸ਼ਨਾਨ ਕਰਾਇਆ, ਭੋਜਨ ਤਿਆਰ ਕਰਕੇ ਛੱਕਾਇਆ। ਇਸਤਰ੍ਹਾਂ ਮਨੁੱਖ ਮਾਤਰ ਨੂੰ ਹਥੀਂ ਸੇਵਾ ਕਰਕੇ ਦਸਿਆ ‘ਕੋੜ੍ਹ ਛੂਤ ਦੀ ਬਿਮਾਰੀ ਨਹੀਂ, ਮਰੀਜ ਨੂੰ ਹਮਦਰਦੀ ਪਿਆਰ ਤੇ ਸੇਵਾ ਦੀ ਲੋੜ ਹੁੰਦੀ ਹੈ। ਕੋੜ੍ਹੀ ਵੀ ਕਹਿ ਉਠਿਆ ਸੀ। “ਪਾਤਸ਼ਾਹ! ਮੈਂ ਦੁੱਖੀਆ ਤਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਿਹਾਂ ਹਾਂ, ਤੁਸੀਂ ਮੇਰੀ ਕੁਟੀਆ `ਚ ਰਾਤ ਕਿਵੇਂ ਕਟੋਗੇ, ਮੇਰੇ ਤਾਂ ਪ੍ਰਛਾਵੇਂ ਤੋਂ ਵੀ ਲੋਕ ਡਰਦੇ ਹਨ।” ਆਖਿਰ ਸਮਾਜ ਨੂੰ ਇਹੀ ਸਮਝਾਉਣ ਲਈ ਤਾਂ ਪਾਤਸ਼ਾਹ ਉਚੇਚੇ ਉਥੇ ਪੁਜੇ ਸਨ। ਗੁਰੂ ਕੇ ਸਿੱਦਕੀ ਸਿੱਖ, ਭਗਤ ਪੂਰਨ ਸਿੰਘ ਨੇ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਕਾਇਮ ਕਰਕੇ, ਪਾਤਸ਼ਾਹ ਰਾਹੀਂ ਪ੍ਰਗਟ ਇਸ ਸੱਚਾਈ ਨੂੰ ਲੋਕਾਈ ਤੀਕ ਪਹੁੰਚਾਇਆ। ਪੰਜਵੇਂ ਪਾਤਸ਼ਾਹ ਨੇ ਤਰਨਤਾਰਨ ਸਾਹਿਬ ਵਿਖੇ ਉਚੇਚੇ ਕੋੜ੍ਹੀਆਂ ਦਾ ਹਸਪਤਾਲ ਵੀ ਖੁਲਵਾਇਆ ਪਰ ਸਿੱਖਾਂ ਨੇ ਉਸਨੂੰ ਸੰਭਾਲਿਆ ਨਹੀਂ।
ਇਸ ਵਿਸ਼ੇ ਨੂੰ ਸਮਝਣ ਲਈ ਅਸੀਂ ਗੁਰ ਇਤਿਹਾਸ ਵਿਚੋਂ ਵੀ ਕੁੱਝ ਹੋਰ ਦਰਸ਼ਨ ਕਰਨੇ ਚਾਹਾਂਗੇ। ਜ਼ਿਕਰ ਆਉਂਦਾ ਹੈ ਹੁਮਾਯੂੰ, ਜਦੋਂ ਸ਼ੇਰਸ਼ਾਹ ਸੂਰੀ ਤੋਂ ਭਾਂਜ ਖਾ ਕੇ ਦੋੜਿਆ-ਰਸਤੇ ਜਾਂਦਿਆਂ ਖਡੂਰ ਸਾਹਿਬ, ਗੁਰੂ ਸਾਹਿਬ ਦੀ ਸ਼ਰਣ `ਚ ਆਉਣ ਦਾ ਮਨ ਬਣਾ ਲਿਆ। ਸੋਚਿਆ-ਅੱਲ੍ਹਾ ਤਾਲਾ ਦੇ ਦਰਵੇਸ਼ ਹਨ ਸ਼ਾਇਦ ਕੁੱਝ ਦੁਆ ਕਰ ਦੇਣ। ਜਿਸ ਸਮੇਂ ਹੁਮਾਯੂੰ ਅਪਣੇ ਸ਼ਾਹੀ ਦਸਤੇ ਸਹਿਤ, ਗੁਰਦੇਵ ਕੋਲ ਪੁਜਾ ਤਾਂ ਪਾਤਸ਼ਾਹ ਮਲ-ਅਖਾੜੇ `ਚ ਰੁਝੇ ਸਨ; ਹੁਮਾਯੂੰ ਵੱਲ ਖਾਸ ਧਿਆਨ ਨਾ ਦਿਤਾ। ਹੁਮਾਯੂੰ ਅਪਣੇ ਬਾਦਸ਼ਾਹੀ ਹੰਕਾਰ `ਚ ਤੱਮਤਮਾ ਉਠਿਆ। ਉਸਨੇ ਬੇਇਜ਼ਤੀ ਮਹਿਸੂਸ ਕੀਤੀ ਅਤੇ ਪਾਤਸ਼ਾਹ ਤੇ ਵਾਰ ਕਰਨ ਲਈ ਤਲਵਾਰ ਕੱਢ ਲਈ। ਸ਼ਾਂਤ ਸੁਭਾਅ ਪਾਤਸ਼ਾਹ ਨੇ ਕਿਹਾ “ਹੁਮਾਯੂੰ! ਸ਼ੇਰਸ਼ਾਹ ਸਾਹਮਣੇ ਤੇਰੀ ਇਹ ਤਲਵਾਰ ਕਿੱਥੇ ਚਲੀ ਗਈ ਸੀ? ਜਿਹੜੀ ਅੱਜ ਤੂੰ ਫਕੀਰਾਂ ਉਪਰ ਉਲਾਰੀ ਫਿਰਦਾ ਹੈਂ”। ਬਾਦਸ਼ਾਹ, ਸ਼ਰਮਸਾਰ ਹੋਇਆ, ਚਰਣਾਂ ਤੇ ਡਿੱਗਕੇ ਭੁੱਲ ਬਖ਼ਸ਼ੁਵਾਈ। ਕਹਿਣ ਤੋਂ ਭਾਵ ਇਹ ਮਲ-ਅਖਾੜੇ ਕੀ ਸਨ। ਦਰਅਸਲ ਦੂਜੇ ਪਾਤਸ਼ਾਹ ਦੇ ਲੰਗਰਾਂ ਵਿੱਚ ਜਿਥੇ ਘਿਉ-ਖੀਰਾਂ ਦੀ ਗਲ ਕਰ ਚੁਕੇ ਹਾਂ ਉਥੇ ਗੁਰਦੇਵ ਨੇ ਸੰਗਤਾਂ ਦੀ ਕਸਰਤ-ਕਸ਼ਿਤੀਆਂ ਰਾਹੀਂ ਸਰੀਰਕ ਸੰਭਾਲ ਦੇ ਵਿਸ਼ੇ ਨੂੰ ਸਾਹਮਣੇ ਰਖ ਕੇ ਸੰਗਤਾਂ ਵਿਚਕਾਰ ਮਲ-ਅਖਾੜਿਆਂ ਦੀ ਪਰੰਪਰਾ ਦਾ ਆਰੰਭ ਕੀਤਾ, ਕਾਸ਼ ਅਸਾਂ ਅਪਣੀ ਇਸ ਪਰੰਪਰਾ ਦੀ ਸੰਭਾਲਂ ਕੀਤੀ ਹੁੰਦੀ। ਅਜ ਤਾਂ ਹਾਲਤ ਇਹ ਹੈ ਕਿ ਜਦੋਂ ਕਿਸੇ ਸਿੱਖ ਬੱਚੇ ਨੂੰ ਦੰਗਲਾਂ-ਕੁਸ਼ਤੀਆਂ ਦਾ ਸ਼ੋਕ ਆ ਜਾਵੇ ਤਾਂ ਉਸਤਾਦ ਉਹ ਮਿਲਦੇ ਹਨ ਜਿਨ੍ਹਾਂ ਦਾ ਪਹਿਲਾ ਹੀ ਇਲਾਨ ਹੁੰਦਾ ਹੈ ‘ਦੰਗਲਾਂ ਦੇ ਕਿਤੇ `ਚ ਆਉਣ ਲਈ ਪਹਿਲਾਂ ਸਰੂਪ ਦਾ ਤਿਆਗ ਕਰਨਾ ਹੋਵੇਗਾ। ਉਨ੍ਹਾਂ ਅਨੁਸਾਰ ਇਸ ਹੁੱਨਰ ਦੀ ਪ੍ਰਾਪਤੀ ਲਈ ਸਰੂਪ ਦਾ ਤਿਆਗਣਾ ਜ਼ਰੂਰੀ ਹੈ। ਅਜ ਸੰਸਾਰ ਪੱਧਰ ਤੇ ਕਿੰਨੇ ਹੀ ਪਹਿਲਵਾਨ ਹਣ ਜੋ ਮੂਲ ਰੂਪ `ਚ ਤਾਂ ਸਿੱਖ ਹਨ ਪਰ ਅਪਣਾ ਸਰੂਪ ਗੁਆ ਚੁਕੇ ਦੇ ਹਨ।
ਹੋਰ ਲਵੋ! ਜ਼ਿਕਰ ਆਉਂਦਾ ਹੈ ਔਰੰਗਜ਼ੇਬ ਜਦੋਂ ਅਜੇ ਬਾਦਸ਼ਾਹ ਤਾਂ ਨਹੀਂ ਸੀ ਬਣਿਆ, ਤਾਂ ਅਪਣੇ ਪਿਤਾ ਸ਼ਾਹਜਹਾਂ ਦਾ ਬਹੁਤਾ ਝੁਕਾਅ ਅਪਣੇ ਵੱਡੇ ਭਰਾਤਾ ਦਾਰਾ ਸ਼ਿਕੋਹ ਵਲ ਤੱਕ, ਉਸਨੇ ਕਿਸੇਤਰ੍ਹਾਂ ਦਾਰਾ ਨੂੰ ਸ਼ੇਰ ਦੀ ਮੁੱਛ ਦਾ ਵਾਲ ਖੁਆ ਦਿੱਤਾ, ਜਿਸ ਨਾਲ ਦਾਰਾ ਦੀ ਮੌਤ ਨਿਸ਼ਚਤ ਸੀ। ਸ਼ਾਹੀ ਹਕੀਮਾਂ ਅਨੁਸਾਰ, ਉਹ ਬੱਚ ਸਕਦਾ ਸੀ ਜੇਕਰ ਇੱਕ ਤੋਲੇ ਦਾ ਲੋਂਗ, 10 ਤੋਲੇ ਦੀ ਹੱਰੜ `ਤੇ ਸੰਜੀਵਨੀ ਦੀ ਜੜ੍ਹ ਭਾਵ ਰਾਜਮੋਤੀ-ਇਹ ਤਿੰਨ ਵੱਸਤਾਂ ਪ੍ਰਾਪਤ ਹੋ ਸਕਣ। ਸ਼ਾਹੀ ਦਵਾਖਾਨਿਆਂ ਸਮੇਤ ਜਦੋਂ ਇਹ ਚੀਜ਼ਾਂ ਪੂਰੇ ਭਾਰਤ ਵਿਚੋਂ, ਕਿਤੋਂ ਵੀ ਨਾ ਮਿਲੀਆਂ ਤਾਂ ਜਾ ਕੇ ਮਿਲੀਆਂ, ਸੱਤਵੇਂ ਪਾਤਸ਼ਾਹ ਦੇ ਦਵਾਖਾਨੇ ਵਿਚੋਂ। ਇਥੋਂ ਪਤਾ ਲੱਗਦਾ ਹੈ ਗੁਰੂ ਦਰਬਾਰ ਦਾ ਦਵਾਖਾਨਾ ਕਿੰਨਾ ਅਮੀਰ ਸੀ। ਨਤੀਜਾ-ਦਾਰਾ ਬੱਚ ਗਿਆ ਅਤੇ ਬਾਦ `ਚ ਸ਼ੁਕਰਾਨੇ ਦੇ ਤੌਰ ਤੇ ਗੁਰੂ ਚਰਣਾਂ `ਚ ਹਾਜ਼ਰ ਹੋਇਆ। ਕੁੱਝ ਜਾਗੀਰ ਵੀ ਗੁਰੂ ਦਰਬਾਰ ਨਾਲ ਲਾਉਣੀ ਚਾਹੀ ਪਰ ਗੁਰਦੇਵ ਨੇ ਇਹ ਕਹਿਕੇ ਮਨ੍ਹਾਂ ਕਰ ਦਿੱਤਾ, ਗੁਰੂਦਰਬਾਰ ਦੀ ਸੰਪਤੀ ਸੰਗਤਾਂ ਦੀ ਸੇਵਾ ਦੇ ਤਿੱਲ-ਫੁੱਲ ਨਾਲ ਹੀ ਬਣਦੀ ਹੈ।
“ਸਰਬ ਰੋਗ ਕਾ ਅਉਖਦੁ ਨਾਮੁ” - (ਪੰ: 274) ਦਰਅਸਲ ਸੱਚਾਈ ਇਥੇ ਵੀ ਇਹੀ ਹੈ ਕਿ ਮਨੁੱਖ ਦੀਆਂ ਲਗਭਗ 99% ਸਰੀਰਕ `ਤੇ ਮਾਨਸਕ ਬਿਮਾਰੀਆਂ, ਕੇਵਲ ਪ੍ਰਭੂ ਨੂੰ ਵਿਸਾਰਣ ਅਤੇ ਸੰਸਾਰ ਦੀ ਮੋਹ ਮਾਇਆ ਵਿੱਚ ਖੱਚਤ ਹੋਣ ਕਾਰਨ, ਮਨੁੱਖ ਨੇ ਆਪ ਪੈਦਾ ਕੀਤੀਆਂ ਹੁੰਦੀਆਂ ਹਨ। ਇਹ ਰੋਗ ਕਰਤੇ ਨੇ ਨਹੀਂ ਦਿੱਤੇ ਹੁੰਦੇ ਅਤੇ ਨਾ ਹੀ ਪ੍ਰਭੁ ਦੇ ਭਾਣੇ ਜਾਂ ਰਜ਼ਾ `ਚ ਹੀ ਹੁੰਦੇ ਹਨ। ਬਾਣੀ ਦੀ ਇਸ ਬਾਰੇ ਸਪਸ਼ਟ ਸੇਧ ਹੈ “ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ” (ਪੰ: 135) ਗੁਰਬਾਣੀ ਰਾਹੀਂ ਪ੍ਰਗਟ ਕੀਤੇ ਰਜ਼ਾ-ਭਾਣੇ ਦੇ ਜੀਵਨ ਕਾਰਨ ਜਦੋਂ ਸਾਡਾ ਮਾਨਸਕ ਸੰਤੁਲਨ ਬਣਿਆ ਰਹਿੰਦਾ ਹੈ ਤਾਂ ਮਨੁੱਖ ਇਨ੍ਹਾਂ ਰੋਗਾਂ ਅਤੇ ਉਨ੍ਹਾਂ ਦੇ ਕੁਪ੍ਰਭਾਵਾਂ ਤੋਂ ਕੁੱਦਰਤੀ ਤੇ ਹੀ ਬਚਿਆ ਰਹਿੰਦਾ ਹੈ। ਫ਼ਿਰ ਇਹ ਵੀ ਸੱਚਾਈ ਹੈ ਕਿ ਮਨੁੱਖ, ਪ੍ਰਭੁ ਦੀ ਇਸ ਰਜ਼ਾ-ਭਾਣੇ ਵਾਲੀ ਅਵਸਥਾ ਵਿੱਚ ਪੁੱਜਦਾ ਵੀ ਸਾਧਸੰਗਤ ਵਿੱਚ ਆਕੇ, ਕਰਤੇ ਦੀ ਬਖਸ਼ਿਸ਼ ਨਾਲ ਹੀ ਹੈ, ਅਪਣੇ ਉਦੱਮ ਨਾਲ ਨਹੀਂ। ਇਸਦੇ ਨਾਲ ਅਸਾਂ ਇਸ ਸੱਚਾਈ ਨੂੰ ਵੀ ਸਮਝਣਾ ਹੈ ਕਿ ਸਾਰੀ ਦੁਨੀਆਂ ਤਾਂ ਜੀਵਨ ਦੀ ਇਸ ਉਚੀ ਅਵਸਥਾ ਤੀਕ ਪੁਜ ਨਹੀਂ ਪਾਂਦੀ। ਇਸੇ ਕਾਰਨ ਅਗਿਆਨਤਾ `ਚ ਡੁੱਬੇ ਲਗਭਗ ਹਰੇਕ ਮਨੁੱਖ ਨੂੰ ਸਰੀਰ ਦੇ ਇਲਾਜ ਦੀ ਲੋੜ ਪਈ ਹੀ ਰਹਿਂਦੀ ਹੈ। ਕੇਵਲ ਉਹੀ ਜੀਊੜੇ ਜਿਹੜੇ ਸਾਧਸੰਗਤ `ਚ ਆਕੇ ਗੁਰੂ ਦੀ ਸਿਖਿਆ `ਤੇ ਅਮਲ ਵਲ ਟੁੱਰ ਪੈਂਦੇ ਹਨ ਉਨ੍ਹਾਂ ਦੇ ਕੇਵਲ ਸਰੀਰਕ ਹੀ ਨਹੀਂ ਬਲਕਿ ਮਾਨਸਕ ਰੋਗ ਵੀ ਅਪਣੇ ਆਪ ਘੱਟਣੇ `ਤੇ ਮੁੱਕਣੇ ਸ਼ੁਰੂ ਹੋ ਜਾਂਦੇ ਹਨ।
ਸੰਸਾਰ ਅੰਦਰ ਜਿੰਨੇ ਵੀ ਦੁੱਖ ਕਲੇਸ਼, ਬਿਮਾਰੀਆਂ, ਲੜਾਈਆਂ-ਝਗੜੇ, ਕਤਲੋ-ਗਾਰਤ, ਐਕਸੀਡੈਂਟ-ਮੁਕੱਦਮੇਬਾਜ਼ੀਆਂ ਆਦਿ ਹਨ, ਇਨ੍ਹਾ ਵਿਚੋਂ ਲਗਭਗ 99% ਅਗਿਆਨੀ ਮਨੁੱਖ ਦੀ ਅਪਣੀ ਕਰਨੀ
(Humen Error) ਦੀ ਹੀ ਉਪਜ ਅਤੇ ਪ੍ਰਭੁ ਤੋਂ ਦੂਰ ਰਹਿਨ ਕਾਰਣ ਹਨ-ਨਹੀਂ ਤਾਂ ਅਕਾਲਪੁਰਖੁ ਕਦੇ ਕਿਸੇ ਨੂੰ ਦੁੱਖ ਨਹੀਂ ਦੇਂਦਾ। ਇਸੇ ਕਾਰਨ ਬਾਣੀ ਵਿੱਚ ਪਾਤਸ਼ਾਹ ਨੇ ਜਦੋਂ ਕਰਤੇ ਦੇ ਬੇਅੰਤ ਗੁਣਾਂ ਦੀ ਗਲ ਕੀਤੀ ਹੈ ਤਾ ਕਰਤੇ ਨੂੰ ਅਨੇਕਾਂ ਵਾਰੀ ਸੁਖ ਨਿਧਾਨ, ਸਰਬ ਸੁਖਾਂ ਕਾ ਦਾਤਾ, ਸੁਖਦਾਤਾ ਜਿਵੇਂ “ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ” (ਪੰ: 44) ਆਦਿ ਕਹਿਕੇ ਵੀ ਸੰਬੋਧਨ ਕੀਤਾ ਹੈ।
ਪਹਿਰਾਵਾ-ਸੁਆਰੀ ਸੁਅਛਤਾ ਸਿਹਤ ਅਤੇ ਸਿੱਖ ਧਰਮ- ਸੁਅੱਛਤਾ-ਸਫ਼ਾਈ-ਸਿਹਤ ਬਾਰੇ ਗੁਰਮਤਿ ਬਿਲਕੁਲ ਸਪੱਸ਼ਟ ਹੈ। ਫ਼ਿਰ ਵੀ ਜੇ ਇਸ ਸੁਅੱਛਤਾ-ਸਫ਼ਾਈ ਬਾਰੇ ਜਾਣੇ- ਅਣਜਾਣੇ ਅਸੀਂ ਬ੍ਰਾਹਮਣੀ ਸੁੱਚਮਾਂ ਵਲ ਮੁੜੀਏ ਤਾਂ ਇਹ ਸਾਡੀ ਅਗਿਆਨਤਾ ਹੀ ਹੈ। ਪਾਤਸ਼ਾਹ ਨੇ ਬਾਣੀ `ਚ ਕੇਵਲ ਸਿਹਤ, ਸੁਅੱਛਤਾ ਹੀ ਨਹੀਂ ਬਲਕਿ ਸਾਡੇ ਪਹਿਰਾਵੇ, ਸੁਆਰੀ, ਰਿਹਾਇਸ਼ ਪਖੋਂ ਵੀ ਸੁਚੇਤ ਕੀਤਾ ਹੈ। ਗਲ ਇਥੇ ਵੀ ਉਹੀ ਹੈ, ਵਿਸ਼ਾ ਪ੍ਰਭਾਤੇ ਜਾਗਣ ਦਾ ਹੋਵੇ, ਖਾਣ-ਪਾਣ ਦਾ, ਅਰੋਗਤਾ ਦਾ ਜਾਂ ਹੱਥਲਾ ਪਹਿਰਾਵੇ ਤੇ ਸੁਆਰੀ ਦਾ, ਜੋ ਕੁੱਝ ਵੀ ਪ੍ਰਭੁ ਨੂੰ ਵਿਸਾਰ ਕੇ ਹੈ ਤਾਂ ਉਹ ਕੀਤਾ ਜਾਂ ਨਾ ਕੀਤਾ, ਬਰਾਬਰ ਹੀ ਹੈ- ਨਤੀਜਾ ਫ਼ਿਰ ਤੋਂ ਜਨਮ-ਮਰਣ ਦੇ ਗੇੜ੍ਹ `ਚ ਫ਼ਸਣਾ ਹੀ ਹੈ ਹੋਰ ਕੁੱਝ ਨਹੀਂ। ਮਨੁੱਖ ਭਾਵੇਂ ਕਿਸੇ ਵੀ ਸਮੇਂ `ਚ ਹੋਇਆ ਹੈ, ਉਸਨੂੰ ਸੁਆਰੀ ਦੀ ਸਦਾ ਤੋਂ ਲੋੜ ਰਹੀ ਹੈ, ਬਦਲੇ ਹਨ ਤਾਂ ਕੇਵਲ ਢੰਗ। ਹੁਣ ਇਥੇ ਵੀ ਗੁਰਬਾਣੀ ਸਾਡੀ ਅਗਵਾਹੀ ਉਹੀ ਕਰਦੀ ਹੈ ਜਿਵੇਂ “ਬਾਬਾ ਹੋਰੁ ਚੜਣਾ ਖੁਸੀ ਖੁਆਰੁ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ” (ਪੰ: ੧੬) ਜਿਸਦੇ ਅਰਥ ਹਨ ਹੇ ਭਾਈ! ਜਿਸ ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿੱਚ ਭੀ ਅਹੰਕਾਰ ਆਦਿਕ ਵਿਕਾਰ ਪੈਦਾ ਹੋਣ, ਉਹ ਸਵਾਰੀ ਤੇ ਉਸ ਦਾ ਚਾਉ ਵੀ ਖ਼ੁਆਰ ਕਰਦਾ ਹੈ। ਇਹੀ ਗਲ ਸਾਡੀ ਰਿਹਾਇਸ਼, ਸਾਡੇ ਪਹਿਰਾਵੇ ਉਪਰ ਵੀ ਲਾਗੂ ਹੁੰਦੀ ਹੈ। ਪਹਿਰਾਵੇ ਬਾਰੇ ਵੀ ਗੁਰਬਾਣੀ ਦਾ ਫ਼ੈਸਲਾ ਉਹੀ ਹੈ ਜਿਵੇਂ “ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ” (ਪੰ: ੧੬)
ਹੋਰ ਲਵੋ! “ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ॥ ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ॥ ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ॥ ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ॥ ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ” (ਪੰ: ੬੪੮)
ਸਿਟਾ ਇਹ ਕਿ ਅਕਾਲਪੁਰਖੁ ਨੇ ਜੋ ਮਨੁੱਖ ਨੂੰ ਜੀਵਨ ਬਖਸ਼ਿਆ ਹੈ ਉਸ ਵਿੱਚ ਮਨੁੱਖਾ ਸਰੀਰ ਦੀ ਸਿਹਤ-ਸਫ਼ਾਈ ਅਰੋਗਤਾ ਲਈ-ਉਸਦਾ ਝਾਲਾਗੇ ਜਾਗਣਾ ਤੇ ਇਸ਼ਨਾਨ ਪਾਣੀ ਤੋਂ ਲੈਕੇ ਉਸਦਾ ਖਾਣਾ-ਪੀਣਾ-ਵਿਹਾਰ ਬੋਲਚਾਲ, ਰਿਹਾਇਸ਼, ਸੁਆਰੀ, ਲੋਕਾਚਾਰੀ, ਰਾਤ ਦੀ ਨੀਂਦ ਭਾਵ ਸਭਕੁਝ ਹੀ ੳਸੁਦਾ ਸਿਹਤ ਨਾਲ ਸੰਬੰਧਤ ਹੈ, ਫ਼ਿਰ ਵੀ ਇਹ ਸਭ ਤਾਂ ਹੀ ਸਾਡੇ ਜੀਵਨ ਤੇ ਸਰੀਰ ਲਈ ਸਹਾਈ ਹੋ ਸਕਦਾ ਹੈ ਜੇ ਜੀਵਨ ਦੇ ਇਨ੍ਹਾਂ ਸਾਰੇ ਪਖਾਂ ਨਾਲ ਅਕਾਲਪੁਰਖੁ ਦੀ ਸਿਫ਼ਿਤ ਸਲਾਹ ਵਾਲਾ ਗੁਣ ਜੁੜਿਆ ਦਾ ਹੋਵੇ ਤਾਂ। ਸਭ ਤੋਂ ਵੱਡੀ ਭੁਲ ਉਦੋ ਹੁੰਦੀ ਹੈ ਜਦੋਂ ਗੁਰਬਾਣੀ ਸੇਧ `ਚ ਜੀਵਨ ਦੀਆਂ ਸੱਚਾਈਆਂ ਅਤੇ ਮਨੁੱਖਾ ਜਨਮ ਦੀ ਅਮੁਲਤਾ ਨੂੰ ਸਮਝੇ ਬਿਨਾਂ ਨਿਰੇ-ਪੁਰੇ ਸਫ਼ਾਈ ਸਿਹਤ ਦੇ ਵਿਸ਼ੇ ਨੂੰ ਹੀ ਲੈ ਲੈਂਦੇ ਹਾਂ। ਫ਼ਿਰ ਇਸ ਤੋਂ ਅਗੇ ਜਦੋਂ ਅਸੀਂ ਇਸ ਸਫ਼ਾਈ ਸਿਹਤ ਨੂੰ ਸੁੱਚ-ਜੂਠ-ਭਿੱਟ ਦਾ ਲੇਬਲ ਲਾਕੇ ਬ੍ਰਾਹਮਣੀ ਸੁੱਚਮਾ ਵਲ ਮੋੜ ਦੇਂਦੇ ਹਾਂ। ਗੁਰਬਾਣੀ ਅਨੁਸਾਰ ਸਫ਼ਾਈ ਸਿਹਤ ਵਾਲੀ ਮੂਲ ਗਲ ਦੀ ਤਾਂ ਸਾਨੂੰ ਸਮਝ ਨਹੀਂ ਹੁੰਦੀ, ਬ੍ਰਾਹਮਣੀ ਸੁੱਚਮਾਂ ਨੂੰ ਗੁਰਮਤਿ ਮੰਨ ਕੇ ਉਸੇ ਦੀ ਹੀ ਪ੍ਰੌੜਤਾ ਚ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹੁੰਦੇ ਹਾਂ। ਜਦਕਿ ਇਸਦਾ ਗੁਰਮਤਿ-ਗੁਰਬਾਣੀ ਨੇ ਭਰਵਾਂ ਖੰਡਣ ਤਾਂ ਕੀਤਾ ਹੀ ਹੈ, ਬਲਕਿ ਇਸਨੂੰ ਧਰਮ ਦੇ ਨਾਂ ਤੇ ਧੋਖਾ, ਮਨੁੱਖ-ਮਨੁੱਖ ਵਿਚਾਲੇ ਵੰਡੀਆਂ-ਵਿੱਤਕਰੇ ਪਾਉਣ ਦਾ ਕਾਰਨ ਹੀ ਵੀ ਦਸਿਆ ਹੈ। ਹੋਰ ਤਾਂ ਹੋਰ, ਆਮ ਸੰਗਤਾਂ ਵਿਚੌਂ ਤਾਂ ਫ਼ਿਰ ਵੀ ਗੁਰਬਾਣੀ ਪ੍ਰਚਾਰ ਨਾਲ ਇਸ ਭਰਮ-ਭੁਲੇਖੇ ਨੂੰ ਕੱਢਣ ਦਾ ਜੱਤਨ ਕੀਤਾ ਜਾਵੇ ਪਰ ਜਦੋਂ ਸਾਡੇ ਹੀ ਅਖਵਾਉਂਦੇ ਡੇਰੇ, ਸੰਸਥਾਵਾਂ ਤੇ ਜੱਥੇ ਹੀ ਦਿਨ-ਰਾਤ ਇਸ ਗੁਮਰਾਹਕੁਣ ਤੇ ਗੁਰਮਤਿ ਵਿਰੁਧ ਰਹਿਣੀ ਦਾ ਪ੍ਰਚਾਰ ਕਰ ਰਹੇ ਹੋਣ ਤਾਂ ਇਸ ਵਿਸ਼ੇ ਦੀ ਭਿਅੰਕਰਤਾ ਨੂੰ ਵਿਚਾਰਣਾ ਹੋਰ ਵਧੇਰੇ ਜ਼ਰੂਰੀ ਹੋ ਜਾਂਦਾ ਹੈ।
ਸਿਹਤ ਸਫ਼ਾਈ ਅਤੇ ਖੰਡੇ ਦੀ ਪਾਹੁਲ- ਕੁਰਬਾਨ ਜਾਵੀਏ ਗੁਰੂ ਪਾਤਸ਼ਾਹ ਤੋਂ, ਦੇਖਿਆ ਜਾਵੇ ਤਾਂ ਖੰਡੇ ਦੀ ਪਾਹੁਲ ਦਾ ਮੱਕਸਦ ਹੀ ਸਾਡੇ ਜੀਵਨ ਨੂੰ ਸਾਫ਼-ਸੁੱਥਰਾ ਤੇ ਵਿਕਾਰ ਰਹਿਤ ਬਣਾਉਣਾ ਹੀ ਹੈ। ਇਥੇ ਇਸ ਵਿਸ਼ੇ ਤੇ ਲਗਭਗ ਹਰ ਪਖੋਂ ਆ ਚੁੱਕੀ ਵਿਚਾਰ ਦਾ ਸਿੱਟਾ ਇਹੀ ਹੈ ਕਿ ਜਦੋਂ ਤੀਕ ਜੀਵਨ ਅੰਦਰ ਪ੍ਰਭੁ ਦੀ ਸਿਫ਼ਤ ਸਲਾਹ ਦਾ ਵਾਸਾ ਨਹੀਂ, ਜਦੋਂ ਤੀਕ ਮੱਕਸਦ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜਕੇ ਜੀਵਨ ਦੀ ਸੰਭਾਲ ਕਰਨਾ ਨਹੀਂ, ਉਦੋ ਤੀਕ ਪ੍ਰਭਾਤੇ ਜਾਗਣਾ ਤੇ ਇਸ਼ਨਾਨ ਵੀ ਉਵੇਂ ਹੀ ਹਨ ਜਿਵੇਂ ਕਿ ਪ੍ਰਭੁ ਨੂੰ ਵਿਸਾਰ ਕੇ ਦੂਜੇ ਸੰਸਾਰਕ ਧੰਦਿਆਂ `ਚ ਰੁਝੇ ਹੋਣਾ। ਠੀਕ ਇਸੇਤਰ੍ਹਾਂ ਜਦੋ ਅਸੀਂ ਖੰਡੇ ਦੀ ਪਾਹੁਲ ਲੈਂਦੇ ਹਾਂ ਤਾਂ ਮੂਲ ਵਿਸ਼ਾ ਉਥੇ ਵੀ ਉਹੀ ਹੈ ਭਾਵ ਗੁਰਬਾਣੀ ਗੁਰੂ ਦੀ ਅਗਿਆ `ਚ ਜੀਵਨ ਬਤੀਤ ਕਰਨ ਦਾ ਪ੍ਰਣ ਲੈਣਾ ਅਤੇ ਕੁਰਹਿਤਾਂ ਤੋਂ ਬਚਣਾ। ਇਹ ਕੁਰਹਿਤਾਂ ਕੀ ਹਨ? ਉਚੇ ਸੰਸਕਾਰਾਂ ਵਾਲਾ ਹੋਣਾ, ਪਰ ਪੁਰਖ ਜਾਂ ਪਰ ਇਸਤ੍ਰੀ ਦਾ ਸੰਗ ਨਹੀਂ ਕਰਨਾ, ਤਮਾਕੂ ਆਦਿ ਕਿਸੇਤਰ੍ਹਾਂ ਦੇ ਵੀ ਨਸ਼ੇ ਨਹੀਂ ਕਰਨੇ, ਕੇਸਾਂ ਤੇ ਸਰੂਪ ਦੀ ਕਟ-ਵੱਢ ਨਹੀਂ ਕਰਨੀ। ਸਾਰੀ ਸਿੱਖ ਰਹਿਤ ਮਰਿਆਦਾ ਦੇਖ ਲਵੋ ਉਥੇ ਵੀ ਸਫ਼ਾਈ ਦੀ ਗਲ ਤਾਂ ਹੈ ਪਰ ਬ੍ਰਾਹਮਣੀ ਸੁੱਚਮਾ-ਭਿੱਟਾਂ ਦੀ ਕਿੱਧਰੇ ਨਹੀਂ।
ਦੁਖ ਤਾਂ ਇਹ ਹੈ ਕਿ ਅਜ ‘ਖੰਡੇ ਦੀ ਪਾਹੁਲ’ ਵਾਲੇ ਮੂਲ ਮੱਕਸਦ ਨੂੰ ਵੀ ਪਿਛੇ ਪਾਕੇ ਉਸ ਉਪਰ ਭਿੰਨ-ਭਿੰਨ ਡੇਰਿਆਂ-ਸੰਸਥਾਵਾਂ-ਜਥਿਆਂ ਆਦਿ ਦੀ ਅਪਣੀ ਅਪਣੀ ਬੋਲੀ ਹਾਵੀ ਕੀਤੀ ਜਾ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਪਾਹੁਲ ਲੈਕੇ ਵੀ ਪਾਹੁਲਧਾਰੀ (ਅੰਮ੍ਰਿਤਧਾਰੀ) ਵਾਲੀ ਗਲ ਹੀ ਨਹੀਂ ਬਣ ਰਹੀ ਬਲਕਿ ਪੰਥ ਅੰਦਰ ਵਖਰੇਵੇਂ, ਧੜੇਬੰਦੀਆਂ ਤੇ ਗੁੱਟ ਹੀ ਵੱਧਦੇ ਜਾ ਰਹੇ ਹਨ। ਚੇਤੇ ਰਹੇ! ਪੰਥ ਅੰਦਰ ਪਾਹੁਲ ਦਾ ਅਰੰਭ ਸੰਨ ੧੬੯੯ ਨੂੰ ਨਹੀਂ ਬਲਕਿ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਹੀ ਸੀ, ਤਦੋਂ ਇਸਦਾ ਢੰਗ ਚਰਣਪਾਹੁਲ ਹੁੰਦਾ ਸੀ ਭਾਵ ਜਗਿਆਸੂ ਨੂੰ ਬਾਣੀ ਦੇ ਚਰਣਾਂ ਨਾਲ ਜੋੜਣਾ। ਵਿਸਾਖੀ ਸੰਨ ੧੬੯੯ ਨੂੰ ਦਸਮੇਸ਼ ਜੀ ਨੇ ਜਦੋਂ ਇਹ ਜ਼ਿਮੇਵਾਰੀ ਇੱਕ ਗੁਰੂਵਿਅਕਤੀ ਜਾਂ ਅਧੀਕਾਰੀ ਸਿੱਖ ਤੋਂ ਬਦਲਕੇ ਪੰਜਾਂ ਦੇ ਰੂਪ `ਚ ਪੰਥ ਨੂੰ ਸੋਂਪ ਦਿਤੀ ਤਾਂ ਇਸਦਾ ਢੰਗ ਖੰਡੇ-ਬਾਟੇ ਵਲਾ ਹੋ ਗਿਆ ਤੇ ਨਾਂ ਵੀ ‘ਖੰਡੇ ਦੀ ਪਾਹੁਲ’ ਹੋ ਗਿਆ। ਇਸ ਬਾਰੇ ਹੋਰ ਵੇਰਵੇ ਲਈ ਗੁਰਮਤਿ ਪਾਠ ੨੦, ੬੩, ੬੭, ੯੨ ਅਤੇ ੧੫੨ ਨੰਬਰਵਾਰ ‘ਅੰਮ੍ਰਿਤ ਇੱਕ ਪ੍ਰਣ’ ‘ਵਿਸਾਖੀ ੧੪੬੯’ ਲੇਖਾ ਜੋਖਾ ਤਿੰਨ ਸੌ ਸਾਲਾ’ “ਨਾਨਕ ਅੰਮ੍ਰਿਤੁ ਏਕੁ ਹੈ…” ਅਤੇ “ਅੰਮ੍ਰਿਤੁ ਹਰਿ ਕਾ ਨਾਮੁ ਹੈ ….” ਦਿਤੇ ਜਾ ਚੁਕੇ ਹਨ, ਸੰਗਤਾਂ ਉਨ੍ਹਾਂ ਦਾ ਲਾਭ ਲੈ ਸਕਦੀਆਂ ਹਨ। ਇਸ ਤੋਂ ਵੀ ਜੋ ਮਾੜੀ ਗਲ ਇਸ ਕੌਮ ਨਾਲ ਵਾਪਰ ਰਹੀ ਹੈ ਉਹ ਹੈ ਅਤਿ ਦਾ ਵਿਗੜਿਆ ਹੋਇਆ ਪ੍ਰਚਾਰ ਪ੍ਰਬੰਧ। ਸਾਡਾ ਅਜੌਕਾ ਪ੍ਰਚਾਰ ਪ੍ਰਬੰਧ ਬਹੁਤਾ ਕਰਕੇ ਉਪਰ ਅਨਪੜ੍ਹ ਤੇ ਜੀਵਨ ਹੀਣੇ ਪ੍ਰਚਾਰਕਾਂ ਦਾ ਗਲਬਾ ਹੈ। ਫ਼ਿਰ ਉਸਤੋਂ ਵੀ ਵੱਧ ਚੋਣਾਂ ਦੀ ਪਉੜੀ ਚੜ੍ਹ ਕੇ ਆਏ ਹੋਏ ਉਹਨਾਂ ਪ੍ਰਚਾਰਕਾਂ ਉਪਰ ਉਹ ਪ੍ਰਬੰਧਕ ਹਨ ਜਿਨ੍ਹਾ ਵਿਚੋਂ ਬਹੁਤਿਆਂ ਨੂੰ ਤਾਂ ਗੁਰਮਤਿ ਦਾ ੳ, ਅ ਵੀ ਪਤਾ ਨਹੀਂ ਹੁੰਦਾ। ਇਸ ਸਾਰੇ ਦਾ ਨਤੀਜਾ ਹੈ ਕਿ ਅਜ ਸਾਨੂੰ ਇਸ ਸੱਚਾਈ ਨੂੰ ਵੀ ਸਮਝਣ ਦੀ ਵੀ ਲੋੜ ਪੈ ਰਹੀ ਕਿ ਸਿੱਖ ਧਰਮ `ਚ ਸਿਹਤ ਸਫ਼ਾਈ ਦਾ ਵਿਸ਼ਾ ਹੋਰ ਹੈ ਅਤੇ ਸੁੱਚਮਾ-ਭਿੱਟਾਂ ਦਾ ਹੋਰ। ਸਿਹਤ ਸਫ਼ਾਈ ਦਾ ਵਿਸ਼ਾ ਉਹ ਹੈ ਜਿਸ ਉਪਰ ਗੁਰਮਤਿ ਦਾ ਪਹਿਰਾ ਹੈ ਅਤੇ ਦੂਜਾ ਸੁੱਚਮਾ-ਭਿੱਟਾਂ-ਪ੍ਰਛਾਵਿਆਂ ਦਾ ਉਹ ਹੈ ਜਿਸਦਾ ਗੁਰਬਾਣੀ ਚ ਭਰਵਾਂ ਵਿਰੋਧ ਹੈ। ਇਸਦੇ ਬਾਵਜੂਦ ਅਜ ਅਸੀਂ ਅਸਲ ਨੂੰ ਵਿਸਾਰ ਕੇ ਨਕਲ ਨੂੰ ਵਧ ਚਿੱਪਕੇ ਹਏ ਹਾਂ।
#105s06.1s06#




.